ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਵਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ, ਟਰਾਈਡੈਂਟ ਉਦਯੋਗ ਨੂੰ ਨਹੀ ਕੋਈ ਪ੍ਰਵਾਹ ਅਖਬਾਰੀ ਖਬਰਾਂ ਦੀ
ਗੰਧਲੇ ਸਿਸਟਮ ਵਿੱਚ ਸੱਚਮੁੱਚ ਹੀ ਖਬਰਾਂ ਬੇਅਸਰ, ਲੋਕਾਂ ਦੀ ਲਾਮਬੰਦੀ ਹੀ ਮਸਲੇ ਦਾ ਸਹੀ ਹੱਲ
ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ
99142-58142
ਪਿਛਲੇ ਦਿਨਾਂ ਚ ਟਰਾਈਡੈਂਟ ਉਦਯੋਗ ਵੱਲੋਂ ਬਰਨਾਲੇ ਦੀ ਸੈਕੜੇ ਏਕੜ ਜਰਖੇਜ਼ ਜਮੀਨ ਹਥਿਆ ਕੇ ਵੀ ਰੋਜਗਾਰ ਵਿੱਚ ਇਲਾਕੇ ਨੂੰ ਸਿਵਾਏ ਮਜਦੂਰੀ ਵਾਲੇ ਕੰਮਾਂ ਤੋ ਹੋਰ ਅਹਿਮ ਨੌਕਰੀਆਂ ਵਿੱਚ ਨਜ਼ਰਅੰਦਾਜ਼ ਕਰਕੇ ਗੈਰ ਇਲਾਕਾਈ ਲੋਕਾਂ ਅਤੇ ਗੈਰ ਪੰਜਾਬੀਆਂ ਨੂੰ ਪਹਿਲ ਦੇਣ ਸਬੰਧੀ, ਸਰਕਾਰ ਦੀ ਮਦਦ ਨਾਲ ਖੰਡ ਮਿੱਲ ਲਾਉਣ ਦਾ ਲਾਰਾ ਲਾਕੇ ਧੋਖੇ ਨਾਲ ਕਿਸਾਨਾਂ ਦੀ ਸੈਕੜੇ ਏਕੜ ਜਮੀਨ ਹੜੱਪਣ ਸਬੰਧੀ, ਉਦਯੋਗਪਤੀ ਵੱਲੋਂ ਅਪਣੀ ਕੇਂਦਰ ਤੱਕ ਪਹੁੰਚ ਦਾ ਪ੍ਰਭਾਵ ਵਰਤ ਕੇ ਨਿਯਮਾਂ ਦੀ ਉਲੰਘਣਾ ਕਰਕੇ ਸੂਬੇ ਦੇ ਯੋਜਨਾਬੋਰਡ ਦੀ ਉੱਪ ਚੇਅਰਮੈਨੀ ਲੈਣ ਸਬੰਧੀ, ਟਰਾਈਡੈਂਟ ਉਦਯੋਗ ਦੀਆਂ ਅਪਣੇ ਨਿੱਜੀ ਲਾਭ ਲਈ ਸ਼ੁਰੂ ਕੀਤੀਆਂ ਲੋਕ ਮਾਰੂ ਗਤੀਵਿਧੀਆਂ ਅਤੇ ਬਰਨਾਲਾ ਤੇ ਧੌਲਾ ਉਦਯੋਗ ਦੇ ਨਾਲ ਲੱਗਦੇ ਸਰਕਾਰੀ ਥਾਂ ਤੇ ਕੀਤੇ ਨਜਾਇਜ ਕਬਜਿਆਂ ਸਬੰਧੀ ਸੱਚੀਆਂ ਖਬਰਾਂ ਪਰਮੁੱਖਤਾ ਨਾਲ ਲਗਾਤਾਰ ਛਪਦੀਆਂ ਰਹੀਆਂ ਹਨ,ਪਰ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਫਿਰ ਵੀ ਇਸ ਪਾਸੇ ਉੱਕਾ ਹੀ ਧਿਆਨ ਨਹੀ ਦਿੱਤਾ।ਇਸ ਤੋ ਸਿੱਧ ਹੁੰਦਾ ਹੈ ਕਿ ਹਕੂਮਤਾਂ ਕਦੇ ਵੀ ਆਮ ਲੋਕਾਂ ਦੀ ਜਾਨ ਮਾਲ਼ ਦੀ ਪ੍ਰਵਾਹ ਨਹੀ ਕਰਦੀਆਂ,ਜਦੋ ਕਿ ਸਾਰਾ ਧਿਆਨ ਸਰਮਾਏਦਾਰ ਜਮਾਤ ਦੇ ਹਿਤਾਂ ਦੀ ਰਾਖੀ ਤੇ ਕੇਂਦਰਿਤ ਰੱਖਦੀਆਂ ਹਨ, ਬੇਸ਼ੱਕ ਉਹਨਾਂ ਨੂੰ ਰਾਜਸੱਤਾ ਤੱਕ ਪਹੁੰਚਾਉਣ ਚ ਮੁੱਖ ਭੂਮਿਕਾ ਆਮ ਜਨਤਾ ਦੀ ਹੀ ਹੁੰਦੀ ਹੈ।ਨਾ ਹੀ ਟਰਾਈਡੈਂਟ ਦੇ ਨਜਾਇਜ ਕਬਜੇ ਹਟਾਏ ਗਏ ਹਨ ਅਤੇ ਨਾ ਹੀ ਜਹਿਰੀਲੇ ਪਾਣੀ ਦੀ ਰੋਕ ਥਾਮ ਹੀ ਕੀਤੀ ਗਈ, ਨਾਂ ਹੀ ਧੌਲਾ ਵਿਖੇ ਲੱਗਣ ਵਾਲੀ ਖੰਡ ਮਿੱਲ ਬਾਰੇ ਕੋਈ ਸਪੱਸਟੀਕਰਨ ਦਿੱਤਾ ਗਿਆ ਤੇ ਖੰਡ ਮਿੱਲ ਨਾ ਲੱਗਣ ਦੀ ਸੂਰਤ ਵਿੱਚ ਜਿਹੜੇ ਕਿਸਾਨਾਂ ਦੀ ਜਮੀਨ ਤੇ ਟਰਾਈਡੈਟ ਮਾਲਕ ਨੇ ਸਰਕਾਰ ਦੀ ਮਦਦ ਨਾਲ ਕਬਜੇ ਕੀਤੇ ਸਨ ਉਹਨਾਂ ਸਬੰਧਤ ਕਿਸਾਨਾਂ ਨੂੰ ਜਮੀਨ ਵਾਪਸ ਕਿਉਂ ਨਹੀ ਕੀਤੀ ? ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ, ਬਲਕਿ ਬੀਤੇ ਦਿਨੀ ਇਹ ਜਰੂਰ ਸੁਨਣ ਵਿੱਚ ਆਇਆ ਹੈ ਕਿ ਟਰਾਈਡੈਂਟ ਦਾ ਇੱਕ ਜੁੰਮੇਵਾਰ ਅਧਿਕਾਰੀ ਪਹਿਰੇਦਾਰ ਅਖਬਾਰ ਵੱਲੋਂ ਚੁੱਕੇ ਗਏ ਇਹਨਾਂ ਲੋਕ ਪੱਖੀ ਕਦਮਾਂ ਤੋ ਜਿੱਥੇ ਬਹੁਤ ਖਫਾ ਹੈ, ਓਥੇ ਉਹ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਅਜਿਹੀਆਂ ਖਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ, ਇਹ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ।ਉਕਤ ਅਧਿਕਾਰੀ ਵੱਲੋਂ ਅਜਿਹਾ ਲਾਪਰਵਾਹ ਤੇ ਹੈਂਕੜ ਭਰਿਆ ਪ੍ਰਤੀਕਰਮ ਸੁਣਕੇ ਇਹ ਸ਼ੱਕ ਯਕੀਨ ਵਿੱਚ ਬਦਲਣਾ ਸੁਭਾਵਿਕ ਹੈ ਕਿ ਸੱਚਮੁੱਚ ਹੀ ਅਜਿਹੀਆਂ ਖਬਰਾਂ ਇਹਨਾਂ ਲੋਕਾਂ ਦਾ ਓਨੀ ਦੇਰ ਕੁੱਝ ਵੀ ਨਹੀ ਬਿਗਾੜ ਸਕਣਗੀਆਂ, ਜਿੰਨੀ ਦੇਰ ਇਲਾਕੇ ਦੇ ਕਿਸਾਨ, ਮਜਦੂਰ ਅਤੇ ਉਹ ਸਮੁੱਚੇ ਲੋਕ ਇਕੱਠੇ ਹੋ ਕੇ ਇਸ ਉਦਯੋਗ ਦੀਆਂ ਮਨਮਾਨੀਆਂ ਦੇ ਖਿਲਾਫ ਕੋਈ ਫੈਸਲਾਕੁਨ ਸੰਘਰਸ਼ ਲੜਨ ਦਾ ਮਨ ਨਹੀ ਬਣਾਉਂਦੇ, ਜਿਹੜੇ ਇਸ ਉਦਯੋਗ ਤੋ ਕਿਸੇ ਨਾ ਕਸੇ ਰੂਪ ਵਿੱਚ ਪੀੜਤ ਹਨ।ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਿਹੜੇ ਉਦਯੋਗਪਤੀ ਅਤੇ ਟਰਾਈਡੈਂਟ ਦਾ ਪ੍ਰਬੰਧ ਦੇਖ ਰਹੇ ਜੁੰਮੇਵਾਰ ਅਧਿਕਾਰੀ ਖਬਰਾਂ ਦੀ ਪ੍ਰਵਾਹ ਨਾਂ ਕਰਨ ਦੀ ਗੱਲ ਕਰਦੇ ਹਨ,ਉਹਨਾਂ ਨੂੰ ਲੋਕ ਸੰਘਰਸ਼ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ।ਇਹ ਗੱਲ ਵੀ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਿਹੜੀਆਂ ਖਬਰਾਂ ਦੀ ਪ੍ਰਵਾਹ ਨਾ ਕਰਨ ਦੀ ਗੱਲ ਟਰਾਈਡੈਂਟ ਵੱਲੋਂ ਕਹੀ ਜਾ ਰਹੀ ਹੈ, ਉਹ ਹੀ ਖਬਰਾਂ ਲੋਕ ਲਾਮਬੰਦੀ ਦਾ ਅਜਿਹਾ ਰਾਸਤਾ ਅਖਿਤਾਰ ਕਰ ਸਕਦੀਆਂ ਹਨ, ਜਿੰਨਾਂ ਦਾ ਅਹਿਸਾਸ ਸਾਇਦ ਟਰਾਈਡੈਂਟ ਮੈਨੇਜਮੈਟ ਨੂੰ ਨਹੀ ਹੈ।