Jaswant Singh Ajit

ਮਤਾ ਤੇਲਗੂ ਦੇਸ਼ਮ ਦਾ, ਮੇਲਾ ਲੁਟਿਆ ਰਾਹੁਲ ਨੇ  - ਜਸਵੰਤ ਸਿੰਘ 'ਅਜੀਤ'

ਬੀਤੇ ਸ਼ੁਕਰਵਾਰ (20 ਜੁਲਾਈ) ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਤੇਲਗੂ ਦੇਸ਼ਮ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਵਿਰੁਧ ਬੇਭਰੋਗੀ ਦਾ ਇੱਕ ਮਤਾ ਪੇਸ਼ ਕੀਤਾ ਗਿਆ। ਇੱਕ ਰਾਜਸੀ ਵਿਸ਼ਲੇਸ਼ਕ ਅਨੁਸਾਰ ਭਾਵੇਂ, ਸਰਕਾਰ ਵਿਰੁਧ ਬੇਭਰੋਸਗੀ ਦਾ, ਇਹ ਮਤਾ ਤੇਲਗੂ ਦੇਸ਼ਮ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ, ਪਰ ਰਾਹੁਲ ਹੀ 'ਸੇਂਟਰ ਆਫ ਸਟੇਜ' ਰਹੇ ਅਰਥਾਤ ਮੇਲਾ ਰਾਹੁਲ ਦੇ ਹੀ ਹੱਥ ਰਿਹਾ, ਉਨ੍ਹਾਂ ਦੀ (ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤੀ ਗਈ) ਝੱਪੀ, ਸੱਤਾ ਪੱਖ ਦੇ ਮੋਢਿਆਂ ਦਾ ਭਾਰ ਬਣ ਗਈ ਅਤੇ ਉਨ੍ਹਾਂ ਦੀ ਅੱਖ ਮਾਰਨ ਦੀ ਅਦਾ ਭਗਵਾ ਖੇਮੇ ਦੀਆਂ ਅੱਖਾਂ ਵਿੱਚ ਅਜੇ ਤਕ ਕਿਰਚਾਂ ਬਣ ਰੜਕ ਰਹੀ ਹੈ। ਇਸੇ ਵਿਸ਼ਲੇਸ਼ਕ ਅਨੁਸਾਰ ਉਸ ਆਦਮੀ ਵਿੱਚ ਬਚਿਆਂ ਦੀਆਂ ਸਾਰੀਆਂ ਆਦਤਾਂ ਮੌਜੂਦ ਹਨ, ਪਰ (ਉਸ ਵਿੱਚ) ਹਾਰ ਕੇ ਜਿਤਣ ਦਾ ਹੁਨਰ ਵੀ ਬਹੁਤ ਖੂਬ ਹੈ। ਸਰਕਾਰ ਵਿਰੁਧ ਬੇਭਰੋਸਗੀ ਦਾ ਮੱਤਾ ਭਾਵੇਂ ਮੂਧੇ ਮੂੰਹ ਡਿਗ ਪਿਆ ਹੋਵੇ, ਪਰ ਸਾਰਾ ਦਿਨ ਚਲੇ ਇਸ ਰਾਜਸੀ ਡਰਾਮੇ ਨੇ ਕਈ ਤਲਖ ਹਕੀਕਤਾਂ ਤੋਂ ਵੀ ਪਰਦਾ ਉਠਾਣ ਵਿੱਚ ਮੁਖ ਭੂਮਿਕਾ ਅਦਾ ਕੀਤੀ। ਰਾਹੁਲ ਗਾਂਧੀ ਨੇ ਭਰੀ ਸੰਸਦ ਵਿੱਚ ਪ੍ਰਧਾਨ ਮੰਤਰੀ ਪਾਸੋਂ ਜੋ ਤਲਖ ਸੁਆਲ ਪੁਛੇ ਉਨ੍ਹਾਂ ਨੂੰ 2019 ਦੀਆਂ ਆਮ ਚੋਣਾਂ ਦਾ ਅਰੰਭ ਵੀ ਮੰਨਿਆ ਜਾ ਸਕਦਾ ਹੈ ਅਤੇ ਇਸ ਗਲ ਦਾ ਖੁਲਾਸਾ ਵੀ ਕਿ ਵਿਰੋਧੀ ਧਿਰ ਕਿਨ੍ਹਾਂ ਮੁਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿਤਰ ਰਹੀ ਹੈ। ਰਾਫਲ ਡੀਲ ਪੁਰ ਝਟਪਟ ਹੀ ਫਰਾਂਸ ਸਰਕਾਰ ਦਾ ਬਿਆਨ ਆ ਗਿਆ ਕਿ ਦੋਹਾਂ ਸਰਕਾਰਾਂ ਵਿੱਚ ਕੋਈ ਗੁਪਤ ਸਮਝੌਤਾ ਹੈ, ਪਰ ਇੱਕ ਜਹਾਜ਼ ਦਾ ਮੁਲ ਕੀ ਸਚਮੁਚ 520 ਕਰੋੜ ਤੋਂ 1600 ਕਰੋੜ ਹੋ ਗਿਆ ਹੈ? ਸੱਤਾ ਪੱਖ ਵਲੋਂ ਇਸਦਾ ਕੋਈ ਤਸਲੀਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ। ਇਸੇ ਤਰ੍ਹਾਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਇਦੇ 'ਤੇ ਵੀ ਨਰੇਂਦਰ ਮੋਦੀ ਘੁਮਾ-ਫਿਰਾ ਇੱਕ ਕਰੋੜ ਰੁਜ਼ਗਾਰ ਦਾ ਹੀ ਹਿਸਾਬ, ਜੋ ਕਿ ਇੱਕ ਸਾਲ ਦਾ ਸੀ, ਦਸ ਸਕੇ, ਪਰ ਬਾਕੀ ਤਿੰਨ ਸਾਲਾਂ ਦਾ ਹਿਸਾਬ ਗੋਲ ਕਰ ਗਏ। 
ਇੱਕ ਹੋਰ ਰਾਜਸੀ ਵਿਸ਼ਲੇਸ਼ਕ ਅਨੁਸਾਰ ਰਾਹੁਲ ਗਾਂਧੀ ਨੇ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਬੇਭਰੋਸਗੀ ਦਾ ਮਤਾ ਲਿਆਏ ਜਾਣ ਦੇ ਮੌਕੇ ਤੇ ਜਿਸਤਰ੍ਹਾਂ ਆਪਣੇ ਆਪਨੂੰ ਪੇਸ਼ ਕੀਤਾ ਅਤੇ ਵਿਸ਼ੇਸ਼ ਅੰਦਾਜ਼ ਵਿੱਚ ਇੱਕ ਵਿਰੋਧੀ ਨੇਤਾ ਦੇ ਰੂਪ ਵਿੱਚ ਸੱਤਾ ਪੱਖ ਪੁਰ ਹਮਲੇ ਕੀਤੇ, ਉਹ ਨਾ ਕੇਵਲ ਲਾਜਵਾਬ ਸੀ, ਸਗੋਂ ਉਨ੍ਹਾਂ ਦੀ ਛੱਬੀ ਨੂੰ ਬਦਲਣ ਲਈ ਇਸ ਅੰਦਾਜ਼ ਨੂੰ ਦੇਸ਼ਵਾਸੀ ਸਮੇਂ ਦੀ ਹੀ ਇੱਕ ਲੋੜ ਦਸ ਰਹੇ ਹਨ। ਆਪਣੇ ਸੰਬੋਧਨ ਨੂੰ ਖਤਮ ਕਰਦਿਆਂ ਰਾਹੁਲ ਨੇ ਜਿਸ ਖਾਸ ਅੰਦਾਜ਼ ਨਾਲ ਪ੍ਰਧਾਨ ਮੰਤਰੀ ਦੀ ਸੀਟ ਵਲ ਕਦਮ ਵਧਾਏ ਤੇ ਸਿਧਾ ਹੀ ਉਨ੍ਹਾਂ ਨੂੰ, ਉਨ੍ਹਾਂ ਦੀ ਸੀਟ ਪੁਰ ਬੈਠਿਆਂ ਹੀ ਗਲੇ ਲਾ ਲਿਆ, ਉਸਨੂੰ ਵੇਖ ਪ੍ਰਧਾਨ ਮੰਤਰੀ ਆਪ ਵੀ ਕੁਝ ਪਲ ਹਕੇ-ਬਕੇ ਰਹਿ ਗਏ। ਇਹੀ ਵਿਸ਼ਲੇਸ਼ਕ ਹੋਰ ਦਸਦਾ ਹੈ ਕਿ ਕਈ ਰਾਜਨੀਤਕ ਵਿਸ਼ਲੇਸ਼ਕ ਵੀ ਹੁਣ ਇਹ ਵਿਚਾਰ ਪ੍ਰਗਟ ਕਰਨ ਤੇ ਮਜਬੂਰ ਹੋ ਰਹੇ ਹਨ ਕਿ ਸੰਨ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗ੍ਰਸ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਵਿਰੋਧੀ ਧਿਰ ਨੂੰ ਜੋ ਚਾਹੀਦਾ ਸੀ, ਉਹ ਇੱਕ ਮਜ਼ਬੂਤ ਅਧਾਰ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲ ਗਿਆ ਹੈ। ਇਸ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਰਾਹੁਲ ਨੇ ਸਹੀ ਜਗ੍ਹਾ ਤੇ ਸੰਸਦ ਦੇ ਸਹੀ ਮੰਚ ਤੇ ਬੇਰੁਜ਼ਗਾਰੀ ਜਿਹੇ ਕੁਝ ਸਾਰਥਕ ਮੁੱਦੇ ਉਠਾਏ ਹਨ। ਇਤਨਾ ਹੀ ਨਹੀਂ ਰਾਫਲ ਡੀਲ ਨੂੰ ਲੈ ਕੇ ਵੀ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਸਰਕਾਰ ਤੇ ਚੁਣ-ਚੁਣ ਕੇ ਵਾਰ ਕੀਤੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਭਾਵੇਂ ਮੈਂਨੂ 'ਪੱਪੂ' ਕਹਿ ਸਕਦੇ ਹੋ ਪਰ ਮੇਰੇ ਦਿਲ ਵਿੱਚ ਤੁਹਾਡੇ ਵਿਰੁਧ ਕੋਈ ਕੜਵਾਹਟ ਨਹੀਂ, ਮੇਰੇ ਦਿਲ ਵਿੱਚ ਹਿੰਦੁਸਤਾਨ ਵਸਦਾ ਹੈ ਤੇ ਹਰ ਆਮ ਹਿੰਦੁਸਤਾਨੀ ਦੇ ਦਿਲ ਵਿੱਚ ਡਾ. ਅੰਬੇਡਕਰ ਵਸਦੇ ਹਨ ਤੇ ਤੁਸੀਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਇਹ ਵਿਸ਼ਲੇਸ਼ਕ ਹੋਰ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਹੁਲ ਦੇ ਸੰਬੰਧ ਵਿੱਚ ਕਹਿੰਦੇ ਰਹਿੰਦੇ ਸਨ ਕਿ ਰਾਹੁਲ ਬੋਲਣਗੇ ਤਾਂ ਪਤਾ ਨਹੀਂ ਕਿਹੜਾ ਭੂਚਾਲ ਆ ਜਾਇਗਾ? ਪਰ ਹੁਣ ਕਹਿਣ ਵਾਲੇ ਕਹਿ ਰਹੇ ਹਨ ਕਿ ਅੱਜ ਸਚਮੁਚ ਹੀ ਰਾਹੁਲ ਦੇ ਭਾਸ਼ਣ ਨਾਲ ਭੂਚਾਲ ਹੀ ਤਾਂ ਆ ਗਿਆ ਸੀ, ਉਹ ਭੂਚਾਲ ਦੇ ਕੇਂਦਰ ਮੋਦੀ ਵਲ ਗਏ ਅਤੇ ਉਥੇ ਜੋ ਕੁਝ ਹੋਇਆ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ।


