Dharam Parwana

21 ਤੋਂ 23 ਸਤੰਬਰ ਤੇ ਵਿਸ਼ੇਸ਼ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ’ਤੇ - ਧਰਮ ਪ੍ਰਵਾਨਾ

ਫਰੀਦਾ ਜੋ ਤੇ ਮਾਰਿਨ ਮੁਕੀਐ, ਤਿਨਾਂ ਨਾ ਮਾਰੇ ਘੁੰਮਿ।"ਨਿਮਰਤਾ ਦਾ ਸੰਦੇਸ਼ ਦਿੰਦੀ ਬਾਬਾ ਸ਼ੇਖ ਫ਼ਰੀਦ ਜੀ ਦੀ ਬਾਣੀ
ਬਾਬਾ ਸ਼ੇਖ ਫਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪ੍ਰਥਮੇਂ  ਮਹਾਨ ਕਵੀ ਹੋਏ ਸਨ ਜਿੰਨ੍ਹਾਂ ਦੁਆਰਾ ਲਿਖੀ  ਹੋਈ ਰੂਹਾਨੀਅਤ  ਬਾਣੀ  ਸੂਫ਼ੀ ਰੰਗ ਵਿੱਚ  ਏਨੀ ਸਰਲ ਅਤੇ ਸੋਖੀ ਲਿਖੀ ਗਈ ਹੈ ਕਿ ਜਿਸ ਦੀ ਸਮਝ ਸਮਝ ਆਮ ਮਨੁੱਖ ਨੂੰ ਸਹਿਜੇ ਹੀ ਆ ਜਾਂਦੀ ਹੈ । ਜਿਸ ਕਰਕੇ ਉਨ੍ਹਾਂ ਦੀ ਰਚਿਤ  ਗੁਰਬਾਣੀ ਹਰ ਇੱਕ ਪ੍ਰਾਣੀ ਦੀ ਜ਼ੁਬਾਨ ਤੇ ਚੜੀ ਹੋਈ ਹੈ । ਸੋ,  ਇਸੇ ਕਰਕੇ ਹੀ ਜਦ ਅੱਜ ਵੀ ਬਾਬਾ ਫ਼ਰੀਦ ਜੀ ਦੇ ਸਲੋਕ ਅਤੇ ਸ਼ਬਦਾਂ ਨੂੰ ਪੜ੍ਹਦੇ ਸੁਣਦੇ ਹਾਂ ਤਾਂ ਇਨ੍ਹਾਂ ਨੂੰ ਪੜ੍ਹਨ ਅਤੇ ਸਮਝਣ ਵਿੱਚ  ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਤੇ ਉਹਨਾਂ ਦੇ ਲਿਖੇ ਸਲੋਕਾਂ ਦੇ ਅਰਥ ਆਪਣੇ ਆਪ ਹੀ ਪ੍ਰਾਣੀ ਨੂੰ ਸਮਝ ਆ ਜਾਂਦੇ ਹਨ।
 ਆਦਿ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ 112 ਸਲੋਕ ਅਤੇ 4 ਸ਼ਬਦ ਦਰਜ ਹਨ। ਉਹਨਾਂ ਦੀ ਬਾਣੀ ਹਮੇਸ਼ਾ ਹੀ ਮਨੁੱਖ ਨੂੰ ਕਰਮ ਕਾਂਡਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਉਹ ਭਗਤਾਂ ਨੂੰ ਉਪਦੇਸ਼ ਕਰਦਿਆਂ ਹਮੇਸ਼ਾਂ ਕਹਿੰਦੇ ਸਨ ਕਿ ਪ੍ਰਮਾਤਮਾ ਨੂੰ ਭਾਲਣ ਲਈ ਘਰ ਬਾਰ ਛੱਡ ਕੇ ਜੰਗਲਾਂ, ਪਹਾੜਾਂ, ਉਜਾੜਾਂ, ਬੀਆਬਾਨਾਂ ਵਿੱਚ ਭਟਕਣ ਦੀ ਲੋੜ ਨਹੀਂ, ਪ੍ਰਮਾਤਮਾ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਬੱਸ ਇੱਕ ਸਾਧਨਾਂ ਦੀ ਲੋੜ ਹੈ। ਜਿਸ ਕਰਕੇ ਉਹਨਾਂ ਪ੍ਰਭੂ ਭਗਤੀ ਨੂੰ ਹੀ ਪਹਿਲ ਦਿੱਤੀ।
"ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥"
