Vijay Bambeli

ਸਾਵੀਂ ਜ਼ਿੰਦਗੀ ਲਈ ਜੰਗਲ ਬਚਾਉਣੇ ਜ਼ਰੂਰੀ - ਵਿਜੈ ਬੰਬੇਲੀ

ਚਲੋ ਮੱਤੇਵਾੜਾ ਬਹਾਨੇ ਹੀ ਸਹੀ, ਪੰਜਾਬ ਵਿਚ ਜੰਗਲਾਂ ਬਾਰੇ ਗੱਲ ਤਾਂ ਤੁਰੀ। ਜੰਗਲ ਸਾਡੀ ਸਾਹਰਗ ਹੀ ਨਹੀਂ ਇਹ ਮਿੱਟੀ, ਮੀਂਹ ਅਤੇ ਸਾਵੇਂ ਵਾਤਾਵਰਨ ਦੇ ਪੂਰਕ ਹਨ। ਪੌਦ ਅਤੇ ਜੀਵ ਵੰਨ-ਸਵੰਨਤਾ ਜਿਹੜੀ ਸਾਵੀਂ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ ਤਾਂ ਜੰਗਲਾਂ ਬਿਨਾਂ ਚਿਤਵੀ ਹੀ ਨਹੀਂ ਜਾ ਸਕਦੀ। ਭਾਰਤ ਦੇ ਆਹਲਾ ਜੰਗਲਾਤ ਅਫਸਰ ਨਰਾਇਣ ਬਚਖੇਤੀ ਨੇ ਅੱਧੀ ਸਦੀ ਪਹਿਲਾਂ ਹੀ ਚਿਤਾਵਨੀ ਦੇ ਦਿਤੀ ਸੀ, ''ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸੱਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸੱਭਿਆਤਾਵਾਂ ਦਾ ਦੌਰ ਅਤੇ ਉਹ ਸੱਭਿਆਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੇ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਮਾਰੇ ਜਾਵਾਗੇਂ ਅਸੀਂ।"
     ਵਾਤਾਵਰਨ ਅਤੇ ਕੁਦਰਤੀ ਸੋਮੇ ਮਾਹਿਰਾਂ ਅਨੁਸਾਰ ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ। ਕੇਂਦਰੀ ਵਣ ਲਗਾਓ ਕਮਿਸ਼ਨ, ਨੈਸ਼ਨਲ ਰੀਮੋਟ ਸੈਂਸਿੰਗ ਏਜੰਸੀ ਅਤੇ ਭਾਰਤ ਸਰਕਾਰ ਦੇ ਵਣ ਸਰਵੇਖਣ ਮੁਤਾਬਿਕ ਇਹ ਅੱਧਾ (16.7%) ਹੈ ਪਰ ਕੁਝ ਗੈਰ-ਸਰਕਾਰੀ ਸੰਸਥਾਵਾਂ ਇਸ ਅੰਕੜੇ ਨੂੰ ਵੀ ਚੁਣੌਤੀ ਦਿੰਦੀਆਂ ਹਨ।
       ਇਸ ਪ੍ਰਸੰਗ ਵਿਚ ਪੰਜਾਬ ਦੀ ਹਾਲਤ ਤਰਸਯੋਗ ਹੈ। ਜਿੱਥੇ 'ਜੰਗਲ' ਦੀ ਪ੍ਰੀਭਾਸ਼ਾ ਅਨੁਸਾਰ ਤਾਂ ਕਰੀਬ ਕਰੀਬ ਜੰਗਲ ਰਹੇ ਹੀ ਨਹੀਂ। ਪੰਜਾਬ ਦੇ ਕੁੱਲ 50,362 ਵਰਗ ਕਿਲੋਮੀਟਰ ਖੇਤਰਫਲ ਵਿਚੋਂ ਸਿਰਫ਼ 2868 ਵਰਗ ਕਿਲੋਮੀਟਰ ਰਕਬਾ ਹੀ ਮਹਿਜ਼ ਨਾਂ ਦੇ ਜੰਗਲਾਂ ਹੇਠ ਹੈ। ਇਹ ਜੰਗਲੀ ਖੇਤਰ ਵੀ ਝਾੜੀ-ਨੁਮਾ (ਉਹ ਵੀ ਗੈਰ-ਲਾਭਦਾਇਕ) ਹੈ। ਅਜਿਹਾ ਕਿਉਂ? ਇਸ ਦਾ ਉੱਤਰ ਭਾਵੇਂ ਜੰਗਲਾਤ ਵਿਭਾਗ/ਸਰਕਾਰ ਕੋਲ ਹੈ ਪਰ ਉੱਤਰ ਦੇਣ ਤੋਂ ਪਹਿਲਾਂ ਤਿੱਖੇ ਮੁਲੰਕਣ ਦੀ ਲੋੜ ਹੈ। ਪੰਜਾਬ ਦੇ ਕੁੱਲ ਖੇਤਰ ਦਾ ਸਿਰਫ 5.7% ਹਿੱਸਾ ਹੀ ਜੰਗਲਾਂ ਹੇਠ ਹੈ ਜਿਹੜਾ ਜ਼ਰੂਰੀ 33% ਦਾ ਛੇਵਾਂ ਹਿੱਸਾ ਬਣਦਾ ਹੈ।
       ਜੰਗਲਾਂ ਦੇ ਪ੍ਰਸੰਗ ਵਿਚ ਭਾਵੇਂ ਸਮੁੱਚੇ ਭਾਰਤ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਕਹੀ ਜਾ ਸਕਦੀ ਪਰ ਪੰਜਾਬ ਦੀ ਹਾਲਤ ਤਾਂ ਬੇਹੱਦ ਤਰਸਯੋਗ ਹੈ। ਬਹੁਤੇ ਸੰਘਣੇ ਜੰਗਲਾਂ ਵਿਚ ਅਜਿਹੇ ਵਣ ਆਉਂਦੇ ਹਨ ਜਿੱਥੇ ਬਿਰਖਾਂ ਦਾ ਸੰਘਣਾਪਨ 70% ਤੋਂ ਵੱਧ ਹੈ। ਇਸ ਤੋਂ ਬਾਅਦ ਦਰਮਿਆਨੇ ਸੰਘਣੇ ਜੰਗਲ ਆਉਂਦੇ ਹਨ ਜਿਨ੍ਹਾਂ ਵਿਚ ਬਿਰਖਾਂ ਦਾ ਸੰਘਣਾਪਨ 40 ਤੋਂ 70% ਹੁੰਦਾ ਹੈ। ਖੁੱਲ੍ਹੇ ਜੰਗਲਾਂ ਦਾ ਸੰਘਣਾਪਨ 10-40% ਹੁੰਦਾ ਹੈ। ਝਾੜੀਆਂ ਵਿਚ ਅਜਿਹੇ ਵਣ ਖੇਤਰ ਆਉਂਦੇ ਹਨ ਜਿੱਥੇ ਰੁੱਖਾਂ ਦੀ ਪੈਦਾਵਾਰ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਸੰਘਣਾਪਨ ਸਿਰਫ 10 ਫ਼ੀਸਦੀ ਤੱਕ ਹੀ ਹੁੰਦਾ ਹੈ। ਜੰਗਲ ਦਾ ਅਰਥ ਘਾਹ ਤਂਂ ਲੈ ਕੇ ਵਿਸ਼ਾਲ ਬਿਰਖ ਸਮੇਤ ਬਹੁ-ਪਰਤੀ ਜੀਵ-ਜੰਤੂ ਹੁੰਦਾ ਹੈ।
      ਪੰਜਾਬ ਅਜਿਹੇ ਝਾੜੀ-ਬਿਰਖਾਂ ਵਾਲੇ ਸੋਮਿਆਂ (10 ਫ਼ੀਸਦੀ ਸੰਘਣਾਪਨ) ਨੂੰ ਹੀ ਜੰਗਲ ਮੰਨੀ ਬੈਠਾ ਹੈ। ਉਂਜ ਪੰਜਾਬ ਵਣ ਵਰਗ ਅਨੁਸਾਰ 4336 ਹੈਕਟੇਅਰ ਰਿਜ਼ਰਵ ਫੌਰੈਸਟ ਅਧੀਨ, 41680 ਹੈਕਟੇਅਰ ਪਰੋਟੈਕਟਿਡ, 73612 ਹੈਕਟੇਅਰ ਸਟਰਿਪ ਅਤੇ 18222 ਹੈਕਟੇਅਰ ਅਨਕਲਾਸ ਫੌਰੈਸਟ ਰਕਬਾ 'ਦਰਸਾਇਆ' ਗਿਆ ਹੈ ਅਤੇ ਪੰਜਾਬ ਲੈਂਡ ਪ੍ਰੀਜਰਵੇਸ਼ਨ ਐਕਟ 1900 ਅਤੇ ਸੈਕਸ਼ਨ 38 ਇੰਡੀਅਨ ਫੌਰੈਸਟ ਐਕਟ 1927 ਆਦਿ 1,67,320 ਹੈਕਟੇਅਰ ਰਕਬਾ ਸਰਕਾਰੀ ਕਾਗਜ਼ਾਂ ਵਿਚ 'ਘਿਰਿਆ' ਹੋਇਆ ਹੈ।
       ਭਾਰਤ ਦੀ ਵਣ ਸਥਿਤੀ ਰਿਪੋਰਟ (2005) ਅਨੁਸਾਰ ਦੇਸ਼ ਵਿਚ 67.71% ਕਰੋੜ ਹੈਕਟੇਅਰ ਵਣ-ਖੇਤਰ ਹੈ ਜਿਹੜਾ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 20.60% ਹੈ। ਰਿਪੋਰਟ ਮੁਤਾਬਕ ਇਸ ਵਿਚ 5.46 ਕਰੋੜ ਹੈਕਟੇਅਰ (1.66%) ਖੇਤਰ ਵਿਚ ਸੰਘਣੇ ਜੰਗਲ, 33.26 ਕਰੋੜ ਹੈਕਟਰ ਖੇਤਰ (10.12%) ਵਿਚ ਦਰਮਿਆਨੇ ਸੰਘਣੇ ਜੰਗਲ ਅਤੇ ਬਾਕੀ 28.99 ਕਰੋੜ ਹੈਕਟੇਅਰ (8.82%) ਵਿਚ ਹੋਰ ਵਣ ਸ਼ਾਮਿਲ ਹਨ ਜਿਨ੍ਹਾਂ ਵਿਚ 0.44 ਕਰੋੜ ਹੈਕਟੇਅਰ ਮਨੁੱਖ ਦੁਆਰਾ ਉਗਾਏ ਜੰਗਲ ਵੀ ਸ਼ਾਮਿਲ ਹਨ ਪਰ ਪੰਜਾਬ ਕਿਧਰੇ ਨਹੀਂ ਰੜਕਦਾ।
       ਦੇਸ਼ ਵਿਚਲੇ ਨਿਰੋਲ ਵਣ ਵਾਲੇ ਖੇਤਰਾਂ ਵਿਚ ਮੱਧ ਪ੍ਰਦੇਸ਼ ਦਾ ਪਹਿਲਾ ਸਥਾਨ ਹੈ ਜਿੱਥੇ ਦੇਸ਼ ਦੇ ਕੁੱਲ ਵਣ ਵਾਲੇ ਇਲਾਕੇ ਦੇ 11.22% ਖੇਤਰ ਵਿਚ ਵਣ ਹੈ। ਅਰੁਣਾਚਲ ਪ੍ਰਦੇਸ਼ ਵਿਚ 10.01%, ਛੱਤੀਸਗੜ੍ਹ ਵਿਚ 8.25%, ਉੜੀਸਾ ਵਿਚ 7.15% ਅਤੇ ਮਹਾਰਾਸ਼ਟਰ ਵਿਚ 7.1% ਖੇਤਰ ਨਿਰੋਲ ਜੰਗਲ ਵਾਲਾ ਹੈ। ਦੇਸ਼ ਦੇ ਕੁਝ ਵਣ ਵਾਲੇ ਖੇਤਰ ਦਾ 25.11% ਵਣ-ਖੇਤਰ ਪੂਰਬ-ਉੱਤਰ ਦੇ 7 ਰਾਜਾਂ ਵਿਚ ਹੈ ਜਿੱਥੇ ਸਾਰੇ 188 ਜਨਜਾਤੀ/ਆਦਿਵਾਸੀ ਜ਼ਿਲ੍ਹਿਆਂ ਵਿਚ ਦੇਸ਼ ਦੇ ਕੁਝ ਜੰਗਲੀ ਖੇਤਰ ਦਾ 60.11% ਵਣ ਹੈ। ਸਾਹਿਲੀ (ਤੱਟੀ) ਖੇਤਰ ਦੇ ਵਣਾਂ ਤਹਿਤ ਦੇਸ਼ ਦਾ ਕੁਲ 0.44 ਕਰੋੜ ਹੈਕਟੇਅਰ ਰਕਬਾ ਆਉਂਦਾ ਹੈ। ਇਸ ਵਿਚ ਪੱਛਮੀ ਬੰਗਾਲ ਦੇ ਸੁੰਦਰ ਵਣ ਵਿਚ 47%, ਗੁਜਰਾਤ ਵਿਚ 21% ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ 14% ਹੈ। ਪੰਜਾਬ ਕਿੱਥੇ ਕੁ ਖੜ੍ਹਾ ਹੈ, ਨਾ ਹੀ ਪੁੱਛੋ!
      1966 'ਚ ਰਾਜਾਂ ਦੇ ਪੁਨਰਗਠਨ ਸਦਕਾ ਪੰਜਾਬ ਕੋਲੋਂ ਬਹੁਤ ਸਾਰੇ ਜੰਗਲ ਖੁੱਸ ਗਏ। ਦੇਸ਼ ਦੀ ਵਣਨੀਤੀ (1984) ਅਨੁਸਾਰ ਦੇਸ਼ ਦੇ ਕੁਲ ਰਕਬੇ ਦਾ ਤੀਜਾ ਹਿੱਸਾ ਜੰਗਲਾਂ ਹੇਠਾਂ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਵਿਚ ਇਹ ਸਿਰਫ 20ਵਾਂ ਹੈ। ਜੀਅ ਪ੍ਰਤੀ ਆਧਾਰ ਤੇ ਭਾਰਤ ਵਿਚ 0.15 ਹੈਕਟਰ ਜੰਗਲ ਹਨ ਜਦੋਂ ਕਿ ਪੰਜਾਬ ਵਿਚ ਇਹ ਹਿੰਦਸਾ ਸਿਰਫ 0.01 ਹੈਕਟਰ ਹੈ। ਬਿਨਾਂ ਸ਼ੱਕ, ਅਸੀਂ ਖੇਤੀਬਾੜੀ ਵਿਚ ਬੜੀ 'ਤਰੱਕੀ' ਕੀਤੀ ਹੈ। ਪੰਜਾਬ ਸਮੁੱਚੇ ਖੇਤਰਫਲ ਦਾ 1.54 ਫ਼ੀਸਦੀ ਹੈ, ਫਿਰ ਵੀ ਇਸ ਨੇ ਦੇਸ਼ ਨੂੰ ਕਰੀਬ 60 ਫ਼ੀਸਦੀ ਅਨਾਜ ਦੇ ਕੇ ਸ਼ਕਤੀਸ਼ਾਲੀ ਖੇਤੀ ਜੁਗਾੜ ਦਾ ਸਬੂਤ ਦਿੱਤਾ ਹੈ ਪਰ ਇਸ ਵਿਕਾਸ ਨੇ ਸਾਡੇ ਸਮੁੱਚੇ ਵਾਤਾਵਰਨ ਵਿਚ ਉਲਾਰ ਹਾਲਤ ਪੈਦਾ ਕਰ ਦਿੱਤੀ ਹੈ। ਨਿੱਤ ਨਵੀਆਂ ਸਮੱਸਿਆਵਾਂ ਸਾਡੀ ਖੇਤੀ ਨੂੰ ਘੇਰ ਰਹੀਆਂ ਹਨ। ਦੂਸ਼ਿਤ ਵਾਤਾਵਰਨ, ਭੋਂ ਜਰਖੇਜ਼ਤਾ ਵਿਚ ਕਮੀ, ਅਸਾਵੇਂ ਮੀਂਹ, ਜਲ ਸੰਕਟ, ਭੋਂ-ਖੋਰ, ਕੱਲਰ, ਸੇਮ, ਹੜ੍ਹ ਆਦਿ ਆਫ਼ਤਾਂ ਨੇ ਸਾਡੇ ਕੁਦਰਤੀ (ਈਕੋਲੋਜੀਕਲ) ਸਮਤੋਲ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ।
      ਇਸ ਸੰਕਟ ਸਾਰੇ ਦਾ ਕਾਰਨ ਪੰਜਾਬ ਵਿਚ ਤੇਜ਼ੀ ਨਾਲ ਘਟਦੇ ਦਰੱਖਤ ਵੀ ਹਨ। ਸੰਨ 1985-86 ਵਿਚ 2,82,296 ਹੈਕਟੇਅਰ ਭੂਮੀ ਜੰਗਲਾਂ ਹੇਠ ਸੀ ਪਰ 1988-89 ਵਿਚ ਇਹੀ ਘਟ ਕੇ 2,64,237 ਹੈਕਟੇਅਰ ਰਹਿ ਗਈ। ਪੰਜਾਬ ਦੇ ਪ੍ਰਸੰਗ ਵਿਚ ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਸਿਰਫ਼ ਜੰਗਲ ਉਗਾਉਣ ਨਾਲ ਨਹੀਂ ਸਰਨਾ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਵੱਲ ਵੀ ਤਵੱਜੋ ਦੇਣੀ ਪਵੇਗੀ, ਕਿਉਂਕਿ ਪਹਿਲਾਂ ਮਿੱਟੀ ਅਤੇ ਪਾਣੀ ਹੈ, ਫਿਰ ਹੀ ਬਨਸਪਤੀ ਤੇ ਫਿਰ ਜੀਵਕਾ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਹਾਲਤ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਬੇਸ਼ਕ ਇੱਥੇ ਉਸ ਰੂਪ ਵਿਚ ਜੰਗਲ ਨਹੀਂ ਚਿਤਵੇ ਜਾ ਸਕਦੇ, ਜਿਵੇਂ ਹੋਣੇ ਚਾਹੀਦੇ ਹਨ ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮਹਿਜ਼ ਇਸੇ ਦੀ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਜਾਵੇ। ਪੰਜਾਬ ਵਿਚ ਸਿਰਫ ਜੰਗਲਾਤ ਵਿਭਾਗ ਉਪਰ ਹੀ ਨਿਰਭਰ ਹੋ ਕੇ ਨਹੀਂ ਸਰਨਾ ਸਗੋਂ ਭਰਾਤਰੀ ਮਹਿਕਮੇ ਬਾਗਬਾਨੀ, ਖੇਤੀਬਾੜੀ, ਵਿਸ਼ੇਸ਼ ਕਰ ਕੇ ਭੂਮੀ ਤੇ ਜਲ ਸੰਭਾਲ ਨੂੰ ਨਾਲ ਲੈ ਕੇ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ।
      ਪਹਾੜੀ ਖੇਤਰਾਂ ਵਿਚ ਵਣਾਂ ਦਾ ਹੋਣਾ ਵਾਤਾਵਰਨਕ ਸੰਤੁਲਨ (ਈਕੋਲੋਜੀਕਲ ਬੈਂਲਸ) ਅਤੇ ਵਾਤਾਵਰਨਕ ਸਥਿਰਤਾ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਤਾਂ ਹੈ ਹੀ, ਇਸ ਨਾਲ ਭੂਮੀ ਦਾ ਕਟਾਅ ਅਤੇ ਜ਼ਮੀਨ ਦੀ ਗੁਣਵੱਤਾ ਵਿਚ ਗਿਰਾਵਟ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਜਲ ਸੋਮੇ ਅਤੇ ਜਲ ਤਲ ਨੂੰ ਵੀ ਸਥਿਰਤਾ ਮਿਲਦੀ ਹੈ। ਜਨੌਰਾਂ, ਮੀਂਹ ਅਤੇ ਵਿਸ਼ਵ- ਤਾਪਮਾਨ ਦੇ ਪ੍ਰਸੰਗ ਵਿਚ ਇਹ ਜ਼ਿਆਦਾ ਲਾਹੇਵੰਦ ਹੈ। ਪੰਜਾਬ ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ, ਦੇ ਮੱਦੇਨਜ਼ਰ ਪਹਾੜੀ ਖਿੱਤੇ ਪ੍ਰਤੀ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਕੌਮੀ ਵਣ ਨੀਤੀ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੇ ਪਹਾੜੀ ਖੇਤਰਾਂ ਵਿਚ ਦੋ ਤਿਹਾਈ ਭੂਗੋਲਿਕ ਖੇਤਰ ਜੰਗਲਾਂ ਹੇਠ ਹੋਣ। ਪੰਜਾਬ ਦੇ ਪਹਾੜੀ ਖਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਹਾਲਤ ਕੁਝ ਤਸੱਲੀਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀਂ ਅਸੀਂ ਕੁਲ ਰਕਬੇ ਵਿਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ।
       ਲੋਅਰ ਸ਼ਿਵਾਲਕ ਅਤੇ ਕੰਢੀ ਖੇਤਰ ਵਿਚ ਉੱਥੋ ਦੇ ਬਾਸ਼ਿਦਿੰਆਂ ਅਤੇ ਕੁਦਰਤੀ ਸੋਮਿਆਂ ਨਾਲ ਸੰਬੰਧਤ ਭਰਾਤਰੀ ਮਹਿਕਮਿਆਂ ਨੂੰ ਨਾਲ ਲੈ ਕੇ ਨਾ ਚੱਲਣ ਦੀ ਜੰਗਲਾਤ ਵਿਭਾਗ ਦੀ ਅਚੇਤ-ਸੁਚੇਤ ਨੀਤੀ ਕਾਰਨ ਵੀ ਅਜਿਹੀ ਦੁਰਦਸ਼ਾ ਹੋਈ ਹੈ। ਜੰਗਲਾਤ ਨਿਯਮਾਂ ਨੂੰ 'ਥਾਣੇਦਾਰੀ ਤਰਜ਼' ਨਾਲ ਨਹੀਂ ਸਗੋਂ ਉਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਲੋੜ ਹੈ। ਭੂਮੀ ਤੇ ਜਲ ਸੰਭਾਲ ਵਰਗੇ ਕੁਦਰਤੀ ਸਰੋਤਾਂ ਨਾਲ ਜੁੜੇ ਹੋਏ ਮਹਿਕਮਿਆਂ ਦੇ ਕਾਰਜ ਪਹਾੜੀ ਖਿੱਤਿਆਂ ਵਿਚ ਮੁੱਖ ਰੋਲ ਅਦਾ ਕਰ ਸਕਦੇ ਹਨ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਖੇਤਰ ਨੂੰ ਮੜ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਨ ਦਾ ਸਸਤਾ ਤੇ ਢੁੱਕਵਾਂ ਹੱਲ ਵੀ ਇਹੀ ਹੈ। ਸਿਰ ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ। ਪਹਾੜਾਂ ਵੱਲ ਧਿਆਨ ਦਿਓ ਪਰ ਮੈਦਾਨੀ ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿਚ ਹੀ ਸਾਡਾ ਸਭ ਦਾ ਭਲਾ ਹੈ।

