Beant Kaur Gill

ਲੋਕ ਤੱਥ

    ਡੱਬ ਵਾਲਾ ਬੱਚਾ ਕਦੇ ਜੋਸ਼ 'ਚ ਨਹੀਂ ਕੱਢੀਦਾ,
     ਤਾਹਨਾ ਨਹੀਂਓ ਦੇਈਦਾ ਲੂਣ ਵਾਲੀ ਲੱਸੀ ਦਾ।


    ਮਾਣ ਕਦੇ ਤੋੜੀਏ ਨਾ ਬਾਣੀਏ ਦੀ ਹੱਟੀ ਦਾ,
    ਹੱਕ ਕਦੇ ਰੱਖੀਏ ਨਾ  ਦਾਣਿਆ ਦੀ ਭੱਠੀ ਦਾ।


    ਵੈਰੀ ਦੀ ਬਗੀਚੀ ਚੋਂ ਵੀ ਬੂਟਾ ਨਹੀਂਓ ਪੁੱਟੀਦਾ,
    ਮਾਰ ਕੇ ਜਹਿਰੀਲਾ ਸੱਪ ਝਾੜੀ 'ਚ ਨਹੀਂ ਸੁੱਟੀਦਾ ।


    ਸੱਚੀਆਂ ਮੁਹੱਬਤਾਂ ਦਾ ਮੁੱਲ ਨਹੀਂਓ ਵੱਟੀਦਾ ,
    ਸੱਜਣਾਂ 'ਤੇ ਭੀੜ ਪਵੇ ਛੱਡ ਕੇ ਨਹੀਂ ਨੱਸੀਦਾ ।
  
    ਨਾਗ ਨਾ ਬਣਾਈਏ ਕਦੇ ਹੱਥ ਆਈ ਰੱਸੀ ਦਾ,
    ਰੱਬੋਂ ਮਾਰੇ ਬੰਦੇ ਦੀ ਗਰੀਬੀ  'ਤੇ  ਨਹੀਂ ਹੱਸੀਦਾ।


    ਛੱਡੀਏ ਨਾ ਹੱਥ ਕਦੇ ਲਾਵਾਂ ਲੈ ਕੇ ਨੱਢੀਦਾ,
    ਬਿਨਾ ਪੁੱਛੇ ਸਾਂਝਾ ਕਦੇ ਰੁੱਖ ਨਹੀਂਓ ਵੱਢੀਦਾ।


    ਗੁੱਸੇ ਵਿੱਚ ਬਾਬਲੇ ਦਾ ਘਰ ਨਹੀਂਓ ਛੱਡੀਦਾ ,
    ਪਿੱਛਾ ਨਹੀਂ ਤਕਾਈਦਾ ਭਾਬੋ ਛੋਟੀ ਵੱਡੀ ਦਾ।


    ਜੋਰੂ ਵੀ ਵਿਕਾ ਦਿੰਦਾ ਮੱਟ ਘਰ  ਕੱਢੀਦਾ ,
    ਲੱਗ ਕੇ ਸ਼ਰੀਕਾਂ ਪਿੱਛੇ ਭਾਈ ਨਹੀਂਓ ਵੱਢੀਦਾ ।


    ਰੱਖ ਲਈਏ ਮਾਣ ਗੱਲ ਕੀਤੀ ਭੈਣ ਵੱਡੀ ਦਾ ,
    ਵਿਧਵਾ ਜੇ ਭਾਬੋ ਹੋਜੇ ਘਰੋਂ ਨਹੀਂਓ  ਕੱਢੀਦਾ।


    ਪੁੱਛ ਦੁੱਖ ਪ੍ਰਦੇਸੀਆਂ ਨੂੰ ਟਾਈਮੋਂ ਖੁੰਝੀ ਗੱਡੀਦਾ ,
   'ਗਿੱਲ' ਮਾਪਿਆਂ ਨੂੰ ਸੁੰਨੇ ਨਹੀਂ ਬੁਢੇਪੇ ਵਿੱਚ ਛੱਡੀਦਾ।
    'ਗਿੱਲ' ਮਾਪਿਆਂ ਨੂੰ ਸੁੰਨੇ ਨਹੀਂ ਬੁਢੇਪੇ ਵਿੱਚ ਛੱਡੀਦਾ।

ਬੇਅੰਤ ਕੌਰ ਗਿੱਲ ਮੋਗਾ 9465606210