Ravinder-Singh-Kundra

ਅਸੀਂ ਲਾਸ਼ਾਂ ਦੇ ਵਿਉਪਾਰੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ

ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।

ਕੌਤਕ ਕੀ ਉਸ ਨੇ ਰਚਾਇਆ,
ਕੋਰੋਨਾ ਦੁਨੀਆ ਉੱਤੇ ਘੁਮਾਇਆ,
ਸਾਰੀ ਖ਼ਲਕਤ ਚੱਕਰ ਵਿੱਚ ਪਾ ਕੇ,
ਸਾਡਾ ਬਣਿਆ ਪਰਉਪਕਾਰੀ।

ਗੋਹੇ ਮੂਤਰ ਵਰਗੀਆਂ ਚੀਜ਼ਾਂ,  
ਸਾਡੀਆਂ ਸੋਨੇ ਦੇ ਭਾਅ ਵਿਕੀਆਂ,
ਲਾਸ਼ਾਂ ਢੋਅ ਸਾਡੀਆਂ ਗੱਡੀਆਂ ਨੇ,
ਕੀਤੀ ਖੂਬ ਕਮਾਈ ਭਾਰੀ।

ਉਜੜੇ ਘਰ ਕੌਡਾਂ ਭਾਅ ਲੈਕੇ,
ਕਰੋੜਾਂ ਅਸੀਂ ਕਮਾਏ ਵਾਹਵਾ,
ਜਸ਼ਨ ਮਨਾਏ ਅਸਾਂ ਨੇ ਰੱਜ ਕੇ,
ਸਾਡੀ ਸ਼ਾਨ ਬਣ ਗਈ ਨਿਆਰੀ।

ਲਾਸ਼ਾਂ ਲੱਦੀ ਗੰਗਾ ਦੇ ਵਿੱਚ,  
ਅਸੀਂ ਹੱਥ ਧੋਤੇ ਮੁੜ ਮੁੜ ਕੇ,
ਸ਼ਾਇਦ ਮੁੜ ਕੇ ਕਦੀ ਨਾ ਆਵੇ,
ਸਾਡੀ ਮਨ ਭਾਉਂਦੀ ਮਹਾਂਮਾਰੀ।

ਕਰਮ, ਧਰਮ 'ਤੇ ਸ਼ਰਮ ਦੇ ਝੰਜਟ,
ਸਾਡੇ ਲਈ ਸਾਰੇ ਹੀ ਖੋਟੇ,
ਇਨ੍ਹਾਂ ਬਿਨਾ ਅੱਜ ਦੇ ਯੁਗ ਵਿੱਚ,
ਸਾਡੀ ਚੱਲਦੀ ਦੁਨੀਆਦਾਰੀ।

ਚੋਰਾਂ ਕੋਲੋਂ ਸੰਨ੍ਹ ਲਗਵਾ ਕੇ,
ਸੁੱਤੇ ਘਰ ਵਾਲੇ ਜਗਾ ਕੇ,
ਲੁੱਟ ਦਾ ਦੋਹਰਾ ਖੇਲ੍ਹ ਰਚਾਈਏ,
ਕਾਇਮ ਸਦਾ ਆਪਣੀ ਸਰਦਾਰੀ।

ਸਾਡੇ ਵਪਾਰ 'ਚ ਕਦੀ ਨ੍ਹੀਂ ਘਾਟਾ,
ਭਾਵੇਂ ਦੁਨੀਆ ਪਲਟੇ ਪਾਸਾ,
ਪਾਂਸਕੂ ਵਾਲੀ ਤੱਕੜੀ ਸਾਡੀ ਦਾ,
ਪੱਲੜਾ ਰਹਿਣਾ ਸਦਾ ਹੀ ਭਾਰੀ।

ਨਸ਼ੇ ਉਥੇ ਪਹੁੰਚਾ ਸਕਦੇ ਹਾਂ,
ਜਿੱਥੇ ਕਦੀ ਦਵਾਈ ਨਾ ਪਹੁੰਚੇ,
ਪਰਵਾਹ ਨਹੀਂ ਸਾਨੂੰ ਕਿਸੇ ਦੀ,
ਮਰ ਜਾਏ ਭਾਵੇਂ ਦੁਨੀਆ ਸਾਰੀ।

ਅਸੀਂ ਹਾਂ ਲਾਸ਼ਾਂ ਦੇ ਵਿਉਪਾਰੀ,
ਕਮਾਈ ਦਿਨੇ ਰਾਤ ਹੈ ਭਾਰੀ,
ਸਾਨੂੰ ਮੌਕੇ ਰੱਬ ਹੈ ਦਿੰਦਾ,
ਉਸਦੀ ਸਾਡੀ ਪੱਕੀ ਯਾਰੀ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ, ਯੂ ਕੇ

ਘੁੰਮਣਘੇਰੀਆਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਫ਼ਰਸ਼ਾਂ ਤੋਂ ਅਰਸ਼ਾਂ ਤੱਕ ਨੇ, ਹਰ ਪਾਸੇ ਘੁੰਮਣਘੇਰੀਆਂ,
ਕਹਾਣੀਆਂ ਨੇ ਚੱਕਰਾਂ ਵਿੱਚ, ਕਈ ਤੇਰੀਆਂ ਤੇ ਮੇਰੀਆਂ।

