ਕਲੋਨਾ ਵਿੱਚ ਸਿੱਖ ਵਿਦਿਆਰਥੀ 'ਤੇ ਬੱਸ ਵਿਚ ਹਿੰਸਕ ਹਮਲਾ - ਡਾ. ਗੁਰਵਿੰਦਰ ਸਿੰਘ
ਬੱਸ ਡਰਾਈਵਰ ਨੇ ਪੀੜਤ ਨੂੰ ਬੱਸ ਤੋਂ ਕੱਢ ਕੇ, ਹਮਲੇ ਨੂੰ ਜਾਰੀ ਰੱਖਣ ਦਿੱਤਾ
ਵਿਸ਼ਵ ਸਿੱਖ ਸੰਸਥਾ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ
ਲੰਘੇ ਸੋਮਵਾਰ ਨੂੰ ਕਲੋਨਾ ਵਿੱਚ ਗਿਆਰ੍ਹਵੀਂ ਜਮਾਤ ਦੇ ਸਿੱਖ ਵਿਦਿਆਰਥੀ 'ਤੇ ਬੀਸੀ ਟਰਾਂਜ਼ਿਟ ਬੱਸ 'ਚ ਸਵਾਰ ਹੋ ਕੇ ਹਮਲਾ ਕੀਤਾ ਗਿਆ। ਇਸ ਸਾਲ ਕਲੋਨਾ ਵਿੱਚ ਕਿਸੇ ਸਿੱਖ ਵਿਦਿਆਰਥੀ ਉੱਤੇ ਇਹ ਦੂਜਾ ਹਮਲਾ ਹੈ। ਮਾਰਚ ਵਿਚ ਗਗਨਦੀਪ ਸਿੰਘ 'ਤੇ ਵੀ ਬੱਸ ਵਿਚ ਸਵਾਰ ਹੋ ਕੇ ਹਿੰਸਕ ਹਮਲਾ ਕੀਤਾ ਗਿਆ ਸੀ। ਸੋਮਵਾਰ ਦੀ ਘਟਨਾ ਵਿੱਚ, ਸਿੱਖ ਵਿਦਿਆਰਥੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਲਈ ਕਿਹਾ ਹੈ, ਦੁਪਹਿਰ 3:45 ਵਜੇ ਦੇ ਕਰੀਬ ਰਟਲੈਂਡ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਬੀਸੀ ਟਰਾਂਜ਼ਿਟ ਬੱਸ ਦੀ ਉਡੀਕ ਕਰ ਰਿਹਾ ਸੀ। ਦੋ ਵਿਅਕਤੀਆਂ ਨੇ ਵਿਦਿਆਰਥੀ ਦੇ ਕੋਲ ਪਹੁੰਚ ਕੇ ਪਹਿਲਾਂ ਉਸ ਨੂੰ ਬੱਸ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਫਿਰ ਉਸ ਨੂੰ ਬੱਸ ਵਿਚ ਚੜ੍ਹਨ ਦੀ ਇਜਾਜ਼ਤ ਦੇ ਕੇ, ਉਸ ਨੂੰ ਲਾਈਟਰ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਫੋਨ ਨਾਲ ਨੇੜਿਓਂ ਹੀ ਉਸ ਦੀ ਫੋਟੋ ਰਿਕਾਰਡ ਕਰ ਲਈ। ਜਦੋਂ ਸਿੱਖ ਵਿਦਿਆਰਥੀ ਪਿੱਛੇ ਹਟਿਆ ਤਾਂ ਹਮਲਾਵਰਾਂ ਦੇ ਹੱਥਾਂ ਤੋਂ ਫ਼ੋਨ ਡਿੱਗ ਗਿਆ ਅਤੇ ਉਨ੍ਹਾਂ ਨੇ ਬੱਸ ਡਰਾਈਵਰ ਦੇ ਸਾਹਮਣੇ ਸਿੱਖ ਵਿਦਿਆਰਥੀ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਬੱਸ ਡਰਾਈਵਰ ਨੇ ਕੋਈ ਦਖਲ ਨਹੀਂ ਦਿੱਤਾ ਅਤੇ ਅਸਲ ਵਿੱਚ, ਸਿੱਖ ਵਿਦਿਆਰਥੀ ਅਤੇ ਉਸਦੇ ਹਮਲਾਵਰਾਂ ਨੂੰ ਰਟਲੈਂਡ ਅਤੇ ਰੌਬਸਨ ਸਟਾਪ 'ਤੇ ਬੱਸ ਤੋਂ ਉਤਰਨ ਦਾ ਆਦੇਸ਼ ਦਿੱਤਾ।ਬੱਸ 'ਚੋਂ ਉਤਰਨ ਤੋਂ ਬਾਅਦ, ਸਿੱਖ ਵਿਦਿਆਰਥੀ 'ਤੇ ਉਸ ਦੇ ਹਮਲਾਵਰਾਂ ਨੇ ਮਿਰਚ ਦਾ ਛਿੜਕਾਅ ਕੀਤਾ ਅਤੇ ਉਹ ਉਸ 'ਤੇ ਹਮਲਾ ਕਰਦੇ ਰਹੇ, ਜਦੋਂ ਤੱਕ ਰਾਹਗੀਰਾਂ ਨੇ ਦਖਲ ਨਹੀਂ ਦਿੱਤਾ।
ਆਰਸੀਐਮਪੀ ਨੂੰ ਹਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹ ਜਾਂਚ ਕਰ ਰਹੀ ਹੈ।ਸਿੱਖ ਵਿਦਿਆਰਥੀ ਕੈਨੇਡਾ ਵਿੱਚ ਹਾਲ ਹੀ ਵਿੱਚ ਨਵਾਂ ਆਇਆ ਸੀ ਅਤੇ ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਉੱਤੇ ਹਮਲਾ ਕਿਉਂ ਕੀਤਾ ਗਿਆ ਜਾਂ ਘਟਨਾ ਦੌਰਾਨ ਉਸ ਨੂੰ ਗਾਲਾਂ ਕੱਢੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਤੋਂ ਡਬਲਯੂਐਸਓ (ਵਿਸ਼ਵ ਸਿੱਖ ਸੰਸਥਾ) ਦੀ ਉਪ ਪ੍ਰਧਾਨ ਗੁਣਤਾਸ ਕੌਰ ਨੇ ਕਿਹਾ,“ਕਲੋਨਾ ਵਿੱਚ ਇੱਕ ਸਿੱਖ ਹਾਈ ਸਕੂਲ ਦੇ ਵਿਦਿਆਰਥੀ ਉੱਤੇ ਸੋਮਵਾਰ ਦਾ ਹਮਲਾ ਹੈਰਾਨ ਕਰਨ ਵਾਲਾ ਅਤੇ ਅਸਵੀਕਾਰਨਯੋਗ ਹੈ। ਬਹੁਤ ਹੀ ਨਿਰਾਸ਼ਾਜਨਕ ਗੱਲ ਇਹ ਹੈ ਕਿ ਬੀਸੀ ਟਰਾਂਜ਼ਿਟ ਬੱਸ ਡਰਾਈਵਰ ਨੇ ਕੋਈ ਦਖਲ ਨਹੀਂ ਦਿੱਤਾ ਅਤੇ ਅਸਲ ਵਿੱਚ ਹਮਲਾਵਰਾਂ ਅਤੇ ਪੀੜਤ ਦੋਵਾਂ ਨੂੰ ਬੱਸ ਵਿੱਚੋਂ ਹਟਾ ਦਿੱਤਾ, ਜਿਸ ਨਾਲ ਸਿੱਖ ਵਿਦਿਆਰਥੀ ਨੂੰ ਆਪਣੇ ਆਪ ਨੂੰ ਬਚਾਉਣ ਲਈ ਛੱਡ ਦਿੱਤਾ ਗਿਆ। ਸਿੱਖ ਹਾਈ ਸਕੂਲ ਦਾ ਵਿਦਿਆਰਥੀ ਆਪਣੀਆਂ ਸੱਟਾਂ ਅਤੇ ਮਿਰਚਾਂ ਦੇ ਸਪਰੇਅ ਤੋਂ ਠੀਕ ਹੋ ਰਿਹਾ ਹੈ ਪਰ ਸਮਝ ਨਹੀਂ ਸਕਦਾ ਕਿ ਉਸ 'ਤੇ ਹਮਲਾ ਕਿਉਂ ਕੀਤਾ ਗਿਆ ਸੀ। ਦੁਬਾਰਾ ਹਮਲਾ ਹੋਣ ਦੇ ਡਰੋਂ ਉਹ ਸਕੂਲ ਪਰਤਣ ਤੋਂ ਡਰਦਾ ਹੈ। ਬਦਕਿਸਮਤੀ ਨਾਲ ਇਸ ਸਾਲ ਕੇਲੋਨਾ 'ਚ ਕਿਸੇ ਸਿੱਖ ਵਿਦਿਆਰਥੀ 'ਤੇ ਇਹ ਦੂਜਾ ਹਮਲਾ ਹੈ। ਅਸੀਂ ਆਰਸੀਐਮਪੀ ਨੂੰ ਇਸ ਘਟਨਾ ਦੀ ਪੂਰੀ ਜਾਂਚ ਕਰਨ ਅਤੇ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕਰਦੇ ਹਾਂ। ਅਸੀਂ ਬੀਸੀ ਟਰਾਂਜ਼ਿਟ ਨੂੰ ਇਹ ਜਾਂਚ ਕਰਨ ਲਈ ਵੀ ਬੁਲਾਉਂਦੇ ਹਾਂ ਕਿ ਇਸ ਘਟਨਾ ਵਿੱਚ ਡਰਾਈਵਰ ਨੇ ਹਮਲੇ ਨੂੰ ਰੋਕਣ ਲਈ ਕੁਝ ਕਿਉਂ ਨਹੀਂ ਕੀਤਾ ਅਤੇ ਪੀੜਤ ਨੂੰ ਬੱਸ ਤੋਂ ਹਟਾ ਕੇ, ਹਮਲੇ ਨੂੰ ਜਾਰੀ ਰੱਖਣ ਦਿੱਤਾ।" ਘੱਟ ਗਿਣਤੀ ਸਿੱਖ ਭਾਈਚਾਰੇ 'ਤੇ ਅਜਿਹਾ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਹੀਦੀ ਸ਼ਤਾਬਦੀ ਕਾਨਫਰੰਸ 'ਤੇ ਵਿਸ਼ੇਸ਼ - ਡਾ. ਗੁਰਵਿੰਦਰ ਸਿੰਘ
'ਪੰਥ ਵਸੇ ਮੈਂ ਉਜੜਾਂ' ਦੇ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਮਹਾਨ ਯੋਧੇ ਸ਼ਹੀਦ ਬਬਰ ਅਕਾਲੀ
'ਬਬਰ ਅਕਾਲੀ ਯੋਧੇ ਭਾਈ ਕਰਮ ਸਿੰਘ ਦੌਲਤਪੁਰ ਦੇ ਸੌਵੇਂ ਸ਼ਹੀਦੀ ਵਰ੍ਹੇ ਦੇ ਇਤਿਹਾਸਿਕ ਦਿਨ 'ਤੇ, ਸ਼ਹੀਦੀ ਸ਼ਤਾਬਦੀ ਸਮਾਗਮ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ, 31 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਮਨਾਏ ਜਾ ਰਹੇ ਹਨ। ਦੋ ਸਤੰਬਰ ਨੂੰ ਵਿਰਾਸਤੀ ਗੁਰਦੁਆਰਾ ਸਾਹਿਬ ਵਿਖੇ, ਬਬਰ ਅਕਾਲੀ ਸ਼ਹੀਦਾਂ ਨੂੰ ਸਮਰਪਿਤ ਸ਼ਤਾਬਦੀ ਕਾਨਫਰੰਸ ਇਸ ਲੜੀ ਵਿੱਚ, ਇਤਿਹਾਸਕ ਕਦਮ ਕਿਹਾ ਜਾ ਸਕਦਾ ਹੈ। ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਅੰਕਤ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ, 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਭਾਈ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। 6 ਸਾਲ ਦੀ ਉਮਰ ਵਿੱਚ ਆਪ ਮੁਢਲੀ ਸਿੱਖਿਆ ਲਈ ਬਲਾਚੌਰ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਏ ਅਤੇ ਮਗਰੋਂ ਸਰਕਾਰੀ ਹਾਈ ਸਕੂਲ ਰਾਹੋਂ, ਨਵਾਂ ਸ਼ਹਿਰ ਵਿਖੇ ਸਿੱਖਿਆ ਹਾਸਲ ਕੀਤੀ। ਸਾਂਝੇ ਪੰਜਾਬ ਵਿੱਚ ਉਸ ਵੇਲੇ ਰਾਹੋਂ, ਨਵਾਂ ਸ਼ਹਿਰ ਵਿਖੇ ਅੰਗਰੇਜ਼ੀ ਬ੍ਰਿਟਿਸ਼ ਹਾਈ ਸਕੂਲ ਬਣਿਆ ਸੀ, ਜੋ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅਧੀਨ ਸੀ। ਇਥੋਂ ਸੰਨ 1896 ਵਿੱਚ ਭਾਈ ਨਰੈਣ ਸਿੰਘ ਨੇ 16 ਸਾਲ ਦੀ ਉਮਰ ਵਿਚ ਦਸਵੀਂ ਦਾ ਇਮਤਿਹਾਨ ਪਾਸ ਕੀਤਾ।
ਭਾਈ ਨਰੈਣ ਸਿੰਘ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ, ਪਰ ਫੌਜ 'ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਆਪ ਨੇ ਸੰਨ 1905 ਵਿੱਚ, 25 ਕੁ ਸਾਲ ਦੀ ਉਮਰ ਵਿੱਚ ਫੌਜੀ ਨੌਕਰੀ ਛੱਡ ਦਿੱਤੀ। ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ। ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ, ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ, ਸੰਨ 1907 ਵਿਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਫਰੇਜ਼ਰ ਵੈਲੀ ਦੀ ਖੂਬਸੂਰਤ ਵਾਦੀ ਵਿੱਚ ਸਥਿਤ ਸ਼ਹਿਰ ਐਬਟਸਫੋਰਡ'ਚ ਆਪ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।
ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ, ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਹਿੱਸਾ ਪਾਇਆ ਅਤੇ ਵੱਧ-ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ। ਪ੍ਰੋਫੈਸਰ ਤੇਜਾ ਸਿੰਘ ਜੀ ਵੱਲੋਂ 1908 ਵਿੱਚ ਕੈਨੇਡਾ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਗਈ, ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੇ ਬਜ਼ੁਰਗਾਂ ਨੇ ਅੰਮ੍ਰਿਤ ਛਕਿਆ, ਇਹਨਾਂ ਵਿੱਚ ਭਾਈ ਨਰੈਣ ਸਿੰਘ ਸ਼ਾਮਿਲ ਸਨ।
ਕੈਨੇਡਾ 'ਚ ਆ ਵਸੇ ਸਾਬਕਾ ਫੌਜੀਆਂ ਨੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ, ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਅੱਗ 'ਚ ਸਾੜੇ। ਇਸ ਮੌਕੇ ਤੇ ਸਾਬਕਾ ਫੌਜੀ ਭਾਈ ਨਰੈਣ ਸਿੰਘ ਵਲੋਂ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ, ਬਸਤੀਵਾਦ ਅਤੇ ਨਸਲਵਾਦ ਖਿਲਾਫ ਅਪਣਾ ਰੋਸ ਪ੍ਰਗਟਾਇਆ ਗਿਆ ਅਤੇ ਅੰਗਰੇਜ਼ਾਂ ਵੱਲੋਂ ਦਿੱਤੇ ਗਏ ਵੱਖ-ਵੱਖ ਮੈਡਲ ਅਤੇ ਵਰਦੀਆਂ ਸਾੜ-ਸੁੱਟੀਆਂ ਗਈਆਂ। ਅੰਗਰੇਜ਼ ਸਾਮਰਾਜ ਦੀ ਗੁਲਾਮੀ ਖਿਲਾਫ ਬਾਗ਼ੀ ਸੁਰਾਂ ਵਾਲੇ ਖਾਲਸਿਆਂ ਵੱਲੋ ਚੁੱਕਿਆ ਗਿਆ ਇਹ ਕਦਮ, ਇਤਿਹਾਸ ਦਾ ਮਹੱਤਵਪੂਰਨ ਪੰਨਾ ਹੈ, ਜਿਸ ਨੂੰ ਸਾਰਿਆਂ ਨੂੰ ਮਿਲ ਕੇ ਵੱਡੇ ਪੱਧਰ 'ਤੇ ਮਨਾਉਣਾ ਚਾਹੀਦਾ ਹੈ। ਕੈਨੇਡਾ ਦੇ ਮੋਢੀ ਸਿੱਖਾਂ ਨੇ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ, ਸਤੰਬਰ 1912 ਨੂੰ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ।
ਭਾਈ ਨਰੈਣ ਸਿੰਘ ਨੇ ਸੰਨ 1911 ਵਿੱਚ ਹੋਰਨਾਂ ਸਿੱਖਾਂ ਨਾਲ ਮਿਲ ਕੇ, ਐਬਟਸਫੋਰਡ ਵਿਖੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਜੋ ਕਿ ਅੱਜ ਕੱਲ ਵਿਰਾਸਤੀ ਹੈ, ਦੀ ਸਥਾਪਨਾਂ ਵਿੱਚ ਇਤਿਹਾਸਕ ਭੂਮਿਕਾ ਨਿਭਾਈ। ਆਪ ਨਾਮ ਸਿਮਰਨ ਵਿਚ ਰੰਗੀ ਰੂਹ ਸਨ ਅਤੇ ਸਦਾ ਹੀ ਬਾਣੀ ਨਾਲ ਜੁੜੇ ਰਹਿੰਦੇ। ਦੂਜੇ ਪਾਸੇ ਗੁਲਾਮੀ ਖਿਲਾਫ਼ ਖਾਲਸਾ ਸੋਚ ਅਨੁਸਾਰ ਸੰਘਰਸ਼ ਕਰਨ ਵਿੱਚ ਵੀ, ਭਾਈ ਨਰਾਇਣ ਸਿੰਘ ਪਿੱਛੇ ਨਾ ਰਹਿੰਦੇ। ਕੈਨੇਡਾ ਦੇ ਸਿੱਖ ਇਤਿਹਾਸ ਦੀ ਇਹ ਨਿਵੇਕਲੀ ਮਿਸਾਲ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਲੀ ਜਗ੍ਹਾ ਵੀ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਭੇਟਾ ਕੀਤੀ ਗਈ ਸੀ। ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿਚੋਂ ਇੱਕ, ਸਾਊਥ ਫਰੇਜ਼ਰ ਵੇਅ ਉੱਪਰ ਸਥਿੱਤ, ਇਹ ਕਰੀਬ ਤਿੰਨ ਏਕੜ ਦੀ ਜ਼ਮੀਨ ਭਾਈ ਕਰਮ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਹਰੀ ਸਿੰਘ ਦੀ ਸਾਂਝੀ ਸੀ। ਜਿਸ ਵਿੱਚ ਭਾਈ ਕਰਮ ਸਿੰਘ ਅਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਭਾਈਵਾਲ ਸਨ।
ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਭਾਈ ਨਰੈਣ ਸਿੰਘ ਲਗਾਤਾਰ ਸਰਗਰਮ ਰਹੇ। ਆਪ ਜਿਥੇ ਗ਼ਦਰ ਪਾਰਟੀ ਦੇ ਸਿਰਕੱਢ ਮੈਂਬਰ ਸਨ, ਉੱਥੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹਿੰਦੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ। ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ। ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਨੇ ਬੇਹੱਦ ਕੀਮਤੀ ਜ਼ਮੀਨ ਕੌਮ ਨੂੰ ਸਮਰਪਿਤ ਕਰਦਿਆਂ ਭਾਈ ਨਰੈਣ ਸਿੰਘ ਨੇ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਇਸ ਉਪਰੰਤ ਭਾਈ ਨਰਾਇਣ ਸਿੰਘ ਬਾਕੀ ਭਾਈਆਂ ਸਮੇਤ ਭਾਰਤ ਪਰਤ ਗਏ।
ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਇਤਿਹਾਸਕਾਰਾਂ ਅਨੁਸਾਰ ਆਪ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਗ੍ਰਹਿਣ ਕਰ ਲਿਆ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਈ ਸਾਹਿਬ ਨੇ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਅੰਮ੍ਰਿਤ ਛਕਿਆ ਸੀ ਤੇ ਦੇਸ ਆ ਕੇ, ਨਨਕਾਣਾ ਸਾਹਿਬ ਪਹੁੰਚ ਕੇ ਅੰਮ੍ਰਿਤ ਪਾਨ ਕੀਤਾ ਹੋਵੇ।
ਇਹ ਇਤਿਹਾਸ ਦੀ ਵਿਡੰਬਨਾ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਲਾਲਾ ਲਾਜਪਤ ਰਾਏ ਸਿੱਖਾਂ ਦੇ ਕਾਤਲ ਮਹੰਤ ਨਰੈਣੂ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸ਼ੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ।
ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਪੱਤਰਕਾਰ ਅਤੇ ਜੁਝਾਰੂ ਕਵੀ ਵੀ ਸਨ। ਇਸ ਦਾ ਹਵਾਲਾ ਦਿਲਚਸਪ ਘਟਨਾਕ੍ਰਮ ਤੋਂ ਮਿਲਦਾ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਅਖਬਾਰ' ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ 'ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ 'ਗਦਰ ਦੀ ਗੂੰਜ' ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਕਿਹਾ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ 'ਗਦਰ' ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ 'ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦੋ ਪ੍ਰਬੰਧ ਕੀਤਾ ਗਿਆ।
ਐਡੀਟਰ ਕਰਮ ਸਿੰਘ ਬਬਰ ਅਕਾਲੀ ਦੇ ਨਾਂ ਥੱਲੇ 'ਸਫ਼ਰੀ ਪ੍ਰੈਸ' (ਮਗਰੋਂ ਦਾ ਨਾਂ ਉਡਾਰੂ ਪ੍ਰੈੱਸ) ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਗਿਆ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ 'ਬਬਰ ਅਕਾਲੀ ਦੁਆਬਾ' ਰੱਖਿਆ ਗਿਆ। 'ਬੱਬਰ ਅਕਾਲੀ' ਅਖਬਾਰ ਦੇ ਮੁੱਢ ਵਿੱਚ 'ਸ੍ਰੀ ਅਕਾਲ ਜੀ ਸਹਾਇ॥' ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਦੋਹਾ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥" ਛਾਪਿਆ ਜਾਂਦਾ ਸੀ। ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ਬੱਬਰ ਅਕਾਲੀ' ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ 'ਬਬਰ ਅਕਾਲੀ' ਸ਼ਬਦ ਜੁੜ ਗਿਆ।
ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬੱਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ, ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ। ਇਸ ਮੌਕੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ 'ਬਬਰ ਅਕਾਲੀ' ਅਖ਼ਬਾਰ ਦੇ ਪ੍ਰਭਾਵਸ਼ਾਲੀ ਨਾਂ ਨੂੰ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ 'ਬਬਰ ਅਕਾਲੀ ਜਥਾ' ਘੋਸ਼ਿਤ ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ 'ਗ਼ਦਰ' ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ 'ਗ਼ਦਰ ਲਹਿਰ' ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬੱਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ 'ਤੇ ਸੰਪਾਦਕ ਦਾ ਨਾਂ ਭਾਵੇਂ ਕਰਮ ਸਿੰਘ ਬਬਰ ਹੀ ਰਹੇਗਾ, ਪਰ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੀ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ।
ਇਉਂ ਸਮੂਹ ਜੁਝਾਰੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ 'ਬਬਰ ਅਕਾਲੀ' ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦੇ ਸਿਰ ਬੱਝਦਾ ਹੈ। 'ਬਬਰ ਅਕਾਲੀ' ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ' ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਇਸ ਅਖ਼ਬਾਰ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। 'ਬਬਰ ਅਕਾਲੀ' ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅਖਬਾਰ ਨੇ ਸਰਕਾਰੀ ਝੋਲੀਚੁੱਕਾਂ, ਟੋਡੀਆਂ ਅਤੇ ਗ਼ਦਾਰਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ, ਤਾਂ ਉਨ੍ਹਾਂ ਨੂੰ ਸੋਧਿਆ ਜਾਏਗਾ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ 'ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ 'ਬਬਰ ਅਕਾਲੀ' ਅਖ਼ਬਾਰ ਉਡਾਰੂ ਪ੍ਰੈੱਸ ਰਾਹੀਂ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ 'ਤੇ ਬੱਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਅਗਸਤ 1922 ਤੋਂ ਮਈ 1923 ਤੱਕ ਬਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ। ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ;
"ਬਬਰ ਕੱਢ ਵਾਰੰਟ ਤੂੰ ਜ਼ਾਲਮਾਂ ਦੇ ਹੱਥੀਂ ਆਪਣੇ ਦਫ਼ਾ ਲਗਾ ਭਾਈ।