ਸੰਪਰਕ : 94634 39075

ਹਰ ਧਰਮ ਦੇ ਲੋਕਾਂ 'ਚ ਉਮੜੀ ਤਾਂਘ ਆਜ਼ਾਦੀ ਦੀ - ਵਿਜੈ ਬੰਬੇਲੀ

ਬਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੀ ਇਕ ਪ੍ਰਤੱਖ ਉਦਾਹਰਣ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਹੈ। ਇਸ ਨੇ ਵੀ ਭਾਰਤੀ ਲੋਕ ਮਨ ਵਿਚ ਇਨਕਲਾਬੀ ਚਿਣਗਾਂ ਵਿਗਸਾ, ਆਜ਼ਾਦੀ ਹਾਸਿਲ ਕਰਨ ਦੀ ਤਾਂਘ ਨੂੰ ਜਰਬਾਂ ਦੇ ਦਿੱਤੀਆਂ। ਆਜ਼ਾਦੀ ਦੇ ਇਸ ਸੰਘਰਸ਼ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਦਲਿਤਾਂ, ਇਸਾਈਆਂ, ਪਾਰਸੀਆਂ, ਬੋਧੀਆਂ, ਜੈਨੀਆਂ, ਨਾਸਤਿਕਾਂ, ਕਬਾਇਲੀਆਂ, ਗੱਲ ਕੀ ਹਰ ਭਾਈਚਾਰੇ ਨੇ ਯੋਗਦਾਨ ਪਾਇਆ।
       ਮੌਜੂਦਾ ਸਮਿਆਂ ਵਿਚ ਮੂਲਵਾਦੀ ਹਾਕਮ ਜਮਾਤਾਂ ਵੱਲੋਂ ਸਮੁੱਚੇ ਮੁਸਲਿਮ ਭਾਈਚਾਰੇ ਵਿਰੁੱਧ ਕੂੜ ਪ੍ਰਚਾਰ ਵਿੱਢ ਕੇ ਇਹ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਣਗਿਣਤ ਮੁਸਲਮਾਨਾਂ ਨੇ ਭਾਰਤ ਦੀ ਜੰਗੇ-ਆਜ਼ਾਦੀ ਵਿਚ ਸ਼ਾਮਿਲ ਹੋ ਕੇ ਕੁਰਬਾਨੀਆਂ ਦਿੱਤੀਆਂ। ਇਸ ਦੀ ਇਕ ਮਿਸਾਲ ਅਪਰੈਲ 1919 ਦੀ ਜੱਲ੍ਹਿਆਂਵਾਲਾ ਦੀ ਤ੍ਰਾਸਦੀ ਵੀ ਹੈ। ਪੰਜਾਬ ਵਿਚ 1913-16 ਦੇ ਪੰਜਾਬੀ ਗ਼ਦਰੀਆਂ ਨੇ ਗੋਰਾਸ਼ਾਹੀ ਸਰਬਉੱਚਤਾ ਨੂੰ ਬੇਪਰਦ ਕਰ ਦਿੱਤਾ। ਅੰਗਰੇਜ਼ ਹਕੂਮਤ ਨੇ ਦਮਨ ਦਾ ਦੌਰ ਚਲਾਇਆ ਜਿਸ ਦੌਰਾਨ 291 ਗ਼ਦਰੀਆਂ ਖ਼ਿਲਾਫ਼ ਮੁਕੱਦਮੇ ਚੱਲੇ, 42 ਨੂੰ ਫ਼ਾਂਸੀ ਹੋਏ, 114 ਨੂੰ ਉਮਰਕੈਦ/ਜਲਾਵਤਨੀ ਭੋਗਣੀ ਪਈ, 93 ਨੂੰ ਵੱਖ-ਵੱਖ ਸਜ਼ਾਵਾਂ ਹੋਈਆਂ ਅਤੇ ਬਾਕੀ ਰੂਪੋਸ਼ ਜਾਂ ਬਰੀ ਹੋਏ। ਇਨ੍ਹਾਂ ਇਨਕਲਾਬੀ ਸਰਗਰਮੀਆਂ ਤੋਂ ਡਰੇ ਗੋਰਿਆਂ ਨੇ ਸੈਡੀਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਉਪਰੰਤ ਰੌਲਟ ਬਿੱਲ ਪੇਸ਼ ਕੀਤਾ ਜੋ ਮਗਰੋਂ ਰੌਲਟ ਐਕਟ ਬਣਿਆ।
      ਦਰਅਸਲ, ਬਰਤਾਨਵੀ ਹਾਕਮਾਂ ਨੂੰ ਜਾਪਦਾ ਸੀ ਕਿ ਆਲਮੀ ਜੰਗ ਉਪਰੰਤ ਡਿਫੈਂਸ ਇੰਡੀਆ ਐਕਟ ਕਾਰਗਰ ਨਹੀਂ ਰਹਿਣਾ। ਇਸ ਲਈ ਸਰਕਾਰ ਨੇ ਲੈਜਿਸਲੇਟਿਵ ਕੌਂਸਲ ਵਿਚਲੇ ਭਾਰਤੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਨਵਾਂ ਰੌਲਟ ਐਕਟ ਪਾਸ ਕਰ ਦਿੱਤਾ। ਇਸ ਨਵੇਂ ਕਾਨੂੰਨ ਰਾਹੀਂ ਸਰਕਾਰ ਕਿਸੇ ਵੀ ਨਾਗਰਿਕ ਨੂੰ ਬਿਨਾਂ ਵਾਰੰਟ ਦੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਸੁੱਟ ਸਕਦੀ ਸੀ। ਸਿਆਸੀ ਆਗੂਆਂ ਖ਼ਿਲਾਫ਼ ਬਿਨਾਂ ਮੁਕੱਦਮਾ ਚਲਾਇਆਂ ਲੰਮੇ ਸਮੇਂ ਤੱਕ ਉਨ੍ਹਾਂ ਨੂੰ ਜੇਲ੍ਹਾਂ ਵਿਚ ਤਾੜਿਆ ਜਾ ਸਕਦਾ ਸੀ।
      ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਅੱਜ ਅਸੀਂ ਉਸੇ ਵਰਗਾ ਦੌਰ ਹੰਢਾ ਰਹੇ ਹਾਂ। ਹੁਣ ਦੇ ਕਾਨੂੰਨਘਾੜਿਆਂ ਦੇ ਮਾਰਗ-ਦਰਸ਼ਕ ਅੰਗਰੇਜ਼ ਭਗਤ ਸਨ ਜਾਂ ਫਿਰ ਉਹ ਸ਼ਖ਼ਸ ਜਿਨ੍ਹਾਂ ਦੀ ਆਜ਼ਾਦੀ ਸੰਗਰਾਮ ਵਿਚ ਦੇਣ ਉੱਤੇ ਹੀ ਸਵਾਲੀਆ ਨਿਸ਼ਾਨ ਹਨ। ਫਿਰ ਵੀ ਉਹ ਮੁਸਲਮਾਨਾਂ ਸਮੇਤ ਹੋਰਾਂ ਨੂੰ ਨਿੰਦ ਰਹੇ ਹਨ।
      30 ਮਾਰਚ 1919 ਨੂੰ ਅੰਮ੍ਰਿਤਸਰ ਵਿਖੇ ਰੌਲਟ ਐਕਟ ਵਿਰੁੱਧ ਹੋਈ ਮੁਕੰਮਲ ਹੜਤਾਲ ਦੀ ਅਗਵਾਈ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸੱਤਪਾਲ ਨੇ ਕੀਤੀ। ਚਾਰ ਅਪਰੈਲ ਨੂੰ ਡਾ. ਕਿਚਲੂ ਸਮੇਤ ਪੰਡਿਤ ਦੀਨਾ ਨਾਥ, ਪੰਡਿਤ ਕੋਟੂ ਮੱਲ ਅਤੇ ਵਕੀਲ ਗੁਰਦਿਆਲ ਸਿੰਘ ਸਲਾਰੀਆ ਨੇ ਸੰਬੋਧਿਤ ਕੀਤਾ। ਸਰਕਾਰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਏਕਾ ਵੇਖ ਕੇ ਭੈਅਭੀਤ ਹੋ ਗਈ।
     'ਦਿ ਟ੍ਰਿਬਿਊਨ' ਨੇ ਉਸ ਵੇਲੇ ਸੁਰਖ਼ੀ 'ਸਭ ਨੂੰ ਮੋਹ ਭਰਿਆ ਸੱਦਾ' ਲਾਈ। ਖ਼ਬਰ ਸੀ : ਰੌਲਟ ਬਿੱਲ ਵਿਰੋਧੀ ਮੀਟਿੰਗ, ਐਤਵਾਰ, 9 ਮਾਰਚ 1919 ਨੂੰ ਸ਼ਾਮ ਪੰਜ ਵਜੇ ਬ੍ਰੈਡਲੇ ਹਾਲ ਵਿਚ ਲਾਹੌਰ ਦੇ ਨਾਗਰਿਕਾਂ ਦੀ ਜਨਤਕ ਮੀਟਿੰਗ ਹੋਵੇਗੀ। ਵਿਸ਼ਾ : ਰੌਲਟ ਬਿੱਲ ਦਾ ਵਿਰੋਧ, ਬੁਲਾਰੇ ਸੇਵਾ ਰਾਮ ਸਿੰਘ ਬੀ ਏ ਪਲੀਡਰ, ਮ. ਐਲ. ਸੈਂਡਰਜ਼ ਬਾਰ-ਐਂਟ-ਲਾਅ, ਆਰ.ਬੀ. ਸੁੰਦਰ ਦਾਸ ਸੂਰੀ ਐਮ.ਏ. ਆਰ.ਐਸ, ਵਿਗਿਆਨੀ ਰੁਚੀ ਰਾਮ ਸਾਹਨੀ, ਪੰਡਿਤ ਪਿਆਰੇ ਲਾਲ ਪਲੀਡਰ।
     ਹੋਰ ਬੁਲਾਰੇ ਵੀ ਕੋਈ ਬੇਗਾਨੇ ਨਹੀਂ ਸਨ, ਸਾਡੇ ਮੁਸਲਮਾਨ ਹਮਸਾਏ ਹੀ ਸਨ। ਜਿਵੇਂ ਸੁਜਾ-ਉਦ-ਦੀਨ ਐਮ.ਏ. ਬਾਰ-ਐਟ-ਲਾਅ, ਮੌਲਵੀ ਗੁਲਾਮ ਮੋਹੀ-ਉਦ-ਦੀਨ ਪਲੀਡਰ, ਪੀਰ ਤਾਜ-ਉਦ-ਦੀਨ ਬਾਰ-ਐਟ-ਲਾਅ। ਇਸ ਇਕੱਠ ਦੀ ਪ੍ਰਧਾਨਗੀ ਮਾਣਯੋਗ ਕੇ.ਬੀ. ਮੀਆਂ ਫ਼ਜ਼ਲ-ਏ-ਹੁਸੈਨ ਬਾਰ-ਐਟ-ਲਾਅ ਨੇ ਕੀਤੀ।
      ਅੰਮ੍ਰਿਤਸਰ ਵਿਚ ਰੌਲਟ ਐਕਟ ਤੇ ਹੋਰ ਮਾਰੂ ਕਾਨੂੰਨਾਂ ਵਿਰੁੱਧ ਅੰਦੋਲਨ ਉਸ ਸਮੇਂ ਦੇ ਮਸ਼ਹੂਰ ਵਕੀਲ ਸੈਫ਼ੂਦੀਨ ਕਿਚਲੂ, ਡਾ. ਸੱਤਪਾਲ, ਮਹਾਸ਼ਾ ਰਤਨ ਚੰਦ, ਚੌਧਰੀ ਬੱਗਾ ਮੱਲ, ਬਾਲ ਮੁਕੰਦ, ਘਨ੍ਹੱਈਆ ਪਾਲ, ਐਡਵੋਕੇਟ ਜੀ.ਐੱਸ. ਸਲਾਰੀਆ ਅਤੇ ਹੋਰਨਾਂ ਦੀ ਅਗਵਾਈ ਹੇਠ ਚਲਾਇਆ ਗਿਆ। ਮੁਸਲਮਾਨ ਭਾਈਚਾਰੇ ਵੱਲੋਂ ਇਕੱਲੇ ਆਗੂ ਡਾ. ਕਿਚਲੂ ਹੀ ਨਹੀਂ ਸਗੋਂ ਬਸ਼ੀਰ ਅਹਿਮਦ ਅਤੇ ਬਦਰੁੱਲ ਇਸਲਾਮ ਵਰਗੇ ਦਾਨਿਸ਼ਵਰ ਵੀ ਆਗੂ ਸਨ।
     ਇਨ੍ਹਾਂ ਆਗੂਆਂ ਦੀ ਅਗਵਾਈ ਹੇਠ 6 ਅਪਰੈਲ ਦੀ ਹੜਤਾਲ ਪੁਰਅਮਨ ਰਹੀ। ਉਸ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਏਕਤਾ ਦਾ ਮੁਜ਼ਾਹਰਾ ਉਭਰਵੇਂ ਰੂਪ ਵਿਚ ਹੋਇਆ। ਅੰਗਰੇਜ਼ ਸਰਕਾਰ ਭਾਂਪ ਗਈ ਕਿ ਇਹ ਏਕਤਾ ਬਰਤਾਨਵੀ ਰਾਜ ਲਈ ਖ਼ਤਰੇ ਦੀ ਘੰਟੀ ਹੈ। ਖ਼ਬਰਾਂ ਮਿਲਣ 'ਤੇ ਮਾਈਕਲ ਓਡਵਾਇਰ ਨੇ ਡਾ. ਕਿਚਲੂ ਅਤੇ ਡਾ. ਸੱਤਪਾਲ ਬਾਰੇ ਕਿਹਾ, ''ਸਭ ਤੋਂ ਪਹਿਲਾਂ ਮੈਂ ਇਨ੍ਹਾਂ ਬਦਮਾਸ਼ਾਂ ਨਾਲ ਹੀ ਨਜਿੱਠਾਂਗਾ।''
       ਪੰਜਾਬ ਵਿਚ ਅੰਮ੍ਰਿਤਸਰ ਰੌਲਟ ਬਿੱਲ ਖ਼ਿਲਾਫ਼ ਵਿਦਰੋਹ ਦਾ ਕੇਂਦਰ ਬਿੰਦੂ ਸੀ ਜਿੱਥੇ ਪਹਿਲਾਂ 30 ਮਾਰਚ ਤੇ ਫਿਰ 6 ਅਪਰੈਲ ਨੂੰ ਆਮ ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ 9 ਅਪਰੈਲ ਨੂੰ ਰਾਮਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਨਵੀਂ ਪਿਰਤ ਪਾਉਂਦਿਆਂ ਸਾਰੇ ਲੋਕਾਂ ਨੇ 'ਹਿੰਦੂ-ਮੁਸਲਿਮ ਕੀ ਜੈ' ਦੇ ਨਾਅਰੇ ਲਾਉਂਦਿਆਂ ਇਹ ਤਿਉਹਾਰ ਰਲ ਕੇ ਮਨਾਇਆ। ਹਿੰਦੂਆਂ ਨੂੰ ਮੁਸਲਮਾਨ ਭਰਾਵਾਂ ਨੇ ਸ਼ਾਇਦ ਪਹਿਲੀ ਵਾਰ ਠੰਢਾ ਮਿੱਠਾ ਜਲ ਵੀ ਛਕਾਇਆ। ਛਬੀਲਾਂ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕ-ਦੂਜੇ ਦੇ ਹੱਥੋਂ ਪਾਣੀ ਪੀਤਾ। ਇਉਂ ਸਾਂਝੀਵਾਲਤਾ ਦੇ ਗ਼ੈਰ-ਮਾਮੂਲੀ ਦ੍ਰਿਸ਼ ਵੇਖੇ ਗਏ। ਬਟਾਲਾ ਅਤੇ ਲਾਹੌਰ ਦੇ ਬੈਨਰਾਂ 'ਤੇ 'ਰਾਮ ਅਤੇ ਅੱਲਾ' ਉਕਰਿਆ ਹੋਇਆ ਸੀ। ਅੰਮ੍ਰਿਤਸਰ ਦੇ ਰਾਮ ਨੌਮੀ ਦੇ ਜਲੂਸ ਦੌਰਾਨ ਇਕ ਮੁਸਲਿਮ ਡਾ. ਹਾਫਿਜ਼ ਮੁਹੰਮਦ ਬਸ਼ੀਰ ਘੋੜੇ 'ਤੇ ਸਵਾਰ ਹੋ ਕੇ ਜਲੂਸ ਦੀ ਰਹਿਨੁਮਾਈ ਕਰ ਰਿਹਾ ਸੀ। ਇਸ ਦੇ ਸਿੱਟੇ ਵਜੋਂ ਹਾਕਮ ਬੌਂਦਲ ਗਏ ਕਿਉਂਕਿ ਉਨ੍ਹਾਂ ਨੂੰ ਆਪਣਾ ਇੱਕੋ-ਇੱਕ ਕਾਰਗਰ ਪੈਂਤੜਾ 'ਪਾੜੋ ਤੇ ਰਾਜ ਕਰੋ' ਠੁੱਸ ਹੁੰਦਾ ਲੱਗਾ। ਭਾਵੇਂ ਹਾਕਮਾਂ ਦਾ ਪੈਂਤੜਾ ਹੁਣ ਵੀ ਇਹੀ ਹੈ।
      ਛੇ ਅਪਰੈਲ ਨੂੰ ਰੌਲਟ ਐਕਟ ਵਿਰੁੱਧ ਦੇਸ਼ ਵਿਆਪੀ ਹੜਤਾਲ ਹੋਈ ਜਿਸ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਤੇ ਖ਼ਾਸਕਰ ਅੰਮ੍ਰਿਤਸਰ ਵਿਚ ਨਜ਼ਰ ਆਇਆ। ਹੜਤਾਲ ਦੌਰਾਨ 'ਹਿੰਦੂ-ਮੁਸਲਿਮ ਕੀ ਜੈ', 'ਮਹਾਤਮਾ ਗਾਂਧੀ ਕੀ ਜੈ' ਅਤੇ 'ਕਿਚਲੂ-ਸੱਤਪਾਲ ਕੀ ਜੈ' ਵਰਗੇ ਨਾਹਰੇ ਵੀ ਲੱਗਦੇ ਰਹੇ। ਲੋਕ ਰੋਹ ਵਿਚ ਸਨ। ਹਾਲਾਤ ਦੇ ਮੱਦੇਨਜ਼ਰ ਅੰਗਰੇਜ਼ਾਂ ਨੇ ਪੁਲੀਸ ਬੰਦੋਬਸਤ ਹੋਰ ਪੁਖ਼ਤਾ ਕਰ ਲਏ। ਅਸਲ ਵਿਚ ਮਹਾਤਮਾ ਗਾਂਧੀ ਅਤੇ ਹੋਰ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਗਟਾਉਣ ਲਈ ਵੱਡੀ ਗਿਣਤੀ 'ਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ 9 ਅਪਰੈਲ ਨੂੰ ਅੰਮ੍ਰਿਤਸਰ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ।
