10 ਅਪ੍ਰੈਲ ਲਈ ਵਿਸ਼ੇਸ਼ : ਹੋਮਿਓਪੈਥੀ ਦੇ ਜਨਮਦਾਤਾ : ਡਾ. ਸੈਮੂਅਲ ਹੈਨੇਮੈਨ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਜਦੋਂ ਵੀ ਦੁਨੀਆਂ 'ਤੇ ਦੁੱਖਾਂ ਦੀ ਹਨ੍ਹੇਰੀ ਝੁਲਦੀ ਰਹੀ ਤਾਂ ਕੁਦਰਤ ਨੇ ਇਨ੍ਹਾਂ ਦੁੱਖਾਂ ਨੂੰ ਦੂਰ ਕਰਨ ਲਈ ਅਜਿਹੇ ਇਨਸਾਨਾਂ ਨੂੰ ਧਰਤੀ 'ਤੇ ਭੇਜਿਆ ਹੈ, ਜਿਨ੍ਹਾਂ ਨੇ ਆਪਣੇ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਲੋਕਾਈ ਪੀੜਾ ਨੂੰ ਆਪਣੇ ਗਲ਼ ਨਾਲ ਹੀ ਨਹੀਂ ਲਾਇਆ, ਸਗੋਂ ਆਪਣੀ ਜ਼ਿੰਦਗੀ ਮਾਨਵਤਾ ਦੇ ਭਲੇ ਲਈ ਕੁਰਬਾਨ ਕੀਤੀ। ਅਜਿਹੇ ਇਨਸਾਨਾਂ ਵਿਚੋਂ ਇਕ ਸੀ ਹੋਮਿਓਪੈਥੀ ਦੇ ਜਨਮਦਾਤਾ ਡਾ. ਹੈਨੇਮੈਨ।
ਡਾ. ਹੈਨੇਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਇਕ ਪਿੰਡ ਵਿਚ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ ਪਰ ਆਪ ਨੂੰ ਘਰ ਦੀ ਗਰੀਬੀ ਕਾਰਨ ਪੜ੍ਹਾਈ ਅੱਧ ਵਿਚਾਲੇ ਹੀ ਛੱਡਣੀ ਪਈ ਅਤੇ ਕਿਸੇ ਸਟੋਰ 'ਤੇ ਨੌਕਰੀ ਕਰਨੀ ਪਈ। ਆਪ ਦੇ ਮਨ ਵਿਚ ਮਾਨਵਤਾ ਲਈ ਕੁਝ ਕਰਨ ਦੀ ਇੱਛਾ ਸੀ। ਇਸ ਲਈ ਆਪ ਨੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਐਮ.ਡੀ. ਦੀ ਡਿਗਰੀ ਹਾਸਿਲ ਕਰ ਲਈ।
ਐਮ.ਡੀ. ਕਰਨ ਪਿੱਛੋਂ ਆਪ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਡਾ. ਹੈਨੇਮੈਨ ਉਸ ਵੇਲੇ ਦੀਆਂ ਸਿਹਤ ਸਹੂਲਤਾਂ ਤੋਂ ਅਸੰਤੁਸ਼ਟ ਸਨ। ਜਿਵੇਂ ਕਿ ਅੱਜ ਵੀ ਮਾਨਸਿਕ ਰੋਗੀਆਂ ਨੂੰ ਬਿਜਲੀ ਦੇ ਕਰੰਟ ਲਗਾਏ ਜਾਂਦੇ ਹਨ। ਇਸ ਲਈ ਆਪ ਆਪਣੀ ਪ੍ਰੈਕਟਿਸ ਛੱਡ ਕੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਕਿਤਾਬਾਂ ਦੇ ਅਨੁਵਾਦ ਕਰਨ ਲੱਗ ਪਏ। ਇਕ ਦਿਨ ਇਕ ਕਿਤਾਬ ਦਾ ਅਨੁਵਾਦ ਕਰਦੇ-ਕਰਦੇ ਆਪ ਨੇ 'ਸਿਨਕੋਨਾ ਟ੍ਰੀ' ਬਾਰੇ ਪੜ੍ਹਿਆ ਕਿ ਜੇਕਰ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ਵਿਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਹੈਨੇਮੈਨ ਨੂੰ ਸੱਚੀ ਜਾਪੀ ਅਤੇ ਉਨ੍ਹਾਂ ਤਜ਼ਰਬਾ ਕਰਨਾ ਸ਼ੁਰੂ ਕਰ ਦਿੱਤਾ। ਸੱਚਮੁੱਚ ਉਹੀ ਹੋਇਆ। ਇਸੇ ਤਰ੍ਹਾਂ ਹੋਮਿਓਪੈਥੀ ਹੋਂਦ ਵਿਚ ਆਈ।
ਹੋਮਿਓਪੈਥੀ ਦਾ ਸਿਧਾਂਤ 'ਜ਼ਹਿਰ ਨੂੰ ਜ਼ਹਿਰ ਮਾਰਦਾ ਹੈ' ਵਾਲਾ ਹੈ। ਇਸ ਤੋਂ ਭਾਵ ਜਿਹੋ ਜਿਹੀ ਬਿਮਾਰੀ ਸਾਡੇ ਸਰੀਰ ਵਿਚ ਹੈ, ਉਸਨੂੰ ਉਹੀ ਦਵਾਈ ਦੇਣੀ ਪਵੇਗੀ, ਜਿਹੜੀ ਸਰੀਰ ਵਿਚ ਜਾ ਕੇ ਉਸ ਤਰ੍ਹਾਂ ਦੇ ਰੋਗ ਪੈਦਾ ਕਰ ਸਕੇ ਤਾਂ ਕਿ ਬਿਮਾਰੀ, ਬਿਮਾਰੀ ਨਾਲ ਲੜੇ ਅਤੇ ਮਰੀਜ਼ ਤੰਦਰੁਸਤ ਹੋ ਜਾਵੇ।
ਬੇਸ਼ੱਕ ਸ੍ਰਿਸ਼ਟੀ ਦੀ ਸਿਰਜਣਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰੇਕ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਸਰੇ ਨਾਲੋਂ ਭਿੰਨ ਹੈ। ਇਸ ਨੂੰ ਡਾਕਟਰ ਹੈਨੇਮੈਨ ਨੇ ਇੰਡੀਵਿਜ਼ੂਅਲਾਈਜੇਸ਼ਨ (Individualization) ਦਾ ਨਾਮ ਦਿੱਤਾ ਹੈ। ਇਸ ਤੋਂ ਭਾਵ ਜੇਕਰ ਦੋ ਵਿਅਕਤੀਆਂ ਨੂੰ ਬੁਖਾਰ ਹੋਇਆ ਹੈ ਤਾਂ ਉਨ੍ਹਾਂ ਦੋਹਾਂ ਦੇ ਲੱਛਣ ਭਿੰਨ-ਭਿੰਨ ਹੋਣਗੇ। ਬੇਸ਼ੱਕ ਬੁਖਾਰ ਨੂੰ ਨਾਂਅ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ਵਿਚ ਬਿਮਾਰੀ ਬਨਾਮ ਦਵਾਈ ਨਹੀਂ ਹੁੰਦੀ, ਸਗੋਂ ਮਰੀਜ਼ ਬਨਾਮ ਦਵਾਈ ਦੀ ਚੋਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
ਭਾਵ ਕਿ ਹੋਮਿਓਪੈਥੀ ਦੀ ਖੋਜ ਨਾਲ ਡਾ. ਹੈਨੇਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁਝ ਸੱਚ ਹੋਇਆ। ਹੋਮਿਓਪੈਥੀ ਦਾ ਇਕ ਹੋਰ ਸਿਧਾਂਤ, ਜੋ ਉਨ੍ਹਾਂ ਨੇ ਹੋਂਦ ਵਿਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇਕ ਸ਼ਕਤੀ ਚਲਾ ਰਹੀ ਹੈ, ਜਿਸ ਨੂੰ ਉਨ੍ਹਾਂ ਵਾਇਟਲ ਫੋਰਸ ਦਾ ਨਾਂਅ ਦਿੱਤਾ। ਇਹ ਉਹੀ ਕੁਦਰਤੀ ਸ਼ਕਤੀ ਹੈ, ਜੋ ਬਿਮਾਰੀਆਂ ਨਾਲ ਲੜਦੀ ਹੈ। ਕੁਦਰਤ ਨੇ ਮਨੁੱਖੀ ਸਰੀਰ ਅੰਦਰ ਇਕ ਡਾਕਟਰ ਬਿਠਾਇਆ ਹੋਇਆ ਹੈ ਪਰ ਜਦੋਂ ਬਿਮਾਰੀ ਆਪਣਾ ਜ਼ੋਰ ਪਾ ਲੈਂਦੀ ਹੈ, ਤਦ ਇਹ ਵਾਇਟਲ ਫੋਰਸ ਕਮਜ਼ੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ਼ ਤੰਦਰੁਸਤ ਮਹਿਸੂਸ ਕਰਦਾ ਹੈ।
ਭਾਵੇਂ ਕਿ ਇਸ ਗੱਲ ਦਾ ਉਦੋਂ ਵੀ ਅਤੇ ਹੁਣ ਵੀ ਬਹੁਤ ਵਿਰੋਧ ਹੋਇਆ ਪਰ ਡਾ. ਹੈਨੇਮੈਨ ਨੇ ਤੱਥਾਂ ਦੇ ਅਧਾਰ 'ਤੇ ਇਹ ਸਮਝਾਇਆ ਕਿ ਇਕ ਪਾਸੇ ਤੰਦਰੁਸਤ ਜਿਉਂਦਾ-ਜਾਗਦਾ ਮਨੁੱਖ ਹੈ ਅਤੇ ਦੂਸਰੇ ਪਾਸੇ ਮਰਿਆ ਹੋਇਆ ਮਨੁੱਖ ਹੈ। ਦੋਹਾਂ ਵਿਚ ਸਾਰੇ ਅੰਗ ਆਪਣੀ-ਆਪਣੀ ਜਗ੍ਹਾ ਸਥਿਰ ਹਨ ਪਰ ਮਰਿਆ ਹੋਇਆ ਮਨੁੱਖ ਨਾ ਹਿੱਲ ਸਕਦਾ ਹੈ, ਨਾ ਬੋਲ ਸਕਦਾ ਹੈ ਪਰ ਸਰੀਰ ਦੇ ਸਾਰੇ ਅੰਗ ਤਾਂ ਉਸ ਵਿਚ ਵੀ ਮੌਜੂਦ ਹਨ। ਫਿਰ ਕੀ ਚੀਜ਼ ਗਾਇਬ ਹੈ? ਉਹ ਹੈ ਵਾਇਟਲ ਫੋਰਸ ਭਾਵ ਸਰੀਰ ਦੀ ਸ਼ਕਤੀ, ਜੋ ਸਾਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ ਅਤੇ ਜਦ ਇਹ ਆਪਣਾ ਕੰਮ-ਕਾਜ ਸਹੀ ਦਿਸ਼ਾ ਵਿਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੀ ਤਾਂ ਕਿ ਦੁਨੀਆਂ ਦਾ ਹਰ ਮਨੁੱਖ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੇ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ,
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ।
98146-99446
09 April 2019
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ 'ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ 'ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :-
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ 'ਚ ਹਰ ਸਾਲ ਮਨਾਇਆ ਜਾਣ ਲੱਗਿਆ। ਹੌਲੀ-ਹੌਲੀ ਇਸ ਤਿਉਹਾਰ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਵੱਲੋਂ ਤਿਉਹਾਰਾਂ ਦੀ ਵੰਡ ਵਰਣਾਂ ਦੀ ਵੰਡ ਮੁਤਾਬਿਕ ਕਰ ਦਿੱਤੀ ਗਈ। ਜਿਸ ਅਨੁਸਾਰ ਵਿਸਾਖੀ ਬ੍ਰਾਹਮਣਾਂ ਦੀ, ਦੁਸ਼ਹਿਰਾ ਕਸ਼ੱਤਰੀਆਂ ਦਾ, ਦਿਵਾਲੀ ਵੈਸ਼ਾਂ ਦੀ ਅਤੇ ਹੋਲੀ ਆਈ ਸ਼ੂਦਰਾਂ ਹਿੱਸੇ। ਹੋਲੀ ਦਾ ਤਿਉਹਾਰ ਰੰਗਾਂ ਦੀ ਥਾਂ ਸ਼ਰਾਬ ਪੀਣ ਅਤੇ ਸ਼ੂਦਰਾਂ ਦੀ ਬੇਇਜ਼ਤੀ ਕਰਨੀ ਜਾਂ ਔਰਤਾਂ ਨੂੰ ਤੰਗ ਕਰਨਾ ਇਸ ਤਿਉਹਾਰ ਦਾ ਇੱਕ ਅੰਗ ਬਣ ਗਿਆ। ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕ੍ਰਿਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਾ ਸਿਰਫ ਨਵੇਂ ਰੰਗਾਂ ਵਿੱਚ ਹੀ ਰੰਗਿਆਂ ਸਗੋਂ ਲੋਕਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਵੀ ਸਿਖਾਈ। ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਵਿੱਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨ੍ਹਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ 'ਮਰਦਊਪੁਣੇ' ਦੀ ਭਾਵਨਾ ਜਾਗ੍ਰਿਤ ਕਰਨ ਲਈ ਇਸਦਾ ਨਾ ਬਦਲ ਕੇ 'ਹੋਲਾ' ਰੱਖਿਆ ਜਿਸ ਤਰ੍ਹਾਂ ਪਹਿਲਾਂ ਕਈ ਚੀਜ਼ਾਂ ਦੇ ਮਰਦਾਵੇਂ ਨਾਂ ਰੱਖੇ ਸਨ। ਫਿਰ ਸ਼ਬਦ 'ਮੁਹੱਲਾ' ਨਾਲ ਲਾ ਕੇ ਇਸ ਨੂੰ 'ਹੋਲੇ ਮੁਹੱਲੇ' ਦਾ ਨਾਂ ਦਿੱਤਾ ਗਿਆ। ਹੋਲੇ ਦਾ ਅਰਥ ਹੈ ਹੱਲਾ, ਮੁਹੱਲਾ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਸਨੂੰ ਜਿੱਤ ਕੇ ਉਥੇ ਆਸਣ ਲਾਇਆ ਜਾਵੇ। ਇਸ ਰੀਤ ਨੂੰ ਕਾਇਮ ਰੱਖਣ ਲਈ ਦਸਮੇਸ਼ ਪਿਤਾ ਨੇ 1757 ਬਿ. ਵਿੱਚ ਕਿਲ੍ਹਾ ਹੋਲਗੜ੍ਹ ਦੀ ਸਥਾਪਨਾ ਕੀਤੀ ਅਤੇ ਹੋਲੇ ਮੁਹੱਲੇ ਦੇ ਤਿਉਹਾਰ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ। ਸਿੰਘਾਂ ਦੀਆਂ ਫੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇੱਕ ਦਲ ਦੇ ਕੇਸਰੀ ਬਸਤਰ ਪਹਿਨੇ ਹੁੰਦੇ ਸਨ ਅਤੇ ਦੂਸਰੇ ਦਲ ਦੇ ਚਿੱਟੇ, ਇੱਕ ਦਲ ਕਿਲ੍ਹਾ ਹੋਲਗੜ੍ਹ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਜਿੱਤਣ ਵਾਲੇ ਦਲ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਇਨਾਮ ਦਿੰਦੇ। ਇਹ ਬਨਾਉਟੀ ਯੁੱਧ ਕਰਨੇ ਉਸ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਵੱਡੇ ਮਨੋਵਿਗਿਆਨੀ ਵੀ ਸਨ। ਉਹ ਜਾਣਦੇ ਸਨ ਕਿ ਜਿਹੜੇ ਲੋਕੀ ਇਸ ਬਨਾਉਟੀ ਜੰਗ ਵਿੱਚ ਭਾਗ ਲੈਣਗੇ ਜਾਂ ਇਸ ਜੰਗ ਨੂੰ ਦੇਖਣਗੇ, ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿੰਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਉਣ ਦਾ ਢੰਗ ਸਿਖਾਇਆ ਜਿਹੜਾ ਸ਼ਾਇਦ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।
ਅੱਜ ਵੀ ਹਰ ਸਾਲ ਹੋਲੇ ਮੁਹੱਲੇ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ। ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲ੍ਹਾ ਆਨੰਦਗੜ੍ਹ ਦੇ ਸਾਹਮਣਿਓਂ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ। ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਅਤੇ ਦੇਹਰਾ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪਰੰਤ 'ਚਰਨ ਗੰਗਾ' ਦੇ ਸਥਾਨ ਤੇ ਖੁੱਲ੍ਹੀ ਜਗ੍ਹਾ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ।
ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ਹੋਲਾ-ਮੁਹੱਲਾ ਮਨਾਇਆ ਜਾਂਦਾ ਹੈ। ਉਂਜ ਤਾਂ ਹਰ ਤਿਉਹਾਰ ਦੀ ਆਪਣੀ ਵਿਸ਼ੇਸ਼ਤਾ ਹੈ। ਜਿਸ ਤਰ੍ਹਾਂ ਬਾਕੀ ਸਾਰੇ ਤਿਉਹਾਰਾਂ ਤੇ ਲੋਕ ਨਵੇਂ-ਨਵੇਂ ਸੋਹਣੇ ਕੱਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ, ਪਰ ਸਿਰਫ ਹੋਲੀ ਦਾ ਤਿਉਹਾਰ ਹੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕੀਂ ਆਪਣੇ ਪੁਰਾਣੇ ਤੋਂ ਪੁਰਾਣੇ ਕੱਪੜੇ ਕੱਢ ਕੇ ਪਾਉਂਦੇ ਹਨ ਪਰ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਅਤੇ ਖੁਸ਼ੀ ਕਿਤੇ ਦੁੱਗਣੀ-ਚੌਗਣੀ ਝਲਕਦੀ ਹੁੰਦੀ ਹੈ। ਇਹ ਤਿਉਹਾਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖੁਸ਼ ਰਹਿਣ ਲਈ ਕੇਵਲ ਭੌਤਿਕ ਵਸਤਾਂ ਜਾਂ ਗਹਿਣਿਆਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਅੰਦਰੂਨੀ ਖੁਸ਼ੀ ਦਾ ਹੋਣ ਬਹੁਤ ਜਰੂਰੀ ਹੈ।
ਜਿਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਨਸ਼ਿਆਉਂਦੇ ਹਨ, ਉਥੇ ਇਨ੍ਹਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ੍ਹਬਾਂ ਅਤੇ ਗਰੀਬੀ-ਅਮੀਰੀ ਦੇ ਭੇਦ ਭੁਲਾ ਕੇ ਇੱਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਪਿਆਰ ਦੇ ਰੰਗ ਅਸੀਂ ਇੱਕ ਦੂਜੇ ਤੇ ਹਰ ਰੋਜ਼ ਛਿੜਕਦੇ ਰਹੀਏ ਅਤੇ ਨਫ਼ਰਤਾਂ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾਈਏ, ਬਦੀ ਉਤੇ ਨੇਕੀ ਦੀ ਜਿੱਤ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਹੋਏ ਸੁਪਨੇ ਸਾਕਾਰ ਹੋਣ।
੦ ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
E-mail : tallewalia@gmail.com
20 March 2019
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਵਿਸ਼ੇਸ਼ : ਨਿੱਕੀਆਂ ਜਿੰਦਾਂ ਵੱਡੇ ਸਾਕੇ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :-
ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ
ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ
ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।
ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ 'ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਕੇ ਵੀ ਇਹੋ ਆਖਦਾ ਹੈ :-
ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ।
ਇਹੀ ਹੈ ਇਸ ਸ਼ਹੀਦੀ ਸਾਕੇ ਦੀ ਗਾਥਾ ਜਿਸਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਮੌਤ ਨੂੰ ਅਤੇ ਉਮਰ ਨੂੰ ਮਾਪਣ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ ਜਦੋਂ ਕੋਈ ਮੌਤ 'ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ' ਜਾਂ 'ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ।'
ਇਹ ਵੀ ਇੱਕ ਸਚਾਈ ਹੈ ਕਿ ਜਿਹੜੇ ਇਨਸਾਨ ਇਤਿਹਾਸ ਤੋਂ ਕੁੱਝ ਸਿਖਦੇ ਨਹੀਂ ਉਹ ਹੀ ਇਤਿਹਾਸ ਨੂੰ ਦੁਹਰਾਉਣ ਦੇ ਜਿੰਮੇਵਾਰ ਹੁੰਦੇ ਹਨ। ਜਿਵੇਂ ਕਰਬਲਾ ਵਿੱਚ ਹਜ਼ਰਤ ਅਲੀ ਦੇ ਪੁੱਤਰਾਂ ਹਸਨ, ਹੁਸੈਨ ਨੂੰ ਸਮੇਂ ਦੇ ਹਾਕਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਜੇ ਵਜ਼ੀਰ ਖਾਨ ਨੇ ਉਸ ਸਾਕੇ ਤੋਂ ਕੁੱਝ ਸਿੱਖਿਆ ਹੁੰਦਾ ਤਾਂ ਉਹ ਅਜਿਹੀ ਸਥਿਤੀ ਨੂੰ ਦੁਬਾਰਾ ਦੁਹਰਾਉਣ ਦੀ ਜੁਰਅਤ ਨਾ ਕਰਦਾ।
'ਸਾਕਾ ਸਰਹਿੰਦ' ਕਿਉਂ ਵਾਪਰਿਆ? ਅਨੰਦਪੁਰ ਸਾਹਿਬ ਦੀ ਲੜਾਈ ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ ਲਗਾਤਾਰ ਸੱਤ ਮਹੀਨੇ ਚੱਲਦੀ ਰਹੀ ਕਿਲੇ ਦੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜਿਆਂ ਦੀਆਂ ਅਤੇ ਮੁਸਲਮਾਨੀ ਫੌਜਾਂ ਵੀ ਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਅਤੇ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਮੱਕਾਰ, ਚਾਲਬਾਜ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਪਰ ਮਾਤਾ ਗੁਜਰੀ ਜੀ ਅਤੇ ਕੁੱਝ ਸਿੰਘਾਂ ਦੇ ਕਹਿਣ 'ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਅਜੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ਼ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ 'ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ। ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ 'ਤੇ ਗੁਰੂ ਜੀ ਦਾ ਪ੍ਰੀਵਾਰ ਖੇਰੂੰ-ਖੇਰੂੰ ਹੋ ਗਿਆ, ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਸਮੇਤ ਕੁੱਝ ਸਿੰਘਾਂ ਦੇ ਨਾਲ ਚਮਕੌਰ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ, ਕਹਿਰਾਂ ਦੀ ਸਰਦੀ ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਗੰਗੂ ਬ੍ਰਾਹਮਣ, ਜੋ ਕਿ ਗੁਰੂ ਘਰ ਦਾ ਰਸੋਈਆ ਸੀ ਉਹਦੇ ਪਿੰਡ ਸਹੇੜੀ ਜਾ ਪਹੁੰਚੇ, ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰੇ ਲੈ ਗਿਆ, ਦਾਦੀ ਜੀ ਕੋਲ ਕੁੱਝ ਗਹਿਣੇ ਅਤੇ ਕੁੱਝ ਪੈਸੇ ਜੋ ਕਿ ਇੱਕ ਪੋਟਲੀ ਵਿੱਚ ਪਾਏ ਹੋਏ ਸਨ। ਬੱਸ ਇਹਨਾਂ ਗਹਿਣਿਆਂ ਅਤੇ ਹੀਰਿਆਂ ਦੀ ਚਮਕ ਨੇ ਉਹਨੂੰ ਅੰਨ੍ਹਾ ਕਰ ਦਿੱਤਾ ਅਤੇ ਉਹ ਇਹਨਾਂ ਕੀਮਤੀ ਵਸਤਾਂ ਨੂੰ ਹਾਸਿਲ ਕਰਨ ਲਈ ਹੀਰਿਆਂ ਤੋਂ ਵੀ ਸੋਹਣੇ ਛੋਟੇ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ, ਭਾਵੇਂ ਕਿ ਉਹ ਗੁਰੂ ਘਰ ਦਾ ਰਸੋਈਆ ਸੀ ਪਰ ਸ਼ਾਇਦ ਉਸ ਕੋਲੋਂ ਗੁਰੂ ਦੁਆਰਾ ਸਾਜਿਆ ਖਾਲਸਾ ਜੋ ਨੀਚਾਂ ਨੂੰ ਊਚ ਬਣਾਉਂਦਾ ਸੀ, ਜਿਸਨੇ ਚਿਰਾਂ ਤੋਂ ਚੱਲੀ ਆ ਰਹੀ ਬ੍ਰਾਹਮਣਵਾਦ ਦੀ ਰੀਤ ਨੂੰ ਭਸਮ ਕਰ ਦਿੱਤਾ ਸੀ, ਨਾ ਜਰਿਆ ਗਿਆ ਹੋਵੇ ਅਤੇ ਉਸ ਦੇ ਪਾਪੀ ਮਨ ਨੇ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ ਹੋਵੇ ਅਤੇ ਅਜਿਹਾ ਮੌਕਾ ਗੁਆਉਣਾ ਉਸਨੇ ਨਾ-ਮੁਨਾਸਿਬ ਸਮਝਿਆ ਹੋਵੇ। ਉਹ ਜਾਤ ਦਾ ਬ੍ਰਾਹਮਣ ਸੀ ਜੋ ਕਿ ਅਜਿਹੀ ਮਾਨਸਿਕਤਾ ਵਿੱਚ ਪਲਿਆ ਸੀ ਜਿੱਥੇ ਮਜ਼ਲੂਮਾਂ ਅਤੇ ਬੇਕਸੂਰ ਲੋਕਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ।
ਸਹੇੜੀ ਦੇ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਕੋਲ ਕੀਤੀ, ਕਿਉਂਕਿ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਉਹ ਬਹੁਤ ਵੱਡਾ ਇਨਾਮ ਜਿੱਤ ਲੈਣਗੇ। ਇਸ ਤਰ੍ਹਾਂ ਉਨ੍ਹਾਂ ਤਿੰਨਾਂ ਨੇ ਮਿਲਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਨੂੰ ਅਤੇ ਦਾਦੀ ਜੀ ਨੂੰ ਇੱਕ ਰਾਤ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਹ ਬੁਰਜ ਜਿਸ ਨੂੰ ਸਿੱਖ ਇਤਿਹਾਸ ਵਿੱਚ 'ਚੰਡਾਲ ਬੁਰਜ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦੇ ਚਾਰ ਥੰਮ ਸਨ ਨਾ ਉਪਰ ਕੋਈ ਛੱਤ ਸੀ, ਲੋਹੇ ਦੇ ਸਰੀਏ ਵਾਲੇ ਵੱਡੇ ਵੱਡੇ ਦਰਵਾਜ਼ੇ ਸਨ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣ ਰਹੇ ਸਨ। ਮਖ਼ਮਲਾਂ 'ਤੇ ਸੌਣ ਵਾਲੇ, ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਅੱਜ ਭੁੱਖਣ-ਭਾਣੇ ਠੰਡੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਬਾਤਾਂ ਸੁਣ ਰਹੇ ਸਨ, ਇਹ ਬਾਤਾਂ ਕੋਈ ਕਲਪਨਾਵਾਂ ਨਹੀਂ ਸਨ, ਸਗੋਂ ਸੱਚ ਦੇ ਰਾਹ ਤੇ ਤੁਰੇ ਹੋਏ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲੀਆਂ ਔਖਿਆਈਆਂ ਅਤੇ ਉਨ੍ਹਾਂ ਔਕੜਾਂ ਨੂੰ ਖਿੜੇ ਮੱਥੇ ਸਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਨ। ਦਾਦੀ ਮਾਂ ਸਮਝਾ ਰਹੀ ਸੀ ਕਿ ਬੱਚਿਓ ਦਾਦਾ ਜੀ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾਇਓ ਭਾਵੇਂ ਤੁਹਾਡਾ ਸੀਸ ਕੱਟ ਜਾਵੇ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ ਸੀ, ਸਿਰ ਦੇ ਕੇ ਸਿਦਕ ਬਚਾਵਾਂਗੇ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ, ਠੰਡੇ ਬੁਰਜ ਵਿੱਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਵਰਨਣ ਅੱਲਾ ਯਾਰ ਖਾਂ ਜੋਗੀ 'ਸ਼ਹੀਦਾਨਿ ਵਫ਼ਾ' ਵਿੱਚ ਇਸ ਤਰ੍ਹਾਂ ਕਰਦਾ ਹੈ :-
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ ।
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ, ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ, ਗੱਜ ਕੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਬੁਲਾਈ। ਇਹ ਦੇਖਕੇ ਸੂਬਾ ਕੰਬ ਉੱਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਲਿਆਂਦਾ ਗਿਆ ਉਹ ਬਹੁਤ ਨੀਵਾਂ ਸੀ, ਤਾਂ ਕਿ ਜਦੋਂ ਉਹ ਅੰਦਰ ਵੜਣ ਤਾਂ ਉਹਨਾਂ ਦੀ ਨੀਵੀਂ ਪੈ ਜਾਵੇ ਪਰ ਅਣਖ ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।
ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲ੍ਹਾਉਣ ਦੇ ਲੱਖਾਂ ਯਤਨ ਕੀਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡਕੇ ਇਸਲਾਮ ਕਬੂਲ ਕਰ ਲੈਣ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ ਸੋ ਤੁਹਾਡਾ ਕੋਈ ਆਸਰਾ ਨਹੀਂ ਰਿਹਾ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ। ਸੂਰਜ ਪ੍ਰਕਾਸ਼ ਅਨੁਸਾਰ :-
ਸਾਹਿਬਜ਼ਾਦਿਓ ਪਿਤਾ ਤੁਹਾਰਾ ॥ ਗਢ ਚਮਕੌਰ ਘੇਰ ਗਹਿ ਮਾਰਾ॥
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ ॥ ਸੰਗੀ ਸਿੰਘ ਸਕਲ ਸੋ ਮਾਰੇ ॥
ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ :-
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ ॥ ਜਗ ਮਹਿੰ ਕੋਨ ਸਕੇ ਤਿੰਹ ਮਾਰਾ ॥
ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ ॥ ਕੌਨ ਅੰਧੇਰੀ ਕੋ ਨਿਰਵਾਰਹਿ ॥
ਸੂਬੇ ਦੀ ਗੱਲ ਸੁਣਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਸਾਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ ਹੋਰ ਕੋਈ ਆਸਰੇ ਦੀ ਲੋੜ ਨਹੀਂ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ 'ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਬੀ ਲੈ ਕੇ ਬੁਰਜ ਵਿੱਚ ਪਹੁੰਚਿਆ, ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ :-
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੈ ਤੇਰਾ ॥
ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜਕੇ ਫ਼ਤਿਹ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ 'ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਉਹਨੇ 'ਹਾਅ ਦਾ ਨਾਅਰਾ' ਮਾਰਿਆ, ਵਜ਼ੀਰ ਖਾਨ ਬੱਚਿਆਂ ਉਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ''ਵਜ਼ੀਰ ਖਾਨ ਇੰਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ'' ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ। ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਅਜੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ।
ਕੁੱਝ ਇਤਿਹਾਸਕਾਰਾਂ ਅਨੁਸਾਰ ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ ਮੁਤਾਬਿਕ 27 ਦਸੰਬਰ 1704 ਈ. ਨੂੰ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਕਿ, ''ਇੰਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ'' ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣਕੇ ਨਾ ਰੋਈ ਹੋਵੇ। ਇਸ ਤੱਥ ਦੀ ਪੁਸ਼ਟੀ 'ਪੰਥ ਪ੍ਰਕਾਸ਼' ਦੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ :-
ਸ਼ਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ ।
ਤਿਸਹੀ ਠਉਰ ਖਰਿਓ ਕੈ ਸੀਸ। ਤੁਰਤ ਉਤਾਰੇ ਦੁਸ਼ਟੈਂ ਰੀਸ ।
ਤੇਰਾਂ ਪੋਹ ਥਾ ਮੰਗਲਵਾਰ । ਮਚਿਓ ਸ਼ਹਿਰ ਮੇਂ ਹਾਹਾਕਾਰ ॥
ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ। ਪਰ ਇਹ ਧਾਰਨਾਂ ਬਿਲਕੁਲ ਗਲਤ ਹੈ ਕਿ ਮਾਤਾ ਗੁਜਰੀ ਜੀ ਨੇ ਬੁਰਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਹ ਔਰਤ ਜੋ ਆਪਣੇ ਪਤੀ ਦੇ ਦੇਸ਼ ਕੌਮ ਤੋਂ ਕੁਰਬਾਨ ਹੋਣ ਵੇਲੇ ਨਹੀਂ ਡੋਲੀ ਅਤੇ ਜਿਸ ਨੇ ਆਪਣੇ ਪੋਤਿਆਂ ਨੂੰ ਹੱਥੀਂ ਸ਼ਹੀਦ ਹੋਣ ਲਈ ਤੋਰਿਆ ਉਹ ਐਨੀ ਬੁਜ਼ਦਿਲ ਨਹੀਂ ਹੋ ਸਕਦੀ ਕਿ ਬੁਰਜ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਵੇ। ਦੂਸਰਾ ਸਿੱਖ ਧਰਮ ਵਿੱਚ ਆਤਮ ਹੱਤਿਆ ਕਰਨਾ ਵਰਜਿਤ ਹੈ। ਇਥੇ ਹੀ ਬੱਸ ਨਹੀਂ ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ ਗਿਆ ਸੀ। ਪਰ ਇਹ ਗੱਲਾਂ ਇਤਿਹਾਸਕ ਪੱਖ ਤੇ ਖਰੀਆਂ ਨਹੀਂ ਉਤਰਦੀਆਂ। ਮਾਤਾ ਜੀ ਬਿਰਧ ਅਵਸਥਾ ਵਿੱਚ ਸਨ। ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਕੈਦ ਸਨ। ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਹੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਉਹ ਵੀ ਆਪਣਾ ਸਰੀਰ ਤਿਆਗ ਗਏ।
ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦੇਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਨੂੰ ਵਾਪਰਿਆ। ਭਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇਂ ਤਾਂ ਅਮਰ ਹਨ। ਉਹਨਾਂ ਦੀ ਸ਼ਹੀਦੀ ਨੇ ਬੰਦੇ ਵਰਗੇ ਵੈਰਾਗੀ ਸਾਧੂਆਂ ਦੇ ਮਨ ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਡੁਲ੍ਹਿਆ ਵੀ ਬਰਦਾਸ਼ਤ ਨਹੀਂ ਸਨ ਕਰਦੇ, ਐਨੇ ਡੁੱਲ੍ਹੇ ਖੂਨ ਨੂੰ ਦੇਖਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਗਏ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
੦ ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
E-mail : tallewalia@gmail.com
ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਸੀਸ ਦੀਆ ਪਰ ਸਿਰਰੁ ਨਾ ਦੀਆ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਜਿੱਥੇ ਇਸ ਧਰਮ ਵਿੱਚ ਬੁੱਤ ਪੂਜਾ, ਊਚ-ਨੀਚ, ਜਾਤ-ਪਾਤ ਦਾ ਖੰਡਨ ਕੀਤਾ ਗਿਆ ਉੱਥੇ ਇਸ ਧਰਮ ਦੇ ਅਨੁਯਾਈਆਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦਾ ਅਤੇ ਅਣਖ ਨਾਲ ਜਿਉਣ ਦਾ ਪਾਠ ਵੀ ਪੜ੍ਹਾਇਆ ਹੈ।
ਹਿੰਦੋਸਤਾਨ ਉੱਤੇ ਕਦੇ ਅਫਗਾਨੀਆਂ ਨੇ ਅਤੇ ਕਦੇ ਤੁਰਕਾਂ ਨੇ ਲਗਾਤਾਰ ਹਮਲੇ ਕੀਤੇ ਪਰ ਇੱਥੋਂ ਦੀ ਜਨਤਾ ਉਹਨਾਂ ਜ਼ੁਲਮਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਸਮਝ ਕੇ ਜਾਂ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੰਨ ਕੇ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ। ਇੱਕ ਤਾਂ ਬਾਹਰਲੇ ਧਾੜਵੀ ਲੋਕਾਂ ਨੂੰ ਲੁੱਟ ਰਹੇ ਸਨ ਦੂਜਾ ਮਨੂੰਵਾਦ ਦੀਆਂ ਵੰਡੀਆਂ ਲੋਕਾਂ ਦੀ ਰਗ ਨੱਪ ਰਹੀਆਂ ਸਨ। ਜਾਤ-ਪਾਤ ਦੇ ਅਧਾਰ 'ਤੇ ਹੋਈ ਵੰਡ ਅਨੁਸਾਰ ਬ੍ਰਾਹਮਣ ਦੀ ਜਾਤੀ ਸਭ ਤੋਂ ਉੱਚੀ ਸੀ ਉਹ ਜੋ ਕਹਿੰਦਾ, ਨੀਵੀਂ ਜਾਤੀ ਦੇ ਲੋਕਾਂ ਨੂੰ ਕਰਨਾ ਹੀ ਪੈਂਦਾ ਸੀ। ਦੂਜੇ ਨੰਬਰ 'ਤੇ ਆਉਣ ਵਾਲੇ ਖੱਤਰੀ ਜਿਹੜੇ ਜ਼ਿੰਦਗੀ ਵਧੀਆ ਜਿਉਂਦੇ ਸਨ ਪਰ ਬ੍ਰਾਹਮਣਾਂ ਜਿੰਨੇ ਅਧਿਕਾਰ ਖੱਤਰੀਆਂ ਨੂੰ ਨਹੀਂ ਸਨ। ਸਭ ਤੋਂ ਮਾੜੀ ਹਾਲਤ ਸੀ ਸ਼ੂਦਰਾਂ ਦੀ, ਇਹੋ ਜਿਹੇ ਸਮੇਂ ਵਿੱਚ ਏਕਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ੂਦਰ ਅਤੇ ਵੈਸ਼ ਤਾਂ ਨੌਕਰ ਸਨ ਭਾਵੇਂ ਬ੍ਰਾਹਮਣਾਂ ਦਾ ਰਾਜ ਹੋਵੇ ਜਾਂ ਤੁਰਕਾਂ ਦਾ।
ਇੱਕ ਪਾਸੇ ਇੰਨੇ ਜ਼ੁਲਮ ਹੋ ਰਹੇ ਸਨ ਪਰ ਦੂਜੇ ਪਾਸੇ ਬ੍ਰਾਹਮਣ ਲੋਕ ਜਿੰਨ੍ਹਾਂ ਕੋਲ ਭਗਤੀ ਦੇ ਅਧਿਕਾਰ ਸਨ, ਅੱਖਾਂ ਬੰਦ ਕਰਕੇ ਪਹਾੜਾਂ ਜਾਂ ਜੰਗਲਾਂ ਵਿੱਚ ਸਮਾਧੀਆਂ ਲਾਈ ਬੈਠੇ ਸਨ ਜਿਵੇਂ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਮਤਲਬ ਕਿ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੀ ਬਜਾਏ ਜ਼ੁਲਮ ਨੂੰ ਖਿੜੇ ਮੱਥੇ ਸਹਿਣਾ ਲੋਕਾਂ ਦੀ ਆਦਤ ਬਣ ਚੁੱਕੀ ਸੀ ਜਾਂ ਕਹਿ ਲਓ ਕਿ ਗੈਰਤ ਮਰ ਚੁੱਕੀ ਸੀ।
ਉਸ ਵਕਤ ਜਨਮ ਲਿਆ ਸੀ ਇੱਕ ਕਰਾਂਤੀਕਾਰੀ ਮਨੁੱਖ ਬਾਬੇ ਨਾਨਕ ਨੇ, ਉਹਨਾਂ ਦੇਖਿਆ ਕਿ ਇਹ ਲੋਕ ਤਾਂ ਚੁੱਪ ਚਾਪ ਬਾਬਰ ਦੇ ਜ਼ੁਲਮਾਂ ਨੂੰ ਸਹਿ ਰਹੇ ਹਨ, ਉਹਨਾਂ ਅਵਾਜ਼ ਬੁਲੰਦ ਕੀਤੀ ਸੀ,
ਪਾਪ ਦੀ ਜੰਞ ਲੈ ਕਾਬਲੋਂ ਢੁਕਿਆ ਜ਼ੋਰੀਂ ਮੰਗੇ ਦਾਨ ਵੇ ਲਾਲੋ
ਭਾਵ ਬਾਬੇ ਨਾਨਕ ਨੇ ਬਿਨਾਂ ਕਿਸੇ ਡਰ, ਭੈਅ ਦੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਦਾ ਬੀੜਾ ਚੁੱਕਿਆ। ਇਸ ਰਸਤੇ 'ਤੇ ਚੱਲਦੇ ਹੋਏ ਨਾਨਕ ਘਰ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ 'ਸੀਸ ਦੀਆ ਪਰ ਸਿਰਰੁ ਨਾ ਦੀਆ' ਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁੱਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇੱਕ ਨਵੀਂ ਰੂਹ ਜਾਗ੍ਰਿਤ ਕੀਤੀ ਜੋ ਕਿ 1699 ਦੀ ਵਿਸਾਖੀ ਨੂੰ ਇੱਕ ਨਵਾਂ ਰੂਪ ਅਖਤਿਆਰ ਕਰਕੇ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 21 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਤੇਗ ਮੱਲ ਸੀ ਪਰ ਆਪ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਤੇਗ ਦੇ ਉਹ ਜੌਹਰ ਵਿਖਾਏ ਜਿਸ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਂਅ ਤੇਗ ਬਹਾਦਰ ਰੱਖਿਆ। ਆਪ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਜਿਸ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ। ਜਦੋਂ ਗੁਰੂ ਸਾਹਿਬ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰਮੱਲੀਆਂ ਅਤੇ ਕਈ ਭੇਖੀਆਂ ਨੇ ਵੱਖ ਵੱਖ ਬਾਈ ਮੰਜੀਆਂ ਸਥਾਪਿਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। ਜਦੋਂ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਗਤ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਹੈ? ਤਾਂ ਗੁਰੂ ਸਾਹਿਬ ਨੇ ਬਾਬੇ ਬਕਾਲੇ ਵੱਲ ਇਸ਼ਾਰਾ ਕੀਤਾ। ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਸਨ। ਪਰ ਬਾਬੇ ਬਕਾਲੇ ਦਾ ਨਾਂਅ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ਬਾਬੇ ਬਕਾਲੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਜੀ ਹਨ ਅਤੇ ਉਸਨੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਲਾਇਆ। ਜਿਸ ਵਕਤ ਗੁਰੂ ਸਾਹਿਬ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਆਪ ਜੀ ਦੀ ਉਮਰ ਲਗਭਗ 44 ਸਾਲ ਦੀ ਸੀ। ਗੁਰਿਆਈ ਪ੍ਰਾਪਤ ਕਰਨ ਉਪਰੰਤ ਆਪ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬ ਨੇ ਇੱਕ ਦਰਖਤ ਹੇਠ ਦੀਵਾਨ ਸਜਾਇਆ ਅਤੇ ਕੀਰਤਨ ਕੀਤਾ ਜਿਸ ਥਾਂ ਅਜਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।
ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਇੱਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਆ ਗਏ (ਉਹ ਸ਼ਹਿਰ ਜਿਸਨੂੰ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਸਾਹਿਬ ਦੇ ਭਰਾ ਸਨ, ਜਿਨ੍ਹਾਂ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਸੀ, ਨੇ 1630 ਈ. ਵਿੱਚ ਵਸਾਇਆ ਸੀ)। ਇੱਥੇ ਆ ਕੇ ਆਪ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂਅ 'ਤੇ ਚੱਕ ਨਾਨਕੀ ਨਾਂਅ ਦਾ ਨਗਰ ਵਸਾਇਆ ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ।
ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥਰਾ, ਬਿੰਦਰਾਵਣ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਾਈ ਥਾਣ ਸ਼ੁਸੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਅਗਲੇਰੀ ਯਾਤਰਾ 'ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਆਪ ਆਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ ਅੱਠ ਮਹੀਨਿਆਂ ਬਾਅਦ ਆਪ ਨੇ ਪਿਆਰੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਆਸਾਮ ਵਿੱਚ ਸਨ ਤਾਂ ਲੋਕ ਇੱਧਰ ਔਰੰਗਜ਼ੇਬ ਦੀ ਨੀਤੀ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ਗੁਰੂ ਜੀ ਆਪਣੇ ਲੋਕਾਂ ਵਿੱਚ ਰਹਿਣਾ ਚਾਹੁੰਦੇ ਸਨ। ਆਪ ਆਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਆ ਗਏ। ਕੁੱਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।
ਅਨੰਦਪੁਰ ਸਾਹਿਬ ਵਿਖੇ ਹੀ ਆਪ ਨੇ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਇੱਕ ਦਿਨ ਅਨੰਦਪੁਰ ਸਾਹਿਬ ਵਿਖੇ ਹੀ ਮਟਨ ਦੇ ਬ੍ਰਾਹਮਣ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਾਰੀ ਹੱਡ ਬੀਤੀ ਸੁਣਾਈ, ਜੋ ਜ਼ੁਲਮ ਔਰੰਗਜ਼ੇਬ ਕਮਾ ਰਿਹਾ ਸੀ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵਕਤ ਬਾਲ ਗੋਬਿੰਦ ਰਾਏ ਜਿੰਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਸੀ, ਕੋਲ ਖੜੇ ਸਨ। ਕਹਿਣ ਲੱਗੇ, 'ਪਿਤਾ ਜੀ ਚੁੱਪ ਕਿਉਂ ਹੋ ਗਏ?' ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਨ੍ਹਾਂ ਦੀ ਰੱਖਿਆ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪਣੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜਾਓ ਅਤੇ ਔਰੰਗਜੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਧਰਮ ਬਦਲ ਲਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬ ਇੱਕ ਸ਼ਾਂਤ ਚਿੱਤ ਨਿਮਰਤਾ ਨਾਲ ਭਰਪੂਰ ਇਨਸਾਨ ਤਾਂ ਸਨ ਪਰ ਉਹ ਦੂਜਿਆਂ 'ਤੇ ਹੁੰਦੇ ਨਜਾਇਜ਼ ਧੱਕੇ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ। ਭਾਵੇਂ ਕਿ ਉਹਨਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਨੇਊ ਉਤਰਦਾ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ। ਉਹ ਤਾਂ ਇਸ ਗੱਲ 'ਤੇ ਵਿਸ਼ਵਾਸ਼ ਕਰਦੇ ਸਨ:
ਭੈ ਕਾਹੁ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ, ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹੰਦ ਦੇ ਫੌਜਦਾਰ ਦਿਲਾਵਰ ਖਾਂ ਨੂੰ ਦਿੱਤਾ, ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਕੋਲ ਪਹੁੰਚਾਇਆ ਅਤੇ ਨਾਲ ਹੀ ਇਹ ਹਦਾਇਤ ਕੀਤੀ ਗਈ ਕਿ ਆਮ ਲੋਕਾਂ ਕੋਲੋਂ ਇਸ ਗੱਲ ਦਾ ਲੁਕੋ ਰੱਖਿਆ ਜਾਵੇ। ਇੱਕ ਦਿਨ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਬਾਹਰ ਜਾਣ ਲਈ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਘੜਾਂ ਵਿੱਚ ਰਾਤ ਠਹਿਰੇ ਤਾਂ ਸੂਹੀਏ ਨੇ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਦਿੱਤੀ। ਦਸਮੇਸ਼ ਪ੍ਰਕਾਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੰਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿੱਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ਸ੍ਰੀ ਸੋਢੀ ਚਮਤਕਾਰ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿੱਚ ਦੱਸੀ ਗਈ ਹੈ। ਸਿੱਖ ਇਤਿਹਾਸ (1469-1655) ਵਿੱਚ ਡਾ. ਗੰਡਾ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ 'ਚ ਦੱਸੀ ਹੈ। ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਂਦਾ ਗਿਆ। ਇਥੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਔਰੰਗਜੇਬ ਅੱਗੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਆਪਣੇ ਇਰਾਦੇ 'ਤੇ ਦ੍ਰਿੜ੍ਹ ਰਹੇ। ਗੁਰੂ ਸਾਹਿਬ ਨੂੰ ਧਮਕਾਉਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ 'ਚ ਉਬਾਲਿਆ ਗਿਆ, ਭਾਈ ਸਤੀ ਦਾਸ ਨੂੰ ਜਿਉਂਦਿਆਂ ਨੂੰ ਰੂੰ 'ਚ ਲਪੇਟ ਕੇ ਅੱਗ ਲਾ ਦਿੱਤੀ। ਇੰਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਆਪ ਅਡੋਲ ਰਹੇ ਅਤੇ ਅਕਾਲਪੁਰਖ ਦਾ ਸਿਮਰਨ ਕਰਦੇ ਰਹੇ। ਅੰਤ ਘੜੀ ਆ ਗਈ ਸ਼ਹੀਦ ਹੋਣ ਦੀ। ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰਬਰ 1675 ਈ: ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਸ਼ਹੀਦੀ ਸਾਕੇ ਦਾ ਵਰਨਣ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿੱਚ ਇਸ ਤਰ੍ਹਾਂ ਕੀਤਾ ਹੈ :