ਚਿਹਰਿਆਂ ਦੇ ਉਤਾਰ-ਚੜ੍ਹਾਅ ਬਦਲਦੇ ਰਹੇ: ਬੇਭਰੋਸਗੀ ਦੇ ਮਤੇ ਪੁਰ ਚਰਚਾ ਦੌਰਾਨ ਚਲਦੀ ਰਹੀ ਸੰਸਦੀ ਕਾਰਵਾਈ ਦੇ ਪ੍ਰਤੱਖ-ਦਰਸ਼ੀ ਪਤ੍ਰਕਾਰਾਂ ਅਨੁਸਾਰ ਲੋਕਸਭਾ ਵਿੱਚ ਬਹੁਮਤ ਦੇ ਅੰਕੜਿਆਂ ਦਾ ਗਣਿਤ ਤਾਂ ਸਵੇਰੇ ਤੋਂ ਹੀ ਸਪਸ਼ਟ ਸੀ, ਪਰ ਚਰਚਾ ਦੇ ਨਤੀਜਿਆਂ ਦੀਆਂ ਸ਼ੰਕਾਵਾਂ ਦੇ ਚਲਦਿਆਂ ਰਾਜਨੈਤਿਕ ਸੰਦੇਸ਼ ਵਿੱਚ ਅਗੇ ਵਧਣ ਦੀ ਹੋੜ, ਸਦਨ ਵਿੱਚ ਤੇ ਸਦਨ ਤੋਂ ਬਾਹਰ ਸਾਫ ਨਜ਼ਰ ਆ ਰਹੀ ਸੀ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਚਿਹਰਿਆਂ ਦੇ ਉਤਾਰ-ਚੜ੍ਹਾਅ ਲਗਾਤਾਰ ਬਦਲਦੇ ਵਿਖਾਈ ਦੇ ਰਹੇ ਸਨ। ਜਦੋਂ ਪਤਾ ਲਗਦਾ ਕਿ ਮਾਮਲਾ 'ਆਪਣੇ' ਹਕ ਵਿੱਚ ਚਲ ਰਿਹਾ ਹੈ ਤਾਂ ਚਿਹਰੇ ਖਿੜ ਜਾਂਦੇ, ਪਰ ਜਦੋਂ ਗਲ ਵਿਗੜਦੀ ਵਿਖਾਈ ਦਿੰਦੀ ਤਾਂ ਚਿਹਰਿਆਂ ਤੋਂ ਹਵਾਈਆਂ ਉਡਣ ਲਗਦੀਆਂ। ਪੀਐਮਓ ਅਤੇ ਕਾਂਗ੍ਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਫਤਰ ਦੀਆਂ ਰਿਸਰਚ ਅਤੇ ਫੀਡਬੈਕ ਟੀਮਾਂ ਲਗਾਤਾਰ ਸਰਗਰਮ ਚਲੀਆਂ ਆ ਰਹੀਆਂ ਸਨ। ਮੰਨਿਆ ਜਾਂਦਾ ਹੈ ਕਿ ਰਾਹੁਲ ਦਾ ਭਾਸ਼ਣ ਖਤਮ ਹੋਣ ਦੇ ਨਾਲ ਹੀ ਗਰਮੀ ਵੱਧ ਗਈ ਸੀ। ਦਸਿਆ ਗਿਆ ਹੈ ਕਿ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਪਹਿਲਾਂ ਤਕ ਸਦਨ ਦੇ ਅੰਦਰ ਅਤੇ ਬਾਹਰ ਕੋਈ ਬਹੁਤੀ ਗਹਿਮਾ-ਗਹਿਮੀ ਨਜ਼ਰ ਨਹੀਂ ਸੀ ਆ ਰਹੀ। ਪਰ ਜਿਉਂ ਹੀ ਰਾਹੁਲ ਗਾਂਧੀ ਦਾ ਭਾਸ਼ਣ ਖਤਮ ਹੋਇਆ ਪਰਦੇ ਦੇ ਪਿਛੇ ਚਲਦੀਆਂ ਆ ਰਹੀਆਂ ਸਰਗਰਮੀਆਂ ਨਿਕਲ ਬਾਹਰ ਆ ਗਈਆਂ। ਰਾਹੁਲ ਦਾ ਭਾਸ਼ਣ ਸੱਤਾ ਅਤੇ ਵਿਰੋਧੀ, ਦੋਹਾਂ ਧਿਰਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ। ਕੁਝ ਨੇਤਾਵਾਂ ਨੇ ਸਵਾਲ ਖੜੇ ਕੀਤੇ ਤੇ ਕੁਝ ਰਾਹੁਲ ਗਾਂਧੀ ਦੇ ਮੁਰੀਦ ਨਜ਼ਰ ਆਏ।

ਰਾਹੁਲ ਨੂੰ ਘੇਰਨ ਦੀ ਰਣਨੀਤੀ : ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਪੁਰ ਕੀਤੇ ਗਏ ਤਿਖੇ ਹਮਲਿਆਂ ਤੋਂ ਤਿਲਮਿਲਾਏ ਸੱਤਾ ਪੱਖ ਨੇ ਰਾਹੁਲ ਨੂੰ ਘੇਰਨ ਦੀ ਰਣਨੀਤੀ ਪੁਰ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਸਦਨ ਦੇ ਅੰਦਰ ਅਤੇ ਬਾਹਰ ਰਾਹੁਲ ਗਾਂਧੀ ਨੂੰ ਘੇਰਨ ਦੇ ਆਦੇਸ਼ ਮਿਲਦਿਆਂ ਹੀ ਸੱਤਾ ਪਖ ਦੇ ਵੱਡੇ ਆਗੂਆਂ ਨੇ ਸੰਸਦੀ ਕਾਰਵਾਈ ਦੀ ਨਿਯਮਾਂਵਲੀ ਲੈ ਕੇ ਇਧਰ-ਉਧਰ ਭਜਣਾ ਸ਼ੁਰੂ ਕਰ ਦਿਤਾ। ਸੰਸਦ ਕੰਪਲੈਕਸ ਵਿੱਚ ਮੌਜੂਦ ਪੀਐਮਓ ਦੀ ਰਿਸਰਚ ਟੀਮ ਦੀ ਸਰਗਰਮੀ ਵੀ ਵੱਧ ਗਈ।

ਨਰੇਂਦਰ ਮੌਦੀ ਰਹਿ ਗਏ ਹੈਰਾਨ: ਰਾਹੁਲ ਵਲੋਂ ਅਪਨਾਏ ਗਏ, ਆਪਣੇ ਗਲੇ ਮਿਲਣ ਦੇ ਅੰਦਾਜ਼ ਤੋਂ ਪ੍ਰਧਾਨ ਮੰਤਰੀ ਪਹਿਲਾਂ ਤਾਂ ਬਹੁਤ ਹੀ ਹੈਰਾਨ ਹੋਏ। ਬਾਅਦ ਵਿੱਚ ਉਨ੍ਹਾਂ ਰਾਹੁਲ ਗਾਂਧੀ ਨੂੰ ਬੁਲਾਇਆ ਤੇ ਹੱਥ ਮਿਲਾ ਉਨ੍ਹਾਂ ਦੀ ਪਿੱਠ ਥਪਥਪਾਈ। ਰਾਹੁਲ ਦੇ ਉਨ੍ਹਾਂ ਦੇ ਗਲੇ ਮਿਲਣ ਦੇ ਅੰਦਾਜ਼ ਨੂੰ ਲੈ ਕੇ ਰਾਜਸੀ ਹਲਕਿਆਂ ਦੇ ਨਾਲ ਹੀ ਸੋਸ਼ਲ ਮੀਡੀਆ ਵਿੱਚ ਖੂਬ ਚਰਚਾ ਹੋਈ।

...ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਕਾਂਗ੍ਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਵਿੱਚ ਬੇਭਰੋਸਗੀ ਦੇ ਮਤੇ ਪੁਰ ਬੋਲਦਿਆਂ ਆਪਣੇ ਭਾਸ਼ਣ ਦੀ ਸਮਾਪਤੀ ਜਿਸ ਅੰਦਾਜ਼ ਵਿੱਚ ਕੀਤੀ, ਉਸਨੇ ਸੋਸ਼ਲ ਮੀਡੀਆ ਪੁਰ ਇਸੇ ਸੰਬੰਧ ਵਿੱਚ ਚਲ ਰਹੀ ਚਰਚਾ ਦਾ ਰੁਖ ਹੀ ਬਦਲ ਕੇ ਰਖ ਦਿੱਤਾ। ਰਾਹੁਲ ਦੇ ਪ੍ਰਧਾਨ ਮੰਤਰੀ ਮੋਦੀ ਦੀ ਸੀਟ ਪੁਰ ਜਾ, ਉਨ੍ਹਾਂ ਦੇ ਗਲੇ ਮਿਲਦਿਆਂ ਹੀ ਸੋਸ਼ਲ ਮੀਡੀਆ ਵਿੱਚ ਚਲ ਰਹੀਆਂ ਸਾਰੀਆਂ ਹੀ ਚਰਚਾਵਾਂ ਨੂੰ ਠਲ੍ਹ ਪੈ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਨਵੇਂ ਹੈਸ਼ ਟੈਗ 'ਰਾਹੁਲ ਗਾਂਧੀ ਹੱਗਸ ਮੋਦੀ', 'ਹਗਪਲੋਮੈਸੀ' ਆਦਿ ਸ਼ੁਰੂ ਹੋ ਗਏ। ਦਿੱਲੀ ਦੇ ਇਕ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੂਰਾ ਸ਼ੋਅ ਲੁਟ ਲਿਆ। ਇੱਕ ਟਵੀਟ ਕਰ ਕਿਸੇ ਨੇ ਲਿਖਿਆ, 'ਗਲੇ ਲਾ ਜੋ ਕੁਝ ਪਾਇਆ, ਉਹ ਅੱਖ ਮਾਰ ਗੁਆ ਲਿਆ', ਇੱਕ ਹੋਰ ਸਜਣ ਨੇ ਟਵੀਟ ਕੀਤਾ 'ਰਾਹੁਲ ਗਾਂਧੀ ਪੁਰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਦੇ ਦੋ ਮਾਮਲੇ ਬਣਦੇ ਹਨ। ਇੱਕ ਮੋਦੀ ਨੂੰ ਹਗ ਕਰਨਾ ਦੂਜਾ (ਦਖਣ ਦੀ ਫਿਲਮੀ ਕਲਾਕਾਰ) ਪ੍ਰਿਯੰਕਾ ਦਾ ਅੱਖ ਮਾਰਨ ਦਾ ਸਟਈਲ' ਚੋਰੀ ਕਰਨਾ। ਇਸੇ ਤਰ੍ਹਾਂ ਇੱਕ ਮੋਦੀ ਭਗਤ ਦਾ ਟਵੀਟ ਸੀ, 'ਰਾਹੁਲ ਦਾ ਕਹਿਣਾ ਸੀ ਕਿ 15 ਮਿੰਟ ਵਿੱਚ ਭੂਚਾਲ ਲੈ ਆਉਣਗੇ। ਪਰ ਇਥੇ ਤਾਂ ਪਤਾ ਵੀ ਨਹੀਂ ਹਿਲਿਆ'।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

26 July 2018

ਇਹ ਦੇਸ਼ ਹੈ ਮੇਰਾ, ਜਿਸ ਵਿੱਚ ਕਰੋੜਪਤੀ ਗਰੀਬ ਨੇ! -ਜਸਵੰਤ ਸਿੰਘ 'ਅਜੀਤ'