        ਫ਼ਲਸਰੂਪ, ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਓਡਵਾਇਰ ਨੇ ਇਸ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਸਭ ਤੋਂ ਅਹਿਮ ਆਗੂਆਂ ਡਾ. ਕਿਚਲੂ ਅਤੇ ਡਾ. ਸੱਤਪਾਲ ਨੂੰ ਗ੍ਰਿਫ਼ਤਾਰ ਕਰਕੇ ਬਿਨਾਂ ਮੁਕੱਦਮਾ ਚਲਾਇਆਂ ਪੰਜਾਬ ਬਦਰ ਕਰਨ ਦਾ ਹੁਕਮ ਦਿੱਤਾ। ਮੌਲਵੀ ਗੁਲਾਮ ਜਿਲਾਨੀ ਨੇ 9 ਅਪਰੈਲ ਨੂੰ ਰਾਮ ਨੌਵੀਂ ਦੇ ਜਲੂਸ ਨੂੰ ਜਥੇਬੰਦ ਕਰਨ ਅਤੇ ਤਰਤੀਬ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮੌਲਵੀ ਜਿਲਾਨੀ ਨੇ ਗ੍ਰਿਫ਼ਤਾਰੀ ਉਪਰੰਤ ਬੇਹੱਦ ਤਸੀਹੇ ਝੱਲ ਕੇ ਵੀ ਕੌਮੀ ਆਗੂਆਂ ਵਿਰੁੱਧ ਗਵਾਹੀ ਨਹੀਂ ਸੀ ਦਿੱਤੀ। ਇਸ ਦੇ ਉਲਟ 13 ਅਪਰੈਲ ਵਾਲੇ ਇਕੱਠ ਲਈ ਚੌਧਰੀ ਬੁੱਗਾ ਮੱਲ, ਮਹਾਸ਼ਾ ਰਤਨ ਰੱਤੋ ਅਤੇ ਪੰਡਿਤ ਕੋਟੂ ਮੱਲ ਨਾਲ ਗਲੀ-ਬਾਜ਼ਾਰੀਂ ਸਰਗਰਮ ਹੋ ਗਿਆ।
       10 ਅਪਰੈਲ ਦੀ ਸਵੇਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਜ਼ ਇਰਵਿੰਗ ਨੇ ਡਾ. ਕਿਚਲੂ ਅਤੇ ਡਾ. ਸੱਤਪਾਲ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ 'ਚ ਨਜ਼ਰਬੰਦ ਕਰ ਦਿੱਤਾ। ਪ੍ਰਸਿੱਧ ਇਤਿਹਾਸਕਾਰ ਪ੍ਰੋ. ਵੀ.ਐਨ. ਦੱਤਾ ਨੇ ਆਪਣੀ ਪੁਸਤਕ 'ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ' ਵਿਚ ਲਿਖਿਆ : ''10 ਅਪਰੈਲ ਦੇ ਦੁਖ਼ਾਂਤ, ਜਿਹੜੇ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਪ੍ਰਤੀਕਰਮ-ਦਰ-ਪ੍ਰਤੀਕਰਮ ਵਜੋਂ ਵਾਪਰੇ, ਨੂੰ ਰੋਕਿਆ ਜਾ ਸਕਦਾ ਸੀ, ਪਰ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੀ।'' ਰੇਲ ਪੁਲ ਸਾਕੇ ਵਿਚ 22 ਲੋਕ ਮਾਰੇ ਗਏ ਜਿਸ ਵਿਚ ਸੇਵਾ ਸਿੰਘ, ਰਾਮ ਸਿੰਘ ਵਰਗੇ ਸਿੱਖ ਵੀ ਸਨ, ਦੀਆ ਰਾਮ, ਹਰੀ ਪ੍ਰਸਾਦ, ਭਾਨਾ ਬਾਹਮਣ ਵਰਗੇ ਹਿੰਦੂ ਅਤੇ ਉਮਰਦੀਨ, ਮੁਹੰਮਦ ਸ਼ਰੀਫ਼ ਤੇ ਸੁਰਜੀਤ ਦੀਨ ਵਰਗੇ ਮੁਸਲਮਾਨ ਵੀ।
      ਸਿੱਟਾ ਇਹ ਨਿਕਲਿਆ ਕਿ ਲੋਕ ਬਾਗ਼ੀ ਹੋ ਗਏ। ਹਕੂਮਤ ਵੱਲੋਂ ਥਾਂ-ਥਾਂ ਸਖ਼ਤ ਲਾਠੀਚਾਰਜ ਅਤੇ ਕਿਤੇ-ਕਿਤੇ ਗੋਲੀ ਬਾਰੂਦ ਦੀ ਵਰਤੋਂ ਕਰਕੇ ਬਗ਼ਾਵਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਲੇ ਦਾ ਕਦੇ ਜ਼ਾਹਰਾ, ਕਦੇ ਗੁਪਤ ਚੱਲਦਾ 'ਡੰਡਾ ਅਖ਼ਬਾਰ' ਲਿਖ਼ਦਾ : 'ਚੇਤੇ ਕਰੋ, ਅੰਮ੍ਰਿਤਸਰ ਵਿਚ 10 ਅਪਰੈਲ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਭਰਾ ਸ਼ਹੀਦ ਕਰ ਦਿੱਤੇ ਗਏ। ਕੀ ਇਸ ਨਾਲ ਤੁਹਾਡਾ ਖ਼ੂਨ ਨਹੀਂ ਖ਼ੌਲਦਾ? ਜਿਹੜੇ 12 ਅਪਰੈਲ ਨੂੰ ਹੀ ਮੰਡੀ ਵਿਚ ਤੇ ਉਸ ਤੋਂ ਪਹਿਲਾਂ ਗੱਡੀ ਵਾਲਾ ਪੁਲ 'ਤੇ ਮਾਰੇ ਗਏ। ਕੀ ਉਹ ਸਾਡੇ ਭਰਾ ਨਹੀਂ? ਹੱਕ ਤੇ ਬਦਲਾ। ਅਨੇਕਾਂ ਲੇਖਕ ਅਤੇ ਸਮਾਜਿਕ ਵਿਅਕਤੀ ਜੋ ਅੰਦੋਲਨ ਨਾਲ ਜੁੜੇ ਸਨ, ਨੂੰ ਸਜ਼ਾ-ਏ-ਮੌਤ ਦਿੱਤੀ ਗਈ। ਉਨ੍ਹਾਂ ਵਿਚ ਕੁਝ ਇਹ ਸਨ- ਹਰਕਿਸ਼ਨ ਲਾਲ, ਰਾਮਭੱਜ ਦੱਤ, ਧਰਮਦਾਸ ਗੋਕਲ ਤੇ ਮੋਤਾ ਸਿੰਘ ਅਤੇ ਮੋਸ਼ੀਨ ਸ਼ਾਹ, ਅੱਲਾਦੀਨ।'
      ਬਕੌਲ ਵਕੀਲ ਮਕਬੂਲ ਅਹਿਮਦ : ''ਮੈਂ 1918 ਤੋਂ ਵਕਾਲਤ ਕਰ ਰਿਹਾ ਹਾਂ। ਕਾਂਗਰਸ ਦੀਆਂ ਸਵਾਗਤੀ ਅਤੇ ਕਾਰਗਾਰ ਕਮੇਟੀਆਂ, ਦੋਵਾਂ ਦਾ ਮੈਂਬਰ ਹਾਂ। ਮੈਂ ਹਿੰਦੂ ਮੁਸਲਿਮ ਇਤਫ਼ਾਕ ਲਈ ਵੀ ਕੰਮ ਕਰਦਾ ਹਾਂ। ਦਸ ਅਪਰੈਲ ਨੂੰ ਡਾ. ਕਿਚਲੂ ਤੇ ਡਾ. ਸੱਤਪਾਲ ਦੇ ਜੂਹ-ਬਦਰ ਕੀਤੇ ਜਾਣ ਕਾਰਨ ਲੋਕਾਂ ਵਿਚ ਭਾਰੀ ਰੋਹ ਸੀ। ਲੋਕਾਂ ਦੀ ਭੀੜ ਡਿਪਟੀ ਕਮਿਸ਼ਨਰ ਨੂੰ ਮਿਲਣਾ ਚਾਹੁੰਦੀ ਸੀ। ਅਫ਼ਸੋਸ, ਉਨ੍ਹਾਂ ਬੇਕੂਸਰਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਉਸੇ ਵਕਤ ਡਾਕਖਾਨੇ ਵਾਲੇ ਪਾਸਿਓਂ ਗੋਲੀ ਚੱਲ ਗਈ। ਲੋਕ ਗੱਡੀ ਵਾਲੇ ਪੁਲ (ਹੁਣ ਭੰਡਾਰੀ ਪੁਲ) ਵੱਲ ਭੱਜੇ। ਕੁਝ ਲੋਕ ਭੜਕ ਗਏ। ਫ਼ੌਜੀਆਂ ਨੇ ਬਿਨਾਂ ਖ਼ਬਰਦਾਰ ਕੀਤਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।'' ਕਾਂਗਰਸ ਕਮੇਟੀ ਸਾਹਵੇਂ ਠੋਕਵੀਆਂ ਗਵਾਹੀਆਂ ਦੇਣ ਵਾਲਿਆਂ ਵਿਚ ਮੀਆਂ ਹੁਸੈਨ ਸ਼ਾਹ ਅਤੇ ਵਕੀਲ ਗੁਲਾਮ ਯਾਸੀਨ ਵੀ ਸ਼ਾਮਿਲ ਸੀ।
      ਹਰ ਥਾਂ ਸੰਘਰਸ਼ੀ ਜ਼ਖ਼ਮੀ ਹੋਏ ਤੇ ਮਾਰੇ ਗਏ ਜੋ ਸਾਰੀਆਂ ਧਿਰਾਂ ਵਿਚੋਂ ਸਨ। ਸ਼ਹੀਦਾਂ ਦੀਆਂ ਲਾਸ਼ਾਂ ਹਾਲ ਬਾਜ਼ਾਰ ਸਥਿਤ ਖ਼ੈਰ-ਉਦ-ਦੀਨ ਮਸਜਿਦ ਵਿਚ ਰੱਖੀਆਂ ਗਈਆਂ। ਕਿਮ ਵੈਗਨਰ ਅਨੁਸਾਰ : ''ਸ਼ਹੀਦਾਂ ਲਈ ਹਿੰਦੂਆਂ ਅਤੇ ਮੁਸਲਮਾਨਾਂ ਨੇ ਆਪਣੀਆਂ ਪ੍ਰਾਰਥਨਾਵਾਂ ਇਕ ਥਾਂ ਖੜ੍ਹ ਕੇ ਕੀਤੀਆਂ। ਹਿੰਦੂਆਂ ਦੇ ਸਸਕਾਰ ਲਈ ਲੱਕੜਾਂ ਮੁਸਲਮਾਨ ਲੈ ਕੇ ਆਏ ਅਤੇ ਆਪਣੀ ਵਾਰੀ 'ਤੇ ਹਿੰਦੂਆਂ ਨੇ ਮੁਸਲਮਾਨਾਂ ਲਈ ਕਬਰਾਂ ਪੁੱਟੀਆਂ।''
       ਰੋਸ ਵਜੋਂ 13 ਅਪਰੈਲ ਨੂੰ ਜੱਲ੍ਹਿਆਂਵਾਲਾ ਬਾਗ਼ ਵਿਖੇ ਵੱਡਾ ਇਕੱਠ ਹੋਇਆ ਜਿਸ ਉੱਤੇ ਸਰਕਾਰ ਹਿੰਦ ਦੀ ਸਹਿਮਤੀ ਅਤੇ ਮੌਕੇ ਦੇ ਅਫ਼ਸਰਾਂ ਦੇ ਹੁਕਮਾਂ ਨਾਲ ਸ਼ਾਹੀ ਦਸਤਾਵੇਜ਼ਾਂ ਅਨੁਸਾਰ 1650 ਗੋਲੀਆਂ (ਤਕਰੀਬਨ 50 ਸਿਪਾਹੀਆਂ ਨੇ ਬਿਨਾਂ ਚਿਤਾਵਨੀ ਦਿੱਤਿਆਂ) ਚਲਾਈਆਂ, 379 ਬੰਦੇ ਮਾਰੇ ਗਏ, 1137 ਜ਼ਖ਼ਮੀ ਹੋਏ।'' ਭਾਰਤੀ ਸਰੋਤ ਇਹ ਗਿਣਤੀ ਕਿਤੇ ਵੱਧ ਦੱਸਦੇ ਹਨ। ਭਗਦੜ ਵਿਚ ਜਾਂ ਡਰੇ ਹੋਏ ਲੋਕਾਂ ਨੇ ਆਪਣੇ ਬਚਾਅ ਹਿੱਤ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ ਜਿਸ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ। ਇਹ ਲਾਸ਼ਾਂ ਸਿਰਫ਼ ਹਿੰਦੂਆਂ ਦੀਆਂ ਨਹੀਂ ਸਗੋਂ ਮੁਸਲਮਾਨਾਂ ਦੀਆਂ ਵੀ ਸਨ। ਇਉਂ ਜੱਲ੍ਹਿਆਂਵਾਲਾ ਬਾਗ਼ ਸਭ ਦੀ ਸਾਂਝੀ ਕੌਮੀ ਯਾਦਗਾਰ ਬਣ ਗਿਆ।
   ਜੱਲ੍ਹਿਆਂਵਾਲਾ ਬਾਗ਼ ਤ੍ਰਾਸਦੀ ਬਾਰੇ ਸਾਰੀਆਂ ਧਿਰਾਂ ਵੱਲੋਂ ਬਣਾਈ ਜਾਣ ਵਾਲੀ ਯਾਦਗਾਰ ਸਬੰਧੀ ਮਹਾਤਮਾ ਗਾਂਧੀ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ 'ਯੰਗ ਇੰਡੀਆ' ਵਿਚ ਲਿਖ਼ਿਆ : ''ਮਾਰੇ ਗਏ ਬੇਕਸੂਰ ਲੋਕਾਂ ਦੀ ਸਿਮਰਤੀ ਨੂੰ ਇਕ ਪਵਿੱਤਰ ਟਰੱਸਟ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਲੋੜ ਪੈਣ 'ਤੇ ਦੇਸ਼ ਵਾਸੀਆਂ ਤੋਂ ਮਦਦ ਦੀ ਉਮੀਦ ਕਰਨ ਦਾ ਹੱਕ ਹੋਵੇਗਾ। ਯਾਦਗਾਰ ਦਾ ਬੁਨਿਆਦੀ ਅਰਥ ਇਹੋ ਹੈ।'' ਉਨ੍ਹਾਂ ਨੇ ਲਿਖਿਆ, ''ਅਤੇ ਕੀ ਇੱਥੇ ਮੁਸਲਮਾਨਾਂ ਦਾ ਖ਼ੂਨ ਹਿੰਦੂਆਂ ਦੀ ਰੱਤ ਨਾਲ ਨਹੀਂ ਮਿਲਿਆ? ਕੀ ਇੱਥੇ ਸਿੱਖਾਂ ਦਾ ਲਹੂ ਸਨਾਤਨੀਆਂ ਦੇ ਖ਼ੂਨ ਨਾਲ ਨਹੀਂ ਰਲਿਆ? ਇਹ ਯਾਦਗਾਰ ਹਿੰਦੂ-ਮੁਸਲਿਮ ਏਕਤਾ ਦੀ ਕਾਇਮੀ ਲਈ ਇਮਾਨਦਾਰ ਤੇ ਲਗਾਤਾਰ ਕੋਸ਼ਿਸ਼ਾਂ ਦਾ ਕੌਮੀ ਪ੍ਰਤੀਕ ਬਣਨੀ ਚਾਹੀਦੀ ਹੈ।''
       ਸਾਕਾ ਜੱਲ੍ਹਿਆਂਵਾਲੇ ਬਾਗ਼ ਦੇ ਬਹੁਪਰਤੀ ਸਿੱਟੇ ਸਾਹਮਣੇ ਆਏ। ਇਸ ਮਗਰੋਂ ਬਰਤਾਨਵੀ ਸ਼ਾਸਕਾਂ ਨੂੰ ਸਥਾਨਕ ਲੋਕਾਂ ਦਾ ਸਹਿਯੋਗ ਮਿਲਣਾ ਬੰਦ ਹੋ ਗਿਆ। ਇਸ ਦੇ ਨਾਲ ਹੀ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਆਪਸੀ ਸੂਝ-ਬੂਝ ਕਾਇਮ ਹੋਈ। ਇਸ ਨਾਲ ਇਨਕਲਾਬੀ ਧੜਿਆਂ ਨੂੰ ਹੁੰਗਾਰਾ ਮਿਲਿਆ ਜਿਨ੍ਹਾਂ ਦੀਆਂ ਸਰਗਰਮੀਆਂ ਦਾ ਨਿਸ਼ਾਨਾ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਦੇਸ਼ ਤੋਂ ਸਾਮਰਾਜ ਦਾ ਜੂਲਾ ਪਰ੍ਹੇ ਵਗਾਹ ਮਾਰਨਾ ਸੀ। ਜਲੰਧਰੋਂ, ਅੰਮ੍ਰਿਤਸਰ ਨੂੰ ਤੁਰਦਿਆਂ ਖ਼ੁਦ ਡਾਇਰ ਨੇ ਆਪਣੇ ਬੇਟੇ ਕੈਪਟਨ ਇਵੋਨ ਨੂੰ ਕਿਹਾ ਸੀ, ''ਹਿੰਦੂ ਅਤੇ ਮੁਸਲਮਾਨ 'ਕੱਠੇ ਹੋ ਚੁੱਕੇ ਹਨ। ਇਹ ਹਕੂਮਤ ਲਈ ਖ਼ਤਰਨਾਕ ਹੈ।''
       ਜੱਲ੍ਹਿਆਂਵਾਲੇ ਬਾਗ਼ ਨਾਲ ਜੁੜੀ ਲਹਿਰ ਦੀ ਅਹਿਮ ਪ੍ਰਾਪਤੀ ਹਿੰਦੂ, ਸਿੱਖ, ਮੁਸਲਮਾਨ ਏਕਤਾ ਸੀ ਜਿਸ ਦੀ ਗੂੰਜ ਪੰਜਾਬੀ ਸਾਹਿਤ ਵਿਚ ਬਹੁਤ ਉੱਚੀ ਸੁਣਾਈ ਦਿੱਤੀ। ਫ਼ੀਰੋਜ਼ਦੀਨ ਸ਼ਰਫ਼, ਮੁਹੰਮਦ ਹੁਸੈਨ ਅੰਮ੍ਰਿਤਸਰੀ, ਅਮੀਰ ਅਲੀ ਅਮਰ, ਹੁਸੈਨ ਖ਼ੁਸ਼ਨੂਦ, ਅਬਦੁਲ ਕਾਦਰ ਬੇਗ, ਜਾਚਕ, ਗੁਲਾਮ ਰਸੂਲ ਲੁਧਿਆਣਵੀ ਤੇ ਨਾਨਕ ਸਿੰਘ, ਰਣਜੀਤ ਸਿੰਘ ਤਾਜਵਰ, ਗਿਆਨੀ ਹੀਰਾ ਸਿੰਘ ਦਰਦ, ਸੂਰਤ ਸਿੰਘ, ਵਿਧਾਤਾ ਸਿੰਘ ਤੀਰ ਅਤੇ ਈਸ਼ਵਰ ਦਾਸ ਆਦਿ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ। ਰਾਬਿੰਦਰਨਾਥ ਟੈਗੋਰ ਵਰਗਿਆਂ ਨੇ ਵੱਡੇ ਖ਼ਿਤਾਬ ਵਾਪਸ ਕਰ ਦਿੱਤੇ। ਉਸ ਵੇਲੇ ਦੀ ਫ਼ਿਰਕੂ ਏਕਤਾ ਦੀ ਭਾਵਨਾ ਅਤੇ ਸਾਂਝੀਆਂ ਕੁਰਬਾਨੀਆਂ ਬਾਰੇ ਸ਼ਰਫ਼ ਨੇ ਤਰਾਹ ਮਿਸਰੇ ਵਿਚ ਲਿਖਿਆ 'ਡੁੱਲ੍ਹਿਆ ਖ਼ੂਨ ਹਿੰਦੂ ਮੁਸਲਮਾਨ ਇੱਥੇ' ਦੀ ਵੰਨਗੀ ਵੇਖੋ :