ਸ਼ਾਂਤਮਈ ਨੇ ਕੁਝ ਸਵਾਰਿਆ ਨਾ ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
'ਕਰਮ ਸਿੰਘ' ਕਰਤਾਰ ਦੀ ਓਟ ਲੈ ਕੇ ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।"
ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, "ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।" ਇਸ ਦੌਰਾਨ ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ 'ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ।
ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। 12 ਜਨਵਰੀ,1923 ਨੂੰ 'ਬਬਰ ਅਕਾਲੀ ਦੁਆਬਾ' ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹਾ ਵਿਚ ਬਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ 'ਬਬਰ ਅਕਾਲੀ' ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ।
ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼ਪ੍ਰਸਤ ਅਖੌਤੀ ਸਿੱਖ ਸਰਬਰਾਹਾ ਨੇ ਬਬਰ ਅਕਾਲੀਆਂ ਗਰਮ ਕਾਰਵਾਈਆਂ ਵਿਰੁੱਧ ਮਤੇ ਵੀ ਪਾਸ ਕੀਤੇ। ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ।
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸਰਕਾਰੀ ਸਰਬਰਾਹਾਂ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ 'ਬਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135) ਇਨ੍ਹਾਂ ਦੇ ਨਾਲ-ਨਾਲ ਬੱਬਰਾਂ ਦੇ ਪ੍ਰਚਾਰ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਦੇ ਕਈ ਪਿੰਡਾਂ ਨੂੰ ਅਮਨ ਕਮੇਟੀਆਂ ਬਣਾਉਣ ਅਤੇ ਰਾਤਾਂ ਨੂੰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਲੋਕਾਂ ਲਈ ਲੜਨ ਵਾਲੇ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ।
ਬੱਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ ਆਪ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ। ਭਾਈ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਬਬਰ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ ਸੌਵੇਂ ਸ਼ਹੀਦੀ ਦਿਹਾੜੇ 'ਤੇ ਸੱਚੀ ਸ਼ਰਧਾਂਜਲੀ ਹੈ।
ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
ਬਬਰ ਅਕਾਲੀ ਅਖ਼ਬਾਰ ਦੇ 100ਵੇਂ ਸਥਾਪਨਾ ਦਿਹਾੜੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵਿਖੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਤਾਬਦੀ ਸਮਾਗਮ ਮਨਾਉਣ ਲਈ ਸੰਗਤਾਂ ਅਤੇ ਪ੍ਰਬੰਧਕ ਪ੍ਰਸੰਸਾ ਦੇ ਪਾਤਰ ਹਨ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ ਬੀ ਸੀ ਕੈਨੇਡਾ
ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ : "ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।'' - ਡਾ. ਗੁਰਵਿੰਦਰ ਸਿੰਘ
ਵੀਹਵੀਂ ਸਦੀ ਦੇ ਆਰੰਭ ਵਿੱਚ ਗ਼ਦਰ ਪਾਰਟੀ ਨੇ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ 'ਮਜ਼ਬੂਤ ਸੰਘੀ ਢਾਂਚਾ' ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ-ਪੀਣ, ਬੋਲ-ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ। ਸਿਆਸੀ ਵਿਰੋਧ ਕਾਰਨ ਵੱਖ-ਵੱਖ ਸੂਬੇ ਅਤੇ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਵੱਲੋਂ ਕੁਚਲੇ ਜਾ ਰਹੇ ਰਹੇ ਹਨ। ਮਨੀਪੁਰ ਦੀ ਸਥਿਤੀ ਇਸਦੀ ਮੂੰਹ ਬੋਲਦੀ ਤਸਵੀਰ ਹੈ, ਜਿੱਥੇ ਘੱਟ ਗਿਣਤੀ ਕੂਕੀ ਇਸਾਈ ਭਾਈਚਾਰੇ ਦੀਆਂ ਔਰਤਾਂ ਦੀ ਨਗਨ ਪਰੇਡ, ਸਮੂਹਿਕ ਬਲਾਤਕਾਰ ਅਤੇ ਪੀੜਤਾ ਦੇ ਪਿਤਾ ਅਤੇ ਭਰਾ ਦਾ ਸ਼ਰੇ- ਬਾਜ਼ਾਰ ਕਤਲ ਬਹੁਗਿਣਤੀਵਾਦ ਦੀ ਸਿਆਸੀ ਚਾਲ ਅਤੇ ਫਿਰਕੂਵਾਦ ਦਾ ਨਤੀਜਾ ਹੈ।
ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਪੰਜਾਬ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ 'ਚ ਵੰਡਣ ਦਰਦ ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ 'ਦਾਮਨ' ਇਉਂ ਮਹਿਸੂਸ ਕਰਦੇ ਹਨ;
"ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।"
ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ, ਉਮਰ ਕੈਦ ਕੱਟਣ ਅਤੇ ਕਾਲੇ ਪਾਣੀਆਂ ਦਾ ਦਰਦ ਝੱਲਣ ਵਾਲੇ ਪੰਜਾਬੀਆਂ ਨੂੰ ਹੀ ਦੇਸ਼ ਦੀ ਵੰਡ ਦਾ ਦਰਦ, ਸਭ ਤੋਂ ਵੱਧ ਹੰਢਾਉਣਾ ਪਿਆ। ਇਕ ਅੰਦਾਜ਼ੇ ਅਨੁਸਾਰ ਫ਼ਿਰਕੂ ਨਫ਼ਰਤ ਦੇ ਭਾਂਬੜ ਬਾਲ ਕੇ, ਪੰਜਾਬ ਨੂੰ ਦੋ ਟੋਟਿਆਂ 'ਚ ਵੰਡੇ ਜਾਣ ਦੌਰਾਨ ਕਰੀਬ 2 ਮਿਲੀਅਨ ਪੰਜਾਬੀਆਂ ਦੇ ਕਤਲ ਹੋਏ।
ਸਦੀ ਦੇ ਮਹਾਂ-ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਬੌਧਿਕ ਦੀਵਾਲੀਆਪਣ ਨਹੀਂ, ਤਾਂ ਹੋਰ ਕੀ ਹੈ ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ, ਜਿਵੇਂ ਕਿ ਮਹਾਨ ਸ਼ਾਇਰ ਡਾ ਹਰਭਜਨ ਸਿੰਘ ਇਹ ਦਰਦ ਬਿਆਨ ਕਰਦੇ ਸਨ;
"ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋ ਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।"
'ਆਜ਼ਾਦੀ' ਅਜਿਹਾ ਸ਼ਬਦ ਹੈ, ਜੋ ਆਪਣੇ ਵਿਸ਼ਾਲ ਕਲਾਵੇ ਵਿੱਚ ਅਨੇਕਾਂ ਮਹੱਤਵਪੂਰਨ ਸੰਕਲਪਾਂ ਨੂੰ ਸਮੋਈ ਬੈਠਾ ਹੈ। ਬਹੁ ਪੱਖੀ ਤੇ ਬਹੁ-ਪਸਾਰੀ ਸ਼ਬਦ ਆਜ਼ਾਦੀ ਦਾ ਲਫ਼ਜ਼ੀ ਅਰਥ ਹੈ- 'ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪੱਖੋਂ ਕਿਸੇ ਵਿਅਕਤੀ, ਸਮਾਜ ਅਤੇ ਦੇਸ਼ ਦੀ ਪੂਰਨ ਸੁਤੰਤਰਤਾ, ਸੰਸਾਰ ਦੇ ਹਰ ਪ੍ਰਾਣੀ ਦਾ ਜਮਾਂਦਰੂ ਹੱਕ ਹੈ। ਜ਼ਿੰਦਗੀ ਵਾਸਤੇ ਆਜ਼ਾਦੀ ਉਨੀ ਹੀ ਲਾਜ਼ਮੀ ਹੈ, ਜਿੰਨੇ ਸਰੀਰ ਲਈ ਅੰਨ, ਪਾਣੀ ਅਤੇ ਹਵਾ ਆਦਿ। ਜਿਥੇ ਅਧਿਆਤਮਕ ਸ਼ੈਲੀ ਵਿੱਚ ਬਾਬਾ ਫ਼ਰੀਦ 'ਬਾਰਿ ਪਰਾਇਐ ਬੈਸਣਾ'' ਵਿੱਚ ਆਤਮਿਕ ਗੁਲਾਮੀ ਦੀ ਸਥਿਤੀ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ, ਉਥੇ ਵਿਸ਼ਵ ਦੇ ਪ੍ਰਸਿੱਧ ਫਿਲਾਸਫ਼ਰ ਪੈਟਕਿਰ ਹੈਨਰੀ ਦੇ ਸ਼ਬਦ ਹਨ ''ਜੇ ਤੁਸੀ ਮੈਨੂੰ ਆਜ਼ਾਦੀ ਨਹੀਂ ਦੇ ਸਕਦੇ, ਤਾਂ ਇਸ ਨਾਲੋਂ ਬਿਹਤਰ ਹੈ ਕਿ ਤੁਸੀ ਮੈਨੂੰ ਮੌਤ ਦੇ ਦਿਓ।'' ਦੁਨੀਆ ਦੇ ਹਰ ਮੁਲਕ ਵਿੱਚ ਹਰ ਕੌਮ ਵੱਲੋਂ, ਆਜ਼ਾਦੀ ਪ੍ਰਾਪਤੀ ਲਈ ਨਿਰੰਤਰ ਜਦੋ-ਜਹਿਦ ਹੁੰਦੀ ਰਹੀ ਹੈ ਅਤੇ ਤਦ ਤੱਕ ਜਾਰੀ ਰਹੀ ਹੈ, ਜਦ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੋਈ।
ਭਾਰਤ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਖਲਾਸੀ ਦਿਵਾਉਣ ਦੀ ਗੌਰਵਮਈ ਇਤਿਹਾਸਕ ਗਾਥਾ ਵਿੱਚ ਵੀ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਵੱਲੋਂ ਸਭ ਤੋਂ ਵੱਧ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦਾਸਤਾਨ ਮੌਜੂਦ ਹੈ। ਮਹਾਨ ਸਿੱਖ ਸੂਰਵੀਰਾਂ ਦੀਆਂ ਸ਼ਹੀਦੀਆਂ ਦੇ ਸਿੱਟੇ ਵਜੋਂ ਹੀ ਕਦੇ ਨਾ ਅਸਤ ਹੋਣ ਵਾਲਾ 'ਬ੍ਰਿਟਿਸ਼ ਸਾਮਰਾਜ ਦਾ ਸੂਰਜ', ਸਦਾ ਲਈ ਛਿਪ ਗਿਆ ਸੀ। ਬਦਲੇ ਵਿੱਚ ਸਿੱਖਾਂ ਨੂੰ ਕੀ ਮਿਲਿਆ- 'ਗੁਲਾਮੀ'।ਧੱਕੇਸ਼ਾਹੀਆਂ ਅਤੇ ਜਬਰ ਤੋਂ ਤੰਗ ਆ ਕੇ ਸਿੱਖ ਆਪਣੇ ਆਜ਼ਾਦ ਦੇਸ਼ ਦੀ ਮੰਗ ਨਾ ਕਰਨ ਤਾਂ ਹੋਰ ਕੀ ਕਰਨ?
ਵਰਤਮਾਨ ਸਮੇਂ ਆਖਣ ਨੂੰ ਤਾਂ ਭਾਰਤ ਨੂੰ ਆਜ਼ਾਦੀ ਹੋਇਆ 76 ਵਰ੍ਹੇ ਬੀਤ ਚੁੱਕੇ ਹਨ, ਪਰ ਵਿਚਾਰਯੋਗ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਦੇਸਵਾਸੀਆਂ ਨੇ 'ਆਜ਼ਾਦੀ ਦਾ ਨਿੱਘ' ਮਾਣਿਆਂ ਵੀ ਹੈ ਕਿ ਨਹੀਂ? ਕੁਰਬਾਨੀਆਂ ਦੇ ਇਤਿਹਾਸ ਪੱਖੋਂ ਦੇਸ਼ ਲਈ 95 ਫੀਸਦੀ ਸ਼ਹਾਦਤਾਂ ਦੇਣ ਵਾਲੀ ਪੰਜਾਬੀਆਂ ਨੂੰ 5 ਫੀਸਦੀ ਆਜ਼ਾਦ ਵਾਯੂ-ਮੰਡਲ ਵੀ ਨਸੀਬ ਨਹੀਂ ਹੋਇਆ। ਬੀਤੀ ਪੌਣੀ ਸਦੀ ਦੌਰਾਨ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਨੇ ਆਪਣੇ ਪਿੰਡੇ 'ਤੇ ਜੋ ਦਰਦ ਹੰਢਾਇਆ, ਉਸ ਬਾਰੇ ਸੋਚਦਿਆਂ ਉਹ ਕਿਵੇਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ? ਸੱਚ ਤਾਂ ਇਹ ਹੈ:
ਨਸਲਕੁਸ਼ੀ ਜੋ ਕਰ ਰਹੇ, ਸੱਤਾ ਵਿਚ ਮਗ਼ਰੂਰ।
ਕਹਿਣ 'ਤਿਰੰਗਾ ਚਾੜ੍ਹਿਓ', ਸਾਨੂੰ ਨਾ ਮਨਜ਼ੂਰ ।
ਅੱਜ ਭਾਰਤ ਦੀ ਦਸ਼ਾ ਇਹ ਹੈ ਕਿ ਆਰਥਿਕ ਪੱਖੋਂ ਦੇਸ਼ ਦਾ 5 ਫੀਸਦੀ ਵਸ਼ਿਸ਼ਟ ਤੇ ਅਮੀਰ (ਅਡਾਨੀ, ਅੰਬਾਨੀ) ਵਰਗ 95 ਫੀਸਦੀ ਧਨ 'ਤੇ ਕਾਬਿਜ਼ ਹੋਇਆ ਬੈਠਾ ਹੈ, ਜਦ ਕਿ ਮੁਲਕ ਦੀ ਪਚਾਨਵੇਂ ਫੀਸਦੀ ਆਬਾਦੀ ਪੰਜ ਫੀਸਦੀ ਸਰੋਤਾਂ 'ਤੇ ਜ਼ਿੰਦਗੀ ਬਸਰ ਕਰ ਰਹੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸਦੇ ਗਰੀਬੀ ਦਾ ਸ਼ਿਕਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਤੇ ਮਾਸੂਮ ਬੱਚੇ ਭੁੱਖੇ ਪੇਟ ਰੋਂਦਿਆਂ ਸੌਂ ਜਾਂਦੇ ਹਨ, ਅਜਿਹੇ ਦੁਖਿਆਰਿਆਂ ਲਈ ਆਜ਼ਾਦੀ ਕੋਈ ਅਰਥ ਨਹੀਂ ਰੱਖਦੀ। ਸੱਚ ਤਾਂ ਇਹ ਹੈ ਕਿ ਬਹੁਤੇ ਦੇਸ਼-ਵਾਸੀਆਂ ਨੂੰ ਤਾਂ ਇਲਮ ਹੀ ਨਹੀਂ ਕਿ ਆਜ਼ਾਦੀ ਕਿਸ ਸ਼ੈਅ ਦਾ ਨਾਂ ਹੈ, ਬਲਕਿ ਹੈਰਾਨੀ ਭਰੇ ਲਹਿਜੇ 'ਚ ਉਹ ਕਵੀ ਗੁਰਦਾਸ ਰਾਮ 'ਆਲਮ' ਵਾਂਗ ਇਉਂ ਸੁਆਲ-ਜੁਆਬ ਕਰਦੇ ਹਨ
''ਕਿਉਂ ਬਈ ਨਿਹਾਲਿਆ! ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਆਈ ਨੂੰ ਭਾਵੇਂ ਕਈ ਸਾਲ ਬੀਤੇ,
ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਨਹੀਂ, ਐਵੇਂ 'ਕਾਣੀ ' ਜਿਹੀ ਏ।''
1947 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰਕੂ ਵੰਡ ਦੌਰਾਨ ਲੱਖਾਂ ਬੇਗੁਨਾਹ ਮਾਰੇ ਗਏ, ਪਰ 'ਆਜ਼ਾਦੀ' ਮਗਰੋਂ ਦੇਸ਼ ਦੀ ਫਿਰਕੂ ਰਾਜਨੀਤੀ ਦੇ ਸਿੱਟੇ ਵਜੋਂ ਇਹ ਫਸਾਦ ਘਟੇ ਨਹੀਂ, ਲਗਾਤਾਰ ਵੱਧਦੇ ਰਹੇ ਹਨ। ਦੇਸ਼ ਵਿੱਚ ਜੂਨ1984 ਵਿੱਚ ਦੁਖਾਂਤ ਤੇ ਮਗਰੋਂ ਬਾਬਰੀ ਮਸਜਿਦ ਦੁਖਾਂਤ ਅਜਿਹੀਆ ਫਿਰਕੂ ਅਤੇ ਦਰਦਨਾਕ ਘਟਨਾਵਾਂ ਹਨ, ਜੋ ਭਾਰਤ ਦੇ ਇਤਿਹਾਸ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੁਖਾਂਤ ਵਜੋਂ ਜਾਣੀਆਂ ਜਾਂਦੀਆਂ ਰਹਿਣਗੀਆਂ। ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ-ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਅੱਜ ਦੇ ਸਮੇਂ ਮਨੀਪੁਰ ਵਿੱਚ ਵਾਪਰਿਆ ਦੁਖਾਂਤ ਵੀ 2024 ਦੀਆਂ ਚੋਣਾਂ ਵਿਚ ਮੁਸਲਿਮ ਬਨਾਮ ਹਿੰਦੂ ਪੱਤਾ ਖੇਡਣ ਦੀ ਸਾਜਿਸ਼ ਕਹੀ ਜਾ ਸਕਦੀ ਹੈ। ਹਿੰਦੂਤਵ ਦੇ ਏਜੰਡੇ ਅਧੀਨ 'ਹਿੰਦੀ, ਹਿੰਦੂ ਅਤੇ ਹਿੰਦੁਸਤਾਨ' ਦਾ ਢੰਡੋਰਾ ਪਿਟਦੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਤੇ ਅੱਤਿਆਚਾਰ, ਧਾਰਾ 370 ਦਾ ਖਾਤਮਾ, ਸੀ.ਏ.ਏ. ਵਰਗੇ ਐਕਟਾਂ ਰਾਹੀਂ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਦੇਸ਼ ਨੂੰ 'ਟੁਕੜੇ-ਟੁਕੜੇ' ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ।
''ਬਸ ਏਕ ਹੀ ਉੱਲੂ ਕਾਫ਼ੀ ਥਾ,
ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ,
ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਸ਼ਾਇਰ ਸ਼ੋਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ 'ਆਜ਼ਾਦੀ ਦੇ 76 ਸਾਲ' ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ ਨੰਗਾ-ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਸਰਕਾਰ ਦੀ ਅਲੋਚਨਾ ਕਰਨਾ ਸਭ ਤੋਂ ਵੱਡਾ ਜੁਰਮ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ' ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ ਲਿਖਤੀ ਰੂਪ 'ਚ ਅਜੇ ਹਟਾਏ ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਜਦੋਂ 'ਵਾੜ ਹੀ ਖੇਤ ਨੂੰ ਖਾਣ' ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ , ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਹੋਰਨਾਂ ਕੌਮਾਂ ਦੀ ਜ਼ੁਬਾਨ ਅਤੇ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ। ਸਿੱਖ ਕੈਦੀ ਉਮਰ ਕੈਦਾਂ ਕੱਟਣ ਮਗਰੋਂ ਵੀ ਜੇਲ੍ਹਾਂ 'ਚ ਧੱਕੇ ਨਾਲ ਬੰਦ ਹਨ, ਜਿਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ।
ਚਿੰਤਕ ਜੇਲ੍ਹੀਂ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
1975 ਵਿੱਚ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ। ਅੱਜ ਵੀ ਦੇਸ਼ 'ਚ ਵੱਖ-ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ-ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਅੱਜ ਦੀ 'ਅਣ-ਐਲਾਨੀ ਐਮਰਜੈਂਸੀ' ਹੋਰ ਵੀ ਵਧੇਰੇ ਖ਼ਤਰਨਾਕ ਹੈ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ ਸਰਕਾਰ 'ਤੇ ਵੀ ਪੂਰਾ ਢੁੱਕਦਾ ਹੈ;
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ 'ਹਿੰਦੋਸਤਾਨ' ਹੈ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ , ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ 76 ਵਰ੍ਹੇ ਬੀਤਣ ਮਗਰੋਂ ਜੇਲ੍ਹਾਂ ਅੰਦਰ ਤਾੜੇ ਬੁੱਧੀਜੀਵੀ, ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ-ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ,
''ਮੁੱਦੇ 'ਤੇ ਗੁਜ਼ਰੀ ਹੈ ਇਤਨੀ
ਰੰਜੋਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ
ਇਸ ਵਤਨ ਕੋ ਵਤਨ ਕਹਿਤੇ ਹੂਏ।''
ਇਹ ਉਹੀ ਪੀੜਾ ਹੈ, ਜਿਹੜੀ ਲੋਕਾਂ ਅੰਦਰ ਫਿਰਕੂ ਸਾਂਝ ਨੂੰ ਤੋੜਨ ਅਤੇ ਤਨਾਓ ਵਧਾਓਣ ਦੀ ਹਾਲਤ 'ਚ, ਨਾਸੂਰ ਬਣਦੀ ਹੈ। ਦਰਅਸਲ ਇਹ 'ਆਜ਼ਾਦੀ ਦਾ ਮਹਾਂਉਤਸਵ' ਨਹੀਂ, ਸਗੋਂ 'ਦੇਸ਼ ਨੂੰ ਹਿੰਦੂ ਰਾਸ਼ਟਰ' ਬਣਾਉਣ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਵੰਡਣ ਵਾਲੇ ਕਾਨੂੰਨ ਅਤੇ ਕਈ ਹੋਰ ਘੁਣਤਰਾਂ ਹੋ ਰਹੀਆਂ ਹਨ। ਦੇਸ਼ ਦੇ ਕੱਟੜ ਫ਼ਿਰਕੂ ਸ਼ਾਸਕ ਜੋ ਤਬਾਹੀ ਕਰ ਰਹੇ ਹਨ, ਉਹ ਵੇਖਦਿਆਂ ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਵਤਨ ਵੀਰਾਨ ਹੋ ਗਿਆ ਤੇ ਰਾਖਾ ਸ਼ੈਤਾਨ ਬਣ ਗਿਆ ਹੈ ;
"ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।"
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ ਬੀ ਸੀ ਕੈਨੇਡਾ
23 ਮਈ ਇਤਿਹਾਸਕ ਦਿਨ ਤੇ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ - ਡਾ ਗੁਰਵਿੰਦਰ ਸਿੰਘ
ਸੰਸਾਰ ਦੇ ਇਤਿਹਾਸ ਵਿੱਚ ਸਮੁੰਦਰੀ ਬੇੜੇ ਕੋਮਾਗਾਟਾ ਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ। ਦਰਅਸਲ 109 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ 'ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ)', ਜਿਸ ਨੂੰ ਉਸ ਦੇ ਜਾਪਾਨੀ ਨਾਂਅ ਕੋਮਾਗਾਟਾ ਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਜਬਰੀ ਭਾਰਤ ਵਾਪਸ ਮੋੜ ਦਿੱਤਾ ਸੀ। ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੇ ਨਸਲਵਾਦ ਹੰਢਾਇਆ, ਉਹ ਬਸਤੀਵਾਦ ਦੇ ਖਿਲਾਫ ਲੜੇ। ਉਹ ਦੇਸ਼ ਦੇ ਆਜ਼ਾਦੀ ਘੁਲਾਟੀਏ ਸਨ, ਜਿਹਨਾਂ ਨੇ ਵਿਸਾਰਨਾ ਅਕ੍ਰਿਤਘਣਤਾ ਦੀ ਸਿਖਰ ਹੈ। ਦਰਅਸਲ ਸੰਸਾਰ ਦੇ ਇਤਿਹਾਸ ਵਿੱਚ ਸਮੁੰਦਰੀ ਬੇੜੇ ਕੋਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ। ਦਰਅਸਲ 108 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ 'ਗੁਰੂ ਨਾਨਕ ਜਹਾਜ਼' ਉਸ ਨੂੰ ਜਬਰੀ ਵਾਪਸ ਮੋੜ ਦਿੱਤਾ ਸੀ।
