Baljit Singh Brar

ਪਨੂੰ ਖ਼ਿਲਾਫ਼ ਕਾਰਵਾਈ ਬਦਲੇ ਦੀ ਰਾਜਨੀਤੀ - ਬਲਜੀਤ ਸਿੰਘ ਬਰਾੜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀ ‘ਸਿਖਸ ਫ਼ਾਰ ਜਸਟਿਸ’ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਦੀ ਪਹਿਲਕਦਮੀ ਉਪਰ ਇੰਟਰਪੋਲ ਨੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਮਰੀਕੀ ਵਕੀਲ ਸ. ਗੁਰਪਤਵੰਤ ਸਿੰਘ ਪਨੂੰ ਖਿਲਾਫ ਰੈਡ-ਕਾਰਨਰ ਨੋਟਿਸ ਜਾਰੀ ਕੀਤਾ ਹੈ। ਅਮਰੀਕਾ ਅਧਾਰਿਤ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਪੰਜਾਬ ਦੇ ਸਿਆਸੀ ਭਵਿੱਖ ਲਈ ਸੰਨ 2020 ਵਿੱਚ ਰਾਏਸ਼ੁਮਾਰੀ ਕਰਵਾਉਣ ਲਈ ਸਰਗਰਮੀ ਕਰ ਰਹੀ ਹੈ। ਜਥੇਬੰਦੀ ਵੱਲੋਂ ਇਸ ਮਕਸਦ ਲਈ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ 12 ਅਗਸਤ 2018 ਨੂੰ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਖੇ ਇਕ ਵੱਡਾ ਇਕੱਠ ਵੀ ਕਰਵਾਇਆ ਗਿਆ ਸੀ। ‘ਸਿੱਖਸ ਫ਼ਾਰ ਜਸਟਿਸ’ ਸਿੱਖ ਵੱਸੋਂ ਵਾਲੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਸਰਗਰਮ ਹੈ। ਸੰਸਥਾ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ ਸ. ਗੁਰਪਤਵੰਤ ਸਿੰਘ ਪਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਉਹ ਅਮਰੀਕਾ ਦੇ ਮੰਨੇ ਪ੍ਰਮੰਨੇ ਵਕੀਲ ਵੀ ਹਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀਆਂ ਨਾਲ ਅਮਰੀਕਾ ਦੌਰੇ ’ਤੇ ਗਏ ਸਨ ਤਾਂ ਸ. ਪਨੂੰ ਦੀ ਅਗਵਾਈ ਹੇਠ ‘ਸਿੱਖਸ ਫ਼ਾਰ ਜਸਟਿਸ’ ਵੱਲੋਂ ਕੈਪਟਨ ਖਿਲਾਫ ਸਥਾਨਕ ਅਮਰੀਕੀ ਅਦਾਲਤ ਵਿੱਚ ਇਕ ਕੇਸ ਦਰਜ ਕਰਵਾਇਆ ਗਿਆ ਸੀ। ਇਸ ਕੇਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਮਰੀਕਾ ਦੌਰਾ ਦਰਮਿਆਨ ਵਿੱਚ ਛੱਡ ਕੇ ਹੀ ਵਾਪਸ ਆਉਣਾ ਪਿਆ ਸੀ। ਅਸਲ ਵਿੱਚ ਕੈਪਟਨ ਅਤੇ ਪਨੂੰ ਦਰਮਿਆਨ ਇਸ ਕੇਸ ਕਾਰਨ ਹੀ ਲਗਾਤਾਰ ਟਕਰਾਅ ਚੱਲ ਰਿਹਾ ਹੈ। ਦੋਵੇਂ ਧਿਰਾਂ ਇਕ ਦੂਜੇ ਖਿਲਾਫ ਖੁੱਲ੍ਹੇਆਮ ਇਲਜ਼ਾਮਬਾਜ਼ੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ. ਪਨੂੰ ਵਿਰੁਧ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਪੁਲਿਸ ਥਾਣੇ ’ਚ ਦੇਸ਼-ਧਰੋਹ ਦਾ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਭਗੌੜਾ ਐਲਾਨ ਦਿਤਾ ਗਿਆ ਸੀ। ਉਸ ’ਤੇ ‘ਭਾਰਤ-ਵਿਰੋਧੀ ਗਤੀਵਿਧੀਆਂ’ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਏ ਗਏ ਸਨ।ਇਸ ਤੋਂ ਇਲਾਵਾ ਸ. ਪਨੂੰ ਵਿਰੁਧ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਚ ਵੀ ਇਕ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਪੰਜਾਬ ਵਿੱਚ ਕੁੱਝ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਹੁਣ ਇਸ ਲੜਾਈ ਨੂੰ ਸਿਖਰ ’ਤੇ ਲਿਜਾਂਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਸ. ਪਨੂੰ ਨੂੰ ਭਾਰਤ ਲਿਆ ਕੇ ਕੇਸ ਚਲਾਉਣ ਲਈ ਨਵੀਂ ਕਾਰਵਾਈ ਵਿੱਢੀ ਹੈ। ਇਸ ਯੋਜਨਾ ਤਹਿਤ ਹੀ ਸਭ ਤੋਂ ਪਹਿਲਾਂ ਸ. ਪਨੂੰ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸ. ਪਨੂੰ ਖਿਲਾਫ ਇਕ ਵੱਡਾ ਬਿਆਨ ਜਾਰੀ ਕੀਤਾ ਸੀ। ਇਸ ਬਿਆਨ ਵਿੱਚ ਇਹ ਆਖਿਆ ਗਿਆ ਸੀ ਕਿ ਸ. ਪਨੂੰ ਪਾਕਿਸਤਾਨ ਦੀ ਫੌਜ ਅਤੇ ਖੂਫੀਆ ਏਜੰਸੀ ਆਈ.ਐਸ.ਆਈ. ਨਾਲ ਮਿਲ ਕੇ ਪੰਜਾਬ ਵਿੱਚ ਗੜਬੜ ਫੈਲਾਉਣਾ ਚਾਹੁੰਦੇ ਹਨ। ਰੈਡ ਕਾਰਨਰ ਨੋਟਿਸ ਵਿੱਚ ਵੀ ਇਸ ਗੱਲ ਦਾ ਹੀ ਜ਼ਿਕਰ ਹੈ। ਅਸਲ ਵਿੱਚ ਕਹਾਣੀ ਹੋਰ ਹੈ। ਮੁੱਖ ਮੰਤਰੀ ਪੰਜਾਬ ਕਿਸੇ ਤਰੀਕੇ ਸ. ਪਨੂੰ ਤੋਂ ਆਪਣੀ ਨਿੱਜੀ ਸਿਆਸੀ ਕਿੜ ਦਾ ਬਦਲਾ ਲੈਣਾ ਚਾਹੁੰਦੇ ਹਨ। ਇਸ ਸਿਆਸੀ ਬਦਲੇ ਤਹਿਤ ਹੀ ਸ. ਪਨੂੰ ਨੂੰ ਪਾਕਿਸਤਾਨ ਦਾ ਏਜੰਟ ਕਰਾਰ ਦੇ ਕੇ ਉਸ ਖਿਲਾਫ ਦੇਸ਼ ਧ੍ਰੋਹ ਦੇ ਦੋਸ਼ਾਂ ਲਈ ਕਾਰਵਾਈ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ। ਜਿੱਥੋਂ ਤੱਕ ਰਾਏਸ਼ੁਮਾਰੀ (ਰੈਫਰੈਂਡਮ) 2020 ਦੀ ਗੱਲ ਹੈ ਕਿ ਉਹ ਕੇਵਲ ਸ. ਪਨੂੰ ਦਾ ਪ੍ਰੋਗਰਾਮ ਨਹੀਂ ਹੈ। ਇਸ ਵਿੱਚ ਕਈ ਹੋਰ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹਨ। ਦੋ ਧਿਰਾਂ ਦੇ ਇਸ ਸਿਆਸੀ ਟਕਰਾਅ ਦਾ ਪੰਜਾਬ ਦੀ ਸਿਆਸਤ ਉਪਰ ਵੀ ਡੂੰਘਾ ਅਸਰ ਪਵੇਗਾ। ਇਹ ਟਕਰਾਅ ਕਿਥੋਂ ਤੱਕ ਪਹੁੰਚਦਾ ਹੈ ਇਹ ਕਾਫੀ ਦਿਲਚਸਪ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਕਿਥੋਂ ਤੱਕ ਕਾਮਯਾਬ ਹੁੰਦੇ ਹਨ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਹੈ।

21 Dec. 2018