ਕਬੱਡੀ ਨੂੰ ਨਸ਼ੇ ਅਤੇ ਮਾਇਆ ਦੇ ਗ੍ਰਿਹਣ ਤੋਂ ਬਚਾਉਣ ਦਾ ਹੀਲਾ ਕਰੀਏ - ਬਲਦੇਵ ਸਿੰਘ ਬਾਜਵਾ
ਕਬੱਡੀ ਪੰਜਾਬੀਆਂ ਦੀ ਆਦਿ ਕਾਲ ਤੋਂ ਚਲੀ ਆਉਂਦੀ ਖੇਡ ਹੈ, ਕਈ ਇਸ ਨੂੰ ਪੰਜਾਬੀਆਂ ਦੀ ਮਾਂ-ਖੇਡ ਵੀ ਕਹਿੰਦੇ ਹਨ। ਜਿਨ੍ਹਾਂ ਸਮਿਆਂ ਦੀ ਇਹ ਪੈਦਾਵਾਰ ਹੈ ਉਦੋਂ ਇਹ ਮਨਪ੍ਰਚਾਵੇ ਦੇ ਨਾਲ ਜੁਆਨੀ ਦੇ ਜੌਹਰ ਦੇਖਣ ਦਾ ਸਬੱਬ ਵੀ ਪੈਦਾ ਕਰਦੀ ਸੀ। ਵਿਹਲੇ ਸਮੇਂ ਨੂੰ ਸਾਰਥਿਕ ਕਰਨ ਦਾ ਮੌਕਾ ਵੀ ਬਣ ਜਾਂਦੀ ਸੀ। ਉਦੋਂ ਦੇਸੀ ਖੁਰਾਕਾਂ ਨਾਲ ਹੀ ਦਰਸ਼ਣੀ ਜੁਆਨ ਪੇਂਡੂ ਮੇਲਿਆਂ ਵਿਚ ਦੇਖੇ ਜਾਂਦੇ ਸਨ। ਪੇਂਡੂ ਮੇਲਿਆਂ ਦੀ ਸ਼ਾਨ ਹੁੰਦੀ ਸੀ ਕਬੱਡੀ ਤੇ ਦਰਸ਼ਣੀ ਜੁਆਨ। ਪਹਿਲੇ ਸਮਿਆਂ ਵਿਚ ਇਸ ਖੇਡ ਅੰਦਰ ਇਨਾਮ ਤਾਂ ਬਹੁਤ ਵੱਡੇ ਨਹੀਂ ਸਨ ਹੁੰਦੇ, ਪਰ ਖਿਡਾਰੀਆਂ ਦਾ ਮਾਣ-ਸਨਮਾਨ ਬਹੁਤ ਕੀਤਾ ਜਾਂਦਾ ਸੀ। ਕਬੱਡੀ ਖੇਡਣ ਦੀ ਤਾਂਘ ਰੱਖਦੇ ਗਰੀਬ ਘਰਾਂ ਦੇ ਖਿਡਾਰੀ ਮੁੰਡਿਆਂ ਦੀ ਪਿੰਡ ਵਾਲੇ ਆਪ ਮੱਦਦ ਕਰਦੇ ਹੁੰਦੇ ਸਨ, ਖਾਸ ਕਰਕੇ ਦੇਸੀ ਘਿਉ, ਬਦਾਮ ਤੇ ਹੋਰ ਸਿਹਤਮੰਦ ਮੇਵੇ ਬਗੈਰਾ ਉਨ੍ਹਾਂ ਨੂੰ ਦਿੱਤੇ ਜਾਂਦੇ। ਉਦੋਂ ਬਹੁਤੇ ਖਿਡਾਰੀ ਵੀ ਆਪਣੇ ਪਿੰਡਾਂ ਦੇ ਨਾਵਾਂ ਨਾਲ ਹੀ ਜਾਣੇ ਜਾਂਦੇ ਸਨ।
ਪਰਦੇਸਾਂ ਵਿਚ ਪਹੁੰਚੇ ਪੰਜਾਬੀਆਂ ਨੇ ਇੱਥੇ ਪੱਕੇ ਤੌਰ 'ਤੇ ਵਸ ਜਾਣ ਤੋਂ ਬਾਅਦ ਸੱਭੀਆਚਾਰਕ ਮੇਲਿਆਂ ਦੇ ਨਾਲ ਹੀ ਕਬੱਡੀ ਦੇ ਮੇਲੇ ਲਾਉਣੇ ਵੀ ਸ਼ੁਰੂ ਕੀਤੇ। ਪਹਿਲਾਂ ਆਪੋ-ਆਪਣੇ ਦੇਸ਼ਾਂ ਅੰਦਰ ਫੇਰ ਯੂਰਪੀ ਪੱਧਰ 'ਤੇ ਇਨ੍ਹਾਂ ਦਾ ਪਰਬੰਧ ਕੀਤਾ ਜਾਣ ਲੱਗਾ। ਪਹਿਲਾਂ ਬਹੁਤੇ ਖਰਚੇ ਨਹੀਂ ਸਨ ਹੁੰਦੇ। ਪਰ ਕੁੱਝ ਸਾਲਾਂ ਬਾਅਦ ਹੀ "ਕਬੱਡੀ ਲੱਖਾਂ ਦੀ ਹੋਣ ਲੱਗ ਪਈ"। ਚਲੋ ਇਹ ਇਕ ਪੱਖ ਸੀ, ਜੋ ਬਹੁਤਾ ਨਾਂਹਪੱਖੀ ਨਹੀਂ ਸੀ। ਜਦੋਂ ਇਸ ਦੇ ਨਾਲ ਦੂਜਾ ਨਸ਼ੀਲੇ ਪਦਾਰਥਾਂ ਵਾਲਾ ਪੱਖ ਜੁੜਿਆ ਤਾਂ ਉਦੋਂ ਹੀ ਇਨ੍ਹਾਂ ਖੇਡ ਮੇਲਿਆਂ ਦੇ ਪ੍ਰਬੰਧਕਾਂ ਨੂੰ ਸੁਚੇਤ ਹੋ ਕੇ ਇਸ ਨੂੰ ਰੋਕਣਾ ਚਾਹੀਦਾ ਸੀ, ਪਰ ਲੰਬੇ ਸਮੇਂ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਾਂ ਇਹ ਮਸਲਾ ਹਮੇਸ਼ਾ ਅਣਗੌਲਿਆਂ ਕੀਤਾ ਜਾਂਦਾ ਰਿਹਾ। ਹੁਣ ਪਾਣੀ ਸਿਰ ਤੋਂ ਟੱਪ ਗਿਆ ਹੈ ਅੱਗੇ ਇਸ ਤਰ੍ਹਾਂ ਚੱਲ ਨਹੀਂ ਸਕਦਾ, ਇਸ ਤੋਂ ਅੱਗੇ ਬਦਨਾਮੀ ਭਰੀ ਮੌਤ ਖੜ੍ਹੀ ਹੈ, ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।
ਕਦੇ ਸਮਾਂ ਹੁੰਦਾ ਸੀ ਕਿ ਲੋਕ ਕਬੱਡੀ ਖਿਡਾਰੀਆਂ ਦੇ ਸ਼ਰੀਰ ਅਤੇ ਉਸ ਵਿਚ ਖੇਡਣ ਦੀ ਤਾਕਤ ਦੇਖ ਕੇ ਵਾਹ ਵਾਹ ਕਰਦੇ ਸਨ। ਪਰ ਹੌਲੀ ਹੌਲੀ ਖਤਰਨਾਕ ਕਿਸਮ ਦਾ ਨਸ਼ਾ ਆਪਣੇ ਜੰਜਾਲ ਵਿਚ ਫਸਾ ਕੇ ਕਬੱਡੀ ਅੰਦਰ ਆਪਣੀ ਪੱਕੀ ਜਗ੍ਹਾ ਬਣਾ ਗਿਆ, ਨਸ਼ੇ ਦੀ ਮਾਰ ਨਾਲ ਹੁਣ ਤੱਕ ਕਾਫੀ ਸਾਰੇ ਖਿਡਾਰੀਆਂ ਦਾ ਨੁਕਸਾਨ ਹੋ ਚੁੱਕਾ ਹੈ । ਇਉਂ ਵੀ ਕਹਿਣਾ ਗਲਤ ਨਹੀਂ ਹੋਵੇਗਾ ਪੰਜਾਬ ਦੀ ਮਾਂ ਖੇਡ ਕਬੱਡੀ ਅੱਜ ਨਸ਼ੇ ਦੇ ਮਕੜ ਜਾਲ ਵਿਚ ਜਕੜੀ ਗਈ ਹੈ। ਇਹ ਦੱਸਣਾ ਹੀ ਵਾਜਬ ਹੋ ਸਕਦਾ ਹੈ ਕਿ ਪਹਿਲਾਂ ਵਿਰਲੇ-ਟਾਵੇਂ ਖਿਡਾਰੀ ਭੋਰਾ ਕੁ ਅਫੀਮ ਵਰਤ ਲੈਂਦੇ ਸਨ, ਜਿਸ ਦਾ ਮੁਸ਼ਕ ਬਗੈਰਾ ਨਾ ਆਉਣ ਕਰਕੇ ਬਹੁਤੀ ਵਾਰ ਪਤਾ ਹੀ ਨਹੀਂ ਸੀ ਲਗਦਾ ਪਰ ਅਜਿਹੇ ਖਿਡਾਰੀਆਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਸੀ। ਇਸ ਨਸ਼ੇ ਨੂੰ ਬਹੁਤ ਖਤਰਨਾਕ ਵੀ ਨਹੀਂ ਸੀ ਗਿਣਿਆ /ਸਮਝਿਆ ਜਾਂਦਾ।
