ਦੇਵ ਭਾਰਦਵਾਜ ਨੂੰ ਯਾਦ ਕਰਦਿਆਂ - ਗੁਰਦੇਵ ਚੌਹਾਨ
ਦੇਵ ਭਾਰਦਵਾਜ ਦੋ ਕੁ ਮਹੀਨਿਆਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸੀ। ਇਸ ਦੀ ਰੋਕਥਾਮ ਲਈ ਕੀਤੇ ਆਪਰੇਸ਼ਨ ਤੋਂ ਕੁਝ ਦਿਨ ਬਾਅਦ ਹੀ ਦਸ ਫਰਵਰੀ ਨੂੰ ਉਸ ਦਾ ਦੇਹਾਂਤ ਹੋ ਗਿਆ ਹੈ। ਉਹ ਮੇਰੇ ਭਰ ਜਵਾਨੀ ਦੇ ਦਿਨਾਂ ਦਾ ਦੋਸਤ ਸੀ, ਕੋਈ ਸੱਤਰਵਿਆਂ ਦੇ ਸ਼ੁਰੂਆਤੀ ਸਾਲਾਂ ਦਾ। ਇਨ੍ਹਾਂ ਦਿਨਾਂ ਵਿਚ ਹਰ ਚੀਜ਼ ਨਿਰੀ ਕਰਿਸ਼ਮਾ ਲਗਦੀ ਸੀ। ਦੇਵ ਭਾਰਦਵਾਜ ਇਨ੍ਹਾਂ ਖੱਟੇ ਮਿੱਠੇ ਦਿਨਾਂ ਵਿਚ ਭੂਸ਼ਨ ਧਿਆਨਪੁਰੀ ਰਾਹੀਂ ਮੈਨੂੰ ਮਿਲਿਆ ਅਤੇ ਤਦ ਤੋਂ ਹੀ ਅਸੀਂ ਗੂੜ੍ਹੇ ਮਿੱਤਰ ਬਣ ਗਏ। ਸਾਹਿਤਕ ਮੱਸ ਹੋਣ ਕਾਰਨ ਅਸੀਂ ਸਾਹਿਤ ਅਤੇ ਸਾਹਿਤਕਾਰਾਂ ਵੱਲ ਉਚੇਚੀ ਖਿੱਚ ਰੱਖਦੇ ਸਾਂ। ਸੱਤਰਵਿਆਂ ਦੇ ਸ਼ੁਰੂ ਵਿਚ ਅਸੀਂ ਦਿੱਲੀ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਗਏ। ਇਨ੍ਹਾਂ ਦਿਨਾਂ ਵਿਚ ਅਲਬੇਅਰ ਬੈਕੇਟ ਨੂੰ 'ਵੇਟਿੰਗ ਫਾਰ ਗੋਦੋ' ਲਈ ਇਨਾਮ ਮਿਲਿਆ ਸੀ। ਅਸੀਂ ਐਬਸਰਡ ਦੇ ਪਿੱਛੇ ਹੱਥ ਧੋ ਕੇ ਪੈ ਗਏ ਅਤੇ ਸ਼ਾਇਦ 1972-72 ਦਾ ਸਾਲ ਸੀ ਕਿ ਅਸੀਂ ਜਲੰਧਰ ਤੋਂ ਨਿਕਲਦੇ ਇਕ ਸਾਹਿਤਕ ਮੈਗਜ਼ੀਨ ਦਾ ਅਬਸਰਡ ਪੰਜਾਬੀ ਕਹਾਣੀ ਵਿਸ਼ੇਸ਼ ਅੰਕ ਕੱਢਿਆ ਜਿਸ ਵਿਚ ਇਸ ਵਿਧਾ ਵਿਚ ਰਚੀਆਂ ਕਈ ਪੰਜਾਬੀ ਕਹਾਣੀਆਂ ਦੇ ਨਾਲ ਮੇਰਾ ਐਬਸਰਡ ਨਾਟਕ ਬਾਰੇ ਲੇਖ ਅਤੇ ਦੇਵ ਨਾਲ ਐਬਸਰਡ ਸਾਹਿਤ ਬਾਰੇ ਗੱਲਬਾਤ ਵੀ ਸ਼ਾਮਿਲ ਸੀ। ਛੇਤੀ ਬਾਅਦ ਦੇਵ ਭਾਰਦਵਾਜ ਨੇ ਆਪਣਾ ਪਹਿਲਾ ਕਹਾਣੀ ਅੰਕ ਚੌਵੀ ਘੰਟਿਆਂ ਦਾ ਜ਼ਹਿਰ ਪ੍ਰਕਾਸ਼ਿਤ ਕੀਤਾ। ਇਸ ਦੀਆਂ ਅਤੇ ਉਸ ਦੀਆਂ ਅਗਲੇ ਕਹਾਣੀ ਸੰਗ੍ਰਹਿਆਂ ਜਿਨ੍ਹਾਂ ਵਿਚ ਓਪਰੇ ਬੰਦੇ ਵੀ ਸ਼ਾਮਿਲ ਸੀ, ਨੇ ਉਸ ਨੂੰ ਪੰਜਾਬੀ ਦੇ ਉਸ ਵੇਲੇ ਦੇ ਕਹਿੰਦੇ ਕਹਾਉਂਦੇ ਕਹਾਣੀਕਾਰਾਂ ਵਿਚ ਸ਼ਾਮਿਲ ਕਰ ਦਿੱਤਾ। ਕੁਝ ਸਾਲ ਬਾਅਦ ਉਸ ਨੇ ਅੰਗਰੇਜ਼ੀ ਵਿਚ ਕਾਫਲਾ ਇੰਟਰਕੌਂਟੀਨੈਂਟਲ ਕੱਢਿਆ ਅਤੇ ਮੈਨੂੰ ਕਾਰਜਕਾਰੀ ਸੰਪਾਦਕ ਵਜੋਂ ਇਸ ਨਾਲ ਜੋੜ ਲਿਆ। ਅਜੇ ਤੀਕ ਬਾਦਸਤੂਰ ਚਲ ਰਹੇ ਇਸ ਮੈਗਜ਼ੀਨ ਦਾ ਪ੍ਰਕਾਸ਼ਨ ਕਾਲ ਕੁਝ ਸਾਲਾਂ ਤੋਂ ਛਿਮਾਹੀ ਤੋਂ ਅਕਾਲਕ ਹੋ ਗਿਆ ਸੀ।
ਦੇਵ ਭਾਦਰਵਾਜ ਨੂੰ ਕਾਫਕਾ, ਬੈਕਟ, ਸਾਰਤਰ ਅਤੇ ਆਸਕਰ ਵਾਈਲਡ ਵਰਗੇ ਨਵੀਂ ਅਤੇ ਅਤਰਕਸ਼ਾਲੀ, ਖ਼ਾਸ ਤੌਰ 'ਤੇ ਅਮੂਰਤ ਸ਼ੈਲੀ ਵਿਚ ਲਿਖਣ ਵਾਲੇ ਲੇਖਕ ਬਹੁਤ ਪਸੰਦ ਸਨ ਜਿਵੇਂ ਹਿੰਦੀ ਵਿਚ ਆਬਿਦ ਸੂਰਤੀ ਆਦਿ। ਉਸ ਨੇ ਇਸੇ ਰੰਗ ਦੀਆਂ ਕਈ ਪੁਸਤਕਾਂ ਅਨੁਵਾਦ ਕੀਤੀਆਂ ਜਿਨ੍ਹਾਂ ਵਿਚ ਬੈਕਟ ਦਾ ਨਾਟਕ 'ਖੇਡ ਖਤਮ', 'ਗੋਦ ਦੀ ਉਡੀਕ', ਆਸਕਰ ਵਾਈਲਡ ਦਾ 'ਸਲੋਮੀ' ਅਤੇ ਰਾਜਾ ਰਾਓ ਦਾ ਨਾਵਲ 'ਸੱਪ ਤੇ ਰੱਸੀ' ਆਦਿ ਸ਼ਾਮਿਲ ਹਨ। ਉਸ ਨੇ ਪੰਜਾਬੀ ਵਿਚ ਦੋ ਕੁ ਨਾਟਕ ਵੀ ਲਿਖੇ ਜਿਨ੍ਹਾਂ ਵਿਚੋਂ 