ਭਾਰਤ ਸਰਕਾਰ ਵਲੋਂ 'ਆਯੁਸ਼ਮਾਨ ਭਾਰਤ' ਯੋਜਨਾ ਅਧੀਨ ਪ੍ਰਧਾਨ ਮੰਤ੍ਰੀ ਰਾਸ਼ਟਰੀ ਸਵਾਸਥ ਸੁਰਖਿਆ ਮਿਸ਼ਨ ਤਹਿਤ ਬੇਘਰਾਂ, ਬੇਸਹਾਰਿਆਂ, ਅਪਾਹਜਾਂ, ਭੂਮੀਹੀਨਾਂ, ਮਜ਼ਦੂਰਾਂ, ਗਰੀਬਾਂ, ਅਨੁਸੂਚਿਤ ਜਾਤੀ, ਜਨਜਾਤੀ ਅਤੇ ਕਮਜ਼ੋਰ ਆਮਦਨ ਵਰਗ ਆਦਿ ਨਾਲ ਸੰਬੰਧਤ ਅਜਿਹੇ ਪਰਿਵਾਰਾਂ, ਜਿਨ੍ਹਾਂ ਦੇ ਨਾਂ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ਹੋਏ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਣਾ ਹੈ। ਇਸ ਯੋਜਨਾ ਅਧੀਨ ਦੇ ਦਰਜ ਪਰਿਵਾਰਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਉਪਲਬੱਧ ਕਰਵਾਈ ਜਾਣੀ ਹੈ। ਦਸਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਜਦੋਂ ਸਵਾਸਥ ਵਿਭਾਗ ਦੀ ਟੀਮ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ਪਰਿਵਾਰਾਂ ਦੀ ਪਛਾਣ ਕਰਨ ਲਈ ਗਾਜ਼ੀਆਬਾਦ ਦੀ ਇੰਦ੍ਰਾਪੁਰਮ ਕਾਲੌਨੀ ਵਿੱਚ ਪੁਜੀ, ਤਾਂ ਉਸਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਇਸ ਪਾਸ਼ ਇਲਾਕੇ ਵਿੱਚ ਬਣੀ ਸ਼ਿਪਰਾ ਸਨਸਿਟੀ ਸਮੇਤ ਸ਼ਹਿਰ ਦੇ ਦੂਸਰੇ ਪਾਸ਼ ਇਲਾਕਿਆਂ ਦੇ ਮਹਿੰਗੇ ਫਲੈਟਸ ਵਿੱਚ ਰਹਿਣ ਵਾਲਿਆਂ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਇਤਨਾ ਹੀ ਨਹੀਂ, ਉਨ੍ਹਾਂ ਨੂੰ ਇਹ ਵੀ ਪਤਾ ਚਲਿਆ ਕਿ ਲੱਖਾਂ ਰੁਪਏ ਤਨਖਾਹ ਲੈਣ ਵਾਲਿਆਂ ਤੋਂ ਲੈ ਕੇ ਰੀਅਲ ਅਸਟੇਟ ਕਾਰੋਬਾਰੀਆਂ ਤਕ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਗਰੀਬ ਪਰਿਵਾਰਾਂ ਦੀ ਸੂਚੀ ਵਿੱਚ ਇਨ੍ਹਾਂ ਕਰੋੜਪਤੀਆਂ ਦੇ ਨਾਂ ਵੇਖ ਸਵਾਸਥ ਵਿਭਾਗ ਦੀ ਟੀਮ ਦੇ ਹੋਸ਼ ਉੱਡ ਗਏ।

52 ਪ੍ਰਤੀਸ਼ਤ ਬਜ਼ੁਰਗ ਸ਼ੋਸ਼ਣ ਦਾ ਸ਼ਿਕਾਰ : ਦੇਸ਼ ਵਿ    ਚ ਬਜ਼ੁਰਗਾਂ ਲਈ ਕੰਮ ਕਰ ਰਹੀ ਸੰਸਥਾ, ਏਜਵੇਲ ਰਿਸਰਚ ਐਂਡ ਐਡਵੋਕੇਸੀ ਸੇਂਟਰ ਨੇ ਸੰਯੁਕਤ ਰਾਸ਼ਟਰ ਲਈ ਕੀਤੇ ਗਏ ਸਰਵੇ ਵਿੱਚ ਦਸਿਆ ਹੈ ਕਿ ਦੇਸ਼ ਵਿੱਚ 52.4 ਪ੍ਰਤੀਸ਼ਤ ਬਜ਼ੁਰਗਾਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਮਾਰਕੁਟ ਵੀ ਕੀਤੀ ਜਾਂਦੀ ਹੈ। ਸਰਵੇ ਰਿਪੋਰਟ ਅਨੁਸਾਰ ਵਧੇਰੇ ਬਜ਼ੁਰਗ ਵਧਦੀ ਉਮਰ ਕਾਰਣ ਹਾਲਾਤ ਨਾਲ ਸਮਝੌਤਾ ਕਰਨ ਮਜਬੂਰ ਹੋ ਜਾਂਦੇ ਹਨ। ਸੰਸਥਾ ਨੇ ਆਪਣੀ ਇਸ ਰਿਪੋਰਟ ਵਿੱਚ ਬਜ਼ੁਰਗਾਂ ਨੂੰ ਆਰਥਕ ਰੂਪ ਵਿੱਚ ਆਤਮ-ਨਿਰਭਰ ਬਣਾਏ ਜਾਣ ਪੁਰ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਨਿਜੀ ਜ਼ਰੂਰਤਾਂ ਆਪਣੇ ਹਿਸਾਬ ਨਾਲ ਪੂਰਿਆਂ ਕਰਨ ਵਿੱਚ ਅਸਾਨੀ ਹੋ ਸਕੇ। ਏਜਵੇਲ ਦੇ ਸੰਸਥਾਪਕ ਹਿਮਾਂਸ਼ੂ ਰਾਇ ਨੇ ਬਜ਼ੁਰਗਾਂ ਦੇ ਦੁਖਾਂ ਦਾ ਨਿਵਾਰਣ ਕਰਨ ਦੇ ਸੰਬੰਧ ਵਿੱਚ ਕਿਹਾ ਕਿ ਆਮ ਇਹ ਵੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਬਜ਼ੁਰਗਾਂ ਪਾਸ ਕਮਾਇਆ ਕਾਫੀ ਧਨ ਇਕਠਾ ਕੀਤਾ ਗਿਆ ਹੋਇਆ ਹੈ ਅਤੇ ਜਿਨ੍ਹਾਂ ਪਾਸ ਅੱਛੀ ਜਾਇਦਾਦ ਹੈ, ਬੁਢਾਪੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਇਸ ਸਰਵੇ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਲਗਭਗ ਹਰ ਚੌਥਾ ਬਜ਼ੁਰਗ ਇਕਲਾ ਹੈ ਅਤੇ ਹਰ ਦੂਸਰਾ ਆਪਣੇ ਜੀਵਨ-ਸਾਥੀ ਨਾਲ ਰਹਿੰਦਾ ਹੈ, ਜਦਕਿ 26.5 ਪ੍ਰਤੀਸ਼ਤ ਆਪਣੇ ਬਚਿਆਂ, ਪਰਿਵਾਰ ਦੇ ਮੈਂਬਰਾਂ ਨਾਲ ਜਾਂ ਓਲਡਏਜ ਹੋਮ ਵਿੱਚ ਰਹਿੰਦੇ ਹਨ। ਪੇਂਡੂ ਖੇਤ੍ਰਾਂ ਦੇ 21.8 ਪ੍ਰਤੀਸ਼ਤ ਦੀ ਤੁਲਨਾ ਵਿੱਚ 25.3 ਪ੍ਰਤੀਸ਼ਤ ਬਜ਼ੁਰਗ ਸ਼ਹਿਰਾਂ ਵਿੱਚ ਇਕਲੇ ਰਹਿੰਦੇ ਹਨ। ਦਸਿਆ ਗਿਆ ਹੈ ਕਿ ਬਹੁਤ ਕਰਕੇ ਬਜ਼ੁਰਗ ਇਕਲਿਆਂ ਜਾਂ ਜੀਵਨਸਾਥੀ ਨਾਲ ਰਹਿਣਾ ਚਾਹੁੰਦੇ ਹਨ। ਕਈ ਪਰਿਵਾਰਾਂ ਵਿੱਚ ਬਚੇ ਨਾਲ ਤਾਂ ਰਹਿੰਦੇ ਹਨ, ਪ੍ਰੰਤੂ ਉਨ੍ਹਾਂ ਦੇ ਰਹਿਣ ਦਾ ਕਮਰਾ ਅਤੇ ਕਿਚਨ ਵਖਰਾ ਹੁੰਦਾ ਹੈ। ਉਹ ਬਚਿਆਂ ਅਤੇ ਪਰਿਵਾਰ ਨਾਲ ਘੁਲਮਿਲ ਨਹੀਂ ਪਾਂਦੇ, ਇਸਲਈ ਇਕਲਿਆਂ ਰਹਿਣਾ ਪਸੰਦ ਕਰਦੇ ਹਨ।

ਨੋਟਬੰਦੀ ਬਨਾਮ ਮਨੀ ਲਾਡ੍ਰਿੰਗ : ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਮਨੀ ਲਾਡ੍ਰਿੰਗ (ਧਨ-ਸ਼ੋਧਨ) ਅਰਥਾਤ ਭ੍ਰਿਸ਼ਟਾਚਾਰ ਤੇ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਧਨ-ਦੌਲਤ ਦਾ ਸ੍ਰੋਤ ਛੁਪਾਣ ਤੇ ਉਸਨੂੰ ਸਫੈਦ ਧਨ ਵਿੱਚ ਬਦਲਣ, ਦੇ ਮਾਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਵਾਧਾ ਹੋਇਆ ਹੈ। ਖਾਸ ਤੋਰ ਤੇ ਦਿੱਲੀ ਵਿੱਚ ਅਜਿਹੇ ਮਾਮਲੇ ਤੇਜ਼ੀ ਨਾਲ ਵੱਧੇ ਹਨ। ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਮੁਕਦਮਿਆਂ ਦੀ ਗੰਭੀਰਤਾ ਨੂੰ ਵੇਖਦਿਆਂ ਦਿੱਲੀ ਨਿਅਇਕ ਸੇਵਾ ਦੇ ਉਚ ਅਧਿਕਾਰੀਆਂ ਨੇ ਮਨੀ ਲਾਡ੍ਰਿੰਗ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਲਈ, ਅਦਾਲਤਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਸਿਆ ਗਿਐ ਕਿ ਧਨ-ਸ਼ੋਧਨ ਕਾਨੂੰਨ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ ਸਾਲ 2015 ਤਕ ਕੇਵਲ 237 ਸੀ। ਪ੍ਰੰਤੂ ਨਵੰਬਰ 2016 ਤੋਂ ਬਾਅਦ ਇਨ੍ਹਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਕਈ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਨੇਤਾ ਵੀ ਇਸ ਦਾਇਰੇ ਵਿੱਚ ਆ ਗਏ। ਵਰਤਮਾਨ ਵਿੱਚ ਮਨੀ ਲਾਡ੍ਰਿੰਗ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਦੇ ਲਗਭਗ ਦਸੀ ਜਾ ਰਹੀ ਹੈ। ਉਧਰ ਹੋਰ ਨਵੇਂ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਗਲ ਨੂੰ ਧਿਆਨ ਵਿੱਚ ਰਖਦਿਆਂ ਹੀ ਇਸ ਵਿਸ਼ੇਸ਼ ਕਾਨੂੰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਅਰਥਾਤ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਣ ਦੇ ਉਦੇਸ਼ ਨਾਲ ਅਗਲੇ ਮਹੀਨੇ 50 ਨਿਆਇਕ ਅਧਿਕਾਰੀਆਂ (ਜ਼ਿਲਾ ਜੱਜਾਂ) ਨੂੰ ਧਨ-ਸ਼ੋਧਕ ਰੋਕ-ਥਾਮ ਐਕਟ 2002 (ਪ੍ਰੀਵੇਸ਼ਨ ਆਫ ਮਨੀ ਲਾਡ੍ਰਿੰਗ ਐਕਟ 2002) ਅਧੀਨ ਟ੍ਰੇਨਿੰਗ ਦੇਣ ਲਈ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ। 3 ਅਤੇ 4 ਅਗਸਤ ਨੂੰ ਆਯੋਜਿਤ ਹੋਣ ਵਾਲੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਖਾਸ ਤੋਰ ਤੇ ਸੀਬੀਆਈ ਦੇ ਹੀ ਜੱਜ ਸ਼ਾਮਲ ਕੀਤੇ ਗਏ ਹਨ, ਕਿਉਂਕਿ ਸੀਬੀਆਈ ਦੀ ਜਾਂਚ ਵਿੱਚ ਹੀ ਮਨੀ ਲਾਡ੍ਰਿੰਗ ਦਾ ਖੁਲਾਸਾ ਹੁੰਦਾ ਹੈ। ਅਜੇ ਤਕ ਮਨੀ ਲਾਡ੍ਰਿੰਗ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਪਟਿਆਲਾ ਹਾਊਸ ਦੀ ਇੱਕ ਅਧਿਕਾਰਤ ਅਦਾਲਤ ਵਿੱਚ ਹੁੰਦੀ ਸੀ।

