ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਦਸਤਾਵੇਜ਼ ਅਤੇ ਮੁਲਾਕਾਤਾਂ ਪੁਸਤਕ : ਵਿਲੱਖਣ ਦਸਤਾਵੇਜ਼ - ਉਜਾਗਰ ਸਿੰਘ
ਸਿੱਖ ਸਿਆਸਤਦਾਨਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ। ਉਸ ਵਿੱਚ ਜਿਤਨੀ ਸਿਆਸੀ ਅਤੇ ਧਾਰਮਿਕ ਕਾਬਲੀਅਤ ਦਾ ਸੁਮੇਲ ਸੀ, ਹੋਰ ਕਿਸੇ ਸਿੱਖ ਵਿਦਵਾਨ ਵਿੱਚ ਵੇਖਣ ਨੂੰ ਨਹੀਂ ਮਿਲਦਾ। ਬੇਸ਼ੱਕ ਉਹ ਸਿਆਸਤਦਾਨ ਨਾਲੋਂ ਧਾਰਮਿਕ ਰਹਿਨੁਮਾ ਬਿਹਤਰੀਨ ਸਨ ਪ੍ਰੰਤੂ ਉਨ੍ਹਾਂ ਦੀ ਸਿਆਸੀ ਸੂਝ-ਬੂਝ ਦਾ ਮੁਕਾਬਲਾ ਕਰਨਾ ਵੀ ਅਸੰਭਵ ਹੈ। ਉਹ ਮਿਕਨਾਤੀਸੀ ਸੋਚ ਦਾ ਮੁਜੱਸਮਾ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਥ ਰਤਨ ਵੀ ਕਿਹਾ ਜਾਂਦਾ ਸੀ, ਕਿਉਂਕਿ ਪੰਥ ਲਈ ਉਹ ਜ਼ਿੰਦ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ। ਉਨ੍ਹਾਂ ਜਿਤਨਾ ਪੰਥ ਹਿਤੈਸ਼ੀ ਸਿੱਖ ਸਿਆਸਤਦਾਨ ਨਾ ਕੋਈ ਹੋਇਆ ਅਤੇ ਨਾ ਹੀ ਵਰਤਮਾਨ ਹਾਲਾਤ ਵਿੱਚ ਹੁੰਦਾ ਲੱਗਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਸਿਆਸੀ ਅਤੇ ਧਾਰਮਿਕਤਾ ਦਾ ਸੁਮੇਲ ਕਿਹਾ ਜਾਂਦਾ ਸੀ। ਉਨ੍ਹਾਂ ਦੇ 100ਵੇਂ ਜਨਮ ਦਿਨ ਉਪਰ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਤੇ ਖੋਜ ਪੱਤਰ ਲਿਖੇ ਹਨ। ਪੰਥ ਅਤੇ ਪੰਥਕ ਸਿਆਸਤ ਨੂੰ ਪ੍ਰਣਾਏ ਹਰਵਿੰਦਰ ਸਿੰਘ ਖ਼ਾਲਸਾ ਨੇ ਇੱਕ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਯੋਗਦਾਨ ਬਾਰੇ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਮੁਲਾਕਾਤਾਂ ਅਤੇ ਦਸਤਾਵੇਜ਼’ ਸੰਪਾਦਤ ਕੀਤੀ ਹੈ, ਜਿਸ ਵਿੱਚ ਜਥੇਦਾਰ ਟੌਹੜਾ ਨਾਲ ਵੱਖ-ਵੱਖ ਵਿਦਵਾਨਾ ਤੇ ਪੱਤਰਕਾਰਾਂ ਵੱਲੋਂ ਕੀਤੀਆਂ ਮੁਲਾਕਾਤਾਂ ਸ਼ਾਮਲ ਹਨ। ਹਰਵਿੰਦਰ ਸਿੰਘ ਖ਼ਾਲਸਾ ਧਾਰਮਿਕ ਖੋਜੀ ਇਤਿਹਾਸਕਾਰ ਹੈ। ਉਸ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਤ ਦੋ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸੱਚਾ-ਸੁੱਚਾ ਸਿੱਖ ਹੈ, ਜਿਸ ਕਰਕੇ ਸਿੱਖੀ ਸੋਚ ‘ਤੇ ਪਹਿਰਾ ਦੇਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਹਰਵਿੰਦਰ ਸਿੰਘ ਖ਼ਾਲਸਾ ਸਿੱਖੀ ਨੂੰ ਵਰੋਸਾਇਆ ਹੋਇਆ ਇਤਿਹਾਸਕਾਰ ਹੈ। ਉਹ ਲਗਾਤਾਰ ਸਿੱਖ ਧਰਮ ਤੇ ਇਤਿਹਾਸ ਬਾਰੇ ਲਗਨ, ਦ੍ਰਿੜ੍ਹਤਾ ਅਤੇ ਖੋਜੀ ਪਹੁੰਚ ਨਾਲ ਜਾਣਕਾਰੀ ਇਕੱਤਰ ਕਰਦਾ ਤੇ ਵੰਡਦਾ ਰਹਿੰਦਾ ਹੈ। ਉਸਦੀ ਜ਼ਿੰਦਗੀ ਦਾ ਮੰਤਵ ਸਿੱਖ ਸੋਚ ਨੂੰ ਸਿੱਖ ਜਗਤ ਵਿੱਚ ਤੱਥਾਂ ਸਮੇਤ ਪਹੁੰਚਾਉਣਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਤੇ ਸੁਚੱਜੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਹ ਬਚਪਨ ਤੋਂ ਹੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜਿਆ ਹੋਇਆ ਹੈ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ ਹੈ। ਉਸਨੇ ਦੇਸ਼-ਵਿਦੇਸ਼ ਵਿੱਚ ਗੁਰਮਤਿ ਦੇ ਕੈਂਪ ਲਗਾਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਹਰਵਿੰਦਰ ਸਿੰਘ ਖ਼ਾਲਸਾ ਨੇ ਸੱਚੇ-ਸੁੱਚੇ ਤੇ ਇਮਾਨਦਾਰ ਸਿੱਖ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਇਹ ਪੁਸਤਕ ਸੰਪਾਦਤ ਕਰਕੇ ਇੱਕ ਵਿਲੱਖਣ ਕਾਰਜ਼ ਕੀਤਾ ਹੈ, ਜੋ ਸਿੱਖ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਸਾਰੇ ਸਿਆਸੀ ਅਤੇ ਧਾਰਮਿਕ ਜੀਵਨ ਵਿੱਚ ਵਾਦ-ਵਿਵਾਦਾਂ ਦਾ ਵਿਸ਼ਾ ਬਣਿਆਂ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਵਿਰੋਧੀ ਲਗਾਤਾਰ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਕਾਰਜਸ਼ੀਲ ਰਹਿੰਦੇ ਸਨ ਪ੍ਰੰਤੂ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰਨਾ ਇਨਸਾਨ ਦੇ ਵਸ ਵਿੱਚ ਨਹੀਂ ਹੁੰਦਾ। ਇਨ੍ਹਾਂ ਮੁਲਾਕਾਤਾਂ ਵਿੱਚ ਉਨ੍ਹਾਂ ਬਾਰੇ ਸਾਰੇ ਸ਼ੰਕੇ ਅਤੇ ਲੋਕਾਂ ਵੱਲੋਂ ਲਗਾਏ ਗਏ ਇਲਜ਼ਾਮਾ ਦਾ ਖੰਡਨ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਵੱਲੋਂ ਪ੍ਰਗਟ ਕੀਤੇ ਵਿਚਾਰ ਨਹੀਂ, ਸਗੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਪਣੀ ਜ਼ੁਬਾਨੀ ਪ੍ਰਗਟ ਕੀਤੇ ਵਿਚਾਰ ਹਨ। ਇਹ ਮੁਲਾਕਾਤਾਂ ਅਖ਼ਬਾਰਾਂ ਅਤੇ ਮੈਗਜ਼ੀਨਾ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੁਸਤਕ ਰੂਪ ਵਿੱਚ ਪਹਿਲੀ ਵਾਰੀ ਪ੍ਰਕਾਸ਼ਤ ਹੋਈਆਂ ਹਨ। ਇਹ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜ਼ਿੰਦਗੀ ਤੇ ਵਿਚਰਧਾਰਾ ਦਾ ਨਚੋੜ ਹੈ। ਹਰਵਿੰਦਰ ਸਿੰਘ ਖ਼ਾਲਸਾ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਮੁਲਾਕਾਤਾਂ ਜਥੇਦਾਰ ਟੌਹੜਾ ਦੀ ਸਿੱਖੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। ਜਿਹੜੀਆਂ ਊਜਾਂ ਜਥੇਦਾਰ ਟੌਹੜਾ ਉਪਰ ਉਸ ਦੇ ਧਾਰਮਿਕ ਅਤੇ ਸਿਆਸੀ ਵਿਰੋਧੀ ਲਾਉਂਦੇ ਸਨ, ਉਨ੍ਹਾਂ ਦਾ ਨਿਪਟਾਰਾ ਹੋ ਜਾਂਦਾ ਹੈ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਬੇਸ਼ਕ ਸਿਆਸੀ ਬੁੱਧੀਮਾਨ ਵੀ ਸੀ ਪ੍ਰੰਤੂ ਜਿਹੜੀ ਪਕੜ ਉਸਦੀ ਸਿੱਖ ਵਿਚਾਰਧਾਰਾ ਉਪਰ ਸੀ, ਉਸਦਾ ਕੋਈ ਜਵਾਬ ਨਹੀਂ। ਕਈ ਵਾਰ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਵਿਅਕਤਿਵ ਨਾਲ ਗ਼ੈਰ ਜ਼ਰੂਰੀ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਬਾਰੇ ਅਖ਼ਬਾਰ ਪੜ੍ਹਨ ਵਾਲੇ ਸਾਰੇ ਪਾਠਕਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ ਸੀ। ਇਸ ਪੁਸਤਕ ਨੇ ਉਹ ਸਾਰੇ ਵਾਦ-ਵਿਵਾਦਾਂ ਤੋਂ ਟੌਹੜਾ ਸਾਹਿਬ ਦਾ ਖਹਿੜਾ ਛੁਡਾ ਦਿੱਤਾ ਹੈ, ਜਿਵੇਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਹੱਥ ਖੜ੍ਹੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਾਹਰ ਆਉਣਾ, ਕੇਂਦਰ ਨਾਲ ਮੀਟਿੰਗਾਂ ਵਿੱਚ ਬਲਿਊ ਸਟਾਰ ਕਰਨ ਲਈ ਕਹਿਣਾ, ਕਾਮਰੇਡ ਸੁਰਜੀਤ ਨਾਲ ਮਿਲੇ ਹੋਣਾ, ਉਨ੍ਹਾਂ ਦੇ ਵਿਅਕਤਿਵ ‘ਤੇ ਚਿਕੜ ਸੁੱਟਣਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ‘ਤੇ ਭੇਜਣਾ, ਸ੍ਰੀ ਹਰਿਮੰਦਰ ਸਾਹਿਬ ਤੋਂ ਹਥਿਆਰਾਂ ਦਾ ਬਰਾਮਦ ਹੋਣਾ ਆਦਿ। ਇਸ ਤੋਂ ਇਲਾਵਾ ਜਿਹੜੇ ਸੁਧਾਰ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਕੀਤੇ , ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। ਖਾਲਸਾ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮ ਸਮੇਂ ਕਿਨ੍ਹਾਂ ਹਾਲਾਤ ਵਿੱਚ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ, ਕਿਸ ਪ੍ਰਕਾਰ ਸਰਕਾਰ ਨੇ ਅਕਾਲ ਤਖ਼ਤ ‘ਤੇ ਕਬਜ਼ਾ ਕਰ ਲਿਆ, ਕਿਵੇਂ ਸਰਕਾਰ ਪੰਥਕਤਾ ਤੋਂ ਦੂਰ ਹੁੰਦੀ ਰਹੀ ਆਦਿ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਮਿਲਦੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਥ ਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ। ਸਿੱਖ ਸਿਆਸਤ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਕਿਰਦਾਰ ਇਸ ਪੁਸਤਕ ਵਿੱਚੋਂ ਉਘੜਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਸਿੱਖ ਪੰਥ ਦੀ ਥਾਂ ਆਪਣੀ ਮੁੱਖ ਮੰਤਰੀ ਦੀ ਗੱਦੀ ਦਾ ਜ਼ਿਆਦਾ ਫ਼ਿਕਰ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਕੌਮੀ ਨੇਤਾ ਸਥਾਪਤ ਕਰਵਾਉਣ ਲਈ ਪੰਥ ਨੂੰ ਦਾਅ ‘ਤੇ ਲਾ ਕੇ ਸਿਆਸੀ ਰਾਹ ਸਾਫ ਕੀਤਾ। 28 ਤੰਬਰ 1979 ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਸਤੀਫ਼ਿਆਂ ਦੇ ਤੱਥਾਂ ਸਮੇਤ, ਕਾਰਨ ਪੁਸਤਕ ਵਿੱਚ ਸ਼ਾਮਲ ਕਰਨਾ ਪੰਥ ਨੂੰ ਅਸਲੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਈ ਵਾਰ ਆਮ ਸੰਗਤ ਨੂੰ ਅੰਦਰੂਨੀ ਸਰਗਰਮੀਆਂ ਅਤੇ ਚਾਲਾਂ ਬਾਰੇ ਜਾਣਕਾਰੀ ਨਹੀਂ ਹੁੰਦੀ। 29 ਅਕਤੂਬਰ 1978 ਨੂੰ 18ਵੀਂ ਸਰਬ-ਹਿੰਦ ਅਕਾਲੀ ਕਾਨਫ਼ਰੰਸ ਲੁਧਿਆਣਾ ਵਿਖੇ ਹੋਈ। ਇਸ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦਿੱਤਾ ਗਿਆ ਭਾਸ਼ਣ ਅਤੇ ਗੁਰਦੁਆਰਾ ਤਰਮੀਮੀ ਬਿਲ ਦੀ ਵਿਰੋਧਤਾ ਕਿਉਂ? ਵਿੱਚ ਦਿੱਤੇ ਗਏ ਭਾਸ਼ਣ ਪੜ੍ਹਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਦਵਤਾ ਅਤੇ ਦੂਰ ਅੰਦੇਸ਼ੀ ਨੂੰ ਦਾਦ ਦੇਣੀ ਬਣਦੀ ਹੈ। ਹਰਵਿੰਦਰ ਸਿੰਘ ਖਾਲਸਾ ਨੇ ਇਹ ਪੁਸਤਕ ਸੰਪਾਦਤ ਕਰਕੇ ਸਿੱਖ ਜਗਤ ਨੂੰ ਜਾਗਰੂਕ ਕਰਨ ਦਾ ਬਿਹਤਰੀਨ ਕਾਰਜ ਕੀਤਾ ਹੈ ਤਾਂ ਜੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਿਅਤਿਤਵ ਬਾਰੇ ਹਰ ਗੁਰਸਿੱਖ ਪ੍ਰੇਰਨਾ ਲੈ ਸਕੇ।
Êਸੰਪਾਦਕ ਨੇ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਪ੍ਰਸਿੱਧ ਪੱਤਰਕਾਰਾਂ ਹਰਬੀਰ ਸਿੰਘ ਭੰਵਰ, ਰਜਤ ਸ਼ਰਮਾ, ਕਰਮਜੀਤ ਸਿੰਘ, ਦਰਬਾਰਾ ਸਿੰਘ ਕਾਹਲੋਂ, ਜਗਤਾਰ ਸਿੰਘ, ਦਲਜੀਤ ਸਿੰਘ ਬੇਦੀ ਨਾਲ ਮੁਲਾਕਾਤਾਂ ਦਾ ਵੇਰਵਾ ਦਿੱਤਾ ਗਿਆ ਹੈ। ਇੱਕ ਲੇਖ ਪੰਜ ਦਰਿਆ ਵਿੱਚੋਂ ਧੰਨਵਾਦ ਸਹਿਤ ਲੈ ਕੇ ਛਾਪਿਆ ਗਿਆ ਹੈ। ਦੂਜੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਮਹੱਤਵਪੂਰਨ ਵਿਸ਼ਿਆਂ ਤੇ ਦਿੱਤੇ ਭਾਸ਼ਣ, ਪੰਥਕ ਸੋਚ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਕਿਨਾਰਾ ਕਰਨ ਸਮੇਂ ਦਿੱਤੇ ਅਸਤੀਫ਼ੇ, ਪੰਥਕ ਕਨਵੈਨਸ਼ਨ ਮੌਕੇ ਬਾਦਲ ‘ਤੇ ਲਗਾਏ ਦੋਸ਼ ਸਬੂਤਾਂ ਸਮੇਤ, ਸ਼ਰਧਾਂਜ਼ਲੀ ਅਤੇ ਜੀਵਨ ਬਿਓਰਾ ਦਿੱਤੇ ਗਏ ਹਨ। ਪੁਸਤਕ ਦੇ 25 ਪੰਨਿਆਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਾਰਮਿਕ ਤੇ ਸਿਆਸੀ ਜ਼ਿੰਦਗੀ ਦੇ ਬਿਹਤਰੀਨ ਮੌਕਿਆਂ ਦੀਆਂ ਸਰਗਰਮੀਆਂ ਸੰਬੰਧੀ ਰੇਅਰ ਤਸਵੀਰਾਂ ਹਨ, ਜਿਨ੍ਹਾਂ ਵਿੱਚ ਕੁਝ ਕੁ ਪਹਿਲੀ ਵਾਰ ਪ੍ਰਕਾਸ਼ਤ ਹੋਈਆਂ ਹਨ। ਇਹ ਪੁਸਤਕ ਸਿੱਖ ਪੰਥ ਦੀ ਨੌਜਵਾਨ ਪੀੜ੍ਹੀ ਲਈ ਰੌਸ਼ਨ ਮੀਨਾਰ ਸਾਬਤ ਹੋਵੇਗੀ। ਉਮੀਦ ਕਰਦਾ ਹਾਂ ਕਿ ਹਰਵਿੰਦਰ ਸਿੰਘ ਖ਼ਾਲਸਾ ਅਜਿਹੀਆਂ ਹੋਰ ਵਡਮੁੱਲੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਕੇ ਸਿੱਖ ਪੰਥ ਦੀ ਸੇਵਾ ਕਰਦਾ ਰਹੇਗਾ।
250 ਪੰਨਿਆਂ, 299 ਰੁਪਏ ਕੀਮਤ ਵਾਲੀ ਇਹ ਪੁਸਤਕ ਰੀਥਿੰਕ ਬੁਕਸ ਸੰਗਰੂਰ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਹਰਵਿੰਦਰ ਸਿੰਘ ਖਾਲਸਾ:9815533725
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਮੁੜ ਪ੍ਰਧਾਨ : ਸਿੱਖ ਸੰਸਥਾਵਾਂ ਦਾ ਭਵਿਖ…….? - ਉਜਾਗਰ ਸਿੰਘ
