Mohinder Singh Mann

ਸਿਆਣੀਆਂ ਕੁੜੀਆਂ ਦੀ ਨਿਸ਼ਾਨੀ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਸਤਵਿੰਦਰ ਉਦੋਂ ਮਸਾਂ ਪੰਜ ਕੁ ਸਾਲਾਂ ਦੀ ਸੀ, ਜਦੋਂ ਉਸ ਦੇ ਡੈਡੀ ਦੀ ਸੰਖੇਪ ਜਹੀ ਬੀਮਾਰੀ ਪਿੱਛੋਂ ਮੌਤ ਹੋ ਗਈ ਸੀ।ਉਸ ਦਾ ਵੱਡਾ ਭਰਾ ਫੌਜ ਵਿੱਚ ਨੌਕਰੀ ਕਰਦਾ ਸੀ।ਉਹ ਵਿਆਹਿਆ ਹੋਇਆ ਸੀ।ਉਸ ਦੀਆਂ ਤਿੰਨ ਕੁੜੀਆਂ ਤੇ ਇਕ ਮੁੰਡਾ ਸੀ।ਪਰਿਵਾਰ ਦਾ ਸਾਰਾ ਖਰਚ ਉਸ ਦੇ ਹੀ ਸਿਰ ਤੇ ਸੀ।ਅਚਾਨਕ ਉਸ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘਟ ਗਈ।ਕਾਫੀ ਇਲਾਜ ਕਰਵਾ ਕੇ ਵੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਧੀ ਨਹੀਂ। ਇਸ ਕਰਕੇ ਉਸ ਨੂੰ ਪੈੱਨਸ਼ਨ ਆਉਣਾ ਪਿਆ।ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਸਤਵਿੰਦਰ ਦਸਵੀਂ ਤੱਕ ਹੀ ਪੜ੍ਹ ਸਕੀ।ਚਾਰ ਸਾਲਾਂ ਪਿੱਛੋਂ ਉਸ ਦੇ ਵੱਡੇ ਭਰਾ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਸਤਵਿੰਦਰ ਦੇ ਨੈਣ-ਨਕਸ਼ ਬਹੁਤ ਸੋਹਣੇ ਸਨ ਤੇ ਕੱਦ ਵੀ ਠੀਕ ਸੀ। ਇਸ ਕਰਕੇ ਉਸ ਦਾ ਵਿਆਹ ਸਰਕਾਰੀ ਸਕੂਲ ਵਿੱਚ ਟੀਚਰ ਲੱਗੇ ਗੁਰਜੀਤ ਨਾਲ ਫਿਕਸ ਹੋਣ ਵਿੱਚ ਦੇਰ ਨਾ ਲੱਗੀ।ਜਦੋਂ ਸਤਵਿੰਦਰ ਦੇ ਵੱਡੇ ਭਰਾ ਨੇ ਉਸ ਨੂੰ ਵਿਆਹ ਵਿੱਚ ਦਾਜ ਦੇਣ ਦੀ ਗੱਲ ਕੀਤੀ, ਤਾਂ ਉਹ ਬੋਲ ਉੱਠੀ , ''ਦੇਖ ਵੀਰੇ, ਮੈਂ ਵਿਆਹ ਵਿੱਚ ਦਾਜ ਨ੍ਹੀ ਲੈਣਾ।ਪਹਿਲਾਂ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਜਾ ਕੇ ਦੇਖਾਂਗੀ ਕਿ ਮੇਰੇ ਸੱਸ-ਸਹੁਰਾ ਤੇ ਮੇਰਾ ਪਤੀ ਮੇਰੀ ਇੱਜ਼ਤ ਕਰਦੇ ਆ ਕਿ ਨ੍ਹੀ,ਮੈਨੂੰ ਪਿਆਰ ਕਰਦੇ ਆ ਕਿ ਨ੍ਹੀ। ਅੱਜ ਕਲ੍ਹ ਮੁੰਡਿਆਂ ਵਾਲਿਆਂ ਨੇ ਬਹੁਤ ਅੱਤ ਚੁੱਕੀ ਹੋਈ ਆ। ਮੂੰਹ ਅੱਡ ਕੇ ਦਾਜ ਮੰਗ ਲੈਂਦੇ ਆ, ਭਲਾ ਉਨ੍ਹਾਂ ਕੋਲ ਦਾਜ ਰੱਖਣ ਲਈ ਥਾਂ ਵੀ ਨਾ ਹੋਵੇ। ਵਿਆਹ ਤੋਂ ਬਾਅਦ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਪਈ ,ਤਾਂ ਮੈਂ ਮੰਗ ਕੇ ਲੈ ਲਵਾਂਗੀ।''
ਸਤਵਿੰਦਰ ਦੇ ਵੱਡੇ ਭਰਾ ਨੂੰ ਉਸ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਤੇ ਉਹ ਆਪ-ਮੁਹਾਰੇ ਬੋਲ ਪਿਆ, ''ਸਿਆਣੀਆਂ ਕੁੜੀਆਂ ਦੀ ਇਹੋ ਨਿਸ਼ਾਨੀ ਹੁੰਦੀ ਆ।ਉਹ ਆਪਣੇ ਨਾਲ-ਨਾਲ ਆਪਣੇ ਘਰ ਦਾ ਵੀ ਖਿਆਲ ਰੱਖਦੀਆਂ ਆਂ।ਮੈਂ ਤੇਰੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਤੇਰੇ ਦੁੱਖ-ਸੁੱਖ ਵਿੱਚ ਹਮੇਸ਼ਾ ਤੇਰੇ ਨਾਲ ਖੜਾਂਗਾ।''

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554

23 Dec. 2018

ਕੰਮ ਵਾਲੇ ਬੰਦੇ - ਮਹਿੰਦਰ ਸਿੰਘ ਮਾਨ

45 ਸਾਲਾ ਸ਼ਾਮੂ ਕਈ ਸਾਲਾਂ ਤੋਂ ਮੇਰੇ ਘਰ ਝਾੜੂ, ਪੋਚੇ ਲਾਣ ਦਾ ਕੰਮ ਕਰਦਾ ਹੈ। ਮੇਰਾ ਘਰ ਪਿੰਡ ਤੋਂ ਬਾਹਰ ਹੋਣ ਕਰਕੇ ਉਸ ਨੂੰ ਮੇਰੇ ਘਰ ਪਹੁੰਚਣ ਲਈ ਪੰਦਰਾਂ, ਵੀਹ ਮਿੰਟ ਲੱਗ ਜਾਂਦੇ ਹਨ। ਪਹਿਲਾਂ ਉਹ ਹਰ ਰੋਜ਼ ਛੇ ਵਜੇ ਤੋਂ ਬਾਅਦ ਮੇਰੇ ਘਰ ਝਾੜੂ, ਪੋਚਾ ਲਾਣ ਲਈ ਪਹੁੰਚਦਾ ਹੈ, ਪਰ ਅੱਜ ਉਹ ਪੰਜ ਵਜੇ ਤੋਂ ਪਹਿਲਾਂ ਹੀ ਆ ਗਿਆ। ਜਦ ਮੈਂ ਉਸ ਤੋਂ ਇਸ ਦਾ ਕਾਰਨ ਪੁੱਛਿਆ,ਤਾਂ ਕਹਿਣ ਲੱਗਾ, ''ਮਾਸਟਰ ਜੀ, ਅੱਜ ਪਿੰਡ ਵਿੱਚ ਗੁਰਦੁਆਰੇ ਵਾਲੇ ਗੁਰੁ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਣ ਲਈ ਪਹਿਲੀ ਪ੍ਰਭਾਤ ਫੇਰੀ ਲਾ ਰਹੇ ਆ।''
''ਕੀ ਗੱਲ ਤੂੰ ਪ੍ਰਭਾਤ ਫੇਰੀ ਵਿੱਚ ਉਨ੍ਹਾਂ ਦੇ ਨਾਲ ਨ੍ਹੀ ਸੀ ਜਾਣਾ ?''ਮੈਂ ਉਸ ਨੂੰ ਪੁੱਛਿਆ।
''ਮੈਂ ਪੰਦਰਾਂ, ਵੀਹ ਮਿੰਟ ਉਨ੍ਹਾਂ ਨਾਲ ਘੁੰਮਿਆ ਸੀ।ਉਨ੍ਹਾਂ ਨੇ ਤਾਂ ਦੋ ਘੰਟੇ ਪਿੰਡ ਵਿੱਚ ਘੁੰਮਣਾ ਸੀ।ਏਨਾ ਚਿਰ ਘੁੰਮ ਕੇ ਤਾਂ ਮੇਰੀਆਂ ਲੱਤਾਂ ਥਕਾਵਟ ਨਾਲ ਚੂਰ ਹੋ ਜਾਣੀਆਂ ਸੀ।ਫਿਰ ਮੈਂ ਇੱਥੇ ਆ ਕੇ ਕੰਮ ਕਿਵੇਂ ਕਰਦਾ ?ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆਂ।ਸਾਡਾ ਕੰਮ ਕੀਤੇ ਬਗੈਰ ਨ੍ਹੀ ਸਰਦਾ। ਸਾਨੂੰ ਆਪਣਾ ਢਿੱਡ ਭਰਨ ਲਈ ਕੰਮ ਕਰਨਾ ਹੀ ਪੈਣਾ ਆਂ।ਉਹ ਆਪ ਤਾਂ ਜ਼ਮੀਨਾਂ,ਜਾਇਦਾਦਾਂ ਵਾਲੇ ਆ।ਮੁੰਡੇ, ਕੁੜੀਆਂ ਉਨ੍ਹਾਂ ਦੇ ਬਦੇਸ਼ ਗਏ ਹੋਏ ਆ। ਉਨ੍ਹਾਂ ਨੂੰ ਕਾਦ੍ਹਾ ਘਾਟਾ ਆ। ਉਨ੍ਹਾਂ ਦਾ ਕੰਮ ਕੀਤੇ ਬਗੈਰ ਸਰ ਜਾਣਾ ਆਂ, ਪਰ ਸਾਡਾ ਨ੍ਹੀ ਸਰਨਾ।''ਮੈਨੂੰ ਉਸ ਦੀਆਂ ਗੱਲਾਂ ਵਿੱਚ ਵਜ਼ਨ ਲੱਗਾ। ਇਸ ਲਈ ਮੈਨੂੰ ਉਸ ਦੀ ਹਾਂ 'ਚ ਹਾਂ ਮਿਲਾਣੀ ਪਈ।ਤੇ ਫਿਰ ਉਹ ਝਾੜੂ, ਪੋਚਾ ਲਾਣ ਵਿੱਚ ਜੁਟ ਗਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554

25 Nov. 2018

ਮਿਲ ਗਿਆ ਦਿਲਦਾਰ / ਗ਼ਜ਼ਲ - ਮਹਿੰਦਰ ਸਿੰਘ ਮਾਨ

ਮਿਲ ਗਿਆ ਦਿਲਦਾਰ ਜਿਸ ਨੂੰ ਹਾਣ ਦਾ,
ਮੌਕਾ ਉਸ ਨੂੰ ਮਿਲ ਗਿਆ ਮੁਸਕਾਣ ਦਾ।

ਦੂਜੇ ਪਾਸੇ ਨੈਣ ਜਿਸ ਨੇ ਲਾ ਲਏ,
ਨਾਂ ਨਹੀਂ ਲੈਂਦਾ ਉਹ ਘਰ ਨੂੰ ਆਣ ਦਾ।

ਪੈਰ ਉਸਦੇ ਲੱਗਦੇ ਨ੍ਹੀ ਸੀ ਧਰਤ ਤੇ,
ਜਦ ਪਤਾ ਲੱਗਾ ਪਤੀ ਦੇ ਆਣ ਦਾ।

ਉਸ ਨੂੰ ਨਫਰਤ ਮਿਲਦੀ ਹੈ ਹਰ ਪਾਸੇ ਤੋਂ,
ਕੰਮ ਕਰਦਾ ਹੈ ਜੋ ਅੱਗਾਂ ਲਾਣ ਦਾ।

ਸਾਰ ਕੇ ਆਪਣੀ ਗਰਜ਼ ਉਸ ਆਖਿਆ,
'ਵੀਰ ਜੀ, ਤੈਨੂੰ ਨਹੀਂ ਮੈਂ ਜਾਣਦਾ।'

ਜੋ ਸਦਾ ਲੋਕਾਂ ਦਾ ਕਰਦਾ ਹੈ ਭਲਾ,
ਉਸ ਨੂੰ ਗ਼ਮ ਨ੍ਹੀ ਹੋਣਾ ਇੱਥੋਂ ਜਾਣ ਦਾ।

ਕੰਡਿਆਂ ਨੂੰ ਮਸਲ ਕੇ ਅੱਗੇ ਵਧੇ,
ਏਨਾ ਚਾਅ ਸੀ ਸਾਨੂੰ ਮੰਜ਼ਲ ਪਾਣ ਦਾ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

ਦੀਵਾਲੀ - ਮਹਿੰਦਰ ਸਿੰਘ ਮਾਨ

ਅੱਜ ਮੇਰੇ ਦੇਸ਼ ਦੇ ਲੋਕ
ਖੁਸ਼ੀਆਂ ਦਾ ਤਿਉਹਾਰ
ਦੀਵਾਲੀ ਮਨਾ ਰਹੇ ਨੇ
ਪਟਾਕੇ,ਆਤਿਸ਼ਬਾਜ਼ੀਆਂ
ਅਤੇ ਅਨਾਰ ਚਲਾ ਰਹੇ ਨੇ
ਬੇਵੱਸ ਪੰਛੀਆਂ  ਤੇ ਜਾਨਵਰਾਂ ਨੂੰ
ਡਰਾ ਰਹੇ ਨੇ
ਪਟਾਕਿਆਂ ਦੀ ਆਵਾਜ਼
ਅਤੇ ਧੂੰਏਂ ਨਾਲ
ਵਾਤਾਵਰਣ  ਨੂੰ  ਹੋਰ ਦੂਸ਼ਿਤ ਕਰਨ ਵਿੱਚ
ਯੋਗਦਾਨ ਪਾ ਰਹੇ ਨੇ 
ਇਹ ਲੋਕ ਅੱਗ ਵਿੱਚ
ਕਰੋੜਾਂ ਰੁਪਏ ਫੂਕ ਰਹੇ ਨੇ
ਨਕਲੀ ਮਠਿਆਈਆਂ ਖਾ ਕੇ ਵੀ
ਖੁਸ਼ੀ ਮਨਾ ਰਹੇ ਨੇ
ਸਵੇਰ ਹੋਣ ਤੱਕ ਇਨ੍ਹਾਂ ਚੋਂ
ਬਹੁਤ ਸਾਰੇ ਲੋਕ
ਬੀਮਾਰ ਹੋ ਕੇ
ਹਸਪਤਾਲਾਂ 'ਚ ਪਹੁੰਚ ਜਾਣਗੇ
ਘਰ ਵਾਪਸ ਪਹੁੰਚਣ ਲਈ
ਹਸਪਤਾਲਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ
ਅਦਾ ਕਰਨਗੇ ਹੇ ਮੇਰੇ ਦੇਸ਼ ਦੇ
ਅਗਿਆਨੀ ਲੋਕੋ
ਹਾਲੇ ਵੀ ਵੇਲਾ ਹੈ
ਸੰਭਲ ਜਾਉ
ਨਕਲੀ ਮਠਿਆਈਆਂ
ਖਾਣ ਤੋਂ ਤੋਬਾ ਕਰੋ
ਤੇ ਆਪਣੀ ਸਿਹਤ ਬਚਾਉ
ਪਟਾਕੇ,ਆਤਿਸ਼ਬਾਜ਼ੀਆਂ
ਅਤੇ ਅਨਾਰਾਂ ਤੋਂ
ਵਾਤਾਵਰਣ  ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉ
ਬੇਵੱਸ ਪੰਛੀਆਂ ਤੇ ਜਾਨਵਰਾਂ
'ਤੇ ਤਰਸ  ਕਰੋ
ਤੇ ਚਰੱਸੀ ਲੱਖ ਜੂਨਾਂ 'ਚੋਂ
ਉੱਤਮ ਹੋਣ ਦਾ ਸਬੂਤ ਦਿਉ।


ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)੯੯੧੫੮੦੩੫੫੪

ਪੁਸਤਕ ਰੀਵਿਊ  - ਸਮਾਜਕ ਯਥਾਰਥ ਦਾ ਦਰਪਣ ਹਨ 'ਮਘਦਾ ਸੂਰਜ' ਦੀਆਂ ਗ਼ਜ਼ਲਾਂ

ਪੁਸਤਕ : ਮਘਦਾ ਸੂਰਜ
ਸ਼ਾਇਰ : ਮਹਿੰਦਰ ਸਿੰਘ ਮਾਨ
ਮੁੱਲ : 120 ਰੁਪਏ
ਸਫੇ  : 120
ਪਬਲਿਸ਼ਰ : ਨਵ ਰੰਗ ਪਬਲੀਕੇਸ਼ਨਜ਼ , ਸਮਾਣਾ
ਸੰਪਰਕ : 9915803554
ਗ਼ਜ਼ਲ ਸਾਹਿਤ ਦੀ ਸਭ ਤੋਂ ਉੱਨਤ ਵਿਧਾ ਹੈ, ਖ਼ਿਆਲਾਂ ਨੂੰ ਬੰਦਿਸ਼ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਆਪਣੇ ਆਪ ਵਿੱਚ ਕਮਾਲ ਹੁੰਦਾ ਹੈ। ਮਹਿੰਦਰ ਸਿੰਘ ਮਾਨ ਪੰਜਾਬੀ ਸ਼ਾਇਰੀ ਵਿੱਚ ਇੱਕ ਮਾਣ ਮੱਤਾ ਨਾਂ ਹੈ। ਉਸ ਦੇ ਪੰਜ ਕਾਵਿ ਸੰਗ੍ਰਹਿਾਂ ਚੜ੍ਹਿਆ ਸੂਰਜ, ਫੁੱਲ ਅਤੇ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ ਉਪਰੰਤ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ'ਮਘਦਾ ਸੂਰਜ'ਪਾਠਕਾਂ ਤੱਕ ਪੁੱਜਾ ਹੈ।ਹੱਥਲੇ ਸੰਗ੍ਰਹਿ ਦੀਆਂ 102 ਗ਼ਜ਼ਲਾਂ ਦੇ ਵਿੱਚੋਂ ਦੀ ਲੰਘਣ ਉਪਰੰਤ ਹਰੇਕ ਸ਼ਿਅਰ ਵਿੱਚ ਜ਼ਿੰਦਗੀ ਅਤੇ ਉਸ ਦੇ ਭਿੰਨ-ਭਿੰਨ ਸਰੋਕਾਰ ਵਿਸ਼ਿਆਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।ਸਮਾਜ ਵਿਚਲੀਆਂ ਵਿਸੰਗਤੀਆਂ, ਵਿਖਮਤਾਵਾਂ, ਤਨਾਵਾਂ, ਦਵੰਦਾਂ, ਸ਼ੋਸ਼ਣ, ਅਨਿਆਂ ਦੀ ਝਲਕ ਵਿਖਾਈ ਦਿੰਦੀ ਹੈ।ਜ਼ਿੰਦਗੀ ਦੇ ਸਾਰੇ ਹੀ ਪੱਖ ਧਾਰਮਿਕ, ਆਰਥਿਕ, ਸਮਾਜਕ,ਰਾਜਨੀਤਕ ,ਭਾਵਨਾਤਮਕ ਵਿਚਲਾ ਅਣਸੁਖਾਵਾਂਪਣ ਤੀਬਰ ਸੁਰ ਵਿੱਚ ਪ੍ਰਗਟ ਹੁੰਦਾ ਹੈ।ਦਰਅਸਲ ਇਸ ਸੱਭ ਕਾਸੇ ਪਿੱਛੇ ਸ਼ਾਇਰ ਦੇ ਦਿਲ ਦਿਮਾਗ ਵਿੱਚ ਅਦਰਸ਼ਕ ਮਾਡਲ ਦੀ ਚਾਹਤ ਕੰਮ ਕਰ ਰਹੀ ਹੁੰਦੀ ਹੈ।ਇਹ ਮਾਡਲ ਹੀ ਹਰ ਤਰ੍ਹਾਂ ਦੇ ਪ੍ਰਬੰਧ ਨੂੰ ਮਾਪਣ , ਤੋਲਣ ਜਾਂ ਵਿਸ਼ਲੇਸ਼ਣ ਕਰਨ ਦਾ ਪੈਰਾਮੀਟਰ ਹੁੰਦਾ ਹੈ।ਇਸ ਵਿੱਚ ਉਸ ਨੂੰ ਜਿਹੜੀ ਵੀ ਝੋਲ ਜਾਂ ਵਿਚਲਨ ਵਿਖਾਈ ਦਿੰਦਾ ਹੈ, ਉਹ ਉਸ ਦੇ ਸ਼ਿਅਰਾਂ ਦਾ ਵਿਸ਼ਾ ਬਣਦਾ ਹੈ ਅਤੇ ਸਮਾਜ ਲਈ ਇਕ ਦਿਸ਼ਾ ਨਿਰਧਾਰਨ ਦਾ ਕੰਮ ਕਰਦਾ ਹੈ।
ਕੁਦਰਤੀ ਸੋਮਿਆਂ ਦੀ ਅੰਨ੍ਹੀ ਵਰਤੋਂ, ਮਾਨਸਿਕ ਦ੍ਰਿੜ੍ਹਤਾ ਦੀ ਕਮੀ, ਵਹਿਮਾਂ-ਭਰਮਾਂ ਦਾ ਪਸਾਰਾ, ਸੁਆਰਥਪਣ, ਝੂਠੀ ਹਮਦਰਦੀ, ਮਨੁੱਖੀ ਈਰਖਾ, ਮਨ ਦੇ ਹਨੇਰੇ, ਨਸ਼ੇ ਦੀ ਸਮੱਸਿਆ, ਬਜ਼ੁਰਗਾਂ ਪ੍ਰਤੀ ਬੇਰੁਖੀ , ਬੇਰੁਜ਼ਗਾਰੀ, ਜ਼ੁਲਮਾਂ ਦੀ ਭੱਠੀ ਵਿੱਚ ਪਿਸਦੇ ਲੋਕ, ਬੇਇਨਸਾਫੀ, ਭ੍ਰਿਸ਼ਟਾਚਾਰੀ ਆਗੂ, ਮਿਹਨਤਕਸ਼ਾਂ ਦੀ ਲੁੱਟ, ਰਿਸ਼ਤਿਆਂ ਵਿੱਚ ਗੁਆਚਦੀ ਨੈਤਿਕਤਾ ਆਦਿ ਤੇ ਸ਼ਾਇਰ ਨੇ ਸੰਜੀਦਾ ਹੋ ਕੇ ਕਲਮ ਚਲਾਈ ਹੈ।ਇਸ ਸਬੰਧ ਵਿੱਚ ਉਸ ਦੇ ਕੁਝ ਸ਼ਿਅਰ ਵੇਖੋ :-
ਊਰਜਾ ਦੇ ਸੋਮੇ ਵਰਤੇ ਜਾ ਰਹੇ ਬੇਰਹਿਮੀ ਨਾ'
ਆਣ ਵਾਲੇ ਖਤਰੇ ਬਾਰੇ ਸੋਚਦਾ ਕੋਈ ਨਹੀਂ।
ਅਜਾਈਂ ਪਾਣੀ ਸੁੱਟਣ ਵਾਲੇ ਨਾ ਮੁੱਲ ਜਾਣਦੇ ਇਸ ਦਾ,
ਇਦ੍ਹਾ ਮੁੱਲ ਜਾਣਦੇ ਜੋ ਰਹਿੰਦੇ ਨੇ ਮਾਰੂਥਲਾਂ ਅੰਦਰ।
ਕਿਸ ਤਰ੍ਹਾਂ ਉਹ ਆਦਮੀ ਅੱਗੇ ਵਧੂ,
ਜਿਸ ਦਾ ਮਨ ਦਾ ਘੋੜਾ ਹੀ ਕਮਜ਼ੋਰ ਹੈ।
ਹਰ ਕਿਸੇ ਨੇ ਉਮਰ ਆਪਣੀ ਹੈ ਬਿਤਾਣੀ,
ਬਦ-ਦੁਆਵਾਂ ਨਾ' ਕੋਈ ਮਰਦਾ ਨਹੀਂ ਹੈ।
ਲੁਆ ਕੇ ਅੱਗ, ਕਰਵਾ ਕੇ ਸੁਆਹ, ਫਿਰ ਨੇਤਾ ਆ ਧਮਕਣ,
ਬੜਾ ਆਵੇ ਉਨ੍ਹਾਂ ਨੂੰ ਤਰਸ ਜਲੀਆਂ ਬਸਤੀਆਂ ਉੱਤੇ।
ਮੇਰੇ ਦਿਲ ਦਾ ਖਿੜਿਆ ਗੁਲਸ਼ਨ ਇਹਨਾਂ ਤੋਂ ਤੱਕ ਨਾ ਹੁੰਦਾ,
ਅੱਜ ਬੇਦਰਦਾਂ ਨੇ ਇਸ ਨੂੰ ਅੱਗ ਲਾਣੀ ਹੈ, ਰੱਬ ਖ਼ੈਰ ਕਰੇ।
'ਮਾਨ'ਮਹਿੰਗੇ ਨਸ਼ਿਆਂ ਨੂੰ ਜੋ ਲੱਗ ਗਏ,
ਉਹ ਗੁਆ ਬੈਠੇ ਜ਼ਮੀਨਾਂ ਘਰ ਦੀਆਂ।
ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ,
ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ।
ਪਾ ਕੇ ਜੇਬਾਂ ਵਿੱਚ ਕਮਾਈ ਕਾਮਿਆਂ ਦੀ,
ਹੋ ਗਏ ਨੇ ਥੋੜ੍ਹੇ ਚਿਰ ਵਿੱਚ ਮੋਟੇ ਲੋਕ।                                                                   ਇਹ ਜ਼ਮਾਨਾ ਯਾਰੋ ਕੈਸਾ ਆ ਗਿਆ,
ਤਰਸਦੇ ਮਾਤਾ-ਪਿਤਾ ਸਤਿਕਾਰ ਨੂੰ।
ਜ਼ੁਲਮਾਂ ਦੀ ਚੱਕੀ ਵਿੱਚ ਪਿਸਦੇ ਰਹਿਣੇ ਨੇ ਉਹ ਲੋਕ,
ਜੋ ਆਪਣੇ ਹੱਕਾਂ ਲਈ ਲੜਨਾ ਸਮਝ ਰਹੇ ਨੇ ਪਾਪ।
ਸ਼ਾਇਰ 'ਮਾਨ'ਸਰਲ ਤੇ ਛੋਟੀ ਬਹਿਰ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਬਦ ਚੋਣ ਵਿਸ਼ੇ ਅਤੇ ਵਿਧਾਨ ਦੇ ਅਨੁਕੂਲ ਕਰਦਾ ਹੈ। ਬਿਨਾਂ ਕਿਸੇ ਉਲਝਾਉ ਅਤੇ ਅਲੰਕਾਰਾਂ/ ਪ੍ਰਤੀਕਾਂ/ ਬਿੰਬਾਂ ਦੇ  ਬੋਝ ਦੇ, ਉਸ ਦੇ ਸ਼ਿਅਰ ਸਿੱਧਾ ਸਰਲ ਤੇ ਸਪੱਸ਼ਟ ਸੁਨੇਹਾ ਦੇ ਜਾਂਦੇ ਹਨ ਅਤੇ ਪਾਠਕ ਦਾ ਨਾ ਸਿਰਫ ਧਿਆਨ ਖਿੱਚਦੇ ਹਨ, ਸਗੋਂ ਉਸ ਨੂੰ ਸੋਚਣ ਲਈ ਮਜਬੂਰ ਵੀ ਕਰ ਜਾਂਦੇ ਹਨ।ਬੱਸ ਇਹੋ ਜਾਗਰੂਕਤਾ ਤੇ ਸੋਚਣ ਲਈ ਮਜਬੂਰ ਕਰਨਾ ਹੀ ਇਨ੍ਹਾਂ ਗ਼ਜ਼ਲਾਂ ਦੀ ਪ੍ਰਾਪਤੀ ਹੈ।ਸਾਰੀਆਂ ਗ਼ਜ਼ਲਾਂ ਵਿੱਚ ਇੱਕ ਸਕਾਰਾਤਮਕ ਸੋਚ ਦਾ ਸੰਚਾਰ ਹੋਇਆ ਹੈ।ਸ਼ਾਇਰੀ ਦੇ ਇਸ ਮਘਦੇ ਸੂਰਜ ਦਾ ਸੇਕ, ਜ਼ਿੰਦਗੀ ਦੀ ਸ਼ੀਤ ਨੂੰ ਖਤਮ ਕਰਨ ਵਿੱਚ ਕਾਮਯਾਬ ਹੈ।ਸ਼ਾਇਰ 'ਮਾਨ'ਦੇ ਹੀ ਇੱਕ ਹਾਸਿਲ ਸ਼ਿਅਰ ਨਾਲ ਮੈਂ ਉਸ ਨੂੰ ਮੁਬਾਰਕਬਾਦ ਭੇਂਟ ਕਰਦਾ ਹਾਂ :-
ਜੇ ਕਰ ਕੋਲ ਮੇਰੇ ਧਨ, ਦੌਲਤ ਨ੍ਹੀ ਤਾਂ ਕੀ ਹੋਇਆ,
ਗ਼ਜ਼ਲਾਂ ਰਾਹੀਂ ਆਪਣਾ ਨਾਂ ਰੌਸ਼ਨ ਕਰ ਜਾਵਾਂਗਾ।
ਡਾ: ਧਰਮ ਪਾਲ ਸਾਹਿਲ
ਪੰਚਵਟੀ, ਏਕਤਾ ਇਨਕਲੇਵ-2.
ਬੂਲਾਂ ਬਾੜੀ, ਹੁਸ਼ਿਆਰਪੁਰ।
ਫੋਨ 9876156964

ਗ਼ਜ਼ਲ : ਜਿਨ੍ਹਾਂ ਨੇ ਮੰਦਰਾਂ ਵਿੱਚ - ਮਹਿੰਦਰ ਸਿੰਘ ਮਾਨ

ਜਿਨ੍ਹਾਂ ਨੇ ਮੰਦਰਾਂ ਵਿੱਚ ਚੋਰੀ ਦਾ ਧਨ ਦਾਨ ਕੀਤਾ ਹੈ,
ਉਨ੍ਹਾਂ ਨੇ ਕਿਹੜਾ ਰੱਬ ਉੱਤੇ ਕੋਈ ਅਹਿਸਾਨ ਕੀਤਾ ਹੈ।

ਉਨ੍ਹਾਂ ਨੂੰ ਯਾਦ ਕਰਨੇ ਵੇਲੇ ਮੱਥੇ ਵੱਟ ਅਸੀਂ ਪਾਈਏ,
ਜਿਨ੍ਹਾਂ ਨੇ ਸਾਡੀ ਖਾਤਰ ਸਾਰਾ ਕੁਝ ਕੁਰਬਾਨ ਕੀਤਾ ਹੈ।

ਨਸ਼ਾ ਕੀਤੇ ਬਿਨਾਂ ਉਹ ਆਪ ਯਾਰੋ ਰਹਿ ਨਹੀਂ ਸਕਦੇ,
ਜਿਨ੍ਹਾਂ ਨੇ ਨਸ਼ਿਆਂ ਨੂੰ ਠੱਲ੍ਹ ਪਾਣ ਦਾ ਐਲਾਨ ਕੀਤਾ ਹੈ।

ਜੋ ਚੋਣਾਂ ਹੋਈਆਂ ਨੇ ਕੁਝ ਅਰਸਾ ਪਹਿਲਾਂ ਦੇਸ਼ ਵਿੱਚ ਯਾਰੋ,
ਉਨ੍ਹਾਂ ਨੇ ਦੇਸ਼ ਦਾ ਹਰ ਪਾਸੇ ਤੋਂ ਨੁਕਸਾਨ ਕੀਤਾ ਹੈ।

ਡਰੀ ਜਾਂਦੇ ਪਿਤਾ-ਮਾਤਾ ਧੀਆਂ ਜੰਮਣ ਤੋਂ ਐਵੇਂ ਹੀ,
ਹਰਿਕ ਨੂੰ ਤਾਂ ਇਨ੍ਹਾਂ ਦੇ ਕੰਮਾਂ ਨੇ ਹੈਰਾਨ ਕੀਤਾ ਹੈ।

ਉਨ੍ਹਾਂ ਨੂੰ ਸਮਝ ਕੇ ਆਪਣੇ ਉਨ੍ਹਾਂ ਦਾ ਮਾਣ ਕਰਦੇ ਹਾਂ,
ਜਿਨ੍ਹਾਂ ਦੁੱਖ ਵੇਲੇ ਸਾਨੂੰ ਹੌਸਲਾ ਪ੍ਰਦਾਨ ਕੀਤਾ ਹੈ।

ਬੜਾ ਕੁਝ ਦੋਸਤਾਂ ਤੇ ਦੁਸ਼ਮਣਾਂ ਨੇ ਦਿੱਤਾ ਹੈ ਸਾਨੂੰ,
ਪਰੰਤੂ ਜਚਿਆ ਜੋ ਉਹ ਹੀ ਅਸੀਂ ਪ੍ਰਵਾਨ ਕੀਤਾ ਹੈ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

ਜਿਸ ਬੰਦੇ ਨੇ - ਮਹਿੰਦਰ ਸਿੰਘ ਮਾਨ

ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ,
ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ।

ਉਸ ਵਰਗਾ ਮੂਰਖ ਨਾ ਇੱਥੇ ਕੋਈ ਹੋਰ,
ਜਿਸ ਨੇ ਹੁਣ ਤਕ ਸਿੱਖਿਆ ਨ੍ਹੀ ਬੋਲਣ ਦਾ ਢੰਗ।

ਕੰਮ ਕਰਕੇ ਹੀ ਅੱਜ ਕਲ੍ਹ ਰੋਟੀ ਯਾਰਾ ਮਿਲਦੀ,
ਐਵੇਂ ਦੇਖੀ ਨਾ ਜਾ ਆਪਣਾ ਗੋਰਾ ਰੰਗ।

ਰੱਬ ਵੀ ਉਹਨਾਂ ਅੱਗੇ ਬੇਵੱਸ ਹੋ ਜਾਂਦਾ ਹੈ,
ਏਨਾ ਕੁਝ ਉਸ ਤੋਂ ਲੋਕੀਂ ਲੈਂਦੇ ਨੇ ਮੰਗ।

ਕਲ੍ਹ ਤੱਕ ਜੋ ਕਹਿੰਦਾ ਸੀ, 'ਮੈਂ ਨ੍ਹੀ ਤੈਨੂੰ ਮਿਲਣਾ',
ਅੱਜ ਮੇਰੇ ਘਰ ਆ ਗਿਆ ਰੋਸੇ ਛਿੱਕੇ ਟੰਗ।

ਉਹ ਜੀਵਨ ਦੇ ਵਿੱਚ ਤਰੱਕੀ ਕਰਦਾ ਜਾਵੇ,
ਜਿਸ ਨੂੰ ਮਿਲ ਜਾਵੇ ਚੱਜ ਦੇ ਬੰਦੇ ਦਾ ਸੰਗ।

ਆਓ ਕਰੀਏ ਸਜਦਾ ਉਹਨਾਂ ਸੂਰਮਿਆਂ ਨੂੰ,
ਜੋ ਸਾਡੀ ਰਾਖੀ ਕਰਨ ਹੋ ਕੇ ਡਾਢੇ ਤੰਗ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

26 Oct. 2018

ਸੋਹਣੇ,ਸੁਨੱਖੇ ਮੁੰਡੇ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਗੁਰਵਿੰਦਰ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਵਿਆਹ ਕਿਸੇ ਸੋਹਣੇ,ਸੁਨੱਖੇ ਮੁੰਡੇ ਨਾਲ ਹੋਵੇ।ਆਖ਼ਰ ਉਸ ਦੀ ਇਹ ਇੱਛਾ ਪੂਰੀ ਹੋ ਗਈ। ਉਸ ਦਾ ਵਿਆਹ ਕੁੱਲੇਵਾਲ ਪਿੰਡ ਵਿੱਚ ਸੋਹਣੇ,ਸੁਨੱਖੇ ਸ਼ਾਮ ਨਾਲ ਹੋ ਗਿਆ।ਉਸ ਨੇ ਸ਼ਾਮ ਦਾ ਘਰ,ਬਾਰ ਦੇਖਣ ਦੀ ਵੀ ਲੋੜ ਨਹੀਂ ਸੀ ਸਮਝੀ।ਉਸ ਦਾ ਵਿਆਹ ਹੋਏ ਨੂੰ ਤਿੰਨ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਸ਼ਾਮ ਦੇ ਘਰ ਦੀ ਅਸਲੀਅਤ ਦਾ ਪਤਾ ਲੱਗ ਗਿਆ।ਸ਼ਾਮ ਆਪਣੇ ਵੱਡੇ ਭਰਾ ਅਤੇ ਛੋਟੇ ਭਰਾ ਨਾਲ ਮਿਲ ਕੇ ਕੰਮ ਕਰਦਾ ਸੀ।ਤਿੰਨਾਂ ਨੂੰ ਜੋ ਕੁਝ ਮਿਲਦਾ,ਉਹ ਵੱਡਾ ਭਰਾ ਰੱਖ ਲੈਂਦਾ ਤੇ ਅੱਗੇ ਆਪਣੀ ਪਤਨੀ ਨੂੰ ਦੇ ਦਿੰਦਾ। ਉਹ ਰੱਜ ਕੇ ਕੰਜੂਸ ਸੀ।ਉਹ ਨਿੱਤ ਵਰਤੋਂ ਦੀਆਂ ਚੀਜ਼ਾਂ ਲੈਣ ਨੂੰ ਵੀ ਪੈਸੇ ਨਹੀਂ ਸੀ ਦਿੰਦੀ।ਉਹ ਮੰਗਣ ਤੇ ਸ਼ਾਮ ਨੂੰ ਵੀ ਕੁਝ ਨਹੀਂ ਸੀ ਦਿੰਦੀ।ਪਰ ਕਹਿੰਦਾ ਕੁਝ ਨਾ ਕਿਉਂ ਕਿ ਉਸ ਦਾ ਆਪਣਾ ਦਿਮਾਗ ਕੰਮ ਨਹੀਂ ਸੀ ਕਰਦਾ।ਜੇ ਗੁਰਵਿੰਦਰ ਸ਼ਾਮ ਨੂੰ ਕੁਝ ਕਹਿੰਦੀ,ਤਾਂ ਉਹ ਜਾ ਕੇ ਆਪਣੀ ਵੱਡੀ ਭਰਜਾਈ ਨੂੰ ਦੱਸ ਦਿੰਦਾ।ਵੱਡੀ ਭਰਜਾਈ ਗੁਰਵਿੰਦਰ ਨੂੰ ਵੱਧ,ਘੱਟ ਬੋਲ ਕੇ ਚੁੱਪ ਕਰਾ ਦਿੰਦੀ।ਇਸ ਤਰ੍ਹਾਂ ਬਹੁਤਾ ਸਮਾਂ ਨਾ ਲੰਘਿਆ।ਗੁਰਵਿੰਦਰ ਆਪਣੇ ਪੇਕੇ ਆ ਕੇ ਆਪਣੀ ਮੰਮੀ ਕੋਲ ਰਹਿਣ ਲੱਗ ਪਈ।
ਅੱਜ ਜਦੋਂ ਗੁਰਵਿੰਦਰ ਦੀ ਭਾਣਜੀ ਮਨਜੀਤ ਦਾ ਫੋਨ ਆਇਆ ਕਿ ਉਸ ਦਾ ਰਿਸ਼ਤਾ ਸੋਹਣੇ,ਸੁਨੱਖੇ ਮੁੰਡੇ ਨਾਲ ਹੁੰਦਾ ਆ,ਤਾਂ ਉਸ ਨੇ ਮਨਜੀਤ ਨੂੰ ਝੱਟ ਆਖਿਆ, ''ਮਨਜੀਤ ਮੁੰਡਿਆਂ ਦੇ ਰੰਗ,ਰੂਪ ਨ੍ਹੀ ਦੇਖੀਦੇ।ਸਗੋਂ ਕੰਮ,ਅਕਲ ਤੇ ਘਰ,ਬਾਰ ਦੇਖੀਦੇ ਆ।ਮੈਂ ਸੋਹਣੇ,ਸੁਨੱਖੇ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਆਂ। ਉਸ ਵੇਲੇ ਜੇ ਕਰ ਮੈਂ ਇਹ ਸੱਭ,ਕੁਝ ਦੇਖਿਆ ਹੁੰਦਾ,ਤਾਂ ਅੱਜ ਪੇਕੀਂ ਨਾ ਬੈਠੀ ਹੁੰਦੀ।''ਮਨਜੀਤ ਨੂੰ ਗੱਲ ਸਮਝ ਆ ਗਈ ਤੇ ਉਸ ਨੇ ਗੁਰਵਿੰਦਰ ਦੀ ਹਾਂ ਵਿੱਚ ਹਾਂ ਮਿਲਾ ਕੇ ਫੋਨ ਬੰਦ ਕਰ ਦਿੱਤਾ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

ਅੱਜ ਦੇ ਰਾਵਣ - ਮਹਿੰਦਰ ਸਿੰਘ ਮਾਨ

ਰਾਮ ਦੇ ਵੇਲੇ ਦਾ ਉਹ ਰਾਵਣ
ਜਿਸ ਨੇ ਸੀਤਾ ਦਾ ਹਰਣ ਕੀਤਾ ਸੀ
ਦਸ ਮਹੀਨੇ ਸੀਤਾ ਨੂੰ
ਆਪਣੀ ਕੈਦ 'ਚ ਰੱਖਿਆ ਸੀ
ਤੇ ਜਿਸ ਨੇ ਸੀਤਾ ਦੀ ਇੱਜ਼ਤ ਵੱਲ
ਅੱਖ ਚੁੱਕ ਕੇ ਨਹੀਂ ਸੀ ਵੇਖਿਆ
ਅੱਜ ਦੇ ਰਾਵਣਾਂ ਨਾਲੋਂ
ਕਿਤੇ ਚੰਗਾ ਸੀ
ਕਿਉਂ ਕਿ ਅੱਜ ਦੇ ਰਾਵਣ
ਹਜ਼ਾਰਾਂ ਨਾਰਾਂ ਦੀ ਇੱਜ਼ਤ
ਦਿਨ ਦਿਹਾੜੇ ਲੁੱਟ ਰਹੇ ਨੇ
ਤੇ ਗਲੀਆਂ, ਬਾਜ਼ਾਰਾਂ ਵਿੱਚ ਸਿਰ ਉੱਚਾ ਕਰਕੇ
ਬੜੀ ਸ਼ਾਨ ਨਾਲ ਘੁੰਮ ਰਹੇ ਨੇ

ਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਵੀ
ਇੱਥੇ ਕੋਈ ਦਿਸ ਨਹੀਂ ਰਿਹਾ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

18 Oct. 2018

ਮਾਹਰਾਜ ਨੇ ਇਸ ਨੂੰ ਠੀਕ ਕਰ 'ਤਾ - ਮਹਿੰਦਰ ਸਿੰਘ ਮਾਨ

ਆਪਣੀ ਪਤਨੀ ਦੀ 'ਮਾਨ ਡਾਇਗਨੋਸਟਿਕ ਐਂਡ ਰੀਸਰਚ ਸੈਂਟਰ ਜਲੰਧਰ' ਤੋਂ ਬਰੇਨ ਦੀ ਐੱਮ ਆਰ ਆਈ ਕਰਵਾ ਕੇ ਜਦੋਂ ਅਸੀਂ ਬਹਿਰਾਮ ਦੇ ਲਾਗੇ ਪੁੱਜੇ, ਤਾਂ ਮੇਰੀ ਪਤਨੀ ਆਖਣ ਲੱਗੀ, ''ਜਾਂਦੇ , ਜਾਂਦੇ ਭੈਣ ਨੂੰ ਮਿਲ ਜਾਂਦੇ ਆਂ।ਫੇਰ ਕਿੱਥੇ ਆਂਦੇ ਫਿਰਨਾ।ਹੁਣ ਉਸੇ ਪਟਰੌਲ ਨਾਲ ਸਰ ਜਾਣਾ । ਨਾਲੇ ਰਾਜ਼ੀ, ਖੁਸ਼ੀ ਦਾ ਪਤਾ ਲੱਗ ਜਊ।''
''ਜਿਵੇਂ ਤੇਰੀ ਮਰਜ਼ੀ।''ਮੈਂ ਆਖਿਆ।
ਬਹਿਰਾਮ ਪਹੁੰਚ ਕੇ ਮੈਂ ਕਾਰ ਆਪਣੀ ਪਤਨੀ ਦੀ ਭੈਣ ਦੇ ਘਰ ਵੱਲ ਨੂੰ ਮੋੜ ਲਈ। ਉਸ ਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਉਸ ਦੇ ਪਿੱਤੇ ਵਿੱਚ ਪੱਥਰੀਆਂ ਸਨ। ਤਿੰਨ ਦਿਨ ਪਹਿਲਾਂ ਡਾਕਟਰਾਂ ਨੇ ਅਪਰੇਸ਼ਨ ਨਾਲ ਉਸ ਦਾ ਪਿੱਤਾ ਕੱਢ ਦਿੱਤਾ ਸੀ। ਹੁਣ ਉਹ ਬੈੱਡ ਤੇ ਪਈ ਆਰਾਮ ਕਰ ਰਹੀ ਸੀ।ਮੇਰੇ ਸਾਂਢੂ ਨੇ ਮੈਨੂੰ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ, ''ਸੇਮੋ ਦੇ ਪੇਟ 'ਚ ਤਿੰਨ ਦਿਨ ਪਹਿਲਾਂ ਬਹੁਤ ਤੇਜ਼ ਦਰਦ ਹੋਇਆ ਸੀ। ਦਰਦ ਤਾਂ ਪਹਿਲਾਂ ਵੀ ਹੁੰਦਾ ਰਹਿੰਦਾ ਸੀ, ਪਰ ਐਤਕੀਂ ਦਾ ਦਰਦ ਬਹੁਤ ਤੇਜ਼ ਸੀ। ਰੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ।ਇਸ ਲਈ ਇਸ ਨੂੰ ਫਗਵਾੜਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਣਾ ਪਿਆ।ਪੇਟ ਦੀ ਸਕੈਨ ਕਰਵਾਣ ਤੇ ਪਤਾ ਲੱਗਾ ਕਿ ਇਸ ਦੇ ਪਿੱਤੇ 'ਚ ਪੱਥਰੀਆਂ ਆਂ।ਡਾਕਟਰਾਂ ਨੇ ਫੁਰਤੀ ਵਰਤ ਕੇ ਇਸ ਦਾ ਪਿੱਤਾ ਕੱਢ 'ਤਾ।ਮਾਹਰਾਜ ਨੇ ਇਸ ਨੂੰ ਠੀਕ ਕਰ 'ਤਾ।ਉਸ ਨੇ ਸਾਡੀ ਨੇੜੇ ਹੋ ਕੇ ਸੁਣ ਲਈ। ਹੋਰ ਸਾਨੂੰ ਕੀ ਚਾਹੀਦਾ। ਪੈਸੇ ਲੱਗਿਉ ਭੁੱਲ ਜਾਣਗੇ।'' ਆਪਣੇ ਸਾਂਢੂ ਦੀਆਂ ਗੱਲਾਂ ਸੁਣ ਕੇ ਮੈਂ ਡਾਕਟਰਾਂ ਵੱਲੋਂ ਕੀਤੇ ਇਲਾਜ ਵਿੱਚ ਬੈਠੇ-ਬੈਠਾਏ ਮਾਹਰਾਜ ਵੱਲੋਂ ਪਾਏ ਯੋਗਦਾਨ ਬਾਰੇ ਸੋਚਣ ਲੱਗ ਪਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

26 Sep 2018