ਉਪਰੋਕਤ ਮਸਲੇ ਜਨਤਕ ਹੋ ਜਾਣ ਦੇ ਬਾਵਜੂਦ ਵੀ ਟਰਾਈਡੈਂਟ ਉਦਯੋਗ ਧੋਲਾ ਵੱਲੋ ਧਰਤੀ ਹੇਠ ਅਤੇ ਡਰੇਨ ਸਮੇਤ ਛੋਟੇ ਰਜਵਾਹਿਆਂ ਵਿੱਚ ਵੀ ਤੇਜਾਬੀ ਪਾਣੀ ਪਾ ਕੇ ਮਾਲਵੇ ਨੂੰ ਕੈਂਸਰ ਅਤੇ ਕਾਲੇ ਪੀਲੀਏ ਦਾ ਘਰ ਬਣਾਇਆ ਜਾ ਰਿਹਾ ਹੈ। ਡਰੇਨ ਅਤੇ ਧੋਲਾ ਫੈਕਟਰੀ ਦੇ ਆਲੇ ਦੁਆਲੇ ਦੇ 50 ਕਿਲੋਮੀਟਰ ਦੇ ਘੇਰੇ ਵਿਚਲੇ ਲੋਕਾਂ ਦੇ ਘਰ, ਘਰ ਭਿਆਨਕ ਬਿਮਾਰੀਆਂ ਨੇ ਆਣ ਦਸਤਕ ਦਿੱਤੀ ਹੈ। ਇਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੀ ਨਹੀ ਹੋਏ ਬਲਕਿ ਬਹੁਤ ਸਾਰੇ ਅਭਾਗੇ ਲੋਕ ਇਹਨਾਂ ਬਿਮਾਰੀਆਂ ਤੋ ਅਪਣੀ ਆਰਥਿਕਤਾ ਲੁਟਾ ਕੇ ਜਹਾਨ ਤੋ ਕੂਚ ਵੀ ਕਰ ਗਏ ਹਨ। ਕੁੱਝ ਸਮਾ ਪਹਿਲਾਂ ਇਸ ਗੰਭੀਰ ਮਾਮਲੇ ਸਬੰਧੀ ਇੱਕ ਸਮਾਜ ਸੇਵੀ ਸੰਸਥਾ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਚੇਅਰਮੈਨ ਨੂੰ ਇਕ ਖੁੱਲਾ ਪੱਤਰ ਲਿਖ ਕੇ ਉਦਯੋਗ ਦੀ ਸ਼ਿਕਾਇਤ ਵੀ ਭੇਜੀ ਸੀ ਕਿ ਟਰਾਈਡੈਂਟ ਉਦਯੋਗ ਧੋਲਾ ਜੋ ਅਪਣਾ ਲੱਖਾਂ ਲੀਟਰ ਤੇਜਾਬੀ ਪਾਣੀ ਡਰੇਨ ਵਿਚ ਪਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ, ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਕਰਯੋਗ ਹੈ ਕਿ ਉਦਯੋਗ ਦਾ ਇੱਕ ਪਾਸੇ ਤੋ ਇੱਕ ਕਿਲੋਮੀਟਰ ਤੋ ਵੱਧ ਦਾ ਏਰੀਆ ਡਰੇਨ ਦੀ ਪਟੜੀ ਨਾਲ ਲਗਦਾ ਹੈ। ਜਿਸ ਕਰਕੇ ਉਦਯੋਗ ਦਾ ਤੇਜਾਬੀ ਅਤੇ ਗੰਧਲਾ ਪਾਣੀ ਡਰੇਨ ਵਿਚ ਸੁੱਟਣ ਲਈ ਕੋਈ ਮੁਸੱਕਤ ਵੀ ਨਹੀ ਕਰਨੀ ਪੈਂਦੀ, ਜਦੋਕਿ ਦੂਜੇ ਪਾਸੇ ਉਦਯੋਗ ਦਾ ਜਹਿਰੀਲਾ ਪਾਣੀ ਬਿਨਾਂ ਸੋਧੇ ਹੀ ਧਰਤੀ ਹੇਠ ਪਾਇਆ ਜਾ ਰਿਹਾ ਹੈ, ਜੋ ਆਲੇ ਦੁਆਲੇ ਦੀਆ ਫਸਲਾਂ ਅਤੇ ਲੋਕਾਂ ਲਈ ਕਹਿਰ ਬਣਿਆ ਹੋਇਆ ਹੈ। ਜਿਸ ਕਾਰਨ ਲੋਕ ਅਪਣੀ ਨਰਕ ਭਰੀ ਜਿੰਦਗੀ ਤੋ ਛੁਟਕਾਰਾ ਪਾਉਣ ਲਈ ਕਈ ਵਾਰ ਸਰਕਾਰੇ, ਦਰਬਾਰੇ ਅਰਜ ਕਰਦੇ ਹਨ ਪਰ ਉਦਯੋਗ ਦੇ ਸਿਰ ਉਪਰ ਸਰਕਾਰੀ ਹੱਥ ਹੋਣ ਕਰਕੇ ਲੋਕਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀ ਹੈ। ਡਰੇਨ ਵਿਚ ਤੇਜਾਬੀ ਪਾਣੀ ਛੱਡਣ ਦਾ ਪ੍ਰਭਾਵ ਮਨੁੱਖੀ ਸ਼ਰੀਰ ਉਪਰ ਹੀ ਨਹੀ ਬਲਕਿ ਬੇਜੁਬਾਨ ਜਾਨਵਰਾਂ ਉਪਰ ਵੀ ਪੈ ਰਿਹਾ ਹੈ, ਜਿਸ ਕਰਕੇ ਇਲਾਕੇ ਦੇ ਪਸ਼ੂ ਪਾਲਕਾਂ ਦੇ ਕੀਮਤੀ ਪਾਲਤੂ ਪਸ਼ੂ ਅਣਆਈ ਮੌਤ ਮਰ ਰਹੇ ਹਨ।ਜਿਕਰਯੋਗ ਇਹ ਵੀ ਹੈ ਕਿ ਉਦਯੋਗ ਦੇ ਮਾਲਿਕ ਵੱਲੋ ਕੇਂਦਰ ਵਿੱਚ ਬੈਠੇ ਅਪਣੇ ਆਕਾਵਾਂ ਦੇ ਪ੍ਰਭਾਵ ਦੀ ਵਰਤੋਂ ਕਰਕੇ ਸੂਬਾ ਸਰਕਾਰ ਅੰਦਰ ਯੋਜਨਾ ਬੋਰਡ ਦੀ ਉੱਪ ਚੇਅਰਮੈਨੀ ਦਾ ਅਹਿਮ ਬਕਾਰੀ ਆਹੁਦਾ ਹਥਿਆ ਲੈਣ ਤੋ ਬਾਅਦ ਕਿਸੇ ਪ੍ਰਦੂਸਨ ਕੰਟਰੋਲ ਬੋਰਡ ਜਾਂ ਟ੍ਰਿਬਿਊਨਲ ਦੀ ਹਿੰਮਤ ਹੀ ਨਹੀ ਪਈ ਕਿ ਉਹ ਉਦਯੋਗ ਖਿਲਾਫ ਕੋਈ ਕਾਰਵਾਈ ਕਰ ਸਕੇ।ਸੋ ਜਦੋ ਟਰਾਈਡੈਂਟ ਦਾ ਪ੍ਰਬੰਧਕ ਠੋਕ ਬਜਾ ਕੇ ਇਹ ਕਹਿ ਰਿਹਾ ਹੈ ਕਿ ਅਖਬਾਰਾਂ ਦੀਆਂ ਖਬਰਾਂ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਹੋਕੇ ਸੰਘਰਸ਼ ਵਿੱਢਣਾ ਹੋਵੇਗਾ,ਤਾਂਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਉਦਯੋਗ ਦੀਆਂ ਮਨਮਾਨੀਆਂ ਅਤੇ ਬੇਨਿਯਮੀਆਂ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਮਜਬੂਰ ਕੀਤਾ ਜਾ ਸਕੇ।
ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ - ਬਘੇਲ ਸਿੰਘ ਧਾਲੀਵਾਲ
ਨਹੀ ਭਾਉਂਦਾ ਵਿਰੋਧੀ ਤਾਕਤਾਂ ਨੂੰ ਗੁਰੂ ਆਸ਼ੇ ਵਾਲੀ ਇਸ ਸੋਚ ਦਾ ਪਸਾਰਾ
ਖਾਲਸਾ ਏਡ ਦੁਨੀਆਂ ਪੱਧਰ ਤੇ ਇੱਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ ਸਿੱਖੀ ਅਤੇ ਸਿੱਖੀ ਸਿਧਾਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਚ ਜੇ ਕੋਈ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਆਉਂਦੀ ਹੈ,ਤਾਂ ਖਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸਭ ਤੋ ਪਹਿਲਾਂ ਪਹੁੰਚ ਜਾਂਦੀ ਹੈ।ਭਾਂਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜਾਂ ਦੀ ਮਾਰ ਹੋਵੇ ਖਾਲਸਾ ਏਡ ਨੇ ਬਗੈਰ ਕਿਸੇ ਡਰ ਭੈਅ ਤੋ ਅਤੇ ਬਗੈਰ ਕਿਸੇ ਨਸਲੀ ਭਿੰਨ ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ।ਭਾਂਵੇਂ ਸੀਰੀਆ ਹੋਵੇ,ਜਾਂ ਬੰਗਲਾਦੇਸ, ਜਾਂ ਫਿਰ ਭਾਰਤ ਦੀ ਮਹਾਂ ਨਗਰੀ ਮੁੰਬਈ,ਜਾਂ ਕੇਰਲਾ ਹੋਵੇ,ਜਾਂ ਫਿਰ ਹਕੂਮਤੀ ਦਹਿਸਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ,ਇਹ ਸੰਸਥਾ ਰੱਬ ਬਣਕੇ ਆ ਬਹੁੜਦੀ ਹੈ।ਜਿੱਥੇ ਵੀ ਮਾਨਵਤਾ ਤੇ ਕੋਈ ਭੀੜ ਪਈ,ਇਸ ਸੰਸਥਾ ਨੇ ਅਪਣੇ ਫਰਜਾਂ ਤੇ ਡਟ ਕੇ ਪਹਿਰਾ ਦਿੱਤਾ ਹੈ,ਪਰੰਤੂ ਹੁਣ ਜਦੋ ਪੰਜਾਬ ਵਿੱਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹ ਹੀ ਖਾਲਸਾ ਏਡ ਵਾਲਾ ਰਵੀ ਸਿੰਘ ਹੈ,ਜਿਸ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸ਼ਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ,ਪ੍ਰੰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ,ਜਦੋ ਰਵੀ ਸਿੰਘ ਨੂੰ ਇਹ ਦੱਸਣਾ ਪਿਆ ਹੈ ਕਿ ਉਹ ਭਾਰਤੀ ਨਹੀ ਹੈ।ਸੋ ਰਵੀ ਸਿੰਘ ਵੱਲੋਂ ਪੁਰਸ਼ਕਾਰ ਨਾ ਲੈਣ ਲਈ ਦਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿੱਚ ਉਹਨਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿੱਤਾ ਸੀ,ਓਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਜਰੂਰ ਰੜਕਣ ਲੱਗ ਪਿਆ ਹੈ,ਪਰੰਤੂ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤੱਕ ਕੇਂਦਰੀ ਹਕੂਮਤ ਬੇਬੱਸ ਜਾਪਦੀ ਹੈ।ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਖਾਲਸਾ ਏਡ ਨੇ ਕਦੇ ਵੀ ਨਸਲ ਦੇਖ ਕੇ ਕਿਸੇ ਦੀ ਮਦਦ ਨਹੀ ਕੀਤੀ,ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ ਮਾਨਵਤਾ ਦੀ ਭਲਾਈ ਹੀ ਲੋਚੀ ਹੈ।