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਗ
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਗ ॥
ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਇੱਕ ਮਜ੍ਹਬੀ ਸਿੰਘ ਜਿਸ ਦਾ ਨਾਂ ਭਾਈ ਜੈਤਾ ਸੀ, ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਆਇਆ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੇ ਵਰ ਨਾਲ ਨਿਵਾਜਿਆ। ਗੁਰੂ ਜੀ ਦੇ ਧੜ ਦਾ ਸੰਸਕਾਰ ਇੱਕ ਸਿੱਖ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ, ਜਿਸ ਥਾਂ 'ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਜੀ ਨੇ 'ਸੀਸ ਦੀਆ ਪਰ ਸਿਰਰੁ ਨਾ ਦੀਆ'। ਇੱਕ ਸ਼ਾਇਰ ਦੇ ਸ਼ਬਦਾਂ ਵਿੱਚ :
ਗੁਰੂ ਤੇਗ ਬਹਾਦਰ ਦੱਸਾਂ ਕੀ ਉਪਕਾਰ ਤੇਰੇ, ਸਾਥੋਂ ਪੂਰਾ ਵਿਸਥਾਰ ਨਾ ਹੋ ਸਕਿਆ
ਰਾਗੀ, ਢਾਡੀ ਅਤੇ ਪ੍ਰਚਾਰਕਾਂ ਤੋਂ, ਤੇਰਾ ਪੂਰਾ ਪ੍ਰਚਾਰ ਨਾ ਹੋ ਸਕਿਆ
ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਤੇਰਾ 'ਕੱਠਾ ਪ੍ਰਵਾਰ ਨਾ ਹੋ ਸਕਿਆ
ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਤੇਰਾ 'ਕੱਠਾ ਸੰਸਕਾਰ ਨਾ ਹੋ ਸਕਿਆ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਅਜਿਹੀਆਂ ਕਥਾਵਾਂ ਜੋੜੀਆਂ ਗਈਆਂ ਹਨ ਜੋ ਗੁਰੂ ਸਾਹਿਬ ਦੇ ਜੀਵਨ ਦੇ ਅਨੁਕੂਲ ਨਹੀਂ ਹੈ। ਸਭ ਤੋਂ ਪਹਿਲੀ ਗੱਲ ਗੁਰੂ ਜੀ ਦੇ ਜੀਵਨ ਨਾ ਇਹ ਜੋੜੀ ਜਾਂਦੀ ਹੈ ਕਿ ਉਹ ਤਾਂ ਬਹੁਤ ਲੰਮਾ ਸਮਾਂ ਭੋਰੇ ਵਿਚ ਬੈਠੇ ਰਹਿੰਦੇ ਸਨ ਅਤੇ ਭਗਤੀ ਵਿਚ ਲੀਨ ਰਹਿੰਦੇ ਸਨ, ਠੀਕ ਹੈ ਸਿੱਖ ਧਰਮ ਵਿਚ ਨਾਮ ਜਪਣ ਉਪਰ ਜੋਰ ਦਿੱਤਾ ਗਿਆ ਹੈ ਪਰ ਇਹ ਨਹੀਂ ਆਖਿਆ ਗਿਆ ਕਿ ਸਭ ਕੁਝ ਤਿਆਗਕੇ ਭੋਰੇ ਵਿਚ ਬੈਠ ਜਾਵੋ ਅਤੇ ਦੁਨੀਆਦਾਰੀ ਦਾ ਖਿਆਲ ਹੀ ਭੁੱਲ ਜਾਵੋ। ਜੇਕਰ ਅਜਿਹਾ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨ੍ਹਾਂ ਨੇ ਬੜਾ ਲੰਮਾ ਪੈਂਡਾ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ, ਖਾਸ ਕਰਕੇ ਮਾਲਵੇ ਇਲਾਕੇ ਵਿੱਚ ਗੁਰੂ ਜੀ ਦੀ ਯਾਦ ਨਾਲ ਸਬੰਧਿਤ ਗੁਰਦੁਆਰੇ ਇਸ ਗੱਲ ਦਾ ਪ੍ਰਮਾਣ ਹਨ ਕਿ ਇਕੱਲੇ ਮਾਲਵੇ ਇਲਾਕੇ ਵਿਚ ਗੁਰੂ ਸਾਹਿਬ ਨੇ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦਿਆਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਇਹ ਵੀ ਉਨ੍ਹਾਂ ਦੀ ਸ਼ਹੀਦੀ ਦਾ ਇੱਕ ਕਾਰਨ ਸੀ ਕਿਉਂਕਿ ਦਿੱਲੀ ਦਰਬਾਰ ਵਿੱਚ ਇਹ ਖ਼ਬਰਾਂ ਪਹੁੰਚਦੀਆਂ ਸਨ ਕਿ ਗੁਰੂ ਸਾਹਿਬ ਜ਼ੁਲਮ ਵਿਰੁੱਧ ਜਹਾਦ ਖੜ੍ਹਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ।
ਦੂਸਰੀ ਗੱਲ ਇਹ ਪ੍ਰਚਾਰੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਕਟਵਾ ਦਿੱਤਾ ਪਰ ਇਸਲਾਮ ਕਬੂਲ ਨਾ ਕੀਤਾ, ਇਸ ਕਰਕੇ ਉਹ ਇਸਲਾਮ ਵਿਰੋਧੀ ਸਨ ਅਤੇ ਹਿੰਦੂ ਧਰਮ ਦੇ ਹੱਕ ਵਿਚ ਸਨ। ਇਹ ਗੱਲ ਬਿਲਕੁਲ ਵੀ ਸੱਚੀ ਨਹੀਂ ਭਾਸਦੀ ਕਿਉਂਕਿ ਗੁਰੂ ਸਾਹਿਬ ਤਾਂ ਖ਼ੁਦ ਆਪਣੀ ਬਾਣੀ ਵਿਚ ਲਿਖਦੇ ਹਨ :
ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਿ॥
ਗੁਰੂ ਸਾਹਿਬ ਦੀ ਲੜ੍ਹਾਈ ਕਿਸੇ ਧਰਮ ਵਿਰੁੱਧ ਜਾਂ ਕਿਸੇ ਧਰਮ ਦੇ ਹੱਕ ਵਿਚ ਨਹੀਂ ਸੀ ਸਗੋਂ ਉਹ ਤਾਂ ਜ਼ੁਲਮ ਦੇ ਵਿਰੁੱਧ ਸਨ। ਜੇਕਰ ਉਸ ਵਕਤ ਹਿੰਦੂ ਰਾਜੇ ਮੁਸਲਮਾਨਾਂ ਉਤੇ ਜ਼ੁਲਮ ਕਰਦੇ ਤਾਂ ਗੁਰੂ ਸਾਹਿਬ ਨੇ ਇਸਲਾਮ ਖ਼ਾਤਰ ਵੀ ਸੀਸ ਕਟਵਾ ਦੇਣਾ ਸੀ ਕਿਉਂਕਿ ਗੱਲ ਜਨੇਊ ਧਾਰਨ ਕਰਨ ਜਾਂ ਕਲਮਾਂ ਪੜ੍ਹਣ ਦੀ ਨਹੀਂ ਸੀ ਗੱਲ ਤਾਂ ਅਸੂਲਾਂ ਦੀ ਸੀ। ਲੜ੍ਹਾਈ ਜ਼ੁਲਮ ਵਿਰੁੱਧ ਸੀ, ਸੋ ਕਹਿਣਾ ਹਰਗਿਜ਼ ਗਲਤ ਹੋਵੇਗਾ ਕਿ ਗੁਰੂ ਸਾਹਿਬ ਇਸਲਾਮ ਵਿਰੋਧੀ ਸਨ।
ਤੀਸਰੀ ਕਥਾ ਜੋ ਅਕਸਰ ਗੁਰੂ ਘਰਾਂ ਵਿਚ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਸੰਗਤਾਂ ਨੂੰ ਆਪਣੀ ਕਥਾ ਰਾਹੀਂ ਨਿਹਾਲ ਕਰਦੇ ਹਨ ਉਹ ਇਹ ਹੈ ਕਿ ਗੁਰੂ ਸਾਹਿਬ ਨੇ ਮੱਖਣ ਸ਼ਾਹ ਲੁਬਾਣੇ ਦੇ ਜਹਾਜ਼ ਨੂੰ ਆਪਣਾ ਮੋਢਾ ਦੇ ਕੇ ਸਮੁੰਦਰੀ ਭੂਚਾਲ 'ਚੋਂ ਕੱਢਿਆ ਅਤੇ ਇਸੇ ਬਦੌਲਤ ਮੱਖਣ ਸ਼ਾਹ ਲੁਬਾਣੇ ਨੇ 'ਗੁਰੂ ਲਾਧੋ ਰੇ ਦਾ' ਦਾ ਹੋਕਾ ਦਿੱਤਾ। ਵੈਸੇ ਤਾਂ ਸਿੱਖ ਧਰਮ ਵਿੱਚ ਕਰਾਮਾਤਾਂ ਲਈ ਕੋਈ ਥਾਂ ਨਹੀਂ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਅਸੀਂ ਇੱਕ ਪਾਸੇ ਤਾਂ ਗੱਲ ਕਰਦੇ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਾਣ ਲੱਗਾ ਤਾਂ ਜਲਾਦ ਨੇ ਉਨ੍ਹਾਂ ਨੂੰ ਕਿਹਾ ਕਿ ਦਿਖਾਓ ਕੋਈ ਕਰਾਮਾਤ, ਤਾਂ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ। ਅਸੀਂ ਕਰਾਮਾਤਾਂ ਵਿਚ ਵਿਸ਼ਵਾਸ਼ ਨਹੀਂ ਕਰਦੇ ਪਰ ਦੂਸਰੇ ਪਾਸੇ ਅਸੀਂ ਗੁਰੂ ਸਾਹਿਬ ਨੂੰ ਕਰਾਮਾਤੀ ਸਿੱਧ ਕਰ ਰਹੇ ਹਾਂ ਕਿ ਜਦੋਂ ਮੱਖਣ ਸ਼ਾਹ ਲੁਬਾਣੇ ਨੇ ਗੁਰੂ ਸਾਹਿਬ ਅੱਗੇ ਲਿਆਕੇ ਦੋ ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਬੋਲੇ ਭਾਈ ਆਹ ਦੇਖ ਸਾਡਾ ਤਾਂ ਮੋਢਾ ਅਜੇ ਤੱਕ ਜਖ਼ਮੀ ਹੋਇਆ ਪਿਆ ਅਤੇ ਨਾਲੇ 500 ਮੋਹਰਾਂ ਦੀ ਸੁੱਖਣਾ ਸੁੱਖ ਕੇ ਭੇਟ ਕਰਦਾਂ ਸਿਰਫ਼ ਦੋ ਮੋਹਰਾਂ। ਅਸਲ ਵਿਚ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਸੀ। ਕਈ ਲਿਖਤਾਂ ਵਿਚ ਉਸ ਨੂੰ 'ਮਸੰਦ' ਕਰਕੇ ਵੀ ਲਿਖਿਆ ਹੈ। ਜਦੋਂ ਉਹ ਸੰਗਤ ਸਮੇਤ ਬਾਬੇ ਬਕਾਲੇ ਪਹੁੰਚਿਆ ਤਾਂ ਉਥੋਂ ਦਾ ਅਜ਼ਬ ਨਜ਼ਾਰਾ ਦੇਖਕੇ ਭੈਅਭੀਤ ਹੋ ਗਿਆ ਕਿਉਂਕਿ ਹਰ ਕੋਈ ਉਸਨੂੰ ਘੇਰ ਘੇਰ ਕੇ ਆਪਣੇ ਆਪਣੇ 'ਗੁਰੂ' ਦੀ ਮਹਿਮਾ ਵਖਿਆਨ ਕਰ ਰਿਹਾ ਸੀ ਅਤੇ ਹਰ ਕਿਸੇ ਦੀ ਨਜ਼ਰ ਉਸ ਦੁਆਰਾ ਭੇਟ ਕਰਨ ਵਾਲੇ ਕੀਮਤੀ ਨਜ਼ਰਾਨੇ ਉਪਰ ਸੀ। ਪਰ ਮੱਖਣ ਸ਼ਾਹ ਲੁਬਾਣਾ ਜੋ ਗੁਰੂ ਘਰ ਦੀ ਮਰਿਆਦਾ ਤੋਂ ਭਲੀ ਭਾਂਤ ਜਾਣੂ ਸੀ ਕਿ ਗੁਰੂ ਘਰ ਵਿਚ ਮਾਇਆ ਦੇ ਮੋਹ ਦੇ ਤਿਆਗ ਦੀ ਗੱਲ ਕੀਤੀ ਜਾਂਦੀ ਹੈ ਪਰ ਇਹ ਲੋਕ ਤਾਂ ਮਾਇਆਧਾਰੀ ਹਨ। ਇਸ ਪ੍ਰਕਾਰ ਜਦੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੁੱਜਾ ਤਾਂ ਉਸਨੂੰ ਅਸਲੀ ਗੁਰੂ ਦਾ ਪਤਾ ਲੱਗਿਆ ਅਤੇ ਉਸ ਨੇ ਗੁਰੂ ਲਾਧੋ ਰੇ ਦਾ ਹੌਕਾ ਦਿੱਤਾ।
੦ ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
E-mail : tallewalia@gmail.com
06 Dec. 2018
1 ਦਸੰਬਰ ਲਈ ਵਿਸ਼ੇਸ਼ : ਅਣਗਹਿਲੀ ਹੀ ਬਣਦੀ ਹੈ ਏਡਜ਼ ਦਾ ਕਾਰਨ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਏਡਜ਼ ਦਾ ਸ਼ਬਦ ਅਰਥ ਹੈ ਗ੍ਰਹਿਣ ਕੀਤੀ ਕੋਈ ਸਰੀਰਕ ਰੱਖਿਆ ਪ੍ਰਣਾਲੀ ਦੀ ਕਮਜ਼ੋਰੀ (Acquired Immuno Deficiency Syndrome) ਇਹ ਰੋਗ ਐਚ.ਆਈ.ਵੀ. ਵਾਇਰਸ ਰਾਹੀਂ ਹੁੰਦਾ ਹੈ ਅਤੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦਾ ਹੈ। ਇਹ ਰੋਗ ਪਹਿਲੀ ਵਾਰ ਅਮਰੀਕਾ ਵਿੱਚ ਪਾਇਆ ਗਿਆ। ਹੌਲੀ ਹੌਲੀ ਅਮਰੀਕਾ ਤੋਂ ਫੈਲਦਾ ਹੋਇਆ ਇਹ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਜਾ ਪਹੁੰਚਿਆ। ਹੁਣ ਭਾਰਤ ਵਿਚ ਹੀ ਨਹੀਂ ਪੰਜਾਬ ਵਿਚ ਵੀ ਏਡਜ਼ ਦੇ ਰੋਗੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸਰਕਾਰੀ ਅੰਕੜਿਆਂ ਦੀ ਰਿਪੋਰਟ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਕਿਉਂਕਿ ਏਡਜ਼ ਦੀ ਬੀਮਾਰੀ ਤੋਂ ਪੀੜਤ ਰੋਗੀ ਅਤੇ ਉਸ ਦੇ ਵਾਰਿਸ ਸ਼ਰਮ ਦੇ ਮਾਰੇ ਹੀ ਇਸ ਰੋਗ ਬਾਰੇ ਦੱਸਣ ਤੋਂ ਚੁੱਪ ਵੱਟੀ ਰੱਖਦੇ ਹਨ ਅਤੇ ਬਹੁਤ ਸਾਰੇ ਅਜਿਹੇ ਮਰੀਜ਼ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਸ ਬਾਰੇ ਵੀ ਉਸਦੇ ਪ੍ਰੀਵਾਰ ਵਾਲੇ ਸਹੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਹਨ ਅਤੇ ਕਈ ਵਾਰ ਏਡਜ਼ ਦੇ ਮਰੀਜ਼ ਨੂੰ ਕੈਂਸਰ ਦਾ ਮਰੀਜ਼ ਕਹਿਕੇ ਹੀ ਛੁਟਕਾਰਾ ਕਰ ਲੈਂਦੇ ਹਨ ਕਿਉਂਕਿ 'ਏਡਜ਼' ਜਿੱਥੇ ਇੱਕ ਜਾਨਲੇਵਾ ਬੀਮਾਰੀ ਹੈ, ਉਥੇ ਇਹ ਇੱਕ ਸਮਾਜਿਕ ਸਮੱਸਿਆ ਵੀ ਹੈ ਕਿਉਂਕਿ ਇਸਦੇ ਕਾਰਨਾਂ ਤੋਂ ਹੁਣ ਲੋਕ ਭਲੀਭਾਂਤ ਜਾਣੂੰ ਹਨ। ਇਸੇ ਕਰਕੇ 'ਏਡਜ਼' ਦਾ ਨਾਂਅ ਸੁਣਕੇ ਜਿੱਥੇ ਪੀੜਤ ਘਬਰਾ ਜਾਂਦਾ ਹੈ ਉਥੇ ਉਸਦੇ ਪ੍ਰੀਵਾਰ ਵਾਲਿਆਂ ਦੀ ਰੋਟੀ ਵੀ ਛੁੱਟ ਜਾਂਦੀ ਹੈ ਅਤੇ ਡਾਕਟਰਾਂ ਦੇ ਕਹਿਣ ਤੇ ਜਦੋਂ ਪੀੜਤ ਦੇ ਬੱਚਿਆਂ ਜਾਂ ਉਸਦੇ ਪਤੀ/ਪਤਨੀ ਦਾ ਖ਼ੂਨ ਟੈਸਟ ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਤਾਂ ਇਹ ਇੱਕ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ।
ਏਡਜ਼ ਕਿਉਂ ਹੁੰਦੀ ਹੈ : ਏਡਜ਼ ਦਾ ਵਾਇਰਸ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਖ਼ੂਨ ਰਾਹੀਂ ਜਾਂ ਯੋਨ ਸੰਬੰਧਾਂ ਰਾਹੀਂ ਫੈਲਦਾ ਹੈ। ਬਿਨਾਂ ਜਾਂਚ ਕੀਤੇ ਖ਼ੂਨ ਚੜ੍ਹਾਏ ਜਾਣ ਨਾਲ, ਅਨਡਿਸਪੋਜ਼ਏਬਲ ਸੂਈਆਂ ਦੀ ਵਰਤੋਂ, ਨਸ਼ੇੜੀ ਲੋਕ ਜੋ ਇੱਕ ਦੂਜੇ ਦੀਆਂ ਸਰਿੰਜਾਂ ਬਿਨਾਂ ਸਾਫ਼ ਕੀਤੇ ਵਰਤ ਲੈਂਦੇ ਹਨ, ਟੈਟੂ ਖੁਦਵਾਉਣ ਨਾਲ, ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ 'ਤੇ ਬੈਠੇ ਕੰਨਾਂ ਦੇ ਮਾਹਿਰ ਕੋਲੋਂ ਕੰਨ ਸਾਫ਼ ਕਰਵਾਉਣ ਨਾਲ, ਸਮਲਿੰਗੀਆਂ ਵਿੱਚ ਜਾਂ ਇੱਕ ਤੋਂ ਵੱਧ ਸੈਕਸ ਸੰਬੰਧ ਸਥਾਪਿਤ ਕਰਨ ਨਾਲ। ਏਡਜ਼ ਦਾ ਵਾਇਰਸ ਬੜੀ ਤੇਜ਼ੀ ਨਾਲ ਸਰੀਰ 'ਤੇ ਹਮਲਾ ਕਰਦਾ ਹੈ। ਬੱਸ ਫਿਰ ਕੀ, ਜਦੋਂ ਇੱਕ ਵਾਰ ਇਹ ਵਾਇਰਸ ਸਰੀਰ ਅੰਦਰ ਦਾਖਲ ਹੋ ਗਿਆ ਤਾਂ ਸਮਝੋ ਮਾਮਲਾ ਗੜਬੜ ਹੈ। ਜਿਵੇਂ ਏਡਜ਼ ਨਾਮ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਵਾਇਰਸ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੰਦਾ ਹੈ। ਸਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਸ਼ੁਰੂਆਤੀ ਬੁਖ਼ਾਰ ਜਾਂ ਪੇਟ ਦੀ ਖ਼ਰਾਬੀ ਤੋਂ ਹੁੰਦਾ ਹੈ। ਵਾਰ-ਵਾਰ ਛਾਤੀ ਦਾ ਜਾਮ ਹੋਣਾ, ਭੁੱਖ ਘੱਟ ਜਾਣੀ, ਸਰੀਰ ਦਾ ਵਜ਼ਨ ਘਟਣ ਲੱਗ ਜਾਂਦਾ ਹੈ। ਰੋਗੀ ਸੁੱਕ ਕੇ ਤੀਲਾ ਹੋ ਜਾਂਦਾ ਹੈ। ਜਿੱਥੇ ਏਡਜ਼ ਵਿੱਚ ਭੁੱਖ ਘਟ ਲੱਗਣ ਕਰਕੇ ਸਰੀਰ ਦੀ ਤਾਕਤ ਘਟ ਜਾਂਦੀ ਹੈ ਉਥੇ ਜਿਸ ਮਰੀਜ਼ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਏਡਜ਼ ਨੇ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਤਾਂ ਉਹ ਰੋਗੀ ਮਾਨਸਿਕ ਤੌਰ 'ਤੇ ਵੀ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਹੈ ਕਿਉਂਕਿ ਉਹਦੇ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਿ ਇਸ ਬੀਮਾਰੀ ਦਾ ਤਾਂ ਹੱਲ ਹੈ ਹੀ ਨਹੀਂ। ਇਸ ਕਰਕੇ ਏਡਜ਼ ਦੇ ਰੋਗੀ ਨੂੰ ਮਨੋਬਲ ਦੀ ਵਧੇਰੇ ਜਰੂਰਤ ਹੁੰਦੀ ਹੈ। ਏਡਜ਼ ਦਾ ਇਲਾਜ ਏਡਜ਼ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ। ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਏਡਜ਼ ਦਾ ਮਤਲਬ ਸਿਰਫ਼ ਮੌਤ। ਕਿਉਂਕਿ ਵਿਗਿਆਨਕ ਖੋਜਾਂ ਨੇ ਏਡਜ਼ ਉਪਰ ਵੀ ਕਾਬੂ ਪਾਉਣ ਦਾ ਯਤਨ ਕੀਤਾ ਹੈ। ਬੇਸ਼ੱਕ ਏਡਜ਼ ਦੇ ਵਾਇਰਸ ਨੂੰ ਖ਼ੂਨ ਵਿਚੋਂ ਨੈਗੇਟਿਵ ਕਰਨ ਵਾਲੀ ਦਵਾਈ ਬਾਰੇ ਤਾਂ ਹਾਲੇ ਅਟਕਲਾਂ ਹੀ ਹਨ ਪਰ ਏਡਜ਼ ਕਰਕੇ ਸਰੀਰ ਵਿੱਚ ਪੈਦਾ ਹੋਣ ਵਾਲੀਆਂ 'ਸੈਕੰਡਰੀ ਇਨਫੈਕਸ਼ਨਜ਼' ਨੂੰ ਦਵਾਈਆਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ। ਕਈ ਕੇਸਾਂ ਵਿੱਚ ਏਡਜ਼ ਦਾ ਵਾਇਰਸ ਸਾਈਲੈਂਟ ਰਹਿੰਦਾ ਹੈ। ਉਦਾਹਰਣ ਲਈ ਮੰਨ ਲਵੋ ਕਿ ਕਿਸੇ ਆਦਮੀ ਨੂੰ ਏਡਜ਼ ਹੋ ਗਈ, ਉਸ ਤੋਂ ਉਸਦੀ ਪਤਨੀ ਨੂੰ ਹੋ ਗਈ। ਉਨ੍ਹਾਂ ਦੇ ਘਰ ਪੈਦਾ ਹੋਣ ਵਾਲੇ ਬੱਚਿਆਂ ਨੂੰ ਏਡਜ਼ ਹੋਣ ਦਾ 50-50 ਪ੍ਰਤੀਸ਼ਤ ਖਤਰਾ ਰਹਿੰਦਾ ਹੈ। ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਏਡਜ਼ ਦਾ ਵਾਇਰਸ ਚਲਿਆ ਜਾਂਦਾ ਹੈ ਤਾਂ ਉਹ ਲੰਮੇ ਚਿਰ ਤੱਕ ਕੁਝ ਵੀ ਨਹੀਂ ਕਹਿੰਦਾ। ਹਾਂ ਇਹ ਜ਼ਰੂਰ ਹੈ ਜਿਸ ਆਦਮੀ ਨੂੰ ਇਹ ਸ਼ੁਰੂ ਹੋਈ ਉਸ ਨੂੰ ਤਾਂ ਇਹ ਜਰੂਰ ਇਹ ਮਾਰ ਸਕਦੀ ਹੈ ਪਰ ਉਸਦੀ ਪਤਨੀ ਨੂੰ ਵੀ ਹੋ ਸਕਦਾ, ਇਹ ਕੁਝ ਨਾ ਕਹੇ। ਇਹ ਸਾਰੀ ਸਥਿਤੀ ਹਰ ਕਿਸੇ ਦੇ ਸਰੀਰ 'ਤੇ ਨਿਰਭਰ ਕਰਦੀ ਹੈ ਕਿਉਂਕਿ ਕਈਆਂ ਦੀ ਰੱਖਿਆ ਪ੍ਰਣਾਲੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਉਨ੍ਹਾਂ 'ਤੇ ਇਸਦਾ ਅਸਰ ਛੇਤੀ ਕੀਤਿਆਂ ਨਹੀਂ ਹੁੰਦਾ। ਭਾਵੇਂਕਿ ਏਡਜ਼ ਦਾ ਪਹਿਲਾ ਰੋਗੀ ਅਮਰੀਕਾ ਵਿੱਚ 1980 ਵਿੱਚ ਮਿਲਿਆ ਅਤੇ ਉਸ ਤੋਂ ਪਿੱਛੋਂ ਏਡਜ਼ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋਈ। ਪਰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਪਣੀ ਪਵਿੱਤਰ ਬਾਣੀ ਰਾਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਦੀ ਸਿੱਖਿਆ ਦਿੱਤੀ ਹੈ। ਜਿਵੇਂਕਿ ਸਭ ਨੂੰ ਪਤਾ ਹੀ ਹੈ ਕਿ ਏਡਜ਼ ਦੇ ਭਾਵੇਂ ਹੋਰ ਬਹੁਤ ਸਾਰੇ ਕਾਰਨ ਹਨ ਪਰ ਕਾਮ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਹੋ ਨਿਬੜਦਾ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਿਆ ਹੈ ਕਿ ਹੇ ਮਨੁੱਖ, ਜਿਸ ਤਰ੍ਹਾਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ, ਉਸੇ ਤਰ੍ਹਾਂ ਕਾਮ ਅਤੇ ਕ੍ਰੋਧ ਇਹ ਸਾਡੇ ਸਰੀਰ ਨੂੰ ਗਾਲ ਦਿੰਦੇ ਹਨ।
ਕਾਮੁ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੋਹਾਗਾ ਢਾਲੈ॥
ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਪਰਾਈ ਇਸਤਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੰਦੇ ਹੋਏ ਫੁਰਮਾਇਆ ਹੈ,
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹ ਪਰ ਗ੍ਰਿਹੁ॥
ਭਗਤ ਨਾਮਦੇਵ ਜੀ ਨੇ ਵੀ ਬੜੇ ਸੁੰਦਰ ਸ਼ਬਦਾਂ ਵਿੱਚ ਇਨਸਾਨ ਨੂੰ ਪਰ-ਇਸਤਰੀ ਦੇ ਸੰਗ ਤੋਂ ਵਰਜਦਿਆਂ ਉਸ ਮਨੁੱਖ ਦੀ ਤੁਲਨਾ ਉਸ ਤੋਤੇ ਨਾਲ ਕੀਤੀ ਹੈ ਜੋ ਸਿੰਬਲ ਦੇ ਰੁੱਖ ਨੂੰ ਦੇਖਕੇ ਬੜਾ ਖੁਸ਼ ਹੁੰਦਾ ਹੈ ਪਰ ਤੋਤੇ ਨੂੰ ਸਿੰਬਲ ਰੁੱਖ ਤੋਂ ਹਾਸਲ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਕਾਮੀ ਮਨੁੱਖ ਘਰ ਦੀ ਨਾਰ ਨੂੰ ਤਿਆਗਕੇ ਜਦੋਂ ਪਰਾਈ ਇਸਤਰੀ ਦਾ ਸੰਗ ਕਰਦਾ ਹੈ ਤਾਂ ਏਡਜ਼ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ।
ਘਰ ਕੀ ਨਾਰਿ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਧਾ॥
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਿਪਟਾਨਾ॥
ਏਡਜ਼ ਹੋਣ 'ਤੇ ਕੀ ਕੀਤਾ ਜਾਵੇ :- ਜਦੋਂ ਕਿਸੇ ਔਰਤ/ਆਦਮੀ ਨੂੰ ਆਪਣੇ ਆਪ ਨੂੰ ਏਡਜ਼ ਹੋਣ ਦਾ ਪਤਾ ਲੱਗਦਾ ਹੈ ਤਾਂ ਉਸਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਚੰਗੇ ਡਾਕਟਰ ਦੀ ਸਲਾਹ ਨਾਲ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ। ਵੇਖਣ ਵਿਚ ਆਇਆ ਹੈ ਕਿ ਅਣਗਹਿਲੀ ਨਾਲ ਏਡਜ਼ ਦਾ ਸ਼ਿਕਾਰ ਹੋਏ ਮਰੀਜ਼ ਜਾਣਬੁੱਝ ਕੇ ਖਰੀਦੀ ਗਈ ਏਡਜ਼ ਦੇ ਮੁਕਾਬਲੇ ਜ਼ਿਆਦਾ ਵਧੀਆ ਜ਼ਿੰਦਗੀ ਬਤੀਤ ਕਰਦੇ ਹਨ। ਜਾਣਬੁੱਝ ਕੇ ਦਾ ਮਤਲਬ ਸੈਕਸ ਸੰਬੰਧਾਂ ਰਾਹੀਂ। 'ਖਰੀਦੀ' ਸ਼ਬਦ ਇੱਥੇ ਤਾਂ ਵਰਤਿਆ ਹੈ ਕਿਉਂਕਿ ਇਹ ਬੀਮਾਰੀ ਮਨੁੱਖ ਖਰੀਦਦਾ ਹੈ ਤਾਂ ਹੀ ਇਸ ਦਾ ਨਾਮ Acquired ਰੱਖਿਆ ਗਿਆ ਹੈ। ਅਣਗਹਿਲੀ ਤੋਂ ਭਾਵ ਡਾਕਟਰਾਂ ਦੀ ਅਣਗਹਿਲੀ। ਟੀਕਾ ਲਾਉਣ ਲੱਗਿਆਂ ਸਰਿੰਜ ਜਾਂ ਸੂਈਆਂ ਨੂੰ ਨਾ ਉਬਾਲਣਾ, ਓਪਰੇਸ਼ਨ ਵੇਲੇ ਔਜਾਰਾਂ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਨਾ ਕਰਨਾ, ਬਿਨਾਂ ਜਾਂਚ ਕੀਤਿਆਂ ਖ਼ੂਨ ਚੜ੍ਹਾਉਣਾ ਆਦਿ।
ਆਪਣੀ ਕੀਤੀ 'ਤੇ ਪਛਤਾਉਣ ਨਾਲੋਂ ਉਸਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਮਨੁੱਖੀ ਮਨ ਨੂੰ ਤਕੜਾ ਕਰਕੇ ਬਿਮਾਰੀ ਨਾਲ ਲੜਨ ਦੇ ਸਮਰੱਥ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਲੱਛਣਾਂ ਮੁਤਾਬਿਕ ਇੱਕ ਤੋਂ ਵੱਧਕੇ ਇੱਕ ਦਵਾਈਆਂ ਹਨ, ਜੋ ਏਡਜ਼ ਦੇ ਰੋਗੀ ਨੂੰ ਕੁੱਝ ਆਸ ਦੀ ਕਿਰਨ ਦਿਖਾਉਂਦੀਆਂ ਹਨ।
ਏਡਜ਼ ਰੋਗ ਬਾਰੇ ਆਮ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਜਿਵੇਂਕਿ ਏਡਜ਼ ਦਾ ਰੋਗੀ ਇੱਕ ਤਾਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦਾ ਹੈ, ਦੂਸਰਾ ਆਮ ਜਾਣਕਾਰੀ ਦੀ ਘਾਟ ਕਾਰਨ ਘਰਵਾਲੇ, ਰਿਸ਼ਤੇਦਾਰ, ਦੋਸਤ-ਮਿੱਤਰ ਉਸ ਤੋਂ ਘਿਰਣਾ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਕੀਤਿਆਂ ਏਡਜ਼ ਦਾ ਰੋਗੀ ਛੇਤੀ ਮੌਤ ਦੇ ਮੂੰਹ ਜਾ ਪੈਂਦਾ ਹੈ। ਲੋਕ ਮਨਾਂ ਵਿੱਚ ਘਰ ਕਰ ਚੁੱਕੀਆਂ ਗੱਲਾਂ ਨੂੰ ਮਨ 'ਚੋਂ ਕੱਢਣਾ ਜਰੂਰੀ ਹੈ ਜਿਵੇਂਕਿ ਏਡਜ਼ ਦਾ ਰੋਗ ਨਾ ਤਾਂ ਕਿਸੇ ਨੂੰ ਹੱਥ ਲਾਉਣ ਨਾਲ ਫੈਲਦਾ ਹੈ ਅਤੇ ਨਾ ਹੀ ਸਾਹ ਦੁਆਰਾ ਜਾਂ ਕਿਸੇ ਏਡਜ਼ ਰੋਗੀ ਦੇ ਕੱਪੜੇ ਬਦਲਣ ਨਾਲ। ਇੱਥੋਂ ਤੱਕ ਕਿ ਜੇਕਰ ਏਡਜ਼ ਰੋਗੀ ਦੇ ਨਾਲ ਬਹਿਕੇ ਖਾਣਾ ਵੀ ਖਾ ਲਿਆ ਜਾਵੇ ਤਾਂ ਵੀ ਇਹ ਰੋਗ ਨਹੀਂ ਹੁੰਦਾ।
- ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
E-mail : tallewalia@gmail.com
ਤੁਹਾਡਾ ਸੁਭਾਅ ਹੀ ਤੁਹਾਡੀ ਸ਼ਖ਼ਸੀਅਤ ਦਾ ਸਿਰਜਕ ਹੈ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਕਿਸੇ ਵੀ ਇਨਸਾਨ ਦਾ ਸੁਭਾਅ ਉਸਦੇ ਆਲੇ-ਦੁਆਲੇ 'ਤੇ ਨਿਰਭਰ ਕਰਦਾ ਹੈ। ਆਲੇ-ਦੁਆਲੇ ਤੋਂ ਭਾਵ ਕੇਵਲ ਬਾਹਰੀ ਵਾਤਾਵਰਣ ਜਾਂ ਸਾਡਾ ਆਸ-ਪਾਸ ਹੀ ਨਹੀਂ, ਸਗੋਂ ਇਸ ਤੋਂ ਵੀ ਪਹਿਲਾਂ ਮਾਂ ਦੀ ਕੁੱਖ ਹਰ ਇਨਸਾਨ ਦਾ ਆਲਾ-ਦੁਆਲਾ ਹੁੰਦੀ ਹੈ। ਕੁੱਖ ਵਿਚ ਪਲ ਰਿਹਾ ਬੱਚਾ, ਆਪਣੀ ਮਾਂ ਦੇ ਹਰ ਪ੍ਰਭਾਵ ਨੂੰ ਕਬੂਲਦਾ ਹੈ। ਗਰਭ ਦੌਰਾਨ ਜੋ ਕੁੱਝ ਮਾਂ ਨਾਲ ਵਾਪਰਦਾ ਹੈ, ਉਸਦਾ ਸਿੱਧਾ ਪ੍ਰਭਾਵ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਜ਼ਰੂਰ ਪੈਂਦਾ ਹੈ। ਸੁਭਾਅ ਨੂੰ ਅੰਗਰੇਜ਼ੀ ਵਿਚ ਨੇਚਰ ਕਹਿ ਦਿੰਦੇ ਹਨ। ਨੇਚਰ ਭਾਵ 'ਕੁਦਰਤ'। ਸੋ ਕੁਦਰਤ ਨੇ ਮਨੁੱਖ ਨੂੰ ਜਿਹੋ ਜਿਹੇ ਸੁਭਾਅ ਵਾਲਾ ਬਣਾ ਦਿੱਤਾ, ਉਹ ਉਸੇ ਅਨੁਸਾਰ ਹੀ ਆਪਣਾ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ। ਇਹ ਸੁਭਾਅ ਗਰਭ ਦੇ ਅੰਦਰੋਂ ਹੀ ਬਣ ਕੇ ਆਉਂਦਾ ਹੈ। ਬਾਹਰਲਾ ਵਾਤਾਵਰਣ ਤਾਂ ਉਸ ਸੁਭਾਅ ਵਿਚ ਸਮੇਂ-ਸਮੇਂ ਸਿਰ ਥੋੜਾ-ਮੋਟਾ ਰੰਗ ਭਰਦਾ ਰਹਿੰਦਾ ਹੈ ਪਰ ਬੰਦੇ ਦਾ ਅਸਲੀ ਸੁਭਾਅ ਨਹੀਂ ਬਦਲਦਾ, ਸਿਰਫ ਮੌਕਾਪ੍ਰਸਤ ਜ਼ਰੂਰ ਬਣ ਸਕਦਾ ਹੈ। ਇਹ ਇਕ ਅਟੱਲ ਸਚਾਈ ਹੈ, ਜਿਸਨੂੰ ਅਸੀਂ 'ਮੌਕਾਪ੍ਰਸਤ' ਕਹਿ ਦਿੰਦੇ ਹਾਂ, ਉਹ ਗਲਤ ਜਾਂ ਮਾੜੇ ਨਹੀਂ ਹੁੰਦੇ। ਸਿਰਫ ਉਨਾਂ ਨੂੰ ਪਛਾਨਣ ਵਾਲੇ ਹੀ ਮਾੜੇ ਹੁੰਦੇ ਹਨ, ਜੋ ਕਿਸੇ 'ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਇਨਸਾਨ ਦੇ ਸੁਭਾਅ 'ਚ ਜਿਹੜੇ ਤੱਤ ਭਾਰੂ ਹੁੰਦੇ ਹਨ, ਉਹ ਕਦੇ ਨਹੀਂ ਮਰਦੇ। ਸਾਇੰਸ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਹਰੇਕ ਬੰਦੇ ਦੇ ਸੁਭਾਅ 'ਤੇ ਸੱਤ ਪੀੜੀਆਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ। ਕਈ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਦਾਦੇ ਜਾਂ ਦਾਦੀ ਵਰਗੇ ਹੁੰਦੇ ਹਨ। ਕਈਆਂ 'ਤੇ ਪੜਦਾਦੇ ਜਾਂ ਪੜਨਾਨੇ ਦਾ ਸੁਭਾਅ ਵੀ ਭਾਰੂ ਹੋ ਸਕਦਾ ਹੈ। ਬਾਹਰੀ ਪ੍ਰਸਥਿਤੀਆਂ ਤਾਂ ਸਮੇਂ-ਸਮੇਂ ਬਦਲਦੀਆਂ ਰਹਿੰਦੀਆਂ ਹਨ ਪਰ ਅੰਦਰੂਨੀ ਤੌਰ 'ਤੇ ਇਨਸਾਨ ਨਹੀਂ ਬਦਲਦਾ, ਜਿਵੇਂ ਵਾਰਿਸ ਸ਼ਾਹ ਕਹਿੰਦਾ ਹੈ :- ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਜਿਸ ਤਰਾਂ ਅਸੀਂ ਦੇਖਦੇ ਹਾਂ ਕਿ ਇਕ ਬੱਚਾ ਛੋਟਾ ਹੁੰਦਾ ਬਹੁਤ ਨਰਮ ਅਤੇ ਸ਼ਰੀਫ਼ ਹੈ। ਉਹ ਵੱਡਾ ਹੋਇਆ ਵੀ ਨਰਮ ਅਤੇ ਸ਼ਰੀਫ਼ ਹੀ ਰਹੇਗਾ। ਹੋ ਸਕਦਾ ਹੈ ਕਿ ਕੁੱਝ ਬਾਹਰੀ ਪ੍ਰਸਥਿਤੀਆਂ ਕਰਕੇ ਉਸਨੂੰ ਕਠੋਰ ਬਣਨਾ ਪੈ ਜਾਵੇ ਪਰ ਕੁੱਝ ਸਮੇਂ ਬਾਅਦ ਜਦ ਉਸਦੀਆਂ ਬਾਹਰੀ ਪ੍ਰਸਥਿਤੀਆਂ ਠੀਕ ਹੋ ਜਾਣਗੀਆਂ ਤਾਂ ਉਹ ਫਿਰ ਆਪਣੇ ਸ਼ਰੀਫ਼ ਅਤੇ ਨਰਮ ਸੁਭਾਅ ਨੂੰ ਨਹੀਂ ਛੱਡਦਾ। ਕਠੋਰ ਹੁੰਦਾ ਹੋਇਆ ਵੀ ਉਹ ਨਰਮਾਈ ਵਰਤੇਗਾ। ਇਸਦੇ ਉਲਟ ਜੇਕਰ ਛੋਟਾ ਬੱਚਾ ਬਹੁਤ ਜ਼ਿੱਦੀ ਜਾਂ ਲੜਾਕਾ ਹੋਵੇਗਾ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਮੌਕਾਪ੍ਰਸਤ ਬਣਨ ਲਈ ਨਰਮ ਜਾਂ ਸ਼ਰੀਫ ਬਣ ਜਾਵੇ ਪਰ ਉਸ ਅੰਦਰਲਾ ਜ਼ਿੱਦੀ ਮਨੁੱਖ ਉਸ ਨੂੰ ਨਹੀਂ ਛੱਡਦਾ।
ਅਸੀਂ ਆਪਣੇ ਆਲੇ-ਦੁਆਲੇ, ਨਰਮ, ਗਰਮ, ਠੰਢੇ, ਮਿੱਠੇ, ਰੁੱਖੇ, ਚੁੱਪ ਕੀਤੇ, ਬੜਬੋਲੇ, ਮਜ਼ਾਕੀਏ, ਟਿੱਚਰੀ, ਲਾਲਚੀ, ਖੁੱਲੇ-ਡੁੱਲੇ, ਮਿਸਕ ਮਿੰਨੇ, ਖ਼ੁਸ਼ਦਿਲ, ਭੌਂਦੂ, ਰੋਣ ਸੂਰਤੇ, ਜ਼ਿੱਦੀ, ਰੋਅਬ ਵਾਲੇ, ਡਰਪੋਕ, ਨਿਡਰ, ਕਾਮੇ, ਕੰਮਚੋਰ, ਕੰਜੂਸ, ਸਾਧ, ਠੱਗ, ਬਦਮਾਸ਼ ਜਾਂ ਇਸ ਤਰਾਂ ਦੇ ਹੋਰ ਬਹੁਤ ਸਾਰੇ ਸੁਭਾਅ ਵਾਲੇ ਲੋਕਾਂ ਨੂੰ ਜਾਣਦੇ ਹਾਂ, ਜੋ ਸਾਰੀ ਉਮਰ ਉਸੇ ਤਰਾਂ ਹੀ ਵਿਚਰਦੇ ਹਨ। ਹੋ ਸਕਦੈ ਕੁੱਝ ਸਮਾਂ ਉਹ ਆਪਣਾ ਮਤਲਬ ਕੱਢਣ ਲਈ ਆਪਣੇ ਆਪ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋਣ ਪਰ ਉਹਨਾਂ ਦਾ ਅੰਦਰੂਨੀ ਸੁਭਾਅ ਜੋ ਉਹਨਾਂ ਨੂੰ ਉਹੀ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ, ਨਹੀਂ ਬਦਲਦਾ। ਸੁਭਾਅ ਜਿਸ 'ਤੇ ਪਰਿਵਾਰਕ ਸੰਸਕਾਰਾਂ ਦਾ ਵੀ ਪ੍ਰਭਾਵ ਪੈਂਦਾ ਹੈ, ਆਲੇ-ਦੁਆਲੇ ਦਾ ਵੀ ਪਰ ਕੋਈ ਵੀ ਇਨਸਾਨ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਨਹੀਂ ਹੁੰਦਾ ਜਾਂ ਇਹ ਕਹਿ ਲਵੋ ਜੇਕਰ ਕਿਸੇ ਦੇ ਸੁਭਾਅ ਨੂੰ ਬਦਲਣ ਦੀ ਕਿਸੇ ਵਿਚ ਤਾਕਤ ਹੁੰਦੀ ਤਾਂ ਦੁਨੀਆਂ 'ਤੇ ਸਭ ਝਗੜੇ-ਝੇੜੇ ਨਿੱਬੜ ਜਾਣੇ ਸਨ। ਉਦਾਹਰਣ ਦੇ ਤੌਰ 'ਤੇ ਅਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ, ਜਿਨਾਂ ਦਾ ਸੁਭਾਅ ਬਹੁਤ ਅੜਬ ਹੁੰਦਾ ਹੈ ਪਰ ਬਹੁਤ ਲੋਕ ਹੋਣਗੇ ਜਿਨਾਂ ਨੇ ਅੜਬ ਸੁਭਾਅ ਵਾਲਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਸਫ਼ਲ ਨਹੀਂ ਹੋਏ ਕਿਉਂਕਿ ਹਰ ਇਨਸਾਨ ਆਪਣੇ ਸੁਭਾਅ ਦਾ ਗੁਲਾਮ ਹੁੰਦਾ ਹੈ। ਜਿਵੇਂ ਕਹਿੰਦੇ ਨੇ 'ਭਾਅ ਬਦਲ ਜਾਂਦੇ ਨੇ, ਸੁਭਾਅ ਨਹੀਂ ਬਦਲਦੇ।'