ਉਹਨਾਂ ਨੇ ਇਹ ਉਪਦੇਸ਼ ਦੇਣ ਤੋਂ ਪਹਿਲਾਂ ਇਸ ਦਾ ਸਿੱਟਾ ਕੱਢਿਆ ਸੀ ਕਿ ਪ੍ਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵੱਸਦਾ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਆਪ ਜੰਗਲਾਂ ਵਿੱਚ ਰਹਿ ਕੇ ਭਗਤੀ ਕੀਤੀ ਸੀ ਪਰ ਨਤੀਜਾ ਨਾ ਪੱਖੀ ਹੀ ਸੀ।
   ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਫਰੀਦ ਜੀ ਜਦ ਜੰਗਲਾਂ ਵਿੱਚ ਭਗਤੀ ਕਰ ਵਾਪਸ ਆ ਰਹੇ ਸਨ ਤਾਂ ਉਹ ਇੱਕ ਥਾਂ ਅਰਾਮ ਕਰਨ ਲਈ ਰੁਕੇ ਤਾਂ ਉੱਥੇ ਚਿੜੀਆਂ ਰੌਲਾ ਪਾ ਰਹੀਆਂ ਸਨ, ਜਿਹੜੀਆਂ ਕਿ ਬਾਬਾ ਫ਼ਰੀਦ ਜੀ ਦੀ ਨੀਂਦ ਵਿੱਚ ਵਿਘਨ ਪਾ ਰਹੀਆਂ ਸਨ ਤਾਂ ਉਹਨਾਂ ਸੁਤੇ ਸਿੱਧ ਹੀ ਕਹਿ ਦਿੱਤਾ ਕਿ, 'ਮਰ ਜਾਵੋ ਚਿੜੀਓ' ਤਾਂ ਉਸ ਸਮੇਂ ਸਾਰੀਆਂ ਚਿੜੀਆਂ ਹੀ ਮਰ ਗਈਆਂ ਸਨ ਤਾਂ ਬਾਬਾ ਜੀ ਨੂੰ ਬੜਾ ਹੀ ਅਫਸੋਸ ਹੋਇਆ ਤੇ ਕਿਹਾ ਕਿ, ‘ਜੀ ਪਵੋ ਚਿੜੀਓ' ਤਾਂ ਚਿੜੀਆਂ ਇੱਕ ਦਮ ਉੱਠ ਕੇ ਚਹਿਕਾਉਣ ਲੱਗ ਪਈਆਂ ਤਾਂ ਬਾਬਾ ਜੀ ਆਪਣੇ ਰਸਤੇ ਅੱਗੇ ਚੱਲ ਪਏ ਤਾਂ ਉਹਨਾਂ ਦਾ ਪਿਆਸ ਨਾਲ ਬੁਰਾ ਹਾਲ ਹੋਣ ਲੱਗਾ ਤਾਂ ਸਾਹਮਣੇ ਇੱਕ ਖੂਹ ਨਜ਼ਰ ਆਇਆ ਤਾਂ ਬਾਬਾ ਜੀ ਉਸ ਖੂਹ ਦੇ ਕੋਲ ਗਏ ਜਿੱਥੇ ਕਿ ਇੱਕ ਔਰਤ ਖੂਹ 'ਚ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਡੋਲ ਰਹੀ ਸੀ। ਬਾਬਾ ਜੀ ਨੇ ਉਸ ਔਰਤ ਨੂੰ ਪਾਣੀ ਪਿਲਾਉਣ ਲਈ ਕਿਹਾ ਤਾਂ ਉਹ ਬਾਬਾ ਜੀ ਦੀ ਗੱਲ ਅਣਸੁਣੀ ਕਰ ਪਾਣੀ ਡੋਲਣ ਵਿੱਚ ਮਸਤ ਰਹੀ ਤਾਂ ਬਾਬਾ ਜੀ ਨੇ ਫਿਰ ਅਰਜ ਕੀਤੀ ਤਾਂ ਉਸ ਨੇ ਬਾਬਾ ਜੀ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, ‘ਮੈਂ ਕੋਈ ਚਿੜੀ ਨਹੀਂ, ਜਿਹੜੀ ਤੇਰੇ ਸ਼ਰਾਪ ਤੋਂ ਡਰ ਜਾਵਾਂਗੀ। ਮੇਰੀ ਸਕੀ ਭੈਣ ਦੇ ਘਰ ਅੱਗ ਲੱਗੀ ਹੋਈ ਹੈ, ਪਹਿਲਾਂ ਮੈਂ ਉਸ ਨੂੰ ਬੁਝਾ ਲਵਾਂ ਫੇਰ ਮੈਂ ਤੇਰੀ ਪਿਆਸ ਬੁਝਾ ਦੇਵਾਂਗੀ।' ਤਾਂ ਬਾਬਾ ਜੀ ਮਨ ਵਿੱਚ ਬੜੇ ਹੀ ਹੈਰਾਨ ਹੋਏ ਕਿ ਏਸ ਨੂੰ ਕਿਵੇਂ ਪਤਾ ਚੱਲ ਗਿਆ। ਤਾਂ ਬੀਬੀ ਰੰਗਰਤੜੀ ਬਾਬਾ ਜੀ ਦੇ ਚਿਹਰੇ ਨੂੰ ਭਾਂਪਦਿਆਂ ਬੋਲੀ ਕਿ ਜੰਗਲਾਂ ਵਿੱਚ ਰਹਿ ਕੇ ਭਗਤੀ ਨਹੀਂ ਹੁੰਦੀ, ਜੇਕਰ ਭਗਤੀ ਕਰਨੀ ਹੀ ਹੈ ਤਾਂ ਘਰ ਵਿੱਚ ਰਹਿ ਕੇ ਹੀ ਕਰ।  