ਇਹ ਸਮੁੰਦਰੀ ਬੇੜਾ ਜਾਪਾਨ ਤੋਂ ਖ਼ਰੀਦਣ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇਸ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਿਆ ਸੀ, ਜਿਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਆਤਮ-ਕਥਾ (ਜ਼ੁਲਮੀ ਕਥਾ) "ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ" ਵਿੱਚ ਬਿਆਨ ਕੀਤੀ ਹੈ। ਚਾਹੇ ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਅੱਜ ਵੀ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਇਸ ਨੂੰ ਜਾਪਾਨੀ ਨਾਂਅ ਕੋਮਾਗਾਟਾਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਪਰ ਜਹਾਜ਼ ਖ਼ਰੀਦਣ ਮਗਰੋਂ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਅਣਥੱਕ ਯਤਨਾਂ ਨਾਲ ਇਥੇ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਿਰਾਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ 'ਤੇ ਬੰਦੀ ਬਣਾਈ ਰੱਖਿਆ। ਜ਼ੁਲਮ-ਸਿਤਮ ਦੀ ਇਹ ਹੱਦ ਸੀ ਕਿ ਮੁਸਾਫ਼ਿਰਾਂ ਨਾਲ ਅਣਮਨੁੱਖੀ ਵਰਤਾਉ ਕੀਤਾ ਗਿਆ ਤੇ ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ, ਕੋਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ।
ਨਸਲੀ ਵਰਤਾਓ ਤੇ ਧੱਕੇਸ਼ਾਹੀ ਕਰਦਿਆਂ ਜਹਾਜ਼ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿਥੇ 28 ਸਤੰਬਰ 1914 ਨੂੰ ਕਲਕੱਤੇ ਦੇ ਬਜਬਜ ਘਾਟ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਮੁਸਾਫ਼ਿਰਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ। ਨਤੀਜੇ ਵਜੋਂ 19 ਵਿਅਕਤੀ ਸ਼ਹੀਦ ਹੋ ਗਏ ਤੇ ਅਨੇਕਾਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗ਼ਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਿਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਕੇ, ਮੁਆਫ਼ੀ ਲਈ ਹੀ ਆਵਾਜ਼ ਉਠਾਈ ਗਈ। ਗ਼ਦਰੀ ਬਾਬਿਆਂ ਦੇ ਮੇਲੇ 'ਚ ਆ ਕੇ ਚਾਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫ਼ੀ ਮੰਗੀ, ਪਰ ਕੈਨੇਡਾ ਦੀ ਪਾਰਲੀਮੈਂਟ 'ਚ ਅਜਿਹਾ ਸੰਭਵ ਨਾ ਹੋਇਆ,ਹਾਲਾਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਵਿਧਾਨ ਸਭਾ 'ਚ ਪਹਿਲਾਂ ਹੀ ਅਜਿਹਾ ਕੀਤਾ ਗਿਆ।ਆਖ਼ਰਕਾਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮੁਆਫ਼ੀ ਮੰਗਣ ਲਈ 18 ਮਈ, 2016 ਦੇ ਦਿਨ ਦਾ ਐਲਾਨ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਸੰਸਾਰ ਭਰ 'ਚ ਆਮ ਕਰਕੇ ਅਤੇ ਭਾਰਤ 'ਚ ਖ਼ਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ 'ਚ ਮੁਆਫ਼ੀ ਮੰਗੇ ਜਾਣ ਦੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਵੱਖ -ਵੱਖ ਸਰਕਾਰਾਂ ਨੇ ਬਿਆਨ ਵੀ ਦਰਜ ਕੀਤੇ । ਜਿਥੇ ਇਹ ਚੰਗੀ ਗੱਲ ਸੀ, ਉਥੇ ਇਸ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ। ਜੇਕਰ ਕੈਨੇਡਾ 'ਚੋਂ ਕਾਮਾਗਾਟਾਮਾਰੂ ਜਹਾਜ਼ ਵਾਪਸ ਮੋੜਿਆ ਗਿਆ, ਤਾਂ ਕੈਨੇਡਾ ਨੇ ਉਸ ਗ਼ਲਤੀ ਦਾ ਸੰਸਦ 'ਚ ਪਛਤਾਵਾ ਕੀਤਾ ਹੈ।
ਜੇਕਰ ਕੈਨੇਡਾ 'ਚੋਂ ਕੋਮਾਗਾਟਾਮਾਰੂ ਜਹਾਜ਼ ਵਾਪਸ ਮੋੜਿਆ ਗਿਆ, ਤਾਂ ਕੈਨੇਡਾ ਨੇ ਉਸ ਗ਼ਲਤੀ ਦਾ ਸੰਸਦ 'ਚ ਪਛਤਾਵਾ ਕੀਤਾ ਹੈ। ਕੈਨੇਡਾ ਤੋਂ ਭਾਰਤ ਪੁੱਜਣ 'ਤੇ ਇਸ ਜਹਾਜ਼ ਦੇ 19 ਮੁਸਾਫ਼ਿਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਉਸ ਤੋਂ ਵੀ ਵੱਡਾ ਦੁਖਾਂਤ ਸੀ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ 'ਚ ਵੀ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫ਼ਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਪਰ ਦੁੱਖ ਅਤੇ ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਦੀ ਨਾ ਕੇਂਦਰੀ ਸਰਕਾਰ ਤੇ ਨਾ ਹੀ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਯਾਦ ਤੱਕ ਕੀਤਾ। 'ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ' ਦੇ ਕਥਨ ਵਾਂਗ ਜਿਨ੍ਹਾਂ ਯੋਧਿਆਂ ਦੀਆਂ ਸ਼ਹੀਦੀਆਂ ਕਰਕੇ ਇਹ ਕੁਰਸੀਆਂ ਮਿਲੀਆਂ, ਉਨ੍ਹਾਂ ਦੇ ਦਿਨ ਵਿਸਾਰ ਕੇ 'ਆਪਣੇ ਸਿਆਸੀ ਆਕਾਵਾਂ' ਦੇ ਸੋਹਲੇ ਗਾਏ ਜਾ ਰਹੇ ਹਨ। ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਕੇਂਦਰ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ, ਵਿਰੋਧੀ ਧਿਰਾਂ ਵਿੱਚ ਕਾਂਗਰਸ ਤੇ ਇੱਥੋਂ ਤੱਕ ਕਿ ਅਕਾਲੀ ਦਲ ਦੇ ਵੱਲੋਂ ਵੀ, ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੀ ਲੋਡ਼ ਨਹੀਂ ਸਮਝੀ ਗਈ। ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਗੱਲ ਕਰਕੇ ਸਰਕਾਰ ਦਾ ਸਿਆਸੀ ਮੁਫਾਦ ਪੂਰਾ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਵਿਸਾਰਿਆ ਗਿਆ ਹੈ, ਜੋ ਕਿ ਇਤਿਹਾਸਕ ਭੁੱਲ ਹੈ। ਇਸ ਗ਼ਲਤ ਦਾ ਦੁੱਖ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੇ ਨਾਲ-ਨਾਲ ਬਹੁਤਾਤ ਮੀਡੀਏ ਨੇ, ਭਾਰਤੀਆਂ ਨੇ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਵੀ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ਇਉਂ ਹੀ ਵਿਸਾਰ ਦਿੱਤਾ ਹੈ।
ਭਾਰਤ ਦੀ ਪਾਰਲੀਮੈਂਟ ਜਾਂ ਪੰਜਾਬ ਅਸੈਂਬਲੀ ਵਿਚ ਸ਼ੋਕਮਈ ਮਤੇ ਪਾਸ ਕੀਤੇ ਜਾਣਾ ਤਾਂ ਦੂਰ ਦੀ ਗੱਲ ਹੈ। ਇਉਂ ਇਹ ਸਾਰੇ ਸਿਆਸਤਦਾਨ ਇਤਿਹਾਸ ਦੇ ਦੋਸ਼ੀ ਹਨ। ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਗੁਨਾਹਗਾਰ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ 'ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਕੋਮਾਗਾਟਾਮਾਰੂ ਦੇ ਲਗਪਗ ਸਾਰੇ ਮੁਸਾਫ਼ਿਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ। ਕੈਨੇਡਾ ਦੀ ਪਹਿਲਕਦਮੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈ ਕੇ, ਮੁੜ ਗ਼ਲਤੀਆਂ ਨਾ ਦੁਹਰਾਉਣ ਦਾ ਤਹੱਈਆ ਕਰਨ, ਤਾਂ ਇਹ ਸਹੀ ਅਰਥਾਂ 'ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ ਹੈ। ਜੇਕਰ ਘੱਲੂਘਾਰਿਆਂ, ਨਸਲਕੁਸ਼ੀਆਂ ਅਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗ਼ਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਘੱਟ-ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਕੋਮਾਗਾਟਾਮਾਰੂ ਦੀ ਕੈਨੇਡਾ 'ਚ ਮੰਗੀ ਮੁਆਫ਼ੀ ਦਾ ਸਾਡੇ ਲੀਡਰਾਂ ਵੱਲੋਂ ਸਵਾਗਤ ਅਰਥ ਰੱਖਦਾ ਹੈ, ਨਹੀਂ ਤਾਂ ਇਹ ਮਹਿਜ਼ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ।
ਸ਼ਹੀਦਾਂ ਨੂੰ ਯਾਦ ਕਰਨ ਅਤੇ ਇਤਿਹਾਸਕ ਗੁਨਾਹਾਂ ਦੀਆਂ ਮੁਆਫ਼ੀਆਂ ਮੰਗਣ ਦੇ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ ਨਸਲ ਜਾਤ ਧਰਮ ਅਤੇ ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਬਨਾਮ ਕੋਮਾਗਾਟਾ ਮਾਰੂ ਦੇ 376 ਮੁਸਾਫਰਾਂ ਵਿੱਚ 337 ਸਿੱਖਾਂ ਤੋਂ ਇਲਾਵਾ ਸਿੱਖਾਂ 12 ਹਿੰਦੂ ਅਤੇ 27 ਮੁਸਲਮਾਨ ਵੀ ਸਵਾਰ ਸਨ, ਪਰ ਸਭ ਨੇ ਆਪੋ -ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ 'ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖ਼ਿਲਾਫ਼ ਲੜੇ।
ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਦਾ ਸਾਂਝਾ ਸੰਘਰਸ਼ ਇਸ ਗੱਲ ਦਾ ਵੀ ਸੂਚਕ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੁੱਝ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਕੋਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਨਾਲ ਧਰੋਹ ਵੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਵੀ। ਨਵ-ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਕੋਮਾਗਾਟਾਮਾਰੂ ਦੇ ਮੁਸਾਫਰਾਂ ਨਾਲ ਹੋਏ ਅਨਿਆਂ ਸਬੰਧੀ ਆਵਾਜ਼ ਉਠਾਉਣਾ ਕੋਈ ਅਰਥ ਰੱਖਦਾ ਹੈ, ਨਹੀਂ ਤਾਂ ਆਪਣੇ- ਆਪ ਵਿੱਚ ਇਹ ਦੋਗਲੀ ਨੀਤੀ ਤੋਂ ਵੱਧ ਕੁਝ ਨਹੀਂ ਹੈ। ਬੀਤੇ ਸਮੇਂ ਦਾ ਕੈਨੇਡਾ ਅੱਜ 'ਮਨੁੱਖੀ ਹੱਕਾਂ ਦਾ ਚੈਂਪੀਅਨ' ਅਖਵਾਉਂਦਾ ਹੈ, ਪਰ ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਕੋਮਾਗਾਟਾਮਾਰੂ ਦੁਖਾਂਤ ਨੂੰ ਜਨਮ ਦੇ ਸਕਦੇ ਹਨ।
ਨਵ ਬਸਤੀਵਾਦ ਦੀ ਧਾਰਨੀ ਭਾਰਤ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਪ੍ਰੋਫ਼ੈਸਰਾਂ, ਐਕਟੀਵਿਸਟਾਂ, ਵਕੀਲਾਂ, ਪੱਤਰਕਾਰਾਂ ਨੂੰ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ, ਜੋ ਕਿਸੇ ਹੋਰ ਕੋਮਾਗਾਟਾਮਾਰੂ ਦੇ ਦੁਖਾਂਤ ਤੋਂ ਘੱਟ ਨਹੀਂ। ਸੱਤਾ 'ਤੇ ਕਾਬਜ਼ ਇਹ ਜ਼ਾਲਮ ਲੋਕ ਸਵਰਕਰ ਦੇ ਪੈਰੋਕਾਰ ਤਾਂ ਹਨ, ਪਰ ਗ਼ਦਰੀ ਬਾਬਿਆਂ ਅਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਸਮੁੱਚੇ ਰੂਪ ਵਿਚ ਗੁਰੂ ਨਾਨਕ ਜਹਾਜ਼ ਦੇ ਜਿਨ੍ਹਾਂ ਮੁਸਾਫ਼ਰਾਂ ਨੇ ਸ਼ਹੀਦੀਆਂ ਪਾਈਆਂ, ਉਨ੍ਹਾਂ ਦਾ ਸੁਨਹਿਰੀ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
singhnewscanada@gmail.com
604-825-1550
ਨਫਰਤੀ ਵਿਚਾਰਾਂ ਨਾਲ ਗੰਦਗੀ ਫੈਲਾਉਣ ਵਾਲੇ ਸਾਕਤ ਨਿੰਦਕ ਤਾਰਕ ਫਤਿਹ ਤੋਂ ਸੰਸਾਰ ਦਾ ਖਹਿੜਾ ਛੁੱਟਿਆ
'ਜਾਣ-ਬੁੱਝ ਕੇ ਵਿਵਾਦਾਂ ਨੂੰ ਜਨਮ ਦੇਣ ਵਾਲਾ ਕੈਨੇਡਾ ਦਾ ਮਨਿੰਦਰਜੀਤ ਬਿੱਟਾ ਸੀ ਤਾਰਿਕ ਫ਼ਤਿਹ'
(ਡਾ. ਗੁਰਵਿੰਦਰ ਸਿੰਘ)
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥
(ਸਲੋਕ ਭਗਤ ਕਬੀਰ ਸਾਹਿਬ, 1372) ਸ਼੍ਰੋਮਣੀ ਭਗਤ ਕਬੀਰ ਸਾਹਿਬ ਫ਼ੁਰਮਾਉਂਦੇ ਨੇ ਕਿ ਸਾਕਤ ਨਾਲੋਂ, ਸੂਰ ਚੰਗਾ ਹੈ ਜੋ ਪਿੰਡ ਨੂੰ ਸਾਫ ਸੁਥਰਾ ਰਖਦਾ ਹੈ। ਜਦ ਸਾਕਤ ਮਰ ਜਾਂਦਾ ਹੈ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ, ਕਿਉਂਕਿ ਉਹ ਆਪਣੇ ਗੰਦੇ ਸੁਭਾਅ ਕਾਰਨ ਸਦਾ ਗੰਦਗੀ ਹੀ ਫੈਲਾਉਂਦਾ ਹੈ। ਇਹ ਬਚਨ ਕੈਨੇਡਾ ਦੇ ਸਾਕਤ ਨਿੰਦਕ ਤਾਰਕ 'ਤੇ ਪੂਰੀ ਤਰ੍ਹਾਂ ਢੁਕਦੇ ਹਨ। ਆਪਣੇ ਨਫਰਤ ਭਰੇ ਵਿਚਾਰਾਂ ਨਾਲ ਗੰਦਗੀ ਫੈਲਾਉਣ ਵਾਲਾ 'ਘੱਟ ਗਿਣਤੀਆਂ ਦਾ ਨਿੰਦਕ ਅਤੇ ਫਾਸ਼ੀਵਾਦੀ ਸਰਕਾਰੀ ਭੂਖਣਾ' ਤਾਰਿਕ ਫਤਿਹ ਸੰਸਾਰ ਤੋਂ ਤੁਰ ਗਿਆ ਹੈ, ਪਰ ਪਿੱਛੇ ਆਪਣੀ ਵਿਰਾਸਤ ਦੇ ਰੂਪ ਵਿੱਚ ਘੱਟ ਗਿਣਤੀਆਂ ਪ੍ਰਤੀ ਨਫਰਤ, ਆਪਣੀ ਕੌਮ ਤੇ ਭਾਈਚਾਰੇ ਪ੍ਰਤੀ ਮਾੜੀ ਸੋਚ ਅਤੇ ਸਰਕਾਰ ਦੇ ਧੱਕੇ ਨਾਲ ਪੀੜਤ ਲੋਕਾਂ ਬਾਰੇ ਬੇਈਮਾਨੀ ਭਰਿਆ ਗੰਦ ਛੱਡ ਗਿਆ ਹੈ।
ਮੁਸਲਮਾਨਾਂ ਅਤੇ ਸਿੱਖਾਂ ਪ੍ਰਤੀ ਤਾਰਿਕ ਫਤਿਹ ਦੀ ਜ਼ਹਿਰੀਲੀ ਸੋਚ ਕਰਕੇ ਉਸ ਦਾ ਧੰਨਵਾਦ ਕਰਨ ਵਾਲੇ, ਸਰਕਾਰੀ ਟੁੱਕੜ ਬੋਚ, ਭਾਰਤੀ ਰਾਸ਼ਟਰਵਾਦੀ ਜਿਵੇਂ ਕਿ ਅਨੁਪਮ ਖੇਰ ਵਰਗੇ ਚਾਹੇ ਅੱਜ ਉੱਸ ਨੂੰ ਸ਼ਰਧਾਂਜਲੀ ਦੇ ਰਹੇ ਹਨ, ਪਰ ਇਹ ਸੱਚ ਹੈ ਕਿ ਅਜਿਹੇ ਸਾਕਤ ਦਾ ਸੱਚ ਜਿਉਂ ਜਿਉਂ ਦੁਨੀਆਂ ਸਾਹਮਣੇ ਆਏਗਾ, ਉਸ ਦਾ ਹਾਲ ਧੋਬੀ ਦੇ ਕੁੱਤੇ ਵਾਲਾ ਹੀ ਹੋਏਗਾ, ''ਨਾ ਘਰ ਦਾ ਨਾ ਘਾਟ ਦਾ'। ਆਪਣਿਆਂ ਨਾਲ ਗੱਦਾਰੀ ਕਰਨ ਵਾਲੇ ਹਰ ਸ਼ਖ਼ਸ ਦਾ ਇਹੀ ਹਾਲ ਹੁੰਦਾ ਹੈ ਤੇ ਹੋਵੇਗਾ ਵੀ।
ਭਾਰਤੀ ਰਾਸ਼ਟਰਵਾਦੀ ਗੋਦੀ ਮੀਡੀਏ ਅਤੇ ਇੱਥੋਂ ਤੱਕ ਕਿ ਪੰਜਾਬੀ ਦੇ ਅਖ਼ਬਾਰ ਵੀ ਝੂਠੀ ਬਿਆਨਬਾਜ਼ੀ ਕਰਦਿਆਂ ਹੋਇਆਂ ਤਾਰਕ ਦੀਆਂ ਤਰੀਫ਼ਾਂ ਕਰ ਰਹੇ ਹਨ, ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਜਿਵੇਂ ਕੁੱਤੇ ਦੀ ਪੂਛ ਬਾਰਾਂ ਸਾਲ ਨਲਕੀ 'ਚ ਪਾਈ ਰੱਖੋ, ਸਿੱਧੀ ਨਹੀਂ ਹੁੰਦੀ। ਅਜਿਹਾ ਹੀ ਸੀ ਕੈਨੇਡਾ ਦਾ ਇੰਡੀਅਨ ਏਜੰਸੀਆਂ ਦਾ ਝੋਲੀ-ਚੁੱਕ ਤਾਰਕ ਫ਼ਤਿਹ। ਉਸ ਨੇ ਆਪਣੇ ਭਾਈਚਾਰੇ ਨਾਲ, ਭਾਵ ਮੁਸਲਮਾਨਾਂ ਨਾਲ ਗ਼ੱਦਾਰੀ ਕਰਨ ਸਮੇਤ, ਘੱਟ ਗਿਣਤੀਆਂ ਸਬੰਧੀ ਜ਼ਹਿਰ ਉਗਲਣ ਵਿੱਚ ਕੋਈ ਮੌਕਾ ਨਹੀਂ ਖੁੰਝਾਇਆ।
ਸੋਸ਼ਲ ਮੀਡੀਆ 'ਤੇ ਤਾਰਿਕ ਦੀਆਂ ਅਜਿਹੀਆਂ ਅਨੇਕਾਂ ਵੀਡੀਓ ਹਨ, ਜਿਨਾਂ ਵਿੱਚ ਉਹ ਬਾਬਰੀ ਮਸਜਿਦ ਬਾਰੇ, ਮੁਸਲਿਮ ਨਾਵਾਂ ਵਾਲੇ ਸ਼ਹਿਰਾਂ ਦੇ ਨਾਮ ਬਦਲਣ ਬਾਰੇ, ਕਰੀਨਾ ਕਪੂਰ ਦੇ ਪੁੱਤਰ ਤੈਮੂਰ ਦੇ ਨਾਂ ਨੂੰ ਬੁਰਾ ਭਲਾ ਕਹਿਣ ਬਾਰੇ ਆਪਣੇ ਵਿਵਾਦਗ੍ਰਸਤ ਬਿਆਨ ਦਿੰਦਾ ਰਿਹਾ। ਕੈਨੇਡਾ ਦੇ ਸਿੱਖਾਂ ਬਾਰੇ ਟਿੱਪਣੀਆਂ ਕਰਦਿਆਂ ਹੋਇਆਂ ਡੀ ਪੀ ਆਗੂ ਜਗਮੀਤ ਸਿੰਘ ਤੋਂ ਲੈ ਕੇ ਹਰਜੀਤ ਸਿੰਘ ਸੱਜਣ ਤੱਕ ਨੂੰ ਨਿੰਦਦਾ ਰਿਹਾ। ਇਥੋਂ ਤਕ ਕਿ 1984 ਦੀ ਸਿੱਖ ਨਸਲਕੁਸ਼ੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਦਾ ਰਿਹਾ,ਪਰ ਉਸਨੂੰ ਸਰਕਾਰੀ ਝੋਲੀ-ਚੁੱਕ ਲੋਕਾਂ ਤੋਂ ਬਗੈਰ ਹੋਰ ਕਿਸੇ ਨੇ ਵੀ ਗੰਭੀਰਤਾ ਨਾਲ ਨਾ ਲਿਆ।
ਚਰਚਾ 'ਚ ਰਹਿਣ ਖਾਤਰ ਵਿਵਾਦ ਭਰੀਆਂ ਗੱਲਾਂ ਕਰਨ ਵਾਲੇ 'ਤਾਰਕ ਫਤਿਹ ਨੂੰ ਜੇਕਰ ਕੈਨੇਡਾ ਦਾ ਮਨਿੰਦਰਜੀਤ ਬਿੱਟਾ' ਕਿਹਾ ਜਾਵੇ, ਤਾਂ ਇਹ ਗਲਤ ਨਹੀਂ ਹੋਵੇਗਾ। ਆਪਣੀਆਂ ਤਸਵੀਰਾਂ ਨਾਲ ਕਿਸਾਨ ਸੰਘਰਸ਼ ਦਾ ਖੁਦ ਨੂੰ ਹਮਾਇਤੀ ਲਿਖਣ ਵਾਲਾ ਇਕ ਅਖੌਤੀ ਅਗਾਂਹਵਧੂ ਸਖ਼ਸ਼ ਵੀ ਤਾਰਕ ਨੂੰ ਸ਼ਰਧਾਂਜਲੀ ਦੇ ਰਿਹਾ ਸੀ। ਉਸ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਕਿਸਾਨ ਸੰਘਰਸ਼ ਵਿੱਚ ਜੂਝ ਰਹੇ ਦਿੱਲੀ ਬੈਠੇ ਪੰਜਾਬੀਆਂ ਅਤੇ ਹੋਰਨਾ ਸ਼ਹਿਰੀਆਂ ਬਾਰੇ ਤਾਰਕ ਫਤਿਹ ਨੇ ਬਕਵਾਸ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਕਿਸਾਨ ਸੰਘਰਸ਼ ਖਾਲਿਸਤਾਨੀ ਅਤੇ ਅਰਬਨ ਨਕਸਲਾਈਟਾਂ ਦਾ ਇਕ ਗੱਠਜੋੜ ਹੈ।
ਅਜੋਕੇ ਸਮੇਂ ਦੁਨੀਆਂ ਵਿੱਚ ਸਭ ਤੋਂ ਵੱਧ ਚਰਚਿਤ ਰਹੇ ਕਿਸਾਨ ਸੰਘਰਸ਼ ਬਾਰੇ ਤਾਰਕ ਫਤਿਹ ਸਿਰੇ ਦਾ ਬਕਵਾਸ ਕਰਦਾ ਉਹ ਲਿਖਦਾ ਰਿਹਾ ਕਿ ''ਸ਼ਾਹੀਨ ਬਾਗ ਦੇ ਕੰਬਲ, ਟੈਂਟ, ਬਾਵਰਚੀ ਸਭ ਕਿਸਾਨ ਮੋਰਚੇ'' ਵਿੱਚ ਪਹੁੰਚ ਚੁੱਕੇ ਹਨ। ਏਜੰਸੀਆਂ ਦਾ ਟੁੱਕੜਬੋਚ ਹੋਣ ਦਾ ਫਰਜ਼ ਅਦਾ ਕਰਦਾ ਹੋਇਆ ਉਹ ਆਖਦਾ ਸੀ ਕਿ ਗ੍ਰਹਿ ਮੰਤਰਾਲੇ ਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕੱਠਿਆਂ ਚੱਲ ਰਹੇ ਸੰਘਰਸ਼ ਬਾਰੇ ਜ਼ਹਿਰ ਉਗਲਦਾ ਤਾਰਕ ਫ਼ਤਿਹ 'ਮਨੋਜ ਜੋਸ਼ੀ' ਵਰਗੇ ਫਾਸ਼ੀਵਾਦੀਆਂ ਦੀਆਂ ਟਿੱਪਣੀਆਂ ਸਾਂਝੀਆਂ ਕਰਦਾ ਲਿਖਦਾ ਸੀ ਕਿ "ਕਾਂਗਰਸ ਦੀ ਵਿਡੰਬਨਾ ਦੇਖੋ ਕਿ ਇੰਦਰਾ ਠੋਕਦੀ" ਕਹਿਣ ਵਾਲਿਆਂ ਦਾ ਵੀ ਸਮਰਥਨ ਕਰਨਾ ਪੈ ਰਿਹਾ ਹੈ"। ਟੋਰਾਂਟੋ ਰਹਿੰਦਾ ਇਹ ਦੁਮਛੱਲਾ ਸੰਘਰਸ਼ ਕਰ ਰਹੇ ਲੋਕਾਂ ਬਾਰੇ ਜ਼ਹਿਰ ਉਗਲਦਾ ਰਿਹਾ ਹੈ।
ਕੈਨੇਡਾ ਦੀਆਂ ਰਾਜਨੀਤਕ ਪਾਰਟੀਆਂ ਦੀ ਬਦਲ-ਬਦਲ ਕੇ ਝੋਲੀ ਚੁੱਕਣ ਵਾਲਾ ਤਾਰਕ ਅਤੇ ਕਦੇ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਮੈਂਬਰ ਰਿਹਾ, ਕਦੇ ਲਿਬਰਲ ਪੱਖੀ ਹੋ ਨਿਬੜਿਆ ਅਤੇ ਕੰਜ਼ਰਵਟਿਵ ਸਟੀਫਨ ਹਾਰਪਰ ਦਾ ਭਗਤ। ਇਸੇ ਤਰਾਂ ਹੀ ਕਦੇ ਮੋਦੀ ਦੇ ਗੁਣ ਗਾਉਂਦਾ ਰਿਹਾ, ਕਦੇ ਟਰੰਪ ਦੇ ਤੇ ਕਦੇ ਹੋਰ ਸੱਜੇ ਪੱਖੀ ਲੀਡਰਾਂ ਦੇ। ਸਮੂਹ ਚੇਤੰਨ ਮਨੁੱਖੀ-ਅਧਿਕਾਰ ਹਮਾਇਤੀ ਅਤੇ ਅਗਾਂਹ ਵਧੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਕਿਸਾਨ ਵਿਰੋਧੀ, ਦਲਿਤ ਵਿਰੋਧੀ, ਸਿੱਖ ਵਿਰੋਧੀ, ਮੁਸਲਿਮ ਵਿਰੋਧੀ ਅਤੇ ਕੁੱਲ ਮਿਲਾ ਕੇ ਲੋਕ ਵਿਰੋਧੀ ਸਰਕਾਰੀ ਟੁੱਕੜਬੋਚ ਤਾਰਕ ਦੇ ਝੂਠ ਦੇ ਪੁਲੰਦੇ ਨੂੰ ਨੰਗਾ ਕਰਦਿਆਂ, ਉਸ ਦੇ ਜੀਵਨ ਭਰ ਦੇ ਕੁਕਰਮਾਂ ਬਾਰੇ ਦੁਨੀਆਂ ਨੂੰ ਦੱਸਿਆ ਜਾਏ।
ਚਾਹੇ ਗੋਦੀ ਮੀਡੀਆ ਅਤੇ ਘੱਟਗਿਣਤੀਆਂ ਦੇ ਵਿਰੋਧੀ ਮਨੂਵਾਦੀ ਅਤੇ ਫਾਸ਼ੀਵਾਦੀ ਲੋਕ, ਤਾਰਕ ਫਤਹਿ ਨੂੰ ਸ਼ਰਧਾਂਜਲੀ ਦੇ ਰਹੇ ਹਨ, ਜਦਕਿ ਹੱਕ ਸੱਚ ਤੇ ਇਨਸਾਫ ਲਈ ਲੜਨ ਵਾਲੇ ਸੰਘਰਸ਼ਸ਼ੀਲ ਲੋਕ 'ਸਰਕਾਰੀ ਭੂਖਣੇ' ਤਾਰਕ ਫਤਹਿ ਨੂੰ ਲੱਖ ਲਾਹਣਤਾਂ ਪਾਉਂਦੇ ਹੋਏ, ਭਗਤ ਕਬੀਰ ਜੀ ਦਾ ਇਹ ਸਲੋਕ ਗਾ ਰਹੇ ਹਨ...