ਕਿੰਨੇ ਗ੍ਰਹਿ ਨੇ ਫਸੇ ਹੋਏ, ਆਵਾਗਵਣ ਦੇ ਜਾਲ਼ ਵਿੱਚ,
ਬੁੱਝਣੀਆਂ ਸਭ ਨੇ ਔਖੀਆਂ, ਬੁਝਾਰਤਾਂ ਰੱਬਾ ਤੇਰੀਆਂ।

ਕਈ ਐਸੇ ਵੀ ਨੇ ਚਾਲਬਾਜ਼, ਜੋ ਚੱਕਰਾਂ 'ਚ ਪਾਉਣ ਲਈ,
ਬੁਣਦੇ ਅਜਿਹੇ ਜਾਲ਼ ਕਈ, ਬੁਣਤੀਆਂ ਪਾ ਘਨੇਰੀਆਂ।

ਆਪਣੇ ਸਿਰ ਇਲਜ਼ਾਮ ਨਹੀਂ, ਦੂਜਿਆਂ 'ਤੇ ਦੋਸ਼ ਧਰ,
ਅਲੋਪ ਹੋ ਜਾਂਦੇ ਕਈ, ਕਰ ਜ਼ਿੰਦਗੀਆਂ ਕਈ ਹਨੇਰੀਆਂ।

ਜੀਵਨ ਦੇ ਰਾਹ ਖ਼ੁਦ ਵੀ ਕਦੀ, ਕੁਰਾਹੇ ਪਾ ਭਟਕਾਂਵਦੇ,
ਕਦੀ ਭਟਕਣਾਂ ਬਣ ਜਾਂਦੀਆਂ, ਨਵੀਆਂ ਰਾਹ ਦਸੇਰੀਆਂ।

ਜੇ ਜ਼ਮੀਰ ਵੀ ਘੁੰਮਣਘੇਰੀ ਹੈ, ਫਿਰ ਜੇਲ੍ਹਾਂ ਦੀ ਕੀ ਲੋੜ ਹੈ,
ਢਾਲ਼ ਸੁੱਟੋ ਸਭ ਭੱਠੀਆਂ ਵਿੱਚ, ਹਥਕੜੀਆਂ 'ਤੇ ਬੇੜੀਆਂ।

ਜ਼ਿੰਦਗੀ 'ਤੇ ਮੌਤ ਦਾ ਚੱਕਰ, ਵੀ ਤਾਂ ਘੁੰਮਣਘੇਰੀ ਹੈ,
ਇਸ ਦੇ ਪਿੱਛੇ ਵੀ ਛੁਪੀਆਂ ਨੇ, ਹਕੀਕਤਾਂ ਬਥੇਰੀਆਂ।

ਆਰੰਭ ਅਤੇ ਅਖੀਰ ਵੀ, ਕਦੀ ਗਿਆ ਨਾ ਆਂਕਿਆ,
ਹੰਭ ਜਾਵੇਗਾ ਇਹ ਬੰਦਾ, ਕਰੀਚਦਾ ਦੰਦੇਰੀਆਂ।

ਤੂੰ ਹੋ ਜਾ ਪੁੱਠਾ ਭਾਵੇਂ, ਭਾਵੇਂ ਸਿੱਧਾ ਚੱਲ ਕੇ ਦੇਖ,
ਨਹੀਂ ਤੇਰੇ ਹੱਥ ਆਉਣੀਆਂ, ਇਹ ਗੋਲ ਘੁੰਮਣਘੇਰੀਆਂ।

ਫ਼ਰਸ਼ਾਂ ਤੋਂ ਅਰਸ਼ਾਂ ਤੱਕ ਨੇ, ਹਰ ਪਾਸੇ ਘੁੰਮਣਘੇਰੀਆਂ,
ਕਹਾਣੀਆਂ ਨੇ ਚੱਕਰਾਂ ਵਿੱਚ, ਕਈ ਤੇਰੀਆਂ ਤੇ ਮੇਰੀਆਂ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਨਕਲੀ ਅਕਲ - ਰਵਿੰਦਰ ਸਿੰਘ ਕੁੰਦਰਾ 

ਨਕਲੀ ਅਕਲ ਨੇ ਲੋਕਾਂ ਦੀ, ਅਕਲ ਹੈ ਐਸੀ ਮਾਰੀ,
ਜਿਸ ਦੇ ਚੱਕਰ ਦੇ ਵਿੱਚ ਦੁਨੀਆ, ਫਸ ਗਈ ਹੈ ਸਾਰੀ।

ਅਸਲੀ ਚੀਜ਼ ਹੁਣ ਨਕਲੀ, 'ਤੇ ਨਕਲੀ ਹੈ ਹੁਣ ਅਸਲੀ,
ਦੁੱਧ ਤੋਂ ਪਾਣੀ ਵੱਖ ਕਰਨ ਦੀ, ਵਧ ਗਈ ਹੈ ਦੁਸ਼ਵਾਰੀ।

ਪਛਾਣ ਨਹੀਂ ਹੁਣ ਹੁੰਦੇ ਚਿਹਰੇ, ਜੋ ਸੀ ਕਦੀ ਭੋਲੇ ਭਾਲੇ,
ਸ਼ਰਾਫਤੀ ਸੂਰਤਾਂ ਪਿੱਛੇ ਵੀ, ਹੁਣ ਛੁਪੀ ਮਿਲੇ ਮੱਕਾਰੀ।

ਹਰ ਬੰਦੇ ਨੂੰ ਆਪਣੇ 'ਤੇ ਵੀ, ਸ਼ੱਕ ਜਿਹਾ ਹੁਣ ਰਹਿੰਦਾ,
ਗੁਆ ਬੈਠੇ ਹਾਂ ਆਪਣੀ ਹੀ, ਕਦਰ 'ਤੇ ਕੀਮਤ ਸਾਰੀ।

ਕੌਣ ਕਿਸੇ ਨੂੰ ਕਿਵੇਂ ਵਰਤ ਗਿਆ, ਸਮਝ ਕੋਈ ਨਾ ਆਵੇ,
ਹਰੇਕ ਫਿਰੇ ਹੁਣ ਡਰਦਾ, ਮਤੇ ਆ ਜਾਏ ਉਸ ਦੀ ਵਾਰੀ।

ਧਾਂਕ ਜਿਨ੍ਹਾਂ ਦੀ ਸੀ ਕਦੀ ਜੱਗ ਵਿੱਚ, ਹੋ ਗਏ ਕੱਖੋਂ ਹੌਲੇ,
'ਏ ਆਈ' ਨੇ ਖੋਹ ਲਈ ਉਨ੍ਹਾਂ ਦੀ, ਖੱਟੀ ਸਭ ਸਰਦਾਰੀ।

ਸਮਝ ਨਹੀਂ ਇਹ ਸਾਰਾ ਚੱਕਰ, ਕਿੱਥੇ ਜਾ ਕੇ ਰੁਕਣਾ,
ਰੁਕਦੀ ਨਹੀਂ ਲੱਗਦੀ ਕਿਤੇ ਵੀ, ਨਹਿਸ਼ ਜਿਹੀ ਬੀਮਾਰੀ।

ਬਨਾਵਟ ਚਮਕੇ ਇੰਨੀ ਕਿ, ਹਕੀਕਤ ਧੁੰਦਲੀ ਪੈ ਗਈ,
ਕਿਵੇਂ ਇਹ ਸਾਬਤ ਹੋਵੇ ਕਿ, ਸੱਚ ਸਦਾ ਹੈ ਚਮਤਕਾਰੀ?

ਉਸਰ ਰਹੇ ਨੇ ਬਨਾਵਟੀ ਮੰਦਰ, ਬਹੁਤੇ ਥਾਈਂ ਥਾਈਂ,
ਜਿੱਥੇ ਪੂਜਿਆ ਜਾਂਦੈ ਹੁਣ, ਹਰ ਬੇਈਮਾਨ ਮਾਇਆਧਾਰੀ।

'ਏ ਆਈ' ਥੱਲੇ ਆਕੇ ਬੰਦੇ ਦੀ, ਹਾਈ ਹਾਈ ਹੁਣ ਨਿੱਕਲੂ,
ਬਣ ਜਾਣੀ ਹੈ ਬੜੀ ਜਲਦੀ, ਇਹ ਨਵੀਂ ਹੀ ਮਹਾਂਮਾਰੀ।

ਢੀਠ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਹੈ ਬੜੇ ਹੀ ਭਾਗਾਂ ਵਾਲੇ,
ਜਿਨ੍ਹਾਂ ਨੂੰ ਢੀਠ ਹੋਣ ਦਾ ਵਰ ਮਿਲਿਆ,
ਨਾ ਹਿੱਸੇ ਉਨ੍ਹਾਂ ਦੇ ਸ਼ਰਮ ਆਈ,
ਨਾ ਬੇਇਜ਼ਤੀ ਦਾ ਕੋਈ ਡਰ ਮਿਲਿਆ।

ਸਦਾ ਢੋਲੇ ਦੀਆਂ ਗਾਉਂਦੇ ਨੇ,
'ਤੇ ਚੜ੍ਹੀ ਲੱਥੀ ਦੀ ਨਹੀਂ ਪਰਵਾਹ,
ਜੇ ਚਾਰ ਕੋਈ ਮਾਰ ਵੀ ਦੇਵੇ,
ਫੇਰ ਵੀ ਕਹਿੰਦੇ ਵਾਹ ਜੀ ਵਾਹ।

ਚਮੜੀ ਇਨ੍ਹਾਂ ਦੀ ਸਖਤ ਹੁੰਦੀ,
'ਤੇ ਸੱਟ ਇਨ੍ਹਾਂ ਦੇ ਲੱਗਦੀ ਨਹੀਂ,
ਬਿਨਾ ਖਾਧਿਉਂ ਕੁੱਟ ਇਨ੍ਹਾਂ ਨੂੰ,
ਰੋਟੀ ਖਾਧੀ ਵੀ ਪਚਦੀ ਨਹੀਂ।

ਬੇ ਹਿਆਈ ਦੇ ਸਿਰ 'ਤੇ ਹੀ,
ਸਦਾ ਦੁੱਧ ਮਲਾਈਆਂ ਖਾਂਦੇ ਨੇ,
ਸ਼ਰਮਾਵਣ ਵਾਲੇ ਸ਼ਰੀਫਾਂ ਨੂੰ,
ਰੱਜ ਕੇ ਠੁੱਠ ਦਿਖਾਉਂਦੇ ਨੇ।