ਤਾਂ ਬਾਬਾ ਜੀ ਨੇ ਪੁੱਛਿਆ ਕਿ ਤੁਹਾਡੇ ਰੂਹਾਨੀਅਤ ਦੇ ਗੁਰੂ ਕੌਣ ਹਨ ਤਾਂ ਬੀਬੀ ਬੋਲੀ ਕਿ ਮੇਰੇ ਪਤੀ ਹੀ ਮੇਰੇ ਰੂਹਾਨੀਅਤ ਦੇ ਗੁਰੂ ਹਨ। ਬਾਬਾ ਜੀ ਨੂੰ ਆਪਣੀ ਜੰਗਲਾਂ ਵਿੱਚ ਰਹਿ ਕੇ ਕੀਤੀ ਬੰਦਗੀ ਵਿਅਰਥ ਹੀ ਜਾਪਣ ਲੱਗੀ।
ਹਰ ਇੱਕ ਇਤਿਹਾਸਕਾਰ ਨੇ ਬਾਬਾ ਜੀ ਜੀ ਦੇ ਜੀਵਨ ਸੰਬੰਧੀ ਵੱਖ-ਵੱਖ ਲਿਖਿਆ ਹੈ। ਕੁਝ ਕਹਿੰਦੇ ਨੇ ਕਿ ਉਹਨਾਂ ਨੇ ਬਾਅਦ ਵਿੱਚ ਗੁਰੂ ਧਾਰਨ ਕੀਤਾ ਤੇ ਘਰ ਵਿੱਚ ਹੀ ਭਗਤੀ ਕੀਤੀ। ਕੁਝ ਕਹਿੰਦੇ ਨੇ ਕਿ ਇਹਨਾਂ ਨੇ ਪਹਿਲਾਂ ਹੀ ਆਪਣਾ ਗੁਰੂ ਹਜ਼ਰਤ ਕੁਤਬਦੀਨ ਬਖਤਿਆਰ ਕਾਕੀ ਜੀ ਨੂੰ ਧਾਰਨ ਕੀਤਾ ਸੀ।
ਸੋ, ਬਾਬਾ ਜੀ ਨੇ ਹਮੇਸ਼ਾ ਨਿਰਮਤਾ ਦਾ ਹੀ ਸੰਦੇਸ਼ ਦਿੱਤਾ ਤਾਂ ਹੀ ਇਹ ਲਿਖਦੇ ਹਨ ਕਿ
"ਫਰੀਦਾ ਜੋ ਤੇ ਮਾਰਿਨ ਮੁਕੀਐ, ਤਿਨਾਂ ਨਾ ਮਾਰੇ ਘੁੰਮਿ
ਆਪੁਨਰੋ ਘਰਿ ਜਾਇਕ ਪੈਰ ਤਿਨਾਂ ਦੇ ਚੁੰਮਿ।।"
ਬਾਬਾ ਫਰੀਦ ਜੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਨੂੰ ਉਹ ਸਭ ਰਸਾਂ ਤੋਂ ਉੱਪਰਲੇ ਰਸਾਂ ਵਿੱਚੋਂ ਇੱਕ ਗਿਣਦੇ ਹੋਏ ਕਹਿੰਦੇ ਹਨ, ਸ਼ਹਿਦ, ਸ਼ੱਕਰ, ਖੰਡ ਜਾਵੇ ਕਿ ਬਹੁਤ ਹੀ ਜਿਆਦਾ ਮਿੱਠੇ ਹੁੰਦੇ ਹਨ ਪਰ ਪ੍ਰਮਾਤਮਾ ਹੀ ਦੇ ਨਾਮ ਦਾ ਰਸ ਏਸ ਦੁਨਿਆਵੀ ਪਦਾਰਥਾਂ ਤੋਂ ਕਿਤੇ ਜ਼ਿਆਦਾ ਮਿੱਠਾ ਹੈ।
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓਂ ਮਾਂਝਾ ਦੁਧੁ।।
ਸਮੇਂ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ।।