"ਕਬੀਰ ਸਾਕਤ ਤੇ ਸੂਕਰ ਭਲਾ
ਰਾਖੈ ਆਛਾ ਗਾਉ।।
ਉਹੁ ਸਾਕਤੁ ਬਪੁਰਾ ਮਰਿ ਗਇਆ
ਕੋਇ ਨ ਲੈਹੈ ਨਾਉ।।"
ਖਾਲਸਾ ਸਾਜਨਾ ਦਿਹਾੜਾ ਅਤੇ ਨਗਰ ਕੀਰਤਨ : ਸਰੂਪ, ਪਰਿਭਾਸ਼ਾ ਅਤੇ ਮਨੋਰਥ - ਡਾ. ਗੁਰਵਿੰਦਰ ਸਿੰਘ
ਖਾਲਸਾ ਸਾਜਨਾ ਸਿੱਖਾਂ ਦਾ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਸੀ ਅਤੇ ਜਾਤ, ਰੰਗ, ਵਰਣ ਆਸ਼ਰਮ ਆਦਿ ਦੇ ਵਿਤਕਰੇ ਨੂੰ ਸਦਾ ਲਈ ਖਤਮ ਕੀਤਾ ਸੀ। ਖਾਲਸਾ ਪੰਥ ਦੇ ਸਾਜਨਾ ਦਿਹਾੜੇ ਮੌਕੇ 'ਤੇ ਦੁਨੀਆਂ ਭਰ 'ਚ ਨਗਰ ਕੀਰਤਨ ਸਜਾਉਣ ਦੇ ਉਪਰਾਲੇ ਹੋ ਰਹੇ ਹਨ। ਨਗਰ ਕੀਰਤਨਾਂ ਦੇ ਸਬੰਧ ਵਿੱਚ ਕੁਝ ਅਹਿਮ ਵਿਚਾਰਾਂ ਦੀ ਸਾਂਝ ਪਾਉਣ ਦੀ ਖੁਸ਼ੀ ਲੈ ਰਹੇ ਹਾਂ, ਤਾਂ ਕਿ ਖਾਲਸਾ ਸਾਜਨਾ ਦਿਹਾੜੇ ਨੂੰ 'ਵਿਸਾਖੀ ਮੇਲੇ' ਦੀ ਥਾਂ, ਗੁਰਪੁਰਬ ਦੇ ਅਮਲੀ ਰੂਪ ਵਿਚ ਮਨਾਇਆ ਜਾਏ। ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵਾ ਇੱਕ ਵੀ ਸਿੱਖ ਵਸਿਆ ਹੋਇਆ ਹੈ।
ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ : 'ਨਗਰ' ਅਤੇ 'ਕੀਰਤਨ'। ਕੀਰਤਨ ਸ਼ਬਦ ਗੁਰਬਾਣੀ 'ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ ਵੀ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਅਨੇਕ ਥਾਵਾਂ 'ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਇਸ ਤੋਂ ਬਾਅਦ ਗੁਰੂ ਕਾਲ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ ਕੀਰਤਨੀਏ ਰਾਗਾਂ ਦਾ ਅਧਿਅਨ ਕਰਦੇ ਹਨ। ਕੀਰਤਨ ਗਾਇਨ ਦੇ ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ 'ਆਸਾ ਜੀ ਦੀ ਵਾਰ' ਦਾ ਕੀਰਤਨ ਆਪ ਖੁਦ ਗਾਇਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਤੋਂ ਮਗਰੋਂ ਵੀ ਹਰ ਹਾਲ ਵਿੱਚ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ।
ਸ਼ਬਦ 'ਨਗਰ' ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼- ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ ਦੋਹੇਂ ਸ਼ਬਦਾਂ ਦੇ ਜੋੜ ਤੋਂ 'ਨਗਰ ਕੀਰਤਨ' ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ 'ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ ਕੀਰਤਨ ਕਰਦਿਆਂ ਹੋਇਆਂ ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ।ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਹੀ ਜੋੜ ਕੇ ਵੇਖਿਆ ਜਾਂਦਾ ਹੈ ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਤਕ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ-ਵਿਚਾਰ, ਢਾਡੀ-ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ।
ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ 'ਤੇ ਵੱਧ ਤੋਂ ਵੱਧ ਬਹੁ- ਭਾਸ਼ਾਈ ਪੱਤਰ, ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦਿਆਂ, ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ। ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਬਹੁਤਾਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹਨ ਅਤੇ ਕਿਸੇ ਵੀ ਕਿਸਮ ਦੇ ਨਸ਼ਾ ਸੇਵਨ ਤੋਂ ਮੁਕਤ ਹਾਂ। ਸਿੱਖੀ ਵਿੱਚ ਨਸ਼ਾ ਕਰਨ ਦਾ ਵਿਰੋਧ ਹੈ ਅਤੇ ਇਹ ਮਾਹੌਲ ਨੂੰ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ ਤੇ ਵੱਖ-ਵੱਖ ਫਲੋਟਾਂ 'ਤੇ ਪੈਸੇ ਇਕੱਤਰ ਕਰਨ ਜਾਂ ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਲੋਕ ਨਾਚ ਭੰਗੜੇ ਜਾਂ ਗਿੱਧੇ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਬਿਲਕੁਲ ਅਨੁਕੂਲ ਨਹੀਂ। ਇਨ੍ਹਾਂ ਦੀ ਥਾਂ ਦਸਤਾਰਾਂ ਸਜਾਉਣ, ਬੀਰਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟਸ ਗੱਤਕਾ ਖੇਡਣਾ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਚਾਹੀਦਾ ਹੈ। ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ, ਵੱਖਰੇ ਮੰਚ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ 'ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ, ਜੋ ਨਗਰ 'ਚੋਂ ਗੁਜ਼ਰਦਿਆਂ ਸ਼ਰਧਾ-ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ।
ਨਗਰ ਕੀਰਤਨ ਮੌਕੇ ਰਾਜਸੀ ਪਾਰਟੀਆਂ ਵੱਲੋਂ ਆਪਣੀਆਂ ਸਟੇਜਾਂ ਲਾਉਣ ਅਤੇ ਪ੍ਰਚਾਰ ਕਰਨ ਦੀ ਸੋਚ ਵੀ ਗਲਤ ਹੈ। ਅਜਿਹਾ ਕਰਕੇ ਉਹ ਧਾਰਮਿਕ ਕਾਰਜ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ, ਨਾ ਕਿ ਪੁਲੀਟੀਕਲ ਪਾਰਟੀਆਂ ਆਪਣਾ ਪ੍ਰਚਾਰ ਕਰਨ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਪਾਰਟੀਆਂ ਨਾਲ ਸਬੰਧਤ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਰਾਜਸੀ ਧਿਰ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਨਾ ਕਿ ਸਿਆਸੀ ਚੋਣ ਪ੍ਰਚਾਰ ਹੀ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ। ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ। ਸੋ ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ।
ਨਗਰ ਕੀਰਤਨ ਮੌਕੇ ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ 'ਨਿਰਾ ਭੋਜਨ ਵੰਡਣ' 'ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ 'ਸ਼ਬਦ ਦੇ ਲੰਗਰ' ਭਾਵ ਕਿਤਾਬਾਂ ਦੇ ਸਟਾਲ ਵੱਧ ਤੋਂ ਵੱਧ ਲਗਾਏ ਜਾਣ। ਕੌੜੀ ਸਚਾਈ ਹੈ ਕਿ ਨਗਰ ਕੀਰਤਨ ਮੌਕੇ ਵਧੇਰੇ ਲੋਕ ਭੋਜਨ ਦੇ ਸਟਾਲਾਂ ਤੇ ਹੀ ਇਕੱਤਰ ਹੁੰਦੇ ਹਨ ਅਤੇ ਇੰਜ ਜਾਪਦਾ ਹੈ ਜਿਵੇਂ ਹੱਦੋਂ ਵੱਧ ਖਾ ਕੇ ਇੱਕੋ ਦਿਨ ਵਿੱਚ ਸਾਰੀ ਕਸਰ ਪੂਰੀ ਕਰਨੀ ਹੋਵੇ। ਖਾਣ-ਪੀਣ ਦੇ ਸਟਾਲਾਂ ਵਿਚ ਵੀ ਤੰਦਰੁਸਤ ਭੋਜਨ ਦੀ ਥਾਂ ਸੁਆਦਲੇ ਭੋਜਨ 'ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕ ਪੂੜ੍ਹੀਆਂ, ਸਮੋਸੇ, ਟਿੱਕੀਆਂ ਦੇ ਸਟਾਲਾਂ ਤੇ ਵੱਡੀ ਤਾਦਾਦ ਵਿੱਚ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਨਗਰ ਕੀਰਤਨ ਮੌਕੇ ਫ਼ਲ ਫਰੂਟ ਅਤੇ ਸਲਾਦ ਆਦਿ ਦੇ ਸਟਾਲਾਂ 'ਤੇ ਰੌਣਕ ਨਜ਼ਰ ਨਹੀਂ ਆਉਂਦੀ। ਤੇਲ ਵਾਲੀਆਂ ਚੀਜ਼ਾਂ ਅਤੇ ਸ਼ੂਗਰ ਵਾਲੇ ਪਦਾਰਥ ਇੱਕੋ ਦਿਨ ਵਿੱਚ ਖਾ ਕੇ ਲੋਕ ਜਿਨ੍ਹਾਂ ਸਰੀਰਕ ਨੁਕਸਾਨ ਕਰਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ। ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁੱਖੀ ਅੱਖਰ, ਇਨ੍ਹਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ 'ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ ਜੋ ਕਿ ਗੁਰਬਾਣੀ ਦਾ ਨਿਰਾਦਰ ਹੈ।
ਖਾਲਸਾ ਸਾਜਨਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ। ਖਾਲਸਾ ਸਾਜਨਾ ਜਿੱਥੇ ਇੱਕ ਪਾਸੇ ਜ਼ਾਤ-ਪਾਤ ਦੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਸੁਨੇਹਾ ਹੈ, ਓਥੇ ਦੂਜੇ ਪਾਸੇ ਜ਼ਾਲਮ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸਿੱਖ ਇਨਕਲਾਬ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਫਿਰ ਭਾਰਤ ਦਾ ਭਗਵਾਂਕਰਨ ਹੋ ਚੁੱਕਿਆ ਹੈ। ਮਨੂ ਸਮ੍ਰਿਤੀ ਤ੍ਰਿਸ਼ੂਲ ਚੁੱਕੀ ਫਿਰ ਰਹੀ ਹੈ। ਨਫਰਤ ਵਧ ਰਹੀ ਹੈ। ਉਚ ਜਾਤੀਏ ਦਲਿਤ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਕਰ ਰਹੇ ਹਨ। ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪੰਜਾਬ ਵਿੱਚ ਸੈਂਕੜੇ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਕਾਨੂੰਨ ਨੈਸ਼ਨਲ ਸਕਿਉਰਟੀ ਐਕਟ ਆਦਿ ਲਗਾਏ ਜਾ ਰਹੇ ਹਨ। ਜਬਰ ਖਿਲਾਫ ਲਾਮਬੰਦ ਕਰਨ ਲਈ ਜ਼ਰੂਰੀ ਹੈ ਕਿ ਨਗਰ ਕੀਰਤਨ ਮੌਕੇ ਝਾਕੀਆਂ ਦੌਰਾਨ ਅਜਿਹੇ ਸਰਕਾਰੀ ਤਸ਼ੱਦਦ ਤੋਂ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਨੂੰ ਜਾਣੂ ਕਰਵਾਇਆ ਜਾਏ।
ਜ਼ੁਲਮ ਦੇ ਖਿਲਾਫ਼ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਦਾ ਪਾਸਾਰ ਕਰਨਾ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਭੋਜਨ ਸਟਾਲਾਂ ਤੇ ਮੌਜ-ਮੇਲਿਆਂ ਨੂੰ ਨਗਰ ਕੀਰਤਨ ਆਖਣਾ ਠੀਕ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਸਾਜਨਾ ਦੇ ਮੁਕੰਮਲ ਇਤਿਹਾਸ ਤੋਂ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ ਅਤੇ ਫਖ਼ਰ ਨਾਲ ਆਖ ਸਕਦੇ ਹਾਂ : 'ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ'
ਪੱਤਰਕਾਰਾਂ ਨੂੰ ਡਰਾਉਣਾ-ਧਮਕਾਉਣਾ ਬਣ ਚੁੱਕਿਆ ਹੈ ਆਮ ਵਰਤਾਰਾ - ਡਾ. ਗੁਰਵਿੰਦਰ ਸਿੰਘ
ਪੰਜਾਬੀ ਨਿਊਜ਼ ਆਨ ਲਾਈਨ ਦੇ ਪੱਤਰਕਾਰ ਸੁਖਨੈਬ ਸਿੱਧੂ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਭੜਕਾਹਟ ਪੈਦਾ ਕਰਨ, ਦੋ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਜਿਹੀਆਂ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਅਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਸੱਚ ਹੈ ਕਿ ਕਿਸੇ ਸਮੇਂ ਸੁਖਨੈਬ ਸਿੱਧੂ ਅੱਜ ਕੱਲ ਆਪ ਸਰਕਾਰ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਦਾ ਅਤਿ ਨਜ਼ਦੀਕੀ ਰਿਹਾ। ਸੁਖਨੈਬ ਸਿੱਧੂ ਨੇ ਪਨੂੰ ਦੀ ਗ੍ਰਿਫ਼ਤਾਰੀ 'ਤੇ ਹਾਅ ਦਾ ਨਾਅਰਾ ਵੀ ਮਾਰਿਆ ਸੀ। ਇਹ ਵੀ ਚਰਚਾ ਹੈ ਕਿ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ 'ਪੰਜਾਬ ਦੀ ਵੱਡੀ ਸਿਆਸੀ ਧਿਰ' ਨਾਲ ਸੰਬੰਧਿਤ 'ਹਾਈ ਪ੍ਰੋਫਾਈਲ' ਦੱਸਿਆ ਜਾ ਰਿਹਾ ਹੈ। ਸੁਖਨੈਬ ਸਿੱਧੂ ਦੀਆਂ ਮੌਜੂਦਾ ਸਮੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਲਾ, ਸਭਿਆਚਾਰ ਅਤੇ ਭਾਸ਼ਾ ਸਲਾਹਕਾਰ ਦੀਪਕ ਬਾਲੀ ਹੋਰਾਂ ਨਾਲ ਵੀ ਤਸਵੀਰਾਂ ਦਿਖਾਈ ਦਿੰਦੀਆਂ ਹਨ। ਦੀਪਕ ਬਾਲੀ ਸਮੇਤ ਸਭਨਾਂ ਨੂੰ ਅਜਿਹੀਆਂ ਗ੍ਰਿਫ਼ਤਾਰੀਆਂ ਦਾ, ਸਿਆਸੀ ਦਾਇਰਿਆਂ ਤੋਂ ਉਪਰ ਉਠ ਕੇ ਸਿਰਫ ਵਿਰੋਧ ਹੀ ਨਹੀਂ ਕਰਨਾ ਚਾਹੀਦਾ, ਬਲਕਿ ਸਰਕਾਰ ਨੂੰ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਸੁਖਨੈਬ ਸਿੱਧੂ 'ਤੇ ਇਹ ਦੋਸ਼ ਲਾਉਣਾ ਕਿ ਸਰਕਾਰ ਲਈ ਭੜਕਾਹਟ ਪੈਦਾ ਕਰ ਰਿਹਾ ਸੀ, ਦੇਸ਼ ਦੀ ਅਖੰਡਤਾ ਲਈ ਖਤਰਾ ਸੀ, ਇਹ ਪੰਜਾਬ ਸਰਕਾਰ ਦੇ ਘੜੇ-ਘੜਾਏ ਬਿਰਤਾਂਤ ਹਨ, ਜੋ ਹੋਰਨਾਂ ਦੇ ਵਿਰੁੱਧ ਵੀ ਸਰਕਾਰ ਵਰਤ ਰਹੀ ਹੈ। ਇੱਥੋਂ ਤਕ ਕਿ ਸੁਪਰੀਮ ਕੋਰਟ ਵੀ ਪੱਤਰਕਾਰ ਖ਼ਿਲਾਫ਼ ਸਰਕਾਰੀ ਕਾਰਵਾਈਆਂ ਲਈ ਝਾੜ-ਝੰਬ ਕਰ ਰਹੀ ਹੈ। ਬੀਬੀਸੀ ਪੰਜਾਬੀ ਦਾ twitter account ਬੰਦ ਕਰਨਾ, ਇਸ ਤੋਂ ਇਲਾਵਾ ਸਿੱਖ ਸਿਆਸਤ ਦੇ ਭਾਈ ਪਰਮਜੀਤ ਸਿੰਘ ਦੇ ਘਰੇ ਛਾਪੇਮਾਰੀ ਕਰਨੀ ਅਤੇ ਕਈ ਹੋਰਨਾਂ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਆਮ ਵਰਤਾਰਾ ਬਣ ਚੁੱਕਿਆ ਹੈ। ਅਜਿਹੀ ਹਰ ਕਾਰਵਾਈ ਦਾ ਵਿਰੋਧ ਕਰਦੇ ਹਾਂ, ਜੋ ਲੋਕਾਂ ਦੀ ਆਵਾਜ਼ ਦਬਾ ਰਹੀ ਹੈ।
ਸਰਕਾਰੀ ਧੱਕੇਸ਼ਾਹੀਆਂ ਖਿਲਾਫ਼ ਬੋਲਣ ਤੋਂ ਜਿਹੜੇ ਅੱਜ ਗੁਰੇਜ਼ ਕਰ ਰਹੇ ਹਨ, ਕੱਲ ਉਹ ਆਪਣੀ ਵਾਰੀ ਲਈ ਤਿਆਰ ਰਹਿਣ। ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੇ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਹੋ ਕੇ ਉਸ ਦੇ ਹੱਕ ਵਿਚ 'ਹਾਅ ਦਾ ਨਾਹਰਾ' ਮਾਰਨ ਅਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਹੈ। ਸੁਖਨੈਬ ਸਿੱਧੂ ਨੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਇਹ ਦੱਸਿਆ ਕਿ ਉਸ ਖਿਲਾਫ ਕੇਸ ਅਮਰੀਕਾ ਦੇ ਗੁਰਦੁਆਰੇ ਵਿਚ ਰਿਕਾਰਡ ਕੀਤੀ ਇਕ ਵੀਡੀਓ ਚਲਾਉਣ ਦਾ ਬਣਿਆ ਹੈ। ਇਸ ਵਿਚ ਮੁਖ ਮੰਤਰੀ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਦੇ ਮਾਮਲੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਸਨ। ਵੀਡੀਓ ਚਲਾਉਣ ਨੂੰ ਹੀ ਸੁਖਨੈਬ ਸਿੱਧੂ ਦੇ ਖਿਲਾਫ ਵਰਤਿਆ ਗਿਆ। ਹਾਲਾਕਿ ਸੁਖਨੈਬ ਸਿੱਧੂ ਦਾ ਸਾਰਾ ਬਿਰਤਾਂਤ ਵਿਰੋਧ ਕਰਨ ਵਾਲਿਆਂ ਦੇ ਉਲਟ ਅਤੇ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਨਾਲ ਹਮਦਰਦੀ ਭਰਿਆ ਸੀ, ਪਰ ਫਿਰ ਵੀ ਸਰਕਾਰ ਨੂੰ ਤਰਸ ਨਹੀਂ ਆਇਆ ਅਤੇ ਉਸ ਦੇ ਸੁਖਨੈਬ ਸਿੱਧੂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਹ ਸੱਚ ਹੈ ਕਿ ਅਮਰੀਕਾ ਦੀ ਕਿਸੇ ਵੀ ਗੁਰਦੁਆਰਾ ਕਮੇਟੀ ਨੇ ਭਗਵੰਤ ਮਾਨ ਦੀ ਸਾਬਕਾ ਪਤਨੀ ਤੇ ਬੱਚਿਆਂ ਖਿਲਾਫ ਨਾ ਮਤਾ ਪਾਇਆ, ਨਾ ਹੀ ਕਿਸੇ ਗੁਰਦੁਆਰੇ ਨੇ ਬਾਈਕਾਟ ਕੀਤਾ ਹੈ, ਇਕ ਬੁਲਾਰੇ ਨੇ ਗੱਲਬਾਤ ਕੀਤੀ ਜੋ ਕਿ ਨਿੰਦਣਯੋਗ ਹੈ। ਇਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਇਕ ਬੁਲਾਰੇ ਦੀ ਗੱਲਬਾਤ ਨੂੰ ਅਧਾਰ ਬਣਾ ਕੇ ਸਰਕਾਰ ਦਾ ਵਿਰੋਧ ਕਰ ਰਹੇ ਸਭਨਾਂ ਨੂੰ ਨੂੰ ਭੰਡਿਆ ਜਾ ਰਿਹਾ ਹੈ।
ਇਸ ਦੇ ਬਦਲ ਵਿਚ ਪੰਜਾਬ ਅੰਦਰ ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਪੁਲਿਸ ਵੱਲੋਂ ਥਾਣਿਆਂ ਵਿੱਚ ਸੱਦਿਆ ਜਾ ਰਿਹਾ ਹੈ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਸਿੱਖ ਪਰਿਵਾਰਾਂ ਦੀਆਂ ਬੱਚੀਆਂ ਇਸ ਵੇਲੇ ਪੰਜਾਬ ਅੰਦਰ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ। ਉਸ ਦੀ ਕੋਈ ਗੱਲ ਨਹੀਂ ਕਰ ਰਿਹਾ। ਅਸੀਂ ਸੁਖਨੈਬ ਸਿੱਧੂ ਨਾਲ ਧੱਕੇਸ਼ਾਹੀ ਦਾ ਵਿਰੋਧ ਕਰਦੇ ਹਾਂ, ਕਿਉਕਿ ਚਾਹੇ ਕੋਈ ਪੱਤਰਕਾਰ ਹੋਵੇ ਜਾਂ ਕੋਈ ਮਨੁੱਖੀ ਅਧਿਕਾਰ ਕਾਰਕੁੰਨ, ਜਿਸ ਨਾਲ ਵੀ ਸਰਕਾਰੀ ਧੱਕੇਸ਼ਾਹੀ ਹੁੰਦੀ ਹੈ, ਉਸ ਦੇ ਹੱਕ 'ਚ ਖੜਨਾ ਫਰਜ਼ ਬਣਦਾ ਹੈ, ਬੇਸ਼ੱਕ ਸਾਡੇ ਵਿਚਾਰ ਉਸਦੇ ਨਾਲ ਸਹਿਮਤ ਹੋ ਜਾਂ ਨਹੀਂ।
ਦੂਜੇ ਪਾਸੇ ਸਰਕਾਰ ਦੇ ਗਲਤ ਕੰਮਾਂ ਦੀ ਖੁੱਲ੍ਹ ਕੇ ਅਲੋਚਨਾ ਨਾ ਕਰਨ ਵਾਲਿਆਂ ਨੂੰ ਅਸੀਂ ਇਹ ਸੁਨੇਹਾ ਵੀ ਦਿੰਦੇ ਹਾਂ ਕਿ ਸਰਕਾਰ ਦੇ ਜਿੰਨੇ ਮਰਜ਼ੀ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰੋ, ਆਖਰ ਸਰਕਾਰੀ ਧੱਕੇਸ਼ਾਹੀ ਦਾ ਕਿਸੇ-ਨਾ-ਕਿਸੇ ਸਮੇਂ ਤੁਸੀਂ ਵੀ ਸ਼ਿਕਾਰ ਹੋਵੇਗੇ। ਇਸ ਤੋਂ ਬਾਕੀਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪ੍ਰਸਿੱਧ ਪੱਤਰਕਾਰ ਸ਼ਿਵ ਇੰਦਰ ਹੁਰਾਂ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਸਬੰਧੀ ਇੱਕ ਇੰਟਰਵਿਉ ਵੀਡੀਓ ਚਲਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵੀਡੀਓ ਅੰਮ੍ਰਿਤਪਾਲ ਦੀ ਹੱਕ ਵਿਚ ਨਹੀਂ ਸੀ, ਸਿਰਫ ਸਰਕਾਰ ਦੀ ਅਲੋਚਨਾ ਸੀ। ਕਹਿਣ ਦਾ ਭਾਵ ਇਹ ਹੈ ਕਿ ਹੁਣ ਮਾਮਲਾ ਅੰਮ੍ਰਿਤਪਾਲ ਸਿੰਘ ਤਕ ਸੀਮਤ ਨਹੀਂ ਹੈ, ਇਕ ਵੱਡਾ ਸਰਕਾਰ ਪੱਖੀ ਅਤੇ ਪੰਜਾਬ ਵਿਰੁੱਧ ਬਿਰਤਾਂਤ ਸਿਰਜਿਆ ਜਾ ਚੁੱਕਾ ਹੈ। ਇਸ ਜਾਲ ਵਿੱਚ ਫਸਣ ਤੋਂ ਬਚਣ ਦੀ ਲੋੜ ਹੈ। 'ਜੋਕਾਂ ਦੀ ਥਾਂ ਲੋਕਾਂ ਦਾ' ਸਾਥ ਦਿੱਤਾ ਜਾਣਾ ਬਣਦਾ ਹੈ।
(ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ)
29 ਮਾਰਚ ਸ਼ਹੀਦੀ ਦਿਨ 'ਤੇ ਵਿਸ਼ੇਸ਼ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ - ਡਾ. ਗੁਰਵਿੰਦਰ ਸਿੰਘ
*ਕੈਨੇਡਾ ਵਿੱਚੋਂ ਜਦੋਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਸੀ,
ਓਦੋਂ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਸਾਨੂੰ ਹਾਂਡੂਰਸ ਭੇਜਣ ਤੋਂ ਬਚਾਇਆ,
ਕੀ ਸਾਨੂੰ ਯਾਦ ਹੈ ?*ਕੈਨੇਡਾ ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਗਿਆ ਸੀ,
ਪਰ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਉਨ੍ਹਾਂ ਦੇ ਭਾਈਆਂ ਨੇ
ਇਸ ਲਈ ਲੰਮਾ ਸੰਘਰਸ਼ ਕੀਤਾ,
ਕੀ ਅਸੀਂ ਇਹ ਚੇਤੇ ਰੱਖਿਆ ਹੈ ?
*ਕੈਨੇਡਾ ਵਿਚ ਭਾਰਤੀਆਂ 'ਤੇ ਪਰਿਵਾਰ ਲਿਆਉਣ 'ਤੇ ਪਾਬੰਦੀ ਸੀ,
ਪਰ ਭਾਈ ਬਲਵੰਤ ਸਿੰਘ ਜੀ ਉਨ੍ਹਾਂ ਦੇ ਭਾਈਆਂ ਨੇ ਰਾਹ ਖੋਲ੍ਹੇ,
ਕੀ ਸਾਨੂੰ ਪਤਾ ਹੈ?
*ਕੈਨੇਡਾ ਵਿੱਚ ਨਸਲਵਾਦੀ ਨੀਤੀਆਂ ਅਧੀਨ
ਗੁਰੂ ਨਾਨਕ ਜਹਾਜ਼, ਕਾਮਾਗਾਟਾਮਾਰੂ ਮੋੜਿਆ ਗਿਆ ਸੀ,
ਪਰ ਭਾਈ ਬਲਵੰਤ ਸਿੰਘ ਤੇ ਉਨ੍ਹਾਂ ਦੇ ਭਾਈਆਂ ਨੇ
ਇਸ ਖ਼ਿਲਾਫ਼ ਲੜਾਈ ਲੜੀ,
ਕੀ ਸਾਨੂੰ ਗਿਆਨ ਹੈ?
*ਕੈਨੇਡਾ ਤੋਂ ਭਾਰਤ ਜਾ ਕੇ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੇ
ਮਾਈਕਲ ਓਡਵਾਇਰ ਵਰਗਿਆਂ ਨਾਲ ਦਸਤ- ਪੰਜਾ ਲਿਆ
ਅਤੇ ਉਸ ਨੂੰ ਨਿਰਉੱਤਰ ਕੀਤਾ,
ਕੀ ਸਾਨੂੰ ਪਤਾ ਹੈ?
*ਭਾਰਤੀ ਛਾਉਣੀਆਂ ਵਿਚ ਗ਼ਦਰ ਮਚਾਉਣ ਲਈ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਵੱਡਾ ਸੰਘਰਸ਼ ਵਿੱਢਿਆ,
ਕੀ ਸਾਨੂੰ ਅਹਿਸਾਸ ਹੈ?
*ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲਾ ਪਹਿਲਾ ਸਿੱਖ, ਪੰਜਾਬੀ ਅਤੇ
ਭਾਰਤੀ ਬੱਚਾ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਬੀਬੀ ਕਰਤਾਰ ਕੌਰ ਦੇ ਘਰ ਜਨਮਿਆ ਭਾਈ ਹਰਦਿਆਲ ਸਿੰਘ ਸੀ,
ਕੀ ਸਾਨੂੰ ਜਾਣਕਾਰੀ ਹੈ?
*ਕੈਨੇਡਾ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਦਾ ਬੂਟਾ ਲਾਉਣ ਵਾਲੇ
ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਸਨ,
ਜਿਹੜੇ ਅੰਗਰੇਜ਼ ਫਾਸ਼ੀਵਾਦ ਖ਼ਿਲਾਫ਼ ਲੜੇ, ਪਰ ਮਗਰੋਂ ਏਥੇ ਹੀ ਮੋਦੀ, ਇੰਦਰਾ ਵਰਗੇ ਫਾਸ਼ੀਵਾਦੀ ਆਉਂਦੇ ਰਹੇ,
ਕੀ ਇਸ ਦਾ ਸਾਨੂੰ ਭੋਰਾ-ਭਰ ਵੀ ਅਹਿਸਾਸ ਹੈ ?
* ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ ਭਾਈ ਸਾਹਿਬ ਬਲਵੰਤ ਸਿੰਘ ਜੀ ਨੇ ਸ਼ਹੀਦੀ ਪਾਈ ਅਤੇ ਗੁਰੂ ਘਰ ਦੇ ਵਜ਼ੀਰ ਦਾ ਰੁਤਬਾ ਰੌਸ਼ਨ ਕੀਤਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸਹਿਬਾਨ ਵੱਲੋਂ, "ਸਿੰਘ ਸਾਹਿਬ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਖੁਰਦਪੁਰ" ਦਾ ਸ਼ਹੀਦੀ ਦਿਨ ਕਦੋਂ ਮਨਾਇਆ ਜਾਂਦਾ ਹੈ?
*ਭਾਰਤੀਆਂ ਦੇ ਗਲੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਹੁਣ ਲਈ
ਅਤੇ ਕੈਨੇਡਾ ਵਿੱਚੋਂ ਨਸਲਵਾਦ ਤੇ ਬਸਤੀਵਾਦ ਦੀਆਂ ਜੜ੍ਹਾਂ ਪੁੱਟਣ ਲਈ, ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਨੇ ਸ਼ਹੀਦੀਆਂ ਪਾਈਆਂ,
ਕੀ ਸਾਨੂੰ ਆਮ ਲੋਕਾਂ ਨੂੰ, ਇਸ ਗੱਲ ਦਾ ਅਹਿਸਾਸ ਹੈ?
*ਕੈਨੇਡਾ ਵਿਚ ਵਿਧਾਇਕ/ ਮੰਤਰੀਆਂ ਆਦਿ ਦੀ ਜੋ ਹੋਂਦ ਹੈ,
ਉਹ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਮੋਢੀ ਗਦਰੀ ਬਾਬਿਆਂ ਕਰਕੇ ਹੈ, ਪਰ ਉਨ੍ਹਾਂ ਵਿੱਚੋਂ ਕਿਸੇ ਵੱਲੋਂ ਵੀ ਟਵੀਟ ਕਰਕੇ ਜਾਂ ਸੰਦੇਸ਼ ਲਿਖ ਕੇ, ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ?
*ਭਾਰਤ ਵਿੱਚੋਂ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ, ਸ਼ਹੀਦ ਭਾਈ ਬਲਵੰਤ ਸਿੰਘ ਤੇ ਉਨ੍ਹਾਂ ਦੇ ਭਾਈਆਂ ਨੇ ਸ਼ਹੀਦੀਆਂ ਪਾਈਆਂ, ਪਰ ਭਾਰਤ ਵਿੱਚ, ਕਿਸੇ ਵੀ ਸਿਆਸੀ ਆਗੂ ਨੇ ਕਦੇ ਭਾਈ ਸਾਹਿਬ ਦਾ ਨਾਂ ਤੱਕ ਲਿਆ ਹੈ?
*ਫਾਸ਼ੀਵਾਦੀ ਅੰਗਰੇਜ਼ ਸਰਕਾਰ ਦੇ ਖ਼ਾਤਮੇ ਲਈ,
ਭਾਈ ਬਲਵੰਤ ਸਿੰਘ ਜੀ ਨੇ ਫਾਂਸੀ ਦਾ ਰੱਸਾ ਚੁੰਮਿਆ, ਪਰ ਪੰਜਾਬ ਵਿਚ ਭਗਤ ਸਿੰਘ ਦੀ ਵਾਰਿਸ ਅਖਵਾਉਣ ਵਾਲੀ ਸਰਕਾਰ ਵਿੱਚੋਂ ਮੁੱਖ ਮੰਤਰੀ ਜਾਂ ਕਿਸੇ ਹੋਰ ਨੇ, ਮੀਡੀਆ ਵਿੱਚ ਕੋਈ ਸੰਦੇਸ਼/ ਇਸ਼ਤਿਹਾਰ ਤੱਕ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਹੈ?
*ਪੰਜਾਬ ਦੇ ਵਿੱਦਿਅਕ ਖੇਤਰਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਕਿਧਰੇ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਤੇ ਉਨ੍ਹਾਂ ਦੇ ਸਾਥੀਆਂ ਦਾ
ਇਤਿਹਾਸ ਪੜ੍ਹਾਇਆ ਜਾਂਦਾ ਹੈ?
*ਭਾਰਤ ਵਿੱਚੋਂ ਅੰਗਰੇਜ਼ ਹਾਕਮ ਕੱਢਣ ਲਈ ਭਾਈ ਬਲਵੰਤ ਸਿੰਘ ਜੀ ਮੋਢੀ ਬਣੇ, ਪਰ ਅੱਜ 'ਕਾਲੇ ਅੰਗਰੇਜ਼' ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੇ ਹਨ,
ਕੀ ਇਸ ਸਬੰਧੀ ਕਦੇ ਸਾਡੀ ਜ਼ੁਬਾਨ ਖੁੱਲ੍ਹੀ ਹੈ ?
***ਜੇਕਰ ਇਨ੍ਹਾਂ ਸਵਾਲਾਂ ਬਾਰੇ ਉੱਤਰ "ਹਾਂ-ਪੱਖੀ" ਹਨ,
ਤਾਂ ਅਸੀਂ ਗ਼ਦਰੀ ਬਾਬਿਆਂ ਦੇ ਵਾਰਿਸ ਅਖਵਾ ਸਕਦੇ ਹਾਂ
ਪਰ ਜੇਕਰ ਇਨ੍ਹਾਂ ਸਵਾਲਾਂ ਦੇ ਉੱਤਰ "ਨਾਂਹ-ਪੱਖੀ" ਹਨ,
ਤਾਂ ਫਿਰ ਇਹੀ ਕਿਹਾ ਜਾ ਸਕਦਾ ਹੈ :
"ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ"
ਉਪਰੋਕਤ ਸਵਾਲਾਂ ਦੇ ਉੱਤਰ ਜਾਣਨ ਲਈ, ਆਓ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਚਾਰ ਕਰੀਏ। ਕੈਨੇਡਾ ਦੇ ਗ਼ਦਰੀ ਬਾਬਿਆਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਵਿਸ਼ੇਸ਼ ਸਥਾਨ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਨੂੰ ਗ਼ਦਰ ਲਹਿਰ ਦੇ ਯੋਧਿਆਂ ਦੇ 'ਤਾਰਾ ਮੰਡਲ ਦਾ ਚੰਦ' ਕਹਿ ਕੇ ਸਤਿਕਾਰਿਆ ਗਿਆ ਹੈ। ਮਹਾਨ ਵਿਵੇਕਵਾਨ ਭਾਈ ਸਾਹਿਬ ਵੱਲੋਂ ਜਿੱਥੇ ਕੈਨੇਡਾ ਵਿਚ ਨਸਲਵਾਦ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਉਥੇ ਭਾਰਤ ਜਾ ਕੇ ਬਸਤੀਵਾਦ ਨੂੰ ਜੜ੍ਹੋਂ ਪੁੱਟਣ ਲਈ, ਸ਼ਹੀਦੀ ਪਾਉਂਦਿਆਂ ਸੁਨਹਿਰੀ ਇਤਿਹਾਸ ਰਚਿਆ ਗਿਆ। ਅੰਗਰੇਜ਼ਾਂ ਦੇ ਗੁਲਾਮ ਭਾਰਤ ਦੇ ਮੁਖੀ ਵਾਇਸਰਾਏ ਲਾਰਡ ਹਾਰਡਿੰਗ ਅੱਗੇ ਛਾਤੀ ਤਾਣ ਕੇ ਗੱਲਬਾਤ ਕਰਨ ਵਾਲਾ ਸ਼ਖਸ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦਾ ਪਹਿਲਾ ਗ੍ਰੰਥੀ ਸਿੰਘ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 'ਗ੍ਰੰਥੀ ਸਿੰਘ' ਦੇ ਰੁਤਬੇ 'ਤੇ ਸੁਸ਼ੋਭਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਕੁਰਬਾਨੀਆਂ ਭਰੀ ਸ਼ਾਹਦਤ ਦਾ ਕਿੰਨਾ ਮਹਾਨ ਇਤਿਹਾਸ ਹੈ। ਸ਼ਹੀਦ ਭਾਈ ਬਲਵੰਤ ਸਿੰਘ ਦੀ ਸ਼ਹਾਦਤ ਮੌਜੂਦਾ ਸਮੇਂ ਅਤੇ ਸਥਿਤੀ ਵਿੱਚ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਇੱਕ ਸਦੀ ਪਹਿਲਾਂ ਸੀ। ਦੁਖਾਂਤ ਇਸ ਗੱਲ ਦਾ ਹੈ ਕਿ ਅਜੇ ਤੱਕ ਨਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਹੀ ਅਤੇ ਨਾ ਹੀ ਪੰਜਾਬ ਦੇ ਸੰਘਰਸ਼ ਲਈ ਇਤਿਹਾਸ ਵਿੱਚ, ਭਾਈ ਬਲਵੰਤ ਸਿੰਘ ਨੂੰ ਬਾਰੇ ਕੁਝ ਲਿਖਿਆ ਮਿਲਦਾ ਹੈ।
ਅੰਗਰੇਜ਼ਾਂ ਤੋਂ ਮੁਆਫ਼ੀਆਂ ਮੰਗਣ ਵਾਲੇ 'ਸਵਰਕਰ' ਨੂੰ ਆਜ਼ਾਦੀ ਦਾ ਨਾਇਕ ਪੇਸ਼ ਕਰਨ ਵਾਲੀ, ਅੱਜ ਦੀ ਫਾਸ਼ੀਵਾਦੀ ਸਰਕਾਰ ਤੋਂ ਤਾਂ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਨੂੰ ਮਹਾਨ ਯੋਧਾ ਕਰਾਰ ਦੇਣ ਦੀ ਆਸ ਰੱਖਣਾ ਹੀ ਗ਼ਲਤ ਹੈ। ਦਰਅਸਲ ਭਾਈ ਸਾਹਿਬ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹੁੰਦਿਆਂ, ਉਸ ਵੇਲੇ ਦੇ ਰਾਜਸੀ ਮੁਖੀਆਂ ਨੂੰ ਚੁਣੌਤੀ ਦਿੰਦਿਆਂ, ਸਮੁੱਚੇ ਗਦਰ ਲਹਿਰ ਦੇ ਇਤਿਹਾਸ ਵਿੱਚ ਵਿਲੱਖਣ ਮਾਰਗ ਦਰਸ਼ਕ ਕਹੀ ਜਾ ਸਕਦੀ ਹੈ। ਪੰਜਾਬ ਦੇ ਪਿੰਡ ਖੁਰਦਪੁਰ, ਜ਼ਿਲ੍ਹਾ ਜਲੰਧਰ ਵਿਖੇ ਭਾਈ ਸਾਹਿਬ ਦਾ ਜਨਮ 15 ਸਤੰਬਰ 1882 ਨੂੰ ਹੋਇਆl ਆਪ ਨੇ ਆਦਮਪੁਰ ਤੋਂ ਅੱਠਵੀਂ ਤੱਕ ਪੜ੍ਹਾਈ ਕਰਨ ਮਗਰੋਂ ਕੁਝ ਸਮਾਂ ਫ਼ੌਜ ਵਿੱਚ ਨੌਕਰੀ ਵੀ ਕੀਤੀ, ਪਰ ਸੰਤ ਕਰਮ ਸਿੰਘ ਜੀ ਦੀ ਸੰਗਤ ਮਗਰੋਂ ਧਾਰਮਿਕ ਪ੍ਰਭਾਵ ਕਾਰਨ ਇਹ ਨੌਕਰੀ ਛੱਡ ਦਿੱਤੀ ਤੇ ਕੁਝ ਸਮੇਂ ਮਗਰੋਂ 1906 ਵਿੱਚ ਕੈਨੇਡਾ ਆ ਗਏ।
ਕੈਨੇਡਾ 'ਚ 28 ਜੂਨ 1908 ਵਿੱਚ ਭਾਈ ਬਲਵੰਤ ਸਿੰਘ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਜੀ ਨਾਲ, ਇਕੱਠਿਆਂ 'ਅੰਮ੍ਰਿਤਪਾਨ' ਕੀਤਾl ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ ਦਾ ਮੁੱਢ ਬੰਨਦਿਆਂ ਭਾਈ ਸਾਹਿਬ ਨੇ ਕੈਨੇਡਾ ਅਤੇ ਉੱਤਰੀ ਅਮਰੀਕਾ 'ਚ ਨਾ ਸਿਰਫ ਪਹਿਲਾ ਸਿੱਖੀ ਪ੍ਰਚਾਰ ਦਾ ਕੇਂਦਰ ਹੀ ਸਥਾਪਿਤ ਕੀਤਾ, ਬਲਕਿ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਇਕਮੁੱਠ ਹੋ ਕੇ ਸੰਘਰਸ਼ ਦਾ ਸਾਂਝਾ ਕੇਂਦਰ ਵੀ ਸਿਰਜਿਆ। ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰਪੂਰ ਰਹੀ। ਉਨ੍ਹਾਂ 1908 ਵਿੱਚ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਭੇਜਣ ਦੀ ਸਾਜ਼ਿਸ਼ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਨਾਲ ਮਿਲ ਕੇ ਨਾਕਾਮ ਕੀਤਾ।
ਅੱਜ ਜੇਕਰ ਭਾਰਤੀ ਇੰਮੀਗ੍ਰੈਂਟ ਕੈਨੇਡਾ ਵਿੱਚ ਵਸੇ ਹੋਏ ਹਨ, ਤਾਂ ਇਹ ਭਾਈ ਬਲਵੰਤ ਸਿੰਘ ਜੀ ਦੀ ਦੇਣ ਹੈ। ਕੈਨੇਡਾ ਵਿੱਚ ਇੰਡੀਅਨ ਲੋਕਾਂ ਦੇ ਪਰਿਵਾਰਾਂ ਨੂੰ ਆਉਣ ਦੀ ਆਗਿਆ ਨਹੀਂ ਸੀ, ਜਦਕਿ ਹੋਰ ਮੁਲਕਾਂ ਤੋਂ ਲੋਕ ਪਰਿਵਾਰਾਂ ਸਮੇਤ ਆ ਵਸੇ ਸਨ। ਇਸ ਖ਼ਿਲਾਫ਼ ਵੀ ਸੰਘਰਸ਼ ਦਾ ਮੁੱਢ ਵੀ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਨੇ ਬੰਨ੍ਹਿਆ ਅਤੇ 21 ਜਨਵਰੀ 1912 ਨੂੰ ਅਨੇਕਾਂ ਕਸ਼ਟ ਝੱਲ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਵੈਨਕੂਵਰ ਪੁੱਜੇ, ਹਾਲਾਂਕਿ ਭਾਈ ਸਾਹਿਬ ਦੀ ਪਤਨੀ ਬੀਬੀ ਕਰਤਾਰ ਕੌਰ ਅਤੇ ਦੋ ਪੁੱਤਰੀਆਂ ਚਾਰ ਸਾਲਾ ਊਧਮ ਕੌਰ ਦੇ ਇੱਕ ਸਾਲਾ ਨਿਰੰਜਣ ਕੌਰ ਨੂੰ ਕੈਨੇਡਾ ਦੀ ਧਰਤੀ ਤੇ ਉਤਰਨ ਨਾ ਦਿੱਤਾ ਗਿਆ ਅਤੇ ਇੱਥੋਂ ਵਾਪਸ ਮੋੜਨ ਦੇ ਹੁਕਮ ਦਿੱਤੇ, ਪਰ ਵੈਨਕੂਵਰ ਦੇ ਸਿੱਖਾਂ ਦੇ ਤਿੱਖੇ ਸੰਘਰਸ਼ ਅਤੇ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਦੀ ਸੂਝ-ਬੂਝ ਸਦਕਾ, ਇਮੀਗਰੇਸ਼ਨ ਵਿਭਾਗ ਨੂੰ ਗੋਡੇ ਟੇਕਣੇ ਪਏ ਅਤੇ ਪਰਿਵਾਰਾਂ ਨੂੰ 3 ਜੂਨ 1912 ਨੂੰ ਕੈਨੇਡੀਅਨ ਸਰਕਾਰ ਵੱਲੋਂ ਆਖਰਕਾਰ, ਕੈਨੇਡਾ ਵਿੱਚ ਦਾਖਲ ਹੋਣ ਦਿੱਤਾ ਗਿਆ।
ਭਾਈ ਸਾਹਿਬ ਦੇ ਪਰਿਵਾਰ ਦੇ ਕੈਨੇਡਾ ਆਉਣ ਨਾਲ ਨਾ ਸਿਰਫ ਆਰਜ਼ੀ ਰੂਪ ਵਿੱਚ ਇਸਤਰੀਆਂ ਤੇ ਪਰਿਵਾਰਾਂ ਦੀ ਆਮਦ ਦਾ ਮੁੱਢ ਬੱਝਿਆ, ਬਲਕਿ 28 ਅਗਸਤ 1912 ਨੂੰ ਆਪ ਜੀ ਦੇ ਗ੍ਰਹਿ ਵਿਖੇ ਬੀਬੀ ਕਰਤਾਰ ਕੌਰ ਦੀ ਕੁੱਖੋਂ ਜਨਮਿਆ ਬੱਚਾ ਹਰਦਿਆਲ ਸਿੰਘ 'ਕੈਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ' ਅਤੇ ਅਣਵੰਡੇ ਭਾਰਤ ਤੋਂ ਪਰਵਾਸ ਕਰਕੇ ਆਏ ਪਰਿਵਾਰ ਦਾ ਪਹਿਲਾ ਬਾਲਕ ਵੀ ਬਣਿਆ। ਪਰਿਵਾਰ ਦੇ ਇਸ ਆਰਜ਼ੀ ਪ੍ਰਵਾਸ ਮਗਰੋਂ ਵੀ ਭਾਈ ਸਾਹਿਬ ਨੇ ਕੈਨੇਡਾ 'ਚ ਇਮੀਗ੍ਰੈਂਟ ਪਰਿਵਾਰਾਂ ਲਈ ਬੂਹੇ ਖੋਲ੍ਹਣ ਵਾਸਤੇ ਲੰਮਾ ਸੰਘਰਸ਼ ਕੀਤਾ, ਜਿਸ ਲਈ ਇਤਿਹਾਸ ਸਦਾ ਹੀ ਆਪ ਜੀ ਦਾ ਰਿਣੀ ਰਹੇਗਾ।
ਅੱਜ ਤੋਂ ਇੱਕ ਸਦੀ ਪਹਿਲਾਂ ਜਦੋਂ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਤੇ ਪਰਵਾਸੀ ਲੋਕਾਂ ਨੂੰ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਸੀ, ਲੋਕ ਲੁੱਕ- ਛਿਪ ਕੇ ਜੰਗਲ ਵਿੱਚ ਦੂਰ- ਦੁਰਾਡੇ ਬਰਫ਼ ਤੇ ਮੀਂਹ ਪੈਂਦਿਆਂ ਮਿ੍ਤਕ ਦਾ ਸਸਕਾਰ ਕਰਦੇ ਸਨ, ਉਸ ਵੇਲੇ ਭਾਈ ਬਲਵੰਤ ਸਿੰਘ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਸ਼ਮਸ਼ਾਨ ਭੂਮੀ ਲਈ ਕੁਝ ਜਗ੍ਹਾ ਜ਼ਮੀਨ ਖਰੀਦੀ ਅਤੇ ਸਸਕਾਰ ਕਰਨ ਦਾ ਇੰਤਜ਼ਾਮ ਕਰਕੇ ਸਭਨਾਂ ਨੂੰ ਵੱਡੀ ਰਾਹਤ ਦਿਵਾਈ।
'ਗ਼ਦਰ ਪਾਰਟੀ' ਦਾ ਉੱਤਰੀ ਅਮਰੀਕਾ ਵਿੱਚ ਜਿਸ ਵੇਲੇ ਅਜੇ ਮੁੱਢ ਬੰਨ੍ਹਿਆ ਜਾ ਰਿਹਾ ਸੀ, ਉਸ ਵੇਲੇ ਭਾਈ ਸਾਹਿਬ ਦੀ ਅਗਵਾਈ ਵਿੱਚ 14 ਮਾਰਚ 1913 ਨੂੰ ਤਿੰਨ ਮੈਂਬਰੀ ਵਫਦ, ਲੰਡਨ ਅਤੇ ਭਾਰਤ ਜਾ ਕੇ, ਅੰਗਰੇਜ਼ ਸਾਮਰਾਜ ਦੇ ਅਸਲ ਚਿਹਰੇ ਨੂੰ ਨੰਗਾ ਕਰਨ ਦਾ ਸੰਘਰਸ਼ ਸ਼ੁਰੂ ਕਰ ਚੁੱਕਿਆ ਸੀ। ਇਸ ਵਫ਼ਦ ਵਿੱਚ ਭਾਈ ਸਾਹਿਬ ਦੇ ਸਹਿਯੋਗੀ ਅਮਰੀਕਾ ਤੋਂ ਸਿੱਖ ਪ੍ਰਤੀਨਿਧ ਨੰਦ ਸਿੰਘ ਸੀਹਰਾ ਅਤੇ ਕੈਨੇਡਾ ਤੋਂ ਭਾਈ ਨਰੈਣ ਸਿੰਘ ਚੋਬਦਾਰ ਸਨ। ਇਨ੍ਹਾਂ 13 ਸਤੰਬਰ 1913 ਤੱਕ ਲੰਡਨ ਤੋਂ ਲੈ ਕੇ ਭਾਰਤ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਆਵਾਜ਼ ਉਠਾਈl ਸੂਝਵਾਨ ਲੀਡਰ, ਬੁਲੰਦ ਆਵਾਜ਼ ਦੇ ਮਾਲਕ ਅਤੇ ਦੂਰ-ਅੰਦੇਸ਼ ਆਗੂ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਜਦ ਬ੍ਰਿਟਿਸ਼ ਬਸਤੀਵਾਦ ਅਤੇ ਅੰਗਰੇਜ਼ ਸਾਮਰਾਜ ਦੀਆਂ ਬਦਨੀਤੀਆਂ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ 18 ਸਤੰਬਰ 1913 ਨੂੰ, ਸ਼ਿਮਲੇ 'ਚ ਇੱਕ ਮੀਟਿੰਗ ਦੌਰਾਨ, ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੇ ਮੂੰਹ 'ਤੇ ਕੀਤੀ ਸੀ, ਤਾਂ ਉਸ ਨੂੰ ਜਿਵੇਂ ਦੰਦਲ ਹੀ ਪੈ ਗਈ ਸੀ।
ਮਾਈਕਲ ਓਡਵਾਇਰ ਨੇ ਆਪਣੀ ਕਿਤਾਬ 'ਇੰਡੀਆ ਐਜ਼ ਆਈ ਨਿਊ' ਦੇ ਪੰਨਾ 191'ਤੇ ਲਿਖਿਆ ਕਿ ਮੁਲਾਕਾਤੀਆਂ ਵਿੱਚੋਂ 'ਤੀਸਰੇ ਬੰਦੇ' (ਭਾਈ ਬਲਵੰਤ ਸਿੰਘ ਖੁਰਦਪੁਰ) ਦੇ ਤਰੀਕੇ 'ਖ਼ਤਰਨਾਕ' ਬਾਗ਼ੀ ਵਰਗੇ ਸਨ ਤੇ ਉਸ ਵਾਇਸਰਾਏ ਨੂੰ ਮਿਲਣ ਜਾ ਰਹੇ ਸੀ, ਜਿਸ ਤੋਂ ਖਾਸ ਤੌਰ 'ਤੇ 'ਇਸ ਮੈਂਬਰ' ਪ੍ਰਤੀ ਸਾਵਧਾਨੀ ਵਰਤਣ ਲਈ ਕਿਹਾ ਗਿਆ। 5 ਅਕਤੂਬਰ 1913 ਨੂੰ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਨਾਲ ਭਾਈ ਬਲਵੰਤ ਸਿੰਘ ਦੀ ਅਗਵਾਈ ਵਿੱਚ ਕੈਨੇਡਾ ਤੋਂ ਆਏ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਇਮੀਗ੍ਰੇਸ਼ਨ ਦੀਆਂ ਕਾਲੀਆਂ ਨੀਤੀਆਂ, ਨਸਲੀ ਵਿਤਕਰੇ, ਧੱਕੇਸ਼ਾਹੀਆਂ ਅਤੇ ਜਬਰ- ਜ਼ੁਲਮ ਬਾਰੇ ਨਿਡਰਤਾ ਨਾਲ ਵਿਚਾਰ ਰੱਖੇ।
ਚਾਹੇ ਉਸ ਵੇਲੇ ਪੰਜਾਬ ਦੇ ਜਾਗਰੂਕ ਲੋਕਾਂ, ਲੋਕ ਪੱਖੀ ਮੀਡੀਆ ਅਤੇ ਆਮ ਵਿਅਕਤੀਆਂ ਨੇ ਭਾਈ ਬਲਵੰਤ ਸਿੰਘ ਦਾ ਸਾਥ ਦਿੱਤਾ, ਪਰ ਅਖੌਤੀ ਰਾਸ਼ਟਰਵਾਦੀ ਅਤੇ ਫਰੰਗੀਆਂ ਦੇ ਝੋਲੀ ਚੁੱਕਾਂ ਨੇ ਵਿਰੋਧ ਹੀ ਕੀਤਾ। ਗ਼ਦਰੀ ਸੂਰਮਿਆਂ ਦੇ ਅਖ਼ਬਾਰ 'ਕਿਰਤੀ' 1926 ਦੇ ਅੰਕ ਦੇ ਪੰਨਾ 14 ਉੱਪਰ ਲਿਖਿਆ ਹੈ ਕਿ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਨੇ ਭਾਈ ਬਲਵੰਤ ਸਿੰਘ ਹੁਰਾਂ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ਕੀਤੇ ਸੰਘਰਸ਼ ਨੂੰ 'ਕੇਵਲ ਸਿੱਖਾਂ ਦਾ ਮਸਲਾ' ਕਹਿਕੇ ਉਹਨਾਂ ਦਾ ਸਾਥ ਦੇਣੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਿਚਲੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਵੀ ਭਾਈ ਸਾਹਿਬ ਦੇ ਇਤਿਹਾਸਕ ਯਤਨਾਂ ਦਾ ਵਿਰੋਧ ਕਰਕੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਇਸੇ ਕਾਰਨ ਹੀ ਕੁਝ ਸਮਾਂ ਮਗਰੋਂ ਸਿੱਖ ਸੰਗਤਾਂ ਵੱਲੋਂ ਗੁਰਮਤਾ ਕਰਕੇ ਅਜਿਹੇ ਵਿਅਕਤੀਆਂ ਨੂੰ ਪੰਥ ਅਤੇ ਕੌਮ ਦੇ ਗ਼ਦਾਰ ਐਲਾਨਿਆ ਗਿਆ। ਇਤਿਹਾਸਕ ਸਰੋਤਾਂ ਅਨੁਸਾਰ ਇਨ੍ਹਾਂ ਗੁਰਮਤਿਆਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕਰਦਿਆਂ ਗਦਰੀ ਯੋਧਿਆਂ, ਕਾਮਾਗਾਟਾ ਮਾਰੂ ਦੇ ਮੁਸਾਫਰਾਂ, ਕੈਨੇਡਾ ਤੋਂ ਆਏ ਸਿੱਖ ਜੱਥਿਆਂ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਹੋਰਨਾਂ ਸ਼ਖ਼ਸੀਅਤਾਂ ਦੀ ਬਹਾਦਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸੁੰਦਰ ਸਿੰਘ ਮਜੀਠੀਏ, ਅਰੂੜ ਸਿੰਘ ਸਰਬਰਾਹ ਅਤੇ ਗੁਰਬਖਸ਼ ਸਿੰਘ ਸਕੱਤਰ ਸਿੱਖ ਲੀਗ ਵਰਗਿਆਂ ਨੂੰ ਤਨਖਾਹੀਏ ਕਰਾਰ ਦੇ ਕੇ, ਉਨ੍ਹਾਂ ਨੂੰ 'ਭਾਈ' ਜਾਂ 'ਸਰਦਾਰ' ਸ਼ਬਦ ਨਾਲ ਸੰਬੋਧਨ ਨਾ ਕਰਨ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਮਹਾਰਾਜਾ ਪਟਿਆਲਾ ਵੱਲੋਂ ਮਾਈਕਲ ਓਡਵਾਇਰ ਫੰਡ ਵਿੱਚ, 'ਵੀਹ ਹਜ਼ਾਰ ਰੁਪਏ' ਜਮ੍ਹਾਂ ਕਰਵਾਉਣ ਦੀ ਕਾਰਵਾਈ ਲਈ ਲਾਹਨਤਾਂ ਪਾਈਆਂ ਗਈਆਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 'ਸਰ' ਸੁੰਦਰ ਸਿੰਘ ਮਜੀਠੀਆ ਮਾਈਕਲ ਓਡਵਾਇਰ ਲਈ ਫੰਡ ਇਕੱਠਾ ਕਰਨ ਵਾਲੀ ਕਮੇਟੀ ਦਾ ਮੁਖੀ ਸੀ।
ਭਾਈ ਬਲਵੰਤ ਸਿੰਘ ਖੁਰਦਪੁਰ ਨੇ ਕੈਨੇਡਾ ਵਾਪਸ ਪਰਤਦਿਆਂ ਆਪਣੇ ਮਿੱਤਰ ਭਾਈ ਹਰਚੰਦ ਸਿੰਘ ਲਾਇਲਪੁਰੀ ਨੂੰ ਪੱਤਰ ਲਿਖਕੇ ਚੀਫ਼ ਖ਼ਾਲਸਾ ਦੀਵਾਨ ਨਾਲੋਂ ਨਾਤਾ ਤੋੜਨ ਅਤੇ ਅੰਗਰੇਜ਼ ਹਕੂਮਤ ਦਾ ਡਟਵਾਂ ਵਿਰੋਧ ਕਰਨ ਦੀ ਹਦਾਇਤ ਕੀਤੀ ਸੀ। ਕੈਨੇਡਾ ਵਾਪਸੀ ਦੌਰਾਨ ਆਪ ਕਾਮਾਗਾਟਾ ਮਾਰੂ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਅਤੇ ਮੁਖੀ ਭਾਈ ਗੁਰਦਿੱਤ ਸਿੰਘ ਸਰਹਾਲੀ ਨੂੰ ਵੀ ਮਿਲੇ ਅਤੇ ਜਹਾਜ਼ ਦੇ ਕੈਨੇਡਾ ਪੁੱਜਣ ਤੋਂ ਦੋ ਦਿਨ ਪਹਿਲਾਂ ਵੈਨਕੂਵਰ ਪਹੁੰਚ ਗਏ। ਮੁਸਾਫ਼ਰਾਂ ਦੀ ਸਹਾਇਤਾ ਲਈ ਬਣੀ 'ਸ਼ੋਅਰ ਕਮੇਟੀ' ਵਿੱਚ ਭਾਈ ਸਾਹਿਬ ਆਗੂ ਸਨ। ਜਦੋਂ ਜਬਰੀ ਜਹਾਜ਼ ਭਾਰਤ ਵਾਪਸ ਮੁੜਨ ਦਾ ਫੈਸਲਾ ਕੀਤਾ ਗਿਆ, ਤਾਂ ਭਾਈ ਸਾਹਿਬ ਆਪਣੇ ਸਾਥੀਆਂ ਸਮੇਤ 23 ਜੁਲਾਈ 1914 ਨੂੰ ਅਮਰੀਕਾ ਤੋਂ ਹਥਿਆਰ ਖ਼ਰੀਦਣ ਵਾਸਤੇ ਗਏ, ਤਾਂ ਕਿ ਜਹਾਜ਼ ਰਾਹੀਂ ਗ਼ਦਰ ਪਾਰਟੀ ਦੇ ਲੀਡਰਾਂ ਤੱਕ ਪਹੁੰਚਾਏ ਜਾ ਸਕਣ, ਪਰ ਸੁੂਮਸ ਬਾਰਡਰ 'ਤੇ ਇਨ੍ਹਾਂ ਗ਼ਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਹਾਜ਼ ਪਰਤਣ ਤੋਂ ਬਾਅਦ ਰਿਹਾਅ ਕੀਤਾ ਗਿਆ।
ਭਾਰਤ ਵਿੱਚੋਂ ਬ੍ਰਿਟਿਸ਼ ਬਸਤੀਵਾਦ ਦੇ ਖ਼ਾਤਮੇ ਦੇ ਸੰਘਰਸ਼ ਦੇ ਫੈਸਲੇ ਅਧੀਨ ਸਿੰਘ ਸਾਹਿਬ ਨੇ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਵੇਲੇ ਭਾਰਤ ਜਾਣ ਦਾ ਫੈਸਲਾ ਕਰ ਲਿਆ। ਭਾਈ ਬਲਵੰਤ ਸਿੰਘ ਦੀ ਖੁਰਦਪੁਰ ਆਪਣੇ ਸਾਥੀਆਂ ਭਾਈ ਬਤਨ ਸਿੰਘ ਕਾਹਰੀ ਅਤੇ ਭਾਈ ਕਰਤਾਰ ਸਿੰਘ ਚੰਦ ਨਵਾਂ ਨਾਲ ਸਾਨ-ਫਰਾਂਸਿਸਕੋ ਤੋਂ 23 ਜਨਵਰੀ 1915 ਨੂੰ ਰਵਾਨਾ ਹੋਏ ਅਤੇ ਅਨੇਕਾਂ ਚੁਣੌਤੀਆਂ ਮਗਰੋਂ 13 ਜੁਲਾਈ ਨੂੰ ਬੈਂਕਾਕ ਪੁੱਜੇ। ਇਤਿਹਾਸਕਾਰਾਂ ਅਨੁਸਾਰ ਆਪ ਬੈਂਕਾਕ ਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ, ਜਦੋਂ ਸ਼ਿਆਮ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ, ਜੋ ਕਿ ਕੌਮਾਂਤਰੀ ਪੱਧਰ 'ਤੇ ਨਿਯਮਾਂ ਦੀ ਸਖ਼ਤ ਉਲੰਘਣਾ ਸੀ।
ਅੰਗਰੇਜ਼ ਹਕੂਮਤ ਨੇ ਪਹਿਲਾਂ ਸਿੰਗਾਪੁਰ ਅਤੇ ਫਿਰ ਕਲਕੱਤੇ ਸਥਿਤ ਅਲੀਪੁਰ ਜੇਲ੍ਹ ਵਿੱਚ ਭਾਈ ਸਾਹਿਬ 'ਤੇ ਭਾਰੀ ਤਸ਼ੱਦਦ ਕੀਤਾ। ਜੁਲਾਈ 1916 ਵਿੱਚ ਆਪ ਨੂੰ ਪੰਜਾਬ ਲਿਜਾ ਕੇ 'ਲਾਹੌਰ ਸੈਕਿੰਡ ਸਪਲੀਮੈਂਟਰੀ ਸਾਜ਼ਿਸ਼' ਮੁਕੱਦਮੇ ਅਧੀਨ ਪੇਸ਼ ਕੀਤਾ ਗਿਆ। ਬੇਲਾ ਜਿਆਣ ਗ਼ੱਦਾਰ ਵੈਨਕੂਵਰ ਦੇ ਸਾਥੀ 'ਟਾਊਟ ਗੰਗਾ ਰਾਮ' ਦੇ ਭਰਾ ਅਮਨ ਸਹੋਤਾ, ਮੰਗਲ ਜਿਆਣ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਦੇ ਆਧਾਰ ਤੇ ਭਾਈ ਸਾਹਿਬ ਨੂੰ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਅਤੇ ਗ਼ਦਰ ਮਚਾਉਣ ਵਾਲੇ ਲੋਕਾਂ ਦੇ ਆਗੂ ਵਜੋਂ ਭਾਰਤ 'ਚ ਬਗਾਵਤ ਤੇ ਕਤਲ ਕਰਵਾਉਣ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ, ਇੰਡੀਅਨ ਪੈਨਲ ਕੋਡ ਅਨੁਸਾਰ ਸਜ਼ਾ- ਏ-ਮੌਤ ਸੁਣਾਈ ਗਈ ਅਤੇ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।
ਸਿੰਘ ਸਾਹਿਬ ਸ਼ਹਾਦਤ ਪਾਉਣ ਤੱਕ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਦੀ ਇਹ ਸ਼ਬਦ ਜ਼ਿਕਰਯੋਗ ਹਨ : "ਰਾਜਸੀ ਮੌਤ ਮਰਨ ਨਾਲ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਭੈਅ ਨਹੀਂ।" 29 ਮਾਰਚ 1917 ਨੂੰ ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇੱਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿੱਚ 'ਆਖਰੀ ਮੁਲਾਕਾਤ' ਲਈ ਪਹੁੰਚੀ, ਤਦ ਉਸ ਨੂੰ ਦੱਸਿਆ ਗਿਆ ਕਿ ਕੱਲ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਉਸ ਮੌਕੇ 'ਤੇ ਜੇਲਰ ਨੇ ਬੀਬੀ ਕਰਤਾਰ ਕੌਰ ਨੂੰ ਭਾਈ ਸਾਹਿਬ ਜੀ ਦੇ ਨਿੱਜੀ ਸਾਮਾਨ ਵਿੱਚ ਜੋ ਕੁਝ ਸੌਂਪਿਆ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਛੋਟੀ ਬੀੜ ਸਾਹਿਬ। ਭਾਈ ਸਾਹਿਬ ਦੇ ਜੀਵਨ ਦਾ ਹਰ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਜਬਰ- ਜ਼ੁਲਮ ਤਸ਼ੱਦਦ, ਗੁਲਾਮੀ ਅਤੇ ਅਣ-ਮਨੁੱਖੀ ਵਰਤਾਰੇ ਖ਼ਿਲਾਫ਼ ਲੜ-ਮਰਨ ਦਾ ਸੀ। ਜਦੋਂ ਆਪ ਜੀ ਨੂੰ ਬੈਂਕਾਕ ਵਿੱਚ ਪਹਿਲੀ ਅਗਸਤ ਸੰਨ 1915 ਨੂੰ ਗਿਫ਼ਤਾਰ ਕੀਤਾ ਗਿਆ, ਉਸ ਵੇਲੇ ਵੀ ਆਪ ਜੀ ਕੋਲੋਂ ਜੋ ਜੇਬ ਡਾਇਰੀ ਮਿਲੀ, ਉਸ ਦੇ ਬਾਹਰ ਜ਼ਫ਼ਰਨਾਮਾ ਵਿੱਚੋਂ ਇਹ ਸ਼ਬਦ ਅੰਕਿਤ ਸਨ "ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥" ਸ਼ਹੀਦ ਭਾਈ ਬਲਵੰਤ ਸਿੰਘ ਦੇ ਕੁਰਬਾਨੀਆਂ ਦੇ ਇਤਿਹਾਸਕ ਪੱਖਾਂ ਨੂੰ ਵੱਧ- ਚੜ ਕੇ ਪਹੁੰਚਣ ਦੀ ਲੋੜ ਹੈ, ਜਿਹਨਾਂ ਇੱਕੋ ਸਮੇਂ 'ਵਿਚਾਰਾਂ ਅਤੇ ਹਥਿਆਰਾਂ' ਦੇ ਸੰਘਰਸ਼ ਨਾਲ ਜ਼ਾਲਮ ਹਕੂਮਤ ਨੂੰ ਭਾਜੜਾਂ ਪਾਈਆਂ ਅਤੇ ਇਹ ਸਿੱਧ ਕਰ ਦਿੱਤਾ ਕਿ "ਜਦ ਧਿਰ ਉਪਾਵਾਂ ਦੀ ਹਾਰਦੀ ਹੈ,
ਤਾਂ ਜਾਇਜ਼ ਵਰਤੋਂ ਤਲਵਾਰ ਦੀ ਹੈ।" ਅੱਜ ਫਿਰ ਭਾਰਤ ਵਿੱਚ ਫਾਸ਼ੀਵਾਦੀ ਹਿੰਦੂਤਵੀ ਹਕੂਮਤ ਕਬਜ਼ਾ ਹੈ। ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਦੇ ਸੰਘਰਸ਼ ਦੇ ਮਾਡਲ 'ਯੂਨਾਈਟਿਡ ਸਟੇਟਸ ਆਫ ਇੰਡੀਆ' ਦੀ ਥਾਂ, ਕੇਂਦਰ ਵੱਲੋਂ ਆਪਣੇ ਸੂਬਿਆਂ ਨੂੰ ਬਸਤੀਆਂ ਬਣਾਇਆ ਜਾ ਰਿਹਾ ਹੈ। ਪੰਜਾਬ ਵਿਚ ਇਨੀ ਦਿਨੀ ਅਣ-ਐਲਾਨੀ ਐਮਰਜੈਂਸੀ ਇਸ ਦੀ ਗਵਾਹ ਹੈ। ਅੱਜ ਭਾਈ ਬਲਵੰਤ ਸਿੰਘ ਜੀ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ ਜਾਬਰ ਹਕੂਮਤ ਦੀ ਧੱਕੇਸ਼ਾਹੀ ਖ਼ਿਲਾਫ਼ ਲੜਨ ਦੀ ਲੋੜ ਹੈ।
ਤਸਵੀਰ : ਸਿੰਘ ਸਾਹਿਬ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦੀ ਯਾਦਗਾਰੀ ਤਸਵੀਰ। ਨਾਲ ਹਨ ; ਸੁਪਤਨੀ ਬੀਬੀ ਕਰਤਾਰ ਕੌਰ, ਸਪੁੱਤਰੀਆਂ ਊਧਮ ਕੌਰ, ਨਿਰੰਜਣ ਕੌਰ ਅਤੇ ਕੈਨੇਡਾ ਦਾ ਜੰਮਪਲ ਪਹਿਲਾ ਸਿੱਖ ਬੱਚਾ ਭਾਈ ਹਰਦਿਆਲ ਸਿੰਘ।
ਫੋਨ : 604 825 1550
email singhnewscanada@gmail.com
ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ 'ਤੇ ਵਿਸ਼ੇਸ਼ : ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ - ਡਾ. ਗੁਰਵਿੰਦਰ ਸਿੰਘ
ਕੈਨੇਡਾ ਬਹੁ-ਸਭਿਆਚਾਰਕ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇੱਥੇ 'ਇੱਕ ਰਾਸ਼ਟਰ ਅਤੇ ਇੱਕ ਭਾਸ਼ਾ' ਦਾ ਧ੍ਰੁਵੀਕਰਨ ਵਾਲਾ ਫਾਰਮੁਲਾ ਨਹੀਂ ਚੱਲਦਾ। ਕੈਨੇਡਾ ਵਿੱਚ ਚਾਹੇ ਸਰਕਾਰੀ ਤੌਰ 'ਤੇ ਅੰਗਰੇਜ਼ੀ ਅਤੇ ਫਰੈਂਚ, ਦੋ ਭਾਸ਼ਾਵਾਂ ਨੂੰ ਕੰਮਕਾਜ ਲਈ ਪ੍ਰਮੁੱਖਤਾ ਦਿੱਤੀ ਗਈ ਹੈ, ਪਰ ਇੱਥੇ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ 60 ਤੋਂ ਵੱਧ, ਮੂਲ-ਨਿਵਾਸੀਆਂ ਦੀਆਂ ਬੋਲੀਆਂ ਸ਼ਾਮਲ ਹਨ। ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ 'ਤੇ ਵੀ ਦਿੱਤੀਆਂ ਜਾਂਦੀਆਂ ਹਨ।
ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ 'ਦੂਜਾ ਪੰਜਾਬ' ਵਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ 'ਚ ਪੰਜਾਬ ਤੋਂ ਘੁੰਮਣ ਆਇਆ ਪੰਜਾਬੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ 'ਚ ਘੁੰਮ ਰਿਹਾ ਹੋਵੇ। ਪੰਜਾਬੀ ਵਿਚ ਲੱਗੇ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦੀ ਚੜ੍ਹਤ ਹੈ।
ਮਾਂ-ਬੋਲੀ ਪੰਜਾਬੀ ਨਾਲੋਂ ਟੁੱਟੇ ਪੰਜਾਬੀ, ਆਪਣੀ ਬੋਲੀ ਨਾਲ ਕੈਨੇਡਾ ਆ ਕੇ ਕਿਵੇਂ ਜੁੜਦੇ ਹਨ, ਇਸ ਦੀ ਮਿਸਾਲ ਉੱਘੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੇ ਪੋਤਰੇ ਤੇ ਫ਼ਿਲਮ ਨਿਰਮਾਤਾ ਨਰਿੰਦਰ ਬੇਦੀ ਦੇ ਪੁੱਤਰ, ਫਿਲਮ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਬੰਬਈ ਵਿਚ ਰਹਿੰਦਿਆਂ ਉਹ ਪੰਜਾਬੀ ਨਹੀਂ ਸੀ ਬੋਲਦਾ, ਪਰ ਜਦੋਂ ਉਹ ਕੈਨੇਡਾ ਆਇਆ, ਤਾਂ ਇਥੇ ਆ ਕੇ ਨਾ ਸਿਰਫ਼ ਪੰਜਾਬੀ ਬੋਲਣ ਹੀ ਲੱਗਿਆ, ਸਗੋਂ ਪੰਜਾਬੀ ਫਿਲਮਾਂ ਵੱਲ ਵੀ ਉਤਸ਼ਾਹਤ ਹੋ ਗਿਆ। ਰਜਤ ਬੇਦੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਵਰਗੇ ਅਨੇਕਾਂ ਹੋਰਨਾਂ ਨੂੰ ਕੈਨੇਡਾ ਨੇ ਪੰਜਾਬ ਨਾਲ ਜੁੜਿਆ ਹੈ।
ਕੈਨੇਡਾ ਦੀਆਂ ਵੱਖ-ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫ਼ੀਸਦੀ ਤੋਂ 2 ਫ਼ੀਸਦੀ ਦੇ ਨੇੜੇ ਜਾ ਪਹੁੰਚੀ ਹੈ। ਕੈਨੇਡਾ ਦੀ ਮੌਜੂਦਾ ਸਮੇਂ ਆਬਾਦੀ 3 ਕਰੋੜ 86 ਲੱਖ ਤੱਕ ਪਹੁੰਚ ਚੁੱਕੀ ਹੈ। ਜੇਕਰ ਕੈਨੇਡਾ 'ਚ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ 1991 ਵਿਚ 113, 220 (0.43 ਫ਼ੀਸਦੀ), 1996 ਵਿਚ 201, 780 (0.70 ਫ਼ੀਸਦੀ), 2001 ਵਿਚ 271, 220 (0.90 ਫ਼ੀਸਦੀ), 2006 ਵਿਚ 367, 505 (1.18 ਫ਼ੀਸਦੀ), 2011 ਵਿਚ 459, 990 (1.30 ਫ਼ੀਸਦੀ) 2016 ਵਿਚ 543, 495 (1.7 ਫ਼ੀਸਦੀ) ਅਤੇ 2021 ਵਿਚ 763, 785 (2 ਫੀਸਦੀ) ਤੱਕ ਪਹੁੰਚ ਚੁੱਕੀ ਹੈ, ਜਦ ਕਿ ਅਗਲੀ ਮਰਦਮਸ਼ੁਮਾਰੀ 2026 ਵਿਚ ਹੋਵੇਗੀ।
ਮਰਦਮ ਸ਼ੁਮਾਰੀ ਦੇ ਇਕ ਹੋਰ ਵਰਗ ਅਨੁਸਾਰ ਘਰਾਂ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲਿਆਂ ਦੀ 2021 ਦੀ ਮਰਦਮਸ਼ੁਮਾਰੀ ਦੌਰਾਨ ਗਿਣਤੀ 827,150 ਹੈ, ਜਦ ਕਿ ਕੈਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਸੰਖਿਆ 942, 170 ( 2016 ਤੋਂ 41 ਗੁਣਾ ਵੱਧ) ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਵਿਚ ਪਹਿਲੇ ਨੰਬਰ 'ਤੇ ਉਨਟੈਰੀਉ ਪ੍ਰੋਵਿੰਸ (397, 865), ਦੂਜੇ 'ਤੇ ਬ੍ਰਿਟਿਸ਼ ਕਲੰਬੀਆ (315,000) ਅਤੇ ਤੀਜੀ ਨੰਬਰ 'ਤੇ ਐਲਬਰਟਾ (126,365) ਆਉਂਦਾ ਹੈ।
