ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ - ਦਰਸ਼ਨ ਸਿੰਘ ਖਟਕੜ
ਜੰਮੂ-ਕਸ਼ਮੀਰ ਲਈ ਧਾਰਾ 370, 35-ਏ ਨੂੰ ਭੰਗ ਕਰਨ, ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਬਦਲਣ, ਗ਼ੈਰ-ਕਾਨੂੰਨੀ ਸਰਗਰਮੀ ਰੋਕੂ ਕਾਨੂੰਨ ਅਤੇ ਸੂਚਨਾ ਅਧਿਕਾਰ ਕਾਨੂੰਨ 'ਚ ਸੋਧ ਕਰਕੇ ਸੱਤਾ ਦੇ ਕੇਂਦਰੀਕਰਨ, ਇਕ ਸ਼ਹਿਰ ਵਿਚ ਮਨੂੰ ਸਿਮਰਤੀ ਲਾਗੂ ਕਰਨ ਲਈ ਅਦਾਲਤ ਦਾ ਗਠਨ, 49 ਬੁੱਧੀਜੀਵੀਆਂ ਵਿਰੁੱਧ ਸਾਜ਼ਿਸ਼ ਦਾ ਮੁਕੱਦਮਾ, ਰੋਮਿਲਾ ਥਾਪਰ ਕੋਲੋਂ ਅਪਮਾਨਜਨਕ ਸਪੱਸ਼ਟੀਕਰਨ, ਭਾਗਵਤ ਵੱਲੋਂ ਦਲਿਤਾਂ ਲਈ ਰਾਖਵੇਂਕਰਨ ਉੱਪਰ ਬੇਬਾਕ ਬਹਿਸ ਦੀ ਲੋੜ 'ਤੇ ਜ਼ੋਰ ਆਦਿ ਕਿਹੜੀ ਜੜ੍ਹ ਵਿਚੋਂ ਫੁੱਟੇ ਪੌਦੇ ਦੀਆਂ ਟਾਹਣੀਆਂ ਹਨ?
ਸੰਘ ਪਰਿਵਾਰ ਦੇ ਸੰਸਥਾਪਕ, ਸਿਧਾਂਤਕਾਰ ਅਤੇ ਨੀਤੀਘਾੜੇ ਇਸ ਵਿਚਾਰ ਦੇ ਧਾਰਨੀ ਹਨ ਕਿ ਭਾਰਤ ਮੁੱਢ ਕਦੀਮ ਤੋਂ ਹੀ ਮਹਾਨ ਦੇਸ਼ ਅਤੇ ਸੱਭਿਅਤਾ ਰਹੀ ਹੈ ਜਿਸ ਨੇ ਆਪਣੇ ਵੇਦਾਂ, ਉਪਨਿਸ਼ਦਾਂ, ਪੁਰਾਣਾਂ, ਸ਼ਾਸਤਰਾਂ, ਭਾਸ਼ਾਕਾਰਾਂ, ਵੈਦਾਂ ਰਾਹੀਂ ਦੁਨੀਆਂ ਵਿਚ ਗਿਆਨ ਦਾ ਅਮੁੱਲ ਚਾਨਣ ਫੈਲਾਇਆ ਹੈ, ਪਰ ਮਗਰੋਂ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋ ਗਏ ਜਿਸ ਦੇ ਨਾਲ-ਨਾਲ ਦਿੱਲੀ ਵਿਚ ਵੱਖ-ਵੱਖ ਮੁਸਲਮਾਨ ਸ਼ਾਸਕਾਂ ਦਾ ਰਾਜ ਸਥਾਪਤ ਹੋ ਗਿਆ, ਜਿਹੜਾ ਬਾਬਰ ਦੀ ਜਿੱਤ ਮਗਰੋਂ ਅਖੀਰ ਵਿਚ ਅਕਬਰ ਦੇ ਰਾਜ ਦੀ ਸਥਾਪਨਾ ਰਾਹੀਂ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਤਕ ਜਾਰੀ ਰਿਹਾ। ਇਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਮੁਸਲਮਾਨ ਰਾਜ ਪ੍ਰਬੰਧ ਕਾਰਨ ਹਿੰਦੂ ਆਪਣੀ ਬਹੁਗਿਣਤੀ ਦੇ ਬਾਵਜੂਦ ਗ਼ੁਲਾਮ ਬਣ ਗਏ, ਜਿਹੜੇ ਟੋਡਰਮੱਲ, ਬੀਰਬਲ, ਮਾਨ ਸਿੰਘ ਵਰਗੇ ਹਿੰਦੂ ਸਰਕਾਰੀ ਤੰਤਰ ਦਾ ਹਿੱਸਾ ਬਣੇ, ਉਹ ਮਜਬੂਰੀ ਤੇ ਬੇਵੱਸੀ ਕਾਰਨ ਗ਼ੁਲਾਮੀ ਭੋਗਣ ਲਈ ਮਜਬੂਰ ਹੋਏ। ਹਿੰਦੂ ਨਾ ਆਪਣੀ ਪੈਂਠ ਤੇ ਪੁੱਗਤ ਬਣਾ ਸਕੇ ਅਤੇ ਨਾ ਹੀ ਆਪਣੀ ਉੱਤਮਤਾ ਦਰਸਾ ਸਕੇ। ਉਨ੍ਹਾਂ ਅਨੁਸਾਰ ਇਹ ਅਮਲ ਅੰਗਰੇਜ਼ੀ ਰਾਜ ਅਤੇ 1947 ਮਗਰੋਂ ਕਾਂਗਰਸ ਰਾਜ ਤੋਂ ਲੈ ਕੇ 2014 ਤਕ ਚਾਲੂ ਰਿਹਾ। ਇਸ ਗਿਰਾਵਟ ਦੇ ਮੁੱਖ ਕਾਰਨਾਂ ਵਿਚ ਉਹ ਹਿੰਦੂ ਰਾਜਿਆਂ ਦੀ ਆਪਸੀ ਫੁੱਟ, ਸੱਤਾ ਦੇ ਵਿਕੇਂਦਰੀਕਰਨ, ਕਮਜ਼ੋਰ ਸੈਨਿਕ ਸ਼ਕਤੀ ਅਤੇ ਆਪਣੇ ਆਪ ਨੂੰ ਹਿੰਦੂਆਂ ਵਜੋਂ ਮੁੜ ਸਥਾਪਤ ਕਰਨ ਦੀ ਝਿਜਕ ਨੂੰ ਗਿਣਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਮੁਸਲਿਮ ਹਮਲਿਆਂ ਅਤੇ ਮੁਸਲਿਮ ਸ਼ਾਸਨ ਕਾਲ ਵਿਚ ਹਿੰਦੂਆਂ ਦੇ ਮੰਦਰ ਢਾਹੇ ਗਏ, ਲੁੱਟੇ ਗਏ, ਹਿੰਦੂ ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ, ਉਨ੍ਹਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿਚ ਵੇਚਿਆ ਗਿਆ, ਹਿੰਦੂਆਂ 'ਤੇ ਮੁਸਲਿਮ ਖਾਣ-ਪੀਣ ਅਤੇ ਪਹਿਰਾਵਾ ਠੋਸਿਆ ਗਿਆ। ਇਨ੍ਹਾਂ ਘਟਨਾਕ੍ਰਮਾਂ ਦਾ ਬਦਲਾ ਲੈ ਕੇ ਹਿੰਦੂ ਅਣਖ ਅਤੇ ਸਰਦਾਰੀ ਕਾਇਮ ਕਰਨ ਦੇ ਸੁਰ ਸੰਘ ਪਰਿਵਾਰ ਕੋਲ ਮੌਜੂਦ ਹਨ ਜਿਹੜੇ ਹਜੂਮੀ ਹਿੰਸਾ ਰਾਹੀਂ ਪ੍ਰਗਟ ਹੋ ਰਹੇ ਹਨ।
ਉਨ੍ਹਾਂ ਦੇ ਐਲਾਨ ਅਨੁਸਾਰ ਜਦੋਂ 800 ਸਾਲ ਮਗਰੋਂ 'ਸਵੈਭਿਮਾਨੀ ਹਿੰਦੂ' ਹੱਥ ਸੱਤਾ ਆ ਗਈ ਹੈ ਤਾਂ ਸਾਰੇ ਇਤਿਹਾਸ ਨੂੰ ਉਲਟਾ ਕੇ ਮੋੜਵਾਂ ਵਾਰ ਕਰਨ ਦਾ ਢੁਕਵਾਂ ਸਮਾਂ ਉਨ੍ਹਾਂ ਦੇ ਹੱਥ ਲੱਗ ਚੁੱਕਾ ਹੈ। ਇਸ ਕਰਕੇ ਮੁੜ ਸੱਤਾ ਪ੍ਰਾਪਤੀ ਦੇ 2 ਕੁ ਮਹੀਨੇ ਵਿਚ ਉਨ੍ਹਾਂ ਧਾਰਾ 370 ਅਤੇ 35-ਏ ਭੰਗ ਕਰਕੇ ਇਕ ਤੀਰ ਨਾਲ ਚਾਰ ਨਿਸ਼ਾਨੇ ਫੁੰਡ ਦਿੱਤੇ ਹਨ। ਜੰਮੂ ਕਸ਼ਮੀਰ ਵਿਚ ਮੁਸਲਿਮ ਬਹੁਗਿਣਤੀ ਹੋਣ ਕਰਕੇ ਉੱਥੇ ਮੁਸਲਿਮ ਭਾਈਚਾਰੇ ਦੇ ਸਿਆਸੀ ਪ੍ਰਤੀਨਿਧਾਂ ਦੀ ਬਹੁਗਿਣਤੀ ਹੁੰਦੀ ਸੀ ਜਿਸ ਨਾਲ ਮੁਸਲਿਮ ਭਾਈਚਾਰੇ ਦੀ ਸਰਦਾਰੀ ਸਥਾਪਤ ਹੁੰਦੀ ਸੀ ਅਤੇ ਇਹ ਧਾਰਾਵਾਂ ਇਸ ਭਾਈਚਾਰੇ ਦੀ ਵੱਖਰੀ ਪਛਾਣ ਨੂੰ ਵੀ ਮਾਨਤਾ ਪ੍ਰਦਾਨ ਕਰਦੀਆਂ ਸਨ। ਧਾਰਾਵਾਂ ਭੰਗ ਕਰਕੇ ਵਿਸ਼ੇਸ਼ ਪਛਾਣ ਜਿਸਨੂੰ ਵਿਸ਼ੇਸ਼ ਅਧਿਕਾਰ ਕਿਹਾ ਜਾ ਰਿਹਾ ਹੈ, ਖ਼ਤਮ ਕਰ ਦਿੱਤਾ ਹੈ। ਦੂਜਾ ਮੁਸਲਿਮ ਭਾਈਚਾਰਿਆਂ ਦੀ ਸਰਦਾਰੀ ਖ਼ਤਮ ਕਰ ਦਿੱਤੀ ਹੈ। ਤੀਜਾ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇ ਕੇ ਕਸ਼ਮੀਰ ਨੂੰ ਕੇਂਦਰ ਦੀ ਸੰਘ ਸਰਕਾਰ ਅਧੀਨ ਕਰਕੇ ਸਵੈਭਿਮਾਨੀ ਹਿੰਦੂ ਦੀ ਸਰਦਾਰੀ ਵੀ ਮੁੜ ਸਥਾਪਿਤ ਕਰ ਦਿੱਤੀ ਹੈ, ਧਾਰਾ 370 ਅਧੀਨ ਸੰਘੀ ਢਾਂਚੇ ਦੀ ਇਕੋ-ਇਕ ਉਦਾਹਰਨ ਵੀ ਖ਼ਤਮ ਕਰ ਦਿੱਤੀ ਹੈ। ਇਸ ਕਰਕੇ ਸੰਸਦ ਭਵਨ ਵਿਚ ਦੀਪ ਮਾਲਾ ਕੀਤੀ ਗਈ, ਦੋ ਸੰਵਿਧਾਨਾਂ ਦੀ ਥਾਂ ਇਕ ਸੰਵਿਧਾਨ ਲਾਗੂ ਕਰਨ 'ਤੇ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਸੰਘ ਪਰਿਵਾਰ ਦੇ ਸਿਧਾਂਤਕਾਰਾਂ ਦਾ ਦੂਜਾ ਇਤਿਹਾਸਕ ਸਬਕ ਮੱਧਕਾਲ ਵਿਚ ਹਿੰਦੂ ਰਾਜਿਆਂ ਦੇ ਆਪਸੀ ਰੇੜਕੇ, ਫੁੱਟ ਅਤੇ ਇਸ ਫੁੱਟ ਵਿਚੋਂ ਜੰਮਿਆ ਵਿਕੇਂਦਰੀਕਰਨ ਅਤੇ ਕੇਂਦਰੀਕਰਨ ਦੀ ਅਣਹੋਂਦ ਹੈ। ਇਸ ਕਰਕੇ ਭਾਜਪਾ ਸਰਕਾਰ ਨੇ ਕੇਂਦਰੀਕਰਨ ਦਾ ਅਮਲ ਆਰੰਭ ਕੀਤਾ ਹੈ। ਗ਼ੈਰਕਾਨੂੰਨੀ ਸਰਗਰਮੀ ਰੋਕੂ ਕਾਨੂੰਨ ਵਿਚ ਸੋਧ ਕਰਕੇ ਕੌਮੀ ਜਾਂਚ ਏਜੰਸੀ ਨੂੰ ਖੁੱਲ੍ਹੇ ਅਧਿਕਾਰ ਦੇ ਦਿੱਤੇ ਹਨ ਜਿਨ੍ਹਾਂ ਤਹਿਤ ਉਹ ਸੂਬਾਈ ਸੰਸਥਾਵਾਂ ਤੇ ਸਰਕਾਰਾਂ ਨੂੰ ਆਰਾਮ ਨਾਲ ਹੀ ਇਕ ਪਾਸੇ ਧੱਕ ਕੇ ਕੇਂਦਰੀਕ੍ਰਿਤ ਅਧਿਕਾਰਾਂ ਦੀ ਵਰਤੋਂ ਕਰ ਸਕਦੀਆਂ ਹਨ। ਮੋਟਰ ਵਾਹਨ ਕਾਨੂੰਨ ਵਿਚ ਵੀ ਕੇਂਦਰ ਦੀ ਅਥਾਰਟੀ ਸਰਗਰਮ ਹੈ। ਕੇਂਦਰੀਕਰਨ ਦਾ ਇਹ ਅਮਲ ਅਗਲੇ ਸਮੇਂ ਵਿਚ ਵੀ ਜਾਰੀ ਰਹੇਗਾ। ਸੰਘ ਸਿਧਾਂਤਕਾਰ ਤੱਤ ਰੂਪ ਵਿਚ ਸੰਘੀ ਢਾਂਚੇ ਦੇ ਨਹੀਂ, ਸਗੋਂ ਏਕੀਕ੍ਰਿਤ ਢਾਂਚੇ ਦੇ ਪੈਰੋਕਾਰ ਹਨ। ਹਾਲ ਦੀ ਘੜੀ ਉਹ ਸੂਬਿਆਂ ਦੇ ਅਧਿਕਾਰਾਂ ਨੂੰ ਸਿੱਧਾ ਖੋਰਾ ਲਾਉਣ ਤੋਂ ਗੁਰੇਜ਼ ਕਰ ਸਕਦੇ ਹਨ, ਪਰ ਅੰਦਰਖਾਤੇ ਅਤੇ ਤੱਤ ਰੂਪ ਵਿਚ ਏਕੀਕ੍ਰਿਤ ਅਮਲ ਨੂੰ ਲਾਗੂ ਕਰਨ ਦੀ ਸੇਧ ਹੀ ਲਾਗੂ ਕੀਤੀ ਜਾਵੇਗੀ। ਸੂਬਿਆਂ ਦੇ ਮੌਜੂਦ ਅਧਿਕਾਰਾਂ ਨਾਲ ਬਣਾਇਆ ਰਸਮੀ ਸੰਘੀ ਢਾਂਚਾ ਕਾਇਮ ਰੱਖ ਕੇ ਵੀ ਇਸਦੀ ਭਾਵਨਾ ਦਾ ਭਗਵਾਂਕਰਨ ਤੇ ਏਕੀਕਰਨ ਇਨ੍ਹਾਂ ਦੀ ਮਨਪਸੰਦ ਚੋਣ ਰਹੇਗੀ।
ਇਸ ਏਕੀਕਰਨ ਦੀ ਪ੍ਰਾਪਤੀ ਲਈ 'ਕਾਂਗਰਸ ਮੁਕਤ ਭਾਰਤ' ਦਾ ਨਾਅਰਾ ਵੀ ਸਾਹਮਣੇ ਆ ਚੁੱਕਾ ਹੈ ਜਿਸ ਦਾ ਅਰਥ ਵਿਰੋਧੀ ਧਿਰ ਮੁਕਤ ਭਾਰਤ ਹੈ। ਇਸੇ ਕਾਂਗਰਸ ਨੂੰ ਨਿਸ਼ਾਨਾ ਬਣਾ ਕੇ ਉਸਦੇ ਵਿਧਾਇਕ ਖ਼ਰੀਦੇ ਗਏ ਹਨ, ਕੁਝ ਵੱਡੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਫਸਾ ਕੇ ਕਾਂਗਰਸ ਨੂੰ ਆਗੂ ਹੀਣ ਕਰਨ ਦਾ ਅਮਲ ਜਾਰੀ ਹੈ। ਕਈ ਸਿਆਸੀ ਪਾਰਟੀਆਂ ਅਕਾਲੀ ਦਲ, ਵਾਈ.ਐੱਸ.ਆਰ. ਕਾਂਗਰਸ, ਅੰਨਾ ਡੀ.ਐੱਮ.ਕੇ., ਬੀਜੂ ਜਨਤਾ ਦਲ, ਬਸਪਾ ਆਦਿ ਨੇ ਭਾਜਪਾ ਸਰਕਾਰ ਦੀ ਕਸ਼ਮੀਰੀ ਨੀਤੀ ਦੀ ਹਮਾਇਤ ਕਰਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ। ਭਾਜਪਾ ਆਪਣੇ ਐੱਨ.ਡੀ.ਏ. ਸਹਿਯੋਗੀਆਂ ਸਮੇਤ ਭਾਵੇਂ ਇਨ੍ਹਾਂ ਦਲਾਂ ਦਾ ਵਜੂਦ ਖ਼ਤਮ ਕਰਨਾ ਅਜੇ ਉਚਿਤ ਨਾ ਸਮਝੇ, ਪਰ ਉਨ੍ਹਾਂ ਦਾ ਰੂਪਾਂਤਰਨ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਇਸ ਕਾਰਜ ਦੀ ਕਾਮਯਾਬੀ ਨਾਲ 'ਇਕ ਦੇਸ਼ ਇਕ ਚੋਣ' ਦਾ ਨਾਅਰਾ ਵੀ ਸਾਕਾਰ ਕਰਨ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੱਧਕਾਲ ਵਿਚ ਵਿਕੇਂਦਰੀਕਰਨ ਤੇ ਫੁੱਟ ਦੇ ਨਾਲ ਨਾਲ ਹਿੰਦੂ ਰਾਜਿਆਂ ਦੀ ਸੈਨਿਕ ਸ਼ਕਤੀ ਵੀ ਕਮਜ਼ੋਰ ਸੀ। ਇਸ ਕਰਕੇ ਸਵੈਭਿਮਾਨੀ ਹਿੰਦੂ ਦਾ ਗੌਰਵ ਮੁੜ ਸਥਾਪਤ ਕਰਨ ਲਈ ਦੇਸ਼ ਦੀ ਸੈਨਿਕ ਸ਼ਕਤੀ ਮਜ਼ਬੂਤ ਹੀ ਨਹੀਂ ਚਾਹੀਦੀ ਸਗੋਂ ਆਮ ਲੋਕਾਂ ਦੀ ਮਨੋਬਿਰਤੀ ਦਾ ਸੈਨਿਕੀਕਰਨ ਵੀ ਕਰਨਾ ਚਾਹੀਦਾ ਹੈ। ਸੰਘ ਸ਼ਾਖਾਵਾਂ ਹਥਿਆਰ ਪ੍ਰਦਰਸ਼ਨ ਆਮ ਹੀ ਕਰਦੀਆਂ ਹਨ। ਇਹ ਗ਼ੈਰ ਸਰਕਾਰੀ ਸੰਗਠਨਾਂ ਦੀ ਫ਼ੌਜੀ ਤਿਆਰੀ ਦਾ ਇਕ ਸਾਧਨ, ਸਮਾਨੰਤਰ ਸੈਨਿਕੀਕਰਨ ਦੀ ਦੂਰਰਸ ਵਿਉਂਤਬੰਦੀ ਅਤੇ ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ ਹੈ।
ਸੰਘ ਸਿਧਾਂਤਕਾਰ ਮਨੂੰ ਸਿਮਰਤੀ ਨੂੰ ਸੰਸਾਰ ਦਾ ਸਭ ਤੋਂ ਵੱਧ ਵਿਕਸਤ ਮਰਿਆਦਾ ਸੰਗ੍ਰਹਿ ਤੇ ਕਾਨੂੰਨ ਮੰਨਦੇ ਹਨ। ਇਸ 'ਤੇ ਅਮਲਦਾਰੀ ਨੂੰ ਤੇਜ਼ ਕਰਨ ਲਈ ਕਿਸੇ ਇਕ ਸ਼ਹਿਰ ਵਿਚ ਇਕ ਨਿਆਂਸ਼ਾਲਾ ਬਣਾਈ ਗਈ ਹੈ ਜਿਸ ਦੀ ਸਹਾਇਤਾ ਨਾਲ ਮਨੂੰ ਸਿਮਰਤੀ ਨੂੰ ਲਾਗੂ ਕਰਨ ਦਾ ਤਜਰਬਾ ਵੀ ਆਰੰਭ ਕਰ ਦਿੱਤਾ ਹੈ। ਮਨੂੰ ਸਿਮਰਤੀ ਉੱਚੀ ਕੁਲ, ਉੱਚੀ ਜਾਤ ਦੀ ਦਰਜਾਬੰਦੀ 'ਤੇ ਆਧਾਰਿਤ ਹੈ ਜਿਸ ਕਰਕੇ ਇਸਦਾ ਦਲਿਤ ਸਮਾਜ, ਔਰਤਾਂ ਅਤੇ ਆਦਿਵਾਸੀਆਂ ਵਿਰੁੱਧ ਭੁਗਤਣਾ ਲਾਜ਼ਮੀ ਹੈ। ਸੰਘ ਮੁਖੀ ਭਾਗਵਤ ਨੇ ਆਪਣੇ ਤਾਜ਼ਾ ਬਿਆਨ ਵਿਚ ਰਾਖਵੇਂਕਰਨ 'ਤੇ ਗ਼ੈਰ-ਜ਼ਜਬਾਤੀ, ਗ਼ੈਰ-ਪੱਖਪਾਤੀ ਅਤੇ ਅਸੂਲੀ ਬਹਿਸ ਕਰਨ ਦਾ ਸੱਦਾ ਦਿੱਤਾ ਹੈ। ਦਲਿਤਾਂ ਲਈ ਰਾਖਵੇਂਕਰਨ ਨੂੰ ਖੋਰੇ ਤੇ ਖ਼ਾਤਮੇ ਨਾਲ ਉਹ ਇਕ ਵਾਰ ਫਿਰ ਮੱਧਕਾਲ ਦੇ ਅੰਧਕਾਰ ਵਿਚ ਰੁਲਣ ਲਈ ਮਜਬੂਰ ਹੋ ਜਾਣਗੇ। ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਵੀ ਮਨੂੰ ਸਿਮਰਤੀ ਨੂੰ ਪ੍ਰਵਾਨ ਨਹੀਂ।