… ਇੱਕ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਉਹ 'ਰਹੀਮ' 'ਕਰਤਾਰ' 'ਭਗਵਾਨ' ਏਥੇ।
ਹੋਏ 'ਜ਼ਮਜ਼ਮ' ਤੇ 'ਗੰਗਾ' ਇੱਕ ਥਾਂ ਕੱਠੇ,
ਰਲਿਆ  ਖ਼ੂਨ  ਹਿੰਦੂ  ਮੁਸਲਮਾਨ  ਏਥੇ।

ਮੁਹੰਮਦ ਇਕਬਾਲ, ਸਰੋਜਨੀ ਨਾਇਡੂ ਤੇ ਤਰਲੋਕ ਚੰਦ ਮਹਿਰੂਮ ਨੇ ਵੀ ਇਸ ਸਬੰਧੀ ਆਵਾਜ਼ ਉਠਾਈ। ਭਗਤ ਸਿੰਘ, ਊਧਮ ਸਿੰਘ ਅਤੇ ਹੋਰ ਅਨੇਕਾਂ ਜਵਾਨ ਇਸ ਸਾਕੇ, ਫ਼ਿਰਕੂ ਏਕਤਾ ਅਤੇ ਸਾਂਝੇ ਘੋਲਾਂ ਤੋਂ ਵੀ ਪ੍ਰਭਾਵਿਤ ਹੋਏ ਅਤੇ ਵੇਲੇ ਦੇ ਸਾਹਿਤ ਤੋਂ ਵੀ। 13 ਅਪਰੈਲ 1919 ਨੂੰ ਸ਼ਹੀਦ ਹੋਏ ਮੁਸਲਮਾਨ ਹਮਸਾਇਆਂ ਦੀ ਸੂਚੀ :


ਜੱਲ੍ਹਿਆਂਵਾਲੇ ਬਾਗ਼ ਤ੍ਰਾਸਦੀ ਵਿਚ ਸ਼ਹੀਦ ਹੋਣ ਵਾਲੇ ਮੁਸਲਮਾਨ (ਨਾਂ/ਵਲਦੀਅਤ)

ਉਮਰ ਬੀਬੀ/ ਇਮਾਮਦੀਨ, ਉਮਰ ਬਖ਼ਸ਼/ ਈਦਾ ਸ਼ੇਖ਼, ਉਮਰਦੀਨ/ ਮੁਹੰਮਦ ਦੀਨ, ਅਬਦੁੱਲਾ/ ਪੀਰ ਬਖ਼ਸ਼, ਅਬਦੁੱਲਾ/ ਲਾਲ ਮੁਹੰਮਦ, ਅਹਿਮਦ ਉੱਲਾ/ ਕਰੀਮ ਬਖ਼ਸ਼, ਅਬਦੁੱਲ ਕਰੀਮ/ ਪੀਰ ਬਖ਼ਸ਼, ਅਬਦੁੱਲ ਕਰੀਮ/ ਲਾਲ ਮੁਹੰਮਦ, ਅਬਦੁਲ ਖ਼ਾਲਿਦ/ ਰਹੀਮ ਖ਼ਾਂ, ਅਹਿਮਦ ਖ਼ਾਂ/ ਦਾਰਾ ਖ਼ਾਂ, ਅਬਦੁੱਲ ਮਜੀਦ/ ਭੋਂਦੂ ਕਹਾਰ, ਅਬਦੁੱਲ ਸਾਜਿਦ/ ਰਹੀਮ ਬਖ਼ਸ਼, ਅਹਿਮਦ ਦੀਨ/ ਦੀਨ ਮੁਹੰਮਦ, ਅਹਿਮਦ ਦੀਨੀ/ ਲੁਹਾਰਾ, ਅੱਲਾ ਦਿੱਤਾ/ ਮੇਘਾ, ਅੱਲਾ ਬਖ਼ਸ਼/ ਲੁਹਾਰ, ਇਬਰਾਹੀਮ/ ਇਮਾਮਦੀਨ, ਇਲਮ ਦੀਨ/ ਚੱਕ ਮੁਕੰਦ, ਇਸਮਾਈਲ/ ਨਿਜਾਦ, ਹਾਮਿਦ/ ਅਹਿਮਦ ਦੀਨ, ਹਸਨ ਮੁਹੰਮਦ/ ਫ਼ਜ਼ਲਦੀਨ ਅਰਾਈ, ਹੱਸੀ/ ਸਿਕੰਦਰ ਸੁਨਿਆਰ, ਕਰੀਮ ਬਖ਼ਸ਼/ ਚੌਕੀਦਾਰ, ਲਾਮ ਮੁਹੰਮਦ/ ਰਹੀਮ ਬਖ਼ਸ਼, ਗੁਲਾਮ ਮੋਹੀਉਦੀਨ/ ਮੁਹੰਮਦ ਜਾਨ ਬੱਟ ਕਸ਼ਮੀਰੀ, ਗੁਲਾਮ ਰਸੂਲ/ ਸਮਦ ਸ਼ਾਹ, ਚਿਰਾਗਦੀਨ/ ਮੁਹੰਮਦ ਬਖ਼ਸ਼, ਤਾਜਦੀਨ ਹਾਫ਼ਿਜ਼/ ਅਲੀ ਮੁਹੰਮਦ, ਮੁੱਲਾ ਅਲੀ/ ਮੁਹੰਮਦ, ਨੂਰ ਮੁਹੰਮਦ/ ਬੂਟਾ ਅਰਾਈ, ਫ਼ਜ਼ਲ/ ਮੌਲਾ ਬਖ਼ਸ਼, ਫ਼ਿਰੋਜ਼ਦੀਨ ਸ਼ਾਹ/ ਮੁਹੰਮਦ ਸਨਿਆਰਾ, ਬਰਕਤ/ ਭਿੱਲਾ ਸ਼ੇਖ਼, ਬਰਕਤ ਅਲੀ/ ਇਲਾਹੀ ਬਖਸ਼, ਭੀਰੂ ਉਰਫ਼ ਨਿਜ਼ਾਮੂਦੀਨ/ ਲੱਬੀ ਗੁੱਜਰ, ਮਹਿਬੂਬ ਸ਼ਾਹ/ ਮੀਰ ਮੁਹੰਮਦ, ਮੀਰਾਂ ਬਖ਼ਸ਼/ ਸੁਨਿਆਰ, ਮੁਹੰਮਦ ਇਸਮਾਈਲ/ ਕਰਮਦੀਨ ਉਰਫ਼ ਕਾਲੂ ਕਸ਼ਮੀਰੀ, ਮੁਹੰਮਦ ਰਮਜਾਨ/ ਰਹੀਮ ਬਖ਼ਸ਼ ਕਸ਼ਮੀਰੀ, ਮੁਹੰਮਦ ਸਾਦਿਕ/ ਮੁਰਾਦ ਬਖ਼ਸ਼ ਸ਼ੇਖ਼, ਮੁਹੰਮਦ ਸ਼ਫੀ/ ਰਹੀਮ ਬਖ਼ਸ਼, ਮੁਹੰਮਦ ਸ਼ਫ਼ੀ/ ਜਾਨ ਮੁਹੰਮਦ, ਮੁਹੰਮਦ ਸ਼ਰੀਫ਼/ ਮੁਹੰਮਦ ਰਮਜਾਨ, ਮੁਹੰਮਦ ਬਖ਼ਸ਼/ ਰਾਜਗਿਰੀ, ਮੁਸ਼ਾ/ ਜਲਾਲਦੀਨ ਕਸ਼ਮੀਰੀ, ਫ਼ਤਿਹ ਮੁਹੰਮਦ/ ਮੁਹੰਮਦ ਰੰਗਸਾਜ, ਰਹਿਮਤ/ ਨਵਾਬਦੀਨ ਸ਼ੇਖ਼, ਰੁਕਤਦੀਨ/ ਇਲਾਹੀ ਬਖ਼ਸ਼, ਸ਼ਮਸਦੀਨ/ ਸਿਕੰਦਰ ਸੁਨਿਆਰਾ, ਸ਼ਰਫ਼ਦੀਨ/ ਜਮਾਲਦੀਨ, ਖ਼ੇਰਦੀਨ/ ਮੰਗਤ ਤੇਲੀ, ਖ਼ੁਦਾ ਬਖ਼ਸ/ ਸ਼ਾਹੀ ਫ਼ਕੀਰ।
       ਭਾਰਤ ਦੀ ਆਜ਼ਾਦੀ ਦੇ ਘੋਲ ਵਿਚ ਹਰ ਭਾਈਚਾਰੇ ਦੇ ਪੁਰਖ਼ਿਆਂ ਦਾ ਯੋਗਦਾਨ ਸੀ। ਕੋਈ ਕਿੰਨਾ ਵੀ ਫ਼ਿਰਕੂ ਅਤੇ ਨਫ਼ਰਤੀ ਪ੍ਰਚਾਰ ਕਰ ਲਵੇ, ਪਰ ਮਾਤ-ਭੂਮੀ ਦੀ ਆਜ਼ਾਦੀ ਲਈ ਮੁਸਲਿਮ ਦੇਸ਼ਭਗਤਾਂ ਦੀ ਅਮਰ ਗਾਥਾ ਨੂੰ ਮਿਟਾਇਆ ਨਹੀਂ ਜਾ ਸਕਦਾ।