ਔਰਤਾਂ ਦਾ ਦਮ ਖਮ : ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ। ਅਜਿਹੇ ਹੀ ਸਿਰਜੇ ਗਏ ਹੋਏ ਵਾਤਾਵਰਣ ਵਿੱਚ ਹੀ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨਐਸਐਸਓ) ਵਲੋਂ ਕੀਤਾ ਗਿਆ ਇੱਕ ਸਰਵੇ ਸਾਹਮਣੇ ਆਇਆ ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਦੇਸ਼ ਦੀਆਂ ਲਗਭਗ 40 ਪ੍ਰਤੀਸ਼ਤ ਔਰਤਾਂ ਅਜਿਹੀਆਂ ਹਨ, ਜੋ ਸਾਰੀਆਂ ਸ਼ੰਕਾਵਾਂ ਨੂੰ ਨਜ਼ਰ-ਅੰਦਾਜ਼ ਕਰ, ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ। ਇਸ ਸਰਵੇ ਅਨੁਸਾਰ, ਉਤਰ ਭਾਰਤ ਦੀ ਤੁਲਨਾ ਵਿੱਚ ਸਭ ਤੋਂ ਵੱਧ ਸੁਰਖਿਅਤ ਮੰਨੇ ਜਾਂਦੇ ਦੱਖਣੀ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦੀਆਂ ਹਨ। ਇਸੇ ਸਰਵੇ ਦੇ ਅੰਕੜਿਆਂ ਅਨੁਸਾਰ ਜਿਥੇ ਪੰਜਾਬ (66 ਪ੍ਰਤੀਸ਼ਤ), ਤੇਲੰਗਾਨਾਂ (60 ਪ੍ਰਤੀਸ਼ਤ), ਕੇਰਲ (58 ਪ੍ਰਤੀਸ਼ਤ), ਤਮਿਲਨਾਡੂ (55 ਪ੍ਰਤੀਸ਼ਤ) ਅਤੇ ਆਂਧਰ ਪ੍ਰਦੇਸ਼ (53 ਪ੍ਰਤੀਸ਼ਤ) ਰਾਜਾਂ ਵਿੱਚ ਔਰਤਾਂ ਦੇ ਇਕਲਿਆਂ ਘੁੰਮਣ ਦੀ ਔਸਤ ਦੇਸ਼ ਦੀ ਸਮੁਚੀ ਔਸਤ ਤੋਂ ਕਿਤੇ ਵੱਧ ਹੈ, ਉਥੇ ਹੀ ਦਿੱਲੀ (10 ਪ੍ਰਤੀਸ਼ਤ), ਹਰਿਆਣਾ ਤੇ ਬਿਹਾਰ (13 ਪ੍ਰਤੀਸ਼ਤ), ਸਿਕਿੱਮ (15 ਪ੍ਰਤੀਸ਼ਤ) ਤੇ ਮਣੀਪੁਰ (16 ਪ੍ਰਤੀਸ਼ਤ) ਰਾਜ ਉਨ੍ਹਾਂ ਤੋਂ ਬਹੁਤ ਹੀ ਪਿਛੜੇ ਹੋਏ ਹਨ। ਜੇ ਵੱਖ-ਵੱਖ ਰਾਜਾਂ ਦੇ ਉਪਰ ਦਿੱਤੇ ਅੰਕੜਿਆਂ ਪੁਰ ਨਜ਼ਰ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ, ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੀਆਂ ਔਰਤਾਂ ਰਾਤ-ਭਰ ਇਕਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਹੇਠਾਂ ਹੈ।

,,,ਅਤੇ ਅੰਤ ਵਿੱਚ: ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ, ਜਦੋਂ ਪਹਿਲੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਕਿਸੇ ਵੀ ਦਿਨ ਦੇ ਅਖਬਾਰ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਔਰਤਾਂ ਦੇ ਅਗਵਾ, ਬਲਾਤਕਾਰ, ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤੇ ਜਾਣ ਅਤੇ ਅਜਿਹੀਆਂ ਹੀ ਘਟਨਾਵਾਂ ਨਾਲ ਸੰਬੰਧਤ ਅਦਾਲਤਾਂ ਵਿੱਚ ਚਲਣ ਵਾਲੇ ਮੁਕਦਮਿਆਂ ਦੀਆਂ ਦੋ-ਚਾਰ ਖਬਰਾਂ ਛਪੀਆਂ ਹੋਈਆਂ ਨਾ ਹੋਣ। ਇਨ੍ਹਾਂ ਖਬਰਾਂ ਤੋ ਇਉਂ ਜਾਪਣਾ ਸੁਭਾਵਕ ਹੈ ਕਿ ਬਲਾਤਕਾਰ ਦੇ ਮੁਕਦੰਿਮਆਂ ਵਿੱਚ ਦਿਨ-ਬ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਦਸਿਆ ਗਿਆ ਹੈ ਕਿ ਇਨ੍ਹੀਂ ਦਿਨੀਂ ਇਸਦਾ ਇੱਕ ਹੋਰ ਪਹਿਲੂ ਸਾਹਮਣੇ ਉਭਰ ਕੇ ਆਇਆ ਹੈ। ਉਹ ਇਉਂ ਕਿ ਬੀਤੇ ਛੇ ਮਹੀਨਿਆਂ ਵਿੱਚ 45 ਪ੍ਰਤੀਸ਼ਤ ਅਜਿਹੇ ਮਾਮਲੇ ਅਦਾਲਤਾਂ ਸਾਹਮਣੇ ਆਏ, ਜਿਨ੍ਹਾਂ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਅੋਰਤਾਂ ਅਸਲ ਵਿੱਚ ਬਲਾਤਕਾਰ ਪੀੜਤਾਂ ਸਨ ਹੀ ਨਹੀਂ, ਸਗੋਂ ਛੋਟੀਆਂ-ਮੋਟੀਆਂ ਘਰੇਲੂ ਗਲਾਂ 'ਤੇ ਗੁੱਸੇ ਹੋ ਉਨ੍ਹਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ।
ਦਸਿਆ ਗਿਆ ਹੈ ਕਿ ਦਿੱਲੀ ਦੀਆਂ ਛੇ ਜ਼ਿਲਾ ਅਦਾਲਤਾਂ ਦੇ ਰਿਕਾਰਡ ਦੀ ਛਾਣਬੀਣ ਕੀਤੇ ਜਾਣ ਤੇ ਮਿਲੇ ਅੰਕੜੇ ਦਸਦੇ ਹਨ ਕਿ ਅਦਾਲਤਾਂ ਵਿੱਚ ਚਲ ਰਹੇ ਬਲਾਤਕਾਰ ਦੇ ਮਾਮਲਿਆਂ ਵਿਚੋਂ 70 ਪ੍ਰਤੀਸ਼ਤ ਮਾਮਲੇ ਤਾਂ ਅਦਾਲਤਾਂ ਵਿੱਚ ਸਾਬਤ ਹੀ ਨਹੀਂ ਹੋ ਪਾਂਦੇ, ਜਦਕਿ 45 ਪ੍ਰਤੀਸਤ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਮੁਕਮਦਾ ਦਰਜ ਕਰਵਾਣ ਵਾਲੀ ਔਰਤ ਘਟਨਾ ਦੇ ਕੁਝ ਹੀ ਦਿਨਾਂ ਦੇ ਅੰਦਰ ਗੁੱਸਾ ਸ਼ਾਂਤ ਹੋ ਜਾਣ ਤੇ ਦੋਸ਼ੀ ਨੂੰ ਬਚਾਣ ਲਈ ਅਦਾਲਤ ਪਹੁੰਚ ਜਾਂਦੀ ਹੈ।

Mobile : + 91 95 82 71 98 90 
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

19 July 2018

.....'ਤੇ ਪੰਜਾਬ ਦੀ ਜਵਾਨੀ ਇਸਤਰ੍ਹਾਂ ਬਰਬਾਦ ਨਾ ਹੁੰਦੀ - ਜਸਵੰਤ ਸਿੰਘ 'ਅਜੀਤ'

ਇਉਂ ਜਾਪਦਾ ਹੈ ਕਿ ਜਿਵੇਂ ਹੁਣ, ਜਦਕਿ ਪਾਣੀ ਸਿਰ ਦੇ ਉਪਰੋਂ ਵਗਣ ਲਗਾ ਹੈ, ਪੰਜਾਬ ਦੀਆਂ ਧਾਰਮਕ, ਸਮਾਜਕ ਅਤੇ ਲੋਕ-ਹਿਤ ਵਿੱਚ ਸਰਗਰਮ ਚਲੀਆਂ ਆ ਰਹੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁੱਖੀਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ, ਜਿਸਨੇ ਪੰਜਾਬ ਦਾ ਭਵਿਖ ਸੰਵਾਰਨ ਵਿੱਚ ਆਪਣੀ ਭੂਮਿਕਾ ਨਿਬਾਹੁਣੀ ਹੈ, ਨਸ਼ਿਆਂ ਦੀ 'ਲਤ' ਦਾ ਸ਼ਿਕਾਰ ਹੋ ਨਾ ਕੇਵਲ ਆਪ ਬੁਰੀ ਤਰ੍ਹਾਂ ਤਬਾਹ ਤੇ ਬਰਬਾਦ ਹੋ ਰਹੀ ਹੈ, ਸਗੋਂ ਪੰਜਾਬ ਨੂੰ ਵੀ ਆਪਣੇ ਨਾਲ ਲੈ-ਡੂਬਣ ਵਲ ਵੀ ਤੇਜ਼ੀ ਨਾਲ ਕਦਮ ਵਧਾਣ ਲਗੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਉਨ੍ਹਾਂ ਨੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਜਵਾਨਾਂ ਨੂੰ ਜਾਗਰੂਕ ਕਰ, ਉਨ੍ਹਾਂ ਨੂੰ ਇਸ ਬੁਰੀ 'ਲਤ' ਤੋਂ ਛੁਟਕਾਰਾ ਦੁਆਣ ਲਈ ਸਾਰਥਕ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ। ਮਿਲ ਰਹੀਆਂ ਖਬਰਾਂ ਵੀ ਇਸ ਪਾਸੇ ਸੰਕੇਤ ਕਰ ਰਹੀਆਂ ਹਨ ਕਿ ਪੰਜਾਬ ਦਾ ਨੌਜਵਾਨ ਹੁਣ ਆਪ ਵੀ ਜਾਗਰੂਕ ਹੋਣ ਲਗ ਪਿਆ ਹੈ ਅਤੇ ਉਸਨੇ ਨਸ਼ਿਆਂ ਵਿਰੁੱਧ ਲੋਕ-ਰਾਇ ਲਾਮਬੱਧ ਕਰਨ ਅਤੇ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਇਸ ਨਾਮੁਰਾਦ 'ਲਤ' ਤੋਂ ਛੁਟਕਾਰਾ ਦੁਆਣ ਲਈ, ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤਕ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ। ਮਿਲ ਰਹੀਆਂ ਖਬਰਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਨਸ਼ਿਆਂ ਦੇ ਸ਼ਿਕਾਰ ਨੌਜਵਾਨ ਆਪ ਵੀ ਇਹ ਸਮਝਣ ਲਗ ਪਏ ਹਨ ਕਿ ਇਸ ਨਸ਼ਿਆਂ ਦੀ 'ਲਤ' ਕਾਰਣ ਉਹ ਨਾ ਕੇਵਲ ਆਪਣਾ ਜੀਵਨ ਬਰਬਾਦ ਕਰ ਰਹੇ ਹਨ, ਸਗੋਂ ਆਪਣੀ ਮੌਤ ਨੂੰ ਵੀ ਸਦਾ ਦੇ ਰਹੇ ਹਨ, ਜਿਸ ਕਾਰਣ ਉਹ ਨਸ਼ਾ ਮੁਕਤੀ ਮੁਹਿੰਮ ਵਿੱਚ ਸਹਿਯੋਗ ਕਰਨ ਲਈ ਅਗੇ ਆਉਣ ਲਗੇ ਹਨ, ਜਿਸਨੂੰ ਪੰਜਾਬ ਲਈ 'ਸ਼ੁਭ ਸੰਕੇਤ' ਮੰਨਿਆ ਜਾ ਸਕਦਾ ਹੈ।
ਇਸ ਸਾਰੇ ਕੁਝ ਦੇ ਵਿਰੁੱਧ ਇਸ ਮੁਹਿੰਮ ਨੂੰ ਲੈ ਕੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਨਕਾਰਾਤਮਕ ਸੋਚ ਪੁਰ ਅਧਾਰਤ ਨੀਤੀਆਂ ਦਾ ਕੋਝਾ ਪੱਖ ਵੀ ਸਾਹਮਣੇ ਆਉਣ ਲਗਾ ਹੈ। ਉਹ ਇਹ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਫੈਲੀ ਇਸ ਨਾਮੁਰਾਦ ਤੇ ਘਾਤਕ ਬੀਮਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਨੌਜਵਾਨਾਂ ਨੂੰ ਇਸ ਬੀਮਾਰੀ ਤੋਂ ਛੁਟਕਾਰਾ ਹਾਸਲ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇੱਕ-ਜੁਟ ਹੋ ਜਤਨ ਕਰਨ ਦੀ ਬਜਾਏ, ਉਨ੍ਹਾਂ ਨੇ ਇੱਕ-ਦੂਸਰੇ ਪੁਰ ਦੋਸ਼-ਪ੍ਰਤੀ-ਦੋਸ਼ ਲਾ, ਹਾਲਾਤ ਨੂੰ ਹੋਰ ਵੀ ਉਲਝਾਣ ਵਿੱਚ ਆਪਣਾ 'ਯੋਗਦਾਨ' ਪਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਲਿਸ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਡੋਪ ਟੈਸਟ ਕਰਵਾਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਇਹ ਦਸ ਰਹੇ ਕਿ 'ਡੋਪ ਟੈਸਟ' ਕੋਈ ਵਿਕੋਲਿਤਰੀ ਗਲ ਨਹੀਂ, ਫੌਜ ਵਿੱਚ ਵੀ ਡੋਪ ਟੈਸਟ ਹੁੰਦਾ ਰਹਿੰਦਾ ਹੈ। ਇਸਦੇ ਨਾਲ ਹੀ ਉਹ ਉਨ੍ਹਾਂ ਨੂੰ ਇਹ ਵੀ ਭਰੋਸਾ ਦੇ ਰਹੇ ਹਨ ਕਿ ਜੇ ਉਨ੍ਹਾਂ ਦੀ ਟੈਸਟ ਰਿਪੋਰਟ ਪਾਜ਼ਿਟਿਵ ਵੀ ਆਉਂਦੀ ਹੈ, ਤਾਂ ਵੀ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਇਗੀ। ਉਨ੍ਹਾਂ ਦੀ ਪਛਾਣ ਗੁਪਤ ਰਖਦਿਆਂ, ਉਨ੍ਹਾਂ ਦੇ ਇਲਾਜ ਦਾ ਯੋਗ ਪ੍ਰਬੰਧ ਕੀਤਾ ਜਾਇਗਾ। ਉਨ੍ਹਾਂ ਇਸ ਬੀਮਾਰੀ ਦੇ ਸ਼ਿਕਾਰ ਗਰੀਬ ਰੋਗੀਆਂ ਨੂੰ ਸਰਕਾਰੀ ਕੇਂਦਰਾਂ ਵਿੱਚ ਮੁਫਤ ਇਲਾਜ ਦੀਆਂ ਸਹੂਲਤਾਂ ਉਪਲਬੱਧ ਕਰਵਾਣ ਦਾ ਵਿਸ਼ਵਾਸ ਵੀ ਦੁਆਇਆ ਹੈ। ਇਸਦੇ ਉਲਟ ਸੱਤਾ-ਵਿਰੋਧੀ ਪਾਰਟੀਆਂ ਦੇ ਕਈ ਮੁੱਖੀਆਂ ਨੇ ਆਪ ਹੀ ਆਪਣੇ ਆਪਨੂੰ ਨਿਸ਼ਕਲੰਕ ਹੋਣ ਦਾ ਪ੍ਰਮਾਣ ਪਤ੍ਰ ਦੇਣ ਲਈ ਆਪਣਾ ਡੋਪ ਟੈਸਟ ਕਰਵਾ, ਵਿਰੋਧੀਆਂ ਨੂੰ ਡੋਪ ਟੈਸਟ ਕਰਵਾਣ ਦੀ ਚੁਨੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਸਭਤੋਂ ਦਿਲਚਸਪ ਟਿੱਪਣੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਦੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਲ (ਸ਼੍ਰੋਮਣੀ ਅਕਾਲੀ ਦਲ - ਬਾਦਲ) ਦੇ ਕਿਸੇ ਵੀ ਆਗੂ ਜਾਂ ਵਰਕਰ ਲਈ ਡੋਪ ਟੈਸਟ ਕਰਵਾਇਆ ਜਾਣਾ ਜ਼ਰੂਰੀ ਨਹੀਂ। ਆਪਣੇ ਇਸ ਦਾਅਵੇ ਨਾਲ ਪ੍ਰੋ. ਚੰਦੂਮਾਜਰਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਹੀ ਸਨ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪ੍ਰਤੀਨਿਧ ਬੀਬੀ ਹਰਸਿਮਰਤ ਕੌਰ ਬਾਦਲ ਵਿਰੋਧੀ ਨੇਤਾਵਾਂ ਨੂੰ ਡੋਪ ਟੈਸਟ ਕਰਵਾਏ ਜਾਣ ਦੀ ਚੁਨੌਤੀ ਦੇ ਆਪ ਹੀ ਉਨ੍ਹਾਂ ਦੇ ਜਵਾਬੀ ਹਮਲੇ ਦੇ ਘੇਰੇ ਵਿੱਚ ਗਏ। ਵਿਰੋਧੀਆਂ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ (ਬਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਵਾਣ ਦੀ ਚੁਨੌਤੀ ਦੇ, ਘੇਰਨਾ ਸ਼ੁਰੂ ਕਰ ਦਿੱਤਾ।

ਇੱਕ ਪੁਰਾਣੀ ਯਾਦ: ਪੰਜਾਬ ਵਿੱਚ ਚਲ ਰਹੀ ਨਸ਼ਾ-ਵਿਰੋਧੀ ਮੁਹਿੰਮ ਅਤੇ ਡੋਪ ਟੈਸਟ ਕਰਵਾਏ ਜਾਣ ਨੂੰ ਲੈ ਕੇ ਰਾਜਸੀ ਪਾਰਟੀਆਂ ਦੇ ਮੁੱਖੀਆਂ ਵਿੱਚ ਚਲ ਰਹੀ ਨੋਕ-ਝੌਂਕ ਦੌਰਾਨ ਇੱਕ ਬਹੁਤ ਹੀ ਪੁਰਾਣੀ ਗਲ ਯਾਦ ਆ ਗਈ। ਗਲ ਸੰਨ-1999 ਦੀ ਹੈ, ਜਦੋਂ ਸਮੁਚੀਆਂ ਸਿੱਖ ਜਥੇਬੰਦੀਆਂ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪੰਜਾਬ ਸਰਕਾਰ, ਜਿਸਦੇ ਮੁਖੀ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਸਨ, ਵਲੋਂ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੰਨਾਣ ਦੇ ਉਦੇਸ਼ ਨਾਲ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ। (ਇਹ ਗਲ ਵਰਣਨਣੋਗ ਹੀ ਕਿ ਉਸ ਸਮੇਂ ਤਕ ਬਾਦਲ-ਟੋਹੜਾ ਵਿਚ ਆਪਸੀ ਮਤਭੇਦ ਉਭਰ ਕੇ ਸਾਹਮਣੇ ਨਹੀਂ ਸਨ ਆਏ)। ਦਸਿਆ ਗਿਐ ਕਿ ਉਨ੍ਹਾਂ ਦਿਨਾਂ ਵਿੱਚ ਹੀ ਅਚਾਨਕ ਕੁਝ ਅਕਾਲੀ ਬੁਧੀਜੀਵੀਆਂ ਵਲੋਂ ਸਾਰੀਆਂ ਰਾਜਸੀ ਅਤੇ ਗੈਰ-ਰਾਜਸੀ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਇਹ ਸੁਝਾਉ ਦਿੱਤਾ ਗਿਆ ਕਿ ਇਸ ਇਤਿਹਾਸਕ ਵਰ੍ਹੇ ਵਿੱਚ ਉਹ ਆਪੋ-ਆਪਣੀ ਜਥੇਬੰਦੀ ਵਲੋਂ ਇਤਿਹਾਸਕ ਯੋਗਦਾਨ ਪਾਣ ਲਈ, ਇਹ ਫੈਸਲਾ ਕਰਨ ਕਿ ਇਸ ਇਤਿਹਾਸਿਕ ਵਰ੍ਹੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਉਨ੍ਹਾਂ ਦੀ ਪਾਰਟੀ/ਦਲ ਦਾ ਅਹੁਦੇਦਾਰ ਜਾਂ ਮੈਂਬਰ ਨਹੀਂ ਬਣਇਆ ਜਾਇਗਾ, ਜੋ ਸ਼ਰਾਬ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਕਰਦਾ ਹੈ। ਦਸਿਆ ਗਿਆ ਕਿ ਇਸਤੋਂ ਪਹਿਲਾਂ ਕਿ ਇਸ ਸੁਝਾਉ ਪੁਰ ਕੋਈ ਸਾਰਥਕ ਚਰਚਾ ਸ਼ੁਰੂ ਹੁੰਦੀ, ਇੱਕ ਬਹੁਤ ਪ੍ਰਭਾਵਸ਼ਾਲੀ ਅਕਾਲੀ ਪਾਰਟੀ ਦੇ ਹੀ ਇਕ ਸੀਨੀਅਰ ਆਗੂ ਨੇ ਇਹ ਆਖ ਇਸ ਸੁਝਾਉ ਨੂੰ ਮਜ਼ਾਕ ਵਿੱਚ ਉਡਾ ਦਿੱਤਾ ਕਿ 'ਫਿਰ ਸਾਡੇ ਦਲ ਵਿੱਚ ਰਹਿ ਹੀ ਕੌਣ ਜਾਇਗਾ'?
ਅੱਜ ਜਦੋਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ 'ਲਤ' ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਆਪਣੇ ਆਪ ਤੇ ਪੰਜਾਬ ਨੂੰ ਤਬਾਹ 'ਤੇ ਬਰਬਾਦ ਕਰਨ ਵਲ ਵੱਧ ਰਹੀ ਹੈ, ਤਾਂ ਇਸ ਸੁਆਲ ਦਾ ਉਭਰ ਕੇ ਸਾਹਮਣੇ ਆ ਜਾਣਾ ਸੁਭਾਵਕ ਹੀ ਹੈ ਕਿ ਜੇ ਸਮੇਂ ਦੀ ਸਿੱਖ/ਅਕਾਲੀ ਲੀਡਰਸ਼ਿਪ ਨੇ ਸਮਾਂ ਰਹਿੰਦਿਆਂ ਉਸ ਸੁਝਾਅ, ਜਿਸਨੂੰ ਉਨ੍ਹਾਂ ਮਜ਼ਾਕ ਵਿੱਚ ਉਡਾ ਦਿੱਤਾ ਸੀ, ਦੀ ਗੰਭੀਰਤਾ ਨੂੰ ਸਮਝ ਸਵੀਕਾਰ ਕਰ ਲੈਂਦੀ ਤਾਂ ਅੱਜ ਲਗਭਗ ਵੀਹ ਵਰ੍ਹਿਆਂ ਬਾਅਦ ਨਾ ਤਾਂ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਵਿਖਾਈ ਦਿੰਦੀ ਤੇ ਨਾ ਹੀ ਉਸਦੀ ਬਰਬਾਦੀ ਵੇਖ ਜਵਾਨੀ ਦੇ ਮਾਪਿਆਂ ਨੂੰ ਸਿਰ 'ਤੇ 'ਦੁਹੱਥੜ' ਮਾਰ ਰੋਣਾ ਪੈਂਦਾ।

ਬਹੁਮੁਲੇ ਸਿੱਖ ਇਤਿਹਾਸ ਨੂੰ ਕੌਣ ਤਲਾਸ਼ੇ,ਖੰਗਾਲੇ ਅਤੇ ਸੰਭਾਲੇ : ਨੈਸ਼ਨਲ ਬੁਕ ਸ਼ਾਪ ਦਿੱਲੀ ਦੇ ਮੁੱਖੀ ਅਤੇ ਹਾਸ-ਵਿਅੰਗ ਦੇ ਪ੍ਰਸਿੱਧ ਲੇਖਕ ਸ. ਪਿਆਰਾ ਸਿੰਘ ਦਾਤਾ ਦੇ ਸਪੁਤਰ ਸ. ਰਾਜਿੰਦਰ ਸਿੰਘ ਦਾ ਮੰਨਣਾ ਹੈ ਕਿ ਸਿੱਖ ਇਤਿਹਾਸ ਦੇ ਬਹੁਮੁਲੇ ਖਜ਼ਾਨੇ ਦਾ ਇੱਕ ਬਹੁਤ ਵੱਡਾ ਹਿੱਸਾ ਅਣਗੋਲਿਆ ਦੇਸ ਅਤੇ ਵਿਦੇਸ਼ ਦੀਆਂ ਕਈ ਥਾਵਾਂ ਪੁਰ ਬਿਖਰਿਆ ਪਿਆ ਹੈ, ਪ੍ਰੰਤੂ ਉਸਦੀ ਖੋਜ-ਤਲਾਸ਼ ਕਰ, ਉਸਨੂੰ ਖੰਗਾਲਣ ਅਤੇ ਸੰਭਾਲਣ ਪ੍ਰਤੀ ਸਿੱਖਾਂ ਦੀਆਂ ਉੱਚ ਅਤੇ ਸਰਵੁੱਚ ਧਾਰਮਕ, ਸਾਹਿਤਕ ਅਤੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਵਿਚੋਂ ਕੋਈ ਵੀ ਗੰਭੀਰ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦਸਿਆ ਕਿ ਕੁਝ ਇਤਿਹਾਸਕ ਲੇਖਕਾਂ ਨੂੰ ਆਪਣੇ ਨਾਲ ਜੋੜ ਉਨ੍ਹਾਂ ਇਸ ਪਾਸੇ ਜਤਨ ਅਰੰਭੇ ਸਨ, ਪ੍ਰੰਤੂ ਕਿਸੇ ਵੀ ਪਾਸੋਂ ਸਹਿਯੋਗ ਨਾ ਮਿਲਣ 'ਤੇ ਸਾਧਨਾਂ ਦੀ ਘਾਟ ਕਾਰਣ ਉਨ੍ਹਾਂ ਨੂੰ ਆਪਣੇ ਜਤਨਾਂ ਨੂੰ ਵਿਚ-ਵਿਚਾਲੇ ਹੀ ਛੱਡ ਦੇਣ ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਅਨੁਸਾਰ ਉੱਚ ਤੇ ਸਰਵੁਚ ਸਿੱਖ ਸੰਸਥਾਵਾਂ ਪਾਸ ਕਿਸੇ ਵੀ ਤਰ੍ਹਾਂ ਦੇ ਸਾਧਨਾਂ ਦੀ ਕੋਈ ਘਾਟ ਨਹੀਂ, ਪਰ ਉਨ੍ਹਾਂ ਨੇ ਆਪਣੇ ਸਾਧਨਾਂ ਦੀ ਵਰਤੋਂ ਨੂੰ ਸੀਮਤ ਕਰ, ਨਾਮ-ਨਿਹਾਦ ਖੋਜ ਕੇਂਦ੍ਰ ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਨੇ ਖੂਹ ਦੇ ਡੱਡੂ ਵਾਂਗ ਆਪਣੇ ਆਪਨੂੰ ਸੀਮਤ ਕਰਕੇ ਰਖ ਲਿਆ ਹੋਇਆ ਹੈ। ਜੋ ਖੋਜ ਲਗਨ ਅਤੇ ਮਿਹਨਤ ਪੁਰ ਨਿਰਭਰ ਕਰਦੀ ਹੈ ਅਤੇ ਜਿਸ ਲਈ ਸਮੁੰਦਰ ਖੰਗਾਲਣ ਦੀ ਲੋੜ ਹੈ, ਉਸਨੂੰ ਉਨ੍ਹਾਂ ਵਲੋਂ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਜਾ ਰਿਹਾ ਹੈ। ਸ. ਰਾਜਿੰਦਰ ਸਿੰਘ ਨੇ ਦਸਿਆ ਕਿ ਦਿੱਲੀ ਸਥਿਤ ਕੇਂਦ੍ਰੀ ਕੌਮੀ ਆਰਕਾਈਵਜ਼ ਵਿੱਚ ਅਨੇਕਾਂ ਅਜਿਹੇ ਦਸਤਾਵੇਜ਼ ਸੁਰਖਿਅਤ ਪਏ ਹੋਏ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਸਿੱਖ ਇਤਿਹਾਸ ਨਾਲ ਹੈ। ਉਨ੍ਹਾਂ ਦਸਿਆ ਕਿ ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਦਿੱਲੀ ਦੇ ਜੇਤੂ ਬਾਬਾ ਬਘੇਲ ਸਿੰਘ ਲਗਭਗ ਦੋ ਵਰ੍ਹੇ ਦਿੱਲੀ ਵਿੱਚ ਰਹੇ, ਇਸ ਦੌਰਾਨ ਸਮੇਂ ਦੀ ਸਰਕਾਰ ਨਾਲ ਉਨ੍ਹਾਂ ਦੇ ਚਿੱਠੀ-ਪਤ੍ਰ, ਉਨ੍ਹਾਂ ਦੀ ਗੁਰ-ਅਸਥਾਨਾਂ ਦੀ ਨਿਸ਼ਾਨਦੇਹੀ ਕਰਨ ਨਾਲ ਸੰਬੰਧਤ ਦਸਤਾਵੇਜ਼ਾਂ ਦੇ ਨਾਲ ਹੀ ਮਾਤਾ ਸੁੰਦਰੀ, ਜਿਨ੍ਹਾਂ ਆਪਣੇ ਜੀਵਨ ਦੇ ਅੰਤਿਮ ਸਮੇਂ ਦੇ ਕਈ ਵ૮ਰ੍ਹੇ ਦਿੱਲੀ ਵਿੱਚ ਬਿਤਾਏ, ਸਮੇਂ ਦੀ ਸਰਕਾਰ ਅਤੇ ਵੰਡੀਆ ਦੇ ਸ਼ਿਕਾਰ ਸਿੱਖ ਜਥਿਆਂ ਨਾਲ ਉਨ੍ਹਾਂ ਦੇ ਸੰਪਰਕਾਂ ਨਾਲ ਸੰਬੰਧਤ ਸਰਕਾਰੀ ਡਾਇਰੀ ਆਦਿ ਦੇ ਅਨੇਕਾਂ ਪੰਨੇ ਵੀ ਇਸੇ ਆਰਕਾਈਵਜ਼ ਵਿੱਚ ਮਿਲ ਸਕਦੇ ਹਨ। ਉਹ ਹੋਰ ਦਸਦੇ ਹੈਨ ਕਿ ਗੁਰੂ ਹਰਿਗੋਬਿੰਦ ਸਹਿਬ ਨੇ ਗੁਆਲੀਅਰ ਦੇ ਕਿਲ੍ਹੇ ਵਿਚੋਂ ਜਿਨ੍ਹਾਂ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਲੰਮੇਂ ਸਮੇਂ ਤਕ ਗੁਰੂ ਘਰ ਨਾਲ ਸੰਬੰਧ ਬਣਿਆ ਰਿਹਾ, ਜਿਸਦੇ ਵੇਰਵੇ ਉਨ੍ਹਾਂ ਰਾਜਿਆਂ ਦੀਆਂ ਰਿਆਸਤਾਂ ਦੀਆਂ ਉਸ ਸਮੇਂ ਦੀਆਂ ਡਾਇਰੀਆਂ ਵਿੱਚ ਦਰਜ ਕੀਤੇ ਜਾਂਦੇ ਰਹੇ ਰਿਕਾਰਡ ਵਿੱਚ ਸੁਰਖਿਅਤ ਮਿਲ ਸਕਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ, ਜਿਨ੍ਹਾਂ ਦੌਰਾਨ ਜਗ੍ਹਾ ਜਗ੍ਹਾ ਉਨ੍ਹਾਂ ਦੇ ਵਿਚਾਰ ਸੁਣਨ ਅਤੇ ਉਨ੍ਹਾਂ ਪਾਸੋਂ ਜੀਵਨ ਸੇਧ ਲੈਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੁਆਲੇ ਜੁੜਦੀਆਂ ਰਹੀਆਂ ਸਨ, ਜਿਸ ਕਾਰਣ ਸਮੇਂ ਦੀਆਂ ਕੇਂਦਰੀ ਅਤੇ ਸਥਾਨਕ ਹਕੂਮਤਾਂ ਉਨ੍ਹਾਂ ਦੀਆਂ ਇਨ੍ਹਾਂ ਸਰਗਰਮੀਆਂ ਦਾ ਰਿਕਾਰਡ ਜ਼ਰੂਰ ਰਖਦੀਆਂ ਰਹੀਆਂ ਹੋਣਗੀਆਂ, ਇਸ ਕਰਕੇ ਉਸਦੇ ਵੇਰਵੇ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਦਾ ਇਤਿਹਾਸ ਵੀ ਸੰਬੰਧਤ ਇਲਾਕਿਆਂ ਦੀਆਂ ਸਮੇਂ ਦੀਆਂ ਹਕੂਮਤਾਂ ਦੇ ਰਿਕਾਰਡ ਵਿੱਚੋਂ ਮਿਲ ਸਕਦਾ ਹੈ।

..ਅਤੇ ਅੰਤ ਵਿੱਚ : ਇਸ ਸਾਰੀ ਸਥਿਤੀ ਦੀ ਘੋਖ ਕਰਦਿਆਂ ਸਵਾਲ ਉਠਦਾ ਹੈ ਕਿ ਕੀ ਜਗ੍ਹਾ-ਜਗ੍ਹਾ ਬਿਖਰੇ ਪਏ ਇਸ ਸਿੱਖ ਇਤਿਹਾਸ ਦੀ ਤਲਾਸ਼ ਕਰ, ਉਸਨੂੰ ਖੰਗਾਲ, ਉਸਦੀ ਸੰਭਾਲ ਕਰਨ ਲਈ ਉੱਚ ਤੇ ਸਰਵੁੱਚ ਧਾਰਮਕ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੀਆਂ ਖੋਜ ਇਕਾਈਆਂ ਨਾਲ ਸੰਬੰਧਤ ਖੋਜੀ ਡੱਡੂ ਆਪਣੇ ਆਪਨੂੰ ਖੂਹ ਵਿਚੋਂ ਬਾਹਰ ਕਢ, ਇਸ ਜ਼ਿਮੇਂਦਾਰੀ ਨੂੰ ਸੰਭਾਲਣ ਲਈ ਤਿਆਰ ਹੋ ਸਕਣਗੇ?000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

12 July 2018

'ਕਿਥੇ ਹੈ ਉਹ ਲੋਕਤੰਤਰ' ਜਿਸਦੀ ਦੁਹਾਈ ਦਿੱਤੀ ਜਾਂਦੀ ਏ?  - ਜਸਵੰਤ ਸਿੰਘ 'ਅਜੀਤ'

ਬੀਤੇ ਦਿਨੀਂ ਅਚਾਨਕ ਹੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੇ ਵਰਤਮਾਨ ਹਾਲਾਤ ਪੁਰ ਵਿਚਾਰ ਚਰਚਾ ਕੀਤੀ ਜਾ ਰਹੀ ਸੀ। ਜਿਸ ਸਮੇਂ ਉਸ ਮਹਿਫਲ ਵਿੱਚ ਪੁਜੇ ਉਸ ਸਮੇਂ ਇੱਕ ਸਜੱਣ ਕਹਿ ਰਹੇ ਸਨ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣੀ, ਭਾਰਤੀ ਜਨਤਾ ਪਾਰਟੀ ਦਾ ਅੱਜ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ਸਾਰੇ ਸੀਨੀਅਰ ਅਤੇ ਜੂਨੀਅਰ ਆਗੂਆਂ ਨੂੰ ਨਾਲ ਸਨਮਾਨ-ਪੂਰਬਕ ਲੈ ਕੇ ਚਲਣ ਪੁਰ ਅਧਾਰਤ ਹੁੰਦਾ ਸੀ। ਹੁਣ ਤਾਂ ਸਾਰੇ ਸੀਨੀਅਰ ਆਗੂਆਂ, ਜੋ ਕਿਸੇ ਸਮੇਂ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸਨ, ਨੂੰ ਕਿਨਾਰੇ ਕਰ, ਇੱਕ ਤਰ੍ਹਾਂ ਨਾਲ ਬੇਲੋੜੇ 'ਕਬਾੜ' ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜਕਲ ਤਾਂ ਚਰਚਾ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਪਾਰਟੀ ਵਿੱਚ ਵਿਰੋਧੀ ਸੋਚ, ਭਾਵੇਂ ਉਹ ਉਸਾਰੂ ਹੀ ਕਿਉਂ ਨਾ ਹੋਵੇ, ਨੂੰ ਉਭਰਨ ਨਹੀਂ ਦਿੱਤਾ ਜਾਂਦਾ। ਇੱਕ 'ਵਿਅਕਤੀ' ਨੇ ਪ੍ਰਧਾਨ ਮੰਤਰੀ ਬਣ, ਸਾਰੀ ਸਰਕਾਰੀ ਸੱਤਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈ ਹੋਈ ਹੈ। ਪਾਰਟੀ ਵਿਚੋਂ ਰਿਸ ਕੇ ਆ ਰਹੀਆਂ ਖਬਰਾਂ ਵਿੱਚ ਤਾਂ ਇਹ ਵੀ ਦਸਿਆ ਜਾ ਰਿਹਾ ਹੈ ਕਿ ਵਿਖਾਵੇ ਵਜੋਂ ਸਰਕਾਰ ਵਿੱਚ ਵੱਖ-ਵੱਖ ਜ਼ਿਮੇਂਦਾਰੀਆਂ ਨਿਭਾਉਣ ਲਈ ਮੰਤਰੀਆਂ ਦੇ ਇੱਕ ਸਮੂਹ ਦੇ ਰੂਪ ਵਿੱਚ, ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੋਇਆ ਹੈ, ਜਿਸ ਵਿੱਚ ਸ਼ਾਮਲ ਮੰਤਰੀ ਪ੍ਰਤੱਖ ਰੂਪ ਤਾਂ ਵਿੱਚ ਆਪੋ-ਆਪਣੇ ਵਿਭਾਗ ਦੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਜ਼ਿਮੇਂਦਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਲਈ ਉਹ ਪ੍ਰਧਾਨ ਮੰਤਰੀ ਅਤੇ ਦੇਸ਼-ਵਾਸੀਆਂ ਸਾਹਮਣੇ ਜਵਾਬਦੇਹ ਹਨ। ਪ੍ਰੰਤੂ ਦਸਿਆ ਤਾਂ ਇਹ ਜਾ ਰਿਹਾ ਹੈ ਕਿ ਅਪ੍ਰਤੱਖ ਰੂਪ ਵਿੱਚ ਸਮੁਚੇ ਵਿਭਾਗਾਂ ਦੇ ਮੁੱਖ ਸਕਤੱਰ, ਵਿਭਾਗੀ ਕੰਮਾਂ ਲਈ ਆਪੋ-ਆਪਣੇ ਵਿਭਾਗ ਦੇ ਮੰਤਰੀਆਂ ਸਾਹਮਣੇ ਨਹੀਂ, ਸਗੋਂ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਜਵਾਬ-ਦੇਹ ਹੋਣ ਦੇ ਨਾਲ ਹੀ ਉਹ ਉਥੋਂ ਆਪਣੇ ਕੰਮ ਲਈ ਹਿਦਾਇਤਾਂ ਪ੍ਰਾਪਤ ਕਰਨ ਦੇ ਪਾਬੰਧ ਹਨ।
ਇਸ ਚਲ ਰਹੀ ਵਿਚਾਰ ਚਰਚਾ ਵਿੱਚ ਇੱਕ ਸਜਣ ਨੇ ਇਸ ਵਿਚਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਾਰੀਆਂ ਗਲਾਂ ਮਨਘੜ੍ਹਤ ਹਨ। ਹਰ ਵਿਭਾਗ ਦਾ ਮੰਤਰੀ ਸੁਤੰਤਰ ਰੂਪ ਵਿੱਚ ਆਪਣਾ ਕੰਮ ਕਰ ਰਿਹਾ ਹੈ ਅਤੇ ਉਹ ਹੀ ਆਪਣੇ ਵਿਭਾਗ ਦੇ ਕੰਮ-ਕਾਜ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਅਤੇ ਲੋਕਾਂ ਸਾਹਮਣੇ ਜਵਾਬ-ਦੇਹ ਹੈ। ਇਹ ਗਲ ਬਿਲਕੁਲ ਹੀ ਗਲਤ ਅਤੇ ਬੇਬੁਨਿਅਦ ਹੈ ਕਿ ਉਹ ਕੇਵਲ ਮੁਖੌਟੇ ਹਨ 'ਤੇ ਉਨ੍ਹਾਂ ਨੂੰ ਉਹ ਹੀ ਕੁਝ ਕਰਨਾ ਅਤੇ ਕਹਿਣਾ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਮੁੱਖ ਸਕਤੱਰਾਂ ਰਾਹੀਂ ਪ੍ਰਧਾਨ ਮੰਤਰੀ ਦਫਤਰ ਵਲੋਂ ਹਿਦਾਇਤਾਂ ਦੇ ਰੂਪ ਵਿੱਚ ਮਿਲਦਾ ਹੈ।
ਪਹਿਲੇ ਸੱਜਣ ਨੇ ਬੜੇ ਠਰ੍ਹਮੇਂ ਨਾਲ ਉਸਦੀ ਗਲ ਸੁਣੀ, ਪਰ ਉਸਦਾ ਕੋਈ ਜਵਾਬ ਦੇਣ ਦੀ ਬਜਾਏ, ਉਸਨੇ ਅਪਣੀ ਗਲ ਨੂੰ ਜਾਰੀ ਰਖਿਆ। ਉਸ ਦਸਿਆ ਕਿ ਬੀਤੇ ਦਿਨੀਂ ਸੰਘ ਨਾਲ ਜੁੜੇ ਇੱਕ ਨੇਤਾ ਆਪਣੀ ਅਖਬਾਰ ਲਈ ਇਸ਼ਤਿਹਾਰ ਲੈਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੇ ਇੱਕ ਹਾਈ ਪ੍ਰੋਫਾਈਲ ਵਿਭਾਗ ਵਿੱਚ ਗਏ। ਮੰਤਰੀ ਜੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਨ੍ਹਾਂ ਮੰਤਰੀ ਜੀ ਨੂੰ ਆਪਣੀ ਅਖਬਾਰ ਬਾਰੇ ਵਿਸਥਾਰ ਨਾਲ ਦਸਿਆ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਮਿਲਣ ਆਉਣ ਦਾ ਇਰਾਦਾ ਵੀ ਦਸਿਆ। ਪ੍ਰੰਤੂ ਮੰਤਰੀ ਜੀ ਨੇ ਜੋ ਜਵਾਬ ਉਨ੍ਹਾਂ ਨੂੰ ਦਿੱਤਾ, ਉਹ ਸੁਣ, ਉਹ ਹੈਰਾਨ-ਪ੍ਰੇਸ਼ਾਨ ਹੋ ਗਏ। ਮੰਤਰੀ ਜੀ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਸੰਬੰਧ ਵਿੱਚ ਫੈਸਲਾ ਤਾਂ 'ਬਾਸ' ਹੀ ਕਰਨਗੇ। ਹੈਰਾਨੀ ਵਿੱਚ ਹੀ ਉਨ੍ਹਾਂ ਮੰਤਰੀ ਜੀ ਤੋਂ ਪੁਛ ਲਿਆ ਕਿ ਆਖਿਰ ਮੰਤਰੀ ਤੁਸੀਂ ਹੋ ਤਾਂ ਫਿਰ 'ਬਾਸ' ਕੌਣ ਹੋਇਆ? ਮੰਤਰੀ ਜੀ ਨੇ ਜਦੋਂ ਵਿਭਾਗ ਦੇ ਸਕਤੱਰ ਦਾ ਨਾਂ ਲਿਆ ਤਾਂ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਛ-ਪੜਤਾਲ ਕਰਨ ਤੇ ਉਨ੍ਹਾਂ ਨੂੰ ਪਤਾ ਲਗਿਆ ਕਿ ਵਿਭਾਗ ਦੇ ਸਾਰੇ ਮਹਤੱਵਪੂਰਣ ਫੈਸਲੇ ਸਕਤੱਰ ਸਾਹਿਬ ਹੀ ਕਰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਸੰਬੰਧ ਵਿੱਚ, ਉਸਦੇ ਇੱਕ ਪਾਰਟੀ ਹੋਣ ਵਜੋਂ ਚਰਚਾ ਕਰਦਿਆਂ ਕਿਹਾ ਕਿ ਭਾਵੇਂ ਇਹ ਗਲ ਸਵੀਕਾਰ ਨਹੀਂ ਕੀਤੀ ਜਾਂਦੀ ਅਤੇ ਸ਼ਾਇਦ ਇਸ ਵਿਚਾਰ-ਚਰਚਾ ਵਿੱਚ ਵੀ ਸਵੀਕਾਰ ਨਾ ਕੀਤੀ ਜਾਏ, ਪ੍ਰੰਤੂ ਜੋ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸਤੋਂ ਤਾਂ ਇਹੀ ਜਾਪਦਾ ਹੈ ਕਿ ਪ੍ਰਧਾਨ ਮੰਤਰੀ (ਨਰੇਂਦਰ ਮੋਦੀ) ਨੇ ਅਮਿਤ ਸ਼ਾਹ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਪੁਰ ਬਿਠਾ, ਅਪ੍ਰਤੱਖ ਰੂਪ ਵਿੱਚ ਉਸ ਪੁਰ ਵੀ ਆਪਣਾ ਅੰਕੁਸ਼ ਲਾ ਲਿਆ ਹੋਇਆ ਹੈ।
ਆਪਣੀ ਗਲ ਖਤਮ ਕਰਦਿਆਂ ਉਨ੍ਹਾਂ ਕਿਹਾ ਕਿ ਮਿਲ ਰਹੇ ਸੰਕੇਤਾਂ ਤੋਂ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਸਰਕਾਰ, ਪਾਰਟੀ ਵਿੱਚ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਪੁਰ ਅਪ੍ਰਤੱਖ ਰੂਪ ਵਿੱਚ ਤਾਨਾਸ਼ਾਹੀ ਦਾ 'ਖੋਲ੍ਹ' ਚੜਾਅ ਦਿੱਤਾ ਗਿਆ ਹੈ, ਜਿਸ ਕਾਰਣ ਸਰਕਾਰ ਅਤੇ ਪਾਰਟੀ ਅੰਦਰ ਜੋ ਕੁਝ ਪਕ ਰਿਹਾ ਹੈ, ਉਸਦਾ 'ਧੂੰਅ' ਵੀ ਬਾਹਰ ਨਹੀਂ ਨਿਕਲ ਰਿਹਾ। ਉਸੇ ਅਨੁਸਾਰ, ਪ੍ਰੰਤੂ ਜਦੋਂ ਕਦੀ ਵੀ ਇਹ 'ਖੋਲ੍ਹ' ਹਟਿਆ, ਤਾਂ ਭਾਜਪਾ ਦਾ ਹਾਲ ਵੀ ਉਹੀ ਹੋ ਜਾਇਗਾ, ਜੋ ਅੱਜ ਕਾਂਗ੍ਰਸ ਦਾ ਹੋ ਰਿਹਾ ਹੈ। ਉਸ ਅਨੁਸਾਰ ਇਸਦਾ ਕਾਰਣ ਇਹ ਹੈ ਕਿ 'ਖੋਲ੍ਹ' ਹਟਣ ਬਾਅਦ ਜੋ ਲੀਡਰਸ਼ਿਪ ਸਾਹਮਣੇ ਆਇਗੀ, ਉਹ ਦਿਸ਼ਾ-ਹੀਨ, ਸ਼ਕਤੀ-ਹੀਨ ਤੇ ਸੁਤੰਤਰ ਨਿਜ ਵਿਚਾਰਾਂ ਤੋਂ ਸਖਣੀ ਹੋਵੇਗੀ। ਫਲਸਰੂਪ ਉਸਲਈ, ਉਸ ਪਾਰਟੀ ਨੂੰ ਸੰਭਾਲ ਪਾਣਾ ਬਹੁਤ ਮੁਸ਼ਕਿਲ ਹੋ ਜਾਇਗਾ, ਜੋ ਤਾਨਾਸ਼ਾਹੀ ਅਰਥਾਤ ਇੱਕ ਪੁਰਖੀ ਸੱਤਾ ਵਿੱਚ ਜੀਉਣ ਦੀ ਆਦੀ ਹੋ ਚੁਕੀ ਹੋਵੇਗੀ।