ਅਕਾਲੀ ਦਲ ਬਾਦਲ ਧੜੇ ਦੇ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਥਾਪਤ ਹੋਣ ਦਾ ਪਤਾ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਲੱਗੇਗਾ, ਅਕਾਲੀ ਦਲ ਦਾ ਕਿਹੜਾ ਧੜਾ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਹੈ। ਅਕਾਲੀ ਦਲ ਦੇ ਤਾਂ ਪਹਿਲਾਂ ਹੀ ਅਨੇਕ ਧੜੇ ਹਨ, ਜਿਨ੍ਹਾਂ ਵਿੱਚ ਹੁਣੇ-ਹੁਣੇ ਬਣਿਆਂ ਵਾਰਿਸ ਪੰਜਾਬ ਦੇ ਸ਼ਾਮਲ ਹੋਇਆ ਹੈ। ਇੱਕ ਕਹਾਵਤ ਹੈ ‘ਕੁੰਡੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’ ਭਾਵ ਅਸਲ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ। ਲੋਕ ਸਭਾ ਦੀਆਂ ਚੋਣਾਂ ਵਿੱਚ ਜਦੋਂ ਅਕਾਲੀ ਇੱਕਮੁੱਠ ਸੀ ਤਾਂ 11 ਲੋਕ ਸਭਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ ਪ੍ਰੰਤੂ ਹੁਣ ਤਾਂ ਸੁਧਾਰ ਲਹਿਰ ਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਸ਼ੀਰਵਾਦ ਪ੍ਰਾਪਤ ਹੈ, ਉਹ ਬਾਹਰ ਰਹਿ ਗਏ ਹਨ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਕਿਹੜੀ ਜਾਦੂ ਦੀ ਛੜੀ ਨਾਲ ਜਿੱਤੀਆਂ ਜਾ ਸਕਣਗੀਆਂ? ਬਾਦਲ ਧੜਾ 27 ਲੱਖ ਮੈਂਬਰਸ਼ਿਪ ਦੀ ਗੱਲ ਕਰਦਾ ਹੈ, ਇਤਨੀਆਂ ਵੋਟਾਂ ਨਾ ਤਾਂ 2022 ਦੀਆਂ ਵਿਧਾਨ ਸਭਾ ਵਿੱਚ ਅਤੇ ਨਾ ਹੀ ਲੋਕ ਸਭਾ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਈਆਂ ਸਨ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਪੰਜ ਸਿੰਘ ਸਾਹਿਬਾਨਾ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਜਿਹੜੀ ਦੋ ਧੜਿਆਂ ਦਾਗ਼ੀ ਅਤੇ ਬਾਗ਼ੀ ਵਿੱਚ ਵੰਡੀ ਗਈ ਸੀ, ਨੂੰ ਤਨਖ਼ਾਹ ਲਗਾਈ ਗਈ ਸੀ। ਉਸ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਰਕਾਰ ਦੇ ਹੁੰਦਿਆਂ ਹੋਏ ਬਜ਼ਰ ਗੁਨਾਹਾਂ ਨੂੰ ਪ੍ਰਵਾਨ ਕੀਤਾ ਸੀ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਬਜ਼ਰ ਗੁਨਾਹਾਂ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਵੇਂ ਸਿਰੇ ਤੋਂ ਕਰਕੇ ਨਵਾਂ ਪ੍ਰਧਾਨ ਚੁਣਿਆਂ ਜਾਵੇ। ਉਸ ਨਵੀਂ ਭਰਤੀ ਲਈ ਵੀ ਕੁਝ ਨਿਯਮਾ ਦਾ ਐਲਾਨ ਕੀਤਾ ਗਿਆ ਸੀ। ਇਸ ਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇ ਦੇਵੇ ਅਤੇ ਹੋਰ ਸਾਰੇ ਦਾਗ਼ੀ ਤੇ ਬਾਗੀ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣ ਤੇ ਫਿਰ ਇਹ ਸਾਰਿਆਂ ਦਾ ਇੱਕੋ ਅਕਾਲੀ ਦਲ ਨਵੀਂ ਭਰਤੀ ਨਾਲ ਬਣਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣਾਈ ਗਈ। ਸੁਖਬੀਰ ਸਿੰਘ ਬਾਦਲ ਉਦੋਂ ਵੀ ਅਸਤੀਫਾ ਦੇਣ ਲਈ ਆਨਾਕਾਨੀ ਕਰਦਾ ਰਿਹਾ ਸੀ। ਸੁਖਬੀਰ ਸਿੰਘ ਬਾਦਲ ਦਾ ਸੱਤ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਿਨਾ ਹੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਧੜੇ ਵੱਲੋਂ ਬਣਾਏ ਗਏ ਡੈਲੀਗਟਾਂ ਰਾਹੀਂ ਬਣਨਾ ਸਿੱਖ ਕੌਮ ਲਈ ਹੈਰਾਨੀਜਨਕ ਤੇ ਸ਼ਰਮਨਾਕ ਗੱਲ ਹੈ। ਇੱਕ ਕਿਸਮ ਨਾਲ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੋਚ ਨੂੰ ਅਲਵਿਦਾ ਕਹਿ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਵ ਹੀ ਪੰਥਕ ਸੋਚ ‘ਤੇ ਪਹਿਰਾ ਦੇਣਾ ਹੈ। ਇੱਕ ਪਾਸੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਟੀਮ ਹੀ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਦੀ ਅਵੱਗਿਆ ਕਰਕੇ ਆਪਣੇ ਆਪ ਹੀ ਆਪਣੇ ਧੜੇ ਵੱਲੋਂ ਪ੍ਰਧਾਨ ਚੁਣੇ ਜਾਣਾ, ਇੱਕ ਕਿਸਮ ਨਾਲ ਸ੍ਰੀ ਅਕਾਲ ਤਖ਼ਤ ਨੂੰ ਵੰਗਾਰਨਾ ਹੈ, ਜਿਸਨੂੰ ਸਮੁਚੇ ਸੰਸਾਰ ਵਿੱਚ ਵਸਦੇ ਪੰਥਕ ਸੋਚ ਵਾਲੇ ਸਿੱਖਾਂ ਨੇ ਬੁਰਾ ਮਨਾਇਆ ਹੈ। ਇਸ ਡੈਲੀਗੇਟ ਇਜਲਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ 2 ਦਸੰਬਰ ਨੂੰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਦੇ ਖ਼ਿਤਾਬ ਨੂੰ ਰੱਦ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਗਈ। ਇਸ ਅਪੀਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਫ਼ਖ਼ਰ-ਏ-ਕੌਮ ਵਾਲਾ ਵਾਪਸ ਲੈਣ ਦਾ ਫ਼ੈਸਲਾ ਵੀ ਰੱਦ ਕੀਤਾ ਜਾਵੇਗਾ। ਸਿੱਖ ਕੌਮ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਤ੍ਰਾਸਦੀ ਰਹੀ ਹੈ ਕਿ ਉਹ ਹਮੇਸ਼ਾ ਆਪਸ ਵਿੱਚ ਉਲਝਕੇ ਹੀ ਸਿੱਖ ਕੌਮ ਤੇ ਪੰਥ ਦਾ ਨੁਕਸਾਨ ਕਰਦੇ ਆ ਰਹੇ ਹਨ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਏਕਤਾ ਦਾ ਰਾਹ ਸਾਫ਼ ਕੀਤਾ ਸੀ ਤਾਂ ਇਹ ਛੋਟੇ-ਛੋਟੇ ਅਹੁਦਿਆਂ ਕਰਕੇ ਪੰਥ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ। ਦੋਹਾਂ ਧੜਿਆਂ ਦੀ ਇਸ ਆਪਸੀ ਲੜਾਈ ਨੇ ਸਿੱਖ ਪੰਥ ਦਾ ਵਕਾਰ ਸਮੁੱਚੇ ਸੰਸਾਰ ਵਿੱਚ ਡਾਵਾਂਡੋਲ ਕਰ ਦਿੱਤਾ ਹੈ। ਇੱਕ ਪਾਸੇ ਸਿੋੱਖ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵੋਤਮ ਤੇ ਸਾਰੀ ਕੌਮ ਦਾ ਰਹਿਨੁਮਾ ਕਹਿੰਦੇ ਹਨ, ਜਿਸ ‘ਤੇ ਦੇਸ਼ ਦਾ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਦੂਜੇ ਪਾਸੇ ਆਪ ਹੀ ਉਸਨੂੰ ਵੰਗਾਰ ਰਹੇ ਹਨ। ਜੇਕਰ ਅਕਾਲੀ ਦਲ ਦੇ ਦੋਵੇਂ ਧੜੇ ਦਾਗ਼ੀ ਤੇ ਬਾਗੀ ਇਸੇ ਤਰ੍ਹਾਂ ਲੜਦੇ ਰਹੇ ਤਾਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਅਕਾਲੀ ਦਾ ਅਜਿਹਾ ਨੁਕਸਾਨ ਹੋ ਜਾਵੇਗਾ, ਜਿਸਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਤੀਜਾ ਧੜਾ ਬਾਜੀ ਮਾਰ ਜਾਵੇ। ਦੋਵੇਂ ਧੜੇ ਇੱਕ ਦੂਜੇ ਨੂੰ ਭਾਰਤੀ ਜਨਤਾ ਪਾਰਟੀ ਦੀ ਅੰਦਰਖਾਤੇ ਸਪੋਰਟ ਦਾ ਇਲਜ਼ਾਮ ਲਗਾ ਰਹੇ ਹਨ। ਹਾਲਾਂ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਉਹ ਪੰਜਾਬ ਵਿੱਚ ਕਿਸੇ ਦੂਜੀ ਧਿਰ ਦੀ ਸਪੋਰਟ ਤੋਂ ਬਿਨਾ ਸਰਕਾਰ ਨਹੀਂ ਬਣਾ ਸਕਦੇ, ਫਿਰ ਵੀ ਇੱਕ ਦੂਜੇ ਨੂੰ ਕੋਸੀ ਜਾ ਰਹੇ ਹਨ। ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦੇ ਕੇ ਉਹ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋਂ ਮੁਨਕਰ ਹੋ ਗਏ ਹਨ।
ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਵਾਰ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਛਤਰਛਾਇਆ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ 2007 ਵਿੱਚ ਬਣੀ ਸਾਂਝੀ ਸਰਕਾਰ ਤੋਂ ਤੁਰੰਤ ਬਾਅਦ ਐਕਟਿੰਗ ਪ੍ਰਧਾਨ ਬਣਾਇਆ ਗਿਆ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਉਸਨੂੰ ਐਕਟਿੰਗ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਬਣਾਕੇ ਇੱਕ ਕਿਸਮ ਨਾਲ ਆਪਣਾ ਰਾਜਨੀਤਕ ਵਾਰਸ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣ ਗਏ ਸਨ। ਉਸ ਸਮੇਂ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਮ ਦੀ ਤਜਵੀਜ਼ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਰਣਜੀਤ ਸਿੰਘ ਬ੍ਰਮਪੁਰਾ ਤੇ ਇਸਦੀ ਤਾਈਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਸੀ। ਇਸ ਤੋਂ ਬਾਅਦ 30 ਜਨਵਰੀ 2008 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਵਿੱਚ ਹੋਏ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਰੈਗੂਲਰ ਪ੍ਰਧਨ ਚੁਣ ਲਿਆ ਸੀ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਬੜੇ ਉਤਰਾਅ ਚੜ੍ਹਾਅ ਆਏ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੀ ਅਤੇ ਸਭ ਤੋਂ ਨੀਵੇਂ ਪੱਧਰ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਪਹੁੰਚ ਗਿਆ ਜਦੋਂ ਉਸਦੇ ਲੋਕ ਸਭਾ ਦੇ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸਨ। ਵਿਧਾਨ ਸਭਾ ਵਿੱਚ ਵੀ ਤਿੰਨ ਹੀ ਵਿਧਾਨਕਾਰ ਜਿੱਤੇ ਸਨ। ਸੁਖਬੀਰ ਸਿੰਘ ਬਾਦਲ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੰਤਰੀ ਵੀ ਰਹੇ। ਉਨ੍ਹਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਸਿਰਸਾ ਡੇਰਾ ਦੇ ਮੁੱਖੀ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਬਸਤਰ ਪਹਿਨਕੇ ਅੰਮ੍ਰਿਤ ਛਕਾਉਣ ਦੇ ਇਲਜ਼ਾਮ ਦੀ ਮੁਆਫੀ ਦੇ ਕੇ ਮੁੜ ਪੰਥ ਵਿੱਚ ਸ਼ਾਮਲ ਕਰ ਲਿਆ ਸੀ। ਰਾਮ ਰਹੀਮ ਵਿਰੁੱਧ ਕੇਸ ਬਾਦਲ ਸਰਕਾਰ ਨੇ ਬਠਿੰਡਾ ਦੀ ਕਚਹਿਰੀ ਵਿੱਚੋਂ ਵਾਪਸ ਲੈ ਲਿਆ। ਜਿਸਦਾ ਸਮੁੱਚੇ ਪੰਜਾਬ ਨੇ ਵਿਰੋਧ ਕੀਤਾ, ਜਿਸ ਕਰਕੇ ਅਕਾਲੀ ਦਲ ਦੇ ਵਜ਼ੀਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਪਿੰਡਾਂ ਵਿੱਚ ਵੜਨਾ ਅਸੰਭਵ ਹੋ ਗਿਆ। ਫਿਰ ਉਸ ਹੁਕਮਨਾਮੇ ਨੂੰ ਸਹੀ ਸਾਬਤ ਕਰਨ ਲਈ 90 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦਿੱਤੇ ਗਏ। ਇਸ ਸਮੇਂ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਦੋ ਸਿੰਘ ਧਰਨਾ ਦਿੰਦੇ ਸ਼ਹੀਦ ਕਰ ਦਿੱਤੇ ਗਏ। ਕਹਿਣ ਤੋਂ ਭਾਵ ਪੰਥਕ ਸਰਕਾਰ ਨੇ ਗ਼ੈਰ ਪੰਥਕ ਕੰਮ ਕੀਤੇ। ਸੁਖਬੀਰ ਸਿੰਘ ਬਾਦਲ ਨੇ ਮੁੜ ਪ੍ਰਧਾਨ ਬਣਨ ਲਈ ਬੜੇ ਵੇਲਣ ਵੇਲੇ ਹਨ। ਜਿਹੜੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਸਜਾ ਲਗਾਈ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ-ਏ-ਕੌਮ ਵਾਪਸ ਲਿਆ ਸੀ, ਉਨ੍ਹਾਂ ਨੂੰ ਪੜਾਅਵਾਰ ਅਹੁਦਿਆਂ ਤੋਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਤੋਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਤਾਂ ਜੋ ਉਹ ਮੁੜਕੇ ਪ੍ਰਧਾਨ ਬਣ ਸਕੇ ਅਤੇ ਫ਼ਖ਼ਰ-ਏ-ਕੌਮ ਦਾ ਫ਼ੈਸਲਾ ਰੱਦ ਕੀਤਾ ਜਾ ਸਕੇ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਅਕਾਲੀ ਦਲ ਦਾ ਭਵਿਖ ਅਤਿਅੰਤ ਖ਼ਤਰੇ ਵਿੱਚ ਹੈ। ਇਹ ਵੀ ਸ਼ਪਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਸਿਆਸੀ ਤਾਕਤ ਤੋਂ ਬਿਨਾ ਰਹਿਣ ਲਈ ਅਜਿਹੇ ਬਜ਼ਰ ਗੁਨਾਹ ਦੁਬਾਰਾ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਹੁਣ ਤਾਂ ਅਕਾਲੀ ਦਲ ਅਤੇ ਪੰਥ ਦਾ ਵਾਹਿਗੁਰੂ ਹੀ ਰਾਖਾ ਹੈ ਪ੍ਰੰਤੂ ਸਿੱਖਾਂ ਨੇ ਉਸਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੁੱਖ ਮੰਤਰੀ ਦੀ ਕੁਰਸੀ ਇੱਕ : ਛੇ ਕਾਂਗਰਸੀ ਲਟਾਪੀਂਘ - ਉਜਾਗਰ ਸਿੰਘ
ਪੰਜਾਬ ਦੇ ਕਾਂਗਰਸੀ ਨੇਤਾ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਦੀਆਂ ਗ਼ਲਤੀਆਂ ਤੋਂ ਵੀ ਸਬਕ ਸਿੱਖਣ ਲਈ ਤਿਆਰ ਨਹੀਂ ਹਨ। 2024 ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਮੁੱਖ ਮੰਤਰੀ ਦੀ ਕੁਰਸੀ ਪਿੱਛੇ ਲੜਦਿਆਂ ਕਾਂਗਰਸੀ ਨੇਤਾਵਾਂ ਨੇ ਜਿੱਤੀ ਹੋਈ ਬਾਜ਼ੀ ਗੁਆ ਲਈ ਸੀ। ਉਸ ਸਮੇਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀ ਪੂਰੀ ਸੰਭਾਵਨਾ ਸੀ। ਇਸ ਸਮੇਂ ਵੀ ਪੰਜਾਬ ਦੇ ਲੋਕ 2027 ਵਿੱਚ ਫਿਰ ਬਦਲਾਓ ਲਿਆਉਣ ਬਾਰੇ ਸੋਚ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਗਰੰਟੀਆਂ ਜ਼ਿਆਦਾ ਕਰ ਲਈਆਂ ਸਨ, ਜਿਨ੍ਹਾਂ ਨੂੰ ਪੰਜਾਬ ਦੀ ਡਾਵਾਂਡੋਲ ਆਰਥਿਕ ਹਾਲਤ ਕਰਕੇ ਪੂਰਾ ਕਰਨਾ ਅਸੰਭਵ ਲੱਗਦਾ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਜੇ ਲਗਪਗ ਦੋ ਸਾਲ ਬਾਕੀ ਹਨ ਪ੍ਰੰਤੂ ਪੰਜਾਬ ਦੇ ਕਾਂਗਰਸੀ ਨੇਤਾ ਮੁੱਖ ਮੰਤਰੀ ਦੀ ਕੁਰਸੀ ਲਈ ਪਹਿਲਾਂ ਹੀ ਲਟਾਪੀਂਘ ਹੋਏ ਪਏ ਹਨ। ਕਾਂਗਰਸੀ ਨੇਤਾ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਫਿਰਦੇ ਹਨ। ਮੁੱਖ ਮੰਤਰੀ ਦੀ ਕੁਰਸੀ ਅਜੇ ਖਾਲ੍ਹੀ ਵੀ ਨਹੀਂ ਪ੍ਰੰਤੂ ਛੇ ਕਾਂਗਰਸੀ ਨੇਤਾ ਪਹਿਲਾਂ ਹੀ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਚਿੰਬੜਕੇ ਖਿੱਚਣ ਲੱਗੇ ਪਏ ਹਨ। ਮੈਨੂੰ ਲੱਗਦਾ ਹੈ ਕਿ ਕਿਤੇ ਕੁਰਸੀ ਦੀਆਂ ਟੰਗਾਂ ਆਪੇ ਹੀ ਤੋੜ ਨਾ ਦੇਣ, ਇਹ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਸ ਤਰ੍ਹਾਂ ਪਾਰਟੀ ਲਈ ਲਾਹੇਬੰਦ ਨਹੀਂ ਪ੍ਰੰਤੂ ਕਾਂਗਰਸੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਛੇ ਕਾਂਗਰਸੀਆਂ ਦੇ ਨਾਮ ਦੱਸਣ ਦੀ ਕੋਈ ਲੋੜ ਨਹੀ, ਕਿਉਂਕਿ ਪੰਜਾਬੀ ਪੜ੍ਹੇ ਲਿਖੇ ਸੂਝਵਾਨ ਹਨ, ਹਰ ਰੋਜ਼ ਅਖ਼ਬਾਰਾਂ ਪੜ੍ਹਦਿਆਂ ਕਾਂਗਰਸੀਆਂ ਦੇ ਕਾਟੋ ਕਲੇਸ਼ ਤੋਂ ਵਾਕਫ਼ ਹਨ, ਕਿਵੇਂ ਉਹ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਨੇਤਾਵੋ ਕਿਤੇ ਇੰਜ ਹੀ ਨਾ ਹੋਵੇ, ਜਿਵੇਂ ਬਿਲੀਆਂ ਦੀ ਲੜਾਈ ਵਿੱਚ ਰੋਟੀ ਵੰਡਾਉਣ ਸਮੇਂ ਬਾਂਦਰੀ ਬਾਜ਼ੀ ਮਾਰ ਗਈ ਸੀ, ਪੰਜਾਬ ਦੀਆਂ ਚੋਣਾਂ ਵਿੱਚ ਕੋਈ ਹੋਰ ਤੀਜੀ ਧਿਰ ਕੁਰਸੀ ਖੋਹ ਲਵੇ, ਵਿਰੋਧੀ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕਾਂਗਰਸੀ ਨੇਤਾ ਅਕਾਲੀ ਧੜਿਆਂ ਦੀ ਲੜਾਈ ਕਰਕੇ ਸਮਝਦੇ ਹਨ ਕਿ ਉਨ੍ਹਾਂ ਦੇ ਪੱਲੇ ਕੁਝ ਨਹੀਂ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਭਾਵੇਂ ਕਿਤਨੇ ਹੀ ਅਕਾਲੀ ਦਲ ਦੇ ਧੜੇ ਚੋਣ ਲੜਨ ਪ੍ਰੰਤੂ ਪੰਜਾਬੀਆਂ ਨੇ ਹਮੇਸ਼ਾ ਅਕਾਲੀ ਦਲ ਦੇ ਇੱਕੋ ਧੜੇ ਸਾਥ ਦਿੱਤਾ ਹੈ, ਇਹ ਵੀ ਜ਼ਰੂਰੀ ਨਹੀਂ ਉਸ ਧੜੇ ਨੂੰ ਸਿਆਸੀ ਤਾਕਤ ਦੇਣ, ਕਿਸੇ ਹੋਰ ਨਵੇਂ ਧੜੇ ਨੂੰ ਵੀ ਸਿਆਸੀ ਤਾਕਤ ਦੇ ਦੇਣ, ਜਿਵੇਂ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਪਰਕਾਸ਼ ਸਿੰਘ ਬਾਦਲ ਨੂੰ ਠਿੱਬੀ ਲਾ ਗਿਆ ਸੀ। ਇੱਕ ਵਾਰ ਮਾਨ ਅਕਾਲੀ ਦਲ ਨੂੰ ਨੌਂ ਲੋਕ ਸਭਾ ਦੀਆਂ ਸੀਟਾਂ ਜਿਤਾ ਦਿੱਤੀਆਂ ਸਨ। ਪਿਛਲੀਆਂ ਮਈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਜਿੱਤਾਕੇ ਵੋਟਰਾਂ ਨੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ ਸੀ। ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਵਿੱਚ ਜਿੱਤਾਕੇ ਸਥਾਪਤ ਪਾਰਟੀਆਂ ਗੁੱਠੇ ਲਾ ਦਿੱਤਾ ਸੀ। ਸਿਆਸਤਦਾਨਾ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਭੁਲੇਖੇ ਵਿੱਚ ਵੀ ਨਹੀਂ ਰਹਿਣਾ ਚਾਹੀਦਾ, ਕੋਈ ਵੀ ਚਮਤਕਾਰ ਹੋ ਸਕਦਾ ਹੈ। ਬਦਾਲਾਓ ਲਿਆਉਣਾ ਤੇ ਨਵੇਂ ਪੈਂਤੜੇ ਮਾਰਨੇ ਪੰਜਾਬੀਆਂ ਦੇ ਸੁਭਾਅ ਵਿੱਚ ਹੈ।