ਹੁਣ ਤਾਂ ਮਹੌਲ ਅਸਲੋਂ ਹੀ ਬਦਲ ਗਿਆ ਹੈ। ਕਾਫੀ ਸਾਰੇ ਕਬੱਡੀ ਖਿਡਾਰੀ ਖੇਡਣ ਤੋਂ ਪਹਿਲਾਂ ਸਰੀਰ ਲਈ ਨੁਕਸਾਨਦੇਹ ਨਸ਼ੇ ਦੀ ਡੋਜ਼ ਲੈਣ ਲੱਗ ਪਏ ਹਨ ਜੋ ਕਿ ਬਹੁਤ ਹੀ ਖਤਰਨਾਕ ਵੀ ਸਿੱਧ ਹੋ ਰਹੀ ਹੈ। ਹੁਣ ਕਈ ਖਿਡਾਰੀਆਂ ਦਾ ਟੀਚਾ ਕੇਵਲ ਮੈਚ ਜਿੱਤਣਾ ਹੈ ਨਾ ਕਿ ਖੇਡਣਾ ਜਿਸ ਦੇ ਲਈ ਉਹ ਆਪਣੇ ਸ਼ਰੀਰ ਵਿਚ ਐਨਰਜੀ ਦੇ ਨਾਂ ਥੱਲੇ ਸਰੀਰ ਤੇ ਸਿਹਤ ਨੂੰ ਤਬਾਹ ਕਰਨ ਵਾਲੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਪਏ ਹਨ । ਦੱਸਿਆ ਜਾਂਦਾ ਹੈ ਕਿ ਅਜਿਹੇ ਖਤਰਨਾਕ ਨਸ਼ੇ ਤਾਕਤ ਵਧਾਉਣ (ਐਨਰਜੀ) ਦੀ ਡੋਜ਼ ਲੈਣ ਤੋਂ ਬਾਦ ਜੇਕਰ ਮਿੱਥੇ ਸਮੇਂ ਅੰਦਰ ਖਿਡਾਰੀ ਨਾ ਖੇਡੇ ਤਾਂ ਉਸ ਨਸ਼ੇ ਦੀ ਨਿਕਾਸੀ ਨਾ ਹੋਣ ਕਰਕੇ ਉਸ ਦੀ ਜਾਨ ਲਈ ਖਤਰਾ ਬਣ ਜਾਂਦੀ ਹੈ। ਦੱਬੀ ਜ਼ੁਬਾਨ ਵਿਚ ਲੋਕਾਂ ਤੋਂ ਗਈਆਂ ਜਾਨਾਂ ਬਾਰੇ ਅਜਿਹੇ ਕਿੱਸੇ ਵੀ ਸੁਣੇ ਜਾਂਦੇ ਹਨ। ਜਾਂ ਫੇਰ ਲੋੜੋਂ ਵੱਧ ਡੋਜ਼ ਖਿਡਾਰੀ ਦੀ ਜਾਨ ਦਾ ਖੌਅ ਬਣ ਜਾਂਦੀ ਹੈ - ਜਾਨ ਨਾ ਵੀ ਜਾਵੇ ਤਾਂ ਸਰੀਰਕ ਅੰਗਾਂ 'ਤੇ ਉਸ ਨਸ਼ੇ ਦੇ ਦੂਰਰਸ ਦੁਰ-ਪ੍ਰਭਾਵ ਪੈ ਸਕਦੇ ਹਨ/ਦੇਖਣ ਵਿਚ ਆ ਰਿਹਾ ਕਿ ਪੈ ਰਹੇ ਹਨ । ਖਿਡਾਰੀਆਂ ਨੂੰ ਇਹ ਸਮਝਣਾਂ ਪਵੇਗਾ ਕਿ ਉਹ ਚੰਗੀ ਪੌਸ਼ਟਿਕ ਖੁਰਾਕ ਵਰਤ ਕੇ ਵੀ ਸਰੀਰ ਨੂੰ ਤਕੜਾ ਰੱਖ ਸਕਦੇ ਹਨ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਨਰਜੀ ਪੈਦਾ ਕਰਨ ਲਈ ਨਸ਼ਾ ਰਹਿਤ ਢੰਗ ਤਰੀਕੇ ਵਰਤੇ ਜਾਣ।
ਜਦੋਂ ਕਬੱਡੀ ਦੇ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਕੁਝ ਦਹਾਕੇ ਪਹਿਲਾਂ ਦੇ ਕਬੱਡੀ ਖਿਡਾਰੀ ਜਿਵੇਂ ਕਿ ਸ਼ਿਵ ਦੇਵ ਸਿੰਘ, ਗੁਰਦੇਵ ਸਿੰਘ ਬੋਲਾ ਪਤੜਾਂ ਵਾਲਾ, ਸਰਵਣ ਸਿੰਘ ਬੱਲ, ਬਲਵਿੰਦਰ ਸਿੰਘ ਫਿੱਡੂ , ਹਰਜੀਤ ਬਰਾੜ ਵਰਗੇ ਹੋਰ ਬਹੁਤ ਸਾਰੇ ਨਾਮਵਰ ਕਬੱਡੀ ਖਿਡਾਰੀ ਯਾਦ ਆਉਂਦੇ ਹਨ, ਜਿਨ੍ਹਾਂ ਦੇ ਨਾਮ ਅੱਜ ਵੀ ਕਬੱਡੀ ਮੈਦਾਨ ਵਿਚ ਗੁੰਜਦੇ ਹਨ। ਉਹ ਖਿਡਾਰੀ ਨਸ਼ਿਆਂ ਤੋਂ ਰਹਿਤ ਬਿਲਕੁਲ ਖਾਲਸ ਸਨ ਅਤੇ ਉਨ੍ਹਾਂ ਦੀ ਖੇਡ ਵੀ ਦੇਖਣ ਵਾਲੀ ਹੁੰਦੀ ਸੀ | ਇਨ੍ਹਾਂ ਵਿਚੋਂ ਕੋਈ ਵੀ ਖਿਡਾਰੀ ਨਸ਼ੇ ਦੀ ਡੋਜ਼ ਲੈਕੇ ਨਹੀਂ ਸੀ ਖੇਡਦਾ।
ਪਰ ਬੀਤੇ ਕੁਝ ਸਾਲਾਂ ਤੋ ਬੇਲੋੜੇ ਤੇ ਅਤਿ ਮਹਿੰਗੇ ਨਸ਼ੇ ਨੇ ਕਬੱਡੀ ਨੂੰ ਇਸ ਤਰ੍ਹਾਂ ਗ੍ਰਿਹਣ ਲਾਇਆ ਕਿ ਕਈ ਨਾਮਵਰ ਅਤੇ ਚੰਗੇ ਕਬੱਡੀ ਖਿਡਾਰੀ ਇਸ ਦੀ ਚਪੇਟ ਵਿਚ ਆਕੇ ਆਪਣੀਆਂ ਜਾਨਾਂ ਗਵਾਂ ਬੈਠੇ, ਵਸਦੇ-ਰਸਦੇ ਘਰਾਂ ਵਿਚ ਵੈਣ ਪਏ ਅਤੇ ਕਬੱਡੀ ਜਗਤ ਨੂੰ ਬੜਾ ਭਾਰੀ ਨੁਕਸਾਨ ਹੋਇਆ ਹੈ ਜਾਂ ਫਿਰ ਸਿੱਧੇ ਸ਼ਬਦਾਂ ਵਿਚ ਕਹਿ ਲਈਏ ਕਿ ਨਸ਼ਾ ਹੌਲੀ ਹੌਲੀ ਕਬੱਡੀ ਨੂੰ ਖਤਮ ਕਰੀ ਜਾ ਰਿਹਾ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਕਬੱਡੀ ਵਿਚ ਨਸ਼ੇ ਦੇ ਖਾਤਮੇ ਦੇ ਲਈ ਪਰਮੋਟਰਾਂ ਅਤੇ ਕਬੱਡੀ ਟੂਰਨਾਂਮੈਂਟ ਕਰਵਾਉਣ ਵਾਲਿਆਂ ਨੂੰ ਅੱਗੇ ਆਉਣਾ ਹੀ ਪਵੇਗਾ। ਪਰਮੋਟਰਾਂ ਨੂੰ ਚਾਹੀਦਾ ਹੈ ਕਿ ਜਦੋਂ ਉਹ ਕਿਸੇ ਖਿਡਾਰੀ ਨੂੰ ਚੁਣਦੇ ਹਨ ਤਾਂ ਉਸ ਦਾ ਸਮੇਂ ਸਮੇਂ 'ਤੇ ਡੋਪ ਟੈਸਟ ਕਰਵਾਉਣ ਅਤੇ ਸਖ਼ਤ ਹਿਦਾਇਤ ਕਰਨ ਕਿ ਉਹੀ ਖਿਡਾਰੀ ਚੁਣਿਆ ਜਾਵੇਗਾ ਜੋ ਖਾਲਸ ਭਾਵ ਖੇਡਣ ਵੇਲੇ ਨਸ਼ਾ ਰਹਿਤ ਹੋਵੇਗਾ। ਟੂਰਨਾਮੈਂਟ ਕਰਵਾਉਣ ਵਾਲੇ ਜੇ ਸੱਚਮੁੱਚ ਕਬੱਡੀ ਨੂੰ ਪ੍ਰੇਮ ਕਰਦੇ ਹਨ ਤੇ ਇਸ ਨੂੰ ਜੀਊਂਦਾ ਰੱਖਣਾ ਅਤੇ ਪ੍ਰਫੁੱਲਤ ਕੀਤਾ ਚਾਹੁੰਦੇ ਹਨ ਤਾਂ ਪ੍ਰਬੰਧਕਾਂ /ਪਰਮੋਟਰਾਂ ਨੂੰ ਇਸ ਦੀ ਜੁੰਮੇਵਾਰੀ ਲੈਣੀ ਪਵੇਗੀ ਕਿ ਕਬੱਡੀ ਦੀ ਭਲਾਈ ਵਾਸਤੇ ਖਿਡਾਰੀਆਂ ਦੇ ਖਾਲਸ ਹੋਣ ਦੀ ਪਰਖ ਸਮੇਂ ਕੋਈ ਢਿੱਲ ਜਾਂ ਲਿਹਾਜ ਨਾ ਵਰਤੀ ਜਾਵੇ ਤੇ ਉਹ ਹੀ ਖਿਡਾਰੀ ਖਿਡਾਏ ਜਾਣ ਜੋ ਮਿੱਥੇ ਮਾਪਦੰਡਾਂ 'ਤੇ ਪੂਰੇ/ਖਰੇ ਉਤਰਨਗੇ| ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਨਰੋਈ ਸਿਹਤ ਲਈ ਵਧੀਆ ਖਾਣ ਪੀਣ ਅਤੇ ਵੱਲ ਧਿਆਨ ਦੇਣ ਲਈ ਪੁਰਾਣੇ ਖਿਡਾਰੀਆਂ ਦਾ ਹਵਾਲਾ ਦਿੰਦੇ ਹੋਏ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ।
ਫੈਡਰੇਸ਼ਨਾਂ ਅਤੇ ਕਬੱਡੀ ਨਾਲ ਸਬੰਧਤ ਹੋਰ ਸੰਸਥਾਵਾਂ ਜੋ ਕਿ ਕਬੱਡੀ ਦੇ ਟੂਰਨਾਮੈਂਟ ਕਰਵਾਉਂਦੀਆਂ ਹਨ ਉਨ੍ਹਾਂ ਨੂੰ ਵੀ ਕਬੱਡੀ ਵਿਚ ਖਿਡਾਰੀਆਂ ਅੰਦਰ ਨਸ਼ੇ ਦੇ ਵਧ ਰਹੇ ਚਲਣ ਤੋਂ ਵਰਜਣ ਲਈ ਦੋਸਤਾਨਾਂ ਉਚ ਪਧਰੀ ਉਪਰਾਲੇ ਕਰਨੇ ਚਾਹੀਦੇ ਹਨ,। ਆਪਣਾ ਜਾਂ ਕਲੱਬਾਂ ਬਗੈਰਾ ਦਾ ਨਾਮ ਬਨਾਉਣ ਦੇ ਲਈ ਖਿਡਾਰੀਆਂ 'ਤੇ ਮੈਚ ਜਿਤੱਣ ਦਾ ਦਬਾਅ ਵੀ ਨਹੀਂ ਪਾਉਣਾ ਚਾਹੀਦਾ ਹੈ । ਜਦੋਂ ਖਿਡਾਰੀ ਨੂੰ ਮੈਚ ਜਿੱਤਣ ਦਾ ਦਬਾਅ ਪੈਂਦਾ ਹੈ ਉਦੋਂ ਖਿਡਾਰੀ ਨਸ਼ੇ ਵੱਲ ਹੋ ਤੁਰਦਾ ਹੈ । ਦੇਖਣ ਵਿਚ ਆਇਆ ਹੈ ਕਿ ਜਦੋਂ ਕਿਤੇ ਕਬੱਡੀ ਦਾ ਮੈਚ ਹੁੰਦਾ ਹੈ ਤਾਂ ਮੈਂਦਾਨ ਵਿਚ ਕਿਸੇ ਇਕ ਸਾਈਡ ਤੇ ਨਸ਼ੇ ਦੀਆਂ ਦਵਾਈਆਂ ਦੀ ਨਿਸ਼ਾਂਨਦਹੀ ਕਰਨ ਵਾਲੀਆਂ ਖਾਲੀ ਡੱਬੀਆਂ ਬਗੈਰਾ, ਸ਼ੀਸ਼ੀਆਂ ਜਾਂ ਟੀਕੇ ਲਾਉਣ ਵਾਸਤੇ ਵਰਤੀਆਂ ਗਈਆਂ ਸਰਿੰਜਾਂ ਆਦਿ ਪਈਆਂ ਮਿਲਦੀਆਂ ਹਨ। ਅਜੇਹੇ ਦ੍ਰਿਸ਼ ਕਬੱਡੀ ਦੇ ਆਉਣ ਵਾਲੇ ਸਮੇਂ ਲਈ ਬਹੁਤ ਮਾੜੇ ਭਵਿੱਖ ਵੱਲ ਇਸ਼ਾਰਾ ਕਰਦੇ ਹਨ । ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਨਸ਼ਾ ਕਰਕੇ ਕਬੱਡੀ ਖੇਡਣ ਵਾਲੇ ਖਿਡਾਰੀ ਦਾ ਜੀਵਨ ਅਤੇ ਨਾਮ ਕੁਝ ਹੀ ਸਮੇਂ ਲਈ ਹੁੰਦਾ ਹੈ । ਬੇਗਾਨੇ ਜਾਂ ਬਾਹਰਲੇ ਮੁਲਕੀਂ ਇਸ ਤੋਂ ਬਚਣਾ ਹੋਰ ਵੀ ਜਰੂਰੀ ਹੈ ਕਿਉਂਕਿ ਇਸ ਨਾਲ ਜਦੋਂ ਦੁਜੇ ਲੋਕਾਂ ਭਾਵ ਗੈਰ-ਪੰਜਾਬੀਆਂ ਨੂੰ ਪਤਾ ਲਗਦਾ ਹੈ ਤਾਂ ਬਦਨਾਮੀ ਵੀ ਪੱਲੇ ਪੈਂਦੀ ਹੈ।
ਬੀਤੇ ਸਮੇਂ ਵਿਚ ਝਾਤ ਮਾਰੀਏ ਤਾਂ ਕਈ ਕਬੱਡੀ ਖਿਡਾਰੀ ਜਿਨ੍ਹਾਂ ਵਿਚੋਂ ਕਈ ਨਸ਼ੇ ਦੀ ਭੇਂਟ ਚੜ੍ਹ ਕੇ ਪੰਜਾਬੀ ਕਹਾਵਤ ਵਾਂਗ ਥੋੜਚਿਰੀ ਬੱਲੇ ਬੱਲੇ ਖਾਤਰ ਆਪਣੀਆਂ ਜਾਨਾਂ "ਭੰਗ ਦੇ ਭਾੜੇ" ਗਵਾ ਬੈਠੇ ਅਤੇ ਕਬੱਡੀ ਜਗਤ ਵਿਚ ਆਪਣਾ ਮਾਨ ਸਨਮਾਨ ਵੀ ਗਵਾ ਗਏ । ਇਨ੍ਹਾਂ ਖਿਡਾਰੀਆਂ ਵਿਚ ਕਬੱਡੀ ਦੇ ਖੇਡ ਮੈਦਾਨ ਅੰਦਰ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਵੀ ਸ਼ਾਮਿਲ ਸਨ। ਅਜਿਹੇ ਦਮਦਾਰ ਖਿਡਾਰੀਆਂ ਦਾ ਖੇਡ ਪ੍ਰੇਮੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੁੰਦੇ ਸਨ ਪਰ ਹੁਣ ਉਹੀ ਦਰਸ਼ਕ ਕਹਿੰਦੇ ਹਨ ਕਿ ਜੇਕਰ ਉਹ ਖਿਡਾਰੀ ਨਸ਼ਾ ਨਾ ਕਰਦਾ ਤਾਂ ਅੱਜ ਵੀ ਮੈਦਾਨ ਵਿਚ ਉਸ ਦੀ ਤੂਤੀ ਬੋਲਦੀ ਹੁੰਦੀ । ਇਸ ਰਾਹੋਂ ਬਚਣ ਦੀ ਸਖਤ ਲੋੜ ਹੈ।
ਮਸਲਾ ਹੋਰ ਵੀ ਹੈ ਕਿ ਇਨ੍ਹਾਂ ਖੇਡ ਮੇਲਿਆਂ ਵਾਸਤੇ ਬੜੀਆਂ ਭਾਰੀਆਂ ਰਕਮਾਂ ਖਰਚ ਕੀਤੀਆਂ ਜਾਂਦੀਆਂ ਹਨ। ਇੰਡੀਆਂ ਜਾਂ ਕੁੱਝ ਹੋਰ ਮੁਲਕਾਂ ਤੋਂ ਕਾਫੀ ਮੁੱਲ ਤਾਰ ਕੇ ਖਿਡਾਰੀ ਬੁਲਾਏ ਜਾਂਦੇ ਹਨ, ਪਰ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਖਿਡਾਇਆ ਜਾਂਦਾ ਹੈ। ਕਈ ਵਾਰ ਹਾਰ-ਜਿੱਤ ਪਹਿਲਾਂ ਹੀ ਤੈਅ ਕਰ ਲਈ ਜਾਂਦੀ ਹੈ। ਇਹ ਨਿਰੀ ਬੇਈਮਾਨੀ ਹੈ, ਕਬੱਡੀ ਨਾਲ ਧੋਖਾ ਹੀ ਨਹੀਂ ਖਿਡਾਰੀ ਦੀ ਖੇਡ ਨੂੰ ਵਿਕਸਤ ਹੋਣੋਂ ਵੀ ਰੋਕਿਆ ਜਾਂਦਾ ਹੈ। ਪੈਸੇ ਦੇ ਰੋਅਬ ਨਾਲ ਖਿਡਾਰੀ ਅਤੇ ਖੇਡ ਦੋਵਾਂ ਦਾ ਸੱਤਿਆਨਾਸ ਕੀਤਾ ਜਾਂਦਾ ਹੈ। ਇਹ ਨਹੀ ਹੋਣਾ ਚਾਹੀਦਾ, ਕਦਾਚਿੱਤ ਨਹੀਂ ਹੋਣਾ ਚਾਹੀਦਾ। ਖਿਡਾਰੀ ਦੇ ਅੱਗੇ ਵਧਣ 'ਚ ਰੋੜੇ ਨਹੀਂ ਅਟਕਾਉਣੇ ਚਾਹੀਦੇ। ਪਿਛਲੇ ਸਮੇਂ ਅੰਦਰ ਕਬੱਡੀ ਖਿਡਾਰੀਆਂ ਦੀਆਂ ਦੁਸ਼ਮਣੀਆਂ ਦੇ ਚਰਚੇ ਵੀ ਸੁਣੇ ਜਾਂਦੇ ਰਹੇ। ਇਸ ਪਾਸੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਖੇਡ ਮੈਦਾਨ ਦੁਸ਼ਮਣੀ ਨਹੀਂ ਹਮੇਸ਼ਾ ਆਪਸੀ ਸਾਂਝ ਵਧਾਂਉਂਦਾ ਹੈ ।
ਯੂਰਪ ਅੰਦਰ ਪੰਜਾਬੀਆਂ ਦੀ ਨੌਜਵਾਨ ਪੀੜੀ ਵਸਦੀ ਹੈ, ਕਾਫੀ ਸਾਰੇ ਇੱਥੇ ਹੀ ਜੰਮੇ-ਪਲੇ ਹਨ। ਉਨ੍ਹਾਂ ਵਿਚੋਂ ਕਈ ਸਾਰੇ ਕਬੱਡੀ ਖੇਡਣ ਲਈ ਮੌਕੇ ਭਾਲ਼ਦੇ ਹਨ। ਇੱਥੋਂ ਦੇ ਕਬੱਡੀ ਲਈ ਕੰਮ ਕਰਦੇ ਖੇਡ ਕਲੱਬਾਂ, ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਅਜਿਹੇ ਨੌਜਵਾਨਾਂ ਨੂੰ ਆਪਣੀਆਂ ਕਬੱਡੀ ਟੀਮਾਂ ਵਿਚ ਥਾਂ ਦੇਣ। ਇਸ ਨਾਲ ਨਵੀਂ ਪੀੜ੍ਹੀ ਨੂੰ ਆਪਣਾ ਸ਼ੌਕ ਪੂਰਦਿਆਂ ਆਪਣੇ ਅੰਦਰ ਪੰਜਾਬੀਪੁਣੇ ਦਾ ਅਹਿਸਾਸ ਵੀ ਪਣਪਦਾ ਰਹੇਗਾ। ਆਪਣਿਆਂ ਨਾਲ ਗੱਲਾਂ-ਬਾਤਾਂ ਕਰਦਿਆਂ ਉਨ੍ਹਾਂ ਦੇ ਮਨ ਅੰਦਰ ਆਪਣੇ ਵਿਰਸੇ ਨਾਲ ਜੁੜਨ ਦੇ ਸਬੱਬ ਪੈਦਾ ਹੋਣਗੇ। ਇਹ ਬਹੁਤ ਹੀ ਧਿਆਨਯੋਗ ਨੁਕਤਾ ਸਮਝ ਕੇ ਇਸ ਨੂੰ ਵਿਚਾਰਦਿਆਂ ਇਸ ਉੱਤੇ ਅਮਲ ਕਰਨ ਦੇ ਵਿਸ਼ੇਸ਼ ਜਤਨ ਕੀਤੇ ਜਾਣੇ ਚਾਹੀਦੇ ਹਨ। ਅਗਲੀ ਪੀੜ੍ਹੀ ਨੇ ਹੀ ਇਸ ਕਾਰਜ ਨੂੰ ਅੱਗੇ ਲੈ ਕੇ ਜਾਣਾ ਹੈ। ਨੌਜਵਾਨਾਂ ਨੂੰ ਆਪਣੀਆਂ ਪ੍ਰਬੰਧਕੀ ਟੀਮਾਂ ਵਿਚ ਵੀ ਥਾਂ ਦਿੱਤੀ ਜਾਣੀ ਚਾਹੀਦੀ ਹੈ
ਆਉਣ ਵਾਲੇ ਕੁਝ ਦਿਨਾਂ ਵਿਚ ਯੂਰਪ ਅੰਦਰ ਕਬੱਡੀ ਮੈਚ ਹੋ ਰਹੇ ਹਨ ਜਿਨ੍ਹਾਂ ਵਿਚ ਪ੍ਰਬੰਧਕ/ਪਰਮੋਟਰ ਇੰਡੀਆ ਤੋਂ ਜ਼ਿਆਦਾਤਰ ਪੰਜਾਬ ਤੋਂ ਕਬੱਡੀ ਖਿਡਾਰੀਆਂ ਨੂੰ ਲਿਆ ਰਹੇ ਹਨ। ਹਾਲਾਕਿ ਸੁਣਨ ਵਿਚ ਆ ਰਿਹਾ ਹੈ ਕਿ ਪ੍ਰਬੰਧਕਾਂ ਵਲੋਂ ਖਾਸ ਹਿਦਾਇਤ ਕੀਤੀ ਗਈ ਹੈ ਕਿ ਇੰਡੀਆ ਤੋਂ ਆਉਣ ਵਾਲੇ ਖਿਡਾਰੀਆਂ ਦਾ ਇੰਡੀਆ ਵਿਚੋਂ ਡੋਪ ਟੈਸਟ ਕਰਵਾਇਆ ਜਾਵੇ ਅਤੇ ਰੀਜ਼ਲਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਆਉਣ ਵਾਸਤੇ ਸੱਦਾ ਪੱਤਰ ਭੇਜਿਆ ਜਾਵੇ। ਪਰ ਫਿਰ ਵੀ ਇਸ ਦੇ ਨਾਲ ਪ੍ਰਬੰਧਕਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਯੂਰੋਪ ਵਿਚ ਆਏ ਪੰਜਾਬੀ ਅਤੇ ਹੋਰ ਖਿਡਾਰੀਆਂ ਦਾ ਆਪਣੀ ਤਰਫੋਂ ਵੀ ਇਕ ਡੋਪ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਸਾਰਾ ਕੁਝ ਸਾਫ ਹੋ ਸਕੇ । ਖਿਡਾਰੀਆਂ ਨੂੰ ਵੀ ਚਾਹੀਦੈ ਕਿ ਉਹ ਆਪਣੀ ਖੇਡ ਨੂੰ ਆਪਣਾ ਜਨੂਨ ਸਮਝ ਕੇ ਖੂਬ ਮਿਹਨਤ ਕਰਨ ਅਤੇ ਆਪਣੇ ਸਰੀਰ ਨੂੰ ਇਸ ਲਾਇਕ ਬਣਾਉਣ ਕਿ ਬਿਨ੍ਹਾਂ ਨਸ਼ੇ ਤੋਂ ਹੀ ਉਹ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਸਕਣ । ਖੇਡ ਲੋਭ-ਲਾਲਚ ਨਹੀਂ ਹੁੰਦੀ, ਸਗੋਂ ਜਨੂਨ ਦਾ ਨਾਂ ਹੈ।
ਨੋਟ : ਇਸ ਕਾਰਜ ਦੇ ਪ੍ਰਚਾਰ ਵਾਸਤੇ "ਮੀਡੀਆ ਪੰਜਾਬ" ਤੁਹਾਡਾ ਸਹਾਇਕ ਬਣਨ ਦਾ ਵਚਨ ਦਿੰਦਾ ਹੈ।