'ਅੱਖਰਬਾਜ਼' ਹੀ ਪ੍ਰਕਾਸ਼ਿਤ ਹੋ ਸਕਿਆ। ਇਸ ਤੋਂ ਇਲਾਵਾ ਉਸ ਬੱਚਿਆਂ ਲਈ ਕੁਝ ਕਿਤਾਬਾਂ ਅਤੇ ਪੰਜਾਬ ਦੇ ਮੇਲਿਆਂ ਬਾਰੇ ਇਕ ਪੁਸਤਕ ਲਿਖੀ। ਮੇਰੇ ਨਾਲ ਰਲ ਕੇ 'ਅੰਮ੍ਰਿਤਾ ਪ੍ਰੀਤਮ- ਏ ਲਿਵਿੰਗ ਲੀਜੈਂਡ' ਅੰਗਰੇਜ਼ੀ ਵਿਚ ਸੰਪਾਦਿਤ ਕੀਤੀ ਜਿਸ ਵਿਚ ਸਾਨੂੰ ਅੰਮ੍ਰਿਤਾ ਦਾ ਯੋਗਦਾਨ ਵੀ ਮਿਲਿਆ। ਇਸ ਤੋਂ ਇਲਾਵਾ ਉਸ ਨੇ ਜਿਪਸੀ ਸਭਿਆਚਾਰ ਬਾਰੇ ਵੀ ਕੁਝ ਕਿਤਾਬਾਂ ਅਤੇ ਲੇਖ ਲਿਖੇ। ਕੁਝ ਜਿਪਸੀ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ।
ਉਸ ਦੇ ਮਿਲਾਪੜੇ ਅਤੇ ਲੋਕਾਂ ਦੇ ਕੰਮ ਆਉਣ ਵਾਲੇ ਸੁਭਾਅ ਦੀ ਮਿਕਨਾਤੀਸੀ ਖਿੱਚ ਨੇ ਬਹੁਤਿਆਂ ਨੂੰ ਉਸ ਵੱਲ ਪ੍ਰੇਰਿਆ। ਮੇਰੇ ਖਿਆਲ ਵਿਚ ਉਸ ਦਾ ਰੋਮਾ ਲੋਕਾਂ ਵੱਲ ਖਿੱਚੇ ਜਾਣਾ ਵੀ ਇਸੇ ਤਤਪਰਤਾ ਦਾ ਹਿੱਸਾ ਸੀ। ਇਸੇ ਤਰ੍ਹਾਂ ਆਲਮੀ ਸਾਹਿਤਕ ਕਾਨਫਰੰਸਾਂ ਆਯੋਜਿਤ ਕਰਨ ਦਾ ਉਸ ਦਾ ਉੱਦਮ ਵੀ ਕਮਾਲ ਸੀ। ਉਸ ਨੇ ਗਿਆਰਾਂ ਅੰਤਰਰਾਸ਼ਟਰੀ ਸਾਹਿਤਕ ਮੇਲੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਆਯੋਜਿਤ ਕੀਤੇ। ਇਸ ਤੋਂ ਇਲਾਵਾ ਉਸ ਨੇ 2001 ਵਿਚ ਅੰਤਰਰਾਸ਼ਟਰੀ ਰੋਮਾ ਫੈਸਟੀਵਲ ਵੀ ਆਯੋਜਿਤ ਕੀਤਾ। ਉਹ ਬਹੁਤ ਹੀ ਘੁੰਮਿਆ ਫਿਰਿਆ ਬੰਦਾ ਸੀ। ਅਮਰੀਕਾ, ਫਰਾਂਸ, ਇਟਲੀ, ਬੁਲਗਾਰੀਆ, ਸਰਬੀਆ, ਲਾਤਵੀਆ, ਕਰੋਏਸ਼ੀਆ, ਚੈਕਗਣਰਾਜ ਤੇ ਸਲੋਵਾਕੀਆ, ਉਜ਼ਬੇਕਿਸਤਾਨ, ਰੋਮਾਨੀਆ ਆਦਿ ਦੇਸ਼ ਉਸ ਦੀ ਭ੍ਰਮਣ-ਸੂਚੀ ਵਿਚ ਆਉਂਦੇ ਹਨ ਜਿੱਥੇ ਉਹ ਅਕਸਰ ਜਿਪਸੀ ਸੰਸਥਾਵਾਂ ਦੇ ਸੱਦੇ 'ਤੇ ਸਹਿਤਕ ਇਕੱਤਰਤਾਵਾਂ ਵਿਚ ਭਾਰਤ ਦੀ ਸਾਹਿਤਕ ਨੁਮਾਇੰਦਗੀ ਕਰਨ ਜਾਂਦਾ ਸੀ। ਉਹ ਸੋਹਣੀਆਂ ਕੁੜੀਆਂ ਦਾ ਦਿਲ ਖਿੱਚਣ ਵਿਚ ਬਹੁਤ ਮੁਹਾਰਤ ਰੱਖਣ ਲੱਗ ਪਿਆ ਸੀ। ਉਸ ਦੇ ਮਿੱਤਰਾਂ ਦੀ ਸੂਚੀ ਬਹੁਤ ਲੰਮੀ ਸੀ।
ਦੇਵ ਭਾਰਦਵਾਜ ਦਾ ਜਨਮ 20 ਨਵੰਬਰ 1948 ਵਿਚ ਪਿੰਡ ਮਰਾੜ (ਗੁਰਦਾਸਪੁਰ) ਵਿਚ ਹੋਇਆ। ਉਸ ਦਾ ਬਹੁਤਾ ਸੇਵਾਕਾਲ ਸੰਪਾਦਕ ਕਿਤਾਬਾਂ ਵਜੋਂ ਪੰਜਾਬ ਦੇ ਡੀਪੀ ਕਾਲਜਾਂ ਵਿਚ ਬੀਤਿਆ। ਚੰਡੀਗੜ੍ਹ ਦੇ 46 ਸੈਕਟਰ ਸਥਿਤ ਦੇਵ ਭਾਰਦਵਾਜ ਦਾ ਘਰ ਦੋਸਤਾਂ ਮਿੱਤਰਾਂ ਲਈ ਵੀ ਉਸ ਦੇ ਦਿਲ ਵਾਂਗ ਹਮੇਸ਼ਾ ਖੁੱਲ੍ਹਾ ਰਹਿੰਦਾ ਜਿਸ ਵਿਚ ਅਕਸਰ ਦੇਰ ਸਵੇਰ ਪ੍ਰਕਾਸ਼ਕ ਬੈਠੇ ਨਜ਼ਰ ਆਉਂਦੇ। ਉਸ ਪਾਸ ਹਰੇਕ ਦੇ ਫ਼ਾਇਦੇ ਲਈ ਕੁਝ ਨਾ ਕੁਝ ਜ਼ਰੂਰ ਹੁੰਦਾ, ਕੋਈ ਸਲਾਹ ਮਸ਼ਵਰਾ, ਕੋਈ ਸਕੀਮ ਜਾਂ ਮਹਿਜ਼ ਤਫਰੀਹੀ ਖਿਣ ਹੀ। ਕੁਝ ਸਾਲਾਂ ਤੋਂ ਉਹ ਸ਼ਾਮ ਸਿੰਘ ਨਾਲ ਰਲ ਕੇ ਪੰਜਾਬੀ ਰਸਾਲਾ 'ਅੰਗਸੰਗ ਪੰਜਾਬ' ਕੱਢਦਾ ਰਿਹਾ। ਦੇਵ ਭਾਰਦਵਾਜ ਰਾਈਟਰਜ਼ ਕਲੱਬ, ਚੰਡੀਗੜ੍ਹ ਦਾ ਸੰਚਾਲਕ ਵੀ ਸੀ।