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਬੋਲੀ ਹੈ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਵੱਧ, ਤੇਜ਼ੀ ਨਾਲ ਵਧ ਰਹੀ ਹੈ। ਇਹ ਜਾਣ ਕੇ ਅੱਜ ਪੰਜਾਬੀਆਂ ਨੂੰ ਹੈਰਾਨੀ ਹੋਵੇਗੀ ਕਿ ਪਹਿਲਾਂ ਪੰਜਾਬੀ ਦਾ ਸਥਾਨ ਤੀਜਾ ਹੁੰਦਾ ਸੀ, ਪਰ ਹੁਣ ਇਹ ਨਹੀਂ ਰਿਹਾ, ਜਿਸ ਦੀ ਸਹੀ ਤਸਵੀਰ ਪੰਜਾਬੀਆਂ ਤੱਕ ਪਹੁੰਚਾਉਣੀ ਜ਼ਰੂਰੀ ਹੈ। ਇਹ ਕੌੜੀ ਸਚਾਈ ਹੈ ਕਿ ਕੈਨੇਡਾ 'ਚ ਪੰਜਾਬੀ ਬੋਲੀ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।
ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨਗਣਨਾ ਅਨੁਸਾਰ ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ-ਬੋਲੀਆਂ ਦੀ ਸੂਚੀ 'ਚ ਪੰਜਾਬੀ ਪਹਿਲੇ ਥਾਂ 'ਤੇ ਸੀ, ਭਾਵ ਕੁੱਲ ਮਿਲਾ ਕੇ ਤੀਜੇ ਸਥਾਨ 'ਤੇ ਸੀ। ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459, 990 ਸੀ, ਜਦ ਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਕੈਂਟਨੀਜ਼ ਬੋਲਣ ਵਾਲੇ 388, 935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ। ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 18.2 ਫ਼ੀਸਦੀ ਵਧਣ ਨਾਲ ਇਹ ਸੰਖਿਆ 543, 495 ਹੋ ਗਈ ਤੇ ਮਹਿਜ਼ 85,505 ਹੋਰ ਪੰਜਾਬੀਆਂ ਨੇ, ਪੰਜ ਸਾਲਾਂ 'ਚ ਮਾਂ-ਬੋਲੀ ਪੰਜਾਬੀ ਲਿਖਵਾਈ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610,835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇੰਜ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ 'ਤੇ ਆ ਡਿਗੇ, ਜਦ ਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ। 21 ਮਈ 2021 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ, ਤਾਂ ਅੰਕੜਿਆਂ ਦੇ ਹਿਸਾਬ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 942,170 ਪੰਜਵੇਂ ਸਥਾਨ 'ਤੇ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਰਗ ਵਿਚ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ, ਤੀਜੇ ਨੰਬਰ 'ਤੇ ਸਪੈਨਿਸ਼ (1,171,450) ਅਤੇ ਚੌਥੇ ਨੰਬਰ 'ਤੇ ਮੈਂਡਰੀਨ ਚੀਨੀ ਬੋਲੀ (987, 300 ) ਹੈ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ, ਉਥੇ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਮਸ਼ੁਮਾਰੀ ਸਮੇਂ ਪੰਜਾਬੀਆਂ ਵਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਅਜੇ ਵੀ ਓਨਾ ਨਹੀਂ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਘੱਟੋ-ਘੱਟ 5 ਲੱਖ ਤੋਂ ਵੱਧ ਗਿਣਤੀ ਵਿੱਚ ਅਜਿਹੇ ਹੋਰ ਪੰਜਾਬੀ ਵੀ ਵਸਦੇ ਹਨ, ਜਿਹੜੇ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਾਬੀ ਨਹੀਂ ਲਿਖਵਾਉਂਦੇ ਜਾਂ ਮਰਦਮਸ਼ੁਮਾਰੀ ਵਿੱਚ ਮਾਂ- ਬੋਲੀ ਵਾਲੇ ਖਾਨੇ ਭਰਦੇ ਹੀ ਨਹੀ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਆਏ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਪੰਜਾਬੀ ਵੀ ਮਰਦਮ ਸ਼ੁਮਾਰੀ ਵਿਚ ਅਪਣੇ ਫ਼ਾਰਮਾਂ ਵਿਚ ਮਾਂ ਬੋਲੀ ਪੰਜਾਬੀ ਲਿਖ ਸਕਦੇ ਹਨ।
ਕੈਨੇਡਾ ਦੇ ਪੰਜਾਬੀ ਮੀਡੀਏ ਵਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ, ਬਹੁਤ ਸਾਰੇ ਪੰਜਾਬੀ ਕਾਗਜ਼ਾਂ 'ਚ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ ਤਾਂ 2026 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ 'ਚ ਦੇਰ ਨਹੀਂ ਲੱਗਣੀ।
ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ 'ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ, ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ 'ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ 'ਚ ਸਰਕਾਰੀ ਭਾਸ਼ਾਵਾਂ ਹਨ, ਪਰ ਇਥੇ ਰਾਸ਼ਟਰੀ ਭਾਸ਼ਾ ਦੇ ਨਾਂਅ 'ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ 'ਚ ਹਿੰਦੀ ਨੂੰ ਲੈ ਕੇ 'ਇਕ ਭਾਸ਼ਾ ਤੇ ਇਕ ਰਾਸ਼ਟਰ' ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ।
ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ 'ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ 'ਕੈਨੇਡੀਅਨ' ਹਨ ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ 'ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ 'ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ-ਬੋਲੀ ਲਈ ਦ੍ਰਿੜ੍ਹ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨਨ ਤੌਰ 'ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਨ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ 'ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ 'ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੀ ਹੀ ਗੱਲ ਕਰੀਏ ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ 'ਚ ਪੜ੍ਹਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ-ਆਪਣੇ ਉਪਰਾਲੇ ਕਰ ਰਹੇ ਹਨ ਪਰ ਪਬਲਿਕ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂਅ ਖ਼ਾਸ ਤੌਰ 'ਤੇ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।
ਕੈਨੇਡਾ 'ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ-ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂਅ 'ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫ਼ਿਰਕੂ ਵਿਚਾਰ ਪੰਜਾਬ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ।
ਕੈਨੇਡਾ 'ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫ਼ਿਰਕਿਆਂ ਦੇ ਲੋਕ ਵਸਦੇ ਹਨ। ਇਥੋਂ ਤੱਕ ਕਿ 'ਭਾਰਤੀ ਪੰਜਾਬੀ' ਤੇ 'ਪਾਕਿਸਤਾਨੀ ਪੰਜਾਬੀ' ਵਾਲਾ ਫ਼ਰਕ ਵੀ ਇਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ 'ਕੈਨੇਡੀਅਨ ਪੰਜਾਬੀ' ਹੀ ਅਖਵਾਉਂਦੇ ਹਨ। ਉਂਜ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਭਾਰਤੀ ਪੰਜਾਬ ਨਾਲੋਂ ਕਿਤੇ ਵੱਧ ਹੈ। ਕੈਨੇਡਾ ਵਿਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ 'ਚ ਵਸਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਨ੍ਹਾਂ 'ਚੋਂ ਵਧੇਰੇ ਬੋਲਦੇ ਵੀ ਪੰਜਾਬੀ ਹੀ ਹਨ, ਪਰ ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਜਦੋਂ ਉਨ੍ਹਾਂ ਮਾਂ-ਬੋਲੀ ਲਿਖਾਉਣੀ ਹੁੰਦੀ ਹੈ, ਤਾਂ ਇੱਕਾ-ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ-ਬੋਲੀ ਪੰਜਾਬੀ ਨਹੀਂ ਲਿਖਦਾ, ਬਲਕਿ ਉਰਦੂ ਹੀ ਲਿਖਵਾਉਂਦੇ ਹਨ।
ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ 'ਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਭਾਰਤੀ ਭਾਈਚਾਰੇ 'ਚੋਂ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ ਤੇ ਉਹ ਕੈਨੇਡਾ ਤੇ ਭਾਰਤ ਅੰਦਰ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂੁਬਿਆਂ 'ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ 'ਹਿੰਦੀ' ਨੂੰ ਆਪਣੀ ਮਾਂ-ਬੋਲੀ ਸਵੀਕਾਰਦੇ ਹਨ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਜਦ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ। ਅੱਜਕਲ੍ਹ ਇਹ ਰੁਝਾਨ ਭਾਰਤ ਅੰਦਰ ਵਧ ਰਹੇ ਹਿੰਦੂਤਵ ਦੇ ਏਜੰਡੇ ਕਾਰਨ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪੰਜਾਬ ਦੇ ਮੋਗਾ, ਬਠਿੰਡਾ, ਬਰਨਾਲਾ ਆਦਿ ਨਾਲ ਸਬੰਧਿਤ ਠੇਠ ਪੰਜਾਬੀ ਬੋਲਣ ਵਾਲੇ ਹਿੰਦੂ ਭਾਈਚਾਰੇ ਦੇ ਪੰਜਾਬੀ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸਥਾਨਕ ਮੰਦਰਾਂ ਵਿਚ ਹਿੰਦੀ ਸਕੂਲ ਸਥਾਪਿਤ ਕਰਕੇ ਹਿੰਦੀ ਪੜ੍ਹਾਉਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਪਹਿਲਾਂ ਏਨਾ ਨਹੀਂ ਸੀ। ਹੋਰ ਤਾਂ ਹੋਰ, ਇਨ੍ਹਾਂ ਧਾਰਮਿਕ ਸਥਾਨਾਂ ਦੇ ਸਾਰੇ ਪ੍ਰਬੰਧਕ ਪੰਜਾਬ ਤੋਂ ਆ ਕੇ ਹੀ ਕੈਨੇਡਾ ਵਸੇ ਹਨ, ਪਰ ਉਨ੍ਹਾਂ ਵਲੋਂ ਵੀ ਆਪਣੀ ਮਾਂ-ਬੋਲੀ ਪੰਜਾਬੀ ਨਾ ਲਿਖਵਾ ਕੇ ਹਿੰਦੀ ਲਿਖਵਾਉਣ ਦਾ ਫ਼ੈਸਲਾ, ਪੰਜਾਬੀ ਬੋਲੀ ਨਾਲ ਵਿਸ਼ਵਾਸਘਾਤ ਸਿੱਧ ਹੋ ਰਿਹਾ ਹੈ।
ਭਾਰਤੀ ਸਿਆਸਤ 'ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ 'ਇਕ ਬੋਲੀ ਤੇ ਇਕ ਰਾਸ਼ਟਰ' ਦਾ ਨਾਅਰਾ ਕੇਵਲ ਭਾਰਤ ਵਿੱਚ ਹੀ ਹਿੰਦੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਦਾ ਨੁਕਸਾਨ ਨਹੀਂ ਕਰ ਰਿਹਾ, ਸਗੋਂ ਕੈਨੇਡਾ ਵਿੱਚ ਵੀ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਕੈਨੇਡਾ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ 'ਇਕ ਬੋਲੀ ਇਕ ਦੇਸ਼' ਅਤੇ ਮਾਂ-ਮਾਸੀ ਦਾ ਰੇੜਕਾ ਵੀ ਪੰਜਾਬੀਆਂ ਅੰਦਰ ਬੋਲੀ ਦੇ ਆਧਾਰ 'ਤੇ ਪਾੜਾ ਪਾਉਣ ਵਾਲਾ 'ਘਾਤਕ ਪ੍ਰਚਾਰ' ਹੋ ਨਿਬੜਿਆ ਹੈ।
ਕੈਨੇਡਾ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉੱਪਰ ਉੱਠ ਕੇ ਸੱਚ 'ਤੇ ਪਹਿਰਾ ਦੇਣ ਦੀ ਲੋੜ ਹੈ। ਜੇਕਰ ਉਹ ਪੰਜਾਬੀ ਹਨ ਤਾਂ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫ਼ਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ-ਬੋਲੀ ਨਾਲ ਧੋਖਾ ਕਰਨ।
ਅਸੀਂ ਆਪਣੇ ਕਾਰੋਬਾਰ ਅਤੇ ਵਪਾਰ ਮੌਕੇ ਵੱਧ ਤੋਂ ਵੱਧ ਪੰਜਾਬੀ ਬੋਲੀ ਬੋਲੀਏ ਅਤੇ ਸਾਇਨ ਬੋਰਡਾਂ ਅਤੇ ਬਿਜਨਸ ਕਾਰਡਾਂ 'ਤੇ ਅੰਗਰੇਜ਼ੀ ਦੇ ਨਾਲ-ਨਾਲ ਗੁਰਮੁਖੀ ਵਿੱਚ ਜਾਣਕਾਰੀ ਅਤੇ ਨਾਂ ਲਿਖਵਾਈਏ। ਕੈਨੇਡਾ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੀ 'ਜ਼ਬਾਨ' ਅਤੇ 'ਪਛਾਣ' ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵੱਧ ਤੋਂ ਵੱਧ ਬੋਲੀਏ ਅਤੇ ਇਹ ਗੱਲ ਕਦੇ ਨਾ ਭੁੱਲੀਏ;
"ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ।"
"ਲਿੱਪੀ ਸਾਡੀ ਗੁਰਮੁਖੀ, ਪੰਜਾਬੀ ਦੀ ਸ਼ਾਨ।
ਇਹੀ ਲਿੱਪੀ ਢੁੱਕਵੀਂ, ਜਿਉਂ ਕਲਬੂਤ 'ਚ ਜਾਨ।"
ਫੋਨ : 001-604-825-1550
singhnews@gmail.com
26 ਜਨਵਰੀ 'ਤੇ ਵਿਸ਼ੇਸ਼ : "ਕਿੰਨਾ ਹੈ ਮਹਾਨ ਦੇਸ਼ ਓਦੋਂ ਪਤਾ ਲੱਗਿਆ, ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ" - ਡਾ. ਗੁਰਵਿੰਦਰ ਸਿੰਘ
26 ਜਨਵਰੀ ਦਾ ਦਿਹਾੜਾ ਭਾਰਤ ਵੱਲੋਂ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਤਿਹਾਸਕ ਪੱਖੋਂ 26 ਜਨਵਰੀ 1950 ਨੂੰ ਭਾਰਤ ਵਿੱਚ ਬਕਾਇਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਡਾ ਬੀ ਆਰ ਅੰਬੇਦਕਰ ਨੇ ਚਾਹੇ ਸੰਵਿਧਾਨ ਸਿਰਜਕ ਕਮੇਟੀ ਦੀ ਅਗਵਾਈ ਕੀਤੀ ਸੀ, ਪਰ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਵਿਧਾਨ ਦੀ ਦੁਰਵਰਤੋਂ ਕੀਤੇ ਜਾਣ ਦੀ ਸੂਰਤ ਵਿੱਚ ਇਸ ਨੂੰ ਅੱਗ ਲਾਉਣ ਵਾਲਾ ਪਹਿਲਾ ਸ਼ਖ਼ਸ ਵੀ ਉਹ ਖੁਦ ਹੀ ਹੋਵੇਗਾ। ਸੱਤ ਦਹਾਕੇ ਬੀਤ ਜਾਣ ਮਗਰੋਂ ਇਉਂ ਮਹਿਸੂਸ ਹੁੰਦਾ ਹੈ ਫਾਸ਼ੀਵਾਦੀ ਅਤੇ ਮਜ਼੍ਹਬੀ ਜਨੂੰਨੀ ਸਰਕਾਰ ਨੇ ਸੰਵਿਧਾਨ ਦੀ ਰੂਹ ਦੀ ਹੱਤਿਆ ਕਰ ਦਿੱਤੀ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ' ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ 'ਲਿਖਤੀ ਰੂਪ 'ਚ ਅਜੇ ਹਟਾਏ' ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੋਂ ਰਾਸ਼ਟਰੀ ਝੰਡੇ ਤਿਰੰਗੇ ਨੂੰ ਸਲਾਮੀ ਦਿੱਤੀ ਜਾ ਰਹੀ ਹੁੰਦੀ ਹੈ, ਪਰ ਅਸਲ ਵਿਚ ਬੇਵਸ ਅਤੇ ਲਾਚਾਰ ਦੇਸ਼ ਵਾਸੀਆਂ ਦੀ ਹਿੱਕ ਵਿਚ ਤਿਰੰਗਾ ਗੱਡਿਆ ਮਹਿਸੂਸ ਹੁੰਦਾ ਹੈ, ਜਿਵੇਂ ਕਿ ਸ਼ਾਇਰ ਸੁਰਜੀਤ ਪਾਤਰ ਲਿਖਦੇ ਹਨ,
'' ਧੀਆਂ ਦੇ ਵਸੇਬੇ ਲਈ ਬਾਪੂ ਦੇਸ਼ ਛੱਡਿਆ
ਕਿੰਨਾ ਹੈ ਮਹਾਨ ਦੇਸ਼ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ
ਝੁੱਲ ਓ ਤਿਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ..''
