Advocate Surinder Singh Kanwar

ਮਾਨਸਿਕ ਰੋਗ ਐਡਵੋਕੇਟ - ਸੁਰਿੰਦਰ ਸਿੰਘ ਕੰਵਰ

ਇਨਸਾਨ ਨੇ ਆਪਣੇ ਸੁੱਖ, ਅਰਾਮ, ਸਹੁਲਤ, ਅਤੇ ਅਯਾਸ਼ੀ ਵਾਸਤੇ ਪਦਾਰਥਕ ਉਨਤੀ ਤਾਂ ਬਹੁਤ ਕਰ ਲਈ ਹੈ ਪਰ ਇਸ ਦੇ ਨਾਲ ਹੀ ਇਹ ਵੀ ਨਜ਼ਰ ਆਉਂਦਾ ਹੈ ਕਿ ਆਮ ਲੋਕਾਂ ਦੀ ਮਾਨਸਿਕ ਪੀੜਾ ਵਧਦੀ ਜਾ ਰਹੀ ਹੈ। ਮਾਨਸਿਕ ਪੀੜਾ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਈ ਜਾ ਰਹੇ ਹਨ। ਡਿਪਰੈਸ਼ਨ, ਉਦਾਸੀ, ਵਰਗੀਆਂ ਬਿਮਾਰੀਆਂ ਤਾਂ ਆਮ ਹੋ ਗਈਆਂ ਹਨ। ਸਹਿਨ-ਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਇਹ ਹੀ ਕਾਰਨ ਹੈ ਕਿ ਖੁਦਕੁਸ਼ੀ ਦਾ ਰੁਝਾਣ ਵੀ ਵਧਦਾ ਜਾ ਰਿਹਾ ਹੈ। ਜਿਵੇਂ ਜਿਵੇਂ ਮਾਇਆ ਦਾ ਪਸਾਰਾ ਵਧ ਰਿਹਾ ਹੈ ਉਸੇ ਅਨੁਪਾਤ ਅਨੁਸਾਰ ਮਾਨਸਿਕ ਪੀੜਾ ਵੀ ਵੱਧ ਰਹੀ ਹੈ। ਇਸੇ ਕਾਰਨ ਕਈ ਤਰ੍ਹਾਂ ਦਆਂ ਬੁਰਾਈਆਂ ਜਨਮ ਲੈਅ ਰਹੀਆਂ ਹਨ। ਚੋਰੀ, ਡਾਕੇ, ਰਿਸ਼ਵਤ ਖੋਰੀ, ਬਲੈਕ ਮਾਰਕਿਟਿੰਗ, ਬਲਾਤਕਾਰੀ, ਨਸ਼ੀਲੇ ਪਦਾਰਥਾ ਦੀ ਵਰਤੋਂ ਦਾ ਰੁਝਾਣ ਵਰਗੇ ਕਈ ਤਰ੍ਹਾਂ ਦੇ ਅਪਰਾਧ ਵੱਧ ਰਹੇ ਹਨ। ਇਹ ਤਾਂ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਬੁਰਾਈ ਮਾਨਸਿਕ ਰੋਗ ਦੀ ਉਪਜ ਹੀ ਹੁੰਦੀ ਹੈ। ਇਸੇ ਲਈ ਲੋੜ ਹੈ ਪਦਾਰਥਕ ਉਨਤੀ ਦੇ ਨਾਲ ਮਾਨਸਿਕ ਉਨਤੀ ਦੀ ਵਿਵਸਥਾ ਵੀ ਉਚੇਚੇ ਤੌਰ 'ਤੇ ਅਤੇ ਪਹਿਲ ਦੇ ਅਧਾਰ 'ਤੇ ਕੀਤੀ ਜਾਵੇ।
    ਇਸ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਮਨ ਨੂੰ ਸਮਝਣ ਦੀ।
    ਮਨ ਬਾਰੇ ਗੁਰਬਾਣੀ ਸਮਝਾਉਂਦੀ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਇਥੇ ''ਜੋਤਿ'' ਸ਼ਬਦ ਰੱਬ ਜੀ ਵਾਸਤੇ ਹੀ ਵਰਤਿਆ ਗਿਆ ਹੈ। ਹੁਣ ਰੱਬ ਜੀ ਦਾ ਕੋਈ ਰੂਪ ਰੇਖ ਜਾਂ ਰੰਗ ਤਾਂ ਹੈ ਨਹੀਂ ਇਸ ਲਈ ਸੋਚ ਆਉਂਦੀ ਹੈ ਕਿ ਰੱਬ ਜੀ ਦੀ ਪਛਾਣ ਕੀ ਹੋਈ?। ਅਸਲ ਵਿਚ ਰੱਬ ਜੀ ਤੋਂ ਭਾਵ ਹੈ ਕੁਦਰਤ ਦੇ ਨਿਯਮ। ਇਹ ਵੀ ਸਪਸ਼ਟ ਹੈ ਕਿ ਰੱਬ ਜੀ ਹਰ ਕਿਸੇ ਦੇ ਹਿਰਦੇ ਅੰਦਰ ਹੀ ਵਸਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਹਰ ਇਕ ਦਾ ਹਿਰਦਾ ਜਾਂ ਮਨ ਹੀ ਰੱਬ ਜੀ ਹੈ। ਇਸ ਮਨ ਦਾ ਵੀ ਕੋਈ ਰੰਗ, ਰੂਪ ਜਾਂ ਅਕਾਰ ਨਹੀਂ ਹੈ। ਇਹ ਮਨ ਵੀ ਕੁਦਰਤ ਦੇ ਨਿਯਮ ਅਨੁਸਾਰ ਹੀ ਕੰਮ ਕਰਦਾ ਹੈ। ਇਹ ਵੀ ਪਰਤੱਖ ਹੈ ਕਿ ਮਨ ਦੇ ਵਿਚਾਰਾਂ ਦਾ ਪ੍ਰਭਾਵ ਸਰੀਰ ਉਤੇ ਹੁੰਦਾ ਰਹਿੰਦਾ ਹੈ। ਇਸ ਲਈ ਸਰੀਰ ਉੱਤੇ ਹੁੰਦੇ ਮਨ ਦੇ ਪ੍ਰਭਾਵ ਨੂੰ ਸਮਝਣ ਵਾਸਤੇ ਸਰੀਰ ਅਤੇ ਮਨ ਦਾ ਆਪਸੀ ਸਬੰਧ ਸਮਝਣ ਦੀ ਲੋੜ ਹੈ।
    ਮਨ ਦੇ ਰੋਗ ਨੂੰ ਹੀ ਮਾਨਸਿਕ ਰੋਗ ਕਿਹਾ ਜਾਂਦਾ ਹੈ। ਹੁਣ ਮਨ ਕੋਈ ਸਰੀਰਕ ਅੰਗ ਤਾਂ ਹੈ ਨਹੀਂ। ਜੇਕਰ ਕੋਈ ਸਰੀਰਕ ਅੰਗ ਹੁੰਦਾ ਤਾਂ ਡਾਕਟਰ ਉਸ ਦਾ ਇਲਾਜ ਤਾਂ ਲੱਭ ਲੈਂਦੇ ਪਰ ਮਨ ਦਾ ਰੋਗ ਤਾਂ ਆਪ ਹੀ ਲੱਭਣਾ ਪਵੇਗਾ ਅਤੇ ਆਪ ਹੀ ਇਸ ਦਾ ਇਲਾਜ ਕਰਨਾ ਹੋਵੇਗਾ। ਮਨੋ-ਵਿਗਿਆਨੀ ਇਸ ਸਬੰਧ ਵਿਚ ਸੁਝਾਓ ਤਾਂ ਦੇ ਸਕਦੇ ਹਨ ਪਰ ਇਲਾਜ ਆਪਣੇ ਆਪ ਹੀ ਕਰਨਾ ਪਵੇਗਾ। ਮਨ ਦਾ ਰੋਗ ਠੀਕ ਕਰਨ ਵਾਸਤੇ ਕਈ ਵਾਰ ਦਵਾਈਆਂ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਨਾਲ ਮਨਾਸਿਕ ਰੋਗ ਕਿਸੇ ਹੱਦ ਤਕ ਦੱਬ ਤਾਂ ਭਾਂਵੇ ਜਾਂਦਾ ਹੈ ਪਰ ਠੀਕ ਨਹੀਂ ਹੁੰਦਾ। ਇਸ ਵਾਸਤੇ ਆਮ ਤੌਰ 'ਤੇ ਜੋ ਦਵਾਈ ਦਿੱਤੀ ਜਾਂਦੀ ਹੈ, ਉਹ ਹੈ ਸਲੀਪਇੰਗ ਪਿਲ, ਭਾਵ ਸੌਣ ਦੀ ਦਵਾ। ਇਸ ਨਾਲ ਸਗੋਂ ਸਰੀਰ ਸੁਸਤ ਅਤੇ ਆਲਸੀ ਹੋ ਜਾਂਦਾ ਹੈ। ਇਸ ਤਰ੍ਹਾਂ ਦਵਾਈਆਂ ਨਾਲ ਸਗੋਂ ਸਰੀਰਕ ਕਿਰਆ ਦਾ ਸੰਨਤੁਲਨ ਵਿਗੜ ਜਾਂਦਾ ਹੈ। ਦਵਾਈਆਂ ਦੀ ਆਦਤ ਵਾਧੂ ਪੈਅ ਜਾਂਦੀ ਹੈ। ਕਈ ਲੋਕ ਸ਼ਰਾਬ ਜਾਂ ਕਿਸੇ ਨਸ਼ੇ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਦੇ ਨਾਲ ਸਗੋਂ ਹੋਰ ਵੀ ਕਈ ਨੁਕਸਾਨ ਹੋ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗ ਜਾਂਦੀਆਂ ਹਨ।
    ਮਨ ਦੇ ਸਬੰਧ ਵਿਚ ਮਨੋ-ਵਿਗਿਆਨੀ ਮਨ ਦੀਆਂ ਵੱਖ ਵੱਖ ਪਰਤਾਂ ਦਾ ਜ਼ਿਕਰ ਕਰਦੇ ਹਨ। ਆਮ ਤੌਰ 'ਤੇ ਮਨ ਦੀਆਂ ਤਿਨ ਪਰਤਾਂ ਦਾ ਉਲੇਖ ਕੀਤਾ ਜਾਂਦਾ ਹੈ। ਇਹ  ਹਨ (conscious mind) ਸੁਚੇਤ ਮਨ, (un-conscious mind) ਅਚੇਤ ਮਨ, ਅਤੇ (sub-conscious mind) ਅਵਚੇਤ ਮਨ। ਕਈ ਵਿਗਿਆਨੀ ਇਕ (super conscious mind) ਉੱਤਮ ਸੁਚੇਤ ਮਨ ਵੀ, ਮਨ ਦੀ ਚੋਥੀ ਪਰਤ ਦਾ ਵਰਨਣ ਕਰਦੇ ਹਨ। ਇਹ ਉੱਤਮ ਸੁਚੇਤ ਮਨ (super conscious mind) ਅਵਚੇਤ ਮਨ ਦੇ ਪਰਭਾਵ ਹੇਠ ਆਉਂਦੇ ਸਰੀਰਕ ਬਦਲਾਉੇ ਦਾ ਸਿੱਟਾ ਪ੍ਰਗਟ ਕਰਦਾ ਹੈ।
        ਸੁਚੇਤ ਮਨ (conscious mind) ਰਾਹੀਂ ਸਾਰੇ ਕੰਮ ਸੂਝ ਬੂਝ ਨਾਲ ਕੀਤੇ ਜਾਂਦੇ ਹਨ। ਇਸ ਦੇ ਇਲਾਵਾ ਕਈ ਕੰਮ ਆਮ-ਮੁਹਾਰੇ ਵੀ ਕੀਤੇ ਜਾਂਦੇ ਹਨ। ਇਸ ਵਾਸਤੇ ਉਚੇਚੇ ਤੌਰ 'ਤੇ ਸੋਚ ਤੋਂ ਜਾਂ ਸੁਚੇਤ ਮਨ ਤੋਂ ਕੰਮ ਲੈਣ ਦੀ ਲੋੜ ਨਹੀਂ ਹੁੰਦੀ। ਐਸੇ ਕੰਮ ਆਦਤਨ ਹੀ ਸਹਿਜ ਸੁਭਾਏ ਹੀ ਕੀਤੇ ਜਾਂਦੇ ਹਨ ਜਾਂ ਹੋ ਜਾਂਦੇ ਹਨ। ਐਸੇ ਸਭ ਕੰਮ ਅਚੇਤ ਮਨ (unconscious mind) ਦੀ ਕਿਰਿਆ ਹੀ ਹੁੰਦੀ ਹੈ।
    ਫਿਰ ਆਉਂਦਾ ਹੈ ਅਵਚੇਤ ਮਨ (subconscious mind)।  ਮਨ ਦੀ ਇਹ ਪਰਤ ਬਹੁਤ ਖਤਰਨਾਕ ਹੈ। ਅਸਲ ਵਿਚ ਇਹ ਹੀ 'ਚਿਤਰ ਗੁਪਤ' ਹੈ। ਇਹ ਹੀ ਹੈ ਜੋ 'ਘਰੀ ਘਰੀ ਕਾ ਲੇਖਾ ਮਾਗੈ'। ਮਨ ਵਿਚ ਆਉਂਦਾ ਹਰ ਵਿਚਾਰ, ਹਰ ਫੁਰਨਾ  ਮਨ ਦੀ ਇਸ ਪਰਤ ਵਿਚ ਰਿਕਾਰਡ ਹੁੰਦਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਪਤਾ ਵੀ ਨਹੀਂ ਚਲਦਾ। ਫਿਰ ਹਰ ਵਿਚਾਰ ਇਕ ਬੀਜ ਦੀ ਤਰ੍ਹਾਂ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹਰ ਵਿਚਾਰ ਇਕ ਧਾਰਨਾ ਨੂੰ ਜਨਮ ਦੇ ਦਿੰਦਾ ਹੈ। ਜਦੋਂ ਕੋਈ ਡਰ, , ਵਹਿਮ ਭਰਮ ਜਾਂ ਕਿਸੇ ਹਾਦਸੇ ਦਾ ਪ੍ਰਭਾਵ, ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਵਿਚਾਰ ਇਸ ਅਵਚੇਤ ਮਨ ਵਿਚ ਘਰ ਕਰ ਜਾਂਦਾ ਹੈ ਤਾਂ ਉਸ ਦੇ ਪ੍ਰਭਾਵ ਕਾਰਨ, ਸਰੀਰ ਉੱਤੇ ਕਈ ਤਰ੍ਹਾਂ ਦਾ ਅਸਰ ਹੁੰਦਾ ਰਹਿੰਦਾ ਹੈ ਅਤੇ ਇਸੇ ਅਨੁਸਾਰ ਸੁਭਾਉ ਵੀ ਬਣਦਾ ਅਤੇ ਬਦਲਦਾ ਰਹਿੰਦਾ ਹੈ।
ਮਨੋਵਿਗਿਆਨੀ ਦਸਦੇ ਹਨ ਕਿ: Our cells listen our thoughts ਭਾਵ ਇਹ ਕਿ ਅੰਦਰ ਦੇ ਜੋ ਸੈੱਲ ਹਨ ਉਹ ਵਿਚਾਰਾਂ ਦੀ ਅਵਾਜ਼ ਸੁਣਦੇ ਹਨ।  ਮਨੁੱਖ ਦੇ ਅੰਦਰ ਪੱਲਰ ਰਹੇ ਸੈੱਲ ਮਨੁੱਖ ਦੀ ਸੋਚ ਅਨੁਸਾਰ ਕੰਮ ਕਰਦੇ ਹਨ। ਇਸ ਦੇ ਇਲਾਵਾ (Dr JOSEPH MURPHY- The Power of Your Subconscious Mind) ਡਾਕਟਰ ਜੋਸਫ ਮਰਫੀ ਆਪਣੀ ਪੁਸਤਕ ਦੀ ਪਾਵਰ ਆਫ ਯੁਅਰ ਸੱਬ ਕੌਨਸ਼ਿਅਸ ਮਾਇੰਡ ਵਿਚ ਬੜੇ ਵਿਸਥਾਰ ਨਾਲ ਸਮਝਾਉਂਦੇ ਹਨ ਕਿ ਮਨ ਦੋ ਪਰਕਾਰ ਦਾ ਹੈ ਇਕ ਸਚੇਤ ਜਾਂ ਚੇਤਨ ਮਨ (conscious mind or rational mind) ਅਤੇ ਦੂਜਾ ਅਵਚੇਤਨ ਮਨ (subconscious mind or irretional mind)। ਡਾਕਟਰ ਜੋਸਫ ਮਰਫੀ ਅਨੁਸਾਰ ਸਚੇਤ ਮਨ ਹਰ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ।ਕਈ ਵਿਚਾਰ ਚੰਗੇ ਹੁੰਦੇ ਹਨ ਅਤੇ ਕਈ ਬੁਰੇ। ਅਵਚੇਤਨ ਮਨ ਚੰਗੇ ਜਾਂ ਮੰਦੇ ਵਿਚਾਰਾਂ ਵਿਚ ਭੇਦ ਨਹੀਂ ਕਰਦਾ। ਅਵਚੇਤਨ ਮਨ ਸਭ ਤਰ੍ਹਾਂ ਦੇ ਵਿਚਾਰ ਗ੍ਰਹਿਣ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਵਿਚਾਰਾਂ ਦੀ ਪੂਰਤੀ ਵਾਸਤੇ ਜੁੱਟ ਜਾਂਦਾ ਹੈ।ਇਹ ਅਵਚੇਤਨ ਮਨ ਦੀ ਖੂਬੀ ਹੈ ਕਿ ਜੋ ਇਸ ਅਵਚੇਤਨ ਮਨ ਨੂੰ ਵਿਚਾਰ ਮਿਲੇ ਹੁੰਦੇ ਹਨ ਉਹ ਉਨ੍ਹਾਂ ਵਿਚਾਰਾਂ ਦੀ ਪੂਰਤੀ ਵਾਸਤੇ ਹਰ ਤਰ੍ਹਾਂ ਦੇ ਹਲਾਤ ਪੈਦਾ ਕਰ ਦਿੰਦਾ ਹੈ। ਇਸ ਅਵਚੇਤਨ ਮਨ ਵਿਚ ਜਿਸ ਤਰ੍ਹਾ ਦੇ ਵਿਚਾਰ ਇਕੱਠੇ ਹੁੰਦੇ ਹਨ ਉਸੇ ਅਨੁਸਾਰ ਮਨੁੱਖ ਦਾ ਸੁਭਾ ਬਦਲ ਜਾਂਦਾ ਹੈ। ਸਚੇਤ ਮਨ ਖਰੇ ਖੋਟੇ ਦੀ ਪਹਿਚਾਣ ਕਰਦਾ ਹੈ। ਸਚੇਤ ਮਨ ਤਰਕਸ਼ੀਲ ਹੁੰਦਾ ਹੈ, ਜਦੋਂ ਕਿ ਅਵਚੇਤਨ ਮਨ ਬਿਨਾਂ ਮੱਤ ਭੇਦ ਸਭ ਕੁਝ ਗ੍ਰਹਿਣ ਕਰਦਾ ਹੈ। ਅਵਚੇਤਨ ਮਨ ਨੂੰ ਬੁਰੇ ਭਲੇ ਨਾਲ ਕੋਈ ਸਰੋਕਾਰ ਨਹੀਂ ਹੈ। ਅਵਚੇਤਨ ਮਨ ਉਸ ਧਰਤੀ ਦੀ ਮਿਟੀ ਦੀ ਤਰ੍ਹਾਂ ਹੈ ਜਿਸ ਵਿਚ ਜੋ ਚਾਹੋ ਬੀਜ ਦੇਵੋ ਉਸੇ ਤਰ੍ਹਾਂ ਦਾ ਫਲ ਉਹ ਦੇ ਦਿੰਦਾ ਹੈ।ਸਚੇਤ ਮਨ ਅਵਚੇਤਨ ਮਨ ਲਈ ਗੇਟ ਤੇ ਚੌਕੀਦਾਰ ਦੀ ਤਰ੍ਹਾਂ ਕੰਮ ਕਰਦਾ ਹੈ।ਸਚੇਤ ਮਨ ਜੇ ਚਾਹੇ ਤਾਂ ਕੋਈ ਵੀ ਬੁਰਾ ਜਾਂ ਨਿਖੇਧਾਤਮਿਕ ਵਿਚਾਰ ਅਵਚੇਤਨ ਮਨ ਵਿਚ ਜਾਣ ਤੋਂ ਰੋਕ ਸਕਦਾ ਹੈ। ਉਦਾਹਰਣ  ਵਜੋਂ ਮਨ ਲਵੋ ਕਿ ਕੋਈ ਇਹ ਸੁਝਾਓ ਦਿੰਦਾ ਹੈ ਕਿ ਤੁਸੀਂ ਬਿਮਾਰ ਹੋ ਜੇਕਰ ਇਹ ਪ੍ਰਭਾਵ ਤੁਹਾਡੇ ਅਵਚੇਤਨ ਮਨ ਵਿਚ ਘਰ ਕਰ ਜਾਂਦਾ ਹੈ ਤਾਂ ਤੁਸੀਂ ਬਿਮਾਰ ਹੋ ਜਾਵੋਗੇ ਇਸ ਦੇ ਉਲਟ ਜੇਕਰ ਤੁਹਾਡਾ ਸਚੇਤ ਮਨ ਇਸ ਸੁਝਾਵ ਨੂੰ ਰੱਦ ਕਰ ਦਿੰਦਾ ਹੈ ਅਤੇ ਇਹ ਵਿਸ਼ਵਾਸ ਕਰਦਾ ਹੈ ਕਿ ਜੋ ਕਿਹਾ ਜਾ ਰਿਹਾ ਹੈ ਉਹ  ਗ਼ਲਤ ਹੈ ਤਾਂ ਤੁਸੀਂ ਬਿਮਾਰ ਨਹੀਂ ਹੋਵੋਗੇ। Auto suggestions Banishes fear-  ਭਾਵ ਸਵੈ-ਸੁਝਾਵ ਮਨ ਵਿਚੋਂ ਡਰ ਦੂਰ ਕਰ ਦਿੰਦਾ ਹੈ। ਕਈ ਵਾਰ ਮਨੁੱਖ ਦੇ ਮਨ ਵਿਚ ਇਹ ਵਹਿਮ ਘਰ ਕਰ ਜਾਂਦਾ ਹੈ ਕਿ ਉਹ ਕਾਮਯਾਬ ਨਹੀਂ ਹੋ ਸਕਦਾ ਅਤੇ ਇਸ ਵਜਾ ਕਰ ਕੇ ਉਹ ਕਿਤੇ ਵੀ ਕਾਮਯਾਬ ਨਹੀਂ ਹੁੰਦਾ ਇਸ ਦੇ ਉਲਟ ਜੇ ਕਰ ਉਹ ਆਪਣੇ ਮਨ ਨੂੰ ਇਹ ਸੁਝਾਅ ਦਿੰਦਾ ਰਹੇ ਕਿ ਉਹ ਕਾਮਯਾਬ ਹੋ ਜਾਵੇਗਾ ਤਾਂ ਇਸ ਤਰ੍ਹਾਂ ਦਾ ਸੁਜਾਅ ਉਸ ਦੇ ਅਵਚੇਤਨ ਮਨ ਵਿਚ ਇਹ ਵਿਸ਼ਵਾਸ ਪੈਦਾ ਕਰ ਦਿੰਦਾ ਹੈ ਕਿ ਉਹ ਕਾਮਯਾਬ ਹੋਵੇਗਾ ਤਾਂ ਉਹ ਜ਼ਰੂਰ ਕਾਮਯਾਬ ਹੋ ਜਾਂਦਾ ਹੈ। ਇਸ ਦਾ ਭਾਵ ਇਹ ਹੋਇਆ ਕਿ:
ਚੰਗਾ ਸੋਚੋ ਤੇ ਚੰਗਾ ਹੀ ਹੋਵੇਗਾ, ਜੇ ਬੁਰਾ ਸੋਚੋਗੇ ਤੇ ਬੁਰਾ ਹੋਵੇਗਾ। ਤੁਸੀਂ ਉਹੀ ਹੋ ਜੋ ਸਾਰਾ ਦਿਨ ਤੁਸੀਂ ਸੋਚਦੇ ਹੋ।
ਤੁਹਾਡਾ ਅਵਚੇਤਨ ਮਨ ਤੁਹਾਡੇ ਨਾਲ ਬਹਿਸ ਨਹੀਂ ਕਰਦਾ ਜੋ ਤੁਸੀਂ ਉਸ ਨੂੰ ਸਮਝਾਉਂਦੇ ਹੋ ਉਹ ਉਸ ਦਾ ਪਾਲਣ ਕਰਦਾ ਹੈ ਅਤੇ ਤੁਹਾਡੇ ਕਹੇ ਅਨੁਸਾਰ ਉਸ ਦੇ ਨਤੀਜੇ ਨਿਕਲਦੇ ਹਨ।
ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਮਨ ਸਮਝਾ ਦਿਓ ਕਿ ਤੁਸੀਂ ਖੁਸ਼ ਹੋ ਅਤੇ ਖੁਸ਼ ਰਹੋਗੇ। ਤੁਹਾਡਾ ਮਨ ਤੁਹਾਨੂੰ ਖੁਸ਼ ਰੱਖਣ ਦਾ ਰਸਤਾ ਦੱਸ ਦੇਵੇਗਾ।
ਇਹ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ। ਇਹ ਕਦੀ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਨਹੀਂ ਕਰ ਸਕਦੇ।
ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਸੋਚ ਸਾਰਥਕ ਹੋਵੇ।
    ਇਸ ਤਰ੍ਹਾਂ ਆਪਣਾ ਮਨੋਬਲ ਵਧਾਉਣ ਵਾਸਤੇ ਆਪਣੇ ਸਬ-ਕੋਨਸ਼ਿਅਸ ਮਾਇੰਡ ਨੂੰ (ਭਾਵ ਅਵਚੇਤ ਮਨ ਨੂੰ) ਸਮਝਾਉਣਾ ਹੈ ਕਿ ਉਸ ਨੇ ਕਿਸ ਰਸਤੇ ਚੱਲਣਾ ਹੈ ਅਤੇ ਕਿਵੇਂ ਜਾਗਰੂਕ ਹੋਣਾ ਹੈ (to train the sub conscious mind to move to certain specific direction)। ਮਨ ਨੂੰ  (positive thinking) ਇਕ ਸਾਰਥਕ ਸੋਚ ਵਲ ਉਕਸਾਉਣਾ ਹੈ ਜਿਸ ਨਾਲ ਮਨੁੱਖ ਚੜ੍ਹਦੀ ਕਲਾ ਵਿਚ ਰਹਿਣ ਦਾ ਆਦੀ ਹੋ ਸਕੇ।
        ਮਨੋ ਵਿਗਿਆਨੀ ਇਹ ਵੀ ਦਸਦੇ ਹਨ ਕਿ ਸਰੀਰ ਅੰਦਰ ਨੌਂ (9) ਗਲੈਨਡ ਹੁੰਦੇ ਹਨ। ਮਨ ਦੀ ਸੋਚ ਅਨੁਸਾਰ ਇਨ੍ਹਾਂ ਗਲੈਨਡਜ਼ ਵਿਚੋਂ ਕਈ ਤਰ੍ਹਾਂ ਦੇ ਰਸਾਇਨ ਰਿਸਦੇ ਹਨ। ਇਹ ਅੰਦਰ ਦੀ ਕੁਦਰਤ ਦਾ ਨਿਯਮ ਹੈ। ਹੁਣ ਜੇਕਰ ਮਨ ਵਿਚ (positive) ਸਕਾਰਾਤਮਕ, ਚੰਗੇ ਅਤੇ ਚੜ੍ਹਦੀਕਲਾ ਵਾਲੇ ਵਿਚਾਰ ਹਨ ਤਾਂ ਇਨ੍ਹਾਂ ਗਲੈਨਡਜ਼ ਵਿਚੋਂ ਐਸੇ ਹਾਰਮੋਨਜ਼ ਰਿਸਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨੁੱਖ ਦੀ ਦਿੱਖ ਤੋਂ ਖੁਸ਼ੀ ਦਾ ਪਰਗਟਾਵਾ ਹੁੰਦਾ ਹੈ। ਇਸ ਦੇ ਉਲਟ ਜੇਕਰ ਮਨ ਵਿਚ (Negative) ਨਖਿੱਦ, ਨਿਰਾਰਥਕ, ਢੈਂਦਿਆਂ ਕਲਾ ਵਾਲੇ ਵਿਚਾਰ ਹਨ ਤਾਂ ਇਨ੍ਹਾਂ ਗਲੈਨਡਜ਼ ਵਿਚੋਂ ਐਸੇ ਹਾਰਮੋਨਜ਼ ਰਿਸਦੇ ਹਨ ਜਿਸ ਨਾਲ ਸਰੀਰ ਰੋਗੀ ਹੋ ਜਾਂਦਾ ਹੈ। ਇਸ ਨਾਲ ਚਹਿਰੇ ਤੋਂ ਵੀ ਉਦਾਸੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਇਹ ਉਦਾਸੀ ਮਾਨਸਿਕ ਰੋਗ ਦਾ ਹੀ ਪ੍ਰਤੀਕ ਹੁੰਦੀ ਹੈ। ਅਵਚੇਤ ਮਨ (sub-conscious mind) ਵਿਚ ਬੈਠੇ ਨਿਖੱਧ ਵਿਚਾਰਾਂ ਕਾਰਨ ਹੀ ਸਰੀਰ ਪੀੜਤ ਰਹਿੰਦਾ ਹੈ ਅਤੇ ਮਨ ਕੁੜਦਾ ਰਹਿੰਦਾ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕੋਈ ਕੰਡਾ ਹਰ ਸਮੇਂ ਚੁਭਨ ਪੈਦਾ ਕਰੀ ਰਖਦਾ ਹੋਵੇ। ਇਸ ਚੁਭਨ ਨਾਲ ਹੀ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ। ਇਸ ਚੁਭਨ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਸਪਸ਼ਟ ਕਰਦੇ ਹਨ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ॥ (ਗ:ਗ:ਸ: ਪੰਨਾ-13) ਸਾਕਤ ਉਹੀ ਵਿਅਕਤੀ ਹੁੰਦਾ ਹੈ ਜੋ ਆਪਣੀ ਬੇਸਮਜੀ ਅਤੇ ਹਉਮੈਂ ਕਾਰਨ ਆਪਣੇ ਮਨ ਅੰਦਰ ਕਈ ਤਰ੍ਹਾਂ ਦੇ ਨਖਿੱਧ ਵਿਚਾਰ ਪਾਲ ਰਖਦਾ ਹੈ। ਇਹ ਨਖਿਦ ਵਿਚਾਰ ਮਨ ਵਿਚ ਕੰਢੇ ਦੀ ਤਰ੍ਹਾਂ ਚੁਭਨ ਪੈਦਾ ਕਰੀ ਰਖਦੇ ਹਨ ਅਤੇ ਸਰੀਰ ਨੂੰ ਰੋਗੀ ਕਰਦੇ ਹਨ। ਇਹ ਠੀਕ ਇਸ ਤਰ੍ਹਾਂ ਹੈ ਜਿਵੇਂ ਜਮਾ ਦੀ ਮਾਰ ਪੈਂਦੀ ਹੋਵੇ। ਇਹ ਹੀ ਮਾਨਸਿਕ ਰੋਗ ਹੁੰਦਾ ਹੈ।
    ਮਨੋ-ਵਿਗਿਆਨੀ ਇਹ ਵੀ ਸਮਝਾਉਂਦੇ ਹਨ ਕਿ ਨਿਖੱਧ ਵਿਚਾਰ ਆਪਣੇ ਮਨ ਵਿਚ ਆਪ ਹੀ ਪੈਦਾ ਕੀਤੇ ਹੁੰਦੇ ਹਨ। ਕੋਈ ਦੂਸਰਾ ਵਿਅਕਤੀ ਇਨ੍ਹਾਂ ਨਖਿੱਧ ਵਿਚਾਰਾਂ ਨੂੰ ਪੈਦਾ ਨਹੀਂ ਕਰ ਸਕਦਾ। ਇਹ ਨਖਿੱਧ ਵਿਚਾਰ ਆਪਣੀ ਸੋਚ ਅਤੇ ਬੇਸਮਝੀ ਦੀ ਹੀ ਉਪਜ ਹੁੰਦੇ ਹਨ। ਜਿਵੇਂ ਖੇਤ ਵਿਚ ਬੀਜ ਬੋਇਆ ਜਾਂਦਾ ਹੈ ਇਸੇ ਤਰ੍ਹਾਂ ਮਨ ਵਿਚ ਮਨ ਦੇ ਵਿਚਾਰ ਬੀਜ ਦੀ ਤਰ੍ਹਾਂ ਪੁੰਗਰਦੇ ਰਹਿੰਦੇ ਹਨ। ਜਿਵੇਂ ਧਰਤੀ ਵਿਚ ਜਿਸ ਕੁਆਲਟੀ ਦਾ ਬੀਜ ਬੋਇਆ ਜਾਂਦਾ ਹੈ, ਉਸੇ ਅਨੁਸਾਰ ਉਸ ਦਾ ਫਲ ਹੁੰਦਾ ਹੈ। ਜੇਕਰ ਬੀਜ ਚੰਗਾ ਹੈ ਤਾਂ ਫਲ ਵੀ ਚੰਗਾ ਹੋਵੇਗਾ। ਇਸੇ ਅਨੁਸਾਰ ਜੇਕਰ ਬੀਜ ਚੰਗਾ ਨਹੀਂ ਤਾਂ ਫਲ ਵੀ ਚੰਗਾ ਨਹੀਂ ਮਿਲੇਗਾ। ਇਹੀ ਨਿਯਮ ਮਨ ਉੱਤੇ ਵਿਚਾਰਾਂ ਦਾ ਲਾਗੂ ਹੁੰਦਾ ਹੈ। ਜੇਕਰ ਮਨ ਵਿਚਲੇ ਵਿਚਾਰ ਚੰਗੇ ਹਨ ਤਾਂ ਸਰੀਰ ਤੰਦਰੁਸਤ ਰਹੇਗਾ ਅਤੇ ਬੁਰੇ ਵਚਾਰਾਂ ਨਾਲ ਸਰੀਰ ਰੋਗੀ ਹੋ ਜਾਵੇਗਾ। ਇਸੇ ਸੂਤਰ ਨੂੰ ਗੁਰਬਾਣੀ ਰਾਹੀਂ ਇਸ ਤਰ੍ਹਾਂ ਸਮਝਾਇਆ ਗਿਆ ਹੈ: ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ (ਗ:ਗ:ਸ: ਪੰਨਾ-4) ਇਹ ਤਾਂ ਕੁਦਰਤ ਦਾ ਅਟੱਲ ਨਿਯਮ ਹੈ ਕਿ ਆਪਣੀ ਸੋਚ ਅਨੁਸਾਰ ਹੀ ਉਸ ਦਾ ਫਲ ਮਿਲਦਾ ਹੈ। ਚੰਗੀ ਸੋਚ ਦਾ ਫਲ ਚੰਗਾ ਅਤੇ ਬੁਰੀ ਸੋਚ ਦਾ ਫਲ ਵੀ ਬੁਰਾ ਹੀ ਹੋਵੇਗਾ ਅਤੇ ਇਸ ਦਾ ਪ੍ਰਭਾਵ ਸਰੀਰ ਉੱਤੇ ਨਜ਼ਰ ਆਵੇਗਾ। ਇਸ ਲਈ ਆਪਣੀ ਸੋਚ, ਸਮਝ ਅਤੇ ਵਿਚਾਰਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
    ਇਸ ਵਿਚਾਰ ਨੂੰ ਇਸ ਤਰ੍ਹਾਂ ਵੀ ਸਮਝਾਇਆ ਜਾਂਦਾ ਹੈ: ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ (ਗ:ਗ:ਸ: ਪੰਨਾ-134) ਭਾਵ ਇਹ ਕਿ ਹਰ ਵਿਅਕਤੀ ਜੋ ਬੀਜਦਾ ਹੈ ਉਸੇ ਤਰ੍ਹਾਂ ਦਾ ਫਲ ਉਸ ਨੂੰ ਮਿਲਦਾ ਹੈ। ਇਸ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਜਿਸ ਤਰ੍ਹਾਂ ਦੇ ਵਿਚਾਰ ਮਨ ਵਿਚ ਪਾਲਦਾ ਹੈ ਉਸੇ ਅਨੁਸਾਰ ਉਸ ਦਾ ਸੁਬਾਅ ਬਣ ਜਾਂਦਾ ਹੈ। ਉਸ ਸੁਬਾਅ ਅਨੁਸਾਰ ਉਹ ਕਰਮ ਕਰਦਾ ਹੈ। ਇਹ ਕਰਮ ਹੀ ਉਸ ਦੇ ਮੱਥੇ ਉੱਤੇ ਲਿਖੇ ਭਾਗ ਹੁੰਦੇ ਹਨ। ਇਸੇ ਅਨੁਸਾਰ ਉਸ ਨੂੰ ਫਲ ਮਿਲਦਾ ਹੈ।
    ਹੁਣ ਇਹ ਵੀ ਸਮਝਣ ਦੀ ਲੋੜ ਹੈ ਕਿ ਬੁਰੇ ਜਾਂ ਨਖਿੱਧ ਵਿਚਾਰ ਹੁੰਦੇ ਕੀ ਹਨ? ਅਤੇ ਇਹ ਪੈਦਾ ਕਿਵੇਂ ਹੁੰਦੇ ਹਨ?
    ਮਨ ਵਿਚ ਗੁਸੇ, ਗਿਲੇ-ਸ਼ਿਕਵੇ, ਵੈਰ-ਵਿਰੋਧ, ਈਰਖਾ, ਦਵੈਸ਼, ਨਫਰਤ, ਲਾਲਸਾ, ਲਾਲਚ, ਆਦਿ ਮਨ ਦੇ ਨਖਿਧ ਵਿਚਾਰ ਹੀ ਹੁੰਦੇ ਹਨ। ਇਸ ਦੇ ਨਾਲ ਹੀ ਕਾਂਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਪੈਦਾਇਸ਼ੀ ਦੇਣ ਹੁੰਦੀ ਹੈ ਇਨ੍ਹਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਕਾਰਨ ਕਈ ਤਰ੍ਹਾਂ ਦੇ ਨਖਿਧ ਵਿਚਾਰ ਪੈਦਾ ਹੋ ਜਾਂਦੇ ਹਨ। ਇਸ ਦੇ ਇਲਾਵਾ ਮਨ ਵਿਚ ਡਰ, ਵਹਿਮ, ਭਰਮ ਆਦਿ ਵੀ ਨਖਿਧ ਵਿਚਾਰ ਹੀ ਹੁੰਦੇ ਹਨ ਜੋ ਆਪਣੀ ਬੇਸਮਝੀ ਕਾਰਨ ਹੀ ਉਪਜਦੇ ਹਨ। ਇਨ੍ਹਾਂ ਨਖਿਧ ਵਿਚਾਰਾਂ ਕਾਰਨ ਵਿਅਕਤੀ ਕਰਮਕਾਂਡਾਂ ਦੇ ਜਾਲ ਵਿਚ ਫਸ ਕੇ ਖਜਲ-ਖੁਆਰ ਹੁੰਦਾ ਰਹਿੰਦਾ ਹੈ।
     ਇਨ੍ਹਾਂ ਬੁਰੇ ਜਾਂ ਨਖਿਦ ਵਿਚਾਰਾਂ ਦੇ ਪੈਦਾ ਹੋਣ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਹਨ। 
    ਇਸ ਸਬੰਧ ਵਿਚ ਇਹ ਸਮਝਾਇਆ ਜਾਂਦਾ ਹੈ ਕਿ ਬੁਰੇ ਜਾ ਨਖਿੱਧ ਵਿਚਾਰ ਆਪਣੀ ਬੇਸਮਝ ਸੋਚ ਕਾਰਨ ਆਪਣੇ ਮਨ ਵਿਚ ਆਪ ਹੀ ਪੈਦਾ ਕੀਤੇ ਹੁੰਦੇ ਹਨ ਅਤੇ ਇਨ੍ਹਾਂ ਦਾ ਮੂਲ ਕਾਰਨ ਹੁੰਦਾ ਹੈ: ਆਪਣੀ ਈਗੋ (ego), ਆਪਣੀ ਹਉਮੈਂ। ਇਸ ਦੇ ਉਲਟ ਐਸਾ ਅਣਜਾਣ ਵਿਅਕਤੀ ਆਪਣੀ ਬੇਸਮਜੀ ਕਾਰਨ, ਇਸ ਦਾ ਦੋਸ਼ ਦੂਸਰਿਆਂ ਉੱਤੇ ਲਗਾਉਂਦਾ ਰਹਿੰਦਾ ਹੈ। ਇਸੇ ਨੂੰ ਬਲੇਮ ਗੇਮ (blame game) ਕਹਿੰਦੇ ਹਨ। ਇਸ ਦੇ ਨਾਲ ਐਸਾ ਵਿਅਕਤੀ ਅਣਜਾਣੇ ਵਿਚ ਹੀ ਦੂਸਰਿਆਂ ਨੂੰ ਭੰਡਣ ਦੀ ਕਿਰਿਆ ਸ਼ੁਰੂ ਕਰ ਦਿੰਦਾ ਹੈ। ਦੂਸਰਿਆਂ ਨੂੰ ਕੋਸਦਾ ਰਹਿੰਦਾ ਹੈ ਜਾਂ ਉਨ੍ਹਾਂ ਉੱਤੇ ਇਲਜ਼ਾਮ ਲਗਾਉਂਦਾ ਰਿਹੰਦਾ ਹੈ ਆਪਣੇ ਮਨ ਵਲ ਧਿਆਨ ਨਹੀਂ ਦਿੰਦਾ। ਇਸ ਦੇ ਫਲਸਰੂਪ ਆਪਣੇ ਮਨ ਨੂੰ ਸੋਧਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜਿਸ ਕਾਰਨ ਸਰੀਰ ਅੰਦਰੋਂ ਹੋਰ ਤੇ ਹੋਰ ਰੋਗੀ ਹੋਈ ਜਾਂਦਾ ਹੈ।
    ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਕੋਈ ਹਾਦਸਾ ਐਸਾ ਹੁੰਦਾ ਹੈ ਜਿਸ ਦਾ ਡਰ ਅਵਚੇਤ ਮਨ ਵਿਚ ਘਰ ਕਰ ਜਾਂਦਾ ਹੈ। ਇਹ ਡਰ ਵੀ ਬਹੁਤ ਵਾਰ ਸਤਾਉਂਦਾ ਰਹਿੰਦਾ ਹੈ। ਇਸ ਦੇ ਇਲਾਵਾ ਸਮਾਜ ਦੇ ਕੁਝ ਖੁਦਗਰਜ਼ ਪ੍ਰਭਾਵਸ਼ਾਲੀ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਕਾਰਨ, ਅਣਜਾਣ ਅਤੇ ਬੇਸਮਝ ਵਿਅਕਤੀਆਂ ਨੂੰ ਗੁਮਰਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਮਾਸੂਮ ਵਿਅਕਤੀਆ ਦੇ ਮਨਾਂ ਵਿਚ ਵੈਰ ਵਿਰੋਧ ਅਤੇ ਈਰਖਾ ਵਰਗੇ ਕਈ ਤਰ੍ਹਾਂ ਦੀ ਨਫਰਤ ਪੈਦਾ ਕਰ ਦਿੰਦੇ ਹਨ। ਇਹ ਹੀ ਨਹੀਂ ਸਗੋਂ ਕਈ ਧਰਮ ਦੇ ਠੇਕੇਦਾਰ ਵੀ ਹਨ ਜੋ ਲੋਕਾਂ ਨੂੰ ਕਈ ਵਿਹਮਾਂ ਭਰਮਾਂ ਵਿਚ ਉਲਝਾ ਕੇ ਰਖਦੇ ਹਨ ਅਤੇ ਆਪਣਾ ਉਲੂ ਸਿਧਾ ਕਰੀ ਜਾਂਦੇ ਹਨ। ਇਸ ਤਰ੍ਹਾਂ ਐਸੇ ਮਾਸੂਮ ਅਤੇ ਬੇਸਮਝ ਲੋਕਾਂ ਦਾ ਕਈ ਤਰ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਨ੍ਹਾ ਕਾਰਨ ਬੇਸਮਝ ਵਿਅਕਤੀ ਦੇ ਮਨ ਵਿਚ ਬੁਰੇ ਵਿਚਾਰ ਪੈਦਾ ਕਰ ਦਿੱਤੇ ਜਾਂਦੇ ਹਨ ਅਤੇ ਅਣਜਾਣ ਵਿਅਕਤੀ ਬੁਰੇ ਵਿਚਾਰਾਂ ਦਾ ਸ਼ਿਕਾਰ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ।
    ਇਥੇ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਨੂੰ ਇਸ ਗਲੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਪਣੇ ਮਨ ਵਿਚ ਬੁਰੇ ਵਿਚਾਰ ਪੈਦਾ ਨਾ ਹੋਣ ਦੇਵੇ। ਬੁਰੇ ਜਾਂ ਨਖਿੱਧ ਵਿਚਾਰ ਮਨ ਦੀ ਮੈਲ ਹੀ ਹੁੰਦੇ ਹਨ। ਜਿਵੇਂ ਕਿ ਗੁਰੂ ਸਾਹਿਬ ਫ਼ਰਮਾਉਂਦੇ ਹਨ: : ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਗ:ਗ:ਸ: ਪੰਨਾ-558) ਇਸ ਕਥਣ ਅਨੁਸਾਰ ਇਹ ਸਮਝਾਇਆ ਗਿਆ ਹੈ ਕਿ ਜੇਕਰ ਮਨ ਮੈਲਾ ਹੁੰਦਾ ਹੈ ਭਾਵ ਮਨ ਵਿਚ ਬੁਰੇ ਵਿਚਾਰ ਹਨ ਤਾਂ ਸਰੀਰ ਵੀ ਮੈਲਾ ਹਵੇਗਾ, ਭਾਵ ਰੋਗੀ ਹੋਵੇਗਾ। ਸਰੀਰ ਨੂੰ ਧੋਣ ਨਾਲ ਮਨ ਸਾਫ ਨਹੀਂ ਹੁੰਦਾ। ਹੁਣ ਇਹ ਤਾਂ ਆਪ ਹੀ ਨਿਰਨਾ ਕਰਨਾ ਹੈ ਕਿ ਇਨ੍ਹਾਂ ਨਿਖੱਧ ਵਿਚਾਰਾਂ ਨੂੰ ਮਨ ਵਿਚੋਂ ਬਾਹਰ ਕਿਵੇਂ ਕਢਣਾ ਹੈ, ਜਾਂ ਇਨ੍ਹਾਂ ਪਾਸੋਂ ਛੁਟਕਾਰਾ ਕਿਵੇਂ ਪਾਉਣਾ ਹੈ।
    ਇਹ ਠੀਕ ਹੈ ਕਿ ਮਨ ਨੂੰ ਕਾਬੂ ਕਰਨਾ ਜਾਂ ਇਸ ਨੂੰ ਸਿਧੇ ਰਸਤੇ 'ਤੇ ਪਾਉਣਾ ਬਹੁਤ ਮੁਸ਼ਕਲ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਸਾਰੇ ਜੱਗ ਨੂੰ ਜਿਤ ਲਿਆ ਜਾਵੇ। ਇਸੇ ਲਈ ਤਾਂ ਕਿਹਾ ਹੈ: ਮਨਿ ਜੀਤੈ ਜਗੁ ਜੀਤੁ॥ ਮਨ ਨੂੰ ਜਿਤ ਲੈਣ ਨਾਲ ਹੀ ਮਨ ਵਿਚਲੇ ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
    ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਭ ਤੋਂ ਜ਼ਰੂਰੀ ਹੈ ਆਪਣਾ ਸੋਚ ਮੰਡਲ ਠੀਕ ਕਰਨਾ। ਆਪਣੀ ਸੋਚ ਉੱਤੇ ਕਾਬੂ ਪਾਉਣਾ ਅਤੇ ਸੋਚ ਨੂੰ ਠੀਕ ਰੱਖਣਾ। ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਣੇ ਆਪ ਵਿਚ ਇਹ ਮੰਨ ਲਿਆ ਜਾਵੇ ਕਿ ਮੇਰੇ ਅੰਦਰ ਜੋ ਵਿਚਾਰ ਹਨ ਉਹ ਠੀਕ ਨਹੀਂ ਹਨ, ਉਹ ਬੁਰੇ ਹਨ। ਇਥੇ ਮੁਸ਼ਕਲ ਇਹ ਹੁੰਦੀ ਹੈ ਕਿ ਐਸਾ ਵਿਅਕਤੀ ਥੋੜ੍ਹੇ ਕੀਤਿਆਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਉਸ ਦੇ ਜੋ ਵਿਚਾਰ ਹਨ ਜਾਂ ਜੋ ਧਾਰਨਾ ਉਸ ਨੇ ਬਣਾ ਰੱਖੀ ਹੈ ਉਹ ਠੀਕ ਨਹੀਂ ਹੈ। ਇਸੇ ਲਈ ਉਹ ਐਸੇ ਬੁਰੇ ਵਿਚਾਰਾਂ ਤੋਂ ਛੁਟਕਾਰਾ ਨਹੀਂ ਪਾਅ ਸਕਦਾ ਅਤੇ ਉਸ ਦਾ ਦੁਖ ਦੂਰ ਨਹੀਂ ਹੁੰਦਾ। ਜਦੋਂ ਇਹ ਮੰਨ ਲਿਆ ਜਾਵੇਗਾ ਕਿ, ਜੋ ਵਿਚਾਰ ਜਾਂ ਧਾਰਣਾ ਉਸ ਨੇ ਬਣਾ ਰੱਖੀ ਹੈ, ਉਹ ਠੀਕ ਨਹੀਂ ਹੈ ਤੇ ਤਾਂ ਹੀ ਉਸ ਨੂੰ ਸੁਧਾਰਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਤਾਂ ਹੀ ਉਨ੍ਹਾਂ ਵਿਚਾਰਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਮੰਨਣ ਦਾ ਭਾਵ ਇਹ ਹੈ ਕਿ ਸੁਚੇਤ ਮਨ ਨੂੰ, ਅਵਚੇਤ ਮਨ ਵਿਚੋਂ, ਬੁਰੇ ਵਿਚਾਰ ਕੱਢਣ ਲਈ ਆਦੇਸ਼ ਦੇਣਾ ਹੈ। ਫਿਰ ਸੁਚੇਤ ਮਨ ਵਿਵੇਕ ਬੁੱਧੀ ਨਾਲ ਅਵਚੇਤ ਮਨ ਨੂੰ ਸਮਝਾਉਣਾ ਸ਼ਰੂ ਕਰ ਦਿੰਦਾ ਹੈ ਕਿ ਅਵਚੇਤ ਮਨ ਨੇ ਆਪਣੇ ਵਿਚੋਂ ਬੁਰੇ ਵਿਚਾਰ ਬਾਹਰ ਕੱਢਣੇ ਹਨ। ਐਸੇ ਸੁਝਾਓ ਨੂੰ ਮਨੋ-ਵਿਗਿਆਨੀ (Cognitive-Behavioral Therapy) ਕੋਗਨਿਟਿਵ ਬੀਹੇਵਅਿਰਲ ਥਰੈਪੀ ਆਖਦੇ ਹਨ। ਇਹ ਸੁਝਾਓ ਬਾਰ ਬਾਰ ਦੁਹਰਾਉਣ ਨਾਲ ਵਕਤ ਪੈਣ 'ਤੇ  ਨਖਿੱਧ ਵਿਚਾਰ ਮਨ ਵਿਚੋਂ ਨਿਕਲ ਜਾਂਦੇ ਹਨ। ਇਸ ਦੇ ਨਾਲ ਇਕ ਨਵੀਂ ਅਤੇ ਸੁਚੱਜੀ ਧਾਰਨਾ ਬਣ ਸਕਦੀ ਹੈ। ਇਹ ਤਾਂ ਆਪਣੀ ਸਵੈ-ਇੱਛਾ 'ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਤਨਾ ਵਕਤ ਲੱਗੇਗਾ। ਇਸ ਵਾਸਤੇ ਦ੍ਰਿੜ ਇਰਾਦੇ ਅਤੇ ਸਮਝ ਦੀ ਲੋੜ ਹੁੰਦੀ ਹੈ।
    ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਬੁਰੇ ਜਾ ਨਖਿੱਧ ਵਿਚਾਰਾਂ ਦੇ ਪੈਦਾ ਹੋਣ ਦਾ ਮੂਲ ਕਾਰਨ ਹੁੰਦਾ ਹੈ ਆਪਣੀ ਈਗੋ (ego)। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਈਗੋ (ego) ਨੂੰ ਖਤਮ ਕੀਤਾ ਜਾਵੇ। ਇਸ ਸਬੰਧ ਵਿਚ ਗੁਰਬਾਣੀ ਬਹੁਤ ਸੇਧ ਦਿੰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-29) ਭਾਵ ਸਪਸ਼ਟ ਹੈ ਕਿ ਸਮਝਦਾਰ ਵਿਅਕਤੀ ਆਪਣੀ ਹਉਮੈਂ ਦਾ ਤਿਆਗ ਕਰ ਦਿੰਦਾ ਹੈ ਅਤੇ ''ਨਾਮਿ ਰਤੇ'' ਭਾਵ ਨਾਮ ਵਿਚ ਲੀਨ ਹੋ ਜਾਦਾ ਹੈ।'ਨਾਮ' ਤੋਂ ਭਾਵ ਹੁੰਦਾ ਹੈ ਰੱਬੀ ਗੁਣ, ਚੰਗੇ ਤੇ ਸੁਚੱਜੇ ਗੁਣ। ਇਸ ਦਾ ਭਾਵ ਇਹ ਹੋਇਆ ਕਿ ਗੁਰਮੁਖ ਆਪਣੀ ਹਉਮੈਂ ਨੂੰ ਤਿਆਗ ਕੇ ਚੰਗੇ ਅਤੇ ਸੁਚੱਜੇ ਗੁਣ ਅਪਣਾ ਲੈਂਦਾ ਹੈ ਅਤੇ ਉਸ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਚੰਗੇ ਗੁਣ ਤਾਂ ਹੀ ਅਪਣਾਏ ਜਾ ਸਕਦੇ ਹਨ ਜਦੋਂ ਬੁਰੇ ਗੁਣ ਭਾਵ ਔਗੁਣ ਛੱਡ ਦਿੱਤੇ ਜਾਨ। ਇਸੇ ਵਿਚਾਰ ਨੂੰ ਗੁਰਬਾਣੀ ਵਿਚ ਬਾਰ ਬਾਰ ਦ੍ਰਿੜ ਕਰਵਾਇਆ ਗਿਆ ਹੈ। ਜਿਵੇਂ ਕਿ: ਸਿਮਰਤ ਨਾਮੁ ਰਿਦੈ ਸੁਖੁ ਪਾਇਆ॥ (ਗ:ਗ:ਸ: ਪੰਨਾ-108) ਮਨ ਮੇਰੇ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-38) ਨਾਨਕ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-289) ਆਦਿ।
    ਚੰਗੇ ਗੁਣਾ ਨੂੰ ਸਮਝਾਉਂਦਿਆਂ ਬਾਬਾ ਫਰੀਦ ਜੀ ਆਖਦੇ ਹਨ: ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਗ:ਗ:ਸ: ਪੰਨਾ-1381) ਭਾਵ ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਬੁਰਾਈ ਕਰਨ ਵਾਲੇ ਨੂੰ ਭਲਾਈ ਦਾ ਸਬਕ ਪੜ੍ਹਾ। ਉਸ ਪ੍ਰਤੀ ਮਨ ਵਿਚ ਗੁੱਸਾ-ਗਿਲਾ ਜਾਂ ਰੋਸ ਪਾਲ ਕੇ ਨਾ ਰੱਖ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਅਤੇ ਆਪਣੇ ਚੰਗੇ ਗੁਣ ਸਾਂਭੇ ਰਹਿਣਗੇ। ਮਨ ਵਿਚ ਬਦਲੇ ਦੀ ਭਾਵਣਾ ਰੱਖਣਾ ਇਕ ਰੋਗ ਹੀ ਹੁੰਦਾ ਹੈ। ਇਹ ਤਾਂ ਸਭ ਵਿਦਵਾਨ ਸਮਝਾਉਂਦੇ ਹਨ ਕਿ ਕਿਸੇ ਨੂੰ ਮੁਆਫ ਕਰ ਦੇਣਾ ਇਕ ਬਹਾਦਰੀ ਹੁੰਦੀ ਹੈ। ਮਨ ਵਿਚ ਰੋਸ ਰਖਣਾ ਆਪਣੇ ਆਪ ਨੂੰ ਸਜਾ ਦੇਣ ਦੇ ਤੁਲ ਹੈ। ਇਹ ਮਾਨਸਿਕ ਰੋਗ ਹੀ ਹੁੰਦਾ ਹੈ। ਇਹ ਰੋਸ ਜਾ ਬਦਲੇ ਦੀ ਭਾਵਣਾ ਹੀ ਕੰਡੇ ਦੀ ਚੁਭਨ ਹੁੰਦੀ ਹੈ ਜੋ ਸਰੀਰ ਨੂੰ ਰੋਗੀ ਕਰਦੀ ਹੈ।
    ਇਸੇ ਤਰ੍ਹਾਂ ਗੁਰਬਾਣੀ ਰਾਹੀਂ ਇਹ ਗਿਆਨ ਦਿੱਤਾ ਗਿਆ ਹੈ: ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥ (ਗ:ਗ:ਸ: ਪੰਨਾ-719) ਭਾਵ ਜਦੋਂ (ਹਰਿ ਜਨ ਦੀ) ਗੁਣਵਾਨ ਵਿਅਕਤੀ ਦੀ ਕੋਈ ਨਿੰਦਾ ਕਰਦਾ ਹੈ ਜਾਂ ਉਸ ਨੂੰ ਬੁਰਾ ਭਲਾ ਆਖਦਾ ਹੈ ਤਾਂ ਗੁਣਵਾਨ ਵਿਅਕਤੀ ਆਪਣੇ ਗੁਣ ਨਹੀਂ ਛਡਦਾ, ਉਹ ਬੁਰਾ ਨਹੀਂ ਬਣਦਾ ਅਤੇ ਕੋਈ ਬੁਰਾਈ ਨਹੀਂ ਕਰਦਾ। ਐਸਾ ਵਿਅਕਤੀ ਆਪਣੇ ਮਨ ਵਿਚ ਕੁੜੱਤਣ ਪੈਦਾ ਨਹੀਂ ਕਰਦਾ। ਆਪਣੀ ਸਹਿਜ ਅਵਸਥਾ ਨੂੰ ਕਾਇਮ ਰਖਦਾ ਹੈ।
    ਆਪਣੀ ਸਹਿਜ ਅਵਸਥਾ ਨੂੰ ਕਾਇਮ ਰੱਖਣ ਵਾਸਤੇ ਗੁਰੂ ਸਾਹਿਬ ਸਮਝਾਉਂਦੇ ਹਨ: ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਗ:ਗ:ਸ: ਪੰਨਾ-386) ਕਿਤਨੇ ਸਰਲ ਤਰੀਕੇ ਨਾਲ ਸਮਝਾ ਦਿੱਤਾ ਗਿਆ ਹੈ ਕਿ ਕਿਸੇ ਪ੍ਰਤੀ ਬੁਰਾ ਨਾ ਚਿਤਵਿਆ ਜਾਵੇ। ਆਪਣੇ ਮਨ ਵਿਚ ਕੋਈ ਰੋਸ, ਗਿਲਾ-ਸ਼ਿਕਵਾ, ੲਰਿਖਾ ਵਰਗੇ ਭਾਵ ਨਾ ਰੱਖੇ ਜਾਣ। ਇਸ ਤਰ੍ਹਾਂ ਮਨ ਸਾਫ ਰਹੇਗਾ ਅਤੇ ਕੋਈ ਦੁਖ ਜਾਂ ਮਾਨਸਿਕ ਰੋਗ ਨਹੀਂ ਲੱਗੇਗਾ।
    ਇਹ ਸਭ ਵਿਚਾਰ ਕਰਦਿਆਂ ਇਹ ਸਮਝ ਆਉਂਦੀ ਹੈ ਕਿ ਮਨ ਸ਼ੈਤਾਨ ਵੀ ਹੈ ਅਤੇ ਇਹ ਭਗਵਾਨ ਵੀ ਹੈ। ਭਾਵ ਇਹ ਕਿ ਮਨ ਦੇ ਪ੍ਰਭਾਵ ਹੇਠ ਆ ਕੇ ਹੀ ਮਨੁੱਖ ਸ਼ੈਤਾਨ ਜਾਂ ਹਵਾਨ ਬਣ ਜਾਂਦਾ ਹੈ। ਜੇਕਰ ਇਸ ਮਨ ਨੂੰ ਕਾਬੂ ਕਰ ਲਿਆ ਜਾਵੇ ਤਾਂ ਇਹ ਫਰਿਸ਼ਤਾ ਬਣ ਕੇ ਵਿਚਰਦਾ ਹੈ, ਸਾਰੀ ਲੁਕਾਈ ਦਾ ਹਮਦਰਦ ਬਣ ਜਾਂਦਾ ਹੈ। ਇਸੇ ਲਈ ਜ਼ਰੂਰੀ ਹੈ ਮਨ ਨੂੰ ਸਮਝਣਾ ਅਤੇ ਆਪਣੀ ਸੋਚ ਦਾ ਆਪ ਪਾਰਖੂ ਹੋਣਾ। ਸਪਸ਼ਟ ਹੈ ਕਿ ਮਾਨਸਿਕ ਰੋਗ ਤੋਂ ਬਚਣ ਵਾਸਤੇ ਆਪਣੇ ਮਨ ਨੂੰ ਚੰਗੀ ਅਤੇ ਸੁਚੱਜੀ ਸੋਚ ਦੇਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਸੋਚ ਮੰਡਲ ਨੂੰ ਸਮਝਣ ਦੀ ਲੋੜ ਹੁੰਦੀ ਹੈ। ਇਥੇ ਇਹ ਵੀ ਸਮਝ ਆਉਂਦੀ ਹੈ ਕਿ ਮਨ ਨੂੰ ਕਾਬੂ ਕਰਨਾ ਇਕ ਕਲਾ ਹੈ ਅਤੇ ਇਸ ਕਲਾ ਨੂੰ ਸਿਖਣਾ ਬਹੁਤ ਲਾਜ਼ਮੀ ਹੈ। ਇਹ ਕਲਾ ਹੀ ਮਾਨਸਿਕ ਰੋਗ ਤੋਂ ਬਚਾ ਸਕਦੀ ਹੈ ਅਤੇ ਤਾਂ ਹੀ ਸੁਖਾਵੀਂ ਜ਼ਿੰਦਗੀ ਜਿਉਵੀ ਜਾ ਸਕਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੀ ਸਹੀ ਕੀਤੀ ਗਈ ਵਿਆਖਿਆ ਇਸ ਸਬੰਧ ਵਿਚ ਪੂਰੀ ਤਰ੍ਹਾਂ ਸਹਾਈ ਹੋ ਸਕਦੀ ਹੈ।

 
ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +918284863803
E-mail-   kanwar238@yahoo.com

ੴ ਸਤਿਗੁਰ ਪ੍ਰਸਾਦਿ : ਗੁਰਬਾਣੀ ਸੰਕਲਪ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਰੱਬ ਜੀ ਨੂੰ ਅਕਾਲਪੁਰਖ, ਵਾਹਿਗੁਰੂ, ਪਰਮਾਤਮਾ ਵਰਗੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਰੱਬ ਜੀ ਦਾ ਵਰਨਣ ਕਰਨ ਵਾਸਤੇ ''ੴ'' ਦਾ ਇਕ ਚਿਨ ਬਣਾਇਆ। ਗੁਰੂ ਸਾਹਿਬ ਨੇ ਇਸੇ ਰੱਬ ਨੂੰ ''ਨਾਮ'' ''ਗੁਣੀ ਨਿਧਾਨੁ'' ਅਤੇ ਹੋਰ ਕਈ ਨਾਵਾਂ ਨਾਲ ਵੀ ਸੰਬੋਧਨ ਕੀਤਾ ਹੈ। ਗੁਰੂ ਸਾਹਿਬ ਨੇ ਇਸ ''ਗੁਣੀ ਨਿਧਾਨੁ'' ਦੇ ਕਈ ਗੁਣਾ ਦਾ ਵਰਨਣ ਵੀ ਕੀਤਾ ਹੈ ਅਤੇ ਇਸ ਨੂੰ ਬੇਅੰਤ ਵੀ ਕਿਹਾ ਗਿਆ ਹੈ। ਗੁਰਬਾਣੀ ਵਿਚ ਇਸੇ ''ਗੁਣੀ ਨਿਧਾਨੁ'' (ਗੁਣਾ ਦੇ ਖ਼ਜ਼ਾਨੇ) ਪਰਮਾਤਮਾ ਨੂੰ ਜਾਨਣ ਵਾਸਤੇ ਅਤੇ ਨਾਲ ਹੀ ਇਸੇ ''ਗੁਣੀ ਨਿਧਾਨੁ'' ਨੂੰ ਅਪਨਾਉਣ ਵਾਸਤੇ ਉਪਦੇਸ਼ ਦਿੱਤਾ ਹੈ। ਇਸੇ ਲਈ ਕਿਹਾ ਹੈ: ਨਾਨਕ ਗਾਵੀਐ ਗੁਣੀ ਨਿਧਾਨੁ॥ (ਗ:ਗ:ਸ: ਪੰਨਾ-2)। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦਾ ਉਦੇਸ਼ ਅਤੇ ਉਪਦੇਸ਼ ਮਨੁੱਖ ਨੂੰ ਸਚਿਆਰ ਬਨਾਉਣਾ ਹੈ ਅਤੇ ਉਸ ''ਗੁਣੀ ਨਿਧਾਨੁ'' ਪਰਮਾਤਮਾ ਨੂੰ ਸਮਝ ਕੇ ਅਤੇ ਉਸ ਦੇ ਗੁਣਾਂ ਨੂੰ ਅਪਣਾ ਕੇ ਹੀ ਮਨੁੱਖ ਸਚਿਆਰਾ ਹੋ ਸਕਦਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਗੁਰੂ ਸਾਿਹਬ ਨੇ ''ੴ ਸਤਿਗੁਰ ਪ੍ਰਸਾਦਿ'' ਦਾ ਸੰਕਲਪ ਪ੍ਰਸਤੁਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ''ੴ ਸਤਿਗੁਰ ਪ੍ਰਸਾਦਿ'' ਦਾ ਇਸ ਰੂਪ ਵਿਚ 523 ਵਾਰ ਉਲੇਖ ਕਰਨਾ ਇਸ ਦੀ ਮਹੱਤਤਾ ਦਾ ਪ੍ਰਗਟਾਵਾ ਕਰਦਾ ਹੈ। ਇਸੇ ਕਾਰਨ ਇਸ ਦੀ ਵਿਚਾਰ ਵੀ ਜ਼ਰੂਰੀ ਹੋ ਜਾਂਦੀ ਹੈ।
    ਇਸ ਸੰਬੰਧ ਵਿਚ ਵਿਚਾਰ ਕਰਦਿਆ ਸੱਭ ਤੋਂ ਪਹਿਲਾਂ ਇਹ ਸਪਸ਼ਟ ਹੁੰਦਾ ਹੈ ਕਿ ਵੈਦਿਕ ਜਾਂ ਸਨਾਤਨੀ ਵਿਚਾਰਧਾਰਾ ਅਨੁਸਾਰ ਰੱਬ ਜੀ ਭਾਵ ਪਰਮਾਤਮਾ ਦੇ ਤਿੱਨ ਸਰੂਪਾਂ ਦਾ ਵਰਨਣ ਕੀਤਾ ਗਿਆ ਹੈ। ਗੁਰਬਾਣੀ ਦਾ ਫ਼ਲਸਫ਼ਾ ਇਨ੍ਹਾਂ ਤਿੱਨਾਂ ਸਰੂਪਾਂ ਵਾਲੇ ਰੱਬ ਭਾਵ ਪਰਮਾਤਮਾ ਨੂੰ ਨਿਕਾਰਦਾ ਹੈ। ਗੁਰਬਾਣੀ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਪਰਮਾਤਮਾ ਕੇਵਲ ਇਕ ਹੀ ਹੈ। ਇਸੇ ਲਈ ''ਓਾ'' ਦੇ ਚਿਨ ਨਾਲ ਏਕਾ ਲਗਾ ਕੇ ''ੴ'' ਬਣਾ ਕੇ ਇਹ ਸਪਸ਼ਟ ਕੀਤਾ ਹੈ ਕਿ ਰੱਬ ਜਾਂ ਪਰਮਾਤਮਾ ਕੇਵਲ ਇਕ ਹੀ ਹੈ ਅਤੇ ਉਹ ਸਰਬ ਵਿਆਪਕ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ''ੴ'' ਨੂੰ ਸਮਝਣਾ, ਉਸ ਨੂੰ ਅਨੁਭਵ ਕਰਨਾ, ਉਸ ਨੂੰ ਅਪਨਾਉਣਾ ਹੀ ਰੱਬੀ ਮਿਲਾਪ ਹੈ ਅਤੇ ਇਹ ਹੀ ਜੀਵਨ ਦਾ ਮਨੋਰਥ ਅਤੇ ਮੁਕਤੀ ਦਾ ਇਕ ਸਾਧਨ ਹੈ। ਇਸ ''ੴ'' (ਪਰਮਾਤਮਾ) ਨੂੰ ਸਮਝਣ ਅਤੇ ਅਪਨਾਉਣ ਵਾਸਤੇ ''ਸਤਿਗੁਰ'' ਇਕ ਰਸਤਾ ਜਾਂ ਸਾਧਨ ਹੈ ਅਤੇ ਪ੍ਰਸਾਦਿ'' ਭਾਵ ਮੰਜ਼ਲ (ਪਰਮਾਤਮਾ) ਦੀ ਪਰਾਪਤੀ ਹੈ। ਇਸੇ ਲਈ ''ੴ ਸਤਿਗੁਰ ਪ੍ਰਸਾਦਿ'' ਦੇ ਸੰਕਲਪ ਨੂੰ ਸਮਝਣਾ ਲਾਜ਼ਮੀ ਹੋ ਜਾਂਦਾ ਹੈ। 
     ''ੴ ਸਤਿਗੁਰ ਪ੍ਰਸਾਦਿ'' ਦੇ ਸੰਕਲਪ ਨੂੰ ਸਮਝਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਠੀਕ ਸਮਝ ਕੇਵਲ ਅੱਖਰੀ ਅਰਥ ਕਰਨ ਨਾਲ ਹੀ ਨਹੀਂ ਆ ਸਕਦੀ। ਗੁਰਬਾਣੀ ਦੇ ਅੰਤਰੀਵ ਭਾਵ ਨੂੰ ਗੁਰਬਾਣੀ ਦੇ ਉਦੇਸ਼ ਅਨੁਸਾਰ ਸਮਝ ਕੇ ਹੀ ਗੁਰਬਾਣੀ ਦੇ ਉਪਦੇਸ਼ ਦੀ ਠੀਕ ਸਮਝ ਆ ਸਕਦੀ ਹੈ।
    ਗੁਰਬਾਣੀ ਅਨੁਸਾਰ ''ੴ'' ਦਾ ਅਰਥ ਹੈ : ਪਰਮਾਤਮਾ (ਰੱਬ) ਇਕ ਹੀ ਹੈ ਜੋ ਗੁਣੀ ਨਿਧਾਨੁ ਹੈ। ਫਿਰ ਗੁਰਬਾਣੀ ਦਾ ਉਪਦੇਸ਼ ਹੈ: ਗਾਵੀਐ ਸੁਣੀਐ ਮਨਿ ਰਖੀਐ ਭਾਉ॥(ਗ:ਗ:ਸ: ਪੰਨਾ-2)। ਭਾਵ ਇਸ ਗੁਣੀ ਨਿਧਾਨੁ ਪਰਮਾਤਮਾ ਨੂੰ ਯਾਦ ਰੱਖਿਆ ਜਾਵੇ ਅਤੇ ਅਪਣਾਇਆ ਜਾਵੇ।  ਇਸ ਦੇ ਉਪਰੰਤ ''ੴ'' ਪਰਮਾਤਮਾ ਨੂੰ ਸਮਝਣ ਅਤੇ ਅਪਨਾਉਣ ਵਾਸਤੇ ਜ਼ਰੀਆ ਹੈ ਸਤਿਗੁਰ। ਸਤਿਗੁਰ ਦੇ ਉਪਦੇਸ਼ ਰਾਹੀਂ ਕਿਰਪਾ ਹੁੰਦੀ ਹੈ ਭਾਵ ''ੴ'' ਦੀ ਸੋਝੀ ਆਉਂਦੀ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਇਹ ਹੀ ਪ੍ਰਸਾਦ ਹੈ।
    ਪਰਮਾਤਮਾ ਦੀ ਸੋਝੀ ਆਉਣ ਵਾਲੇ ਪ੍ਰਸਾਦਿ ਨੂੰ ਵਿਸਥਰ ਵਿਚ ਸਮਝਣ ਦੀ ਲੋੜ ਹੈ। ਪ੍ਰਸਾਦਿ ਦਾ ਅੱਖਰੀਂ ਅਰਥ ਤਾਂ ਹੈ ૶ ਕਿਰਪਾ। ਇਕ ਕਿਰਪਾ ਤਾਂ ਉਹ ਹੈ ਜੋ ਵਾਹਿਗੁਰੂ ਜਾਂ ਅਕਾਲਪੁਰਖ ਵਲੋਂ ਸਭ 'ਤੇ ਹੁੰਦੀ ਹੈ। ਇਸ ਦੇ ਇਲਾਵਾ ਇਕ ਕਿਰਪਾ ਉਹ ਵੀ ਹੁੰਦੀ ਹੈ ਜੋ ਆਪ ਕਮਾਈ ਜਾ ਸਕਦੀ ਹੈ। ਭਾਵ  ਐਸੀ ਕਿਰਪਾ ਜੋ ਵੱਖਰੇ ਤੌਰ 'ਤੇ ਆਪਣੀ ਮਿਹਨਤ ਨਾਲ ਹਾਸਲ ਕੀਤੀ ਜਾ ਸਕਦੀ ਹੈ। ਇਸੇ ਲਈ ਇਥੇ ਗੱਲ ''ਸਤਿਗੁਰ ਪ੍ਰਸਾਦਿ'' ਦੀ ਹੈ, ਭਾਵ ਐਸੀ ਕਿਰਪਾ ਜੋ ਸਤਿਗੁਰ ਦੇ ਗਿਆਨ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਕਿਰਪਾ ਨੂੰ ਕਮਾਉਣ ਵਾਸਤੇ ਜਾਂ ਹਾਸਲ ਕਰਨ ਵਾਸਤੇ ਆਪ ਮਿਹਨਤ ਕਰਨੀ ਪੈਂਦੀ ਹੈ। ਇਹ ਕਿਰਪਾ ''ਆਪੇ ਬੀਜਿ ਆਪੇ ਹੀ ਖਾਹੁ ॥'' ਵਾਲੀ ਕਿਰਪਾ ਹੈ। ਇਸ ਕਿਰਪਾ ਨੂੰ ਹਾਸਲ ਕਰਨ ਵਾਸਤੇ ਸਤਿਗੁਰ ਨੂੰ ਲੱਭਣਾ ਪਵੇਗਾ। ਭਾਵ ਇਹ ਕਿ ਸਤਿਗੁਰ ਕੌਣ ਜਾਂ ਕੀ ਹੁੰਦਾ ਹੈ? ਇਹ ਵੀ ਸਮਝਣਾ ਪਵੇਗਾ।
    ਹੁਣ ਜਦੋਂ ਗੱਲ ਸਤਿਗੁਰ ਦੀ ਹੁੰਦੀ ਹੈ ਤਾਂ ਇਸ ਦੇ ਅੱਖਰੀਂ ਅਰਥ ਤਾਂ ਹੋਏ- ਸੱਚਾ ਗੁਰੂ। ਪਰ ਸੱਚਾ ਗੁਰੂ ਕੌਣ ਹੁੰਦਾ ਹੈ?  ਐਸੇ ਸੱਚੇ ਗੁਰੂ ਨੂੰ ਲਭਣ ਜਾਂ ਸਮਝਣ ਦੀ ਵੀ ਲੋੜ ਹੈ।
    ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਗੁਰੂ ਕੋਈ ਦੇਹ ਧਾਰੀ ਗੁਰੂ ਨਹੀਂ ਹੁੰਦਾ ਇਸ ਲਈ ਸਤਿਗੁਰ ਵੀ ਕੋਈ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ। ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਕੋਈ ਦੇਹ ਜਾਂ ਸਰੀਰ ਗੁਰੂ ਨਹੀਂ ਹੁੰਦਾ ਸਗੋਂ ਸ਼ਬਦ ਰਾਹੀਂ ਦਿੱਤਾ ਗਿਆ ਗਿਆਨ ਹੀ ਗੁਰੂ ਹੁੰਦਾ ਹੈ। ਗੁਰ ਤੋਂ ਭਾਵ ਹੋਇਆ: ਉਹ ਗਿਆਨ ਜੋ ਸ਼ਬਦਾਂ ਦੀ ਵਿਚਾਰ ਨਾਲ ਪ੍ਰਾਪਤ ਹੁੰਦਾ ਹੈ। ਇਸੇ ਅਨੁਸਾਰ ਸਤਿਗੁਰ ਨੂੰ ਇਸ ਤਰ੍ਹਾਂ ਸਝਿਆ ਜਾ ਸਕਦਾ ਹੈ:  ਸਤਿਗੁਰ ਦੋ ਅੱਖਰਾਂ ਦਾ ਸੁਮੇਲ ਹੈ: ਸਤਿ+ਗੁਰ।  ਸਤਿ ਦਾ ਅਰਥ ਹੈ ਸਦਾ ਸੱਚ ਰਹਿਣ ਵਾਲਾ ਭਾਵ ਰੱਬ, ਅਕਾਲਪੁਰਖ, ਪਰਮਾਤਮਾ ਜਾਂ ਵਾਹਿਗੁਰੂ ਆਦਿ। ਇਸ ਸਤਿ ਨਾਲ 'ਗੁਰ' ਵੀ ਲੱਗਿਆ ਹੋਇਆ ਹੈ ਅਤੇ ਗੁਰ ਤੋਂ ਭਾਵ ਹੈ ਗਿਆਨ। ਇਸ ਤਰ੍ਹਾਂ, ਸਤਿਗੁਰ, ਦਾ ਭਾਵ ਇਹ ਹੋਇਆ ਕਿ ਐਸਾ ਗਿਆਨ ਜੋ ''ੴ''ਅਕਾਲਪੁਰਖ ਦੀ ਪਛਾਣ ਕਰਾਵੇ। ਇਸ ਅਨੁਸਾਰ ਸਤਿਗੁਰ ਦੇ ਅਰਥ ਹੋਏ ਉਹ ਸ਼ਬਦ, ਉਹ ਗਿਆਨ, ਜਾਂ ਉਹ ਉਪਦੇਸ਼ ਜੋ 'ਸਤਿ' ਭਾਵ ਅਕਾਲਪੁਰਖ ਸੰਬੰਧੀ ਸੋਝੀ ਪ੍ਰਦਾਨ ਕਰੇ।  ਹੁਣ ਜਦੋਂ ਅਕਾਲਪੁਰਖ ''ਗੁਣੀ ਨਿਧਾਨੁ'' ਹੈ ਤਾਂ  ਸਤਿਗੁਰ ਦਾ ਭਾਵ ਇਹ ਹੋਇਆ ਕਿ ਉਹ ਗਿਆਨ ਜਾਂ ਉਹ ਉਪਦੇਸ਼ ਜਿਸ ਰਾਹੀਂ ਅਕਾਲਪੁਰਖ (ਗੁਣੀ ਨਿਧਾਨੁ) ਦੇ ਭਾਵ ਰੱਬੀ ਗੁਣਾਂ ਦੀ, ਜੋ ਸੁਚੱਜੇ ਗੁਣ ਹੁੰਦੇ ਹਨ, ਉਨ੍ਹਾਂ ਗੁਣਾ ਦੀ ਸੋਝੀ ਆਉਂਦੀ ਹੋਵੇ।
    ਇਸ ਤਰ੍ਹਾਂ ''ੴ ਸਤਿਗੁਰ ਪ੍ਰਸਾਦਿ'' ਦਾ ਭਾਵ ਹੋਇਆ:- ਐਸੀ ਸੋਝੀ, ਗਿਆਨ ਜਾਂ ਉਪਦੇਸ਼ ਜਿਸ ਰਾਹੀਂ ਅਕਾਲਪੁਰਖ ਦੀ ਹੋਂਦ ਅਨੁਭਵ ਹੋਵੇ। ਅਕਾਲਪੁਰਖ ਦੀ ਸੋਝੀ ਆਉਣ ਤੋਂ ਭਾਵ ਹੈ: ਰੱਬੀ ਗੁਣ, ਗੁਣੀ ਨਿਧਾਨੁ ਵਾਲੇ ਸੁਚੱਜੇ ਗੁਣਾਂ ਨੂੰ ਅਪਨਾਉਣ ਦੀ ਸੋਝੀ ਆਉਣਾ। ਇਸੇ ਸੋਝੀ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਫ਼ਰਮਾਉਂਦੇ ਹਨ: ''ਗਾਵੀਐ ਸੁਣੀਐ ਮਨਿ ਰਖੀਐ ਭਾਉ॥'' ਇਸ ਤਰ੍ਹਾਂ ਸਤਿਗੁਰ ਦੇ ਜ਼ਰੀਏ ਜਿਸ ਨੂੰ ''ੴ'' (ਗੁਣੀ ਨਿਧਾਨੁ) ਦੀ ਸੋਝੀ ਆ ਜਾਂਦੀ ਹੈ ਤਾਂ ਇਸ ਦੇ ਫਲਸਰੂਪ ਪ੍ਰਸਾਦਿ (ਕਿਰਪਾ) ਦੇ ਰੂਪ ਵਿਚ ਜੋ ਪ੍ਰਾਪਤੀ ਹੁੰਦੀ ਹੈ ਉਸ ਬਾਰੇ ਗੁਰੂ ਸਾਹਿਬ ਫ਼ਰਮਾਉਂਦੇ ਹਨ: ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥(ਗ:ਗ:ਸ: ਪੰਨ-2)। ਭਾਵ ਮਨ ਰਾਹੀਂ ਉਪਜਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ ਕਿਰਪਾ ਜੋ ਵਿਸ਼ੇਸ ਤੌਰ 'ਤੇ ਕਮਾਈ ਜਾਂਦੀ ਹੈ ਜਾਂ ਹਾਸਲ ਕੀਤੀ ਜਾਂਦੀ ਹੈ।ਇਹ ਹੈ ''ੴ ਸਤਿਗੁਰ ਪ੍ਰਸਾਦਿ'' ਦਾ ਫ਼ਲਸਫ਼ਾ


ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +61-468432632
 E-mail-   kanwar238@yahoo.com

ਗੁਰਬਾਣੀ ਉਦੇਸ਼ ਭਾਵ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

   ਜਦੋਂ ਗੱਲ ਗੁਰਬਾਣੀ ਦੀ ਕੀਤੀ ਜਾਂਦੀ ਹੈ ਤਾਂ ਇਸ ਦਾ ਭਾਵ ਹੁੰਦਾ ਹੈ: ਉਹ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਗੁਰਬਾਣੀ ਦੀ ਵਿਆਖਿਆ ਕਰਨੀ ਹੋਵੇ ਤਾਂ ਗੁਰਬਾਣੀ ਦੀ ਰਚਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਣਾ ਦੇ ਮਨੋਰਥ ਨੂੰ ਧਿਆਨ ਵਿਚ ਰੱਖਿਆ ਜਾਵੇ। ਫਿਰ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਹੋਵੇ ਜਿਸ ਕਾਰਨ ਇਸ ਗੁਰਬਾਣੀ ਦੀ ਰਚਣਾ ਕੀਤੀ ਗਈ ਹੈ। ਜੇਕਰ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਨਹੀਂ ਹੁੰਦੀ ਤਾਂ ਉਹ ਵਿਆਖਿਆ ਠੀਕ ਨਹੀਂ ਹੋ ਸਕਦੀ। ਇਸੇ ਲਈ ਗੁਰਬਾਣੀ ਦੇ ਮਨੋਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
    ਜਦੋਂ ਗੁਰਬਾਣੀ ਦੇ ਉਦੇਸ਼ ਅਤੇ ਉਪਦੇਸ਼ ਦੀ ਪਰਖ ਕੀਤੀ ਜਾਂਦੀ ਹੈ ਤਾਂ ਇਹ ਪਰਤੱਖ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਇਕ, ਪ੍ਰੈਕਟੀਕਲ, ਸਾਰਥਕ, ਸੁਚੱਜਾ ਜੀਵਨ ਜੀਊਣ ਲਈ ਅਨਮੋਲ ਫ਼ਲਸਫ਼ਾ ਪ੍ਰਦਾਨ ਕਰਦੀ ਹੈ। ਇਹ ਫ਼ਲਸਫ਼ਾ ਨੇਕੀ ਅਤੇ ਨੈਤਿਕਤਾ ਵਾਲਾ ਪਵਿੱਤਰ ਜੀਵਨ ਜੀਊਣ ਦਾ ਇਕ ਵਡਮੁੱਲਾ ਸਰੋਤ ਹੈ। ਇਹ ਇਕ ਐਸਾ ਫ਼ਲਸਫ਼ਾ ਹੈ ਜੋ ਸਾਰੀ ਮਨੁੱਖਤਾ ਦੇ ਕਲਿਆਨ ਵਾਸਤੇ ਗਿਆਨ ਪ੍ਰਦਾਨ ਕਰਦਾ ਹੈ।
    ਗੁਰਬਾਣੀ ਦੇ ਮਨੋਰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਹੀ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਭਾਵ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਵਿਚਾਰ ਇਹ ਕਰਨੀ ਹੈ ਕਿ ਸਚਿਆਰ ਕਿਵੇਂ ਹੋਇਆ ਜਾਵੇ? ਸਚਿਆਰ ਹੋਣ ਵਾਸਤੇ ਜੋ ਕੂੜ ਦੀ ਪਾਲਿ ਭਾਵ ਅੜਚਣਾਂ ਹਨ, ਜੋ ਰੁਕਾਵਟਾਂ ਹਨ ਉਨ੍ਹਾਂ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ? ਗੁਰਬਾਣੀ ਰਾਹੀਂ ਇਨ੍ਹਾਂ ਅੜਚਣਾ ਨੂੰ ਦੂਰ ਕਰਨ ਦਾ ਢੰਗ ਵੀ ਦੱਸਿਆ ਹੈ। ਇਸੇ ਢੰਗ ਨੂੰ ਵਿਚਾਰਣਾ ਹੈ।
    ਅੜਚਣਾਂ ਦੀ ਭਾਲ ਕਰਦਿਆ ਸਮਝ ਇਹ ਆਉਂਦੀ ਹੈ ਕਿ ਕੁਝ ਚਤਰ, ਚਲਾਕ ਅਤੇ ਤਅੱਸਬੀ ਵਿਅਕਤੀਆਂ ਨੇ ਆਪਣੀ ਮਰਜ਼ੀ ਦੇ ਜੋ ਵਖੋ ਵੱਖਰੇ ਵਿਖਾਵੇ ਵਾਲੇ ਧਰਮ ਸਥਾਪਤ ਕਰ ਰੱਖੇ ਹਨ, ਇਹ ਵਖਾਵੇ ਵਾਲੇ ਧਰਮ ਹੀ ਇਕ ਵੱਢੀ ਅੜਚਣ ਹਨ। ਕਿਉਂਕਿ ਇਨ੍ਹਾਂ ਧਰਮਾਂ ਦੇ ਨਾਮ ਤੇ ਹੀ ਆਮ ਲੋਕਾਂ ਵਿਚ ਵੰਡੀਆਂ ਪਾ ਰੱਖੀਆਂ ਹਨ। ਧਰਮਾਂ ਦੇ ਨਾਮ ਤੇ ਹੀ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਕਈ ਤਰ੍ਹਾਂ ਦੇ ਕਰਮਕਾਂਡਾਂ ਵਿਚ ਉਲਝਾ ਰੱਖਿਆ ਹੈ। ਇਹ ਹੀ ਨਹੀਂ ਸਗੋਂ ਧਰਮ ਦੇ ਨਾਮ 'ਤੇ ਹੀ ਮਨਾ ਵਿਚ ਨਫਰਤ, ਵੈਰ, ਵਿਰੋਧ ਅਤੇ ਈਰਖਾ ਵਰਗੇ ਕਈ ਭੈੜ ਵੀ ਪੈਦਾ ਕਰ ਦਿੱਤੇ ਗਏ ਹਨ। ਚਿਰ ਕਾਲ ਤੋਂ ਹੀ ਸਾਰੀ ਦੁਨੀਆਂ ਵਿਚ ਧਰਮ ਦੇ ਨਾਮ 'ਤੇ ਬਹੁਤ ਜ਼ੁਲਮ ਕੀਤੇ ਜਾ ਰਹੇ ਹਨ। ਬੇਅੰਤ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਧਰਮ ਦੇ ਨਾਮ 'ਤੇ ਹੀ ਇਨਸਾਨਿਅਤ ਨੂੰ ਭੁਲਾ ਦਿੱਤਾ ਜਾਂਦਾ ਹੈ ਅਤੇ ਹੈਵਾਨਿਅਤ ਨੂੰ ਅਪਣਾ ਲਿਆ ਜਾਂਦਾ ਹੈ।
     ਗੁਰਬਾਣੀ ਦੇ ਅਧਿਐਣ ਤੋਂ ਪਤਾ ਚਲਦਾ ਹੈ ਕਿ ਗੁਰਬਾਣੀ ਵਿਖਾਵੇ ਵਾਲੇ ਧਰਮ ਦੇ ਭੁਲੇਖੇ ਤੋਂ ਬਾਹਰ ਆ ਕੇ ਇਨਸਾਨੀਅਤ ਵਾਲੇ ਰੱਬੀ ਗੁਣਾਂ ਨੂੰ ਅਪਣਾਉਣ ਲਈ ਪ੍ਰੇਰਦੀ ਹੈ। ਇਨਸਾਨੀਅਤ ਵਾਲੇ ਸੁਚੱਜੇ ਗੁਣਾਂ ਨੂੰ ਸਮਝਣਾ ਉਨ੍ਹਾਂ ਗੁਣਾਂ ਨੂੰ  ਅਪਣਾਉਂਣਾ ਅਤੇ ਉਨ੍ਹਾਂ ਸੁਚੱਜੇ ਗੁਣਾਂ ਅਨੁਸਾਰ ਵਿਚਰਨਾ ਹੀ ਮਨੁੱਖ ਦਾ ਅਸਲ ਧਰਮ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਭਾਵ ਇਹ ਕਿ ਮਨੁੱਖ ਦੇ ਅੰਦਰ ਜੋ ਜੋਤ ਹੈ ਉਹ ਰੱਬੀ ਜੋਤ ਹੈ। ਰੱਬੀ ਜੋਤ, ਰੱਬੀ ਗੁਣ ਹੀ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ਸੇ ਅਨੁਸਾਰ ਪਰਮਾਤਮਾ ਗੁਣੀ ਨਿਧਾਨੁ ਹੈ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਉਣਾ ਹੀ ਮਨੁੱਖ ਦਾ ਧਰਮ ਹੈ। ਗੁਰਬਾਣੀ ਦਾ ਉਪਦੇਸ਼ ਹੈ: ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਗ:ਗ:ਸ: ਪੰਨਾ-2) ਗੁਰੂ ਸਾਹਿਬ ਨੇ ਜਿਸ ਪਰਮਾਤਮਾ ਦਾ ਜ਼ਿਕਰ ਕੀਤਾ ਹੈ, ਉਹ ਹੈ, ਗੁਣੀ ਨਿਧਾਨੁ- ਗੁਣਾਂ ਦਾ ਖਜ਼ਾਨਾ ਹੈ। ਇਸੇ ਲਈ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਵੋ ਭਾਵ ਉਨ੍ਹਾਂ ਗੁਣਾਂ ਨੂੰ ਪਹਿਚਾਣਿਆ ਜਾਵੇ ਅਤੇ ਉਨ੍ਹਾਂ ਗੁਣਾਂ ਨੂੰ ਮਨ ਵਿਚ ਵਸਾਇਆ ਜਾਵੇ ਤਾਂ ਕਿ ਜੀਵਨ ਵਿਚ ਉਨ੍ਹਾਂ ਗੁਣਾਂ ਅਨੁਸਾਰ ਵਿਚਰਿਆ ਜਾਵੇ। ਇਹ ਹੈ ਗੁਰਬਾਣੀ ਦਾ ਉਪਦੇਸ਼। ਇਸ ਤੋਂ ਭਾਵ ਇਹ ਕਿ ਗੁਰਬਾਣੀ ਰਾਹੀਂ ਗੁਰੂ ਸਾਹਿਬ ਹਰ ਵਿਅਕਤੀ ਨੂੰ ਗੁਣਵਾਨ ਅਤੇ ਸਚਿਆਰ ਬਣਾਉਣਾ ਲੋਚਦੇ ਹਨ ਜਿਸ ਨਾਲ ਇਕ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
    ਗੁਰਬਾਣੀ ਤਾਂ ਹਰ ਮਨੁੱਖ ਨੂੰ ਰੱਬ ਵਰਗਾ ਹੀ ਬਣਾਉਣਾ ਹੀ ਲੋਚਦੀ ਹੈ। ਐਸੇ ਮਨੋਰਥ ਨੂੰ ਗੁਰਬਾਣੀ ਰਾਹੀ ਇਸ ਤਰ੍ਹਾਂ ਸਪਸ਼ਟ ਕੀਤਾ ਹੈ: ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ (ਗ:ਗ:ਸ: ਪੰਨਾ-1372) ਭਾਵ ਮਨੁੱਖ ਸੁਚੱਜੇ ਰੱਬੀ ਗੁਣਾਂ ਨਾਲ ਇਤਨਾ ਭਰਪੂਰ ਹੋਵੇ, ਮਨੁੱਖ ਦੇ ਅੰਦਰ ਇਤਨੇ ਗੁਣ ਹੋਣ ਕਿ ਉਹ ਰੱਬ ਵਰਗਾ ਹੀ ਹੋ ਜਾਵੇ।
    ਇਸ ਤੋਂ ਪਰਤੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਮਨੁੱਖ ਦੇ ਕਲਿਆਨ ਅਤੇ ਸਮਾਜ ਸੁਧਾਰ ਲਈ ਹੀ ਕੀਤੀ ਗਈ ਹੈ। ਗੁਰੂ ਸਾਹਿਬਾਨ ਦਾ ਉਦੇਸ਼ ਤਾਂ ਇਕ ਖੁਸ਼ਹਾਲ ਅਤੇ ਸੁਖਾਵੇਂ ਸਮਾਜ ਦੀ ਸਿਰਜਣਾ ਕਰਨਾ ਸੀ। ਐਸਾ ਸਮਾਜ ਜਿਥੇ ਕੋਈ ਊਚ ਨੀਚ ਦਾ ਸਵਾਲ ਨਾ ਹੋਵੇ, ਕੋਈ ਛੂਤ ਛਾਤ ਵਾਲੀ ਨਫਰਤ ਨਾ ਹੋਵੇ। ਕਿਤੇ ਵੈਰ ਵਿਰੋਧ ਨਾ ਹੋਵੇ। ਇਕ ਬਰਾਬਰਤਾ ਵਾਲਾ ਸਲੂਕ ਹੋਵੇ ਅਤੇ ਦਿਲਾਂ ਵਿਚ ਪਿਆਰ ਅਤੇ ਸਤਿਕਾਰ ਹੋਵੇ।
    ਇਸੇ ਲਈ ਇਹ ਫ਼ਲਸਫ਼ਾ ਕੇਵਲ ਆਪਣਾ ਨਿਜੀ ਜੀਵਨ ਸੁਧਾਰਨ ਤਕ ਹੀ ਸੀਮਤ ਨਹੀਂ ਹੈ। ਇਸ ਫ਼ਲਸਫ਼ੇ ਦਾ ਉਦੇਸ਼ ਇਕ ਸੁਚੱਜਾ ਅਤੇ ਅਰਥ ਭਰਪੂਰ ਸਮਾਜ ਦੀ ਸਿਰਜਣਾ ਕਰਨਾ ਵੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਪਿ ਜਪਹੁ ਅਵਰਾ ਨਾਮੁ ਜਪਾਵਹੁ॥ ਸੁਨਤ ਕਹਤ ਰਹਤ ਗਤਿ ਪਾਵਹੁ॥ (ਗ:ਗ:ਸ: ਪੰਨਾ-289) ਭਾਵ ਉਹ ਪ੍ਰਮਾਤਮਾ ਜੋ ਗੁਣੀ ਨਿਧਾਨੁ ਹੈ, ਸੁਚੱਜੇ ਗੁਣਾਂ ਦਾ ਖਜ਼ਾਨਾ ਹੈ, ਉਸ ਗੁਣੀ ਨਿਧਾਨੁ ਦੇ ਗੁਣਾਂ ਨੂੰ ਅਪਣਾਓ ਅਤੇ ਹੋਰਨਾਂ ਨੂੰ ਵੀ ਉਹ ਗੁਣ ਅਪਣਾਉਣ ਲਈ ਪ੍ਰੇਰਿਆ ਜਾਵੇ। ਇਸ ਸੰਕਲਪ ਨੂੰ ਗੁਰਬਾਣੀ ਵਿਚ ਬਾਰ ਬਾਰ ਦੁਰਾਇਆ ਗਿਆ ਹੈ। ਜਿਵੇਂ ਕਿ: ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ॥ (ਗ:ਗ:ਸ: ਪੰਨਾ-140) ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ (ਗ:ਗ:ਸ: ਪੰਨਾ-1206)।
    ਗੁਰਬਾਣੀ ਦੇ ਐਸੇ ਉਦੇਸ਼ ਦੀ ਪੂਰਤੀ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਹਰ ਸ਼ਬਦ ਦੀ ਵਿਆਖਿਆ ਇਸੇ ਉਦੇਸ਼ ਦੇ ਅਨੁਕੂਲ ਹੋਵੇ। ਹਰ ਸ਼ਬਦ ਵਿਚੋਂ ਸਮਾਜ ਸੁਧਾਰ ਅਤੇ ਮਾਨਵ ਕਲਿਆਣ ਦਾ ਸੁਨੇਹਾ ਮਿਲੇ। ਹਰ ਸ਼ਬਦ ਦੀ ਵਿਆਖਿਆ ਕਰਦਿਆਂ ਇਹ ਸਪਸ਼ਟ ਹੋਵੇ ਕਿ ਵਿਖਾਵੇ ਵਾਲੇ ਜੋ ਕਰਮਕਾਂਡ ਕੀਤੇ ਜਾਂਦੇ ਹਨ, ਉਹ ਪਖੰਡ ਹੀ ਹੁੰਦੇ ਹਨ। ਜੇਕਰ ਗੁਰਬਾਣੀ ਦੀ ਵਿਆਖਿਆ ਤੋਂ ਮਨੁੱਖੀ ਸੁਧਾਰ ਜਾਂ ਸਮਾਜ ਕਲਿਆਨ ਦਾ ਸੁਨੇਹਾ ਨਹੀਂ ਮਿਲਦਾ ਤਾਂ ਉਹ ਵਿਅਖਿਆ ਠੀਕ ਨਹੀਂ ਹੋ ਸਕਦੀ। ਜੇਕਰ ਗੁਰਬਾਣੀ ਦੀ ਵਿਆਖਿਆ ਇਸ ਉਦੇਸ਼ ਦੇ ਅਨਕੂਲ ਨਹੀਂ ਕੀਤੀ ਜਾਂਦੀ ਤਾਂ ਇਹ ਕੇਵਲ ਅਪਰਾਧ ਹੀ ਨਹੀਂ ਸਗੋਂ ਘੋਰ ਪਾਪ ਵੀ ਹੋਵੇਗਾ। ਜੇਕਰ ਗੁਰਬਾਣੀ ਦੀ ਵਿਆਖਿਆ ਕਰਦਿਆਂ ਅਨਜਾਣ ਵਿਅਕਤੀ ਨੂੰ ਭਟਕਣਾ ਵਿਚ ਪਾ ਦਿੱਤਾ ਜਾਂਦਾ ਹੈ, ਜਾਂ ਉਸ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਕਰਮਕਾਂਡਾਂ ਦੇ ਚੱਕਰ ਵਿਚ ਪਾ ਦਿੱਤਾ ਜਾਂਦਾ ਹੈ ਤਾਂ ਇਹ ਘੋਰ ਪਾਪ ਹੀ ਹੁੰਦਾ ਹੈ।
    ਅਜੋਕਾ ਯੁੱਗ ਵਿਗਿਆਨਕ ਯੁੱਗ ਹੈ ਭਾਵ ਇਹ ਯੁੱਗ ਸਵਾਲੀਆ, ਦਲੀਲ ਅਤੇ ਵਿਚਾਰਕ ਯੁੱਗ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਜਿਸ ਸ਼ਬਦ ਦੀ ਵਿਆਖਿਆ ਕਰਨੀ ਹੈ ਉਹ ਤਰਕ ਦੇ ਅਧਾਰ 'ਤੇ ਪੂਰੀ ਉਤਰੇ । ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸੱਚੀ ਬਾਣੀ ਕਿਹਾ ਗਿਆ ਹੈ। ਇਹ ਸੱਚੀ ਬਾਣੀ ਇਸੇ ਲਈ ਹੈ ਕਿਉਂਕਿ ਇਸ ਬਾਣੀ ਰਾਹੀਂ ਯੂਨੀਵਰਸਲ ਟਰੂਥ (Universal truth) ਸਰਬਵਿਆਪਕ ਸੱਚ ਨੂੰ ਉਜਾਗਰ ਕੀਤਾ ਗਿਆ ਹੈ। ਇਸ ਬਾਣੀ ਰਾਹੀਂ ਜਿਸ ਗਿਆਨ ਦੀ ਸੋਝੀ ਦਿੱਤੀ ਗਈ ਹੈ ਉਹ ਸੱਚ ਦੇ ਅਧਾਰ 'ਤੇ ਪੂਰੀ ਉਤਰਦੀ ਹੈ।ਸੱਚ ਕਦੀ ਬਦਲਦਾ ਨਹੀਂ। ਜਿਵੇਂ ਸੱਚ ਰੀਜ਼ਣ, ਲੋਜਿਕ ਅਤੇ ਜਸਟੀਵੀਕੇਸ਼ਣ (reason, logic and justification) ਦੇ ਅਧਾਰ 'ਤੇ ਪੂਰਾ ਉਤਰਦਾ ਹੈ, ਭਾਵ ਤਰਕ ਸੰਗਤ ਹੁੰਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਵੀ ਤਰਕ ਦੇ ਅਧਾਰ 'ਤੇ ਪੂਰੀ ਉਤਰਨੀ ਚਾਹੀਦੀ ਹੈ।
    ਇਸੇ (ਯੂਨੀਵਰਸਲ ਟਰੁਥ) ਸੰਪੂਰਨ ਸੱਚ ਭਾਵ ਕੁਦਰਤ ਦੇ ਨਿਯਮਾ ਦੀਆਂ ਅਟੱਲ ਸਚਾਈਆਂ ਵਿਚੋਂ ਇਕ ਸਚਾਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਇਸ ਤਰ੍ਹਾਂ ਬਿਆਨ ਕੀਤੀ ਹੈ: ''ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ''॥ 'ਹੁਕਮ' ਤੋਂ ਭਾਵ ਹੈ ਕੁਦਰਤ ਦੇ ਨਿਯਮ ਜੋ ਅਟੱਲ ਹਨ, ਜੋ ਸੱਚੇ ਹਨ, ਬਦਲੇ ਨਹੀਂ ਜਾ ਸਕਦੇ। ਹੁਕਮ ਦਾ ਭਾਵ ਹੈ ਲਾਅ ਆਫ ਨੇਚਰ ਜਾਂ ਕੋਸਮਿਕ ਲਾਅ (Law of nature or cosmic Law)। ਇਸ ਦਾ ਭਾਵ ਇਹ ਕਿ ਗੁਰਬਾਣੀ ਦੀ ਵਿਆਖਿਆ ਤੋਂ ਇਹ ਸਪਸ਼ਟ ਹੋਵੇ ਕਿ ਕੋਈ ਕਰਾਮਾਤ ਨਹੀਂ ਹੁੰਦੀ। ਜੋ ਕੁਝ ਵਾਪਰਦਾ ਹੈ ਉਹ ਕੁਦਰਤ ਦੇ ਨਿਯਮ ਅਨੁਸਾਰ ਹੀ ਵਾਪਰਦਾ ਹੈ। ਐਸੀ ਕੀਤੀ ਵਿਆਖਿਆ ਹੀ ਤਰਕ ਦੇ ਅਧਾਰ ਤੇ ਪੂਰੀ ਉਤਰ ਸਕਦੀ ਹੈ। ਤਾਂ ਹੀ ਇਹ ਬਾਣੀ ਸੱਚੀ ਬਾਣੀ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਤੋਂ ਅਟੱਲ ਸਚਾਈ ਦਾ ਪ੍ਰਗਟਾਵਾ ਹੋਣਾ ਵੀ ਲਾਜ਼ਮੀ ਹੈ।
     ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਬਹੁਤ ਸਾਰੇ ਖੁਦਗਰਜ਼ ਅਤੇ ਗਿਆਨ ਵਿਹੂਣੇ ਲੋਕ ਹਨ ਜੋ ਆਪਣੇ ਲਾਲਚ ਕਰਕੇ ਗੁਰਬਾਣੀ ਦੀ ਵਿਆਖਿਆ ਐਸੀ ਕਰਦੇ ਹਨ ਜੋ ਗੁਰਬਾਣੀ ਦੇ ਮਨੋਰਥ ਦੇ ਅਨਕੂਲ ਨਹੀਂ ਹੁੰਦੀ। ਐਸੇ ਫਰੇਬੀ ਲੋਕ ਵੀ ਹਨ ਜੋ ਜਾਣ-ਬੁਝ ਕੇ ਆਪਣੇ ਮਤਲਬ ਦੀ ਪੂਰਤੀ ਵਾਸਤੇ ਵੀ ਭੋਲੀ ਭਾਲੀ ਲੋਕਾਈ ਨੂੰ ਮੂਰਖ ਬਣਾਉਣ ਲਈ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਉਦੇਸ਼ ਤੋਂ ਉਲਟ ਕਰਦੇ ਹਨ। ਇਹ ਖੁਦਗਰਜ਼, ਮਤਲਬੀ, ਜਨੂੰਨੀ ਲੋਕ ਭੋਲੀ ਭਾਲੀ ਜੰਨਤਾ ਨੂੰ ਕੁਰਾਹੇ ਪਾਉਣ ਦਾ ਘੋਰ ਅਪਰਾਧ ਕਰ ਰਹੇ ਹਨ।     ਅਫਸੋਸ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਨਾਲ ਕਈ ਮਨਘੜਤ ਕਹਾਣੀਆਂ ਜੋੜ ਕੇ ਸਾਖੀਆਂ ਬਣਾ ਦਿੱਤੀਆਂ ਗਈਆਂ ਹਨ ਜਿਸ ਨਾਲ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਵਿਅਖਿਆ ਬਿਪਰਵਾਦੀ ਵਿਚਾਰਧਾਰਾ ਦੇ ਅਨਕੂਲ ਕੀਤੀ ਜਾ ਰਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਨਿਕਾਰਿਆ ਹੈ।ਇਹ ਹੀ ਕਾਰਨ ਹੈ ਕਿ ਹੋਰ ਲੋਕਾਂ ਦੀ ਤਰ੍ਹਾਂ ਬਹੁਤ ਸਾਰੇ ਸਿੱਖ ਅਖਵਾਉਂਦੇ ਅਨਜਾਣ ਲੋਕ ਵੀ ਖਜਲ ਖੁਆਰ ਹੋ ਰਹੇ ਹਨ ਅਤੇ ਸਮਾਜ ਪਲੀਤ ਹੋ ਰਿਹਾ ਹੈ।
    ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਮਨੋਰਥ ਨੂੰ ਸਮਝ ਕੇ ਉਸ ਮਨੋਰਥ ਦੇ ਅਨਕੂਲ ਹੀ ਕੀਤੀ ਜਾਵੇ। 

WhatsApp No. +91-8284863803
E-mail-   kanwar238@yahoo.com

ਜੀਵਨ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਸੰਸਾਰ ਵਿਚ ਬਹੁਤ ਪ੍ਰਕਾਰ ਦੇ ਜੀਵ ਜੰਤੂ ਹਨ। ਇਨ੍ਹਾਂ ਵਿਚੋਂ ਇਕ ਸ਼ਰੇਣੀ ਐਸੀ ਹੈ ਜਿਸ ਨੂੰ ਡੰਗਰ, ਜਾਨਵਰ ਜਾਂ ਹੈਵਾਨ ਕਿਹਾ ਜਾਂਦਾ ਹੈ ਅਤੇ ਇਕ ਸ਼ਰੇਣੀ ਐਸੀ ਹੈ ਜਿਸ ਨੂੰ ਮਨੁੱਖ ਜਾਂ ਇਨਸਾਨ ਕਿਹਾ ਜਾਂਦਾ ਹੈ। ਇਨ੍ਹਾਂ ਦੋਵੇਂ ਸ਼ਰੇਣੀਆਂ ਵਿਚ ਜਾਨ ਹੁੰਦੀ ਹੈ, ਪ੍ਰਾਣ ਹੁੰਦੇ ਹਨ, ਇਨ੍ਹਾਂ ਦੋਵਾਂ ਦੀ ਆਪਣੀ ਜ਼ਿੰਦਗੀ ਹੁੰਦੀ ਹੈ।ਇਹ ਦੋਵੇਂ ਸ਼ਰੇਣੀਆਂ ਜੀਵਨ ਜੀਉਂਦੀਆਂ ਹਨ।ਪਰ ਮਨੁੱਖ ਨੂੰ ਜਾਂ ਇਨਸਾਨ ਨੂੰ ਸਭ ਤੋਂ ਉਤਮ ਅਤੇ ਸਰੇਸ਼ਟ ਸ਼ਰੇਣੀ ਗਿਣਿਆ ਗਿਆ ਹੈ। ਗੁਰਬਾਣੀ ਵੀ ਇਸ ਸੰਬੰਧ ਵਿਚ ਹਾਮੀ ਭਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ:ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥(ਗ:ਗ:ਸ: ਪੰਨਾ-374) ਭਾਵ ਇਹ ਕਿ ਹੇ ਮਨੁੱਖ ਇਸ ਸੰਸਾਰ ਵਿਚ ਤੇਰੀ ਸਰਦਾਰੀ ਹੈ। ਇਸ ਸੰਸਾਰ ਵਿਚ ਹੋਰ ਜਿਤਨੀਆਂ ਵੀ ਜੂਨਾਂ ਹਨ ਉਹ ਤੇਰਾ ਪਾਣੀ ਭਰਦੀਆਂ ਹਨ ਭਾਵ ਤੇਰੀਆਂ ਗੁਲਾਮ ਹਨ।ਇਸ ਸਭ ਦਾ ਭਾਵ ਇਹ ਹੋਇਆ ਕਿ ਡੰਗਰ ਦੀ ਜੀਵਨੀ ਵਿਚ ਅਤੇ ਮਨੁੱਖ ਦੀ ਜੀਵਨੀ ਵਿਚ ਕੁਝ ਫਰਕ ਹੈ। ਸੁਭਾਵਕ ਹੈ ਕਿ ਇਸ ਫਰਕ ਨੂੰ ਸਮਝ ਕੇ ਡੰਗਰ ਨਾਲੋਂ ਵੱਖਰਾ ਜੀਵਨ ਜੀਊਣਾਂ ਹੀ ਮਨੁੱਖ ਦੇ ਜੀਵਨ ਦਾ ਮਨੋਰਥ ਹੋ ਸਕਦਾ ਹੈ।
    ਇਕ ਓਪਰੀ ਝਾਤ ਨਾਲ ਜਦੋਂ ਡੰਗਰ ਦੇ ਜੀਵਨ ਜੀਊਣ ਦੀ ਝਾਤ ਮਾਰੀ ਜਾਵੇ ਤਾਂ ਇਹ ਪਤਾ ਚਲਦਾ ਹੈ ਕਿ ਡੰਗਰ ਆਪਣੇ ਸੁਭਾਅ ਅਨੁਸਾਰ ਇਕ ਜੀਵਨ ਜੀਊਂਦਾ ਹੈ। ਡੰਗਰ ਜਨਮ ਲੈਂਦਾ ਹੈ, ਖਾਂਦਾ-ਪੀਂਦਾ ਹੈ, ਬੱਚੇ ਵੀ ਪੈਦਾ ਕਰਦਾ ਹੈ। ਡੰਗਰ ਬੱਚਿਆਂ ਦੀ ਪਾਲਣਾਂ ਵੀ ਕਰਦਾ ਹੈ। ਡੰਗਰ ਦਾ ਬੱਚਿਆਂ ਨਾਲ ਮੋਹ ਵੀ ਹੁੰਦਾ ਹੈ। ਬੱਚਿਆਂ ਵਾਸਤੇ ਬਹੁਤ ਵਾਰ ਦੁਖ ਵੀ ਝੇਲਦਾ ਹੈ। ਇਸੇ ਤਰ੍ਹਾਂ ਵੇਖਣ ਵਿਚ ਆਇਆ ਹੈ ਕਿ ਮਨੁੱਖ ਵੀ ਆਮ ਤੌਰ ’ਤੇ ਆਪਣੀ ਬਹੁਤ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰਦਾ ਹੈ। ਜਿਵੇਂ ਕਿ: ਮਨੁੱਖ ਵੀ ਜਨਮ ਲੈਂਦਾ ਹੈ, ਖਾਂਦਾ-ਪੀਂਦਾ ਹੈ, ਬੱਚੇ ਪੈਦਾ ਕਰਦਾ ਹੈ ਅਤੇ ਬੱਚਿਆਂ ਨਾਲ ਮੋਹ ਕਰਦਾ ਹੋਇਆ ਉਨ੍ਹਾਂ ਦੀ ਪਾਲਣਾਂ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਅਤੇ ਡੰਗਰ ਦੇ ਜੀਵਨ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਫਿਰ ਸਰਦਾਰੀ ਕੀ ਹੋਈ? ਸਿਰਫ ਇਹ ਹੀ ਕਿ ਮਨੁੱਖ ਡੰਗਰਾਂ ਨੂੰ ਆਪਣੇ ਮਕਸਦ ਲਈ ਵਰਤਣ ਦੇ ਕਾਬਲ ਹੈ? ਇਹ ਤਾਂ ਡਗਰਾਂ ਵਰਗਾ ਹੀ ਜੀਵਨ ਹੋਇਆ। ਇਸ ਤਰ੍ਹਾਂ ਦੇ ਜੀਵਨ ਅਨੁਸਾਰ ਸਰਦਾਰੀ ਤਾਂ ਕੋਈ ਨਾ ਹੋਈ।
    ਅਸਲ ਵਿਚ ਫਰਕ ਇਹ ਹੈ ਕਿ ਪਸ਼ੂ ਵਾਸਤੇ ਕੋਈ ਜੀਵਨ ਦਾ ਮਨੋਰਥ ਨਹੀਂ ਹੁੰਦਾ। ਉਹ ਤਾਂ ਸਿਰਫ ਆਪਣੀ ਜ਼ਿੰਦਗੀ ਜੀਊਂਦਾ ਹੈ। ਇਸ ਦੇ ਇਲਾਵਾ ਕੁਦਰਤ ਨੇ ਮਨੁੱਖ ਦੀ ਸਰਦਾਰੀ ਵਾਸਤੇ ਜੋ ਕਲਾ ਬਖਸ਼ੀ ਹੈ, ਉਹ ਹੈ: ਵਿਲੱਖਣ ਸੋਚ ਸ਼ਕਤੀ। ਕੁਦਰਤ ਨੇ ਮਨੁੱਖ ਨੂੰ ਇਕ ਵਿਲੱਖਣ ਬੋਧਕ ਸ਼ਕਤੀ, ਸਮਝ, ਸੋਝੀ ਦਾ ਗੁਣ ਪ੍ਰਦਾਨ ਕੀਤਾ ਹੈ ਜਿਸ ਦੀ ਵਰਤੋਂ ਕਰਕੇ ਮਨੁੱਖ ਡੰਗਰ ਨਾਲੋਂ ਵਖਰਾ ਜੀਵਨ ਜੀਊਣ ਦੇ ਸਮਰੱਥ ਹੈ। ਪਰ ਜੇਕਰ ਜੀਵਨ ਨੂੰ ਸਿਰਫ ਜੀਊਣਾ ਹੀ ਹੈ ਤਾਂ ਜਿਵੇਂ ਡੰਗਰ ਜਿਊਂਦੇ ਹਨ ਉਸੇ ਤਰ੍ਹਾਂ ਮਨੁੱਖ ਵੀ ਜੀਵਨ ਜੀਊਈ ਜਾਂਦਾ ਹੈ। ਭਾਵ ਸਵੇਰੇ ਉਠੇ ਤਿਆਰ ਹੋਏ ਖਾਂਦਾ-ਪੀਤਾ ਤੇ ਕੰਮ ਤੇ ਚਲੇ ਗਏ। ਆਏ ਫਿਰ ਖਾਦਾ-ਪੀਤਾ ਤੇ ਸੋਂ ਗਏ। ਇਸ ਦੇ ਨਾਲ  ਕੁਝ ਬੱਚੇ ਪੈਦਾ ਕਰ ਲਏ। ਬਸ ਇਸੇ ਤਰ੍ਹਾਂ ਡੰਗਰਾਂ ਵਰਗਾ ਜੀਵਨ ਬਤੀਤ ਹੋ ਜਾਂਦਾ ਹੈ।
    ਮਨੁੱਖ ਡੰਗਰ ਨਾਲੋਂ ਵੱਖਰਾ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਆਪਣੀ ਬੋਧਿਕ ਸ਼ਕਤੀ, ਜੋ ਕੁਦਰਤ ਵਲੋਂ ਉਸ ਨੂੰ ਵਰਦਾਨ ਵਿਚ ਮਿਲੀ ਹੈ, ਉਸ ਨੂੰ ਵਰਤ ਕੇ ਇਨਸਾਨ ਹੋਣ ਦਾ ਸਬੂਤ ਦੇਵੇ।ਇਸੇ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ (ਗ:ਗ:ਸ: ਪੰਨਾ-1418) ਭਾਵ ਸਪਸ਼ਟ ਹੈ ਕਿ ਜੇਕਰ ਮਨੁੱਖ ਸੁਚੱਜੇ ਗਿਆਨ ਦੀ ਪ੍ਰਾਪਤੀ ਵਾਸਤੇ ਉਧਮ ਨਹੀਂ ਕਰਦਾ, ਆਪਣੇ ਜੀਵਨ ਨੂੰ ਸੁਧਾਰਣ ਦਾ ਉਪਰਲਾ ਨਹੀਂ ਕਰਦਾ ਤਾਂ ਉਹ ਮਨੁੱਖੀ ਜੂਨ ਨਹੀਂ ਜੀਉਂਦਾ। ਉਹ ਡੰਗਰ ਹੀ ਹੁੰਦਾ ਹੈ। ਆਪਣੇ ਜੀਵਨ ਨੂੰ ਸੁਧਾਰਨ ਦੀ ਯੋਗਤਾ ਦਾ ਹੋਣਾ ਹੀ ਮਨੁੱਖ ਨੂੰ ਡੰਗਰ ਨਾਲੋਂ ਉਤਮ ਬਣਾਉਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਸੁਧਾਈ ਕਰਨਾਂ ਮਨੁੱਖੀ ਜੀਵਨ ਦਾ ਇਕ ਜ਼ਰੂਰੀ ਮਨੋਰਥ ਹੈ।ਜੀਵਨ ਵਿਚ ਕੁਝ ਸਿੱਖਣਾ, ਕੁਝ ਸਮਝਣਾ ਹੀ ਜ਼ਿੰਦਗੀ ਹੈ।ਇਹ ਸਿਖਲਾਈ ਦਾ ਸਿਲਸਲਾ ਜੀਵਨ ਦੇ ਆਖਰੀ ਦਿਨ ਤਕ ਚਲਦਾ ਰਹਿਣਾ ਜ਼ਰੂਰੀ ਹੈ।
    ਇਸ ਜੀਵਨ ਮਨੋਰਥ ਦੇ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਭਈ ਪਰਾਪਤਿ ਮਾਨੁਖ ਦੇਹੁਰੀਆ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਗ:ਗ:ਸ: ਪੰਨਾ-12 ਅਤੇ 378) ਭਾਵ ਇਹ ਕਿ ਹੇ ਮਨੁੱਖ ਇਹ ਜੋ ਮਨੁੱਖਾ ਦੇਹੀ ਤੈਨੂੰ ਮਿਲੀ ਹੈ ਉਹ ਇਸ ਲਈ ਹੈ ਕਿ ਤੂੰ ਪਰਮਾਤਮਾਂ ਨਾਲ ਮਿਲ ਸਕੇਂ।ਗੁਰਬਾਣੀ ਦੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਜਣ ਵਾਸਤੇ “ਗੋਬਿੰਦ ਮਿਲਣ” ਦੇ ਭਾਵ ਨੂੰ ਸਮਜਣਾ ਜ਼ਰੂਰੀ ਹੈ। “ਗੋਬਿੰਦ ਮਿਲਣ” ਤੋਂ ਭਾਵ ਹੈ ਪਰਮਾਤਮਾਂ ਨੂੰ ਮਿਲਣਾ। ਗੁਰਬਾਣੀ ਅਨੁਸਾਰ ਪਰਮਾਤਮਾਂ ਦਾ ਕੋਈ ਰੰਗ ਰੂਪ ਜਾ ਅਕਾਰ ਤਾਂ ਹੈ ਨਹੀਂ। ਇਸ ਲਈ ਸਭ ਤੋਂ ਪਹਿਲਾਂ ਪਰਮਾਤਮਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਗੁਰਬਾਣੀ ਵਿਚ ਪਰਮਾਤਮਾਂ ਨੂੰ ‘ਗੁਣਤਾਸਾ’ ਅਤੇ ‘ਗੁਣੀ ਨਿਧਾਣ’ ਕਿਹਾ ਗਿਆ ਹੈ। ਭਾਵ ਪਰਮਾਤਮਾਂ ਗੁਣਾਂ ਦਾ ਖ਼ਜ਼ਾਨਾ ਹੈ। ਗੁਰਬਾਣੀ ਦੀ ਪੰਗਤੀ ਹੈ:  ਨਾਨਕ ਗਾਵੀਐ ਗੁਣੀ ਨਿਧਾਨੁ॥ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਗ:ਗ:ਸ: ਪੰਨਾ-2) ਭਾਵ ਉਹ ਪਰਮਾਤਮਾਂ ਜੋ ਗੁਣਾਂ ਦਾ ਖ਼ਜ਼ਾਨਾ ਹੈ ਉਨ੍ਹਾਂ ਗੁਣਾਂ ਦੇ ਖ਼ਜ਼ਾਨੇ ਨੂੰ (ਗਾਵੀਐ) ਭਾਵ ਪਰਮਾਤਮਾਂ ਦੇ ਗੁਣਾਂ ਨੂੰ ਹਰ ਸਮੇਂ ਮਨ ਵਿਚ ਵਸਾ ਕੇ ਰੱਖਿਆ ਜਾਵੇ।(ਗਾਵੀਐ ਸੁਣੀਐ ਮਨਿ ਰਖੀਐ ਭਾਉ॥)  ਉਹ ਰੱਬੀ ਗੁਣ ਇਸ ਤਰ੍ਹਾਂ ਦ੍ਰਿੜ ਹੋ ਜਾਣ ਕਿ ਵਕਤ ਪੈਣ ’ਤੇ ਉਨ੍ਹਾਂ ਦੀ ਵਰਤੋਂ ਕਰਨ ਵਾਸਤੇ ਸੋਚਣਾ ਨਾ ਪਵੇ। ਜਿਵੇਂ ਸਕੂਟਰ ਜਾਂ ਕਾਰ ਦੀ ਬਰੇਕ ਆਪਣੇ ਆਪ ਲੱਗ ਜਾਂਦੀ ਹੈ, ਉਸ ਨੂੰ ਲਗਾਊਣ ਵਾਸਤੇ ਸੋਚਣਾ ਨਹੀਂ ਪੈਂਦਾ, ਇਸੇ ਤਰ੍ਹਾਂ ਗੁਣਵਾਨ ਹੋ ਕੇ ਸਮਾਜ ਵਿਚ ਵਿਚਰਿਆ ਜਾਵੇ। ਹਰ ਕਰਮ ਗੁਣਾਂ ਦੇ ਅਧਾਰ ਉਤੇ ਪੂਰਾ ਉਤਰੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਇਨਸਾਨ ਇਹ ਮਨੁਖਾ ਦੇਹੀ ਨਾਲ ਬੁਧੀ ਦੀ ਜੋ ਬਖਸ਼ਿਸ਼ ਹੋਈ ਹੈ ਉਸ ਅਨੁਸਾਰ ਪਰਮਾਤਮਾਂ ਦੇ ਗੁਣ, ਭਾਵ, ਚੰਗੇ ਗੁਣਾਂ ਨੂੰ ਸਮਝ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਅ ਕੇ ਇਹ ਮਨੁਖਾ, ਇਨਸਾਨੀਅਤ ਵਾਲ ਜੀਵਨ ਜੀਊ। ਇਹ ਹੈ: “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”  ਇਹ ਹੈ: ਡੰਗਰਾਂ ਨਾਲੋ ਵੱਖ ਹੋ ਕੇ ਜੀਵਨ ਜੀਊਣ ਦਾ ਮਨੋਰਥ।
    ਮਨੁੱਖ ਦੇ ਇਨਸਾਨੀਅਤ ਵਾਲੇ ਗੁਣਾਂ ਨੂੰ ਸਮਝਣ ਬਾਰੇ ਗੁਰਬਾਣੀ ਸਮਝਾਉਂਦੀ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਭਾਵ ਇਹ ਕਿ ਹੇ ਇਨਸਾਨ ਤੂੰ ਉਸ ਅਕਾਲਪੁਰਖ ਦੀ ਜੋਤ ਹੈਂ ਜੋ ਗੁਣੀ ਨਿਧਾਨ ਹੈ, ਗੁਣਾਂ ਦਾ ਖ਼ਜ਼ਾਨਾ ਹੈ। ਕਿਉਂਕਿ ਰੱਬੀ ਜੀ ਤੇਰੇ ਅੰਦਰ ਵਸਦੇ ਹਨ ਇਸ ਲਈ ਰੱਬੀ ਗੁਣ ਤੇਰੇ ਅੰਦਰ ਹੀ ਹਨ। ਉਹ ਨੂਰ ਤੇਰੇ ਅੰਦਰ ਹੀ ਹੈ। ਇਸ ਲਈ “ਆਪਣਾ ਮੂਲੁ  ਪਛਾਣੁ” ਆਪਣੇ ਅੰਦਰ ਝਾਤੀ ਮਾਰ, ਆਪਣੀ ਪੜਚੋਲ ਕਰ ਕੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਊਣ ਦਾ ਉਪਰਾਲਾ ਕਰ।ਇਹ ਹੈ ਜੀਵਨ ਮਨੋਰਥ।
     ਡੰਗਰ ਅਤੇ ਇਨਸਾਨ ਵਿਚ ਇਕ ਵੱਡਾ ਫਰਕ ਇਹ ਵੀ ਹੈ ਕਿ ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਸਮਾਜ ਤੋਂ ਵੱਖ ਹੋ ਕੇ ਮਨੁੱਖ, ਮਨੁੱਖੀ ਜੀਵਨ ਨਹੀਂ ਜਿਊਂ ਸਕਦਾ। ਹੁਣ ਜਦੋਂ ਮਨੁੱਖ ਨੇ ਸਮਾਜ ਵਿਚ ਵਿਚਰਨਾ ਹੈ ਤਾਂ ਸਮਾਜ ਪ੍ਰਤੀ ਉਸ ਦੀ ਖਾਸ ਜ਼ਿਮਾਵਾਰੀ ਇਹ ਬਣਦੀ ਹੈ ਕਿ ਉਹ ਸਮਾਜ ਵਿਚ ਰਹਿ ਕੇ ਸਮਾਜ ਨੂੰ ਸੁਖਾਵਾਂ ਬਣਾਵੇ। ਐਸਾ ਸਮਾਜ ਜਿਥੇ ਪ੍ਰੇਮ ਭਾਵ ਅਤੇ ਆਦਰ ਮਾਨ, ਸੁਖ ਸ਼ਾਂਤੀ ਹੋਵੇ। ਮਨੁੱਖੀ ਮਨੋਰਥ ਤਾਂ ਇਹ ਹੈ ਕਿ ਐਸੇ ਸਮਾਜ ਦੀ ਸਿਰਜਨਾਂ ਕੀਤੀ ਜਾਵੇ ਜਿਥੇ ਲੜਾਈ ਝਗੜੇ ਤੇ ਦੁਸ਼ਮਨੀ ਨਾ ਹੋਵੇ। ਐਸਾ ਸਮਾਜ ਜਿਥੇ ਕਿਸੇ ਨਾਲ ਵੈਰ ਵਿਰੋਧ ਅਤੇ ਈਰਖਾ ਨਾ ਹੋਵੇ। ਧਰਮ ਦੇ ਨਾਮ ’ਤੇ ਜ਼ੁਲਮ ਨਾ ਕੀਤਾ ਜਾਵੇ। ਇਸ ਜ਼ਿਮਾਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣਾ ਵੀ ਮਨੁੱਖ ਦਾ ਇਕ ਵਡਮੁੱਲਾ ਮਨੋਰਥ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਇਸ ਜ਼ਿਮਾਵਾਰੀ ਨੂੰ ਸਮਝੇ ਅਤੇ ਇਸ ਜ਼ਿਮਾਵਾਰੀ ਨੂੰ ਨਿਭਾਉਣ ਲਈ ਨਿਪੁਨਤਾ ਹਾਸਲ ਕਰੇ।ਇਸ ਤਰ੍ਹਾਂ ਮਨੁੱਖ ਦੇ ਜੀਵਨ ਦਾ ਮਨੋਰਥ ਜਿਥੇ ਆਪਾ ਸੁਧਾਰਨਾ ਹੈ ਉੱਥੇ ਸਮਾਜ ਸੁਧਾਰ ਦਾ ਮਨੋਰਥ ਵੀ ਹੈ। ਆਮ ਤੌਰ ’ਤੇ ਕਈ ਵਾਰ ਆਪਾ ਸੁਧਾਰਨ ਨੂੰ ਹੀ ਕਾਫੀ ਸਮਝ ਲਿਆ ਜਾਂਦਾ ਹੈ ਅਤੇ ਜਿੰਦਗੀ ਦਾ ਮਨੋਰਥ ਆਪਾ ਸੁਧਾਰਨ ਤਕ ਹੀ ਸੀਮਤ ਕੀਤਾ ਜਾਂਦਾ ਹੈ। ਗੁਰਬਾਣੀ ਅਨੁਸਾਰ ਜੀਵਨ ਮਨੋਰਥ ਇੱਥੇ ਹੀ ਸਮਾਪਤ ਨਹੀਂ ਹੁੰਦਾ। ਜੇਕਰ ਕੋਈ ਮਨੁੱਖ ਕਿਸੇ ਗਿਆਨ ਦੀ ਪ੍ਰਾਪਤੀ ਕਰ ਕੇ ਆਪਾ ਸੁਧਾਰਦਾ ਹੈ ਤਾਂ ਇਹ ਵੀ ਉਸ ਦਾ ਫਰਜ਼ ਹੈ ਕਿ ਉਹ ਉਸ ਗਿਆਨ ਨਾਲ ਸਮਾਜ ਦੀ ਭਲਾਈ ਕਰੇ। ਉਸ ਗਿਆਨ ਨੂੰ ਵੰਡਣਾ ਵੀ ਇਨਸਾਨ ਦਾ ਫਰਜ਼ ਬਣਦਾ ਹੈ। ਇਹ ਵੀ ਹੈ ਜੀਵਨ ਦਾ ਇਕ ਮਨੋਰਥ।ਇਸ ਮਨੋਰਥ ਦੀ ਪੁਰਤੀ ਲਈ ਗੁਰਬਾਣੀ ਇਸ ਤਰ੍ਹਾਂ ਫ਼ਰਮਾਨ ਕਰਦੀ ਹੈ: ਸੁਨਤ ਕਮਾਵਤ ਹੋਤ ਉਧਾਰ॥ਆਪਿ ਤਰੈ ਲੋਕਹ ਨਿਸਤਾਰ॥(ਗ:ਗ:ਸ: ਪੰਨਾ-295) ਭਾਵ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਵਿਚ ਸਮਝਾਇਆ ਇਹ ਗਿਆ ਹੈ ਕਿ ਮਨੁੱਖ ਦਾ ਜੀਵਨ ਮਨੋਰਥ ਹੈ: ਕਿ ਉਹ ਸੱਚੇ ਸੁਚੱਜੇ ਗੁਣਾਂ ਵਾਲੇ ਗਿਆਨ ਨੂੰ ਸੁਣੇ, ਸਮਝੇ, ਉਨ੍ਹਾਂ ਗੁਣਾ ਨਾਲ ਆਪਣੇ ਜੀਵਨ ਦਾ ਉਧਾਰ ਕਰੇ। ਇਸ ਤਰ੍ਹਾਂ ਜਿਥੇ ਉਸ ਨੇ ਆਪਣਾ ਜੀਵਨ ਸਫਲਾ ਕਰਨਾ ਹੈ ਉੱਥੇ ਨਾਲ ਹੀ (ਲੋਕਹ ਨਿਸਤਾਰ) ਸਮਾਜ ਦਾ ਸੁਧਾਰ ਵੀ ਕਰੇ।
     ਗੁਰਬਾਣੀ ਵਿਚ ਇਸ ਮਨੋਰਥ ਦੀ ਮਹੱਤਤਾ ਇਸ ਤਰ੍ਹਾਂ ਦਰਸਾਈ ਹੈ: ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਗ:ਗ:ਸ: ਪੰਨਾ-306) ਭਾਵ ਗੁਰੂ ਨਾਨਕ ਸਾਹਿਬ ਉਸ ਗੁਰਸਿਖ (ਚੰਗੇ ਗੁਣਾਂ ਵਾਲੇ ਵਿਅਕਤੀ) ਦਾ ਧਨਵਾਦ ਕਰਦੇ ਹਨ ਜੋ ਖੁਦ ਤਾਂ ਗੁਣਾਂ ਨੂੰ ਅਪਣਾਉਂਦਾ ਹੈ ਅਤੇ ਹੋਰਨਾਂ ਨੂੰ ਵੀ ਗੁਣਵਾਨ ਬਣਾਉਂਦਾ ਹੈ। ਇਸ ਤਰ੍ਹਾਂ ਗੁਣਵਾਨ ਵਿਅਕਤੀ ਦਾ ਇਹ ਜੀਵਨ ਮਨੋਰਥ ਹੈ ਕਿ ਉਹ ਆਪ ਤਾਂ ਗੁਣਾਂ ਦਾ ਧਾਰਣੀ ਹੋਵੇ ਹੀ, ਆਪ ਤਾਂ ਗਿਆਨ ਹਾਸਲ ਕਰੇ ਹੀ, ਨਾਲ ਹੀ ਹੋਰਨਾਂ ਨੂੰ ਵੀ ਗੁਣਵਾਨ ਹੋਣ ਲਈ ਪ੍ਰੇਰੇ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਆਪ ਕਈ ਮੁਲਕਾਂ ਵਿਚ ਚੱਲ ਕੇ ਗਏ ਅਤੇ ਭੁਲੇ ਭਟਕੇ ਲੋਕਾਂ ਨੂੰ ਸਿਧੇ ਰਾਹ ਉੱਤੇ ਚਲਣ ਲਈ ਸੇਧ ਦਿੱਤੀ। ਗੁਰੂ ਸਾਹਿਬਾਨ ਨੇ ਜੋ ਘਾਲਣਾ ਘਾਲੀ, ਤਸੀਹੇ ਸਹੇ, ਕੁਰਬਾਣੀਆਂ ਦਿੱਤੀਆਂ, ਤਾਂ ਉਸ ਦਾ ਮਨੋਰਥ ਸਮਾਜ ਵਿਚੋਂ ਵਹਿਮਾਂ-ਭਰਮਾਂ, ਅਤੇ ਕਰਮਕਾਂਡਾਂ ਵਾਲੀ ਅਗਿਆਨਤਾ ਨੂੰ ਦੂਰ ਕਰ ਕੇ ਇਕ ਸੁਚੱਜੇ ਸਮਾਜ ਦੀ ਸਿਰਜਣਾ ਕਰਨਾ ਹੀ ਸੀ। ਇਹ ਤਾਂ ਸਪਸ਼ਟ ਹੈ ਕਿ ਕਿਸੇ ਵੀ ਸਮਾਜ ਦੀ ਉਨਤੀ ਤਾਂ ਹੀ ਹੋ ਸਕਦੀ ਹੈ ਜੇ ਕਰ ਹਰ ਕੋਈ ਆਪਣੇ ਗਿਆਨ ਅਤੇ ਇਨਸਾਨੀਅਤ ਵਾਲੇ ਚੰਗੇ ਗੁਣਾਂ ਦੀ ਸਾਂਝ ਕਰੇ।
    ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮਨੁੱਖ ਵਿਚ ਦੋ ਬਿਰਤੀਆਂ ਕੰਮ ਕਰਦੀਆਂ ਹਨ। ਇਕ ਬਿਰਤੀ ਹੈ ਇਨਸਾਨੀਅਤ ਵਾਲੀ  ਅਤੇ ਦੂਸਰੀ ਬਿਰਤੀ ਹੈ ਸ਼ੈਤਾਨ ਅਤੇ ਹੈਵਾਨੀਅਤ ਵਾਲੀ।ਇਸ ਤਰ੍ਹਾਂ  ਮਨੁੱਖ ਆਪਣੀ ਬੋਧਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਹੈਵਾਨ ਹੋਣ ਦਾ ਪ੍ਰਗਟਾਵਾ ਵੀ ਕਰਦਾ ਹੈ। ਜਦੋਂ ਮਨੁੱਖ ਹੈਵਾਨ ਅਤੇ ਸ਼ੈਤਾਨ ਹੋ ਕੇ ਵਿਚਰਦਾ ਹੈ ਤਾਂ ਉਹ ਸਾਰੇ ਸਮਾਜ ਨੂੰ ਭਰਿਸ਼ਟ ਕਰ ਦਿੰਦਾ ਹੈ। ਇਹ ਮਨੁੱਖ ਹੋਣ ਦਾ ਦੁਰਭਾਗ ਹੁੰਦਾ ਹੈ। ਇਸ ਤਰ੍ਹਾਂ ਦੀ ਸ਼ੈਤਾਨ ਬਿਰਤੀ ਕਾਰਨ ਉਹ ਸੁਹਿਰਦ ਵਿਕਤੀ ਦਾ ਸਾਮਜ ਵਿਚ ਰਹਿਣਾ ਦੁਰਲਭ ਕਰ ਦਿੰਦਾ ਹੈ। ਇਨਸਾਨ ਦੀ ਇਹ ਸ਼ੈਤਾਨ ਬਿਰਤੀ ਦੇ ਕਾਰਨ ਹੀ ਹੈ ਕਿ ਦੁਨੀਆਂ ਦੇ ਬਹੁਤ ਲੋਕ ਭੁਖਮਰੀ ਦਾ ਸ਼ਿਕਾਰ ਹੋਏ ਬੈਠੇ ਹਨ। ਇਸ ਸ਼ੈਤਾਨ ਬਿਰਤੀ ਦੇ ਕਾਰਨ ਹੀ ਭੋਲੀ ਭਾਲੀ ਜਨਤਾ ਨੂੰ ਕਈ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੇ ਚੱਕਰ ਵਿਚ ਫਸਾ ਕੇ ਕੁਰਾਹੇ ਪਾ ਰੱਖਿਆ ਹੈ। ਜੇਕਰ ਭਾਰਤ ਵਿਚ ਕਈ ਮਜ਼ਲੂਮ ਲੋਕਾਂ ਨੂੰ ਦਲਿਤ ਆਖ ਕੇ ਬਹੁਤ ਜ਼ੁਲਮ ਕੀਤੇ ਜਾ ਰਹੇ ਹਨ, ਮਜ਼੍ਹਬ ਅਤੇ ਧਰਮ ਦੇ ਨਾਮ ਤੇ ਈਰਖਾ ਵੈਰ ਵਿਰੋਧ ਨੂੰ ਫੈਲਾਇਆ ਜਾ ਰਿਹਾ ਹੈ ਤਾਂ ਇਹ ਸਭ ਸ਼ੈਤਾਨ ਬਿਰਤੀ ਦੇ ਕਾਰਨ ਹੀ ਹੈ। ਇਹ ਸਭ ਇਨਸਾਨ ਦੀ ਜ਼ਿੰਦਗੀ ਦਾ ਮਨੋਰਥ ਨਹੀਂ ਹੋ ਸਕਦਾ।ਇਹ ਪਸ਼ੂ ਹੋਣ ਦੇ ਤੁਲ ਹੈ।
    ਐਸੀ ਪਸ਼ੂ ਬਿਰਤੀ ਦੇ ਸੰਬੰਧ ਵਿਚ ਗੁਰਬਾਣੀ ਜ਼ਿਕਰ ਕਰਦੀ ਹੈ: ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥(ਗ:ਗ:ਸ: ਪੰਨਾ-870) ਇਸ ਪੰਗਤੀ ਰਾਹੀਂ ਇਹ ਸਮਝਾਇਆ ਗਿਆ ਹੈ: (ਨਰੂ ਮਰੈ ਨਰੁ ਕਾਮਿ ਨ ਆਵੈ॥) ਭਾਵ: ਜੇ ਕਰ (ਨਰੂ ਮਰੈ= ਇਨਸਾਨ ਦੀ ਜ਼ਮੀਰ ਮਰ ਜਾਵੇ) ਜੇ ਕਰ ਇਨਸਾਨ ਵਿਚੋਂ ਇਨਸਾਨੀਅਤ ਵਾਲੀ ਸੁਹਿਰਦ ਬਿਰਤੀ ਮਰ ਜਾਵੇ ਤਾਂ ਇਨਸਾਨ ਕਿਸੇ ਕੰਮ ਦਾ ਨਹੀਂ ਹੁੰਦਾ। ਇਨਸਾਨ ਦੀ ਜ਼ਮੀਰ ਦੇ ਮਰ ਜਾਣ ਨਾਲ ਅੰਦਰ ਹੈਵਾਨੀਅਤ ਪੈਦਾ ਹੋ ਜਾਂਦੀ ਹੈ। ਚੰਗੇ ਗੁਣ ਖਤਮ ਹੋ ਜਾਂਦੇ ਹਨ। ਇਸ ਲਈ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਉਹ ਕਿਸੇ ਦਾ ਕੋਈ ਕੰਮ ਨਹੀਂ ਸਵਾਰ ਸਕਦਾ। ਇਸ ਦੇ ਉਲਟ ਜੇ ਕਰ (ਪਸੂ ਮਰੈ ਦਸ ਕਾਜ ਸਵਾਰੈ॥) ਇਨਸਾਨ ਵਿਚੋਂ ਪਸ਼ੂਆਂ ਵਾਲੀ ਬਿਰਤੀ ਮਰ ਜਾਵੇ, ਅਗਿਆਨਤਾ ਦੂਰ ਹੋ ਜਾਵੇ, (ਪਸ਼ੂਆਂ ਵਿਚ ਗਿਆਨ ਦੀ ਘਾਟ ਹੁੰਦੀ ਹੈ, ਉਨ੍ਹਾਂ ਵਿਚ ਮਨੁੱਖ ਜਿਤਨੀ ਬੁੱਧੀ ਨਹੀਂ ਹੁੰਦੀ) ਇਸ ਤਰ੍ਹਾਂ ਪਸ਼ੂ ਬਿਰਤੀ ਦੇ ਮਰ ਜਾਨ ਨਾਲ, ਅਗਿਆਨਤਾ ਦੂਰ ਹੋਣ ਦੇ ਨਾਲ ਮਨੁੱਖ, ਇਨਸਾਨੀਅਤ ਦੇ ਨਾਤੇ ਸਮਾਜ ਦੇ ਕਈ ਕੰਮ ਸਵਾਰ ਸਕਦਾ ਹੈ। ਸਮਾਜ ਵਿਚ ਖੇੜਾ ਪੈਦਾ ਕਰ ਸਕਦਾ ਹੈ। ਭਾਵ ਲੋੜ ਹੈ (ਪਸ਼ੂ ਮਰੈ) ਇਨਸਾਨ ਵਿਚੋਂ ਪਸ਼ੂ ਬਿਰਤੀ ਮਾਰਨ ਦੀ, ਅਗਿਆਨਤਾ ਨੂੰ ਦੂਰ ਕਰਨ ਦੀ।
    ਜੀਵਨ ਦੇ ਇਸ ਮਨੋਰਥ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਇਕ ਫ਼ਲਸਫ਼ਾ ਉਲੀਕ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਪ੍ਰਦਾਨ ਕੀਤਾ। ਪਰ ਅਫਸੋਸ ਇਹ ਹੈ ਕਿ ਇਸ ਫ਼ਲਸਫ਼ੇ ਨੂੰ ਇਕ ਅਨੋਖਾ ਰੂਪ ਦੇ ਕੇ ਪੁਜਾਰੀ ਵਰਗ ਨੇ ਕਬਜ਼ਾ ਕਰ ਲਿਆ ਹੈ। ਐਸਾ ਪੁਜਾਰੀ ਵਰਗ ਇਹ ਕਦੀ ਨਹੀਂ ਚਾਹੁੰਦਾ ਕਿ ਕੋਈ ਵੀ ਇਸ ਫ਼ਲਸਫ਼ੇ ਦੀ ਅਹਿਮੀਅਤ ਜਾਣ ਸਕੇ। ਇਸੇ ਕਰਕੇ ਗਿਆਨ ਦੇ ਇਸ ਖਜ਼ਾਨੇ ਨੂੰ  ਰੁਮਾਲਿਆਂ ਵਿਚ ਲਪੇਟ ਕੇ ਇਸ ਦੀ ਪੂਜਾ ਹੀ ਕਰਵਾਈ ਜਾਂਦੀ ਹੈ।ਇਸ ਫ਼ਲਸਫ਼ੇ ਨੂੰ ਮਾਇਆ ਕਮਾਉਣ ਦਾ ਵਸੀਲਾ ਬਣਾ ਲਇਆ ਗਿਆ ਹੈ। ਗੁਰਦੁਆਰਿਆਂ ਵਿਚ ਜਾਂ ਹੋਰ ਕੀਰਤਨ ਦਰਬਾਰਾਂ ਵਿਚ ਜੋ ਪੰਡਿਤ ਬਿਰਤੀ ਵਾਲੇ ਰਾਗੀ ਜੱਥੇ ਜਾਂ ਪਰਚਾਰਕ ਆਦਿ ਆਂਉਂਦੇ ਹਨ, ਬਹੁਤ ਕਰਕੇ, ਉਹ ਆਪਣੀ ਮਾਇਆ ਦੀ ਭੁਖ ਲੈ ਕੇ ਹੀ ਆਂਉਂਦੇ ਹਨ। ਇਸ ਤਰ੍ਹਾਂ ਨਾ ਤਾਂ ਉਹ ਆਪ ਇਸ ਗਿਆਨ ਦੁਆਰਾ ਆਪਣਾ ਜੀਵਨ ਸੁਧਾਰਦੇ ਹਨ ਅਤੇ ਨਾ ਹੀ ਉਹ ਕਿਸੇ ਹੋਰ ਨੂੰ ਜੀਵਨ ਜਾਚ ਦੱਸ ਸਕਦੇ ਹਨ।ਉਹ ਮਨੁੱਖ ਨੂੰ ਜੀਵਨ ਦੇ ਅਸਲ ਮਨੋਰਥ ਤੋਂ ਜਾਣੂੰ ਨਹੀਂ ਕਰਵਾਉਂਦੇ।
    ਇਨਸਾਨ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਜੀਵਨ ਮਨੋਰਥ ਨੂੰ ਸਮਝੇ ਅਤੇ ਡੰਗਰ ਨਾਲੋਂ ਵੱਖ ਹੋ ਕੇ ਇਨਸਾਨਾਂ ਵਾਲਾ ਜੀਵਨ ਜੀਵੇ।ਭਾਵ ਨਫ਼ਰਤ, ਈਰਖਾ, ਵੈਰ, ਵਿਰੋਧ ਅਤੇ ਆਪਣੀ ਹੋਉਮੈ ਛੱਡ ਕੇ ਪਿਆਰ ਭਰਿਆ ਜੀਵਨ ਜੀਵੇ। ਇਸ ਮਨੋਰਥ ਦੀ ਸੋਝੀ ਗੁਰੂ ਗ੍ਰੰਥ ਸਾਹਿਬ ਤੋਂ ਬੜੇ ਵਿਸਥਾਰ ਨਾਲ ਮਿਲ ਸਕਦੀ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp +61-468432632 and +91-8284863803
E-mail: kanwar238@yahoo.com

ਗੁਰੂ ਨਾਨਕ ਦਾ ਧਰਮ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਗੁਰੂ ਨਾਨਕ ਸਾਹਿਬ ਜਦੋਂ ਮੱਕੇ ਗਏ ਅਤੇ ਉਥੇ ਉਨ੍ਹਾਂ ਦੀ ਮੁਲਾਕਾਤ ਕਾਜ਼ੀ ਰੁਕਣ ਦੀਨ ਨਾਲ ਹੋਈ। ਕਾਜ਼ੀ ਰੁਕਣ ਦੀਨ ਨੇ ਗੁਰੂ ਸਾਹਿਬ ਨੂੰ ਪੁਛਿਆ ''ਫ਼ਲਾ ਅਲਾਹ ਮਜ਼ਹਬੂ'' ਭਾਵ- ਤੇਰਾ ਧਰਮ ਕੀ ਹੈ? ਇਸ ਦੇ ਉਤਰ ਵਿਚ ਗੁਰੂ ਸਾਹਿਬ ਆਖਦੇ ਹਨ ''ਅਬਦੁਲਾ ਅਲਾਹ ਲਾ ਮਜ਼ਹਬੂ'' ਭਾਵ- ਮੈਂ ਖੁਦਾ ਦਾ ਬੰਦਾ ਹਾਂ ਅਤੇ ਮੈਂ ਕਿਸੇ ਧਰਮ ਨਾਲ ਸੰਬੰਧ ਨਹੀਂ ਰਖਦਾ। ਇਹ ਜ਼ਿਕਰ ਕੀਤਾ ਹੈ ਜੈਨੂਅਲ ਅਬਦੀਨ ਨੇ ਆਪਣੀ ਪੁਸਤਕ ''ਤਾਰੀਖੇ ਅਰਬ'' ਵਿਚ। ਜੈਨੂਅਲ ਅਬਦੀਨ ਲਿਖਦਾ ਹੈ ਕਿ ਜਿਸ ਵਕਤ ਗੁਰੂ ਸਾਹਿਬ ਦੀ ਮੁਲਾਕਾਤ ਰੁਕਣ ਦੀਨ ਨਾਲ ਹੋਈ ਤਾਂ ਉਹ (ਜੈਨੂਅਲ ਅਬਦੀਨ) ਖੁਦ ਉਥੇ ਹੀ ਸੀ। ਇਹ ਸਾਰਾ ਹਵਾਲਾ ਦਿੱਤਾ ਹੈ ਹਰਦੇਵ ਸਿੰਘ ਸ਼ੇਰਗਿਲ ਨੇ ਆਪਣੇ ਲੇਖ (Finding Guru Nanak) ਜੋ ਕਿ ''ਦੀ ਸਿੱਖ ਬੁਲੇਟਣ'' ਮਾਰਚ-ਅਪਰੈਲ 2016 ਦੇ ਅੰਕ ਵਿਚ ਛਪਇਆ ਹੈ।
ਇਸੇ ਸੰਕਲਪ ਨੂੰ ਪੰਚਮ ਪਾਤਸ਼ਾ ਨੇ ਗੁਰਬਾਣੀ ਵਿਚ ਵੀ ਸਪਸ਼ਟ ਕੀਤਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਮੈਂ ਨਾ ਤਾਂ ਕਾਬੇ ਹੱਜ ਵਾਸਤੇ ਜਾਂਦਾ ਹਾਂ ਅਤੇ ਨਾ ਹੀ ਤੀਰਥਾਂ ਤੇ ਕਿਸੇ ਇਸ਼ਨਾਨ ਕਰਨ ਜਾਂਦਾ ਹਾਂ, ਨਾ ਮੈਂ ਪੂਜਾ ਕਰਦਾ ਹਾਂ ਅਤੇ ਨਾ ਹੀ ਨਿਮਾਜ਼ ਪੜ੍ਹਦਾ ਹਾਂ।ਭਾਵ ਇਹ ਕਿ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਮੈਂ ਕਿਸੇ ਤਰ੍ਹਾਂ ਦੇ ਵੀ ਕਰਮਕਾਂਡ ਨਹੀਂ ਅਪਣਾਉਂਦਾ। ਫਿਰ ਇਸੇ ਸ਼ਬਦ ਵਿਚ ਗੁਰੂ ਸਾਹਿਬ ਆਖਦੇ ਹਨ ਕਿ ''ਨਾ ਹਮ ਹਿੰਦੂ ਨ ਮੁਸਲਮਾਨ'' (ਗ:ਗ:ਸ: ਪੰਨਾ-1136) ਭਾਵ ਇਹ ਕਿ ਗੁਰੂ ਸਾਹਿਬ ਇਹ ਐਲਾਨ ਕਰਦੇ ਹਨ ਕਿ ਉਹ ਕਿਸੇ ਵੀ ਕਰਮਕਾਂਡੀ ਧਰਮ ਦੇ ਅਨੁਯਾਈ ਨਹੀਂ ਹਨ। ਗੁਰਬਾਣੀ ਦੇ ਇਸ ਫ਼ਲਸਫ਼ੇ ਅਨੁਸਾਰ ਕਿਸੇ ਵੀ ਕਰਮਾਂਡੀ ਧਰਮ ਨੂੰ ਅਪਨਾਉਂਣਾ ਮੁਰਖਤਾਈ ਹੈ। ਇਨ੍ਹਾਂ ਹਾਲਤਾਂ ਵਿਚ ਪ੍ਰਸ਼ਨ ਉਠਦਾ ਹੈ ਕਿ ਫਿਰ ਸਿੱਖ ਧਰਮ ਕਿਵੇਂ ਬਨਿਆ? ਕੀ ਕਾਰਨ ਹੈ ਕਿ ਗੁਰੂ ਸਾਹਿਬ ਨੂੰ ਸਿੱਖ ਧਰਮ ਦੇ ਬਾਨੀ ਕਿਹਾ ਜਾਂਦਾ ਹੈ? ਇਸ ਸੰਬੰਧੀ ਵਿਚਾਰ ਇਸ ਤਰ੍ਹਾਂ ਆਂਉਂਦੀ ਹੈ ਕਿ:
ਗੁਰੂ ਨਾਨਕ ਸਾਹਿਬ ਦੇ ਸਮੇਂ ਭਾਰਤ ਵਿਚ ਮੁੱਖ ਤੌਰ ਤੇ ਦੋ ਧਰਮ ਪ੍ਰਚੱਲਤ ਸਨ: ਹਿੰਦੂ ਧਰਮ ਅਤੇ ਇਸਲਾਮ ਧਰਮ। ਜੈਨ, ਬੁੱਧ ਆਦਿ ਧਰਮਾਂ ਨੂੰ ਹਿੰਦੂ ਮੱਤ ਨਿਗਲ ਚੁੱਕਾ ਸੀ। ਨਾਲ ਹੀ ਇਸਲਾਮ ਅਤੇ ਹਿੰਦੂ ਧਰਮ ਦੇ ਪਰਚਾਰਕਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਭੰਬਲਭੂਸੇ ਵਿਚ ਫਸਾ ਰੱਖਿਆ ਸੀ। ਇਸ ਦੇ ਇਲਾਵਾ ਹਿੰਦੂ ਧਰਮ ਦੇ ਪਰਚਾਰਕਾਂ ਨੇ, ਤਾਂ ਆਮ ਜਨਤਾ ਨੂੰ ਵੱਖ ਵੱਖ ਦੇਵੀ ਦੇਵਤਿਆਂ ਦੀ ਪੂਜਾ ਪਾਠ ਵਾਲੇ ਕਰਮਕਾਂਡਾਂ ਵਿਚ ਜਕੜਿਆ ਹੋਇਆ  ਸੀ। ਕਈ ਤੀਰਥ ਅਸਥਾਨ ਸਥਾਪਤ ਕਰ ਰੱਖੇ ਸਨ ਅਤੇ ਲੋਕਾਂ ਵਿਚ ਇਹ ਪ੍ਰਭਾਵ ਪੈਦਾ ਕੀਤਾ ਹੋਇਆ ਸੀ ਕਿ ਉਨ੍ਹਾਂ ਦਾ ਕਲਿਆਨ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਇਨ੍ਹਾਂ ਤੀਰਥਾਂ ਅਤੇ ਮੰਦਰਾਂ ਵਿਚ ਜਾ ਕੇ ਪੂਜਾ ਆਦਿ ਕਰਦੇ ਰਹਿਣ। ਇਸੇ ਤਰ੍ਹਾਂ ਹੋਰ ਵੀ ਕਈ ਕਰਮਕਾਂਡਾਂ ਵਾਲੇ ਪੂਜਾ ਦੇ ਸਾਧਨ ਸਥਾਪਤ ਕਰ ਰੱਖੇ ਸਨ ਜਿਨ੍ਹਾਂ ਦੁਆਰਾ ਇਹ ਪੁਜਾਰੀ ਵਰਗ ਹਰ ਤਰ੍ਹਾਂ ਦੇ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਆਮ ਲੋਕਾਂ ਦੀ ਮੂਰਖਤਾ ਦਾ ਲਾਭ ਉਠਾਉਂਦੇ।
 ਆਮ ਲੋਕਾਂ ਨੂੰ ਕਈ ਜਾਤਾਂ ਵਰਣਾਂ ਆਦਿ ਵਿਚ ਵੰਡ ਰੱਖਿਆ ਸੀ। ਇਕ ਅਛੂਤ ਵਰਗ ਬਣਾ ਕੇ, ਉਨ੍ਹਾਂ ਉਤੇ ਤਾਂ ਬੇਹੱਦ ਜ਼ੁਲਮ ਕੀਤੇ ਜਾ ਰਹੇ ਸਨ। ਕਈ ਕਰਮਕਾਂਡ ਗੁੰਝਲਦਾਰ, ਕਠਨ ਅਤੇ  ਬਹੁਤ ਹੀ ਬੇਮਾਇਣਾ ਹੁੰਦੇ ਸਨ। ਹੈਰਾਨਗੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਇਹ ਬੇਮਾਇਣਾ ਕਰਮਕਾਂਡ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਪ੍ਰਚੱਲਤ ਹਨ। ਸਮਝਾਇਆ ਇਹ ਜਾਂਦਾ ਹੈ ਕਿ ਕਰਮਕਾਂਡ ਜਿਤਨੇ ਜ਼ਿਆਦਾ ਗੁੰਝਲਦਾਰ ਕੀਤੇ ਜਾਣ ਉਤਨ੍ਹਾਂ ਹੀ ਉਨ੍ਹਾਂ ਦਾ ਮਹਾਤਮ ਤੇ ਲਾਭ ਹੁੰਦਾ ਹੈ। ਕਰਮਕਾਂਡਾਂ ਨੂੰ ਨਿਭਾਉਣਾ, ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਕਰਨਾ ਹੀ ਧਰਮ ਮੰਨਿਆ ਜਾਂਦਾ ਸੀ ਅਤੇ ਅੱਜ ਵੀ ਇਹੀ ਧਾਰਣਾ ਪ੍ਰਚੱਲਤ ਹੈ। ਕਰਮਕਾਂਡਾਂ ਦੀ ਪੂਰਤੀ ਨੂੰ ਹੀ ਧਰਮ ਕਿਹਾ ਜਾਂਦਾ ਹੈ। ਕਰਮਕਾਂਡੀ ਧਰਮ ਦੀ ਸਥਾਪਨਾ ਪੁਜਾਰੀ ਵਰਗ, ਜਾਂ ਚਤੁਰ ਵਰਗ, ਨੇ ਆਪਣੀ ਖੁਦਗ਼ਰਜ਼ੀ ਦੀ ਪੂਰਤੀ ਵਾਸਤੇ ਹੀ ਕੀਤੀ ਸੀ। ਅਸਲ ਧਰਮ ਨੂੰ ਨਾ ਤੇ ਸਮਝਿਆ ਗਿਆ ਅਤੇ ਨਾ ਹੀ ਸਮਝਾਇਆ ਗਿਆ ਸੀ। ਅਫਸੋਸ ਤਾਂ ਇਹ ਹੈ ਕਿ ਹਾਲੀ ਵੀ ਧਰਮ ਨੂੰ ਠੀਕ ਦ੍ਰਿਸ਼ਟੀਕੋਨ ਤੋਂ ਸਮਝਿਆ ਨਹੀਂ ਗਿਆ।
 ਸੂਝਵਾਨ ਵਿਦਵਾਨਾਂ ਨੇ, ਧਰਮ ਪ੍ਰਤੀ, ਬਹੁਤ ਸੁੰਦਰ ਕਿਹਾ ਹੈ ਕਿ "God created humanity, we created religions! God created earth, we created boundaries!! In the name of our creations, we continue to destroy His creations!"  ਭਾਵ ਇਹ ਕਿ ਰੱਬ ਨੇ ਇਨਸਾਨੀਅਤ ਪੈਦਾ ਕੀਤੀ, ਅਸੀਂ ਧਰਮ ਬਣਾਇਆ: ਰੱਬ ਨੇ ਧਰਤੀ ਬਣਾਈ, ਅਸੀਂ ਹੱਦਾਂ ਬਣਾ ਦਿੱਤੀਆਂ: ਸਿਰਜਣਾ ਦੇ ਨਾਮ ਤੇ ਅਸੀਂ ਕਾਦਰ ਦੀ ਕਿਰਤ ਨੂੰ ਖ਼ਤਮ ਕਰੀ ਜਾ ਰਹੇ ਹਾਂ।
ਗੁਰਬਾਣੀ ਅਨੁਸਾਰ ਕਰਮਕਾਂਡਾਂ ਵਾਲਾ ਧਰਮ ਪਾਖੰਡ ਹੁੰਦਾ ਹੈ, ਧਰਮ ਨਹੀਂ। ਗੁਰਬਾਣੀ ਦਾ ਫ਼ਰਮਾਨ ਹੈ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (ਗ:ਗ:ਸ: ਪੰਨਾ-747) ਭਾਵ ਇਹ ਕਿ ਤੀਰਥਾਂ ਦੇ ਇਸ਼ਨਾਨ, ਕਰਮਕਾਂਡੀ ਪਾਠ ਪੂਜਾ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਮਿਥੇ ਹੋਏ ਵਿਖਾਵੇ ਦੇ ਕੰਮ, ਜੋ ਵੀ ਲੋਕ ਕਰਦੇ ਹਨ, ਉਹਨ੍ਹਾਂ ਨੂੰ ਜਮੁ ਜਾਗਾਤੀ ਭਾਵ ਮਸੂਲੀਆ ਜਮ (ਧਰਮ ਦੇ ਠੇਕੇਦਾਰ ਜਮ ਹੀ ਹੁੰਦੇ ਹਨ) ਲੁੱਟ ਲੈਂਦੇ ਹਨ।
    ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆ ਦੀ ਲੋਕਾਈ ਨੂੰ ਅੰਧ ਵਿਸ਼ਵਾਸ ਅਤੇ ਅਗਿਆਨਤਾ ਵਾਲੇ ਮਾਹੌਲ ਤੋਂ ਬਾਹਰ ਕੱਢ ਕੇ ਇਕ ਚੰਗਾ ਸੁਚੱਜਾ ਬਰਾਬਰਤਾ ਵਾਲਾ ਸਮਾਜ ਉਸਾਰਣ ਦਾ ਆਪਣਾ ਉਦੇਸ਼ ਬਣਾਇਆ। ਗੁਰੂ ਨਾਨਕ ਸਾਹਿਬ ਦਾ ਮਕਸਦ ਤਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਇਕ ਸੁਖਾਵੇਂ, ਸੁਚੱਜੇ ਤੇ ਸਚਿਆਰੇ ਸਮਾਜ ਦੀ ਸਿਰਜਨਾ ਕਰਨਾ ਸੀ। ਐਸਾ ਸਮਾਜ ਜਿਥੇ ਨਫ਼ਰਤ ਨਹੀਂ ਸਗੋਂ ਹਰ ਕਿਸੇ ਨਾਲ ਪ੍ਰੇਮ ਹੋਵੇ ਹਰ ਕੋਈ ਇਕ ਦੂਸਰੇ ਦਾ ਸਹਾਈ ਹੋਵੇ। ਐਸਾ ਸਮਾਜ ਜਿਥੇ ਊਚ ਨੀਚ ਦੇ ਚੱਕਰ ਵਿਚ ਨਿਮਾਣੇ ਲੋਕਾਂ ਦੀ ਲੁੱਟ ਨਾ ਹੋ ਸਕੇ, ਹਰ ਇਕ ਨੂੰ ਸੁਖਾਵਾਂ ਜੀਵਨ ਜੀਉਣ ਦਾ ਹੱਕ ਹੋਵੇ। ਜਿਨ੍ਹਾਂ ਲੋਕਾਂ ਨੂੰ ਕਰਮਕਾਂਡ ਦੇ ਚੱਕਰ ਵਿਚ ਫਸਾ ਕੇ ਲੁੱਟਿਆ ਜਾ ਰਿਹਾ ਸੀ ਅਤੇ ਜਿਨ੍ਹਾਂ ਦਾ, ਧਰਮ ਦੇ ਨਾਮ ਤੇ, ਸ਼ੋਸ਼ਣ ਕੀਤਾ ਜਾ ਰਿਹਾ ਸੀ, ਉਨ੍ਹਾਂ ਲੋਕਾਂ ਦੀ ਵਿਵੇਕ ਬੁਧੀ ਨੂੰ ਸੁਚੇਤ ਕਰਨਾ ਅਤੇ ਜਗਾਉਣਾ ਹੀ ਗੁਰੂ ਸਾਹਿਬ ਦਾ ਮਕਸਦ ਸੀ। ਗੁਰੂ ਸਾਹਿਬ ਦਾ ਉਪਦੇਸ਼ ਤਾਂ ਹਰ ਵਿਅਕਤੀ ਨੂੰ ਸਚਿਆਰ ਬਨਣ ਲਈ ਪ੍ਰੇਰਨਾ ਸੀ। ਗੁਰੂ ਸਾਹਿਬ ਨੇ ਕਿਸੇ ਇਕ ਫਿਰਕੇ, ਜਾਂ ਕਿਸੇ ਇਕ ਮਜ਼ਹਬ, ਜਾਂ ਕਿਸੇ ਇਕ ਧਰਮ ਦੇ ਲੋਕਾਂ ਦੀ ਗੱਲ ਨਹੀਂ ਕੀਤੀ। ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ, ਨਾ ਕਿ ਕੇਵਲ ਸਿੱਖਾਂ ਦੇ ਭਲੇ ਲਈ। 
    ਭਾਵ ਇਹ ਕਿ ਗੁਰੂ ਸਾਹਿਬ ਦਾ ਮਿਸ਼ਨ ਤਾਂ ਕਰਮਕਾਂਡਾਂ ਨਾਲ ਉਸਾਰੀ ਗਈ ਕੂੜ ਦੀ ਪਾਲ ਭਾਵ ਕੂੜ ਦੀ ਕੰਧ ਨੂੰ ਤੋੜ ਕੇ ਮਨੁੱਖ ਨੂੰ ਸਚਿਆਰ ਬਣਾਉਣ ਦਾ ਸੀ ਜੋ ਕਿ ਮਨੁੱਖ ਦਾ ਧਰਮ ਹੈ। ਮਨੁੱਖੀ ਧਰਮ ਭਾਵ ਇਨਸਾਨੀਅਤ ਦੇ ਧਰਮ ਨੂੰ ਸਮਝਾਉਣਾ ਅਤੇ ਉਸ ਇਨਸਾਨੀਅਤ ਦੇ ਧਰਮ ਨੂੰ ਅਪਨਾਉਣ ਲਈ ਪ੍ਰੇਰਨਾ ਹੀ ਗੁਰੂ ਸਾਹਿਬ ਦਾ ਮਿਸ਼ਨ ਜਾਂ ਉਦੇਸ਼ ਸੀ, ਨਾ ਕਿ ਕੋਈ ਨਵਾਂ ਧਰਮ ਸਥਾਪਤ ਕਰਨਾ। ਗੁਰਬਾਣੀ ਦਾ ਫ਼ਰਮਾਨ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਗ:ਗ:ਸ: ਪੰਨਾ-1) ਭਾਵ: ਕਿ, ਵਿਚਾਰ ਤਾਂ ਇਹ ਕਰਨੀਂ ਹੈ ਕਿ ਧਰਮ ਦੇ ਨਾਮ ਤੇ ਜੋ ਕਰਮਕਾਂਡੀ ਕੂੜ ਦੀ ਦੀਵਾਰ ਉਸਾਰ ਰੱਖੀ ਹੈ ਉਸ ਤੋਂ ਬਾਹਰ ਆ ਕੇ ਸਚਿਆਰ ਕਿਵੇਂ ਹੋਣਾ ਹੈ। ਗੁਰਬਾਣੀ ਦਾ ਮਕਸਦ ਹੀ ਸਾਰੀ ਲੋਕਾਈ ਨੂੰ ਸਚਿਆਰ ਬਨਾਉਣਾ ਹੈ ਜਿਸ ਨਾਲ ਇਕ ਸੁਚੱਜੇ ਸਮਾਜ ਦੀ ਸਿਰਜਨਾ ਹੋ ਸਕੇ। ਸਚਿਆਰ ਹੋਣਾ ਹੀ ਇਨਸਾਨ ਹੋਣਾ ਹੈ ਅਤੇ ਇਨਸਾਨ ਹੋਣਾ ਹੀ ਇਨਸਾਨੀਅਤ ਦਾ ਧਰਮ ਹੈ। ਇਸੇ ਇਨਸਾਨੀਅਤ ਦੇ ਧਰਮ ਦੀ ਕਲਪਣਾ ਹੀ ਕੀਤੀ ਸੀ ਗੁਰੂ ਸਾਹਿਬ ਨੇ। ਇਸੇ ਨੂੰ ਕਿਹਾ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥(ਗ:ਗ:ਸ: ਪੰਨਾ-441)
 ਭਾਵ ਇਹ ਕਿ ਗੁਰੂ ਸਹਿਬ ਨੇ, ਹਰ ਕਿਸੇ ਨੂੰ, ਚੰਗੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਿਆ ਸੀ ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ, ਜਾਂ ਕੋਈ ਕਿਸੇ ਵੀ ਕਹੇ ਜਾਂਦੇ ਧਰਮ ਨਾਲ ਸੰਬੰਧਤ ਹੋਵੇ। ਗੁਰੂ ਸਾਹਿਬ ਨੇ ਸਮਝਾਇਆ ਕਿ ਅਮਲ, ਭਾਵ ਕਰਮ ਚੰਗੇ ਹੋਣੇ ਚਾਹੀਦੇ ਹਨ ਕਿਸੇ ਧਰਮ ਨੂੰ ਅਪਨਾਉਣ ਨਾਲ  ਕੋਈ ਚੰਗਾ ਜਾਂ ਮੰਦਾ ਨਹੀਂ ਹੁੰਦਾ।ਮਨੁੱਖ ਦੀ ਪਹਿਚਾਣ ਤਾਂ ਕੇਵਲ ਕਰਮਾਂ ਦੇ ਆਧਾਰ ਤੇ ਹੁੰਦੀ ਹੈ।
ਧਰਮ ਸਬੰਧੀ ਗੁਰੂ ਸਾਹਿਬ ਦੀ ਵਿਚਾਰਧਾਰਾ ਸਿੱਧ ਗੋਸ਼ਟ ਤੋਂ ਬਹੁਤ ਸਪਸ਼ਟ ਹੁੰਦੀ ਹੈ। ਜਦੋਂ ਗੁਰੂ ਸਾਹਿਬ ਨੂੰ ਪੁਛਿਆ ਗਿਆ ਕਿ ਕਿਹੜਾ ਧਰਮ ਚੰਗਾ ਹੈ, ਤੇ ਧਰਮ ਸੰਬੰਧੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ: ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ॥ ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥ ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਣਿ ਨ ਢੋਈ॥ (ਵਾਰ 33 ਪਉੜੀ 1) ਇਹ ਵਾਰਤਾ ਸਪਸ਼ਟ ਕਰਦੀ ਹੈ ਕਿ ਗੁਰੂ ਸਾਹਿਬ ਸ਼ੁਭਿ ਅਮਲਾ ਦੀ ਹੀ ਗੱਲ ਕਰਦੇ ਹਨ ਕਿਸੇ ਧਰਮ ਨੂੰ ਅਪਨਾਉਣ ਲਈ ਨਹੀਂ ਪ੍ਰੇਰਦੇ।ਗੁਰੂ ਸਾਹਿਬ ਦਾ ਮਨੋਰਥ ਤਾਂ ਕੇਵਲ ਮਨੁੱਖ ਨੂੰ ਸ਼ੁਭ ਅਮਲਾਂ ਦਾ ਧਾਰਨੀ ਬਨਾਉਣਾ ਸੀ।
  ਗੁਰੂ ਸਾਹਿਬ ਨੇ ਕਿਸੇ ਨੂੰ ਕੋਈ ਧਰਮ ਛੱਡਣ ਵਾਸਤੇ ਨਹੀਂ ਕਿਹਾ ਅਤੇ ਨਾ ਹੀ ਕੋਈ ਧਰਮ ਅਪਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਦਾ ਮਨੋਰਥ ਤੇ ਧਰਮ ਦੇ ਆਧਾਰ ਤੇ ਜੋ ਦਿਲਾਂ ਵਿਚ ਨਫ਼ਰਤ ਸੀ ਉਸ ਨਫ਼ਰਤ ਨੂੰ ਖ਼ਤਮ ਕਰਨਾ ਸੀ। ਗੁਰੂ ਸਾਹਿਬ ਨੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ, ਕਈ ਭੁਲੇ ਭਟਕਿਆਂ ਨੂੰ ਰਸਤੇ ਪਾਇਆ ਵੀ, ਪਰ ਉਨ੍ਹਾਂ ਦੀ ਘਾਲਣਾ ਨਾਲ ਵੀ ਇਹ ਬੁਰਾਈ ਖ਼ਤਮ ਨਹੀਂ ਹੋਈ। ਅਫਸੋਸ ਹੈ ਕਿ ਅੱਜ ਵੀ ਧਰਮ ਦੇ ਨਾਮ ਤੇ ਨਫਰਤ ਫੈਲਾਈ ਜਾ ਰਹੀ ਹੈ।
 ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸਭ ਲੋਕ ਬਰਾਬਰ ਹੁੰਦੇ ਹਨ ਇਸੇ ਲਈ ਗੁਰਬਾਣੀ ਦੇ ਫ਼ਲਦਫ਼ੇ ਅਨੁਸਾਰ: ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥- (ਗ:ਗ:ਸ: ਪੰਨਾ-1349)। ਭਾਵ ਸਾਰੀ ਸ੍ਰਿਸ਼ਟੀ ਦੇ ਲੋਕ ਇਕੋ ਰੱਬੀ ਜੋਤ ਵਿਚੋਂ ਉਪਜੇ ਹਨ ਇਸ ਲਈ ਸਭ ਬਰਾਬਰ ਹਨ ਕੋਈ ਚੰਗਾ ਜਾਂ ਮੰਦਾ ਨਹੀਂ ਹੁੰਦਾ। ਨਬੇੜਾ ਤੇ ਕਰਮਾਂ ਤੇ ਹੁੰਦਾ ਹੈ। ਜੋ ਨੀਚ ਭਾਵ ਬੁਰੇ ਕੰਮ ਕਰਦਾ ਹੈ ਉਹ ਮੰਦਾ ਤੇ ਨੀਚ ਜਾਤੀ ਦਾ ਹੋ ਜਾਂਦਾ ਹੈ ਅਤੇ ਜੋ ਨੇਕ ਤੇ ਚੰਗੇ ਭਾਵ ਉੱਚੇ ਸੁੱਚੇ ਵਿਚਾਰਾਂ ਵਾਲੇ ਕੰਮ ਕਰਦਾ ਹੈ ਉਹ ਭਲਾ ਤੇ ਉੱਚੀ ਜਾਤੀ ਦਾ ਹੋ ਜਾਂਦਾ ਹੈ।
ਗੁਰੂ ਸਾਹਿਬ ਨੇ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਵੱਖ ਵੱਖ ਨਹੀਂ ਸੀ ਕੀਤਾ ਸਭ ਵਾਸਤੇ ਉਪਦੇਸ਼ ਇਕ ਹੀ ਸੀ। ਜੋ ਲੋਕ ਵੀ ਭਾਵੇਂ ਹਿੰਦੂ ਤੇ ਭਾਵੇਂ ਮੁਸਲਮਾਨ ਗੁਰੂ ਸਾਹਿਬਾਨ ਦੇ ਅਨੁਯਾਈ ਬਣੇ ਉਨ੍ਹਾਂ ਨੂੰ ਸਿੱਖ ਆਖਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਿਸੇ ਨੂੰ ਨਾ ਕੋਈ ਧਰਮ ਛੱਡਣ ਵਾਸਤੇ ਕਿਹਾ ਅਤੇ ਨਾ ਹੀ ਕੋਈ ਨਵਾਂ ਧਰਮ ਅਪਨਾਉਣ ਲਈ ਕਿਹਾ; ਕੇਵਲ ਕਰਮ ਚੰਗੇ ਕਰਨ ਲਈ ਪ੍ਰੇਰਿਆ। ਗੁਰੂ ਸਾਹਿਬ ਨੇ ਕਿਸੇ ਨੂੰ ਵੀ ਕੋਈ ਖਾਸ ਵੇਸ-ਭੂਸ਼ਾ ਜਾਂ ਪਹਿਰਾਵੇ ਨੂੰ ਅਪਨਾਉਣ ਵਾਸਤੇ ਵੀ ਨਹੀਂ ਕਿਹਾ ਅਤੇ ਨਾ ਹੀ ਕੋਈ ਖਾਸ ਪੂਜਾ ਦੇ ਢੰਗ ਹੀ ਸਥਾਪਤ ਕੀਤੇ। ਆਮ ਲੋਕਾਂ ਲਈ ਇਹ ਵਰਦਾਨ ਸੀ ਜਿਸ ਕਾਰਨ ਬਹੁਤ ਲੋਕ ਗੁਰੂ ਸਾਹਿਬ ਨਾਲ ਜੁੜਦੇ ਗਏ ਅਤੇ ਇਨ੍ਹਾਂ ਨੂੰ ਸਿੱਖ ਆਖ ਦਿੱਤਾ ਗਿਆ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਜਾ ਕੇ ਇਕ ਵਰਗ ਨੇ ਇਸ ਨੂੰ ਇਕ ਵੱਖਰਾ ਸਿੱਖ ਧਰਮ ਹੀ ਘੋਸ਼ਤ ਕਰ ਦਿੱਤਾ। ਵਕਤ ਦੇ ਨਾਲ ਇਸ ਘੋਸ਼ਤ ਕੀਤੇ ਗਏ ਸਿੱਖ ਧਰਮ ਦੇ ਪੁਜਾਰੀ ਠੇਕੇਦਾਰ ਪੈਦਾ ਹੋ ਗਏ ਅਤੇ ਆਪਣੇ ਵੱਖਰੇ ਹੀ ਕਰਮਕਾਂਡ ਸਥਾਪਤ ਕਰ ਲਿੱਤੇ ਗਏ। ਇਸੇ ਲਈ ਦੁਖ ਹੁੰਦਾ ਹੈ ਜਦੋਂ ਵੇਖਦੇ ਹਾਂ ਕਿ ਆਮ ਤੌਰ ਤੇ ਜੋ ਲੋਕ ਗੁਰਬਾਣੀ ਪੜ੍ਹਦੇ ਹਨ ਅਤੇ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਹਨ ਭਾਵ ਗੁਰੂ ਨਾਨਕ ਦੇ ਅਨੁਯਾਈ ਸਮਝੇ ਜਾਂਦੇ ਹਨ ਪਰ ਉਹ ਵੀ ਕਰਮਕਾਂਡਾਂ ਦੇ ਚੱਕਰ ਵਿਚ ਫਸੇ ਹੋਏ ਹਨ। ਕਹੇ ਜਾਂਦੇ ਸਿੱਖ ਜਗਤ ਵਿਚ ਕਈ ਬਾਬੇ, ਸੰਤ, ਮਹੰਤ, ਡੇਰੇਦਾਰ, ਟਕਸਾਲੀਏ, ਪ੍ਰਚਾਰਕ ਤੇ ਹੋਰ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਲੋਕਾਂ ਨੇ ਨਵੇਂ ਨਵੇਂ ਕਰਮਕਾਂਡ ਸਥਾਪਤ ਕਰ ਦਿੱਤੇ ਹਨ। ਇਨ੍ਹਾਂ ਸਭ ਨੇ ਮਿਲ ਕੇ ਧਰਮ ਦੇ ਨਾਮ ਤੇ ਕੂੜ ਦੀ ਦੀਵਾਰ ਹੋਰ ਵੀ ਉੱਚੀ ਤੇ ਪੱਕੀ ਕਰ ਦਿੱਤੀ ਹੈ। ਇਤਨੀ ਉੱਚੀ ਤੇ ਪੱਕੀ ਕਰ ਦਿੱਤੀ ਹੈ ਕਿ ਹੁਣ ਸ਼ਾਇਦ ਇਹ ਦੀਵਾਰ ਪਾਰ ਨਹੀਂ ਹੋ ਸਕਦੀ।
    ਗੁਰੂ ਨਾਨਕ ਦੇ ਧਰਮ ਪ੍ਰਤੀ ਫ਼ਲਸਫ਼ੇ ਨੂੰ, ਗੁਰਬਾਣੀ ਵਿਚ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਹੈ:- ਬਲਿਓ ਚਰਾਗੁ ਅੰਧ૳ਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ ਸਵਯੇ ਸ੍ਰੀ ਮੁਖਬਾਕ૳ ਮਹਲਾ 5 (ਗ:ਗ:ਸ: ਪੰਨਾ-1387) ਵਿਦਵਾਨ ਇਸ ਦੇ ਅਰਥ ਇਸ ਤਰ੍ਹਾਂ ਸਮਝਾਉਂਦੇ ਹਨ: Nanak person, the Guru, and an image of Infinite God, has appeared in the whole  world  as a light to dispel  darkness (ignorance) for the whole world under one religion of righteousness of God. ?? ???  ??? = ??? is usually interpreted as ‘Religion’ but it also means ‘duty’ /‘righteousness’. (Adhering to moral principles) According to Guru Nanak ??? is used for an ‘Eternal Entity’ (commonly understood as God in English) for which there is no ??? (name). Therefore, here ?? ??? ??? has been interpreted as ‘the religion of Righteousness of God’. =Adhering to moral principles ("an internal sense of righteousness") ਗੁਰੂ ਪਾਰਬ੍ਰਹਮ has been used metaphorically for ਜਨੁ ਨਾਨਕ (Nanak as a person).  ਸਮੁੱਚਾ ਭਾਵ ਇਹ ਕਿ ਗੁਰੂ ਨਾਨਕ ਦੀ ਜੋਤ ਨੇ ਸਾਰੀ ਦੁਨੀਆ ਦੇ ਕਲਿਆਨ ਵਾਸਤੇ (ਕੇਵਲ ਭਾਰਤਵਾਸੀਆਂ ਵਾਸਤੇ ਜਾਂ ਕੇਵਲ ਸਿੱਖਾਂ ਦੇ ਕਲਿਆਨ ਵਾਸਤੇ ਨਹੀਂ) ਜਿਸ ਧਰਮ ਨੂੰ ਅਪਨਾਉਣ ਵਾਸਤੇ ਪ੍ਰੇਰਿਆ ਹੈ, ਉਹ ਹੈ: ''ਨਾਮ ਧਰਮ'' ''ਨਾਮ'' ਭਾਵ ਸੱਚਾ ਸੁੱਚਾ ਪਵਿੱਤਰ ਵਿਚਾਰ ਅਪਨਾਉਂਣੇ ਹੀ ਮਨੁੱਖੀ ਧਰਮ ਹੈ। ਇਹ ਨਾਮ ਧਰਮ ਸਾਰੀ ਲੋਕਾਈ ਵਾਸਤੇ ਹੈ, ਸੰਸਾਰ ਦੇ ਸਭ ਲੋਕਾਂ ਵਾਸਤੇ ਹੈ; ਕੇਵਲ ਕੁਝ ਮੁੱਠੀ ਭਰ ਆਪਣੇ ਆਪ ਨੂੰ ਅਖਵਾਉਂਦੇ ਸਿੱਖਾਂ ਵਾਸਤੇ ਨਹੀਂ, ਅਤੇ ਇਹ ਫ਼ਲਸਫ਼ਾ ਮਨੁੱਖ ਦੀ ਅਗਿਆਨਤਾ ਨੂੰ ਦੂਰ ਕਰਨ ਵਾਲੀ ਇਕ ਰੋਸ਼ਨੀ ਦੀ ਤਰ੍ਹਾਂ ਹੈ ਜਿਸ ਨਾਲ ਇਨਸਾਨ ਨੂੰ ਇਨਸਾਨ ਬਣਨ ਦੀ ਸੋਝੀ ਆ ਸਕਦੀ ਹੈ। ਇਹ ਗਿਆਨ ਦਾ ਫ਼ਲਸਫ਼ਾ ਹੈ ਨਾ ਕਿ ਕੋਈ ਰੱਟਣ ਵਾਲਾ ਮੰਤਰ। ਗੁਰਬਾਣੀ ਅਨੁਸਾਰ, ਸੁਹਿਰਦ, ਸੂਝਵਾਨ, ਦਿਆਲੂ, ਕਿਰਪਾਲੂ, ਤੇ ਹਰ ਤਰ੍ਹਾਂ ਦਾ ਗੁਣਕਾਰੀ ਹੋਣਾ ਹੀ ਮਨੁੱਖ ਦਾ ਧਰਮ ਹੈ।
