Dr-Karanjit-Singh

ਹਰਡ ਇਮਿਊਨਿਟੀ ਬਨਾਮ ਤੀਸਰੀ ਕਰੋਨਾ ਲਹਿਰ - ਡਾ. ਕਰਨਜੀਤ ਸਿੰਘ

ਆਬਾਦੀ ਦੇ ਇੱਕ ਵਰਗ ਵਿੱਚ ਕਿਸੇ ਰੋਗ ਜਾਂ ਇਨਫੈਕਸ਼ਨ ਨੂੰ ਘੱਟ ਕਰਨ ਦੀ ਦਰ ਜਾਂ ਇਨਫੈਕਸ਼ਨ ਦੀ ਲੜੀ ਨੂੰ ਤੋੜਨ ਦੀ ਦਰ ਪ੍ਰਤੀ ਸੁਰੱਖਿਆ ਪੈਦਾ ਕਰਨ ਦੀ ਕਿਰਿਆ ਨੂੰ (Herd Immunity) ਝੁੰਡ ਜਾਂ ਅਬਾਦੀ ਰੋਗ ਪ੍ਰਤੀਰੋਧਕ ਸਮੱਰਥਾ ਕਿਹਾ ਜਾਂਦਾ ਹੈ। ਇਸ ਦੀ ਪ੍ਰਾਪਤੀ ਆਬਾਦੀ ਵਿੱਚ ਰੋਗ ਜਾਂ ਇਨਫੈਕਸ਼ਨ ਦੇ ਪਸਾਰ ਨਾਲ ਜਾਂ ਵੈਕਸੀਨੇਸ਼ਨ ਕਰਨ ਉਪਰੰਤ ਹੀ ਹੁੰਦੀ ਹੈ। ਇਸ ਵਿਧੀ ਨਾਲ ਜਿਹੜੇ ਵਿਅਕਤੀ ਰੋਗ ਤੋਂ ਪ੍ਰਭਾਵਿਤ ਹੋ ਸਕਦੇ ਹਨ, ਉਨ੍ਹਾਂ ਨੂੰ ਵੀ ਸੁਰੱਖਿਆ ਪ੍ਰਦਾਨ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ’ਤੇ ਜੇ ਪੰਜ ਵਿਅਕਤੀਆਂ ਵਿੱਚ ਚਾਰ ਯਾਨਿਕਿ 80 ਫ਼ੀਸਦੀ ਵਿਅਕਤੀਆਂ ਨੂੰ ਕੁਦਰਤੀ ਤੌਰ ’ਤੇ ਬਿਮਾਰੀ ਹੋ ਜਾਂਦੀ ਹੈ ਜਾਂ ਵੈਕਸੀਨ ਲੱਗ ਜਾਂਦੀ ਹੈ ਤਾਂ ਰੋਗ ਨਾਲ ਪੀੜਤ ਵਿਅਕਤੀ ਉਨ੍ਹਾਂ ਪੰਜਾਂ ’ਚੋ ਕਿਸੇ ਨੂੰ ਵੀ ਬਿਮਾਰੀ ਨਹੀਂ ਫੈਲਾ ਸਕੇਗਾ ਕਿਉਂਕਿ ਪੰਜਵਾਂ ਅਣਸੁਰੱਖਿਅਤ ਵਿਅਕਤੀ ਚਾਰ ਸੁਰੱਖਿਅਤ ਵਿਅਕਤੀਆਂ ਦਰਮਿਆਨ ਖੜ੍ਹਾ ਹੈ, ਜੋ ਉਸ ਵਾਸਤੇ ਢਾਲ ਦਾ ਕੰਮ ਕਰਦੇ ਰਹੇ ਹਨ, ਇਸ ਨੂੰ ਹੀ ਹਰਡ ਇਮਿਊਨਿਟੀ ਜਾਂ ਰੋਗ ਪ੍ਰਤੀਰੋਧਕ ਸਮੱਰਥਾ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਨਾ ਤਾਂ ਵੈਕਸੀਨ ਲੱਗੀ ਹੈ ਅਤੇ ਨਾ ਹੀ ਕੁਦਰਤੀ ਤੌਰ ’ਤੇ ਬਿਮਾਰੀ ਤੋਂ ਪੀੜਤ ਹੋਏ ਹਨ ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ਸੁਰੱਖਿਆ ਮਿਲਣ ਦੀ ਪ੍ਰਤੀਕ੍ਰਿਆ ਨੂੰ ਰੋਗ ਪ੍ਰਤੀਰੋਧਕ ਸਮੱਰਥਾ ਦਾ ਪ੍ਰਭਾਵ ਕਿਹਾ ਜਾਂਦਾ ਹੈ। ਰੋਗ ਪੈਦਾ ਕਰਨ ਵਾਲੇ ਕੀਟਾਣੂ ਆਪਣੀ ਉਮਰ ਹੰਢਾ ਕੇ ਆਪਣੇ ਆਪ ਹੀ ਖ਼ਤਮ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਜਿਊਣ ਦਾ ਸਹਾਰਾ ਦੇਣ ਵਾਲੇ ਝਲਦੇ ਨਹੀਂ ਹਨ।
       ਰੋਗ ਪ੍ਰਤੀਰੋਧਕ ਸਮੱਰਥਾ ਕਿਵੇਂ ਪੈਦਾ ਹੁੰਦੀ ਹੈ ਇਹ ਜਾਣਨਾ ਵੀ ਜ਼ਰੂਰੀ ਹੈ। ਸਾਡੇ ਸਰੀਰ ਵਿੱਚ ਲਿੰਮਫੋਇਡ ਟਿਸ਼ੂ (Lymphoid tissue) ਜਿਵੇਂ ਕਿ ਥਾਈਮਸ ਅਤੇ ਟਾਂਊਸਲ (Thymus and Tonsils) ਸਾਡੇ ਵਾਸਤੇ ਫੌਜੀਆਂ ਦਾ ਕੰਮ ਕਰਦੇ ਹਨ। ਇਨ੍ਹਾਂ ਵਿੱਚ ਖਾਸ ਕਿਸਮ ਦੇ ਟੀ ਸੈੱਲ (T-Cell) ਪੈਦਾ ਹੋ ਕੇ ਸਾਡੇ ਖੂਨ ਦੇ ਪਸਾਰ ਵਿੱਚ ਜਾਂਦੇ ਹਨ। ਖੂਨ ਵਿੱਚ ਬੀ-ਸੈੱਲ B-Cells ਦੀ ਵੀ ਪੈਦਾਇਸ਼ ਹੁੰਦੀ ਹੈ। ਇਹ ਤਰ੍ਹਾਂ ਦੇ ਸੈੱਲ ਜਦੋਂ ਕਿਸੇ ਬਾਹਰੀ ਪ੍ਰੋਟੀਨ (Antigen) ਵਾਇਰਸ ਜਾਂ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਨ੍ਹਾਂ ਵਿੱਚ ਬਿਮਾਰੀਆਂ ਦੇ ਕਿਟਾਣੂਆਂ ਨੂੰ ਮਾਰਨ ਦੀ ਸਮੱਰਥਾ ਪੈਦਾ ਹੋ ਜਾਂਦੀ ਹੈ। ਇਹੋ ਹੀ ਸੈੱਲ ਸਰੀਰ ਵਿੱਚ ਐਂਟੀਬਾਡੀਜ਼ ਵੀ ਬਣਾਉਂਦੇ ਹਨ। ਐਂਟੀਬਾਡੀਜ਼ ਸਰੀਰ ਵਿੱਚ ਬਿਮਾਰੀ ਨੂੰ ਡਾਇਗਨੋਜ਼ ਕਰਨ ਅਤੇ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਨੂੰ ਹੀ ਆਧਾਰ ਮੰਨ ਕੇ ਮਹਾਮਾਰੀ ਦੌਰਾਨ ਸੀਰੋ ਸਰਵੇਖਣ ਕੀਤਾ ਜਾਂਦਾ ਹੈ।
      ਕੋਵਿਡ ਦੀ ਦੂਜੀ ਲਹਿਰ ਹੌਲੀ ਹੌਲੀ ਕਾਬੂ ਹੇਠ ਆਈ ਹੈ ਪਰ ਹੁਣ ਤੱਕ 4 ਲੱਖ ਤੋਂ ਜ਼ਿਆਦਾ ਵਿਅਕਤੀ ਜਾਨ ਗੁਆ ਬੈਠੇ ਹਨ। ਸਰਕਾਰੀ ਅੰਕੜਿਆਂ ਨੂੰ ਹੱਟ ਕੇ ਵਾਚੀਏ ਤਾਂ ਪਤਾ ਚਲਦਾ ਹੈ ਕਿ ਇਸ ਲਾਗ ਦੀ ਲਪੇਟ ਵਿਚ ਆਉਣ ਵਾਲੇ ਅਤੇ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਗੁਣਾ ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਇਸ ਦੀ ਪ੍ਰੜ੍ਹੋਤਾ ਅਲੱਗ ਅਲੱਗ ਦੇਸੀ ਅਤੇ ਵਿਦੇਸ਼ੀ ਸੂਤਰਾਂ ਨੇ ਵੀ ਕੀਤੀ ਹੈ। ਕਰੋਨਾਵਾਇਰਸ ਵੀ ਇਸੇ ਤਰ੍ਹਾਂ ਛੇਤੀ ਨਾਲ ਆਪਣਾ ਰੂਪ ਬਦਲੀ ਜਾ ਰਿਹਾ ਹੈ ਅਤੇ ਹੁਣ ਕਰੋਨਾਵਾਇਰਸ ਦਾ ਡੈਲਟਾ ਸਰੂਪ ਕਮਰਤੋੜ ਰੂਪ ਅਖਤਿਆਰ ਕਰਕੇ ਸਾਰੀ ਦੁਨੀਆ ਵਿੱਚ ਫੈਲ ਰਿਹਾ ਹੈ। ਭਾਂਵੇ ਇਸ ਬਾਰੇ ਸਭ ਤੋਂ ਪਹਿਲਾਂ ਅਕਤੂਬਰ 2020 ਵਿੱਚ ਭਾਰਤ ਨੇ ਪਤਾ ਲਗਾਇਆ ਪਰ ਇਸਦਾ ਮਤਲਬ ਇਹ ਨਹੀ ਹੈ ਕਿ ਇਹ ਡੈਲਟਾ ਵਾਇਰਸ ਭਾਰਤ ਤੋਂ ਹੀ ਬਾਕੀ ਮੁਲਕਾਂ ਵਿਚ ਫੈਲਿਆ ਹੈ।
       ਜਿਹੜੇ ਲੋਕ ਇਸ ਬਿਮਾਰੀ ਤੋਂ ਉਭਰ ਆਏ ਹਨ, ਉਨ੍ਹਾਂ ਵਿੱਚ ਭਵਿੱਖ ਵਿੱਚ ਰੋਗ ਪ੍ਰਤੀਰੋਧਕ ਸਮੱਰਥਾ ਬਣ ਗਈ ਹੈ ਪਰ ਕੀ ਇਹ ਬਹੁਤ ਲੰਮਾ ਸਮਾਂ ਚੱਲਦੀ ਹੈ ਕਿ ਨਹੀਂ? ਕੀ ਇਸ ਦੀ ਮਿਆਦ 6 ਮਹੀਨੇ ਜਾਂ ਸਾਲ ਤੱਕ ਹੈ ਪਰ ਇਹ ਉਮਰ ਭਰ ਨਹੀਂ ਹੋ ਸਕਦੀ, ਦੋਹਰੀ ਵਾਰ ਕੋਵਿਡ ਦੀ ਲਪੇਟ ਵਿੱਚ ਆ ਸਕਦੀ ਹੈ। ਅਲੱਗ-ਅਲੱਗ ਤਰ੍ਹਾਂ ਦੇ ਸਰਵੇਖਣਾਂ ਦੀ ਅਲੱਗ ਅਲੱਗ ਰਾਏ ਹੈ। ਏਮਜ਼ ਵੱਲੋਂ ਪੰਜ ਵੱਖੋ ਵੱਖ ਰਾਜਾਂ ਵਿਚ ਮਾਰਚ-ਜੂਨ 2021 ਤੱਕ ਕਰਵਾਏ ਸਰਵੇ ਵਿੱਚ ਦਿਖਾਇਆ ਗਿਆ ਹੈ ਕਿ 55.7 ਫ਼ੀਸਦ ਬੱਚਿਆਂ ਅਤੇ 63.5 ਫ਼ੀਸਦੀ 18 ਸਾਲ ਤੋਂ ਉੱਪਰ ਉਮਰ ਵਾਲੇ ਵਿਅਕਤੀਆਂ ਵਿੱਚ ਕੋਵਿਡ ਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਦਿੱਲੀ ਵਿਚ ਇਸ ਦੀ ਦਰ ਹੋਰ ਵੀ ਜ਼ਿਆਦਾ ਹੈ, 74.7 ਫ਼ੀਸਦੀ ਲੋਕਾਂ ਨੂੰ ਜਿਨ੍ਹਾਂ ਵਿਚ ਬੱਚੇ, ਬੁੱਢੇ ਅਤੇ ਜਵਾਨ ਵੀ ਸ਼ਾਮਲ ਹਨ, ਕੋਵਿਡ ਬਿਮਾਰੀ ਨਾਲ ਪੀੜਤ ਹੋਏ ਹਨ। ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਇਹ ਦਰ 87.9 ਫ਼ੀਸਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਦੂਸਰੀ ਲਹਿਰ ਤੋਂ ਉਪਜੀ ਰੋਗ ਪ੍ਰਤੀਰੋਧਕ ਸਮੱਰਥਾ ਸਾਨੂੰ ਤੀਸਰੀ ਲਹਿਰ ਤੋਂ ਬਚਾਏਗੀ? ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਜਿਸ ਆਬਾਦੀ ਵਿੱਚ 60-70 ਫ਼ੀਸਦ ਤੋਂ ਜ਼ਿਆਦਾ ਵਿਅਕਤੀ ਜੇ ਕੋਵਿਡ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਤਾਂ ਇਹ ਝੁੰਡ ਰੋਗ ਪ੍ਰਤੀਰੋਧਕ ਸਮੱਰਥਾ ਦਾ ਪ੍ਰਤੱਖ ਪ੍ਰਮਾਣ ਹੈ, ਜੋ ਤੀਸਰੀ ਲਹਿਰ ਨੂੰ ਰੋਕਣ ਵਿੱਚ ਸਹਾਈ ਸਾਬਤ ਹੋਵੇਗਾ। ਇਸ ਦੇ ਨਾਲ ਜੇ ਆਬਾਦੀ ਦੇ ਕੁੱਝ ਹਿੱਸੇ ਨੂੰ ਵੈਕਸੀਨ ਵੀ ਲੱਗ ਗਈ ਹੈ ਤਾਂ ਇਹ ਅੰਕੜਾ ਹੋਰ ਉੱਚਾ ਹੋ ਜਾਂਦਾ ਹੈ ਭਾਵੇਂ ਕਿ ਕੋਵਿਡ ਬਿਮਾਰੀ ਤੋਂ ਉੱਭਰੇ ਹੋਏ ਕਾਫੀ ਵਿਅਕਤੀਆਂ ਨੇ ਵੀ ਵੈਕਸੀਨ ਕਰਵਾਈ ਹੈ।
       ਹਰੇਕ ਰਾਜ ਵਿੱਚ ਐਂਟੀਬਾਡੀਜ਼ ਸਰਵੇਖਣ ਹੋਏ ਹਨ। ਸ਼ਹਿਰੀ ਅਤੇ ਪੈਂਡੂ ਅਬਾਦੀ ਦੇ ਅਲੱਗ-ਅਲੱਗ ਨਤੀਜੇ ਵੇਖਣ ਨੂੰ ਮਿਲੇ ਹਨ। ਪੰਜਾਬ ਵਿੱਚ ਵੀ ਸਤੰਬਰ 2020 ਦੂਸਰੇ ਸਰਵੇਖਣ ਦੌਰਾਨ 11.26 ਫ਼ੀਸਦੀ ਲੋਕਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ। ਆਈਸੀਐੱਮਆਰ ਦੇ ਦਸੰਬਰ ਮਹੀਨੇ ਵਿਚ ਤੀਸਰੇ ਸਰਵੇਖਣ ਵਿੱਚ 19.45 ਫ਼ੀਸਦੀ ਲੋਕਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ। ਦਸੰਬਰ 2020 ਇੱਕ ਹੋਰ ਸਰਵੇਖਣ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕੀਤਾ ਗਿਆ। 24.19 ਫੀਸਦੀ ਕਰੋਨਾ ਤੋਂ ਪ੍ਰਭਾਵਿਤ ਹੋਏ ਦਿਖਾਏ ਗਏ ਹਨ। ਲੁਧਿਆਣਾ ਵਿੱਚ 54.16 ਫੀਸਦੀ ਰਹੇ ਪਰ ਇਹ ਗੱਲ ਸਿੱਧ ਕਰਦੀ ਹੈ ਕਿ ਰੋਗ ਪ੍ਰਤੀਰੋਧਕ ਸਮਰੱਥਾ 24 ਤੋਂ 50 ਫ਼ੀਸਦੀ ਹੋਣ ਦੇ ਬਾਵਜੂਦ ਦੂਸਰੀ ਲਹਿਰ ਨੂੰ ਰੋਕਣ ਵਿੱਚ ਇਸ ਨੇ ਕੋਈ ਵੀ ਭੂਮਿਕਾ ਨਹੀਂ ਨਿਭਾਈ ਹੈ। ਲੁਧਿਆਣਾ ਜ਼ਿਲੇ ਦੇ ਸ਼ਹਿਰੀ ਇਲਾਕੇ ਵਿੱਚ 54.16 ਫੀਸਦੀ ਲੋਕਾਂ ਦਾ ਦਸੰਬਰ ਜਨਵਰੀ ਵਿਚ ਕੋਵਿਡ ਪ੍ਰਭਾਵਿਤ ਹੋਣ ਦੇ ਬਾਵਜੂਦ ਦੂਸਰੀ ਲਹਿਰ ਜੋ ਅਜੇ ਤੱਕ ਸਿਰ ’ਤੇ ਮੰਡਰਾਉਂਦੀ ਹੈ।
       ਹਾਲ ਹੀ ਵਿੱਚ ਪ੍ਰਕਾਸ਼ਿਤ ਆਈਸੀਐੱਮਆਰ ਦੇ ਚੌਥੇ ਸੀਰੋ ਸਰਵੇਖਣ ਜੋ ਜੂਨ-ਜੁਲਾਈ 2021 ਦੌਰਾਨ 21 ਰਾਜਾਂ ਦੇ 70 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਹੈ, ਨੇ ਆਸ ਦੀ ਕਿਰਨ ਜਗਾਈ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ 67.6% ਆਬਾਦੀ ਵਿੱਚ ਕੋਵਿਡ ਐਂਟੀਬਾਡੀਜ਼ ਪਾਈਆਂ ਗਈਆਂ ਹਨ, ਜੋ ਕਿ ਰੋਗ ਦੀ ਲ਼ਾਗ ਲੱਗਣ ਜਾਂ ਕੋਵਿਡ ਟੀਕਾਕਰਨ ਉਪਰੰਤ ਪੈਦਾ ਹੋਈਆਂ ਹਨ। ਹੁਣ ਤੱਕ ਸਿਰਫ 35 ਫ਼ੀਸਦ ਆਬਾਦੀ ਨੂੰ ਹੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦੇਣ ਵਿੱਚ ਕਾਮਯਾਬ ਹੋਏ ਹਾਂ ਅਤੇ 8.5 ਫੀਸਦੀ ਆਬਾਦੀ ਨੂੰ ਦੋ ਖੁਰਾਕ ਮਿਲ ਗਈਆਂ ਹਨ। ਭਾਵੇਂ 51 ਕਰੋੜ ਦੀ ਪਹਿਲੀ ਖੁਰਾਕ ਵੱਡਾ ਟੀਚਾ ਲੱਗਦਾ ਹੈ ਪਰ 139-140 ਕਰੋੜ ਆਬਾਦੀ ਦੇ ਹਿਸਾਬ ਨਾਲ ਇਹ ਕੁਝ ਵੀ ਨਹੀਂ ਹੈ।
       ਕੋਵਿਡ ਬਿਮਾਰੀ ਅਜੇ ਕਿਤੇ ਨਹੀਂ ਗਈ। ਭਾਰਤ ਵਿੱਚ ਅਜੇ ਵੀ ਤਕਰੀਬਨ 40 ਹਜ਼ਾਰ ਰੋਜ਼ਾਨਾ ਕੇਸ ਆ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ। ਜਿੰਨਾ ਚਿਰ ਸਾਡੀ ਆਬਾਦੀ ਦਾ 80 ਫ਼ੀਸਦੀ ਹਿੱਸਾ ਰੋਗ ਪ੍ਰਤੀਰੋਧਕ ਸਮੱਰਥਾ ਗ੍ਰਹਿਣ ਨਹੀਂ ਕਰ ਜਾਂਦਾ ਉਦੋਂ ਤੱਕ ਮਾਸਕ ਪਹਿਨਣਾ ਅਤੇ ਦੂਰੀ ਬਣਾ ਕੇ ਰੱਖਣ ਵਰਗੇ ਨਿਯਮਾਂ ਨੂੰ ਨਾ ਭੁਲਾਇਆ ਜਾਵੇ। ਇਹ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਸੂਬੇ ਵਿੱਚ ਘੱਟ ਕੇਸ ਹਨ ਅਤੇ ਮਹਾਰਾਸ਼ਟਰ ਵਿੱਚ ਜ਼ਿਆਦਾ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਇਕੱਲੇ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਵਿੱਚ ਜ਼ਿਆਦਾ ਵੈਕਸੀਨੇਸ਼ਨ ਕਰਕੇ ਕੁੱਝ ਹਾਸਲ ਨਹੀਂ ਹੋਵੇਗਾ, ਬਲਕਿ ਸਾਰੇ ਰਾਜਾਂ ਵਿੱਚ ਆਬਾਦੀ ਦੇ ਹਿਸਾਬ ਨਾਲ ਰੋਗ ਪ੍ਰਤੀਰੋਧਕ ਸਮੱਰਥਾ ਵੈਕਸੀਨ ਦੇਣ ਉਪਰੰਤ ਇੱਕ ਸੁਰ ਪੈਦਾ ਕਰਨੀ ਹੋਵੇਗੀ ਤਾਂ ਹੀ ਅਸੀਂ ਪੂਰੇ ਦੇਸ਼ ਵਿੱਚੋਂ ਕੋਵਿਡ ਦੀ ਤੀਸਰੀ ਲਹਿਰ ਨੂੰ ਮਾਤ ਦੇ ਸਕਾਂਗੇ। ਤੀਸਰੀ ਲਹਿਰ ਨੂੰ ਉਡੀਕੋ ਨਾ ਅਤੇ ਅੰਦੇਸ਼ੇ ਨਾ ਲਗਾਓ ਕਿ ਕਦੋਂ ਆਵੇਗੀ ਕਿ ਨਹੀਂ ਆਵੇਗੀ ਪਰ ਰਲ ਮਿਲ ਇਸ ਨੂੰ ਦਬਾਉਣ ਅਤੇ ਵੈਕਸੀਨ ਲਵਾਉਣ ਵਾਸਤੇ ਅੱਗੇ ਆਈਏ ਨਾ ਕਿ ਬਿਮਾਰੀ ਲੈਣ ਵਾਸਤੇ।
ਸੰਪਰਕ : 9814315427