ਸੰਪਰਕ : 94634-39075

 ਡੂੰਘਾ ਹੋ ਰਿਹਾ ਜਲ ਸੰਕਟ, ਜੰਗਲ ਅਤੇ ਵਰਖਾ - ਵਿਜੈ ਬੰਬੇਲੀ



ਜਲ ਸਾਡੇ ਸਮਾਜ ਦੀ ਸਮਾਜਿਕ, ਸਿਆਸੀ ਅਤੇ ਆਰਥਿਕ ਸ਼ਕਤੀ ਹੈ। ਇਹ ਕੁਦਰਤੀ ਨਿਆਮਤ ਹੈ ਜੋ ਬਣਾਇਆ ਨਹੀਂ ਜਾ ਸਕਦਾ। ਹਾਂ, ਬਚਾਇਆ ਜਾ ਸਕਦਾ ਹੈ, ਇਸ ਦੀ ਮੁੜ-ਭਰਪਾਈ (ਰੀਚਾਰਜ) ਕੀਤੀ ਜਾ ਸਕਦੀ ਹੈ। ਇਸ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ ਅਤੇ ਸੰਜਮੀ ਤੇ ਵਿਗਿਆਨਕ ਵਰਤੋਂ ਕੀਤੀ ਜਾ ਸਕਦੀ ਹੈ। ਪਾਣੀ ਸਾਨੂੰ ਮੁਕੰਮਲ ਚੱਕਰ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਸ ਚੱਕਰ ਨੂੰ ਜਾਰੀ/ਘੁੰਮਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਤਾਂ ਹੀ ਬਰਕਰਾਰ ਰਹਿ ਸਕਦਾ ਹੈ, ਜੇ ਵਾਤਾਵਰਨ ਸਾਵਾਂ ਰਹੇ ਅਤੇ ਕੁਦਰਤੀ ਸੋਮੇ ਵੀ ਕਾਇਮ ਰਹਿਣ।
       ਚੱਕਰ ਤੋਂ ਭਾਵ ਮੌਨਸੂਨ ਜਾਂ ਵਰਖਾ ਹੈ। ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਦੂਸਰੇ ਸਾਰੇ ਸੋਮੇ, ਭਾਵ ਬਰਫ਼, ਨਦੀਆਂ, ਚਸ਼ਮੇ, ਝੀਲਾਂ, ਜਲ-ਕੁੰਡ, ਸਮੁੰਦਰ, ਜ਼ਮੀਨਦੋਜ਼ ਪਾਣੀ ਅਤੇ ਹਵਾ-ਨਮੀ ਆਦਿ ਦੂਸਰੇ ਦਰਜੇ ਦੇ ਸੋਮੇ ਹਨ। ਜੇ ਵਰਖਾ ਹੈ ਤਾਂ ਹੀ ਇਨ੍ਹਾਂ ਦੀ ਹੋਂਦ ਹੈ। ਨਦੀਆਂ-ਦਰਿਆ ਦੇ ਉਗਮਣ ਸਥਾਨ ਜਾਂ ਤਾਂ ਗਲੇਸ਼ੀਅਰ (ਬਰਫ਼) ਹਨ ਜਾਂ ਫਿਰ ਜੰਗਲ। ਜੰਗਲਾਂ ਲਈ ਲੋੜੀਂਦਾ ਸੋਮਾ ਮਿੱਟੀ ਤੇ ਪਾਣੀ ਹੈ ਅਤੇ ਬਰਫ਼ ਦਾ ਨਮੀ ਹੈ, ਮੋੜਵੇਂ ਰੂਪ ਵਿਚ ਇਹ ਸਾਨੂੰ ਵਗਦਾ ਪਾਣੀ ਦਿੰਦੇ ਹਨ। ਜਿੱਥੇ ਜ਼ਮੀਨਦੋਜ਼ ਜਲ-ਤੱਗੀ ਨੂੰ ਵਰਖਾ ਹੀ ਜ਼ਰਖੇਜ਼ ਕਰਦੀ ਹੈ, ਉੱਥੇ ਬਨਸਪਤੀ ਖਾਸ ਕਰਕੇ ਜੰਗਲ ਵੀ ਧਰਤੀ ਹੇਠਲੇ ਜਲ-ਸੋਮੇ ਦੀ ਭਰਪਾਈ ਕਰਦੇ ਹਨ।
      ਵਰਖਾ ਕੁਦਰਤੀ ਵਰਤਾਰਾ ਹੈ। ਮਨੁੱਖੀ ਆਪ-ਹੁਦਰੀਆਂ ਕਾਰਨ ਹੁਣ ਇਹ ਸਾਵੀਂ ਨਹੀਂ ਰਹੀ ਸਗੋਂ ਕਿਤੇ ਬਹੁਤ ਘੱਟ ਅਤੇ ਕਿਤੇ ਬਹੁਤ ਵਿਰਾਟ ਬਣ ਗਈ ਹੈ। ਮੌਨਸੂਨ ਜਾਂ ਸਾਵੀਂ ਵਰਖਾ ਲਈ ਕਈ ਕਾਰਕ ਲੋੜੀਂਦੇ ਹਨ ਜਿਨ੍ਹਾਂ ਵਿਚ ਜੰਗਲ, ਜਲ-ਕੁੰਡ, ਨਮ ਧਰਤੀ, ਜੈਵ ਵੰਨ-ਸਵੰਨਤਾ ਆਦਿ ਮੁੱਖ ਹਨ ਪਰ ਜੰਗਲ ਸਭ ਤੋਂ ਅਹਿਮ ਹੈ। ਵਰਖਾ ਦਾ ਜੰਗਲਾਂ ਨਾਲ ਚੋਲੀ-ਦਾਮਨ ਵਾਲਾ ਰਿਸ਼ਤਾ ਹੈ। ਦੱਖਣ ਭਾਰਤ ਦੀਆਂ ਬਹੁਤੀਆਂ ਨਦੀਆਂ ਦੇ ਉਗਮਣ ਸਥਾਨ ਸੰਘਣੇ ਜੰਗਲ ਹੀ ਹਨ। ਜੰਗਲ ਜਲ ਨੂੰ ਸਾਡੇ ਪੀਣ, ਵਰਤਣ ਅਤੇ ਸਿੰਜਾਈ ਲਈ ਰਾਖਵੇਂ ਭੰਡਾਰ ਵਾਂਗ ਆਪਣੀਆਂ ਜੜ੍ਹਾਂ ਰਾਹੀਂ ਸੰਭਾਲ ਲੈਂਦੇ ਹਨ। ਔੜ ਅਤੇ ਹੜ੍ਹ ਦੋਹਾਂ ਹਾਲਾਤ ਵਿਚ ਇਹ ਸਾਡੇ ਲਈ ਵਰਦਾਨ ਹਨ।
      ਮਾਰੂਥਲਾਂ ਦੀ ਨਿੱਕੀ ਤੋਂ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਫਿਜ਼ਾ ਨੂੰ ਸਿੱਲ੍ਹਾ ਕਰਨ ਵਿਚ ਸਿਫ਼ਤੀ ਰੋਲ ਨਿਭਾਉਂਦੀ ਹੈ। ਇਕ ਵਰਗ ਕਿਲੋਮੀਟਰ ਸੰਘਣਾ ਜੰਗਲ ਕਰੀਬ ਕਰੀਬ 50 ਲੱਖ ਲਿਟਰ ਪਾਣੀ ਧਰਤੀ ਵਿਚ ਭੇਜ ਦਿੰਦਾ ਹੈ ਪਰ ਅਸੀਂ ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਮਧੋਲ ਕੇ ਰੱਖ ਦਿੱਤਾ ਹੈ। ਸਿੱਟਾ : ਰੁੱਤਾਂ ਤੇ ਵਰਖਾ ਗੜਬੜਾ ਗਈ, ਪਾਣੀ ਪਤਾਲੀਂ ਜਾ ਵੜਿਆ, ਭੌਂ-ਖੋਰ ਅਤੇ ਜ਼ਮੀਨੀ ਖਿਸਕਾਅ ਵਧ ਕੇ ਜਲ ਕੁੰਡ ਗਾਰ ਨਾਲ ਭਰ ਰਹੇ ਹਨ ਤੇ ਨਦੀਆਂ ਦੇ ਸਹਿਜ ਵਹਿਣ ਭਟਕ ਗਏ ਹਨ। ਤਾਪਮਾਨ ਲਗਾਤਾਰ ਵਧਣ ਕਾਰਨ ਗਲੇਸ਼ੀਅਰ, ਨਦੀਆਂ, ਚਸ਼ਮੇ ਸਭ ਸੁੱਕ ਰਹੇ ਹਨ। ਜੇ ਜੰਗਲ ਅਤੇ ਰਵਾਇਤੀ ਦਰੱਖਤ ਆ ਜਾਣ ਤਾਂ ਨਮ ਧਰਤੀ, ਜੈਵ ਵੰਨ-ਸਵੰਨਤਾ ਅਤੇ ਜਲ-ਕੁੰਡ ਵੀ ਮੁੜ ਆਉਣਗੇ। ਮੋੜਵੇਂ ਰੂਪ 'ਚ ਸਾਵੀਂ ਵਰਖਾ ਵੀ।
     ਸੰਸਾਰ ਦੀ ਸਾਲਾਨਾ ਔਸਤ ਵਰਖਾ 800 ਮਿਲੀਮੀਟਰ ਹੈ, ਭਾਰਤ ਦੀ 1200 ਮਿਲੀਮੀਟਰ ਅਤੇ ਇਸਰਾਈਲ ਦੀ ਔਸਤ ਵਰਖਾ ਸਿਰਫ 100 ਮਿਲੀਮੀਟਰ ਹੈ। ਅਸੀਂ ਜਲ ਸੰਕਟ ਦਾ ਸ਼ਿਕਾਰ ਹਾਂ ਪਰ ਇਸਰਾਈਲ ਨੇ ਵਰਖਾ ਵਾਲਾ ਪਾਣੀ ਸਾਂਭ ਸਲੂਟ ਕੇ ਜਲ ਸੰਕਟ ਤੋਂ ਸਦੀਵੀ ਛੁਟਕਾਰਾ ਪਾ ਲਿਆ ਹੈ। ਜੇ ਵਰਖਾ ਸਾਵੀਂ ਰਹੇ ਤਾਂ ਸਾਡੇ ਇੱਥੇ 4000 ਅਰਬ ਘਣ ਮੀਟਰ ਸਾਲਾਨਾ ਮੀਂਹ ਪੈਂਦਾ ਹੈ ਪਰ ਅਸੀਂ ਇਸ ਨੂੰ ਰੋਕ-ਖੜ੍ਹਾ ਕੇ ਸਾਂਭ-ਵਰਤ ਅਤੇ ਗਰਕਾ ਨਹੀਂ ਰਹੇ ਸਗੋਂ ਹੜ੍ਹ-ਨੁਚੜਨ ਦਿੰਦੇ ਹਾਂ। ਸਿੱਟੇ ਵਜੋਂ ਖੁਦ ਹੜ੍ਹ ਜਾਂ ਸੁੱਕ ਰਹੇ ਹਾਂ। ਦੋ ਦਹਾਕੇ ਪਹਿਲਾਂ ਭਾਰਤ ਦੀ ਮੌਜੂਦਾ ਜਲ ਖਪਤ 650 ਅਰਬ ਘਣ ਮੀਟਰ ਸੀ, ਡੈਮਾਂ/ਬੰਨ੍ਹਾਂ ਤੋਂ ਅਸੀਂ 160, ਨਦੀਆਂ ਝੀਲਾਂ ਤੋਂ 100 ਪਰ ਜ਼ਮੀਨਦੋਜ਼ ਪਾਣੀ ਅਸੀਂ 290 ਅਰਬ ਘਣ ਮੀਟਰ ਵਰਤਦੇ ਹਾਂ। ਸਿੱਟੇ ਵਜੋਂ 100 ਅਰਬ ਘਣ ਮੀਟਰ ਦਾ ਘਾਟਾ ਚਲ ਰਿਹਾ ਸੀ ਜੋ ਨਿੱਤ ਦਿਨ ਵਧ ਰਿਹਾ ਹੈ। ਜੇ ਜਲ ਖਪਤ ਦੀ ਦਰ ਇਹੋ ਰਹੀ ਤਾਂ ਭਾਰਤ ਦੀ 2050 ਤੱਕ ਜਲ ਖਪਤ 1650 ਅਰਬ ਘਣ ਮੀਟਰ ਹੋ ਜਾਵੇਗੀ। ਇੰਜ ਕਰੀਬ 1000 ਅਰਬ ਘਣ ਮੀਟਰ ਦੀ ਹੋਰ ਲੋੜ ਪਵੇਗੀ। ਇਹ ਪਾਣੀ ਕਿੱਥੋਂ ਆਵੇਗਾ? ਸਿਰਫ ਵਰਖਾ ਵਾਲਾ ਜਲ ਹੀ ਇਸ ਦਾ ਇਕੋ-ਇਕ ਤੋੜ ਹੈ ਕਿਉਂਕਿ ਨਦੀਆਂ-ਝੀਲਾਂ ਵਿਚ ਪਹਿਲਾਂ ਹੀ 23 ਫੀਸਦੀ ਪਾਣੀ ਰਹਿ ਗਿਆ ਹੈ।
     ਜੇ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਾਂ 70 ਫੀਸਦੀ ਰੀਚਾਰਜਿੰਗ ਦੀ ਲੋੜ ਪੈਂਦੀ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਅਤੇ 70 ਫ਼ੀਸਦੀ ਦੀ ਵਰਤੋਂ ਦਾ ਮਤਲਬ ਭਿਆਨਕ ਹਾਲਤ ਪਰ ਪੰਜਾਬ ਵਰਗੇ ਸੰਘਣੀ ਖੇਤੀ ਤੇ ਝੋਨਾ, ਅਗੇਤੀ (ਸਿਆਲੂ) ਮੱਕੀ, ਹਾਈਬ੍ਰਿਡ ਬੀਜ ਵਰਤਣ ਵਾਲੇ ਖਿੱਤੇ 146 ਫ਼ੀਸਦੀ ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਰ ਰਹੇ ਹਨ। ਇੰਜ ਸਿਰਫ ਜਲ ਸੰਕਟ ਹੀ ਨਹੀਂ ਉਪਜੇਗਾ ਸਗੋਂ ਹੇਠਾਂ ਜ਼ਮੀਨ ਖੋਖਲੀ ਹੋ ਜਾਣ ਨਾਲ ਜ਼ਮੀਨ ਧਸਣ ਤੇ ਭੂਚਾਲ ਦੇ ਖ਼ਤਰੇ ਵੀ ਵਧਣਗੇ। ਦੋਸ਼ ਪੂਰਨ ਸਿੰਜਾਈ ਪ੍ਰਬੰਧ ਜ਼ਮੀਨਦੋਜ਼ ਪਾਣੀ ਘਟਾਉਣ ਦਾ ਇਕ ਹੋਰ ਕਾਰਨ ਹਨ। ਖੁੱਲ੍ਹਾ ਪਾਣੀ (ਕੱਚੀਆਂ ਖਾਲਾਂ/ਫਲੱਡ ਇਰੀਗੇਸ਼ਨ) ਲਾਉਣ ਨਾਲ ਖੇਤ ਵਿਚ ਸਿਰਫ਼ 40 ਫ਼ੀਸਦੀ ਪਾਣੀ ਪਹੁੰਚਦਾ ਹੈ, ਇਸ ਵਿਚੋਂ ਵੀ 15 ਫ਼ੀਸਦੀ ਜੀਰ ਜਾਂਦਾ ਹੈ, 20 ਫ਼ੀਸਦੀ ਵਾਸ਼ਪੀਕਰਨ (ਉੱਡਣਾ) ਹੋ ਜਾਂਦਾ ਹੈ, ਪੌਦੇ ਨੂੰ ਤਾਂ ਸਿਰਫ਼ 5 ਫ਼ੀਸਦੀ ਹੀ ਪਹੁੰਚਦਾ ਹੈ। ਸਾਨੂੰ ਆਧੁਨਿਕ ਅਤੇ ਵਿਗਿਆਨਕ ਸਿੰਜਾਈ ਪ੍ਰਣਾਲੀਆਂ ਵਲ ਧਿਆਨ ਦੇਣਾ ਪਵੇਗਾ ਜੋ 40 ਫ਼ੀਸਦੀ ਤੋਂ 80 ਫ਼ੀਸਦੀ ਤੱਕ ਸਿੰਜਾਈ ਪਾਣੀ ਦੀ ਬੱਚਤ ਕਰਦੀਆਂ ਹਨ।