ਉਹਨਾਂ ਨੇ ਦੁਨੀਆਂ ਨੂੰ ਸਮਝਾਉਂਦੇ ਹੋਏ ਕਿ ਅਗਰ ਤੁਸੀਂ ਦੋਹਾਂ ਜਹਾਨਾਂ ਦੇ ਸੁੱਖ ਅਤੇ ਨਜ਼ਾਰੇ ਲੈਣੇ ਚਾਹੁੰਦੇ ਹੋ ਤਾਂ ਅੱਲ੍ਹਾ ਦੀ ਬੰਦਗੀ ਹਰ ਰੋਜ ਕਰਿਆ ਕਰੋ, ਜਿਹੜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ, ਉਹ ਮੁਰਦਿਆਂ ਸਮਾਨ ਹੁੰਦੇ ਹਨ, ਪ੍ਰਭੂ, ਅੱਲਾ ਦੀ ਬੰਦਗੀ ਕਰਨ ਵਾਲੇ ਮਾਲਿਕ ਦੇ ਪਿਆਰੇ ਹੁੰਦੇ ਹਨ। ਉਹ ਫਰਮਾਉਂਦੇ ਹਨ ਕਿ ਰਾਤ ਵੇਲਾ ਭਾਵ ਰਾਤ ਦਾ ਪਿਛਲਾ ਪਹਿਰ ਅੰਮ੍ਰਿਤ ਵੇਲਾ ਸਿਮਰਨ ਕਰਨ ਲਈ ਸਭ ਤੋਂ ਵਧੀਆ ਵਕਤ ਹੈ, ਇਸ ਸਮੇਂ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਸਤੂਰੀ ਵੰਡ ਰਿਹਾ ਹੁੰਦਾ ਹੈ ਜਿਹੜੇ ਪ੍ਰਾਣੀ   ਅੱਲ੍ਹਾ ਦੀ ਬੰਦਗੀ,ਇਬਾਦਤ ਨਹੀਂ ਕਰਦੇ ਉਹ ਸੁੱਤੇ ਹੀ ਰਹਿ ਜਾਂਦੇ ਹਨ ਤੇ ਉਹਨਾਂ ਨੂੰ ਇਹ ਕਸਤੂਰੀ ਨਹੀਂ ਮਿਲਦੀ ਹੈ।
ਫਰੀਦਾ ਪਿਛਲ ਰਾਤਿ ਨਾ ਜਾਗਿਓਹਿ ਜੀਵਦੜੋ  ਮੁਇਓਹਿ।
ਜੇ ਤੇ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥
ਉਹਨਾਂ ਨੇ ਆਪਣੀ ਬਾਣੀ ਵਿੱਚ ਹਮੇਸ਼ਾ ਨਿਮਰਤਾ ਨਾਲ ਰਹਿਣ ਦਾ ਢੰਗ ਦੱਸਿਆ ਹੈ ਕਿ ਰੱਬ ਨੂੰ ਪਾਉਣ ਲਈ ਕੋਈ ਹੁਸ਼ਿਆਰੀ, ਮਕਾਰ, ਝੂਠ ਫਰੇਬ ਨਹੀਂ ਚੱਲਦਾ, ਏਥੇ ਤਾਂ ਆਪਣੀ ਸ਼ਾਨ ਨੂੰ ਮਿੱਟੀ ਵਿੱਚ ਮਿਲਾਉਣਾ ਪੈਂਦਾ ਹੈ, ਉਹ ਭਗਤਾਂ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਤੂੰ ਚਤਰ ਸਿਆਣਾ ਹੈ ਤਾਂ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੀ ਦੇਖ ਕਿ ਤੂੰ ਕੀ ਕਰ ਰਿਹਾ ਹੈ, ਦੁਨਿਆਵੀ ਪਦਾਰਥਾਂ ਵਿੱਚ ਲੁਪਤ ਹੋ ਕੇ ਤੂੰ ਪ੍ਰਮਾਤਮਾ ਦੀ ਬੰਦਗੀ ਨੂੰ ਵਿਸਾਰ ਕੇ ਕਿੰਨਾ ਨੁਕਸਾਨ ਉਠਾ ਰਿਹਾ ਹੈ, ਤਾਂ ਲਿਖਦੇ ਹਨ ਕਿ
ਫਰੀਦਾ ਜੇ ਤੂ ਅਕਲਿ ਲਤੀਫ, ਕਾਲੇ ਲਿਖ ਨਾ ਲੇਖ।
 ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ।।
ਉਹਨਾਂ ਆਪਣੇ ਭਗਤਾਂ ਨੂੰ ਹਮੇਸ਼ਾ ਅੱਲ੍ਹਾ ਦੀ ਬੰਦਗੀ ਕਰਦਿਆਂ ਹੋਇਆਂ ਨੀਵਾਂ ਰਹਿ ਕੇ ਹੀ ਜਿਉਣਾ ਦੱਸਿਆ ਨਾ ਕਿ ਹੰਕਾਰ ਵਿੱਚ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਏਸ ਸੰਸਾਰ ਵਿੱਚ ਆਉਂਦੇ ਹਨ, ਉਹ ਅਗਰ ਨਿਮਰਤਾ ਨਾਲ ਜਗਤ ਵਿੱਚ ਰਹਿੰਦੇ ਹਨ ਤਾਂ ਕੁਝ ਖੱਟ ਕੇ ਚਲੇ ਜਾਂਦੇ ਹਨ, ਜਿਹੜੇ ਮਨੁੱਖ ਆਕੜ ਵਿੱਚ ਰਹਿੰਦੇ ਹਨ, ਉਹ ਦੁਨੀਆਂ ਤੋਂ ਸਭ ਕੁਝ ਗਵਾ ਕੇ ਤੁਰ ਜਾਂਦੇ ਹਨ। ਉਹਨਾਂ ਦੇ ਥੱਲੇ ਸਿਵਾਏ ਆਕੜ ਤੋਂ ਕੁਝ ਨਹੀਂ ਹੁੰਦਾ। ਉਹਨਾਂ ਜੀਵਾਂ ਨੂੰ ਇੱਥੇ ਵੀ ਧੱਕੇ ਪੈਂਦੇ ਨੇ ਤੇ ਅੱਗੇ ਦਰਗਾਹ ਵਿੱਚ ਵੀ ਧੱਕ ਹੀ ਪੈਂਦੇ ਹਨ। ਇਸ ਲਈ ਭਗਤਾਂ ਨੂੰ ਕਹਿੰਦੇ ਹਨ ਕਿ ਅਗਰ ਕੋਈ ਮਨੁੱਖ ਤੁਹਾਨੂੰ ਥੋੜੇ ਸ਼ਬਦ ਬੋਲਦਾ ਹੈ ਤਾਂ ਉਸ ਮਨੁੱਖ ਦਾ ਗੁੱਸਾ ਨਾ ਕਰੋ ਤੇ ਅੱਗਿਓਂ ਉਸ ਮਨੁੱਖ ਨਾਲ ਪ੍ਰੇਮ ਪਿਆਰ ਨਾਲ ਪੇਸ਼ ਆਵੇ ਤੇ ਉਸ ਦਾ ਪੂਰਾ ਪੂਰਾ ਸਤਿਕਾਰ ਕਰੋ।
"ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨਾ ਹੰਢਾਇ।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥"
     ਸੋ, ਬਾਬਾ ਜੀ ਨੇ ਆਪਣੀ ਬਾਣੀ ਵਿੱਚ ਹਮੇਸ਼ਾ ਹੀ ਆਪਣੇ ਸੇਵਕਾਂ ਦੇ ਨਿਮਰਤਾ, ਪ੍ਰਭੂ (ਅੱਲ੍ਹਾ) ਭਗਤੀ ਦੇ ਗਹਿਣੇ ਪਹਿਨਾਏ ਸਨ। ਉਹਨਾਂ ਨੇ ਦੁਨੀਆਂ ਨੂੰ ਸੱਚ ਦਾ ਰਾਹ ਦਿਖਾਉਣ ਲਈ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ ਸਨ।ਆਪ ਜੀ ਦਿੱਲੀ ਤੋਂ ਪਾਕਿ ਪਟਨ ਜਾਂਦਿਆਂ ਮੋਕੁਲਹਰ (ਫਰੀਦਕੋਟ) ਵਿਖੇ 23 ਸਤੰਬਰ 1215 ਨੂੰ ਫਰੀਦਕੋਟ ਵਿਖੇ ਪਹੁੰਚੇ ਸਨ ਤਾਂ ਉੱਥੋਂ ਮੋਕੁਲਹਰ ਦਾ ਰਾਜਾ ਮੋਕਲਸੀ ਕਿਲੇ ਦੀ ਉਸਾਰੀ ਕਰਵਾ ਰਿਹਾ ਸੀ ਤਾਂ ਉੱਥੇ ਰਾਜੇ ਵੱਲੋਂ ਕਈਆਂ ਨੂੰ ਵੰਗਾਰ ਵਿੱਚ ਫੜ ਕੇ ਲਾਇਆ ਹੋਇਆ ਸੀ ਤਾਂ ਉਹਨਾਂ ਬਾਬਾ ਜੀ ਨੂੰ ਵੀ ਇੱਕ ਆਮ ਇਨਸਾਨ ਸਮਝਦਿਆਂ ਜਬਰਦਸਤੀ ਫੜ ਕੇ ਵੰਗਾਰ ਵਿੱਚ ਲਾ ਲਿਆ ਜਦ ਉੱਥੇ ਲੋਕਾਂ ਨੇ ਦੇਖਿਆ ਕਿ ਬਾਬਾ ਜੀ ਦੇ ਸਿਰ 'ਤੇ ਟੋਕਰੀ ਨਹੀਂ ਟਿਕ ਰਹੀ ਸੀ ਅਤੇ ਇੱਥੇ ਇਤਿਹਾਸਕਾਰ ਦੱਸਦੇ ਹਨ ਕਿ ਉਹ ਗਾਰੇ ਵਾਲੇ ਟੋਕਰੀ ਸਵਾ ਹੱਥ ਉੱਚੀ  ਬਾਬਾ ਜੀ ਦੇ ਸਿਰ ਤੋਂ ਹਵਾ ਵਿੱਚ ਹੀ  ਤੈਰ ਰਹੀ ਸੀ। ਜਦ ਏਸ ਗੱਲ ਦਾ ਰਾਜਾ ਮੋਕਲਸੀ ਨੂੰ ਪਤਾ ਚੱਲਿਆ ਤਾਂ ਉਹਨਾਂ ਆਪਣੀ ਭੁੱਲ ਬਖਸ਼ਾਈ ਤਾਂ ਬਾਬਾ ਜੀ ਨੇ ਏਸ ਨੂੰ ਮੁਆਫ਼ ਕਰਦਿਆਂ ਕਿਹਾ ਕਿ ਜਬਰ ਜੁਲਮ ਨਾ ਕਰ ਹਰ ਪਾਣੀ ਵਿੱਚ ਅੱਲ੍ਹਾ ਦਾ ਵਾਸਾ ਹੈ। ਇਹਨਾਂ ਮਜ਼ਦੂਰਾਂ ਨੂੰ ਮਜ਼ਦੂਰੀ ਬਦਲੇ ਮਜ਼ਦੂਰੀ ਦੇ। ਰਾਜਾ ਮੋਕਲਹਰ ਨੇ ਬਾਬਾ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆ ਸਭ ਨੂੰ ਵੰਗਾਰ ਤੋਂ ਮੁਕਤ ਕਰ ਦਿੱਤਾ।
ਉਸ ਸਮੇਂ ਇਹ ਸ਼ਹਿਰ ਵੱਧਦਾ ਫੁੱਲਦਾ ਨਹੀਂ ਸੀ ਕਿਉਂਕਿ ਉਸ ਸਮੇਂ ਸਤਲੁਜ ਦਰਿਆ ਮੋਕਲਹਰ ਦੇ ਲਹਿੰਦੇ ਉੱਤਰ ਵੱਲ ਵਗਦਾ ਸੀ ਤੇ ਚੋਰ ਧਾੜਵੀ ਆਦਿ ਆ ਏਸ ਨੂੰ ਲੁੱਟ ਕੇ ਲੈ ਜਾਂਦੇ ਸਨ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਸ਼ਹਿਰ ਦਾ ਨਾਮ ਬਦਲ ਦਿਓ ਤਾਂ ਰਾਜਾ ਮੋਕਲਸੀ ਨੇ ਝੱਟ ਮੋਕਲਹਰ ਤੋਂ ਸ਼ਹਿਰ ਦਾ ਨਾਮ ਬਦਲ ਕੇ ਸ਼ੇਖ ਫਰੀਦ ਜੀ ਦੇ ਨਾਮ 'ਤੇ ਫਰੀਦਕੋਟ ਰੱਖ ਦਿੱਤਾ। ਬਾਬਾ ਜੀ ਨੇ ਰਾਜੇ ਦੀ ਸੇਵਾ ਭਾਵਨਾ ਤੋਂ ਖੁਸ਼ ਹੁੰਦਿਆਂ ਸ਼ਹਿਰ ਨੂੰ ਅਨੇਕਾਂ ਵਰਦਾਨ ਦਿੱਤੇ।
                  ਸੋ, ਅੱਜ ਬਾਬਾ ਫਰੀਦ ਜੀ ਦੀ ਵਰਸੋਈ ਹੋਈ ਨਗਰੀ ਫਰੀਦਕੋਟ ਦਾ ਨਾਮ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ, ਜੇਕਰ ਵਿਸ਼ਵ ਵਿੱਚ ਕਿਤੇ ਕੋਈ ਗੱਲ ਹੁੰਦੀ ਹੈ ਤਾਂ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਦਾ ਜ਼ਿਕਰ ਜ਼ਰੂਰ ਹੁੰਦਾ ਹੈ।
              ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਪੰਜਾਬ ਸਰਕਾਰ ਵੱਲੋਂ ਪੁਰਾਤੱਤਵ ਵਿਰਾਸਤ ਤੇ ਸਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਬੜਾ ਹੀ ਵੱਡਾ 5 ਦਿਨਾਂ ਤੱਕ ਚੱਲਣ ਵਾਲਾ ਮੇਲਾ ਮਨਾਇਆ ਜਾਂਦਾ ਹੈ, ਜਿਸ ਵਿੱਚ ਕਲਾ ਦੇ ਸਭ ਰੰਗ ਹੀ ਦੇਖਣ ਨੂੰ ਮਿਲਦੇ ਹਨ। ਇਸ ਮੇਲੇ ਵਿੱਚ ਸੂਫੀ ਕਵਾਲੀਆਂ, ਕਵੀ ਦਰਬਾਰ, ਪੇਂਡੂ ਖੇਡ ਮੇਲਾ, ਸਭਿਆਚਾਰਕ ਮੇਲਾ, ਕੁਸ਼ਤੀਆਂ, ਕਬੱਡੀ, ਬਾਸਕਿਟਬਾਲ, ਹਾਕੀ, ਕਬੱਡੀ ਆਦਿ ਖੇਡਾਂ ਆਲ ਇੰਡੀਆ ਗੋਲਡ ਕੱਪ ਦੇ ਨਾਮ 'ਤੇ ਕਰਵਾਈਆਂ ਜਾਂਦੀਆਂ ਹਨ। ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ  ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਮੇਲਾ ਵਿਸ਼ਵ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੇਲਾ ਕੋਈ  ਇੱਕ ਫਿਰਕੇ ਦਾ ਨਹੀਂ ਸਗੋਂ ਸਭ ਧਰਮਾਂ ਦਾ ਸਾਂਝਾ ਮੇਲਾ ਹੁੰਦਾ ਹੈ ਅਤੇ ਬਾਬਾ ਜੀ ਦੀ ਦਰਗਾਹ 'ਤੇ ਦੂਰੋਂ-ਦੂਰੋਂ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚੋਂ ਵੀ ਸੰਗਤਾਂ ਹੁੰਮ ਹੁੰਮਾ ਕੇ ਪਹੁੰਚਦੀਆਂ ਹਨ।ਸਭ ਧਰਮਾਂ ਲੋਕ ਦੇ ਲੋਕ ਬਾਬਾ ਜੀ ਦੇ ਅਸਥਾਨ ਤੇ ਜੁੜ ਬੈਠਦੇ ਹਨ।
ਧਰਮ ਪ੍ਰਵਾਨਾ - ਪਿੰਡ ਤੇ ਡਾਕ: ਕਿਲਾ ਨੌਂ,ਫਰੀਦਕੋਟ - ਫੋਨ ਨੰਬਰ 9876717686

ਅਜਾਦੀ - ਧਰਮ ਪ੍ਰਵਾਨਾਂ

ਅਜਾਦੀ ਕੀ ਹੈ
ਇਸ ਦਾ ਮੈਂਨੂੰ ਨਹੀ ਪਤਾ,
ਕਿਉਕਿ ,
ਅਸੀ ਗੁਲਾਮ ਪੈਂਦਾ ਹੋਏ ,
ਗੁਲਾਮ ਹੀ ਮਰ ਜਾਣਾ ਹੈ।
ਮੇਰੀ ਮਾਂ ਨੇ ਸਾਨੂੰ ਪਾਲਣ ਲਈ,
ਖੇਤਾਂ ਵਿੱਚੋ ਛੱਟੇ ਚੁਗੇ,
ਨਰਮੇ ਚੁਗੇ,
ਪਿਉ ਨੇ ਸਖ਼ਤ ਮਜ਼ਦੂਰੀ ਕੀਤੀ।
ਮੈ ਸੁਣਦਾ ਹੁੰਦਾ ਸੀ,
ਆਪਣੇ ਮਾਂ ਪਿਓ ਦੀ ਜ਼ੁਬਾਨੋਂ
ਆਪਣੀ ਤਾਂ ਬੀਤ ਗਈ,
ਪਰ ਬੱਚੇ  ਗ਼ੁਲਾਮ ਨਾ ਬਣਨ
ਬੜੀ ਮੁਸ਼ੱਕਤ ਨਾਲ
ਸਾਰੇ ਭੈਣ ਭਰਾਵਾਂ ਨੂੰ ਪੜ੍ਹਾਇਆ
ਪਰ,ਭ੍ਰਿਸਟ ਲੋਕਤੰਤਰ ਵਿੱਚ
ਨੌਕਰੀ ਕੋਈ ਮਿਲ ਨਾ ਸਕੀ ।
ਡਿਗਰੀ ਲੈ ਕੇ ਵੀ
ਸ਼ਾਹੂਕਾਰਾਂ ਦਾ ਨੌਕਰ,
ਚੰਦ ਰੁਪਈਆਂ ਲਈ
ਵਿੱਤੋਂ ਵੱਧ ਜਾਨ ਤੋੜ ਕੰਮ
ਕਰਨ ਕਰਕੇ,
ਸਰੀਰ ਜਵਾਨੀ ਵਿੱਚ ਹੀ
ਬੁਢਾਪੇ ਦੀਆਂ ਨਿਸ਼ਾਨੀਆਂ ਦੇਣ ਲੱਗਾ।
ਅੱਤ ਮੰਹਿਗਾਈ ਕਾਰਨ
ਚੰਗੀ ਖੁਰਾਕ ਨਸੀਬ ਨਾ ਹੋਈ।
ਸਾਰੀ ਉਮਰ ਤੁੱਛ ਜਿਹੀ ਤਨਖਾਹ ਲੈ
ਨਾਂ ਚਾਹੁੰਦਿਆਂ ਵੀ ਗੁਲਾਮਾਂ ਵਾਂਗ
ਸਾਰੀ ਉਮਰ ਗੁਜਾਰ ਲਈ,
ਅਜਾਦੀ ਭਾਲਦਿਆਂ ਭਾਲਦਿਆਂ
ਤਿੰਨ ਪੀੜ੍ਹੀਆਂ ਬੀਤ ਗਈਆ
ਪਰ, ਸਾਨੂੰ ਅਜਾਦੀ ਨਹੀ ਮਿਲੀ।
ਪਰ, ਸਾਨੂੰ ਇਤਿਹਾਸ ਵਿੱਚ
ਇਹ ਪੜ੍ਹਾਇਆ ਗਿਆ ਸੀ
ਕਿ, ਅੰਗਰੇਜ਼ਾਂ ਨੇ ਸਾਨੂੰ
ਸੋ ਸਾਲ ਗੁਲਾਮ ਬਣਾ ਕੇ ਰੱਖਿਆ ਸੀ।
ਪਰ, ਮੈ ਸੋਚਦਾ ਹਾਂ ਕਿ,
ਅਸੀ ਤਾ ਹੁਣ ਵੀ ਗੁਲਾਮ ਹਾਂ।
ਅਜਾਦੀ ਕਦੋ ਆਵੇਗੀ।
ਜਿਹਨੂੰ ਲੱਭਦੇ ਲੱਭਦੇ
ਸਾਡਾ ਦਾਦਾ,ਫਿਰ ਬਾਪ
ਇਸ ਜਹਾਨੋਂ ਕੂਚ ਕਰ ਗਏ
ਹੁਣ ਅਸੀ  ਅਜਾਦੀ ਲੱਭਦਿਆਂ
ਰੁੱਖਸਤ ਹੋ ਜਾਣਾ ਹੈ।
ਕਿਰਤੀਆਂ ਨੂੰ ਅਜਾਦੀ ਨਸੀਬ
ਨਹੀ ਹੋਣੀ,
ਕਿਉਕਿ ਇਹ
ਅਜਾਦੀ ਧਨਾਢਾਂ
ਨੇ ਆਪਣੇ ਘਰ ਕੈਦ ਕਰ ਰੱਖੀ ਹੈ।

ਧਰਮ ਪ੍ਰਵਾਨਾਂ
ਕਿਲ੍ਹਾ ਨੌਂ ਫਰੀਦਕੋਟ
9876717686

23 ਮਾਰਚ ਭਗਤ ਸਿੰਘ ਦੀ ਸਹੀਦੀ ਤੇ ਵਿਸ਼ੇਸ਼  : ਧਰਮ ਪ੍ਰਵਾਨਾਂ

ਸਲਾਮ
ਭਗਤ ਸਿਓ ਤੈਨੂੰ ਸਲਾਮ ਹੈ,
ਤੇਰੇ ਸਾਥੀ ਸੁਖਦੇਵ,ਰਾਜਗੁਰੂ,
ਚੰਦਰ ਸ਼ੇਖਰ,ਮਦਨ ਲਾਲ ਢੀਗਰਾ,
ਗ਼ਦਰੀ ਬਾਬੇ,ਕੂਕੇ,ਬੱਬਰ ਅਕਾਲੀਆਂ

ਨੂੰ ਸਲਾਮ ਹੈ।
ਭਗਤ ਸਿਹੁੰ
ਤੁਹਾਡੀਆਂ  ਕੁਰਬਾਨੀਆਂ ਨੂੰ ਸਲਾਮ ਹੈ
ਤੁਹਾਡੀਆਂ ਕੁਰਬਾਨੀਆਂ ਸਦਕਾ ਹੀ,
ਗਦਾਰ ਲੀਡਰਾਂ ਨੂੰ ਕੁਰਸੀਆਂ

ਨਸੀਬ ਹੋਈਆਂ ਸਨ।
ਅੱਜ ਤੇਰੇ ਅਤੇ ਤੇਰੇ ਸਾਥੀਆਂ ਦੀ
ਔਲਾਦ ਦਿਹਾੜੀਆਂ ਕਰ ਰਹੀ ਹੈ।
ਅੰਗਰੇਜ਼ਾਂ ਦੇ ਪਿੱਠੂ
ਰਾਜ ਕਰ ਰਹੇ ਹਨ
ਭਗਤ ਸਿੰਹਾਂ
ਤੇਰੇ ਸਮੇਂ ਜਿਹੜੇ ਗਦਾਰ ਸਨ
ਉਹ ਅੱਜ ਝੂਠੇ ਸਵਤੰਤਰਤਾ ਸੰਗਰਾਮੀਏ
ਬਣ ਮੋਜਾਂ ਲੁੱਟ ਰਹੈ ਨੇ
ਅਸਲ ਸਵਤੰਤਰਤਾ ਸੰਗਰਾਮੀਏ
ਸੜਕਾਂ ਤੇ ਰੋੜੀ ਕੁੱਟ ਰਹੇ ਨੇ।
ਭਗਤ ਸਿੰਹਾਂ,
ਦੱਸ ਤੈਨੂੰ ਕੀ ਮਿਲਿਆ ਫਾਂਸੀ ਦੇ ਫੰਦੇ ਤੇ ਚੜਕੇ,
ਤੂੰ ਵੀ ਆਪਣੇ ਸਾਥੀਆਂ ਨਾਲ ਮਿਲ
ਸ਼ਾਹੀ ਸਹੂਲਤਾਂ ਦਾ ਅਨੰਦ ਮਾਣ ਸਕਦਾ ਸੀ
ਭਗਤ ਸਿੰਹਾਂ ,
ਤੂੰ ਤਾਂ ਅਜ਼ਾਦ ਭਾਰਤ ਦੇ ਸੁਪਨੇ ਹੀ
ਬੁਣਦਾ ਰਿਹਾ,
ਤੇਰੇ ਸੁਪਨਿਆਂ ਦਾ ਰਾਜ
ਸੁਪਨਾ ਹੀ ਰਿਹਾ ਗਿਆ
ਗ਼ਰੀਬ ,ਮਜ਼ਦੂਰ,ਉਸ ਸਮੇਂ
ਗੋਰਿਆਂ ਦਾ ਗ਼ੁਲਾਮ ਸੀ
ਹੁਣ ਕਾਲਿਆਂ ਦਾ ਗ਼ੁਲਾਮ ਹੈ।
ਗੋਰਿਆਂ ਦੇ ਰਾਜ ਵਿੱਚ
ਭਾਰਤੀਆਂ ਨਾਲ ਅਨਿਆਂ
ਹੁੰਦਾ ਸੀ,
ਹੁਣ ਕਾਲਿਆਂ ਦੇ ਰਾਜ ਵਿੱਚ ਵੀ
ਅਨਿਆਂ ਹੋ ਰਿਹਾ ਹੈ।
ਕੋਈ ਫ਼ਰਕ ਨਹੀਂ
ਅਜ਼ਾਦ ਅਤੇ ਗੁਲਾਮ ਭਾਰਤ ਦੇ ਵਿੱਚ

ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ
ਫਰੀਦਕੋਟ 151203
9876717686