ਭਾਰਤੀ ਜਨਤਾ ਪਾਰਟੀ ਵੀ ਪੰਜਾਬ ਵਿੱਚ ਖੰਭ ਖਿਲਾਰ ਰਹੀ ਹੈ, ਜਿਹੜੀ ਹੁਣ ਤੱਕ ਸ਼ਹਿਰਾਂ ਦੀਆਂ 23 ਵਿਧਾਨ ਸਭਾ ਸੀਟਾਂ ਤੱਕ ਸੀਮਤ ਸੀ, ਹੁਣ ਉਹ ਪਿੰਡਾਂ ਵਿੱਚ ਆਪਣੀਆਂ ਯੁਨਿਟਾਂ ਬਣਾਕੇ ਆਪਣੇ ਪੈਰ ਪਸਾਰ ਚੁੱਕੀ ਹੈ। ਇੱਥੋਂ ਤੱਕ ਕਈ ਜ਼ਿਲਿ੍ਹਆਂ ਦੇ ਪ੍ਰਧਾਨ ਜੱਟ ਸਿੱਖ ਬਣਾਕੇ ਦਿਹਾਤੀ ਵੋਟਾਂ ਨੂੰ ਖ਼ੋਰਾ ਲਾ ਰਹੀ ਹੈ। ਪੰਜਾਬ ਦੇ ਇੱਕ ਨੌਜਵਾਨ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੀ ਚੋਣ ਹਾਰਨ ਤੋਂ ਬਾਅਦ ਕੇਂਦਰ ਵਿੱਚ ਮੰਤਰੀ ਬਣਾਕੇ ਰਾਜਸਥਾਨ ਤੋਂ ਰਾਜ ਸਭਾ ਦਾ ਮੈਂਬਰ ਬਣਾ ਲਿਆ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਤਿੰਨ ਲੋਕ ਸਭਾ ਸੀਟਾਂ ਲੁਧਿਆਣਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਦੂਜੇ ਨੰਬਰ ਰਹੀ, ਛੇ ਸੀਟਾਂ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ, ਫ਼ੀਰੋਜਪੁਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਤੀਜੇ ਨੰਬਰ ਤੇ ਰਹੀ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚੋਂ ਵੋਟ ਸ਼ੇਅਰ ਵੱਧ ਗਿਆ। ਬਠਿੰਡਾ ਉਮੀਦਵਾਰ ਚੌਥੇ ਨੰਬਰ ਤੇ ਰਿਹਾ। ਭਾਰਤੀ ਜਨਤਾ ਪਾਰਟੀ ਦੀ ਵੋਟ ਪ੍ਰਤੀਸ਼ਤ 18.56 ਫ਼ੀਸਦੀ ਰਹੀ ਜੋ ਪੰਜਾਬ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਹੈ। ਹਾਲਾਂ ਕਿ ਉਨ੍ਹਾਂ 1996 ਤੋਂ ਬਾਅਦ ਪਹਿਲੀ ਵਾਰ ਇਕੱਲਿਆਂ ਚੋਣ ਲੜੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 46 ਉਮੀਦਵਾਰਾਂ ਨੇ 20-20 ਹਜ਼ਾਰ ਵੋਟਾਂ ਲਈਆਂ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਬਾਰੇ ਕਾਂਗਰਸ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ, ਉਹ ਵੀ ਦਾਅ ਮਾਰ ਸਕਦੇ ਹਨ। ਲੁਧਿਆਣਾ ਪੱਛਵੀਂ ਵਿਧਾਨ ਸਭਾ ਸੀਟ ਦੀ ਉਪ ਚੋਣ ਕਿਸੇ ਮੌਕੇ ਵੀ ਹੋ ਸਕਦੀ ਹੈ। ਇਹ ਚੋਣ ਆਮ ਆਦਮੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਈ ਵਕਾਰ ਬਣੀ ਹੋਈ ਹੈ। ਭਾਰਤੀ ਜਨਤਾ ਪਾਰਟੀ ਤੋਂ ਬਿਨਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਕਾਂਗਰਸ ਦਾ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਐਕਟਿੰਗ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਹੈ, ਜਿਹੜਾ ਸਥਾਨਕ ਪ੍ਰਭਾਵਸ਼ਾਲੀ ਨੇਤਾ ਹੈ, ਪ੍ਰੰਤੂ ਉਸਦੇ ਉਮੀਦਵਾਰ ਬਣਦਿਆਂ ਹੀ ਆਪਸੀ ਫੁੱਟ ਦੀਆਂ ਖ਼ਬਰਾਂ ਅਖ਼ਬਾਰਾਂ ਦਾ ਸ਼ਿੰਗਾਰ ਬਣ ਗਈਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਭਰਤ ਭੂਸ਼ਨ ਆਸ਼ੂ ਦੇ ਆਪਸੀ ਮਤਭੇਦਾਂ ਦੀਆਂ ਖ਼ਬਰਾਂ ਲੋਕ ਸਭਾ ਚੋਣਾਂ ਮੌਕੇ ਵੀ ਪੜ੍ਹਨ ਨੂੰ ਮਿਲਦੀਆਂ ਰਹੀਆਂ ਹਨ। ਭਾਰਤ ਭੂਸ਼ਨ ਆਸ਼ੂ ਨੂੰ ਕੇਂਦਰੀ ਕਾਂਗਰਸ ਦੇ ਵੱਡੇ ਨੇਤਾ ਦੀ ਅਸ਼ੀਰਵਾਦ ਪ੍ਰਾਪਤ ਹੈ। ਕਾਂਗਰਸ ਪਾਰਟੀ ਪ੍ਰਧਾਨ ਦੇ ਨਾਲ ਐਕਟਿੰਗ ਪ੍ਰਧਾਨ ਬਣਾਕੇ ਦੋ ਸਿਆਸੀ ਧੁਰੇ ਬਣਾ ਦਿੱਤੇ ਹਨ। ਪ੍ਰਧਾਨ ਅਤੇ ਐਕਟਿੰਗ ਪ੍ਰਧਾਨ ਦਾ ਹਮੇਸ਼ਾ ਹੀ ਸੇਹ ਦਾ ਤੱਕਲਾ ਗੱਡਿਆ ਰਹਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਵੀ ਨਵਜੋਤ ਸਿੰਘ ਸਿੱਧੂ ਨੂੰ ਬਰਾਬਰ ਦੀ ਧਿਰ ਬਣਾਕੇ ਧੜੇਬੰਦੀ ਸਰਬ ਹਿੰਦ ਕਾਂਗਰਸ ਕਮੇਟੀ ਨੇ ਆਪ ਪੈਦਾ ਕੀਤੀ ਸੀ, ਜਿਸ ਕਰਕੇ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਲੁਧਿਆਣਾ ਪੱਛਵੀਂ ਦਾ ਅਜੇ ਚੋਣ ਦੰਗਲ ਸ਼ੁਰੂ ਨਹੀਂ ਹੋਇਆ, ਪਾਰਟੀ ਦੀ ਫੁੱਟ ਦੀਆਂ ਖ਼ਬਰਾਂ ਫਿਰ ਅਖਬਾਰਾਂ ਵਿੱਚ ਲਗਾਤਾਰ ਆ ਰਹੀਆਂ ਹਨ। ਜਦੋਂ ਪ੍ਰਧਾਨ ਤੇ ਐਕਟਿੰਗ ਪ੍ਰਧਾਨ ਦੀ ਫੁੱਟ ਦੀਆਂ ਖ਼ਬਰਾਂ ਲੱਗੀਆਂ ਤਾਂ ਇਸਦੇ ਨਾਲ ਹੀ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਤੁਰੰਤ ਲੁਧਿਆਣਾ ਪਹੁੰਚ ਕੇ ਐਕਟਿੰਗ ਪ੍ਰਧਾਨ ਤੇ ਕਾਂਗਰਸ ਦੇ ਉਮੀਦਵਾਰ ਭਰਤ ਭੂਸ਼ਨ ਆਸ਼ੂ ਲਈ ਲੁਧਿਆਣਾ ਬੈਠਕੇ ਚੋਣ ਲੜਾਉਣ ਦਾ ਐਲਾਨ ਕਰਦੇ ਹਨ। ਇਨ੍ਹਾਂ ਖ਼ਬਰਾਂ ਦਾ ਅਰਥ ਲੋਕ ਸਮਝਦੇ ਹਨ। ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ ਦੀ ਸਿਆਸਤ ਦਾ ਦੰਗਲ ਆਪਸੀ ਧੜੇਬੰਦੀ ਕਰਕੇ ਸ਼ੁਰੂ ਹੋ ਚੁੱਕਾ ਹੈ। ਇੱਕੋ ਦਿਨ ਇੱਕੋ ਹਲਕੇ ਵਿੱਚ ਦੋ ਜਲਸੇ ਹੁੰਦੇ ਹਨ। ਇੱਕ ਜਲਸੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਮੁੱਖੀ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਸੰਬੋਧਨ ਕਰਦੇ ਹਨ, ਜਿਹੜਾ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਨੇ ਆਯੋਜਤ ਕੀਤਾ ਸੀ। ਦੂਜਾ ਜਲਸਾ ਕਪੂਰਥਲੇ ਤੋਂ ਕਾਂਗਰਸੀ ਵਿਧਾਨਕਾਰ ਤੇ ਸਾਬਕਾ ਮੰਤਰੀ ਦੇ ਸਪੁੱਤਰ ਆਜ਼ਾਦ ਵਿਧਾਨਕਾਰ ਨੇ ਜਲਸਾ ਕੀਤਾ ਹੈ। ਭੁਲੱਥ ਤੋਂ ਵਿਧਾਨਕਾਰ ਤੇ ਕਪੂਰਥਲੇ ਹਲਕੇ ਦੇ ਵਿਧਾਨਕਾਰ ਦਾ ਛੱਤੀ ਦਾ ਅੰਕੜਾ ਪੰਜਾਬੀਆਂ ਨੂੰ ਪਤਾ ਹੀ ਹੈ। ਗੁਰਦਾਸਪੁਰ ਵਿੱਚ ਕਾਂਗਰਸ ਦੇ ਤਿੰਨ ਧੜੇ ਹਨ। ਇਸੇ ਤਰ੍ਹਾਂ ਰੋਪੜ, ਪਟਿਆਲਾ, ਫਰੀਦਕੋਟ ਦੀ ਪਾਟੋਧਾੜ ਜੱਗ ਜ਼ਾਹਰ ਹੈ। ਜਦੋਂ ਕਿ ਕਾਂਗਰਸੀਆਂ ਨੂੰ ਸੋਚ ਸਮਝਕੇ ਸਹਿੰਦੇ-ਸਹਿੰਦੇ ਕਦਮ ਚੁੱਕਣੇ ਚਾਹੀਦੇ ਹਨ ਪ੍ਰੰਤੂ ਉਹ ਤਾਂ ਇੱਕ ਦੂਜੇ ਨੂੰ ਅਸਿੱਧੇ ਢੰਗ ਨਾਲ ਦੱਬਕੇ ਮਾਰ ਰਹੇ ਹਨ। ਅਜਿਹੇ ਹਾਲਾਤ ਵਿੱਚ ਕਾਂਗਰਸ ਦਾ ਭਵਿਖ ਖ਼ਤਰੇ ਵਿੱਚ ਲੱਗਦਾ ਹੈ। ਜੇਕਰ ਕੇਂਦਰੀ ਕਾਂਗਰਸ ਨੇ ਨੇਤਾਵਾਂ ਦੀ ਧੜੇਬੰਦੀ ਖ਼ਤਮ ਕਰਨ ਲਈ ਕੋਈ ਸਾਰਥਿਕ ਕਦਮ ਨਾ ਚੁੱਕਿਆ ਤਾਂ ਕਾਂਗਰਸ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੇ ਜ਼ਿੰਮੇਵਾਰ ਸਰਬ ਭਾਰਤੀ ਕਾਂਗਰਸ ਹੈ ਕਿਉਂਕਿ ਉਹ ਇਨ੍ਹਾਂ ਦੀ ਧੜੇਬੰਦੀ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਉਨ੍ਹਾਂ ਦੇ ਕੇਂਦਰੀ ਨੇਤਾ ਇਨ੍ਹਾਂ ਧੜਿਆਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤਾਂ ਜੋ ਇਹ ਨੇਤਾ ਉਨ੍ਹਾਂ ਦੀ ਖਿਦਮਤ ਵਿੱਚ ਹਾਜ਼ਰੀ ਭਰਦੇ ਰਹਿਣ। ਕਾਂਗਰਸ ਦਾ ਮਾੜਾ ਹਾਲ ਵੀ ਕੇਂਦਰੀ ਕਾਂਗਰਸ ਦੇ ਨੇਤਾਵਾਂ ਦੀਆਂ ਗ਼ਲਤੀਆਂ ਦਾ ਨਤੀਜਾ ਹੈ। ਪੰਜਾਬ ਦੇ ਲੋਕ ਕਾਂਗਰਸ ਦਾ ਸਾਥ ਦੇਣਾ ਚਾਹੁੰਦੇ ਹਨ। ਓਧਰ ਕਾਂਗਰਸ ਹਾਈ ਕਮਾਂਡ ਗਹਿਰੀ ਨਂੀਂਦ ਵਿੱਚ ਸੁੱਤੀ ਪਈ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹਾਈ ਕਮਾਂਡ ਕਾਂਗਰਸੀਆਂ ਦੀ ਜ਼ੋਰ ਅਜਮਾਈ ਨੂੰ ਵੇਖ ਰਹੀ ਹੈ। ਕਾਂਗਰਸ ਹਾਈ ਕਮਾਂਡ ਪੰਜਾਬ ਦੇ ਕਾਂਗਰਸੀਆਂ ਦੀ ਧੜੇਬੰਦੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਕਿਤੇ ਇਹ ਨਾ ਹੋਵੇ ਕਿ ਦੇਰੀ ਕਰਨ ਨਾਲ ਬਾਜ਼ੀ ਹੀ ਉਨ੍ਹਾਂ ਦੇ ਹੱਥੋਂ ਨਾ ਨਿਕਲ ਜਾਵੇ। ਕਾਂਗਰਸ ਹਾਈ ਕਮਾਂਡ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਕੰਮ ਕਰਦੀ ਹੈ। ਭਾਵ ਫਾਈਲ ਬਹੁਤ ਧੀਮੀ ਸਪੀਡ ਨਾਲ ਚਲਦੀ ਹੈ। ਪੰਜਾਬ ਦੇ ਕਾਂਗਰਸੀ ਇਸ ਕਰਕੇ ਇੱਕ ਦੂਜੇ ਨੂੰ ਦੁੜੰਗੇ ਮਾਰ ਰਹੇ ਹਨ ਕਿਉਂਕਿ ਕਾਂਗਰਸ ਕੰਮਜ਼ੋਰ ਹੋ ਚੁੱਕੀ ਹੈ, ਛੇਤੀ ਕੀਤਿਆਂ ਸਖ਼ਤ ਕਦਮ ਚੁੱਕਣ ਦੀ ਸਮਰੱਥਾ ਵਿੱਚ ਨਹੀਂ ਹੈ। ਇਸ ਕਰਕੇ ਉੁਹ ਆਪੋ ਆਪਣੇ ਘੋੜੇ ਦੁੜਾਉਂਦੇ ਫਿਰਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਿੰਦਰ ਦਾ ਨਾਵਲ ‘ਹੜ੍ਹ’ ਕੈਨੇਡਾ ਵਿੱਚ ਵਿਦਿਆਰਥੀਆਂ/ਪਰਵਾਸੀਆਂ ਦੇ ਵਿਵਹਾਰ ਦੀ ਦਾਸਤਾਂ - ਉਜਾਗਰ ਸਿੰਘ
ਸੁਖਿੰਦਰ ਕੈਨੇਡਾ ਵਿੱਚ ਰਹਿ ਰਿਹਾ ਸਥਾਪਤ ਸੰਜੀਦਾ ਸਾਹਿਤਕਾਰ ਤੇ ਸੰਪਾਦਕ ਹੈ। ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਉਸ ਦੀਆਂ 50 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 41 ਮੌਲਿਕ ਅਤੇ 9 ਸੰਪਾਦਿਤ ਪੁਸਤਕਾਂ ਹਨ। ਉਸਦੇ ਦੋ ਨਾਵਲ ਅਲਾਰਮ ਕਲਾਕ (2003) ਅਤੇ ਕਰੋਨਾ ਕਾਫ਼ਲੇ (2021) ਪ੍ਰਕਾਸ਼ਤ ਹੋ ਚੁੱਕੇ ਹਨ। ਚਰਚਾ ਅਧੀਨ ਉਸਦਾ ਤੀਜਾ ਨਾਵਲ ‘ਹੜ੍ਹ’ (2025) ਪ੍ਰਕਾਸ਼ਤ ਹੋਇਆ ਹੈ। ਉਸਦਾ ਇਹ ਨਾਵਲ ਸਮਾਜਿਕ ਸਰੋਕਾਰਾਂ ਵਾਲਾ ਪਰਵਾਸ ਵਿੱਚ ਪੰਜਾਬੀਆਂ ਦੇ ਰੰਗ- ਢੰਗ ਦੇ ਵਿਵਹਾਰ ਦੇ ਵਿਸ਼ੇ ‘ਤੇ ਅਤਿਅੰਤ ਸੰਜੀਦਾ ਨਾਵਲ ਹੈ। ਇਸ਼ਕ-ਮੁਸ਼ਕ ਅਤੇ ਰੋਮਾਂਸਵਾਦ ਤੋਂ ਕੋਹਾਂ ਦੂਰ ਇਹ ਨਾਵਲ ਦਿਲ ਨੂੰ ਹਲੂਨਣ ਵਾਲਾ ਹੈ। ਇਹ ਨਾਵਲ ਪੜ੍ਹਕੇ ਹਰ ਸਮਝਦਾਰ ਵਿਅਕਤੀ ਕੁਝ ਕੁ ਕੁਝ ਵਿਦਿਆਰਥੀਆਂ/ਪਰਵਾਸੀਆਂ/ਪੰਜਾਬੀ ਮਾਲਕ ਮਕਾਨਾਂ ਦੀਆਂ ਕੋਝੀਆਂ, ਅਣਮਨੁੱਖੀ ਤੇ ਗ਼ੈਰ ਕਾਨੂੰਨੀ ਕਾਰਵਾਈਆਂ ਕਰਕੇ ਚਿੰਤਾ ਵਿੱਚ ਡੁੱਬ ਜਾਵੇਗਾ। ਸੁਖਿੰਦਰ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਏ ਕੁਝ ਪੰਜਾਬੀ ਵਿਦਿਆਰਥੀਆਂ/ਪਰਵਾਸੀਆਂ/ਪੰਜਾਬੀ ਮਾਲਕ ਮਕਾਨਾਂ ਦੀਆਂ ਕਰੂਰ ਹਰਕਤਾਂ ਨੂੰ ਆਪਣੇ ਨਾਵਲ ਦੇ 30 ਚੈਪਟਰਾਂ ਵਿੱਚ ਲਿਖਕੇ ਪੰਜਾਬੀ ਵਿਦਿਆਰਥੀਆਂ/ਪਰਵਾਸੀਆਂ/ਮਾਲਕ ਮਕਾਨਾਂ ਦੀ ਬੀਮਾਰ ਮਾਨਸਿਕਤਾ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਸੁਖਿੰਦਰ ਦੇ ਨਾਵਲ ਲਿਖਣ ਦਾ ਢੰਗ ਬਾਕਮਾਲ ਹੈ, ਉਸਦਾ ਹਰ ਚੈਪਟਰ ਦ੍ਰਿਸ਼ਟਾਂਤਿਕ ਲੱਗਦਾ ਹੈ, ਵਿਦਿਆਰਥੀਆਂ/ਪਰਵਾਸੀਆਂ /ਪੰਜਾਬੀ ਮਾਲਕ ਮਕਾਨਾਂ ਦੀਆਂ ਕਾਰਵਾਈਆਂ ਪਾਠਕ ਦੇ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਜਾਂਦੀਆਂ ਹਨ। ਵੈਸੇ ਤਾਂ ਅਖ਼ਬਾਰਾਂ ਵਿੱਚ ਕੈਨੇਡਾ ਪੜ੍ਹਨ ਲਈ ਗਏ ਅਲੂਏਂ ਵਿਦਿਆਰਥੀਆਂ ਅਤੇ ਅਮੀਰਜ਼ਾਦਿਆਂ ਦੇ ਵਿਗੜੇ ਹੋਏ ਕਾਕਿਆਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ ਪ੍ਰੰਤੂ ਸੁਖਿੰਦਰ ਦਾ ਨਾਵਲ ਪੜ੍ਹਕੇ ਪੰਜਾਬੀ ਵਿਦਿਆਰਥੀਆਂ ਵੱਲੋਂ ਕੈਨੇਡਾ ਵਰਗੇ ਵਿਕਸਤ ਅਤੇ ਅਨੁਸਾਸ਼ਤ ਦੇਸ਼ ਦੀ ਬਾਕਮਾਲ ਪ੍ਰਬੰਧਕੀ ਪ੍ਰਣਾਲੀ ਨੂੰ ਖੜਦੁਮ ਮਚਾਕੇ ਤਹਿਸ-ਨਹਿਸ ਕਰਨ ਵਾਲੀਆਂ ਕਾਰਵਾਈਆਂ ਨੇ ਸੂਝਵਾਨ ਪੰਜਾਬੀਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਬੇਕਾਬੂ ਹੋਏ ਵਿਦਿਆਰਥੀ, ਗਲੀਆਂ/ਮੁਹੱਲਿਆਂ/ਪਾਰਕਿੰਗ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਵਿੱਚ ਗੜੁਚ ਹੋ ਕੇ ਉਚੀ ਆਵਾਜ਼ ਵਿੱਚ ਗਾਣੇ ਲਾ ਕੇ ਗ਼ੈਰ ਕਾਨੂੰਨੀ ਹਰਕਤਾਂ ਕਰਦੇ ਦਰਸਾਇਆ ਗਿਆ ਹੈ। ਬੇਰੋਜ਼ਗਾਰੀ ਦੀ ਮਾਰ ਕਰਕੇ ਪੜ੍ਹਾਈ/ਵਕੀਲਾਂ/ਜੋਤਸ਼ੀਆਂ ਦੀਆਂ ਫੀਸਾਂ ਦੇਣ ਲਈ ਨਸ਼ਾ ਵੇਚਣ/ਚੋਰੀਆਂ ਕਰਨ ਲੱਗ ਗਏ/ਗੈਂਗਸਟਰ ਬਣ ਗਏ। ਚੋਰੀਆਂ ਕਰਨ ਦੇ ਗਰੁਪ ਬਣਾ ਲਏ ਜਿਵੇਂ ‘ਕਾਰ ਚੋਰ ਗਰੁੱਪ’, ‘ਪੰਜਾਬੀ ਮੁੰਡੇ ਕਾਰ ਚੋਰ ਗਰੁੱਪ’ ਅਤੇ ‘ਜੈ ਮਾਤਾ ਚੋਰ ਗਰੁੱਪ’ ਆਦਿ। ਡਾਕੇ ਮਾਰਨੇ, ਸੂਰਮੇ ਕਹਾਉਣਾ ਤੇ ਪੰਜਾਬੀ ਗਾਇਕਾਂ ਦੇ ਘਰਾਂ ਅੱਗੇ ਗੋਲੀਆਂ ਚਲਾਕੇ ਤੇ ਕਾਰਾਂ ਨੂੰ ਅੱਗਾਂ ਲਗਾਕੇ ਡਰਾਉਣਾ ਤੇ ਫਿਰੌਤੀਆਂ ਮੰਗਣਾ ਆਮ ਹੋ ਗਿਆ। ਸਰਕਾਰੀ ਨੁਮਾਇੰਦਿਆਂ ਦੀ ਮਿਲੀ ਭੁਗਤ ਨਾਲ ਚੋਰੀਆਂ ਕਰਦੇ ਹਨ। ਕੁਝ ਕੁੜੀਆਂ ਤੋਂ ਕੈਨੇਡਾ ਦੀ ਆਜ਼ਾਦੀ ਸਾਂਭੀ ਨਾ ਗਈ ਤੇ ਭੱਟਕ ਕੇ ਦੁਰਵਰਤੋਂ ਕਰਨ ਲੱਗ ਗਈਆਂ। ਨੀਲੂ ਸ਼ਰਮਾ ਅਤੇ ਉਸਦੀਆਂ ਸਹੇਲੀਆਂ ਸ਼ਰਾਬ ਤੇ ਹੋਰ ਨਸ਼ਾ ਕਰਨ ਲੱਗ ਗਈਆਂ। ਚੰਡੀਗੜ੍ਹ ਇਨ੍ਹਾਂ ਲੜਕੀਆਂ ਦਾ ‘ਮੌਜ ਮੇਲਾ ਗਰੁੱਪ’ ਬਣਿਆਂ ਹੋਇਆ ਸੀ।