       ਪੰਜਾਬ ਵਿਚ 15 ਲੱਖ ਟਿਊਬਵੈੱਲ ਅਤੇ ਘਰੇਲੂ ਤੇ ਕਾਰਖਾਨੀ ਖਪਤ ਲਈ ਕਰੀਬ 25 ਲੱਖ ਹੋਰ ਛੋਟੇ-ਵੱਡੇ ਬੋਰ ਹਨ ਜੋ ਧੜਾਧੜ ਧਰਤੀ ਹੇਠੋਂ ਪਾਣੀ ਖਿੱਚ ਕੇ ਸਾਡੇ ਵਾਰਸਾਂ ਤੋਂ ਪਾਣੀ ਦਾ ਘੁੱਟ ਖੋਹ ਰਹੇ ਹਨ। ਧਰਤੀ ਹੇਠਲਾ ਪਾਣੀ ਸਭ ਦਾ ਸਾਂਝਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਦੀ ਅੰਨ੍ਹੇਵਾਹ ਵਰਤੋਂ ਕਰੇ। ਸ਼ਾਇਦ ਅਸੀਂ ਨਹੀਂ ਜਾਣਦੇ, ਇਕ ਕਿਲੋ ਡੰਗਰ ਮਾਸ ਪੈਦਾ ਹੋਣ ਤੱਕ 500 ਲਿਟਰ ਪਾਣੀ ਦੀ ਖਪਤ (ਚਾਰਾ, ਖੁਰਾਕ, ਪੀਣਾ, ਨਹਾਉਣਾ ਆਦਿ) ਦੀ ਵਰਤੋਂ ਹੋ ਚੁੱਕੀ ਹੁੰਦੀ ਹੈ। ਇਕ ਕਿਲੋ ਦੁੱਧ ਪੈਦਾ ਕਰਨ ਲਈ 800 ਲਿਟਰ, ਇਕ ਕਿਲੋ ਕਣਕ ਲਈ 1000 ਲਿਟਰ, ਚੀਨੀ ਲਈ 2000 ਲਿਟਰ, ਚੌਲਾਂ ਲਈ 4000 ਲਿਟਰ ਅਤੇ ਸਿਆਲੂ ਮੱਕੀ ਲਈ ਕਰੀਬ ਪ੍ਰਤੀ ਕਿਲੋ 5500 ਲਿਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਸਾਨੂੰ ਆਖ਼ਰੀ ਦੋ ਫ਼ਸਲਾਂ ਬਾਰੇ ਸੋਚਣਾ ਪੈਣਾ ਹੈ।
      ਪੰਜਾਬ ਵਿਚ ਕਰੀਬ 29 ਲੱਖ ਹੈਕਟੇਅਰ ਝੋਨਾ ਬੀਜਿਆ ਜਾਂਦਾ ਹੈ, ਉਪਜ 16 ਲੱਖ ਟਨ (1600 ਕਰੋੜ ਕਿਲੋ) ਬਣਦੀ ਹੈ। ਇਸ ਲਈ ਕਰੀਬ 64 ਲੱਖ ਖਰਬ ਲਿਟਰ ਸਾਫ਼-ਸੁਥਰੇ ਪਾਣੀ ਦੀ ਖਪਤ ਹੁੰਦੀ ਹੈ। ਜੇ ਕੀਮਤ ਅੱਧਾ ਰੁਪਿਆ ਪ੍ਰਤੀ ਲਿਟਰ ਵੀ ਰੱਖੀਏ ਤਾਂ ਵੀ ਕਰੀਬ 32 ਖਰਬ ਰੁਪਏ ਦਾ ਪਾਣੀ ਹੀ ਲੱਗ ਗਿਆ। ਫਿਰ ਭਲਾ ਅਸੀਂ ਵੱਟਤ ਕਿੰਨੀ ਕੀਤੀ? ਮੌਜੂਦਾ ਰੇਟਾਂ ਅਨੁਸਾਰ ਸਿਰਫ਼ ਸਵਾ ਖਰਬ ਰੁਪਏ, ਤੇ ਘਾਟਾ? ਭਾਵ, ਅਸੀਂ ਕਰੀਬ 31 ਖਰਬ ਰੁਪਏ ਦਾ ਪਾਣੀ ਹੀ ਭੰਗ ਦੇ ਭਾੜੇ ਗੁਆ ਦਿੱਤਾ।
      ਸਿਆਲੂ ਮੱਕੀ ਦੇ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਸ਼ੁਕਰ ਹੈ, ਇਹ ਅਜੇ ਸਾਰੇ ਪੰਜਾਬ ਵਿਚ ਨਹੀਂ ਬੀਜੀ ਜਾਂਦੀ। ਪਾਣੀ ਸਿਰਫ਼ ਖਾਧ ਪਦਾਰਥ ਹੀ ਨਹੀਂ ਪੈਦਾ ਕਰਦਾ, ਹੋਰ ਵੀ ਬਹੁਤ ਕਾਸੇ ਲਈ ਇਸ ਦੀ ਲੋੜ ਹੈ। ਇਕ ਲਿਟਰ ਸ਼ੁੱਧ ਪੈਟਰੋਲ ਤੁਹਾਡੇ ਵਾਹਨ ਵਿਚ ਪੈਣ ਤੱਕ 100 ਲਿਟਰ ਪਾਣੀ ਦੀ ਖਪਤ ਹੋ ਚੁੱਕੀ ਹੁੰਦੀ ਹੈ। ਇਕ ਕਿਲੋ ਕਾਗਜ਼ ਪੈਦਾ ਕਰਨ ਲਈ 150 ਲਿਟਰ, ਇਕ ਟਨ ਸੀਮਿੰਟ ਲਈ 8000 ਲਿਟਰ ਅਤੇ ਇਕ ਟਨ ਲੋਹਾ ਪੈਦਾ ਕਰਨ ਲਈ ਕਰੀਬ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਭਲਾ ਜੇ ਤਿੱਖਾ ਜਲ ਸੰਕਟ ਆ ਗਿਆ ਤਾਂ ਫਿਰ ਤਾਂ ਸ੍ਰਿਸ਼ਟੀ ਹੀ ਰੁਕ ਜਾਵੇਗੀ।
     ਉਂਜ, ਸਿਰਫ਼ ਖੇਤੀ ਅਤੇ ਕਿਸਾਨੀ ਨੂੰ ਦੋਸ਼ ਦੇਣਾ ਨਿਆਂ ਸੰਗਤ ਨਹੀਂ। ਅਸੀਂ ਸਾਰੇ ਆਪ-ਹੁਦਰੀਆਂ ਕਰ ਰਹੇ ਹਾਂ। ਭਲਾ ਸਾਫਟ ਡਰਿੰਕਸ ਆਦਿ ਤੇ ਆਪਣੀ ਲੁੱਟ ਕਰਾਉਣ ਦਾ ਕੀ ਕੰਮ? ਇਕ ਲਿਟਰ ਕੋਕਾ ਕੋਲਾ ਪੈਦਾ ਕਰਨ ਲਈ 8 ਲਿਟਰ ਪਾਣੀ ਵਿਅਰਥ ਜਾਂਦਾ ਹੈ। ਆਰਓ (ਸ਼ੁੱਧ ਜਲ ਤਕਨੀਕ) ਆਦਿ ਪੰਜ ਗੁਣਾ ਪਾਣੀ ਅਜਾਈਂ ਗੁਆਉਂਦੇ ਹਨ। ਲੁਟੇਰਾ ਪ੍ਰਬੰਧ ਅਤੇ ਧੜਵੈਲ ਪੂੰਜੀਪਤੀ ਕਿਸਾਨੀ ਨਾਲੋਂ ਕਿਤੇ ਵੱਧ ਪਾਣੀ ਗੁਆਉਂਦੇ ਹਨ।
      ਇਸ ਲਈ ਜਿੱਥੇ ਸਾਨੂੰ ਮੌਜੂਦਾ ਲੋਕ ਅਤੇ ਕੁਦਰਤ ਵਿਰੋਧੀ ਸਿਸਟਮ ਤੇ ਉਂਗਲ ਧਰਨੀ ਪੈਣੀ ਹੈ, ਉੱਥੇ ਸਾਨੂੰ ਖੁਦ ਵੀ ਜਲ ਦੀ ਸੰਜਮੀ ਵਰਤੋਂ ਕਰਨ, ਇਸ ਨੂੰ ਸ਼ੁੱਧ ਰੱਖਣ ਅਤੇ ਸਾਵੀਂ ਵਰਖਾ ਪੁਆਉਣ ਵਾਲੇ ਕਾਰਕਾਂ ਨੂੰ ਮੁੜ ਲਿਆਉਣ, ਬਚਾਉਣ ਅਤੇ ਪੈਦਾ ਕਰਨ ਲਈ ਕੋਸ਼ਿਸ਼ਾਂ ਜੁਟਾਉਣੀਆਂ ਪੈਣਗੀਆਂ। ਸਾਨੂੰ ਵਰਖਾ ਦੇ ਪਾਣੀ ਦੀ ਸੰਭਾਲ ਕਰਨੀ ਪੈਣੀ ਹੈ। ਇਸ ਨੂੰ ਰੋਕ, ਖੜ੍ਹਾਉਣ ਅਤੇ ਧਰਤੀ ਵਿਚ ਗਰਕਾਉਣ ਦੇ ਬੜੇ ਫਾਇਦੇ ਹਨ। ਜਲ ਸੰਕਟ ਦੇ ਮੱਦੇਨਜ਼ਰ ਵਰਖਾ ਵਾਲਾ ਪਾਣੀ ਸਾਂਭਣ ਹਿਤ ਭੂਗੋਲਿਕ ਨਜ਼ਰੀਏ ਤੋਂ ਸਾਜ਼ਗਾਰ ਖਿੱਤੇ ਕੰਢੀ ਦੀ ਹੀ ਮਿਸਾਲ ਲਈਏ। ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ, ਇਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕਟੇਅਰ ਕੰਢੀ ਵਿਚ ਹੈ। ਇਸ ਦਾ ਚੌਥਾ ਹਿੱਸਾ ਲਓ, ਭਾਵ 1.35 ਲੱਖ ਹੈਕਟੇਅਰ। ਅਜੇ ਵੀ ਪੰਜਾਬ ਦੇ ਕੰਢੀ ਦੀ ਬਰਸਾਤੀ ਔਸਤ ਵਰਖਾ 800 ਮਿਲੀਮੀਟਰ ਹੈ। ਇਸ ਦਾ ਵੀ ਅੱਧ ਫੜੋ, ਭਾਵ 400 ਮਿਲੀਮੀਟਰ। ਇਸ 400 ਮਿਲੀਮੀਟਰ ਔਸਤ ਨੂੰ ਅਸੀਂ ਕੰਢੀ ਦੇ 1.35 ਲੱਖ ਹੈਕਟੇਅਰ ਵਿਚ ਰੋਕਣਾ/ਖੜ੍ਹਾਉਣਾ ਹੈ, ਬੰਨ੍ਹਾਂ ਤੇ ਵੱਟਾਂ ਰਾਹੀਂ ਅਤੇ ਹੋਰ ਸੌਖੇ, ਸਸਤੇ ਤੇ ਕਾਰਗਾਰ ਢੰਗਾਂ ਰਾਹੀਂ। ਇੰਜ 1.35 ਲੱਖ ਹੈਕਟੇਅਰ ਗੁਣਾ 400 ਮਿਲੀਮੀਟਰ ਨਾਲ ਅਸੀਂ 54000 ਹੈਕਟੇਅਰ ਮੀਟਰ ਪਾਣੀ ਕਮਾ ਲਵਾਂਗੇ। ਇੰਨੇ ਪਾਣੀ ਨਾਲ ਪੰਜਾਬ ਦੇ ਕੁਲ 54 ਲੱਖ ਹੈਕਟੇਅਰ ਰਕਬੇ ਵਿਚ 10-10 ਸੈਂਟੀਮੀਟਰ, ਭਾਵ ਗਿੱਠ ਗਿੱਠ ਪਾਣੀ ਖੜ੍ਹਾਇਆ ਜਾ ਸਕਦਾ ਹੈ। ਕੰਢੀ ਦੇ ਪਹਾੜਾਂ ਵਿਚ ਰੋਕੇ, ਖੜ੍ਹਾਏ ਪਾਣੀ ਨਾਲ ਪਹਾੜ ਸਬਜ਼ ਹੋ ਜਾਣਗੇ ਅਤੇ ਮੋੜਵੇਂ ਰੂਪ ਵਿਚ ਜੰਗਲ ਵੀ। ਕੰਢੀ ਵਿਚ ਗਰਕਾਇਆ ਪਾਣੀ ਸਮੁੱਚੇ ਪੰਜਾਬ ਦੀ ਜਲ ਤੱਗੀ ਲਬਾ-ਲਬ ਕਰ ਦੇਵੇਗਾ।
      ਮੁੱਕਦੀ ਗੱਲ, ਜੇ ਇਸਰਾਈਲ ਵਰਗਾ ਬਹੁਤੇ ਕੁਦਰਤੀ ਸੋਮਿਆਂ ਤੋਂ ਸੱਖਣਾ ਨਿੱਕੜਾ ਜਿਹਾ ਦੇਸ਼ ਸਿਰਫ਼ 100 ਮਿਲੀਮੀਟਰ ਸਾਲਾਨਾ ਵਰਖਾ ਸਾਂਭ-ਕਮਾ ਕੇ ਜਲ ਸੰਕਟ ਤੋਂ ਛੁਟਕਾਰਾ ਪਾ ਸਕਦਾ ਹੈ ਤਾਂ ਕੁਦਰਤੀ ਬਖਸ਼ਿਸ਼ਾਂ ਨਾਲ ਭਰਪੂਰ ਵਿਸ਼ਾਲ ਭਾਰਤ ਔਸਤਨ 1200 ਮਿਲੀਮੀਟਰ ਵਰਖਾ ਨਾਲ ਕਿਉਂ ਨਹੀਂ ਕਰ ਸਕਦਾ ਹੈ ਪਰ ਇਸ ਲਈ ਦ੍ਰਿੜ ਇੱਛਾ ਸ਼ਕਤੀ ਵਾਲੇ ਲੋਕ-ਪੱਖੀ ਸਿਸਟਮ ਅਤੇ ਸਿਆਣੀ ਤੇ ਸਾਂਝੀਵਾਲਤਾ ਵਾਲੀ ਲੋਕਾਈ ਦੀ ਲੋੜ ਹੈ।
ਸੰਪਰਕ : 94634-39075