ਜੇਕਰ ਵਿਚ ਨੂੰਹ ਆਪਣੀ ਸੱਸ ਦੇ ਸੁਭਾਅ ਨੂੰ ਸਮਝ ਲਵੇ ਕਿ ਇਹਦਾ ਤਾਂ ਸੁਭਾਅ ਹੀ ਇਹ ਹੈ ਕਿ ਇਹਨੇ ਕਿੜ-ਕਿੜ ਕਰੀ ਜਾਣੈ ਤਾਂ ਨੂੰਹ ਬਹੁਤ ਸੌਖੀ ਰਹਿ ਸਕਦੀ ਹੈ। ਅਗਰ ਸੱਸ ਦੀ ਕਿੜ-ਕਿੜ ਤੋਂ ਨੂੰਹ ਕੋਈ ਜਵਾਬ ਦਿੰਦੀ ਹੈ ਤਾਂ ਲੜਾਈ ਵਧ ਜਾਂਦੀ ਹੈ। ਇਸੇ ਪ੍ਰਕਾਰ ਘਰ ਦੇ ਵੱਖ-ਵੱਖ ਜੀਆਂ ਦਾ ਸੁਭਾਅ ਵੱਖਰਾ ਹੁੰਦਾ ਹੈ। ਜੇਕਰ ਸਾਰੇ ਜੀਅ ਇਕ-ਦੂਜੇ ਦੇ ਸੁਭਾਅ ਨੂੰ ਸਮਝ ਕੇ ਵਿਚਰਦੇ ਰਹਿਣ ਤਾਂ ਲੜਾਈ ਝਗੜੇ ਦਾ ਮਤਲਬ ਹੀ ਨਹੀਂ।
ਮਿੱਠ-ਬੋਲੜੇ ਇਨਸਾਨ ਭਾਵੇਂ ਸਭ ਨੂੰ ਵਧੀਆ ਲੱਗਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਮਿੱਠਾ ਬੋਲਣਾ, ਉਹਨਾਂ ਦਾ ਸੁਭਾਅ ਹੀ ਹੋਵੇ। ਜਿਸ ਤਰਾਂ ਅਸੀਂ ਦੇਖਦੇ ਹਾਂ ਕਿ ਅੱਜਕੱਲ ਹਰ ਸ਼ੋਅਰੂਮ ਜਾਂ ਕਿਸੇ ਪ੍ਰਾਈਵੇਟ ਫਰਮ 'ਤੇ ਰਿਸ਼ੈਪਸ਼ਨ 'ਤੇ ਬੈਠੀ ਲੜਕੀ ਬਹੁਤ ਮਿੱਠਾ ਬੋਲਦੀ ਹੈ। ਜੇਕਰ ਉਹ ਆਪਣੀ ਨਿੱਜੀ ਜ਼ਿੰਦਗੀ ਵਿਚ ਵੀ ਮਿੱਠਾ ਬੋਲਦੀ ਹੈ ਤਾਂ ਉਹਦਾ ਸੁਭਾਅ ਮਿੱਠ-ਬੋਲੜਾ ਹੈ। ਨਹੀਂ ਤਾਂ ਸਿਰਫ ਪ੍ਰੋਫੈਸ਼ਨਲ ਤੌਰ 'ਤੇ ਉਸ ਨੇ ਮਿੱਠੇ ਸੁਭਾਅ ਦਾ ਮਖੌਟਾ ਪਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਅਸੀਂ ਕਿਸੇ ਵੀ ਇਨਸਾਨ ਦੇ ਬਾਹਰੀ ਜਾਂ ਪ੍ਰੋਫੈਸ਼ਨਲ ਸੁਭਾਅ ਨੂੰ ਹੀ ਜਾਣਦੇ ਹਾਂ ਪਰ ਸਿਆਣੇ ਕਹਿੰਦੇ ਹਨ ਕਿ 'ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ'। ਇਹੀ ਕਾਰਨ ਹੈ ਕਿ ਸਾਡੇ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਖ਼ਾਸ ਕਰਕੇ ਅੱਲੜ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਸਿਰਫ਼ ਬਾਹਰੀ ਦਿਖਾਵੇ ਜਾਂ ਉਤਲੇ ਮਨ 'ਤੇ ਹੀ ਇਕ-ਦੂਜੇ 'ਤੇ ਮਰ ਜਾਂਦੇ ਹਨ ਪਰ ਜਦੋਂ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਹੈ। ਸੋ ਕਿਸੇ ਨੂੰ ਧੋਖੇਬਾਜ਼ ਜਾਂ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਜਿਹੜਾ ਇਨਸਾਨ ਤੁਹਾਡੇ ਨਾਲ ਧੋਖਾ ਕਰਦਾ ਹੈ, ਉਹ ਤਾਂ ਸ਼ੁਰੂ ਤੋਂ ਹੀ ਧੋਖੇਬਾਜ਼ ਸੀ ਪਰ ਤੁਸੀਂ ਉਸਨੂੰ ਪਹਿਚਾਣ ਨਹੀਂ ਸਕੇ। ਨਾਲੇ ਬਾਅਦ ਵਿਚ ਜਦੋਂ ਅਸੀਂ ਹੋਰਨਾਂ ਲੋਕਾਂ ਦੀ ਰਾਏ ਲੈਂਦੇ ਹਾਂ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਫਲਾਣਾ ਤਾਂ ਹੈ ਹੀ ਇਹੋ ਜਿਹਾ ਸੀ। ਇਹ ਤਾਂ ਭਾਈ ਸਾਹਿਬ ਤੁਹਾਡੀ ਗਲਤੀ ਹੈ, ਜਿਹੜਾ ਅਜਿਹੇ ਆਦਮੀ ਨਾਲ....।
ਸੁਭਾਅ ਹੀ ਸਾਡੀ ਸਖ਼ਸ਼ੀਅਤ ਦਾ ਮੁੱਢ ਹੁੰਦਾ ਹੈ। ਜਦੋਂ ਅਸੀਂ ਕਿਸੇ ਬਾਰੇ ਕਿਸੇ ਦੂਸਰੇ ਤੋਂ ਪੁੁੱਛਦੇ ਹਾਂ ਕਿ ਫਲਾਣਾ ਬੰਦਾ ਕਿਹੋ ਜਿਹਾ ਹੈ ਤਾਂ ਉਥੇ ਕਿਸੇ ਇਨਸਾਨ ਦੇ ਕੱਦ-ਕਾਠ, ਗੋਰੇ-ਕਾਲੇ ਰੰਗ ਦੀ ਨਹੀਂ, ਸਭ ਤੋਂ ਪਹਿਲਾਂ ਸੁਭਾਅ ਦੀ ਗੱਲ ਚਲਦੀ ਹੈ ਕਿ ਫਲਾਣਾ ਤਾਂ ਬੜਾ ਚੰਗਾ ਬੰਦਾ, ਸਾਊ ਸੁਭਾਅ ਦਾ ਮਾਲਕ ਜਾਂ ਫਲਾਣਾ ਬੜਾ ਮਾੜਾ ਬੰਦਾ ਹੈ। ਸੋ ਕਹਿਣ ਤੋਂ ਭਾਵ ਸੁਭਾਅ ਇਨਸਾਨ ਦਾ ਮੁੱਢਲਾ ਪਛਾਣ ਚਿੰਨ ਹੈ। ਆਦਮੀ ਆਪਣੇ ਸੁਭਾਅ ਦਾ ਖੱਟਿਆ ਹੀ ਖਾਂਦਾ ਹੈ। ਆਪਣੇ ਸੁਭਾਅ ਨੂੰ ਮਖੌਟੇ ਵਿਚ ਪਾ ਕੇ ਰੱਖਣਾ ਵੀ ਇਕ ਕਲਾ ਹੈ ਪਰ ਕਿਸੇ ਦੇ ਅਸਲ ਸੁਭਾਅ ਨੂੰ ਜਾਣ ਲੈਣਾ, ਉਸ ਤੋਂ ਵੀ ਵੱਡੀ ਕਲਾ ਹੈ। ਸੋ ਇਕ-ਦੂਜੇ ਦੇ ਸੁਭਾਅ ਨੂੰ ਪਛਾਣੋ। ਜੇਕਰ ਕੋਈ ਚੰਗਾ ਹੈ ਤਾਂ ਇਹ ਜਾਣੋ ਕਿ ਉਹ ਚੰਗਾ ਕਿਉਂ ਹੈ? ਜੇਕਰ ਕੋਈ ਮਾੜਾ ਹੈ ਤਾਂ ਇਹ ਜਾਣੋ ਕਿ ਕੀ ਉਹ ਸੱਚਮੁੱਚ ਮਾਂ ਦੀ ਕੁੱਖ 'ਚੋਂ ਹੀ ਅਜਿਹਾ ਸੁਭਾਅ ਲੈ ਕੇ ਪੈਦਾ ਹੋਇਆ ਸੀ ਜਾਂ ਉਸਦੇ ਹਾਲਾਤ ਹੀ ਅਜਿਹੇ ਰਹੇ ਹਨ। ਜਦੋਂ ਅਸੀਂ ਇਕ-ਦੂਜੇ ਦੇ ਸੁਭਾਅ ਨੂੰ ਸਮਝਣ ਵਿਚ ਪਰਪੱਕ ਹੋ ਜਾਵਾਂਗੇ ਤਾਂ ਬਹੁਤ ਝਗੜੇ, ਸ਼ੰਕੇ ਦੂਰ ਹੋ ਜਾਣਗੇ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446
ਵਿਸਾਖੀ 'ਤੇ ਵਿਸ਼ੇਸ਼ : ਖਾਲਸਾ ਸਿਰਜਣ ਦੀ ਲੋੜ ਕਿਉਂ ਪਈ? - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ 'ਸ਼ੁੱਧ' ਮਿਲਾਵਟ ਤੋਂ ਬਿਨਾਂ, ਅਤੇ ਜਾਂ ਉਹ ਜ਼ਮੀਨ ਜੋ ਬਾਦਸ਼ਾਹ ਦੀ ਨਿੱਜੀ ਮਲਕੀਅਤ ਹੋਵੇ ਭਾਵ ਖੁਦਮੁਖਤਾਰ । ਮੈਕਾਲਿਫ ਅਨੁਸਾਰ ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖਾਲਿਸ ਅਰਥਾਤ 'ਸ਼ੁੱਧ' ਵਿਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ, ਅਤੇ ਸਿੱਧੇ ਤੌਰ 'ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ ਖੁਦਮੁਖਤਾਰ ਹੈ। ਖਾਲਸਾ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ਖਾਲਸੇ ਦਾ ਜ਼ੁਲਮ ਨਾਲ ਵੈਰ ਹੈ। ਖਾਲਸਾ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ।
ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ
ਹੰਝੂ ਖਾਲਸੇ ਦੀਆਂ ਅੱਖਾਂ ਵਿਚ ਆ ਜਾਂਦੇ
ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ
ਜਾਨਾਂ ਵਾਰਕੇ ਅਣਖ ਬਚਾ ਜਾਂਦੇ।
ਖਾਲਸਾ 'ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨਿ' ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਹੈ। ਖਾਲਸਾ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਹੈ, ਇਹ ਕਦੀ ਢਹਿੰਦੀਆਂ ਕਲਾਂ ਵਿਚ ਨਹੀਂ ਗਿਆ ਭਾਵੇਂ ਇਸ ਦੇ ਸਿਰ ਤੇ ਆਰਾ ਕਿਉਂ ਨਾ ਚੱਲਦਾ ਹੋਵੇ। ਖਾਲਸਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ ਹੈ ਜਿਸਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ 'ਚੋਂ ਕੀਤੀ।
ਖਾਲਸੇ ਦੀ ਸਿਰਜਣਾ ਗੁਰੂ ਸਾਹਿਬ ਵੱਲੋਂ ਲਿਆ ਗਿਆ ਫੌਰਨ ਫੈਸਲਾ ਨਹੀਂ ਸੀ ਸਗੋਂ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸਦੀਆਂ ਕਰੁਣਾਮਈ ਚੀਸਾਂ ਗੁਰੂ ਜੀ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ਤੇ ਹੋ ਰਹੇ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲੇ ਜ਼ਖਮਾਂ ਦੀਆਂ ਅਤੇ ਇਹਨਾਂ ਹੋ ਚੁੱਕੇ ਜ਼ਖਮਾਂ 'ਤੇ ਮੱਲਮ ਲਾਉਣਾ ਅਤੇ ਅੱਗੇ ਤੋਂ ਅਜਿਹੇ ਜ਼ਖਮਾਂ ਨੂੰ ਹੋਣ ਤੋਂ ਰੋਕਣਾ ਹੀ ਖਾਲਸਾ ਸਾਜਣਾ ਦਾ ਮੁੱਖ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇੱਕ ਨਵਾਂ ਇਨਕਲਾਬ ਸੀ ਜਿਸਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜ ਦਿੱਤਾ ਅਤੇ ''ਸਭੈ ਸਾਂਝੀਵਾਲ ਸਦਾਇਨ'' ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਅਜਿਹੇ ਰਾਜ ਭਾਗ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਤਾਂ ਜੋ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਅਣਖ ਨਾਲ ਜਿਉਣ ਦਾ ਸੁਨਹਿਰੀ ਮੌਕਾ ਮਿਲ ਸਕੇ ਤੇ ਉਹ ਆਪਣੀ ਰਾਖੀ ਆਪ ਹੀ ਕਰ ਸਕਣ।
ਖਾਲਸਾ ਪੰਥ ਦੀ ਸਾਜਨਾ ਦਾ ਇੱਕ ਹੋਰ ਇਤਿਹਾਸਕ ਕਾਰਨ ਇਹ ਵੀ ਸੀ ਕਿ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਮਸੰਦਾਂ ਦੀ ਸਥਾਪਨਾ ਕੀਤੀ ਤਾਂ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਅਤੇ ਨਾਲ ਹੀ ਜੇ ਕਿਸੇ ਇਲਾਕੇ ਦੀ ਸੰਗਤ ਵੱਲੋਂ ਗੁਰੂ ਸਾਹਿਬ ਨੂੰ ਕੁੱਝ ਭੇਟਾ ਕਰਨਾ ਹੁੰਦਾ ਤਾਂ ਉਹ ਇਹਨਾਂ ਮਸੰਦਾਂ ਰਾਹੀਂ ਪੁੱਜਦਾ ਕਰ ਦਿੱਤਾ ਜਾਂਦਾ ਸੀ। ਪਰ ਮਸੰਦਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਗੁਰੂ ਘਰ ਦੀਆਂ ਜਾਇਦਾਦਾਂ ਨੂੰ ਨਿੱਜੀ ਜਾਇਦਾਦਾਂ ਜਾਣ ਕੇ ਹੜੱਪਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਉਹ ਸਿੱਖੀ ਦੇ ਮੁੱਖ ਰਸਤੇ ਤੋਂ ਭਟਕ ਗਏ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਤੇ ਆਪਣੀ ਸੰਗਤ ਵਿੱਚ ਸਿੱਧਾ ਸੰਪਰਕ ਸਥਾਪਿਤ ਕੀਤਾ ਅਤੇ ਕਿਹਾ, ''ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋਂ ਨਿਵਾਸ'' ਅਤੇ ਆਪਣੇ ਹੁਕਮਨਾਮਿਆਂ ਵਿੱਚ ਵੀ ਵਾਰ ਵਾਰ ਇਹ ਦੁਹਰਾਇਆ ਗਿਆ ਸੰਗਤ ਮੇਰੀ ਖਾਲਸਾ ਹੈ (ਡਾ. ਅਨੂਪ ਸਿੰਘ ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ)।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਕੋਈ ਨਵਾਂ ਪੰਥ ਹੋਂਦ ਵਿੱਚ ਨਹੀਂ ਲਿਆਂਦਾ ਸਗੋਂ ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਨੂੰ ਹੋਰ ਪ੍ਰਫੁੱਲਿਤ ਕੀਤਾ। ਖਾਲਸੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਤਾਂ ਲਗਭਗ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦਿੱਤੀਆਂ। ਫਰਕ ਸਿਰਫ ਇਹ ਸੀ ਕਿ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸਾਸ਼ਤਰਾਂ ਦਾ ਸੁਮੇਲ ਕਰਕੇ ਇੱਕ ਨਵੀਂ ਸਪਿਰਟ ਸਿੱਖਾਂ ਅੰਦਰ ਭਰ ਦਿੱਤੀ ਅਤੇ ਖਾਲਸੇ ਦਾ ਪਹਿਰਾਵਾ ਸਭ ਤੋਂ ਵੱਖਰੀ ਕਿਸਮ ਦਾ ਬਣਾਉਣਾ ਉਸ ਸਮੇਂ ਦੀ ਲੋੜ ਬਣ ਚੁੱਕਿਆ ਸੀ। ਜਦੋਂ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤਾਂ ਜ਼ਾਲਮਾਂ ਨੇ ਉਚੀ ਆਵਾਜ਼ ਵਿੱਚ ਕਿਹਾ, ''ਹੈ ਕੋਈ ਸਿੱਖ ਜੋ ਆਪਣੇ ਗੁਰੂ ਦਾ ਸੀਸ ਉਠਾ ਲਵੇ?'' ਤਾਂ ਸਾਰੇ ਸਿੱਖ ਉਥੋਂ ਖਿਸਕ ਗਏ। ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਮੈਂ ਇੱਕ ਐਸਾ ਸਿੱਖ ਸਾਜਾਂਗਾ ਜੋ ਹਜ਼ਾਰਾਂ 'ਚੋਂ ਨਹੀਂ ਬਲਕਿ ਲੱਖਾਂ 'ਚੋਂ ਪਛਾਣਿਆ ਜਾ ਸਕੇਗਾ ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਸ ਤਰਾਂ ਆਪਣੇ ਲਫਜ਼ਾਂ ਵਿੱਚ ਕੀਤਾ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਸੁਨਿ ਕਰਿ ਐਸੇ ਗਰਜਤਿ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬਿ ਪੰਥ ਬਨਾਵੌ ਸਕਲ ਜਗਤ ਮਹਿਂ ਬਹੁਤ ਬਿਦਤਾਵੋਂ
ਲਾਖਹੁ ਜਗ ਕੇ ਨਰ ਇੱਕ ਥਾਇਂ ਤਿਨ ਮਹਿਂ ਮਿਲੇ ਏਕ ਸਿਖ ਜਾਇ
ਸਭ ਮਹਿਂ ਪ੍ਰਥਕ ਪਛਾਨਯੋ ਪਰੈ ਚਲੈ ਨ ਕਾਯੋ ਹੂੰ ਕੈਸਿਹੁਂ ਕਰੈ
ਜਥਾ ਬਕਨ ਮਹਿਂ ਹੰਸ ਨ ਛਪੈ ਗ੍ਰਿੱਝਨਿ ਬਿਖੈਹ ਮੋਹ ਜਿਮ ਦਿਪੈ
ਜਯੋਂ ਖਰ ਗਨ ਮਹਿਂ ਬਲੀ ਤੁਰੰਗ ਜਥਾ ਮ੍ਰਿਗਨਿ ਮਹਿਂ ਕੇਹਰਿ ਅੰਗ
ਤਿਮ ਨਾਨਾ ਭੇਖਨ ਕੇ ਮਾਂਹਿ ਮਮ ਸਿਖ ਕੋ ਸਗਲੇ ਪਰਖਾਹਿਂ
ਇਹ ਸੁਣਕੇ ਗੁਰੂ ਗੋਬਿੰਦ ਸਿੰਘ ਸਾਵਣ ਦੇ ਬੱਦਲ ਵਾਂਗ ਗਰਜ ਕੇ ਬੋਲੇ ਹੁਣ ਮੈਂ ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇ ਝੁੰਡ ਵਿੱਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ਵਿੱਚ ਜਿਵੇਂ ਕੋਈ ਘੋੜਾ ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ।
ਇਸ ਪ੍ਰਕਾਰ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਖੇਤਰ ਵਿਚੋਂ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਪੰਡਾਲ ਵਿੱਚ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ? ਦਿਵਾਨ ਵਿੱਚ ਸੰਨਾਟਾ ਛਾ ਗਿਆ ਜਦੋਂ ਗੁਰੂ ਜੀ ਨੇ ਤੀਜੀ ਵਾਰ ਲਲਕਾਰਿਆ ਤਾਂ ਲਾਹੌਰ ਦਾ ਵਾਸੀ ਦਇਆ ਰਾਮ ਉਠ ਖਲੋਇਆ ਅਤੇ ਗੁਰੂ ਜੀ ਦੇ ਸਨਮੁੱਖ ਹੋ ਕੇ ਬੋਲਿਆ, ''ਮੈਂ ਹਾਜ਼ਿਰ ਹਾਂ'' ਗੁਰੂ ਸਾਹਿਬ ਉਸ ਨੂੰ ਤੰਬੂ ਵਿੱਚ ਲੈ ਗਏ, ਜੋਰ ਦੀ ਆਵਾਜ਼ ਆਈ ਅਤੇ ਲਹੂ ਭਿੱਜੀ ਤਲਵਾਰ ਲੈ ਕੇ ਗੁਰੂ ਸਾਹਿਬ ਫਿਰ ਪੰਡਾਲ ਵਿੱਚ ਆਏ ਅਤੇ ਇਕ ਹੋਰ ਸੀਸ ਦੀ ਮੰਗ ਕੀਤੀ, ਇਸੇ ਤਰਾਂ ਵਾਰ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦੂਜੀ ਵਾਰ ਭਾਈ ਧਰਮ ਦਾਸ, ਫਿਰ ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਨੇ 'ਤਨੁ ਮਨੁ ਧਨੁ ਸਭ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ' ਦੇ ਪਵਿੱਤਰ ਵਾਕ ਤੇ ਸ਼ਰਧਾ ਦੇ ਫੁਲ ਚੜਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕੀਤਾ ਅਤੇ ਪੰਜਾਂ ਸਿੰਘਾਂ ਨਾਲ ਉਹੀ ਪਹਿਲੀ ਘਟਨਾ ਵਾਪਰੀ। ਕੁੱਝ ਇਤਿਹਾਸਕਾਰਾਂ ਦੇ ਕਹਿਣ ਅਨੁਸਾਰ ਤੰਬੂ ਵਿੱਚ ਪਹਿਲਾਂ ਹੀ ਬੱਕਰੇੇ ਬੰਨੇ ਹੋਏ ਸਨ ਜਦੋਂ ਗੁਰੂ ਸਾਹਿਬ ਇਕ ਸਿੰਘ ਨੂੰ ਲੈ ਕੇ ਜਾਂਦੇ ਤਾਂ ਇੱਕ ਬੱਕਰੇ ਨੂੰ ਝਟਕਾ ਦਿੰਦੇ ਸਨ ਕੁੱਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਪਹਿਲਾਂ ਪੰਜਾਂ ਸਿੰਘਾਂ ਦੇ ਸਿਰ, ਧੜ ਨਾਲੋਂ ਵੱਖ ਕੀਤੇ ਅਤੇ ਬਾਅਦ ਵਿੱਚ ਫਿਰ ਜੀਵਤ ਕਰ ਦਿੱਤਾ। ਪ੍ਰਿੰ. ਸਤਿਬੀਰ ਸਿੰਘ ਲਿਖਦੇ ਹਨ ਕਿ, ''ਅੰਦਰ ਤੰਬੂ ਵਿੱਚ ਉਹਨਾਂ ਪੰਜਾਂ ਨਾਲ ਕੀ ਬੀਤੀ ਇਹ ਕਹਿਣਾ ਅਸੰਭਵ ਹੈ ਸਿਰਫ ਇਤਨਾਂ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਹੀ ਦੱਸ ਦਿੱਤਾ ਤਾਂ ਇਮਤਿਹਾਨ ਕਾਹਦਾ ਹੋਇਆ। ਦੂਜਾ, ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ, ਤੰਬੂ ਤਾਣ ਲਿਆ, ਸਾਨੂੰ ਕੀ ਹੱਕ ਕਿ ਉਸਦੇ ਅੰਦਰ ਝਾਕੀਏ।
ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਬਾਣੀਆਂ ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਯੇ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ। ਜਦੋਂ ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਾਏ ਅਤੇ ਗੁਰੂ ਸਾਹਿਬਾਨ ਨੇ ਬਚਨ ਕੀਤਾ:-
ਭਲੋ ਭਯੋ ਤੂੰ ਚਲਿ ਕਰਿ ਆਈ।
ਨੀਰ ਬਿਖੈ ਪਾਈ ਮਧੁਰਾਈ।
ਨਾ ਤੁਰ ਪੰਥ ਹੋਇ ਬਡ ਕੂਰਾ।
ਤੇਜ ਕ੍ਰੋਧ ਕਲਹਾ ਕਰਿ ਪੂਰਾ
(ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਗ੍ਰੰਥ)
ਇਸ ਪ੍ਰਕਾਰ ਪਵਿੱਤਰ ਪਾਹੁਲ ਤਿਆਰ ਹੋਈ ਅਤੇ ਜਿਸਨੇ ਵੀ ਇਹ ਪਾਹੁਲ ਛਕੀ ਉਸਦਾ ਜਨਮ ਸਹੁੇਲਾ ਹੋ ਗਿਆ। ਖਾਲਸੇ ਦੀ ਰਹਿਤ ਨਿਸ਼ਚਿਤ ਕੀਤੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਬਣਾਉਣ ਉਪਰੰਤ ਖਾਲਸੇ ਨੂੰ ਉਪਦੇਸ਼ ਕੀਤਾ ਕਿ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ ਅਤੇ ਹੱਕ ਸੱਚ ਲਈ ਲੜਦਾ ਰਹੇਗਾ। ਸਿਰਫ ਬਾਹਰੀ ਪਹਿਰਾਵਾ ਪਹਿਨਣ 'ਤੇ ਹੀ ਜੋਰ ਨਹੀਂ ਦਿੱਤਾ ਸਗੋਂ ਕਿਹਾ ਕਿ ਜਿੰਨਾ ਚਿਰ ਕੋਈ ਮਨੁੱਖ ਅੰਦਰੋਂ ਸ਼ੁੱਧ ਨਹੀਂ ਹੁੰਦਾ ਉਨਾਂ ਚਿਰ ਉਹ ਖਾਲਸਾ ਅਖਵਾਉਣ ਦਾ ਹੱਕਦਾਰ ਨਹੀਂ। ਪੂਰਨ ਖਾਲਸਾ ਉਹੀ ਹੈ ਜੋ ਆਪਣੇ ਬਾਹਰੀ ਪਹਿਰਾਵੇ ਦੇ ਨਾਲ ਨਾਲ ਆਪਣੇ ਕਮਲ ਰੂਪੀ ਹਿਰਦੇ ਨੂੰ ਗਿਆਨ ਦੀ ਕਸਵੱਟੀ 'ਤੇ ਪਰਖਦਾ ਹੈ ਅਤੇ :
ਜਾਗਤ ਜੋਤ ਜਪੈ ਨਿਸ ਬਾਸੁਰ
ਏਕ ਬਿਨਾ ਮਨ ਨੈਕ ਨ ਆਨੈ
ਪੂਰਨ ਪ੍ਰੇਮ ਪ੍ਰਤੀਤ ਸਜੈ
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ
ਤੀਰਥ ਦਾਨ ਦਇਆ ਤਪ ਸੰਜਮ
ਏਕ ਬਿਨਾ ਨਹ ਏਕ ਪਛਾਨੈਂ
ਪੂਰਨ ਜੋਤ ਜਗੈ ਘਟ ਮੈ
ਤਬ ਖਾਲਸ ਤਾਹਿ ਨਖਾਲਸ ਜਾਨੈ
ਬਾਅਦ ਵਿੱਚ ਗੁਰੂ ਜੀ ਨੇ ਸਿੱਖਾਂ ਤੋਂ ਆਪ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ ਪਰ ਸਿੰਘਾਂ ਨੇ ਕਿਹਾ ਕਿ ਉਹ ਇਸ ਦੇ ਬਦਲੇ ਵਿੱਚ ਕੀ ਭੇਟਾ ਕਰਨਗੇ? ਤਾਂ ਗੁਰੂ ਜੀ ਨੇ ਕਿਹਾ, ''ਮੈਂ ਆਪਣਾ ਸਾਰਾ ਪ੍ਰੀਵਾਰ ਹੀ ਪੰਥ ਦੇ ਲੇਖੇ ਲਾ ਦੇਵਾਂਗਾ।'' ਸੋ ਇਸ ਪ੍ਰਕਾਰ ਗੁਰੂ ਨੇ ਚੇਲਿਆਂ ਤੋਂ ਅੰਮ੍ਰਿਤ ਛਕਿਆ ਅਤੇ ਗੁਰੂ, ਚੇਲਾ ਆਪਸ ਵਿਚ ਸਮਾ ਗਏ, ਗੁਰੂ ਅਤੇ ਚੇਲੇ ਵਿਚਲਾ ਪਾੜਾ ਖਤਮ ਹੋ ਗਿਆ ਅਤੇ ਕਿਹਾ, ''ਕਿ ਖਾਲਸਾ ਸਰਬ ਗੁਣ ਸੰਪੰਨ ਹੈ।''
ਸੋ ਆਓ ਵਿਸਾਖੀ ਦੇ ਪਵਿੱਤਰ ਦਿਹਾੜੇ ਗੁੁਰੂ ਗੋਬਿੰਦ ਸਿੰਘ ਜੀ ਦੀਆਂ ਦੱਸੀਆਂ ਹੋਈਆਂ ਹਦਾਇਤਾਂ 'ਤੇ ਅਮਲ ਕਰੀਏ ਅਤੇ ਆਪਣਾ ਜਨਮ ਸੁਹੇਲਾ ਕਰੀਏ।
- ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫਰੀਦ ਨਗਰ, ਕਚਿਹਰੀ ਚੌਂਕ, ਬਰਨਾਲਾ
ਮੋਬ. 98146-99446
10 ਅਪ੍ਰੈਲ ਲਈ ਵਿਸ਼ੇਸ਼ : ਹੋਮਿਓਪੈਥੀ ਦੇ ਜਨਮਦਾਤਾ : ਡਾ. ਸੈਮੂਅਲ ਹੈਨੇਮੈਨ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਜਦੋਂ ਵੀ ਦੁਨੀਆਂ 'ਤੇ ਦੁੱਖਾਂ ਦੀ ਹਨੇਰੀ ਝੁਲਦੀ ਰਹੀ ਤਾਂ ਕੁਦਰਤ ਨੇ ਇਨਾਂ ਦੁੱਖਾਂ ਨੂੰ ਦੂਰ ਕਰਨ ਲਈ ਅਜਿਹੇ ਇਨਸਾਨਾਂ ਨੂੰ ਧਰਤੀ 'ਤੇ ਭੇਜਿਆ ਹੈ, ਜਿਨਾਂ ਨੇ ਆਪਣੇ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਲੋਕਾਈ ਪੀੜਾ ਨੂੰ ਆਪਣੇ ਗਲ਼ ਨਾਲ ਹੀ ਨਹੀਂ ਲਾਇਆ, ਸਗੋਂ ਆਪਣੀ ਜ਼ਿੰਦਗੀ ਮਾਨਵਤਾ ਦੇ ਭਲੇ ਲਈ ਕੁਰਬਾਨ ਕੀਤੀ। ਅਜਿਹੇ ਇਨਸਾਨਾਂ ਵਿਚੋਂ ਇਕ ਸੀ ਹੋਮਿਓਪੈਥੀ ਦੇ ਜਨਮਦਾਤਾ ਡਾ. ਹੈਨੇਮੈਨ।
ਡਾ. ਹੈਨੇਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਇਕ ਪਿੰਡ ਵਿਚ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ। ਉਨਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ ਪਰ ਆਪ ਨੂੰ ਘਰ ਦੀ ਗਰੀਬੀ ਕਾਰਨ ਪੜਾਈ ਅੱਧ ਵਿਚਾਲੇ ਹੀ ਛੱਡਣੀ ਪਈ ਅਤੇ ਕਿਸੇ ਸਟੋਰ 'ਤੇ ਨੌਕਰੀ ਕਰਨੀ ਪਈ। ਆਪ ਦੇ ਮਨ ਵਿਚ ਮਾਨਵਤਾ ਲਈ ਕੁਝ ਕਰਨ ਦੀ ਇੱਛਾ ਸੀ। ਇਸ ਲਈ ਆਪ ਨੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਆਪਣੀ ਪੜਾਈ ਨੂੰ ਜਾਰੀ ਰੱਖਿਆ ਅਤੇ ਐਮ.ਡੀ. ਦੀ ਡਿਗਰੀ ਹਾਸਿਲ ਕਰ ਲਈ।
ਐਮ.ਡੀ. ਕਰਨ ਪਿੱਛੋਂ ਆਪ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਡਾ. ਹੈਨੇਮੈਨ ਉਸ ਵੇਲੇ ਦੀਆਂ ਸਿਹਤ ਸਹੂਲਤਾਂ ਤੋਂ ਅਸੰਤੁਸ਼ਟ ਸਨ। ਜਿਵੇਂ ਕਿ ਅੱਜ ਵੀ ਮਾਨਸਿਕ ਰੋਗੀਆਂ ਨੂੰ ਬਿਜਲੀ ਦੇ ਕਰੰਟ ਲਗਾਏ ਜਾਂਦੇ ਹਨ। ਇਸ ਲਈ ਆਪ ਆਪਣੀ ਪ੍ਰੈਕਟਿਸ ਛੱਡ ਕੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਕਿਤਾਬਾਂ ਦੇ ਅਨੁਵਾਦ ਕਰਨ ਲੱਗ ਪਏ। ਇਕ ਦਿਨ ਇਕ ਕਿਤਾਬ ਦਾ ਅਨੁਵਾਦ ਕਰਦੇ-ਕਰਦੇ ਆਪ ਨੇ 'ਸਿਨਕੋਨਾ ਟ੍ਰੀ' ਬਾਰੇ ਪੜਿਆ ਕਿ ਜੇਕਰ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ਵਿਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਹੈਨੇਮੈਨ ਨੂੰ ਸੱਚੀ ਜਾਪੀ ਅਤੇ ਉਨਾਂ ਤਜ਼ਰਬਾ ਕਰਨਾ ਸ਼ੁਰੂ ਕਰ ਦਿੱਤਾ। ਸੱਚਮੁੱਚ ਉਹੀ ਹੋਇਆ। ਇਸੇ ਤਰਾਂ ਹੋਮਿਓਪੈਥੀ ਹੋਂਦ ਵਿਚ ਆਈ।
ਹੋਮਿਓਪੈਥੀ ਦਾ ਸਿਧਾਂਤ 'ਜ਼ਹਿਰ ਨੂੰ ਜ਼ਹਿਰ ਮਾਰਦਾ ਹੈ' ਵਾਲਾ ਹੈ। ਇਸ ਤੋਂ ਭਾਵ ਜਿਹੋ ਜਿਹੀ ਬਿਮਾਰੀ ਸਾਡੇ ਸਰੀਰ ਵਿਚ ਹੈ, ਉਸਨੂੰ ਉਹੀ ਦਵਾਈ ਦੇਣੀ ਪਵੇਗੀ, ਜਿਹੜੀ ਸਰੀਰ ਵਿਚ ਜਾ ਕੇ ਉਸ ਤਰਾਂ ਦੇ ਰੋਗ ਪੈਦਾ ਕਰ ਸਕੇ ਤਾਂ ਕਿ ਬਿਮਾਰੀ, ਬਿਮਾਰੀ ਨਾਲ ਲੜੇ ਅਤੇ ਮਰੀਜ਼ ਤੰਦਰੁਸਤ ਹੋ ਜਾਵੇ।
ਬੇਸ਼ੱਕ ਸ੍ਰਿਸ਼ਟੀ ਦੀ ਸਿਰਜਣਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰੇਕ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਸਰੇ ਨਾਲੋਂ ਭਿੰਨ ਹੈ। ਇਸ ਨੂੰ ਡਾਕਟਰ ਹੈਨੇਮੈਨ ਨੇ ਇੰਡੀਵਿਜ਼ੂਅਲਾਈਜੇਸ਼ਨ (9nd}v}dua&}੍ਰat}on) ਦਾ ਨਾਮ ਦਿੱਤਾ ਹੈ। ਇਸ ਤੋਂ ਭਾਵ ਜੇਕਰ ਦੋ ਵਿਅਕਤੀਆਂ ਨੂੰ ਬੁਖਾਰ ਹੋਇਆ ਹੈ ਤਾਂ ਉਨਾਂ ਦੋਹਾਂ ਦੇ ਲੱਛਣ ਭਿੰਨ-ਭਿੰਨ ਹੋਣਗੇ। ਬੇਸ਼ੱਕ ਬੁਖਾਰ ਨੂੰ ਨਾਂਅ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ਵਿਚ ਬਿਮਾਰੀ ਬਨਾਮ ਦਵਾਈ ਨਹੀਂ ਹੁੰਦੀ, ਸਗੋਂ ਮਰੀਜ਼ ਬਨਾਮ ਦਵਾਈ ਦੀ ਚੋਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
ਭਾਵ ਕਿ ਹੋਮਿਓਪੈਥੀ ਦੀ ਖੋਜ ਨਾਲ ਡਾ. ਹੈਨੇਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁਝ ਸੱਚ ਹੋਇਆ। ਹੋਮਿਓਪੈਥੀ ਦਾ ਇਕ ਹੋਰ ਸਿਧਾਂਤ, ਜੋ ਉਨਾਂ ਨੇ ਹੋਂਦ ਵਿਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇਕ ਸ਼ਕਤੀ ਚਲਾ ਰਹੀ ਹੈ, ਜਿਸ ਨੂੰ ਉਨਾਂ ਵਾਇਟਲ ਫੋਰਸ ਦਾ ਨਾਂਅ ਦਿੱਤਾ। ਇਹ ਉਹੀ ਕੁਦਰਤੀ ਸ਼ਕਤੀ ਹੈ, ਜੋ ਬਿਮਾਰੀਆਂ ਨਾਲ ਲੜਦੀ ਹੈ। ਕੁਦਰਤ ਨੇ ਮਨੁੱਖੀ ਸਰੀਰ ਅੰਦਰ ਇਕ ਡਾਕਟਰ ਬਿਠਾਇਆ ਹੋਇਆ ਹੈ ਪਰ ਜਦੋਂ ਬਿਮਾਰੀ ਆਪਣਾ ਜ਼ੋਰ ਪਾ ਲੈਂਦੀ ਹੈ, ਤਦ ਇਹ ਵਾਇਟਲ ਫੋਰਸ ਕਮਜ਼ੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ਼ ਤੰਦਰੁਸਤ ਮਹਿਸੂਸ ਕਰਦਾ ਹੈ।
ਭਾਵੇਂ ਕਿ ਇਸ ਗੱਲ ਦਾ ਉਦੋਂ ਵੀ ਅਤੇ ਹੁਣ ਵੀ ਬਹੁਤ ਵਿਰੋਧ ਹੋਇਆ ਪਰ ਡਾ. ਹੈਨੇਮੈਨ ਨੇ ਤੱਥਾਂ ਦੇ ਅਧਾਰ 'ਤੇ ਇਹ ਸਮਝਾਇਆ ਕਿ ਇਕ ਪਾਸੇ ਤੰਦਰੁਸਤ ਜਿਉਂਦਾ-ਜਾਗਦਾ ਮਨੁੱਖ ਹੈ ਅਤੇ ਦੂਸਰੇ ਪਾਸੇ ਮਰਿਆ ਹੋਇਆ ਮਨੁੱਖ ਹੈ। ਦੋਹਾਂ ਵਿਚ ਸਾਰੇ ਅੰਗ ਆਪਣੀ-ਆਪਣੀ ਜਗਾ ਸਥਿਰ ਹਨ ਪਰ ਮਰਿਆ ਹੋਇਆ ਮਨੁੱਖ ਨਾ ਹਿੱਲ ਸਕਦਾ ਹੈ, ਨਾ ਬੋਲ ਸਕਦਾ ਹੈ ਪਰ ਸਰੀਰ ਦੇ ਸਾਰੇ ਅੰਗ ਤਾਂ ਉਸ ਵਿਚ ਵੀ ਮੌਜੂਦ ਹਨ। ਫਿਰ ਕੀ ਚੀਜ਼ ਗਾਇਬ ਹੈ? ਉਹ ਹੈ ਵਾਇਟਲ ਫੋਰਸ ਭਾਵ ਸਰੀਰ ਦੀ ਸ਼ਕਤੀ, ਜੋ ਸਾਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ ਅਤੇ ਜਦ ਇਹ ਆਪਣਾ ਕੰਮ-ਕਾਜ ਸਹੀ ਦਿਸ਼ਾ ਵਿਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੀ ਤਾਂ ਕਿ ਦੁਨੀਆਂ ਦਾ ਹਰ ਮਨੁੱਖ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੇ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜਦੀਕਲਾ ਨਿਵਾਸ,
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ।
98146-99446
ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰਖਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਦਿਖਾਈ ਦਿੰਦੇ ਹਨ। ਧੁੰਦ ਦੀ ਲਪੇਟ 'ਚ ਆਇਆ ਸੂਰਜ ਵੀ ਚਮਕ ਆਉਂਦਾ ਹੈ, ਖੇਤਾਂ 'ਚ ਖੜੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਰੁੱਤ ਵਿੱਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ।
ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ :-
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ
ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ 'ਚ ਹਰ ਸਾਲ ਮਨਾਇਆ ਜਾਣ ਲੱਗਿਆ। ਹੌਲੀ-ਹੌਲੀ ਇਸ ਤਿਉਹਾਰ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਵੱਲੋਂ ਤਿਉਹਾਰਾਂ ਦੀ ਵੰਡ ਵਰਣਾਂ ਦੀ ਵੰਡ ਮੁਤਾਬਿਕ ਕਰ ਦਿੱਤੀ ਗਈ। ਜਿਸ ਅਨੁਸਾਰ ਵਿਸਾਖੀ ਬ੍ਰਾਹਮਣਾਂ ਦੀ, ਦੁਸ਼ਹਿਰਾ ਕਸ਼ੱਤਰੀਆਂ ਦਾ, ਦਿਵਾਲੀ ਵੈਸ਼ਾਂ ਦੀ ਅਤੇ ਹੋਲੀ ਆਈ ਸ਼ੂਦਰਾਂ ਹਿੱਸੇ। ਹੋਲੀ ਦਾ ਤਿਉਹਾਰ ਰੰਗਾਂ ਦੀ ਥਾਂ ਸ਼ਰਾਬ ਪੀਣ ਅਤੇ ਸ਼ੂਦਰਾਂ ਦੀ ਬੇਇਜ਼ਤੀ ਕਰਨੀ ਜਾਂ ਔਰਤਾਂ ਨੂੰ ਤੰਗ ਕਰਨਾ ਇਸ ਤਿਉਹਾਰ ਦਾ ਇੱਕ ਅੰਗ ਬਣ ਗਿਆ। ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕ੍ਰਿਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਾ ਸਿਰਫ ਨਵੇਂ ਰੰਗਾਂ ਵਿੱਚ ਹੀ ਰੰਗਿਆਂ ਸਗੋਂ ਲੋਕਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਵੀ ਸਿਖਾਈ। ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨਾਂ ਦੇ ਹੱਥ ਵਿੱਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ 'ਮਰਦਊਪੁਣੇ' ਦੀ ਭਾਵਨਾ ਜਾਗ੍ਰਿਤ ਕਰਨ ਲਈ ਇਸਦਾ ਨਾ ਬਦਲ ਕੇ 'ਹੋਲਾ' ਰੱਖਿਆ ਜਿਸ ਤਰਾਂ ਪਹਿਲਾਂ ਕਈ ਚੀਜ਼ਾਂ ਦੇ ਮਰਦਾਵੇਂ ਨਾਂ ਰੱਖੇ ਸਨ। ਫਿਰ ਸ਼ਬਦ 'ਮੁਹੱਲਾ' ਨਾਲ ਲਾ ਕੇ ਇਸ ਨੂੰ 'ਹੋਲੇ ਮੁਹੱਲੇ' ਦਾ ਨਾਂ ਦਿੱਤਾ ਗਿਆ। ਹੋਲੇ ਦਾ ਅਰਥ ਹੈ ਹੱਲਾ, ਮੁਹੱਲਾ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਸਨੂੰ ਜਿੱਤ ਕੇ ਉਥੇ ਆਸਣ ਲਾਇਆ ਜਾਵੇ। ਇਸ ਰੀਤ ਨੂੰ ਕਾਇਮ ਰੱਖਣ ਲਈ ਦਸਮੇਸ਼ ਪਿਤਾ ਨੇ 1757 ਬਿ. ਵਿੱਚ ਕਿਲਾ ਹੋਲਗੜ ਦੀ ਸਥਾਪਨਾ ਕੀਤੀ ਅਤੇ ਹੋਲੇ ਮੁਹੱਲੇ ਦੇ ਤਿਉਹਾਰ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ। ਸਿੰਘਾਂ ਦੀਆਂ ਫੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇੱਕ ਦਲ ਦੇ ਕੇਸਰੀ ਬਸਤਰ ਪਹਿਨੇ ਹੁੰਦੇ ਸਨ ਅਤੇ ਦੂਸਰੇ ਦਲ ਦੇ ਚਿੱਟੇ, ਇੱਕ ਦਲ ਕਿਲਾ ਹੋਲਗੜ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਜਿੱਤਣ ਵਾਲੇ ਦਲ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਇਨਾਮ ਦਿੰਦੇ। ਇਹ ਬਨਾਉਟੀ ਯੁੱਧ ਕਰਨੇ ਉਸ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਇੱਕ ਬਹੁਤ ਵੱਡੇ ਮਨੋਵਿਗਿਆਨੀ ਵੀ ਸਨ। ਉਹ ਜਾਣਦੇ ਸਨ ਕਿ ਜਿਹੜੇ ਲੋਕੀ ਇਸ ਬਨਾਉਟੀ ਜੰਗ ਵਿੱਚ ਭਾਗ ਲੈਣਗੇ ਜਾਂ ਇਸ ਜੰਗ ਨੂੰ ਦੇਖਣਗੇ, ਉਨਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿੰਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਉਣ ਦਾ ਢੰਗ ਸਿਖਾਇਆ ਜਿਹੜਾ ਸ਼ਾਇਦ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।
ਅੱਜ ਵੀ ਹਰ ਸਾਲ ਹੋਲੇ ਮੁਹੱਲੇ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ। ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲਾ ਆਨੰਦਗੜ ਦੇ ਸਾਹਮਣਿਓਂ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ। ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖਤ ਸ੍ਰੀ ਕੇਸਗੜ ਸਾਹਿਬ, ਕਿਲਾ ਹੋਲਗੜ ਅਤੇ ਦੇਹਰਾ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪਰੰਤ 'ਚਰਨ ਗੰਗਾ' ਦੇ ਸਥਾਨ ਤੇ ਖੁੱਲੀ ਜਗਾ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ।
ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ਹੋਲਾ-ਮੁਹੱਲਾ ਮਨਾਇਆ ਜਾਂਦਾ ਹੈ। ਉਂਜ ਤਾਂ ਹਰ ਤਿਉਹਾਰ ਦੀ ਆਪਣੀ ਵਿਸ਼ੇਸ਼ਤਾ ਹੈ। ਜਿਸ ਤਰਾਂ ਬਾਕੀ ਸਾਰੇ ਤਿਉਹਾਰਾਂ ਤੇ ਲੋਕ ਨਵੇਂ-ਨਵੇਂ ਸੋਹਣੇ ਕੱਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ, ਪਰ ਸਿਰਫ ਹੋਲੀ ਦਾ ਤਿਉਹਾਰ ਹੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕੀਂ ਆਪਣੇ ਪੁਰਾਣੇ ਤੋਂ ਪੁਰਾਣੇ ਕੱਪੜੇ ਕੱਢ ਕੇ ਪਾਉਂਦੇ ਹਨ ਪਰ ਉਨਾਂ ਦੇ ਚਿਹਰਿਆਂ ਤੇ ਰੌਣਕ ਅਤੇ ਖੁਸ਼ੀ ਕਿਤੇ ਦੁੱਗਣੀ-ਚੌਗਣੀ ਝਲਕਦੀ ਹੁੰਦੀ ਹੈ। ਇਹ ਤਿਉਹਾਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖੁਸ਼ ਰਹਿਣ ਲਈ ਕੇਵਲ ਭੌਤਿਕ ਵਸਤਾਂ ਜਾਂ ਗਹਿਣਿਆਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਅੰਦਰੂਨੀ ਖੁਸ਼ੀ ਦਾ ਹੋਣ ਬਹੁਤ ਜਰੂਰੀ ਹੈ।
ਜਿਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਨਸ਼ਿਆਉਂਦੇ ਹਨ, ਉਥੇ ਇਨਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜਬਾਂ ਅਤੇ ਗਰੀਬੀ-ਅਮੀਰੀ ਦੇ ਭੇਦ ਭੁਲਾ ਕੇ ਇੱਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਪਿਆਰ ਦੇ ਰੰਗ ਅਸੀਂ ਇੱਕ ਦੂਜੇ ਤੇ ਹਰ ਰੋਜ਼ ਛਿੜਕਦੇ ਰਹੀਏ ਅਤੇ ਨਫ਼ਰਤਾਂ ਦੀ ਚੱਲ ਰਹੀ ਹਨੇਰੀ ਨੂੰ ਠੱਲ ਪਾਈਏ, ਬਦੀ ਉਤੇ ਨੇਕੀ ਦੀ ਜਿੱਤ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਹੋਏ ਸੁਪਨੇ ਸਾਕਾਰ ਹੋਣ।
੦ ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ - ਡਾ. ਅਮਨਦੀਪ ਸਿੰਘ ਟੱਲੇਵਾਲੀਆ
ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕਾਰ ਨੂੰ ਨਹੀਂ ਹੁੰਦਾ। ਇਨਾਂ ਲੋਕਾਂ ਕੋਲ ਤਾਂ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਦਾਅ ਪੇਚ ਹੀ ਹੁੰਦੇ ਹਨ, ਮਾਂ ਬੋਲੀ ਤਾਂ ਦੂਰ ਇਨਾਂ ਖੁਦਗਰਜ਼ ਲੋਕਾਂ ਨੂੰ ਤਾਂ ਆਪਣੀ ਮਾਂ ਵੀ ਭੁੱਲ ਜਾਂਦੀ ਹੈ। ਇਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਨਹੀਂ, ਪਰ ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।
ਸਾਡੇ ਪੇਂਡੂ ਲੋਕ ਵੀ ਗੱਲ ਕਰਦੇ-ਕਰਦੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਗਲਤ-ਮਲਤ ਬੋਲ ਜਾਂਦੇ ਹਨ ਅਤੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਅਜਿਹੇ ਹਨ ਜੋ ਪੰਜਾਬੀ ਵਿਚ ਘੁਲਮਿਲ ਗਏ ਹਨ। ਇਹ ਵੱਖਰਾ ਵਿਸ਼ਾ ਹੈ ਪਰ ਸਭ ਤੋਂ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦ ਆਮ ਪ੍ਰੀਵਾਰ ਵੀ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਾਉਣ ਨੂੰ ਤਰਜੀਹ ਦਿੰਦੇ ਹਨ। ਭਾਵੇਂ ਕਿ ਕਾਰਡ ਵਿੱਚ ਛਪੀਆਂ ਲਾਈਨਾਂ ਦਾ ਮਤਲਬ ਪ੍ਰੀਵਾਰ ਦੇ ਇੱਕ ਵੀ ਮੈਂਬਰ ਨੂੰ ਨਾ ਪਤਾ ਹੋਵੇ ਪਰ ਕਾਰਡ ਅੰਗਰੇਜ਼ੀ ਵਿੱਚ ਹੀ ਛਪਵਾਉਣਾ ਹੁੰਦਾ ਹੈ। ਇੱਥੋਂ ਤੱਕ ਕਿ ਹੁਣ ਤਾਂ ਕਾਰਡ ਛਾਪਣ ਵਾਲੇ ਗੁਰਬਾਣੀ ਦੀਆਂ ਤੁਕਾਂ ਨੂੰ ਵੀ ਅੰਗਰੇਜ਼ੀ ਵਿੱਚ ਉਲਥਾ ਕਰਕੇ ਛਾਪ ਦਿੰਦੇ ਹਨ। ਖਾਸ ਕਰਕੇ ਉਹ ਪ੍ਰੀਵਾਰ ਜਿੰਨਾਂ ਦਾ ਧੀ-ਪੁੱਤ ਬਾਹਰਲੇ ਮੁਲਕ 'ਚੋਂ ਆ ਕੇ ਇਧਰ ਵਿਆਹ ਰਚਾਉਂਦਾ ਹੈ ਉਨਾਂ ਦੇ ਕਾਰਡ ਤਾਂ ਜ਼ਰੂਰ ਅੰਗਰੇਜ਼ੀ ਵਿਚ ਛਪੇ ਹੁੰਦੇ ਹਨ। ਇਥੇ ਹੀ ਬਸ ਨਹੀਂ, ਘਰਾਂ ਦੇ ਬਾਹਰ ਲੱਗੀਆਂ 'ਤਖ਼ਤੀਆਂ' ਆਦਿ ਤੇ ਵੀ ਅੰਗਰੇਜ਼ੀ ਉਕਰੀ ਹੁੰਦੀ ਹੈ। ਦਰਸ਼ਨ ਸਿੰਘ ਨੂੰ ਡੀ.ਐਸ. ਲਿਖਕੇ ਜਾਂ ਅੰਗਰੇਜ਼ੀ ਦਾ ਕੋਈ ਸ਼ਬਦ ਵਰਤਕੇ ਪਿਛੇ ਕੋਟੇਜ਼ ਆਦਿ ਲਿਖਕੇ ਘਰਾਂ ਦੇ ਨਾਂਅ ਰੱਖੇ ਜਾਂਦੇ ਹਨ। ਇਹ ਵਰਤਾਰਾ ਅੱਜਕੱਲ ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ।
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ.ਬੀ.ਸੀ. ਸਿਖਾਉਣ ਲਈ ਜ਼ਿਆਦਾ ਤਤਪਰ ਰਹਿੰਦੇ ਹਨ ਕਿਉਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ੳ-ਅ ਨਹੀਂ ਆਉਂਦਾ। ਸਕੂਲਾਂ ਵਿਚ ਵੀ ਅੰਗਰੇਜ਼ੀ ਪੜਾਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦੋਂਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।
ਪਿੰਡਾਂ ਵਿਚ ਤਾਂ ਨਹੀਂ ਸ਼ਹਿਰਾਂ ਵਿਚ ਦੁਕਾਨਾਂ ਦੇ ਬੋਰਡ ਜ਼ਿਆਦਾਤਰ ਅੰਗਰੇਜ਼ੀ ਵਿੱਚ ਨਜ਼ਰੀ ਪੈਂਦੇ ਹਨ ਜਾਂ ਬਹੁਤੇ ਥਾਈਂ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਦੁਕਾਨਾਂ ਦੇ ਬੋਰਡ ਲਿਖੇ ਨਜ਼ਰੀ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਜੇਕਰ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਹੇਜ਼ ਹੋਵੇ ਤਾਂ ਉਨਾਂ ਨੂੰ ਸਰਕਾਰਾਂ ਤੋਂ ਕੋਈ ਝਾਕ ਨਹੀਂ ਕਰਨੀ ਚਾਹੀਦੀ ਪਰ ਕੀ ਕਰੀਏ ਸਾਡੇ ਆਮ ਲੋਕਾਂ ਹੀ ਪੰਜਾਬੀ ਭਾਸ਼ਾ ਨੂੰ ਅਸਵਿਕਾਰ ਕਰੀ ਜਾ ਰਹੇ ਹਨ। ਉਹ ਪੰਜਾਬੀ ਜਿਸ ਵਿਚ ਬਾਬੇ ਨਾਨਕ, ਬਾਬੇ ਫਰੀਦ, ਵਾਰਿਸ਼ ਸ਼ਾਹ ਅਤੇ ਹੋਰ ਅਨੇਕਾਂ ਪੀਰਾਂ-ਫਕੀਰਾਂ ਨੇ ਆਪਣੀ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਸਾਡਾ ਮਾਰਗ ਦਰਸ਼ਕ ਬਣੇ ਉਸੇ ਪੰਜਾਬੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ।
ਪੰਜਾਬੀ ਵਿੱਚ ਵੱਖ-ਵੱਖ ਰਿਸ਼ਤਿਆਂ ਦੀ ਆਪਣੀ ਵਿਸ਼ੇਸ਼ ਮਹਾਨਤਾ ਹੈ। ਮਾਮਾ, ਚਾਚਾ, ਤਾਇਆ, ਫੁੱਫੜ ਇਹ ਸ਼ਬਦ ਪੰਜਾਬੀ ਵਿਚ ਉਪਲਬਧ ਹਨ ਜਦਕਿ ਅੰਗਰੇਜ਼ੀ ਵਿਚ ਸਿਰਫ 'ਅੰਕਲ' ਨਾਲ ਹੀ ਗੱਲ ਬਣ ਜਾਂਦੀ ਹੈ। ਅੱਜਕੱਲ ਦੇ ਦਾਦਾ-ਦਾਦੀ ਵੀ ਆਪਣੇ ਆਪ ਨੂੰ ਬਾਬਾ ਜਾਂ ਬੇਬੇ ਅਖਵਾਉਣ ਵਿੱਚ ਅਪਮਾਣ ਮਹਿਸੂਸ ਕਰਦੇ ਹਨ ਉਹ ਕਹਿੰਦੇ ਹਨ ਕਿ ਬੱਚੇ ਸਾਨੂੰ ਵੱਡਾ ਪਾਪਾ ਜਾਂ ਵੱਡੀ ਮੰਮੀ ਆਖਕੇ ਪੁਕਾਰਨ। ਸੋ ਜਿਹੜਾ ਨਿੱਘ ਅਤੇ ਸੁਆਦ ਬੇਬੇ ਜਾਂ ਬਾਬਾ ਕਹਿ ਕੇ ਜਾਂ ਕਹਾ ਕੇ ਆਉਂਦਾ ਉਹ ਵੱਡਾ ਪਾਪਾ ਜਾਂ ਵੱਡੀ ਮੰਮੀ ਕਹਿਕੇ ਨਹੀਂ ਆ ਸਕਦਾ। ਬਹੁਤੇ ਘਰਾਂ ਵਿੱਚ ਅੰਗਰੇਜ਼ੀ ਦਾ ਅਖਬਾਰ ਤਾਂ ਆਉਂਦਾ ਹੈ ਪਰ ਪੰਜਾਬੀ ਦਾ ਇੱਕ ਵੀ ਅਖ਼ਬਾਰ ਜਾਂ ਰਸਾਲਾ ਨਹੀਂ ਆਉਂਦਾ। ਕਈਆਂ ਲਈ ਤਾਂ ਅੰਗਰੇਜ਼ੀ ਦਾ ਅਖਬਾਰ ਸਿਰਫ਼ ਸਟੇਟਸ ਸਿੰਬਲ ਹੈ। ਅਖ਼ਬਾਰ ਘਰੇ ਆਇਆ, ਚੁੱਕਿਆ ਅਤੇ ਇਕੱਠਾ ਕਰਕੇ ਫਿਰ ਰੱਖ ਦਿੱਤਾ। ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਪੜੀ ਨਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਵੀ ਸਤਿਕਾਰ ਕੀਤਾ ਜਾਵੇ। ਮਤਰੇਈ, ਮਤਰੇਈ ਹੁੰਦੀ ਹੈ, ਮਾਂ-ਮਾਂ ਹੀ ਹੁੰਦੀ ਹੈ।
ਸਾਡੇ ਪੰਜਾਬੀ ਦੇ ਲੇਖਕ ਵੀ ਆਪਣੇ ਆਪ ਨੂੰ ਪੰਜਾਬੀ ਦੇ ਬਹੁਤ ਵਡੇ ਮੁਦਈ ਸਮਝਦੇ ਹਨ ਪਰ ਬਹੁਤੇ ਲੇਖਕਾਂ ਦੇ ਮੁੰਡੇ-ਕੁੜੀਆਂ ਦੇ ਵਿਆਹ ਦੇ ਕਾਰਡ ਜਦ ਮਿਲਦੇ ਹਨ ਤਾਂ ਅੰਗਰੇਜ਼ੀ ਵਿੱਚ ਛਪਕੇ ਹੀ ਆਉਂਦੇ ਹਨ। ਸੋ ਅਜਿਹੇ ਮੁਦਈਆਂ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਜੋ ਅੰਦਰੋਂ -ਬਾਹਰੋਂ ਇੱਕ ਨਹੀਂ ਹਨ। ਇਸੇ ਕਰਕੇ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਸਤਿਕਾਰ ਤਾਂ ਹੀ ਬਰਕਰਾਰ ਰਹਿ ਸਕਦਾ ਹੈ। ਜਦੋਂ ਸਾਡੇ ਆਮ ਲੋਕ ਇਸ ਨਾਲ ਆਪਣੀ ਪਿਆਰ ਭਰੀ ਸਾਂਝ ਪਾਉਣ ਅਤੇ ਫਿਰ ਸਰਕਾਰਾਂ ਭਾਵੇਂ ਅੰਗਰੇਜ਼ੀ ਦੀ ਮਾਂ ਨੂੰ ਲਾਗੂ ਕਰ ਲੈਣ।
ਜਦੋਂ ਮੈਂ ਇਹ ਲੇਖ ਲਿਖ ਰਿਹਾ ਸੀ ਤਾਂ ਲਿਖਦੇ ਲਿਖਦੇ ਮੇਰਾ ਮਿੱਤਰ ਆ ਗਿਆ। ਉਸਨੇ ਸਾਰਾ ਲੇਖ ਪੜਿਆ ਤੇ ਸਾਡੇ ਪੰਜਾਬੀ ਦੇ ਲੇਖਕਾਂ 'ਤੇ ਵਿਅੰਗ ਕਸਦਾ ਹੋਇਆ ਕਹਿੰਦਾ ਤੂੰ ਇਹ ਵੀ ਲਿਖਦੇ ਕਿ ਸਾਡੇ ਲੇਖਕ ਵੀ ਆਪਣਾ ਪੂਰਾ ਨਾਂਅ ਲਿਖ ਲਿਆ ਕਰਨ, ਐਂਵੇ ਏ.ਬੀ.ਸੀ. ਜੀ ਲਿਖਕੇ। ਪੰਜਾਬੀ ਹੋਣ ਦਾ ਭਰਮ ਪਾਲਦੇ ਹਨ।
ਅੰਤ ਵਿੱਚ ਹਰਜਿੰਦਰ ਕੰਗ ਦੇ ਸ਼ੇਅਰ ਨਾਲ ਸਮੂਹ ਪੰਜਾਬੀਆਂ ਨੂੰ ਇੱਕ ਹਲੂਣਾ ਦੇਣ ਦਾ ਯਤਨ ਕਰ ਰਿਹਾ ਹਾਂ :-
ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।
ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।
ਵਿਰਸੇ ਦੇ ਫੁੱਲ ਤਾਂ ਹੀ ਖਿੜਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
98146-99446