ਭਾਰਤ ਦੇ 'ਗਣਰਾਜ' ਉੱਪਰ ਅੱਜ ਸੰਸਾਰ ਪੱਧਰ ਤੇ ਸਵਾਲ ਖੜ੍ਹੇ ਹੋ ਚੁੱਕੇ ਹਨ। ਜੇਕਰ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਗ਼ਦਰ ਪਾਰਟੀ ਨੇ ਕੈਨੇਡਾ - ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ ਮਜ਼ਬੂਤ ਸੰਘੀ ਢਾਂਚਾ ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ- ਪੀਣ, ਬੋਲ - ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਧੱਕੇਸ਼ਾਹੀ ਨਾਲ ਤੰਗ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਦਾ ਜਿਵੇਂ ਕਤਲ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ।
ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ ਦੇਸ਼ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਸੀ। ਇਕ ਅੰਦਾਜ਼ੇ ਅਨੁਸਾਰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿਚ ਪੰਜ-ਪੰਜ ਲੋਕਾਂ ਲੱਖ ਲੋਕਾਂ ਦੇ ਕਤਲ ਹੋਏ। ਅਜਿਹੇ ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਕਿੱਥੋਂ ਤੱਕ ਜਾਇਜ਼ ਹੈ? ਇਹ ਬੌਧਿਕ ਦੀਵਾਲੀਆਪਣ ਨਹੀਂ ਤਾਂ ਹੋਰ ਕੀ ਹੈ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ।
"ਇਕ ਜਨਵਰੀ ਏ ਛੱਬੀ, ਜਾਂ ਪੰਦਰਾਂ ਅਗਸਤ ਏ,
ਰਸਮੀ ਪਲਾਂ ਨੂੰ ਛੱਡ ਕੇ ਸਾਲਾਂ ਦੇ ਸਾਲ ਤੜਪੇ।
ਖ਼ੁਦਗ਼ਰਜ਼ ਦੌਰ ਨੇ ਇਕ ਐਸੀ ਲਕੀਰ ਖਿੱਚੀ,
ਓਧਰ ਨਸੀਮ ਵਿਲਕੇ, ਏਧਰ ਜਮਾਲ ਤੜਪੇ।
ਬੇਬਸ ਅਦਾ ’ਚ ਆ ਕੇ ਕਦਮਾਂ ਜਾਂ ਤਾਲ ਤੋਲੀ,
ਪਾਇਲ ’ਚ ਘੁੰਗਰੂ ਵੀ ਹਾਲੀਂ ਬੇਹਾਲ ਤੜਪੇ।
ਆਜ਼ਾਦ ਅਰਥਚਾਰੇ ਐਸਾ ਵਿਕਾਸ ਕੀਤਾ,
ਮੰਡੀ ’ਚ ਲੁੱਟ ਨੱਚੇ, ਕਿਰਤੀ ਦੀ ਘਾਲ ਤੜਪੇ।
ਭਾਰਤ ਦੇ ਗਣਤੰਤਰ ਦਿਹਾੜੇ 26 ਜਨਵਰੀ ਜਾਂ ਭਾਰਤ ਦੇ ਸੁਤੰਤਰਤਾ ਦਿਹਾੜੇ ਪੰਦਰਾਂ ਅਗਸਤ ਮਨਾਉਣ ਬਾਰੇ ਮਰਹੂਮ ਸ਼ਾਇਰ ਹਰਭਜਨ ਸਿੰਘ ਬੈਂਸ ਦੇ ਇਹ ਸ਼ਿਅਰ ਗੌਰ ਕਰਨਯੋਗ ਹਨ, ਜਿਨ੍ਹਾਂ ਰਾਹੀਂ ਕਵੀ ਨੇ ਦਰਦ ਦਾ ਇਜ਼ਹਾਰ ਕਰਦਿਆਂ ਲਿਖਿਆ ਹੈ ਕਿ ਇਹ 'ਜਸ਼ਨ ਮਹਿਜ਼ ਰਸਮੀ ਪਲ' ਹਨ, ਜਦਕਿ ਹਕੀਕਤ ਵਿਚ ਦਰਦਨਾਕ ਹਾਲਾਤ ਹਨ। ਕਿਰਤੀ ਕਿਸਾਨਾਂ ਦੀ ਘਾਲ ਕਮਾਈ ਨੂੰ 'ਅਡਾਨੀ- ਅੰਬਾਨੀ' ਵਰਗੇ ਬਘਿਆੜ ਲੁੱਟੀ ਜਾ ਰਹੀ ਹਨ ਅਤੇ ਸਰਕਾਰ ਉਨ੍ਹਾਂ ਦੀ ਪੁਸ਼ਤਪਨਾਹੀ ਕਰਦੀ ਹੋਈ, ਉਨ੍ਹਾਂ ਦੇ ਹੱਥਾਂ 'ਚ ਖੇਡ ਰਹੀ ਹੈ। ਬੀਤੇ ਸਮੇਂ ਦੌਰਾਨ ਸਰਕਾਰ ਦੇ ਅਜਿਹੇ ਹੀ ਕਿਸਾਨ-ਵਿਰੋਧੀ ਕਾਲੇ-ਕਾਨੂੰਨਾਂ ਖ਼ਿਲਾਫ਼ ਜੂਝਦਿਆਂ, ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਭਾਰਤ ਦੀਆਂ ਸੂਬਾਈ ਅਤੇ ਕੇਂਦਰੀ ਸਰਕਾਰਾਂ ਦੇ ਜਬਰ ਖਿਲਾਫ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਅਜਿਹੇ ਦੁਖਾਂਤ ਮੌਕੇ ਜਸ਼ਨ ਮਨਾਉਣੇ ਆਪਣੇ ਆਪ ਵਿਚ ਸ਼ਰਮਨਾਕ ਅਤੇ ਨਿੰਦਣਯੋਗ ਵਰਤਾਰਾ ਹੀ ਕਹੇ ਜਾ ਸਕਦੇ ਹਨ।
ਜਦੋਂ ਵੀ ਭਾਰਤ ਦੇਸ਼ ਦੇ ਲੋਕਤੰਤਰਿਕ ਢਾਂਚੇ ਬਾਰੇ ਆਲੋਚਨਾਤਮਿਕ ਅਧਿਐਨ ਕੀਤਾ ਜਾਂਦਾ ਹੈ ਅਤੇ ਦੇਸ਼ ਨੂੰ ਬਰਬਾਦ ਕਰ ਰਹੀਆਂ ਤਾਕਤਾਂ ਉਪਰ ਕਰਾਰੀ ਚੋਟ ਮਾਰੀ ਜਾਂਦੀ ਹੈ, ਤਾਂ ਅਕਸਰ ਇਕ ਸ਼ੇਅਰ ਪੜ੍ਹਿਆ ਜਾਂਦਾ ਹੈ। ਇਹ ਸ਼ੇਅਰ ਅਖਾਣ ਵਾਂਗ ਮਸ਼ਹੂਰ ਹੋ ਚੁੱਕਿਆ ਹੈ। ਇਹ ਸ਼ੇਅਰ ਸ਼ਾਇਰ ਸ਼ੌਕ ਬਹਿਰਾਇਚੀ (1884-1964) ਦਾ ਹੈ, ਜਿਸਨੇ ਪਹਿਲੀ ਵਾਰ ਇਕ ਸਿਆਸੀ ਜਲਸੇ ਮੌਕੇ ਤਿੱਖਾ ਵਿਅੰਗ ਕਰਦਿਆ, ਇਹ ਸ਼ੇਅਰ ਇਉਂ ਪੜ੍ਹਿਆ ਸੀ,
''ਬਸ ਏਕ ਹੀ ਉੱਲੂ ਕਾਫ਼ੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ, ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਗੁਰਬਤ ਤੇ ਗੁਮਨਾਮੀ ਭਰੀ ਜ਼ਿੰਦਗੀ ਗੁਜ਼ਾਰਨ ਵਾਲੇ ਸ਼ਾਇਰ ਸ਼ੌਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ ਭਾਰਤ ਦੇ 73ਵੇਂ ਗਣਤੰਤਰ ਦਿਹਾੜੇ ਮੌਕੇ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਇਕ ਪਾਸੇ 'ਸਰਕਾਰ ਦੇ ਕਾਲੇ ਕਾਨੂੰਨ ਯੂ. ਏ. ਪੀ. ਏ. ਦੇ ਅਧੀਨ ਦੇਸ਼ ਦੇ ਬੁੱਧੀਜੀਵੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ ਅਤੇ ਸਜ਼ਾਵਾਂ ਭੁਗਤ ਚੁੱਕੇ ਸਿਆਸੀ ਕੈਦੀ ਅਜੇ ਵੀ ਹਵਾਲਾਤਾਂ ਚ ਸੜ ਰਹੇ ਹਨ, ਦੂਜੇ ਪਾਸੇ ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ, ਨੰਗਾ - ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਹਾਲ ਹੀ ਵਿਚ ਬੀਬੀਸੀ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਇਸ ਦੀ ਤਸਵੀਰ ਪ੍ਰਤੱਖ ਰੂਪ ਵਿਚ ਉਜਾਗਰ ਕਰਦੀ ਹੈ।
ਸੈਂਕੜੇ ਚਿੰਤਕ ਅਤੇ ਬੁੱਧੀਜੀਵੀ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ, ਜਿਨ੍ਹਾਂ ਦਾ ਕਸੂਰ ਮਹਿਜ਼ ਇੰਨਾ ਹੈ ਕਿ ਉਨ੍ਹਾਂ ਸਮੇਂ ਸਮੇਂ ਸਰਕਾਰ ਦੀ ਗ਼ਲਤ ਕਾਰਵਾਈਆਂ ਦੀ ਨਿੰਦਿਆ ਕੀਤੀ ਹੈ। ਭਾਰਤ ਵਿਚ ਸਰਕਾਰ ਦੀ ਅਲੋਚਨਾਂ ਕਰਨਾ ਸਭ ਤੋਂ ਵੱਡਾ ਜ਼ੁਰਮ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਭੁਗਤਣ ਵਾਲਿਆਂ ਲਈ ਜੇਲ੍ਹਾਂ ਹਨ, ਜਦਕਿ ਸਰਕਾਰ ਦੇ ਸੋਹਲੇ ਗਾਉਣ ਵਾਲੇ ਅਖੌਤੀ ਲੇਖਕਾਂ ਅਤੇ ਸਰਕਾਰਪ੍ਰਸਤਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਜਾ ਰਿਹਾ ਹੈ। ਜਾਗਦੀ ਜ਼ਮੀਰ ਵਾਲੇ ਅਜਿਹੇ ਸਨਮਾਨ ਠੁਕਰਾ ਰਹੇ ਹਨ, ਪਰ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ, ਉਹ ਇਨ੍ਹਾਂ ਲਈ ਤਰਲੋ- ਮੱਛੀ ਹੋ ਰਹੇ ਹਨ। ਉਹ ਸੈਂਕੜੇ ਕਿਸਾਨਾਂ ਦੀਆਂ ਲਾਸ਼ਾਂ 'ਤੇ ਪੈਰ ਧਰਦਿਆਂ ਇਹ ਪੁਰਸਕਾਰ ਲੈਣ ਲਈ ਕਾਹਲੇ ਹਨ।
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ, ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਇਉਂ ਹਰ ਟਹਿਣੀ 'ਤੇ ਬੈਠੇ ਸਿਆਸੀ ਉਲੂਆਂ ਤੋਂ ਦੇਸ਼ ਰੂਪੀ ਬਾਗ਼ ਨੂੰ ਬਰਬਾਦ ਹੋਣੋਂ ਕਿਵੇਂ ਬਚਾਇਆ ਜਾ ਸਕਦਾ ਹੈ ? ਅੰਤਾਂ ਦੀ ਦੁਖੀ ਜਨਤਾ ਸ਼ਾਇਰ 'ਇਰਤਜ਼ਾ ਨਿਸ਼ਾਤ' ਦੇ ਕਹਿਣ ਵਾਂਗ ਅੱਜ ਇੰਡੀਅਨ ਸਟੇਟ ਦੀ ਸੱਤਾ ਤੇ ਕਾਬਜ਼ ਹੁਕਮਰਾਨਾਂ ਤੋਂ ਇਹ ਮੰਗ ਕਰ ਰਹੀ ਹੈ,
"ਕੁਰਸੀ ਹੈ ਤੁਮਹਾਰਾ ਜਨਾਜ਼ਾ ਤੋਂ ਨਹੀਂ
ਕੁਛ ਕਰ ਨਹੀਂ ਸਕਤੇ ਤੋਂ ਉੱਤਰ ਕਿਉਂ ਨਹੀਂ ਜਾਤੇ।"
ਅਖੌਤੀ ਲੋਕਤੰਤਰ ਦੇ ਨਾਂ 'ਤੇ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ, ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ। ਅੱਜ ਦੇਸ਼ 'ਚ ਵੱਖ - ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ- ਫ਼ਰੋਖ਼ਤ ਦਾ ਧੰਦਾ ਜ਼ੋਰਾਂ 'ਤੇ ਹੈ। ਦੇਸ਼ ਅੰਦਰ ਅੱਜ ਚੋਣਾਂ ਮੌਕੇ 'ਸਾਮ, ਦਾਮ, ਦੰਡ, ਭੇਦ ਨੀਤੀ' ਵਰਤ ਕੇ ਦੇਸ਼ ਵਾਸੀਆਂ ਨੂੰ ਵੰਡਣਾ,ਖ਼ਰੀਦਣਾ, ਡਰਾਉਣਾ- ਧਮਕਾਉਣਾ ਸ਼ਰ੍ਹੇਆਮ ਚੱਲ ਰਿਹਾ ਹੈ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਨਰਿੰਦਰ ਮੋਦੀ 'ਤੇ ਵੀ ਪੂਰਾ ਢੁੱਕਦਾ ਹੈ,
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ ਹਿੰਦੋਸਤਾਨ ਹੈ।"
ਅੰਗਰੇਜ਼ ਸਾਮਰਾਜ ਖ਼ਿਲਾਫ਼ ਆਜ਼ਾਦੀ ਦੀ ਜੰਗ 'ਚ ਸਾਰੇ ਮਿਲਕੇ, ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਲੜੇ, ਉਨ੍ਹਾਂ ਦਾ ਮਨੋਰਥ ਆਜ਼ਾਦ ਲੋਕ ਰਾਜ ਸਥਾਪਿਤ ਕਰਨਾ ਸੀ। ਸੱਚ ਤਾਂ ਇਹ ਹੈ ਕਿ ਸੰਘ ਦੇ ਆਗੂ ਸਾਵਰਕਰ ਆਦਿ ਅੰਗਰੇਜ਼ਾਂ ਤੋਂ 'ਮੁਆਫ਼ੀਆਂ ਮੰਗ' ਕੇ ਜੇਲ੍ਹਾਂ 'ਚੋਂ ਬਾਹਰ ਆਏ, ਪਰ ਅੱਜ ਉਹ 'ਦੇਸ਼ ਭਗਤ' ਸਦਾਏ ਜਾ ਰਹੇ ਹਨ। ਭਾਰਤ ਨੂੰ ਫਿਰੰਗੀਆਂ ਤੋਂ ਅਜ਼ਾਦੀ ਦਿਵਾਉਣ ਸਮੇਂ ਸੰਘਰਸ਼ 'ਚ ਸਾਂਝਾ ਯੋਗਦਾਨ ਪਾਉਣ ਵਾਲਿਆਂ ਵਿਚੋਂ ਅੱਜ ਘੱਟ ਗਿਣਤੀਆਂ ਨੂੰ ਆਪਣੀ 'ਦੇਸ਼ ਭਗਤੀ' ਦਾ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ। ਸਭ ਦੀ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਬਹੁ- ਗਿਣਤੀਵਾਦ ਦੀ ਆੜ 'ਚ ਘੱਟ ਗਿਣਤੀ ਭਾਈਚਾਰੇ ਨੂੰ 'ਪਾਕਿਸਤਾਨ ਚਲੇ ਜਾਣ' ਤੱਕ ਦੇ ਤਾਅਨੇ ਮਾਰੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਹੱਕਾਂ ਪੱਖੋਂ ਵੰਡਣ ਵਾਲੇ, ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਚੁੱਕੇ ਹਨ। ਇਸ ਤੋਂ ਅੱਗੇ ਨੈਸ਼ਨਲ ਰਾਜਿਸਟਰੇਸ਼ਨ ਅਤੇ ਕਈ ਹੋਰ ਘੁਣਤਰਾਂ ਵੀ ਤਿਆਰ ਹੋ ਰਹੀਆਂ ਹਨ। ਦੇਸ਼ ਆਜ਼ਾਦ ਕਰਵਾਉਣ ਵਾਲਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਦੇਸ਼ਵਾਸੀਆਂ ਨੂੰ ਅਜਿਹੇ ਦਿਨ ਵੀ ਵੇਖਣੇ ਪੈਣਗੇ। ਅਜਿਹੇ ਜਬਰ ਦੀ ਖ਼ਤਾ ਲਈ ਨਤੀਜੇ ਭਿਅੰਕਰ ਹੋਣਗੇ, ਜਿਵੇਂ ਕਿ ਸ਼ਾਇਰ 'ਮੁਜ਼ੱਫਰ ਰਜ਼ਮੀ' ਦਾ ਪ੍ਰਸਿੱਧ ਸ਼ਿਅਰ ਹੈ:
"ਯੇਹ ਜਬਰ ਭੀ ਦੇਖਾ ਹੈ ਤਾਰੀਖ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।"
ਭਾਰਤ ਨੂੰ ਗਣਰਾਜ ਬਣਾਉਣ ਵਾਲੇ ਸੰਵਿਧਾਨ ਦੀ ਧਾਰਾ 25 ਬੀ ਘੱਟ-ਗਿਣਤੀਆਂ ਦੇ ਹੱਕਾਂ 'ਤੇ ਡਾਕਾ ਕਹੀ ਜਾ ਸਕਦੀ ਹੈ। ਇਸ ਧਾਰਾ ਅਧੀਨ ਸਿੱਖ, ਜੈਨੀ, ਬੋਧੀ ਆਦਿ ਹਿੰਦੂਆਂ ਦਾ ਹਿੱਸਾ ਹਨ। ਧਾਰਾ ਪੱਚੀ ਬੀ ਦੀ ਸੋਧ ਲਈ ਸਿੱਖਾਂ ਨੇ ਲਗਾਤਾਰ ਸੰਘਰਸ਼ ਕੀਤਾ, ਪਰ ਉਨ੍ਹਾਂ ਨਾਲ ਹਮੇਸ਼ਾ ਬੇਇਨਸਾਫੀ ਹੀ ਹੋਈ। ਅਜਿਹੀ ਸੂਰਤ ਵਿੱਚ 'ਛੱਬੀ ਜਨਵਰੀ ਸਿੱਖਾਂ ਲਈ ਕਾਲੇ ਦਿਹਾੜੇ' ਤੋਂ ਸਿਵਾ ਕੁਝ ਵੀ ਨਹੀਂ। ਸੰਨ 1985 ਵਿੱਚ ਸਿੱਖ ਆਗੂਆਂ ਨੇ ਧਾਰਾ 25 ਬੀ ਦੀਆਂ ਕਾਪੀਆਂ ਸਾੜ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਵੀ ਕੀਤਾ ਸੀ, ਕਿਉਂਕਿ ਇਸ ਧਾਰਾ ਅਧੀਨ ਸਿੱਖਾਂ ਨੂ ਹਿੰਦੂ ਗਰਦਾਨਿਅਾ ਗਿਆ ਹੈ, ਜਿਸ ਕਾਰਨ ਸੰਵਿਧਾਨ ਕਮੇਟੀ ਦੇ ਦੋ ਸਿੱਖ ਮੈਂਬਰਾਂ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਮਾਨ ਨੇ ਦਸਤਖਤ ਨਹੀਂ ਸਨ ਕੀਤੇ। 84 ਤੱਕ ਬਹੁਤ ਸਾਰੇ ਸਿੱਖ ਆਗੂ ਸੰਵਿਧਾਨ ਦੀ ਧਾਰਾ 25 ਦਾ ਵਿਰੋਧ ਕਰਦੇ ਇਸ ਦੀਆਂ ਕਾਪੀਆਂ ਤਕ ਸਾੜਦੇ ਰਹੇ, ਪਰ ਉਨ੍ਹਾਂ ਵਿੱਚੋਂ ਬਹੁਤੇ ਮੁੜ ਇੰਡੀਅਨ ਸਟੇਟ ਦੀ ਮੁੱਖ- ਧਾਰਾ 'ਚ ਸ਼ਾਮਲ ਹੁੰਦਿਆਂ ਹੋਇਆਂ, ਆਪਣੇ ਕੀਤੇ ਵੱਲ ਹੀ ਪਿੱਠ ਕਰਕੇ ਖਲੋ ਗਏ।
ਸੰਘਰਸ਼ਸ਼ੀਲ ਅੱਜ ਵੀ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ ਕਰਾਰ ਦਿੰਦੇ ਹਨ। ਭਾਰਤ ਦੇ ਇਤਿਹਾਸ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਖ਼ਿਲਾਫ਼ ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ , ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਅੱਜ ਦੀ ਤਾਰੀਖ਼ ਵਿੱਚ ਧਾਰਾ 370 ਦਾ ਖਾਤਮਾ, ਮਸਜਿਦ ਢਾਹ ਕੇ ਮੰਦਿਰ ਨਿਰਮਾਣ, ਸੀ.ਏ.ਏ. ਵਰਗੇ ਐਕਟ ਆਦਿ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਆਜ਼ਾਦ ਦੇਸ਼ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ। ਦੇਸ਼ ਦੇ ਤਖ਼ਤ 'ਤੇ ਚੋਰ-ਉਚੱਕੇ 'ਚੌਧਰੀ' ਬਣਕੇ ਜੋ ਤਬਾਹੀ ਕਰ ਰਹੇ ਹਨ, ਉਸਦਾ ਨਤੀਜਾ ਡਾਕਟਰ ਰਾਹਤ ਇੰਦੌਰੀ ਦੇ ਸ਼ਬਦਾਂ 'ਚ ਹੀ ਸਹੀ ਬਿਆਨ ਕੀਤਾ ਜਾ ਸਕਦਾ ਹੈ :
"ਬਨ ਕੇ ਹਾਦਸਾ ਬਾਜ਼ਾਰ ਮੇਂ ਆ ਜਾਏਗਾ।
ਜੋ ਨਹੀਂ ਹੋਗਾ ਵੋ ਅਖ਼ਬਾਰ ਮੇਂ ਆ ਜਾਏਗਾ।
ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ
ਕੌਨ ਕਬ ਕੌਨ ਸੀ ਸਰਕਾਰ ਮੇਂ ਆ ਜਾਏਗਾ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਆਜ਼ਾਦੀ ਮਗਰੋਂ ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ, ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ ਗਣਰਾਜ ਭਾਰਤ ਦੇ 72 ਵਰ੍ਹੇ ਬੀਤਣ ਮਗਰੋਂ ਜੇਲ੍ਹਾਂ ਅੰਦਰ ਤਾੜੇ ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼-ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ- ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ,
''ਮੁੱਦਤੇਂ ਗੁਜ਼ਰੀ ਹੈਂ ਇਤਨੀਂ ਰੰਜੋ ਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।''
ਅੱਜ ਦੇਸ਼ ਵਿੱਚ ਅਣ ਐਲਾਨੀ ਐਮਰਜੈਂਸੀ ਦਾ ਮਾਹੌਲ ਹੈ। ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਰਿਹਾਈ ਲਈ ਦੁਨੀਆਂ ਭਰ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ 'ਚ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ ਸਮੇਤ ਅਨੇਕਾਂ ਸਿੱਖ ਕੈਦੀ ਲੰਮੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਦੀ ਰਿਹਾਈ ਲਈ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ ਹੋਰਨਾਂ ਹਿੱਸਿਆਂ 'ਚੋਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਆਨੰਦ ਤੈਲਤੁੰਬੜੇ ਸਮੇਤ ਵੱਡੀ ਗਿਣਤੀ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਜੇਲ੍ਹਾਂ ਵਿੱਚ ਸੜ ਰਹੇ ਹਨ। ਅਸਲੀਅਤ ਇਹ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਸਿਆਸੀ ਦਾਅਵੇ ਨਿਰੇ ਪਾਖੰਡ ਤੋਂ ਸਿਵਾ ਕੁਝ ਵੀ ਨਹੀਂ। ਅਜਿਹੀ ਹਾਲਤ ਵਿੱਚ ਮਿਰਜ਼ਾ ਗਾਲਿਬ ਸਾਹਿਬ ਦਾ ਇਹ ਸ਼ਿਅਰ ਸਰਕਾਰ 'ਤੇ ਪੂਰਾ ਢੁੱਕਦਾ ਹੈ,
"ਕਾਅਬੇ ਕਿਸ ਮੂੰਹ ਸੇ ਜਾਓਗੇ ਗਾਲਿਬ
ਸ਼ਰਮ ਤੁਮਕੋ ਮਗਰ ਨਹੀਂ ਆਤੀ।"
(ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ)