Dr Navjot

"ਬੋਲ ਕਿ ਲਬ ਆਜ਼ਾਦ ਹੈਂ ਤੇਰੇ!" - ਡਾਕਟਰ ਨਵਜੋਤ

ਦਿੱਲੀ ਵਿੱਚ ਅੱਜ ਫਿਰ ਨਗਾਰਾ ਵੱਜਿਆ ਹੈ। ਇਕ ਜੰਗ ਦਾ ਐਲਾਨ ਹੋਇਆ ਹੈ। ਆਸਮਾਨ ਨਾਅਰਿਆਂ ਨਾਲ ਗੂੰਜ ਰਿਹਾ ਹੈ। ਨਿਹੱਥੇ ਲੋਕਾਂ ਦਾ ਰੋਹ ਤੇ ਵਿਦਰੋਹ ਆਪਣੇ ਸ਼ਿਖਰ ਉੱਪਰ ਹੈ। ਦਿੱਲੀ ਦਾ ਬਾਦਸ਼ਾਹ ਹਮੇਸ਼ਾ ਵਾਂਗ ਅੱਜ ਫਿਰ ਹਾਵੀ ਹੋਣ ਦੀ ਕੋਸ਼ਿਸ਼ ਵਿਚ ਹੈ। ਪੁਲਿਸ ਤੰਤਰ ਆਪਣੇ ਪੂਰੇ ਜਲ ਜਲੌਅ ਨਾਲ ਇਸ ਧਰਮ ਯੁੱਧ ਨੂੰ ਦਬਾਉਣ ਦੀ ਤਾਕ ਵਿੱਚ ਹੈ। ਬੇਸ਼ਰਮੀ ਦੀ ਹੱਦ ਇਹ ਹੈ ਕਿ ਜਿਹਨਾਂ ਮੁਨਸਿਫ਼ਾਂ ਨੇ ਇਨਸਾਫ਼ ਦੇਣਾ ਸੀ ਉਹ ਇਹ ਸਾਬਿਤ ਕਰਨ ਵਿਚ ਜੁੱਟੇ ਹੋਏ ਹਨ ਕਿ ਇੱਥੇ ਤਾਂ ਕੁੱਝ ਹੋਇਆ ਹੀ  ਨਹੀਂ। ਸਭ ਅੱਛਾ ਹੈ! ਅਜੋਕੇ ਯੁੱਗ ਦੇ ਦਰੋਣਾਚਾਰੀਆ ਅੱਜ ਗੁਰੂ ਦਕਸ਼ਣਾਂ ਵਿਚ ਅੰਗੂਠਾ ਨਹੀਂ ਮੰਗਦੇ ਸਗੋਂ ਹਵਸ ਦੇ ਭੁੱਖੇ ਇਹ ਹੈਵਾਨ ਧੀਆਂ ਦੀ ਉਮਰ ਦੀਆਂ ਬੱਚੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ।
ਸਾਰੇ ਉਹ ਦਿਨ ਯਾਦ ਕਰੋ ਜਦੋਂ ਸਾਡੀਆਂ ਖਿਡਾਰੀ ਧੀਆਂ ਦੇਸ਼ਾਂ-ਵਿਦੇਸ਼ਾਂ ਵਿਚ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਇਤਿਹਾਸ ਸਿਰਜਦੀਆਂ ਹੋਈਆਂ ਤਿਰੰਗੇ ਦੀ ਸ਼ਾਨ ਉੱਚੀ ਕਰਦੀਆਂ ਹਨ ਤਾਂ ਪੂਰਾ ਦੇਸ਼ ਇਹਨਾਂ ਧੀਆਂ 'ਤੇ ਮਾਣ ਮਹਿਸੂਸ ਕਰਦਾ ਹੈ। ਸਾਡੇ ‘ਮਾਣਯੋਗ’ ਪ੍ਰਧਾਨ ਮੰਤਰੀ ਜੀ ਇਨ੍ਹਾਂ ਧੀਆਂ ਨੂੰ ਆਪਣੇ ਨਿਵਾਸ ਸਥਾਨ ’ਤੇ ਸੱਦ ਕੇ ਸਨਮਾਨਿਤ ਕਰਦੇ ਹਨ ਤੇ ਅਪਣੱਤ ਜਤਾਉਂਦੇ ਹਨ। ਪੜਾਅ ਦਰ ਪੜਾਅ ਮੰਜ਼ਿਲਾਂ ਸਰ ਕਰਦਿਆਂ ਉਲੰਪਿਕਸ ਤੱਕ ਪਹੁੰਚਣਾ 'ਖਾਲਾ ਜੀ ਦਾ ਵਾੜਾ' ਨਹੀਂ ਹੈ। ਦਿਨ-ਰਾਤ ਅਣਥੱਕ ਮਿਹਨਤ ਕਰਕੇ ਇਹ ਖਿਡਾਰੀ ਸਰਵਉਚ ਮੁਕਾਮ ਤੱਕ ਪਹੁੰਚਦੇ ਹਨ। ਸਾਡੇ ਚੇਤਿਆਂ ਵਿਚ ਅੱਜ ਵੀ ਵੱਸੀ ਹੈ ‘‘ਦੰਗਲ’’ ਫਿਲਮ ਦੀ ਫੋਗਾਟ ਭੈਣਾਂ ਦੀ ਜੋੜੀ ਜਿਹਨਾਂ ਦਾ ਅਣਖੀ ਬਾਪ ਗੁੱਡੀਆਂ ਨਾਲ ਖੇਡਣ ਦੀ ਉਮਰੇ ਹੀ ਆਪਣੀਆਂ ਧੀਆਂ ਦੀਆਂ ਖੂਬਸੂਰਤ ਅੱਖਾਂ ਵਿਚ ਇਕ ਕਾਮਯਾਬ ਪਹਿਲਵਾਨ ਬਣਨ ਦੇ ਸੁਪਨੇ ਬੀਜ ਦਿੰਦਾ ਹੈ। ਕਿਸਾਨੀ ਸਮਾਜ ਨਾਲ ਜੁੜੇ ਉਸ ਸੂਬੇ ਵਿਚ ਜਿਥੇ ਖਾਪ ਪੰਚਾਇਤਾਂ ਦੇ ਤਾਹਣੇ-ਮਿਹਣੇ ਸੁਣ ਕੇ ਵੀ ਉਹ ਸਮਾਜ ਨਾਲ ਟੱਕਰ ਲੈਂਦਾ ਹੈ ਪਰ ਹਾਰ ਨਹੀਂ ਮੰਨਦਾ। ਇਹ ਤੇ ਇਹਨਾਂ ਵਰਗੀਆਂ ਹੋਰ ਸਾਰੀਆਂ ਬੱਚੀਆਂ ਤੇ ਉਹਨਾਂ ਦੇ ਪਾਲਣਹਾਰਾਂ ਨੂੰ ਸਲਾਮ ਕਰਨਾ ਬਣਦਾ ਹੈ। ਤੇ ਅੱਜ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਇਹ ਬੱਚੀਆਂ ਤੇ ਇਹਨਾਂ ਦੇ ਹਮਦਰਦ ਹੋਰ ਸੰਵੇਦਨਸ਼ੀਲ ਲੋਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਮਹੀਨਿਆਂ ਤੋਂ ਨਵੀਂ ਦਿੱਲੀ ਵਿਚਲੇ 'ਜੰਤਰ-ਮੰਤਰ' ’ਤੇ ਧਰਨਾ ਲਾਈ ਬੈਠੇ ਹਨ, ਨਿੱਕੀ-ਨਿੱਕੀ ਗੱਲ ’ਤੇ ਟਵੀਟ ਕਰਨ ਵਾਲਾ, ਮਨ ਕੀ ਬਾਤ ਕਰਨ ਵਾਲਾ ਸਾਡਾ ਪ੍ਰਧਾਨ ਮੰਤਰੀ ਸਾਜਿਸ਼ੀ ਚੁੱਪ ਹੀ ਨਹੀਂ ਧਾਰੀ ਬੈਠਾ ਸਗੋਂ ਉਹ ਤੇ ਉਸਦੇ ਹੱਥਠੋਕੇ ਸ਼ਰੇਆਮ ਬ੍ਰਿਜ ਭੂਸ਼ਨ ਵਰਗੇ ਖੁੰਖਾਰ ਦਾਨਵ ਦੀ ਪਿੱਠ ’ਤੇ ਆਣ ਖੜ੍ਹੇ ਹਨ ਤੇ ਇਹਨਾਂ ਪਹਿਲਵਾਨ ਬੱਚੀਆਂ ਦੀ ਹਮਾਇਤ ਉਪਰ ਆਈਆਂ ਜਥੇਬੰਦੀਆਂ ’ਤੇ ਸਵਾਲ ਹੀ ਨਹੀਂ ਉਠਾਏ ਜਾ ਰਹੇ ਸਗੋਂ ਇਹਨਾਂ ਮਾਨਵ ਹਿਤੈਸ਼ੀ ਲੋਕਾਂ ਨੂੰ ਸਿੱਧੇ-ਅਸਿੱਧੇ ਤੌਰ ’ਤੇ ਡਰਾਇਆ-ਧਮਕਾਇਆ ਵੀ ਜਾ ਰਿਹਾ ਹੈ। ਭਗਵਾਂ ਪਾਰਟੀ, ਜੋ ਆਪਣੇ ਆਪ ਨੂੰ ਬੜੀ ਅਸੂਲਾਂ ਵਾਲੀ ਪਾਰਟੀ ਮੰਨਦੀ ਹੈ; ਇਹਨਾਂ ਅਖੌਤੀ ਅਸੂਲਵਾਦੀਆਂ ਨੂੰ ਅੱਜ ਕੀ ਸੱਪ ਸੁੰਘ ਗਿਆ ਹੈ? ਜਾਤੀਵਾਦੀ ਸੋਚ ਦਾ ਪ੍ਰਚੰਡ ਰੂਪ ਵਿਚ ਪ੍ਰਚਾਰ-ਪ੍ਰਸਾਰ ਕਰਨਾ ਇਸ ਸੱਤਾਧਾਰੀ ਧਿਰ ਦਾ ਮੁੱਢ ਤੋਂ ਹੀ ਖਾਸਾ ਰਿਹਾ ਹੈ। ਹੱਕ ਸੱਚ ਦੀ ਇਸ ਜੰਗ ਵਿਚ ਇਹਨਾਂ ਆਪਣਾ ਜਾਤੀਵਾਦ ਤੇ ਇਲਾਕਾਵਾਦ ਵਾਲਾ  ਬ੍ਰਹਮ ਅਸਤਰ ਵੀ ਵਰਤ ਕੇ ਦੇਖ ਲਿਆ ਹੈ। ਇਹਨਾਂ ਹਾਕਮਾਂ ਨੂੰ ਸ਼ਾਇਦ ਇਹ ਇਲਮ ਹੀ ਨਹੀਂ ਕਿ ਜ਼ਬਰ ਜ਼ੁਲਮ, ਸਮਾਜਿਕ ਅਨਿਆਂ ਤੇ ਵਿਤਕਰਿਆਂ ਵਿਰੁੱਧ ਲੜਨ ਵਾਲੇ ਲੋਕਾਂ ਨੂੰ ਤਾਂ ਸਰਕਾਰੀ ਤੰਤਰ ਚੁੱਪ ਕਰਵਾ ਸਕਦਾ ਹੈ ਪਰ ਸੂਹੀ ਸੋਚ ਦਾ ਗਲਾ ਕਦੀ ਵੀ ਘੁੱਟਿਆ ਨਹੀਂ ਜਾ ਸਕਦਾ।
ਹਨੇਰੇ ਤੋਂ ਰੌਸ਼ਨੀ ਵੱਲ ਪੁੱਟੇ ਇਸ ਕਦਮ ਵੱਲ ਜ਼ਾਲਮ ਧਿਰ ਨਾਲ ਖੜ੍ਹੇ ਬੀਮਾਰ ਮਾਨਸਿਕਤਾ ਵਾਲੇ ਕੁੱਝ ਇਕ ਮੋਦੀ ਭਗਤਾਂ ਦੀਆਂ ਅੱਖਾਂ ’ਤੇ ਅਜੇ ਵੀ ਧੁੰਦ ਪਸਰੀ ਹੋਈ ਹੈ ਜੋ ਇਹ ਕਹਿ ਕੇ ਕਿ ਕੁੜੀਆਂ ਪਹਿਲਾਂ ਕਿਉਂ ਨਹੀਂ ਬੋਲੀਆਂ ਦਰਿੰਦੇ ਬ੍ਰਿਜ ਭੂਸ਼ਨ ਦੀ ਹਮਾਇਤ ਕਰ ਰਹੇ ਹਨ। ਇਹਨਾਂ ਨੂੰ ਇਲਮ ਹੀ ਨਹੀਂ ਕਿ ਜਿਹਨਾਂ ਬੱਚਿਆਂ ਨੇ ਵੱਡੇ ਸੁਪਨੇ ਦੇਖੇ ਹੋਣ, ਵੱਡੇ ਟੀਚੇ ਮਿੱਥੇ ਹੋਣ, ਜਿਹਨਾਂ ਦਾ ਪੂਰੇ ਦਾ ਪੂਰਾ ਕੈਰੀਅਰ ਦਾਅ ਉਪਰ ਲੱਗਾ ਹੋਵੇ ਉਹ ਲੋਕ ਕਈ ਵਾਰ ਬਹੁਤ ਕੁੱਝ ਸਹਿਣ ’ਤੇ ਚੁੱਪ ਰਹਿਣ ਲਈ ਮਜ਼ਬੂਰ ਵੀ ਹੋ ਜਾਂਦੇ ਹਨ। ਆਮ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਕਿ ਇੱਥੋਂ ਤਕ ਪਹੁੰਚਣ ਲਈ ਇਹਨਾਂ ਖਿਡਾਰੀਆਂ ਨੂੰ ਕਿਹੜੇ-ਕਿਹੜੇ ਪੜਾਵਾਂ ਵਿਚੋਂ ਦੀ ਲੰਘਣਾ ਪੈਂਦਾ ਹੈ। ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਤਾਂ ਇਕ ਵੱਖਰੀ ਗੱਲ ਹੈ ਸਾਡੇ ਦੇਸ਼ ਦੀ ਪੁਲਿਸ ਦੀ ਕਮਜ਼ੋਰ ਇੱਛਾ ਸ਼ਕਤੀ ਤੇ ਕਾਨੂੰਨ ਦੀਆਂ ਧਾਰਾਵਾਂ ਵਿਚ ਵੱਡੇ ਖੱਪਿਆਂ ਕਰਕੇ ਸ਼ਾਤਿਰ ਅਪਰਾਧੀ ਹਮੇਸ਼ਾ ਬਚ ਨਿਕਲਦੇ ਹਨ। ਤੇ ਕਈ ਵਾਰ ਸੁਲਝੇ ਹੋਏ ਲੋਕ ਵੀ ਇਹ ਕਹਿ ਕੇ ਚੁੱਪ ਕਰਵਾ ਦਿੰਦੇ ਹਨ ਕਿ ਜੋ ਹੋ ਗਿਆ ਮਾੜਾ ਹੋਇਆ, ਹੁਣ ਕੋਰਟ ਕਚਹਿਰੀਆਂ ਵਿਚ ਜਾ ਕੇ ਕੀ ਲੱਭਣਾ ਹੈ? ਇਹ ਗੱਲ ਵਾਰ-ਵਾਰ ਸਹੀ ਸਾਬਿਤ ਹੋ ਰਹੀ ਹੈ। ਅਸੀਂ ਤਾਂ ਫਾਸਟ ਟਰੈਕ ਕੋਰਟਸ ਬਣਾ ਅਜਿਹੇ ਘਿਨਾਉਣੇ ਜ਼ੁਰਮ ਲਈ ਫਾਂਸੀ ਦੀ ਸਜ਼ਾ ਮੰਗ ਰਹੇ ਹਾਂ ਪਰ ਦੂਜੇ ਪਾਸੇ ਇਕ ਮਾਸਖੋਰੇ ਬਘਿਆੜ ’ਤੇ ਐਫ.ਆਈ.ਆਰ. ਦਰਜ਼ ਕਰਵਾਉਣ ਲਈ ਕਈ-ਕਈ ਮਹੀਨੇ ਲੱਗ ਜਾਂਦੇ ਹਨ। ਲੋਕ ਰੋਹ ਦਾ ਮੁਜ਼ਾਹਰਾ ਕਰਨ ਤੋਂ ਬਿਨਾਂ ਮੇਰੇ ਮਹਾਨ ਦੇਸ਼ ਵਿਚ ਇਹ ਵੀ ਸੰਭਵ ਨਹੀਂ। ਛੇ ਵਾਰ ਸਾਂਸਦ ਰਹਿ ਚੁੱਕਾ ਬ੍ਰਿਜ ਭੂਸ਼ਨ ਭਗਵਾ ਪਾਰਟੀ ਵਿਚ ਬਹੁਤ ਤਾਕਤਵਰ ਰਾਜਨੀਤੀਵਾਨ ਮੰਨਿਆ ਜਾਂਦਾ ਹੈ, ਜੋ ਆਪਣੀ ਸੀਟ ਤੋਂ ਬਿਨਾਂ ਹੋਰ ਕਈ ਸੀਟਾਂ ਨੂੰ ਜਿਤਾਉਣ ਦੀ ਦਾਅਵੇਦਾਰੀ ਵੀ ਕਰਦਾ ਰਹਿੰਦਾ ਹੈ। ਵੋਟਾਂ ਦੀ ਖਾਤਿਰ ਸਾਡੀ ਰਾਜਨੀਤੀ ਵਿਚ ਕਿੱਥੋਂ ਤੱਕ ਨਿਘਾਰ ਆ ਚੁੱਕਾ ਹੈ ਕਿ 2024 ਦੀ ਚੋਣ ਮੂਹਰੇ ਦਿਸਣ ਕਰਕੇ ਪਾਪੀ ਦਾ ਪਾਪ ਬਖਸ਼ਿਆ ਜਾ ਰਿਹਾ ਹੈ। ਕਿੰਨੇ ਅਫਸੋਸ ਦੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆਂ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਦੀ ਸਮਾਜਿਕ ਸੁਰੱਖਿਆ ਵੱਲ ਕਿਸੇ ਸਰਕਾਰ ਦਾ ਧਿਆਨ ਹੀ ਨਹੀਂ ਗਿਆ। ਉਲਟਾ ਉਹ ਸਿਆਸੀ ਆਗੂ, ਜਿਹਨਾਂ ਸਾਡੀ ਰਾਖੀ ਕਰਨੀ ਹੈ, ਉਹੀ ਸਾਡੀਆਂ ਇੱਜ਼ਤਾਂ ’ਤੇ ਡਾਕੇ ਮਾਰਦੇ ਹਨ। ਕਦੀ ਨਿਰਭੈ ਕਾਂਡ ਵਾਪਰਦਾ ਹੈ ਕਦੇ ਹਾਥਰਸ ਵਿਖੇ ਹੈਵਾਨੀਅਤ ਦਾ ਨੰਗਾ ਨਾਚ ਹੁੰਦਾ ਹੈ ਕਿਤੇ ਮੰਦਰ ਵਿਚ ਭੇਡਾਂ ਚਾਰਨ ਗਈ ਨਾਬਾਲਿਗ ਬੱਚੀ ਕਾਮ ਦੇ ਭੁੱਖੇ ਇਹਨਾਂ ਬਘਿਆੜਾਂ ਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਨਿਰੰਕੁਸ਼ ਸੱਤਾ ’ਤੇ ਕਾਬਜ਼ ਬਾਦਸ਼ਾਹਤ ਸਨਸਨੀਖੇਜ਼ ਚੁੱਪ ਧਾਰ ਲੈਂਦੀ ਹੈ। ਜ਼ੁਬਾਨ ਸੀਤੀ ਜਾਂਦੀ ਹੈ। ਖੇਡ ਸੰਸਥਾਵਾਂ ਵਿਚ ਉਸੇ ਹੀ ਫੀਲਡ ਦੀਆਂ ਨਾਮਣਾ ਖੱਟ ਚੁੱਕੀਆਂ ਹਸਤੀਆਂ ਦੇ ਹੱਥ ਵਾਗਡੋਰ ਦੇਣ ਦੀ ਥਾਂ ਹਾਕਮ ਜਮਾਤ ਦੀਆਂ ਕਠਪੁਤਲੀਆਂ ਨੂੰ ਕਾਬਜ਼ ਕਰ ਦਿੱਤਾ ਜਾਂਦਾ ਹੈ।
ਇਹ ਤਾਂ ਕਰੂਰ ਤੇ ਕਠੋਰ ਸੱਚ ਹੈ ਕਿ ਸਾਡੇ ਸਮਾਜ ਵਿਚ ਅੱਜ ਦੀ ਔਰਤ ਦੀ ਆਪਣੀ ਕੋਈ ਹਸਤੀ ਨਹੀਂ। ਜਾਗਦੀ ਜ਼ਮੀਰ ਵਾਲੇ ਇਨਸਾਨ ਅੱਜ  ਇਸ ਮੁੱਦੇ ’ਤੇ ਚਿੰਤਿਤ ਵੀ ਹਨ ਤੇ ਚਿੰਤਨਸ਼ੀਲ ਵੀ। ਸਮਾਜਿਕ ਬਰਾਬਰੀ ਤੇ ਸਮਾਜਿਕ ਸੁਰੱਖਿਆ ਹਾਸਲ ਕਰਨ ਲਈ ਮਰਦ ਪ੍ਰਧਾਨ ਸੋਚ ਵਿਰੁੱਧ ਲਾਮਬੰਦ ਹੋ ਕੇ ਲੜਣਾ ਅੱਜ ਬਹੁਤ ਲਾਜ਼ਮੀ ਹੈ। ਅੱਜ ਵੱਡੀ ਫਿਕਰਮੰਦੀ ਇਹ ਹੈ ਕਿ ਇਹਨਾਂ ਪਹਿਲਵਾਨ ਧੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਲੱਖਾਂ ਹੋਰ ਧੀਆਂ ਦੀਆਂ ਅੱਖਾਂ ਵਿਚ ਰੌਸ਼ਨੀ ਦੀ ਜੋ ਕਿਰਨ ਜਗਾਈ ਸੀ; ਜਿਸ ਲੋਅ ਨਾਲ ਉਹਨਾਂ ਨੇ ਆਪਣੇ ਰਾਹ ਰੁਸ਼ਨਾਉਣੇ ਸਨ ਜੇ ਅੱਜ ਅਸੀਂ ਇਸ ਦੁਸ਼ਟ ਬ੍ਰਿਜ ਭੂਸ਼ਨ ਨੂੰ ਸਜ਼ਾ ਨਾ ਦਿਵਾ ਸਕੇ ਤਾਂ ਇਹ ਲੋਅ ਮੱਧਮ ਪੈ ਜਾਵੇਗੀ। ਧੀਆਂ ਉਪਰ ਹੋਰ ਬੰਦਿਸ਼ਾਂ ਲੱਗਣਗੀਆਂ। ਉਹ ਮਾਪੇ ਜਿਹਨਾਂ ਆਪਣੀਆਂ ਧੀਆਂ ’ਤੇ ਵਿਸ਼ਵਾਸ਼ ਕਰਨਾ ਸਿਖਾਇਆ, ਉਹਨਾਂ ਨੂੰ ਆਪਣੇ ਅੰਦਰ ਦੀ ਤਾਕਤ ਨਾਲ ਰੂ-ਬ-ਰੂ ਕਰਵਾਇਆ, ਪਰਵਾਜ਼ ਭਰਨ ਲਈ ਖੁੱਲਾ ਅੰਬਰ ਦਿੱਤਾ, ਉਹ ਫਿਰ ਧੀਆਂ ਨੂੰ ਬੋਝ ਸਮਝਣ ਲੱਗ ਜਾਣਗੇ ਤੇ ਮਾਪਿਆਂ ਦਾ ਇਹ ਡਰ ਕੁਦਰਤੀ ਵੀ ਹੈ। ਮੇਰੇ ਲੋਕੋ ਅਨਿਆਂ ਹੋਣ ਸਮੇਂ ਜੇ ਤੁਸੀਂ ਨਿਰਪੱਖ ਰਹਿੰਦੇ ਹੋ ਤਾਂ ਸਾਫ਼ ਜ਼ਾਹਿਰ ਹੈ ਕਿ ਤੁਸੀਂ ਜ਼ੁਲਮ ਕਰਨ ਵਾਲੀ ਧਿਰ ਦਾ ਸਾਥ ਦੇ ਰਹੇ ਹੋ। ਆਪਣੇ ਆਪ ਨੂੰ ਜਮਹੂਰੀਅਤ ਵਿਚ ਰਹਿਣ ਦੀ ਖੁਸ਼ਫਹਿਮੀ ਵਿਚੋਂ ਬਾਹਰ ਕੱਢੋ, ਜਬਰ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ਼ ਨਾਬਰੀ ਵਾਲਾ ਰੁਖ ਹੀ ਸਾਡੀ ਪਹਿਚਾਣ ਹੈ। ਅਸੀਂ ਸੰਘਰਸ਼ਾਂ ਦੇ ਜਾਏ ਹਾਂ  ਜਾਗਦੀ ਜ਼ਮੀਰ ਵਾਲਿਓ! ਚੇਤੇ ਰੱਖਿਓ ਇਹ ਯੁੱਧ ਤਦ ਤੱਕ ਨਹੀਂ ਮੁੱਕਣਗੇ ਜਦੋਂ ਤੱਕ ਅਸੀਂ ਤਾਨਾਸ਼ਾਹ ਹਕੂਮਤ ਨੂੰ ਇਹ ਅਹਿਸਾਸ ਨਹੀਂ ਕਰਵਾ ਦਿੰਦੇ ਕਿ ਇਹ ਕੋਈ ਜੰਗਲ ਰਾਜ ਨਹੀਂ ਹੈ, ਗੁਨਾਹਗਾਰ ਨੂੰ ਅਦਾਲਤ ’ਚ ਜ਼ੁਆਬਦੇਹ ਹੋਣਾ ਹੀ ਪਵੇਗਾ।
ਡਾਕਟਰ ਨਵਜੋਤ
 (ਪ੍ਰਿੰਸੀਪਲ  ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ)