Rewail Singh Italy

ਸਾਰਾ ਜਹਾਨ ਜੀਵੇ, - ਰਵੇਲ ਸਿੰਘ ਇਟਲੀ

ਹਿੰਦੋਸਤਾਨ ਜੀਵੇ ਪਾਕਿਸਤਾਨ ਜੀਵੇ,
ਨਾਲ ਅਮਨ ਦੇ ਸਾਰਾ ਜਹਾਨ ਜੀਵੇ।
ਖੇਤਾਂ ਵਿੱਚ ਹੀ ਸਦਾ ਕਿਸਾਨ ਜੀਵੇ,
ਹੱਦਾਂ ਉੱਤੇ ਵੀ ਸਦਾ ਜਵਾਨ ਜੀਵੇ।
ਸਦਾ ਜੰਗ ਦੇ ਨਾਮ ਨੂੰ ਹੋਏ ਨਫਰਤ,
ਨਾਲ ਆਦਮੀ ਅਮਨ ਮਾਨ ਜੀਵੇ।
ਮੁੱਕ ਜਾਣ ਇਹ ਮਜ਼੍ਹਬ ਦੇ ਨਾਂ ਝਗੜੇ,
ਮੰਦਰ ਮਸਜਿਦਾਂ,ਧਰਮ ਈਮਾਨ ਜੀਵੇ।
ਹਰ ਕੋਈ ਹੱਕ ਹਲਾਲ ਦੀ ਖਾਏ ਕਰਕੇ,
ਮੇਹਣਤ ਕਰਦਿਆਂ ਆਮ ਇਨਸਾਨ ਜੀਵੇ।
ਕੁਰਸੀ ਵਾਸਤੇ ਬਣੇ ਨਾ ਕੋਈ ਨੇਤਾ,
ਪਰਜਾ ਵਾਸਤੇ ਨਾਲ ਸਨਮਾਨ ਜੀਵੇ।
ਨਹੀਂ ਫਿਰ ਸਵਰਗ ਤੇ ਨਰਕ ਦੀ ਲੋੜ ਬਾਕੀ,
ਅਮਨ ਨਾਲ ਜੇ ਧਰਤ ਅਸਮਨ ਜੀਵੇ।

ਇਹ ਕੈਸੀ ਸਰਕਾਰ - ਰਵੇਲ ਸਿੰਘ ਇਟਲੀ

ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।
ਲੁਟਦੀ ਐਸ਼ ਬਹਾਰ ਖਜਾਨਾ ਖਾਲੀ ਹੈ।
ਫਿਰਦੇ ਬੇਰੁਜ਼ਗਾਰ ਖਜਾਨਾ ਖਾਲੀ ਹੈ,
ਥਾਂ ਥਾਂ ਭ੍ਰਿਸ਼ਟਾਚਾਰ ਖਜਾਨਾ ਖਾਲੀ ਹੈ।
ਪਰਜਾ ਹੈ ਲਾਚਾਰ ਖਜਾਨਾ ਖਾਲੀ ਹੈ,
ਥਾਂ ਥਾਂ ਹਾ ਹਾ ਕਾਰ ਖਜਾਨਾ ਖਾਲੀ ਹੈ।
ਬੇਸ਼ੱਕ ਹੋ ਲਾਚਾਰ ਖਜਾਨਾ ਖਾਲੀ ਹੈ,
ਲਿਖਿਆ ਪੜ੍ਹੋ ਦੀਵਾਰ ਖਜਾਨਾ ਖਾਲੀ ਹੈ।
ਕੁੱਝ ਨਹੀਂ ਪੱਲੇ ਯਾਰ ਖਜਾਨਾ ਖਾਲੀ ਹੈ,
ਹਾਲਤ ਹੈ ਬੀਮਾਰ ਖਜਾਨਾ ਖਾਲੀ ਹੈ।
ਮੰਗਾਂ ਦੀ ਭਰਮਾਰ ਖਜਾਨਾ ਖਾਲੀ ਹੈ,
ਕਿੱਦਾਂ ਮੰਨੀਏ ਹਾਰ ਖਜਾਨਾ ਖਾਲੀ ਹੈ।
ਮਾੜੇ ਨੂੰ ਹੈ ਮਾਰ ਖਜਾਨਾ ਖਾਲੀ ਹੈ,
ਝੂਠੇ ਕੌਲ ਕਰਾਰ ਖਜਾਨਾ ਖਾਲੀ ਹੈ।
ਮੰਗਣ ਜੋ ਰੁਜ਼ਗਾਰ, ਖਜਾਨਾ ਖਾਲੀ ਹੈ,
ਹੋ ਕੇ ਦਰ ਦਰ ਖੁਆਰ ਖਜਾਨਾ ਖਾਲੀ ਹੈ।
ਖਾਉ ਡਾਂਗਾਂ ਦੀ ਮਾਰ ਖਜਾਨਾ ਖਾਲੀ ਹੈ,
ਸਭ ਕੁਝ ਗਏ ਡਕਾਰ ਖਜਾਨਾ ਖਾਲੀ ਹੈ।
ਹੁਣ ਖਾਲੀ ਭੰਡਾਰ ਖਜਾਨਾ ਖਾਲੀ ਹੈ,
ਮਿੰਨਤਾਂ ਕਰੋ ਹਜ਼ਾਰ ਖਜਾਨਾ ਖਾਲੀ ਹੈ।
ਰਾਜੇ ਦੀ  ਸਰਕਾਰ ਖਜਾਨਾ ਖਾਲੀ ਹੈ,
ਪਰਜਾ ਹੋਏ ਖੁਆਰ ਖਜਾਨਾ ਖਾਲੀ ਹੈ।
ਕੁਰਸੀ ਨਾਲ ਪਿਆਰ ਖਜਾਨਾ ਖਾਲੀ ਹੈ।
ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।

17 Oct. 2018

ਇਲਾਜ ਬੜਾ ਔਖਾ  - ਰਵੇਲ ਸਿੰਘ ਇਟਲੀ

ਵਿਗੜੀ ਔਲਾਦ ਦਾ ਤੇ ਵਿਗੜੇ ਸਮਾਜ ਦਾ,
ਮੰਦੇ ਕੰਮ ਕਾਜ ਦਾ,ਤੇ ਅਜੋਕੇ ਲੋਕ ਰਾਜ ਦਾ,
ਲੱਭਣਾ ਇਲਾਜ ਤੇ,  ਇਲਾਜ ਬੜਾ ਔਖਾ।
ਦੇਣਾ ਦੌਣ ਦਾਜ ਦਾ,ਤੇ ਜਾਬਰਾਂ ਦੇ ਰਾਜ ਦਾ,
ਡੁੱਬਦੇ ਜਹਾਜ ਦਾ, ਤੇ ਵਿਗੜੇ  ਦਿਮਾਗ ਦਾ,
ਲੱਭਣਾ ਇਲਾਜ ਤੇ, ਇਲਾਜ ਬੜਾ ਔਖਾ।
ਮੌਸਮ ਦੇ ਮਿਜ਼ਾਜ ਦਾ,ਤੇ ਬੰਦੇ ਬੇ ਲਿਹਾਜ਼ ਦਾ,
ਹੋ ਗਏ ਮੁਥਾਜ ਦਾ, ਮੰਦੇ ਕੰਮ ਕਾਜ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਕੁਰਸੀ ਦੇ ਤਾਜ ਦਾ,ਭੁੱਸ ਪੈ ਜਾਏ ਰਾਜ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਬੰਦੇ ਦੀ ਮਜਾਜ ਦਾ,ਤੇ ਬੰਦੇ ਬੇ ਦਿਮਾਗ ਦਾ,
ਲਾਲਚੀ ਦਿਮਾਗ ਦਾ, ਤੇ ਭੂਤਰੇ ਨਵਾਬ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਮੌਸਮ ਖਰਾਬ ਦਾ ਤੇ ਟੁੱਟੀ ਹੋਈ ਰਬਾਬ ਦਾ,
ਅੱਜ ਦੇ ਪੰਜਾਬ ਦਾ, ਸੁੱਕ ਗਏ ਗੁਲਾਬ ਦਾ,
ਲੱਭਣਾ ਇਲਾਜ ਤੇ ,ਇਲਾਜ ਬੜਾ ਔਖਾ।

06 Oct. 2018

ਗੁਰਦੁਆਰਾ ਦਰਬਾਰ ਸਾਹਿਬ ਕਰਤਰ ਪੁਰ ਸਾਹਿਬ - ਰਵੇਲ ਸਿੰਘ ਇਟਲੀ

ਗੁਰੂ ਬਾਬੇ ਨਾਨਕ ਦੇ 550 ਵੇਂ ਪ੍ਰਕਾਸ਼ ਉਤਸਵ ਤੇ ਦੋਹਾਂ ਸਰਕਾਰਾਂ ਨੂੰ  ਬੇਨਤੀ

ਕਰਤਾਰ ਪੁਰ ਦੀ ਧਰਤੀ, ਜਿੱਥੇ ਗੁਰੂ ਨਾਨਕ ਦਰਬਾਰ।ਇਸ ਭਾਗਾਂ ਵਾਲੀ ਧਰਤ ਤੇ ਭਰਿਆ ਯਾਦਾਂ ਦਾਂ ਭੰਡਾਰ।ਪਰ ਦੇਸ਼ ਦੀ  ਵੰਡ ਨੇ ਦਿੱਤਾ ਸੱਭ ਵਿਸਾਰ।ਇਹ ਧਰਤ ਹੈ ਸਾਥੋਂ ਖੁਸ ਗਈ,ਹੋਏ ਔਖੇ ਬੜੇ ਦੀਦਾਰ।ਹੁਣ ਦਰਸ਼ਨ ਕਰੀਏ ਦੂਰ ਤੋਂ,ਰਾਵੀ ਦੇ ਉਸ ਪਾਰ।ਤੇ ਨਿੱਤ ਅਰਦਾਸਾਂ ਹੁੰਦੀਆਂ ਤੇ ਹੁੰਦੀ ਕੂਕ ਪੁਕਾਰ।ਕਦ ਖੁਲ੍ਹੇ ਦਰਸ਼ਨ ਹੋਣਗੇ,ਕਦ ਮਿਹਰ ਕਰੇ  ਕਰਤਾਰ।ਕਦ ਲਾਂਘਾ ਦੇਣ ਹਕੂਮਤਾਂ,ਕਦ ਬਹਿਕੇ ਕਰਨ ਵੀਚਾਰ।ਕਦ ਕਰੀਏ ਦਰਸ਼ਨ ਜਾ ਕੇ ਸੀਨੇ ਲਈਏ ਠਾਰ।ਕਦ ਰਹਿਮਤ ਹੋਏਗੀ ਰੱਬ ਦੀ,ਕਦ ਹੁਕਮ ਦਏ ਸਰਕਾਰ।ਗੁਰੂ ਨਾਨਕ ਸਾਂਝਾਂ ਜਗਤ ਦਾ,ਤੇ ਏਕੇ ਦਾ ਪ੍ਰਚਾਰ।ਜਿਸ ਪਿਆਰ ਮੁਹੱਬਤ ਵੰਡਿਆ,ਬਾਣੀ ਅਰਸ਼ ਉਚਾਰ।ਜੋ ਮੇਟੇ ਭੇਦ ਭਾਵ  ਨੂੰ ਤੇ ਸੱਭ ਨੂੰ ਕਰੇ ਪਿਆਰ।ਇਹ ਖੁਲ੍ਹੇ ਲਾਂਘਾ ਸਾਂਝ ਦਾ,ਸੱਭ ਕਰੀਏ  ਦੀਦਾਰ।ਇਹ ਸੰਗਤ ਦੇ ਸਿਰ ਹੋਏਗਾ ਵੱਡਾ ਪਰਉਪਕਾਰ।ਪਰ ਮਾਲਿਕ ਦੇ ਹੱਥ ਵਿੱਚ ਡੋਰੀਆ ਉਹ ਸੱਭ ਕੁੱਝ ਕਰਣੇ ਹਾਰ।ਹੈ ਦੋਹਾਂ ਧਿਰਾਂ ਨੂੰ ਬੇਨਤੀ ਬਹਿ ਛੇਤੀ ਕਰੋ ਵਿਚਾਰ।ਬਸ ਛੇਤੀ ਲਾਂਘਾ ਖੋਲ਼੍ਹ ਕੇ,ਸੁਪਨੇ ਕਰੋ ਸਾਕਾਰ।ਕਰਤਾਰ ਪੁਰ ਦੀ ਧਰਤੀ ਜਿੱਥੇ ਗੁਰੂ ਨਾਨਕ ਦਰਬਾਰ।

