ਜ਼ਿੰਦਗੀ ਦੇ ਹਨੇਰੇ-ਸਵੇਰੇ - ਗੁਰਸ਼ਰਨ ਸਿੰਘ ਕੁਮਾਰ
ਦਿਨ ਅਤੇ ਰਾਤ ਕੁਦਰਤ ਦੇ ਵਰਤਾਰੇ ਹਨ। ਇਕ ਨਿਯਮ ਦੇ ਅਨੁਸਾਰ ਹਰ ਰਾਤ ਤੋਂ ਬਾਅਦ ਦਿਨ ਦਾ ਚੜ੍ਹਨਾ ਜ਼ਰੂਰੀ ਹੈ। ਹਰ ਰਾਤ ਦਾ ਇਕ ਸਵੇਰਾ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹਰ ਦਿਨ ਤੋਂ ਬਾਅਦ ਰਾਤ ਦਾ ਆਉਣਾ ਵੀ ਤਹਿ ਹੈ। ਗ਼ਹਿਰੇ ਤੋਂ ਗ਼ਹਿਰੇ ਹਨੇਰੇ ਦੇ ਬੱਦਲ ਵੀ ਕਦੀ ਸੂਰਜ ਨੂੰ ਨਿਕਲਣ ਤੋਂ ਨਹੀਂ ਰੋਕ ਸਕਦੇ। ਮਨੁੱਖੀ ਜੀਵਨ ਵਿਚ ਦਿਨ ਅਤੇ ਰਾਤ ਦੀ ਤਰ੍ਹਾਂ ਦੁੱਖ ਅਤੇ ਸੁੱਖ ਵੀ ਆਉਂਦੇ ਹੀ ਰਹਿੰਦੇ ਹਨ। ਦੁੱਖ ਅਤੇ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ। ਪੁਰਾਣੇ ਪੱਤੇ ਝੱੜਦੇ ਹਨ ਤਾਂ ਹੀ ਨਵੀਂਆਂ ਕਰੂੰਬਲਾਂ ਫੁੱਟਦੀਆਂ ਹਨ। ਕੁਦਰਤ ਮੌਲਦੀ ਹੈ ਅਤੇ ਹਰ ਜੀਵ ਖੇੜੇ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪੁਰਾਣੇ ਲੋਕ ਧਰਤੀ ਤੋਂ ਰੁਖਸਤ ਹੁੰਦੇ ਹਨ ਤੇ ਧਰਤੀ 'ਤੇ ਇਕ ਨਵੀਂ ਪੀੜ੍ਹੀ ਦਾ ਜਨਮ ਹੁੰਦਾ ਹੈ।
ਮਨੁੱਖੀ ਜ਼ਿੰਦਗੀ ਵਿਚ ਹਨੇਰਾ ਦੁੱਖਾਂ ਦਾ ਪ੍ਰਤੀਕ ਹੈ। ਹਨੇਰੇ ਵਿਚ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਸ ਲਈ ਹਨੇਰੇ ਵਿਚ ਅਸੀਂ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ। ਹਨੇਰੇ ਵਿਚ ਸਾਨੂੰ ਕੋਈ ਵਸਤੂ ਥਾਂ ਟਿਕਾਣੇ ਰੱਖਣ ਵਿਚ ਅਤੇ ਢੂੰਡਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਹਨੇਰੇ ਵਿਚ ਅਸੀਂ ਆਪਣਾ ਰਸਤਾ ਵੀ ਨਹੀਂ ਤਲਾਸ਼ ਕਰ ਸਕਦੇ। ਜੇ ਅਸੀਂ ਹਨੇਰੇ ਵਿਚ ਸਫ਼ਰ 'ਤੇ ਨਿਕਲ ਵੀ ਜਾਈਏ ਤਾਂ ਰਸਤਾ ਭਟਕਣ ਦਾ ਡਰ ਰਹਿੰਦਾ ਹੈ। ਹਨੇਰੇ ਵਿਚ ਅਸੀਂ ਕਿਸੇ ਦੀਵਾਰ, ਵਸਤੂ ਜਾਂ ਮਨੁੱਖ ਨਾਲ ਟਕਰਾ ਸਕਦੇ ਹਾਂ, ਜਾਂ ਠੇਡਾ ਖਾ ਕੇ ਡਿੱਗ ਵੀ ਸਕਦੇ ਹਾਂ। ਸਾਨੂੰ ਕੋਈ ਸੱਟ-ਫੇਟ ਵੀ ਲੱਗ ਸਕਦੀ ਹੈ। ਇਸ ਲਈ ਹਨੇਰੇ ਨੂੰ ਦੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਹਨੇਰੇ ਵਿਚ ਅਸੀਂ ਆਰਾਮ ਹੀ ਕਰ ਸਕਦੇ ਹਾਂ ਜਾਂ ਸੌਂ ਸਕਦੇ ਹਾਂ। ਉਸ ਸਮੇਂ ਸਾਨੂੰ ਹਨੇਰਾ ਚੰਗਾ ਲਗਦਾ ਹੈ।
ਦੂਜੇ ਪਾਸੇ ਚਾਨਣ ਨੂੰ ਉਤਸ਼ਾਹ ਅਤੇ ਸੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਜਦ ਜ਼ਿੰਦਗੀ ਵਿਚ ਚਾਨਣ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਦੁੱਖਾਂ ਦੇ ਬੱਦਲ ਛਟ ਗਏ ਹਨ। ਅਸੀਂ ਹਰ ਕੰਮ ਪੂਰੇ ਜੋਸ਼ ਨਾਲ ਕਰਦੇ ਹਾਂ। ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ। ਜੇ ਅਸੀਂ ਚਾਨਣ ਵਿਚ ਸਫ਼ਰ ਵੀ ਕਰਦੇ ਹਾਂ ਤਾਂ ਸਾਨੂੰ ਆਪਣਾ ਰਸਤਾ ਸਾਫ਼ ਨਜ਼ਰ ਆਉਂਦਾ ਹੈ।ਚਾਨਣ ਵਿਚ ਭਟਕਣ ਦਾ ਅਤੇ ਠੋਹਕਰਾਂ ਖਾਣ ਦਾ ਜਾਂ ਸੱਟ ਫੇਟ ਲੱਗਣ ਦਾ ਕੋਈ ਡਰ ਨਹੀਂ ਰਹਿੰਦਾ। ਇਸ ਲਈੇ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਆਪਣੀ ਮੰਜ਼ਿਲ 'ਤੇ ਠੀਕ-ਠਾਕ ਪਹੁੰਚ ਜਾਵਾਂਗੇ।ਇਸੇ ਲਈ ਚਾਨਣ ਨੂੰ ਸੁੱਖ ਦਾ ਪ੍ਰਤੀਕ ਮੰਨਿਆ ਗਿਆ ਹੈ।
ਕਈ ਲੋਕ ਦੁੱਖ ਵਿਚ ਘਬਰਾ ਜਾਂਦੇ ਹਨ ਅਤੇ ਹੌਸਲਾ ਛੱਡ ਜਾਂਦੇ ਹਨ।ਉਨ੍ਹਾਂ ਨੂੰ ਇਸ ਸਮੇਂ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ, ਜੋ ਉਨ੍ਹਾਂ ਨੂੰ ਇਨ੍ਹਾਂ ਦੁੱਖਾਂ ਵਿਚੋਂ ਸਹੀ ਸਲਾਮਤ ਕੱਢ ਲਏ। ਉਨ੍ਹਾਂ ਨੂੰ ਦੁੱਖ ਤੋਂ ਛੁਟਕਾਰਾ ਪਾਉਣ ਦਾ ਮੌਤ ਤੋਂ ਇਲਾਵਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਉਹ ਸੋਚਦੇ ਹਨ ਕਿ ਇੰਨੇ ਦੁਖੀ ਹੋਣ ਨਾਲੋਂ ਤਾਂ ਮੌਤ ਹੀ ਚੰਗੀ ਹੈ। ਉਨ੍ਹਾਂ ਦੀ ਉਸਾਰੂ ਸੋਚ ਖ਼ਤਮ ਹੋ ਜਾਂਦੀ ਹੈ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ। ਇਹ ਹੀ ਕਾਰਨ ਹੈ ਕਿ ਭਾਰਤ ਵਿਚ ਹਰ ਸਾਲ ਕਰੀਬ ਇੱਕ ਲੱਖ ਪੈਂਤੀ ਹਜ਼ਾਰ ਲੋਕ ਖ਼ੁਦਕੁਸ਼ੀ ਕਰਦੇ ਹਨ। ਅਜਿਹੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਜ਼ਿੰਦਗੀ ਤਿਆਗਣ ਦਾ ਕੋਈ ਫ਼ਾਇਦਾ ਨਹੀਂ। ਜੇ ਕੁਝ ਤਿਆਗਣਾ ਹੀ ਹੈ ਤਾਂ ਆਪਣੀਆਂ ਫਾਲਤੂ ਖ਼ਾਹਿਸ਼ਾਂ ਅਤੇ ਦੂਸਰੇ ਤੋਂ ਝੂਠੀਆਂ ਉਮੀਦਾਂ ਤਿਆਗੋ। ਤੁਹਾਡੇ ਦੁੱਖ ਕਾਫ਼ੀ ਘਟ ਜਾਣਗੇ। ਜ਼ਿੰਦਗੀ ਦਾ ਹਨੇਰਾ ਖਤਮ ਹੋ ਜਾਏਗਾ। ਸਿਆਣੇ ਲੋਕ ਕਹਿੰਦੇ ਹਨ ਕਿ 'ਜੇ ਮਰ ਕੇ ਵੀ ਚੈਨ ਨਾ ਪਾਇਆ ਤਾਂ ਕਿੱਥੇ ਜਾਵੋਗੇ?' ਭਾਵ ਇਹ ਹੈ ਕਿ ਜੇ ਮਰਨ ਤੋਂ ਬਾਅਦ ਵੀ ਦੁੱਖਾਂ ਨੇ ਪਿੱਛਾ ਨਾ ਛੱਡਿਆ ਤਾਂ ਕੀ ਕਰੋਗੇ? ਤ੍ਰਿਸ਼ੰਕੂ ਦੀ ਤਰ੍ਹਾਂ ਆਕਾਸ਼ ਅਤੇ ਧਰਤੀ ਦੇ ਵਿਚਕਾਰ ਹੀ ਲਟਕਦੇ ਰਹੋਗੇ? ਅਜਿਹੇ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਮੌਤ ਨੂੰ ਤਾਂ ਕਦੀ ਵੀ ਗਲੇ ਲਾਇਆ ਜਾ ਸਕਦਾ ਹੈ ਪਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਇਸ ਲਈ ਥੋੜ੍ਹਾ ਸਬਰ ਰੱਖ ਕੇ ਚੰਗੇ ਦਿਨਾਂ ਦੇ ਆਉਣ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਜਿਵੇਂ ਹਰ ਰਾਤ ਦਾ ਸਵੇਰਾ ਹੁੰਦਾ ਹੈ ਉਵੇਂ ਹੀ ਦੁੱਖਾਂ ਤੋਂ ਬਾਅਦ ਸੁੱਖਾਂ ਦਾ ਆਉਣਾ ਵੀ ਜ਼ਰੂਰੀ ਹੈ। ਇਹ ਕਦੀ ਨਹੀਂ ਹੋ ਸਕਦਾ ਕਿ ਦੁੱਖ ਕਿਸੇ ਬੰਦੇ ਕੋਲ ਪੱਕਾ ਹੀ ਡੇਰਾ ਬਣਾ ਲੈਣ। ਇਹ ਹੋ ਸਕਦਾ ਹੈ ਕਿ ਉਨ੍ਹਾਂ ਦੇ ਦੁੱਖਾਂ ਦਾ ਸਮਾਂ ਕੁਝ ਜ਼ਿਆਦਾ ਹੀ ਲੰਮਾ ਹੋ ਜਾਏ । ਇਹ ਦੁੱਖਾਂ ਦੀ ਘੜੀ ਉਨ੍ਹਾਂ ਲਈ ਕੁਝ ਔਖੀ ਘੜੀ ਹੁੰਦੀ ਹੈ। ਇਸ ਔਖੀ ਘੜੀ ਨੂੰ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ:
ਅਉਖੀ ਘੜੀ ਨ ਦੇਖਣ ਦੇਈ
ਅਪਨਾ ਬਿਰਦੁ ਸਮਾਲੇ॥ ਅੰਗ 682
ਭਾਵ ਇਹ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਔਖੀ ਘੜ੍ਹੀ ਨਾ ਦੇਖਣ ਦਈਂ। ਇਸ ਔਖੀ ਘੜੀ ਵਿਚੋਂ ਮੈਨੂੰ ਆਪਣਾ ਸਹਾਰਾ ਦੇ ਕੇ ਕੱਢ ਲਈਂ।ਪਰ ਇਸ ਔਖੀ ਘੜੀ ਦਾ ਵੀ ਇਕ ਦਿਨ ਖ਼ਤਮ ਹੋਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਬੰਦਾ ਸਹਿਜ ਹੋਣਾ ਸ਼ੁਰੂ ਹੋ ਜਾਂਦਾ ਹੈ। ਅੰਗਰੇਜ਼ੀ ਵਿਚ ਕਹਿੰਦੇ ਹਨ Time is a great healer. ਭਾਵ ਇਹ ਹੈ ਕਿ ਸਮਾਂ ਵੱਡ-ਵੱਡੇ ਜ਼ਖ਼ਮ ਭਰ ਦਿੰਦਾ ਹੈ। ਜਿਸ ਘਰ ਵਿਚ ਕਦੀ ਵੈਣ ਪੈਂਦੇ ਸਨ ਉਸ ਘਰ ਵਿਚ ਫਿਰ ਤੋਂ ਕਿਲਕਾਰੀਆਂ ਗੂੰਜਣ ਲੱਗ ਪੈਂਦੀਆਂ ਹਨ।
ਜ਼ਿੰਦਗੀ ਵਿਚ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਹਾਦਸੇ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ। ਦਿਲ ਛੱਡਿਆਂ ਗੱਲ ਨਹੀਂ ਬਣਦੀ। ਜੇ ਅਸੀਂ ਘਬਰਾ ਕੇ ਦਿਲ ਛੱਡ ਦਿੰਦੇ ਹਾਂ ਤਾਂ ਸਾਡੇ ਇਹ ਦੁੱਖ ਹੌਲੀ-ਹੌਲੀ ਧੂਏਂ ਦਾ ਭੂਤ ਬਣ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ। ਇਸ ਲਈ ਦੁੱਖਾਂ ਤੋਂ ਨਾ ਹੀ ਘਬਰਾਓ ਅਤੇ ਨਾ ਹੀ ਦਿਲ ਛੱਡੋ। ਜੇ ਚਾਨਣ ਦੀ ਇਕ ਬਰੀਕ ਜਿਹੀ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰਨ ਦੀ ਸ਼ਕਤੀ ਰੱਖਦੀ ਹੈ ਤਾਂ ਤੁਹਾਡਾ ਥੋੜ੍ਹਾ ਜਿਹਾ ਹੌਸਲਾ ਹੀ ਤੁਹਾਨੂੰ ਗਮਾਂ ਦੇ ਹਨੇਰੇ ਵਿਚੋਂ ਕੱਢਣ ਦੀ ਤਾਕਤ ਰੱਖਦਾ ਹੈ। ਆਪਣੇ ਨਿੱਜ-ਬਲ 'ਤੇ ਯਕੀਨ ਰੱਖੋ। ਯਾਦ ਰੱਖੋ ਕਿ ਉੱਗਣ ਵਾਲੇ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ ਅਤੇ ਦੁਨੀਆਂ ਨੂੰ ਆਪਣਾ ਸਿਰ ਉੱਚਾ ਚੁੱਕ ਕੇ ਆਪਣੀ ਹਸਤੀ ਪ੍ਰਗਟ ਕਰਦੇ ਹਨ। ਕੋਈ ਤਫ਼ਾਨ, ਕੋਈ ਭੁਚਾਲ ਉਨ੍ਹਾਂ ਨੂੰ ਖ਼ਤਮ ਨਹੀਂ ਕਰ ਸਕਦਾ। ਉਨ੍ਹਾਂ ਦਾ ਤਾਂ ਜਨਮ ਹੀ ਤੁਫ਼ਾਨਾਂ ਦਾ ਮੁਕਾਬਲਾ ਕਰਨ ਲਈ ਹੁੰਦਾ ਹੈ। ਇਸ ਬਾਰੇ ਕਵੀ ਇਕਬਾਲ ਨੇ ਠੀਕ ਲਿਖਿਆ ਹੈ ਕਿ:
ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਉਂ ਰਹਾ ਹੈ ਦੁਸ਼ਮਨ, ਦੌਰੇ ਜ਼ਮਾਂ ਹਮਾਰਾ।
ਇੱਥੇ ਸਾਨੂੰ ਇਹ ਗੱਲ ਵੀ ਮਨ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਇਹ ਦੁੱਖ ਦੇ ਬੱਦਲ ਸਾਡੇ ਤੇ ਹਮੇਸ਼ਾਂ ਲਈ ਹੀ ਨਹੀਂ ਮੰਡਰਾਉਂਦੇ ਰਹਿ ਸਕਦੇ। ਇਹ ਤਾਂ ਜ਼ਿੰਦਗੀ ਦਾ ਇਕ ਹਿੱਸਾ ਹੀ ਹੈ। ਦੁੱਖ ਤੋਂ ਬਾਅਦ ਸੁੱਖ ਨੇ ਤਾਂ ਇਕ ਦਿਨ ਆਉਣਾ ਹੀ ਹੈ। ਜੇ ਸਾਡੇ ਸੁੱਖ ਦੇ ਦਿਨ ਨਹੀਂ ਰਹੇ ਤਾਂ ਦੁੱਖ ਦੇ ਦਿਨ ਵੀ ਨਹੀਂ ਰਹਿਣ ਵਾਲੇ। ਇਨ੍ਹਾਂ ਨੂੰ ਵੀ ਇਕ ਦਿਨ ਜਾਣਾ ਹੀ ਪੈਣਾ ਹੈ। ਅਜਿਹੀ ਉਸਾਰੂ ਸੋਚ ਵੀ ਸਾਡੇ ਔਖੇ ਸਫ਼ਰ ਨੂੰ ਸੌਖਾ ਕਰਨ ਵਿਚ ਸਹਾਈ ਹੁੰਦੀ ਹੈ। ਕਹਿੰਦੇ ਹਨ ਜਬ ਤੱਕ ਸਾਸ ਤਬ ਤੱਕ ਆਸ। ਜਾਣੀ ਬੰਦਾ ਉਮੀਦ ਦੇ ਹੀ ਸਹਾਰੇ ਜ਼ਿੰਦਾ ਹੈ।
ਇਕ ਹਿੰਦੀ ਫਿਲਮ ਦਾ ਗੀਤ ਬਹੁਤ ਹੀ ਸੁੰਦਰ ਹੈ ਜੋ ਬੰਦੇ ਨੂੰ ਦੁੱਖਾਂ ਵਿਚੋਂ ਕੱਢ ਕੇ ਉਤਸ਼ਾਹ ਦੇਣ ਵਾਲਾ ਹੈ:
ਕਿਸ ਕੇ ਰੋਕੇ ਰੁਕਾ ਹੈ ਸਵੇਰਾ
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ
ਰਾਤ ਜਿਤਨੀ ਭੀ ਸੰਗੀਨ ਹੋਗੀ
ਸੁਬਹਾ ਉਤਨੀ ਹੀ ਰੰਗੀਨ ਹੋਗੀ।
ਰਾਤ ਦੇ ਹਨੇਰੇ ਨੂੰ ਤਾਂ ਅਸੀਂ ਬਲਬ ਜਾਂ ਟਿਊਬ ਦੀ ਰੌਸ਼ਨੀ ਨਾਲ ਵੀ ਦੂਰ ਕਰ ਸਕਦੇ ਹਾਂ। ਰਸਤੇ ਦਾ ਹਨੇਰਾ ਵੀ ਸਟਰੀਟ ਲਾਈਟ ਜਾਂ ਸਕੂਟਰ ਅਤੇ ਕਾਰ ਦੀ ਰੌਸ਼ਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਇੱਥੇ ਕਵੀ ਦਾ ਮਤਲਬ ਗ਼ਮਾਂ ਦੇ ਹਨੇਰੇ ਤੋਂ ਹੈ। ਗ਼ਮ ਬਹੁਤੀ ਦੇਰ ਟਿਕਣ ਵਾਲੇ ਨਹੀਂ। ਇਕ ਦਿਨ ਜ਼ਿੰਦਗੀ ਵਿਚ ਸਵੇਰਾ ਜ਼ਰੂਰ ਹੋਵੇਗਾ ਭਾਵ ਤੁਹਾਡੇ ਦੁੱਖ ਦੂਰ ਹੋਣਗੇ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਵੀ ਜ਼ਰੂਰ ਆਏਗੀ।
ਜ਼ਿੰਦਗੀ ਵਿਚ ਦੁੱਖ ਕੇਵਲ ਮਨੁੱਖ ਨੂੰ ਢਾਹ ਲਾਉਣ ਲਈ ਹੀ ਨਹੀਂ ਆਉਂਦੇ ਸਗੋਂ ਦੁੱਖਾਂ ਦਾ ਉਸਾਰੂ ਪੱਖ ਵੀ ਹੈ। ਦੁੱਖ ਦੀ ਘੜੀ ਦੇ ਲਾਭ ਵੀ ਹਨ। ਜਿਸ ਨੇ ਕੋਈ ਦੁੱਖ ਨਹੀਂ ਦੇਖਿਆ ਉਹ ਸੁੱਖ ਦਾ ਵੀ ਆਨੰਦ ਨਹੀਂ ਮਾਣ ਸਕਦਾ। ਜਿਸ ਬੰਦੇ ਨੂੰ ਮਿਹਨਤ ਤੋਂ ਬਿਨਾਂ ਅਣ-ਕਮਾਇਆ ਧਨ ਜਾਂ ਉੱਚਾ ਅਹੁਦਾ ਮਿਲ ਜਾਏ ਉਹ ਐਸ਼ ਪ੍ਰਸਤੀ ਅਤੇ ਵਿਸ਼ੇ ਵਿਕਾਰਾਂ ਵਿਚ ਪੈ ਜਾਂਦਾ ਹੈ ਅਤੇ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਸ ਨੂੰ ਸਖ਼ਤ ਮਿਹਨਤ ਕਰਨ ਦੀ ਆਦਤ ਵੀ ਨਹੀਂ ਪੈਂਦੀ। ਮਿਹਨਤ ਨਾਲ ਹੀ ਸਰੀਰ ਅਤੇ ਦਿਮਾਗ਼ ਦਾ ਵਿਕਾਸ ਹੁੰਦਾ ਹੈ। ਉਹ ਲਗਾਤਾਰ ਸਫ਼ਲਤਾ ਦੀਆਂ ਪੌੜਆਂ ਚੜ੍ਹਦਾ ਹੈ ਅਤੇ ਉਸ ਨੂੰ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿਚ ਲਿਖਿਆ ਹੈ ਕਿ, ''ਦੁੱਖ ਦਾਰੂ ਸੁੱਖ ਰੋਗ ਭਇਆ।'' ਬੰਦੇ ਦੇ ਦੁੱਖ ਮਿੱਤਰਤਾ ਨੂੰ ਪਰਖਣ ਦੀ ਸਭ ਤੋਂ ਵੱਡੀ ਕਸੌਟੀ ਹੈ। ਦੁੱਖ ਸਮੇਂ ਹੀ ਮਨੁੱਖ ਨੂੰ ਆਪਣੇ ਅਤੇ ਬੇਗਾਨੇ ਦੀ ਸਮਝ ਪੈਂਦੀ ਹੈ। ਦੁੱਖ ਵਿਚ ਮਤਲਬੀ ਯਾਰ ਸਾਥ ਛੱਡ ਜਾਂਦੇ ਹਨ।
ਦੁੱਖ ਵਿਚ ਹੀ ਮਨੁੱਖ ਨੂੰ ਸਬਰ-ਸੰਤੋਖ ਦੀ ਆਦਤ ਪੈਂਦੀ ਹੈ। ਦੁੱਖ ਵਿਚ ਮਨੁੱਖ ਦਾ ਹੰਕਾਰ ਘਟਦਾ ਹੈ। ਉਸ ਨੂੰ ਆਪਣੇ ਸਾਥੀਆਂ ਦੇ ਸਾਥ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਉਹ ਆਪਣੇ ਆਪ ਨਾਲ ਅਤੇ ਸਮਾਜ ਨਾਲ ਜੁੜਦਾ ਹੈ। ਉਹ ਆਪਣੇ ਕਰਮਾਂ ਦੀ ਨਿਰਪੱਖ ਹੋ ਕੇ ਪੜਚੋਲ ਕਰਦਾ ਹੈ। ਉਹ ਪ੍ਰਮਾਤਮਾ ਦੀ ਸ਼ਰਨ ਵਿਚ ਵੀ ਆਉਂਦਾ ਹੈ ਅਤੇ ਮਾੜੇ ਕੰਮਾਂ ਤੋਂ ਤੋਬਾ ਕਰਦਾ ਹੈ। ਉਹ ਨਵੇਂ ਉਤਸ਼ਾਹ ਨਾਲ ਹੰਭਲਾ ਮਾਰਦਾ ਹੈ ਅਤੇ ਆਪਣੀ ਹਾਰ ਨੂੰ ਹਰ ਹੀਲੇ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਅਸਫ਼ਲਤਾ ਤੋਂ ਕੁਝ ਸਿਖੱਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਪਤਾ ਚਲਦਾ ਹੈ ਕਿ ਅਸਫ਼ਲਤਾ ਵੀ ਸਫ਼ਲਤਾ ਦੀ ਪੌੜੀ ਹੈ। ਸੁੱਖ ਦੀ ਆਸ ਮਨੁੱਖ ਲਈ ਰੌਸ਼ਨ ਮਿਨਾਰੇ ਦਾ ਕੰਮ ਕਰਦੀ ਹੈ।ਆਉਣ ਵਾਲੇ ਸੁੱਖ ਦੀ ਆਸ ਉਸ ਦਾ ਹਨੇਰੇ ਵਿਚ ਮਾਰਗ ਦਰਸ਼ਨ ਕਰਦੀ ਹੈ। ਉਸ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ।
ਕਿਸਮਤ ਦੀ ਬਜਾਏ ਹਮੇਸ਼ਾਂ ਆਪਣੇ ਕਰਮ 'ਤੇ ਵਿਸ਼ਵਾਸ ਰੱਖੋ। ਆਪਣੇ ਆਉਣ ਵਾਲੇ ਸੁੱਖਾਂ ਦਾ ਅਤੇ ਦੁੱਖਾਂ ਤੋਂ ਬਚਣ ਦਾ ਵਸੀਲਾ ਆਪਣੇ ਕਰਮਾਂ ਨਾਲ ਕਰੋ। ਗ਼ਰੀਬੀ ਇਕ ਬਹੁਤ ਵੱਡੀ ਲਾਹਣਤ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਆਉਣ ਵਾਲੇ ਕਿਸੇ ਅਚਾਨਕ ਖ਼ਰਚੇ ਨੂੰ ਪੂਰਾ ਕਰਨ ਲਈ ਅੱਜ ਹੀ ਥੋੜ੍ਹੀ ਥੋੜ੍ਹੀ ਬੱਚਤ ਕਰਨ ਦੀ ਆਦਤ ਪਾਓ ਤਾਂ ਕਿ ਕਿਸੇ ਬਿਮਾਰੀ, ਦੁਰਘਟਨਾ ਜਾਂ ਕਿਸੇ ਹੋਰ ਨੁਕਾਸਾਨ ਦੀ ਭਰਪਾਈ ਉਸ ਬੱਚਤ ਵਿਚੋਂ ਅਸਾਨੀ ਨਾਲ ਕੀਤੀ ਜਾ ਸਕੱੇ। ਐਵੇਂ ਕਿਸੇ ਦੂਸਰੇ ਅੱਗੇ ਅਜਿਹੇ ਸਮੇਂ ਹੱਥ ਨਾ ਅੱਡਣਾ ਪਏ। ਦੂਸਰਾ ਸਾਨੂੰ ਸਾਥੀਆਂ ਨਾਲ ਸਬੰਧ ਸੁਖਾਵੇਂ ਬਣਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਔਖੀ ਘੜੀ ਵਿਚ ਉਹ ਸਾਡੇ ਨਾਲ ਖੜ੍ਹ ਸਕੱਣ ਅਤੇ ਸਾਡੀ ਮਦਦ ਕਰ ਸਕਣ। ਔਖੀ ਘੜ੍ਹੀ ਵਿਚ ਜੇ ਕੋਈ ਹਮਦਰਦ ਨਾਲ ਹੋਵੇ ਤਾਂ ਬੰਦੇ ਦਾ ਹੌਸਲਾ ਵਧਦਾ ਹੈ। ਉਹ ਇਸ ਔਖੇ ਸਮੇਂ ਨੂੰ ਉਹ ਆਸਾਨੀ ਨਾਲ ਟਪਾ ਲੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਦੂਜੇ ਲੋਕਾਂ ਨਾਲ, ਭਾਵੇਂ ਉਹ ਆਰਥਿਕ ਪੱਖ ਤੋਂ ਸਾਡੇ ਨਾਲੋਂ ਕਮਜੋਰ ਹੀ ਕਿਉਂ ਨਾ ਹੋਣ, ਪਿਆਰ ਅਤੇ ਹਮਦਰਦੀ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਲ ਕਿਸੇ ਕਿਸਮ ਦੀ ਨਫ਼ਰਤ ਨਹੀਂ ਕਰਨੀ ਚਾਹੀਦੀ, ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਕਿਸੇ ਗੱਲੋਂ ਘਟੀਆ ਸਮਝਣਾ ਚਾਹੀਦਾ ਹੈ। ਸਾਨੂੰ ਦੀਨ ਦੁੱਖੀ ਦੀ ਆਪਣੀ ਸਮਰੱਥਾ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਜੇ ਅੱਜ ਅਸੀਂ ਕਿਸੇ ਦੀ ਮਦਦ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਔਖੇ ਸਮੇਂ ਵੀ ਸਾਡੀ ਮਦਦ ਲਈ ਦੋ ਹੱਥ ਜ਼ਰੂਰ ਅੱਗੇ ਆਉਣਗੇ। ਇੱਥੇ ਕਰਮਾਂ 'ਤੇ ਹੀ ਨਿਬੇੜੇ ਹੁੰਦੇ ਹਨ। ਆਪਣਾ ਬੀਜਿਆ ਹੋਇਆ ਹੀ ਵੱਢਣਾ ਪੈਂਦਾ ਹੈ। ਕਦੀ ਕਿਸੇ ਦੁਖੀ ਅਤੇ ਲਾਚਾਰ ਬੰਦੇ ਦਾ ਮਜ਼ਾਕ ਨਾ ਉਡਾਓ, ਨਾ ਹੀ ਉਸ ਦੀ ਬੇਵੱਸੀ ਦਾ ਫ਼ਾਇਦਾ ਉਠਾਉ। ਜਦ ਜੀਵਨ ਵਿਚ ਸਫ਼ਲਤਾ ਮਿਲੇ ਜਾਂ ਚੰਗੇ ਦਿਨ ਆਉਣ ਤਾਂ ਘੁਮੰਡ ਨਾ ਕਰੋ ਕਿਉਂਕਿ ਸਮਾਂ ਤਾਂ ਬਦਲਦਾ ਹੀ ਰਹਿੰਦਾ ਹੈ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਜਾਂਦੇ ਹੀ ਰਹਿੰਦੇ ਹਨ। ਚੰਗੇ ਸਮੇਂ ਵਿਚ ਆਪਣੀ ਔਕਾਤ ਨਾ ਭੁੱਲੋ ਅਤੇ ਨਾ ਹੀ ਦੂਸਰਿਆਂ ਨਾਲ ਨਫ਼ਰਤ ਕਰੋ।
ਜਦ ਦੀ ਮਨੁੱਖਤਾ ਹੌਂਦ ਵਿਚ ਆਈ ਹੈ ਤਦ ਦੀਆਂ ਕੁਦਰਤ ਦੀਆਂ ਕੁਰੋਪੀਆਂ ਵੀ ਆਉਂਦੀਆਂ ਹੀ ਰਹੀਆਂ ਹਨ ਅਤੇ ਤਬਾਹੀ ਮਚਾਉਂਦੀਆਂ ਹੀ ਰਹੀਆਂ ਹਨ ਪਰ ਮਨੁੱਖਤਾ ਫਿਰ ਵੀ ਜਿਊਂਦੀ ਰਹੀ ਹੈ।ਮਨੁੱਖ ਮਰ ਮਰ ਕੇ ਫਿਰ ਵੀ ਉੱਠਦਾ ਰਿਹਾ ਹੈ। ਉਹ ਬਚੇ ਹੋਏ ਤੀਲਿਆਂ ਨਾਲ ਹੀ ਫਿਰ ਤੋਂ ਆਪਣਾ ਆਸ਼ਿਆਨਾ ਬਣਾਉਂਦਾ ਰਿਹਾ ਹੈ ਅਤੇ ਆਪਣੀ ਹੌਂਦ ਪ੍ਰਗਟ ਕਰਦਾ ਰਿਹਾ ਹੈ। ਹਰ ਤੁਫ਼ਾਨ ਤੋਂ ਬਾਅਦ ਮਨੁੱਖ ਜੇਤੂ ਬਣ ਕੇ ਹੀ ਉਭਰਿਆ ਹੈ। ਮਨੁੱਖ ਹਮੇਸ਼ਾਂ ਕੁਦਰਤ ਨਾਲ ਲੋਹਾ ਲੈਂਦਾ ਹੀ ਰਿਹਾ ਹੈ। ਅੱਜ ਤੱਕ ਕੋਈ ਤੁਫ਼ਾਨ, ਕੋਈ ਭੁਚਾਲ ਜਾਂ ਹੋਰ ਕੋਈ ਆਫ਼ਤ ਮਨੁੱਖ ਨੂੰ ਹਰਾ ਕੇ ਉਸ ਦੀ ਹੋਂਦ ਖ਼ਤਮ ਨਹੀਂ ਕਰ ਸਕੀ। ਉਹ ਬੁਲੰਦੀਆਂ ਨੂੰ ਸਰ ਕਰਦਾ ਹੋਇਆ ਹੀ ਅੱਜ ਦੇ ਮੁਕਾਮ 'ਤੇ ਪਹੁੰਚਿਆ ਹੈ। ਇਸ ਸਮੇਂ ਉਸ ਦੀ ਧਰਤੀ, ਅਕਾਸ਼ ਅਤੇ ਸਮੁੰਦਰ 'ਤੇ ਪੂਰੀ ਸਰਦਾਰੀ ਹੈ।
ਤੁਸੀਂ ਵੀ ਇਕ ਮਨੁੱਖ ਹੋ। ਇਸ ਲਈ ਉੱਠੋ ਅਤੇ ਹੌਸਲਾ ਕਰੋ। ਹੰਭਲਾ ਮਾਰੋ। ਇਕ ਨਵਾਂ ਸਵੇਰਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਦੁੱਖਾਂ ਤਕਲੀਫ਼ਾਂ ਤੋਂ ਨਾ ਘਬਰਾਉ। ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਤੁਸੀਂ ਕੋਈ ਲੂਣ ਨਹੀਂ ਜੋ ਪਾਣੀ ਦੇ ਦੋ ਥਪੇੜਿਆਂ ਵਿਚ ਘੁਲ ਜਾਓਗੇ। ਨਾ ਹੀ ਤੁਸੀਂ ਕੋਈ ਮੋਮ ਦਾ ਟੁੱਕੜਾ ਹੋ ਜੋ ਥੋੜ੍ਹੀ ਜਿਹੀ ਧੁੱਪ ਨਾਲ ਹੀ ਪਿਘਲ ਜਾਉਗੇ। ਤੁਸੀਂ ਇਕ ਇਨਸਾਨ ਹੋ। ਇਕ ਬਹਾਦੁਰ ਇਨਸਾਨ। ਫਿਰ ਡਰ ਕਾਹਦਾ? ਆਪਣੀ ਸ਼ਕਤੀ ਨੂੰ ਪਛਾਣੋ ਅਤੇ ਦੁੱਖਾਂ ਦਾ ਸਾਹਮਣਾ ਕਰੋ। ਇਕ ਦਿਨ ਜਿੱਤ ਤੁਹਾਡੀ ਹੀ ਹੋਣੀ ਹੈ। ਇਨ੍ਹਾਂ ਦੁੱਖਾਂ ਨੇ ਹਨੇਰੇ ਦੀ ਤਰ੍ਹਾਂ ਹੀ ਭੱਜ ਜਾਣਾ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan@yahoo.in
01 Oct. 2018
ਮਾਨਸਿਕ ਤੰਦਰੁਸਤੀ - ਗੁਰਸ਼ਰਨ ਸਿੰਘ ਕੁਮਾਰ
ਜ਼ਿੰਦਗੀ ਦਾ ਸਫ਼ਰ ਕੋਈ ਸਿੱਧੀ ਸੜਕ ਦੇ ਸਫ਼ਰ ਦੀ ਤਰ੍ਹਾਂ ਆਸਾਨ ਨਹੀਂ। ਜ਼ਿੰਦਗੀ ਦੇ ਰਸਤੇ ਟੇਢੇ-ਮੇਢੇ, ਪਥਰੀਲੇ ਅਤੇ ਕੰਡਿਆਂ ਭਰੇ ਹਨ। ਮਨੁੱਖ ਨੂੰ ਕਦਮ ਕਦਮ 'ਤੇ ਅਨੇਕਾਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਹਮੇਸ਼ਾਂ ਪ੍ਰੇਸ਼ਾਨੀਆਂ ਵਿਚ ਹੀ ਘਿਰਿਆ ਰਹਿੰਦਾ ਹੈ। ਉਸ ਦੀਆਂ ਇਹ ਮਾਨਸਿਕ ਗੁੰਝਲਾਂ ਵਧਦੀਆਂ ਰਹਿੰਦੀਆਂ ਹਨ। ਇਸੇ ਲਈ ਤਾਂ ਕਈ ਫ਼ਿਲਾਸਫਰ ਕਹਿੰਦੇ ਹਨ ਕਿ ਜ਼ਿੰਦਗੀ ਇਕ ਸਜ਼ਾ ਹੈ ਜਿਸ ਦੇ ਜ਼ੁਰਮ ਦਾ ਪਤਾ ਹੀ ਨਹੀਂ।
ਅਸੀਂ ਸਹਿਮ ਦੇ ਮਾਹੌਲ ਵਿਚ ਆਪਣੀ ਜ਼ਿੰਦਗੀ ਜੀਅ ਰਹੇ ਹਾਂ। ਸਾਡਾ ਦਮ ਘੁੱਟ ਰਿਹਾ ਹੈ। ਸਮਾਜ ਦੇ ਵਖਰੇਵੇਂ ਅਤੇ ਗੁੰਡਾ ਅਨਸਰ ਸਾਡਾ ਖ਼ੂਨ ਪੀ ਰਿਹਾ ਹੈ। ਕਾਨੂਨ ਦੇ ਰਖਵਾਲੇ ਵੀ ਸਾਡੀ ਹਿਫ਼ਾਜ਼ਤ ਕਰਨ ਦੀ ਥਾਂ ਸਾਨੂੰ ਡਰਾ ਰਹੇ ਹਨ।ਮਾਨਸਿਕ ਤੌਰ 'ਤੇ ਸਾਡੇ ਅੰਦਰ ਕਈ ਗੁੰਝਲਾਂ ਪੈਦਾ ਹੋ ਗਈਆਂ ਹਨ। ਅਸੀਂ ਮਾਨਸਿਕ ਰੋਗੀ ਬਣਦੇ ਜਾ ਰਹੇ ਹਾਂ। ਕੋਈ ਵਿਅਕਤੀ ਦੇਖਣ ਵਿਚ ਬੇਸ਼ੱਕ ਸੁੰਦਰ ਅਤੇ ਸੁਡੌਲ ਹੋਏ ਪਰ ਜ਼ਰੂਰੀ ਨਹੀਂ ਕਿ ਉਹ ਮਾਨਸਿਕ ਤੌਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ॥ ਸਾਡੇ ਦੇਸ਼ ਅਤੇ ਸਮਾਜ ਵਿਚ ਕਈ ਭਿੰਨ ਭੇਦ, ਵਖਰੇਵੇਂ, ਲੋੜਾਂ-ਥੋੜਾਂ, ਕਮੀਆਂ ਅਤੇ ਬੇਇਨਸਾਫ਼ੀਆਂ ਹਨ। ਸਮਾਜ ਜਾਤ-ਪਾਤ, ਲਿੰਗ-ਭੇਦ, ਛੂਆ-ਛਾਤ, ਪੇਂਡੂ ਅਤੇ ਸ਼ਹਿਰੀ, ਸੂਬੇ ਅਤੇ ਧਰਮ ਦੇ ਆਧਾਰ 'ਤੇ ਵੰਡਿਆ ਹੋਇਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨਸ਼ੇ, ਗ਼ਰੀਬੀ ਅਤੇ ਕੁਪੋਸ਼ਨ ਆਦਿ ਸਮੱਸਿਆਵਾਂ ਵੀ ਮੂੰਹ ਅੱਡ ਕੇ ਮਨੁੱਖ ਨੂੰ ਨਿਗਲਣ ਨੂੰ ਤਿਆਰ ਖੜ੍ਹੀਆਂ ਹਨ। ਅੰਗਰੇਜ਼ ਵੀ ਸਾਡੇ ਮੁਲਕ 'ਚੋਂ ਜਾਂਦੇ-ਜਾਂਦੇ ਅੱਜ ਦੇ ਹਾਕਮਾਂ ਨੂੰ ਵਿਰਾਸਤ ਵਿਚ ਪਾੜੋ ਅਤੇ ਰਾਜ ਕਰੋ ਦਾ ਤੋਹਫ਼ਾ ਦੇ ਗਏ ਹਨ ਜੋ ਇਨ੍ਹਾਂ ਨੂੰ ਬਹੁਤ ਰਾਸ ਆ ਰਿਹਾ ਹੈ।ਇਨ੍ਹਾਂ ਨਾ-ਬਰਾਬਰੀਆਂ ਅਤੇ ਬੇਇਨਸਾਫ਼ੀਆਂ ਕਾਰਨ ਲੋਕਾਂ ਵਿਚ ਰੋਹ ਪੈਦਾ ਹੁੰਦਾ ਹੈ ਪਰ ਉਹ ਕੁਝ ਕਰ ਨਹੀਂ ਸਕਦੇ। ਇਸ ਲਈ ਮਾਨਸਿਕ ਪ੍ਰੇਸ਼ਾਨੀ ਵਿਚ ਚਲੇ ਜਾਂਦੇ ਹਨ। ਜੇ ਇਸ ਦਾ ਕੋਈ ਹੱਲ ਨਾ ਨਿਕਲੇ ਤਾਂ ਕਈ ਵਾਰੀ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਮਾਨਸਿਕ ਰੋਗੀ ਬਣ ਜਾਂਦੇ ਹਨ। ਜਦ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਟੁੱਟ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਂਦੇ ਹਨ।
ਵਿਕੀਪੀਡੀਆ ਅਤੇ ਸੰਸਾਰ ਸਿਹਤ ਸੰਸਥਾ ਦੇ ਸਰਵੇ ਦੇ ਅਨੁਸਾਰ ਹਰ ਸਾਲ ਕਰੀਬ ੧੩੫੦੦੦ ਲੋਕ ਭਾਰਤ ਵਿਚ ਖ਼ੁਦਕੁਸ਼ੀ ਕਰਦੇ ਹਨ। ਫਿਰ ਭਾਵੇਂ ਉਹ ਕਰਜ਼ੇ ਦੇ ਮਾਰੇ ਕਿਸਾਨ ਹੋਣ, ਬੱਚਿਆਂ ਦੀ ਅਣਗਹਿਲੀ ਜਾਂ ਕਿਸੇ ਬਿਮਾਰੀ ਦੇ ਮਾਰੇ ਬਜ਼ੁਰਗ ਹੋਣ, ਜਾਂ ਪਿਆਰ ਦੇ ਠੁਕਰਾਏ ਪ੍ਰੇਮੀ ਹੋਣ, ਬੇਰੁਜ਼ਗਾਰ ਨੌਜੁਆਨ ਹੋਣ ਜਾਂ ਫਿਰ ਭੁੱਖ-ਮਰੀ ਨਾਲ ਜੂਝਦੇ ਗ਼ਰੀਬ ਲੋਕ ਹੋਣ, ਸਭ ਦਾ ਕਾਰਨ ਮਾਨਸਿਕ ਉਲਾਰਤਾ ਹੀ ਹੁੰਦਾ ਹੈ। ਆਮ ਤੌਰ ਤੇ ਵਧ ਰਹੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਵੀ ਮਨੁੱਖ ਦਾ ਕਿਸੇ ਮਾਨਸਿਕ ਸਮੱਸਿਆ ਵਿਚ ਉਲਝੇ ਹੋਣ ਕਾਰਨ ਸਾਵਧਾਨੀ ਦਾ ਘਟਣਾ ਹੀ ਹੁੰਦਾ ਹੈ। ਇਸੇ ਲਈ ਕਹਿੰਦੇ ਹਨ-''ਸਾਵਧਾਨੀ ਹਟੀ, ਦੁਰਘਟਨਾ ਘਟੀ।'' ਮਾਨਸਿਕ ਪੀੜਾ ਦਾ ਰੁਝਾਨ ਕੇਵਲ ਅਨਪੜ੍ਹ ਲੋਕਾਂ ਵਿਚ ਹੀ ਨਹੀਂ ਸਗੋਂ ਪੜ੍ਹੇ ਲਿਖੇ ਲੋਕਾਂ ਦੀ ਪੀੜਾ ਕਿਧਰੇ ਜ਼ਿਆਦਾ ਹੈ। ਇੰਜ ਲਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਕਾਰਨ ਸਾਰੀ ਦੁਨੀਆਂ ਹੀ ਇਕ ਵੱਡਾ ਪਾਗਲਖ਼ਾਨਾ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਕੁਨਬਾਪ੍ਰਸਤੀ ਪ੍ਰਧਾਨ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਪਿੱਛੋਂ ਮੇਰਾ ਪੁੱਤਰ ਹੀ ਮੇਰੀ ਕੁਰਸੀ ਦਾ ਵਾਰਸ ਬਣੇ ਇਸ ਲਈ ਯੋਗਤਾ ਅਤੇ ਵਫ਼ਾਦਾਰੀ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਸ ਨਾਲ ਜਿਨ੍ਹਾਂ ਦਾ ਹੱਕ ਮਾਰਿਆ ਜਾਂਦਾ ਹ,ੈ ਉਨ੍ਹਾਂ ਵਿਚ ਨਰਾਜ਼ਗੀ ਅਤੇ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ।ਜੇ ਇਸ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਜੁਆਨ ਬੱਚਿਆਂ ਦੀਆਂ ਕੁਝ ਆਪਣੀਆਂ ਮਾਨਸਿਕ ਸਮੱਸਿਆਵਾਂ ਹੁੰਦੀਆਂ ਹਨ। ਇਸ ਉਮਰ ਵਿਚ ਉਨ੍ਹਾਂ ਦੇ ਸਰੀਰ ਵਿਚ ਕੁਝ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਉਨ੍ਹਾਂ ਦੇ ਮਨ ਵਿਚ ਕਈ ਸ਼ੰਕਾਵਾਂ ਉੱਠ ਖੜ੍ਹੀਆਂ ਹੁੰਦੀਆਂ ਹਨ। ਇਸ ਵਿਸ਼ੇ 'ਤੇ ਗੱਲ ਬਾਤ ਕਰਨਾ ਉਨ੍ਹਾਂ ਨੂੰ ਆਚਰਣ-ਹੀਨ ਲੱਗਦਾ ਹੈ। ਇਸ ਸ਼ਰਮ ਕਾਰਨ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕਈ ਵਾਰੀ ਉਹ ਬੁਰੀ ਸੰਗਤ ਵਿਚ ਵੀ ਫਸ ਜਾਂਦੇ ਹਨ। ਸਾਡੇ ਦੇਸ਼ ਵਿਚ ਨੌਜੁਆਨਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੋਈ ਖ਼ਾਸ ਇੰਤਜਾਮ ਜਾਂ ਸੰਸਥਾ ਨਹੀਂ।
ਮਾਂ-ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਉਸ ਨੂੰ ਸੰਸਕਾਰ ਵੀ ਦਿੰਦੇ ਹਨ। ਉਸ ਨੂੰ ਪਾਲ ਪੋਸ ਕੇ ਅਤੇ ਆਪਣਾ ਪਿਆਰ ਦੇ ਕੇ ਇਕ ਕਾਮਯਾਬ ਮਨੁੱਖ ਬਣਾਉਂਦੇ ਹਨ। ਕਈ ਵਾਰੀ ਬੱਚੇ ਆਪਣੇ ਫ਼ਰਜ਼ ਨੂੰ ਨਹੀਂ ਪਛਾਣਦੇ ਅਤੇ ਮਾਂ-ਬਾਪ ਦੀ ਅਣਗਹਿਲੀ ਕਰਦੇ ਹਨ। ਕਈ ਵਾਰੀ ਤਾਂ ਮੂੰਹ ਪਾੜ ਕੇ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? ਇਸ ਸਮੇਂ ਬੁੱਢੇ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦੇ ਹਨ। ਉਹ ਗ਼ਹਿਰੇ ਸਦਮੇਂ ਵਿਚ ਆ ਜਾਂਦੇ ਹਨ। ਕਈ ਬਜ਼ੁਰਗਾਂ ਨੂੰ ਬੱਚਿਆਂ ਦੀ ਬੇਰੁਖ਼ੀ ਕਾਰਨ ਬਾਕੀ ਜੀਵਨ ਬ੍ਰਿਧ ਆਸ਼ਰਮ ਵਿਚ ਕੱਟਣਾ ਪੈਂਦਾ ਹੈ। ਜਿੱਥੇ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇ ਹਨ। ਇੰਜ ਜਾਪਦਾ ਹੈ ਜਿਵੇਂ ਬੱਚੇ ਉਨ੍ਹਾਂ ਨੂੰ ਮੌਤ ਦਾ ਇੰਤਜਾਰ ਕਰਨ ਲਈ ਉੱਥੇ ਇਕੱਲੇ ਛੱਡ ਗਏ ਹੋਏ ਹੋਣ।
ਆਰਥਿਕ ਖ਼ੁਸ਼ਹਾਲੀ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਬੰਦਾ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹੋਣਾ ਚਾਹੀਦਾ ਹੈ, ਨਹੀਂ ਤੇ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ। ਜ਼ਿੰਦਗੀ ਕਦੀ ਨਹੀਂ ਰੁਕਦੀ ਪਰ ਮਾਨਸਿਕ ਰੋਗੀਆਂ ਦਾ ਵਿਕਾਸ ਰੁਕ ਜਾਂਦਾ ਹੈ। ਅਜਿਹੇ ਲੋਕ ਕੇਵਲ ਸਮਾਜ 'ਤੇ ਹੀ ਬੋਝ ਨਹੀਂ ਬਣਦੇ, ਸਗੋਂ ਉਹ ਆਪਣੇ-ਆਪ ਲਈ ਵੀ ਇਕ ਬੋਝ ਬਣ ਜਾਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਹਰ ਕੋਈ ਉੇਨ੍ਹਾਂ ਦਾ ਦੁਸ਼ਮਣ ਹੋਏ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੋਵੇ। ਅਜਿਹੇ ਲੋਕ ਆਪਣੀ ਜ਼ਿੰਦਗੀ ਜੀਅ ਨਹੀਂ ਰਹੇ ਹੁੰਦੇ, ਸਗੋਂ ਆਪਣੀ ਜ਼ਿੰਦਗੀ ਦੀ ਲਾਸ਼ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਮੌਤ ਵੱਲ ਜਾ ਰਹੇ ਹੁੰਦੇ ਹਨ।ਕਈ ਲੋਕਾਂ ਵਿਚ ਹਉਮੈਂ ਬਹੁਤ ਹੁੰਦੀ ਹੈ। ਉਹ ਇਹ ਹੀ ਸਮਝਦੇ ਹਨ ਕਿ ਅਸੀ ਸਭ ਤੋਂ ਸਿਆਣੇ ਹਾਂ। ਅਜਿਹੇ ਮਨੁੱਖਾਂ ਵਿਚ ਕੁਝ ਹੋਰ ਸਿੱਖਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਕਿਉਂਕਿ ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ।
ਮਨੁੱਖਾ ਜੀਵਨ ਅਨਮੋਲ ਹ।ੈ ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਉ, ਨਹੀਂ ਤੇ ਇਨ੍ਹਾਂ ਦਾ ਬੋਝ ਇਕ ਦਿਨ ਨਾਕਾਬਿਲੇ ਬਰਦਾਸ਼ਤ ਹੋ ਜਾਏਗਾ। ਕਦੀ ਬਾਤ ਦਾ ਬਤੰਗੜ ਨਾ ਬਣਾਓ। ਸਮੱਸਿਆ ਨੂੰ ਨਿਰਲੇਪ ਹੋ ਕੇ ਨਿਰਪੱਖ ਦ੍ਰਿਸ਼ਟੀਕੋਣ ਤੋਂ ਆਪਣੀ ਅੰਦਰਲੀ ਤੀਸਰੀ ਅੱਖ ਨਾਲ ਦੇਖੋ। ਤਣਾਅ ਨੂੰ ਆਪਣੇ ਅੰਦਰ ਜ਼ਿਆਦਾ ਦੇਰ ਨਾ ਟਿਕਣ ਦਿਓ। ਮਨ ਦੀਆਂ ਗੰਢਾਂ ਖੋਲ੍ਹੋ। ਜੇ ਲੋੜ ਪਏ ਤਾਂ ਕਿਸੇ ਹਮਦਰਦ ਦੀ ਮਦਦ ਲਓ। ਆਪਣੇ ਅੰਦਰ ਕਝੁ ਭੁੱਲਣ ਦੀ, ਕੁਝ ਅਣਦੇਖਿਆਂ ਕਰਨ ਦੀ, ਕੁਝ ਬਰਦਾਸ਼ਤ ਕਰਨ ਦੀ ਅਤੇ ਕੁਝ ਮੁਆਫ਼ ਕਰਨ ਦੀ ਆਦਤ ਪਾਉ, ਸੌਖੇ ਰਹੋਗੇ। ਹਮੇਸ਼ਾਂ ਸਹਿਜ ਵਿਚ ਰਹੋ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਆਪ ਹੱਸੋ ਅਤੇ ਦੂਸਰਿਆਂ ਨੂੰ ਵੀ ਹਸਾਓ। ਇਸੇ ਲਈ ਸਿਆਣੇ ਕਹਿੰਦੇ ਹਨ-
''ਹਰ ਮਰਜ਼ ਕਾ ਇਲਾਜ਼ ਨਹੀਂ ਦਵਾਖ਼ਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ ਸੇ।''
ਬੇਸ਼ੱਕ ਨੱਚੋ, ਟੱਪੋ, ਭੰਗੜੇ ਪਾਉ ਅਤੇ ਖ਼ੁਸ਼ੀ ਦੇ ਗੀਤ ਗਾਉ। ਕੱਲ੍ਹ ਬਾਰੇ ਜ਼ਿਆਦਾ ਨਾ ਸੋਚੋ। ਬੀਤੇ ਕੱਲ੍ਹ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਆਉਣ ਵਾਲੇ ਕੱਲ੍ਹ ਦਾ ਕੋਈ ਭਰੋਸਾ ਨਹੀਂ ਕਿ ਆਉਣਾ ਵੀ ਹੈ ਕਿ ਨਹੀਂ, ਕਿਉਂਕਿ ਸਾਨੂੰ ਸਾਹਾਂ ਦਾ ਕੋਈ ਭਰੋਸਾ ਨਹੀਂ ਕਿ ਅਗਲਾ ਸਾਹ ਆਉਣਾ ਹੈ ਕਿ ਨਹੀਂ। ਨਾ ਹੀ ਅਸੀਂ ਕਿਸੇ ਆਉਣ ਵਾਲੀ ਅਣਹੋਣੀ ਨੂੰ ਟਾਲ ਸਕਦੇ ਹਾਂ। ਤੁਹਾਡੇ ਕੋਲ ਕੇਵਲ ਆਪਣਾ ਅੱਜ ਹੈ। ਜੇ ਤੁਸੀਂ ਇਸ ਅੱਜ ਨੂੰ ਖ਼ੁਸ਼ੀ ਨਾਲ ਜੀਅ ਲਿਆ ਤਾਂ ਸਮਝੋ ਕਿ ਤੁਸੀਂ ਇਕ ਕਾਮਯਾਬ ਮਨੁੱਖ ਹੋ। ਇਸ ਲਈ ਸਦਾ ਖੇੜੇ ਵਿਚ ਰਹੋ।
ਦੂਜਿਆਂ ਨਾਲ ਜ਼ਿਆਦਾ ਦੇਰ ਨਾ ਰੁਸੋ, ਨਾ ਹੀ ਕਿਸੇ ਪ੍ਰਤੀ ਕੋਈ ਈਰਖਾ ਜਾਂ ਕੋਈ ਵੈਰ ਵਿਰੋਧ ਰੱਖੋ। ਜੇ ਕਿਸੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਤੁਹਾਡਾ ਵਿਰੋਧੀ ਹੈ। ਤੁਸੀਂ ਉਸ ਨਾਲ ਬਹਿਸ ਵਿਚ ਪੈ ਕੇ ਉਸ ਨੂੰ ਹਰਾਉਣਾ ਨਹੀਂ। ਇਸ ਤਰ੍ਹਾਂ ਉਸ ਨਾਲ ਤੁਹਾਡਾ ਰਿਸ਼ਤਾ ਟੁੱਟਦਾ ਹੈ। ਤੁਸੀਂ ਉਸ ਦਾ ਮਨ ਜਿੱਤ ਕੇ ਸਦਾ ਲਈ ਉਸ ਨੂੰ ਆਪਣਾ ਬਣਾਉਣਾ ਹੈ। ਤੁਸੀਂ ਇਹ ਸੋਚੋ ਕਿ ਕਿਸੇ ਚੀਜ਼ ਨੂੰ ਦੇਖਣ-ਪਰਖਣ ਦਾ ਅਤੇ ਸੋਚਣ ਦਾ ਉਸ ਦਾ ਨੁਕਤਾ ਤੁਹਾਡੇ ਤੋਂ ਕੁਝ ਅਲੱਗ ਹੈ। ਫਿਰ ਸ਼ਾਇਦ ਤੁਸੀ ਦੋਵੇਂ ਕਿਸੇ ਇਕ ਨੁਕਤੇ 'ਤੇ ਸਹਿਮਤ ਹੋ ਜਾਉ।
ਵਿਹਲੇ ਨਾ ਰਹੋ। ਕਿਸੇ ਨਾ ਕਿਸੇ ਕੰਮ ਵਿਚ ਜ਼ਰੂਰ ਰੁੱਝੇ ਰਹੋ। ਵਿਹਲਾ ਦਿਮਾਗ਼ ਸ਼ੈਤਾਨ ਦਾ ਕਾਰਖ਼ਾਨਾ ਹੈ ਇਸੇ ਲਈ ਕਹਿੰਦੇ ਹਨ ਕਿ 'ਬੇਕਾਰ ਸੇ ਬੇਗਾਰ ਭਲੀ'। ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੋ। ਕਈ ਲੋਕ ਪੰਜਾਹ-ਸੱਠ ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਛੱਡ ਜਾਂਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ, ਬਥੇਰਾ ਕੰਮ ਕਰ ਲਿਆ ਹੈ। ਹੁਣ ਸਾਡੇ ਆਰਾਮ ਦੇ ਦਿਨ ਹਨ। ਇਹ ਇਕ ਗ਼ਲਤ ਵਿਚਾਰ ਹੈ। ਇਹ ਰਸਤਾ ਸਿੱਧਾ ਬਿਮਾਰੀ ਵਿਚੋਂ ਹੋ ਕੇ ਮੌਤ ਵਲ ਜਾਂਦਾ ਹੈ। ਸਦਾ ਫੁਰਤੀ ਵਿਚ ਰਹੋ। ਜੇ ਤੁਸੀਂ ਬਜ਼ੁਰਗ ਹੋ ਗਏ ਹੋ ਤਾਂ ਵੀ ਸਮਾਜ ਦਾ ਅੰਗ ਬਣ ਕੇ ਰਹੋ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉ। ਤੁਸੀਂ ਸਾਬਤ ਕਰੋ ਕਿ ਤੁਸੀਂ ਹਾਲੀ ਜ਼ਿੰਦਾ ਹੋ। ਆਪਣੇ ਸਾਥੀਆਂ ਅਤੇ ਬੱਚਿਆਂ ਦੀ ਮਦਦ ਕਰੋ। ਉਨ੍ਹਾਂ ਵਿਚ ਆਪਣੇ ਕੀਮਤੀ ਤਜ਼ਰਬੇ ਵੰਡੋ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰੋ। ਇਕੱਲੇ ਰਹਿਣਾ, ਵਿਹਲੇ ਰਹਿਣ ਦਾ ਹੀ ਇਕ ਦੂਸਰਾ ਪਹਿਲੂ ਹੈ। ਆਪਣੇ ਸਾਥੀਆਂ ਨਾਲ ਹਮੇਸ਼ਾਂ ਮਿਲ ਜੁਲ ਕੇ ਰਹੋ। ਹਿੰਦੀ ਦੇ ਪ੍ਰਸਿੱਧ ਕਵੀ ਗੁਲਜ਼ਾਰ ਬਹੁਤ ਸੋਹਣਾ ਲਿਖਦੇ ਹਨ:
ਥੋੜ੍ਹੀ ਥੋੜ੍ਹੀ ਗੁਫ਼ਤਗੂ ਦੋਸਤੋਂ ਸੇ ਕਰਤੇ ਰਹੀਏ।
ਜਾਲੇ ਲਗ ਜਾਤੇ ਹੈਂ ਅਕਸਰ, ਬੰਦ ਮਕਾਨੋਂ ਮੇਂ॥
ਇਕੱਲੇ ਰਹਿਣ ਵਾਲੇ ਬੰਦੇ ਅਕਸਰ ਐਲਰਜ਼ਾਈਮਰ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਮਾਜ ਨਾਲੋਂ ਟੁੱਟ ਜਾਂਦੇ ਹਨ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ਦੇ ਅੰਗ ਵੀ ਠੀਕ ਤਰ੍ਹਾਂ ਕੰਮ ਕਰਨੋ ਹਟ ਜਾਂਦੇ ਹਨ। ਇਸ ਲਈ ਇਕੱਲੇਪਣ ਤੋਂ ਸਦਾ ਦੂਰ ਰਹੋ। ਵਿਹਲੇ ਅਤੇ ਇਕੱਲੇ ਬੰਦੇ ਡਰ ਨਾਲ ਆਪਣੀ ਮੌਤ ਤੋਂ ਪਹਿਲਾਂ ਹੀ ਕਈ ਵਾਰੀ ਮਰਦੇ ਹਨ ਪਰ ਊਸਾਰੂ ਸੋਚ ਵਾਲੇ ਮਨੁੱਖ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਦਾ ਭਰਪੂਰ ਲੁੱਤਫ਼ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅਖ਼ੀਰ ਤੱਕ ਖੇੜੇ ਵਿਚ ਰਹਿੰਦੇ ਹਨ।
ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਕਿ ਸਾਡੇ ਆਲੇ-ਦੁਆਲੇ ਕੀ ਵਰਤਾਰਾ ਵਰਤ ਰਿਹਾ ਹੈ ਸਗੋਂ ਇਹ ਹੈ ਕਿ ਜੋ ਵਰਤ ਰਿਹਾ ਹੈ ਉਸ ਬਾਰੇ ਅਸੀਂ ਕੀ ਮਹਿਸੂਸ ਕਰਦੇ ਹਾਂ। ਜੇ ਅਸੀਂ ਛੋਟੀ-ਛੋਟੀ ਗੱਲ ਨੂੰ ਦਿਲ'ਤੇ ਲਾ ਬੈਠਾਂਗੇ ਤਾਂ ਇਹ ਸਾਡੀ ਮਾਨਸਿਕ ਤੰਦਰੁਸਤੀ ਲਈ ਹਾਨੀਕਾਰਕ ਹੋਵੇਗਾ। ਦੂਜੇ ਪਾਸੇ ਜੇ ਅਸੀਂ ਕਿਸੇ ਵੱਡੀ ਦੁਰਘਟਨਾ ਜਾਂ ਮਾੜੇ ਹਾਲਾਤ ਨੂੰ ਕੁਦਰਤ ਦਾ ਨਿਯਮ ਸਮਝ ਕੇ ਲਵਾਂਗੇ ਤਾਂ ਉਸ ਦਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ। ਸਾਨੂੰ ਇਹ ਵੀ ਸਮਝਣਾ ਪਏਗਾ ਕਿ ਮਨੁੱਖ ਦੀ ਮਾਨਸਿਕ ਸਥਿੱਤੀ ਹਮੇਸ਼ਾਂ ਦੋ ਅਤੇ ਦੋ ਚਾਰ ਦੀ ਤਰ੍ਹਾਂ ਨਹੀਂ ਹੁੰਦੀ। ਮਨੁੱਖੀ ਮਨ ਕੋਈ ਮਸ਼ੀਨਰੀ ਨਹੀਂ ਹੈ ਜੋ ਸਦਾ ਇਕੋ ਜਿਹਾ ਨਤੀਜਾ ਹੀ ਦੇਵੇਗੀ। ਦੋ ਅਲੱਗ-ਅਲੱਗ ਮਨੁੱਖਾਂ ਲਈ ਜ਼ਰੂਰੀ ਨਹੀਂ ਕਿ ਇਕੋ ਫਾਰਮੂਲਾ ਹੀ ਲਾਗੂ ਹੋਵੇ। ਕਈ ਮਾਨਸਿਕ ਰੋਗੀ ਡਾਕਟਰ ਨਾਲ ਸਹਿਯੋਗ ਹੀ ਨਹੀਂ ਕਰਦ,ੇ ਇਸ ਲਈ ਉਹ ਸਿਹਤਯਾਬ ਨਹੀਂ ਹੁੰਦੇ। ਉਨ੍ਹਾਂ ਪ੍ਰਤੀ ਸਮਾਜ ਦੇ ਪਿਆਰ ਅਤੇ ਹਮਦਰਦੀ ਦੀ ਬਹੁਤ ਲੋੜ ਹੈ। ਉਨ੍ਹਾਂ ਨੂੰ ਪਿਆਰ ਨਾਲ ਪ੍ਰੇਰ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਜਲਿਟ ਗੁੰਝਲਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਹੀ ਉਹ ਸਮਾਜ ਦਾ ਨਰੋਇਆ ਅੰਗ ਬਣ ਸਕਦੇ ਹਨ। ਜਿਥੋਂ ਤੱਕ ਹੋ ਸਕੇ ਉਨ੍ਹਾਂ ਦੀਆਂ ਸ਼ਿਕਾਇਤਾਂ, ਰੋਸੇ ਅਤੇ ਗੁੱਸੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਹੀਦੀ ਹੈ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਨੂੰ ਸਮਝਾਇਆ ਜਾਏ ਕਿ ਇਹ ਅਣਹੋਣੀਆਂ ਅਤੇ ਮੁਸੀਬਤਾਂ ਕੇਵਲ ਉਨ੍ਹਾਂ ਇਕੱਲਿਆਂ 'ਤੇ ਹੀ ਨਹੀਂ ਆਈਆਂ ਸਗੋਂ ਇਹ ਕੁਦਰਤ ਦਾ ਇਕ ਆਮ ਵਰਤਾਰਾ ਹੈ ਅਤੇ ਸਭ ਨੂੰ ਕੇਵਲ ਹਿੰਮਤ ਨਾਲ ਹੀ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਛੱਡਿਆਂ ਕੋਈ ਗੱਲ ਨਹੀਂ ਬਣਦੀ। ਉਨ੍ਹਾਂ ਦੇ ਮਨ ਵਿਚੋਂ ਅਜਿਹੇ ਵਹਿਮ ਕੱਢੇ ਜਾਣ ਕਿ ਉਹ ਘਟੀਆ ਹਨ ਜਾਂ ਉਨ੍ਹਾਂ ਵਿਚ ਕੋਈ ਕਮੀ ਹੈ।
ਸਾਨੂੰ ਜ਼ਰੂਰਤ ਹੈ ਕਿ ਅਸੀਂ ਮਾਨਸਿਕ ਬਿਮਾਰੀ ਦੇ ਕਾਰਨਾ ਨੂੰ ਸਮਝ ਕੇ ਉਸ ਦਾ ਪੱਕੇ ਪੈਰੀਂ ਇਲਾਜ ਕਰੀਏ। ਮਾਨਸਿਕ ਤੌਰ 'ਤੇ ਉਲਾਰ ਵਿਅਕਤੀਆਂ ਨੂੰ ਕੇਵਲ ਡਾਕਟਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਅਜਿਹੇ ਮਰੀਜ਼ਾਂ ਨਾਲ ਕੋਈ ਵਿਤਕਰਾ ਜਾਂ ਨਫ਼ਰਤ ਵੀ ਨਹੀਂ ਕਰਨੀ ਚਾਹੀਦੀ। ਉਹ ਜਿੰਨੇ ਜੋਗੇ ਹਨ, ਉਨ੍ਹਾਂ ਗੁਣਾਂ ਕਰ ਕੇ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਅਜਿਹੇ ਮਾਨਸਿਕ ਰੋਗੀ ਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਬਹੁਤ ਚੰਗਾ ਹੈਂ। ਤੂੰ ਇਹ ਕੰਮ ਕਰ ਸਕਦਾ ਹੈਂ। ਇਕ ਦਿਨ ਤੂੰ ਜ਼ਰੂਰ ਕਾਮਯਾਬ ਹੋਵੇਂਗਾ। ਅਸੀਂ ਤੇਰੇ ਨਾਲ ਹਾਂ ਆਦਿ। ਇਸ ਕੰਮ ਲਈ ਸਰਕਾਰ ਅਤੇ ਬਾਕੀ ਸਮਾਜ ਦੇ ਭਰਪੂਰ ਸਹਿਯੋਗ ਦੀ ਲੋੜ ਹੈ ਕਿਉਂਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
26 Oct. 2018
ਕੀ ਅਸੀਂ ਸਿਆਣੇ ਹੋ ਗਏ ਹਾਂ? - ਗੁਰਸ਼ਰਨ ਸਿੰਘ ਕੁਮਾਰ
ਅੱਜ ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਅਸੀਂ ਧਰਤੀ ਤੋਂ ਸਾਲ ਵਿਚ ਚਾਰ ਚਾਰ ਫ਼ਸਲਾਂ ਪੈਦਾ ਕਰ ਰਹੇ ਹਾਂ। ਕਈ ਕਾਰਖ਼ਾਨੇ ਅਤੇ ਸੁੰਦਰ ਇਮਾਰਤਾਂ ਖੜੀਆਂ ਕਰ ਲਈਆਂ ਹਨ। ਰੇਲ ਲਾਈਨਾਂ, ਸੜਕਾਂ ਅਤੇ ਨਹਿਰਾਂ ਦੇ ਜਾਲ ਵਿਛਾ ਦਿੱਤੇ ਹਨ। ਅਸੀ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਸਰ ਕਰ ਲਿਆ ਹੈ। ਗ਼ਹਿਰੇ ਸਮੁੰਦਰਾਂ ਨੂੰ ਹੰਗਾਲ ਕੇ ਕਈ ਖ਼ਜ਼ਾਨੇ ਲੱਭ ਲਏ ਹਨ।ਅਸੀਂ ਪੁਲਾੜ ਵਿਚ ਲਗਾਤਾਰ ਉਡਾਰੀਆਂ ਮਾਰ ਕੇ ਬੁਲੰਦੀਆਂ ਨੂੰ ਛੂਹ ਰਹੇ ਹਾਂ। ਚੰਨ 'ਤੇ ਤਾਂ ਅਸੀਂ ਕਈ ਸਾਲ ਪਹਿਲਾਂ (1969 ਵਿਚ) ਹੀ ਆਪਣੇ ਕਦਮ ਰੱਖ ਲਏ ਸਨ। ਹੁਣ ਜਲਦੀ ਹੀ ਮੰਗਲ ਗ੍ਰਹਿ 'ਤੇ ਵੀ ਆਪਣੇ ਪੈਰ ਪਸਾਰਨ ਵਾਲੇ ਹਾਂ। ਅਸੀ ਆਸਮਾਨ ਨੂੰ ਚੀਰ ਕੇ ਅੱਗੇ ਵਧ ਰਹੇ ਹਾਂ ਅਤੇ ਸਿਤਾਰਿਆਂ ਨੂੰ ਛੂਹ ਰਹੇ ਹਾਂ। ਇਸ ਪ੍ਰਕਾਰ ਅਸੀਂ ਕੁਦਰਤ ਦੇ ਕਈ ਗੁੱਝੇ ਭੇਦ ਉਜਾਗਰ ਕੀਤੇ ਹਨ।
ਸਾਡੇ ਕੋਲ ਸੰਚਾਰ ਸਾਧਨ ਵੀ ਬਹੁਤ ਹੋ ਗਏ ਹਨ। ਸਾਡੇ ਹਵਾਈ ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਹਨ ਕਿ ਜੇ ਅਸੀਂ ਸਵੇਰ ਦਾ ਨਾਸ਼ਤਾ ਦਿੱਲੀ ਵਿਚ ਕਰੀਏ ਤਾਂ ਦੁਪਹਿਰ ਦਾ ਖਾਣਸਾਸਸਸ ਲੰਡਨ ਅਤੇ ਰਾਤ ਦਾ ਭੋਜਨ ਅਮਰੀਕਾ ਵਿਚ ਕਰ ਸਕਦੇ ਹਾਂ॥ ਇੰਟਰਨੱੈਟ ਅਤੇ ਕੰਪਿਊਟਰ ਦੀ ਖੋਜ ਨੇ ਪ੍ਰਦੇਸ਼ਾਂ ਦੀਆਂ ਦੂਰੀਆਂ ਖ਼ਤਮ ਕਰ ਦਿੱਤੀਆਂ ਹਨ। ਆਪਣੇ ਕੰਪਿਊਟਰ ਦਾ ਬਟਨ ਦਬਾਉਂਦੇ ਹੀ ਦੁਨੀਆਂ ਦਾ ਮਨਚਾਹਿਆ ਗਿਆਨ ਸਾਡੇ ਕੰਪਿਊਟਰ ਦੇ ਪਰਦੇ ਤੇ ਆ ਜਾਂਦਾ ਹੈ। ਅੱਖ ਝਪਕਦੇ ਹੀ ਅਸੀਂ ਸਾਰੀ ਦੁਨੀਆਂ ਦੀ ਖ਼ਬਰ ਹਾਸਿਲ ਕਰ ਲੈਂਦੇ ਹਾਂ।ਕੰਪਿਊਟਰ ਹਮੇਸ਼ਾਂ ਸਾਡਾ ਹੁਕਮ ਮੰਨਣ ਲਈ ਇਕ ਜਿੰਨ ਦੀ ਤਰ੍ਹਾਂ ਸਾਡੇ ਕੋਲ ਤਿਆਰ-ਬਰ-ਤਿਆਰ ਰਹਿੰਦਾ ਹੈ।
ਅਸੀਂ ਰੋਬੋਟ (ਨਕਲੀ ਮਨੁੱਖ) ਅਤੇ ਕਈ ਹੋਰ ਮਸ਼ੀਨਾਂ ਤਿਆਰ ਕਰ ਲਈਆਂ ਹਨ ਜੋ ਘੱਟ ਮਿਹਨਤ ਅਤੇ ਘੱਟ ਸਮੇਂ ਨਾਲ ਸਾਡੇ ਆਪਣੇ ਹੱਥਾਂ ਨਾਲ ਕਰਨ ਵਾਲੇ ਕੰਮ ਮਿੰਟਾਂ-ਸਕਿੰਟਾਂ ਵਿਚ ਜ਼ਿਆਦਾ ਸੁਚੱਜਤਾ ਨਾਲ ਕਰ ਦਿੰਦੀਆਂ ਹਨ।ਇਸ ਨਾਲ ਸਾਨੂੰ ਘੱਟ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਸਾਡੀ ਜ਼ਿੰਦਗੀ ਸੌਖੀ ਹੋ ਗਈ ਹੈ। ਅਸੀਂ ਸੋਹਣੀਆਂ-ਸੋਹਣੀਆਂ ਗਗਨ ਚੁੰਬੀ ਇਮਾਰਤਾਂ ਵੀ ਖੜੀਆਂ ਕਰ ਲਈਆਂ ਹਨ। ਅਸੀਂ ਕਈ ਹਵਾਈ ਅੱਡੇ ਅਤੇ ਸੋਹਣੇ ਸੋਹਣੇ ਸਕੂਲ਼ ਵੀ ਬਣਾ ਲਏ ਹਨ। ਸਾਡੇ ਬੱਚਿਆਂ ਨੂੰ ਮਹਿੰਗੇ ਕੱਪੜੇ, ਸੋਹਣੀਆਂ ਸਕੂਲ਼ ਡਰੈਸਾਂ, ਭਰਪੂਰ ਖ਼ੁਰਾਕ, ਮਹਿੰਗੇ ਮੋਬਾਇਲ, ਕੰਪਿਊਟਰ ਅਤੇ ਹੋਰ ਸਭ ਸੁੱਖ ਸਹੂਲਤਾਂ ਮਿਲ ਰਹੀਆਂ ਹਨ। ਸਾਡੀ ਦਿਖ ਸੁੰਦਰ ਬਣ ਗਈ ਹੈ। ਅਸੀਂ ਮੈਨ ਤੋਂ ਜੈਂਟਲਮੈਨ ਬਣ ਗਏ ਹਾਂ ਜਾਂ ਇਉਂ ਕਹਿ ਲਉ ਕਿ ਅਸੀਂ ਬਨਮਾਨਸ ਤੋਂ ਸੁਲਝੇ ਹੋਏ ਸ਼ਹਿਰੀ ਮਨੁੱਖ ਬਣ ਗਏ ਹਾਂ।ਸਾਨੂੰ ਘਰ ਬੈਠਿਆਂ ਹੀ ਦੁਨੀਆਂ ਦੀਆਂ ਸਭ ਸੁੱਖ ਸਹੂਲਤਾਂ ਉਪਲੱਬਤ ਹੋ ਜਾਂਦੀਆਂ ਹਨ। ਹੋਰ ਸਾਨੂੰ ਕੀ ਚਾਹੀਦਾ ਹੈ?
ਅਸੀਂ ਕਈ ਮਾਰੂ ਬਿਮਾਰੀਆਂ ਦਾ ਇਲਾਜ ਲੱਭ ਲਿਆ ਹੈ। ਪਲੇਗ, ਹੈਜ਼ਾ ਅਤੇ ਟੀ. ਬੀ. ਆਦਿ ਬਿਮਾਰੀਆਂ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਮਨੁੱਖ ਦੀ ਆਮ ਉਮਰ ਵਧ ਗਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਵਾਕਿਆ ਹੀ ਪੂਰਨ ਮਨੁੱਖ ਬਣ ਗਏ ਹਾਂ ਅਤੇ ਸਿਆਣੇ ਹੋ ਗਏ ਹਾਂ? ਕੀ ਅਸੀਂ ਪਹਿਲਾਂ ਨਾਲੋਂ ਸੁਖੀ ਹਾਂ? ਜੇ ਅਸੀਂ ਸੁਖੀ ਹਾਂ ਤਾਂ ਸਾਡੇ ਮਨ ਵਿਚ ਬੇਚੈਨੀ ਕਿਉਂ ਹੈ? ਅਸੀਂ ਘੁਟਣ ਜਹੀ ਕਿਉਂ ਮਹਿਸੂਸ ਕਰ ਰਹੇ ਹਾਂ? ਅਸੀਂ ਕਿਉਂ ਹਰ ਸਮੇਂ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਾਂ। ਸਾਡੇ ਸੁੰਦਰ ਕੱਪੜੇ ਅਤੇ ਚਮਕਦੇ ਚਿਹਰੇ ਕਿਧਰੇ ਝੂਠ ਤਾਂ ਨਹੀਂ ਬੋਲ ਰਹੇ? ਇਸ ਦੀ ਅਸਲੀਅਤ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਣਾ ਇਹ ਹੈ ਕਿ ਕੌਣ ਸਭ ਤੋਂ ਜ਼ਿਆਦਾ ਸੁਖੀ ਹੈ, ਸੋਨੇ ਦੀ ਚੇਨ ਵਾਲਾ ਜਾਂ ਚੈਨ ਨਾਲ ਸੌਣ ਵਾਲਾ? ਸਾਡੀ ਪ੍ਰੇਸ਼ਾਨੀ ਦਾ ਇਹ ਵੀ ਕਾਰਨ ਹੈ ਕਿ ਅਸੀਂ ਆਪਣੇ ਆਪ ਤੋਂ ਟੁੱਟ ਚੁੱਕੇ ਹਾਂ। ਜਿਵੇਂ ਕੋਈ ਪੌਦਾ ਜੇ ਆਪਣੀਆਂ ਜੜ੍ਹਾਂ ਤੋਂ ਉੱਖੜ ਜਾਏ ਤਾਂ ਉਹ ਸੁੱਕ ਜਾਂਦਾ ਹੈ। ਅਸੀਂ ਆਪਣੀ ਬਾਹਰੀ ਦਿਖ ਨੂੰ ਸਜਾ ਲਿਆ ਹੈ ਪਰ ਅਸੀਂ ਆਪਣੀ ਅੰਤਰ-ਆਤਮਾ ਤੋਂ ਟੁੱਟ ਚੁੱਕੇ ਹਾਂ। ਕਿਸੇ ਸੁੰਦਰ ਸੁਡੋਲ ਸਰੀਰ ਦਾ ਮਤਲਬ ਇਹ ਨਹੀਂ ਕਿ ਉਹ ਮਾਨਸਿਕ ਤੋਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ ਅਤੇ ਉਸ ਦੀ ਆਤਮਾ ਵੀ ਓਨੀ ਹੀ ਬਲਵਾਨ ਹੋਵੇਗੀ।
ਸ਼ਾਡੇ ਉਪਰੋਕਤ ਵਿਚਾਰਾਂ ਦਾ ਉੱਤਰ ਸਾਨੂੰ ਹਾਂ ਵਿਚ ਨਹੀਂ ਮਿਲਦਾ। ਇਸ ਦਾ ਮਤਲਬ ਹੈ ਕਿ ਅਸੀਂ ਜ਼ਰੂਰ ਕਿਧਰੇ ਨਾ ਕਿਧਰੇ ਕੋਈ ਗ਼ਲਤੀ ਕਰ ਰਹੇ ਹਾਂ। ਸਾਡੇ ਅੰਦਰ ਕੋਈ ਨਾ ਕੋਈ ਟੀਸ ਹੈ ਜੋ ਸਾਨੂੰ ਹਰ ਸਮੇਂ ਕਟੋਚਦੀ ਰਹਿੰਦੀ ਹੈ। ਐਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਜ਼ਿਆਦਾ ਸਮਝਦਾਰ ਨਹੀਂ ਬਣੇ। ਅੱਜ ਸਾਡੇ ਕੋਲ ਸਕੂਲ ਬਹੁਤ ਹਨ ਪਰ ਅਸਲੀ ਵਿੱਦਆ ਘੱਟ ਹੈ। ਸਾਡੇ ਕੋਲ ਡਿਗਰੀਆਂ ਬਹੁਤ ਹਨ ਪਰ ਤਮੀਜ਼ ਘੱਟ ਹੈ। ਦਵਾਈਆਂ, ਡਾਕਟਰ ਅਤੇ ਹਸਪਤਾਲ ਬਹੁਤ ਹਨ ਪਰ ਤੰਦਰੁਸਤੀ ਘੱਟ ਹੈ। ਮੋਬਾਈਲ 'ਤੇ ਦੋਸਤ ਬਹੁਤ ਹਨ ਪਰ ਵਫ਼ਾਦਾਰੀ ਘੱਟ ਹੈ। ਅਸੀਂ ਸਾਰੀ ਦੁਨੀਆਂ ਦੀ ਖ਼ਬਰ ਰੱਖਦੇ ਹਾਂ ਪਰ ਗੁਆਂਢੀ ਬਾਰੇ ਕੋਈ ਜਾਣਕਾਰੀ ਨਹੀਂ। ਸਾਡੇ ਕੋਲ ਪੈਸਾ ਬਹੁਤ ਹੈ ਪਰ ਮਨ ਦਾ ਸਕੂਨ ਨਹੀਂ। ਫਿਰ ਅਸੀਂ ਕਿਹੜੀ ਤਰੱਕੀ ਕੀਤੀ ਹੈ? ਸਾਨੂੰ ਕਿਸ 'ਤੇ ਮਾਣ ਹੈ? ਕਹਿੰਦੇ ਹਨ ਕਿ ਕੋਈ ਪੰਛੀ ਆਸਮਾਨ ਵਿਚ ਜਿੰਨਾਂ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਕਰਨ ਲਈ ਉਸ ਨੂੰ ਹੇਠਾਂ ਧਰਤੀ 'ਤੇ ਹੀ ਆਉਣਾ ਪਵੇਗਾ।
ਅਸੀਂ ਅੱਗਾ ਦੌੜ ਅਤੇ ਪਿੱਛਾ ਚੌੜ ਕਰੀ ਜਾ ਰਹੇ ਹਾਂ। ਅਸੀਂ ਝੂਠ ਨੂੰ ਸੱਚ ਦਾ ਬੁਰਕਾ ਪੁਆ ਕੇ ਪੇਸ਼ ਕਰ ਰਹੇ ਹਾਂ। ਕਹਿੰਦੇ ਹਨ ਕਿ ਨਾਲਾਇਕ ਬੱਚਿਆਂ ਦੇ ਬਸਤੇ ਭਾਰੀ। ਅਸੀਂ ਬਹੁਤ ਪੜ੍ਹੇ ਲਿਖੇ ਹਾਂ ਪਰ ਸਮਝਦਾਰ ਨਹੀਂ। ਜਿੱਥੇ ਅਸੀਂ ਤੇਜ਼ ਰਫ਼ਤਾਰ ਰਾਕਟ ਬਣਾ ਲਏ ਹਨ ਅਤੇ ਹੋਰ ਸੁੱਖ ਸਹੂਲਤਾਂ ਦੇ ਸਾਧਨ ਤਿਆਰ ਕਰ ਲਏ ਹਨ ਉੱਥੇ ਅਸੀਂ ਕਈ ਮਾਰੂ ਹੱਿਥਆਰ, ਹਵਾ ਤੋਂ ਹਵਾ ਵਿਚ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ, ਐਟਮ ਬੰਬ ਅਤੇ ਹਾਈਡਰੋਜਨ ਬੰਬ ਵੀ ਬਣਾ ਲਏ ਹਨ ਜੋ ਇਕ ਬਟਨ ਦੱਬਦਿਆਂ ਹੀ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ। ਸਾਰੀ ਦੁਨੀਆਂ ਇਕ ਬਾਰੂਦ ਦੇ ਢੇਰ 'ਤੇ ਬੈਠੀ ਹੈ। ਇਕ ਪਾਸੇ ਅਸੀਂ ਬੁਲੰਦੀਆਂ ਨੂੰ ਛੂਹ ਰਹੇ ਹਾਂ ਦੂਜੇ ਪਾਸੇ ਅਸੀਂ ਰਸਾਤਲ ਵਿਚ ਗ਼ਰਕ ਹੁੰਦੇ ਜਾ ਰਹੇ ਹਾਂ।
ਅਸੀਂ ਬਹੁਤ ਹੇਰਾ ਫੇਰੀਆਂ ਅਤੇ ਭ੍ਰਿਸ਼ਟਾਚਾਰ ਕਰ ਕੇ ਅਤੇ ਨਕਲੀ ਵਸਤੂਆਂ ਬਾਜ਼ਾਰ ਵਿਚ ਉਤਾਰ ਕੇ ਧਨ ਵੀ ਬਹੁਤ ਕਮਾ ਲਿਆ ਹੈ। ਸਾਡੇ ਇਹ ਗ਼ਲਤ ਕੰਮ ਹੀ ਸਾਨੂੰ ਅੰਦਰੋਂ ਘੁਣ ਵਾਂਗ ਖੋਖਲਾ ਕਰ ਰਹੇ ਹਨ। ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ ਕਿ ਅਸੀਂ ਨਕਲੀ ਦੁੱਧ ਤਿਆਰ ਕਰਨ ਵਿਚ ਕਾਮਯਾਬ ਹੋ ਗਏ ਹਾਂ ਪਰ ਇਹ ਹੀ ਨਕਲੀ ਦੁੱਧ ਰੋਜ਼ਾਨਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਵੀ ਪੀਣ ਨੰ ਮਿਲ ਰਿਹਾ ਹੈ। ਅੰਤਰ ਰਾਸ਼ਟਰੀ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਸਾਡੇ ਬੰਦ ਕਪਾਟ ਖੋਲ੍ਹਣ ਵਾਲੀ ਹੈ। ਜੋ ਇਸ ਪ੍ਰਕਾਰ ਹੈ,''2025 ਤੱਕ 87% ਭਾਰਤੀ ਕੈਂਸਰ ਦਾ ਸ਼ਿਕਾਰ ਹੋ ਸਕਦੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਬਾਜ਼ਾਰਾਂ ਵਿਚ ਵਿਕ ਰਹੇ ਦੁੱਧ ਵਿਚ ਮਿਲਾਵਟ ਹੈ। ਇਸ ਦੁੱਧ ਨੂੰ ਪੀਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਜੇ ਇਸ ਮਿਲਾਵਟ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਭਾਰਤ ਵਿਚ ਵੱਡੀ ਆਬਾਦੀ ਕੈਂਸਰ ਦੀ ਲਪੇਟ ਵਿਚ ਆ ਜਾਵੇਗੀ।ਭਾਰਤ ਵਿਚ ਵਿਕਣ ਵਾਲਾ 68.7% ਦੁੱਧ ਮਿਲਾਵਟੀ ਹੈ।''
ਇੱਥੇ ਹੀ ਬਸ ਨਹੀਂ ਅਸੀਂ ਖਾਣ ਪੀਣ ਦੀਆਂ ਬਾਕੀ ਵਸਤੂਆਂ ਵਿਚ ਵੀ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਸਾਡੀ ਆਪਣੀ ਹੀ ਸਿਹਤ ਲਈ ਬਹੁਤ ਘਾਤਕ ਹੈ। ਸਾਡੇ ਲਈ ਪੈਸਾ ਬਹੁਤ ਅਹਿਮ ਹੋ ਗਿਆ ਹੈ। ਸਾਨੂੰ ਪੈਸਾ ਮਿਲਣਾ ਚਾਹੀਦਾ ਹੈ, ਬਾਕੀ ਦੁਨੀਆਂ ਮਰਦੀ ਹੈ ਤਾਂ ਮਰੇ ਪਈ, ਸਾਨੂੰ ਇਸ ਨਾਲ ਕੀ? ਹਰ ਚੀਜ਼ ਦੀ ਹੱਦ ਹੁੰਦੀ ਹੈ ਪਰ ਅਸੀਂ ਬੇਇਮਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਾਂ।ਬਨਸਪਤੀ ਦੀ ਉੱਪਜ ਵਧਾਉਣ ਲਈ ਅਸੀਂ ਰਸਾਇਣਿਕ ਖਾਦਾਂ ਵਰਤ ਰਹੇ ਹਾਂ। ਫ਼ਲਾਂ ਅਤੇ ਸਬਜ਼ੀਆਂ ਦਾ ਸਾਈਜ਼ ਵਧਾਉਣ ਲਈ ਉਨ੍ਹਾਂ ਨੂੰ ਟੀਕੇ ਲਾ ਰਹੇ ਹਾਂ ਅਤੇ ਉਨ੍ਹਾਂ ਦੀ ਦਿੱਖ ਸੋਹਣੀ ਕਰਨ ਲਈ ਉਨ੍ਹਾਂ 'ਤੇ ਰਸਾਇਨਿਕ ਰੰਗ ਚਾੜ੍ਹਿਆ ਜਾ ਰਿਹਾ ਹੈ। ਇਹ ਸਭ ਕੁਝ ਸਿਹਤ ਲਈ ਬਹੁਤ ਖ਼ਤਰਨਾਕ ਹੈ। ਘਿਓ, ਪਨੀਰ ਅਤੇ ਖੋਇਆ ਵੀ ਨਕਲੀ ਬਣਨ ਲੱਗ ਪਏ ਹਨ। ਚਾਵਲ, ਚੀਨੀ ਅਤੇ ਕਣਕ ਆਦਿ ਵੀ ਪਲਾਸਟਿਕ ਦੇ ਬਣਨ ਲੱਗ ਪਏ ਹਨ। ਜ਼ਰਾ ਸੋਚੋ ਇਹ ਸਭ ਕੁਝ ਮਨੁੱਖ ਦੇ ਅੰਦਰ ਜਾ ਕੇ ਕਿੰਨਾਂ ਮਾੜਾ ਅਸਰ ਕਰੇਗਾ? ਫਿਰ ਵੀ ਇਹ ਸਭ ਕੁਝ ਹੋ ਰਿਹਾ ਹੈ। ਸਰਕਾਰ ਵੀ ਇਸ ਮਿਲਾਵਟ ਨੂੰ ਰੋਕਣ ਵਿਚ ਅਸਮਰੱਥ ਹੈ। ਮਨੁੱਖਤਾ ਭਿਆਨਕ ਰੋਗਾਂ ਵਿਚ ਗ੍ਰਸਤ ਹੋ ਰਹੀ ਹੈ। ਨਵੀਆਂ-ਨਵੀਆਂ ਭਿਅੰਕਰ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ।ਦੇਸ਼ ਦੀਆਂ ਅੱਧਿਓਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਅਸੀਂ ਦਰਖ਼ਤਾਂ ਦੀ ਅੰਨ੍ਹੇ ਵਾਹ ਕਟਾਈ ਕਰ ਕੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਹਵਾ, ਪਾਣੀ ਅਤੇ ਸ਼ੋਰ ਦਾ ਪ੍ਰਦੂਸ਼ਣ ਵਧਾ ਰਹੇ ਹਾਂ। ਅਸੀਂ ਧਰਤੀ ਅਤੇ ਨਦੀਆਂ ਵਿਚ ਲਗਾਤਾਰ ਕਾਰਖ਼ਾਨਿਆਂ ਦਾ ਗੰਦਾ ਰਸਾਨਿਕ ਪਾਣੀ ਮਿਲਾਉਂਦੇ ਜਾ ਰਹੇ ਹਾਂ। ਹਵਾ ਵਿਚ ਗੱਡੀਆਂ ਅਤੇ ਕਾਰਖ਼ਾਨਿਆਂ ਦਾ ਜ਼ਹਿਰੀਲਾ ਧੂਆਂ ਮਿਲਾਇਆ ਜਾ ਰਿਹਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਲੋਕ ਦਮੇਂ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਨਾਲ ਦੁਖੀ ਹਨ। ਵਾਤਾਵਰਨ ਵਿਚ ਸਾਡੇ ਸਪੀਕਰ ਅਤੇ ਗੱਡੀਆਂ ਦੇ ਹਾਰਨਾਂ ਦੀ ਕੰਨ ਪਾੜ੍ਹਵੀਂ ਆਵਾਜ਼ ਸਾਨੂੰ ਇਕ ਮਿੰਟ ਵੀ ਚੈਨ ਨਾਲ ਬੈਠਣ ਨਹੀਂ ਦਿੰਦੀ। ਅਸੀਂ ਮਨ ਦਾ ਸਕੂਨ ਗੁਆ ਲਿਆ ਹੈ।
ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਬੇਇਮਾਨੀ ਨਾਲ ਧਨ ਕਮਾਉਣ ਦਾ ਕੀ ਫਾਇਦਾ? ਯਾਦ ਰੱਖੋ ਕਿ ਤੁਹਾਡਾ ਕਮਾਇਆ ਹੋਇਆ ਧਨ ਤੁਹਾਡੀ ਥਾਂ 'ਤੇ ਕੋਈ ਦੂਸਰਾ ਇਸਤੇਮਾਲ ਕਰ ਸਕਦਾ ਹੈ ਅਤੇ ਉਸ ਦਾ ਸੁੱਖ ਵੀ ਉਠਾ ਸਕਦਾ ਹੈ ਪਰ ਜੇ ਤੁਸੀਂ ਕਿਸੇ ਭਿਆਨਕ ਬਿਮਾਰੀ ਵਿਚ ਫਸ ਜਾਂਦੇ ਹੋ ਤਾਂ ਤੁਹਾਡੀ ਇਹ ਬਿਮਾਰੀ ਕੋਈ ਦੂਸਰਾ ਨਹੀਂ ਵੰਡਾ ਸਕਦਾ। ਸਾਰਾ ਕਸ਼ਟ ਤੁਹਾਨੂੰ ਆਪਣੇ ਸਰੀਰ 'ਤੇ ਹੀ ਝੱਲਣਾ ਪਏਗਾ। ਬੰਦੇ ਦੀ ਆਰਥਿਕ ਸਥਿੱਤੀ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਏ ਪਰ ਜੀਵਨ ਦਾ ਆਨੰਦ ਲੈਣ ਲਈ ਉਸ ਦੀ ਮਾਨਸਿਕ ਸਥਿੱਤੀ ਵੀ ਚੰਗੀ ਹੋਣੀ ਚਾਹੀਦੀ ਹੈ।
ਜੇ ਅਸੀਂ ਸੱਚ-ਮੁੱਚ ਹੀ ਸਿਆਣੇ ਬਣ ਗਏ ਹਾਂ ਅਸੀਂ ਅਮਨ ਅਤੇ ਸ਼ਾਂਤੀ ਨਾਲ ਰਹਿਣਾ ਕਿਉਂ ਨਹੀਂ ਸਿੱਖਦੇ? ਅਸੀਂ ਧਰਤੀ 'ਤੇ ਲੀਕਾਂ ਪਾ ਕੇ ਦੇਸ਼ਾਂ ਦਰਮਿਆਨ ਸਰਹੱਦਾਂ ਬਣਾ ਲਈਆਂ ਹਨ। ਇਹ ਹੀ ਵਖਰੇਵਾਂ ਸਾਡੇ ਦਿਲਾਂ ਵਿਚ ਵੀ ਪੈਦਾ ਹੋ ਗਿਆ ਹੈ। ਹਰ ਮਨੁੱਖ ਗੁਆਂਢੀ ਦੇਸ਼ ਦੇ ਸ਼ਹਿਰੀ ਨੂੰ ਦੁਸ਼ਮਣ ਦੀ ਤਰ੍ਹਾਂ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਪੂਰੀ ਦੁਨੀਆਂ ਵਿਚ ਅੱਤਵਾਦ ਦਾ ਜਿੰਨ ਸਾਰੀ ਮਨੁੱਖਤਾ ਨੂੰ ਨਿਗਲਣ ਲਈ ਤਿਆਰ ਖੜ੍ਹਾ ਹੈ। ਸਾਨੂੰ ਕੋਈ ਪਤਾ ਨਹੀਂ ਕਿ ਕਦ ਕੋਈ ਗੋਲੀ ਆ ਕੇ ਸਾਡੀ ਜ਼ਿੰਦਗੀ ਦਾ ਕੰਮ ਤਮਾਮ ਕਰ ਦੇਵੇ। ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਹਰ ਦੇਸ਼ ਹਰ ਸਾਲ ਖ਼ਰਬਾਂ ਰੁਪਏ ਹੱਥਿਆਰਾਂ ਅਤੇ ਫ਼ੌਜ਼ਾਂ 'ਤੇ ਖ਼ਰਚ ਕਰਦਾ ਹੈ। ਫਿਰ ਵੀ ਸਰਹੱਦਾਂ 'ਤੇ ਹਰ ਸਾਲ ਲੱਖਾਂ ਫ਼ੌਜ਼ੀ ਹਰ ਸਾਲ ਮਰ ਰਹੇ ਹਨ।ਕੀਮਤੀ ਜਾਨਾਂ ਬੇਕਾਰ ਜਾ ਰਹੀਆਂ ਹਨ। ਅਸੀਂ ਪਹਿਲੀਆਂ ਦੋ ਭਿਆਨਕ ਸੰਸਾਰ ਜੰਗਾਂ ਤੋਂ ਕੁਝ ਨਹੀਂ ਸਿੱਖਿਆ। ਅਸੀਂ ਫਿਰ ਤੋਂ ਆਪਣੀ ਹੀ ਤਬਾਹੀ 'ਤੇ ਤੁਰੇ ਹੋਏ ਹਾਂ। ਜੇ ਅਸੀਂ ਸਿਆਣੇ ਬਣੀਏ ਅਤੇ ਆਪਣੇ ਸਾਰੇ ਹੁਨਰ ਅਤੇ ਗੁਣਾਂ ਨੂੰ ਸਮਝਦਾਰੀ ਨਾਲ ਗ਼ਲਤ ਪਾਸੇ ਦੀ ਥਾਂ ਉਸਾਰੂ ਪਾਸੇ ਵਰਤੀਏ ਅਤੇ ਆਪਸ ਵਿਚ ਸੁਲਾਹ ਸਫ਼ਾਈ ਨਾਲ ਰਹੀਏ ਤਾਂ ਇਹ ਹੀ ਧਨ ਸਾਡੇ ਵਿਕਾਸ 'ਤੇ ਲੱਗ ਸਕਦਾ ਹੈ। ਕੁਪੋਸ਼ਨ ਨਾਲ ਮਰ ਰਹੇ ਬੱਚਿਆਂ ਨੂੰ ਚੰਗੀ ਖ਼ੁਰਾਕ, ਚੰਗੀ ਵਿੱਦਿਆ, ਪਹਿਨਣ ਨੂੰ ਕੱਪੜਾ 'ਤੇ ਹੋਰ ਸੁੱਖ-ਸਹੂਲਤਾਂ ਮਿਲ ਸਕਦੀਆਂ ਹਨ। ਇਸ ਧਰਤੀ 'ਤੇ ਹੀ ਸਵਰਗ ਬਣ ਸਕਦਾ ਹੈ ਅਤੇ ਸਭ ਦੀ ਜ਼ਿੰਦਗੀ ਖ਼ੁਸ਼ਹਾਲ ਅਤੇ ਸੁੱਖਮਈ ਹੋ ਸਕਦੀ ਹੈ। ਇਸ ਤਰ੍ਹਾਂ ਸਾਡੀਆਂ ਅੱਧੀਆਂ ਸਮੱਸਿਆਵਾਂ ਆਪੇ ਹੀ ਖ਼ਤਮ ਹੋ ਜਾਣਗੀਆਂ। ਕਿਉਂ ਨਾ ਅਸੀਂ ਦਿਲ ਵੱਡਾ ਰੱਖੀਏ ਅਤੇ ਆਪਣੇ ਸਾਰੇ ਹਥਿਆਰ ਨਸ਼ਟ ਕਰ ਦਈਏ ਅਤੇ ਆਪਸ ਵਿਚ ਪਿਆਰ ਦੀਆਂ ਗਲਵੱਕੜੀਆਂ ਪਾਈਏ। ਆਖ਼ਿਰ ਅਸੀਂ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਹਾਂ। ਕੀ ਸਾਡੇ ਰਹਿਨੁਮਾਂ ਇਸ ਬਾਰੇ ਸੋਚਣਗੇ?
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in