     ਜੇਕਰ ਗੁਰੂ ਸਾਹਿਬਾਨ ਦੀ ਘਾਲਣਾ, ਉੇਨ੍ਹਾਂ ਦਾ ਬਖਸ਼ਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗਿਆਨਮਈ ਉਪਦੇਸ਼, ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੇ ਬਾਵਜੂਦ ਵੀ, ਇਹ ਲੋਕਾਈ ਇਨ੍ਹਾਂ ਕਰਮਕਾਂਡਾਂ ਵਿਚੋਂ ਨਹੀਂ ਨਿਕਲੀ, ਤਾਂ ਉਸ ਦਾ ਇਕ ਕਾਰਨ ਇਹ ਹੈ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਜਾਂ ਗਿਆਨਮਈ ਉਪਦੇਸ਼ ਨੂੰ ਸਮਝਣ ਹੀ ਨਹੀਂ ਦਿੱਤਾ ਗਿਆ।
    ਅਸਲੀਅਤ ਇਹ ਵੀ ਹੈ, ਕਿ ਇਕ ਸਾਜਿਸ਼ ਤਹਿਤ, ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ, ਉਨ੍ਹਾਂ ਦੇ ਸੰਦੇਸ਼ ਨੂੰ, ਉਨ੍ਹਾਂ ਦੀ ਘਾਲਣਾ ਨੂੰ, ਉਨ੍ਹਾਂ ਦੇ ਆਦਰਸ਼ ਨੂੰ ਸਿੱਖ ਧਰਮ ਨਾਲ ਜੋੜ ਕੇ ਇਸ ਫ਼ਲਸਫ਼ੇ ਦਾ ਘੇਰਾ ਸੀਮਤ ਕਰ ਦਿੱਤਾ ਗਿਆ। ਇਸ ਸਾਜਿਸ਼ ਦੀ ਵਿਓਂਤ ਇਸ ਲਈ ਘੜੀ ਗਈ ਕਿਉਂਕਿ ਬਿੱਪਰ ਨੇ, ਪੁਜਾਰੀ ਵਰਗ ਨੇ, ਇਹ ਭਾਂਪ ਲਿੱਤਾ ਸੀ ਕਿ ਆਮ ਲੋਕ ਇਸ ਵਿਚਾਰਧਾਰਾ ਨਾਲ ਜੁੜਦੇ ਜਾ ਰਹੇ ਹਨ ਅਤੇ ਇਸ ਨੂੰ ਠੱਲ ਪਾਉਣ ਲਈ ਇਹ ਢੰਗ (ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਿੱਖਾਂ ਦੀ ਬਾਣੀ ਕਹਿ ਕੇ ਇਸ ਦਾ ਘੇਰਾ ਸੀਮਤ ਕਰਨਾ) ਜ਼ਰੂਰੀ ਸਮਝਿਆ ਗਿਆ, ਜੋ ਕਿ, ਉਨ੍ਹਾਂ ਦੀ ਨੀਤੀ ਅਨੁਸਾਰ, ਉਨ੍ਹਾਂ ਵਾਸਤੇ ਕਿਸੇ ਹੱਦ ਤੱਕ ਕਾਰਗਰ ਸਾਬਤ ਹੋਇਆ ਹੈ।
    ਕਿਤਨੇ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਸਾਰੀ ਮਨੁੱਖਤਾ ਵਾਸਤੇ, ਇਕ ਸੁਚੱਜਾ ਸੁਚੇਤ ਤੇ ਸੁਹਿਰਦ ਸਮਾਜ ਦੀ ਸਿਰਜਨਾ ਲਈ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਗੁਰੂ ਸਾਹਿਬਾਨ ਨੂੰ ਕੇਵਲ ਸਿੱਖਾਂ ਦੇ ਗੁਰੂ ਕਹਿ ਕੇ ਉਨ੍ਹਾਂ ਲੋਕਾਂ ਨੇ ਪਿੱਠ ਕਰ ਲਈ ਜਿਨ੍ਹਾਂ ਵਾਸਤੇ ਗੁਰੂ ਸਾਹਿਬਾਨ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਤਸੀਹੇ ਸਹੇ, ਆਪਾ ਵਾਰਿਆ ਅਤੇ ਸਰਬੰਸ ਕੁਰਬਾਨ ਕਰ ਦਿੱਤੇ। ਪਤਾ ਨਹੀਂ ਉਹ ਕਿਹੜੇ ਸਿੱਖ ਸਨ ਜਿਨ੍ਹਾਂ ਖਾਤਰ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ। ਕੀ ਇਹ ਸਮਝ ਲਿੱਤਾ ਜਾਵੇ ਕਿ ਗੁਰੂ ਸਾਹਿਬਾਨ ਨੇ ਜੋ ਘਾਲਣਾ ਘਾਲੀ ਹੈ ਉਹ ਸਿਰਫ ਥੋੜ੍ਹੀ-ਕੁ-ਜਿੰਨੀ ਲੋਕਾਈ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ, ਜਾਂ ਜੋ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਦੇ ਹਨ, ਇਹ ਸਭ ਘਾਲਣਾ ਸਿਰਫ ਉਨ੍ਹਾਂ ਵਾਸਤੇ ਹੀ ਸੀ?
    ਅਸਲ ਵਿਚ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਿੱਖ ਧਰਮ ਨਾਲ ਜੋੜ ਕੇ ਗੁਰੂ ਸਾਹਿਬਾਨ ਨਾਲ ਬੇਇਨਸਾਫੀ ਕਰਨੀ ਅਤੇ ਉਨ੍ਹਾਂ ਦਾ ਨਿਰਾਦਰ ਕਰਨਾ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਤਾਂ ਸਾਰੀ ਲੋਕਾਈ ਵਾਸਤੇ ਘਾਲਣਾ ਘਾਲੀ ਅਤੇ ਕੁਰਬਾਨੀਆਂ ਦਿੱਤੀਆਂ ਸਨ। ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਗੁਰਬਾਣੀ ਦਾ ਫ਼ਲਸਫ਼ਾ ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਹੈ ਪਰ ਸ਼ੈਤਾਨ ਤੇ ਹੈਵਾਨ ਬਿਰਤੀ ਵਾਲੇ ਪੁਜਾਰੀ, ਬਿਪ੍ਰਵਾਦੀ ਵਿਚਾਰਧਾਰਾ ਵਾਲੇ ਧਰਮ ਦੇ ਠੇਕੇਦਾਰਾਂ ਨੂੰ ਇਹ ਕਦੀ ਵੀ ਨਹੀਂ ਸੀ ਭਾਉਂਦਾ ਕਿ ਲੋਕਾਂ ਨੂੰ ਕੋਈ ਸੋਝੀ ਆਵੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਆਪਣੀ ਦੁਕਾਨਦਾਰੀ ਬੰਦ ਹੁੰਦੀ ਸੀ।
     ਇਸੇ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸੀਮਤ ਅਤੇ ਧੁੰਦਲਾ ਕਰਨ ਵਾਸਤੇ ਪਹਿਲਾਂ ਤਾਂ ਇਸ ਫ਼ਲਸਫ਼ੇ ਨੂੰ ਸਿੱਖਾਂ ਦਾ ਧਰਮ ਗ੍ਰੰਥ ਕਹਿ ਕੇ ਕੇਵਲ ਇਕ ਛੋਟੇ ਜਿਹੇ ਵਰਗ ਵਿਚ ਸੀਮਤ ਕਰ ਦਿੱਤਾ। ਫਿਰ ਇਨ੍ਹਾਂ ਸਿੱਖਾਂ ਵਿਚ ਪੁਜਾਰੀ ਬਿਰਤੀ ਵਾਲੇ ਪਖੰਡੀ ਬਾਬੇ, ਸੰਤ, ਮਹੰਤ, ਡੇਰੇਦਾਰ, ਟਕਸਾਲੀਏ ਆਦਿ ਪੈਦਾ ਹੋ ਗਏ ਅਤੇ ਸਿੱਖਾਂ ਨੂੰ ਉਸੇ ਕਰਮਕਾਂਡ ਵਾਲੇ ਭੰਬਲਭੂਸੇ ਵਿਚ ਫਸਾ ਦਿੱਤਾ। ਹਰ ਡੇਰੇ ਵਾਲੇ, ਅਖੋਤੀ ਸੰਤ ਮਹੰਤ ਅਤੇ ਵੱਖ ਵੱਖ ਸੰਪਰਦਾਵਾਂ ਨੇ ਕਈ ਤਰ੍ਹਾਂ ਦੇ ਕਰਮਕਾਂਡ ਸਥਾਪਤ ਕਰ ਰੱਖੇ ਹਨ। ਇਥੇ ਹੀ ਬਸ ਨਹੀਂ, ਇਨ੍ਹਾਂ ਕਰਮਕਾਂਡਾਂ ਵਿਚ ਰੋਜ਼-ਬਰੋਜ਼ ਵਾਧੇ ਵੀ ਹੋ ਰਿਹੇ ਹਨ। ਇਸ ਤਰ੍ਹਾਂ ਸਿੱਖ ਕਹੇ ਜਾਂਦੇ ਲੋਕ ਵੀ ਗੁਰਬਾਣੀ ਦੇ ਫ਼ਲਸਫ਼ੇ ਤੋਂ ਟੁੱਟ ਕੇ ਕਰਮਕਾਂਡਾਂ ਦੇ ਚੱਕਰ ਵਿਚ ਫਸੀ ਜਾ ਰਹੇ ਹਨ।
    ਗੁਰਬਾਣੀ ਦੇ ਫ਼ਲਸਫ਼ੇ ਨੂੰ ਹੋਰ ਧੁੰਦਲਾ ਕਰਨ ਵਾਸਤੇ ਗੁਰਬਾਣੀ ਦੀ ਵਿਆਖਿਆ ਇਨ੍ਹਾਂ ਵੱਖ ਵੱਖ ਸੰਪਰਦਾਵਾਂ ਤੇ ਹੋਰ ਸਿੱਖਾਂ ਦੇ ਠੇਕੇਦਾਰਾਂ ਪਾਸੋਂ ਐਸੇ ਢੰਗ ਦੀ ਕਰਵਾਈ ਜਾ ਰਹੀ ਹੈ ਕਿ ਜੋ ਹਿੰਦੂ ਮਿਥਿਹਾਸਕ ਘਟਨਾਵਾਂ ਨਾਲ ਮੇਲ ਖਾਂਦੀ ਹੋਵੇ ਤਾਂ ਕਿ ਇਸ ਤਰ੍ਹਾਂ ਪਤਾ ਚੱਲੇ ਕਿ ਇਹ ਹਿੰਦੂ ਧਰਮ ਦਾ ਹੀ ਇਕ ਅੰਗ ਹੈ। ਕੁਝ ਸੂਝਵਾਨ ਪਰਚਾਰਕਾਂ ਨੂੰ ਛੱਡ ਕੇ ਬਹੁਤੇ ਪਰਚਾਰਕ ਪੈਸੇ ਦੇ ਲਾਲਚ ਕਰਕੇ ਕਰਮਕਾਂਡਾਂ ਦੀ ਪੂਰਤੀ ਵਾਸਤੇ ਹੀ ਜ਼ੋਰ ਦੇਈ ਜਾਂਦੇ ਹਨ। ਕਈ ਚਮਤਕਾਰ ਦੱਸ ਕੇ ਇਤਿਹਾਸ ਨੂੰ ਮਿਥਿਹਾਸ ਬਣਾਈ ਜਾ ਰਹੇ ਹਨ ਅਤੇ ਭੋਲੇ ਭਾਲੇ ਲੋਕ ਇਸੇ ਝਾਂਸੇ ਵਿਚ ਆ ਕੇ ਪੁਜਾਰੀ ਬਿਰਤੀ ਵਾਲੇ ਪਰਚਾਰਕਾਂ ਨੂੰ ਮਾਲਾ ਮਾਲ ਕਰੀ ਜਾ ਰਹੇ ਹਨ। ਇਸ ਤਰ੍ਹਾਂ ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ ਉਹ ਵੀ ਕਰਮਕਾਂਡਾਂ ਦੀ ਪੂਰਤੀ ਕਰਨ ਨੂੰ ਹੀ ਧਰਮ ਕਹੀ ਜਾ ਰਹੇ ਹਨ ਅਤੇ ਮਨੁੱਖ ਨੂੰ ਮਨੁੱਖੀ ਧਰਮ ਤੋਂ ਦੂਰ ਕਰੀ ਜਾ ਰਹੇ ਹਨ।
    ਗੱਲ ਇਥੇ ਤਕ ਹੀ ਖ਼ਤਮ ਨਹੀਂ ਹੁੰਦੀ; ਗੁਰਬਾਣੀ ਦੇ ਫ਼ਲਸਫ਼ੇ ਤੋਂ ਹੋਰ ਦੂਰ ਕਰਨ ਵਾਸਤੇ ਇਕ ਨਵੇਂ ਗ੍ਰੰਥ, ਦਸਮ ਗ੍ਰੰਥ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਬਿਲਕੁਲ ਹਨੇਰੇ ਖੂਹ ਵਿਚ ਸੁਟ ਦਿੱਤਾ ਹੈ। ਸਭ ਹਨੇਰੇ ਵਿਚ ਡਾਂਗਾਂ ਮਾਰੀ ਜਾ ਰਹੇ ਹਨ। ਨਾ ਕਿਸੇ ਨੂੰ ਸਿੱਖੀ ਦਾ ਪਤਾ ਚਲਦਾ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣ ਦਾ ਪਤਾ ਚਲਦਾ ਹੈ। ਸਾਰੇ ਸਿੱਖ ਆਪਸ ਵਿਚ ਗੁੱਥਮ-ਗੁੱਥਾ ਹੋਈ ਜਾ ਰਹੇ ਹਨ ਤੇ ਹਿੰਦੂ ਧਰਮ ਦਾ ਪੁਜਾਰੀ ਵਰਗ ਲੋਕਾਂ ਨੂੰ ਗੁਰਬਾਣੀ ਫ਼ਲਸਫ਼ੇ ਤੋਂ ਦੂਰ ਕਰਕੇ ਲੋਕਾਂ ਦਾ ਸ਼ੋਸ਼ਣ ਕਰੀ ਜਾ ਰਿਹਾ ਹੈ ਅਤੇ ਆਪਣੀ ਚਤੁਰਾਈ ਤੇ ਖੁਸ਼ ਹੋ ਰਿਹਾ ਹੈ।   
    ਚਤੁਰਾਈ ਦੀ ਹੱਦ ਦਾ ਜ਼ਰਾ ਅਨੁਮਾਨ ਲਗਾਓ। ਪਹਿਲਾਂ ਤਾਂ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਤੋਂ ਦੂਰ ਰਖਣ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਕੇਵਲ ਸਿੱਖਾਂ ਤੱਕ ਹੀ ਸੀਮਤ ਕੀਤਾ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਕੁਝ ਖਾਸ ਸਿੱਖਾਂ ਲਈ ਸੀਮਤ ਕਰ ਦਿੱਤਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਉਨ੍ਹਾਂ ਖਾਸ ਸਿੱਖਾਂ ਨੂੰ ਮਿਲ ਸਕਦਾ ਹੈ ਜੋ ਇਸ ਗ੍ਰੰਥ ਨੂੰ ਬਹੁਤ ਖਾਸ ਤਰੀਕੇ ਨਾਲ ਰੱਖ ਕੇ ਪੂਜਾ ਕਰ ਸਕਦੇ ਹੋਣ। ਇਥੋਂ ਤੱਕ ਕਿ ਇਸ ਦਾ ਗਾਇਨ ਵੀ ਸਾਰੇ ਲੋਕ ਨਹੀਂ ਕਰ ਸਕਦੇ।
     ਅਸਲੀਅਤ ਇਹ ਵੀ ਹੈ ਕਿ ਪੁਜਾਰੀ ਵਰਗ ਇਹ ਕਦੀ ਨਹੀਂ ਚਾਹੁੰਦਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਿਆਨਮਈ ਫ਼ਲਸਫ਼ੇ ਨੂੰ ਅਪਨਾਉਣ ਕਿਉਂਕਿ ਜੇਕਰ ਗੁਰਬਾਣੀ ਨੂੰ ਸਮਝ ਲਿੱਤਾ ਜਾਵੇ ਅਤੇ ਇਸ ਵਿਚ ਦਿਤੇ ਉਪਦੇਸ਼ ਨੂੰ ਅਪਨਾ ਲਿੱਤਾ ਜਾਵੇ ਤਾਂ ਇਸ ਨਾਲ ਇਸ ਪੁਜਾਰੀ ਵਰਗ ਦੀ ਹੋਂਦ ਖਤਮ ਹੁੰਦੀ ਹੈ। ਉਨ੍ਹਾਂ ਨੇ ਜੋ ਕਰਮਕਾਂਡਾਂ ਦਾ ਜਾਲ ਵਿਛਾਇਆ ਹੋਇਆ ਹੈ ਉਹ ਖੇਰੂੰ ਖੇਰੂੰ ਹੋ ਜਾਂਦਾ ਹੈ।
     ਗੁਰੂ ਨਾਨਕ ਦੀ ਫਿਲਾਸਫੀ, ਭਾਵ ਗੁਰੂ ਨਾਨਕ ਦੀ ਵਿਚਾਰਧਾਰਾ ਇਸ ਲਈ ਵੀ ਸੁੰਗੜ ਕੇ ਰਹਿ ਗਈ ਹੈ ਕਿਉਂਕਿ ਇਹ ਬਾਣੀ ਪੜ੍ਹੀ ਤਾਂ ਜ਼ਰੂਰ ਜਾਂਦੀ ਹੈ ਪਰ ਪੜ੍ਹਨ ਤਕ ਹੀ ਸੀਮਤ ਕਰ ਦਿੱਤੀ ਗਈ ਹੈ। ਇਸੇ ਲਈ ਅਖੰਡ ਪਾਠ ਅਤੇ ਇਸ ਤੋਂ ਵੀ ਉਪਰ ਸੰਪਟ ਪਾਠਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਮਝਾਇਆ ਜਾਂਦਾ ਹੈ ਕਿ ਰੱਬ ਜੀ ਇਸ ਦੇ ਨਾਲ ਹੀ ਖੁਸ਼ ਹੋ ਜਾਂਦੇ ਹਨ ਤੇ ਤੁਹਾਡੇ ਸਾਰੇ ਕੰਮ ਸੰਵਾਰ ਦਿੰਦੇ ਹਨ। ਇਸੇ ਤਰ੍ਹਾਂ ਨਾਮ ਸਿਮਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਕੇਵਲ ਵਾਹਿਗੁਰੂ, ਵਾਹਿਗੁਰੂ ਕਰੀ ਜਾਵੋ ਕੁਝ ਸਮਝਣ ਸਮਝਾਉਣ ਦੀ ਲੋੜ ਹੀ ਨਹੀਂ। ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਹੀ ਕੀਤੀ ਜਾਂਦੀ ਹੈ ਜਦੋਂ ਕਿ ਲੋੜ ਹੈ ਗੁਰਬਾਣੀ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਜੀਉਣ ਦੀ। ਗੁਰਬਾਣੀ ਵਿਚ ਬਾਰ ਬਾਰ ਕਿਹਾ ਹੈ ਕਿ ਇਸ ਬਾਣੀ ਨੂੰ ਵਿਚਾਰਿਆ ਤੇ ਸਮਝਿਆ ਜਾਵੇ ਅਤੇ ਨਾਲ ਹੀ ਇਸ ਉਤੇ ਅਮਲ ਕੀਤਾ ਜਾਵੇ। ਗੁਰਬਾਣੀ ਦਾ ਫ਼ਰਮਾਨ ਹੈ: ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ (ਗ:ਗ:ਸ: ਪੰਨਾ-982) ਭਾਵ ਜੋ ਗੁਰਬਾਣੀ ਰਾਹੀਂ ਗਿਆਨ ਦਿੱਤਾ ਗਿਆ ਹੈ ਜੇਕਰ ''ਸੇਵਕ ਜਨ'', ਕੋਈ ਵੀ ਸ਼ਰਧਾਲੂ, ਕੋਈ ਵੀ ਜਿਗਿਆਸੂ (ਕੇਵਲ ਸਿੱਖ ਹੀ ਨਹੀਂ) ਉਸ ਦਰਸਾਏ ਹੋਏ ਗਿਆਨ ਨੂੰ ਮੰਣ ਲੈਂਦਾ ਹੈ ਭਾਵ ਸਮਝ ਲੈਂਦਾ ਹੈ ਅਤੇ ਉਸ ਉਤੇ ਅਮਲ ਕਰਦਾ ਹੈ ਤਾਂ ਉਸ ਗਿਆਨ ਦੇ ਜ਼ਰੀਏ ਉਹ ਵਿਅਕਤੀ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ। ਐਸਾ ਗਿਆਨ ਉਸ ਵਿਅਕਤੀ ਨੂੰ ਇਸ ਭਵਸਾਗਰ ਤੋਂ ਪਾਰ ਲੰਘਾਅ ਦਿੰਦਾ ਹੈ। ਐਸਾ ਮਨੁੱਖ ਆਪਣਾ ਧਰਮ ਨਿਭਾ ਜਾਂਦਾ ਹੈ।
ਕਿਉਂਕਿ ਗੁਰਬਾਣੀ ਸਾਰੀ ਮਨੁੱਖਤਾ ਵਾਸਤੇ ਹੈ, ਇਸ ਲਈ ਇਸ ਵਿਚ ਗੱਲ ਮਨੁੱਖੀ ਧਰਮ ਦੀ ਕੀਤੀ ਹੈ ਭਾਵ ਮਨੁੱਖ ਦੇ ਕਿਰਦਾਰ ਦੀ ਕੀਤੀ ਹੈ, ਆਤਮਕ ਅਵਸਥਾ ਨੂੰ ਸੁਚੇਤ ਕਰਨ ਦੀ ਕੀਤੀ ਹੈ। ਮਕਸਦ ਤਾਂ ਸਚਿਆਰ ਬਨਾਉਣ ਦਾ ਹੈ। ਗੁਰਬਾਣੀ ਤਾਂ ਉਹ ਵਿਚਾਰਧਾਰਾ ਹੈ ਜਿਸ ਰਾਹੀਂ ਮਨੁੱਖ ਨੂੰ ਵਹਿਮਾਂ ਭਰਮਾਂ, ਅਤੇ ਕਰਮਕਾਂਡੀ ਜਾਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਆਸ਼ੇ ਨੂੰ ਮੁੱਖ ਰੱਖ ਕੇ ਗੁਰਬਾਣੀ ਦਾ ਫ਼ਰਮਾਨ ਹੈ:''ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ॥'' (ਗ:ਗ:ਸ: ਪੰਨਾ-1381)  ਕਿਤਨਾ ਸਪਸ਼ਟ ਹੈ ਕਿ ਜਿਹੜੇ ਕੰਮਾਂ ਨਾਲ ਕੋਈ ਪਰਾਪਤੀ ਨਹੀਂ ਹੁੰਦੀ ਉਨ੍ਹਾਂ ਨੂੰ ਕਰਨ ਦਾ ਕੋਈ ਲਾਭ ਨਹੀਂ। ਐਸੇ ਕੰਮ  ਕਰਮਕਾਂਡ ਹੀ ਹਨ ਜਿਨ੍ਹਾਂ ਨੂੰ ਧਰਮ ਦੇ ਠੇਕੇਦਾਰਾਂ ਨੇ ਪ੍ਰਚਲਤ ਕਰ ਰੱਖਿਆ ਹੈ ਅਤੇ ਭੋਲੀ ਭਾਲੀ ਜਨਤਾ ਨੂੰ ਲੁੱਟਣ ਦਾ ਵਸੀਲਾ ਬਣਾਇਆ ਹੋਇਆ ਹੈ, ਐਸੇ ਬੇਮਾਇਨਾ ਕਰਮ ਕਰਨ ਨਾਲ ਸ਼ਰਮਿੰਦਗੀ ਹੀ ਮਿਲਦੀ ਹੈ। ਇਸ ਤਰ੍ਹਾਂ ਸਾਰੀ ਗੁਰਬਾਣੀ ਚੰਗੇ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਕਰਦੀ ਹੈ ਜੋ ਕਿ ਸਾਰੇ ਵਿਸ਼ਵ ਕਲਿਆਨ ਲਈ ਜ਼ਰੂਰੀ ਹੈ।
ਜੋ ਲੋਕ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਅਖਵਾਉਂਦੇ ਹਨ ਅਤੇ ਦੂਸਰੇ ਧਰਮ ਦੇ ਲੋਕਾਂ ਪ੍ਰਤੀ ਨਫਰਤ ਪੈਦਾ ਕਰਦੇ ਹਨ; ਐਸੇ ਧਰਮ ਦੇ ਰਖਵਾਲੇ, ਦੇਸ਼, ਕੌਮ ਤੇ ਮਨੁੱਖਤਾ ਦੇ ਸਭ ਤੋ ਵੱਡੇ ਦੁਸ਼ਮਨ ਹੁੰਦੇ ਹਨ। ਇਸੇ ਤਰ੍ਹਾਂ ਜੋ ਲੋਕ, ਐਸੇ ਲੋਭੀ, ਮੱਕਾਰ, ਭੇਖੀ ਧਰਮ ਦੇ ਰੱਖਿਅਕਾਂ ਦੇ ਮਗਰ ਲਗ ਕੇ ਦੂਸਰੇ ਧਰਮ ਦੇ ਲੋਕਾਂ ਨਾਲ ਲੜਦੇ ਹਨ ਜਾਂ ਗਰੀਬ ਅਤੇ ਮਜ਼ਲੂਮ ਲੋਕਾਂ ਉਤੇ ਜ਼ੁਲਮ ਕਰਦੇ ਹਨ; ਤਾਂ ਐਸੇ ਲਾਈਲਗ ਲੋਕ ਮਹਾਂ ਮੂਰਖ, ਅਨਪੜ੍ਹ ਗਵਾਰ ਤੇ ਉਜੱਡ ਹੁੰਦੇ ਹਨ।
ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਤਾਂ ਗੁਣਕਾਰੀ ਹੋਣਾਂ ਹੀ ਚੰਗਾ ਧਰਮ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ (ਗ:ਗ:ਸ: ਪੰਨਾ-8) ਜਿਨੀ ਨਾਮੁ ਧਿਆਇਆ ਭਾਵ ਜਿਸ ਕਿਸੇ ਨੇ ਵੀ ਭਾਵੇਂ ਉਹ ਭਾਰਤ ਵਿਚ ਹੋਵੇ ਤੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕੇਵਲ ਸਿੱਖਾਂ ਦੀ ਹੀ ਗੱਲ ਨਹੀਂ ਕੀਤੀ, ਜਿਸ ਕਿਸੇ ਨੇ ਵੀ ਨਾਮੁ ਧਿਆਇਆ, ਭਾਵ ਜਿਸ ਕਿਸੇ ਨੇ ਗੁਰੂ ਦੀ ਮੱਤ ਲਿੱਤੀ, ਚੰਗੇ ਗੁਣ ਧਾਰਣ ਕੀਤੇ, ਉਹ ਹੀ ਇਸ ਦੁਨੀਆ ਵਿਚ ਆ ਕੇ ਆਪਣੀ ਮਿਹਨਤ ਸਫਲੀ ਕਰ ਗਿਆ ਜਾਂ ਇੰਝ ਕਹਿ ਲਵੋ ਕਿ ਉਹ ਹੀ ਮਨੁੱਖੀ ਧਰਮ ਨਿਭਾ ਗਿਆ।ਫਿਰ ਗੁਰੂ ਸਾਹਿਬ ਆਖਦੇ ਹਨ ਕਿ ਐਸੇ ਵਿਅਕਤੀ ਜਿਥੇ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ ਉੱਥੇ ਸਮਾਜ ਵਿਚ ਆਪਣੀ ਸਾਫ ਸੁਥਰੀ ਸ਼ਾਖ ਛੱਡਦੇ ਹਨ ਭਾਵ ਉਨ੍ਹਾਂ ਦਾ ਮੁਖ ਉਜਲਾ ਹੁੰਦਾ ਹੈ। ਇਸ ਦੇ ਨਾਲ ਹੀ ''ਕੇਤੀ ਛੁਟੀ ਨਾਲਿ'' ਭਾਵ ਉਹ ਹੋਰ ਕਈਆਂ ਦਾ ਉੱਦਾਰ ਵੀ ਕਰ ਜਾਂਦੇ ਹਨ; ਜਾਂ ਉਹ ਹੋਰਨਾਂ ਲਈ ਮਿਸਾਲ ਬਣ ਕੇ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਹੋਰ ਕਈਆਂ ਦਾ ਜੀਵਨ ਵੀ ਸਫਲਾ ਕਰਦੇ ਹਨ।
    ਗੁਰਬਾਣੀ ਅਨੁਸਾਰ ਧਰਮ ਇਸ ਤਰ੍ਹਾਂ ਹੈ: ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਗ:ਗ:ਸ: ਪੰਨਾ-266) ਇਥੋਂ ਸਪਸ਼ਟ ਕਿ  ਨਿਰਮਲ, ਭਾਵ ਸੁਚੱਜੇ ਕੰਮ (ਕਰਮ) ਕਰਨਾ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ। ਗੱਲ ਨਿਰਮਲ ਕਰਮਾਂ ਦੀ ਕੀਤੀ ਹੈ ਅਤੇ ਉਸੇ ਨੂੰ ਸ੍ਰੇਸ਼ਟ ਧਰਮ ਕਿਹਾ ਹੈ। ਵੇਖਦੇ ਹਾਂ ਕਿ ਇਹ ਪੰਗਤੀ ਪੜ੍ਹੀ ਤਾਂ ਇਸੇ ਤਰ੍ਹਾਂ ਜਾਂਦੀ ਹੈ ਪਰ ਇਸ ਦੇ ਅਰਥ ਬ੍ਰਾਹਮਣਵਾਦੀ ਢੰਗ ਨਾਲ ਕੀਤੇ ਜਾਂਦੇ ਹਨ। ਜਦੋਂ ''ਹਰਿ ਕੋ ਨਾਮੁ ਜਪਿ'' ਦੀ ਵਿਆਖਿਆ ਕੀਤੀ ਜਾਂਦੀ ਹੈ ਤਾਂ ਡੇਰੇਦਾਰ ਜਾਂ ਬਾਬੇ ਇਹ ਸਮਝਾਉਂਦੇ ਹਨ ਕਿ ਹਰ ਵਕਤ ਪਾਠ ਪੂਜਾ ਕਰਦੇ ਰਹੋ ਇਹ ਹੀ ਸਭ ਤੋਂ ਚੰਗਾ ਕੰਮ ਹੈ ਤੇ ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਪਰ ਕੁਝ ਸਿਆਣੇ ਵਿਆਖਿਆਕਾਰ ਹਨ ਜੋ ਸਮਝਾਉਂਦੇ ਹਨ ਕਿ ''ਹਰਿ ਕੋ ਨਾਮੁ ਜਪਿ'' ਦਾ ਅਰਥ ਹੈ: ਰੱਬੀ ਗੁਣਾਂ ਨੂੰ ਅਪਨਾਉਣਾ।ਸਮੁੱਚਾ ਭਾਵ ਇਹ ਕਿ ਸ਼ੁਭ ਕਰਮ ਕਰਨੇ ਹੀ ਸਭ ਧਰਮਾਂ ਤੋਂ ਉੱਤਮ ਧਰਮ ਹੈ।
    ਇਸੇ ਵਿਚਾਰ ਨੂੰ ਹੋਰ ਪੱਕਿਆਂ ਕੀਤਾ ਹੈ ਤੇ ਕਿਹਾ ਹੈ: ਹਰਿ ਕੋ ਨਾਮੁ ਲੈ ਊਤਮ ਧਰਮਾ (ਗ:ਗ:ਸ: ਪੰਨਾ-874) ਹਰਿ ਕੋ, ਭਾਵ ਪ੍ਰਮਾਤਮਾ ਦਾ, ''ਨਾਮੁ ਲੈ''  ਭਾਵ ਪ੍ਰਮਾਤਮਾ ਨੂੰ ਯਾਦ ਰੱਖ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਅਪਨਾ; ਉਤਮ ਧਰਮ: ਭਾਵ ਐਸਾ ਧਰਮ ਹੀ ਉੱਤਮ ਧਰਮ ਹੈ। ਸਮੁੱਚਾ ਭਾਵ ਇਹ ਕਿ ਰੱਬੀ ਗੁਣ (ਚੰਗੇ ਗੁਣ) ਅਪਨਾਉਣਾ ਹੀ ਉੱਤਮ ਧਰਮ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਹੋਣ ਦੀ ਗੱਲ ਨਹੀਂ ਹੈ।
    ਸਪਸ਼ਟ ਹੈ ਕਿ ਗੁਰੂ ਨਾਨਕ ਦਾ ਧਰਮ ਚੰਗੇ ਗੁਣਾਂ ਦਾ ਧਾਰਨੀ ਹੋਣਾ ਹੀ ਸਚਿਆਰ ਹੋਣਾ ਹੈ ਅਤੇ ਇਹ ਹੀ ਸਭ ਧਰਮਾਂ ਤੋਂ ਉੱਤਮ ਧਰਮ ਹੈ; ਫਿਰ ਇਸ ਨੂੰ ਜੋ ਮਰਜ਼ੀ ਨਾਮ ਦੇ ਦਿੱਤਾ ਜਾਵੇ। ਇਹ ਹੀ ਮਨੁੱਖੀ ਧਰਮ ਹੈ। ਇਹ ਮਨੁੱਖੀ ਧਰਮ ਹੀ ਇਨਸਾਨੀਅਤ ਦਾ ਧਰਮ ਹੈ ਅਤੇ ਇਹ ਹੀ ਗੁਰੂ ਨਾਨਕ ਦਾ ਸਾਂਝਾ ਧਰਮ ਹੈ। ਕਿਉਂਕਿ ਗੁਰੂ ਸਾਹਿਬ ਦੇ ਅਨੁਯਾਈਆਂ ਨੂੰ ਸਿੱਖ ਕਿਹਾ ਜਾਂਦਾ ਹੈ ਇਸ ਲਈ ਸਹੂਲਤ ਵਜੋਂ ਇਸ ਨੂੰ ਸਿੱਖ ਧਰਮ ਦਾ ਨਾਮ ਦਿਤਾ ਗਿਆ ਹੈ। ਗੁਰੂ ਸਾਹਿਬ ਨੇ ਇਹ ਸਿੱਖ ਧਰਮ ਨਹੀਂ ਬਣਾਇਆ।
    ਹੁਣ  ਜੇਕਰ ਗੁਰਬਾਣੀ ਅਨੁਸਾਰ ਜੀਵਨ ਜੀਊਣ ਨੂੰ ਸਿੱਖ ਧਰਮ ਦਾ ਨਾਮ ਦਿਤਾ ਗਿਆ ਹੈ ਤਾਂ ਇਹ ਦਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਕੋਈ ਵੀ  ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਢਾਲਣ ਦਾ ਉਪਰਾਲਾ ਕਰਦਾ ਹੈ; ਜਾਂ ਇੰਝ ਕਹਿ ਲਵੋ ਕਿ ਹਰ ਉਹ ਵਿਅਕਤੀ ਜੋ ਕੋਈ ਵੀ ਸਚਿਆਰ ਹੋਣ ਦਾ ਉਪਰਾਲਾ ਕਰਦਾ ਹੈ ਉਹ ਹੀ ਸਿੱਖ ਹੁੰਦਾ ਹੈ (ਕਿਸੇ ਖਾਸ ਤਰ੍ਹਾਂ ਦਾ ਭੇਸ ਬਨਾਉਣ ਵਾਲਾ ਵਿਅਕਤੀ ਸਿੱਖ ਨਹੀਂ ਹੁੰਦਾ)। ਭਾਵ ਇਹ ਕਿ ਸੱਚਾ ਸੁੱਚਾ ਜੀਵਨ ਜੀਊਣਾ ਹੀ ਗੁਰੂ ਨਾਨਕ ਦਾ ਧਰਮ ਹੈ ਜਿਸ ਨੂੰ ਸਹੂਲਤ ਵਾਸਤੇ ਸਿੱਖ ਧਰਮ ਕਿਹਾ ਗਿਆ ਹੈ। ਹੁਣ ਕੋਈ ਕਿਤਨਾ ਕੁ ਸਿੱਖ ਹੈ ਜਾਂ ਧਰਮੀ ਹੈ ਇਹ ਤਾਂ ਹਰ ਕਿਸੇ ਦੀ ਆਪਣੀ ਜ਼ਮੀਰ ਹੀ ਦਸ ਸਕਦੀ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ

WhatsApp No. +61-468432632
 E-mail- kanwar238@yahoo.com 

ਮੁਕਤੀ- ਇਕ ਜੀਵਨ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਹਰ ਧਰਮ ਦੇ ਪਰਚਾਰਕ ਹਰ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਵਾਸਤੇ ਪ੍ਰੇਰਦੇ ਆ ਰਹੇ ਹਨ ਅਤੇ ਹਰ ਇਨਸਾਨ ਲਈ ਮੁਕਤੀ ਦੀ ਪ੍ਰਾਪਤੀ ਇਕ ਜੀਵਨ ਮਨੋਰਥ ਮੰਨਿਆ ਗਿਆ ਹੈ। ਪਰ ਮੁਕਤੀ ਹੈ ਕੀ? ਇਸ ਸੰਬੰਧ ਵਿਚ ਬਹੁਤ ਭੁਲੇਖੇ ਪਾ ਦਿੱਤੇ ਗਏ ਹਨ ਅਤੇ ਮੁਕਤੀ ਦੇ ਸੰਕਲਪ ਨੂੰ ਨਾ ਤਾਂ ਸਮਝਿਆ ਗਿਆ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ।
     ਮੁਕਤੀ ਦੇ ਸੰਬੰਧ ਵਿਚ ਆਮ ਧਾਰਨਾ ਇਹ ਹੈ ਕਿ ਹਰ ਜੀਵ-ਜੰਤੂ, ਹਰ ਪ੍ਰਾਣੀ, ਮਰ ਕੇ ਫਿਰ ਕਿਸੇ ਨਵੀਂ ਜੂਨ ਵਿਚ ਜਨਮ ਲੈਂਦਾ ਹੈ। ਇਸੇ ਤਰ੍ਹਾਂ ਉਹ ਕਈ ਵਾਰ ਜੰਮਦਾ ਅਤੇ ਮਰਦਾ ਰਹਿੰਦਾ ਹੈ। ਵੱਖ ਵੱਖ ਧਰਮਾਂ ਦੇ ਪਰਚਾਰਕਾਂ ਅਨੁਸਾਰ ਦੁਨੀਆ ਵਿਚ ਚੁਰਾਸੀ ਲੱਖ ਜੂਨਾਂ ਹਨ ਅਤੇ ਹਰ ਕਿਸੇ ਨੂੰ ਇਹ ਚੁਰਾਸੀ ਲੱਖ ਜੂਨਾਂ ਭੁਗਤਨੀਆ ਪੈਂਦੀਆਂ ਹਨ। ਇਸੇ ਨੂੰ ਚੁਰਾਸੀ ਦਾ ਗੇੜ ਕਿਹਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਰ ਕਿਸੇ ਪ੍ਰਾਣੀ ਨੂੰ ਮਰਨ ਤੋਂ ਬਾਅਦ ਕੋਈ ਜੂਨ ਨਹੀਂ ਮਿਲਦੀ ਤਾਂ ਉਸ ਪ੍ਰਾਣੀ ਦੀ ਆਤਮਾ ਜਿੰਨ, ਭੂਤ,ਪ੍ਰੇਤ, ਚੂੜੇਲ ਆਦਿ ਬਣ ਕੇ ਭਟਕਦੀ ਰਹਿੰਦੀ ਹੈ। ਜਾਂ ਫਿਰ ਕੋਈ ਨਰਕਾਂ ਵਿਚ ਹੀ ਪਇਆ ਰਹਿੰਦਾ ਹੈ ਅਤੇ ਉਥੇ ਕੜੀਆਂ ਸਜਾਵਾਂ ਭੁਗਤਦਾ ਰਹਿੰਦਾ ਹੈ। ਇਸ ਤਰ੍ਹਾਂ ਇਸ ਆਵਾ ਗਵਣ ਦੇ ਚੱਕਰ ਅਤੇ ਨਰਕਾਂ ਦੀ ਮਾਰ ਤੋਂ ਬਚਣ ਨੂੰ ਹੀ ਮੁਕਤੀ ਕਿਹਾ ਗਿਆ ਹੈ।
    ਇਸ ਵਿਸ਼ਵਾਸ ਦੀ ਆੜ ਵਿਚ, ਧਰਮ ਦੇ ਪੁਜਾਰੀਆਂ ਨੇ ਭੋਲੀ ਭਾਲੀ ਜਨਤਾ ਨੂੰ ਪੂਰੀ ਤਰ੍ਹਾਂ ਉਲਝਾ ਰੱਖਿਆ ਹੈ ਅਤੇ ਇਕ ਬਹੁਤ ਡਰਾਉਣਾ ਮਾਹੋਲ ਪੈਦਾ ਕਰਕੇ ਇਹ ਯਕੀਣ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਹੀ ਤੁਹਾਨੂੰ ਇਸ ਚੁਰਾਸੀ ਦੇ ਗੇੜ ਤੋਂ ਬਚਾ ਸਕਦਾ ਹੈ।
    ਇਸ ਤਰ੍ਹਾਂ ਦੇ ਮਾਹੋਲ ਵਿਚ ਮੁਕਤੀ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਕਰਮਕਾਂਡ ਸਥਾਪਤ ਕਰ ਦਿਤੇ ਜਾਂਦੇ ਹਨ ਅਤੇ ਇਹ ਸਮਝਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਬਣਾਏ ਗਏ ਕਰਮਕਾਂਡਾਂ ਦੀ ਪੂਰਤੀ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਅਸਲੀ ਧਰਮ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਮੁਕਤੀ ਦਾ ਇਕ ਰਾਹ ਦਸਿਆ ਜਾਂਦਾ ਹੈ।
    ਇਨ੍ਹਾਂ ਧਰਮ ਦੇ  ਉਪਦੇਸ਼ਕਾਂ ਦੀ ਸਿੱਖਿਆ ਅਨੁਸਾਰ ਨਿਜੀ ਮੁਕਤੀ ਦੀ ਪ੍ਰਾਪਤੀ ਹੀ ਧਾਰਮਿਕ ਜੀਵਨ ਦਾ ਇਕ ਵਡਮੁੱਲਾ ਮਨੋਰਥ ਹੈ। ਇਸ ਮੁਕਤੀ ਨੂੰ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਕਰਨੀ ਵੀ ਕਿਹਾ ਗਿਆ ਹੈ। ਇਸੇ ਲਈ ਮਰੇ ਹੋਏ ਪ੍ਰਾਣੀ ਲਈ ਪ੍ਰਮਾਤਮਾਂ ਦੇ ਚਰਨਾਂ ਵਿਚ ਸਦੀਵੀਂ ਨਿਵਾਸ ਵਾਸਤੇ ਅਰਦਾਸ ਕੀਤੀ ਜਾਂਦੀ ਹੈ।
     ਕ੍ਰਿਸਚਣ ਧਰਮ ਦੇ ਉਪਦੇਸ਼ਕ ਆਖਦੇ ਹਨ ਕਿ ਜੇ ਤੁਸੀਂ ਇਸਾਈ ਬਣ ਜਾਂਦੇ ਹੋ ਅਤੇ ਕਿਰਾਇਸਟ ਉਤੇ ਭਰੋਸਾ ਰਖਦੇ ਹੋ ਤਾਂ ਯਸੂਮਸੀਹ ਰੱਬ ਜੀ ਪਾਸ ਤੁਹਾਡੀ ਵਕਾਲਤ ਕਰਕੇ ਤੁਹਾਨੂੰ ਨਰਕ ਦੀ ਮਾਰ ਅਤੇ ਆਵਾਗਵਣ ਦੇ ਚੱਕਰ ਤੋਂ ਬਚਾ ਸਕਦਾ ਹੈ। ਇਸੇ ਤਰ੍ਹਾਂ ਇਸਲਾਮ ਧਰਮ ਵਾਲੇ ਵੀ ਇਹ ਆਖਦੇ ਹਨ ਕਿ ਤੁਸੀਂ ਮੁਹੰਮਦ ਸਾਹਿਬ ਉਤੇ ਭਰੋਸਾ ਰੱਖੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਦੇ ਰੱਖਿਅਕਾਂ ਨੇ ਤਾਂ ਤੇਤੀ ਕ੍ਰੋੜ ਦੇਵੀ ਦੇਵਤੇ ਘੜ ਲਿੱਤੇ ਹਨ। ਇਨ੍ਹਾਂ ਦੇਵੀ ਦੇਵਤਿਆਂ ਦੇ ਪਰਚਾਰਕ ਇਹ ਯਕੀਣ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਕਹੇ ਅਨੁਸਾਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਰਹੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਨੂੰ ਮੰਨਣ ਵਾਲੇ ਤਾਂ ਵਿਅਕਤੀ ਦੇ ਮਰ ਜਾਣ ਤੋਂ ਬਾਅਦ ਵੀ ਹਰ ਸਾਲ ਮਰੇ ਹੋਏ ਪ੍ਰਾਣੀ ਦੀ ਮੁਕਤੀ ਵਾਸਤੇ ਪੰਡਿਤਾਂ ਪਾਸੋਂ ਸਰਾਧ ਕਰਵਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਦਛਣਾ ਦਿੰਦੇ ਰਹਿੰਦੇ ਹਨ।
    ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਈਆਂ ਨੇ, ਗੁਰੂ ਨਾਨਕ ਸਾਹਿਬ ਦੇ ਨਾਮ ਤੇ, ਜੋ ਸਿੱਖ ਧਰਮ ਬਣਾ ਰੱਖਿਆ ਹੈ, ਉਸ ਧਰਮ ਦੇ ਪੁਜਾਰੀਆਂ ਨੇ ਵੀ ਹੋਰ ਧਰਮਾਂ ਦੀ ਤਰ੍ਹਾਂ ਸਿੱਖਾਂ ਨੂੰ ਵੀ ਚੁਰਾਸੀ ਦੇ ਗੇੜ ਵਿਚ ਉਲਝਾ ਰੱਖਿਆ ਹੈ। ਇਸ ਧਰਮ ਦੇ ਪੁਜਾਰੀ ਵੀ ਉਸੇ ਤਰ੍ਹਾਂ ਹੀ ਮਰਨ ਤੋਂ ਬਾਅਦ ਵਾਲੀ ਮੁਕਤੀ ਦਿਵਾਉਣ ਦਾ ਭਰੋਸਾ ਦੇਈ ਜਾਂਦੇ ਹਨ। ਕਹੇ ਜਾਂਦੇ ਸਿੱਖ ਧਰਮ ਦੇ ਪੁਜਾਰੀਆਂ ਨੇ ਵੀ ਬਹੁਤ ਸਾਰੇ ਕਰਮਕਾਂਡ ਘੜ ਲਿੱਤੇ ਹਨ ਅਤੇ ਇਨ੍ਹਾਂ ਵਿਚ, ਹਰ ਰੋਜ਼, ਹੋਰ ਵਾਧਾ ਵੀ ਕਰੀ ਜਾ ਰਹੇ ਹਨ।
    ਜਦੋਂ ਕਿ ਗੁਰਬਾਣੀ, ਮਰਨ ਤੋਂ ਬਾਅਦ ਵਾਲੀ ਨਿਜੀ ਮੁਕਤੀ ਵਾਲੇ ਧਾਰਮਿਕ ਸੰਕਲਪ ਨੂੰ ਪੂਰੀ ਤਰ੍ਹਾਂ ਨਿਕਾਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥(ਗ:ਗ:ਸ: ਪੰਨਾ-1292) ਭਾਵ ਗੁਰਬਾਣੀ ਵਿਚ ਭਗਤ ਜੀ ਦੀ ਰਸਨਾ ਤੋਂ ਇਹ ਸਮਝਾਅਿਾ ਗਿਆ ਹੈ ਕਿ ਜੋ ਮੁਕਤੀ ਮਰਨ ਦੇ ਮਗਰੋਂ ਮਿਲਦੀ ਹੈ, ਉਸ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਚੱਲ ਸਕਦਾ ਹੈ। ਜੋ ਪੁਜਾਰੀ ਇਹ ਦਾਵਾ ਕਰਦੇ ਹਨ ਕਿ ਉਨ੍ਹਾਂ ਦੇ ਕਰਮਕਾਂਡ ਅਪਨਾਉਣ ਨਾਲ ਮਰਨ ਤੋਂ ਬਾਅਦ ਮੁਕਤੀ ਮਿਲ ਸਕਦੀ ਹੈ ਤਾਂ ਉਸ ਮੁਕਤੀ ਦਾ ਪਤਾ ਕਿਸ ਤਰ੍ਹਾਂ ਅਤੇ ਕਿਸ ਨੂੰ ਲੱਗ ਸਕਦਾ ਹੈ? ਕੌਣ ਦੱਸੇਗਾ ਕਿ ਉਸ ਨੂੰ ਮੁਕਤੀ ਮਿਲ ਗਈ ਹੈ। ਸਪਸ਼ਟ ਹੈ ਕਿ ਇਹ ਸਭ ਧੋਖਾ ਹੈ। ਭਾਵ, ਇਹ ਕਹਿਣਾ ਕਿ ਮਰਨ ਮਗਰੋਂ ਕੋਈ ਵਿਅਕਤੀ ਮੁਕਤ ਹੋ ਗਿਆ ਹੈ।ਇਹ ਸਭ ਫ਼ਰੇਬ ਹੈ, ਕਪਟ ਹੈ।
    ਇਸੇ ਵਿਚਾਰ ਨੂੰ ਇਸ ਤਰ੍ਹਾਂ ਵੀ ਫ਼ਰਮਾਇਆ ਹੈ: ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ (ਗ:ਗ:ਸ: ਪੰਨਾ-93) ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਇਸ ਸਾਰੇ ਸ਼ਬਦ ਨੂੰ ਵਿਚਾਰਦਿਆਂ ਭਗਤ ਜੀ ਸਮਝਾਉਂਦੇ ਹਨ: ਹੇ ਭੱਦਰ ਪੁਰਸ਼ੋ ਜੋ ਵਿਅਕਤੀ ਸਾਰੀ ਜ਼ਿੰਦਗੀ ਮੋਹ ਮਾਇਆ ਵਿਚ ਗਰੱਸਿਆ ਰਹਿੰਦਾ ਹੈ, ਰੱਬੀ ਗੁਣਾਂ ਨੂੰ ਧਾਰਨ ਨਹੀਂ ਕਰਦਾ। ਭਾਵ ਜੀਊਂਦੇ ਜੀ ਕਿਸੇ ਵੇਲੇ ਵੀ ਵਿਕਾਰਾਂ ਅਤੇ ਮੋਹ ਮਾਇਆ ਦੇ ਜਾਲ ਤੋਂ ਮੁਕਤ ਨਹੀਂ ਹੋਇਆ, ਤਾਂ ਇਹ ਸੱਚ ਜਾਣੋਂ ਕਿ ਮਰਨ ਤੋਂ ਪਿਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਭਾਵ ਲੋੜ ਤਾਂ ਇਹ ਹੈ ਕਿ ਜਿਊਂਦੇ ਜੀ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਇਆ ਜਾਵੇ। ਮਰਨ ਮਗਰੋਂ ਮੁਕਤੀ ਦਾ ਕੋਈ ਅਰਥ ਨਹੀਂ।
    ਹਿੰਦੋਸਤਾਨ ਵਿਚ ਕਈ  ਪੁਜਾਰੀਆਂ, (ਮੱਤਾਂ) ਦਾ ਇਹ ਮੱਤ ਵੀ ਰਿਹਾ ਹੈ ਕਿ ਨੰਗੇ ਰਹਿ ਕੇ ਜਾਂ ਫਿਰ ਸਭ ਕੁਝ ਛੱਡ-ਛਡਾ ਕੇ, ਭਾਵ ਸਭ ਕੁਝ ਤਿਆਗ ਕੇ ਮੁਕਤੀ ਮਿਲ ਸਕਦੀ ਹੈ: ਕਈ ਮੁਕਤੀ ਵਾਸਤੇ ਸਿਰ, ਮੂੰਹ ਮੁੰਨਾ ਕੇ ਇਹ ਸੋਚਦੇ ਸਨ ਕਿ ਇਸ ਤਰ੍ਹਾਂ ਮੁਕਤੀ ਮਿਲ ਜਾਵੇਗੀ। ਕਈ ਜਤੀ ਹੋਣ ਨਾਲ ਮੁਕਤੀ ਪ੍ਰਾਪਤ ਕਰਨ ਦਾ ਰਾਹ ਸਮਝਾਉਂਦੇ ਰਹੇ ਹਨ।
     ਇਸ ਤਰ੍ਹਾਂ ਦੀਆਂ ਸਭ ਧਾਰਨਾਵਾਂ ਨੂੰ ਨਿਕਾਰਦੇ ਹੋਏ ਗੁਰਬਾਣੀ ਰਾਹੀਂ ਸਮਝਾਇਆ ਹੈ: ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥ ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ (ਗ:ਗ:ਸ: ਪੰਨਾ-324) ਭਾਵ ਸਪਸ਼ਟ ਹਨ ਕਿ  ਜੇਕਰ ਨੰਗੇ ਰਹਿਣ ਨਾਲ ਹੀ ਮੁਕਤੀ ਮਿਲ ਸਕਦੀ ਹੁੰਦੀ ਤਾਂ ਜੋ ਜਾਨਵਰ ਨੰਗੇ ਫਿਰਦੇ ਹਨ ਉਨ੍ਹਾਂ ਨੂੰ ਮੁਕਤੀ ਮਿਲ ਜਾਂਦੀ। ਭਗਤ ਜੀ ਸਮਝਾਉਂਦੇ ਹਨ ਕਿ ਨੰਗੇ ਰਹਿਣ ਨਾਲ,  ਤੇ ਜਾ ਫਿਰ ਸਰੀਰ ਨੂੰ ਕਿਸੇ ਚਮੜੀ ਨਾਲ ਢੱਕ ਲੈਣ ਨਾਲ ਕੋਈ ਲਾਭ ਨਹੀਂ ਹੁੰਦਾ, ਕੋਈ ਫਰਕ ਨਹੀਂ ਪੈਂਦਾ, ਜਦੋਂ ਤਕ ''ਨਹੀ ਚੀਨਸਿ ਆਤਮ ਰਾਮ'' ਭਾਵ ਜਦੋਂ ਤਕ ਆਤਮਾਂ ਵਿਚ ਰੱਬੀ ਗੁਣ ਵਸਾ ਕੇ ਉਨ੍ਹਾਂ ਅਨੁਸਾਰ ਕਰਮ ਨਾ ਕੀਤੇ ਜਾਨ। ਇਸੇ ਤਰ੍ਹਾਂ ਜੇ ਕਰ ਸਿਰ, ਮੂੰਹ ਮੁੰਨਾ ਕੇ ਮੁਕਤੀ ਮਿਲਦੀ ਹੈ, ਕਲਿਆਣ ਹੋ ਜਾਣਾ ਹੁੰਦਾ ਤਾਂ ਤੇ ਭੇਡਾਂ ਵਾਸਤੇ ਇਹ ਮੁਕਤੀ ਤਾਂ ਵੱਟ ਤੇ ਪਈ ਹੈ, ਭਾਵ ਉਨ੍ਹਾਂ ਦੀ ਮੁਕਤੀ, ਜਾਂ ਉਨ੍ਹਾਂ ਦਾ ਕਲਿਆਣ ਤਾਂ ਲਾਜ਼ਮੀਂ ਹੋ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ ਕਿ ਇਸੇ ਤਰ੍ਹਾਂ  ਜੇਕਰ ਜਤੀ ਹੋਣ ਨਾਲ ਮੁਕਤੀ ਮਿਲ ਸਕਦੀ ਹੋਵੇ, ਜਾਂ ਇਸ ਦੁਨੀਆ ਦੇ ਭਵਸਾਗਰ ਤੋਂ ਕੋਈ ਪਾਰ ਹੁੰਦਾ ਹੋਵੇ, ਤਾਂ ਖੁਸਰਿਆ ਨੂੰ ਹੀ ਮੁਕਤੀ ਮਿਲਦੀ, ਉਹ ਹੀ ਪਰਮਗਤ ਪਾਉਂਦੇ। ਇਸ ਸ਼ਬਦ ਦਾ ਭਾਵ ਇਹ ਹੈ ਕਿ ਕਿਸੇ ਤਰ੍ਹਾਂ ਦੇ ਪਖੰਡ ਕਰਨ ਨਾਲ ਮੁਕਤੀ ਨਹੀਂ ਮਿਲ ਸਕਦੀ। ਭਗਤ ਜੀ ਕਹਿੰਦੇ  ਹਨ ਕਿ ਹੇ ਮੇਰੇ ਮਿਤਰੋ ਸੁਣੋਂ: ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥ ਭਾਵ ਇਹ ਕਿ ਰੱਬੀ ਗੁਣ ਅਪਨਾਉਣ ਤੋਂ ਬਿਨਾਂ ਜਾਂ ਵਿਵੇਕ ਬੁਧੀ (Devine wisdome) ਹਾਸਲ ਕਰਨ ਦੇ ਬਿਨਾਂ, ਸੋਝੀ ਨਹੀਂ ਆਉਂਦੀ, ਗਤੀ ਨਹੀਂ ਹੁੰਦੀ ਅਤੇ ਇਸ ਸੋਝੀ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ।
    ਗੁਰਬਾਣੀ ਸਮਝਾਉਂਦੀ ਹੈ ਕਿ ਮੁਕਤੀ ਦਾ ਭਾਵ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਣਾ ਹੈ। ਸਰੀਰ ਤੋਂ ਮੁਕਤ ਹੋਣਾ ਕੋਈ ਮੁਕਤੀ ਨਹੀਂ। ਵਿਕਾਰਾਂ ਤੋਂ ਜਾਂ ਇਛਾਵਾਂ ਤੋਂ ਮੁਕਤੀ ਮਿਲਦੀ ਹੈ, ਸੋਝੀ ਹਾਸਲ ਕਰਨ ਨਾਲ, ਚੰਗੇ ਗੁਣ, ਰੱਬੀ ਗੁਣ ਅਪਨਾਉਣ ਨਾਲ ਨਾ ਕਿ ਕਰਮਕਾਂਡਾਂ ਦੀ ਪੂਰਤੀ ਨਾਲ।
    ਗੁਰੂ ਸਾਹਿਬਾਨ ਨੇ ਮੁਕਤੀ ਨੂੰ ਕੇਵਲ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਤੋਂ ਉਪਰ ਉਠ ਕੇ ਉਨ੍ਹਾਂ ਨੇ ਸਾਰੇ ਸਮਾਜ ਦੀ ਮੁਕਤੀ ਦੀ ਕਾਮਨਾ ਕੀਤੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਗ:ਗ:ਸ: ਪੰਨਾ-295) ਇਸ ਤਰ੍ਹਾਂ ਮੁਕਤੀ ਦੇ ਸੰਬੰਧ ਵਿਚ ਗੁਰੂ ਸਾਹਿਬ ਦਾ ਜੋ ਸੰਕਲਪ ਹੈ ਉਹ ਕੇਵਲ ਨਿਜੀ ਮੁਕਤੀ ਹਾਸਲ ਕਰਨਾ ਨਹੀਂ ਸਗੋਂ ਸਾਰੇ ਸਮਾਜ, ਸਾਰੇ ਸੰਸਾਰ, ਨੂੰ ਮੁਕਤੀ ਦਿਵਾਉਣਾ ਹੈ। ਉਹ ਵਿਅਕਤੀ ਜੋ ਆਪ ਤਾਂ ਮੁਕਤ ਹੁੰਦਾ ਹੈ ਅਤੇ ਨਾਲ ਸਾਰੇ ਸੰਸਾਰ ਦੀ ਮੁਕਤੀ ਵਾਸਤੇ ਕਾਮਨਾ ਕਰਦਾ ਹੈ, ਸਭ ਦੇ ਕਲਿਆਨ ਲਈ ਘਾਲਣਾ ਘਾਲਦਾ ਹੈ, ਐਸੇ ਵਿਕਤੀ ਨੂੰ ਗੁਰੂ ਸਾਹਿਬ ਨਮਸਕਾਰ ਕਰਦੇ ਹਨ, ਭਾਵ ਐਸਾ ਵਿਅਕਤੀ ਆਦਰ ਯੋਗ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ ਸਰਬੱਤ ਦੇ ਭਲੇ ਵਾਸਤੇ, ਸਾਰੀ ਲੋਕਾਈ ਦੇ ਕਲਿਆਨ ਵਾਸਤੇ, ਸਾਰੇ ਸਮਾਜ ਦੀ ਮੁਕਤੀ ਵਾਸਤੇ, ਨਿਸ਼ਾਨਾ ਮਿੱਥਦੀ ਹੈ। ਇਹ ਹੀ ਹੈ ਸਰਬੱਤ ਦੇ ਭਲੇ ਦਾ ਸੰਕਲਪ। ਜੋ ਮੁਕਤੀ ਦੀ ਪ੍ਰਾਪਤੀ ਕਰਨੀ ਹੈ ਉਹ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਹੈ ਅਤੇ ਨਾ ਹੀ ਕਿਸੇ ਆਪਣੇ ਖਾਸ ਧਰਮ ਦੇ ਖਾਸ ਅਨੁਯਾਈਆਂ ਨੂੰ ਮੁਕਤੀ ਦਿਵਾਉਣ ਤਕ ਸੀਮਤ ਹੈ। ਗੁਰਬਾਣੀ ਦਾ ਉਦੇਸ਼ ਤਾਂ ਸਮੁੱਚੇ ਸਮਾਜ ਦੀ ਮੁਕਤੀ, ਭਾਵ ਕਲਿਆਣ ਵਾਸਤੇ ਹੈ।
      ਗੁਰਬਾਣੀ ਵਿਚ ਜਦੋਂ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਮੁਕਤ ਹੋਣ ਲਈ ਪ੍ਰੇਰਿਆ ਹੈ ਤਾਂ ਉਥੇ ਇਹ ਵੀ ਸਮਝਾਇਆ ਹੈ ਕਿ ਜਿਉਂਦੇ ਜੀ ਵਿਕਰਾਂ ਤੋਂ ਮੁਕਤ ਕਿਵੇਂ ਹੋਣਾ ਹੈ। ਭਾਵ ਜੋ ਮੁਕਤੀ ਦਾ ਸੰਕਲਪ ਦਰਸਾਇਆ ਹੈ ਉਸ ਮੁਕਤੀ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿਚ ਗੁਰਬਾਣੀ ਇਸ ਤਰ੍ਹਾਂ ਸੇਧ ਦਿੰਦੀ ਹੈ: ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥(ਗ:ਗ:ਸ: ਪੰਨਾ-1343) ਭਾਵ ਜਦੋਂ ਵਿਅਕਤੀ ''ਸਬਦੁ ਸੁਣਾਏ'' ਭਾਵ ਜਦੋਂ ਕੋਈ ਸੱਚ ਦੇ ਗਿਆਨ ਨੂੰ, ਰੱਬੀ ਗਿਆਨ ਨੂੰ, ਸੁੰਣਦਾ, ਵਿਚਾਰਦਾ ਅਤੇ ਸਮਝਦਾ ਹੈ ਤਾਂ ਉਸ ਦੀ ''ਸਚੀ ਰਹਤ'' ਭਾਵ ਉਸ ਦੀ ਰਹਿਣੀ ਵੀ ਸੱਚੀ ਹੋ ਜਾਂਦੀ ਹੈ; ਉਸ ਦੀ ਸੋਚ ਵੀ ਸੁਚੱਜੀ ਹੋ ਜਾਂਦੀ ਹੈ। ਸੁਚੱਜੀ ਸੋਚ ਅਤੇ ਸੁਚੱਜੀ ਰਹਿਤ ਕਾਰਨ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਵਿਕਾਰਾਂ ਤੋਂ ਛੁਟਕਾਰਾ ਮਿਲਣ ਨਾਲ ''ਸਚਾ ਸੁਖੁ ਪਾਏ'' ਉਸ ਨੂੰ ਸਦੀਵੀਂ ਅੰਨਦ ਦੀ ਪ੍ਰਾਪਤੀ ਹੋ ਜਾਂਦੀ ਹੈ।ਇਸ ਤਰ੍ਹਾਂ ਉਹ ਜੀਵਨ ਮੁਕਤ ਹੋ ਜਾਂਦਾ ਹੈ। ਉਸ ਨੂੰ ਜੀਉਂਦੇ ਜੀਅ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
    ਜਦੋਂ ਇਹ ਸਮਝਾ ਦਿੱਤਾ ਗਿਆ ਕਿ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੀ ਮੁਕਤੀ ਹੈ ਤਾਂ ਗੁਰਬਾਣੀ ਇਹ ਵੀ ਸਮਝਾਉਂਦੀ ਹੈ ਕਿ ਵਿਕਾਰ ਉਪਜਦੇ ਕਿਥੋਂ ਹਨ। ਤਾਂ ਕਿ ਵਿਕਾਰ ਪੈਦਾ ਹੀ ਨਾ ਹੋਣ ਦਿੱਤੇ ਜਾਣ। ਇਸ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥(ਗ:ਗ:ਸ: ਪੰਨਾ-1009) ਭਾਵ ਵਿਕਾਰ ਪੈਦਾ ਹੁੰਦੇ ਹਨ ਹਉਮੈ ਤੋਂ ਇਸ ਲਈ ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਿਹਾ ਜਾ ਸਕਦਾ ਹੈ ਕਿ ਉਹ ਜੀਊਂਦਿਆਂ ਹੀ ਮੁਕਤ ਹੋ ਗਿਆ। ਇਥੇ ਹੀ ਬਸ ਨਹੀਂ; ਗੁਰਬਾਣੀ ਰਾਹੀਂ ਇਹ ਵੀ ਸਮਝਾਇਆ ਹੈ ਕਿ ਹਉਮੈ ਤੋਂ ਬਚਣਾ ਕਿਵੇਂ ਹੈ। ਗੁਰਬਾਣੀ ਅਨੁਸਾਰ ਜੇਕਰ ਹਉਮੈ ਤੇ ਕਾਬੂ ਪਾਉਣਾ ਹੈ ਤਾਂ ਮਨ ਵਿਚ ਨਿਮਰਤਾ ਪੈਦਾ ਕੀਤੀ ਜਾਵੇ। ਇਹ ਨਿਮਰਤਾ ਵੀ ਮੁਕਤੀ ਦਾ ਇਕ ਰਾਹ ਹੈ। ਇਸ ਸੰਬੰਧ ਵਿਚ ਗੁਰਬਾਣੀ ਦਾ ਫਰਮਾਨ ਹੈ: ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (ਗ:ਗ:ਸ: ਪੰਨਾ-278) ਭਾਵ ''ਕਰਿ ਕਿਰਪਾ'' ਜਿਸ ਉਤੇ ਕਿਰਪਾ ਹੋ ਜਾਂਦੀ ਹੈ ਭਾਵ ਜਿਸ ਨੂੰ ਸੋਝੀ ਆ ਜਾਂਦੀ ਹੈ, ਸੋਝੀ ਦਾ ਆਉਣਾ ਹੀ ਕਿਰਪਾ ਦਾ ਹੋਣਾ ਹੁੰਦਾ ਹੈ। ਇਸ ਸੋਝੀ ਨਾਲ ਰੱਬੀ ਗੁਣ ਹਿਰਦੇ ਵਿਚ ਵਸ ਜਾਂਦੇ ਹਨ: ਉਸ ਦੇ ਹਿਰਦੇ ਵਿਚ ਨਿਮਰਤਾ ਆ ਜਾਂਦੀ ਹੈ। ਜਿਤਨੀ ਦੇਰ ਮਨ ਵਿਚ ਹਉਮੈ ਹੁੰਦੀ ਹੈ, ਨਿਮਰਤਾ ਨਹੀਂ ਆ ਸਕਦੀ, ਗਰੀਬੀ ਦਾ ਵਾਸਾ ਨਹੀਂ ਹੋ ਸਕਦਾ।ਜਿਸ ਦੇ ਮਨ ਵਿਚ ਨਿਮਰਤਾ ਆ ਜਾਂਦੀ ਹੈ, ਜਿਸ ਦੇ ਮਨ ਵਿਚ  ਗਰੀਬੀ ਦਾ ਵਾਸਾ ਹੋ ਜਾਂਦਾ ਹੈ ਤਾਂ ਐਸਾ ਵਿਅਕਤੀ ''ਈਹਾ ਮੁਕਤੁ'' ਸੰਸਾਰ ਵਿਚ ਰਹਿੰਦਿਆ, ਜੀਊਂਦੇ ਜੀਅ, ਮੁਕਤ ਹੋ ਜਾਂਦਾ ਹੈ, ਇਸ ਮੁਕਤੀ ਕਾਰਨ ਉਸ ਨੂੰ ਜਿਥੇ ਜੀਉਂਦਿਆਂ ਸੁਖ ਮਿਲਦਾ ਹੈ ਉਸ ਦੇ ਮਰਨ ਮਗਰੋਂ ਵੀ ਉਸ ਦੀ ਉਸਤਤੀ ਹੁੰਦੀ ਹੈ। ਇਹ ਹੈ ਆਗੈ ਸੁਖੁ ਪਾਵੈ।
    ਜੀਉਂਦੇ ਜੀ ਮੁਕਤ ਹੋਣ ਵਾਸਤੇ ਗੁਰਬਾਣੀ ਇਸ ਤਰ੍ਹਾਂ ਵੀ ਸਮਝਾਉਂਦੀ ਹੈ: ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ (ਪੰਨਾ-1155) ਭਾਵ ਜਿਸ ਵਿਅਕਤੀ ਮਨ ਵਿਚ ''ਨਾਮੁ ਰਿਦੈ'' ਭਾਵ ਰੱਬੀ ਗੁਣ (ਚੰਗੇ ਗੁਣ) ਵਸ ਜਾਂਦੇ ਹਨ ਉਹ ਜੀਵਨ ਮੁਕਤ ਹੋ ਜਾਂਦਾ ਹੈ।
    ਗੁਰਬਾਣੀ ਵਿਚ ਜੀਊਂਦੇ ਜੀਅ ਮੁਕਤੀ ਪ੍ਰਾਪਤ ਕਰਨ ਦੇ ਕਈ ਹੋਰ ਨੁਕਤੇ, ਫਾਰਮੂਲੇ (Formulae) ਦੱਸੇ ਹਨ, ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ:-ਜਿਵੇਂ ਕਿ:
1)    ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਗ:ਗ:ਸ: ਪੰਨਾ-1427) ਭਾਵ ਐਸਾ ਵਿਅਕਤੀ ਜੋ ਆਪਣੀ ਉਸਤਤ ਸੁਣ ਕੇ ਕਿਸੇ ਗੁਮਾਨ ਵਿਚ ਨਹੀਂ ਆਉਂਦਾ, ਕੋਈ ਹੰਕਾਰ ਨਹੀਂ ਕਰਦਾ ਅਤੇ ਨਾਂ ਹੀ ਆਪਣੀ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ ਅਤੇ ਗੁਸਾ ਨਹੀਂ ਕਰਦਾ। ਐਸਾ ਵਿਅਕਤੀ ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ ਜਾਪਦੇ ਹਨ ਭਾਵ ਸੋਨੇ ਨੂੰ ਵੇਖ ਕੇ ਲਲਚਾਉਂਦਾ ਨਹੀਂ ਅਤੇ ਲੋਹੇ ਨੂੰ ਦੁਰਕਾਰਦਾ ਨਹੀਂ। ਗੁਰੂ ਸਾਹਿਬ ਆਖਦੇ ਹਨ ਐਸਾ ਵਿਕਤੀ ਹੀ ਮੋਹ ਮਾਇਆ ਤੋਂ ਨਿਰਲੇਪ ਹੁੰਦਾ ਹੈ ਅਤੇ ਉਸੇ ਨੂੰ ਮੁਕਤ ਸਝਿਆ ਜਾਨਾਂ ਚਾਹੀਦਾ ਹੈ।
2)    ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ॥ (ਗ:ਗ:ਸ: ਪੰਨਾ-86) ਜੋ ਵਿਅਕਤੀ ਗਿਆਨਵਾਨ ਪਾਸੋਂ ਰੱਬੀ ਗੁਣਾਂ ਨੂੰ ਸਮਝ ਕੇ ਅਪਣਾ ਲੈਂਦਾ ਹੈ, ਉਹ ਆਪਣਾ ਜੀਵਨ ਸੁਧਾਰ ਲੈਂਦਾ ਹੈ; ਆਪਣੀ ਸੋਚ ਨੂੰ ਚੰਗੀ ਸੇਧ ਦੇ ਲੈਂਦਾ ਹੈ। ਐਸਾ ਵਿਅਕਤੀ ਆਪ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਅਤੇ ਆਪਣੀ ਸਾਰੀ ਕੁਲ ਨੂੰ ਵੀ ਸਿਧੇ ਰਸਤੇ ਪਾ ਜਾਂਦਾ ਹੈ। ਇਸ ਤਰ੍ਹਾਂ ਵਿਕਾਰਾਂ ਤੋਂ ਮੁਕਤ ਹੋਣਾ ਹੀ ਅਸਲ ਮੁਕਤੀ ਹੈ।
    ਇਸ ਤਰ੍ਹਾਂ ਦੇ ਹੋਰ ਬਹੁਤ ਸ਼ਬਦ ਹਨ ਜੋ ਇਹ ਸਮਝਾਉਂਦੇ ਹਨ ਕਿ ਰੱਬੀ ਗੁਣਾਂ ਦੀ ਸੋਝੀ ਪਾ ਕੇ ਅਤੇ ਉਨ੍ਹਾਂ ਗੁਣਾਂ ਨੂੰ ਅਪਣਾ ਕੇ ਜੀਉਂਦੇ ਜੀ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਹੀ  ਜੀਵਨ ਦਾ ਅਸਲ ਮਨੋਰਥ ਹੈ। ਮਰਨ ਤੋਂ ਬਾਅਦ ਵਾਲੀ ਮੁਕਤੀ ਕੋਈ ਮੁਕਤੀ ਨਹੀਂ। ਇਹ ਹੈ ਗੁਰਬਾਣੀ ਅਨੁਸਾਰ ਮੁਕਤੀ ਦਾ ਸੰਕਲਪ।
     ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +61-468432632
E-mail-   kanwar238@yahoo.com

ਸੁਚੱਜਾ ਜੀਵਨ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

 ਸੁਚੱਜਾ ਜੀਵਨ ਜੀਊਣਾ ਹੀ ਇਨਸਾਨੀਅਤ ਹੈ ਅਤੇ ਇਹ ਹੀ ਹੈ ਇਨਸਾਨ ਦਾ ਧਰਮ । ਜੇਕਰ ਹਰ ਕੋਈ ਸੁਚੱਜਾ ਜੀਵਨ ਬਤੀਤ ਕਰਨਾ ਸਿੱਖ ਲਵੇ ਤਾਂ ਇਹ ਸਮਾਜ ਕਿਤਨਾ ਖੁਸ਼ਹਾਲ ਅਤੇ ਖੇੜੇ ਵਾਲਾ ਹੋ ਜਾਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਜਿਸ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਦੇ ਲੋਕ ਸੁਚੱਜਾ ਜੀਵਨ ਜੀਉਂਦੇ ਹਨ ਉਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਹੀ ਤਰੱਕੀ ਕਰਦਾ ਹੈ ਅਤੇ ਉਥੋਂ ਦੇ ਲੋਕ ਹੀ ਸੁਖੀ ਹੁੰਦੇ ਹਨ।
    ਇਹ ਵੀ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਚੱਜਾ ਜੀਵਨ ਜੀਊਣਾ ਵੀ ਇਕ ਕਲਾ ਹੈ ਅਤੇ ਇਸ ਕਲਾ ਨੂੰ ਉਦਮ ਨਾਲ ਸਿੱਖਿਆ ਵੀ ਜਾ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਨੇ ਡਾਕਟਰ ਬਨਣਾ ਹੋਵੇ ਤਾਂ ਉਸ ਨੂੰ ਡਾਕਰੀ ਦੇ ਸੰਬੰਧ ਵਿਚ ਇਕ ਵਿਸ਼ੇਸ਼ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਹੀ ਉਹ ਚੰਗਾ ਡਾਕਟਰ ਬਣ ਸਕਦਾ ਹੈ। ਜਿਤਨੀ ਲਗਣ ਨਾਲ ਉਹ ਇਸ ਹੁਨਰ ਨੂੰ ਸਿਖਦਾ ਹੈ ਉਤਨੀ ਹੀ ਸਫਲਤਾ ਉਸ ਨੂੰ ਮਿਲਦੀ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੇ ਵਕੀਲ ਬਨਣਾ ਹੈ ਤੇ ਵਕਾਲਤ ਵਾਸਤੇ ਉਸੇ ਮੁਤਾਬਕ ਪੜ੍ਹਾਈ ਕਰਕੇ ਯੋਗਤਾ ਪ੍ਰਾਪਤ ਕਰਨ ਉਪਰੰਤ ਹੀ ਕੋਈ ਕਾਮਯਾਬ ਵਕੀਲ ਬਣ ਸਕਦਾ ਹੈ। ਇਨਜੀਨਅਰ ਬਨਣ ਵਾਸਤੇ ਉਸੇ ਮੁਤਾਬਕ ਪੜ੍ਹਾਈ ਦੀ ਲੋੜ ਹੁੰਦੀ ਹੈ। ਸੁਭਾਵਿਕ ਹੈ ਕਿ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਉਸੇ ਅਨੁਸਾਰ ਉਸ ਸੰਬੰਧੀ ਯੋਗਤਾ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਚੰਗਾ ਸੁਚੱਜਾ,ਸੁਖੀ ਤੇ ਸ਼ਾਂਤਮਈ ਜੀਵਨ ਜੀਊਣਾ ਹੈ ਤਾਂ ਉਸ ਵਾਸਤੇ ਵੀ ਕੋਈ ਵੱਖਰੀ ਹੀ ਪੜ੍ਹਾਈ ਜ਼ਰੂਰੀ ਹੁੰਦੀ ਹੈ ਭਾਂਵੇ ਬਹੁਤ ਕਰਕੇ ਇਸ ਵਲ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ।
    ਜੀਵਨ ਸੁਚੱਜਾ ਅਤੇ ਚੰਗਾ ਜੀਊਣ ਵਾਸਤੇ ਆਮ ਤੌਰ ਤੇ  ਇਹ ਸਮਝ ਲਿੱਤਾ ਜਾਂਦਾ ਹੈ ਕਿ ਜੇਕਰ ਦੌਲਤ ਕਮਾ ਲਿੱਤੀ ਜਾਵੇ ਤਾਂ ਜੀਵਨ ਆਪਣੇ ਆਪ ਚੰਗਾ ਹੋ ਜਾਵੇਗਾ ਤੇ ਜ਼ਿੰਦਗੀ ਮਜ਼ੇਦਾਰ ਹੋ ਜਾਵੇਗੀ। ਕਈ ਵਾਰ ਇਹ ਵੀ ਸੋਚ ਲਿੱਤਾ ਜਾਂਦਾ ਹੈ ਕਿ ਕੋਈ ਉੱਚਾ ਰੁਤਬਾ ਹਾਸਲ ਕਰ ਲਿੱਤਾ ਜਾਵੇ ਤਾਂ ਜੀਵਨ ਚੰਗਾ ਬਤੀਤ ਹੋਵੇਗਾ। ਹੋ ਸਕਦਾ ਹੈ,  ਕੁਝ ਲੋਕ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਬਤੀਤ ਕਰ ਸਕਦੇ ਹੋਣ। ਕੁਝ ਐਸੇ ਵਿਅਕਤੀ ਹਨ ਜੋ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਜੀਊਂਦੇ ਹਨ, ਪਰ ਬਹੁਤ ਵਾਰ ਦੌਲਤ ਅਤੇ ਰੁਤਬਾ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਐਸਾ ਵਿਅਕਤੀ ਨਾਂ ਸਿਰਫ ਆਪਣਾ ਜੀਵਨ ਖਰਾਬ ਕਰਦਾ ਹੈ ਸਗੋਂ ਸਾਰੇ ਸਮਾਜ ਨੂੰ ਗੰਦਾ ਕਰ ਦਿੰਦਾ ਹੈ। ਬਹੁਤ ਸਾਰੇ ਰਾਜਨੀਤਕ ਲੀਡਰ ਐਸੇ ਵੇਖੇ ਸੁਣੇ ਗਏ ਹਨ ਜੋ ਦੌਲਤ ਅਤੇ ਰੁਤਬੇ ਦੇ ਅਹੰਕਾਰ ਅਤੇ ਲਾਲਚ ਕਾਰਨ ਦੇਸ਼ ਅਤੇ ਕੌਮ ਨੂੰ ਬਰਬਾਦ ਕਰ ਦਿੰਦੇ ਹਨ।
    ਹੁਣ ਜੇਕਰ ਚੰਗਾ ਸੁਚੱਜਾ ਜੀਵਨ ਜੀਊਣਾ ਹੈ ਤਾਂ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਚੰਗਾ ਸੁਚੱਜਾ ਜੀਵਨ ਹੁੰਦਾ ਕੀ ਹੈ? ਅਤੇ ਇਸ ਦੀ ਸਿੱਖਿਆ ਕਿਥੋਂ ਮਿਲਦੀ ਹੈ? ਅਤੇ ਇਸ ਵਾਸਤੇ ਕਿਹੜੀ ਪੜ੍ਹਾਈ ਕੀਤੀ ਜਾਵੇ?
    ਇਨ੍ਹਾਂ ਸਭ ਸਵਾਲਾਂ ਦੇ ਜੁਆਬ ਵਿਚ ਬਹੁਤ ਲੋਕ ਆਖ ਦੇਣਗੇ ਕਿ ਹਰ ਵਿਅਕਤੀ ਨੂੰ ਧਰਮੀ ਹੋਣਾ ਚਾਹੀਦਾ ਹੈ ਅਤੇ ਧਰਮ ਦੀ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਵਾਸਤੇ ਬਹੁਤ ਸਾਰੇ ਧਰਮ ਗ੍ਰੰਥਾਂ ਦੀ ਰਚਣਾ ਵੀ ਕੀਤੀ ਗਈ ਹੈ। ਇਹ ਠੀਕ ਵੀ ਹੈ: ਪਰ ਜੇ ਇਹ ਸਮਝ ਹੀ ਨਾ ਆਵੇ ਕਿ ਧਰਮ ਹੁੰਦਾ ਕੀ ਹੈ ਤਾਂ ਸਭ ਕੁਝ ਉਲਟਾ ਪੁਲਟਾ ਹੋ ਜਾਂਦਾ ਹੈ। ਕਿਉਂਕਿ ਆਮ ਤੌਰ ਤੇ ਇਹ ਹੀ ਸਮਝ ਲਿੱਤਾ ਜਾਂਦਾ ਹੈ; ਜਾਂ ਇਹ ਹੀ ਸਮਝਾਇਆ ਜਾਂਦਾ ਹੈ, ਕਿ ਇਨ੍ਹਾਂ ਗ੍ਰੰਥਾਂ ਦੀ ਪੂਜਾ ਕਰਦੇ ਰਹੋ, ਬੱਸ ਇਹ ਹੀ ਧਰਮ ਹੈ। ਇਸ ਤਰ੍ਹਾਂ ਪਾਠ ਪੂਜਾ ਕਰਨ ਵਾਸਤੇ ਇਕ ਰੱਬ ਵੀ ਬਣਾ ਲਿੱਤਾ ਜਾਂਦਾ ਅਤੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫਿਰ ਪੂਜਾ ਦੇ ਨਾਮ ਤੇ ਉਸ ਧਰਮ ਦੇ ਕਰਮਕਾਂਡ ਘੜ ਦਿੱਤੇ ਜਾਂਦੇ ਹਨ।ਅਤੇ ਫਿਰ ਇਹ ਹੀ ਸਮਝ ਲਿੱਤਾ ਜਾਂਦਾ ਹੈ ਕਿ, ਧਰਮ ਗ੍ਰੰਥ ਨੂੰ ਪੜ੍ਹ ਲੈਣਾ, ਜਾਂ ਸੁਣ ਲੈਣਾ, ਜਾਂ ਫਿਰ ਪਾਠ ਪੂਜਾ ਕਰ ਲੈਣਾ ਅਤੇ ਕਰਮਕਾਂਡਾ ਦੀ ਪੂਰਤੀ ਕਰਨਾ ਹੀ ਧਰਮੀ ਹੋਣਾ ਹੈ। ਪਰ ਵੇਖਣਾ ਇਹ ਹੈ ਕਿ; ਕੀ ਸੱਚ ਮੁੱਚ ਇਹ ਹੀ ਇਕ ਚੰਗਾ ਜੀਵਨ ਜੀਉਣਾ ਹੁੰਦਾ ਹੈ? ਇਸ ਤਰ੍ਹਾਂ ਦੇ ਕਰਮਕਾਂਡੀ ਧਰਮ ਨੂੰ ਪੈਦਾ ਕਰਨ ਵਾਲੇ ਅਜੋਕੇ ਸਮਾਜ ਵਿਚ ਬਹੁਤ ਸਾਰੇ ਸਾਧੂ, ਸੰਤ, ਬਾਬੇ, ਅਤੇ ਹੋਰ ਕਈ ਡੇਰੇਦਾਰ ਪੈਦਾ ਹੋ ਗਏ ਹਨ ਜੋ ਸਮਾਜ ਨੂੰ ਸੁਧਾਰਨ ਦੀ ਬਜਾਏ ਸਮਾਜ ਨੂੰ ਲੁੱਟ ਰਹੇ ਹਨ ਅਤੇ ਕਈ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹਨ। ਕਈ ਧਰਮ ਦੇ ਨਾਮ ਤੇ ਠੇਕੇਦਾਰ ਵੀ ਬਣੇ ਬੈਠੇ ਹਨ ਜੋ ਧਰਮ ਦੇ ਨਾਮ ਤੇ ਨਫਰਤ ਪੈਦਾ ਕਰ ਰਹੇ ਹਨ ਅਤੇ ਸ਼ਰੀਫ ਵਿਅਕਤੀ ਲਈ ਮੁਸੀਬਤਾਂ ਖੜੀਆਂ ਕਰ ਰਹੇ ਹਨ। ਧਰਮ ਦੇ ਨਾਮ ਤੇ ਲੜਾਈਆਂ ਝਗੜੇ ਕਰਵਾ ਰਹੇ ਹਨ। ਜੇਕਰ ਧਰਮ ਦੀ ਪੜ੍ਹਾਈ ਇਸ ਤਰ੍ਹਾਂ ਦੀ ਕਰਵਾਈ ਜਾਵੇ ਜਿਸ ਨਾਲ ਨਫਰਤ ਪੈਦਾ ਹੁੰਦੀ ਹੋਵੇ ਤਾਂ ਐਸੇ ਧਰਮ ਦੀ ਪੜ੍ਹਾਈ ਸੁਚੱਜਾ ਜੀਵਨ ਜੀਊਣਾ ਨਹੀਂ ਸਿਖਾ ਸਕਦੀ।
    ਸੁਚੱਜਾ ਜੀਵਨ ਜੀਊਣ ਵਾਸਤੇ ਅਸਲ ਲੋੜ ਹੁੰਦੀ ਹੈ ਮਨ ਨੂੰ ਸੱਚਾ ਸੁਚਾ ਕਰਨਾ ਕਿਉਂਕਿ ਮਨ ਹੀ ਮਤ ਘੜਦਾ ਹੈ ਅਤੇ ਸੁਚੱਜੀ ਮੱਤ ਹੀ ਸੁਚੱਜਾ ਜੀਵਨ ਜੀਊਣ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਚੰਗਾ ਜੀਵਣ ਜੀਊਣ ਵਾਸਤੇ, ਮਨ ਨੂੰ ਸੋਧਣ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਸਕੂਲਾਂ ਕਾਲਜਾਂ ਵਿਚ ਮਨੋ-ਵਿਗਿਆਨਕ ਸਾਂਇੰਸ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਇਸ ਪੜ੍ਹਾਈ ਵਾਸਤੇ ਬਹੁਤ ਸਾਰੇ ਸਕੂਲ ਕਾਲਜ ਹਨ ਅਤੇ ਬਹੁਤ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਜੇ ਇਨ੍ਹਾਂ ਦਾ ਚੰਗੀ ਤਰ੍ਹਾਂ ਅਧਿਅਨ ਕੀਤਾ ਜਾਵੇ ਤਾਂ ਬਹੁਤ ਲਾਭ ਹੋ ਸਕਦਾ ਹੈ। ਇਹ ਇਕ ਵਿਸ਼ੇਸ਼ ਪੜ੍ਹਾਈ ਦਾ ਕੋਰਸ ਹੁੰਦਾ ਹੈ। ਪਰ ਇਸ ਸਬੰਧ ਵਿਚ ਇਹ ਅਨੁਭਵ ਕੀਤਾ ਗਿਆ ਹੈ ਕਿ ਐਸੀ ਪੜ੍ਹਾਈ, (theoretical )  ਭਾਵ ਸਿਧਾਂਤਕ ਜਾਂ ਇਲਮੀ ਗਿਆਨ ਤਾਂ ਜ਼ਰੂਰ ਪ੍ਰਦਾਨ ਕਰਦੀ ਹੈ ਪਰ ਸਾਰਥਕ, ਅਰਥ-ਭਰਪੂਰ, ਵਿਹਾਰਕ ਜਾਂ ਅਮਲੀ (practical) ਜੀਵਨ ਜੀਊਣਾ ਕਿਵੇਂ ਹੈ; ਇਸ ਸੰਬੰਧ ਵਿਚ ਕੋਈ ਸੇਧ ਨਹੀਂ ਮਿਲਦੀ।
    ਹੁਣ ਜਦੋਂ ਸਾਰਥਕ, ਅਰਥ-ਭਰਪੂਰ, ਵਿਹਾਰਕ ਅਤੇ ਅਮਲੀ (practical) ਜੀਵਨ ਜੀਊਣ ਦੀ ਗੱਲ ਆਉਂਦੀ ਹੈ ਤਾਂ ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਫ਼ਲਸਫ਼ਾ, ਇਕ ਐਸਾ ਦਾਰਸ਼ਨਕ ਸਿਧਾਂਤ ਹੈ, ਐਸਾ ਤੱਤ ਗਿਆਨ ਹੈ ਜੋ ਸੁਚੱਜਾ ਜੀਵਨ ਬਤੀਤ ਕਰਨ ਸੰਬੰਧੀ ਪੂਰਾ ਗਿਆਨ ਪ੍ਰਦਾਨ ਕਰਦਾ ਹੈ। ਇਸ ਗ੍ਰੰਥ ਵਿਚ ਦਰਸਾਏ ਗਏ ਸਿਧਾਂਤ ਹਰ ਪੱਖੋਂ ਅਟੱਲ ਹਨ। ਇਸੇ ਲਈ ਇਸ ਵਿਚ ਅੰਕਿਤ ਫ਼ਲਸਫ਼ੇ ਨੂੰ ਸੱਚੀ ਬਾਣੀ ਕਿਹਾ ਗਿਆ ਹੈ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹ ਸੀ ਕਿ ਮਨੁੱਖ ਨੂੰ ਮਨੁੱਖੀ ਸਿਧਾਂਤਾਂ ਤੋ ਜਾਣੂ ਕਰਵਾਇਆ ਜਾਵੇ ਅਤੇ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ।ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਹੀ ਲਿਖਿਆ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਸਚਿਆਰ ਹੋਣਾ ਹੀ ਸੁਚੱਜਾ ਜੀਵਨ ਜੀਊਣਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਕਰਨ ਵਾਸਤੇ ਹੀ ਵਰਤਿਆ ਜਾ ਰਿਹਾ ਹੈ। ਜਦੋਂ ਕਿ ਲੋੜ ਹੈ: ਕਿ ਜੋ ਧਰਮ ਦੇ ਨਾਮ ਤੇ ਭੁਲੇਖੇ ਪਾ ਕੇ, ਪੂਜਾ ਅਤੇ ਕਰਮ ਕਾਂਡਾਂ ਵਾਲੀ, ਕੂੜ ਦੀ ਦਿਵਾਰ ਖਿੱਚ ਦਿੱਤੀ ਗਈ ਹੈ ਉਸ ਨੂੰ ਤੋੜ ਕੇ ਬਾਹਰ ਆਉਣ ਦਾ ਰਸਤਾ ਵਿਖਾਇਆ ਜਾਵੇ, ਜੋ ਕਿ ਉਦੇਸ਼ ਹੈ ਇਸ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਫ਼ਲਸਫ਼ੇ ਦਾ।  ਕਰਮ ਕਾਂਡਾਂ ਵਾਲੀ ਕੂੜ ਦੀ ਦਿਵਾਰ ਤੋਂ ਬਾਹਰ ਆ ਕੇ ਹੀ ਅਮਲੀ, ਸਾਰਥਕ, ਅਰਥ ਭਰਪੂਰ ਅਤੇ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। 
     ਸਾਰਥਕ ਅਤੇ ਅਰਥ ਭਰਪੂਰ ਜੀਵਨ ਜੀਊਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਉਤੇ ਰੱਬੀ ਗੁਣ, ਭਾਵ ਚੰਗੇ ਗੁਣ ਅਪਨਾਉਣ ਲਈ ਪ੍ਰੇਰਿਆ ਗਿਆ ਹੈ। ਇਹ ਗੁਣ ਹੀ ਉਹ ਮਹੱਤਵਪੂਰਣ ਨੁਕਤੇ ਹਨ ਜੋ ਇਨਸਾਨ ਨੂੰ ਇਨਸਾਨ ਬਨਣ ਦੀ ਸੇਧ ਦਿੰਦੇ ਹਨ ਅਤੇ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਵਿਖਾਂਉਂਦੇ ਹਨ। ਇਨ੍ਹਾਂ ਨੁਕਤਿਆਂ ਨੂੰ ਸਮਝ ਕੇ ਅਮਲ ਵਿਚ ਲਿਆਉਣ ਦੀ ਲੋੜ ਹੁੰਦੀ ਹੈ ਜਿਸ ਰਾਹੀਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। ਉਦਾਰਨ ਵਜੋਂ ਇਥੇ ਕੇਵਲ ਕੁਝ-ਕੁ ਗੁਣਾਂ ਵਾਲੇ ਨੁਕਤਿਆਂ ਦਾ ਉਲੇਖ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਗੁਣਾਂ ਨੂੰ ਅਪਣਾ ਕੇ ਨਾ ਕੇਵਲ ਸੁਚੱਜਾ ਜੀਵਨ ਜੀਊਣ ਦੀ ਜਾਚ ਆਉਂਦੀ ਹੈ ਸਗੋਂ ਮਨ ਵੀ ਸ਼ਾਂਤ ਹੁੰਦਾ ਹੈ ਅਤੇ ਸਮਾਜ ਵੀ ਉਨਤ ਹੁੰਦਾ ਹੈ। ਸਭ ਤੋਂ ਪਹਿਲਾਂ ਮਨ ਨੂੰ ਸਾਫ ਕਰਨ ਦੀ ਗੱਲ ਕਰਦੇ ਹਾਂ ਅਤੇ ਫਿਰ ਕੁਝ ਨੁਕਤਿਆਂ ਦੀ ਵਿਚਾਰ ਕਰਕੇ ਇਹ ਸਮਝਣ ਦਾ ਉਪਰਲਾ ਕੀਤਾ ਜਾਂਦਾ ਹੈ ਕਿ ਇਹ ਸੁਚੱਜਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ।



1. ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (ਪੰਨਾ-558)
ਭਾਵ ਜੇ ਮਨੁਖ ਦੇ ਮਨ ਵਿਚ ਵਿਕਾਰਾਂ ਦੀ ਮੈਲ ਹੈ;  ਜੇਕਰ ਮਨ ਵਿਚ ਗੁੱਸੇ,ਗਿਲ੍ਹੇ ਜਾਂ ਸ਼ਿਕਵੇ ਹਨ  ਜਾਂ ਫਿਰ ਮਨ ਵਿਚ ਈਰਖਾ, ਵੈਰ, ਵਿਰੋਧ, ਕਰੋਧ ਆਦਿ ਹੈ ਤਾਂ ਮਨ ਮੈਲਾ ਹੈ। ਜੇ ਮਨ ਹੀ ਮੈਲਾ ਹੈ ਤਾਂ ਜੀਵਨ ਸੁਚੱਜਾ ਨਹੀਂ ਹੋ ਸਕਦਾ। ਇਹ ਇਸ ਤਰ੍ਹਾਂ ਹੈ, ਜਿਵੇਂ ਗੰਦਗੀ ਦਾ ਢੇਰ ਚੁਕਿਆ ਹੋਵੇ। ਇਸ਼ਨਾਨ ਕਰਨ ਨਾਲ ਮਨ ਦੀ ਇਹ ਮੈਲ ਨਹੀਂ ਉਤਰਦੀ ਤੇ ਮਨ ਸਾਫ ਨਹੀਂ ਹੁੰਦਾ। ਇਸ ਲਈ ਮਨ, ਤਨ ਦੋਵੇਂ ਰੋਗੀ ਹੋ ਜਾਂਦੇ ਹਨ। ਰੋਗੀ ਜੀਵਨ ਕਦੇ ਸੁਚੱਜਾ ਜੀਵਨ ਨਹੀਂ ਹੋ ਸਕਦਾ। ਲੋੜ ਤਾਂ ਹੈ  ਕਿ ਮਨ ਨੂੰ ਸਾਫ ਰੱਖਿਆ ਜਾਵੇ। ਭਾਵ ਮਨ ਵਿਚੋਂ ਵੈਰ, ਵਿਰੋਧ, ਇਰਖਾ, ਦਵੈਸ਼ ਵਰਗੇ ਬੁਰੇ ਵਿਚਾਰਾਂ ਨੂੰ ਮਨ ਵਿਚ ਕੋੲ ਜਗ੍ਹਾ ਨਾ ਦਿੱਤੀ ਜਾਵੇ। ਇਹ ਵੀ ਸਪਸ਼ਟ ਹੈ ਕਿ ਮਨ ਸਾਫ ਹੁੰਦਾ ਹੈ ਚੰਗੇ ਗੁਣ ਅਪਨਾਉਣ ਨਾਲ। ਇਸ ਲਈ ਹਰ ਹੀਲੇ ਵਸੀਲੇ ਚੰਗੇ ਗੁਣ ਅਪਨਾਉਣ ਲਈ ਕੋਸ਼ਿਸ਼ ਕੀਤੀ ਜਾਵੇ।

ਗੁਰਬਾਣੀ ਵਿਚ ਮਨ ਨੂੰ ਸਾਫ ਕਰਨ ਲਈ ਬਹੁਤ ਸਾਰੇ ਨੁਕਤੇ ਦੱਸੇ ਗਏ ਹਨ, ਜਿਨ੍ਹਾਂ ਵਿਚੋਂ ਇਕ ਬਹੁਤ ਸੁੰਦਰ ਅਤੇ ਵੱਡਮੁਲਾ ਨੁਕਤਾ ਇਸ ਤਰ੍ਹਾਂ ਵੀ ਦੱਸਿਆ ਹੈ:



2. ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਗੋਡਹੁ ਤਿਉ ਤੁਮ੿ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥ (ਗ:ਗ:ਸ: ਪੰਨਾ-1171):
ਹਰ ਮਨੁੱਖ ਵਿਚ ਕਾਮ ਅਤੇ ਕ੍ਰੋਧ ਵਰਗੇ ਵਿਕਾਰ ਤਾਂ ਹੁੰਦੇ ਹੀ ਹਨ।ਗੁਰਬਾਣੀ ਦੀ ਇਹ ਖੂਬੀ ਹੈ ਕਿ ਇਹ ਇਨ੍ਹਾਂ ਵਿਕਾਰਾਂ ਨੂੰ ਆਪਣੇ ਭਲੇ ਵਾਸਤੇ ਕਿਵੇਂ ਵਰਤਨਾ ਹੈ? ਗੁਰਬਾਣੀ ਇਹ ਗੁਰ ਵੀ ਦਸਦੀ ਹੈ। ਗੁਰਬਾਣੀ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਨ੍ਹਾਂ ਕਾਂਮ ਅਤੇ ਕ੍ਰੋਧ ਨੂੰ ਦਾਤਰੀ ਅਤੇ ਰੰਬੇ ਦੀ ਤਰ੍ਹਾਂ ਵਰਤਿਆ ਜਾਵੇ।ਇਨ੍ਹਾਂ ਨਾਲ ਆਪਣੇ ਸਰੀਰ ਵਿਚਲੀ ਮਨ ਦੀ ਧਰਤੀ ਗੋਡੀ ਜਾਵੇ।ਭਾਵ ਕਾਮ ਕ੍ਰੋਧ ਰੰਬਾ, ਦਾਤਰੀ ਬਣਾ ਕੇ ਆਪਣਾ ਮਨ ਸਾਫ ਕਰਨ ਵਾਸਤੇ ਵਰਤਿਆ ਜਾਵੇ। ਇਹ ਗੋਡੀ ਕਰਦਿਆਂ ਮਨ ਵਿਚੋਂ ਬੁਰੇ ਖਿਆਲ, ਗਿਲੇ ਸ਼ਿਕਵੇ, ਵੈਰ ਵਿਰੋਧ, ਈਰਖਾ ਵਰਗੇ ਹੋਰ ਬਹੁਤ ਸਾਰੇ ਬੁਰੇ ਔਗੁਣ, ਬੁਰੇ ਵਿਕਾਰ ਆਦਿ ਜੋ ਮਨ ਵਿਚ ਪਲ ਰਹੇ ਹੁੰਦੇ ਹਨ ਉਨ੍ਹਾਂ ਨੂੰ ਕ੍ਰੋਧ ਰੂਪੀ ਦਾਤਰੀ ਅਤੇ ਰੰਬੇ ਨਾਲ ਵੱਢ ਕੇ ਅਤੇ ਖਿੱਚ ਕੇ ਬਾਰਹ ਸੁਟ ਦਿੱਤਾ ਜਾਵੇ, ਅਤੇ ਕਾਮ, ਭਾਵ ਪ੍ਰੇਮ ਵਾਲੀ ਬਿਰਤੀ ਨਾਲ ਜੋ ਚੰਗੇ ਵਿਚਾਰ ਹਨ, ਚੰਗੇ ਗੁਣ ਹਨ ਉਨ੍ਹਾਂ ਨੂੰ ਪ੍ਰੇਮ ਨਾਲ ਸੰਭਾਲ ਕੇ ਰੱਖਿਆ ਜਾਵੇ। ਚੰਗੇ ਗੁਣਾਂ ਨੂੰ ਕਾਮ ਵਾਲੀ ਪ੍ਰੇਮ ਦੀ ਬਿਰਤੀ ਨਾਲ ਪਾਲਿਆ ਜਾਵੇ ਅਤੇ ਪ੍ਰਫੁੱਲਿਤ ਕੀਤਾ ਜਾਵੇ। ਇਸ ਤਰ੍ਹਾਂ ਦੀ ਗੋਡੀ ਕਰਨ ਨਾਲ ਸੁਖ ਮਿਲੇਗਾ। ਇਸ ਤਰ੍ਹਾਂ ਦੀ ਕੀਤੀ ਮਹਿਨਤ ਜ਼ਾਇਆ ਨਹੀਂ ਜਾਂਦੀ। ਜਦੋਂ ਮਨ ਵਿਚੋਂ ਬੁਰੇ ਖਿਆਲ ਨਿਕਲ ਜਾਣ ਤਾਂ ਜੀਵਨ ਸੁਖੀ ਹੋ ਜਾਂਦਾ ਹੈ; ਤਾਂ ਹੀ ਤਾਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ।


3. ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਗ:ਗ:ਸ: ਪੰਨਾ-386):
ਕਿਤਨਾਂ ਸਰਲ ਅਤੇ ਸੌਖਾ ਨੁਕਤਾ ਹੈ। ਕਿਸੇ ਦੇ ਪ੍ਰਤੀ ਮਨ ਵਿਚ ਰੋਸ ਰੱਖਣਾ, ਈਰਖਾ ਕਰਨਾ, ਕਿਸੇ ਪ੍ਰਤੀ ਮਨ ਵਿਚ ਬੁਰਾ ਚਿਤਵਨਾਂ ਇਕ ਰੋਗ ਹੀ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜੇ ਮਨ ਵਿਚ ਕੁਝ ਬੁਰਾ ਚਿਤਵਿਆ ਜਾਵੇ ਤਾਂ ਸਰੀਰ ਅੰਦਰ ਕੁਝ ਐਸੇ ਰਸਾਇਣ ਪੈਦਾ ਹੁੰਦੇ ਹਨ ਜੋ ਜ਼ਹਿਰ ਦੀ ਤਰ੍ਹਾਂ ਸਰੀਰ ਨੂੰ ਗਾਲਦੇ ਰਿਹੰਦੇ ਹਨ। ਇਸ ਤਰ੍ਹਾਂ ਇਸ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਜਿਸ ਨਾਲ ਮਨੁੱਖ ਆਪ ਹੀ ਦੁਖੀ ਹੁੰਦਾ ਹੈ। ਇਸੇ ਲਈ ਸਮਝਾਇਆ ਗਿਆ ਹੈ ਕਿ  ਕਿਸੇ ਪ੍ਰਤੀ ਮਨ ਵਿਚ ਰੋਸ ਜਾਂ ਕੋਈ ਗਿਲਾ ਸ਼ਿਕਵਾ ਨਾ ਰੱਖਿਆ ਜਾਵੇ, ਕਿਸੇ ਪ੍ਰਤੀ ਬੁਰਾ ਨਾ ਚਿਤਵਿਆ ਜਾਵੇ ਤਾਂ ਮਨ ਦੁਖੀ ਨਹੀਂ ਹੋਵੇਗਾ।ਮਨ ਰੋਗੀ ਨਹੀਂ ਹੋਵਾਗਾ। ਜੇ ਮਨ ਰੋਗੀ ਨਹੀਂ ਤਾਂ ਤਨ ਵੀ ਰੋਗੀ ਨਹੀਂ ਹੋਵੇਗਾ। ਐਸਾ ਮਨੁੱਖ ਹੀ ਚੰਗਾ ਅਤੇ ਸੁਚੱਜਾ ਜੀਵਨ ਜੀਅ ਸਕੇਗਾ।



4. ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ॥ (ਗ:ਗ:ਸ: ਪੰਨਾ-266):
ਭਾਵ ਸਪਸ਼ਟ ਹੈ ਕਿ ਆਪਣੇ ਮਨ ਵਿਚ ਕਿਸੇ ਪ੍ਰਤੀ ਬੁਰਾ ਭਾਵ ਨਾ ਰੱਖਿਆ ਜਾਵੇ। ਜਦੋਂ ਕਿਸੇ ਪ੍ਰਤੀ ਕੋਈ ਬੁਰਾ ਭਾਵ ਨਹੀਂ ਹੋਵੇਗਾ ਤਾਂ ਇਹ ਮਹਿਸੂਸ ਹੋਵੇਗਾ ਕਿ ਸਰਿਸ਼ਟੀ ਦੇ ਸਾਰੇ ਲੋਕ ਹੀ ਮਿਤਰ ਹਨ। ਸਾਰੀ ਲੋਕਾਈ ਹੀ ਮਿਤਰ ਬਣ ਜਾਵੇਗੀ। ਜਦੋਂ ਸਾਰੀ ਲੋਕਾਈ ਹੀ ਮਿਤਰ ਹੋਵੇ ਤਾਂ ਜੀਵਨ ਵਿਚੋਂ ਬਹੁਤ ਸਾਰੇ ਡਰ, ਗਿਲੇ, ਸ਼ਿਕਵੇ ਖਤਮ ਹੋ ਜਾਣਗੇ। ਸਾਰੀ ਲੋਕਾਈ ਚੰਗੀ ਲਗਣ ਲੱਗੇਗੀ, ਹਰ ਕੋਈ ਆਪਣਾ ਲਗਣ ਲਗੇਗਾ। ਹਰ ਕਿਸੇ ਨਾਲ ਪ੍ਰੇਮ ਉਪਜੇਗਾ।



5. ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ-1381) ਫਰੀਦ ਜੀ ਸਮਝਾਉਂਦੇ ਹਨ ਕਿ ਬੁਰੇ ਦਾ ਭਲਾ ਕਰ ਭਾਵ ਆਪਣੇ ਬੁਰੇ ਖਿਆਲਾਂ ਨੂੰ ਚੰਗੇ ਖਿਆਲਾਂ ਵਿਚ ਬਦਲ ਮਨ ਵਿਚ ਗੁੱਸਾ ਨਾ ਆਉਣ ਦੇ ਗੁਸੇ ਨਾਲ ਮਨ ਰੋਗੀ ਹੁੰਦਾ ਹੈ। ਜੇਕਰ ਮਨ ਵਿਚ ਗੁਸਾ ਨਹੀਂ ਤੇ ਰੋਗ ਵੀ ਨਹੀਂ ਲੱਗੇਗਾ। ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਬੁਰਾ ਹੈ, ਤਾਂ ਉਸ ਦਾ ਭਲਾ ਕਰ। ਭਾਵ ਉਸ ਪ੍ਰਤੀ ਬਦਲੇ ਦੀ ਭਾਵਣਾ ਨਾ ਰੱਖੀ ਜਾਵੇ ਸਗੋਂ ਉਦਮ ਕਰਕੇ ਉਸ ਬੁਰੇ ਵਿਅਕਤੀ ਨੂੰ ਚੰਗੇ ਰਸਤੇ ਪਾਉਣ ਦਾ ਉਪਰਾਲਾ ਕੀਤਾ ਜਾਵੇ ਉਸ ਨੂੰ ਭਲਾ ਮਨੁੱਖ ਬਣਾਇਆ ਜਾਵੇ। ਇਹ ਹੈ ਸੁਚੱਜੇ ਜੀਵਨ ਦਾ ਗੁਣ।



6. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਗ:ਗ:ਸ: ਪੰਨਾ-470):
ਸੁਚੱਜਾ ਜੀਵਨ ਜੀਊਣ ਦਾ ਇਹ ਇਕ ਵਡਮੁਲਾ ਨੁਕਤਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹਰ ਮਨੁਖ ਦਾ ਸੁਭਾਅ ਮਿਠਾ, ਭਾਵ ਠਰੰਮੇ ਵਾਲਾ, ਸਹਿਨਸ਼ੀਲਤਾ ਵਾਲਾ ਹੋਣਾਂ ਚਾਹੀਦਾ ਹੈ। ਇਸ ਤਰ੍ਹਾਂ ਦੇ ਸੁਭਾਅ ਵਾਲੇ ਵਿਅਕਤੀ ਹਮੇਸ਼ਾ ਮਿੱਠੇ ਤੇ ਚੰਗੇ ਬੋਲ ਹੀ ਬੋਲੇਗਾ। ਇਸ ਤਰ੍ਹਾਂ ਦੇ ਸੁਭਾਅ ਦਾ ਹੋਣਾਂ ਸਭ ਚੰਗਿਆਈਆਂ ਦਾ ਤੱਤ ਕਿਹਾ ਗਿਆ ਹੈ। ਇਸ ਦੇ ਉਲਟ ਜੇਕਰ ਸੁਭਾਅ ਫਿਕਾ ਹੈ, ਭਾਵ ਸਹਿਨਸ਼ੀਲਤਾ ਨਹੀਂ ਹੈ, ਠਰੰਮਾ ਨਹੀਂ ਹੈ ਤਾਂ ਬੋਲ ਵੀ ਫਿਕੇ ਅਤੇ ਭੈੜੇ ਹੁੰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ: ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਗ:ਗ:ਸ: ਪੰਨਾ-473): ਭਾਵ ਇਹ ਕਿ ਜੇਕਰ ਸੁਭਾਅ ਵਿਚ ਮਿਠਾਸ ਨਹੀਂ, ਬੋਲੀ ਵਿਚ ਮਿਠਾਸ ਨਹੀਂ, ਅਤੇ ਜੇਕਰ ਬੋਲਾਂ ਵਿਚ ਕੁੜੱਤਣ ਹੈ, ਬੋਲ ਫਿਕੇ ਹਨ, ਤਾਂ ਸੁਭਾਅ ਵਿਚ ਫਿਕਾਪਣ ਹੋਵੇਗਾ, ਜੀਵਨ ਵਿਚ ਵੀ ਕੋਈ ਮਿਠਾਸ ਨਹੀਂ ਹੋਵੇਗੀ, ਕੋਈ ਮਿਠਾ ਰਸ ਨਹੀਂ ਹੋਵੇਗਾ। ਇਸ ਤਰ੍ਹਾਂ ਤਨ ਅਤੇ ਮਨ ਵਿਚ ਵੀ ਕੋਈ ਮਿਠਾਸ ਨਹੀਂ ਰਹੇਗਾ। ਜੀਵਨ ਵੀ ਬੇਰਸ ਹੋਵੇਗਾ। ਐਸਾ ਜੀਵਨ ਸੁਚੱਜਾ ਜੀਵਨ ਨਹੀਂ ਹੋ ਸਕਦਾ। ਇਸ ਨੁਕਤੇ ਨੂੰ ਸਮਝਾਉਣ ਵਾਸਤੇ ਇਕ ਬਹੁਤ ਸੁਲਝੇ ਹੋਏ ਵਿਅਕਤੀ ਨੇ ਇਕ ਵਾਕਿਆ ਦਾ ਜ਼ਿਕਰ ਕਰਕੇ ਇਸ ਤਰ੍ਹਾਂ ਸਮਝਾਇਆ ਹੈ:
    ਦਾਦਾ ਪੋਤਾ ਪਾਰਕ ਵਿਚ ਸੈਰ ਕਰਦੇ ਹੋਏ ਗੱਲਾਂ ਕਰਨ ਲੱਗੇ। ਦਾਦਾ ਧਾਰਮਿਕ ਬਿਰਤੀ ਦਾ ਹੋਣ ਕਰਕੇ ਪੋਤੇ ਨੂੰ ਧਾਰਮਿਕ ਰਹਿਣ ਸਹਿਣ ਬਾਰੇ ਸਮਝਾ ਰਿਹਾ ਸੀ। ਪੋਤੇ ਨੇ ਸਹਿਜ ਸੁਭਾਅ ਪੁਛਿਆ, ''ਬਾਬਾ ਜੀ! ਤੁਸੀਂ ਹਰ ਰੋਜ਼ ਪਾਠ ਕਰਦੇ ਹੋ?'' ''ਹਾਂ ਬੇਟਾ!'' ਦਾਦੇ ਨੇ ਉੱਤਰ ਦਿੱਤਾ ''ਪਰ ਬਾਬਾ ਜੀ, ਤੁਸੀਂ ਹਰ ਰੋਜ਼ ਪਾਠ ਕਿਵੇਂ ਕਰ ਲੈਂਦੇ ਹੋ? ਤੁਹਾਡਾ ਪਾਠ ਪੂਰਾ ਹੋ ਜਾਂਦਾ ਹੈ?'' ਬੱਚੇ ਨੇ ਹੈਰਾਨੀ ਨਾਲ ਪਲੁਛਿੱਆ। ''ਕਿਉਂ ਨਹੀਂ ਪੁੱਤਰ? ਹਰ ਰੋਜ਼ ਪੂਰਾ ਹੋ ਜਾਂਦੈ। ਥੋੜ੍ਹਾ ਜਿਹਾ ਸਮਾਂ ਤਾਂ ਲਗਦੈ ਪਾਠ ਕਰਨ 'ਚ''। ਹੁਣ ਦਾਦਾ ਵੀ ਕੁਝ ਹੈਰਾਨ ਜਿਹਾ ਹੋ ਗਿਆ। ਫੇਰ ਪੋਤਾ ਬੋਲਿਆ, ''ਪਰ ਬਾਬਾ ਜੀ, ਮੈ ਗੁਰਬਾਣੀ ਦਾ ਇਕ ਸ਼ਲੋਕ ਪੜ੍ਹਿਆ ਸੀ ਆਪਣੀ ਕਿਤਾਬ 'ਚ''। ''ਕਿਹੜਾ ਸ਼ਲੋਕ ਪੁੱਤਰ?'' ਦਾਦੇ ਨੇ ਪੁਛਿਆ। ''ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥'' ਪੋਤੇ ਨੇ ਗਲ ਜਾਰੀ ਰਖਦੇ ਹੋਏ ਕਿਹਾ, ''ਬਾਬਾ ਜੀ! ਦੋ ਮਹੀਨੇ ਹੋ ਗਏ ਪਰ ਮੇਥੋਂ ਇਸ ਸ਼ਲੋਕ ਦਾ ਪਾਠ ਪੂਰਾ ਹੀ ਨਹੀਂ ਹੋਇਆ। ਹਰ ਰੋਜ਼ ਕਿਸੇ ਨੂੰ ਗਲ਼ਤ ਬੋਲਿਆ ਜਾਂਦਾ''। ਹੁਣ ਦਾਦਾ ਨਿਉੱਤਰ ਸੀ ਕਿਉਂਕਿ ਛੋਟੇ ਬੱਚੇ ਨੇ ਉਸ ਨੂੰ ਉਹ ਭੇਤ ਸਮਝਾ ਦਿੱਤਾ ਸੀ ਜਿਹੜਾ ਉਹ ਸਾਰੀ ਉਮਰ ਨਹੀਂ ਸਮਝ ਸਕਿਆ।

    ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਦੇ ਬਹੁਤ ਹੀ ਨੁਕਤੇ ਹਨ ਜਿਨ੍ਹਾਂ ਨੂੰ ਸਮਝ ਕੇ ਇਕ ਸੁਚੱਜਾ ਜੀਵਨ ਜੀਊਣ ਦੀ ਜਾਚ ਆ ਸਕਦੀ ਹੈ ਪਰ ਅਫਸੋਸ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਗੁਰਬਾਣੀ ਨੂੰ ਕੇਵਲ ਉਪਚਾਰਕ ਤੌਰ ਤੇ ਪੜ੍ਹਨ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਨਾ ਤਾਂ ਬਾਣੀ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਅਤੇ ਨਾਂ ਹੀ ਇਸ ਉਪਰ ਅਮਲ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਤੋਤਾ ਰਟਣ ਪਾਠ ਕਰਕੇ ਇਹ ਸਮਝ ਲਿੱਤਾ ਜਾਂਦਾ ਹੈ ਕਿ ਧਰਮ ਦਾ ਕੰਮ ਪੂਰਾ ਹੋ ਗਿਆ।ਜੀਵਨ ਵਿਚ ਕੀ ਸੁਧਾਰ ਹੋਇਆ ਇਸ ਦੀ ਪੜਚੋਲ ਨਹੀਂ ਕੀਤੀ ਜਾਂਦੀ।ਪਾਠ ਪੜ੍ਹ ਤਾਂ ਲਿੱਤਾ ਜਾਂਦਾ ਹੈ ਪਰ ਇਹ ਪੂਰਾ ਹੁੰਦਾ ਹੈ ਜਾਂ ਨਹੀਂ ਇਸ ਬਾਰੇ ਕਦੀ ਨਹੀਂ ਸੋਚਿਆ ਜਾਂਦਾ।
    ਇਸੇ ਲਈ ਗੁਰਬਾਣੀ ਵਿਚ ਕਿਹਾ ਗਿਆ ਹੈ: ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥ (ਗ:ਗ:ਸ: ਪੰਨਾ-1102) ਭਾਵ ਇਹ ਕਿ ਧਾਰਮਕ ਗ੍ਰੰਥ, ਜਿਵੇਂ ਬੇਦ ਪੁਰਾਨ ਆਦਿ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਤਾਂ ਲਿੱਤਾ ਜਾਂਦਾ ਹੈ। ਇਸ ਦੇ ਅਖੰਡ ਪਾਠ ਵੀ ਕਰਵਾ ਲਿੱਤੇ ਜਾਂਦੇ ਹਨ ਪਰ ਉਸ ਦਾ ਕੀ ਗੁਨੁ? ਉਸ ਦਾ ਕੀ ਲਾਭ? ਜੇਕਰ ਜੀਵਨ ਵਿਚ ਸੁਧਾਰ ਹੀ ਨਹੀਂ ਹੋਇਆ ਜੇਕਰ ਸੁਚੱਜਾ ਜੀਵਨ ਜੀਊਣਾ ਹੀ ਨਹੀਂ ਆਇਆ। ਸੁਧਾਰ ਤੇ ਤਾਂ ਹੀ ਹੋ ਸਕਦਾ ਹੈ ਜੇਕਰ, ਗੁਰਬਾਣੀ ਨੂੰ, ਗੁਰਬਾਣੀ ਦੇ ਮੰਨਸ਼ੇ ਅਨੁਸਾਰ ਸਮਝ ਲਿੱਤਾ ਜਾਵੇ। ਭਾਵ ਇਹ ਕਿ ਜੇਕਰ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਅਮਲ ਵਿਚ ਹੀ ਨਾ ਲਿਆਂਦਾ ਜਾਵੇ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਖੋਤੇ ਉਤੇ ਚੰਦਨ ਦੀ ਲਕੜੀ ਲੱਧ ਦਿੱਤੀ ਜਾਵੇ। ਖੋਤੇ ਵਾਸਤੇ ਤਾਂ  ਚੰਦਨ ਦੀ ਲਕੜੀ ਦਾ ਵਾਧੂ ਦਾ ਭਾਰ ਹੀ ਹੁੰਦਾ ਹੈ। ਉਸ ਨੂੰ ਚੰਦਨ ਦੀ ਲਕੜ ਦੇ ਗੁਣਾਂ ਦਾ ਕੋਈ ਲਾਭ ਨਹੀੰ ਹੁੰਦਾ।ਇਸ ਲਈ ਲੋੜ ਹੈ ਗੁਰਬਾਣੀ ਨੂੰ ਸਮਝਣ ਦੀ ਅਤੇ ਸੁਚੱਜਾ ਜੀਵਨ ਜੀਊਣ ਵਾਸਤੇ ਉਸ ਗੁਰਬਾਣੀ ਅਨੁਸਾਰ ਜੀਵਨ ਜੀਊਣ ਦੀ।
    ਗੁਰਬਾਣੀ ਫਿਰ ਸਮਝਾਉਂਦੀ ਹੈ: ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥ (ਪੰਨਾ-655) ਭਾਵ-ਉਸ ਪੜ੍ਹਨ, ਸੁਨਣ ਜਾਂ ਵਿਚਾਰਨ ਦਾ ਕੋਈ ਲਾਭ ਨਹੀਂ, ਜਾਂ ਉਨ੍ਹਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਅਤੇ ਸੁਣਨ ਦਾ ਕੋਈ ਫਾਇਦਾ ਨਹੀਂ ਜੇਕਰ ਸਹਜ ਨ ਮਿਲਿਓ ਸੋਈ  - ਭਾਵ ਜੇਕਰ ਉਸ ਗਿਆਨ ਦੇ ਉਪਦੇਸ਼ ਨੂੰ ਸਮਝ ਕੇ ਅਪਨਾਇਆ ਹੀ ਨਾ ਜਾਵੇ। ਭਾਵ ਜੇਕਰ ਗਿਆਨ ਦੇ ਉਪਦੇਸ਼ ਨਾਲ ਜੀਵਣ ਸੁਧਾਰਿਆ ਹੀ ਨਹੀਂ, ਸੁਚੱਜਾ ਜੀਵਨ ਜੀਊਣ ਦੀ ਜਾਚ ਆਈ ਹੀ ਨਹੀਂ, ਤਾਂ ਉਸ ਗਿਆਨ ਨੂੰ ਪੜ੍ਹਨ, ਸੁਣਨ ਜਾਂ ਵਿਚਾਰਣ ਦਾ ਕੋਈ ਲਾਭ  ਨਹੀਂ। ਇਸੇ ਤਰ੍ਹਾਂ ਫਿਰ ਫਰਮਾਇਆ ਹੈ: ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ (ਗ:ਗ:ਸ: ਪੰਨਾ-685) ਭਾਵ ਜੇ ਗੁਰਮਤਿ ਦੀ ਗੱਲ ਸੁਣ ਕੇ ਉਸ ਗਿਆਨ ਦੀ ਪ੍ਰਾਪਤੀ ਹੀ ਨਾਂ ਹੋਵੇ, ਆਪਣੇ ਜੀਵਨ ਵਿਚ ਕੋਈ ਸੁਧਾਰ ਹੀ ਨਾਂ ਆਇਆ ਹੋਵੇ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਪਸ਼ੂ ਕੇਵਲ ਆਪਣਾ ਢਿੱਡ ਭਰਣ ਵਾਸਤੇ ਹੀ ਖਾਂਦਾ ਹੈ।
    ਸਮੁੱਚਾ ਭਾਵ ਇਹ ਹੈ ਕਿ ਸੁਚੱਜਾ ਜੀਵਨ ਜੀਊਣ ਵਾਸਤੇ ਜ਼ਰੂਰੀ ਹੈ ਕਿ ਇਸ ਸੰਬੰਧ ਵਿਚ ਗਿਆਨ ਦੀ ਪ੍ਰਾਪਤੀ ਕੀਤੀ ਜਾਵੇ।ਇਹ ਯਕੀਣ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਗਿਆਨ ਮਿਲ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ।ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹੀ ਹੈ ਕਿ ਮਨੁੱਖ ਨੂੰ ਸਚਿਆਰ ਬਣਾਇਆ ਜਾਵੇ, ਭਾਵ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ। ਇਸ ਤਰ੍ਹਾਂ ਸੁਚੱਜਾ ਜੀਵਨ ਜੀਊਣ ਲਈ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਉੱਤਮ ਹੈ ਅਤੇ ਇਹ ਜ਼ਰੂਰੀ ਵੀ  ਹੈ।ਲੋੜ ਹੈ ਇਸ ਨੂੰ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਜੀਊਣ ਦੀ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
 WhatsApp No. +61-468432632
E-mail-   kanwar238@yahoo.com