ਜਿੱਧਰ ਜਾਵਣ ਚਾਰੇ ਪਾਸੇ,
ਮਸ਼ਹੂਰੀ ਆਪਣੀ ਕਰਾ ਬਹਿੰਦੇ,
ਨਾਮ ਭਾਵੇਂ ਕਿਤੇ ਨਾ ਵੀ ਬਣੇ,
ਬਦਨਾਮ ਹੋ ਕੇ ਵੀ ਖੁਸ਼ ਰਹਿੰਦੇ।

ਹੋਵੇ ਭਾਵੇਂ ਅਨਪੜ੍ਹ ਕੋਈ,
ਜਾਂ ਕੋਈ ਹੋਵੇ ਪੀ ਐਚ ਡੀ,
ਇਨ੍ਹਾਂ ਦੀ ਆਪਣੀ ਹੀ ਡਿਗਰੀ ਹੈ,
ਜੋ ਸਭ ਡਿਗਰੀਆਂ ਤੋਂ ਉੱਪਰ ਜੀ।

ਆਪਣਾ ਉੱਲੂ ਸਿਧਾ ਕਰਨੇ ਲਈ,
ਇਹ ਹੱਦਾਂ ਸਾਰੀਆਂ ਪਾਰ ਕਰਨ,
ਬੁਰੇ ਦੇ ਘਰ ਤੱਕ ਪਹੁੰਚਣ ਤੋਂ,
ਇਹ ਕਿਸੇ ਵੀ ਵੇਲੇ ਕਦੀ ਨਾ ਡਰਨ।

ਇੱਕ ਕੰਨ ਪਾ ਕੇ ਦੂਜੇ ਤੋਂ ਕੱਢਣੀ,
ਇਹ ਇਨ੍ਹਾਂ ਦੀ ਆਦਤ ਹੈ,
ਅਕਲ ਦੀ ਗੱਲ ਨੇੜਿਉਂ ਨਾ ਲੰਘੇ,
ਐਸੀ ਇਨ੍ਹਾਂ ਦੀ ਜ਼ਲਾਲਤ ਹੈ।

ਹੇਠੀ ਦਾ ਗਹਿਣਾ ਸਜੇ ਸਦਾ,
ਇਨ੍ਹਾਂ ਦੀਆਂ ਸ਼ਖ਼ਸੀਅਤਾਂ 'ਤੇ,
ਭਾਵੇਂ ਨੱਕ ਵੀ ਕੱਟਿਆ ਜਾਵੇ ਕਿਤੇ,
'ਤੇ ਰੁਲ ਜਾਵਣ ਪੁੱਛ ਪਰਤੀਤਾਂ ਜੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਪ੍ਰਾਣੀ 'ਤੇ ਪਾਣੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਵਰ ਤੇ ਸਰਾਪ, ਹੋ ਨਿੱਬੜੇ ਨੇ ਪਾਣੀ,
ਕਿੰਨੀ ਅਨੋਖੀ ਹੈ, ਇਹ ਵੀ ਕਹਾਣੀ।

ਬਬੀਹੇ ਦੀ ਤਰ੍ਹਾਂ, ਹਰ ਬੂੰਦ ਨੂੰ ਤਰਸਦੇ,
ਕਦੀ ਕਦੀ ਨੇ, ਹਰ ਪੌਦੇ 'ਤੇ ਪ੍ਰਾਣੀ।

ਤੇ ਕਦੀ ਕੁੱਝ ਕਹਿਰ ਵੀ, ਐਸੇ ਨੇ ਟੁੱਟਦੇ,
ਜਿਸ ਦੀ ਕਹਾਣੀ, ਦੱਸੀ ਵੀ ਨਾ ਜਾਣੀ।

ਹੈ ਹੋਇਆ ਕਰੋਪ, ਇਹ ਜੀਵਨ ਦਾ ਦਾਨੀ,
ਮੰਗ ਰਿਹੈ ਜ਼ਿੰਦਗੀ ਦੀ, ਭਾਰੀ ਕੁਰਬਾਨੀ।

ਥਲ ਵੀ ਜਲ ਬਣਿਆ, 'ਤੇ ਜਲ ਤਾਂ ਹੈ ਜਲ ਹੀ,
ਇਹ ਆਈ ਹੈ ਆਫ਼ਤ, ਜਨ ਜੀਵਨ ਖਾਣੀ।

ਪਰਵਾਹ ਨਹੀਂ ਕੀਤੀ, ਕੀਤੇ ਪਰਵਾਹਾਂ ਦੀ,
ਖਵਾਜਾ ਡਕਾਰ ਗਿਆ, ਹਰ ਦਿੱਤੀ ਨਿਸ਼ਾਨੀ।

ਰੁੱਸ ਗਈ ਹੈ ਕੁਦਰਤ, ਆਪਣੀ ਹੀ ਦੁਨੀਆ ਤੋਂ,
ਮਿਟਾ ਰਹੀ ਐ ਆਪਣੀ, ਹਰ ਅਦਭੁੱਤ ਨਿਸ਼ਾਨੀ।

ਕੀ ਹੈ ਇਹ ਕ੍ਰਿਸ਼ਮਾ ਜਾਂ, ਹੈ ਇਹ ਕਰੋਪੀ?
ਕਿਉਂ ਕਰਦੀ ਹੈ ਕੁਦਰਤ, ਆਪਣੀ ਮਨ ਮਾਨੀ?