2019-08-17

ਝੋਨੇ ਸਬੰਧੀ ਵਿਚਾਰ-ਚਰਚਾ ਦੀ ਲੋੜ : ਗੰਭੀਰ ਵਾਤਾਵਰਨ ਅਸੰਤੁਲਨ ਵੱਲ ਵਧ ਰਿਹੈ ਪੰਜਾਬ - ਵਿਜੈ ਬੰਬੇਲੀ

ਝੋਨਾ ਜ਼ਿਆਦਾ ਵਰਖੇਈ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ। ਜਿੱਥੇ ਬਹੁ-ਵੰਨਗੀ ਫ਼ਸਲਾਂ ਹੋ ਸਕਦੀਆਂ ਹਨ, ਉੱਥੇ ਦੀ ਵੀ ਇਹ ਜ਼ਰੂਰੀ ਫ਼ਸਲ ਨਹੀਂ। ਖਾਸ ਕਰਕੇ ਧਰਤੀ ਹੇਠਲੇ ਪਾਣੀ ਨਾਲ ਸਿੰਚਾਈ ਲਈ ਮਜਬੂਰ ਹੋ ਜਾਣ ਵਾਲੇ ਖੇਤਰਾਂ ਦੀ ਤਾਂ ਬਿਲਕੁਲ ਹੀ ਨਹੀਂ। ਆਜ਼ਾਦੀ ਉਪਰੰਤ ਤਿੱਖੇ ਅੰਨ ਸੰਕਟ ਕਾਰਨ, ਜਿੱਥੇ ਖਾਸ ਇਲਾਕਿਆਂ ਵਿਚ ਹਰੇ ਖਿੱਤੇ ਸਥਾਪਿਤ ਕਰਨਾ ਇਕ ਫੌਰੀ ਲੋੜ ਸੀ, ਉੱਥੇ ਪੰਜਾਬ ਵਰਗੇ ਮਿਹਨਤੀ ਅਤੇ ਜਰਖੇਜ਼ ਖੇਤਰਾਂ, ਜਿਸ ਦੀ ਝੋਨਾ ਬਿਲਕੁਲ ਵੀ ਰਵਾਇਤੀ ਫ਼ਸਲ ਨਹੀਂ ਸੀ, ਆਪਣੀਆਂ ਲੋੜਾਂ, ਥੋੜ੍ਹਾ ਹਿੱਤ ਉਸ ਨੂੰ ਬਿਜਾਉਣਾ ਉਦੋਂ ਇਕ ਮਜਬੂਰੀ ਸੀ। ਦਰ-ਹਕੀਕਤ, ਮਾਈਗਰੇਟ (ਗ਼ੈਰ-ਰਵਾਇਤੀ) ਫ਼ਸਲ ਲਾਭਦਾਇਕ ਨਹੀਂ ਹੁੰਦੀ ਜਾਂ ਉਹ ਮੋੜਵੇਂ ਰੂਪ ਵਿਚ ਬਹੁਪਰਤੀ ਨੁਕਸਾਨ ਦਾ ਕਾਰਨ ਬਣਦੀ ਹੈ, ਇਹੀ ਸੰਤਾਪ ਹੁਣ ਪੰਜਾਬ ਨੂੰ ਹੰਢਾਉਣਾ ਪੈ ਰਿਹਾ ਹੈ।
         ਇਹ ਸਹੀ ਹੈ ਕਿ ਝੋਨਾ 1965 ਤੋਂ ਬਾਅਦ ਹੀ ਵੱਡੇ ਪੱਧਰ 'ਤੇ ਖੇਤਾਂ ਵਿਚ ਆਇਆ, ਪਰ ਸੱਚ ਇਹ ਵੀ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਹੀ ਭਾਰਤ, ਖ਼ਾਸ ਕਰਕੇ ਪੰਜਾਬ ਦੀ ਮਿੱਟੀ ਹਰ ਸਾਲ ਪੌਸ਼ਟਿਕ ਤੱਤਾਂ ਦੇ ਘਾਟੇ ਵਿਚ ਜਾਣ ਲੱਗੀ। ਇਸ ਦੇ 70 ਫ਼ੀਸਦੀ ਖੇਤੀ ਰਕਬੇ ਵਿਚ ਜਰਖੇਜ਼ੀ ਤੱਤ 50 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਨਸ਼ਟ ਹੋਣ ਲੱਗੇ। ਫ਼ਿਰ ਮੁੱਖ ਉਪਜਾਊ ਤੱਤ (ਨਾਈਟਰੋਜਨ, ਪੋਟਾਸ਼ ਤੇ ਫ਼ਾਰਫੋਰਸ) ਕਰੀਬ 60 ਲੱਖ ਟਨ ਪ੍ਰਤੀ ਸਾਲ ਨਸ਼ਟ ਹੋਏ, ਮਗਰੋਂ ਖੇਤੀ ਰਕਬੇ ਦਾ 47 ਫ਼ੀਸਦੀ ਹਿੱਸੇ ਵਿਚ ਜ਼ਿੰਕ ਦੀ ਘਾਟ ਉਪਰੰਤ ਉਪਜ ਦੀ ਵਾਧਾ ਦਰ ਪਿਛਲਖੁਰੀ ਹੋ ਗਈ। 1965 ਤੋਂ ਕੁਝ ਵਰ੍ਹੇ ਪਹਿਲਾਂ ਪੰਜਾਬ ਦੀ ਜ਼ਮੀਨ ਵਿਚ ਸਿਰਫ਼ ਨਾਈਟਰੋਜਨ ਦੀ ਹੀ ਘਾਟ ਸੀ। 1975 ਤੱਕ ਪੁੱਜਦਿਆਂ ਇਹ ਘਾਟ ਨਾਈਟਰੋਜਨ ਤੇ ਫਾਰਫੋਰਸ ਦੀ ਹੋ ਗਈ। 1980 ਤੱਕ ਇਨ੍ਹਾਂ ਦੋਵਾਂ ਤੱਤਾਂ ਨਾਲ ਜ਼ਿੰਕ ਅਤੇ ਪੋਟਾਸ਼ ਦੀ ਵੀ ਘਾਟ ਰਿਕਾਰਡ ਕੀਤੀ ਗਈ। 1985ਵਿਆਂ ਤੱਕ ਲੋਹਾ, ਸਲਫ਼ਰ ਵੀ ਘਟ ਗਈਆਂ। 1995 ਤੋਂ ਬਾਅਦ ਮੈਂਗਨੀਜ਼ ਅਤੇ ਕਾਪਰ ਦੀ ਘਾਟ ਰਿਕਾਰਡ ਕੀਤੀ ਜਾਣ ਲੱਗੀ। ਇਨ੍ਹਾਂ ਅੱਠ ਤੱਤਾਂ ਦੀ ਘਾਟ ਅਤੇ ਕਾਰਬਨਡਾਇਆਕਸਾਈਡ, ਹਾਈਡਰੋਜਨ, ਆਕਸੀਜਨ ਤੱਤ ਕਿਉਂਕਿ ਹਵਾ ਵਿੱਚੋਂ ਮਿਲਦੇ ਹਨ ਜਿਨ੍ਹਾਂ ਦੀ ਸ਼ੁੱਧਤਾ ਅਤੇ ਮਾਤਰਾ ਵੀ ਗੜਬੜਾ ਗਈ ਤਾਂ ਕੁੱਲ 17 ਤੱਤ ਜੋ ਪੌਦੇ ਨੂੰ ਚਾਹੀਦੇ ਹਨ ਵਿਚੋਂ 11 ਤੱਤਾਂ ਦੀ ਘਾਟ ਖ਼ਤਰੇ ਦੇ ਕਿਸ ਨਿਸ਼ਾਨ ਨੂੰ ਦਰਸਾਉਂਦੀ ਹੈ ਦੱਸਣ ਦੀ ਲੋੜ ਨਹੀਂ। ਤੱਤਾਂ ਦੀ ਇਹ ਘਾਟ ਝੋਨਾ ਖੇਤਰਾਂ, ਖ਼ਾਸ ਕਰਕੇ ਜਿੱਥੇ ਪਰਾਲੀ ਲੂਹੀ ਜਾਂਦੀ ਹੈ, ਵਿਚ ਜ਼ਿਆਦਾ ਨੋਟ ਕੀਤੀ ਗਈ।
       ਖੇਤੀਬਾੜੀ ਦਾ ਅਸਲ ਅਰਥ ਬਦਲਵੀਆਂ ਅਤੇ ਬਹੁਮੰਤਵੀ ਫ਼ਸਲਾਂ ਹਨ। ਇਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਇਹ ਇਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਸਿਰਫ਼ ਪੰਜਾਬ ਦੀ ਧਰਤੀ ਵਿਚ ਹੀ ਕਰੀਬ 51 ਲੱਖ ਟਨ ਨਾਈਟਰੋਜਨ ਤੱਤ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਰਫ਼ੋਰਸ ਖ਼ਤਮ ਹੋ ਗਈ। ਕੁਦਰਤੀ ਤੌਰ 'ਤੇ ਪ੍ਰਾਪਤ ਹੁੰਦੇ ਇਨ੍ਹਾਂ ਤੱਤਾਂ ਦੀ ਬਨਾਵਟੀ ਪੂਰਤੀ ਲਈ ਖਾਦਾਂ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿਚੋਂ ਜਾਣ ਲੱਗੇ। ਜਦ ਅਸੀਂ, ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿਚ ਅਚੇਤ ਸੁਚੇਤ ਅਸਫ਼ਲ ਰਹੇ ਜਾਂ ਅਸਫ਼ਲ ਕਰ ਦਿੱਤੇ ਗਏ, ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਅਤੇ ਕੁਦਰਤੀ ਤੌਰ 'ਤੇ ਮੁੜ ਭਰਪਾਈ ਨਾ ਕੀਤੀ, ਫ਼ਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। ਇਨ੍ਹਾਂ ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ, ਸਾਨੂੰ ਵਰਗਲਾ ਲਿਆ ਗਿਆ। ਇੱਕਲਾ ਪੰਜਾਬ, ਜੋ ਭਾਰਤ ਦੇ ਕੁੱਲ ਖੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ ਹੈ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦੀ ਮਾਤਰਾ ਦਾ 19 ਫ਼ੀਸਦੀ ਵਰਤਣ ਲੱਗਾ। ਖਾਦਾਂ-ਜ਼ਹਿਰਾਂ ਦੀ ਜ਼ਿਆਦਾ ਵਰਤੋਂ ਗ਼ੈਰ-ਰੁੱਤੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਦੇ ਖਿੱਤਿਆਂ ਵਿਚ ਹੋਈ। ਇਨ੍ਹਾਂ ਖਾਦਾਂ ਜ਼ਹਿਰਾਂ ਦੀ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਫ਼ਲਸਰੂਪ ਪੰਜਾਬ ਦਾ ਪੈਸਾ ਹੀ ਬਾਹਰ ਨਹੀਂ ਜਾਣ ਲੱਗਾ ਸਗੋਂ ਜ਼ਹਿਰੀਲੀਆਂ ਪੱਟੀਆਂ ਵੀ ਵਿਕਸਤ ਹੋ ਗਈਆਂ।
        ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਜਿਸ ਦੀ ਅੰਦਾਜ਼ਨ 20 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼, ਧਰਤੀ ਦੀ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪਰਾਲੀ ਸਾੜਨ ਨਾਲ ਲਗਪਗ 25 ਫ਼ੀਸਦੀ ਨਾਈਟਰੋਜਨ, 30 ਫ਼ੀਸਦੀ ਫ਼ਾਸਫ਼ੋਰਸ, 50 ਫ਼ੀਸਦੀ ਸਲਫ਼ਰ ਅਤੇ 75 ਫ਼ੀਸਦੀ ਪੋਟਾਸ਼ੀਅਮ, ਜੋ ਫ਼ਸਲਾਂ ਮਿੱਟੀ ਤੋਂ ਲੈਂਦੀਆਂ ਹਨ, ਖ਼ਤਮ ਹੋ ਜਾਂਦੇ ਹਨ। ਅਸੀਂ ਇਸ ਦੀ ਸਹੀ ਵਰਤੋਂ ਕਰਕੇ 3.55 ਲੱਖ ਟਨ ਨਿਰੋਲ ਉਪਯੋਗੀ ਤੱਤ ਹਰ ਵਰ੍ਹੇ ਪ੍ਰਾਪਤ ਕਰ ਸਕਦੇ ਹਾਂ। ਥੋੜ੍ਹੀ ਜਿਹੀ ਮਿਹਨਤ ਸਮੇਂ ਅਤੇ ਕਿਫ਼ਾਇਤੀ ਢੰਗਾਂ ਨਾਲ ਹੀ ਨਾਈਟਰੋਜਨ, ਫ਼ਾਸਫ਼ੋਰਸ ਤੇ ਪੋਟਾਸ਼ ਆਦਿ ਤੱਤ ਹਾਸਲ ਕੀਤੇ ਜਾ ਸਕਦੇ ਹਨ। ਜਿਨ੍ਹਾਂ ਦਾ ਬਾਜ਼ਾਰੀ ਮੁੱਲ 238 ਕਰੋੜ ਬਣਦਾ ਹੈ। ਪੰਜਾਬ ਵਿਚ ਕਰੀਬ 10.30 ਲੱਖ ਟਨ ਨਾਈਟਰੋਜਨ, 2.08 ਲੱਖ ਟਨ ਫ਼ਾਸਫ਼ੋਰਸ ਤੇ 0.13 ਲੱਖ ਟਨ ਪੋਟਾਸ਼ ਦੀ ਖਪਤ ਹੁੰਦੀ ਹੈ। ਸਿਰਫ਼ ਪਰਾਲੀ ਤੋਂ ਹੀ ਪ੍ਰਾਪਤ ਹੋ ਸਕਣ ਵਾਲੀ 2.11 ਲੱਖ ਟਨ ਨਾਈਟਰੋਜਨ, 4.90 ਹਜ਼ਾਰ ਟਨ ਪੋਟਾਸ਼, 35 ਹਜ਼ਾਰ ਟਨ ਫ਼ਾਸਫ਼ੋਰਸ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕਲੀ ਨਾਈਟਰੋਜਨ ਦਾ ਹੀ ਬਾਜ਼ਾਰੀ ਮੁੱਲ ਕਰੋੜਾਂ ਵਿਚ ਬਣਦਾ ਹੈ। ਇੱਕ ਅੰਦਾਜ਼ੇ ਮੁਤਾਬਿਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਫ਼ੀਸਦੀ ਨਾਈਟਰੋਜਨ ਅਤੇ ਫ਼ਾਸਫ਼ੋਰਸ, 50 ਫ਼ੀਸਦੀ ਗੰਧਕ ਅਤੇ 75 ਫ਼ੀਸਦੀ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ। ਇੱਕ ਟਨ ਪਰਾਲੀ ਵਿਚ 400 ਕਿੱਲੋ ਜੈਵਿਕ ਕਾਰਬਨ, 25 ਕਿੱਲੋ ਪੋਟਾਸ਼ੀਅਮ, 10 ਕਿੱਲੋ ਸਲਫ਼ਰ, 5 ਕਿੱਲੋ ਨਾਈਟਰੋਜਨ, 2.3 ਕਿੱਲੋ ਫ਼ਾਸਫ਼ੋਰਸ, 1.2 ਕਿੱਲੋ ਗੰਧਕ 777 ਗਰਾਮ ਆਇਰਨ, 745 ਗਰਾਮ ਮੈਗਨੀਸ਼ੀਅਮ ਅਤੇ 100 ਗਰਾਮ ਜਿੰਕ ਹੁੰਦਾ ਹੈ।
      ਸਾੜੀ ਜਾਂਦੀ ਨਾੜ/ਪਰਾਲੀ ਭਾਰੀ ਮਾਤਰਾ ਵਿਚ ਕਾਰਬਨ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ ਅਤੇ ਕਾਰਬਨ ਮੋਨੋਅਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਵਾਯੂਮੰਡਲ ਵਿਚ ਛੱਡਦੀ ਹੈ। ਝੋਨੇ ਦੇ ਵੱਢ ਸਾੜਨ ਨਾਲ ਹੀ 70 ਫ਼ੀਸਦੀ ਕਾਰਬਨ ਡਾਇਆਕਸਾਈਡ, 7 ਪ੍ਰਤੀਸ਼ਤ ਕਾਰਬਨ, 0.66 ਫ਼ੀਸਦੀ ਮੀਥੇਨ ਅਤੇ 2.09 ਫ਼ੀਸਦੀ ਨਾਈਟਰਿਕ ਆਕਸਾਈਡ ਹਵਾ ਵਿਚ ਘੁਲਦੀ ਹੈ। ਪਹਿਲੀਆਂ ਦੋਵੇਂ ਗੈਸਾਂ ਦਾ ਅਸਰ ਹਵਾ ਮੰਡਲ ਵਿਚ 100 ਵਰ੍ਹਿਆਂ ਤੱਕ ਰਹਿੰਦਾ ਹੈ ਤੇ ਮਗਰਲੀ ਨਾਈਟਰੇਟਸ ਦਾ 170 ਵਰ੍ਹਿਆਂ ਤਾਈਂ। ਇਹ ਗੈਸਾਂ ਸੂਰਜ ਤੋਂ ਆ ਰਹੇ ਇਨਫ਼ਰਾ ਰੈਡ ਪ੍ਰਕਾਸ਼ ਕਿਰਨਾਂ ਨੂੰ ਆਪਣੇ ਅੰਦਰ ਸਮੋ ਲੈਂਦੀਆਂ ਹਨ ਜਿਸ ਕਾਰਨ ਮੌਸਮਾਂ ਵਿਚ ਬੇਕਿਰਕ ਤਬਦੀਲੀ ਆਉਂਦੀ ਹੈ। ਇਹ ਗੈਸਾਂ ਅਤੇ ਬੇਲੋੜਾ ਤਾਪਮਾਨ ਗਲੇਸ਼ੀਅਰ ਨੂੰ ਪਿਘਲਾ ਕੇ ਤੋੜਦਾ ਹੈ। ਪਿਘਲੀ ਹੋਈ ਬਰਫ਼, ਸਮੰਦਰ, ਅਤੇ ਜਲ ਸੋਮਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਅੱਗ ਨਾਲ ਉਪਰਲੀ ਮਿੱਟੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ ਇਹ ਕੁਦਰਤੀ ਤੱਤਾਂ ਅਤੇ ਨਮੀ ਵਿਹੁਣੀ ਹੋ ਜਾਂਦੀ ਹੈ। ਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਕਿ ਪਹਿਲਾਂ ਹੀ ਥੋੜ੍ਹਾ ਹੈ। ਗੈਸਾਂ ਨਾਲ ਵਰਖਾ ਪ੍ਰਭਾਵਿਤ ਹੁੰਦੀ ਹੈ ਅਤੇ ਤੇਜ਼ਾਬੀ ਛਿੜਕਾਅ ਦੀਆਂ ਸੰਭਾਵਨਾਵਾਂ ਵਧਦੀਆਂ ਹਨ।
       ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿਚ 174 ਕਿੱਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝੋਨੇ ਦੇ ਝਾੜ ਵਿਚ ਵਾਧਾ ਤਾਂ ਦੋ ਤੋਂ ਢਾਈ ਗੁਣਾ ਹੋ ਜਾਂਦਾ ਹੈ, ਪਰ ਇਸ ਦੇ ਨਾਲ ਹੀ ਜ਼ਮੀਨ ਵਿਚਲੀ ਫ਼ਾਸਫ਼ੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਵੀ ਘਟ ਜਾਂਦੀ ਹੈ, ਕੁਦਰਤੀ ਰੂਪ ਵਿਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਮਿੱਤਰ ਜੀਵ ਵੀ ਘਟ ਜਾਂਦੇ ਹਨ। ਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫ਼ਿਰ ਹੋਰ ਦਰ ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਕਿ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨ। ਅਗੇਤੇ ਝੋਨੇ ਲਈ ਜ਼ਿਆਦਾ ਸਿੰਚਾਈ ਮਤਲਬ ਪਾਣੀ ਡੂੰਘਾ ਹੋਰ ਡੂੰਘਾ ਹੋਈ ਜਾਣਾ। ਇਸ ਡੂੰਘੇ ਪਾਣੀ ਵਿਚ ਭੈੜੇ ਤੱਤ ਜ਼ਿਆਦਾ ਹੁੰਦੇ ਹਨ। ਪਾਣੀ ਵਿਚ 60 ਮਾਈਕਰੋਗਰਾਮ ਪ੍ਰਤੀ ਲੀਟਰ ਤੋਂ ਵੱਧ ਯੂਰੇਨੀਅਮ ਨਹੀਂ ਹੋਣਾ ਚਾਹੀਦਾ। ਪਰੰਤੂ ਵੱਖ-ਵੱਖ ਥਾਵਾਂ ਤੋਂ ਬਹੁਤੀ ਡੂੰਘਾਈ 'ਤੇ ਇਸ ਦੀ ਅਤੇ ਹੋਰ ਹਾਨੀਕਾਰਕ ਧਾਤਾਂ ਦੀ ਮਿਕਦਾਰ ਕਿਤੇ ਵੱਧ ਪਾਈ ਗਈ। ਕਪਾਹ ਖਿੱਤਾ ਹੀ ਨਹੀਂ ਹੁਣ ਝੋਨਾ ਖੇਤਰ 'ਚ ਵੀ ਅਥਾਹ ਬਿਮਾਰੀਆਂ ਦਾ ਵਾਧਾ ਹੋਇਆ ਹੈ। ਥੱਲਿਓਂ ਜ਼ਿਆਦਾ ਖਿੱਚਿਆ ਪਾਣੀ ਕਈ ਪੱਖੋਂ ਨੁਕਸਾਨਦਾਇਕ ਹੁੰਦਾ ਹੈ। ਵੱਖ-ਵੱਖ ਫ਼ਸਲਾਂ ਦੀ ਪਾਣੀ ਦੀ ਖਪਤ ਨੂੰ ਵੇਖੀਏ ਤਾਂ ਇੱਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿਲੀਲੀਟਰ ਉਚਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ। ਅਗੇਤਾ ਇਕ ਕਿੱਲੋ ਚਾਵਲ ਪੈਦਾ ਕਰਨ ਲਈ 4500 ਲੀਟਰ ਤੱਕ ਪਾਣੀ ਦੀ ਖਪਤ ਕਰਦਾ ਹੈ। ਔਸਤਨ 25 ਕੁਇੰਟਲ ਝੋਨਾ ਪੈਦਾਵਾਰ ਲਈ 1,12,50,000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਚਾਵਲ ਸਾਡੀ ਖੁਰਾਕ ਨਹੀਂ, ਜੇ ਪਾਣੀ ਦੀ ਕੀਮਤ ਔਸਤਨ ਇਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਰਕਮ ਦਾ ਪਾਣੀ ਚਾਵਲ ਦੇ ਰੂਪ ਵਿਚ ਮੁਫ਼ਤੋ-ਮੁਫ਼ਤ ਹੀ ਦੂਜੇ ਸੂਬਿਆਂ ਜਾਂ ਬੇਗਾਨੇ ਮੁਲਕਾਂ ਨੂੰ ਦਿੰਦੇ ਆ ਰਹੇ ਹਾਂ। ਕੌਣ ਕਹੇਗਾ, ਸਾਨੂੰ ਅਕਲਮੰਦ? ਝੋਨੇ ਦੀ ਸਿੰਚਾਈ ਵੇਲੇ ਟਿਊਬਵੈਲ ਜ਼ਿਆਦਾ ਚਲਦੇ ਹਨ। ਪੰਜਾਬ ਦੇ ਕਰੀਬ 14 ਲੱਖ ਸਿੰਚਾਈ ਟਿਊਬਵੈਲ, ਇਸ ਤੋਂ ਡੇਢੇ ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ, ਹੁਣ ਤੱਕ ਦਿਨ ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨ। ਸਿਰਫ਼ ਚਾਵਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖੜਾ ਝੀਲ ਦੀ ਜਲ ਸੰਗ੍ਰਹਿ 9.4 ਘਣ ਕਿੱਲੋਮੀਟਰ ਹੈ ਅਰਥਾਤ ਅਸੀਂ ਭਾਖੜੇ ਵਰਗੀਆਂ 13 ਝੀਲਾਂ ਦਾ ਪਾਣੀ ਹੁਣ ਤੱਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂ। ਭਾਖੜਾ ਝੀਲ ਨਾਲ ਇਕੋ ਵਾਰ-ਸਾਰੇ ਪੰਜਾਬ ਦੇ 54 ਲੱਖ ਹੈਕਟੇਅਰ ਰਕਬੇ ਵਿਚ 16 ਫ਼ੁੱਟ ੳੱਂਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ, ਅੰਦਾਜ਼ਾ ਲਾਓ ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤੱਕ ਅਸੀਂ ਵਰਤ ਗੁਆ ਚੁੱਕੇ ਹਾਂ। ਇੰਜ ਧਰਤੀ ਹੇਠ ਕੈਪਟੀ-ਖਲਾਅ ਉਪਰੰਤ ਭਵਿੱਖ ਵਿਚ ਲੂਣਾ ਅਤੇ ਭੁਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਝੋਨੇ ਕਾਰਨ ਪੈਦਾ ਹੋਏ ਜਲ ਸੰਕਟ ਸਬੰਧੀ ਪੰਜਾਬ ਫ਼ਾਰਮਰਜ਼ ਕਮਿਸ਼ਨ ਨੇ 2007 ਵਿਚ ਹੀ ਚਿਤਾਵਨੀ ਦੇ ਦਿੱਤੀ ਸੀ। ਤਿੰਨ ਦਹਾਕੇ ਪਹਿਲਾਂ ਆਈ ਡਾ: ਐਸ. ਐਸ. ਜੌਹਲ ਦੀ ਖੇਤੀਬਾੜੀ ਵੰਨਸੁਵਨੰਤਾ ਬਾਰੇ ਰਿਪੋਰਟ ਨੇ ਤਾਂ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਹੁਣ ਜਲ ਮਾਹਿਰ ਸ੍ਰੀ ਏ. ਐਸ. ਮੁਗਲਾਨੀ ਦੀ ਰਿਪੋਰਟ ਹੈ ਕਿ ਸਿੰਚਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 60 ਮੀਟਰ ਹੋਰ ਹੇਠਾਂ ਚਲੀਆਂ ਗਈਆਂ ਹਨ। ਜੇ ਅਸੀਂ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਦ 70 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ ਜੇ ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਸਮਝੋ ਭਿਆਨਕ ਹਾਲਤ। ਪਰ ਝੋਨੇ ਕਾਰਨ ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ। 
-----
ਤਜਰਬੇ ਦਰਸਾਉਂਦੇ ਹਨ ਕਿ 10 ਮਈ ਨੂੰ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਹੋ ਜਾਂਦਾ ਹੈ। 25 ਮਈ ਨੂੰ ਲਗਾਏ ਝੋਨੇ ਨਾਲ, 28 ਸੈਂਟੀਮੀਟਰ, 10 ਜੂਨ ਨੂੰ ਲਗਾਉਣ ਨਾਲ ਇਹ ਗਿਰਾਵਟ 10 ਸੈਂਟੀਮੀਟਰ ਹੀ ਰਹਿ ਜਾਂਦੀ ਹੈ ਪਰੰਤੂ 25 ਜੂਨ ਨੂੰ ਲਗਾਏ ਝੋਨੇ ਵਿਚ ਇਹ ਗਿਰਾਵਟ ਜ਼ੀਰੋ ਹੁੰਦੀ ਹੈ। ਜ਼ੀਰੋ ਦਾ ਮਤਲਬ ਇਹ ਕਿ ਜਿੰਨਾ ਪਾਣੀ ਧਰਤੀ ਹੇਠੋਂ ਖਿੱਚਿਆ ਗਿਆ ਹੈ ਤਕਰੀਬਨ ਓਨਾ ਕੁ ਹੀ ਮੌਕੇ ਦੀ ਬਰਸਾਤ ਨਾਲ ਰੀਚਾਰਜ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਸ਼ਰਤ ਇਹ ਹੈ ਕਿ ਬਰਸਾਤ ਸਾਂਵੀਂ ਹੋਵੇ ਅਤੇ ਵਰਖੇਈ ਜਲ ਗਰਕਾਉਣ ਲਈ ਢੁਕਵੇਂ ਸਰੋਤ ਜਾਂ ਮਾਹੌਲ ਹੋਵੇ। ਜੰਗਲ ਵਿਨਾਸ਼ ਅਤੇ ਕੰਕਰੀਟ ਕਲਚਰ ਇਕ ਹੋਰ ਅਲਾਮਤ ਹੈ। ਸਾਂਵੀਂ ਬਰਸਾਤ ਲਈ ਢੁਕਵੇਂ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਅਸੀਂ ਤਾਂ ਸਾਰੇ ਪੰਜਾਬ ਨੂੰ ਮਸਨੂਈ ਝੀਲ ਵਿਚ ਬਦਲ ਕੇ ਹੁੰਮਸੀ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਨੂੰ ਗੜਬੜਾ ਦਿੰਦਾ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫ਼ਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਝੋਨੇ ਦੀ ਅਗੇਤੀ ਬਿਜਾਈ ਪਾਣੀ ਦੇ ਨੁਕਸਾਨ ਦੇ ਨਾਲ ਨਾਲ ਝੋਨੇ ਦੀ ਫ਼ਸਲ ਉੱਤੇ ਕੀਟਾਂ ਦੇ ਹਮਲੇ ਵੀ ਵਧਾਉਂਦੀ ਹੈ, ਇੰਜ ਕਿਸਾਨ ਵੱਧ ਦਵਾਈਆਂ ਵਰਤਦਾ ਹੈ।
         ਪੰਜਾਬ ਵਿਚ ਮਾਨਸੂਨ ਦੇਰੀ ਨੂੰ ਜਿਸ ਸੋਕੇ ਦਾ ਨਾਂਅ ਦਿੱਤਾ ਜਾਂਦਾ ਹੈ, ਦਰ ਹਕੀਕਤ ਇਹ ਕੁਦਰਤੀ ਵਰਤਾਰਾ ਨਹੀਂ, ਸਗੋਂ ਪੰਜਾਬ ਵਿਚ ਝੋਨੇ ਦੀ ਫ਼ਸਲ ਦਾ ਸੋਕੇ ਦੀ ਮਾਰ ਹੇਠਾਂ ਆਉਣਾ ਹੈ, ਜੋ ਪੰਜਾਬ ਵਿਚ ਝੋਨੇ ਦੀ ਖੇਤੀ 'ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਰਥਾਤ ਵਰਤਾਰਾ ਕੁਦਰਤੀ ਹੈ, ਫ਼ਸਲ ਗ਼ੈਰ-ਕੁਦਰਤੀ ਹੈ ਕਿਉਂਕਿ ਤੱਟਵਰਤੀ ਜਾਂ ਸਿੱਲ੍ਹੇ ਖੇਤਰਾਂ ਵਿਚ ਝੋਨੇ ਨਾਲ ਇਵੇਂ ਮਾਨਸੂਨ ਫੇਲ੍ਹ ਹੋਣ ਵਿਚ ਵਾਪਰਦਾ ਹੈ। ਇਕ ਹੋਰ ਭਾਣਾ ਵਾਪਰਦਾ ਹੈ, ਅਸੀਂ ਖੇਤਾਂ ਨੂੰ ਪਾਣੀ ਨਾਲ ਭਰਦੇ ਹਾਂ, ਗਰਮੀ ਨਾਲ ਪਾਣੀ ਉੱਡਦਾ ਰਹਿੰਦਾ ਹੈ ਪਰ ਪਿੱਛੇ ਲੂਣ ਮਿੱਟੀ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਮਿਕਦਾਰ ਬਰਸਾਤੀ ਸਿੰਚਾਈ ਨਾਲ ਨਾ-ਮਾਤਰ ਜਦ ਕਿ ਧਰਤੀ ਹੇਠਲੇ ਡੂੰਘੇ ਪਾਣੀਆਂ ਕਾਰਨ ਜ਼ਿਆਦਾ ਵਧਦੀ ਹੈ। ਇਸ ਤਰ੍ਹਾਂ ਮਿੱਟੀ ਦਾ ਕੱਲਰ ਸ਼ੁਰੂ ਹੋ ਜਾਂਦਾ ਹੈ। ਝੋਨਾ ਸੀਜ਼ਨ ਦੌਰਾਨ ਸਾਰਾ ਪੰਜਾਬ ਇਕ ਮਸਨੂਈ ਝੀਲ ਵਿਚ ਬਦਲ ਜਾਂਦਾ ਹੈ। ਪਾਣੀ ਭਾਫ਼ ਬਣ ਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦਾ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ ਜੇ ਬਾਹਰੀ ਤਾਪਮਾਨ ਜਾਂ ਹੁੰਮਸ ਵਧਦਾ ਹੈ ਤਾਂ ਸਰੀਰ ਸਾਂਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਨਵੇਂ-ਨਵੇਂ ਕੀੜੇ ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ ਜਦ ਕਿ ਮਿੱਤਰ ਕੀੜੇ ਸੁਸਤੀ ਅਖ਼ਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦਾ ਹੈ।
         ਪੰਜਾਬ ਦੇ ਚਾਰ ਥਰਮਲ ਪਲਾਂਟਾ ਦੀ ਕੁੱਲ ਪੈਦਾਵਾਰ ਬਰਾਬਰ ਬਿਜਲੀ ਤਾਂ ਡੂੰਘੇ ਟਿਊਬਵੈੱਲ, ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦੇ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਦੇ ਹਨ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ ਘੱਟ 10 ਰੁਪਏ ਪੈਂਦੀ ਹੈ : ਦੱਸੋ ਕਿੰਨੇ ਦੀ ਬਿਜਲੀ ਫ਼ੂਕ ਬਹਿੰਦੇ ਹਾਂ, ਅਸੀਂ? ਖੇਤਾਂ ਦੀ ਮੁਫ਼ਤ ਬਿਜਲੀ ਜਿਸ ਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5,800 ਕਰੋੜ ਰੁਪਏ ਪ੍ਰਤੀ ਸਾਲ ਦੀ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ, ਜਿਸ ਦਾ ਚੌਥਾ ਹਿੱਸਾ ਭਾਵ ਇਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਹਰ ਸਾਲ ਛਡਦੇ ਹਨ। ਹੁਣ ਲਾਓ ਜੋੜ ਕਿ ਇੰਝ ਝੋਨਾ, ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਨ ਅਤੇ ਕਿੰਨੀ ਕੁ ਸਿਹਤ ਨਿਗਲ ਗਿਆ? ਫ਼ਿਰ ਹਾਈਬ੍ਰਿਡ ਬੀਜ, ਖਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿਚ ਅਸਲ ਵਿਚ ਕੌਣ ਲੁੱਟ ਰਿਹਾ ਹੈ?
         ਬੰਪਰ ਕਰਾਪ ਦੀ ਧੁੱਸ ਕਿਸਾਨ ਨੂੰ ਕਰਜ਼ੇ ਤੇ ਬਿਮਾਰੀਆਂ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਹਾਈਬ੍ਰਿਡ ਬੀਜਾਂ ਖਾਦਾਂ, ਦਵਾਈਆਂ ਦੀ ਅੰਨ੍ਹੀ ਦੌੜ ਤੁਹਾਡੀ ਮਿਹਨਤ ਅਤੇ ਕਮਾਈ ਨੂੰ ਲੁਕਵੇਂ ਰੂਪ ਵਿਚ ਕੌਣ ਹੜਪ ਰਿਹਾ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨ। ਮੁਲਕ ਦੇ ਵੱਖ-ਵੱਖ ਖਿੱਤਿਆਂ ਵਿਚ ਗਰੀਨ ਬੈਲਟਾਂ ਜਾਂ ਝੋਨਾ ਖੇਤਰ ਉੱਭਰ ਰਹੇ ਹਨ। ਸਰਕਾਰ ਨੇ ਕੋਠੇ ਚਾੜ੍ਹ ਕੇ ਪੌੜੀ ਖਿੱਚ ਲਈ ਹੈ। ਹੁਣ ਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ। ਭਾਰਤ ਦੀ ਕੁੱਲ ਆਬਾਦੀ ਇਕ ਅਰਬ ਤੀਹ ਕਰੋੜ ਵਿਚੋਂ ਤੀਹ ਕਰੋੜ ਦੇ ਕਰੀਬ ਲੋਕ ਭੁੱਖੇ ਸੌਂਦੇ ਹਨ। ਸਰਕਾਰ ਫ਼ਿਰ ਪੈਦਾ ਕਿਸ ਲਈ ਕਰਵਾ ਰਹੀ ਹੈ? ਕਸੂਰ ਕਿਸਾਨ ਦਾ ਨਹੀਂ, ਸਿਸਟਮ ਦੀ ਨੀਤ ਅਤੇ ਯੋਜਨਾਬੰਦੀ ਦਾ ਹੈ।
        ਕਿਸਾਨ ਮਜਬੂਰੀ ਵਿਚ ਝੋਨਾ ਬੀਜਦਾ ਹੈ। ਕੀ ਕਰੇ ਉਹ? ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿਚ, ਕਿਸਾਨ ਨੂੰ ਦਿੰਦੀ ਹੈ ਉਹ ਸਾਜ਼ਗਾਰ ਬਦਲਵੇਂ ਪ੍ਰਬੰਧਾਂ ਤੱਕ ਕਿਸਾਨਾਂ ਨੂੰ ਨਗਦੀ ਜਾਂ ਰੁਜ਼ਗਾਰ ਰੂਪ ਵਿਚ ਦੇ ਕੇ ਝੋਨਾ ਰੁਕਵਾਏ। ਜੇ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾ। ਤੇਲ, ਮਸ਼ੀਨਰੀ, ਵਾਤਾਵਾਰਨ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖ਼ਰਚੇ ਵੀ ਬੋਨਸ ਦੇ ਰੂਪ ਵਿਚ ਬਚਣਗੇ। ਇੰਜ ਭਾਵੇਂ ਕੁਝ ਸਮੇਂ ਲਈ ਕਰ ਲਿਆ ਜਾਵੇ। ਕਈ ਮੁਲਕ ਇਵੇਂ ਕਰਦੇ ਹਨ। ਫਿਰ ਕੋਈ ਹੋਰ ਫ਼ਸਲ, ਢੁਕਵੇਂ ਹੱਲ ਜਾਂ ਤੌਰ-ਤਰੀਕੇ ਲੱਭੇ ਜਾਣ। ਸਾਡੇ ਕੋਲ ਮਾਹਿਰਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ।
      ਪੰਜਾਬ ਭੀਸ਼ਣ ਜਲ, ਵਾਤਾਵਾਰਨ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਸਾਫ਼ ਹਵਾ, ਪਾਣੀ ਅਤੇ ਰੁਜ਼ਗਾਰ ਪੂਰਤੀ ਲਈ ਅਗਲੇ ਦੋ ਕੁ ਦਹਾਕਿਆਂ ਤਾਂਈ ਹੀ ਪੰਜਾਬ ਵਿਚੋਂ ਵੱਡੇ ਪੱਧਰ ਉੱਤੇ ਹਿਜਰਤ ਹੋਵੇਗੀ। ਕਾਸ਼! ਉਹ ਵੇਲਾ ਨਾ ਆਵੇ ਜਦੋਂ ਸਾਡੇ ਵਾਰਸ ਕਹਿਣ 'ਕਿੰਨਾ ਬੇਕਿਰਕ ਸੀ ਸਿਸਟਮ ਅਤੇ ਕਿੰਨੇ ਨਾਲਾਇਕ ਸਨ ਸਾਡੇ ਪੁਰਖੇ, ਜਿਹੜੇ ਸਾਡੇ ਲਈ ਸ਼ੁੱਧ ਹਵਾ-ਅੰਨ ਤਾਂ ਇਕ ਪਾਸੇ, ਪਾਣੀ ਦੀ ਘੁੱਟ ਵੀ ਨਹੀਂ ਛੱਡ ਕੇ ਗਏ।' ਮੁੱਕਦੀ ਗੱਲ, ਤੁਰਤ-ਪੈਰੀਂ ਸੰਵਾਦ ਰਚਾਉਣ ਦੀ ਲੋੜ, ਕਿਤੇ ਝੋਨਾ ਪੰਜਾਬ ਲਈ ਇਕ ਹੋਰ ਸੰਤਾਪ ਨਾ ਬਣ ਜਾਵੇ।
- ਸੰਪਰਕ : 94634 3907

15 Dec. 2018