ਹਸੂੰ-ਹਸੂੰ ਕਰਦੇ ਚੇਹਰੇ ਅਤੇ ਸੁਰੀਲੇ ਕੰਠ ਦਾ ਹੀਰਾ ਫ਼ਨਕਾਰ : ਗਾਇਕ ਲਖਵਿੰਦਰ ਵਡਾਲੀ
ਸਾਦਿਕ -ਗੁਲਜ਼ਾਰ ਮਦੀਨਾ ਨੇ ਗਾਇਕ ਲਖਵਿੰਦਰ ਵਡਾਲੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ-
ਦੋਸਤੋ ਇਨਸਾਨ ਨੇ ਇੱਕ ਧਾਰਨਾ ਬਣਾਈ ਹੋਈ ਹੈ ਕਿ ਕੋਈ ਵੀ ਇਨਸਾਨ ਸਰਵਗੁਣ ਸੰਪੰਨ ਨਹੀਂ ਹੁੰਦਾ, ਪਰ ਮੇਰੀ ਸੋਚ-ਸਮਝ ਅਨੁਸਾਰ ਇਸ ਦੁਨੀਆਂ ਵਿੱਚ ਕੁਝ-ਕੁ ਅਜਿਹੇ ਇਨਸਾਨ ਵੀ ਮੌਜੂਦ ਹਨ, ਜਿਨਾਂ ਨੂੰ ਸਰਵਗੁਣ ਸੰਪੰਨ ਮੰਨਿਆ ਜਾ ਸਕਦਾ ਹੈ। ਅਸੀਂ ਹਰ ਰੋਜ਼ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ, ਗੱਲਬਾਤ ਕਰਦੇ ਹਾਂ ਅਤੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਇਨਸਾਨ ਦਾ ਸੁਭਾਅ ਜਾਂ ਉਸਦਾ ਚਾਲ-ਚੱਲਣ ਕਿਸ ਤਰੀਕੇ ਦਾ ਹੋ ਸਕਦਾ ਹੈ, ਪਰ ਕੁਝ-ਕੁ ਲੋਕਾਂ ਨੂੰ ਪਹਿਲੀ ਵਾਰ ਮਿਲ ਕੇ ਹੀ ਉਨ੍ਹਾਂ ਬਾਰੇ ਜਾਣਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਗੱਲਬਾਤ ਕਰਨ ਦਾ ਤਰੀਕਾ, ਕਿਸੇ ਦੀ ਇੱਜ਼ਤ ਕਰਨ ਦਾ ਅੰਦਾਜ਼, ਮਿੱਠ ਬੋਲਣੀ ਅਤੇ ਬਹੁਤ ਪਿਆਰੇ ਤਰੀਕੇ ਨਾਲ ਪੇਸ਼ ਆਉਣ ਦਾ ਸਲੀਕਾ ਵੱਖਰਾ ਹੁੰਦਾ ਹੈ, ਜਿਸ ਨਾਲ ਅਸੀਂ ਉਸ ਵਿਅਕਤੀ ਵਿੱਚ ਕਈ ਸਾਰੇ ਗੁਣ ਇੱਕੋ ਵਾਰੀ 'ਚ ਹੀ ਦੇਖ ਸਕਦੇ ਹਾਂ। ਹਰ ਇਕ ਇਨਸਾਨ ਆਪਣੇ ਅੰਦਰ ਬਹੁਤ ਸਾਰੇ ਸੁਪਨੇ ਸਜਾ ਕੇ ਰੱਖਦਾ ਹੈ ਕਿ ਮੈਨੂੰ ਹਰ ਇਕ ਸੁੱਖ, ਆਰਾਮ, ਐਸ਼-ਪ੍ਰਸਤੀ ਵਾਲੀ ਜ਼ਿੰਦਗੀ ਜਾਂ ਕਿਸੇ ਨੂੰ ਮਿਲਣ ਅਤੇ ਕਿਸੇ ਨੂੰ ਪਾਉਣ ਦੀਆਂ ਦਿਨ-ਰਾਤ ਮਨ ਅੰਦਰ ਘੜਤਾਂ ਕਰਦਾ ਰਹਿੰਦਾ ਹੈ ਕਿ ਇਹ ਰੀਝ ਪੂਰੀ ਕਿਵੇਂ ਹੋ ਸਕਦੀ ਹੈ। ਉਸ ਇਨਸਾਨ ਦੇ ਕੋਲ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਿਵੇਂ ਕਰ ਸਕਦਾ ਹਾਂ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਵੀ ਇਕ ਦਿਲ ਦੀ ਤਮੰਨਾ ਸੀ ਕਿ ਜੋ ਮਾਲਿਕ ਦੀ ਮਿਹਰ ਸਦਕਾ ਪੂਰੀ ਹੋ ਗਈ ਹੈ ਉਹ ਤਮੰਨਾ ਸੀ ਵਡਾਲੀ ਪਰਿਵਾਰ ਦੇ ਸੂਫ਼ੀਆਨਾ ਗਾਇਕੀ ਦੇ ਸੂਰਜ ਵਾਂਗ ਚਮਕਦੇ ਸਿਤਾਰੇ 'ਲਖਵਿੰਦਰ ਵਡਾਲੀ' ਨੂੰ ਮਿਲਣ ਦੀ ਕਿਉਂਕਿ ਮੈਨੂੰ ਮੇਰੇ ਬਹੁਤ ਸਾਰੇ ਦੋਸਤ, ਰਿਸ਼ਤੇਦਾਰ ਅਤੇ ਹੋਰ ਜਾਣ-ਪਹਿਚਾਣ ਵਾਲੇ ਕਹਿੰਦੇ ਹਨ ਕਿ ਮੇਰੀ ਸ਼ਕਲ 'ਲਖਵਿੰਦਰ ਵਡਾਲੀ' ਨਾਲ ਮਿਲਦੀ ਹੈ, ਪਰ ਮੈਂ ਇਸ ਗੱਲ ਨੂੰ ਹਮੇਸ਼ਾਂ ਮਜ਼ਾਕ 'ਚ ਹੀ ਲੈਂਦਾ ਸੀ ਪਰ ਦੂਜੇ ਪਾਸੇ ਦਿਲ ਵਿੱਚ ਇੱਕ ਰੀਝ ਵੀ ਰੱਖਦਾ ਸਾਂ ਕਿ ਜਿਸ ਇਨਸਾਨ ਨੂੰ ਕੁੱਲ ਦੁਨੀਆਂ ਬੇਹੱਦ ਪਿਆਰ ਕਰਦੀ ਹੈ ਤੇ ਹਰ ਇਕ ਇਨਸਾਨ ਉਸ ਦਾ ਫ਼ੈਨ ਹੈ ਤੇ ਕੁਝ ਲੋਕ ਮੇਰੀ ਸ਼ਕਲ ਦੀ ਤੁਲਨਾ ਉਸ ਮਹਾਨ ਫ਼ਨਕਾਰ ਨਾਲ ਕਰਦੇ ਹਨ, ਮਨ ਨੂੰ ਖ਼ੁਸ਼ੀ ਵੀ ਬਹੁਤ ਹੁੰਦੀ ਤੇ ਮਜ਼ਾਕ ਵੀ ਲਗਦਾ ਸੀ ਫ਼ਿਰ ਸੋਚਿਆ ਕਿ ਕਾਸ਼ ਮੈਨੂੰ ਵੀ ਉਸ ਇਨਸਾਨ ਨੂੰ ਕਦੀ ਮਿਲਣ ਦਾ ਮੌਕਾ ਮਿਲ ਜਾਵੇ, ਪਰ ਦੇਖੋ ਮਾਲਿਕ ਦਾ ਮੇਰੇ 'ਤੇ ਹਰ ਪਾਸੇ ਤੋਂ ਬਹੁਤ ਮਿਹਰ ਭਰਿਆ ਹੱਥ ਰਹਿੰਦਾ ਹੈ ਤੇ ਜੋ ਕੁਝ ਵੀ ਮੰਗਿਆ ਹਰ ਕਮੀਂ ਨੂੰ ਪੂਰਾ ਕੀਤਾ ਹੈ ਅਤੇ ਜਿਸ ਤਰ੍ਹਾਂ ਮੈਂ ਉੱਪਰ ਦੱਸ ਵੀ ਚੁੱਕਾ ਹਾਂ ਕਿ ਲਖਵਿੰਦਰ ਵਡਾਲੀ ਨੂੰ ਮਿਲਣ ਦੀ ਤਮੰਨਾ ਸੀ ਉਹ ਵੀ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ। ਦੋਸਤੋ ਕੁਝ-ਕੁ ਦਿਨ ਪਹਿਲਾਂ ਇੱਕ ਖ਼ਾਸ ਮੁਲਾਕਾਤ ਦੌਰਾਨ ਇਸ ਸੱਚੇ-ਸੁੱਚੇ ਫ਼ਨਕਾਰ ਨੂੰ ਮਿਲਣ ਦਾ ਮੌਕਾ ਮਿਲਿਆ। ਸੱਚ ਪੁੱਛੋ ਤਾਂ ਇਸ ਫ਼ਨਕਾਰ ਨੂੰ ਮਿਲ ਕੇ ਇੰਝ ਮਹਿਸੂਸ ਹੋਇਆ ਕਿ ਜਿਵੇਂ ਮੈਨੂੰ ਮੇਰਾ ਖ਼ੁਦਾ ਹੀ ਮਿਲ ਗਿਆ ਹੋਵੇ ਕਾਫ਼ੀ ਟਾਈਮ 'ਦਿਲ ਦੀਆਂ ਗੱਲਾਂ' ਉਸ ਦੀ ਗਾਇਕੀ ਦੇ ਸਫ਼ਰ ਦੀਆਂ ਗੱਲਾਂ ਕੀਤੀਆਂ ਪਰ ਜਿੰਨਾਂ ਟਾਈਮ ਗੱਲਾਂ ਕੀਤੀਆਂ ਤਾਂ ਲਖਵਿੰਦਰ ਦੇ ਚਿਹਰੇ 'ਤੇ ਸਮਾਈਲ ਨਹੀਂ ਗਈ ਹਸੂੰ-ਹਸੂੰ ਕਰਦੇ ਚਿਹਰੇ 'ਤੇ ਨੂਰ ਹੀ ਮਾਲਿਕ ਨੇ ਵੱਖਰਾ ਭਰਿਆ ਹੋਇਆ ਹੈ। ਮੇਰੇ ਵੱਲੋਂ ਪੁੱਛੇ ਹਰ ਇਕ ਸਵਾਲ ਦਾ ਜਵਾਬ ਬਹੁਤ ਹੀ ਸਲੀਵੇ ਅਤੇ ਪਿਆਰੇ ਢੰਗ ਨਾਲ ਦੇ ਰਿਹਾ ਸੀ ਜਿਵੇਂ ਇਹ ਹੀਰੇ ਫ਼ਨਕਾਰ ਨਾਲ ਮੇਰੀ ਦੋਸਤੀ ਪਿਛਲੇ ਕਾਫ਼ੀ ਲੰਮੇ ਸਮੇਂ ਦੀ ਹੋਵੇ। ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਇੰਨੀਂ ਡੂੰਘਾਈ ਤੱਕ ਚਲੇ ਗਏ ਕਿ ਲਖਵਿੰਦਰ ਵਡਾਲੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਕੁਝ ਹਾਸਰਸ ਹਾਦਸੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਬਚਪਨ ਵਿੱਚ ਮੈਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਮੈਂ ਭਾਰਤ ਦੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਮੇਰੇ ਪਿਤਾ ਜੀ ਉਸਤਾਦ ਪੂਰਨ ਚੰਦ ਵਡਾਲੀ ਨੂੰ ਇਹ ਸਭ ਪਸੰਦ ਨਹੀਂ ਸੀ। ਉਨ੍ਹਾਂ ਦੇ ਖ਼ਾਨਦਾਨ ਵਿੱਚ ਇਕੱਲਾ ਮੁੰਡਾ ਹੋਣ ਕਰਕੇ ਉਨ੍ਹਾਂ ਸੋਚਿਆ ਕਿ ਸਾਡੇ ਇਸ ਜੱਦੀ ਪੁਰਖੀ ਕੰਮ ਨੂੰ ਅੱਗੇ ਲੈ ਕੇ ਜਾਣ ਵਾਲਾ ਸਿਰਫ਼ 'ਲਖਵਿੰਦਰ' ਹੀ ਹੈ ਤਾਂ ਬੱਸ ਇਹੀ ਸਭ ਕੁਝ ਸੋਚ ਕੇ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਮੇਰਾ ਕ੍ਰਿਕਟ ਦਾ ਸਾਰਾ ਸਾਮਾਨ ਚੁੱਕ ਕੇ ਤੰਦੂਰ ਵਿੱਚ ਸੁੱਟ ਦਿੱਤਾ ਅਤੇ ਮੇਰੀ ਕੁਟਾਈ ਵੀ ਹੋਈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ 'ਤੇ ਹਾਂ ਉਹ ਮੇਰੇ ਪਿਤਾ ਜੀ ਦੀ ਦਿੱਤੀ ਸਿੱਖਿਆ ਅਤੇ ਉਨ੍ਹਾਂ ਵੱਲੋਂ ਮਿਲੀਆਂ ਝਿੜਕਾਂ ਦੀ ਬਦੌਲਤ ਹੀ ਹਾਂ। ਉਨ੍ਹਾਂ ਦੱਸਿਆ ਕਿ ਉਹ ਫ਼ਰੀਦਕੋਟ ਦੀ ਧਰਤੀ 'ਤੇ ਆ ਕੇ ਬਹੁਤ ਖ਼ੁਸ਼ ਹੁੰਦੇ ਹਨ ਕਿਉਂਕਿ ਉਹ ਬਾਬਾ ਫ਼ਰੀਦ ਜੀ ਦੇ ਬਹੁਤ ਵੱਡੇ ਭਗਤ ਹਨ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਨਾਲ ਉਨ੍ਹਾਂ ਦੇ ਪੁਰਖਾਂ ਦੀ ਕੋਈ ਪੁਰਾਣੀ ਕਹਾਣੀ ਜੁੜੀ ਹੋਈ ਹੈ ਜਿਸ ਕਾਰਨ ਉਹ ਜਦ ਵੀ ਫ਼ਰੀਦਕੋਟ ਵਿੱਚੋਂ ਦੀ ਗੁਜ਼ਰਦੇ ਹਨ ਤਾਂ ਫ਼ਰੀਦਕੋਟ ਸਥਿਤ ਬਾਬਾ ਫ਼ਰੀਦ ਜੀ ਦੀ ਦਰਗਾਹ 'ਤੇ ਜ਼ਰੂਰ ਨਤਮਸਤਕ ਹੁੰਦੇ ਹਨ। ਗੱਲਬਾਤ ਦੌਰਾਨ ਉਨ੍ਹਾਂ ਤੋਂ ਅਜੋਕੀ ਗਾਇਕੀ ਜਿਵੇਂ ਮਾਰ-ਧਾੜ, ਟਕੂਏ, ਗੰਡਾਸੇ, ਬੰਦੂਕਾਂ, ਰਿਵਾਲਵਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬੜੇ ਸਲੀਕੇ ਢੰਗ ਨਾਲ ਜਵਾਬ ਦਿੱਤਾ ਕਿ ਹਰ ਇੱਕ ਇਨਸਾਨ ਆਪਣੀ ਪਸੰਦ ਅਨੁਸਾਰ ਗਾਉਂਦਾ ਹੈ ਅਤੇ ਹਰ ਦਰਸ਼ਕ ਆਪਣੀ ਪਸੰਦ ਅਨੁਸਾਰ ਹੀ ਸੁਣਦਾ ਹੈ ਪਰ ਉਨਾਂ ਇੱਕ ਕਹਾਵਤ ਬੋਲ ਕੇ ਕਿਹਾ ਕਿ 'ਜਿਸ ਤਰ੍ਹਾਂ ਮੀਂਹ ਆਉਣ ਤੋਂ ਬਾਅਦ ਜੇਕਰ ਹਨੇਰੀ ਵੀ ਆ ਜਾਵੇ ਤਾਂ ਧੂੜ ਉੱਡਣੀ ਬੰਦ ਹੋ ਜਾਂਦੀ ਹੈ' ਇਸੇ ਤਰ੍ਹਾਂ ਹੀ ਲੋਕ ਹੌਲੀ-ਹੌਲੀ ਰੂਹਾਨੀ ਅਤੇ ਸੂਫ਼ੀਆਨਾ ਗਾਇਕੀ ਸੁਣਨ ਤੋਂ ਬਾਅਦ ਇਨ੍ਹਾਂ ਮਾਰ-ਧਾੜ ਵਾਲੇ ਗੀਤਾਂ ਤੋਂ ਹੌਲੀ-ਹੌਲੀ ਕਿਨਾਰਾ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਚਾਹੁੰਣ ਵਾਲਿਆਂ ਨਾਲ ਇਕ ਵਆਦਾ ਕਰਦਾ ਹਾਂ ਕਿ ਮੇਰੇ ਗੀਤਾਂ ਦੇ ਜੋ ਵੀ ਲਫ਼ਜ਼ ਹੋਣਗੇ ਉਸ ਨੂੰ ਤੁਸੀਂ ਪੂਰੇ ਪਰਿਵਾਰ ਵਿੱਚ ਬੈਠ ਕੇ ਸੁਣ ਸਕੋਗੇ। ਅੱਜ-ਕੱਲ੍ਹ ਲਖਵਿੰਦਰ ਵਡਾਲੀ ਆਪਣੇ ਪੂਰੇ ਪਰਿਵਾਰ ਨਾਲ ਗੂਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੀ ਜ਼ਿੰਦਗੀ ਦਾ ਇਕ-ਇਕ ਅਨੰਦ ਬਹੁਤ ਹੀ ਖੂਬਸੂਰਤੀ ਨਾਲ ਮਾਣ ਰਿਹਾ ਹੈ। ਦੋਸਤੋ ਇਸ ਆਰਟੀਕਲ ਨੂੰ ਪੜ੍ਹ ਕਿ ਮੇਰੇ ਨਾਲ ਵਾਅਦਾ ਕਰੋ ਕਿ ਉਸੇ ਵਕਤ ਹੀ ਇਸ ਹੀਰੇ ਫ਼ਨਕਾਰ ਲਈ ਦਿਲੋਂ ਦੁਆ ਕਰੋਗੇ ਕਿ ਜੋ ਮਾਲਿਕ ਨੇ ਆਪਾਂ ਸਾਰਿਆਂ ਨੂੰ ਇੱਕ ਬਹੁਤ ਪਿਆਰਾ ਗੌਡ ਗਿਫ਼ਟ ਦਿੱਤਾ ਹੈ ਕਿ ਮਾਲਿਕ ਇਸ ਚੰਨ ਨਾਲ਼ੋ ਸੋਹਣੇ ਹੀਰੇ ਦੀ ਉਮਰ ਹਜ਼ਾਰ ਸਾਲ ਦੀ ਕਰਨ ਅਤੇ ਜ਼ਿੰਦਗੀ 'ਚ ਹਮੇਸ਼ਾਂ ਹੀ ਖੁਸ਼ੀਆਂ ਦੀ ਬਰਸਾਤ ਹੁੰਦੀ ਰਹੇ ਤੇ ਆਪਣੇ ਇੰਨ੍ਹਾਂ ਸੂਫ਼ੀਆਨਾ ਕਲਾਮ ਅਤੇ ਗੀਤਾਂ ਜ਼ਰੀਏ ਤਪਦੇ ਦਿਲਾਂ ਨੂੰ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਠਾਰਦਾ ਰਹੇ।
ਗੁਲਜ਼ਾਰ ਮਦੀਨਾ ਸਾਦਿਕ, ਫ਼ਰੀਦਕੋਟ। ਸੰਪਰਕ : 94174-48786