ਉੱਠ ਰਹੇ ਨੇ ਹੱਥ, ਤੋਬਾ ਤੋਬਾ ਜੋ ਕਰਦੇ,
ਲੱਭ ਰਹੇ ਸਹਾਰੇ ਲਈ, ਹਰ ਤਿਣਕਾ ਹਰ ਕਾੱਨੀ।

ਪਲਾਂ ਵਿੱਚ ਬਦਲ ਜਾਂਦੈ, ਸਵਰਗ ਨਰਕਾਂ ਵਿੱਚ,
ਹੈ ਅਜੀਬ ਗੋਰਖਧੰਦਾ, ਇਹ ਦੁਨੀਆ ਹੈ ਫਾੱਨੀ।

ਵਰ ਤੇ ਸਰਾਪ, ਹੋ ਨਿੱਬੜੇ ਨੇ ਪਾਣੀ,
ਕਿੰਨੀ ਅਨੋਖੀ ਹੈ, ਇਹ ਵੀ ਕਹਾਣੀ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਅਣਮਨੁੱਖੀ ਕਾਰੇ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਰੱਖੋ ਘਰਾਂ 'ਚ ਰਿਵਾਲਵਰ, ਬੰਦੂਕਾਂ ਸੱਜਣੋਂ,
ਕਰੋ ਜ਼ਾਹਰ ਨਿੱਤ ਨਿੱਜੀ, ਕਰਤੂਤਾਂ ਸੱਜਣੋਂ।

ਕੱਢੋ ਫਾਇਰ ਨਿੱਤ ਲੋਕਾਂ ਨੂੰ, ਡਰਾਓ ਰੱਜ ਕੇ,
ਅੜਾਓ ਟੰਗ ਹਰ ਮਸਲੇ 'ਚ, ਅੜ ਕੇ ਭੱਜ ਕੇ।

ਕੋਈ ਵਿਆਹ ਸ਼ਾਦੀ ਜਸ਼ਨ, ਨਹੀਂ ਪੂਰੇ ਹੋਣਗੇ,
ਜਿੱਥੇ ਤੁਹਾਡੇ ਜਿਹੇ ਬਹਾਦਰ, ਨਾ ਸੂਰੇ ਹੋਣਗੇ।

ਦਿਓ ਬੱਚਿਆਂ ਨੂੰ ਖੇਡਣ ਲਈ, ਹਥਿਆਰ ਨਿੱਤ ਜੀ,
ਭਾਵੇਂ ਖੇਡੇ ਕਿਹੜਾ ਮੌਤ ਹਿੱਸੇ, ਆਵੇ ਕਿਸ ਦੀ।

ਥੁੱਕੋ ਅਸਮਾਨ ਉੱਤੇ, ਭਾਵੇਂ ਮੂੰਹ ਹੀ ਲਿੱਬੜੇ,
ਹੋਵੇ ਬੇਇਜ਼ਤੀ ਤੁਹਾਡੀ, ਭਾਵੇਂ ਜਿੱਥੇ ਕਿੱਧਰੇ।

ਦਿਓ ਸ਼ਰਮਾਂ ਹਿਆਵਾਂ ਸਭ, ਛਿੱਕੇ ਟੰਗ ਜੀ,
ਕਰੋ ਲੱਭ ਕੇ ਸ਼ਰੀਫ਼ਾਂ ਨੂੰ, ਰੋਜ਼ਾਨਾ ਤੰਗ ਜੀ।

ਹੋਵੇ ਤੋਏ ਤੋਏ ਤੁਹਾਡੀ, ਦੁਨੀਆ ਦੇ ਵਿੱਚ ਜੀ,
ਰਹੇ ਗੁਣ ਨਾ ਮਨੁੱਖਤਾ ਵਾਲਾ, ਕੋਈ ਇੱਕ ਵੀ।

ਪੁੱਠੇ ਪਾਸੇ ਸੜਕਾਂ ਦੇ, ਚਲਾਓ ਗੱਡੀਆਂ,
ਜਿਹੜਾ ਰੋੱਕੇ ਤੁਹਾਨੂੰ ਤੋੜੋ, ਉਸ ਦੀਆਂ ਹੱਡੀਆਂ।

ਕਰੋ ਨਸ਼ੇ ਹਰ ਕਿਸਮ ਦੇ, ਸਭ ਮਾਣ ਨਾਲ ਜੀ,
ਮਾਰੋ ਮਾਪੇ ਹੋਰ ਵੀ ਨਾਤੇ, ਸਭ ਜਾਨ ਮਾਲ ਜੀ।

ਕਰੋ ਘਾਣ ਅੱਜ ਆਪਣਾ ਹੀ, ਸਿਰ 'ਤੇ ਚੜ੍ਹ ਕੇ,
ਕੱਲ ਬੈਠੋਗੇ ਤੁਸੀਂ ਹੀ, ਆਪਣਾ ਸਿਰ ਫੜ ਕੇ।

ਪੁੱਠੇ ਕੰਮਾਂ ਦਾ ਵੀ ਫਲ, ਕਦੀ ਹੁੰਦਾ ਨਹੀਂ ਮਿੱਠਾ,
ਲੱਗਿਆ ਕਿੱਕਰਾਂ ਨੂੰ ਅੰਬ, ਕਦੇ ਕਿਸੇ ਨਹੀਂ ਡਿੱਠਾ।

ਜੋ ਵੀ ਬੀਜੋਗੇ ਵੱਢਣਾ ਵੀ, ਉਹੀ ਪੈਣਾ ਏ,
ਇਹ ਅਸੂਲ ਸਚਾਈ ਵਾਲਾ, ਸੱਚਾ ਹੀ ਰਹਿਣਾ ਏ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਇੱਕ ਤਿਣਕਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਇੱਕ ਤਿਣਕਾ, ਜ਼ਰਾ ਕਮਜ਼ੋਰ ਜਿਹਾ,
ਕੁੱਝ ਸ਼ੋਖ਼ ਜਿਹਾ, ਮੂੰਹ ਜ਼ੋਰ ਜਿਹਾ।

ਸ਼ੱਕ ਹੋਵੇ ਜਿੱਥੇ, ਉਹ ਜਾ ਖੜ੍ਹਦੈ,
ਝੂਠੇ ਦੀ ਦਾੜ੍ਹੀ 'ਚ, ਵੀ ਜਾ ਵੜਦੈ।

ਸੱਚ ਬੋਲਣਾ ਉਸ ਦਾ, ਹੈ ਖਾਸਾ,
ਨਹੀਂ ਫ਼ਰਜ਼ੋਂ ਮੋੜਦਾ, ਕਦੇ ਪਾਸਾ।

ਲੱਖ ਲਿਤਾੜਿਆ ਗਿਆ, ਪਿਛਾੜਿਆ ਗਿਆ,
ਕਿਤੇ ਝੰਬਿਆ ਗਿਆ, ਕਿਤੇ ਸਾੜਿਆ ਗਿਆ।

ਤਕੜੇ ਦੇ ਜ਼ੋਰ ਨਾਲ਼, ਝੁਕਿਆ ਨਹੀਂ,
ਸੱਚ ਕਹਿਣੋਂ ਕਦੀ, ਉਹ ਰੁਕਿਆ ਨਹੀਂ।

ਠੱਲ੍ਹ ਪਾ ਦੇਵੇ ਜਿੱਥੇ, ਰੁਕੇ ਤਣ ਕੇ,
ਮੋੜੇ ਦਰਿਆਵਾਂ ਦੇ, ਰੁੱਖ ਠਣ ਕੇ।

ਪਰ ਹੰਕਾਰ ਨਹੀਂ, ਫੁੰਕਾਰ ਨਹੀਂ,
ਕਿਸੇ ਮਦਦ ਦਾ ਕੋਈ, ਇੰਤਜ਼ਾਰ ਨਹੀਂ।

ਬੱਸ ਮਾਣ ਹੈ, ਆਪਣੀ ਕਰਨੀ 'ਤੇ,
ਨਿਰਮਾਣੀ ਜਿਹੀ, ਹਠਧਰਮੀ 'ਤੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਬਗਲੇ ਬਾਬੇ - ਰਵਿੰਦਰ ਸਿੰਘ ਕੁੰਦਰਾ  ਕੌਵੈਂਟਰੀ ਯੂ ਕੇ 

ਉੱਤੋਂ ਚਿੱਟੇ ਚੋਲ਼ਿਆਂ ਵਾਲੇ,
ਤਨ ਦੇ ਖੋਟੇ ਮਨ ਦੇ ਕਾਲੇ।

ਗੁਛ ਮੁਛ ਹੋ ਸਮਾਧੀਆਂ ਲਾ ਕੇ,
ਲੁੱਟਣ ਦੁਨੀਆ ਘਾਤਾਂ ਲਾ ਕੇ।

ਬਚੋ ਜਿੰਨਾ ਬਚ ਹੁੰਦਾ ਇਨ੍ਹਾਂ ਤੋਂ,
ਘਾਣ ਸਿੱਖੀ ਦਾ ਹੋ ਰਿਹਾ ਚਿਰਾਂ ਤੋਂ।

ਆਓ ਇਨ੍ਹਾਂ ਦਾ ਫਸਤਾ ਵੱਢੀਏ,
ਇਨ੍ਹਾਂ ਮਗਰ ਹੁਣ ਜਾਣਾ ਛੱਡੀਏ।

ਊਂਧੇ ਬਣ ਅਸੀਂ ਅੰਨ੍ਹੇ ਹੋਏ,
ਗੰਦਿਆਂ ਦੇ ਅਸੀਂ ਪੈਰ ਵੀ ਧੋਏ।

ਇੱਜ਼ਤਾਂ ਅਸੀਂ ਲੁਟਾ ਬੈਠੇ ਹਾਂ,
ਮਾਇਆ ਬਹੁਤ ਚੜ੍ਹਾ ਬੈਠੇ ਹਾਂ।

ਸਾਡਾ ਸੋਸ਼ਣ ਇਨ੍ਹਾਂ ਰੱਜ ਕੀਤਾ,
ਖ਼ੂਨ ਅਸਾਡਾ ਰੱਜ ਕੇ ਪੀਤਾ।

ਇਨ੍ਹਾਂ ਸਾਡੇ ਗੁਰੂ ਨਹੀਂ ਬਖਸ਼ੇ,
ਸਿੱਧੜ ਸਿੱਖ ਪਾਏ ਪੁੱਠੇ ਰਸਤੇ।

ਆਪਣੀ ਮਹਿਮਾ ਖ਼ੂਬ ਕਰਾਈ,
ਪਿੱਟਦੀ ਰਹਿ ਗਈ ਸਭ ਲੋਕਾਈ।

ਚਿੱਟ ਕੱਪੜੀਏ ਬਗਲੇ ਇਹ ਸਾਰੇ,
ਸਾਡੇ ਸਿਰਾਂ 'ਤੇ ਲੈਣ ਨਜ਼ਾਰੇ।

ਅੰਧਵਿਸ਼ਵਾਸੀ ਅੰਨ੍ਹੇ ਹੋ ਕੇ,
ਕਿਉਂ ਖਾਂਦੇ ਹੋ ਥਾਂ ਥਾਂ ਧੋਖੇ?

ਜਾਗੋ ਹੁਣ 'ਤੇ ਜਾਗੋ ਲੋਕੋ,
ਹਿੰਮਤ ਕਰੋ ਬਗਲਿਆਂ ਨੂੰ ਠੋਕੋ।

ਨਿਗਲ਼ ਚੁੱਕੇ ਨੇ ਤੁਹਾਡੀਆਂ ਮੱਛੀਆਂ,
ਫੇਰ ਵੀ ਬੰਦ ਨੇ ਤੁਹਾਡੀਆਂ ਅੱਖੀਆਂ।

ਅੱਖਾਂ ਖੋਲ੍ਹੋ ਸੱਚ ਫਰੋਲੋ,
ਪਾਜ ਘਿਨਾਉਣੇ ਬਗਲਿਆਂ ਦੇ ਖੋਲ੍ਹੋ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

ਲੈਂਡ ਪੂਲਿੰਗ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ 

ਸਲ੍ਹਾ ਦੀ ਤਰ੍ਹਾਂ ਜਨਤਾ ਵਧ ਰਹੀ,
ਹੈ ਇਸ ਧਰਤੀ ਉੱਤੇ,
ਸ਼ਹਿਰ 'ਤੇ ਕਸਬੇ ਉੱਗ ਰਹੇ,
ਜਿਵੇਂ ਘਾਹ ਬਰਸਾਤੀ ਰੁੱਤੇ।

ਆਦਮ ਜ਼ਾਤ ਦੇ ਪਸਾਰੇ ਥੱਲੇ,
ਧਰਤੀ ਸੁੰਗੜੀ ਜਾਂਦੀ,
ਅਕ੍ਰਿਤਘਣਾਂ ਦੀ ਕਰਨੀ ਸਦਕੇ,
ਦਿਨ ਰਾਤ ਹੈ ਪਈ ਕੁਰਲਾਂਦੀ।

ਹਰ ਇੱਕ ਦੂਜੇ ਤੋਂ ਵਧ ਚੜ੍ਹ ਕੇ,
ਬਣ ਰਿਹਾ ਹੈ ਮਾਇਆਧਾਰੀ,
ਚੂਹਾ ਦੌੜ ਦੀ ਹਲਚਲ ਨੇ ਹੈ,
ਹਰ ਇੱਕ ਦੀ ਮੱਤ ਮਾਰੀ।

ਇੱਕ ਦੂਜੇ ਨੂੰ ਲੁੱਟ 'ਤੇ ਕੁੱਟ ਕੇ,
ਸਭ ਆਪਣਾ ਘਰ ਨੇ ਭਰਦੇ,
ਬਹੁਤ ਹੀ ਪੁੱਠੇ ਕਾਰੇ ਕਰਨੋਂ,
ਭੋਰਾ ਵੀ ਨਹੀਂ ਨੇ ਡਰਦੇ।

ਵਿਕਾਸ ਦੇ ਨਾਂ ਤੇ ਵਿਨਾਸ਼ ਹੋ ਰਿਹਾ,
ਜ਼ਾਹਰਾ ਸਭ ਨਜ਼ਰੀਂ ਆਵੇ,
ਫੇਰ ਵੀ ਅਸਲੀ ਮੁੱਦੇ ਉੱਤੇ,
ਕੋਈ ਨਾ ਆਉਣਾ ਚਾਹਵੇ।

ਜਣ ਜਣ ਕੇ ਅਣਗਿਣਤੇ ਬੱਚੇ,
ਵਿੱਚ ਗਲ਼ੀਆਂ ਦੇ ਰੁਲ਼ਦੇ,
ਬਿਨਾ ਰੋਟੀ ਤੋਂ ਤੜਫਦੇ ਕਰੋੜਾਂ,
ਜ਼ਿੰਦਗੀ ਮੌਤ ਨਾਲ਼ ਘੁਲ਼ਦੇ।

ਫੇਰ ਵੀ ਕਿਸੇ ਦਾ ਬਹੁਤਾ ਧਿਆਨ,
ਜਨਤਾ ਵੱਲ ਨਹੀਂ ਜਾਂਦਾ,
ਇਸ ਦੇ ਉੱਤੇ ਕਾਬੂ ਪਾਉਣ ਲਈ,
ਕੋਈ ਗੰਭੀਰ ਨਹੀਂ ਹੋਣਾ ਚਾਹੁੰਦਾ।

ਲੈਂਡ ਪੂਲਿੰਗ ਨੂੰ ਰੋਕਣ ਦੇ ਨਾਲ,
ਮਸਲੇ ਹੱਲ ਨਹੀਂ ਹੋਣੇ,
ਜਿੰਨੀ ਜਨਤਾ ਵਧਦੀ ਜਾਣੀ,
ਉੱਨੇ ਹੀ ਵਧਣਗੇ ਰੋਣੇ।

ਅੱਜ ਦਾ ਮਾਲਕ ਕੱਲ੍ਹ ਮਜ਼ਦੂਰ,
ਤੇ ਪਰਸੋਂ ਹੋਵੇਗਾ ਮੰਗਤਾ,
ਹਕੀਕਤ ਸਦਾ ਸਾਹਮਣੇ ਹੈ ਆਉਣੀ,
ਠੁੱਸ ਹੋ ਜਾਣੀ ਹੰਗਤਾ।

ਅੱਜ ਦੀ ਲੈਂਡ ਪੂਲਿੰਗ ਹੈ ਕੱਲ੍ਹ ਨੂੰ,
ਜ਼ਬਰੀ ਕੁਰਕ ਹੋ ਜਾਣੀ,
ਲੈਂਡ ਪੁਲਿੰਗ ਵਿੱਚ ਬਦਲ ਜਾਵੇਗੀ,
ਚੱਲਦੀ ਇਹ ਕਹਾਣੀ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ 

ਜੇ ਕਰ - ਰਵਿੰਦਰ ਸਿੰਘ ਕੁੰਦਰਾ  ਕੌਵੈਂਟਰੀ ਯੂ ਕੇ

ਕਲੀਆਂ ਖਿੜਨਗੀਆਂ ਜ਼ਰੂਰ,
ਜੇਕਰ ਬਹਾਰ ਰੁੱਸ ਨਾ ਗਈ।
ਫ਼ੁਹਾਰਾਂ ਬਰਸਣਗੀਆਂ ਬੇਰੋਕ,
ਜੇ ਬਰਸਾਤ ਹੋ ਠੁੱਸ ਨਾ ਗਈ।

ਸ਼ਮ੍ਹਾ ਜਲਦੀ ਰਹੇਗੀ ਰੌਸ਼ਨੀ,
ਹਮੇਸ਼ਾ ਦੇਣ ਦੀ ਖ਼ਾਤਰ,
ਜੇਕਰ ਤੇਲ ਵਾਲੀ ਬੱਤੀ,
ਕਦੀ ਵੀ ਸੁੱਕ ਨਾ ਗਈ।

ਜ਼ਿੰਦਗੀ ਚੱਲਣੀ ਹੈ ਜਿਉਣ ਲਈ,
ਅਤੇ ਚੱਲਦੀ ਰਹੇਗੀ,
ਜੇਕਰ ਸਾਹਾਂ ਦੀ ਨਾਜ਼ੁਕ ਡੋਰ,
ਕਦੀ ਟੁੱਟ ਨਾ ਗਈ।

ਹੱਥ ਨਾਲ ਹੱਥ ਮਿਲੇਗਾ ਤਾਂ,
ਰਸਤਾ ਹੁਸੀਨ ਹੋਵੇਗਾ,
ਜੇਕਰ ਪਈ ਹੋਈ ਕੁੰਜੜੀ,
ਕਦੀ ਖੁੱਸ ਨਾ ਗਈ।

ਦਿਲ 'ਤੇ ਦਿਮਾਗ ਦੇ ਰਿਸ਼ਤੇ,
ਨਿਭਣਗੇ ਤਾਂ ਹੀ ਨੇ ਆਖ਼ਰ,
ਜੇਕਰ ਪਿਆਰ ਦੀ ਪਲ਼ਦੀ ਵੇਲ,
ਕਦੀ ਸੁੱਕ ਨਾ ਗਈ।

ਨਿਜ਼ਾਮ ਕੁਦਰਤ ਦਾ ਸਥਾਈ,
ਚੱਲ ਰਿਹਾ ਹੈ ਨਿਰੰਤਰ।
ਸ਼ੁਕਰ ਹੈ ਲੱਖ ਵਾਰ ਇਸਦਾ ਕਿ,
ਕਦੀ ਇਹ ਰੁਕ ਨਾ ਗਈ।

ਚੱਲ ਰਿਹਾ ਹੈਂ ਹੰਕਾਰ ਨਾਲ ਤੂੰ,
ਕਰ ਕੇ ਸਦਾ ਸਿਰ ਉੱਚਾ।
ਤੈਨੂੰ ਅਹਿਸਾਸ ਹੋਵੇਗਾ ਕਿਵੇਂ,
ਜੇ ਤੇਰੀ ਰਗ ਦੁਖ ਨਾ ਗਈ?

ਫਟ ਜਾਵੇਂਗਾ ਇੱਕ ਦਿਨ,
ਅਫਰੇਵੇਂ ਦੀ ਮਾਰ ਦੇ ਹੇਠਾਂ,
ਜੇਕਰ ਹਾਲੇ ਤੱਕ ਵੀ ਤੇਰੀ,
ਲਾਲਚ ਦੀ ਭੁੱਖ ਨਾ ਗਈ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