ਸੰਘ ਦੀ ਵਿਚਾਰਧਾਰਾ ਤੱਤ ਰੂਪ ਵਿਚ ਸਾਮੰਤਵਾਦੀ ਹੈ ਅਤੇ ਇਸ ਵਿਚ ਪੂਰਵ ਸਾਮੰਤਵਾਦੀ ਗ਼ੁਲਾਮੀ ਪ੍ਰਥਾ ਅਤੇ ਦਮਨ ਦੇ ਅੰਸ਼ ਮਿਲੇ ਹੋਏ ਹਨ। ਜਾਤੀ ਪ੍ਰਥਾ ਕਿਸੇ ਗ਼ੁਲਾਮ ਪ੍ਰਥਾ ਤੋਂ ਘੱਟ ਤਾਂ ਕੀ ਦੋ ਮਾਸੇ ਉੱਪਰ ਹੀ ਹੈ। ਮਨੁੱਖੀ ਵਿਕਾਸ ਦੇ ਆਰੰਭਿਕ ਅਤੇ ਮੱਧਕਾਲੀ ਦੌਰ ਵਿਚ ਰਚੇ ਗਏ ਵੇਦ, ਪੁਰਾਣ, ਸ਼ਾਸਤਰ, ਸਿਮਰਤੀਆਂ ਅਤੇ ਹੋਰ ਗ੍ਰੰਥ ਇਸਦੀ ਵਿਚਾਰਧਾਰਕ, ਇਖਲਾਕੀ ਅਤੇ ਪ੍ਰਸ਼ਾਸਨਿਕ ਧਰੋਹਰ ਹਨ, ਜਿਨ੍ਹਾਂ ਨੂੰ ਇਹ ਸਦੀਵੀ, ਅਮਰ ਅਤੇ ਕਿੰਤੂ ਰਹਿਤ ਮੰਨਦੇ ਹਨ। ਸੰਘ ਪਰਿਵਾਰ ਦਾ ਦਾਅਵਾ ਹੈ ਕਿ ਇਨ੍ਹਾਂ ਗ੍ਰੰਥਾਂ ਵਿਚ ਦਰਜ ਵਿਗਿਆਨ, ਫਲਸਫ਼ੇ, ਅਰਥ-ਸ਼ਾਸਤਰ, ਗਣਿਤ ਆਦਿ ਨੂੰ ਸਮਝਣ ਤੇ ਲਾਗੂ ਕਰਨੋਂ ਇਨਕਾਰ ਭਾਰਤ ਦੇ ਗੌਰਵ ਤੋਂ ਮੂੰਹ ਮੋੜਨਾ ਹੀ ਨਹੀਂ ਸਗੋਂ ਇਸ ਨਾਲ ਦੁਸ਼ਮਣੀ ਤੇ ਧਰੋਹ ਕਮਾਉਣਾ ਹੈ। ਇਸੇ ਕਰਕੇ ਆਧੁਨਿਕ ਬੋਧ ਦੀ ਵਿਗਿਆਨਕ ਵਿਧੀ, ਤਰਕ, ਤਰਕਸ਼ੀਲਤਾ, ਨਿਆਂ ਪੂਰਬਕਤਾ, ਉਦਾਰਵਾਦ, ਪਦਾਰਥਵਾਦ ਅਤੇ ਮਾਰਕਸਵਾਦ ਨੂੰ ਰਾਹ ਦਾ ਰੋੜਾ ਮੰਨਿਆ ਜਾ ਰਿਹਾ ਹੈ ਅਤੇ ਇਸਨੂੰ ਰਾਹ 'ਚੋਂ ਹਟਾਉਣਾ ਇਨ੍ਹਾਂ ਦੀ ਯੁੱਧਨੀਤੀ ਹੈ ਜਿਸ ਨੂੰ ਅਮਲ ਵਿਚ ਲਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਦਾਅਪੇਚ ਵਰਤੇ ਜਾ ਰਹੇ ਹਨ। ਇਨ੍ਹਾਂ ਦਾਅਪੇਚਾਂ ਵਿਚ ਕਤਲ, ਧਮਕੀ, ਅਹੁਦੇ ਖੋਹਣਾ, ਛਾਂਟੀ ਕਰਨੀ ਅਤੇ ਨਿਰਾਦਰ ਕਰਨਾ ਸ਼ਾਮਲ ਹੈ। ਵਿਸ਼ਵਾਸ, ਸ਼ਰਧਾ, ਪਵਿੱਤਰਤਾ ਅਤੇ ਪ੍ਰਮਾਣਹੀਣਤਾ ਨੂੰ ਗਿਆਨ ਪ੍ਰਾਪਤੀ ਦੇ ਔਜ਼ਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇਸ ਕਰਕੇ ਸੰਘੀ ਵਿਚਾਰਧਾਰਾ ਅਤੇ ਸੰਘੀ ਬਿਰਤੀ ਆਧੁਨਿਕ ਬੋਧ ਦੀ ਕੱਟੜ ਦੁਸ਼ਮਣ ਹੈ। ਇਹ ਪੂਰਵ ਆਧੁਨਿਕ ਧੁੱਸ ਦੇਸ਼ ਦੀ ਆਧੁਨਿਕ ਬੌਧਿਕ ਸਮਰੱਥਾ ਅਤੇ ਬੌਧਿਕ ਵਿਕਾਸ ਨੂੰ ਉਖਾੜ ਅਤੇ ਬਰਬਾਦ ਕਰਨ ਦੀ ਧੁੱਸ ਹੈ। ਇਸੇ ਕਰਕੇ ਇਸ ਨੂੰ ਮਨੁੱਖੀ ਅਧਿਕਾਰਾਂ, ਆਜ਼ਾਦੀ, ਜਮਹੂਰੀਅਤ ਅਤੇ ਸਹਿਣਸ਼ੀਲਤਾ ਦੀ ਕੋਈ ਪਰਵਾਹ ਨਹੀਂ। ਇਸ ਪੂਰਵ ਆਧੁਨਿਕਤਾ ਵੱਲੋਂ ਆਧੁਨਿਕਤਾ ਨੂੰ ਖੇਰੂੰ-ਖੇਰੂੰ ਕਰਨ ਦੀ ਪ੍ਰਯੋਗਸ਼ਾਲਾ ਬਣਾਉਣ ਦਾ ਟੀਚਾ ਸੰਘ ਪਰਿਵਾਰ ਨੇ ਮਿੱਥ ਲਿਆ ਹੈ। ਇਹ ਪਹੁੰਚ ਦੇਸ਼ ਤੇ ਸਮਾਜ ਨੂੰ ਮੱਧਕਾਲੀ ਅੰਧਕਾਰ ਵੱਲ ਧੱਕਣ ਦੀ ਪਹੁੰਚ ਤੋਂ ਬਿਨਾਂ ਹੋਰ ਕੁਝ ਨਹੀਂ। ਇਹ ਪਹੁੰਚ ਪੁਨਰ ਜਾਗਰਤੀ ਜਾਂ ਪੁਨਰ ਪ੍ਰਕਾਸ਼ ਨਹੀਂ ਸਗੋਂ ਪਰੰਪਰਾਵਾਦ, ਪ੍ਰਾਚੀਨਤਾ, ਤਰਕਹੀਣਤਾ, ਅਧਿਆਤਮਕਤਾ ਅਤੇ ਅੰਧਵਿਸ਼ਵਾਸ ਦੀ ਮੁੜ ਬਹਾਲੀ ਹੀ ਹੈ।
ਸੰਸਦ ਵਿਚ ਵਿਰੋਧੀ ਧਿਰ ਫੁੱਟ ਤੇ ਕਮਜ਼ੋਰੀ ਵਿਚ ਰੀਂਗ ਰਹੀ ਹੈ, ਗ਼ੈਰ ਸੰਸਦੀ ਇਨਕਲਾਬੀ ਧਿਰ ਕੋਲ ਲੋੜੀਂਦੀ ਤਾਕਤ ਅਤੇ ਆਕਾਰ ਦੀ ਪ੍ਰਤੱਖ ਘਾਟ ਹੈ ਅਤੇ ਆਰਥਿਕ ਸੰਕਟ ਕਾਬੂ 'ਚ ਆਉਣ ਦਾ ਨਾਂ ਨਹੀਂ ਲੈ ਰਿਹਾ। ਇਸ ਕਰਕੇ ਸਮੂਹ ਉਦਾਰਵਾਦੀਆਂ, ਇਨਕਲਾਬੀਆਂ ਅਤੇ ਪ੍ਰਗਤੀਸ਼ੀਲਾਂ ਸਾਹਮਣੇ ਗੰਭੀਰ ਚੁਣੌਤੀ ਖੜ੍ਹੀ ਹੈ ਜੋ ਵਿਸ਼ਾਲ ਲਾਮਬੰਦੀ ਦੀ ਮੰਗ ਕਰਦੀ ਹੈ।
ਸੰਪਰਕ : 98151-29130