ਦੇਵ ਭਾਦਰਵਾਜ ਦੇ ਚਰਿੱਤਰ ਦਾ ਵਿਸ਼ੇਸ਼ ਗੁਣ ਉਸ ਦੀ ਜ਼ਿੰਦਗੀ ਪ੍ਰਤੀ ਸਾਦਗੀ, ਬੇਲਾਗਤਾ ਅਤੇ ਸਹਿਜਤਾ ਸੀ। ਉਸ ਨੇ ਖ਼ੁਦ ਅਤੇ ਬੱਚਿਆਂ ਦਾ ਅੰਤਰਜਾਤੀ ਵਿਆਹ ਕੀਤਾ। ਉਸ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਦੱਸੇ ਪੁੱਛੇ ਬਗ਼ੈਰ ਗੁਆਂਢ 'ਚ ਕਿਰਾਏ 'ਤੇ ਰਹਿੰਦੇ ਇਸਾਈ ਟੱਬਰ ਦੀ ਇਕ ਕੁੜੀ ਨਾਲ ਵਿਆਹ ਕੀਤਾ। ਉਹ ਸੈਕਟਰ 19 ਵਿਚ ਰਹਿੰਦਾ ਸੀ। ਉਹ ਕੁੜੀ ਨੂੰ ਕੋਲ ਪੈਂਦੇ 20 ਸੈਕਟਰ ਵਾਲੇ ਮੰਦਰ ਲੈ ਗਿਆ ਅਤੇ 10 ਕੁ ਰੁਪਏ ਮੰਦਰ ਦੇ ਪੁਜਾਰੀ ਦੇ ਹੱਥ ਦੇ ਕੇ ਅਤੇ ਦਸਾਂ ਦਾ ਮੰਦਰ ਵਿਚ ਪ੍ਰਸ਼ਾਦ ਚੜ੍ਹਾ ਕੇ ਉਸ ਕੁੜੀ ਦੇ ਗਲ ਵਿਚ ਹਾਰ ਪਾ ਦਿੱਤਾ। ਇਹ ਵਿਆਹ ਉਸ ਸਾਰੀ ਉਮਰ ਪੁਗਾਇਆ। ਉਸ ਦੇ ਦੋ ਪੁੱਤਰਾਂ ਕੁਮਾਰ ਵੰਸ਼ ਅਤੇ ਰਮਨ ਨੇ ਵੀ ਉਸ ਵਾਂਗ ਸਿੱਖ ਪਰਿਵਾਰਾਂ ਵਿਚ ਵਿਆਹ ਕਰਾ ਲਿਆ ਹੈ। ਹੁਣ ਉਸ ਦੇ ਦੋਵੇਂ ਲੜਕੇ ਆਪਣੇ ਪਰਿਵਾਰਾਂ ਨਾਲ ਅਮਰੀਕਾ ਵਿਚ ਰਹਿੰਦੇ ਹਨ। ਦੋ ਕੁ ਸਾਲ ਪਹਿਲਾਂ ਉਸ ਦੀ ਵਹੁਟੀ ਦਾ ਦੇਹਾਂਤ ਹੋ ਗਿਆ ਸੀ। ਇਸ ਘਟਨਾ ਨੇ ਉਸ ਦਾ ਮਾਨਸਿਕ ਸੰਤੁਲਨ ਕਾਫ਼ੀ ਹੱਦ ਤੀਕ ਗੁਆ ਦਿੱਤਾ। ਉਸ ਨੇ ਆਪਣੀ ਪਤਨੀ ਦੀ ਯਾਦ ਵਿਚ ਆਪਣੇ ਮੈਗਜ਼ੀਨ ਦਾ 'ਨਿਰਮਲਾ ਵਿਸ਼ੇਸ਼ ਅੰਕ' ਕੱਢਿਆ ਸੀ। ਪਿਛਲੇ ਸਾਲ ਛੋਟੇ ਪੁੱਤਰ ਦੇ ਵੀ ਅਮਰੀਕਾ ਵਿਚ ਪੱਕੇ ਹੋਣ ਨਾਲ ਉਸ ਨੂੰ ਆਪਣਾ ਪਸੰਦੀਦਾ ਘਰ ਵੇਚਣਾ ਪਿਆ ਅਤੇ ਬੇਬਸੀ ਵਿਚ ਸੰਨੀ ਐਨਕਲੇਵ ਵਿਚ ਮਨਜੀਤ ਇੰਦਰਾ ਕੋਲ ਘਰ ਖਰੀਦਣਾ ਪਿਆ ਤਾਂ ਕਿ ਔਖੇ ਸਮੇਂ ਉਹ ਦੋਵੇਂ ਇਕ ਦੂਜੇ ਦੇ ਕੰਮ ਆ ਸਕਣ। ਇਸ ਦੇ ਨਾਲ ਹੀ ਉਸ ਨੂੰ ਇਹ ਦੁੱਖ ਸੀ ਕਿ ਹੁਣ ਉਹ ਆਪਣੀਆਂ ਦੋਵੇਂ ਪੋਤਰੀਆਂ ਰੀਵਾ ਅਤੇ ਮਾਇਰਾ ਦੇ ਪਿਆਰ ਤੋਂ ਵੀ ਵਾਂਝਾ ਹੋ ਜਾਵੇਗਾ ਕਿਉਂਕਿ ਉਹ ਆਪਣੇ ਮਾਪਿਆਂ ਨਾਲ ਅਮਰੀਕਾ ਚਲੇ ਗਈਆਂ ਸਨ। ਗੁਰਪ੍ਰੀਤ ਅਤੇ ਮਨਜੀਤ ਇੰਦਰਾ ਵਰਗੇ ਦੋਸਤਾਂ ਨੇ ਉਸ ਦਾ ਪੂਰਾ ਸਾਥ ਨਿਭਾਇਆ, ਨਹੀਂ ਤਾਂ ਦੇਵ ਭਾਰਦਵਾਜ ਬਹੁਤ ਇਕੱਲਾ ਰਹਿ ਗਿਆ ਸੀ। ਇਸ ਇਕੱਲ ਨੂੰ ਭਰਨ ਲਈ ਉਸ ਨੂੰ ਸਾਹਿਤਕ ਮੇਲੇ ਰਚਾਉਣੇ ਪੈਂਦੇ ਸਨ ਜਾਂ ਪਿਛਲੇ ਸਾਲ ਵਾਂਗ ਅਜ਼ਰਬਾਈਜਾਨ ਅਤੇ ਮਨੀਲਾ ਆਦਿ ਸਥਾਨਾਂ 'ਤੇ ਜਾਣਾ ਪੈਂਦਾ ਸੀ। ਡੀ ਵਿਨਸੈਂਟ ਮਾਇਲਜ਼ ਆਪਣੇ ਸ਼ੋਕ ਸੰਦੇਸ਼ ਵਿਚ ਲਿਖਦੀ ਹੈ :
ਮੈਂ ਅਜੇ ਤੀਕ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀ
ਮੈਂ ਉਸ ਦੀ ਲਾਸ਼ ਦੇਖੀ, ਲਹੂ ਨਾਲ ਸਿੱਲ੍ਹੀ
ਦਾਹ ਸੰਸਕਾਰ ਵੇਖਿਆ, ਅਸਥੀਆਂ
ਪਰ ਮੇਰਾ ਦਿਲ ਮੰਨਣ ਨੂੰ ਤਿਆਰ ਨਹੀਂ
ਜੋ ਮੇਰਾ ਮਨ ਜਾਣਦਾ ਹੈ
ਮੇਰੀਆਂ ਅੱਖਾਂ ਵੇਖਦੀਆਂ ਹਨ,
ਮੇਰੇ ਵਿਚਾਰੇ ਕੰਨ ਉਸਦੀ ਅਵਾਜ਼ ਸੁਣਨ ਲਈ ਤਾਂਘਦੇ ਹਨ
ਉਹ ਮੈਨੂੰ ਹੋਰ ਕੰਮ ਕਰਨ, ਬਹੁਤ ਸਾਰੀਆਂ ਕਹਾਣੀਆਂ ਲਿਖਣ ਲਈ
ਤਿਆਰ ਕਰਦੇ ਹਨ ਜਿਵੇਂ ਮੈਂ ਇਹ ਉਸ ਲਈ ਕਰਨਾ ਹੋਵੇ।
' ' '
ਇਹੋ ਜਿਹੀ ਸੀ ਦੇਵ ਭਾਰਦਵਾਜ ਦੀ ਪੁਰਖਲੂਸ ਸ਼ਖ਼ਸੀਅਤ, ਇਹੋ ਜਿਹੀ ਰਹੇਗੀ ਉਸ ਦੀ ਸੰਘਣੀ ਯਾਦ।
17 Feb. 2019