28 Sept. 2018

ਜਾਂਦੇ ਜਾਂਦੇ ....... - ਰਵੇਲ ਸਿੰਘ ਇਟਲੀ

 ਕੈਨੇਡਾ ਫੇਰੀ ਤੋਂ ਵਾਪਸੀ ਦਾ ਦਿਨ ਆ ਹੀ ਗਿਆ ਹੈ। ਹੁਣ  ਇਟਲੀ ਜਾਕੇ, ਫਿਰ ਆਪਣੇ ਪਿਆਰੇ ਪੰਜਾਬ ਦੀ ਧਰਤੀ ਨੂੰ ਜਾ ਪ੍ਰਣਾਮ ਕਰਾਂਗਾ।ਇੱਥੇ ਰਹਿੰਦਿਆਂ ਤਿੰਨ ਮਹੀਨੇ ਦਾ ਸਮਾਂ ਸੁਪਨੇ ਵਾਂਗੋਂ ਹੀ ਲੰਘ ਗਿਆ,ਇੱਸ ਸਮੇਂ ਵਿੱਚ ਸਮੇਂ ਵਿੱਚ ਇੱਥੇ ਰਹਿ ਕੇ ਇਸ ਦੇਸ਼ ਬਾਰੇ ਜਿਨ੍ਹਾਂ ਕੁ ਜਾਣਿਆ ਹੈ ਸਮਝਿਆ ਹੈ ,ਇਸ ਬਾਰੇ ਬਹੁਤ ਕੁੱਝ ਕਿਤੇ ਫਿਰ ਲਿਖਾਂਗਾ।ਮੇਰੇ ਵਾਂਗ ਪੰਜਾਬ ਤੋਂ ਇੱਥੇ ਆਪਣਿਆਂ ਸਾਕ ਸਬੰਧੀਆਂ ਨੂੰ ਸਾਡੇ ਵਾਂਗ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਆਪਣਾ ਨੀਯਤ ਸਮਾ ਗੁਜ਼ਾਰ ਕੇ ਵਾਪਸ ਪਰਤ ਜਾਂਦੇ ਹਨ। ਨਿੱਤ ਸੈਰ ਕਰਨ  ਜਾਂਦਿਆਂ ਨਵੇਂ ਨਵੇਂ ਲੋਕਾਂ ਨਾਲ ਵਾਕਫੀ ਹੁੰਦੀ ਹੈ। ਪਾਰਕਾਂ ਵਿੱਚ ਬੈਠੇ ਲੋਕ ਜਦ ਗੱਲਾਂ ਬਾਤਾਂ ਵਿੱਚ ਸਮਾ ਬਤੀਤ ਕਰਦੇ ਹਨ ਤਾਂ ਪਿੰਡਾਂ ਦੀ ਸੱਥਾਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ।ਪਾਰਕ ਵਿੱਚ ਬਣੀ ਲੱਕੜੀ ਦੀ ਝੌਪੜੀ ਜਿੱਸ ਨੂੰ ਹਾਸੇ ਨਾਲ ,ਮਿੱਤਰਾਂ ਛਤਰੀ, ਕਹਿੰਦੇ ਹਨ ਉੱਸ ਹੇਠ ਢਾਣੀਆਂ ਬਣਾ ਕੇ ਬੈਠੇ ਬਜ਼ੁਰਗਾਂ ਦੀਆਂ ਤਾਸ਼ਾਂ ਦੀਆਂ ਬਾਜ਼ੀਆਂ ਲਗਦੀਆਂ ਹਨ,ਤਾਂ ਜਿੱਤ ਹਾਰ ਨਾਲ ਤਾੜੀਆਂ ਤੇ ਹਾਸਿਆਂ ਦੇ ਫੁਹਾਰੇ ਛੁੱਟਦੇ ਹਨ। ਕਿਸੇ ਪਾਸੇ ਪੰਜਾਬ ਦੀ ਅਜੋਕੀ  ਸਿਆਸਤ ਬਾਰੇ ਖੱਟੀਆਂ ਮਿੱਠੀਆਂ ਗੱਲਾਂ ਹੁੰਦੀਆਂ ਹਨ।ਕੁੱਝ ਨਵਾਂ ਲਿਖਣ ਲਈ ਚੰਗਾ ਸ਼ਾਂਤ ਮਾਹੌਲ ਵੀ ਮਿਲਦਾ ਰਿਹਾ ਹੈ।
            ਇਸੇ ਸਮੇਂ ਵਿੱਚ ਹੀ ਪ੍ਰਸਿੱਧ ਪਾਕਿਸਤਾਨੀ ਲੋਕ ਕਵੀ ਬਸ਼ੀਰ ਅਹਿਮਦ ਉਰਫ,ਬਾਬਾ ਨਜਮੀ ਜੀ ਨੂੰ ਸੁਣਨ ਦਾ ਸੁਨਹਿਰੀ ਮੌਕਾ ਇੱਥੇ ਆਕੇ ਮਿਲਿਆ।ਕਈ ਅਖਬਾਰਾਂ ਦੇ ਸੰਪਾਦਕਾਂ ਤੇ ਟੈਲੀਵੀਜ਼ਨਾਂ ਦੇ ਸੰਚਾਲਕਾਂ ਨੂੰ ਵੇਖਣ ਸੁਣਨ ਦਾ   ਮੌਕਾ ਮਿਲਿਆ ਜਿਨ੍ਹਾਂ ਵਿੱਚੋਂ ਇਕਬਾਲ ਮਾਹਲ ਦਾਂ ਨਾਮ ਵਰਨਣ ਯੋਗ ਹੈ।ਹੋਰ ਵੀ ਕਈ ਨਵੀਆਂ ਨਵੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਸ.ਟਹਿਲ ਸਿੰਘ ਬ੍ਰਾੜ ਜਿਨ੍ਹਾਂ ਦੇ ਉਦਮ ਨਾਲ ਮੈਨੂੰ ਬਾਬਾ ਨਜਮੀ ਦੇ ਪ੍ਰੋਗ੍ਰਾਮ ਨੂੰ ਵੇਖਣ ਦਾ ਇਹ ਮੌਕਾ ਮਿਲਿਆ ਵੀ ਉਨ੍ਹਾਂ ਦਾ ਮੈਂ ਤਹਿ ਦਿਲੋਂ ਰਿਣੀ ਹਾਂ। ਇਕ ਦਿਨ ਪੰਜਾਬੀ ਸਭਿਆਚਾਰ ਦਾ ਇੱਥੇ ਇੱਕ ਰੰਗਾ ਰੰਗ ਪ੍ਰੋਗ੍ਰਾਮ ਵੇਖਣ ਦਾ ਬੜਾ ਸ਼ਾਨਦਾਰ ਮੌਕਾ ਮਿਲਿਆ।ਪੰਜਾਬੀਆਂ ਦੀ ਇਸ ਦੇਸ਼ ਵਿੱਚ ਬੱਲੇ ਬੱਲੇ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਕੁੱਝ ਸਮਾਂ  ਇੱਥੇ ਰਹਿ ਰਹੇ  ਆਪਣੇ ਸਾਕ ਸਬੰਧੀਆਂ ਨੂੰ ਮਿਲਣ ਆਏ ਲੋਕ ਜਿਨ੍ਹਾਂ ਵਿੱਚ ਬਹੁਤ  ਪੜ੍ਹੇ ਲਿਖੇ ਵਿਦਵਾਨ ਅਤੇ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਅਦਧਕਾਰੀ ਵੀ ਮਿਲੇ ਹਨ। ਜਿਨ੍ਹਾਂ ਵਿੱਚੋਂ ਬੜੇ ਹੀ ਮਿਲਾਪੜੇ ਸੁਭਾ ਦੇ  ਸ. ਕਰਮ ਸਿੰਘ ਧਾਲੀਵਾਲ ਜੀ, ਸੇਵਾ ਮੁਕਤ ਐਕਸੀਅਨ,   ਸੋਇਲ ਕਨਜ਼ਰਵੇਸ਼ਨ ਵਿਭਾਗ, ਬਠਿੰਡਾ ਨਿਵਾਸੀ ਦਾ ਨਾਮ ਵਰਨਣ ਯੋਗ ਹੈ ਜੋ ਸੈਰ ਕਰਦਿਆਂ ਵਾਪਸੀ ਤੇ ਕਿਤੇ ਜਦੋਂ ਉਹ ਵੀ ਮਿਲਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਸੁਖਾਵੇਂ ਮਾਹੌਲ ਵਿਚਾਰ  ਵਟਾਂਦਰੇ ਹੁੰਦੇ ਰਹੇ। ਇੱਸ ਦੇ ਇਲਾਵਾ ਮਿਸਟਰ ਬਾਜਵਾ ਜੀ ਜੋ ਪੋਲੀ ਟੈਕਨਿਕ  ਕਾਲੇਜ ਫਗਵਾੜਾ ਦੇ ਸੇਵਾ ਮੁਕਤ ਪ੍ਰੰਸੀਪਲ ਹਨ ,ਉਹ ਵੀ ਆਪਣੇ ਸਬੰਧੀਆਂ ਨੂੰ ਮਿਲਣ ਲਈ  ਕੁਝ ਸਮੇ ਲਈ ਇਥੇ ਆਏ ਹੋਏ ਹਨ , ਉਨ੍ਹਾਂ ਨਾਲ ਵੀ ਕਈ ਵਿਸ਼ਿਆ ਤੇ ਪੰਜਾਬ ਦੇ ਵਿਗੜੇ ਮਾਹੌਲ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ । ਹੋਰ ਵੀ ਕਈ ਬੜੇ ਮਿਲਣ ਸਾਰ ਧਾਰਮਿਕ ਗੁਰਮੁਖ ਪਿਆਰੇ ਹਨ,ਜਿਨ੍ਹਾਂ ਵਿੱਚੋਂ ਸ,ਮੋਹਣ ਸਿੰਘ ਜੀ ਜੋ ਲਗ ਪਗ ਵੀਹ ਸਾਲ ਦੁਬਈ ਅਤੇ ਇੰਗਲੈਂਡ ਵਿੱਚ ਰਹਿਕੇ ਹੁਣ ਇੱਥੇ ਆ  ਵੱਸੇ ਹਨ ਬੜੇ ਹੀ ਨਿੱਘੇ ਤੇ ਧਾਰਮਿਕ ਸੁਭਾ ਦੇ ਹਨ ਉਨ੍ਹਾਂ ਨਾਲ ਕਿੰਨਾ ਕਿੰਨਾ ਚਿਰ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਹਨ। 
              ਇਸੇ ਤਰ੍ਹਾਂ ਹੀ ਇੱਕ ਦਿਨ ਪਾਰਕ ਵਿੱਚ ਆਪਣੇ ਇੱਕ ਸਾਥੀ ਨਾਲ ਇੱਕ ਨੇਤ੍ਰ ਹੀਣ ਬਜ਼ੁਰਗ ਬੈਠੇ ਹੋਏ ਜੋ ਸਫੇਦ ਲਿਬਾਸ ਵਿੱਚ ਸਨ, ਕੁਝ ਗੱਲਾਂ ਧਾਰਮਿਕ ਗੱਲਾਂ ਬਾਤਾਂ ਕਰ ਰਹੇ ਸਨ। ਉਨ੍ਹਾਂ ਪਾਸ ਕੁੱਝ ਬੈਠ ਕੇ ਗੁਰਬਾਣੀ ਬਾਰੇ ਬਹੁਤ ਕੁੱਝ ਜਾਨਣ ਦਾ ਮੋਕਾ ਮਿਲਿਆ।ਉਨ੍ਹਾਂ ਦੀ ਕਮਾਲ ਦੀ ਯਾਦਾਸ਼ਤ ਵੇਖ ਕੇ ਮੈਨੂੰ ਹੈਰਾਨੀ ਹੋਈ।ਬਾਅਦ ਵਿੱਚ ਪਤਾ ਲੱਗਾ ਕਿ ਉਹ  ਭਾਈ ਮਹਿੰਦਰ ਸਿੰਘ ਰਾਗੀ ਜੀ ਹਨ ਜੋ ਸ੍ਰੀ ਪਾਉਂਟਾ ਸਾਹਿਬ ਕੀਰਤਨ ਕਰਦੇ ਹਨ।ਅਤੇ ਇੱਥੇ ਕੁੱਝ ਸਮੇਂ ਲਈ ਆਪਣੇ ਸੰਬੰਧੀਆਂ ਪਾਸ ਆਏ ਹੋਏ ਹਨ ਉਹ ਜਦੋਂ ਵੀ ਕਦੇ  ਰਸਤੇ ਵਿੱਚ ਆਉਂਦੇ ਜਾਂਦੇ ਮਿਲਦੇ ਹਨ ਤਾਂ ਗੁਰਬਾਣੀ ਦੇ ਕਈ ਨੁਕਤਿਆਂ  ਦੀ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਉਨ੍ਹਾਂ ਤੋਂ ਮਿਲਦੀ ਰਹੀ। ਇੱਕ ਦਿਨ ਸ਼ਾਮ ਦੀ ਸੈਰ ਵੇਲੇ ਜਾਂਦਿਆਂ ਉਨ੍ਹਾਂ ਦਾ ਸਾਥੀ  ਮਨਜੀਤ ਸਿੰਘ ਕੈਂਥ ਖੜਾ ਸੀ ਮੈ ਨੂੰ ਮਿਲਿਆ ਤੇ ਕਹਿਣ ਲੱਗਾ ਕਿ18 ਅਗਸਤ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਕੀਰਤਨ ਹੈ ਤੁਸੀਂ ਜ਼ਰੂਰ ਆਉਣਾ ਪਰ ਗੁਰਬਾਣੀ ਦੇ ਕਥਨ ਅਨੁਸਾਰ,   ॥  ਬਿਨ ਕਰਮਾ ਕਿਛੁ ਪਾਈਏ ਨਾਹੀ ਜੇ ਬਹੁਤੇਰਾ ਧਾਵੇ॥  ਵਾਲੀ ਗੱਲ ਹੀ ਹੋਈ ਮੈਂ ਮਿਥੀ ਹੋਈ ਮਿਤੀ ਤੇ ਉਸੇ ਥਾਂ ਜਿੱਥੇ ਉਹ ਮਿਲੇ ਸਨ,ਘਰ ਮੂਹਰੇ ਲੰਮੇ ਲੰਮੇ  ਦੋ ਤਿੰਨ ਗੇੜੇ ਕੱਢੇ ਪਰ ਮੈਨੂੰ ਬੜੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦਾ  ਕੀਰਤਨ ਸੁਨਣ ਦਾ ਮੌਕਾ ਨਹੀਂ ਮਿਲਿਆ।ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਣ ਦਾ ਬੜਾ ਯਤਨ ਕੀਤਾ ਪਰ ਉਹ ਨਹੀਂ ਮਿਲ ਸਕੇ ਸੋਚਿਆ  ਖੋਰੇ ਉਹ ਵਾਪਿਸ ਚਲੇ ਗਏ ਹੋਣਗੇ ,ਜੋ ਮੁੜ ਕਿਤੇ ਨਹੀਂ ਮਿਲੇ।
                 ਜਿਥੇ ਮੈਂ ਰਹਿ ਰਿਹਾ ਹਾਂ ਇੱਥੋਂ ਥੋੜ੍ਹੀ ਦੂਰ ਹੀ ਮੇਰੇ ਮਾਮਾ ਜੀ ਸ.ਸੂਰਤ ਸਿੰਘ ਜੀ ਜੋ ਪੱਕੇ ਤੌਰ ਤੇ ਪ੍ਰਿਵਾਰ ਸਹਿਤ ਇੱਥੇ ਰਹਿ ਰਹੇ ਹਨ। ਉਨ੍ਹਾਂ ਦਾ ਮੇਰੇ ਸਿਰ ਵੱਡਾ ਉਪਕਾਰ ਹੈ,ਪੰਜਾਬ ਵਿੱਚ ਜਦੋਂ ਉਹ ਇੱਕ ਸਕੂਲ ਵਿੱਚ ਬਤੌਰ ਅਧਿਆਪਕ ਲਗੇ ਹੋਏ ਸਨ ਤਾਂ ਮੈਂ ਉਨ੍ਹਾਂ ਕੋਲ ਰਹਿਕੇ ਮੈਟ੍ਰਿਕ ਪਾਸ ਕੀਤੀ।ਉਨ੍ਹਾਂ ਨੂੰ ਮਿਲਣ ਲਈ ਜਾਣ ਦਾ ਮੌਕਾ ਮਿਲਿਆ।ਹੁਣ 87 ਕੁ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮਿਲਕੇ ਕੁੱਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਮਿਲਿਆ। ਹੋਰ ਵੀ ਇੱਥੇ ਰਹਿ ਕੇ ਤਿੰਨ ਮਹੀਨਿਆਂ ਦੇ ਬਿਤਾਏ ਸਮੇਂ ਬਾਰੇ ਲਿਖਣ ਨੂੰ ਬਹੁਤ ਕੁੱਝ ਹੈ, ਜੋ ਮੈਂ ਆਪਣੇ ਨਾਲ ਲੈ ਚੱਲਿਆਂ ਹਾਂ, ਜਿੱਸ ਨੂੰ ਵਾਪਸ ਪੰਜਾਬ ਪਰਤ ਕੇ ਆਪਣੀ ਕੈਨੇਡਾ ਫੇਰੀ ਵਿੱਚ ਲਿਖਣ ਦਾ ਯਤਨ ਕਰਾਂਗਾ। ਵਕਤ ਦਾ ਕੀ ਪਤਾ, ਮੁੜ ਇੱਸ ਦੇਸ਼ ਵਿੱਸ਼ ਵਿੱਚ  ਆਉਣ ਦਾ ਮੌਕਾ ਮਿਲੇ,ਜਾਂ ਨਾ ਮਿਲੇ, ਖੈਰ ਜੋ ਵੀ ਹੋਵੇ ਹਾਲ ਦੀ ਘੜੀ ਇਥੇ ਬਿਤਾਏ ਇਨ੍ਹਾਂ ਤਿੰਨਾਂ ਮਹੀਨਿਆਂ ਵਿੱਚ ਯਾਦਾਂ ਦੀ ਭਾਰੀ ਗੱਠੜੀ  ਆਪਣੇ ਨਾਲ ਲੈ ਕੇ ਜ਼ਰੂਰ ਲੈ ਚੱਲਿਆਂ ਹਾਂ।
                 ਬੀਤ ਗਿਆ ਤੇ ਵਗਦੇ ਪਾਣੀ ਵਾਪਸ ਕਦੇ ਨਾ ਮੁੜਦੇ।
                 ਟੁੱਟਾ ਦਿਲ ਤੇ ਤਿੜਕੇ ਸੀਸ਼ੇ,  ਫਿਰ ਨਾ ਮੁੜ ਕੇ ਜੁੜਦੇ।
                 ਪੰਛੀ ਤੇ ਪ੍ਰਦੇਸੀ ਦਾ ਕੀ,ਕਿੱਧਰ ਨੂੰ ਮੂੰਹ ਧਰ ਲਏ,
                 ਇਹ ਪਰਛਾਂਵੇਂ, ,ਧੁੱਪਾਂ, ਪੌਣਾਂ,ਸਾਗਰ ਵਿੱਚ ਨਾ ਖੁਰਦੇ।
                 ਇਹ ਕਬਰਾਂ ਕਲਮੂੰਹੀਆਂ ਯਾਰੋ, ਮੁੱਕਣ ਸਾਰੇ ਰਿਸ਼ਤੇ,
                 ਆਪਣੇ ਹੱਥੀ ਦੱਬੇ ਜਿਸ ਥਾਂ,  ਕਦੇ ਨਾ ਉੱਠੇ  ਮੁਰਦੇ।
                 ਯਾਦਾਂ ਦੇ ਕੁੱਝ ਤਿੱਖੇ ਕੰਡੇ ਜਦ ਸੀਨੇ ਲਹਿ ਜਾਵਣ,
                 ਹਰ ਦਮ ਚੁਭਦੇ ਖੁਭਦੇ ਰਹਿੰਦੇ ਤਲੀਆਂ ਦੇ ਵਿੱਚ ਭੁਰਦੇ।
                ਰਸਤੇ  ਵਿੱਚ ਕਈ ਮਿਲੇ ਜੋ ਰਾਹੀ,ਯਾਦ ਉਨ੍ਹਾਂ ਦੀ ਆਵੇ,
                ਮਨ ਨੂੰ ਕੁੱਝ ਹਰਿਆਵਲ ਵੰਡੇ, ਹਰਦਮ ਫਿਰਦੇ ਤੁਰਦੇ।
                ਸਾਰੀ ਦੁਨੀਆ ਆਪਣਿਆਂ ਦੀ, ਨਾ ਕੋਈ ਗੈਰ ਬੇਗਾਨਾ,
                ਐਵੇਂ ਲੋਕੀਂ ਆਪਣਿਆਂ ਲਈ, ਹਰ ਦਮ ਰਹਿੰਦੇ ਝੁਰਦੇ।

16 Sept. 2018

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਸਾਰੇ ਵਿਸ਼ਵ ਨੂੰ  ਮੁਬਾਰਕਾਂ - ਰਵੇਲ ਸਿੰਘ ਇਟਲੀ

ਜਿਉਂ  ਚੜ੍ਹਦਾ ਤੇ ਲਹਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਸਭਨਾਂ ਨੂੰ,ਨਿਘ ਦਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਪੌਣ ਸੱਭਨਾਂ ਲਈ ਸਾਂਝੀ,ਨਾ ਕੋਈ ਵੈਰ ਵਿਰੋਧ,
 ਗੁਰਬਣੀ ਸੱਭਨਾਂ ਦੀ ਸਾਂਝੀ, ਵੱਸ ਕਰੇ ਕਾਮ ਕ੍ਰੋਧ।
 ਤਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਂਝਾਂ ਉਪਦੇਸ਼,
ਗੁਰਬਾਣੀ  ਸਭਨਾਂ ਲਈ ਸਾਂਝੀ,ਕੱਟਦੀ ਵਹਿਮ ਕਲੇਸ਼।
ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰੂ  ਦਾ ਵਿਸਥਾਰ,
ਮੇਟੇ ਜ਼ਾਤ ਪਾਤ ਨੂੰ ਗੁਰਬਾਣੀ, ਸੱਭ ਨੂੰ ਕਰੇ  ਪਿਆਰ।
ਸਾਂਝਾਂ ਦੀ ਪ੍ਰਤੀਕ ਗੁਰ ਬਾਣੀ,ਵੰਡਦੀ ਪਿਆਰ ਮੁਹੱਬਤ,
ਏਕ ਨੂਰ ਤੇ ਸੱਭ ਜੱਗ ਉਪਜਿਆ,ਸੱਭ ਨੂੰ ਵੰਡੇ ਮਿੱਠਤ।
ਗਿਆਨ ਦਾ ਭਰਿਆ ਸਾਗਰ ਡੂੰਘਾ,ਸਾਰਾ ਗੁਰੂ ਗ੍ਰੰਥ।
ਗੁਰੂ ਗ੍ਰੰਥ ਪ੍ਰਕਾਸ਼ ਦਿਵਸ ਦੀ, ਸੱਭ ਨੂੰ ਹੋਏ ਮੁਬਾਰਕ।

09 Sep. 2018

ਬਾਬਾ ਮੱਖਣ ਸ਼ਾਹ ਲੁਬਾਣਾ - ਰਵੇਲ ਸਿੰਘ ਇਟਲੀ

ਇੱਕ ਵਪਾਰੀ ਬੜਾ ਸਿਆਣਾ।
ਨਾਂ ਸੀ ਮੁੱਖਣ ਸ਼ਾਹ ਲੁਬਾਣਾ।
ਗੁਰੂ ਘਰ ਦਾ ਸੀ ਸੇਵਾਦਾਰ,
ਸਿੱਖੀ ਨੂੰ ਕਰਦਾ ਸੀ ਪਿਆਰ।
ਦੇਸ਼ ਵਿਦੇਸ਼ੀ  ਜਦ ਵੀ ਜਾਵੇ,
ਬਾਹਰੋਂ ਭਰ ਕੇ ਮਾਲ ਲਿਆਵੇ,
ਦੱਸਾਂ ਨਹੂਆਂ ਦੀ ਕਿਰਤ ਕਮਾਵੇ।
ਗੁਰੂ ਘਰ ਵਿੱਚ ਦਸਵੰਧ ਚੜ੍ਹਾਵੇ।
ਇੱਕ ਵਾਰ ਜਦੋਂ ਵਿਦੇਸ਼ੋਂ ਆਇਆ,
ਬੇੜਾ ਭਰ ਕੇ ਮਾਲ ਲਿਆਇਆ।
ਸਾਗਰ ਵਿੱਚ ਆਇਆ ਤੂਫਾਨ,
ਸੱਭ ਦੀ ਸੀ ਮੁੱਠੀ ਵਿੱਚ ਜਾਨ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਬੇੜੇ ਨੂੰ ਕਿੰਝ ਬੰਨੇ ਲਾਵੇ।
ਜਦ ਮੁਕ ਗਈ ਹਰ ਪਾਸਿਉਂ ਆਸ,
ਮੁੱਖਣ ਸ਼ਾਹ ਕੀਤੀ ਅਰਦਾਸ,
ਸੱਚੇ ਸਤਿਗੁਰ ਨਾਨਕ ਪਾਸ।
 ਮਨ ਚੋਂ ਹੋ ਕੇ ਬਹੁਤ ਨਿਰਾਸ ।
ਜੇ ਇੱਸ ਮੁਸ਼ਕਲ ਤੋਂ ਬੱਚ ਜਾਂਵਾਂ,
ਸਤਿਗੁਰ ਤੇਰੇ ਦਰ ਤੇ ਆਵਾਂ,
ਪੰਜ ਸੌ ਮੁਹਰਾਂ ਭੇਟ ਚੜ੍ਹਾਵਾਂ।
 ਹੇ ਸਤਿਗੁਰ ਤੇਰੇ ਦਰਬਾਰ।
ਹੇ ਮੇਰੀ ਸੱਚੀ ਸਰਕਾਰ।
ਮੇਰੇ ਤੇ ਹੁਣ ਕਰ ਉਪਕਾਰ।
ਹੋਇਆ ਹਾਂ ਡਾਢਾ ਲਾਚਾਰ।
ਸਤਿਗੁਰ ਬੇੜਾ ਬੰਨੇ ਲਾਇਆ।
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ,
ਅੱਠਵੇਂ ਸਤਿਗੁਰੂ ਪ੍ਰੀਤਮ ਬਾਲਾ,
ਸੱਚ ਖੰਡ ਨੂੰ ਜਦ ਪਾ ਗਏ ਚਾਲਾ,
ਕਹਿ ਗਏ,ਸਤਿਗਰ ਮਿਹਰਾਂ ਵਾਲੇ,
ਗੁਰੂ ਬਾਬਾ ਹੈ ਵਿੱਚ ਬਕਾਲੇ,
ਮੱਖਣ ਸ਼ਾਹ ਨੇ ਸ਼ੁਕਰ ਮਨਾਇਆ।
ਸਿੱਧਾ ਚੱਲ ਬਕਾਲੇ ਆਇਆ।
ਜਿੱਥ ਬੈਠੇ ਗੱਦੀਆ ਲਾਈ,
ਗੂਰੂ ਬਣੇ ਸਨ ਝੂਠੇ ਬਾਈ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ।
ਕਿਹੜੇ ਗੁਰੂ ਦੇ ਭੇਟ ਚੜ੍ਹਾਵੇ।
ਫਿਰ ਉੱਸ ਨੂੰ ਸੁੱਝੀ ਤਰਕੀਬ,
 ਖੋਲ੍ਹ ਗਏ ਉਸਦੇ ਅਸਲ ਨਸੀਬ,
ਪੰਜ ਪੰਜ ਮੋਹਰਾਂ ਮੱਥਾ ਟੇਕੇ,
ਕੌਣ ਗੁਰੂ ਹੈ ਅਸਲੀ ਵੇਖੇ।
ਮੁਹਰਾਂ ਵੇਖ ਕੇ ਖੁਸ਼ ਸੀ ਸਾਰੇ,
ਭੁੱਖੇ ਸੱਭ ਲਾਲਚ ਦੇ ਮਾਰੇ।
ਮੱਖਣ ਸ਼ਾਹ ਨੂੰ ਸਮਝ ਨਾ ਆਵੇ,
ਪੰਜ ਸੌ ਮੁਹਰਾਂ ਕਿਵੇਂ ਚੜ੍ਹਾਵੇ।
ਫਿਰ ਸੀ ਦੱਸ ਕਿਸੇ ਨੇ ਪਾਈ,
ਤੇਗਾ ਤੇਗਾ ਨਾਮ ਹੈ ਭਾਈ,
ਭੋਰੇ ਵਿੱਚ ਸਮਾਧੀ ਲਾਈ।
ਰਹਿੰਦਾ ਹੈ ਉਹ ਵਿੱਚ ਇਕਾਂਤ,
ਠੰਡਾ ਠਾਰ ਤੇ ਮਨ ਦਾ ਸ਼ਾਂਤ।
ਮੱਖਣ ਸ਼ਾਹ ਨੇ ਦਰਸ਼ਨ ਪਾਇਆ,
ਜਾ ਕੇ ਸੀ ਜਦ ਸੀਸ ਨਿਵਾਇਆ।
ਪੰਜ ਮੁਹਰਾਂ ਜਦ ਧਰੀਆਂ ਅੱਗੇ,
ਸੱਚੇ ਸਤਿ ਗੁਰ ਆਖਣ ਲੱਗੇ।
ਸਿੱਖਾ ਕੀਤਾ ਬਚਨ ਨਿਭਾ,
ਪੰਜ ਸੌ ਮੁਹਰਾਂ ਭੇਟ ਚੜ੍ਹਾ।
ਪੰਜ ਸੌ ਮੁਹਰਾਂ ਅੱਗੇ ਧਰਕੇ,
ਸਤਿਗੁਰ ਦਾ ਸ਼ੁਕਰਾਨਾ ਕਰਕੇ,
ਮੱਖਣ ਸ਼ਾਹ ਖੁਸ਼ੀ ਵਿੱਚ ਆਇਆ,
ਕੋਠੇ ਚੜ੍ਹ ਕੇ ਰੌਲਾ ਪਾਇਆ।
ਆ ਜਾਓ ਸੰਤੋ ਸਾਧੋ ਰੇ,
ਗੁਰ ਲਾਧੋ ਰੇ ਗੁਰ ਲਾਧੋ ਰੇ।
ਧੰਨ ਆਖੋ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਹਿੰਦ ਦੀ ਚਾਦਰ।
ਮੱਖਣ ਸ਼ਾਹ ਸੀ ਸ਼ਾਹ ਪੁਰਾਣਾ,
ਵਧੇ ਫੁਲੇ ਇਹ ਕੌਮ ਲੁਬਾਣਾ।

