ਲੋਕ -ਹਿੱਤਾਂ ਅਤੇ ਸਮਾਜਿਕ ਜਾਗਰੂਕਤਾ ਦਾ ਕਾਵਿਕ ਪ੍ਰਤੀਕਰਮ ਮਹਿੰਦਰ ਸਿੰਘ ਮਾਨ ਦਾ ਕਾਵਿ ਸੰਗ੍ਰਹਿ 'ਜ਼ਿੰਦਗੀ ਦੀ ਪੂੰਜੀ' - ਡਾਕਟਰ ਸਰਦੂਲ ਸਿੰਘ ਔਜਲਾ
ਮਹਿੰਦਰ ਸਿੰਘ ਮਾਨ ਨਾਲ ਮੇਰੀ ਜਾਣ-ਪਹਿਚਾਣ ਉਸ ਦੀ ਕਵਿਤਾ ਦੇ ਜ਼ਰੀਏ ਹੀ ਹੋਈ ਕਿਉਂ ਕਿ ਉਸ ਦੀਆਂ ਕਵਿਤਾਵਾਂ ਨਿਰੰਤਰ ਅਖਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 'ਜ਼ਿੰਦਗੀ ਦੀ ਪੂੰਜੀ' ਕਾਵਿ ਸੰਗ੍ਰਹਿ ਵੀ ਉਸ ਦੀ ਨਿਰੰਤਰ ਸਾਹਿਤ-ਸਾਧਨਾ ਦਾ ਹੀ ਪ੍ਰਤੀਕ ਹੈ। ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਉਹ 'ਚੜ੍ਹਿਆ ਸੂਰਜ', 'ਫੁੱਲ ਅਤੇ ਖ਼ਾਰ', 'ਸੂਰਜ ਦੀਆਂ ਕਿਰਨਾਂ', 'ਖ਼ਜ਼ਾਨਾ', 'ਸੂਰਜ ਹਾਲੇ ਡੁੱਬਿਆ ਨਹੀਂ ' ਸਾਰੇ ਕਾਵਿ ਸੰਗ੍ਰਹਿ ਅਤੇ 'ਮਘਦਾ ਸੂਰਜ' ਗ਼ਜ਼ਲ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਜਦੋਂ ਅਸੀਂ ਉਸ ਦੀ ਕਵਿਤਾ ਬਾਰੇ ਗੱਲ ਕਰਦੇ ਹਾਂ ਤਾਂ ਇਹ ਤੱਥ ਸਾਮ੍ਹਣੇ ਆਉਂਦਾ ਹੈ ਕਿ ਉਸ ਦੀ ਕਵਿਤਾ ਅਸਲ ਵਿੱਚ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਲਈ ਲਿਖੀ ਹੋਈ ਹੈ। ਇਹ ਉਹ ਲੋਕ ਹਨ ਜੋ ਜ਼ਿੰਦਗੀ ਜਿਉਣ ਲਈ ਤੰਗੀਆਂ-ਤੁਰਸ਼ੀਆਂ ਝੱਲਦੇ ਹੋਏ ਸੰਘਰਸ਼ ਕਰਦੇ ਹਨ ਪਰ ਸਿਦਕਦਿਲੀ ਅਤੇ ਜ਼ਿੰਦਾਦਿਲੀ ਦਾ ਪੱਲਾ ਨਹੀਂ ਛੱਡਦੇ। ਉਹ ਅਜਿਹੇ ਸੰਘਰਸ਼ਸ਼ੀਲ ਲੋਕਾਂ ਦੀ ਜੀਵਨ ਤੋਰ, ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ ਨੂੰ ਆਪਣੀ ਕਵਿਤਾ ਵਿੱਚ ਬਾਖੂਬੀ ਪੇਸ਼ ਕਰਦਾ ਹੈ। ਇਕ ਪਾਸੇ ਪੈਸਾਵਾਦੀ ਬਿਰਤੀ ਵਾਲੇ ਧਨਾਢ ਲੋਕ ਹਨ ਅਤੇ ਦੂਜੇ ਪਾਸੇ ਰੋਟੀ ਲਈ ਮੁਥਾਜ ਕਾਮਾ ਹੈ। ਭਾਵੇਂ ਕਿ ਸਮਾਜਿਕ ਪਾੜੇ ਬਾਰੇ ਉਸ ਦੀ ਕਵਿਤਾ ਵਿੱਚ ਬਹੁਤ ਜ਼ਿਕਰ ਮਿਲਦਾ ਹੈ ਪਰ ਕੁਦਰਤੀ ਸਾਧਨਾਂ ਦੀ ਬਰਬਾਦੀ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਅਤੇ ਅਵੇਸਲਾਪਨ ਵੀ ਅਜੋਕੀ ਜ਼ਿੰਦਗੀ ਦੀ ਤੋਰ ਨੂੰ ਲੀਹੋਂ ਲਾਹੁਣ ਦਾ ਕੰਮ ਕਰ ਰਿਹਾ ਹੈ ਪਰ ਮਹਿੰਦਰ ਸਿੰਘ ਮਾਨ ਲੋਕਾਂ ਨੂੰ ਇਸ ਕਾਰਜ ਲਈ ਵੀ ਜਾਗਰੂਕ ਕਰਦਾ ਹੈ ਕਿ ਕੁਦਰਤੀ ਸੋਮੇ ਬਚਾਉਣਾ ਵੀ ਅੱਜ ਦਾ ਸੰਘਰਸ਼ ਹੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗਰੀਬ ਲੋਕ ਮਹਿੰਗਾਈ ਦੀ ਅਤੇ ਕੁਦਰਤੀ ਸਾਧਨਾਂ ਦੀ ਥੋੜ੍ਹ ਦੀ ਮਾਰ ਹੋਰ ਝੱਲਣਗੇ ਜਿਵੇਂ ਉਹ ਪਾਣੀ ਨੂੰ ਬਰਬਾਦ ਕਰਨ ਤੋਂ ਰੋਕਣ ਲਈ ਲਿਖਦਾ ਹੈ:-
ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਅਸਲ ਵਿੱਚ ਮਹਿੰਦਰ ਸਿੰਘ ਮਾਨ ਦੀ ਕਵਿਤਾ ਮਾਨਵੀ ਕਦਰਾਂ -ਕੀਮਤਾਂ ਦੀ ਕਵਿਤਾ ਹੈ ਜਿਹੜੀ ਸਮਾਜ, ਪਰਿਵਾਰ ਵਿੱਚ ਸਦਭਾਵਨਾ ਦੀ ਤਰਜਮਾਨੀ ਦੀ ਤਲਬਗਾਰ ਹੈ। ਉਹ ਚਾਹੁੰਦਾ ਹੈ ਕਿ ਸਮਾਜ ਵਿੱਚ ਸੁੱਖ-ਸ਼ਾਂਤੀ ਅਤੇ ਇਤਫਾਕ ਦੀ ਸਥਿਤੀ ਹਮੇਸ਼ਾ ਹੀ ਬਣੀ ਰਹੇ। ਇਹ ਸਥਿਤੀ ਤਾਂ ਹੀ ਬਣੇਗੀ ਜੇ ਕਰ ਮਨੁੱਖ ਆਪਣੇ ਆਲੇ-ਦੁਆਲੇ ਪ੍ਰਤੀ ਸ਼ੁਭ ਇੱਛਾ ਦੀ ਭਾਵਨਾ ਰੱਖੇਗਾ। ਝੂਠ, ਫਰੇਬ, ਠੱਗੀ, ਚੋਰੀ, ਭ੍ਰਿਸ਼ਟਾਚਾਰ ਸਮਾਜਿਕ ਕਦਰਾਂ- ਕੀਮਤਾਂ ਦੇ ਖੋਰੇ ਵਿੱਚ ਵਾਧਾ ਕਰਦੇ ਹਨ ਪਰ ਮਿਲਵਰਤਨ, ਪ੍ਰੇਮ ਭਾਵਨਾ ਅਤੇ ਰਿਸ਼ਤਿਆਂ ਵਿਚਲੀ ਅਪਣੱਤ ਸਮਾਜ ਦੀ ਤਰੱਕੀ ਦੀ ਚੂਲ ਵੀ ਬਣਦੀ ਹੈ। ਜਿਵੇਂ ਉਹ ਲਿਖਦਾ ਹੈ:-
ਝੂਠਿਆਂ ਤੋਂ ਦੂਰ ਰਹੋ ਸਦਾ ਹੀ,
ਸੱਚਿਆਂ ਦਾ ਸਾਥ ਨਿਭਾਣਾ ਸਿੱਖੋ।
ਵੱਡੇ ਹੁੰਦੇ ਗੁਣਾਂ ਦੀ ਗੁਥਲੀ,
ਇਨ੍ਹਾਂ ਤੋਂ ਕੁੱਝ ਪਾਣਾ ਸਿੱਖੋ।
ਨਸ਼ੇ ਕਰਦੇ ਭਵਿੱਖ ਖਰਾਬ,
ਇਨ੍ਹਾਂ ਤੋਂ ਦੂਰ ਜਾਣਾ ਸਿੱਖੋ।
ਕਵੀ ਨੂੰ ਇਹ ਵੀ ਚਿੰਤਾ ਹੈ ਕਿ ਦੇਸ਼ ਦਾ ਰਾਜਨੀਤਕ ਵਾਤਾਵਰਨ ਵੀ ਗੰਧਲਾ ਹੋ ਚੁੱਕਾ ਹੈ। ਜੇ ਕਰ ਰਾਜ ਨੇਤਾ ਹੀ ਭ੍ਰਿਸ਼ਟਾਚਾਰੀ ਹੋਣਗੇ ਤਾਂ ਦੇਸ਼ ਦਾ ਭਵਿੱਖ ਸੁਨਹਿਰਾ ਕਿਵੇਂ ਹੋਵੇਗਾ? ਕਵੀ ਸੁਚੇਤ ਕਰਦਾ ਹੈ ਵੋਟਾਂ ਦੌਰਾਨ ਨੇਤਾ ਆਪਣੀ ਮਿੱਠੀ ਅਤੇ ਦੋਗਲੀ ਭਾਸ਼ਾ ਨਾਲ ਭੋਲੇ- ਭਾਲੇ ਲੋਕਾਂ ਕੋਲੋਂ ਵੋਟਾਂ ਬਟੋਰ ਲੈਂਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਦੀ ਬਾਂਹ ਨਹੀਂ ਫੜਦੇ। ਉਹ ਲੀਡਰਾਂ ਦੇ ਦੋਗਲੇਪਣ ਨੂੰ ਕੁਝ ਇਸ ਤਰ੍ਹਾਂ ਕਾਵਿਕ ਜ਼ਬਾਨ ਦਿੰਦਾ ਹੈ:-
ਨਵੇਂ ਹਸਪਤਾਲ ਖੋਲ੍ਹਣ ਦੀ ਗੱਲ ਨਹੀਂ ਕਰਨਗੇ,
ਯੁਵਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਰਨਗੇ।
ਆਟਾ, ਦਾਲ ਤੇ ਫਰੀ ਬਿਜਲੀ ਲੋਕਾਂ ਨੂੰ ਦੇਣਗੇ,
ਉਨ੍ਹਾਂ ਨੂੰ ਅੱਗੇ ਵੱਧਣ ਬਾਰੇ ਸੋਚਣ ਤੇ ਰੋਕ ਲਾ ਦੇਣਗੇ।***
ਲੋਕ ਸਭਾ ਦੀਆਂ ਵੋਟਾਂ ਪੈਣ ਦਾ
ਜਦ ਤੋਂ ਹੋਇਆ ਏ ਐਲਾਨ ਬੇਲੀ,
ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ
ਕਵੱਲੀ ਕੱਢ ਲਈ ਏ ਬਾਹਰ ਜ਼ਬਾਨ ਬੇਲੀ।***
ਪੰਜਾਂ ਸਾਲਾਂ ਪਿੱਛੋਂ ਆਵਣ ਵੋਟਾਂ,
ਗਲੀ ਗਲੀ ਫਿਰਾਵਣ ਵੋਟਾਂ।
ਕਿਸੇ ਨੂੰ ਭਾਅ ਜੀ,ਕਿਸੇ ਨੂੰ ਭੈਣ ਜੀ,
ਕਿਸੇ ਨੂੰ ਮਾਤਾ ਜੀ ਕਹਾਵਣ ਵੋਟਾਂ।***ਕਵੀ ਸਮਾਜ ਨੂੰ ਸਵੱਸਥ ਕਦਰਾਂ -ਕੀਮਤਾਂ ਦੇਣ ਦਾ ਹਾਮੀ ਹੈ। ਉਹ ਆਪਣੀ ਕਵਿਤਾ ਵਿੱਚ ਲੋਕਾਂ ਨੂੰ ਤਾਕੀਦ ਕਰਦਾ ਹੈ :ਮਾੜੀ ਸੰਗਤ ਅਤੇ ਨਸ਼ਿਆਂ ਤੋਂ ਛੁਟਕਾਰਾ ਹੀ ਚੰਗੀ ਸੋਚ ਪੈਦਾ ਕਰ ਸਕਦਾ ਹੈ। ਅਸਲ ਵਿੱਚ ਮਨੁੱਖੀ ਦਿਮਾਗ਼ ਹੀ ਸਭ ਬੁਰਾਈਆਂ ਅਤੇ ਚੰਗਿਆਈਆਂ ਦਾ ਕਾਰਖਾਨਾ ਹੈ। ਜੇ ਕਰ ਦਿਮਾਗ਼ ਉਸਾਰੂ ਸੋਚ ਸੋਚੇਗਾ ਤਾਂ ਸਮਾਜ ਤਰੱਕੀ ਕਰੇਗਾ। ਜੇ ਕਰ ਮਨੁੱਖੀ ਦਿਮਾਗ਼ ਮਾੜੇ ਵਿਚਾਰਾਂ ਦਾ ਘਰ ਬਣ ਜਾਵੇ ਤਾਂ ਸਮਾਜ ਵੀ ਨਿਘਾਰ ਵਾਲੇ ਪਾਸੇ ਚਲਾ ਜਾਵੇਗਾ:-
ਜਿਸ ਬੰਦੇ ਦੀ ਸਿਹਤ ਹੋਵੇ ਨਾ ਚੰਗੀ,
ਉਸ ਨੂੰ ਕੋਈ ਵੀ ਚੀਜ਼ ਲੱਗੇ ਨਾ ਚੰਗੀ।
ਸਿਹਤ ਖ਼ਰਾਬ ਕਰੇ ਜੋ ਨਸ਼ਿਆਂ ਨਾਲ,
ਉਹ ਆਪਣੀ ਜ਼ਿੰਦਗੀ ਆਪੇ ਲਵੇ ਗਾਲ਼।
ਮਹਿੰਦਰ ਸਿੰਘ ਮਾਨ ਦੀ ਕਵਿਤਾ ਵਿੱਚ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸਿੱਖ ਧਰਮ ਦੀ ਵਡਿਆਈ ਕਰਦੀਆਂ ਕਵਿਤਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸਰਬੱਤ ਦੇ ਭਲੇ ਦੇ ਉਪਦੇਸ਼ ਬਾਰੇ ਕਾਵਿਕ ਖ਼ਿਆਲ ਪੇਸ਼ ਕੀਤਾ ਗਿਆ ਹੈ।
ਮਹਿੰਦਰ ਸਿੰਘ ਮਾਨ ਦੀ ਕਵਿਤਾ ਵਿੱਚ ਜਿੱਥੇ ਲੋਕ-ਹਿੱਤਾਂ ਦੀ ਗੱਲ ਕੀਤੀ ਗਈ ਹੈ ਉੱਥੇ ਨਾਂਹ ਵਾਚੀ ਤਾਕਤਾਂ ਪ੍ਰਤੀ ਰੋਹ ਵੀ ਪੇਸ਼ ਹੋਇਆ ਹੈ ਅਤੇ ਕਿਧਰੇ-ਕਿਧਰੇ ਅਜਿਹੀਆਂ ਪ੍ਰਸਥਿਤੀਆਂ ਅਤੇ ਵਿਅਕਤੀਆਂ ਪ੍ਰਤੀ ਵਿਅੰਗਮਈ ਕਾਵਿਕ ਪ੍ਰਤੀਕਰਮ ਵੀ ਪੇਸ਼ ਕੀਤਾ ਗਿਆ ਹੈ। ਜਿਵੇਂ ਉਹ ਲਿਖਦਾ ਹੈ:-
ਕਰਦੇ ਨੇ ਜੋ ਨਿੱਤ ਕਾਲੇ ਕਾਰੇ,
ਉਹ ਇੱਥੇ ਜਾਂਦੇ ਨੇ ਸਤਿਕਾਰੇ।
ਜਿੱਤ ਗਏ ਜੋ ਚੋਣਾਂ ਧੋਖੇ ਨਾ', ਉਹਨਾਂ ਦੇ ਹੋ ਗਏ ਵਾਰੇ ਨਿਆਰੇ।
ਪਰ ਕਵੀ ਇਸ ਗੱਲੋਂ ਆਸਵੰਦ ਹੈ ਕਿ ਜੇ ਕਰ ਰਿਸ਼ਤਿਆਂ ਵਿਚਲਾ ਨਿੱਘ, ਪਿਆਰ ਅਤੇ ਸਮਾਜਿਕ ਏਕਤਾ ਬਣੀ ਰਹੇਗੀ ਤਾਂ ਹੀ ਤਰੱਕੀ ਅਤੇ ਸਮਾਜਿਕ ਭਲੇ ਦੀ ਆਸ ਰੱਖੀ ਜਾ ਸਕਦੀ ਹੈ। ਜਿਵੇਂ:-
ਆ ਜਾ ਕੱਠੇ ਹੋ ਕੇ ਹਿਲਾਈਏ ਹਾਕਮ ਨੂੰ,
ਸੁੱਤਾ ਰਹੇ ਨਾ ਕਿਤੇ ਪੰਜੇ ਸਾਲ ਭਰਾਵਾ।***
ਕੁਝ ਨਹੀਂ ਬਦਲੇਗਾ ਇੱਥੇ ਉਦੋਂ ਤੱਕ,
ਜਦ ਤੱਕ ਹੁੰਦੇ ਨਹੀਂ ਕੱਠੇ ਸਾਰੇ।***
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਮਹਿੰਦਰ ਸਿੰਘ ਮਾਨ ਅਜਿਹਾ ਕਵੀ ਹੈ ਜਿਹੜਾ ਆਪਣੀ ਕਵਿਤਾ ਵਿੱਚ ਸਾਦੀ ਆਮ ਵਰਤੀ ਜਾਂਦੀ ਭਾਸ਼ਾ ਰਾਹੀਂ ਲੋਕਾਂ ਨੂੰ ਸੁਚੇਤ ਵੀ ਕਰਦਾ ਹੈ ਅਤੇ ਲੋਕ-ਹਿੱਤਾਂ ਦੀ ਬਾਤ ਵੀ ਪਾਉਂਦਾ ਹੈ। ਉਸ ਦੀ ਕਵਿਤਾ ਆਸ, ਵਿਸ਼ਵਾਸ ਅਤੇ ਸ਼ੁਭ ਇੱਛਾ ਦੀ ਕਵਿਤਾ ਹੈ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਉਂਦੀ ਹੈ।
ਡਾਕਟਰ ਸਰਦੂਲ ਸਿੰਘ ਔਜਲਾ
ਮੁਖੀ ਪੰਜਾਬੀ ਵਿਭਾਗ
ਡਿਪਸ ਕਾਲਜ ਢਿੱਲਵਾਂ
ਜਿਲ੍ਹਾ ਕਪੂਰਥਲਾ-144807
ਫੋਨ 9814168611
ਜ਼ਮਾਨਾ ਭੈੜਾ ਹੈ/ ਗ਼ਜ਼ਲ - ਮਹਿੰਦਰ ਸਿੰਘ ਮਾਨ
ਤੂੰ ਸੋਚ ਸਮਝ ਕੇ ਬੋਲ, ਜ਼ਮਾਨਾ ਭੈੜਾ ਹੈ,
ਨਾ ਭੇਤ ਕਿਸੇ ਦੇ ਖੋਲ੍ਹ, ਜ਼ਮਾਨਾ ਭੈੜਾ ਹੈ।
ਅੱਜ ਕੱਲ੍ਹ ਹਰ ਕੋਈ ਗਲ਼ ਪੈਣੇ ਨੂੰ
ਫਿਰਦਾ ਹੈ,
ਮੂੰਹੋਂ ਕੌੜਾ ਨਾ ਬੋਲ, ਜ਼ਮਾਨਾ ਭੈੜਾ ਹੈ।
ਮੰਨਿਆਂ ਤੇਰੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ,
ਪਰ ਬਹੁਤਾ ਸੱਚ ਨਾ ਬੋਲ, ਜ਼ਮਾਨਾ ਭੈੜਾ ਹੈ।
ਤੂੰ ਸਾਰਾ ਪੈਸਾ ਪੁੱਤਾਂ ਨੂੰ ਨਾ ਦੇ ਦੇਵੀਂ,
ਰੱਖ ਲਵੀਂ ਥੋੜ੍ਹਾ ਕੋਲ, ਜ਼ਮਾਨਾ ਭੈੜਾ ਹੈ।
ਕਾਮਾ ਵੀ ਇਕ ਦਿਨ ਪੈਸੇ ਵਾਲਾ ਬਣ ਸਕਦਾ ਹੈ,
ਐਵੇਂ ਨਾ ਉਸ ਨੂੰ ਰੋਲ, ਜ਼ਮਾਨਾ ਭੈੜਾ ਹੈ।
ਪੈਸੇ ਲੈ ਕੇ ਗਾਹਕ ਨੂੰ ਪੂਰੀ ਵਸਤੂ ਦੇਹ,
ਐਵੇਂ ਨਾ ਤੂੰ ਘੱਟ ਤੋਲ, ਜ਼ਮਾਨਾ ਭੈੜਾ ਹੈ।
ਜੋ ਕੁਝ ਵੀ ਕਰਨਾ, ਤੂੰ ਚੁੱਪ ਕਰਕੇ ਕਰਦਾ ਜਾਹ,
ਨਾ ਦੱਸ ਵਜਾ ਕੇ ਢੋਲ, ਜ਼ਮਾਨਾ ਭੈੜਾ ਹੈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
ਚੱਜਦਾ ਮੀਤ/ਗ਼ਜ਼ਲ - ਮਹਿੰਦਰ ਸਿੰਘ ਮਾਨ
ਜੇ ਕੋਈ ਚੱਜਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ,
ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ।
ਪੈਸਾ ਆਉਂਦਾ-ਜਾਂਦਾ ਰਹਿੰਦਾ, ਉਹ ਮਾਣ ਨਾ ਇਸ ਤੇ ਕਰਨ,
ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਐਵੇਂ ਸਾਰਾ ਪੈਸਾ ਖਰਚ ਲਿਆ ਬੇਸਮਝੀ ਵਿੱਚ ਹੀ,
ਔਖੇ ਸਮੇਂ ਲਈ ਵੀ ਥੋੜ੍ਹਾ ਬਚਾ ਲੈਂਦੇ ਤਾਂ ਚੰਗਾ ਸੀ।
ਐਵੇਂ ਗ਼ਮ ਆਪਣੇ ਦਿਲ 'ਚ ਉਮਰ ਭਰ ਲੈ ਕੇ ਫਿਰਦੇ ਰਹੇ,
ਆਪਣੇ ਨੈਣਾਂ ਚੋਂ ਨੀਰ ਵਹਾ ਲੈਂਦੇ ਤਾਂ ਚੰਗਾ ਸੀ।
ਕੰਮ ਕਰਕੇ ਬੰਦੇ ਦਾ ਕਿਹੜਾ ਕੁਝ ਘੱਟਦਾ ਹੈ ਯਾਰੋ,
ਆਪਣੇ ਦਿਲ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਨੋਟ ਕਮਾਉਣ ਲਈ ਜੋ ਬਦੇਸ਼ਾਂ ਵਿੱਚ ਧੱਕੇ ਖਾਂਦੇ ਨੇ,
ਉਹ ਆਪਣੇ ਦੇਸ਼ 'ਚ ਰੋਟੀ ਖਾ ਲੈਂਦੇ ਤਾਂ ਚੰਗਾ ਸੀ।
ਕੁਰਸੀ ਤੇ ਬੈਠਣ ਲਈ ਉਹ ਨਿੱਤ ਲੜਾਂਦੇ ਨੇ ਸਾਨੂੰ,
ਨੇਤਾਵਾਂ ਦਾ ਭੇਤ ਅਸੀਂ ਪਾ ਲੈਂਦੇ ਤਾਂ ਚੰਗਾ ਸੀ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
ਟੱਪੇ - ਮਹਿੰਦਰ ਸਿੰਘ ਮਾਨ
ਧੀਆਂ ਕੋਮਲ ਕਲੀਆਂ ਹੁੰਦੀਆਂ ਨੇ,
ਉਹ ਘਰ ਨਰਕ ਬਣ ਜਾਂਦੇ ਨੇ
ਜਿਨ੍ਹਾਂ 'ਚ ਧੀਆਂ ਰੋਂਦੀਆਂ ਨੇ।
ਮੰਨਿਆਂ ਪੁੱਤ ਮਿੱਠੇ ਮੇਵੇ ਹੁੰਦੇ ਨੇ,
ਪਰ ਧੀਆਂ ਤੋਂ ਬਿਨਾਂ ਮਿੱਤਰੋ
ਵੰਸ਼ ਅੱਗੇ ਨਾ ਚੱਲਦੇ ਨੇ।
ਖੁਦਕੁਸ਼ੀ ਮਸਲੇ ਦਾ ਹੱਲ ਨਹੀਂ,
ਇਹ ਹੋਰ ਗੁੰਝਲਦਾਰ ਹੋ ਜਾਣਾ
ਜੇ ਬੈਠ ਕੇ ਕੀਤੀ ਗੱਲ ਨਹੀਂ।
ਜ਼ਿੰਦਗੀ ਕੋਈ ਫਿਲਮ ਨਹੀਂ,
ਇਸ ਵਿੱਚ ਅੱਗੇ ਕੀ ਹੋਣਾ
ਕਿਸੇ ਨੂੰ ਕੋਈ ਇਲਮ ਨਹੀਂ।
ਕਿਤਾਬਾਂ ਦਿਲ ਲਾ ਕੇ ਪੜ੍ਹੋ ਤਾਂ ਸਹੀ,
ਜਿਨ੍ਹਾਂ ਦਿਲ ਲਾ ਕੇ ਪੜ੍ਹੀਆਂ ਇਹ
ਉਨ੍ਹਾਂ ਦੇ ਰੁਕੇ ਕੰਮ ਹੋ ਗਏ ਕਈ।
ਚਿੜੀਆਂ ਦਿਸੀਆਂ ਨੇ ਚਿਰ ਪਿੱਛੋਂ,
ਜੇ ਨਾ ਇਨ੍ਹਾਂ ਦਾ ਖਿਆਲ ਰੱਖਿਆ
ਫਿਰ ਇਨ੍ਹਾਂ ਨੂੰ ਭਾਲੋਗੇ ਕਿੱਥੋਂ?
ਮਾੜਾ ਆਖੋ ਨਾ ਕੰਡਿਆਂ ਨੂੰ,
ਇਹ ਪਹਿਰੇਦਾਰ ਬਣ ਕੇ
ਸੁਰੱਖਿਅਤ ਰੱਖਦੇ ਨੇ ਫੁੱਲਾਂ ਨੂੰ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
ਤੁਸੀਂ ਖੇਤਾਂ ਦੇ ਮਾਲਕ - ਮਹਿੰਦਰ ਸਿੰਘ ਮਾਨ
ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ,
ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ।
ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ,
ਉਨ੍ਹਾਂ ਦੇ ਮਿੱਤਰ ਜੀਵ ਮਰਿਆਂ ਵਾਂਗ ਹੋ ਜਾਣ।
ਨਾਲ ਦੀਆਂ ਫਸਲਾਂ ਦਾ ਚੋਖਾ ਨੁਕਸਾਨ ਹੋ ਜਾਵੇ,
ਖੇਤਾਂ 'ਚ ਪਹਿਲਾਂ ਵਰਗੀ ਚੰਗੀ ਫਸਲ ਨਾ ਹੋਵੇ।
ਧੂੰਏਂ ਨਾਲ ਰਾਹੀਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ,
ਇਹ ਉਨ੍ਹਾਂ ਦੀਆਂ ਅੱਖਾਂ ਤੇ ਵੀ ਮਾੜਾ ਅਸਰ ਪਾਵੇ।
ਇਹ ਉੱਤੇ ਚੜ੍ਹ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਜਾਵੇ,
ਵਾਤਾਵਰਣ ਠੀਕ ਹੋਣ ਨੂੰ ਕਾਫੀ ਸਮਾਂ ਲੱਗ ਜਾਵੇ।
ਪਰਾਲੀ ਨੂੰ ਮਿੱਟੀ 'ਚ ਰਲਾਉਣ ਲਈ ਹੰਭਲਾ ਮਾਰੋ,
ਆਪਣਾ ਤੇ ਹੋਰਾਂ ਦਾ ਨੁਕਸਾਨ ਹੋਣ ਤੋਂ ਰੋਕ ਲਉ।
ਤੁਸੀਂ ਖੇਤਾਂ ਦੇ ਮਾਲਕ, ਇਹ ਤੁਹਾਡੇ ਹੀ ਰਹਿਣੇ,
ਤੁਹਾਨੂੰ ਇਹ ਚੱਜ ਨਾਲ 'ਮਾਨਾ' ਸੰਭਾਲਣੇ ਹੀ ਪੈਣੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਜੋ ਤੂੰ ਕੀਤਾ - ਮਹਿੰਦਰ ਸਿੰਘ ਮਾਨ
ਜੋ ਤੂੰ ਕੀਤਾ ਮੇਰੇ ਨਾਲ,
ਕਰ ਨ੍ਹੀ ਸਕਦਾ ਤੇਰੇ ਨਾਲ।
ਇਹ ਮੈਨੂੰ ਹੀ ਖਾ ਨਾ ਜਾਵੇ,
ਤਾਂ ਹੀ ਲੜਦਾਂ ਨ੍ਹੇਰੇ ਨਾਲ।
ਪਹਿਲਾਂ ਕੱਲੇ ਤੁਰਨਾ ਪੈਂਦਾ,
ਫਿਰ ਰਲ ਜਾਣ ਬਥੇਰੇ ਨਾਲ।
ਯਾਰਾਂ ਛੱਡੀ ਕਸਰ ਕੋਈ ਨਾ,
ਸੱਟਾਂ ਜਰੀਆਂ ਜੇਰੇ ਨਾਲ।
ਬਾਬੇ ਨੇ ਅਕਲ ਆਪਣੀ ਨਾਲ,
ਲੋਕੀਂ ਜੋੜੇ ਡੇਰੇ ਨਾਲ।
ਮਾਂ ਦੇ ਮੂੰਹ ਤੇ ਰੌਣਕ ਆਈ,
ਪੁੱਤ ਦੇ ਇੱਕੋ ਫੇਰੇ ਨਾਲ।
ਦਿਲ ਮਿਲਦਾ ਹੁੰਦਾ ਇਕ ਨਾਲ,
ਬੰਦੇ ਤੁਰਨ ਬਥੇਰੇ ਨਾਲ।
ਤੇਰੇ ਦਰ ਤੇ ਆਇਆ 'ਮਾਨ',
ਛੱਡ ਕੇ ਰੋਸਾ ਤੇਰੇ ਨਾਲ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਪੈਸਿਆਂ ਦੇ ਭੁੱਖੇ - ਮਹਿੰਦਰ ਸਿੰਘ ਮਾਨ
ਵੀਰੇ ਤੂੰ, ਡੈਡੀ ਤੇ ਮੰਮੀ ਨੇ ਰਲ ਕੇ
ਜਿਹੜਾ ਮੇਰੇ ਲਈ ਸੀ ਵਰ ਟੋਲਿਆ,
ਮੈਂ ਉਸ ਨਾਲ ਲਾਵਾਂ ਲੈ ਲਈਆਂ ਸਨ
ਮੂੰਹੋਂ ਇਕ ਸ਼ਬਦ ਨਹੀਂ ਸੀ ਬੋਲਿਆ।
ਅੱਜ ਮੈਨੂੰ ਸਹੁਰੇ ਘਰ ਰਹਿੰਦੀ ਨੂੰ
ਹੋ ਗਏ ਨੇ ਪੂਰੇ ਛੇ ਮਹੀਨੇ ਵੇ,
ਭੁੱਖਿਆਂ, ਨੰਗਿਆਂ ਦੀ ਧੀ ਕਹਿ ਕੇ
ਸਭ ਮਾਰਨ ਤੀਰ ਮੇਰੇ ਸੀਨੇ ਵੇ।
ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹੀ
ਪੇਕੀਂ ਰਹਿ ਕੇ ਤੇਰੇ ਕੋਲ ਵੇ,
ਅੱਜ ਮੈਂ ਨ੍ਹੀ ਆਣਾ ਪੇਕੇ
ਰੱਖੜੀ ਬੰਨ੍ਹਾ ਲੈ ਆ ਕੇ ਮੇਰੇ ਕੋਲ ਵੇ।
ਅੱਜ ਮੇਰੇ ਸਹੁਰੇ ਘਰ ਆ ਕੇ
ਦੇਖ ਲੈ ਆਪਣੀ ਭੈਣ ਦਾ ਹਾਲ ਵੇ,
ਮੇਰਾ ਕਹਿਣਾ ਮੰਨ ਛੇਤੀ ਆ ਜਾ
ਮੇਰੀ ਇੱਜ਼ਤ ਦਾ ਹੈ ਸਵਾਲ ਵੇ।
ਪੈਸਿਆਂ ਦੇ ਭੁੱਖੇ ਸਹੁਰਿਆਂ ਨੂੰ
ਆ ਕੇ ਲੁਆ ਦੇ ਕੰਨਾਂ ਨੂੰ ਹੱਥ ਵੇ,
ਜੇ ਸਿੱਧੇ ਰਾਹ ਉਨ੍ਹਾਂ ਨੂੰ ਪਾ ਦੇਵੇਂ
ਸਾਰੀ ਉਮਰ ਗਾਵਾਂਗੀ ਤੇਰਾ ਜੱਸ ਵੇ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਨਫਰਤ ਦੀ ਅੱਗ - ਮਹਿੰਦਰ ਸਿੰਘ ਮਾਨ
ਨਫਰਤ ਦੀ ਅੱਗ
ਤੇਰੀ ਨਫਰਤ ਦੀ ਅੱਗ ਨੇ
ਮੈਨੂੰ ਦਿੱਤੀ ਹੈ ਉਹ ਤਾਕਤ
ਜਿਹੜੀ ਸ਼ਾਇਦ ਦੇ ਨਾ ਸਕਦਾ
ਮੈਨੂੰ ਤੇਰਾ ਪਿਆਰ ਵੀ।
ਇਸ ਤਾਕਤ ਨੇ ਮੈਨੂੰ
ਆਪਣੇ ਦੁੱਖ ਭੁੱਲ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖ
ਯਾਦ ਕਰਾਏ ਨੇ।
ਦਰਿੰਦਿਆਂ ਹੱਥੋਂ ਨਾਰਾਂ ਦੀ
ਲੁੱਟ ਹੁੰਦੀ ਇੱਜ਼ਤ ਯਾਦ ਕਰਾਈ ਹੈ,
ਅਮੀਰਾਂ ਵੱਲੋਂ ਗਰੀਬਾਂ ਦਾ
ਹੁੰਦਾ ਸੋਸ਼ਣ ਯਾਦ ਕਰਾਇਆ ਹੈ,
ਆਪੇ ਬਣੇ ਬਾਬਿਆਂ ਵੱਲੋਂ
ਭੋਲੇ ਭਾਲੇ ਲੋਕਾਂ ਦੀਆਂ ਜੇਬਾਂ
ਖਾਲੀ ਕਰਵਾਉਣ ਲਈ
ਵਰਤੇ ਗਏ ਹੱਥ ਕੰਡੇ ਯਾਦ ਕਰਵਾਏ ਨੇ,
ਨੇਤਾਵਾਂ ਵੱਲੋਂ ਲੋਕਾਂ ਨੂੰ
ਆਪਸ ਵਿੱਚ ਵੰਡ ਕੇ
ਰਾਜ ਕਰਨ ਦੀਆਂ ਕੋਝੀਆਂ ਚਾਲਾਂ
ਯਾਦ ਕਰਵਾਈਆਂ ਨੇ।
ਮੈਨੂੰ ਨਫਰਤ ਦੀ ਅੱਗ ਵਿੱਚ
ਜਲਾਉਣ ਦੀ ਕੋਸ਼ਿਸ਼ ਕਰਨ ਵਾਲਿਆ
ਤੇਰਾ ਬਹੁਤ, ਬਹੁਤ ਸ਼ੁਕਰੀਆ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਇਹੋ ਜਹੀ ਆਜ਼ਾਦੀ - ਮਹਿੰਦਰ ਸਿੰਘ ਮਾਨ
ਕਾਮੇ ਸਾਰਾ ਦਿਨ ਕੰਮ ਕਰਦੇ ਕਾਰਖਾਨਿਆਂ ਦੇ ਵਿੱਚ,
ਥੋੜ੍ਹਾ ਕੰਮ ਹੋਇਆ ਵੇਖ ਮਾਲਕ ਜਾਂਦਾ ਏ ਖਿੱਝ,
ਜਦ ਮੰਗਣ ਮਜ਼ਦੂਰੀ, ਉਹ ਅੱਖਾਂ ਲਾਲ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪਿੰਡ, ਪਿੰਡ ਖੁੱਲ੍ਹ ਗਏ ਨੇ ਸ਼ਰਾਬ ਦੇ ਠੇਕੇ,
ਸ਼ਰਾਬੀ ਪਤੀਆਂ ਤੋਂ ਅੱਕ ਪਤਨੀਆਂ ਤੁਰੀ ਜਾਣ ਪੇਕੇ,
ਸੁਪਨੇ ਪੜ੍ਹਨ ਦੇ ਬੱਚਿਆਂ ਦੇ ਪੂਰੇ ਕੌਣ ਕਰੇ?
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮੁੱਠੀ ਭਰ ਪਰਿਵਾਰਾਂ ਦਾ ਇੱਥੇ ਰੱਖਿਆ ਜਾਏ ਖਿਆਲ,
ਉਨ੍ਹਾਂ ਨੂੰ ਮਿਲੇ ਸਭ ਕੁੱਝ, ਬਾਕੀ ਵਜਾਣ ਖਾਲੀ ਥਾਲ,
ਅੱਕੀ ਜਨਤਾ ਪਤਾ ਨਹੀਂ ਕਿਹੜੇ ਰਾਹ ਤੁਰ ਪਵੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਹਰ ਮਹਿਕਮੇ ਚੋਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ,
ਪਹਿਲਾਂ ਲੱਗਿਆਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ,
ਬੇਰੁਜ਼ਗਾਰ ਮੁੰਡੇ, ਕੁੜੀਆਂ ਤੇ ਕੋਈ ਤਰਸ ਨਾ ਕਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਪੂਰੀ ਮਿਹਨਤ ਕਰਕੇ ਕਿਸਾਨ ਫਸਲ ਉਗਾਵੇ,
ਔਖਾ ਹੋ ਕੇ ਉਹ ਮੰਡੀ 'ਚ ਫਸਲ ਲੈ ਕੇ ਜਾਵੇ,
ਹੋਵੇ ਡਾਢਾ ਨਿਰਾਸ਼, ਜਦ ਉੱਥੇ ਪੂਰਾ ਮੁੱਲ ਨਾ ਮਿਲੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਕਹਿੰਦੇ ਆਇਆ ਪੰਦਰਾਂ ਅਗਸਤ, ਖੁਸ਼ੀਆਂ ਮਨਾਓ,
ਸਭ ਕੁੱਝ ਭੁੱਲ ਕੇ, ਸਾਰੇ ਰਲ ਭੰਗੜੇ ਪਾਓ,
ਢਿੱਡੋਂ ਭੁੱਖੇ ਢਿੱਡ ਭਰਨ ਲਈ ਜਾਣ ਕਿਸ ਦੇ ਘਰੇ।
ਇਹੋ ਜਹੀ ਆਜ਼ਾਦੀ ਨਾ ਕਿਸੇ ਨੂੰ ਮਿਲੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
ਚੰਗਾ ਹੈ - ਮਹਿੰਦਰ ਸਿੰਘ ਮਾਨ
ਝੂਠ ਬੋਲਣ ਤੋਂ ਤੋਬਾ ਕਰ ਲਵੇਂ, ਤਾਂ ਚੰਗਾ ਹੈ।
ਈਰਖਾ ਦਾ ਦਰਿਆ ਤਰ ਲਵੇਂ,ਤਾਂ ਚੰਗਾ ਹੈ।
ਮਾਂ-ਪਿਉ ਸਦਾ ਬੱਚਿਆਂ ਦਾ ਭਲਾ ਚਾਹੁੰਦੇ ਨੇ,
ਉਨ੍ਹਾਂ ਦੇ ਕੌੜੇ ਬੋਲ ਜਰ ਲਵੇਂ,ਤਾਂ ਚੰਗਾ ਹੈ।
ਠੀਕ ਥਾਂ ਤੇ ਰੱਖੀ ਚੀਜ਼ ਛੇਤੀ ਲੱਭ ਪੈਂਦੀ ਹੈ,
ਹਰ ਚੀਜ਼ ਠੀਕ ਥਾਂ ਤੇ ਧਰ ਲਵੇਂ, ਤਾਂ ਚੰਗਾ ਹੈ।
ਚੰਗੇ ਕੰਮ ਕਰਨ ਵਾਲਿਆਂ ਦੀ ਲੋਕ ਇੱਜ਼ਤ ਕਰਦੇ ਨੇ,
ਤੂੰ ਜੇਕਰ ਚੰਗੇ ਕੰਮ ਕਰ ਲਵੇਂ, ਤਾਂ ਚੰਗਾ ਹੈ।
ਹੱਕ ਪਰਾਇਆ ਖਾਣਾ ਚੰਗਾ ਨਹੀਂ ਹੁੰਦਾ,
ਦਸਾਂ ਨਹੁੰਆਂ ਦੀ ਕਿਰਤ ਕਰ ਲਵੇਂ, ਤਾਂ ਚੰਗਾ ਹੈ।
ਇਹ ਨਾ ਹੋਵੇ ਲੋੜ ਪੈਣ ਤੇ ਕੋਈ ਆਵੇ ਹੀ ਨਾ,
ਦੋਸਤਾਂ ਦੀ ਪਹਿਲਾਂ ਹੀ ਪਰਖ ਕਰ ਲਵੇਂ, ਤਾਂ ਚੰਗਾ ਹੈ।
ਬੁਰੇ ਦਿਨ ਕਿਸੇ ਨੂੰ ਪੁੱਛ ਕੇ ਨ੍ਹੀ ਆਉਂਦੇ,
ਬੁਰੇ ਦਿਨਾਂ ਲਈ ਖੀਸਾ ਭਰ ਲਵੇਂ, ਤਾਂ ਚੰਗਾ ਹੈ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554