ਟਿਪੱਣੀਕਾਰ ਦੀ ਸੋਚ: ਸਮੇਂ-ਸਮੇਂ ਰਾਜਨੀਤੀ ਦੇ ਬਦਲਦੇ ਤੇਵਰਾਂ ਪੁਰ ਟਿੱਪਣੀ ਕਰਦਿਆਂ ਰਹਿਣ ਵਾਲੇ ਇੱਕ ਟਿੱਪਣੀਕਾਰ ਨੇ ਲੋਕਤੰਤਰ ਦੀ ਖੂਬੀ ਦੀ ਚਰਚਾ ਕਰਦਿਆਂ ਲਿਖਿਆ ਕਿ ਭਾਰਤੀ ਰਾਜਨੀਤੀ ਵਿੱਚ ਨਹਿਰੂ ਦਾ ਕੱਦ ਅਤੇ ਉਨ੍ਹਾਂ ਦੇ ਪ੍ਰਛਾਵੇਂ ਦਾ ਪ੍ਰਭਾਵ ਦੇਸ਼ ਭਰ ਵਿੱਚ ਅੱਜ ਵੀ ਵਿਖਾਈ ਦਿੰਦਾ ਹੈ। ਮਹਾਤਮਾ ਗਾਂਧੀ ਤੋਂ ਬਾਅਦ ਨਹਿਰੂ ਦੇਸ਼ ਦੇ ਇਕੋ-ਇੱਕ ਅਜਿਹੇ ਨੇਤਾ ਰਹੇ, ਜਿਨ੍ਹਾਂ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤ੍ਰਰਾਸ਼ਟਰੀ ਰਾਜਨੀਤੀ ਤੋਂ ਲੈ ਕੇ ਦੇਸ ਦੇ ਸਮਾਜਕ ਤਾਣੇ-ਬਾਣੇ ਅਤੇ ਜਨਮਾਨਸ ਪੁਰ ਅੱਜ ਵੀ ਵਿਖਾਈ ਦਿੰਦਾ ਹੈ। ਨਹਿਰੂ ਤੋਂ ਬਾਅਦ ਆਈਆਂ ਸਾਰੀਆਂ ਕਾਂਗ੍ਰਸੀ ਅਤੇ ਇਥੋਂ ਤਕ ਕਿ ਗੈਰ-ਕਾਂਗ੍ਰਸੀ ਸਰਕਾਰਾਂ ਵੀ ਨਹਿਰੂ ਦੇ ਬਣਾਏ ਮਾਡਲ ਨੂੰ ਹੀ ਧਿਆਨ ਵਿੱਚ ਰਖ ਕੰਮ ਕਰਦੀਆਂ ਰਹੀਆਂ ਅਤੇ ਉਨ੍ਹਾਂ ਦਾ ਪ੍ਰਭਾਵ ਸਰਕਾਰਾਂ ਦੇ ਕੰਮ-ਕਾਜ ਦੇ ਤਰੀਕਿਆਂ ਪੁਰ ਪਿਆ ਨਜ਼ਰ ਆਉਂਦਾ ਹੈ। ਉਸ ਹੋਰ ਲਿਖਿਆ ਕਿ ਜੇ ਇਹ ਕਿਹਾ ਜਾਏ ਕਿ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਰਜ਼ ਤੇ ਹੀ ਮੋਦੀ ਇਕਲੇ ਅਜਿਹੇ ਨੇਤਾ ਹਨ ਜਿਨ੍ਹਾਂ ਆਪਣੀ ਛੱਬੀ ਅਤੇ ਪ੍ਰਭਾਵ ਦੇ ਬੂਤੇ ਰਾਜਨੀਤੀ ਵਿੱਚ ਪ੍ਰਵੇਸ਼ ਪਾਇਆ ਹੈ। ૴ਪਰ ਸਵਾਲ ਇਹ ਹੈ ਕਿ ਮੋਦੀ ਦਾ ਜਾਦੂ ਕਦੋਂ ਤਕ ਬਣਿਆ ਰਹੇਗਾ? ਕਿਉਂਕਿ 2015 ਵਿੱਚ ਹੋਈਆਂ ਦਿੱਲੀ ਦੀਆਂ ਚੋਣਾਂ ਵਿੱਚ ਜਿਥੇ ਆਮ ਆਦਮੀ ਪਾਰਟੀ, ਉਨ੍ਹਾਂ ਦੀ ਨੱਕ ਹੇਠੋਂ ਸੱਤਾ ਹਥਿਆ ਕੇ ਲੈ ਗਈ, ਉਥੇ ਹੀ ਬਿਹਾਰ ਚੋਣਾਂ ਵਿੱਚ ਲਾਲੂ-ਨਿਤੀਸ਼ ਨੇ ਮੋਦੀ ਦਾ ਰੱਥ ਰੋਕ ਦਿੱਤਾ ਸੀ, ਭਾਵੇਂ ਬਾਅਦ ਦੀ ਰਾਜਨੀਤੀ ਨੇ ਉਥੋਂ ਦੀ ਤਸਵੀਰ ਨੂੰ ਬਦਲ ਦਿੱਤਾ, ਸੱਚ ਤਾਂ ਇਹ ਵੀ ਹੈ ਕਿ ਉਥੋਂ ਦੀ ਬਦਲੀ ਤਸਵੀਰ ਕਿਸੇ ਨੂੰ ਰਾਸ ਨਹੀਂ ਆ ਰਹੀ। ਉਸਤੋਂ ਬਾਅਦ ਆਏ ਤਮਿਲਨਾਡੂ, ਬੰਗਾਲ ਦੇ ਨਤੀਜੇ ਇਸ ਗਲ ਦਾ ਸੰਕੇਤ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ 2019 ਦੀਆਂ ਲੋਕਸਭਾ ਚੋਣਾਂ ਸਹਿਜ ਨਹੀਂ ਹੋਣਗੀਆਂ। ਸੰਭਵ ਹੈ ਕਿ ਨੇੜ ਭਵਿਖ ਵਿੱਚ ਹੋਣ ਜਾ ਰਹੀਆਂ ਤਿੰਨ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਵੀ ਇਸੇ ਸੰਕੇਤ ਦੀ ਪੁਸ਼ਟੀ ਕਰ ਜਾਣ।  

..ਅਤੇ ਅੰਤ ਵਿਚ : ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪੰਜਾਬ ਦੀਆਂ ਕਈ ਅਲ੍ਹੜ ਮੁਟਿਆਰਾਂ, ਵਿਦੇਸ਼ੀ ਲਾੜਿਆਂ ਨਾਲ ਪ੍ਰਣਾਏ ਜਾਣ ਦੀ ਲਾਲਸਾ ਅਧੀਨ, ਉਨ੍ਹਾਂ ਦੀ ਸਾਜ਼ਸ਼ ਦਾ ਸ਼ਿਕਾਰ ਹੋ ਨਾ ਕੇਵਲ ਆਪਣਾ-ਆਪ ਲੁਟਾ, ਜ਼ਿੰਦਗੀ ਬਰਬਾਦ ਕਰ ਬੈਠਦੀਆਂ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਆਪਣੀ ਬੇਟੀ ਨੂੰ ਪ੍ਰਵਾਸੀ ਨਾਲ ਵਿਆਹ, ਪ੍ਰਦੇਸ ਭੇਜਣ ਦੀ ਖੁਸ਼ੀ ਸਹੇਜਣ ਲਈ, ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹੇ ਮਾਮਲਿਆਂ ਵਿਚ ਮਦਦ ਕਰਨ ਲਈ ਭਾਵੇਂ ਕੁਝ ਜਥੇਬੰਦੀਆਂ ਅਤੇ ਲੋਕਾਂ ਵਲੋਂ ਉਦਮ ਕੀਤੇ ਜਾਂਦੇ ਹਨ। ਪਰ ਉਹ ਇਤਨੇ ਕਾਫ਼ੀ ਨਹੀਂ ਹੁੰਦੇ ਕਿ ਬਰਬਾਦੀ ਸਹੇੜ ਰਹੇ ਲੋਕਾਂ ਵਿਚ ਸੰਤੁਸ਼ਟਤਾ ਪੈਦਾ ਕਰ ਸਕਣ। ਇਸ ਸੰਕਟ ਦੇ ਲਗਾਤਾਰ ਮੰਡਰਾਉਂਦਿਆਂ ਰਹਿਣ ਦੇ ਸਬੰਧ ਵਿਚ ਜਦੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਵਿਚੋਂ ਉਭਰਨ ਵਿਚ ਵਿਦੇਸ਼ਾਂ ਵਿਚ ਸਥਿਤ ਗੁਰਦੁਆਰਿਆਂ ਦੇ ਪ੍ਰਬੰਧਕ ਬਹੁਤ ਹੀ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ, ਕਿ ਵਿਦੇਸ਼ਾਂ ਵਿਚਲੇ ਗੁਰਦੁਆਰੇ ਕੇਵਲ ਸਿੱਖਾਂ ਦੇ ਧਰਮ-ਅਸਥਾਨ ਹੀ ਨਹੀਂ, ਸਗੋਂ ਉਥੇ ਵਸਦੇ ਸਮੂਹ ਪੰਜਾਬੀਆਂ ਦੇ ਸਭਿਆਚਾਰਕ ਅਤੇ ਸੰਸਕ੍ਰਿਤਕ ਕੇਂਦਰ ਵੀ ਹਨ। ਜਿਥੇ ਇਕਤ੍ਰ ਹੋ, ਉਹ ਆਪਣੀਆਂ ਸੱਮਸਿਆਵਾਂ ਬਾਰੇ ਵਿਚਾਰਾਂ ਕਰਦੇ ਅਤੇ ਉਨ੍ਹਾਂ ਨਾਲ ਨਜਿਠਣ ਦੇ ਉਪਾਅ ਖੋਜਦੇ ਹਨ। ਉਨ੍ਹਾਂ ਅਨੁਸਾਰ ਜੇ ਕੋਈ ਪੰਜਾਬੀ ਕਿਸੇ ਪ੍ਰਵਾਸੀ ਨਾਲ ਆਪਣੀ ਧੀ ਵਿਆਹੁਣੀ ਚਾਹੁੰਦਾ ਹੈ ਤਾਂ, ਉਸਨੂੰ, ਜਿਸ ਦੇਸ਼ ਦੇ ਜਿਸ ਇਲਾਕੇ ਵਿਚ ਉਹ ਪ੍ਰਵਾਸੀ ਵਸਦਾ ਹੈ, ਉਸ ਇਲਾਕੇ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਪਾਸੋਂ ਸਬੰਧਤ ਵਿਅਕਤੀ ਦੇ ਸਬੰਧ ਵਿਚ ਜਾਣਕਾਰੀ ਹਾਸਿਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਪ੍ਰਵਾਸੀ ਧੋਖੇ ਨਾਲ ਪੰਜਾਬੋਂ ਕਿਸੇ ਮੁਟਿਆਰ ਨੂੰ ਵਿਆਹ, ਲੈ ਜਾਂਦਾ ਹੈ ਤੇ ਉਥੇ ਜਾ, ਉਸ ਨਾਲ ਮਾੜਾ ਵਿਹਾਰ ਕਰਦਾ ਹੈ ਤਾਂ, ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੀੜਤ ਮੁਟਿਆਰ ਦੀ ਮਦਦ ਲਈ ਅਗੇ ਆਉਣਾ ਚਾਹੀਦਾ ਹੈ। ਜਸਟਿਸ ਸੋਢੀ ਅਨੁਸਾਰ ਜੇ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕ ਅਜਿਹੀਆਂ ਧੋਖੇ ਦਾ ਸ਼ਿਕਾਰ ਹੋਈਆਂ ਤੇ ਹੋ ਰਹੀਆਂ ਮੁਟਿਆਰਾਂ ਦੀ ਮਦਦ ਲਈ ਅਗੇ ਆਉਣ ਅਤੇ ਗੁਨਾਹਗਾਰਾਂ ਨੂੰ ਨੱਥ ਪਾਣ ਦੇ ਉਪਰਾਲੇ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣ, ਤਾਂ ਪੰਜਾਬੀ ਮੁਟਿਆਰਾਂ ਨਾਲ ਪ੍ਰਵਾਸੀਆਂ ਵਲੋਂ ਕੀਤੀਆਂ ਜਾਣ ਵਲੀਆਂ ਧੋਖੇਬਾਜ਼ੀ ਦੀਆਂ ਘਟਨਾਵਾਂ ਨੂੰ ਕਿਸੇ ਹਦ ਤਕ ਨੱਥ ਪਾਈ ਜਾ ਸਕਦੀ ਹੈ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085