ਰਵੇਲ ਸਿੰਘ ਇਟਲੀ ਹਾਲ ਕੈਨੇਡਾ

29 Aug. 2018

ਭਗਵੰਤ ਮਾਨ ਨੂੰ  - ਰਵੇਲ ਸਿੰਘ ਇਟਲੀ

ਖੌਰੇ ਕੀ ਹੋ ਗਿਆ ਹੈ ਭਗਵੰਤ ਮਾਨ ਨੂੰ।
ਸ਼ਬਦਾਂ ਦੀ ਖੇਡ ਚੰਗੀ ਖੇਡਦੇ ਇਨਸਾਨ ਨੂੰ।
ਕਿੱਦਾਂ ਖਿਲਾਰਿਆ ਹੈ ਝਾੜੂ ਦੀ ਪਾਰਟੀ ਨੂੰ,
ਕਿੱਦਾਂ ਹੈ ਲੀਕ ਲਾਈ,ਵੋਟਰ ਦੀ ਸ਼ਾਨ ਨੂੰ।
 ਖੌਰੇ ਕੀ ਹੋ ਗਿਆ,ਇਸ ਹੁਕਮਰਾਨ ਨੂੰ,
ਕਹਿੰਦੇ ਸੀ ਕੇਜਰੀ ਵਾਲ,ਪੰਜਾਬ ਦੇ ਹੈ ਨਾਲ,
ਕਿੱਦਾਂ ਕਮਾਲ ਕੀਤੀ ਕਰਕੇ ਜ਼ੁਬਾਨ ਨੂੰ।
ਬਹੁਤਾ ਨਿਰਾਸ਼ ਕੀਤਾ, ਬਹੁਤਾ ਬੇਹਾਲ ਕੀਤਾ,
ਮਿਲਦਾ ਨਹੀਂ ਹੈ ਮੌਕਾ ਰੁੱਸੇ ਮਨਾਣ ਨੂੰ।
 ਇਨਕਲਾਬ ਕਿੱਥੇ ਦਿੱਸਦਾ ਪੰਜਾਬ ਕਿੱਥੇ ਦਿਸਦਾ,
ਕਿਉਂ ਕੁਝ ਨਹੀਂ ਹੈ ਸੁਝਦਾ ,ਪਰਜਾ ਬਚਾਣ ਨੂੰ।
ਤੂੰ ਠੀਕ ਹੈਂ ਤਾਂ ਦੱਸ,ਆਪਾ ਟਟੋਲ ਕੇ,
ਕਿੱਥੇ ਰੱਖਾਂ ਮੈਂ ਦੱਸੋ ਇਸ ਕਲਮਦਾਨ ਨੂੰ।
ਪੰਜਾਬ ਦਾ ਭਵਿੱਖ ਹੁਣ ਖਤਰੇ ਚ ਜਾਪਦੈ,
ਪੰਜਾਬ ਨੂੰ ਸੰਭਾਲੋ, ਹੋਏ ਬੀਆ ਬਾਨ ਨੂੰ।
ਮੈਂ ਵਾਸਤਾ ਪੰਜਾਬ ਦਾ,ਪਾਉਂਦਾ ਹਾਂ ਮਾਨ ਜੀ,
ਹੁਣ ਫਿਰ ਬਾਲੋ ਅਕਲ ਦੇ ਬੁਝੇ ਸ਼ਮ੍ਹਾ ਦਾਨ ਨੂੰ।
ਖੁੱਡਾਂ ਚ ਵੜ ਗਏ ਜੇ ਚੂਹਿਆਂ ਦੇ ਵਾਂਗ ਸ਼ੇਰ,
ਫਿਰ ਕੀ ਕਹੋਗੇ ਮਿਤਰੋ ਭਾਰਤ ਮਹਾਨ ਨੂੰ।
ਸਮਝੋ ਇਹ ਰਾਜ ਨੀਤੀ,ਜੋ ਮਿਲਕੇ ਹੀ ਆਪ ਕੀਤੀ,
ਜ਼ਰਾ ਨਾਲ ਲੈਕੇ  ਸੋਚੋ ਕਿਸੇ ਕਦਰ ਦਾਨ ਨੂੰ।
ਝਾੜੂ ਨੂੰ ਸਿਰ ਤੇ ਰੱਖਿਆ,ਦੱਸੋ ਤੁਸਾਂ ਕੀ ਖੱਟਿਆ,
ਐਵੇਂ ਨਾ ਦੂਰ ਸੁੱਟੋ ,ਸੇਵਾ ਦੇ ਇੱਸ ਨਿਸ਼ਾਨ ਨੂੰ,
ਖੌਰੇ ਕੀ ਹੋ ਗਿਆ ਹੈ ਭਗਵੰਤ ਮਾਨ ਨੂੰ।

16 Aug 2018

ਵਾਹ ਓ ਤਾਇਆ - ਰਵੇਲ ਸਿੰਘ ਇਟਲੀ

ਤਾਇਆ ਓ ਤਾਇਆ,
ਤੈਨੂੰ ਵਿਅੰਗ ਕਿਸ ਸਿਖਾਇਆ।
ਜਦੋਂ ਕੱਸਣੈਂ ਵਿਅੰਗ ,
ਉਦੋਂ ਲੱਗਣੈਂ ਨਿਹੰਗ ,
ਸੱਚ ਲਿਖਦੈਂ ਨਿਸੰਗ,
ਨਾ ਹੀ ਡਰ ਤੇ ਨਾ ਸੰਗ,
ਨਹੀਂ ਆਪਣਾ ਪਰਾਇਆ।
ਕਿਵੇਂ ਸੱਚੀਆਂ ਸੁਣਾਂਵੇਂ,
ਜਦੋਂ ਵਿਅੰਗ ਤੂੰ ਬਣਾਂਵੇਂ,
ਡੰਗ ਵਿਅੰਗ ਦੇ ਚਲਾਂਵੇਂ,
ਹੜ੍ਹ ਹਾਸੇ ਦੇ ਲਿਆਵੇਂ
ਜਾਵੇ ਕੁੱਝ ਨਾ ਲੁਕਾਇਆ;
ਤਾਇਆ ਓਏ ਤਾਇਆ।
ਤੈਨੂੰ ਵਿਅੰਗ ਕਿਸ ਸਿਖਾਇਆ।
ਜਦੋਂ ਬਕਰੀਆਂ ਚਰਾਂਵੇਂ,
ਚੁਣ ਖਬਰਾਂ ਲਿਆਂਵੇਂ,
ਛਿੱਲ ਖਬਰਾਂ ਦੀ ਲਾਹਵੇਂ,
ਝੜੀ ਹਾਸਿਆਂ ਦੀ ਲਾਂਵੇਂ।
ਨਹੀਂ ਲੁਕਦਾ ਲੁਕਾਇਆ,
ਤੈਨੂੰ ਵਿਅੰਗ ਸਿਖਾਇਆ,
ਤਾਇਆ ਓ ਤਾਇਆ।
 ਤੇਰਾ ਕੌਣ ਉਸਤਾਦ,
ਜਿਹੜਾ ਏਨਾ ਸੀ ਆਜ਼ਾਦ,
ਸਦਾ ਰਹੇ ਉਹ ਆਬਾਦ,
ਹੋਣਾ ਵਾਂਗਰਾਂ ਫੌਲਾਦ,
ਤੈਨੂੰ ਵਿਅੰਗ ਜਿੱਸ ਸਿਖਾਇਆ
ਤਾਇਆ ਓ ਤਾਇਆ।

ਰਵੇਲ ਸਿੰਘ ਇਟਲੀ
 ਹਾਲ. caledon ca

09 Aug. 2018

ਲੋਕ ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ  ਸੁਣਾਉਂਦੇ ਹੋਏ - ਰਵੇਲ ਸਿੰਘ ਇਟਲੀ

ਪ੍ਰਸਿੱਧ ਲੋਕ ਕਵੀ ਬਾਬਾ ਨਜਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ।ਪਰ ਉੱਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ  ਚਿਰਾਂ ਤੋਂ ਸੀ ।ਜੋ ਅੱਜ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਦੇ ਉਪ੍ਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ  ਸੁਨਹਿਰੀ ਮੌਕਾ ਮਿਲਿਆ ।
              ਇੱਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ਤੇ ਇਸ ਤਰ੍ਹਾਂ ਬਣਿਆ ਕਿ ਇੱਕ ਦਿਨ ਸ਼ਾਮਾਂ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ ਸ਼ੱਪ ਕਰਨ ਲਈ ਬਣੀ ਝੌੰਪੜੀ ਹੇਠ ਕੁੱਝ ਸੱਜਣ ਬੈਠੇ ਹੋਏ ਸਨ। ਇੱਕ ਸਜਨ ਕੋਲੋਂ  ਅਖਬਾਰ” ਖ਼ਬਰ ਨਾਮਾ”  ਲੈ ਕੇ ਇਹ ਖ਼ਬਰ ਪੜ੍ਹੀ ਕਿ  ਬਾਬਾ ਨਜਮੀ ਜੀ ਮਿਤੀ 28 ਜੁਲਾਈ ਨੂੰ ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ ਵੱਲੋਂ ਬਾਬਾ ਨਜਮੀ ਜੀ ਨੂੰ ਇੱਥੇ ਇੱਕ ਸੰਮੇਲਣ ਵਿੱਚ  ਸਨਮਾਨਿਤ ਕੀਤਾ ਜਾ ਰਿਹਾ ਹੈ।ਮੈਂ ਬੜੀ ਸ਼ਿੱਦਤ ਨਾਲ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ ਮੇਰੀ ਵਾਕਫੀ ਨਾ ਹੋਣ ਕਰਕੇ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਜਾਪਦਾ ਸੀ। ਇੱਸੇ ਦੌਰਾਨ ਮੇਰੀ ਵਾਕਫੀ ਇੱਕ ਬੜੇ ਹੀ ਮਿਲਣ ਸਾਰ ਅਤੇ ਇੱਥੋਂ ਦੀ ਕਾਫੀ ਅਸਰ ਰਸੂਖ ਅਤੇ ਵਾਕਫੀ  ਰੱਖਣ ਵਾਲੀ ਸ਼ਖਸੀਅਤ ਸ. ਟਹਿਲ ਸਿੰਘ ਬ੍ਰਾੜ ਨਾਲ ਹੋਈ। ਅਤੇ ਉਨ੍ਹਾਂ ਨੇ ਮੈਨੂੰ ਇਸ ਪ੍ਰੋਗ੍ਰਾਮ ਨੂੰ ਵੇਖਣ ਲਈ ਆਪਣੇ ਨਾਲ ਲੈ ਕੇ ਜਾਣ ਦੀ ਜ਼ਿਮੇਵਾਰੀ ਵੀ ਲੈ ਲਈ।
            ਅਸੀਂ  ਮਿਥੀ ਹੋਈ ਥਾਂ  ਮਿਥੇ ਹੋਏ ਸਮੇਂ ਅਨੁਸਾਰ  ਆਪਣੇ ਉਸ ਸੁਹਿਰਦ ਅਜ਼ੀਜ਼ ਮਿੱਤਰ ਨਾਲ  ਪਹੁੰਚ ਗਏ। ਉਨ੍ਹਾਂ ਨੇ ਮੈਨੂੰ ਇੱਥੇ ਆਏ ਕਈ ਲੇਖਕਾਂ  ਨਾਲ ਵਾਕਫੀ ਕਰਵਾਈ। ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ  ਦੀ ਬਹੁ ਗਿਣਤੀ ਵੇਖ ਕੇ ਕੈਨੇਡਾ ਦੀ ਇੱਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ  ਹੈ। ਵੇਖਦੇ ਵੇਖਦੇ ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰ ਗਿਆ  ਇਸ ਪ੍ਰਗ੍ਰਾਮ ਵਿੱਚ ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ  ਬੈਠਣ ਲਈ ਗੋਲ ਟੇਬਲਾਂ ਦੁਆਲੇ ਕੁਰਸੀਆਂ ਤੇ ਬੈਠ ਕੇ ਇਸ ਪ੍ਰੋਗਾਂਮ ਨੂੰ ਵੇਖਣ ਸੁਨਣ ਦਾ ਵਧੀਆਂ ਪ੍ਰਬੰਧ ਸੀ।ਸਟੇਜ ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨ। ਪ੍ਰੋਗ੍ਰਾਮ ਵੀ ਨੀਯਤ ਸਮੇਂ ਤੇ ਸ਼ੁਰੂ ਹੋ ਗਿਆ।
                ਪ੍ਰੋਗ੍ਰਾਮ ਦਾ ਅਰੰਭ ਇੱਕ  ਗਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆ। ਬਹੁਤ ਸਾਰੇ ਗਾਇਕਾਂ ਨੇ ਬਾਬਾ ਨਜਮੀ ਦੀਆਂ ਲਿਖੀਆਂ ਰਚਨਾਂਵਾਂ ਨੂੰ  ਬੜੀ ਹੀ ਸੁੰਦਰ ਅਦਾ ਨਾਲ ਪੇਸ਼ ਕੀਤਾ। ਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ਤੇ ਆਉਣ ਦੀ ਹੋ ਰਹੀ ਸੀ।ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰੋਤੇ ਉਨ੍ਹਾਂ ਵੇਖਣ ਤੇ ਸੁਨਣ ਲਈ ਬੜੇ ਉਤਾਵਲੇ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਹੱਥਲੇ ਲੇਖ ਦਾ ਲੇਖਕ ਤਾਂ ਸ਼ਾਇਦ ਸੱਭ ਤੋਂ ਵੱਧ ਨਜਮੀ ਜੀ ਨੂੰ ਵੇਖਣ ਲਈ ਉਤਾਵਲਾ ਸੀ।ਆਖਿਰ ਸਟੇਜ ਸਕੱਤਰ ਨੇ ਉਨ੍ਹਾਂ ਦੇ ਸਟੇਜ ਤੇ ਆਉਣ ਲਈ ਜਦੋਂ ਐਨਾਊਂਸ ਮੈਂਟ ਕੀਤੀ ਤਾਂ ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ।
        ਥੋੜ੍ਹੀ ਦੇਰ ਪਿੱਛੋਂ ਬਾਬਾ ਨਜਮੀ ਜੀ ਕੁੱਝ  ਸਾਥੀਆਂ ਨਾਲ ਜਦ ਸਟੇਜ ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸ੍ਰੋਤੇ ਉਨ੍ਹਾਂ ਦੇ  ਸੁਆਗਤ ਲਈ ਉੱਠ ਖੜੇ ਹੋਏ।ਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆ ।ਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ਤੇ ਬੈਠ ਗਏ।  ਕਾਲੇ ਰੰਗ ਦਾ ਕੋਟ,ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ ਵਾਲ,ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜੱਚਦੀਆਂ ਸਾਦੀਆਂ ਕਾਤਰਵੀਆਂ ਮੁੱਛਾਂ, ਪੈਰੀਂ  ਲੰਮੀ ਨੋਕ ਵਾਲੀ ਦੇਸੀ ਜੁੱਤੀ ਤੋਂ ਉਨ੍ਹਾਂ ਦੀ ਸਾਦ ਮੁਰਾਦੇ ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀ।ਉਮਰ ਦੇ 75 ਵਰ੍ਹੇ ਦੇ ਹੋਣ ਤੇ ਵੀ ਉਹ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਤੇ ਚੁਸਤ ਲੱਗ ਰਹੇ ਸਨ।