Êਪੰਜਾਬ ਵਿਚਲੀ ਬੇਰੋਜ਼ਗਾਰੀ, ਏਜੰਟਾਂ ਦੇ ਸਬਜ਼ਬਾਗ, ਸਿਆਸੀ ਭਰਿਸ਼ਟਾਚਾਰ ਅਤੇ ਨਸ਼ਿਆਂ ਦੇ ਬੋਲਬਾਲੇ ਕਰਕੇ ਮਾਪਿਆਂ ਨੇ ਬੱਚਿਆਂ ਦਾ ਭਵਿਖ ਸੁਨਹਿਰੀ ਬਣਾਉਣ ਦੇ ਇਰਾਦੇ ਨਾਲ ਕੈਨੇਡਾ ਵਿੱਚ ਭੇਜਣਾ ਬਿਹਤਰ ਸਮਝਿਆ। ਪਰ ਕੈਨੇਡਾ ਪਹੁੰਚਣ ਲਈ ਜਿਹੜੇ ਕਾਗਜ਼ੀ ਵਿਆਹਾਂ, ਜ਼ਾਹਲੀ ਆਈ ਲੈਟਸ, ਫਰਜ਼ੀ ਵੀਜੇ, ਝੂਠੇ ਦਸਤਾਵੇਜ਼ਾਂ ਨੇ ਕੈਨੇਡਾ ਵਰਗੇ ਅਗਾਂਹਵਧੂ ਦੇਸ਼ ਵਿੱਚ ਜਾ ਕੇ ਅਜਿਹਾ ਗੰਦ ਪਾਇਆ, ਉਸਨੇ ਤਾਂ ਪਹਿਲਾਂ ਵਸ ਰਹੇ ਪੰਜਾਬੀਆਂ ਦੀ ਵਿਰਾਸਤ ਨੂੰ ਦਾਗ਼ਦਾਰ ਕਰ ਦਿੱਤਾ। ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਦੇਣ ਵਾਲੇ ਅਧਿਕਾਰੀ ਵੀ ਇਸਦੇ ਜ਼ਿੰਮੇਵਾਰ ਹਨ, ਜਿਹੜੇ ਝੂਠੇ ਤੇ ਜ਼ਾਅਲੀ ਦਸਤਾਵੇਜ਼ ਚੈਕ ਕੀਤੇ ਬਿਨਾ ਹੀ ਵੀਜੇ ਦੇ ਦਿੰਦੇ ਹਨ। 700 ਵਿਦਿਆਰਥੀਆਂ ਦੇ ਦਸਤਾਵੇਜ਼ ਜਾਅਲੀ ਪਾਏ ਗਏ, ਉਨ੍ਹਾਂ ‘ਤੇ ਦੇਸ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਕਚਹਿਰੀਆਂ ਵਿੱਚ ਕੇਸ ਕਰਨ ਲਈ ਹਜ਼ਾਰਾਂ ਡਾਲਰਾਂ ਦੀ ਫੀਸ ਦੀ ਬਿਪਤਾ ਬਣੀ ਪਈ ਹੈ। ਦੀਵਾਲੀ ਵਰਗੇ ਪਵਿਤਰ ਤਿਓਹਾਰ ਨੂੰ ਪੰਜਾਬੀ ਕੈਨੇਡਾ ਵਿੱਚ ਰਹਿ ਰਹੇ ਪਰਵਾਸੀ ਦਹਾਕਿਆਂ ਤੋਂ ਸਦਭਾਵਨਾ ਨਾਲ ਮਨਾ ਰਹੇ ਸਨ, ਅਜਿਹੇ ਮੌਕੇ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਖਾਲਿਸਤਾਨੀ ਅਤੇ ਭਾਰਤ ਮਾਤਾ ਵਰਗੇ ਨਾਅਰੇ ਲਾ ਕੇ ਨਫ਼ਰਤ ਦਾ ਵਾਤਵਰਨ ਪੈਦਾ ਕਰ ਦਿੱਤਾ। ਲੋਕਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ। ਧਾਰਮਿਕ ਕੱਟੜਵਾਦੀ ਤੇ ਦਹਿਸ਼ਤਵਾਦੀ ਸੰਸਥਾਵਾਂ ਨੌਜਵਾਨਾਂ ਨੂੰ ਭਾਵਨਾਤਮਿਕ ਢੰਗ ਨਾਲ ਆਪਣੇ ਪੰਜਿਆਂ ਵਿੱਚ ਫਸਾਕੇ ਦੁਰਵਰਤੋਂ ਕਰ ਰਹੇ ਹਨ। ਏਅਰ ਇੰਡੀਆ ਕਨਿਸ਼ਕ ਹਵਾਈ ਜ਼ਹਾਜ ਦੇ ਹਾਦਸੇ ਤੋਂ ਬਾਅਦ ਸਿੱਖਾਂ ਦਾ ਅਕਸ ਵੀ ਖ਼ਰਾਬ ਹੋਇਆ ਸੀ। ਇੱਕ-ਇੱਕ ਕਮਰੇ/ਬੇਸਮੈਂਟਾਂ ਵਿੱਚ ਪੰਜ-ਪੰਜ ਵਿਦਆਰਥੀਆਂ ਦਾ ਰਹਿਣਾ, ਰੌਲਾ ਰੱਪਾ ਪਾਉਣਾ ਤੇ ਕਾਟੋ ਕਲੇਸ਼ ਕਰਦੇ ਰਹਿਣਾ ਸ਼ੋਭਾ ਨਹੀਂ ਦਿੰਦਾ। ਪੰਜਾਬੀ ਮਾਲਕ ਮਕਾਨ ਵੀ ਘੱਟ ਨਹੀਂ, ਜਿਹੜੇ ਵੱਧ ਕਿਰਾਇਆ ਲੈਂਦੇ ਸਨ ਅਤੇ ਲੜਕੇ/ਲੜਕੀਆਂ ਵੀ ਕਈ ਵਾਰੀ ਬਿਨਾ ਕਿਰਾਇਆ ਦਿੱਤੇ ਭੱਜ ਜਾਂਦੇ ਹਨ ਤੇ ਕਮਰਿਆਂ ਦੀ ਭੰਨ ਤੋੜ ਵੀ ਕਰ ਜਾਂਦੇ ਹਨ। ਸਾਂਝੇ ਕਿਚਨ ਵਿੱਚ ਵਿਦਿਆਰਥੀ ਪਰੌਂਠੇ ਬਣਾਕੇ ਵਾਤਾਵਰਨ ਦੂਸ਼ਤ ਕਰਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੜ੍ਹ ਆਉਣ ਨਾਲ ਕਿਰਾਏ ਦੁਗਣੇ ਹੋ ਗਏ। ਕੁਝ ਕਮਰਿਆਂ/ਬੇਸਮੈਂਟਾਂ ਵਿੱਚ 15-15 ਮੁੰਡੇ ਕੁੜੀਆਂ ਰਹਿ ਰਹੇ ਹਨ। ਖਾਸ ਤੌਰ ‘ਤੇ ਜਦੋਂ ਕੈਨੇਡਾ ਨੇ ਕਰੋਨਾ ਕਾਲ ਤੋਂ ਬਾਅਦ ਦੇਸ਼ ਦੀ ਲੜਖੜਾਈ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ 10+2 ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਦਾਖ਼ਲੇ ਦੀ ਇਜ਼ਾਜਤ ਦੇ ਦਿੱਤੀ ਤਾਂ ਅਲੜ੍ਹ ਮੁੰਡੇ ਕੁੜੀਆਂ ਆਉਣ ਲੱਗ ਪਏ। ਉਨ੍ਹਾਂ ਨੂੰ ਕੈਨੇਡਾ ਦੇ ਸਭਿਆਚਾਰ ਦੀ ਬੇਸਮਝੀ ਅਤੇ ਫੀਸਾਂ ਭਰਨ ਲਈ ਲਟਾਪੀਂਘ ਹੋਣਾ ਪੈ ਰਿਹਾ ਸੀ। ਅਜਿਹੇ ਹਾਲਾਤ ਵਿੱਚ ਲੜਕੀਆਂ ਦੀ ਐਕਸਪਲਾਇਟੇਸ਼ਨ ਹੋਣ ਲੱਗ ਪਈ। ਕੁਝ ਕੁ ਲੜਕੀਆਂ ਗ਼ਲਤ ਰਾਹ ਪੈ ਗਈਆਂ। ਕਾਗਜ਼ੀ ਵਿਆਹਾਂ ਵਾਲੇ 35-35 ਲੱਖ ਰੁਪਏ ਖ਼ਰਚਕੇ ਆਈ ਲੈਟ ਪਾਸ ਲੜਕੇ/ਲੜਕੀਆਂ ਇੱਕ ਦੂਜੇ ਨੂੰ ਕੈਨੇਡਾ ਪਹੁੰਚਕੇ ਧੋਖੇ ਦੇਣ ਲੱਗ ਪਏ, ਜਿਸ ਕਰਕੇ ਲੜਾਈ ਝਗੜੇ ਵੱਧ ਗਏ ਤੇ ਕੋਰਟ ਕਚਹਿਰੀਆਂ ਦੀ ਚੱਕਰ ਕੱਟਣੇ ਪੈਂਦੇ ਹਨ। ਰਾਜੇਸ਼ ਵਰਮਾ ਅਤੇ ਨੀਲੂ ਸ਼ਰਮਾ ਦੀ ਲੜਾਈ ਕਰਕੇ ਕੋਰਟ ਨੇ ਵੱਖੋ -ਵੱਖਰੇ ਰਹਿਣ ਦੇ ਹੁਕਮ ਕਰ ਦਿੱਤੇ। ਫਿਰ ਇਸ ਹਾਲਾਤ ਵਿੱਚ ਉਹ ਪੰਡਤਾਂ, ਮੁੱਲਾਂ, ਪਾਦਰੀਆਂ, ਜਿਊਲਰਜ਼, ਜੋਤਸ਼ੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਅਜਿਹੇ ਅੰਧ ਵਿਸ਼ਵਾਸੀ ਲੜਕੇ/ਲੜਕੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਲੁੱਟਦੇ ਹਨ, ਕਈ ਕੇਸਾਂ ਦਾ ਸੁਖਿੰਦਰ ਨੇ ਵਰਣਨ ਕੀਤਾ ਹੈ। ਅਜਿਹੇ ਹਾਲਾਤ ਵਿੱਚ ਨੀਲੂ ਸ਼ਰਮਾ ਗੁਮਰਾਹ ਹੋ ਜਾਂਦੀ ਹੈ, ਉਹ ਨਸ਼ੇ ਵੇਚਣ ਅਤੇ ‘ਹੀਰਾ ਮੰਡੀ ਸੈਕਸ ਵੈਬਸਾਈਟ’ ਬਣਾਕੇ ਨਿਆਣੀਆਂ ਕੁੜੀਆਂ ਨੂੰ ਇਸ ਧੰਧੇ ਵਿੱਚ ਜੋੜ ਲੈਂਦੀ ਹੈ। ਵੈਬਸਾਈਟ ‘ਤੇ ਕੁੜੀਆਂ ਦੀਆਂ ਤਸਵੀਰਾਂ ਅਤੇ ਰੇਟ ਲਿਖ ਦਿੰਦੀ ਹੈ। ਅਖ਼ੀਰ ਪੀਲ ਪੁਲਿਸ ਦੇ ਧੱਕੇ ਚੜ੍ਹ ਜਾਂਦੀ ਹੈ। ਪੰਜ ਸਾਲ ਦੀ ਸਜ਼ਾ ਤੇ 50 ਹਜ਼ਾਰ ਡਾਲਰ ਜੁਰਮਾਨਾ ਹੁੰਦਾ ਹੈ। ਫਿਰ ਉਹ ਸਾਰੀ ਕਹਾਣੀ ਜੇਲ੍ਹ ਵਿੱਚੋਂ ਅਖ਼ਬਾਰ ਨੂੰ ਚਿੱਠੀ ਲਿਖਕੇ ਹਿਰਦੇਵੇਦਿਕ ਢੰਗ ਨਾਲ ਦੱਸਦੀ ਹੈ। ਪ੍ਰਾਸਟੀਚਿਊਸ਼ਨ ਤੇ ਨਸ਼ਾ ਵੇਚਣ ਵਾਲੀਆਂ ਕੁੜੀਆਂ ਨੂੰ ਸੁਧਰਨ ਦੀ ਸਲਾਹ ਦੇਣ ਵਾਲਿਆਂ ਨੂੰ ਵੀ ਲੜਕੀਆਂ ਬਰਦਾਸ਼ਤ ਨਹੀਂ ਕਰਦੀਆਂ ਸਨ। ਅਖ਼ੀਰ ਕੁਝ ਕੁੜੀਆਂ ਤੇ ਮੁੰਡੇ ਖ਼ੁਦਕਸ਼ੀਆਂ ਵੀ ਕਰਦੇ ਹਨ। ਪਤੀ ਕਾਰ ਚੋਰ ਗਰੋਹਾਂ ਦੇ ਮੈਂਬਰ ਤੇ ਪਤਨੀਆਂ ਨਸ਼ੇ ਤੇ ਪ੍ਰਾਸਟੀਚਿਊਸ਼ਨ ਦਾ ਧੰਧਾ ਕਰਦੀਆਂ ਹਨ। ਇਹ ਨਾਵਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤ੍ਰਾਸਦੀ ਦਾ ਦਸਤਾਵੇਜ਼ ਹੈ, ਜਿਸ ਨੂੂੰ ਪੜ੍ਹਕੇ ਮਾਪੇ ਅੱਲ੍ਹੜ੍ਹ ਕੁੜੀਆਂ ਨੂੰ ਕੈਨੇਡਾ ਭੇਜਣ ਤੋਂ ਕੰਨੀ ਕਤਰਾਉਣਗੇ। ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਰਾਹੀਂ ਪਰਵਾਸ ਵਿੱਚ ਸੈਟਲ ਹੋਣ ਦੇ ਸਪਨੇ ਸਿਰਜਦੇ ਹਨ, ਜਿਸ ਕਰਕੇ ਉਹ ਬੱਚਿਆਂ ਨੂੰ ਪੜ੍ਹਨ ਦੇ ਬਹਾਨੇ ਭੇਜਦੇ ਹਨ। ਮਾਪੇ ਵਿਦਿਆਰਥੀਆਂ ਤੋਂ ਕਰਜ਼ੇ ਵਾਪਸ ਮੋੜਨ ਲਈ ਪੈਸਿਆਂ ਦੀ ਮੰਗ ਕਰਦੇ ਹਨ, ਜਦੋਂ ਕਿ ਪਰਵਾਸ ਵਿੱਚ ਡਾਲਰ ਕਮਾਉਣੇ ਅਤਿਅੰਤ ਔਖੇ ਹਨ। ਮਾਪੇ ਸਮਝਦੇ ਹਨ ਕਿ ਡਾਲਰ ਦਰਖਤਾਂ ਨਾਲ ਲੱਗੇ ਹੋਏ ਹਨ। ਕ੍ਰਿਮੀਨਲ ਲੋਕ ਗੈਂਗਸਟਰ ਵਿਦਿਆਰਥੀ ਵੀਜਿਆਂ ‘ਤੇ ਆ ਕੇ ਪਾਰਕਾਂ ਦੀਆਂ ਟਾਇਲਟਸ ਤੇ ਬਸ ਸਟੈਂਡਾਂ ਦੀ ਭੰਨ ਤੋੜ ਕਰਦੇ ਹਨ। ਭਾਰਤੀ/ਪੰਜਾਬੀ ਮੂਲ ਦੇ ਵਿਓਪਾਰੀ ਵਿਦਿਆਰਥੀਆਂ ਨੂੰ ਘੱਟ ਮਜ਼ਦੂਰੀ ਦਿੰਦੇ ਹਨ ਤੇ ਕਈ ਵਾਰੀ ਮਜ਼ਦੂਰੀ ਮਾਰ ਵੀ ਜਾਂਦੇ ਹਨ। ਵਰਕ ਪਰਮਿਟ ਦਿਵਾਉਣ ਦੇ ਹਜ਼ਾਰਾਂ ਡਾਲਰ ਲੈਂਦੇ ਹਨ। ਇਮੀਗ੍ਰੇਸ਼ਨ ਟ੍ਰੈਵਲ ਏਜੰਟ ਵੀ ਲੁੱਟਦੇ ਹਨ। ਹਰਦੀਪ ਨਿੱਜਰ ਦੇ ਕਤਲ ਵਿੱਚ ਦੋ ਸ਼ੱਕੀ ਅੰਤਰਰਾਸ਼ਟਰੀ ਵਿਦਿਆਰਥੀ ਗ੍ਰਿਫ਼ਤਾਰ ਵੀ ਹੋਏ। ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਵੀ ਗੈਂਗਸਟਰਾਂ ਨੂੰ ਉਤਸ਼ਾਹਤ ਕੀਤਾ। ਕਈ ਰੇਡੀਓ ਟਾਕਸ ਵਿੱਚ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਕਾਰਨਾਮਿਆਂ ਬਾਰੇ ਵਿਚਾਰ ਚਰਚਾ ਹੁੰਦੀ ਹੈ। ਜਿਹੜੇ ਸ਼ਰੀਫ਼ ਵਿਦਿਆਰਥੀ ਹਨ, ਉਨ੍ਹਾਂ ਦਾ ਰਹਿਣ ਸਹਿਣ ਤੇ ਵਿਵਹਾਰ ਕੈਨੇਡਾ ਦੇ ਸਟੈਂਡਰਡ ਦਾ ਨਹੀਂ ਹੁੰਦਾ। ਪਿਛਲੇ 50 ਸਾਲਾਂ ਵਿੱਚ ਕੋਈ ਪੰਜਾਬੀ ਭੀਖ ਮੰਗਦਾ ਨਹੀਂ ਵੇਖਿਆ ਪ੍ਰੰਤੂ ਅੰਤਰਾਸ਼ਟਰੀ ਵਿਦਿਆਰਥੀਆਂ ਨੇ ਭੀਖ ਮੰਗਣਾ ਸ਼ੁਰੂ ਕਰਕੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ।
ਨਾਵਲ ਪੜ੍ਹਕੇ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਭਾਰਤ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਕੈਨੇਡਾ ਸਰਕਾਰ ਦੀਆਂ ਲਿਬਰਲ ਨੀਤੀਆਂ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਖ਼ਰਾਬ ਕਰਨ ਵਿੱਚ ਯੋਗਦਾਨ ਪਾਇਆ ਹੈ। ਖਾਲਿਸਤਾਨੀਆਂ ਨੂੰ ਕੈਨੇਡਾ ਦੇ ਲਿਬਰਲ ਕਾਨੂੰਨਾਂ ਅਤੇ ਇਨ੍ਹਾਂ ਦੇ ਵਿਰੁੱਧ ਹਿੰਦੂ ਭਗਤਾਂ ਨੂੰ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਖਾਲਿਸਤਾਨੀਆਂ ਨੂੰ ਦਬਾਉਣ ਲਈ ਦਿੱਤੀ ਸਪੋਰਟ ਨਾਲ ਕੈਨੇਡਾ ਵਿੱਚ ਨਫ਼ਰਤ ਪੈਦਾ ਹੋਈ ਹੈ। ਸੁਖਿੰਦਰ ਨੇ ਨਾਵਲ ਵਿੱਚ ਸ਼ਬਦਾਵਲੀ ਠੇਠ ਮਲਵਈ ਵਰਤੀ ਹੈ, ਗਲਬਾਤੀ ਢੰਗ ਨਾਲ ਲਿਖਿਆ ਗਿਆ ਹੈ, ਜੋ ਦਿਲਚਸਪ ਵੀ ਹੈ। ਇੱਕ ਚੈਪਟਰ ਤੋਂ ਬਾਅਦ ਅਗਲਾ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਹੈ।
119 ਪੰਨਿਆਂ 100 ਰੁਪਏ, 10 ਡਾਲਰ ਕੀਮਤ ਵਾਲਾ ਨਾਵਲ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਸੁਖਿੰਦਰ : 4168587077
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡੋਨਾਲਡ ਟਰੰਪ ਦਾ ਬਰੇਨ ਚਾਈਲਡ : ਪ੍ਰਾਜੈਕਟ-2025 ਆਰ.ਐਸ.ਐਸ.ਦਾ ਦੂਜਾ ਰੂਪ - ਉਜਾਗਰ ਸਿੰਘ
ਪਹਿਲੀ ਟਰਮ ਵਿੱਚ ਟਰੰਪ ਉਸਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕਿਆ ਸੀ। ਹੁਣ ਉਸਨੂੰ ਅਮਲੀ ਜਾਮਾ ਪਹਿਨਾ ਰਿਹਾ ਹੈ। ਡੋਨਾਲਡ ਟਰੰਪ ਦਾ ਬਰੇਨ ਚਾਈਲਡ ‘ਪ੍ਰਾਜੈਕਟ-2025’ ਜੋ ਆਰ.ਐਸ.ਐਸ. ਦੀ ਨੀਤੀਆਂ ਦਾ ਦੂਜਾ ਰੂਪ ਹੈ, ਉਸਨੂੰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ‘ਤੇ ਪਹੁੰਚਾਉਣ ਵਿੱਚ ਕਾਰਗਰ ਸਾਬਤ ਹੋਇਆ ਹੈ। ਇਸ ਕਰਕੇ ਰਾਸ਼ਟਰਪਤੀ ਡੋਨਲਡ ਟਰੰਪ ਆਪਣਾ ਅਹੁਦਾ ਸੰਭਾਲਦਿਆਂ ਹੀ ‘ਪ੍ਰਾਜੈਕਟ-2025’ ਨੂੰ ਲਾਗੂ ਕਰਨ ‘ਤੇ ਉਤਰ ਆਏ ਹਨ, ਕਿਉਂਕਿ ਉਸਨੇ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਹੱਕਾਂ ‘ਤੇ ਪਹਿਰਾ ਦੇਣ ਦੀ ਜਿਹੜਾ ਵਾਅਦਾ ਕੀਤਾ ਸੀ, ਉਸ ‘ਤੇ ਹਰ ਹਾਲਤ ਵਿੱਚ ਅਮਲ ਕਰਨ ਵਿੱਚ ਜ਼ੋਰ-ਜ਼ਬਰਦਸਤੀ ਕਰ ਰਿਹਾ ਹੈ, ਜਿਵੇਂ ਭਾਰਤ ਵਿੱਚ ਨਰਿੰਦਰ ਮੋਦੀ ਕਰ ਰਿਹਾ ਹੈ। ਉਹ ਆਪਣੀ ਕਹੀ ਹਰ ਗੱਲ ਨੂੰ ਹੁਕਮ ਦੇ ਤੌਰ ‘ਤੇ ਲਾਗੂ ਕਰਨਾ ਚਾਹੁੰਦਾ ਹੈ, ਜਦੋਂ ਕਿ ਅਮਰੀਕਾ ਦੇ ਸੰਵਿਧਾਨ ਅਨੁਸਾਰ ਸਰਕਾਰ ਦਾ ਇੱਕ ਕਾਇਦਾ ਕਾਨੂੰਨ ਹੈ, ਉਸ ਅਨੁਸਾਰ ਹੀ ਕਾਰਜ ਪ੍ਰਣਾਲੀ ਕੰਮ ਕਰੇਗੀ। ਜਿਸ ਕਰਕੇ ਕਚਹਿਰੀਆਂ ਉਸਦੇ ਕਈ ਹੁਕਮਾ ‘ਤੇ ਪਾਬੰਦੀਆਂ ਲਾ ਚੁੱਕੀਆਂ ਹਨ। ਅਮਰੀਕਾ ਵਿੱਚ ਉਥੋਂ ਦੇ ਮੂਲ ਨਿਵਾਸੀ, ਜਿਨ੍ਹਾਂ ਨੂੰ ਰੈਡ ਇੰਡੀਅਨ ਕਿਹਾ ਜਾਂਦਾ ਹੈ, ਬਹੁਤ ਥੋੜ੍ਹੀ ਮਾਤਰਾ ਵਿੱਚ ਹਨ। ਵਰਤਮਾਨ ਸਮੇਂ ਬਹੁਤੇ ਅਮਰੀਕਨ ਸੰਸਾਰ ਦੇ ਹੋਰ ਦੇਸਾਂ ਤੋਂ ਪ੍ਰਵਾਸ ਕਰਕੇ ਹੀ ਅਮਰੀਕਾ ਵਿੱਚ ਆਏ ਹੋਏ ਹਨ। ਮੂਲ ਨਿਵਾਸੀਆਂ ਨੂੰ ਵੱਖਰੀਆਂ ਕਾਲੋਨੀਆਂ ਵਿੱਚ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਰਾਸ਼ਣ ਅਤੇ ਹੋਰ ਸਾਮਾਨ ਸਸਤੀਆਂ ਦਰਾਂ ‘ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਗਿਣਤੀ ਅਮਰੀਕਾ ਦੇ ਰਾਜ ਪ੍ਰਬੰਧ ਵਿੱਚ ਨਾ ਤਾਂ ਹਿੱਸੇਦਾਰ ਹੈ ਅਤੇ ਨਾ ਹੀ ਰਾਜ ਭਾਗ ਦੀ ਤਬਦੀਲੀ ਵਿੱਚ ਬਹੁਤਾ ਯੋਗਦਾਨ ਪਾ ਸਕਦੀ ਹੈ। ਉਹ ਆਰਾਮ ਪ੍ਰਸਤ ਲੋਕ ਹਨ। ਡੋਨਾਲਡ ਟਰੰਪ ਨੇ ਸਥਾਨਕ ਮੂਲ ਨਿਵਾਸੀ ਅਮਰੀਕੀਆਂ ਦੇ ਹਿੱਤਾਂ ‘ਤੇ ਪਹਿਰਾ ਦੇਣ ਦਾ ਅਜਿਹਾ ਪੱਤਾ ਖੇਡਿਆ ਜਿਹੜਾ ਟਰੰਪ ਲਈ ਸਾਰਥਿਕ ਸਾਬਤ ਹੋਇਆ, ਕਿਉਂਕਿ ਡੋਨਾਲਡ ਟਰੰਪ ਕਹਿੰਦਾ ਹੈ ਕਿ ਪ੍ਰਵਾਸੀਆਂ ਨੇ ਅਮਰੀਕਾ ਵਿੱਚ ਆ ਕੇ ਸਥਾਨਕ ਲੋਕਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਥਾਨਕ ਲੋਕ ਬੇਰੋਜ਼ਗਾਰ ਹੋ ਗਏ ਹਨ। ਹਾਲਾਂ ਕਿ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆਂ ਵੀ ਪ੍ਰਵਾਸੀ ਹੈ। ਪ੍ਰਵਾਸੀਆਂ ਨੇ ਅਮਰੀਕਾ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ। ਵਿਓਪਾਰੀ ਲੋਕਾਂ ਨੂੰ ਸਸਤੇ ਆਈ.ਟੀ.ਮਾਹਰ ਅਤੇ ਕਾਮੇ ਮਿਲ ਰਹੇ ਹਨ, ਇਸ ਕਰਕੇ ਬਹੁਤੇ ਵਿਓਪਾਰੀ ਟਰੰਪ ਦੀ ਇਸ ਨੀਤੀ ਨਾਲ ਸਹਿਮਤ ਨਹੀਂ ਹਨ, ਪ੍ਰੰਤੂ ਟਰੰਪ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਹਾਲਾਂਕਿ ਟਰੰਪ ਖੁਦ ਇੱਕ ਬਹੁਤ ਵੱਡਾ ਕਾਰੋਬਾਰੀ ਹੈ, ਉਸਨੇ ਜੋ ਆਪਣਾ ਏਜੰਡਾ ਬਣਾਇਆ ਹੈ, ਉਸਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ। ਉਸੇ ਲੜੀ ਵਿੱਚ ਉਸਨੇ ਸੰਸਾਰ ਵਿੱਚੋਂ ਗ਼ੈਰਕਾਨੂੰਨੀ ਢੰਗ ਨਾਲ ਆਏ ਪਰਵਾਸੀਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। 18000 ਗ਼ੈਰਕਾਨੂੰਨੀ ਭਾਰਤੀਆਂ ‘ਤੇ ਵੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ।
ਡੋਨਾਲਡ ਟਰੰਪ ਨੇ ਨਵੰਬਰ 2016 ਦੀ ਰਾਸ਼ਟਰਪਤੀ ਦੀ ਚੋਣ ਲੜਨ ਤੋਂ ਪਹਿਲਾਂ ਅਮਰੀਕਨਾ ਦੇ ਸੁਨਹਿਰੇ ਭਵਿਖ ਲਈ ਇੱਕ ਪ੍ਰਾਜੈਕਟ/ਯੋਜਨਾ ਬਣਾਈ ਸੀ। ਇਸ ਪ੍ਰਾਜੈਕਟ/ਯੋਜਨਾ ਦਾ 2023 ਦੇ ਸ਼ੁਰੂ ਵਿੱਚ ਜ਼ਬਰਦਸਤ ਚੋਣ ਪ੍ਰਚਾਰ ਟਰੰਪ ਟੀਮ ਨੇ ਕੀਤਾ, ਜਿਸ ਵਿੱਚ ਉਹ ਸਫ਼ਲ ਹੋ ਗਏ ਕਿਉਂਕਿ ਉਨ੍ਹਾਂ ਚੋਣ ਪ੍ਰਚਾਰ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਰਹੇ। ਇਸ ਪ੍ਰਾਜੈਕਟ/ਯੋਜਨਾ ਨੂੰ 37 ਵਿਅਕਤੀਆਂ/ਲੇਖਕਾਂ ਨੇ ਬਣਾਇਆ। ਇਨ੍ਹਾਂ 37 ਵਿਚੋਂ 27 ਵਿਅਕਤੀ/ਲੇਖਕ ਡੋਨਲਡ ਟਰੰਪ ਦੀ ਪਿਛਲੀ ਸਰਕਾਰ ਵਿੱਚ ਅਹਿਮ ਅਹੁਦਿਆਂ ‘ਤੇ ਨਿਯੁਕਤ ਸਨ ਅਤੇ ਬਾਕੀ 10 ਵੀ ਉਸਦੇ ਅਤਿਅੰਤ ਨਜ਼ਦੀਕੀ ਵਿਅਕਤੀ/ਲੇਖਕ ਹਨ। ਇਸ ਪ੍ਰਾਜੈਕਟ ਨੂੰ 100 ਤੋਂ ਵੱਧ ਰੂੜ੍ਹੀਵਾਦੀ ਸੰਗਠਨਾ ਦੇ ਨੈਟਵਰਕ ਦਾ ਸਮਰਥਨ ਪ੍ਰਾਪਤ ਹੈ। ਨਵੰਬਰ 2024 ਦੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਉਸਨੇ ਆਪਣੇ ਨਜ਼ਦੀਕੀਆਂ ਜਿਹੜੇ ‘ਹੈਰੀਟੇਜ ਫ਼ਾਊਂਡੇਸ਼ਨ’ ਦੇ ਬੈਨਰ ਹੇਠ ਕੰਮ ਕਰਦੇ ਹਨ, ਰਾਹੀਂ ਉਸ ਪੁਰਾਣੀ ਯੋਜਨਾ/ਪ੍ਰਾਜੈਕਟ ਨੂੰ ਨਵਾਂ ਰੂਪ ਦੇ ਕੇ ‘ਪ੍ਰਾਜੈਕਟ-2025’ ਦੇ ਬੈਨਰ ਹੇਠ ਬਣਾਇਆ। ਹੈਰੀਟੇਜ ਫ਼ਾਊਂਡੇਸ਼ਨ ਇੱਕ ਕਿਸਮ ਨਾਲ ਭਾਰਤ ਦੀ ਆਰ.ਐਸ.ਐਸ.ਦੀ ਤਰ੍ਹਾਂ ਹੈ, ਇਸਨੂੰ ਆਰ.ਐਸ.ਐਸ.ਦਾ ਦੂਜਾ ਰੂਪ ਕਿਹਾ ਜਾ ਸਕਦਾ ਹੈ। ਜਿਸਦਾ ਟੀਚਾ ਅਮਰੀਕਾ ਨੂੰ ਸੰਭਾਵੀ ਰੂਪ ਵਿੱਚ ਰੂੜ੍ਹੀਵਾਦੀ ਮੁੱਲਾਂ ਨੂੰ ਬਣਾਈ ਰੱਖਣ ਵਾਲੀ ਇੱਕ ਸਰਕਾਰੀ ਪ੍ਰਣਾਲੀ ਨੂੰ ਮੁੜ ਸਥਾਪਤ ਕਰਨਾ ਹੈ, ਜਿਸ ਵਿੱਚ ਪਰਿਵਾਰਿਕ ਮੁੱਲਾਂ ਦੀ ਪੁਨਰ ਸਥਾਪਨਾ, ਸਰਹੱਦਾਂ ਦੀ ਸੁਰੱਖਿਆ ਅਤੇ ਅਮਰੀਕਨਾ ਦੇ ਨਿੱਜੀ ਅਧਿਕਾਰਾਂ ਦੀ ਰੱਖਿਆ ਸ਼ਾਮਲ ਹੈ। ਇਸ ‘ਪ੍ਰਾਜੈਕਟ-2025’ ਦਾ ਡੋਨਲਡ ਟਰੰਪ ਨੇ ਧੂੰਆਂ ਧਾਰ ਹਮਲਾਵਰ ਢੰਗ ਨਾਲ ਚੋਣ ਪ੍ਰਚਾਰ ਕੀਤਾ। ਪ੍ਰਾਜੈਕਟ-2025, ਜਿਸਨੂੰ ਹੈਰੀਟੇਜ ਫ਼ਾਊਂਡੇਸ਼ਨ ਨੇ ਤਿਆਰ ਕੀਤਾ ਹੈ, ਇੱਕ ਰੂਪ ਰੇਖਾ ਹੈ ਜੋ ਡੋਨਾਲਡ ਟਰੰਪ ਦੇ ਸਰਕਾਰੀ ਏਜੰਡੇ ਨੂੰ ਪਰਿਭਾਸ਼ਤ ਕਰਦਾ ਹੈ। ਇਸ ਏਜੰਡੇ ਦਾ ਮੁੱਖ ਨਿਸ਼ਾਨਾ ‘ਪ੍ਰਸ਼ਾਸ਼ਨਿਕ ਰਾਜ ਨੂੰ ਦਰੁਸਤ ਕਰਨਾ ਹੈ, ਜਿਸ ਵਿੱਚ ਸਰਕਾਰੀ ਏਜੰਸੀਆਂ ਦੇ ਢਾਂਚੇ, ਨੀਤੀਆਂ ਅਤੇ ਕਰਮਚਾਰੀਆਂ ਨੂੰ ਮੂਲ ਰੂਪ ਵਿੱਚ ਬਦਲਣਾ ਸ਼ਾਮਲ ਹੈ। ‘ਪ੍ਰਾਜੈਕਟ-2025’ ਦੇ ਮੁੱਖ ਨਿਸ਼ਾਨੇ ਇਸ ਪ੍ਰਕਾਰ ਹਨ:
1-ਮੂਲ ਰੂਪ ਰੇਖਾ ਅਤੇ ਸਿਧਾਂਤ
ਇਹ ਪ੍ਰਾਜੈਕਟ ਚਾਰ ਮੁੱਖ ਥੰਮ੍ਹਾਂ ‘ਤੇ ਅਧਾਰਤ ਹੈ। ਨੀਤੀ ਏਜੰਡਾ, ਕਰਮਚਾਰੀ ਡਾਟਾਬੇਸ, ਪ੍ਰਸ਼ਾਸ਼ਨਿਕ ਸਿਖਲਾਈ ਅਤੇ ਪਹਿਲੇ 180 ਦਿਨਾ ਦੀ ਕਾਰਜ ਯੋਜਨਾ। ਇਸ ਪ੍ਰਾਜੈਕਟ ਦਾ ਮੁੱਖ ਮੁੱਦਾ ਰੂੜ੍ਹੀਵਾਦੀ ਮੁੱਲਾਂ ਨੂੰ ਬਣਾਈ ਰੱਖਣ ਵਾਲੀ ਇੱਕ ਸਰਕਾਰੀ ਪ੍ਰਣਾਲੀ ਨੂੰ ਮੁੜ ਸਥਾਪਿਤ ਕਰਨਾ ਹੈ, ਜਿਸ ਵਿੱਚ ਪਰਿਵਾਰਿਕ ਮੁੱਲਾਂ ਦੀ ਪੁਨਰ ਸਥਾਪਨਾ, ਸਰਹੱਦਾਂ ਦੀ ਸੁਰੱਖਿਆ ਅਤੇ ਨਿੱਜੀ ਅਧਿਕਾਰਾਂ ਦੀ ਰੱਖਿਆ ਸ਼ਾਮਲ ਹਨ।
2-ਪ੍ਰਮੁੱਖ ਨੀਤੀਗਤ ਸਿਫ਼ਾਰਸ਼ਾਂ
ਸਰਕਾਰੀ ਢਾਂਚੇ ਦਾ ਪੁਨਰਗਠਨ : ‘ਪ੍ਰਾਜੈਕਟ-2025’ ਵਿੱਚ ਸਿੱਖਿਆ ਵਿਭਾਗ (Department of Education) ਨੂੰ ਖ਼ਤਮ ਕਰਨ, ਸਰਕਾਰੀ ਕਰਮਚਾਰੀਆਂ ਦੀ ਭਰਤੀ ਪ੍ਰਕ੍ਰਿਆ ਨੂੰ ਰੱਦ ਕਰਨ ਅਤੇ ਨੌਕਰਸ਼ਾਹੀ ਨੂੰ ਘਟਾਉਣਾ ਦੀ ਸਿਫ਼ਾਰਸ਼ ਕਰਦਾ ਹੈ। ਇਹ ਹੈਡ ਸਟਾਰਟ ਪ੍ਰੋਗਰਾਮ ਦੇ ਪੂਰੇ ਖ਼ਾਤਮੇ ਦੀ ਵੀ ਮੰਗ ਕਰਦਾ ਹੈ, ਜੋ 8 ਲੱਖ ਤੋਂ ਵੱਧ ਬੱਚਿਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ।
ਸਮਾਜਿਕ ਨੀਤੀਆਂ ‘ਤੇ ਪ੍ਰਭਾਵ : ਪ੍ਰਸੂਤੀ ਸੰਬੰਧੀ ਅਧਿਕਾਰਾਂ ਨੂੰ ਸੀਮਤ ਕਰਨ, ਗਰਭਪਾਤ ਦੀਆਂ ਦਵਾਈਆਂ (ਜਿਵੇਂ ਕਿ ਮਿਫਪ੍ਰਿਸਟੋਨ) ‘ਤੇ ਪਾਬੰਦੀ ਲਗਾਉਣ ਅਤੇ LGBTQ+ ਅਧਿਕਾਰਾਂ ਵਿਰੁੱਧ ਕਾਰਵਾਈਆਂ ਦੀ ਯੋਜਨਾ ਬਣਾਈ ਗਈ ਹੈ। ਇਸਦੇ ਨਾਲ ਹੀ ਜਨਤਕ ਸੇਵਾ ਕਰਜ਼ਾ ਮਾਫ਼ੀ ਪ੍ਰੋਗਰਾਮ (Public Service Loan Forgiveness) ਨੂੰ ਖ਼ਤਮ ਕਰਨ ਦਾ ਪ੍ਰਸਤਾਵ ਹੈ।
ਆਰਥਿਕ ਅਤੇ ਪਰਿਵਾਰਸਨਾਮੀ ਨੀਤੀਆਂ : ਇਹ ਪ੍ਰਾਜੈਕਟ ਫਰਮਾ ਲਈ ਸਹਾਇਤਾ ਪ੍ਰੋਗਰਾਮਾ ਨੂੰ ਸੀਮਤ ਕਰਨ, ਜਨਤਕ ਆਵਾਜਾਈ ਦੇ ਫ਼ੰਡਿੰਗ ਨੂੰ ਘਟਾਉਣ ਅਤੇ ਜਲਵਾਯੂ ਨੂੰ ਲੈ ਕੇ ਨਿਯਮਾ ਨੂੰ ਖ਼ਤਮ ਕਰਨ ਦੀ ਗੱਲ ਕਰਦਾ ਹੈ। ਇਸਦੇ ਨਾਲ ਹੀ ਇਹ ‘ਰੀਮੇਨ ਇਨ ਮੈਕਸੀਕੋ’ ਨੀਤੀ ਨੂੰ ਮੁੜ ਲਾਗੂ ਕਰਨ ਅਤੇ ਸਰਹੱਦੀ ਕੰਧ ਦੇ ਨਿਰਮਾਣ ਨੂੰ ਤੇਜ਼ ਕਰਨ ਦੀ ਵਕਾਲਤ ਕਰਦਾ ਹੈ।
3-ਲਾਗੂ ਹੋਣ ਦੀ ਵਰਤਮਾਨ ਸਥਿਤੀ
ਟਰੰਪ ਪ੍ਰਸ਼ਾਸ਼ਨ ਦੀਆਂ ਸ਼ੁਰੂਆਤੀ ਕਾਰਵਾਈਆਂ : ਫ਼ਰਵਰੀ 2025 ਤੱਕ ਟਰੰਪ ਪ੍ਰਸ਼ਾਸ਼ਨ ਨੇ ਪਹਿਲਾਂ ਹੀ ਕਾਰਜਕਾਲੀ ਹੁਕਮ ਜ਼ਾਰੀ ਕੀਤੇ ਹਨ, ਜੋ ‘ਪ੍ਰਾਜੈਕਟ-2025’ ਦੀਆਂ ਸਿਫ਼ਾਰਸ਼ਾਂ ਨਾਲ ਮੇਲ ਖਾਂਦੇ ਹਨ। ਇਨ੍ਹਾਂ ਵਿੱਚ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣਾ, ਅਲਾਸਕਾ ਵਿੱਚ ਤੇਲ ਅਤੇ ਗੈਸ ਡ੍ਰਿÇਲੰਗ ਨੂੰ ਵਧਾਉਣ ਅਤੇ ਪਰਵਾਸੀ ਨੀਤੀਆਂ ਨੂੰ ਸਖ਼ਤ ਕਰਨ ਵਰਗੇ ਕਦਮ ਸ਼ਾਮਲ ਹਨ।
ਪ੍ਰਾਜੈਕਟ-2025 ਦੇ ਡਾਟਾਬੇਸ ਦੀ ਵਰਤੋਂ : ਚੋਣ ਪ੍ਰਚਾਰ ਦੌਰਾਨ ‘ਪ੍ਰਾਜੈਕਟ-2025’ ਨੂੰ ਦੂਰ ਰੱਖਣ ਦੇ ਬਾਵਜੂਦ ਟਰੰਪ ਟੀਮ ਹੁਣ ਇਸਦੇ ਕਰਮਚਾਰੀ ਡਾਟਾ ਬੇਸ ਦੀ ਵਰਤੋਂ 4000 ਤੋਂ ਵੱਧ ਸਿਆਸੀ ਨਿਯੁਕਤੀਆਂ ਲਈ ਉਮੀਦਵਾਰ ਚੁਣਨ ਲਈ ਕਰ ਰਹੀ ਹੈ। ਇਸ ਡਾਟਾ ਬੇਸ ਨੂੰ ‘ਰੂੜ੍ਹੀਵਾਦੀ LinkedInÓ ਵਜੋਂ ਦਰਸਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰੀ-ਵੈਟ ਕੀਤੇ ਗਏ ਉਮੀਦਵਾਰਾਂ ਦੀ ਜਾਣਕਾਰੀ ਸ਼ਾਮਲ ਹੈ।
ਵਿਵਾਦ ਅਤੇ ਅਸਹਿਮਤੀਆਂ : ਹਾਲਾਂਕਿ ਕਈ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਪ੍ਰੰਤੂ ਕੁਝ ਮਾਮਲਿਆਂ ਵਿੱਚ ਟਰੰਪ ਪ੍ਰਸ਼ਾਸ਼ਨ ਨੇ ‘ਪ੍ਰਾਜੈਕਟ-2025’ ਦੀਆਂ ਸਿਫ਼ਾਰਸ਼ਾਂ ਤੋਂ ਵੱਖਰੇ ਫ਼ੈਸਲੇ ਲਏ ਹਨ। ਉਦਾਹਰਣ ਲਈ ਜਨਮਜਾਤ ਨਾਗਰਿਕਤਾ (Birthright Citizenship) ਨੂੰ ਚੁਣੌਤੀ ਦੇਣ ਜਾਂ ਊਰਜਾ ਐਮਰਜੈਂਸੀ ਦੀ ਘੋਸ਼ਣਾ ਕਰਨ ਦੇ ਪ੍ਰਸਤਾਵਾਂ ਨੂੰ ਅਜੇ ਤੱਕ ਨਹੀਂ ਅਪਣਾਇਆ ਗਿਆ ਹੈ।
4-ਚੁਣੌਤੀਆਂ ਅਤੇ ਆਲੋਚਨਾਵਾਂ
ਕਾਨੂੰਨੀ ਅਤੇ ਸਮਾਜਿਕ ਵਿਰੋਧ : ਟੈਕਸਾਸ ਅਤੇ ਵਾਸ਼ਿੰਗਟਨ ਵਰਗੇ ਰਾਜਾਂ ਵਿੱਚ ‘ਪ੍ਰਾਜੈਕਟ- 2025’ ਦੀਆਂ ਨੀਤੀਆਂ ਦੀ ਪ੍ਰੀਖਣ ਕੀਤੀ ਜਾ ਰਹੀ ਹੈ, ਜਿਸ ਵਿੱਚ ਗਰਭਪਾਤ ਨੂੰ ਅਪ੍ਰਾਧਿਕ ਬਣਾਉਣ ਅਤੇ Çਲੰਗ-ਅਧਾਰਿਤ ਸੁਰੱਖਿਆ ਉਪਾਵਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਹ ਕਦਮ ਅਦਾਲਤਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ।
ਅਰਥਚਾਰੇ ‘ਤੇ ਪ੍ਰਭਾਵ : ਆਲੋਚਕਾਂ ਦਾ ਦਾਅਵਾ ਹੈ ਕਿ ‘ਪ੍ਰਾਜੈਕਟ-2025’ ਦੀਆਂ ਨੀਤੀਆਂ ਨਾਲ ਕਿਸਾਨਾਂ ਲਈ ਸਹਾਇਤਾ ਪ੍ਰੋਗਰਾਮ ਘਟਣਗੇ, ਜਨਤਕ ਆਵਾਜਾਈ ਦੇ ਬਜਟ ਵਿੱਚ ਕਟੌਤੀ ਹੋਵੇਗੀ ਅਤੇ ਮਜ਼ਦੂਰਾਂ ਦੇ ਅਧਿਕਾਰ ਘਟਣਗੇ। ਇਸਦੇ ਨਾਲ ਹੀ ਜਲਵਾਯੂ ਪਰਿਵਰਤਨ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਨੀਤੀਆਂ ਨੂੰ ਵਿਗਿਆਨਕ ਸਮੁਦਾਇ ਦੁਆਰਾ ਖ਼ਾਰਜ ਕੀਤਾ ਗਿਆ ਹੈ।
5-ਨਤੀਜੇ ਅਤੇ ਭਵਿਖ ਦੀਆਂ ਸੰਭਾਵਨਾਵਾਂ
‘ਪ੍ਰਾਜੈਕਟ-2025’ ਦਾ ਸਫ਼ਲ ਹੋਣਾ ਰਾਜਨੀਤਕ ਸਹਿਯੋਗ, ਨਿਆਂ ਪਾਲਿਕਾ ਦੀਆਂ ਪ੍ਰਤੀਕ੍ਰਿਆਵਾਂ ਅਤੇ ਜਨਤਕ ਪ੍ਰਤੀਕ੍ਰਿਆ ‘ਤੇ ਨਿਰਭਰ ਕਰੇਗਾ। ਹਾਲਾਂਕਿ ਇਸਦੇ ਸਮਰਥਕ ਇਸਨੂੰ ‘ਡੂੰਘੇ ਰਾਜ (4eep State)’ ਨੂੰ ਖ਼ਤਮ ਕਰਨ ਦਾ ਇੱਕ ਸਾਧਨ ਦੱਸਦੇ ਹਨ, ਪ੍ਰੰਤੂ ਵਿਰੋਧੀਆਂ ਨੇ ਇਸਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ ਹੈ ਭਵਿਖ ਵਿੱਚ ਇਸ ਪ੍ਰਾਜੈਕਟ ਦਾ ਪ੍ਰਭਾਵ ਅਮਰੀਕੀ ਸਮਾਜ ਦੇ ਹਰ ਪੱਖ ‘ਤੇ ਪਵੇਗਾ, ਜਿਸ ਵਿੱਚ ਸਿੱਖਿਆ, ਸਿਹਤ ਅਤੇ ਵਾਤਾਵਰਨ ਸ਼ਾਮਲ ਹਨ।
ਡੋਨਾਲਡ ਟਰੰਪ ‘ਪ੍ਰਾਜੈਕਟ-2025’ ਨੂੰ ਲਾਗੂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ, ਭਾਵੇਂ ਉਸਦੇ ਰਾਹ ਵਿੱਚ ਕਈ ਕਿਸਮ ਦੀਆਂ ਅੜਚਣਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਟਰੰਪ ਵੱਲੋਂ ਐਲਨ ਮਸਨ ਨਾਲ ਡੀਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸੈਂਸੀ (Deep State) ਖ਼ਰਚੇ ਘਟਾਉਣ ਵਾਲੇ ਵਿਭਾਗ ਦੇ ਕੋ ਚੇਅਰਮੈਨ ਨਾਮਜ਼ਦ ਭਾਰਤੀ ਮੂਲ ਦੇ ਅਮਰੀਕਨ ਵਿਵੇਕ ਰਾਮਾਸਵਾਮੀ ਨੇ ਪ੍ਰਵਾਸੀਆਂ ਸੰਬੰਧੀ ਟਰੰਪ ਦੇ ਫ਼ੈਸਲੇ ਨੂੰ ਲੈ ਕੇ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਟਰੰਪ ਆਪਣੇ ਫ਼ੈਸਲੇ ਲਾਗੂ ਕਰਵਾਉਣ ਲਈ ਬਜਿਦ ਹੈ। ਉਹ ਆਪਣੇ ਕਿਸੇ ਸਹਿਯੋਗੀ ਦੀ ਵੀ ਪਰਵਾਹ ਨਹੀਂ ਕਰਦਾ। ਕਈ ਵਾਰੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਸਿਆਸਤਦਾਨਾ ਵਾਂਗੂੰ ਅਜੀਬ ਕਿਸਮ ਦੀ ਤੱਥਾਂ ਤੋਂ ਬਿਨਾ ਹੀ ਬਿਆਨਬਾਜ਼ੀ ਕਰ ਜਾਂਦਾ ਹੈ। ਉਹ ਬਿਆਨਬਾਜ਼ੀ ਵੀ ਇੱਕ ਯੋਜਨਾ ਅਨੁਸਾਰ ਕੀਤੀ ਜਾਂਦੀ ਹੈ ਤਾਂ ਜੋ ਰਾਸ਼ਟਰਪਤੀ ਦੀ ਕਾਰਜਪ੍ਰਣਾਲੀ ਦਾ ਡਰ ਬਣਿਆਂ ਰਹੇ। ਅਜੇ ਤੱਕ ਤਾਂ ਡੋਨਾਲਡ ਟਰੰਪ ਨੇ ਸਰਕਾਰ ‘ਤੇ ਦਬਦਬਾ ਬਣਾਇਆ ਹੋਇਆ ਹੈ ਪ੍ਰੰਤੂ ਸੰਸਾਰ ਦੇ ਬਹੁਤੇ ਦੇਸ਼ ਉਸ ਦੀਆਂ ਨੀਤੀਆਂ ਦੀ ਹਮਾਇਤ ਨਹੀਂ ਕਰਦੇ। ਜੇਕਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਤਰ੍ਹਾਂ ਬਾਕੀ ਜਾਇਜ਼ ਢੰਗ ਨਾਲ ਅਮਰੀਕਾ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵੀ ਡੋਨਾਲਡ ਟਰੰਪ ਦਾ ਵਰਤਾਓ ਰਿਹਾ ਤਾਂ ਅਮਰੀਕਾ ਦੀ ਆਰਥਿਕਤਾ ਜਿਸਨੂੰ ਟਰੰਪ ਮਜ਼ਬੂਤ ਕਰਨ ਦੇ ਦਾਅਵੇ ਕਰ ਰਿਹਾ ਉਹ ਕਮਜ਼ੋਰ ਹੋ ਜਾਵੇਗੀ ਕਿਉਂਕਿ ਆਈ.ਟੀ.ਖੇਤਰ ਵਿੱਚ ਬਹੁਤਾ ਕੰਮ ਪਰਵਾਸੀ ਹੀ ਕਰਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ‘ਵਹਿਣ ਦਰਿਆਵਾਂ ਦੇ’ ਪ੍ਰੇਰਨਾ ਸ੍ਰੋਤ - ਉਜਾਗਰ ਸਿੰਘ
ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ‘ਵਹਿਣ ਦਰਿਆਵਾਂ ਦੇ’ ਦਿਹਾਤੀ ਸਭਿਆਚਾਰ, ਸਰਕਾਰੀ ਤੰਤਰ ਤੇ ਨੌਕਰੀਤੰਤਰ ਦੀ ਪ੍ਰਣਾਲੀ ਦਾ ਨਮੂਨਾ ਹੈ। ਇਹ ਸਵੈ-ਜੀਵਨੀ ਪਰੰਪਰਾਗਤ ਢੰਗ ਨਾਲ ਲਿਖੀਆਂ ਗਈਆਂ ਜੀਵਨੀਆਂ ਵਰਗੀ ਨਹੀਂ ਹੈ। ਇਹ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਅਤੇ ਜ਼ਿੰਦਗੀ ਵਿੱਚ ਵਿਚਰਦਿਆਂ ਹੋਏ ਤਜ਼ਰਬਿਆਂ ਦੀ ਜਾਣਕਾਰੀ ‘ਤੇ ਅਧਾਰਤ ਹੈ। ਬਾਬੂ ਸਿੰਘ ਰੈਹਲ ਸਰਬਾਂਗੀ ਬਹੁ-ਵਿਧਾਵੀ ਲੇਖਕ ਹੈ। ਉਸਨੇ ਕਵਿਤਾ, ਗੀਤ, ਗ਼ਜ਼ਲ, ਵਾਰਤਕ ਅਤੇ ਕਹਾਣੀਆਂ ਲਿਖੀਆਂ ਹਨ। ਉਸ ਦੇ ਚਾਰ ਕਹਾਣੀ ਸੰਗ੍ਰਹਿ ਅਤੇ ਦੋ ਵਾਰਤਕ ਦੀਆਂ ਮੌਲਿਕ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹ ਦੋ ਪੁਸਤਕਾਂ ਦਾ ਸਹਿ ਮੁੱਖ ਸੰਪਾਦਕ ਹੈ। ‘ਵਹਿਣ ਦਰਿਆਵਾਂ ਦੇ’ ਉਸਦੀ ਸੱਤਵੀਂ ਪੁਸਤਕ ਹੈ। ਉਸਨੇ ਆਪਣੀ ਇਸ ਸਵੈ-ਜੀਵਨੀ ਨੂੰ 17 ਭਾਗਾਂ ਵਿੱਚ ਵੰਡਿਆ ਹੈ। ਉਸਨੇ ਬਚਪਨ ਤੋਂ ਲੈ ਕੇ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਬਿਆਨ ਕੀਤੀ ਹੈ। ਜੇ ਉਸਨੂੰ ਦਿਹਾਤੀ ਜੀਵਨ, ਸਰਕਾਰੀ/ਨੌਕਰੀਤੰਤਰ ਦੀ ਪ੍ਰਣਾਲੀ ਅਤੇ ਕੁਦਰਤ ਦਾ ਦ੍ਰਿਸ਼ਟਾਂਤਿਕ ਚਿਤੇਰਾ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਉਸਨੇ ਆਪਣੀ ਸਵੈ-ਜੀਵਨੀ ਵਿੱਚ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੇ ਨਾਲ ਪਿੰਡਾਂ ਦੇ ਲੋਕਾਂ ਅਤੇ ਸਰਕਾਰੀ ਮੁਲਾਜ਼ਮਾ ਦੀ ਨੌਕਰੀ ਦੌਰਾਨ ਜਦੋਜਹਿਦ ਦਾ ਵੀ ਬਾਖ਼ੂਬੀ ਨਾਲ ਵਰਣਨ ਕੀਤਾ ਹੈ। ਪਿੰਡਾਂ ਦੀ ਰਹਿਤਲ ਬਾਰੇ ਲਿਖਦਿਆਂ ਉਸਨੇ ਪੁਰਾਣੇ ਤੇ ਆਧੁਨਿਕ ਸਮੇਂ ਦੀਆਂ ਪ੍ਰਸਥਿਤੀਆਂ ਬਾਰੇ ਵਿਆਖਿਆ ਨਾਲ ਲਿਖਿਆ ਹੈ। ਪਿੰਡਾਂ ਦੇ ਲੋਕ ਘੱਟ ਸਹੂਲਤਾਂ ਦੀ ਅਣਹੋਂਦ ਕਰਕੇ ਆਪਣੇ ਪਰਿਵਾਰਾਂ ਦੇ ਨਿਰਬਾਹ ਲਈ ਹਮੇਸ਼ਾ ਲਟਾਪੀਂਘ ਹੋਏ ਰਹਿੰਦੇ ਹਨ, ਪ੍ਰੰਤੂ ਉਹ ਸੰਤੁਸ਼ਟਤਾ, ਹੌਸਲੇ, ਦਲੇਰੀ ਅਤੇ ਮਿਹਨਤ ਦਾ ਮੁਜੱਸਮਾ ਹੁੰਦੇ ਹਨ। ਪਿੰਡਾਂ ਵਿੱਚ ਹਰ ਵਰਗ, ਜ਼ਾਤ ਤੇ ਫਿਰਕੇ ਦੇ ਲੋਕ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਹਮੇਸ਼ਾ ਸਦਭਾਵਨਾ ਦਾ ਵਾਤਾਵਰਨ ਬਣਿਆਂ ਰਹਿੰਦਾ ਹੈ ਤੇ ਇੱਕ ਦੂਜੇ ‘ਤੇ ਨਿਰਭਰ ਹੁੰਦੇ ਹਨ। ਇੱਕਾ-ਦੁੱਕਾ ਲੋਕ ਜ਼ਾਤ-ਪਾਤ ਦੇ ਬੰਧਨਾਂ ਵਿੱਚ ਵੀ ਬੱਝੇ ਹੁੰਦੇ ਹਨ। ਸਾਰੇ ਧਰਮਾ ਦੇ ਧਾਰਮਿਕ ਸਥਾਨ ਹੁੰਦੇ ਹਨ, ਜੋ ਆਪਸੀ ਸਹਿਹੋਂਦ, ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੁੰਦੇ ਹਨ। ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਧਾਰਮਿਕ ਵੰਡੀਆਂ ਨਹੀਂ ਹੁੰਦੀਆਂ, ਨਫ਼ਰਤ ਕੋਹਾਂ ਦੂਰ ਹੁੰਦੀ ਹੈ। ਬਾਬੂ ਸਿੰਘ ਰੈਹਲ ਨੇ ਦਿਹਾਤੀ ਸਭਿਆਚਾਰ ਦੀ ਤਸਵੀਰ ਖਿੱਚਕੇ ਰੱਖ ਦਿੱਤੀ ਹੈ। ਦਿਹਾਤੀ ਖੇਡਾਂ ਵੀ ਲੋਕਾਂ ਵਿੱਚ ਸਪੋਰਟਸਮੈਨ ਸਪਿਰਟ ਪੈਦਾ ਕਰਦੀਆਂ ਹਨ। ਪਿੰਡਾਂ ਵਿੱਚ ਹੋਣ ਵਾਲੇ ਮੇਲੇ, ਸਮਾਜਿਕ ਇਕੱਠ, ਘੋਲ-ਕੁਸ਼ਤੀਆਂ ਅਤੇ ਕਵੀਸ਼ਰੀਆਂ, ਦੁਸਹਿਰੇ ਨੂੰ ਸਾਂਝੀ ਲਗਾਉਣਾ ਆਦਿ ਦਿਹਾਤੀ ਵਿਰਾਸਤ ਦੀ ਲੋਕ ਧਾਰਾ ਦਾ ਅੰਗ ਬਣ ਚੁੱਕੇ ਹਨ, ਉਨ੍ਹਾਂ ਬਾਰੇ ਵਿਸਤਾਰ ਨਾਲ ਲਿਖਿਆ ਹੈ। ਪਿੰਡਾਂ ਵਿੱਚ ਜ਼ਿਮੀਦਾਰਾਂ ਦੇ ਪਟਵਾਰੀਆਂ ਵੱਲੋਂ ਪਾਏ ਪੰਗਿਆਂ ਕਰਕੇ ਝਗੜੇ ਝੇੜੇ ਆਮ ਜਿਹੀ ਗੱਲ ਹੈ। ਪ੍ਰੰਤੂ ਇਹ ਲੋਕ ਇੱਕ ਦੂਜੇ ਦੇ ਸਹਾਈ ਤੇ ਦੁੱਖ-ਸੁੱਖ ਦੇ ਸਾਥੀ ਬਣਦੇ ਹਨ। ਇਹ ਸਾਡੇ ਪੰਜਾਬੀ ਸਭਿਆਚਾਰ ਦਾ ਹਿੱਸਾ ਹਨ। ਇਸ ਸਵੈ-ਜੀਵਨੀ ਵਿੱਚ ਲੇਖਕ ਨੇ ਕੁਦਰਤੀ ਵਾਤਾਵਰਨ ਨੂੰ ਵੀ ਕਮਾਲ ਦਾ ਚਿਤਰਿਆ ਹੈ। ਭਾਵੇਂ ਪੁਸਤਕ ਵਿੱਚ ਕਿਤੇ-ਕਿਤੇ ਦੁਹਰਾਓ ਵੀ ਹੈ ਪ੍ਰੰਤੂ ਰੌਚਿਕਤਾ ਬਰਕਰਾਰ ਤੇ ਪੁਸਤਕ ਪੜ੍ਹਨ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਬਾਬੂ ਸਿੰਘ ਰੈਹਲ ਦੀ ਸ਼ਬਦਾਵਲੀ ਠੇਠ ਮਲਵਈ, ਰਸਮਈ, ਕਾਵਿਮਈ ਅਤੇ ਸ਼ੈਲੀ ਵੀ ਦਰਿਆਵਾਂ ਦੇ ਵਹਿਣ ਦੀ ਤਰ੍ਹਾਂ ਦਿਲ ਨੂੰ ਟੁੰਬਣ ਵਾਲੀ ਹੈ ਕਿਉਂਕਿ ਉਸਨੇ ਸਾਹਿਤਕ ਪਿਉਂਦ ਦਿੱਤੀ ਹੋਈ ਹੈ। ਇੱਕ ਕਿਸਮ ਨਾਲ ਉਸਦੀ ਇਹ ਸਾਹਿਤਕ ਸਵੈ-ਜੀਵਨੀ ਵੀ ਹੈ, ਕਿਉਂਕਿ ਉਸਨੇ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਹੈ। ਉਸਨੂੰ ਸਾਹਿਤਕ ਮਸ ਕਿਵੇਂ ਲੱਗੀ, ਉਸਤੋਂ ਬਾਅਦ ਲੜੀਵਾਰ ਕਿਵੇਂ ਤੇ ਕਿੱਥੇ-ਕਿੱਥੇ ਰਹਿੰਦਿਆਂ ਵਿਕਸਤ ਹੋਈ। ਸਾਹਿਤ ਸਭਾਵਾਂ ਵਿੱਚ ਬਾਬੂ ਸਿੰਘ ਰੈਹਲ ਨੇ ਆਪਣੇ ਯੋਗਦਾਨ ਅਤੇ ਆਪਣੀਆਂ ਕਹਾਣੀਆਂ ਦੇ ਸਫਰ ਦਾ ਚਿੱਠਾ ਲਿਖਿਆ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਣ ਅਤੇ ਵੱਡੇ ਸਾਹਿਤਕਾਰਾਂ ਨੂੰ ਮਿਲਣ ਦੇ ਇਤਫਾਕ ਤੇ ਮਿਲੇ ਮੋਹ-ਮੁਹੱਬਤ ਤੇ ਆਸ਼ੀਰਵਾਦ ਦਾ ਵੀ ਵਰਣਨ ਕੀਤਾ ਹੈ। ਲੇਖਕ ਦੇ ਆਪਣੇ ਵਿਭਾਗ ਦੀ ਯੂਨੀਅਨ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨਾਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਵੀ ਲਿਖਿਆ ਗਿਆ ਹੈ। ਬਾਬੂ ਸਿੰਘ ਰੈਹਲ ਦੀ ਨੌਕਰੀ ਸਮੇਂ ਉਸਦੇ ਆਪਣੇ ਦਫ਼ਤਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਜਿਥੇ ਕਿਤੇ ਵੀ ਉਹ ਰਿਹਾ, ਆਂਢੀਆਂ ਗੁਆਂਢੀਆਂ ਤੇ ਉਥੋਂ ਦੇ ਸਥਾਨਕ ਵਸਨੀਕਾਂ ਨਾਲ ਭਾਈਚਾਰਕ ਸਾਂਝ ਬਾਰੇ ਵੀ ਲਿਖਿਆ ਗਿਆ ਹੈ, ਜਿਸਤੋਂ ਪਤਾ ਲੱਗਦਾ ਹੈ ਕਿ ਉਸਦੇ ਦੋਸਤੀ ਵਾਲੇ ਸੰਬੰਧ ਨੌਕਰੀ ਅਤੇ ਸਮਾਜਿਕ ਜੀਵਨ ਵਿੱਚ ਸਫ਼ਲ ਹੋਣ ਵਿੱਚ ਸਹਾਇਕ ਸਾਬਤ ਹੁੰਦੇ ਰਹੇ ਹਨ ਅਤੇ ਸਮਾਜਿਕ ਵਾਤਵਰਨ ਸਦਭਾਵਨਾ ਵਾਲਾ ਤੇ ਸੁੱਖਦਾਈ ਰਿਹਾ ਹੈ। 25 ਸਾਲ ਦੀ ਉਮਰ ਵਿੱਚ ਲੇਖਕ ਨੂੰ ਪੱਕੀ ਨੌਕਰੀ ਮਿਲ ਗਈ ਸੀ ਅਤੇ 30 ਸਾਲ ਦੀ ਉਮਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਦੋ ਬੱਚੇ ਲੜਕਾ ਤੇ ਲੜਕੀ ਦੋਹਾਂ ਨੂੰ ਪੜ੍ਹਾਇਆ ਤੇ ਜ਼ਿੰਦਗੀ ਵਿੱਚ ਸੈਟਲ ਕਰਵਾਇਆ। ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਤਰੱਕੀਆਂ ਕਰਦਾ ਰਿਹਾ। ਬਾਬੂ ਸਿੰਘ ਰੈਹਲ ਦਾ ਜਨਮ ਪਿਤਾ ਅਰਜਣ ਸਿੰਘ ਦੇ ਘਰ ਦਲੀਪ ਕੌਰ ਦੀ ਕੁੱਖੋਂ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਮਲ੍ਹੇਵਾਲ ਵਿਖੇ 17 ਅਗਸਤ 1941 ਨੂੰ ਹੋਇਆ (ਉਦੋਂ ਨਾਭਾ ਰਿਆਸਤ)। ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਗਿਆਨੀ, ਬੀ.ਏ. ਅਤੇ ਐਮ.ਏ ਉਸਨੇ ਨੌਕਰੀ ਕਰਦਿਆਂ ਹੀ ਪਾਸ ਕੀਤੀਆਂ। ਉਸਨੂੰ ਜ਼ਿੰਦਗੀ ਵਿੱਚ ਸਥਾਪਤ ਹੋਣ ਲਈ ਅਨੇਕਾਂ ਵੇਲਣ ਵੇਲਣੇ ਪਏ। ਪਿਤਾ ਨਾਲ ਖੇਤੀ ਦਾ ਕੰਮ ਵੀ ਕਰਨਾ ਪਿਆ ਪ੍ਰੰਤੂ ਸਿਹਤ ਕਮਜ਼ੋਰ ਹੋਣ ਕਰਕੇ ਨੌਕਰੀ ਨੂੰ ਤਰਜੀਹ ਦਿੱਤੀ। ਪਟਵਾਰੀ ਦੀ ਸਿੱਖਿਆ ਪ੍ਰਾਪਤ ਵੀ ਕੀਤੀ, ਨਹਿਰੀ ਵਿਭਾਗ ਵਿੱਚ ਕੲਂੀ ਛੋਟੀਆਂ-ਛੋਟੀਆਂ ਐਡਹਾਕ ਨੌਕਰੀਆਂ ਵੀ ਕੀਤੀਆਂ ਅਤੇ ਅਖ਼ੀਰ ਡਾਕ ਤਾਰ ਵਿਭਾਗ ਵਿੱਚ ਤਾਰ ਬਾਬੂ ਤੋਂ ਸ਼ਰੂ ਕਰਕੇ ਸੀਨੀਅਰ ਟੈਲੀਗ੍ਰਾਫ਼ ਮਾਸਟਰ ਦੇ ਅਹੁਦੇ ਤੱਕ ਪਹੁੰਚ ਗਿਆ। ਆਮ ਤੌਰ ‘ਤੇ ਸਵੈ-ਜੀਵਨੀਆਂ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਹੀ ਲਿਖਿਆ ਜਾਂਦਾ ਹੈ ਪ੍ਰੰਤੂ ਬਾਬੂ ਸਿੰਘ ਰੈਹਲ ਨੇ ਆਪਣੀਆਂ ਕਮਜ਼ੋਰੀਆਂ ਵੀ ਬੇਬਾਕੀ ਨਾਲ ਲਿਖੀਆਂ ਹਨ। ਦਿਹਾਤੀ ਕਿਸਾਨੀ ਪਰਿਵਾਰਾਂ ਦੀਆਂ ਸਮੱਸਿਆਵਾਂ, ਘਰੇਲੂ ਖਿੱਚੋਤਾਣ ਅਤੇ ਪਰਿਵਾਰਾਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਰਕੇ ਭਰਾਵਾਂ ਵਿੱਚ ਨਿੱਕੇ-ਮੋਟੇ ਮਨ-ਮੁਟਾਵਾਂ ਬਾਰੇ ਵੀ ਬੇਝਿਜਕ ਹੋ ਕੇ ਲਿਖਿਆ ਹੈ ਪ੍ਰੰਤੂ ਇਸ ਤੋਂ ਇੱਕ ਸਬਕ ਮਿਲਦਾ ਹੈ ਕਿ ਸਬਰ ਸੰਤੋਖ ਵਾਲੇ ਵਿਅਕਤੀ ਨੂੰ ਹਮੇਸ਼ਾ ਸਫ਼ਲਤਾ ਮਿਲਦੀ ਹੈ। ਉਸਦੀ ਜ਼ਿੰਦਗੀ ਦੀ ਜਦੋਜਹਿਦ ਨੌਜਵਾਨਾ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦੀ ਹੈ। ਪੋਸਟ ਤੇ ਟੈਲੀਗ੍ਰਾਫ਼ ਵਿਭਾਗ ਦੀ ਯੂਨੀਅਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਰਕੇ ਬਾਬੂ ਸਿੰਘ ਰੈਹਲ ਨੇ ਸਮੁੱਚੇ ਭਾਰਤ ਅਤੇ ਨਾਲ ਲਗਦੇ ਭੁਟਾਨ ਤੇ ਸਿਕਮ ਦੇ ਸੈਰ ਸਪਾਟਾ ਵਾਲੇ ਇਲਾਕਿਆਂ ਦੀ ਖ਼ੂਬ ਸੈਰ ਕੀਤੀ। ਯੂਨੀਅਨ ਦੀਆਂ ਕਾਨਫ਼ਰੰਸਾਂ ਵਿੱਚ ਰੇਲ, ਬਸ ਅਤੇ ਸਮੁੰਦਰ ਰਾਹੀਂ ਸਫ਼ਰ ਕਰਦਿਆਂ ਲੇਖਕ ਨੇ ਕੁਦਰਤ ਦੀ ਕਾਇਨਾਤ ਬਾਰੇ ਬੜੇ ਸੁੰਦਰ ਅਤੇ ਸੁਹਾਵਣੇ ਵਾਤਾਵਰਨ ਬਾਰੇ ਕਮਾਲ ਦੀ ਸ਼ਬਦਾਵਲੀ ਨਾਲ ਵਰਣਨ ਕੀਤਾ ਹੈ। 11ਤੋਂ 17 ਚੈਪਟਰਾਂ ਵਿੱਚ ਤਾਂ ਉਸ ਨੇ ਆਪਣੀਆਂ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਣ, ਸੈਰ ਸਪਾਟਾ ਸਥਾਨਾਂ, ਅਜਾਇਬ ਘਰ, ਕਿਲੇ, ਬੀਚਜ਼, ਧਾਰਮਿਕ ਮੰਦਰਾਂ ਗੁਰਦੁਆਰਿਆਂ ਅਤੇ ਇਤਿਹਾਸਕ ਥਾਵਾਂ ਦੀ ਯਾਤਰਾ ਦਾ ਵਿਸਤਾਰ ਨਾਲ ਵਿਵਰਣ ਦਿੱਤਾ ਹੈ। ਬਾਬੂ ਸਿੰਘ ਰੈਹਲ ਦੀ ਸਵੈ-ਜੀਵਨੀ ਪੜ੍ਹਕੇ ਪਤਾ ਲੱਗਿਆ ਹੈ ਕਿ ਉਸਨੇ ਭਾਰਤ ਦੇ ਲਗਪਗ ਸਾਰੇ ਮਹੱਤਵਪੂਰਨ ਸੈਰ ਸਪਾਟਾ ਸਥਾਨਾ ਅਤੇ ਮੰਦਰਾਂ ਦੇ ਦਰਸ਼ਨ ਕੀਤੇ ਹਨ। ਇਨ੍ਹਾਂ ਪਵਿਤਰ ਸਥਾਨਾ ਤੇ ਕੀਤੀ ਚਿਤਰਕਾਰੀ ਬਾਰੇ ਬਿਹਤਰੀਨ ਢੰਗ ਨਾਲ ਲਿਖਿਆ ਹੈ। ਇਹ ਵੀ ਪਤਾ ਲੱਗਦਾ ਹੈ ਕਿ ਉਹ ਉਸਨੂੰ ਮਿਲਣ ਵਾਲੇ ਹਰ ਵਿਅਕਤੀ ਨਾਲ ਪਰਿਵਾਰਿਕ ਸੰਬੰਧ ਬਣਾ ਕੇ ਵਿਚਰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਆਲ ਇੰਡੀਆ ਬੀ.ਐਸ.ਐਨ.ਐਲ.ਪੈਨਸਨਰਜ਼ ਐਸੋਸੀਏਸ਼ਨ ਦਾ ਮੈਂਬਰ ਬਣਕੇ ਵਿਚਰਦਾ ਆ ਰਿਹਾ ਹੈ।
159 ਪੰਨਿਆਂ, 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ : ਬਾਬੂ ਸਿੰਘ ਰੈਹਲ 6284121600
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
30 ਮਾਰਚ ਨੂੰ ਏ.ਡੀ.ਸੀ. ਵਿਕਾਸ ਮੁਕਤਸਰ ਸੁਰਿੰਦਰ ਸਿੰਘ ਢਿਲੋਂ ਦੇ ਮਾਤਾ ਦੇ ਭੋਗ ‘ਤੇ ਵਿਸ਼ੇਸ਼ - ਉਜਾਗਰ ਸਿੰਘ
ਸਬਰ, ਸੰਤੋਖ ਤੇ ਹੌਸਲੇ ਦੀ ਮੂਰਤ : ਮਾਤਾ ਮਹਿੰਦਰ ਕੌਰ ਢਿਲੋਂਮਾਤਾ ਮਹਿੰਦਰ ਕੌਰ ਢਿਲੋਂ ਸਬਰ, ਸੰਤੋਖ, ਨਮਰਤਾ, ਹਲੀਮੀ ਅਤੇ ਹੌਸਲੇ ਦਾ ਮੁਜੱਸਮਾ ਸਨ। ਉਹ 20 ਮਾਰਚ 2025 ਨੂੰ 83 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 15 ਮਈ 1990 ਦੀ ਕਾਲੀ ਬੋਲੀ ਰਾਤ ਨੂੰ ਮਾਤਾ ਮਹਿੰਦਰ ਕੌਰ ਦੇ ਪਰਿਵਾਰ ‘ਤੇ ਕਾਲੇ ਦਿਨਾਂ ਦਾ ਕਹਿਰ ਵਾਪਰ ਗਿਆ, ਉਨ੍ਹਾਂ ਦੇ ਪਤੀ ਕਾਮਰੇਡ ਜਸਵੰਤ ਸਿੰਘ ਸਰਪੰਚ ਪਿੰਡ ਢਿਲਵਾਂ ਅਤੇ ਲੜਕੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਮਹਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਏ ਸਨ। ਮਾਤਾ ਮਹਿੰਦਰ ਕੌਰ ਨੇ ਪਤੀ ਅਤੇ ਅਤੇ ਸਪੁੱਤਰੀ ਦੇ ਸਵਰਗਵਾਸ ਹੋਣ ਤੋਂ ਬਾਅਦ ਦਿਲ ਨਹੀਂ ਛੱਡਿਆ, ਸਬਰ, ਸੰਤੋਖ ਤੇ ਹੌਸਲੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ, ਪੜ੍ਹਾਇਆ, ਵਿਆਹ ਕੀਤੇ ਅਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਰਾਹ ਦਸੇਰਾ ਬਣੀ। ਪਿੰਡ ਵਿੱਚ ਇੱਕ ਵਿਧਵਾ ਔਰਤ ਨੂੰ ਅਜਿਹੇ ਅਸਥਿਰਤਾ ਦੇ ਹਾਲਾਤ ਵਿੱਚ ਜੀਵਨ ਬਸਰ ਕਰਨਾ ਤੇ ਬੱਚਿਆਂ ਨੂੰ ਪਾਲਣਾ ਕਿਤਨਾ ਮੁਸ਼ਕਲ ਹੁੰਦਾ ਹੈ। ਪ੍ਰੰਤੂ ਮਾਤਾ ਮਹਿੰਦਰ ਕੌਰ ਡੋਲੀ ਨਹੀਂ ਜਿਸਦਾ ਸਬੂਤ ਅੱਜ ਪਰਿਵਾਰ ਖ਼ੁਸ਼ਹਾਲੀ ਨਾਲ ਸਮਾਜ ਵਿੱਚ ਮਾਣ ਸਤਿਕਾਰ ਨਾਲ ਵਿਚਰ ਰਿਹਾ ਹੈ। ਇਨਸਾਨ ਦੀ ਕਾਬਲੀਅਤ ਤੇ ਹੌਸਲੇ ਦਾ ਔਖੇ ਸਮੇਂ ਵਿੱਚ ਪਤਾ ਲੱਗਦਾ ਹੈ। ਸੁੱਖਮਈ ਹਾਲਾਤ ਵਿੱਚ ਤਾਂ ਹਰ ਕੋਈ ਜ਼ਿੰਦਗੀ ਆਰਾਮ ਨਾਲ ਬਸਰ ਕਰਦਾ ਹੈ, ਸਮਾਜ ਹਰ ਵਕਤ ਮਦਦ ਲਈ ਨਾਲ ਖੜ੍ਹਦਾ ਹੈ। ਜਦੋਂ ਅਚਾਨਕ ਹਸਦੇ ਵਸਦੇ ਪਰਿਵਾਰ ਤੇ ਕੁਦਰਤ ਦਾ ਕਹਿਰ ਵਰਤਦਾ ਹੈ, ਉਦੋਂ ਮੁਸ਼ਕਲਾਂ ਦਾ ਪਹਾੜ ਟੁੱਟਦਾ ਹੈ, ਉਸ ਸਮੇਂ ਇਨਸਾਨ ਦੀ ਸਖ਼ਸ਼ੀਅਤ ਦੇ ਚੰਗੇ ਮਾੜੇ ਪਹਿਲੂਆਂ ਦੀ ਜਾਣਕਾਰੀ ਮਿਲਦੀ ਹੈ ਕਿ ਉਹ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਦਾ ਹੈ, ਜਿਥੇ ਮਾਤਾ ਮਹਿੰਦਰ ਕੌਰ ਦੇ ਪਤੀ ਦੇ ਸਰਪੰਚ ਹੁੰਦਿਆਂ ਕੰਮਾ ਕਾਰਾਂ ਵਾਲੇ ਲੋਕਾਂ ਦਾ ਜਮਘਟਾ ਰਹਿੰਦਾ ਸੀ ਤੇ ਉਥੇ ਉਸ ਘਰ ਵਿੱਚ ਡਰ ਦਾ ਮਾਰਾ ਕੋਈ ਵੀ ਸਹਾਰਾ ਬਣਨ ਲਈ ਤਿਆਰ ਨਹੀਂ ਸੀ। ਨਮਰਤਾ, ਸਹਿਜਤਾ ਅਤੇ ਸੰਤੁਸ਼ਟਤਾ ਦੀ ਮੂਰਤ ਮਾਤਾ ਮਹਿੰਦਰ ਕੌਰ ਨੇ ਸੰਜਮ ਦਾ ਪੱਲਾ ਫੜ੍ਹਦਿਆਂ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਆਪਣੇ ਪਿੱਛੇ ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ.ਵਿਕਾਸ ਮੁਕਤਸਰ ਸਾਹਿਬ ਸਪੁੱਤਰ, ਸਪੁੱਤਰੀ ਕੁਲਦੀਪ ਕੌਰ ਧਾਲੀਵਾਲ ਅਤੇ ਬਲਜੀਤ ਕੌਰ ਢਿਲੋਂ ਬਲਾਕ ਤੇ ਵਿਕਾਸ ਅਧਿਕਾਰੀ ਨਾਭਾ, ਨੂੰਹ ਰੀਤਇੰਦਰ ਕੌਰ, ਪੋਤਰੀ ਜੈਵੀਰ ਕੌਰ ਢਿਲੋਂ ਤੇ ਦੋਹਤੇ ਗੁਰਲਾਲ ਸਿੰਘ ਧਾਲੀਵਾਲ ਨੂੰ ਛੱਡ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ, ਕੀਰਤਨ ਤੇ ਅੰਤਮ ਅਰਦਾਸ 30 ਮਾਰਚ 2025 ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਢਿਲਵਾਂ ਨੇੜੇ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ 12.30 ਤੋਂ 1.30 ਵਜੇ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੈਂ ਤੰਦਰੁਸਤ ਕਿਵੇਂ ਹੋਇਆ? ਪੁਸਤਕ : ਸਿਹਤਮੰਦ ਰਹਿਣ ਲਈ ਗੁਣਾਂ ਦੀ ਗੁੱਥਲੀ - ਉਜਾਗਰ ਸਿੰਘ
ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ ਪੰਜਾਬੀ ਦਾ ਜਾਣਿਆਂ ਪਛਾਣਿਆਂ ਕਾਲਮ ਨਵੀਸ ਹੈ। ਉਸਦੇ ਦੇਸ ਅਤੇ ਵਿਦੇਸ ਦੇ ਅਖਬਾਰਾਂ ਵਿੱਚ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੱਖੋ-ਵੱਖ ਵਿਸ਼ਿਆਂ 'ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਸ਼ਿੰਗਾਰਾ ਸਿੰਘ ਢਿਲੋਂ ਦੀ 'ਮੈਂ ਤੰਦਰੁਸਤ ਕਿਵੇਂ ਹੋਇਆ? 'ਸਿਹਤਮੰਦ ਰਹਿਣ ਲਈ ਗੁਰ ਦੱਸਣ ਵਾਲੀ ਮਹੱਤਵਪੂਰਨ ਪੁਸਤਕ ਹੈ। ਸ਼ਖ਼ਸ਼ੀਅਤ ਬਨਾਉਣ ਲਈ ਨਿਯਮਤ ਢੰਗ ਤਰੀਕੇ ਆਪਨਾਉਣੇ ਪੈਂਦੇ ਹਨ। ਇੱਕ ਕਿਸਮ ਨਾਲ ਇਹ ਪੁਸਤਕ ਤੰਦਰੁਸਤ ਜੀਵਨ ਜਿਓਣ ਲਈ ਜੀਵਨ ਸ਼ੈਲੀ ਦੇ ਢੰਗ ਦੱਸਦੀ ਹੈ। ਚੰਗੀ ਸ਼ਖ਼ਸ਼ੀਅਤ ਬਣਾਉਣ ਲਈ ਚੰਗੀ ਸੋਚ ਤੇ ਤੰਦਰੁਸਤੀ ਜ਼ਰੂਰੀ ਹੈ। ਚੰਗੀ ਇਹ ਪੁਸਤਕ ਸ਼ਿੰਗਾਰਾ ਸਿੰਘ ਢਿਲੋਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ 'ਤੇ ਅਧਾਰਤ ਲਿਖੀ ਹੈ ਕਿਉਂਕਿ ਉਸਨੂੰ ਕਈ ਗੰਭੀਰ ਕਿਸਮ ਦੀਆਂ ਬਿਮਾਰੀਆਂ ਨੇ ਆ ਘੇਰਿਆ ਸੀ। ਉਨ੍ਹਾਂ ਬਿਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜਿਹੜੇ ਗੁਰ ਤੰਦਰੁਸਤ ਹੋਣ ਲਈ ਉਸਨੇ ਵਰਤੇ, ਉਨ੍ਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਤੰਦਰੁਸਤੀ ਦਾ ਸਰੀਰ ਅਤੇ ਮਨ ਦੋਹਾਂ ਨਾਲ ਸੰਬੰਧ ਹੁੰਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ ਕਿ 'ਹੱਸਣ ਖੇਡਣ ਮਨ ਕਾ ਚਾਓ'। ਸਰੀਰ ਦੀ ਮਾਲਸ਼ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਤੰਦਰੁਸਤੀ ਲਈ ਖ਼ੁਸ਼ ਰਹਿਣਾ ਤੇ ਹੱਸਣਾ ਰੂਹ ਦੀ ਖੁਰਾਕ ਹੁੰਦਾ ਹੈ। ਤਣਾਓ, ਪ੍ਰੇਸ਼ਾਨੀ ਤੇ ਨਖਿਧ ਸੋਚਾਂ ਬਿਮਾਰੀ ਦਾ ਕਾਰਨ ਬਣਦੇ ਹਨ। ਲੇਖਕ ਨੇ ਬਿਮਾਰੀਆਂ ਆਪਣੀ ਜੀਵਨ ਸ਼ੈਲੀ ਨਾਲ ਆਪ ਸਹੇੜੀਆਂ ਸਨ। ਲੇਖਕ ਨੂੰ ਡਾਕਟਰਾਂ ਨੇ ਕਿਹਾ ਕਿ ਉਹ ਸਿਰਫ 6 ਮਹੀਨੇ ਜੀਵੇਗਾ ਪ੍ਰੰਤੂ ਡਾਕਟਰਾਂ ਦੀ ਸਲਾਹ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀ ਖਾਣ-ਪੀਣ, ਅੱਧ-ਪੱਕੀਆਂ ਸਬਜ਼ੀਆਂ ਖਾਣ, ਸੈਰ, ਹਲਕੀ ਕਸਰਤ ਕਰਨ ਨਾਲ ਉਹ ਜਿੰਦਾ ਹੈ। ਇੱਕ-ਇੱਕ ਕਰਕੇ ਸਾਰੀਆਂ ਦਵਾਈਆਂ ਤੋਂ ਨਿਜਾਤ ਮਿਲ ਗਈ। ਕਈ ਗੱਲਾਂ ਦਾ ਡਾਕਟਰ ਓਹਲਾ ਰੱਖਦੇ ਹਨ। ਲੇਖਕ ਨੇ ਵਿਸਤਾਰ ਨਾਲ ਇਹ ਵੀ ਦੱਸਿਆ ਹੈ ਕਿ ਸਾਡੇ ਸਰੀਰ ਦੇ ਸਾਰੇ ਅੰਗਾਂ ਦੇ ਕੀ ਕੰਮ ਹਨ? ਤੇ ਉਹ ਕਿਵੇਂ ਆਪਣੇ ਕੰਮ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਇਸ ਪੁਸਤਕ ਵਿੱਚ ਉਨ੍ਹਾਂ ਦੇ ਛੋਟੇ-ਛੋਟੇ 72 ਲੇਖ ਹਨ, ਜਿਨ੍ਹਾਂ ਵਿੱਚ ਸਾਰੀ ਜਾਣਕਾਰੀ ਬਾਕਮਾਲ ਢੰਗ ਨਾਲ ਦਿੱਤੀ ਗਈ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ, ਇਕ ਲੇਖ ਤੋਂ ਬਾਅਦ ਅਗਲਾ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਇਹ ਪੁਸਤਕ ਤੰਦਰੁਸਤ ਰਹਿਣ ਲਈ ਇੱਕ ਕਿਸਮ ਨਾਲ ਸੁੰਡ ਦੀ ਗੱਠੀ ਹੈ। ਇਸਨੂੰ ਗੁਣਾਂ ਦੀ ਗੁਥਲੀ ਵੀ ਕਿਹਾ ਜਾ ਸਕਦਾ ਹੈ। ਤੰਦਰੁਸਤੀ ਮਨੁੱਖ ਦੇ ਆਪਣੇ ਹੱਥਾਂ ਵਿੱਚ ਹੁੰਦੀ ਹੈ। ਪੁਸਤਕ ਦਾ ਪਹਿਲਾ ਲੇਖ ਵਿਲੱਖਣ ਢੰਗ ਨਾਲ ਢਿਲੋਂ ਦੇ ਸਰੀਰ ਵੱਲੋਂ ਉਸਨੂੰ ਸੰਬੋਧਨ ਕੀਤਾ ਹੋਇਆ ਹੈ ਕਿ 'ਤੂੰ ਮੇਰੀ ਵਰਤੋਂ ਤਾਂ ਹਰ ਕੰਮ ਲਈ ਕਰ ਰਿਹਾ ਹੈਂ ਪ੍ਰੰਤੂ ਮੇਰੀ ਵੇਖ ਭਾਲ ਨਹੀਂ ਕਰਦਾ। ਜੇ ਇਸ ਤਰ੍ਹਾਂ ਕਰਦਾ ਰਿਹਾ ਤਾਂ ਮੈਂ ਤੁਹਾਨੂੰ ਇੱਕ-ਨਾ-ਇੱਕ ਦਿਨ ਜਵਾਬ ਦੇ ਜਾਵਾਂਗਾ'। ਉਦਾਹਰਣਾ ਦੇ ਕੇ ਸਵਾਲ ਜਵਾਬ ਕੀਤੇ ਗਏ ਹਨ। ਜੀਵਨ ਇੱਕ ਅਨਮੋਲ ਗਹਿਣਾ ਹੈ। ਲੇਖਕ ਨੇ ਇਹ ਸਬੂਤਾਂ ਸਮੇਤ ਦੱਸਿਆ ਹੈ ਕਿ ਬਿਮਾਰੀ ਇਨਸਾਨ ਦੀ ਆਪਣੀ ਗ਼ਲਤੀ ਦਾ ਨਤੀਜਾ ਹੁੰਦੀ ਹੈ, ਜੇਕਰ ਮਨੁੱਖ ਇਤਿਹਾਤ ਵਰਤਦਾ ਰਹੇ ਤਾਂ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ। ਇਨਸਾਨ ਦੇ ਸਰੀਰ ਦੇ ਕਈ ਅੰਗ ਹਨ, ਉਨ੍ਹਾਂ ਦੇ ਵੱਖੋ-ਵੱਖਰੇ ਕੰਮ ਹਨ। ਜੇਕਰ ਮਨੁੱਖ ਇਨ੍ਹਾਂ ਦਾ ਧਿਆਨ ਨਾ ਰੱਖੇ ਤਾਂ ਇਨ੍ਹਾਂ ਸਾਰੇ ਅੰਗਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਬਿਮਾਰੀਆਂ ਨਾਲ ਨਿਪਟਣ ਦੇ ਢੰਗ ਤਰੀਕੇ ਵੀ ਦੱਸੇ ਗਏ ਹਨ। ਉਨ੍ਹਾਂ ਅੰਗਾਂ ਦੀ ਜੇਕਰ ਅਸੀਂ ਵੇਖ ਭਾਲ ਕਰਦੇ ਰਹਾਂਗੇ ਤਾਂ ਉਹ ਸਹੀ ਢੰਗ ਨਾਲ ਕੰਮ ਕਰਦੇ ਰਹਿਣਗੇ। ਬਿਮਾਰੀ ਉਦੋਂ ਹੀ ਲੱਗਦੀ ਹੈ, ਜਦੋਂ ਕੋਈ ਅੰਗ ਆਪਣਾ ਕੰਮ ਕਰਨੋ ਜਵਾਬ ਦੇ ਦਿੰਦਾ ਹੈ। ਜਵਾਬ ਵੀ ਉਹ ਰਾਤੋ-ਰਾਤ ਨਹੀਂ ਦਿੰਦਾ । ਕਾਫੀ ਸਮਾਂ ਪਹਿਲਾਂ ਹੀ ਉਹ ਲੱਛਣਾ ਰਾਹੀਂ ਚੇਤਾਵਨੀ ਦਿੰਦਾ ਹੈ, ਮਨੁੱਖ ਅਣਗੌਲਿਆਂ ਕੰਮ ਕਰਦਾ ਰਹਿੰਦਾ ਹੈ। ਦਵਾਈਆਂ ਬਿਮਾਰੀਆਂ ਦਾ ਇਲਾਜ ਨਹੀਂ ਸਿਰਫ ਬਿਮਾਰੀ ਨੂੰ ਆਰਜ਼ੀ ਕੰਟਰੋਲ ਕਰਦੀਆਂ ਹਨ। ਹਰ ਦਵਾਈ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ ਤੇ ਆਪਣੀ ਮਰਜ਼ੀ ਨਾਲ ਬੰਦ ਨਹੀਂ ਕਰਨੀ ਚਾਹੀਦੀ। ਇਲਾਜ਼ ਤਾਂ ਸਰੀਰ ਦੇ ਅੰਦਰੋਂ ਹੀ ਆਪਣੇ ਆਪ ਹੁੰਦਾ ਰਹਿੰਦਾ ਹੈ, ਬਸ਼ਰਤੇ ਕਿ ਮਨੁੱਖ ਸਰੀਰ ਦੀ ਵੇਖ ਭਾਲ ਕਰਦਾ ਰਹੇ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਵੇ, ਕਿਉਂਕਿ ਸਰੀਰ ਤੇ ਮਨ ਦਾ ਗੂੜ੍ਹਾਂ ਸੰਬੰਧ ਹੁੰਦਾ ਹੈ। ਸਰੀਰ ਤੋਂ ਮਸ਼ੀਨ ਦੀ ਤਰ੍ਹਾਂ ਕੰਮ ਨਾ ਲਓ। ਜਿਵੇਂ ਮਨੁੱਖ ਆਪਣੇ ਵਾਹਨ ਦੀ ਸਰਵਿਸ ਕਰਵਾਉਂਦਾ ਹੈ ਤਾਂ ਜੋ ਉਹ ਖ਼ਰਾਬ ਨਾ ਹੋ ਜਾਵੇ। ਬਿਲਕੁਲ ਇਸੇ ਤਰ੍ਹਾਂ ਮਨੁੱਖ ਨੂੰ ਆਪਣੇ ਸਰੀਰ ਦੀ ਵੇਖ ਭਾਲ ਭਾਵ ਸਰਵਿਸ ਕਰਦੇ ਰਹਿਣਾ ਚਾਹੀਦਾ ਹੈ। ਕੁਦਰਤ ਦਾ ਮਕੈਨਿਯਮ ਸਰੀਰ ਵਿੱਚ ਫਿਟ ਹੈ। ਲੋੜ ਤੋਂ ਵੱਧ ਕੋਈ ਚੀਜ਼ ਨਾ ਖਾਉ, ਉਤਨੀ ਚੀਜ਼ ਖਾਧੀ ਜਾਵੇ ਜਿਤਨੀ ਸਰੀਰ ਨੂੰ ਉਸਦੀ ਲੋੜ ਹੈ, ਜਦੋਂ ਮਨੁੱਖ ਸਵਾਦ ਲਈ ਵਧੇਰੇ ਖਾ ਲੈਂਦਾ ਹੈ ਤਾਂ ਬਿਮਾਰੀ ਨੂੰ ਸੱਦਾ ਦੇ ਰਿਹਾ ਹੁੰਦਾ ਹੈ। ਉਦਾਹਰਣ ਲਈ ਮਨੁੱਖ ਦੇ ਸਰੀਰ ਨੂੰ ਹਰ ਰੋਜ਼ 10 ਗ੍ਰਾਮ ਸ਼ੂਗਰ ਤੇ 5 ਗ੍ਰਾਮ ਲੂਣ ਦੀ ਲੋੜ ਹੁੰਦੀ ਹੈ। ਜਿਹੜੀ ਵੀ ਚੀਜ਼ ਮਨੁੱਖ ਖਾਂਦਾ ਹੈ ਹਰ ਚੀਜ਼ ਵਿੱਚ ਸ਼ੂਗਰ ਹੁੰਦੀ ਹੈ। ਅਸੀਂ ਆਈਸ ਕਰੀਮ, ਜਲੇਬੀਆਂ ਅਤੇ ਹੋਰ ਮਿੱਠੀਆਂ ਚੀਜ਼ਾਂ 'ਤੇ ਜ਼ੋਰ ਦਈ ਜਾਂਦੇ ਹਾਂ, ਜੋ ਨੁਕਸਾਨ ਕਰਦੀ ਹੈ, ਸਵਾਦ ਜ਼ਿੰਦਗੀ ਦਾ ਬੇੜਾ ਗਰਕ ਕਰਦਾ ਹੈ। ਮਨੁਖ ਦੇ ਸਰੀਰ ਵਿੱਚ 80 ਫ਼ੀ ਸਦੀ ਪਾਣੀ ਹੈ, ਪਾਣੀ ਦੀ ਘਾਟ ਨੁਕਸਾਨ ਕਰਦੀ ਹੈ, ਪਾਣੀ ਦੀ ਘਾਟ ਕਰਕੇ ਮੌਤ ਹੋ ਜਾਂਦੀ ਹੈ ਪ੍ਰੰਤੂ ਮਨੁੱਖ ਅਲਸੂ-ਪਲਸੂ ਖਾਈ ਜਾਂਦਾ ਹੈ। ਐਲੋਪੈਥਿਕ ਦਵਾਈ ਦੇ ਸਾਈਡ ਅਫ਼ੈਕਟ ਹੁੰਦੇ ਹਨ। 40 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਾ ਧਿਆਨ ਰੱਖਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਅਮਿਊਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਸੰਤੁਲਤ ਖ਼ੁਰਾਕ ਬਿਮਾਰੀਆਂ ਤੋਂ ਦੂਰ ਰੱਖੇਗੀ। ਵਿਟਾਮਿਨ ਸਰੀਰ ਲਈ ਜ਼ਰੂਰੀ ਹਨ, ਵਿਟਾਮਿਨ ਕੁਦਰਤ ਵਿੱਚੋਂ ਮਿਲਦੇ ਹਨ, ਜੇ ਘਾਟ ਰਹੇ ਤਾਂ ਬਜ਼ਾਰੋਂ ਲੈ ਕੇ ਖਾ ਲਓ ਪ੍ਰੰਤੂ ਟੈਸਟ ਕਰਵਾਉਂਦੇ ਰਹੋ ਤਾਂ ਜੋ ਤੁਹਾਨੂੰ ਹਰ ਘਾਟ ਦਾ ਪਤਾ ਲੱਗ ਸਕੇ। ਲੇਖਕ ਨੇ ਵਿਟਾਮਿਨ ਕਿਹੜੀ ਵਸਤਾਂ ਵਿੱਚੋਂ ਮਿਲਦੇ ਹਨ ਦੀ ਜਾਣਕਾਰੀ ਵੀ ਦਿੱਤੀ ਹੈ। ਸਲਾਹਾਂ ਦੇਣ ਵਾਲੇ ਬਜ਼ੁਰਗ ਛੋਟੇ ਪਰਿਵਾਰਾਂ ਕਰਕੇ ਰਹੇ ਨਹੀਂ, ਨੌਜਵਾਨ ਬੇਪ੍ਰਵਾਹ ਹੋ ਗਏ। ਇਹ ਗੱਲਾਂ ਲੇਖਕ ਨੂੰ ਬਿਮਾਰੀਆਂ ਨੇ ਹੀ ਸਮਝਾਈਆਂ ਹਨ। ਮਨੁੱਖ ਬਿਮਾਰੀ ਲੱਗਣ ਤੋਂ ਬਾਅਦ ਹੀ ਅਹਿਸਾਸ ਕਰਦਾ ਹੈ। ਮੋਟਾਪਾ ਮੁੱਖ ਤੌਰ 'ਤੇ ਦਿਲ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਸਹੇੜਦਾ ਹੈ। ਹਰ ਵਸਤੂ ਦੀ ਵਰਤੋਂ ਨਿਸਚਤ ਮਾਤਰਾ ਵਿੱਚ ਕਰਨੀ ਲਾਭਦਾਇਕ ਰਹਿੰਦੀ ਹੈ, ਬਹੁਤਾਤ ਨੁਕਸਾਨ ਕਰਦੀ ਹੈ। ਦੰਦਾਂ ਦੀ ਸਫ਼ਾਈ ਜ਼ਰੂਰੀ ਹੈ ਪ੍ਰੰਤੂ ਕੰਨਾਂ ਦੀ ਸਫ਼ਾਈ ਖੁਦ ਨਹੀਂ ਕਰਨੀ ਚਾਹੀਦੀ ਕਿਉਂਕਿ ਕੰਨਾਂ ਵਿੱਚੋਂ ਵੈਕਸ ਆਪਣੇ ਆਪ ਬਾਹਰ ਨਿਕਲ ਜਾਂਦੀ ਹੈ। ਕੰਨਾ ਵਿੱਚ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਅਤੇ ਨਾ ਹੀ ਕੋਈ ਤੇਲ ਆਦਿ ਪਾਉਣਾ ਚਾਹੀਦਾ ਹੈ। ਨਸ਼ੇ ਅਤੇ ਮਾੜੀਆਂ ਆਦਤਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਸ਼ੋਸ਼ਲ ਮੀਡੀਆ ਵੀ ਇੱਕ ਬਿਮਾਰੀ ਬਣ ਗਿਆ ਹੈ, ਇਸ ਤੋਂ ਬਚਣ ਲਈ ਸੰਜਮ ਨਾਲ ਵਰਤੋਂ ਕੀਤੀ ਜਾਵੇ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਇਨ੍ਹਾਂ ਨੂੰ ਸੁਧਾਰਕੇ ਤੰਦਰੁਸਤ ਬਣ ਸਕਦਾ ਹੈ। ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਦੁੱਖਾਂ ਤੋਂ ਘਬਰਾਕੇ ਕੋਈ ਰੋਗ ਲਗਵਾਉਣ ਤੋਂ ਬਚਣਾ ਚਾਹੀਦਾ ਹੈ। ਦੁੱਖ-ਸੁੱਖ ਹਮੇਸ਼ਾ ਨਹੀਂ ਰਹਿੰਦੇ। ਉਨੀਂਦਰਾ ਕਿਸੇ ਸਮੱਸਿਆ ਦੇ ਹੱਲ ਨਾ ਹੋਣ ਕਰਕੇ ਬਹੁਤਾ ਸੋਚਣ ਨਾਲ ਹੋ ਜਾਂਦਾ ਹੈ। ਇਸ ਲਈ ਬਹੁਤਾ ਸੋਚਣਾ ਨਹੀਂ ਚਾਹੀਦਾ। ਮਨੁੱਖ ਪਦਾਰਥਵਾਦੀ ਹੋ ਗਿਆ, ਪਦਾਰਥਕ ਚੀਜ਼ਾਂ ਦੀਆਂ ਇਛਾਵਾਂ ਵਧਾ ਲੈਂਦਾ ਹੈ, ਉਨ੍ਹਾਂ ਦੇ ਨਾ ਪੂਰਾ ਹੋਣ ਨਾਲ ਕਈ ਰੋਗ ਲੱਗ ਜਾਂਦੇ ਹਨ। ਰੋਗੀ ਨੂੰ ਬਹੁਤ ਲੋਕ ਸਲਾਹਾਂ ਦਿੰਦੇ ਹਨ, ਹਰ ਸਲਾਹ ਮੰਨਣਯੋਗ ਨਹੀਂ ਹੁੰਦੀ, ਸੋਚ ਸਮਝਕੇ ਫ਼ੈਸਲਾ ਕਰਨਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਅੰਤਰਝਾਤ ਮਾਰਕੇ ਸਵੈ-ਮੁਲਾਂਕਣ ਕਰਨਾ ਚਾਹੀਦਾ ਹੈ। ਬਾਕੀ ਬਿਮਾਰੀਆਂ ਦੀ ਤਰ੍ਹਾਂ ਲਿਵਰ ਦੀ ਬਿਮਾਰੀ ਵੀ ਬਹੁਤ ਖ਼ਰਨਾਕ ਹੁੰਦੀ ਹੈ। ਇਸ ਲਈ ਜੰਕ ਫੂਡ ਅਤੇ ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ। 65 ਨੰਬਰ ਲੇਖ ਵਿੱਚ ਸੰਸਾਰ ਦੇ ਵਿਦਵਾਨਾ ਦੀ ਤੰਦਰੁਸਤ ਸਿਹਤ ਲਈ ਦਿੱਤੇ ਸੁਝਆ ਦੱਸੇ ਗਏ ਹਨ। 67 ਨੰਬਰ ਲੇਖ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਮਾਪ ਦੰਡ ਲਿਖੇ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਰ ਲੇਖ ਦੇ ਅਖ਼ੀਰ ਵਿੱਚ ਇੱਕ ਡੱਬੀ ਵਿੱਚ ਸਿਹਤਮੰਦ ਰਹਿਣ ਲਈ ਨੁਕਤੇ ਦੱਸੇ ਗਏ ਹਨ, ਉਨ੍ਹਾਂ 'ਤੇ ਅਮਲ ਕਰਨ ਨਾਲ ਸਰੀਰ ਤੰਦਰੁਸਤ ਰਹਿ ਸਕਦਾ ਹੈ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਰਥਿਕ ਜੀਵਨ ਸ਼ੈਲੀ ਮਨੁੱਖ ਨੂੰ ਤੰਦਰੁਸਤ ਬਣਾ ਸਕਦੀ ਹੈ। ਪੁਸਤਕ ਵਿੱਚ ਦੁਹਰਾਓ ਬਹੁਤ ਹੈ, ਸ਼ਾਇਦ ਇਸ ਕਰਕੇ ਕਿ ਸਾਰੀਆਂ ਬਿਮਾਰੀਆਂ ਕਿਸੇ ਨਾ ਕਿਸੇ ਗੱਲ ਕਰਕੇ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਹੋ ਸਕਦਾ ਹੈ ਕਿ ਲੇਖਕ ਪਾਠਕਾਂ ਨੂੰ ਸੁਚੇਤ ਕਰਨ ਲਈ ਵਾਰ-ਵਾਰ ਉਨ੍ਹਾਂ ਗੱਲਾਂ ਦਾ ਜ਼ਿਕਰ ਕਰਦਾ ਹੋਵੇ ਜੋ ਮਨੁੱਖਤਾ ਲਈ ਵਧੇਰੇ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ।
271 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਸਾਹਿਬਦੀਪ ਪਬਲੀਕੇਸ਼ਨ, ਡਾਕਖਾਨਾ:ਭੀਖੀ, ਜ਼ਿਲ੍ਹਾ ਮਾਨਸਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਪਬਲਿਸ਼ਰ : 09988913155
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਪਿਆਰ ਹਰੀ ਨੌ ਦਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਸਮਾਜਿਕਤਾ ਤੇ ਮੁਹੱਬਤ ਦਾ ਪ੍ਰਤੀਨਿਧ - ਉਜਾਗਰ ਸਿੰਘ
ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਮੁੱਖ ਤੌਰ ‘ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ ਵਿੱਚ ਆਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਲੋਕਾਈ ਦੇ ਬਰਾਬਰਤਾ ਦੇ ਹਿੱਤਾਂ ‘ਤੇ ਪਹਿਰਾ ਦੇ ਕੇ ਉਨ੍ਹਾਂ ਦਾ ਪ੍ਰਤੀਨਿਧ ਸ਼ਾਇਰ ਬਣ ਗਿਆ ਹੈ। ਭਾਵੇਂ ਉਸਦੀਆਂ ਕੁਝ ਨਜ਼ਮਾ ਪਿਆਰ ਮੁਹੱਬਤ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪਿਆਰਿਆਂ ਨੂੰ ਨਿਹੋਰੇ ਤੇ ਚੋਭਾਂ ਵੀ ਮਾਰਦੀਆਂ ਹਨ। ਪ੍ਰੰਤੂ ਉਨ੍ਹਾਂ ਨਜ਼ਮਾ ਵਿੱਚੋਂ ਵੀ ਸਮਾਜਿਕਤਾ ਦੀ ਖ਼ੁਸ਼ਬੂ ਆਉਂਦੀ ਹੈ। ਕਵੀ ਦਾ ਖ਼ਲਾਅ ਤੋਂ ਭਾਵ ਸਮਾਜ ਵਿੱਚ ਗ਼ਰੀਬ ਤੇ ਅਮੀਰ ਵਿੱਚ ਆਰਥਿਕ ਪਾੜੇ ਤੋਂ ਲੱਗਦਾ ਹੈ। ਲਗਪਗ ਉਸਦੀ ਹਰ ਨਜ਼ਮ ਵਿੱਚ ਸਮਾਜਿਕ ਬੇਇਨਸਾਫ਼ੀ ‘ਤੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਹੈ। ਗੁਰਪਿਆਰ ਹਰੀ ਨੌ ਨੇ ਇਹ ਨਜ਼ਮਾ ਭਾਵੇਂ ਆਪਣੇ ਨਿੱਜੀ ਤਰਜ਼ਬੇ ‘ਤੇ ਅਧਾਰਤ ਫਸਟ ਪਰਸਨ ਵਿੱਚ ਲਿਖੀਆਂ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਲੋਕਾਈ ਦਾ ਦਰਦ ਨਿਖ਼ਰਕੇ ਸਾਹਮਣੇ ਆ ਰਿਹਾ ਹੈ, ਇਹੋ ਉਸਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਕਵੀ ਦੀ ਇੱਕ ਹੋਰ ਖ਼ੂਬੀ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜ ਨੂੰ ਤਿੱਖੇ ਵਿਅੰਗਾਂ ਦੇ ਤੀਰ ਮਾਰਕੇ ਲੋਕਾਈ ਦੇ ਹਿਤਾਂ ਦੀ ਪੂਰਤੀ ਲਈ ਉਸਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ। ਕਾਵਿ ਸੰਗ੍ਰਹਿ ਦੀਆਂ 52 ਨਿੱਕੀਆਂ/ਵੱਡੀਆਂ ਨਜ਼ਮਾ ਵਿੱਚੋਂ 44 ਨਜ਼ਮਾ ਸਮਾਜ ਵਿੱਚ ਲੋਕਾਈ ਨਾਲ ਹੋ ਰਹੀਆਂ ਸਮਾਜਿਕ ਤੇ ਆਰਥਿਕ ਬੇਇਨਸਾਫ਼ੀਆਂ ਨਾਲ ਸੰਬੰਧਤ ਹਨ, ਜਦੋਂ ਕਿ 8 ਨਜ਼ਮਾ ਪਿਆਰ ਮੁਹੱਬਤ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਨਜ਼ਮਾ ਵਿੱਚੋਂ ਖੇਤਾਂ ਵਿੱਚ ਕੰਮ ਕਰਦੇ ਕਿਸਾਨ/ਮਜ਼ਦੂਰ, ਲੋੜਬੰਦਾਂ ਦੀ ਚੀਸ, ਜ਼ੋਰ ਜ਼ਬਰਦਸਤੀ, ਮਿਹਨਤ ਦਾ ਮੁੱਲ ਨਾ ਮਿਲਣਾ, ਭੁੱਖ ਨਾਲ ਵਿਲਕ ਰਹੇ ਲੋਕਾਂ ਅਤੇ ਦਾਜ਼ ਦੀਆਂ ਪੀੜਤ ਬੇਕਸੂਰ ਅਣਭੋਲ ਲੜਕੀਆਂ ਦੇ ਦਰਦਾਂ ਦੇ ਹਟਕੋਰਿਆਂ ਦੀਆਂ ਚੀਕਾਂ/ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਇੱਕ ਕਿਸਮ ਨਾਲ ਕਵੀ ਆਪਣੀਆਂ ਨਜ਼ਮਾ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਾ ਲਗਦਾ ਹੈ ਕਿ ਸੁਧਰ ਜਾਓ ਨਹੀਂ ਤਾਂ ਤੁਹਾਨੂੰ ਗ਼ਰੀਬਾਂ ਦੀਆਂ ਦੁਰਅਸੀੋਸਾਂ ਅਤੇ ਰੋਹ ਦਾ ਸਹਮਣਾ ਕਰਨਾ ਪੈ ਸਕਦਾ ਹੈ। ‘ਕੈਂਡਲ ਲਾਈਟ ਡਿਨਰ’ ਨਜ਼ਮ ਵਿੱਚ ਉਹ ਕਹਿੰਦਾ ਹੈ ਕਿ ਜਿਹੜੇ ਸ਼ੁਗਲ ਲਈ ਤੁਸੀਂ ਇਹ ਡਿਨਰ ਕਰਦੇ ਹੋ, ਜੇਕਰ ਗ਼ਰੀਬ ਆਪਣੀ ਆਈ ‘ਤੇ ਆ ਗਏ ਤਾਂ ਫਿਰ ਇਹ ਕੱਖ-ਕਾਨਿਆਂ ਦੀ ਛੱਤ ਹੇਠ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੇ ਰੋਹ/ਦਰਦ ਅੱਗੇ ਤੁਸੀਂ ਟਿਕ ਨਹੀਂ ਸਕਣਾ। ਨਜ਼ਮ ਦੇ ਸ਼ਬਦ ਹਨ:
ਕੈਂਡਲ ਲਾਈਟ ਡਿਨਰ, ਸਿਰਫ਼ ਸ਼ੁਗਲ ਲਈ!
ਤੁਸੀਂ ਕੀ ਜਾਣਂੋ ਕਿ, ਕਿੰਨੀ ਭਿਆਨਕ ਹੁੰਦੀ ਹੈ।
ਮੋਮਬੱਤੀਆਂ ਵਾਲ਼ੀ ਜ਼ਿੰਦਗੀ, ਕੱਖ-.ਕਾਨਿਆਂ ਦੀ ਛੱਤ ਤੇ।
ਸੁਰਾਖ਼ਾਂ ਭਰੀ ਚਾਰਦੀਵਾਰੀ, ਵਾਲ਼ੇ ਘਰਾਂ ਵਿੱਚ
ਮੂੰਹ-ਜ਼ੋਰ ਹਵਾਵਾਂ ਅੱਗੇ!
ਕਵੀ ਲਿਖਦਾ ਹੈ ਕਿ ਮਿਹਨਤ ਨਾਲ ਕੋਈ ਅਜਿਹਾ ਕੰਮ ਨਹੀਂ ਜਿਸ ਨੂੰ ਸਰ ਨਹੀਂ ਕੀਤਾ ਜਾ ਸਕਦਾ। ਇਸ ਲਈ ਕਵੀ ਲੋਕਾਂ ਨੂੰ ਹਰ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਹਿੰਦਾ ਹੈ। ਜਿਵੇਂ ਕਿਸਾਨ/ਮਜ਼ਦੂਰ ਖੇਤਾਂ ਵਿੱਚ ਭੱਖੜੇ ਦੇ ਕੰਡਿਆਂ ਨੂੰ ਆਪਣੇ ਪੈਰਾਂ ਨਾਲ ਮਿੱਧ ਲੰਘ ਸਕਦੇ ਹਨ, ਤਾਂ ਹੋਰ ਇਸ ਤੋਂ ਕਿਹੜਾ ਔਖਾ ਕੰਮ ਹੋ ਸਕਦਾ ਹੈ, ਜਿਸ ਨੂੰ ਉਹ ਕਰ ਨਹੀਂ ਸਕਦੇ। ਪ੍ਰੰਤੂ ਮਨੁੱਖ ਨੂੰ ਨਿਸ਼ਾਨਾ ਨਿਸਚਤ ਕਰਕੇ ਕਦਮ ਪੁੱਟਣੇ ਚਾਹੀਦੇ ਹਨ। ਭਾਵੇਂ ਮਿਥਿਹਾਸ ਮਿਹਨਤੀ ਲੋਕਾਂ ਨੂੰ ਸ਼ੂਦਰ ਕਹਿੰਦਾ ਹੈ ਪ੍ਰੰਤੂ ਸਫ਼ਲਤਾ ਦੀਆਂ ਪੁਲਾਂਘਾਂ ਉਨ੍ਹਾਂ ਹੀ ਪੁੱਟੀਆਂ ਹਨ, ਕਿਉਂਕਿ ਮਿਹਨਤੀ ਲੋਕ ਹੀ ਅਮੀਰਾਂ/ਵਿਓਪਾਰੀਆਂ ਲਈ ਖ਼ੁਸ਼ਹਾਲੀ ਲਿਆਉਣ ਦੇ ਸਮਰੱਥ ਹੁੰਦੇ ਹਨ। ਅਮੀਰ ਲੋਕ ਖਾਸ ਤੌਰ ‘ਤੇ ਵਿਓਪਾਰੀ ਸ਼ਰਾਰਤੀ ਦਿਮਾਗ਼ਾਂ ਦੀਆਂ ਚਾਲਾਂ ਨਾਲ ਗ਼ਰੀਬਾਂ ਦੇ ਖ਼ੂਨ ਪਸੀਨੇ ਨਾਲ ਕੀਤੀ ਮਿਹਨਤ ਦਾ ਮੁੱਲ ਧੋਖ਼ੇ, ਫ਼ਰੇਬ ਅਤੇ ਝੂਠ ਦੀ ਪੰਡ ਨਾਲ ਹਜ਼ਮ ਕਰ ਜਾਂਦੇ ਹਨ। ‘ਆਪਣੀ ਧਰਤੀ’ ਨਜ਼ਮ ਬਹੁਤ ਹੀ ਸੰਵੇਦਨਸ਼ੀਲ ਹੈ, ਜਿਸ ਵਿੱਚ ਕਵੀ ਗੱਲ ਫਸਟ ਪਰਸਨ ਵਿੱਚ ਕਰਦਾ ਹੈ ਪ੍ਰੰਤੂ ਇਹ ਸਮੁੱਚੇ ਸਮਾਜ ਲਈ ਹੈ। ਕਿਸਾਨ/ਮਜ਼ਦੂਰ ਗਰਮੀ ਤੇ ਸਰਦੀ ਵਿੱਚ ਦ੍ਰਿੜ੍ਹਤਾ ਨਾਲ ਮਿਹਨਤ ਕਰਦਾ ਰਿਹਾ ਹੈ, ਭਾਵੇਂ ਉਸਦੇ ਪੈਰਾਂ ਵਿੱਚੋਂ ਖ਼ੂਨ ਰਿਸਦਾ ਰਿਹਾ, ਉਹ ਪਿੱਛੇ ਨਹੀਂ ਹੱਟਿਆ, ਹੋ ਸਕਦਾ ਕਿ ਉਹ ਧੋਖੇਬਾਜ਼ਾਂ ਨੂੰ ਲਿਤਾੜ ਕੇ ਅੱਗੇ ਲੰਘ ਜਾਵੇ। ਉਨ੍ਹਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪੁੱਠੇ ਕੰਮ ਕਰਨ ਤੋਂ ਬਾਜ਼ ਆਉਣਾ ਹੀ ਬਿਹਤਰ ਹੋਵੇਗਾ। ‘ਆਪਣੀ ਧਰਤੀ’ ਨਜ਼ਮ ਵਿੱਚ ਕਵੀ ਲਿਖਦਾ ਹੈ:
ਮੈਨੂੰ ਆਪਣੀ ਧਰਤੀ ਚਾਹੀਦੀ ਸੀ, ਜ਼ਰਾ ਸੋਚ. . .
ਐ! ਮੁਨਸਿਫ਼ ਜੇ ਮੈਂ
ਅਸਮਾਨ ਵੱਲ ਨੂੰ, ਤੁਰ ਪਿਆ ਤਾਂ!
ਇਹੀ ਪੈਰ ਕਿਸ-ਕਿਸ ਦੇ ਸਿਰ ‘ਤੇ
ਰੱਖ ਕੇ ਜਾਵਾਂਗਾ ਤੂੰ, ਸੋਚ ਕੇ ਵੇਖੀਂ!
‘ ਜਿਸ ਦੇਸ਼ ਲਈ’ ਸਿਰਲੇਖ ਵਾਲੀ ਕਵਿਤਾ ਵੀ ਸਿੰਬਾਲਿਕ ਹੈ, ਕਵੀ ਕਹਿੰਦਾ ਹੈ ਸਾਡੀ ਨਾਗਿਰਿਕਤਾ ‘ਤੇ ਸਵਾਲੀਆ ਨਿਸ਼ਾਨ ਲਗਾਇਆ ਜਾ ਰਿਹਾ ਹੈ। ਜਿਸ ਦੇਸ਼ ਦੀ ਮਹਿਮਾ ਬਚਪਨ ਤੋਂ ਕਰਦੇ ਆ ਰਹੇ ਹਾਂ, ਦੇਸ਼ ਲਈ ਮਰ ਮਿਟਨ ਦੇ ਸੋਹਲੇ ਗਾਉਂਦੇ ਹੋਏ ਦੁਸ਼ਮਣਾ ਨੂੰ ਚਨੇ ਚਬਾਉਣ ਦੀ ਗੱਲ ਕਰਦੇ ਸੀ, ਕੀ ਹੁਣ ਉਸ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਪਵੇਗਾ? ਸਾਡੀ ਰਗ-ਰਗ ਵਿੱਚ ਭਾਰਤੀ ਹੋਣ ਦਾ ਖ਼ੂਨ ਦੌੜ ਰਿਹਾ ਹੈ। ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕਵੀ, ਝੂਠ, ਦਾਜ਼ ਦਹੇਜ, ਵਾਤਵਰਨ, ਬਲਾਤਕਾਰ, ਭਰੂਣ ਹੱਤਿਆ, ਭਾਈਚਾਰਕ ਸੰਬੰਧਾਂ ਅਤੇ ਭਰਿਸ਼ਟਾਚਾਰ ਵਰਗੇ ਮਹੱਤਵਪੂਰਨ ਸਮਾਜਿਕ ਸਰੋਕਾਰਾਂ ਵਾਲੇ ਮੁੱਦਿਆਂ ਨੂੰ ਵੀ ਆਪਣੀਆਂ ਨਜ਼ਮਾ ਦਾ ਵਿਸ਼ਾ ਬਣਾਉਦਾ ਹੈ। ਸਰਕਾਰਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵਿਕਾਸ ਦੀ ਡੌਂਡੀ ਪਿੱਟਦੀਆਂ ਹਨ, ਪ੍ਰੰਤੂ ਅਖ਼ਬਾਰਾਂ ਦੇ ਇਸ਼ਤਿਹਾਰ ਗ਼ਰੀਬਾਂ ਨੂੰ ਖਾਣ ਲਈ ਰੋਟੀ ਨਹੀਂ ਦੇ ਸਕਦੇ। ਅਮਲੀ ਰੂਪ ਵਿੱਚ ਵਿਕਾਸ ਸਾਹਮਣੇ ਦਿਸਣਾ ਚਾਹੀਦਾ ਹੈ। ਹਰ ਸਵਾਲ ਦਾ ਜਵਾਬ ਇੰਟਰਨੈਟ/ਗੂੂਗਲ/ਮੀਡੀਆ/ਸ਼ੋਸ਼ਲ ਮੀਡੀਆ ਰਾਹੀਂ ਦਿੱਤਾ ਜਾਂਦਾ ਹੈ। ਇਹ ਕੋਈ ਜਵਾਬ ਨਹੀਂ ਬਣਦਾ। ਲੱਖਾਂ ਰੁਪਏ ਅਦਕਾਰਾਂ/ਖਿਡਾਰੀਆਂ/ਗਾਇਕਾਂ ਨੂੰ ਦਿੱਤੇ ਜਾ ਰਹੇ ਹਨ। ਜਦੋਂ ਵੋਟ ਸਾਰਿਆਂ ਤੋਂ ਲਈ ਜਾਂਦੀ ਹੈ ਤਾਂ ਬਾਕੀ ਸਾਰੇ ਲੋਕਾਂ ਨੇ ਕੀ ਸਰਕਾਰ ਦੇ ਮਾਂਹ ਮਾਰੇ ਹਨ? ਸਰਕਾਰ ਵੱਲੋਂ ਸੁੱਟੀਆਂ ਇਨ੍ਹਾਂ ਰੋਟੀਆਂ ਲਈ ਲੋਕ ਕੁੱਤਿਆਂ ਦੀ ਤਰ੍ਹਾਂ ਨਹੀਂ ਲੜਨਗੇ, ਤਾਂ ਜੋ ਤੁਸੀਂ ਬਾਂਦਰ ਦੀ ਤਰ੍ਹਾਂ ਸਾਰੀ ਰੋਟੀ ਹੀ ਵੰਡਦੇ ਖਾ ਜਾਵੋ। ਚੌਕੀਦਾਰ ਕਹਿਣਾ ਸੌਖਾ ਹੈ, ਤੁਸੀਂ ਚੌਕੀਦਾਰਾਂ ਦਾ ਬੰਗਲਿਆਂ ਵਿੱਚ ਰਹਿਕੇ ਅਪਮਾਨ ਕਰ ਸਕਦੇ ਹੋ, ਪ੍ਰੰਤੂ ਚੌਕੀਦਾਰ ਬਣਨਾ ਬਹੁਤ ਔਖਾ ਹੈ। ਬਹੁਤ ਸਾਰੀਆਂ ਅਜਿਹੀਆਂ ਨਜ਼ਮਾ ਹਨ, ਜਿਹੜੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਕੁਰੇਦਦੀਆਂ ਹਨ। ਇਸ਼ਕ-ਮੁਹੱਬਤ ਦੀਆਂ ਨਜ਼ਮਾ ਵਿੱਚ ‘ਪੁਲ ਤੇ ਦਰਿਆ’ ਸਿਰਲੇਖ ਵਾਲੀ ਨਜ਼ਮ ਬਹੁਤ ਭਾਵ ਪੂਰਤ ਹੈ, ਜਿਸ ਵਿੱਚ ਜਦੋਂ ਮਹਿਬੂਬ ਆਪਣੇ ਪਿਆਰੇ ਨੂੰ ਕਹਿੰਦੀ ਹੈ ਕਿ ‘ਤੂੰ ਇੱਕ ਪੁਲ ਏ ਤੇ ਮੈਂ ਇੱਕ ਦਰਿਆ, ਤੇ ਤੇਰੇ ਪਿਆਰ ਨੇ ਮਾਂ ਬਾਪ ਤੋਂ ਦੂਰ ਕਰਕੇ ਉਹ ਪੁਲ ਤੋੜ ਦਿੱਤਾ। ਕਹਿਣ ਤੋਂ ਭਾਵ ਕਵੀ ਨੇ ਇਸ ਕਵਿਤਾ ਵਿੱਚ ਵੀ ਦੱਸ ਦਿੱਤਾ ਕਿ ਪਿਆਰ ਦੇ ਨਾਮ ਤੇ ਮਾਪਿਆਂ ਅਤੇ ਭਰਾਵਾਂ ਵਿੱਚ ਫ਼ਰਕ ਪਾ ਦਿੱਤਾ ਜਾਂਦਾ ਹੈ। ਪਿਆਰ ਇੱਕ ਛਲਾਵਾ ਹੈ। ਗੁਰਪਿਆਰ ਹਰੀ ਨੌ ਤੋਂ ਭਵਿਖ ਵਿੱਚ ਹੋਰ ਬਿਹਤਰੀਨ ਨਜ਼ਮਾ ਦੀ ਉਮੀਦ ਕੀਤੀ ਜਾ ਸਕਦੀ ਹੈ।
80 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ: ਗੁਰਪਿਆਰ ਹਰੀ ਨੌ: 959243199
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਹੌਸਲੇ ਤੇ ਹਿੰਮਤ ਦੀ ਮਿਸਾਲ : ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ - ਉਜਾਗਰ ਸਿੰਘ
ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ 9 ਮਹੀਨੇ 14 ਦਿਨ ਅਰਥਾਤ 287 ਦਿਨ ਪੁਲਾੜ ਵਿਚ ਬਿਤਾਉਣ ਤੋਂ ਬਾਅਦ ਬੁੱਧਵਾਰ ਨੂੰ ਧਰਤੀ ‘ਤੇ ਆ ਗਏ ਹਨ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3.27 ਵਜੇ ਪਾਣੀ ਵਿੱਚ ਫਲੋਰੀਡਾ ਦੇ ਸਮੁੰਦਰੀ ਤੱਟ ‘ਤੇ ਡੇਲਾਹਾਸੇ ਜਲ ਖੇਤਰ ਵਿੱਚ ਉਤਾਰਿਆ ਗਿਆ। ਉਹ ਮੰਗਲਵਾਰ 18 ਮਾਰਚ ਨੂੰ 08.35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਤਾਂ ਇਸਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਸੀ ਪ੍ਰੰਤੂ ਕੈਪਸੂਲ ਦੇ ਪੁਲਾੜ ਨਾਲੋਂ ਵੱਖ ਹੋਣ ਸਮੇਂ ਡਰੈਗਨ ਦੀ ਪਲਾਜ਼ਮਾ ਸ਼ੀਲਡ ਦਾ ਤਾਪਮਾਨ ਵੱਧਕੇ 1927 ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਕਰਕੇ 7 ਮਿੰਟ ਕੈਪਸੂਲ ਨਾਲੋਂ ਸੰਪਰਕ ਟੁੱਟਿਆ ਰਿਹਾ ਸੀ। ਤੁਰੰਤ ਗੋਤਾਖੋਰਾਂ ਨੇ ਕੈਪਸੂਲ ਨੂੰ ਰਿਕਵਰੀ ਸ਼ਿਪ ਤੇ ਚੜ੍ਹਾ ਲਿਆ। ਇੱਕ ਘੰਟੇ ਬਾਅਦ ਪੁਲਾੜ ਯਾਤਰੀਆਂ ਨੂੰ ਬਾਹਰ ਨਿਕਾਲਿਆ ਗਿਆ ਤੇ ਸਟਰੇਚਰ ਤੇ ਪਾ ਕੇ ਲਿਜਾਇਆ ਗਿਆ। ਵਾਪਸ ਆਉਣ ਲਈ ਉਨ੍ਹਾਂ ਨੂੰ 17 ਘੰਟੇ ਸਮਾਂ ਲੱਗਿਆ। ਸੁਨੀਤਾ ਵਿਲੀਅਮਜ਼ ਅਤੇ ਬੈਰੀ ਬੁੱਚ ਵਿਲਮੋਰ ਨੂੰ ਵਾਪਸ ਲਿਆਉਣ ਲਈ ਕਰੂ-9 ਵਿੱਚ ਅਮਰੀਕਾ ਦੇ ਨਿੱਗ ਹੇਗ ਅਤੇ ਰੂਸ ਦੇ ਐਲਗਜ਼ੈਂਡਰ ਗੋਰਬੁਨੋਟ ਗਏ ਸਨ। ਪੁਲਾੜ 27359 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਆਇਆ ਹੈ ਤੇ ਉਸਨੇ 12 ਕਰੋੜ 10 ਲੱਖ ਮੀਲ ਦਾ ਸਫ਼ਰ ਤਹਿ ਕੀਤਾ ਹੈ। ਉਨ੍ਹਾਂ ਦੇ ਸਫਲਤਾ ਪੂਰਬਕ ਜ਼ਮੀਨੀ ਸਤਹ ‘ਤੇ ਆਉਣ ਨਾਲ ਸਮੁਚੇ ਸੰਸਾਰ ਅਤੇ ਨਾਸਾ ਦੇ ਵਿਗਿਆਨੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਨੁਕਸ ਪੈ ਜਾਣ ਕਰਕੇ ਅੱਗੇ ਪਾਉਣੀ ਪਈ ਸੀ। ਲੋਕਾਂ ਵਿੱਚ ਉਨ੍ਹਾਂ ਦੀ ਵਾਪਸੀ ਲਈ ਬਹੁਤ ਉਤਸ਼ਾਹ ਅਤੇ ਅਸਥਿਰਤਾ ਬਣੀ ਹੋਈ ਸੀ।
ਬੈਰੀ ਬੁੱਚ ਵਿਲਮੋਰ ਅਤੇ ਸੁਨੀਤਾ ਲੀਨਾ ਪਾਂਡਿਆ ਵਿਲੀਅਮਜ਼ 6 ਜੂਨ 2024 ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਸਿਰਫ 8 ਦਿਨ ਠਹਿਰਨ ਵਾਸਤੇ ਗਏ ਸਨ ਅਤੇ ਉਸੇ ਪੁਲਾੜ ਵਿੱਚ ਵਾਪਸ ਆਉਣਾ ਸੀ ਪ੍ਰੰਤੂ ਪੁਲਾੜ ਜ਼ਹਾਜ ਵਿੱਚ ਨੁਕਸ ਪੈਣ ਕਰਕੇ ਉਨ੍ਹਾਂ ਨੂੰ ਉਥੇ ਲੰਬਾ ਸਮਾਂ ਰਹਿਣਾ ਪਿਆ। ਇਕ ਬੋਰਡ ਸਪੇਸ ਕਰਾਫਟ ਐਲਨ ਮਸਕ ਦੇ ਸਪੇਸ ਐਕਸ ਦਾ ਸੀ। ਰਾਸ਼ਟਰਪਤੀ ਟਰੰਪ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਅਤੇ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਦੋਹਾਂ ਪੁਲਾੜ ਯਾਤਰੀਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ। ਸਪੇਸ ਐਕਸ ਅਤੇ ਨਾਸਾ ਵਧਾਈ ਦੇ ਪਾਤਰ ਹਨ। ਉਨ੍ਹਾਂ ਨੂੰ ਟੈਕਸਾਸ ਰਾਜ ਦੇ ਹੂਸਟਨ ਵਿੱਚ ਸਥਿਤ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਲਿਜਾਇਆ ਗਿਆ ਹੈ। ਇਥੇ ਉਨ੍ਹਾਂ ਦੇ ਵਾਈਟਲ ਅੰਗਾਂ ਦਾ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਨੂੰ 45 ਦਿਨ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਵੇਖ-ਰੇਖ ਵਿੱਚ ਰੱਖਿਆ ਜਾਵੇਗਾ ਕਿਉਂਕਿ ਲੰਬਾ ਸਮਾਂ ਪੁਲਾੜ ਵਿੱਚ ਰਹਿਣ ਕਰਕੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆ ਗਈ ਹੋਵੇਗੀ। ਪੂਰੇ ਤੰਦਰੁਸਤ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਓਵਲ ਹਾਊਸ ਵਿੱਚ ਮਿਲਣ ਜਾਣਗੇ। ਚਾਰ ਵਾਰ ਸਫ਼ਲਤਾ ਪੂਰਬਕ ਪੁਲਾੜ ਦੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਅਮਰੀਕੀ ਸੁਨੀਤਾ ਵਿਲੀਅਮਜ਼ ਸੰਸਾਰ ਦੀ ਪਹਿਲੀ ਇਸਤਰ ਸਭ ਤੋਂ ਲੰਬਾ ਸਮਾਂ ਪੁਲਾੜ ਵਿੱਚ ਸਮਾਂ ਬਿਤਾਉਣ ਵਾਲਾ ਵਿਅਕਤੀ ਬਣ ਗਈ ਹੈ। ਸੁਨੀਤਾ ਵਿਲੀਅਮਜ਼ ਨੇ ਚਾਰ ਵਾਰੀ ਪੁਲਾੜ ਦੀ ਯਾਤਰਾ ਸਮੇਂ ਕੁਲ 606 ਦਿਨ ਦਾ ਸਮਾਂ ਬਿਤਾਇਆ ਹੈ। ਇਸਦੇ ਨਾਲ ਹੀ ਉਹ ਭਾਰਤੀ ਮੂਲ ਦੀ ਦੂਜੀ ਪੁਲਾੜ ਯਾਤਰੀ ਹੈ। ਇਹ ਯਾਤਰਾਵਾਂ ਉਸਨੇ 31 ਜਨਵਰੀ, 4 ਫਰਵਰੀ, 9 ਫਰਵਰੀ 2007 ਅਤੇ 18 ਮਾਰਚ 2025 ਵਿੱਚ ਕੀਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਕਲਪਨਾ ਚਾਵਲਾ ਪੁਲਾੜ ਵਿੱਚ ਗਈ ਸੀ, ਜਿਸਦੀ ਵਾਪਸੀ ਸਮੇਂ ਪੁਲਾੜ ਜਹਾਜ ਵਿੱਚ ਤਕਨੀਕੀ ਖ਼ਰਾਬੀ ਕਰਕੇ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਕਲਪਨਾ ਚਾਵਲਾ ਭਾਰਤ ਦੇ ਹਰਿਆਣਾ ਅਤੇ ਸੁਨੀਤਾ ਵਿਲੀਅਮਜ਼ ਪੱਛਵੀਂ ਗੁਜਰਾਤ ਸੂਬੇ ਨਾਲ ਸੰਬੰਧ ਰੱਖਦੀ ਹੈ। ਨਾਸਾ ਦੀ ਜਾਣਕਾਰੀ ਅਨੁਸਾਰ ਇਸਦੇ ਨਾਲ ਹੀ ਸੁਨੀਤਾ ਵਿਲੀਅਮਜ਼ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਲਗਾਤਾਰ 286 ਦਿਨ ਬਿਤਾ ਕੇ ਇਤਿਹਾਸ ਸਿਰਜ ਦਿੱਤਾ ਹੈ। ਪੁਲਾੜ ਵਿੱਚ ਰਹਿੰਦਿਆਂ ਉਸਨੇ 4576 ਵਾਰ ਧਰਤੀ ਦੀ ਪਰਕਰਮਾ ਕੀਤੀ। ਸੁਨੀਤਾ ਵਿਲੀਅਮਜ਼ ਨੂੰ ਭਾਰਤ ਸਰਕਾਰ ਨੇ ਪੁਲਾੜ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ 2007 ਵਿੱਚ ਪਦਮ ਭੂਸ਼ਣ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ। ਉਹ 2007 ਅਤੇ 2013 ਵਿੱਚ ਭਾਰਤ ਆਈ ਸੀ। ਉਸ ਸਮੇਂ ਉਸਨੇ ਆਪਣੇ ਪਿੰਡ ਝੂਲਾਸਨ ਦੇ ਡੋਲਾ ਮਾਤਾ ਮੰਦਰ ਵਿੱਚ ਪੂਜਾ ਕੀਤੀ ਸੀ। ਜਦੋਂ 2024 ਵਿੱਚ ਪੁਲਾੜ ਯਾਤਰਾ ‘ਤੇ ਗਈ ਸੀ, ਉਦੋਂ ਦੀ ਹੀ ਇਸ ਮੰਦਰ ਵਿੱਚ ਅਖੰਡ ਜਯੋਤੀ ਲਗਾਤਾਰ ਜਲ ਰਹੀ ਹੈ। ਪਿੰਡ ਦੀਆਂ ਇਸਤਰੀਆਂ ਉਸਦੇ ਸੁਰੱਖਿਅਤ ਆਉਣ ਦੀਆਂ ਪ੍ਰਾਰਥਨਾਵਾਂ ਕਰਦੀਆਂ ਸਨ। ਸੁਨੀਤਾ ਦੇ ਵਾਪਸ ਸੁਰੱਖਿਅਤ ਆਉਣ ‘ਤੇ ਪਿੰਡ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ, ਪਟਾਕ ਚਲਾਏ ਤੇ ਮਠਿਆਈਆਂ ਵੰਡੀਆਂ ਗਈਆਂ।
ਮਹਿਜ 22 ਸਾਲ ਦੀ ਉਮਰ ਵਿੱਚ 1987 ਵਿੱਚ ਸੁਨੀਤਾ ਵਿਲੀਅਮਜ਼ ਨੇ ਨੇਵਲ ਅਕਾਡਮੀ ਤੋਂ ਸਰੀਰਕ ਵਿਗਿਆਨ ਵਿੱਚ ਬੈਚੂਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕਰਕੇ ਸਟੇਟ ਨੇਵੀ ਵਿੱਚ ਭਰਤੀ ਹੋ ਗਈ ਸੀ। ਉੋਸਨੂੰ ਨਵਲ ਕੋਸਟਲ ਸਿਸਟਮ ਕਮਾਂਡ ਵਿੱਚ ਛੇ ਮਹੀਨੇ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਬੇਸਿਕ ਡਾਈਵਿੰਗ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ 1989 ਵਿੱਚ ਸੁਨੀਤਾ ਵਿਲੀਅਮਜ਼ ਨੂੰ ਏਵੀਏਟਰ ਨਾਮਜ਼ਦ ਕਰ ਦਿੱਤਾ ਸੀ। ਉਸਨੇ ਹੈਲੀਕਾਪਟਰ ਲੜਾਈ ਸਪੋਰਟ ਸਕੁਐਡਰਨ-3 (ਐਚ.ਸੀ-3) ਵਿੱਚ ਸ਼ੁਰੂਆਤੀ ਐਚ-46 ਸਾਗਰ ਨਾਈਟ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਫਿਰ ਉਸਨੂੰ ਹੈਲੀਕਾਪਟਰ ਲੜਾਈ ਸਪੋਰਟਸ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਸੁਨੀਤਾ ਵਿਲੀਅਮਜ਼ ਦੀ ਨਾਰਫੋਕ, ਵਰਜੀਨੀਆ ਵਿੱਚ ਸਕੁਐਡਰਨ 8 (ਐਚ.ਸੀ-8) ਜਿਸ ਨਾਲ ਉਸਨੇ ਮੈਡੀਟੇਰੀਅਨ, ਲਾਲ ਸਾਗਰ ਅਤੇ ਫਾਰਸ ਦੀ ਖਾੜੀ ਅਪ੍ਰੇਸ਼ਨ ਪ੍ਰੋਵਾਈਡ ਕੰਫਰਟ ਲਈ ਵਿਦੇਸ਼ ਤਾਇਨਾਤੀ ਸਮੇਂ ਕੰਮ ਕੀਤਾ। ਸਤੰਬਰ 1992 ਵਿੱਚ ਉਹ ਯੂ.ਐਸ.ਐਸ.ਸਿਲਵਾਨੀਆਂ ਵਿੱਚ ਤੂਫ਼ਾਨ ਐਂਡਿਰ ਰੀਲੀਫ਼ ਤਹਿਤ ਕਾਰਜ਼ਾਂ ਲਈ ਸਿਖਲਾਈ ਵਾਸਤੇ ਫਲੋਰੀਡਾ ਭੇਜੀ ਗਈ, ਜੋ ਐਚ.46 ਦੀ ਟੁਕੜੀ ਦੀ ਅਧਿਕਾਰੀ ਸੀ। 1993 ਵਿੱਚ ਸੰਯੁਕਤ ਰਾਜ ਦੇ ਨੇਵਲ ਟੈਸਟ ਪਾਇਲਟ ਸਕੂਲ ਵਿੱਚ ਸਿਖਲਾਈ ਲਈ ਅਤੇ ਦਸੰਬਰ ਗ੍ਰੈਜੂਏਸ਼ਨ ਕੀਤੀ। ਉਸਨੂੰ ਰੋਟਰੀ ਵਿੰਗ ਏਅਰ ਕਰਾਫਟ ਟੈਸਟ ਡਾਇਰੈਕਟੋਰੇ ਐਚ.46 ਪ੍ਰੋਜੈਕਟ ਅਧਿਕਾਰੀ ਅਤੇ ਟੀ.2 ਵਿੱਚ ਵੀ 22 ਚੇਜ਼ ਪਾਇਲਟ ਵੱਜੋਂ ਨਿਯੁਕਤ ਕੀਤਾ। ਉਸਤੋਂ ਬਾਅਦ ਸਕੁਐਡਰਨ ਸੇਫਟੀ ਅਫ਼ਸਰ ਨਿਯੁਕਤ ਕਰ ਦਿੱਤਾ। 1995 ਵਿੱਚ ਫਲੋਰੀਡਾ ਇਨਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇਜਿੰਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। 1998 ਵਿੱਚ ਉਹ ਨਾਸਾ ਵਿੱਚ ਭਰਤੀ ਹੋ ਗਈ ਸੀ। ਸੁਨੀਤਾ ਲਿਵਅਮਜ਼ 17 ਸਤੰਬਰ 2012 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਕਮਾਂਡਰ ਬਣੀ ਸੀ। ਸੰਸਾਰ ਦੇ ਤਜ਼ਰਬੇਕਾਰ ਪੁਲਾੜ ਯਾਤਰੀਆਂ ਵਿੱਚ ਨੌਵੇਂ ਸਥਾਨ ‘ਤੇ ਆਉਂਦੀ ਹੈ। 16 ਅਪ੍ਰੈਲ 2007 ਨੂੰ ਪੁਲਾੜ ਸਟੇਸ਼ਨ ਤੋਂ ਮੈਰਾਥਨ ਦੌੜਨ ਵਾਲਾ ਪਹਿਲਾ ਵਿਅਕਤੀ ਹੈ। ਸ਼ਟਲ ਡਿਸਕਵਰੀ ‘ਤੇ ਸਵਾਰ ਹੋਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਆਪਣੇ ਟੱਟੂ ਦੀ ਪੂਛ ਨੂੰ ਲੋਕਮ ਆਫ਼ ਲਵ ਨੂੰ ਦਾਨ ਕਰਨ ਦਾ ਪ੍ਰਬੰਧ ਵੀ ਕੀਤਾ। ਉਸਨੇ ਚਾਰ ਸਪੇਸਵਾਕਾਂ ਵਿੱਚ 9 ਵਾਰ 62 ਘੰਟੇ ਸੈਰ ਕੀਤੀ। ਉਹ ਜੌਹਨ ਹਿਗਿਨ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਮੰਜ਼ਲ ਪ੍ਰਯੋਗਸ਼ਾਲਾ ਵਿੱਚ ਕਨੇਡਾਰਮ 2 ਦੇ ਨਿਯੰਤਰਣ ਦਾ ਕੰਮ ਕਰਦੇ ਰਹੇ ਹਨ। ਉਸਨੇ ਅਲੱਗ ਅਲੱਗ ਪੁਲਾੜ ਯੰਤਰਾਂ ਵਿੱਚ ਲਗਪਗ 3000 ਉਡਾਣਾ ਭਰੀਆਂ। ਸੁਨੀਤਾ ਵਿਲੀਅਮਜ਼ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲੇ ਹਨ, ਜਿਨ੍ਹਾਂ ਵਿੱਚ ਨੇਵ ਕਮਾਂਡੇਸ਼ਨ ਮੈਡਲ, ਨੇਵੀ ਐਂਡ ਮੈਰੀਨ ਸ਼ਾਰਪ ਅਚੀਵਮੈਂਟ ਮੈਡਲ ਅਤੇ ਹਿਊਮੈਨੇਟੇਰੀ ਸਰਵਿਸ ਮੈਡਲ ਸ਼ਾਮਲ ਹਨ। ਉਹ ਸੋਸਾਇਟੀ ਆਫ਼ ਐਕਸਪੈਰੀਮੈਂਟਲ, ਟੈਸਟ ਪਾਇਲਟਸ ਇਜਿੰਨੀਅਰਿੰਗ ਅਤੇ ਅਮਰੀਕੀ ਹੈਲੀਕਾਪਟਰ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਉਹ ਅਮਲੀ ਤੌਰ ‘ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਸੁਨੀਤਾ ਵਿਲੀਅਮਜ਼ ਟਿਕ ਕੇ ਵਿਹਲੀ ਨਹੀਂ ਬੈਠ ਸਕਦੀ, ਉਹ ਲਗਾਤਾਰ ਕੁਝ ਨਾ ਕੁਝ ਕਰਨ ਵਿੱਚ ਰੁੱਝੀ ਰਹਿੰਦੀ ਹੈ। ਇਸ ਸਮੇਂ ਉਸਦਾ ਪਰਿਵਾਰ ਜੋ ਮੈਸੇਚਿਊਸੇਟਸ ਵਿੱਚ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਦੇ ਸੁਰੱਖਿਅਤ ਵਾਪਸ ਆਉਣ ‘ਤੇ ਪਿੰਡ ਵਿੱਚ ਉਸਦੇ ਪਰਿਵਾਰ ਦੇ ਨਜ਼ਦੀਕੀਆਂ ਨੇ ਖ਼ੁਸ਼ੀਆਂ ਮਨਾਈਆਂ ਹਨ ਅਤੇ ਉਥੇ ਵਿਆਹ ਵਰਗਾ ਮਾਹੌਲ ਹੈ।
ਸੁਨੀਤਾ ਲਿਨ ਪਾਂਡਿਆ ਦਾ ਜਨਮ 19 ਸਤੰਬਰ 1965 ਨੂੰ ਓਹਾਈਓ ਰਾਜ ਦੇ ਯੂਕਲਿਡ ਨਗਰ (ਕਲੀਵਲੈਂਡ) ਵਿੱਚ ਪਿਤਾ ਦੀਪਕ ਪਾਂਡਿਆ ਅਤੇ ਮਾਤਾ ਉਰਸੁਲਾਈਨ ਬੋਨੀ (ਜ਼ਾਲੋਕਰ) ਪਾਂਡਿਆ ਦੀ ਕੁਖੋਂ ਹੋਇਆ। ਉਨ੍ਹਾਂ ਦੇ ਪਿਤਾ ਡਾ. ਦੀਪਕ ਪਾਂਡਿਆ ਨਿਊਰੋਆਟੋਮਿਸਟ ਸਨ। ਦੀਪਕ ਪਾਂਡਿਆ ਦੀ 2020 ਵਿੱਚ ਮੌਤ ਹੋ ਗਈ ਸੀ। ਸੁਨੀਤਾ ਦੀ ਮਾਤਾ ਸੋਲਵਾਨੀਆਂ ਤੋਂ ਹਨ। ਸੁਨੀਤਾ ਆਪਣੇ ਭਰਾ ਜੈ ਥਾਮਸ ਪਾਂਡਿਆ ਅਤੇ ਭੈਣ ਦੀਨਾ ਅਨਾਦਜ਼ ਤੋਂ ਛੋਟੀ ਹੈ। ਸੁਨੀਤਾ ਦੇ ਪਿਤਾ ਡਾਕਟਰੀ ਦੀ ਪੜ੍ਹਾਈ ਕਰਨ ਲਈ 1958 ਵਿੱਚ ਅਮਰੀਕਾ ਗਏ ਸਨ। ਸੁਨੀਤਾ ਵਿਲੀਅਮਜ਼ ਦੇ ਚਾਚੇ ਤਾਇਆਂ ਦਾ ਵੱਡਾ ਪਰਿਵਾਰ ਹੈ। ਝੂਲਾਸਨ ਪਿੰਡ ਵਿੱਚ ਸੁਨੀਤਾ ਵਿਲੀਅਮ ਦੀ ਦਾਦੀ ਰਾਮ ਬਹਿਨ ਨਰਮਦਾ ਸ਼ੰਕਰ ਪਾਂਡਿਆ ਦੀ ਯਾਦ ਵਿੱਚ ਲਾਇਬਰੇਰੀ ਸਥਾਪਤ ਕੀਤੀ ਹੋਈ ਹੈ। ਉਨ੍ਹਾਂ ਦਾ ਪਿੰਡ ਗੁਜਰਾਤ ਸੂਬੇ ਦੇ ਮਹਿਸਾਨਾ ਜ਼ਿਲ੍ਹੇ ਵਿੱਚ ਝੂਲਾਸਨ ਹੈ, ਜੋ ਗਾਂਧੀਨਗਰ ਤੋਂ 40 ਕਿਲੋਮੀਟਰ ਹੈ। ਸੁਨੀਤਾ ਨੇ 1983 ਵਿੱਚ ਨੀਡਹੋਮ ਮੈਸੇਚਿਊਸੇਟਸ ਦੇ ਸਕੂਲ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ। ਸੁਨੀਤਾ ਲੀਨਾ ਪਾਂਡਿਆ ਦਾ ਵਿਆਹ ਆਪਣੇ ਕਲਾਸ ਫੈਲੋ ਮਾਈਕਲ.ਜੇ.ਵਿਲੀਅਮਜ਼ ਨਾਲ ਹੋਇਆ ਹੈ। ਸੁਨੀਤਾ ਮਿਹਨਤੀ, ਆਤਮ ਵਿਸ਼ਵਾਸੀ, ਦਲੇਰ, ਹੈਲੀਕਾਪਟਰ ਪਾਇਲਟ, ਜਲ ਸੈਨਿਕ, ਗੋਤਾਖੋਰ, ਤੈਰਾਕ, ਜਲਸੈਨਾ ਪੌਡ ਚਾਲਕ ਤੇ ਪਸ਼ੂ ਪ੍ਰੇਮੀ ਇਸਤਰੀ ਹੈ। ਉਹ ਹਰ ਕੰਮ ਨੂੰ ਵੰਗਾਰ ਸਮਝਕੇ ਕਰਦੀ ਹੈ। ਇਸ ਕਰਕੇ ਇੱਕ ਸਾਧਾਰਨ ਪਰਿਵਾਰ ਵਿੱਚੋਂ ਉਠਕੇ ਇਤਨੇ ਵੱਡੇ ਕਾਰਜ ਕੀਤੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com