              ਛੇਤੀ ਉਨ੍ਹਾਂ ਦੀਆਂ ਕਵਿਤਾਂਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ,ਜਿਨ੍ਹਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਂਵਾਂ ਭਾਂਵੇਂ ਮੈਂ ਪਹਿਲਾਂ ਵੀ ਵੱਖ ਵੱਖ ਯੂ ਟਿਊਬਾਂ ਤੇ ਸੁਣੀਆਂ ਪਰ ਉਨ੍ਹਾਂ ਨੂੰ ਸਟੇਜ ਤੇ ਪਹਿਲੀ ਵਾਰ ਉਨ੍ਹਾਂ ਦੇ ਮੂਹੋਂ ਜਦੋਂ ਸੁਣੀਆਂ ਤਾਂ ਉਹ ਨਜ਼ਾਰਾ ਕੁੱਝ ਹੋਰ ਹੀ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਲੋਹੜੇ ਦਾ ਦਮ ਹੈ। ਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨ।ਸਮਾਜ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ  ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ ਕਰਦੇ ਹਨ।ਕਾਮਿਆਂ ਮਜ਼ਦੂਰਾਂ,ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼ ਗੂੰਜਦੀ ਹੈ। ਕਦੇ ਸ਼੍ਰੋਤੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨ। ਗਰੀਬ ਮਾਪਿਆਂ ਦੇ ਧੀਆਂ ਵਿਆਹੁਣ ਦੇ ਧੁੰਦਲੇ ਸੁਪਣੇ ਜਦੋਂ ਆਪਣੀ ਕਿਸੇ ਕਵਿਤਾ ਨੂੰ ਸੁਣਾ ਰਿਹਾ ਸੀ ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ ਰੁਮਾਲ ਨਾਲ ਪੂੰਝ ਰਿਹਾ ਸੀ।ਸਰਬ ਸਾਂਝੀਵਾਲਤਾ ਦੀ  ਨਜ਼ਮ ਪੜ੍ਹਦਿਆਂ ਉਹ ਜਦ  ਉੰਗਲੀ ਦਾ ਇਸ਼ਾਰਾ ਕਰਦਿਆਂ ਜਿਵੇਂ ਉਹ ਸੱਭ ਨੂੰ ਸੁਵਾਲ ਕਰਦ ਜਾਪਦਾ ਸੀ,ਜਿਵੇਂ ਉਹ ਸੱਭ ਨੂੰ ਇੱਸ ਦਾ ਜੁਵਾਬ ਪੁੱਛ ਰਿਹਾ ਹੋਵੇ।
 ਇੱਕੋ ਤੇਰਾ ਮੇਰਾ ਪਿਉ,
 ਇੱਕੋ ਤੇਰੀ ਮੇਰੀ ਮਾਂ,
ਇੱਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀ ਕਿੱਉਂ।
        ਉਦੋਂ ਸ੍ਰੋਤੇ ਵੀ ਇੱਸ ਸੁਵਾਲ ਦਾ ਜੁਵਾਬ ਇਧਰ ਉਧਰ ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨ। ਭੈੜੀ ਸੋਚ ਵਾਲੇ ਰੀਜਨੀਤਕ ਨੀਯਤ ਵਾਲੇ ਆਗੂਆਂ ਤੇ  ਧਰਮ ਦੇ ਠੇਕੇਦਾਰਾਂ ਨੂੰ ਉਹ ਮਿਲਕੇ ਲੈਂਦਾ ਹੈ। ਲੋਕਾਂ ਨੂੰ ਆਪਣੀ ਨਜ਼ਮ” ਗੰਦੇ ਅੰਡੇ ਇਧਰ ਵੀ ਨੇ ਉਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾ ਦੀ ਤ੍ਰਾਸਦੀ ਦੀ ਗੱਲ ਉਹ ਆਪਣੀ ਇਸ ਨਜ਼ਮ ਰਾਹੀਂ ਜਦ ਬਿਆਨ ਕਰਦਾ ਹੈ ਤਾਂ ਦੋਹਾਂ ਪਾਸਿਆਂ ਦੀ  ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ ਸ੍ਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ।ਉਸ ਦੀਆਂ ਉੱਸ ਦਿਨ ਤੇ ਉੱਸ ਦੀਆਂ ਪੜ੍ਹ ਕੇ ਸੁਣਾਈਆਂ ਬਹੁਪੱਖੀ ਕਵਿਤਾਵਾਂ ਦਾ ਹਵਾਲਾ ਦੇਣ ਲੱਗਿਆਂ ਤਾਂ ਮੇਰਾ ਇਹ ਲੇਖ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਹੀ ਹੋਵੇਗਾ।
           ਉੱਸ ਨੂੰ ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ  ਬਾਬੇ ਨਜਮੀ ਦਾ ਕੱਦ ਕਾਠ ਤਾਂ ਬੇਸ਼ੱਕ ਛੋਟਾ ਹੈ ਪਰ ਉੱਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ ਹੈ।ਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ,ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ ਵਾਲਾ ਅਤੇ ਲੋਕਾਂ ਨੂੰ ਤੱਗੜੇ  ਤੇ ਇੱਕ ਮੁੱਠ ਹੋ ਕੇ ਉਨ੍ਹਾਂ ਨਾਲ ਹਰ ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਕ ਅਤੇ ਨਾ ਇਨਸਾਫ ਵਿਰੁਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ ਸਹੀ ਅਰਥਾਂ ਵਿੱਚ ਲੋਕ ਕਵੀ ਹੈ। ਉੱਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਵੇ ਥੋੜ੍ਹਾ ਹੈ।
          ਆਖਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜਮੀ ਜੀ ਦਾ ਇਹ ਯਾਦਗਾਰੀ ਸਾਹਿਤਕ ਸੰਮੇਲਣ ਖਤਮ ਹੋ ਗਿਆ।ਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ  ਆਟੋ ਗ੍ਰਾਫ ਲੈਣ ਲਈ  ਉੱਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ।ਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇੱਟਲੀ ਤੋਂ ਕੈਨੇਡਾ ਆਉਣ ਦੀ ਯਾਤ੍ਰਾ ਵੀ ਅੱਜ ਦਾ ਇਹ ਪ੍ਰਗ੍ਰਾਮ ਵੇਖ ਕੇ ਸਫਲ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ ਉਨ੍ਹਾਂ ਨੂੰ ਸਮ੍ਰਪਿਤ ਕਰ ਰਿਹਾ ਹਾਂ।
ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ ਨੇ,
 ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ,
ਸੱਟੀਆਂ ਪਰ੍ਹਾਂ ਵਗਾਹ ਕੇ ਲੋੜਾਂ ਥੋੜਾਂ ਨੂੰ,
ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ ।
ਵੇਖ ਲਿਆ ਤੇ ਸੁਣ ਲਿਆ ਬਾਬੇ ਨਜਮੀ ਨੂੰ,
ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ
ਸੂਰਜ ਸਾਂਹਵੇਂ ਇੱਸ ਦੀਵੇ ਨੇ ਕੀ ਬਲਣਾ,
ਉੱਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ।
ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ,
ਖਾ ਨਾ ਜਾਂਵਾ ਕਿਧਰੇ ਧੱਕਾ ਠੇਡਾ ਮੈਂ।
ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀਂ ਨੂੰ,
ਇਟਲੀ ਵਿੱਚੋਂ ਆਕੇ ਵਿੱਚ ਕੈਨੇਡਾ ਮੈਂ।
ਲੰਮੀ ਉਮਰ ਹੰਢਾਵੇ,ਬਾਬਾ ਨਜਮੀ ਜੀ,
ਕਦੇ ਨਾ ਤੁਰਦਾ  ਵੇਖਾਂ ਵਿੰਗਾ ਟੇਢਾ ਮੈਂ।

ਰਵੇਲ ਸਿੰਘ ਇਟਲੀ
ਹਾਲ, caledon,  canada

30 July 2018