ਇਹ ਵੀ ਕੇਹਾ ਇਤਫਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜਾਂ ਦੀ ਸਮੱਸਿਆ ਤੋ ਪਹਿਲਾਂ ਜਿਹੜੀ ਖਾਲਸਾ ਏਡ ਵਰਗੀ ਵਿਸ਼ਵ ਪੱਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫਤਾਂ ਕਰਦੇ ਨਹੀ ਸਨ ਥੱਕਦੇ,ਉਹਨਾਂ ਨੇ ਹੁਣ ਖਾਲਸਾ ਏਡ ਤੇ ਉਂਗਲਾਂ ਚੁੱਕਣੀਅਆ ਸੁਰੂ ਕਰ ਦਿੱਤੀਆਂ ਹਨ।ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿੱਚ ਖਾਲਸਾ ਏਡ ਦੇ ਜਿਕਰਯੋਗ ਕਾਰਜਾਂ ਤੋ ਬਾਅਦ ਸ਼ੁਰੂ ਹੋਇਆ ਹੈ।ਮਾਨਵ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਕੋਈ ਮਦਦ ਕਰਨ ਲਈ ਅੱਗੇ ਆਵੇ।ਜਦੋਂ ਤੋ ਪੰਜਾਬ ਅੰਦਰ ਹੜਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖਾਲਸਾ ਏਡ ਨੇ ਜੁੰਮੇਵਾਰੀ ਨਾਲ ਉਹਨਾਂ ਪੀੜਤ ਲੋਕਾਂ ਦੇ ਮੁੜ ਵਸੇਵੇ ਦੀ ਜੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ,ਤਾਂ ਬਹੁਤ ਲੋਕਾਂ ਦੇ ਢਿੱਡੀ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਇਹਨਾਂ ਗੱਲਾਂ ਨੂੰ ਸਰਸਰੀ ਨਹੀ,ਬਲਕਿ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਕਿਉਕਿ ਬਿਨਾ ਸ਼ੱਕ ਖਾਲਸਾ ਏਡ ਦਾ ਕੱਦ ਬੁੱਤ ਸਿੱਖਾਂ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਹੜੀ ਕਦੇ ਸਿੱੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸੀ ,ਪਰੰਤੂ ਖਾਲਸਾ ਏਡ ਦੇ ਕਾਰਜਾਂ ਸਾਹਮਣੇ ਬੌਨੀ ਹੋਕੇ ਰਹਿ ਗਈ ਹੈ।ਇਸ ਸਮੇ ਬੱਚੇ ਬੱਚੇ ਦੀ ਜੁਬਾਨ ਤੇ ਖਾਲਸਾ ਏਡ ਦਾ ਨਾਮ ਹੈ।ਸਿੱਖ ਹਲਕਿਆਂ ਵਿੱਚ ਰਵੀ ਸਿੰਘ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਾਉਣ ਦੀ ਮੰਗ ਵੀ ਉੱਠਣ ਲਗੀ ਹੈ।ਵਿਦੇਸਾਂ ਵਿੱਚ ਬੈਠੇ ਸਿੱਖ ਉਹਨਾਂ ਦੀ ਦਿਲ ਖੋਲ ਕੇ ਮਦਦ ਕਰ ਰਹੇ ਹਨ।ਸੋ ਇਹਨਾਂ ਗੱਲਾਂ ਨੇ ਕੇਂਦਰੀ ਤਾਕਤਾਂ ਅਤੇ ਪੰਜਾਬ ਵਿੱਚ ਉਹਨਾਂ ਦੇ ਵਫਾਦਰਾਂ ਨੂੰ ਚਿੰਤਤ ਕੀਤਾ ਹੈ,ਜਿਸ ਕਰਕੇ ਪੰਜਾਬ ਅੰਦਰ ਅਪਣੇ ਵਫਾਦਾਰਾਂ ਰਾਹੀ ਖਾਲਸਾ ਏਡ ਨੂੰ ਬਦਨਾਮ ਕਰਕੇ ਉਹਨਾਂ ਦੀ ਲੋਕ ਪ੍ਰਿਅਤਾ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਤੇਜ ਹੋ ਗਈਆਂ ਹਨ।ਖਾਲਸਾ ਏਡ ਪ੍ਰਤੀ ਆਮ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਚੰਡੀਗੜ ਤੋ ਛਪਦੇ ਪੰਜਾਬੀ ਦੇ ਅਖਬਾਰ ਨੇ ਇੱਕ ਵਾਰ ਫਿਰ ਸਿੱਖਾਂ ਦੀ ਇਸ ਹਰਮਨ ਪਿਆਰੀ ਸੰਸਥਾ ਨੂੰ ਢਾਹ ਲਾਉਣ ਦੀ ਪੂਰੀ ਵਾਹ ਲਾ ਦਿੱਤੀ ਹੈ।ਪਹਿਲਾਂ ਵੀ ਇਹ ਅਦਾਰਾ ਭਾਰਤੀ ਸਿਸਟਮ ਨੂੰ ਖੁਸ਼ ਕਰਨ ਲਈ ਸਮੇ ਸਮੇ ਸਿੱਖ ਵਿਰੋਧੀ ਰਿਪੋਰਟਾਂ ਛਾਪ ਕੇ ਅਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ।ਖਾਲਸਾ ਏਡ ਸਬੰਧੀ ਛਾਪੀ ਰਿਪੋਰਟ ਵਿੱਚ ਉਕਤ ਅਖਬਾਰ ਨੇ ਇਸ ਸੰਸਥਾ ਦੀ ਹਰਮਨ ਪਿਆਰਤਾ ਨੂੰ ਢਾਹ ਲਾਉਣ ਦੀ ਪੂਰੀ ਜੀਅ ਜਾਨ ਨਾਲ ਕੋਸ਼ਿਸ਼ ਕੀਤੀ ਹੈ,ਜਿਸ ਦੀ ਵਿਸ਼ਵ ਪੱਧਰ ਤੇ ਸਿੱਖਾਂ ਨੇ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਹੈ।ਜਦੋ ਖਾਲਸਾ ਏਡ ਨੂੰ ਬਦਨਾਮ ਕਰਨ ਲਈ ਵੱਡੀ ਪੱਧਰ ਤੇ ਜਤਨ ਹੋ ਰਹੇ ਹਨ ਤਾਂ ਆਮ ਸਿੱਖਾਂ ਅਤੇ ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ,ਜਿਹੜੀਆਂ ਅਪਣੇ ਤੌਰ ਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਰੀਆਂ ਹੀ ਸਮਾਜ ਸੇਵੀ ਸਿੱਖ ਸੰਸਥਾਵਾਂ ਨੂੰ ਖਾਲਸਾ ਏਡ ਨਾਲ ਅਪਣੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ।ਭਾਂਵੇਂ ਉਹ ਸੰਸਥਾਵਾਂ ਅਪਣੇ ਪੱਧਰ ਤੇ ਵੀ ਕੰਮ ਕਰਦੀਆਂ ਰਹਿਣ ਪਰ ਸਿੱਖ ਕੌਂਮ ਦੀ ਇਸ ਸਿਰਮੌਰ ਸੰਸਥਾ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ। ਇਸ ਖੇਤਰ ਦੀਆਂ ਸਮੁੱਚੀਆਂ ਲੋਕ ਸੇਵਕ ਸੰਸਥਾਵਾਂ ਨੂੰ ਰਵੀ ਸਿੰਘ ਦੇ ਨਾਲ ਸਾਂਝ ਬਣਾ ਲੈਣੀ ਚਾਹੀਦੀ ਹੈ,ਤਾਂ ਕਿ ਉਹਨਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ,ਜਿਹੜੀਆਂ ਹਰ ਸਮੇ ਸਿੱਖਾਂ ਵਿੱਚ ਪਾਟਕ ਪਾਕੇ ਉਹਨਾਂ ਦੀ ਤਾਕਤ ਕਮਜੋਰ ਕਰਨ ਵਿੱਚ ਜਤਨਸ਼ੀਲ ਰਹਿੰਦੀਆਂ ਹਨ।ਜਿਸਤਰਾਂ ਆਰ ਐਸ ਐਸ ਹਿੰਦੂ ਸਮਾਜ ਦੀ ਸਰਬ ਉੱਚ ਤੇ ਸਰਬ ਪਰਵਾਨਿਤ ਸੰਸਥਾ ਬਣ ਚੁੱਕੀ ਹੈ, ਖਾਲਸਾ ਏਡ ਵਰਗੀ ਸੰਸਥਾ ਨੂੰ ਵੀ ਉਸੇ ਤਰਜ ਤੇ ਮਜਬੂਤ ਕਰਨ ਦੀ ਲੋੜ ਹੈ।ਕਈ ਵਾਰ ਵਿਰੋਧੀਆਂ ਵੱਲੋਂ ਚੁੱਕੇ ਹੋਏ ਨੁਕਸਾਨ ਵਾਲੇ ਕਦਮ ਵੀ ਰਾਸ ਆ ਜਾਂਦੇ ਹਨ,ਹੁਣ ਜਦੋ ਇਹ ਸਭ ਨੂੰ ਚਾਨਣ ਹੋ ਚੁੱਕਾ ਹੈ ਕਿ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਸਿੱਖਾਂ ਦਾ ਮਾਣ ਸਤਿਕਾਰ ਦੁਨੀਆਂ ਪੱਧਰ ਤੇ ਵਧੇ,ਬਲਕਿ ਉਹ ਹਮੇਸਾਂ ਸਿੱਖਾਂ ਨੂੰ ਦੁਨੀਆਂ ਸਾਹਮਣੇ ਮਾੜਾ ਬਣਾ ਕੇ ਪੇਸ ਕਰਨ ਵਿੱਚ ਹੀ ਸਾਰੀ ਤਾਕਤ ਝੋਕਦੀਆਂ ਆ ਰਹੀਆਂ ਹਨ,ਜਦੋ ਕਿ ਹੋ ਹਮੇਸਾਂ ਹੀ ਉਹਨਾਂ ਦੀ ਸੋਚ ਦੇ ਉਲਟ ਰਿਹਾ ਹੈ।ਖਾਲਸਾ ਏਡ ਗੁਰੂ ਆਸ਼ੇ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਸੰਕਲਪ ਤੇ ਕੰਮ ਕਰਦੀ ਹੋਈ ਅੱਗੇ ਵਧ ਰਹੀ ਹੈ,ਜਿਸ ਦੀ ਹਰ ਪਾਸੇ ਤੋ ਸਰਾਹਣਾ ਹੋਣੀ ਸੁਭਾਵਿਕ ਹੈ।ਸੋਚਣਾ ਇਹ ਵੀ ਜਰੂਰੀ ਬਣਦਾ ਹੈ ਕਿ ਇਸ ਸਿੱਖ ਸੰਸਥਾ ਨੂੰ ਵਿਸ਼ਵ ਪੱਧਰ ਤੇ ਸਿੱਖਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ,ਜਦੋ ਕਿ ਹਿਸਾਬ ਉਹ ਲੋਕ ਪੁੱਛ ਰਹੇ ਹਨ,ਜਿੰਨਾਂ ਦਾ ਸਿੱਖ ਸਰੋਕਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਉਹ ਵੱਖਰੀ ਗੱਲ ਹੈ ਕਿ ਇਹਨਾਂ ਲੋਕਾਂ ਵਿੱਚ ਕੁੱਝ ਉਹ ਲੋਕ ਵੀ ਸ਼ਾਮਿਲ ਹਨ,ਜਿੰਨਾਂ ਦਾ ਚਿਹਰਾ ਮੋਹਰਾ ਵੀ ਸਿੱਖਾਂ ਵਾਲਾ ਹੀ ਹੈ,ਪਰ ਗੁਰੂ ਦੀ ਮੱਤ ਤੋ ਦੂਰ ਹੋ ਕੇ ਲੋਭ ਲਾਲਸਾ ਬੱਸ ਵਿਰੋਧੀਆਂ ਦੇ ਇਸਾਰੇ ਤੇ ਚੱਲ ਕੇ ਅਪਣੀ ਕੌਂਮ,ਅਪਣੇ ਲੋਕਾਂ ਅਤੇ ਅਪਣੀ ਸਰ ਜਮੀਨ ਨਾਲ ਧਰੋਹ ਕਮਾ ਰਹੇ ਹਨ।ਸੋ ਉਪਰੋਕਤ ਸਾਰੀਆਂ ਵਿਰੋਧੀ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਿੱਥੇ ਸਿੱਖ ਨੁਮਾਇੰਦਾ ਬਣ ਚੁੱਕੀ ਖਾਲਸਾ ਏਡ ਵਰਗੀ ਸੰਸਥਾ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ,ਓਥੇ ਅਜਿਹੇ ਪੰਜਾਬ,ਪੰਜਾਬੀਅਤ ਅਤੇ ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰ ਕਰਨ ਦੀ ਵੀ ਫੌਰੀ ਲੋੜ ਹੈ,ਤਾਂ ਕਿ ਸੰਸਾਰ ਪੱਧਰ ਤੇ ਮਜਬੂਤੀ ਨਾਲ ਪੈੜਾਂ ਛੱਡ ਰਹੀ ਮਾਨਵਤਾ ਪੱਖੀ ਸਿੱਖ ਸੋਚ ਦਾ ਪਸਾਰਾ ਦੁਨੀਆਂ ਦੇ ਹਰ ਕੋਨੇ ਤੱਕ ਹੋ ਸਕੇ।
ਬਘੇਲ ਸਿੰਘ ਧਾਲੀਵਾਲ
99142-58142
ਜਦੋਂ ਕੋਈ ਕੰਨਨ ਗੋਪੀ ਨਾਥਨ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਹਕੂਮਤਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ.... - ਬਘੇਲ ਸਿੰਘ ਧਾਲੀਵਾਲ
ਕੇਰਲ ਕੇਡਰ ਦੇ 2012 ਬੈਚ ਦੇ ਆਈ ਏ ਐਸ ਅਧਿਕਾਰੀ ਕੰਨਨ ਗੋਪੀਨਾਥਨ ਦਾ ਅਸਤੀਫਾ ਜਿਉਂਦੀ ਜਮੀਰ ਦੇ ਲੋਕਾਂ ਦੀ ਅਜਿਹੀ ਮਿਸ਼ਾਲ ਪੇਸ਼ ਕਰਦਾ ਹੈ,ਜਿਹੜਾ ਹਰ ਫਿਰਕੂ ਹੋਈ ਸੋਚ ਤੇ ਮੁਰਦਾ ਹੋਈ ਇਨਸਾਨੀਅਤ ਨੂੰ ਝੰਜੋੜ ਦੇਣ ਵਾਲਾ ਹੈ।ਅਪਣੇ ਲਈ,ਅਪਣੇ ਧਰਮ ਲਈ ਅਤੇ ਅਪਣੀ ਕੌਮ ਲਈ ਵੱਡੇ ਵੱਡੇ ਰੁਤਬਿਆਂ ਨੂੰ ਠੁਕਰਾ ਦੇਣ ਦੀਆਂ ਬਹੁਤ ਸਾਰੀਆ ਮਿਸ਼ਾਲਾਂ ਮਿਲਦੀਆਂ ਹਨ। ਅਪਣੇ ਧਰਮ ਦੀ ਆਣ ਸ਼ਾਨ ਖਾਤਰ ਨੌਕਰੀਆਂ ਹੀ ਨਹੀ ਲੋਕ ਮਰਨ ਤੋ ਵੀ ਪਿੱਛੇ ਨਹੀ ਹੱਟਦੇ,ਪ੍ਰੰਤੂ ਭਾਰਤ ਦੇ ਜੋ ਮੌਜੂਦਾ ਹਾਲਾਤ ਬਣੇ ਹੋਏ ਹਨ,ਜਿਸ ਤਰਾਂ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ,ਬਹੁ ਗਿਣਤੀ ਭਾਰਤੀ ਜਨਤਾ ਨੂੰ ਫਿਰਕੂ ਰਾਜਨੀਤਕ ਲੋਕਾਂ ਨੇ ਅਪਣੇ ਨਸਲੀ ਭਿੰਨਤਾ ਵਾਲੇ ਰੰਗ ਵਿੱਚ ਰੰਗ ਲੈਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ।ਹਰ ਪਾਸੇ ਮਾਰੋ ਮਾਰੋ ਹੋ ਰਹੀ ਹੈ।ਹਰ ਪਾਸੇ ਤੋ ਸਰਕਾਰੀ ਅਤੇ ਸਰਕਾਰੀ ਸਹਿ ਪਰਾਪਤ ਗੈਰ ਸਰਕਾਰੀ ਜਬਰ ਕਾਰਨ ਘੱਟ ਗਿਣਤੀ ਬੇ ਸਹਾਰੇ ਲੋਕਾਂ ਦੀਆਂ ਚੀਕਾਂ ਪੂਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ।ਜੰਮੂ ਕਸ਼ਮੀਰ ਦੇ ਲੋਕਾਂ ਦੇ ਮੁਢਲੇ ਅਧਿਕਾਰਾਂ ਦਾ ਕਤਲ ਕਰਕੇ ਉਥੋ ਦੇ ਲੋਕਾਂ ਦੀ ਅਜਾਦੀ ਹੀ ਨਹੀ ਖੋਹੀ ਗਈ,ਬਲਕਿ ਭਾਰਤੀ ਨਿਜਾਮ ਉਹਨਾਂ ਲੋਕਾਂ ਦੇ ਜਿਉਣ ਦੇ ਹੱਕ ਵੀ ਖੋਹ ਚੁੱਕਾ ਹੈ।ਲਗਾਤਾਰ ਤਿੰਨ ਹਫਤਿਆਂ ਤੋ ਵੱਧ ਸਮੇ ਤੋ ਲੋਕਾਂ ਨੂੰ ਘਰਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ।ਭਾਰਤੀ ਫੋਰਸਾਂ ਨੂੰ ਕਸ਼ਮੀਰੀਆਂ ਤੇ ਜੁਲਮ ਕਰਨ ਦੀ ਖੁੱਲ ਦਿੱਤੀ ਹੋਈ ਹੈ।ਇਸ ਨੰਗੇ ਚਿੱਟੇ ਜੁਲਮੀ ਵਰਤਾਰੇ ਦੇ ਖਿਲਾਫ ਬੋਲਣ ਵਾਲਿਆਂ ਦੀ ਜ਼ੁਬਾਨ ਬੰਦ ਕਰਨ ਦੇ ਹਰ ਸੰਭਵ ਯਤਨ ਹੋ ਰਹੇ ਹਨ।ਜਦੋ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਕਸ਼ਮੀਰੀ ਬਹੂ ਬੇਟੀਆਂ ਦੀ ਇੱਜਤ ਤਾਰ ਤਾਰ ਕਰਨ ਲਈ ਦੇਸ਼ ਦੀ ਜਨਤਾ ਨੂੰ ਉਕਸਾ ਰਹੇ ਸਨ,ਦੇਸ਼ ਦੇ ਬਹੁਤ ਵੱਡੀ ਗਿਣਤੀ ਵਿੱਚ ਵੱਖ ਵੱਖ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਦੇ ਪਿਛਲੱਗ ਲੋਕ ਕਸ਼ਮੀਰੀ ਬੱਚੀਆਂ ਪ੍ਰਤੀ ਬਲਾਤਕਾਰੀ ਸੋਚ ਦੀ ਕਲਪਨਾ ਵਿੱਚ ਗੁਆਚੇ ਭੰਗੜੇ ਪਾਉਣ ਵਿੱਚ ਮਸਤ ਸਨ,ਤਾਂ ਉਸ ਸਮੇ ਸਮੁੱਚੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਸਮੇਤ ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ,ਉਹਨਾਂ ਨੇ ਮਜਲੂਮ ਕਸ਼ਮੀਰੀ ਬੱਚੀਆਂ ਦੀ ਰਾਖੀ ਦਾ ਐਲਾਨ ਹੀ ਨਹੀ ਕੀਤਾ,ਸਗੋਂ ਸੁਰਖਿਅਤ ਉਹਨਾਂ ਨੂੰ ਉਹਨਾਂ ਦੇ ਘਰੋ ਘਰੀ ਪਹੁੰਚਾ ਕੇ ਆਪਣਾ ਸੱਚੇ ਸਿੱਖ ਹੋਣ ਦਾ ਫਰਜ ਪੂਰਾ ਕੀਤਾ,ਜਿਸ ਦੇ ਇਬਜ ਵਿੱਚ ਪੰਜਾਬ ਨੂੰ ਹੜਾਂ ਦੀ ਮਾਰ ਝੱਲਣ ਲਈ ਮਜਬੂਰ ਕੀਤਾ ਗਿਆ।ਪੰਜਾਬ ਦੇ ਸੈਕੜੇ ਪਿੰਡ ਇਸ ਵੇਲੇ ਹੜਾਂ ਦੀ ਬੁਰੀ ਤਰਾਂ ਮਾਰ ਹੇਠ ਆ ਚੁੱਕੇ ਹਨ,ਜਿੱਥੇ ਆਉਣ ਵਾਲੇ ਸਮੇ ਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਵੀ ਬਣਿਆ ਹੋਇਆ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਅੱਜ ਪੰਜਾਬ ਨੂੰ ਕਸ਼ਮੀਰ ਦੇ ਹੱਕ ਚ ਖੜਨ ਦਾ ਸਬਕ ਹੜਾਂ ਦੇ ਰੂਪ ਚ ਸਿਖਾਇਆ ਜਾ ਰਿਹਾ ਹੈ,ਪ੍ਰੰਤੂ ਸਿੱਖ ਸਮਾਜ ਨੇ ਜਿੱਥੇ ਕਸ਼ਮੀਰੀਆਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਕੇ ਅਪਣੇ ਸਿੱਖੀ ਅਸੂਲਾਂ ਤੇ ਪਹਿਰਾ ਦਿੱਤਾ ਹੈ ਓਥੇ ਇਤਿਹਾਸ ਵਿੱਚ ਵੀ ਆਪਣਾ ਨਾਮ ਜਾਬਰ ਦੇ ਖਿਲਾਫ ਖੜਨ ਵਾਲਿਆਂ ਦੀ ਕਤਾਰ ਵਿੱਚ ਲਿਖ ਦਿੱਤਾ ਹੈ ਅਤੇ ਹੜਾਂ ਦੀ ਭਿਆਨਕ ਮਾਰ ਸਮੇ ਵੀ ਸਿੱਖਾਂ ਨੇ ਅਪਣੈ ਗੁਰੂ ਵੱਲੋਂ ਬਖਸ਼ੇ ਹੋਏ ਮਾਨਵੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਪਣੇ ਭਾਈਚਾਰੇ ਦੀ ਮਦਦ ਦਾ ਜੋ ਕਾਰਜ ਅਰੰਭਿਆ ਹੈ,ਉਹਨੇ ਵੀ ਭਾਰਤੀ ਸਟੇਟ ਦੀ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਨੂੰ ਨਾਕਾਮ ਹੀ ਨਹੀ ਕੀਤਾ ,ਸਗੋਂ ਇਹ ਸੁਨੇਹਾ ਦੇਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ,ਕਿ ਜਾਬਰੋ ਇਹ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਉਜਾੜਨ ਦੀਆਂ ਤੁਹਾਡੀਆਂ ਸਾਜਿਸ਼ਾਂ ਕਦੇ ਵੀ ਸਫਲ ਨਹੀ ਹੋਣਗੀਆਂ। ਗਾਹੇ ਬ ਗਾਹੇ ਕਸ਼ਮੀਰ ਤੋ ਨਸਰ ਹੋ ਰਹੀਆਂ ਵੀਡੀਓ ਭਾਰਤੀ ਤੰਤਰ ਦੇ ਜੁਲਮਾਂ ਦੀ ਕਹਾਣੀ ਕਹਿ ਜਾਂਦੀਆਂ ਹਨ,ਇਸ ਦੇ ਬਾਵਜੂਦ ਕਿਸੇ ਨੂੰ ਵੀ ਕਸ਼ਮੀਰੀ ਲੋਕਾਂ ਦੀ ਅਸਿਹ ਪੀੜਾ ਦਾ ਰੰਚਕ ਮਾਤਰ ਵੀ ਅਹਿਸਾਸ ਨਹੀ ਹੋ ਰਿਹਾ।ਅਜਿਹੇ ਵਿੱਚ ਜੇ ਕੋਈ ਉੱਚ ਆਹੁਦੇ ਤੇ ਬੈਠਾ ਅਫਸਰ ਮਜਲੂਮ ਲੋਕਾਂ ਲਈ ਅਪਣੇ ਅਧਿਕਾਰਾਂ ਦੀ ਵਰਤੋ ਨਾ ਕਰ ਸਕਣ ਕਰਕੇ ਅਪਣੇ ਉੱਚੇ ਸਰਕਾਰੀ ਰੁਤਵੇ ਨੂੰ ਠੇਡਾ ਮਾਰ ਕੇ ਆਮ ਲੋਕਾਂ ਵਿੱਚ ਆਣ ਖੜਾ ਹੋ ਜਾਂਦਾ ਹੈ,ਤਾਂ ਕਿਹਾ ਜਾਣਾ ਬਣਦਾ ਹੇ ਕਿ ਭਾਰਤੀ ਲੋਕਾਂ ਵਿੱਚ ਅਜੇ ਇਨਸਾਨੀਅਤ ਜਿਉਂਦੀ ਹੈ।ਅਜੇ ਇਹ ਆਸ ਕੀਤੀ ਜਾ ਸਕਦੀ ਹੈ,ਕਿ ਭਾਰਤ ਦੀਆਂ ਫਾਸੀਵਾਦੀ ਤਾਕਤਾਂ ਲੱਖ ਯਤਨ ਕਰਨ ਦੇ ਬਾਵਜੂਦ ਵੀ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋ ਸਕਣਗੀਆਂ।ਜਿੰਨੀ ਦੇਰ ਕੰਨਨ ਗੋਪੀ ਨਾਥਨ ਵਰਗੇ ਜਾਗਦੀ ਜਮੀਰ ਵਾਲੇ ਲੋਕ ਭਾਰਤੀ ਕੱਟੜਵਾਦੀ ਸਿਸਟਮ ਨੂੰ ਹਲੂਣਾ ਦੇ ਕੇ ਇਹ ਸਪਸਟ ਸੁਨੇਹਾ ਦਿੰਦੇ ਰਹਿਣ ਦੀ ਹਿੰਮਤ ਕਰਦੇ ਰਹਿਣਗੇ,ਓਨੀ ਦੇਰ ਭਗਵੇ ਰੰਗ ਵਿੱਚ ਰੰਗੇ ਦੇਸ਼ ਦੇ ਫਿਰਕਾਪ੍ਰਸਤ ਹਾਕਮਾਂ ਅਤੇ ਉਹਨਾਂ ਦੀ ਪੁਸਤਪਨਾਹੀ ਕਰਨ ਵਾਲੇ ਨਸਲੀ ਭੇਦਭਾਵ ਚ ਅੰਨੇ ਹੋਏ ਕਮਜੋਰ ਦਿਲ ਸੰਗਠਨਾਂ ਦੀ ਹਿੰਮਤ ਨਹੀ ਪਵੇਗੀ ਕਿ ਉਹ ਅਪਣੇ ਦਿਲ ਵਿੱਚ ਧਾਰੀਆਂ ਫਿਰਕੂ ਹੱਦਬੰਦੀਆਂ ਨੂੰ ਨਕਸੇ ਤੇ ਲੈ ਕੇ ਆਉਣ ਵਿੱਚ ਸਫਲ ਹੋ ਸਕਣ।ਇਸ ਤਰਾਂ ਦੇ ਅਸਤੀਫੇ ਜਿੱਥੇ ਉਹਨਾਂ ਮਜਲੂਮ ਲੋਕਾਂ ਨੂੰ ਢਾਰਸ ਦਿੰਦੇ ਹਨ,ਜਿਹੜੇ ਕੱਟੜਵਾਦ ਦੀ ਮਾਰ ਝੱਲ ਰਹੇ ਹਨ,ਓਥੇ ਭਾਰਤੀ ਸਿਸਟਮ ਦੇ ਮੂੰਹ ਤੇ ਉਹ ਕਰਾਰੀ ਚਪੇੜ ਵੀ ਹੈ,ਜਿਸ ਦਾ ਦਰਦ ਉਹਨਾਂ ਨੂੰ ਧੁਰ ਅੰਦਰ ਤੱਕ ਹਲੂਣਾ ਦੇ ਕੇ ਇਹ ਚੇਤਾ ਕਰਵਾ ਜਾਂਦਾ ਹੈ ਕਿ ਹਿੰਦੂ ਫਾਸੀਵਾਦੀ ਸਿਸਟਮ ਲਾਗੂ ਕਰਨਾ ਐਨਾ ਸੁਖਾਲਾ ਨਹੀ ਹੈ,ਜਿੰਨਾ ਉਹ ਸਮਝੀ ਬੈਠੇ ਹਨ। ਗੋਪੀ ਨਾਥਨ ਦਾ ਅਸਤੀਫਾ ਓਨਾ ਮਹੱਤਵਪੂਰਨ ਨਹੀ,ਜਿੰਨਾ ਮਹੱਤਵਪੂਰਨ ਅਸਤੀਫੇ ਤੋ ਬਾਅਦ ਦਿੱਤਾ ਗਿਆ ਉਹਨਾਂ ਦਾ ਬਿਆਨ ਹੈ।ਗੋਪੀਨਾਥਨ ਦੇ ਇਸ ਬਿਆਨ ਨੇ ਕੱਟੜਵਾਦੀ ਹਕੂਮਤ ਨੂੰ ਧੁਰ ਅੰਦਰ ਤੱਕ ਕੰਬਣੀ ਛੇੜ ਦਿੱਤੀ ਹੈ,ਉਹ ਵੱਖਰੀ ਗੱਲ ਹੈ ਕਿ ਹਕੂਮਤਾਂ ਅਪਣੀ ਕਮਜੋਰੀ ਨੂੰ ਹਮੇਸਾਂ ਛੁਪਾ ਕੇ ਰੱਖਦੀਆਂ ਹਨ।ਅਪਣੇ ਅੰਦਰਲੇ ਡਰ ਨੂੰ ਉਜਾਗਰ ਕਰਨ ਦੀ ਬਜਾਏ ਅਪਣੇ ਆਪ ਨੂੰ ਵੱਧ ਮਜਬੂਤ ਅਤੇ ਕਠੋਰ ਸਾਬਤ ਕਰਨ ਲਈ ਜੁਲਮਾਂ ਦੀ ਦਰ ਵਿੱਚ ਵਾਧਾ ਕਰ ਦਿੰਦੀਆਂ ਹਨ।ਇੱਕ ਪਾਸੇ ਕਸ਼ਮੀਰ ਦੇ ਲੋਕਾਂ ਦੀ ਗੈਰਤ ਜਦੋਂ ਜਵਾਲਾਮੁਖੀ ਬਣ ਫਟਣ ਦੀ ਕਗਾਰ ਤੇ ਹੋਵੇ,ਦੇਸ਼ ਦਾ 30 ਕਰੋੜ ਰਵਿਦਾਸੀਆ ਸਮਾਜ ਜਿਸ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਵੀ ਹੈ ਕਿਉਕਿ ਇਹ ਸਮਾਜ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ,ਇਹ ਸਮਾਜ ਵੀ ਦਿੱਲੀ ਦੀ ਹਿੱਕ ਤੇ ਖੜਾ ਵੰਗਾਰ ਰਿਹਾ ਹੋਵੇ,ਤਾਂ ਅਜਿਹੇ ਮੌਕੇ ਭਾਰਤੀ ਸਿਵਲ ਸੇਵਾ ਦੇ ਅਹਿਮ ਪਦ ਤੇ ਬਿਰਾਜਮਾਨ ਕੋਈ ਕੰਨਨ ਗੋਪੀ ਨਾਥਨ ਵਰਗਾ ਅਫਸਰ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਸਰਕਾਰਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ ਤਾਂ ਉਦੋਂ ਹਾਕਮਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਤਖਤ ਡਾਂਵਾਡੋਲ ਹੋਣ ਲੱਗਿਆਂ ਦੇਰ ਨਹੀ ਲੱਗਦੀ, ਅਤੇ ਫਿਰ ਡਾਂਵਾਡੋਲ ਹੋਏ ਤਖਤਾਂ ਤੋ ਫਾਸੀਵਾਦੀ ਹਾਕਮਾਂ ਦੇ ਧੜੰਮ ਕਰਕੇ ਹੇਠਾਂ ਡਿੱਗਣ ਦੇ ਕਿੱਸੇ ਇਤਿਹਾਸ ਬਣੇ ਹੋਏ ਹਨ।ਸਿਆਣੇ ਕਹਿੰਦੇ ਹਨ ਕਿ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਤੇ ਵਿਚਾਰ ਵੀ ਲੈਣਾ ਚਾਹੀਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸਮੇ ਦੀ ਮੰਗ : ਮੌਜੂਦਾ ਸੰਕਟ ਦੇ ਦੌਰ ਅੰਦਰ ਸਿੱਖ ਵਿਦਵਾਨ ਭਵਿੱਖ ਦੀ ਰਣਨੀਤੀ ਤਹਿ ਕਰਨ ਲਈ ਇੱਕ ਮੰਚ ਤੇ ਆਉਣ - ਬਘੇਲ ਸਿੰਘ ਧਾਲੀਵਾਲ
ਕੌਮੀ ਹਿਤਾਂ ਲਈ ਸਿੱਖ ਬੁੱਧੀਜੀਵੀ ਵਰਗ ਜਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।
ਸਿੱਖਾਂ ਅੰਦਰ ਰਾਜ ਕਰਨ ਦੀ ਭਾਵਨਾ ਤਾਂ ਉਸ ਸਮੇ ਹੀ ਪੈਦਾ ਹੋ ਗਈ ਸੀ,ਜਦੋ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਬੀਆਂ ਤੇ ਬੈਠਾਂ ਕੇ,ਉਪਰੋਂ ਤੱਤੀ ਰੇਤ ਪਾ ਕੇ ਅਤੇ ਫਿਰ ਉਬਲਦੀ ਦੇਗ ਵਿੱਚ ਉਬਾਲ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।ਪੰਜਵੇਂ ਗੁਰੂ ਸਾਹਿਬ ਦੀ ਇਸ ਸ਼ਹੀਦੀ ਦੇ ਪ੍ਰਤੀਕਰਮ ਚੋ ਹੀ ਅਜਾਦ ਪ੍ਰਭੂਸੱਤਾ ਨੇ ਅੰਗੜਾਈ ਭਰੀ,ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿਂਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਮੇ ਦੀ ਹਕੂਮਤ ਦੇ ਬਰਾਬਰ ਸਿੱਖ ਪ੍ਰਭੂਸੱਤਾ ਦੇ ਪਰਤੀਕ ਵਜੋ ਕੀਤੀ ਗਈ। ਏਥੇ ਹੀ ਬੱਸ ਨਹੀ ,ਸਗੋ ਸ਼ਸ਼ਤਰ,ਘੋੜੇ ਰਣਜੀਤ ਨਗਾਰਾ,ਬਾਜ ਅਤੇ ਸ਼ਿਕਾਰ ਖੇਡਣਾ ਜਿੱਥੇ ਗੁਰੂ ਸਾਹਿਬ ਵੱਲੋਂ ਦੁਨਿਆਵੀ ਬਾਦਸ਼ਾਹ ਨੂੰ ਅਪਣੀ ਅਜਾਦ ਪ੍ਰਭੂਸੱਤਾ ਦਾ ਸੁਨੇਹਾ ਸੀ,ਓਥੇ ਨਗਾਰੇ ਦੀ ਚੋਟ ਨਾਲ ਸਮੇ ਦੀ ਹਕੂਮਤ ਨੂੰ ਲਲਕਾਰਿਆ ਵੀ ਗਿਆ,ਕਿ ਕਿਤੇ ਕੋਈ ਹਾਕਮ ਇਹ ਭੁਲੇਖਾ ਨਾ ਪਾਲ ਬੈਠੇ ਕਿ ਸਾਇਦ ਇਹ ਗੁਰੂ ਸਾਹਿਬ ਦੇ ਸਿਰਫ ਸ਼ੌਂਕ ਮਾਤਰ ਹੀ ਹੋ ਸਕਦੇ ਹਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿਧਾਂਤ ਤੇ ਹੋਰ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਖਾਲਸੇ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਂਮ ਵਜੋ ਪ੍ਰਵਾਂਨ ਚਾੜ੍ਹਿਆ। ਦੁਨਿਆਵੀ ਹਕੂਮਤਾਂ ਦੀ ਗੁਲਾਮੀ ਤੋ ਦੂਰ,ਅਜਾਦ ਪ੍ਰਭੂਸੱਤਾ ਦੇ ਆਸ਼ੇ ਚੋ ਪੈਦਾ ਹੋਈ ਇਸ ਕੌਂਮ ਨੇ ਜਿੰਨੀ ਦੇਰ ਗੁਰੂ ਨੂੰ ਹਾਜਰ ਨਾਜਰ ਜਾਣਿਆ,ਓਨੀ ਦੇਰ ਸਫਲਤਾ ਖਾਲਸੇ ਦੇ ਪੈਰਾਂ ਵਿੱਚ ਦਾਸੀ ਬਣਕੇ ਬੈਠੀ ਰਹੀ ਹੈ,ਪ੍ਰੰਤੂ ਜਦੋ ਤੋਂ ਸਿੱਖਾਂ ਨੇ ਗੁਰੂ ਨਾਲੋਂ ਦੁਨਿਆਵੀ ਹਾਕਮਾਂ ਨੂੰ ਨੇੜੇ ਸਮਝਣਾ ਸ਼ੁਰੂ ਕਰ ਦਿੱਤਾ,ਉਸ ਵੇਲੇ ਤੋਂ ਹੀ ਸਿੱਖ ਕੌਂਮ ਨਿਘਾਰ ਵੱਲ ਜਾ ਰਹੀ ਹੈ। ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੇ ਅਜਾਦ ਹਸਤੀ ਵਜੋਂ ਅਪਣੇ ਆਪ ਦੀ ਪਛਾਣ ਖਤਮ ਕਰ ਲਈ।ਸਿੱਖ ਲੀਡਰਾਂ ਨੇ ਕੌਂਮ ਅਤੇ ਕੌਂਮੀ ਖਿੱਤੇ ਦੇ ਸਾਰੇ ਮੁਢਲੇ ਹੱਕ ਹਕੂਕ ਭਾਰਤੀ ਹਕੂਮਤ ਪਾਸ ਵੇਚ ਦਿੱਤੇ ਜਾਂ ਸਹਿਮਤੀ ਨਾਲ ਅਪਣੀ ਹੋਣੀ ਦੇ ਸਾਰੇ ਅਧਿਕਾਰ ਕੇਂਦਰ ਨੂੰ ਸੌਂਪ ਦਿੱਤੇ ਅਤੇ ਬਦਲੇ ਵਿੱਚ ਸੂਬੇ ਦੀ ਚੌਧਰ ਕਬੂਲ ਕਰ ਲਈ।ਸਿੱਖ ਕੌਂਮ ਦੀ ਨੁਮਾਇੰਦਗੀ ਦੇ ਨਾਮ ਤੇ ਸੂਬੇ ਦੀ ਰਾਜਸੱਤਾ ਤੇ ਲੰਮਾ ਸਮਾ ਕਾਬਜ ਰਹੇ ਸਿੱਖ ਆਗੂਆਂ ਨੇ ਕੇਂਦਰੀ ਤਾਕਤਾਂ ਨਾਲ ਅਜਿਹੀ ਗੂੜ੍ਹੀ ਸਾਂਝ ਪਾ ਲਈ,ਜਿਹੜੀ ਉਹਨਾਂ ਦੀ ਆਪਣੀ ਕੌਂਮ ਲਈ ਬੇਹੱਦ ਘਾਟੇਬੰਦ ਸਾਬਤ ਹੋਈ।ਨਤੀਜੇ ਵਜੋਂ ਘੱਟ ਗਿਣਤੀਆਂ ਦੀ ਕੱਟੜ ਦੁਸ਼ਮਣ ਜਮਾਤ ਆਰ ਐਸ ਐਸ ਸਿੱਖ ਆਗੂਆਂ ਦੀ ਬਦੌਲਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਘੁਸਪੈਹਠ ਕਰਨ ਵਿੱਚ ਸਫਲ ਹੋ ਗਈ।ਇਹੋ ਕਾਰਨ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਦਾ ਬ੍ਰਾਹਮਣੀਕਰਨ ਹੋ ਚੁੱਕਾ ਹੈ,ਹਰ ਪਾਸੇ ਜਾਤ ਪਾਤ,ਪਖੰਡਵਾਦ,ਕਰਮਕਾਂਡ ਅਤੇ ਵਿਪਰਵਾਦ ਦਾ ਬੋਲਬਾਲਾ ਹੈ।ਹਰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕੋਲ ਮੰਦਰ ਸਥਾਪਿਤ ਹੋ ਚੁੱਕੇ ਹਨ।ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਬਾਬੇ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਬ੍ਰਾਹਮਣਵਾਦ ਦੀ ਪਾਣ ਦਿੱਤੀ ਜਾ ਰਹੀ ਹੈ।ਅਮ੍ਰਿਤ ਦੀ ਦਾਤ ਪਰਾਪਤ ਕਰਨ ਵੇਲੇ ਅੱਜ ਵੀ ਜਨਮ ਅਸਥਾਨ ਅਨੰਦਪੁਰ ਸਾਹਿਬ,ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ,ਮਾਤਾ ਸਾਹਿਬ ਕੌਰ ਕਹਿਣ ਵਾਲਾ ਖਾਲਸਾ ਮਜ੍ਹਬੀ ਸਿੱਖ,ਜੱਟ ਸਿੱਖ,ਰਾਮਦਾਸੀਆ ਸਿੱਖ,ਨਾਈ ਸਿੱਖ,ਮਹਿਰਾ ਸਿੱਖ,ਛੀਂਬਾ ਸਿੱਖ ਆਦਿ ਪਤਾ ਨਹੀ ਕਿੰਨੀਆਂ ਕੁ ਜਾਤਾਂ,ਕੁਜਾਤਾਂ ਵਿੱਚ ਉਲਝ ਕੇ ਸਿਰਫ ਨਾਮ ਦਾ ਹੀ ਸਿੱਖ ਰਹਿ ਗਿਆ ਹੈ।ਓਧਰ ਦੂਜੇ ਪਾਸੇ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਨੂੰ ਜਾਤਾਂ ਪਾਤਾਂ ਵਿੱਚ ਉਲਝਾ ਕੇ ਅਤੇ ਧੜੇਬੰਦੀਆਂ ਵਿੱਚ ਵੰਡ ਕੇ ਪਹਿਲਾਂ ਤਾਕਤ ਪੱਖੋਂ ਕਮਜੋਰ ਕੀਤਾ ਗਿਆ ਹੈ,ਫਿਰ ਸਿਧਾਂਤਾਂ ਤੇ ਹਮਲੇ ਸ਼ੁਰੂ ਕੀਤੇ।੧ਓ ਦਾ ਧਾਰਨੀ ਸਿੱਖ ਅੱਜ ਪਤਾ ਨਹੀ ਕਿੱਥੇ ਕਿੱਥੇ ਨੱਕ ਰਗੜਦਾ ਫਿਰਦਾ ਹੈ।ਪੰਜਾਬ ਅੰਦਰ ਡੇਰਾਵਾਦ ਦਾ ਬੋਲਬਾਲਾ ਵੀ ਸਿੱਖੀ ਸਿਧਾਂਤਾਂ ਦੇ ਘਾਣ ਦੀ ਇੱਕ ਕੜੀ ਹੈ,ਜਿਸ ਨੂੰ ਸਮਝਣ ਦੀ ਬਜਾਏ ਸਿੱਖ ਖੁਦ ਹੀ ਗੁਰੂ ਨਾਲੋਂ ਟੁੱਟ ਕੇ ਡੇਰਿਆਂ ਦੇ ਪਰੇਮੀ,ਰਾਧਾ ਸੁਆਮੀ,ਗਰੀਬਦਾਸੀਏ ਅਤੇ ਹੋਰ ਪਤਾ ਨਹੀ ਕੀ ਕੀ ਤਖੱਲਸ ਲਵਾ ਕੇ ਡੇਰਾਵਾਦ ਦੀ ਕਾਇਮੀ ਅਤੇ ਕਾਮਯਾਬੀ ਲਈ ਸਰਗਰਮ ਹੋ ਗਏ।ਇਸ ਸਾਰੇ ਵਰਤਾਰੇ ਤੋ ਬਾਅਦ ਬੜੀ ਚਲਾਕੀ ਨਾਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ,ਜਿਸ ਵਿੱਚ ਜਿੱਥੇ ਸੂਬੇ ਦੀ ਤਤਕਾਲੀ ਅਕਾਲੀ ਦਲ ਦੀ ਸਰਕਾਰ ਬੇਅਦਬੀਆਂ ਵਿੱਚ ਦੋਸ਼ੀਆਂ ਨਾਲ ਰਲੀ ਹੋਣ ਦੀ ਦੋਸ਼ੀ ਬਣੀ,ਓਥੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਖਣ ਪਿੱਛੇ ਦਾ ਵੀ ਇਹ ਹੀ ਕਾਰਨ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਗੁਰਸਿੱਖਾਂ ਦੇ ਹੱਥਾਂ ਚੋ ਬਹੁਤ ਦੇਰ ਪਹਿਲਾਂ ਦੀ ਨਿਕਲ ਕੇ ਸਿੱਖ ਵਿਰੋਧੀਆਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ,ਜਿਸ ਨੂੰ ਨਾਗਪੁਰ ਦਾ ਇਸਾਰਾ ਗੁਰੂ ਦੇ ਇਲਾਹੀ ਹੁਕਮ ਤੋ ਸ਼੍ਰੇਸਟ ਅਤੇ ਨੇੜੇ ਜਾਪਦਾ ਹੈ।ਭਾਰਤੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਰਿਹਾਅ ਹੀ ਨਹੀ ਕਰਵਾਇਆ ਬਲਕਿ ਸੀ ਬੀ ਆਈ ਵੱਲੋਂ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ ਕਰ ਦਿੱਤੀ ਹੈ,ਜਿਸ ਦੇ ਖਿਲਾਫ ਨਾ ਹੀ ਸਿੱਖਾਂ ਦੀ ਮੁੱਖ ਨੁਮਾਇਂਦਾ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਖੋਲੀ ਹੈ ਅਤੇ ਨਾ ਹੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਕੋਈ ਪੁਖਤਾ ਪ੍ਰਤੀਕਰਮ ਦਿੱਤਾ ਹੈ,ਅਜਿਹੇ ਸਮੇ ਇਨਸਾਫ ਲੈਣ ਲਈ ਉਹ ਰਵਾਇਤੀ ਪੰਥਕ ਧਿਰਾਂ ਵੀ ਅੱਗੇ ਨਹੀ ਆਈਆਂ,ਜਿੰਨਾਂ ਨੇ ਬੇਅਦਬੀ ਦਾ ਇਨਸਾਫ ਲੈਣ ਲਈ ਮੋਰਚੇ ਵੀ ਲਾਏ ਸਨ,ਪ੍ਰੰਤੂ ਨਿਰੋਲ ਸਿੱਖ ਜਥੇਬੰਦੀਆਂ,ਪੰਥ ਦਰਦੀ ਅਤੇ ਸਿੱਖ ਜੁਆਨੀ ਬੇਅਦਬੀਆਂ ਦਾ ਇਨਸਾਫ ਲੈਣ ਲਈ ਦੁਵਾਰਾ ਫਿਰ ਸੜਕਾਂ ਤੇ ਜਰੂਰ ਆ ਗਈ।ਪਿਛਲੇ ਦਿਨੀ ਸੀ ਬੀ ਆਈ ਦੇ ਸਿੱਖ ਵਿਰੋਧੀ ਫੈਸਲੇ ਦੇ ਖਿਲਾਫ ਰੋਸ ਪਰਗਟ ਕਰਨ ਲਈ ਚੰਡੀਗੜ ਪਹੁੰਚੇ ਪੰਥ ਦਰਦੀ,ਸਿੱਖ ਸੰਸਥਾਵਾਂ ਦੇ ਆਗੂ ਵਰਕਰ ਅਤੇ ਸਿੱਖ ਨੌਜਵਾਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੇਜ ਬੁਛਾੜਾਂ ਸੁੱਟ ਕੇ ਜਿੱਥੇ ਦਸਤਾਰਾਂ ਪੈਰਾਂ ਵਿੱਚ ਰੋਲੀਆਂ ਗਈਆਂ ਓਥੇ ਸਾਂਤਮਈ ਸਿੱਖਾਂ ਨੂੰ ਬੁਛਾੜਾਂ ਨਾਲ ਜਖਮੀ ਕਰਕੇ ਉਹਨਾਂ ਦੀ ਅਣਖ ਨੂੰ ਜਾਣਬੁੱਝ ਕੇ ਹਲੂਣਿਆ ਗਿਆ,ਤਾਂ ਕਿ ਸਿੱਖ ਉਲਟਾ ਪ੍ਰਤੀਕਰਮ ਕਰਨ ਤਾਂ ਕਿ ਸਿੱਖਾਂ ਨੂੰ ਮੁੜ ਤੋ 1984 ਦੀ ਯਾਦ ਤਾਜਾ ਕਰਵਾ ਕੇ ਨਸਲਕੁਸ਼ੀ ਕੀਤੀ ਜਾ ਸਕੇ।ਹੁਣ ੳਪਰੋਕਤ ਵਰਤਾਰੇ ਦੇ ਮੱਦੇਨਜਰ ਇਹ ਸਮਝਣ ਦੀ ਜਰੂਰਤ ਹੈ,ਕਿ ਸਿੱਖਾਂ ਨੂੰ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਸੀ ਬੀ ਆਈ ਦੇ ਦਫਤਰ ਦਾ ਘਿਰਾਓ ਕਰਕੇ ਮਿਲਣਾ ਮੁਸ਼ਕਲ ਹੈ,ਸੋ ਇਸ ਸਿੱਖ ਵਿਰੋਧੀ ਵਰਤਾਰੇ ਦੀ ਜੜ ਨੂੰ ਫੜਨ ਦੀ ਜਰੂਰਤ ਹੈ,ਉਹ ਜੜ ਹੈ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ,ਜਿਸ ਦਾ ਪਰਬੰਧ ਸਹੀ ਹੱਥਾਂ ਵਿੱਚ ਆ ਜਾਣ ਨਾਲ ਇਸ ਸਾਰੇ ਵਰਤਾਰੇ ਨੂੰ ਸੌਖਿਆਂ ਹੀ ਠੱਲ ਪਾਈ ਜਾ ਸਕਦੀ ਹੈ।ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚੇ ਸੁੱਚੇ ਗੁਰਸਿੱਖ ਬੈਠੇ ਹੋਣਗੇ,ਫਿਰ ਹੀ ਅਜਾਦ ਪ੍ਰਭੂਸੱਤਾ ਬਾਰੇ ਸੋਚਿਆ ਜਾ ਸਕਦਾ ਹੈ।ਜਿੰਨੇ ਸਿੱਖ ਬੁੱਧੀਜੀਵੀ ਹਨ,ਜਿੰਨੇ ਪੰਥਕ ਵਿਦਵਾਨ ਅਤੇ ਸੰਤ ਸਮਾਜ ਦੇ ਉਹ ਲੋਕ ਜਿਹੜੇ ਸੱਚਮੁੱਚ ਕੌਮੀ ਦਰਦ ਰੱਖਦੇ ਹਨ,ਉਹਨਾਂ ਸਭਨਾਂ ਨੂੰ ਕੌਂਮੀ ਲਾਮਵਾਦੀ ਲਈ ਇੱਕ ਸਾਂਝਾ ਪਰੋਗਰਾਮ ਉਲੀਕਣਾ ਪਵੇਗਾ।।ਰਾਜਂਨੀਤਕ ਸਿੱਖ ਜਥੇਬੰਦੀਆਂ ਦੇ ਆਗੂ ਕਦੇ ਵੀ ਅਪਣੀ ਹਾਉਮੈਂ ਨਹੀ ਛੱਡਣਗੇ,।ਜੇਕਰ ਸਿੱਖ ਇਸ ਲਾਮਬੰਦੀ ਤੋ ਇਹ ਕਹਿ ਕੇ ਪੱਲਾ ਝਾੜਦੇ ਰਹਿਣਗੇ,ਕਿ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਦਾ ਕੋਈ ਪਤਾ ਨਹੀ ਕਿ ਕਦੋ ਹੋਣੀਆਂ ਹਨ,ਫਿਰ ਕਾਮਯਾਬੀ ਮਿਲਣੀ ਮੁਸ਼ਕਲ ਹੈ।ਸਾਡੀ ਤਿਆਰੀ ਪਹਿਲਾਂ ਹੀ ਹੋਣੀ ਚਾਹੀਦੀ ਹੈ,ਕਿਉਕਿ ਖੱਖੜੀਆਂ ਕਰੇਲੇ ਹੋਈ ਕੌਂਮ ਨੂੰ ਮੌਕੇ ਤੇ ਇਕੱਠੀ ਕਰਨਾ ਕੋਈ ਸੌਖਾ ਕੰਮ ਨਹੀ ਹੈ,ਜਦੋ ਕਿ ਦੂਜੇ ਪਾਸੇ ਦੁਸ਼ਮਣ ਸਮੁੱਚੀਆਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਇੱਕਮੱਤ ਅਤੇ ਬੇਹੱਦ ਤਾਕਤਬਰ ਹੈ,ਇਸ ਲਈ ਸਮਾ ਮੰਗ ਕਰਦਾ ਹੈ ਕਿ ਕੌਮੀ ਵਿਦਵਾਨ ਅਪਣੇ ਫਰਜਾਂ ਤੇ ਪਹਿਰਾ ਦਿੰਦੇ ਹੋਏ ਅਪਣੀ ਕਲਮ,ਤੇ ਬੁੱਧੀਮਾਨਤਾ ਨੂੰ ਕੌਮ ਦੇ ਸੁਨਹਿਰੀ ਭਵਿੱਖ ਲਈ ਇਸਤੇਮਾਲ ਕਰਨ,ਤਾਂ ਕਿ ਸਿੱਖੀ ਸਿਧਾਤਾਂ ਦੀ ਰਾਖੀ ,ਗੁਰਦੁਆਰਾ ਪਰਬੰਧ ਨੂੰ ਸਿੱਖ ਦੁਸ਼ਮਣ ਤਾਕਤਾਂ ਤੋ ਮੁਕਤ ਕਰਵਾਉਣ ਅਤੇ ਪੰਜਾਬ,ਪੰਜਾਬੀਅਤ ਤੇ ਪੰਥ ਦੀ ਅਜਾਦ ਹਸਤੀ ਬਰਕਰਾਰ ਰੱਖਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਸ਼ੇ ਅਨੁਸਾਰ ਅਜਾਦ ਪ੍ਰਭੂਸੱਤਾ ਦੀ ਪਰਾਪਤੀ ਲਈ ਖਿੰਡੀ ਪੁੰਡੀ ਸਿੱਖ ਸਕਤੀ ਦਾ ਇੱਕ ਲੜੀ ਵਿੱਚ ਪਰੋ ਕੇ ਕੌਮੀ ਕਾਰਜ ਲਈ ਸਦ ਉਪਯੋਗ ਕੀਤਾ ਜਾ ਸਕੇ। ਇਹ ਸੱਚ ਹੈ ਕਿ ਮੌਜੂਦਾ ਸੰਕਟ ਦੇ ਦੌਰ ਅੰਦਰ ਕੌਮੀ ਹਿਤਾਂ ਲਈ ਬੁੱਧੀਜੀਵੀ ਵਰਗ ਹੀ ਜਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ
ਪਿਛਲੇ ਦਿਨਾਂ ਤੋ ਸੀ ਬੀ ਆਈ ਵੱਲੋਂ ਬੇਅਦਬੀ ਮਾਮਲੇ ਸਬੰਧੀ ਚੱਲ ਰਹੇ ਕੇਸ ਨੂੰ ਖਤਮ ਕਰਨ ਲਈ ਅਦਾਲਤ ਵਿੱਚ ਪੇਸ ਕੀਤੀ ਕਲੋਜਰ ਰਿਪੋਰਟ ਅਤੇ ਬੇਅਦਬੀ ਦੇ ਦੋਸ਼ੀ ਡੇਰਾ ਪਰੇਮੀਆਂ ਨੂੰ ਜਮਾਨਤ ਦੇਣ ਦੇ ਮਾਮਲੇ ਤੋ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਨਰੋਲ ਪੰਥਕ ਧਿਰਾਂ ਨੇ ਇਸ ਮਸਲੇ ਤੇ ਸੰਘਰਸ਼ ਲੜਨ ਦਾ ਫੈਸਲਾ ਕੀਤਾ ਹੈ।ਇਸ ਤੇ ਵਿਚਾਰ ਚਰਚਾ ਕੀਤੀ ਜਾਣੀ ਬਣਦੀ ਹੈ।ਬਿਨਾ ਸ਼ੱਕ ਕੇਂਦਰ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਡੇਰੇ ਦੀਆਂ ਵੋਟਾਂ ਭਾਜਪਾ ਦੀ ਝੋਲੀ ਵਿੱਚ ਪਵਾਉਣ ਲਈ ਇੱਕ ਵਾਰ ਫਿਰ ਸਿੱਖਾਂ ਨਾਲ ਜਿਆਦਤੀ ਕਰਨ ਦਾ ਰਾਹ ਚੁਣਿਆ ਹੈ।ਏਥੇ ਇਹ ਕਹਿਣਾ ਕਿ ਅਕਾਲੀ ਦਲ ਨਾਲ ਭਾਜਪਾ ਦੀ ਪੁਰਾਣੀ ਸਾਂਝ ਦੇ ਬਾਵਜੂਦ ਵੀ ਭਾਜਪਾ ਨੇ ਬੇਅਦਬੀ ਦੇ ਕੇਸ ਨੂੰ ਉਸ ਮੌਕੇ ਠੱਪ ਕਰਨ ਦਾ ਮਨ ਬਣਾ ਲਿਆ ਹੈ,ਜਦੋੰ ਪੰਜਾਬ ਸਰਕਾਰ ਦੀ ਬਣਾਈ ਐਸ ਆਈ ਟੀ ਨੇ ਤਕਰੀਬਨ ਸਾਰੀ ਜਾਂਚ ਮੁਕੰਮਲ ਕਰ ਲਈ ਹੈ,ਇਹ ਬਿਲਕੁਲ ਨਿਰਮੂਲ ਹੋਵੇਗਾ,ਕਿਉਕਿ ਬੇਅਦਬੀ ਦੇ ਕੇਸ ਠੱਪ ਕਰਨ ਨਾਲ ਭਾਵੇਂ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ,ਪਰੰਤੂ ਅਕਾਲੀ ਦਲ ਨਾਲ ਤਾਂ ਕਿਤੇ ਨਾ ਕਿਤੇ ਕੇਂਦਰ ਨੇ ਵਫਾਦਾਰੀ ਪਾਲਣ ਵਾਲੀ ਗੱਲ ਹੀ ਕੀਤੀ ਹੈ,ਕਿਉਂਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਜਾਂਚ ਰਿਪੋਰਟ ਅਤੇ ਉਸ ਤੋ ਬਾਅਦ ਕੁੰਬਰ ਵਿਜੇ ਪਰਤਾਪ ਸਿੰਘ ਵਾਲੀ ਐਸ ਆਈ ਟੀ ਦੀ ਜਾਂਚ ਰਿਪੋਰਟ ਵਿੱਚ ਬਾਦਲ ਪਰਿਵਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਸੀ,ਜੇ ਉਸ ਤੇ ਕਾਰਵਾਈ ਹੁੰਦੀ ਹੈ ਤਾਂ ਬਾਦਲ ਪਰਿਵਾਰ ਲਈ ਮੁਸੀਬਤਾਂ ਵਧ ਜਾਣੀਆਂ ਸਨ,ਇਸ ਲਈ ਭਾਜਪਾ ਨੇ ਸੀ ਬੀ ਆਈ ਦੁਆਰਾ ਇਹ ਕੇਸ ਨੂ ਖਤਮ ਕਰਨ ਦੀ ਬਿਉਂਤਬੰਦੀ ਕਰਕੇ ਜਿੱਥੇ ਡੇਰਾ ਸਿਰਸਾ ਨੂੰ ਕਲੀਨ ਚਿਟ ਦੇਕੇ ਡੇਰਾ ਪਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਜਮੀਨ ਤਿਆਰ ਕੀਤੀ ਹੈ,ਓਥੇ ਬਾਦਲ ਪਰਿਵਾਰ ਨੂੰ ਵੀ ਇਸ ਤੋਂ ਬਹੁਤ ਵੱਡੀ ਰਾਹਤ ਮਿਲਣੀ ਸੁਭਾਵਿਕ ਹੈ।ਭਾਂਵੇਂ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਬਾਦਲ ਪਰਿਵਾਰ ਪੰਥਕ ਮਖੌਟੇ ਵਿੱਚ ਰਹਿ ਕੇ ਪੰਥ ਨਾਲ ਧਰੋਹ ਕਮਾਉਂਦਾ ਆ ਰਿਹਾ ਹੈ,ਪਰੰਤੂ ਉਪਰੋਕਤ ਵਰਤਾਰੇ ਤੋਂ ਇੱਕ ਵਾਰ ਫਿਰ ਇਹ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਦਾ ਸਿੱਖ ਸਰੋਕਾਰਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ।ਜੇਕਰ ਗੱਲ ਭਾਜਪਾ ਅਤੇ ਆਰ ਐਸ ਐਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦੀ ਕੀਤੀ ਜਾਵੇ ਤਾਂ ਇਹਦੇ ਵਿੱਚ ਕੋਈ ਸ਼ੱਕ ਜਾਂ ਭੁਲੇਖਾ ਨਹੀ ਕਿ ਇਹ ਸਮਾ ਘੱਟ ਗਿਣਤੀਆਂ ਲਈ ਬੜਾ ਨਾਜੁਕ ਹੈ।ਇਹ ਵੀ ਸੱਚ ਹੈ ਕਿ ਜਿਸ ਤਰਾਂ ਦੇਸ਼ ਅੰਦਰ ਮੁਸਲਮਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ,ਉਹਨਾਂ ਨੂੰ ਫੜਕੇ ਕੁੱਟ ਮਾਰ ਕਰਕੇ ਜਬਰਦਸਤੀ ਜੈ ਸ੍ਰੀ ਰਾਮ ਦੇ ਨਾਹਰੇ ਲਗਵਾਏ ਜਾ ਰਹੇ ਹਨ।ਮਸਜਿਦਾਂ ਤੇ ਰਾਸ਼ਟਰੀ ਝੰਡੇ ਲਹਿਰਾ ਕੇ ਜੈ ਸ੍ਰੀ ਰਾਮ ਦੇ ਨਾਹਰੇ ਲਾਉਂਦੇ ਹਜੂਮ ਦੀ ਮਨਸਾ ਕੀ ਹੈ,ਇਹਦੇ ਬਾਰੇ ਵੀ ਦੱਸਣ ਦੀ ਕੋਈ ਲੋੜ ਨਹੀ ਰਹਿ ਜਾਂਦੀ,ਪ੍ਰੰਤੂ ਸਿੱਖਾਂ ਪ੍ਰਤੀ ਨਜਰੀਆਂ ਭਾਵੇਂ ਮੁਸਲਮ ਭਾਈਚਾਰੇ ਤੋ ਵੱਖਰਾ ਨਹੀ ਹੈ,ਫਿਰ ਵੀ ਸਿੱਖ ਕੌਂਮ ਨੂੰ ਜੜ ਤੋ ਖਤਮ ਕਰਨ ਲਈ ਜਿਆਦਾ ਯਤਨ ਹੋ ਰਹੇ ਹਨ।ਇਸ ਕਰਕੇ ਹੀ ਸਿੱਖ ਕੌਂਮ ਤੇ ਸਿਧਾਂਤਕ ਹਮਲੇ ਕੀਤੇ ਤੇ ਕਰਵਾਏ ਜਾ ਰਹੇ ਹਨ।ਪਿਛਲੇ ਸਾਲਾਂ ਵਿੱਚ ਸੁਰੂ ਹੋਈਆਂ ਬੇਅਦਬੀਆਂ ਵੀ ਨਾਗਪੁਰ ਦੀ ਸੋਚੀ ਸਮਝੀ ਸਾਜਿਸ਼ ਦਾ ਮੁੱਖ ਹਿੱਸਾ ਹਨ। ਸੰਸਥਾ ਦੇ ਨਾਗਪੁਰ ਕੇਂਦਰ ਨੇ ਸਿੱਖਾਂ ਦੇ ਸਮੁੱਚੇ ਗੁਰਦੁਆਰਾ ਪਰਬੰਧ ਨੂੰ ਬੜੀ ਮਜਬੂਤੀ ਨਾਲ ਅਪਣੀ ਪਕੜ ਵਿੱਚ ਕਰਕੇ ਰੱਖਿਆ ਹੋਇਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਦਖਲ ਅੰਦਾਜੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਸ਼ੁਰੂ ਹੋਈ ਤੇ ਅੱਜ ਸਮੁੱਚੇ ਗੁਰਦੁਅਰਾ ਪ੍ਰਬੰਧ ਦਾ ਇਹ ਹਾਲ ਹੈ ਕਿ ਦਿੱਲੀ ਗੁਰਦੁਅਰਾ ਮੈਨੇਜਮੈਟ ਕਮੇਟੀ ਤੇ ਸਿੱਧੇ ਰੂਪ ਵਿੱਚ ਭਾਜਪਾ ਦਾ ਕਬਜਾ ਹੋ ਚੁੱਕਾ ਹੈ,ਗੁਰਦੁਅਰਾ ਬੋਰਡ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਤੇ ਵੀ ਭਾਜਪਾ ਸਿੱਧੇ ਰੂਪ ਚ ਕਾਬਜ ਹੈ ਅਤੇ ਗੁਰਦੁਅਰਾ ਬੋਰਡ ਪਟਨਾ ਸਾਹਿਬ ਤੇ ਟੇਢੇ ਢੰਗ ਨਾਲ ਭਾਜਪਾ ਕਾਬਜ ਹੋ ਚੁੱਕੀ ਹੈ,ਕਿਉਕਿ ਬਾਦਲਕੇ ਅਤੇ ਭਾਜਪਾ ਚ ਕੋਈ ਅੰਤਰ ਨਹੀ ਹੈ।ਕਿਸੇ ਦੂਸਰੇ ਧਰਮ ਵਿੱਚ ਦਖਲਅੰਦਾਜੀ ਕਰਨ ਦਾ ਮਤਲਬ ਸਪੱਸਟ ਹੈ ਕਿ ਆਰ ਐਸ ਐਸ ਵੱਲੋਂ ਸਿੱਖੀ ਸਿਧਾਂਤਾਂ ਦੇ ਹਿੰਦੂਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ,ਉਹ ਵੱਖਰੀ ਗੱਲ ਹੈ ਕਿ ਜਿਸ ਜੁੱਗੋ ਜੁੱਗ ਅਟੱਲ ਗੁਰੂ ਸਿਧਾਂਤ ਚੋ ਸਿੱਖੀ ਦਾ ਜਨਮ ਹੋਇਆ ਹੈ,ਉਹਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਕਿਤੇ ਚੰਦੂ ਦੇ ਰੂਪ ਚ,ਕਿਤੇ ਗੰਗੂ ਦੇ ਰੂਪ ਵਿੱਚ ਤੇ ਕਿਤੇ ਪਹਾੜੀ ਰਾਜਿਆਂ ਦੇ ਰੂਪ ਵਿੱਚ ਮੁੱਢੋ ਹੁੰਦੀਆਂ ਆ ਰਹੀਆਂ ਹਨ,ਜਿਹੜੀਆਂ ਅੱਜ ਵੀ ਬਦਲੇ ਰੂਪ ਵਿੱਚ ਕਿਤੇ ਇੰਦਰਾ ਗਾਂਧੀ ਦੇ ਰੂਪ ਵਿੱਚ ਤੇ ਕਿਤੇ ਮੋਦੀ ਦੇ ਰੂਪ ਵਿੱਚ ਬਾ-ਦਸਤੂਰ ਜਾਰੀ ਹਨ,ਪਰ ਕਾਮਯਾਬੀ ਨਾ ਹੀ ਪਹਿਲਾਂ ਮਿਲੀ ਸੀ ਤੇ ਨਾ ਹੀ ਹੁਣ ਮਿਲ ਸਕਦੀ ਹੈ।ਇਹ ਵੀ ਇਤਿਹਾਸ ਦੱਸਦਾ ਹੈ ਕਿ ਜਦੋ ਵੀ ਸਿੱਖ ਦੁਸ਼ਮਣਾਂ ਨੇ ਸਿੱਖੀ ਤੇ ਹਮਲੇ ਕੀਤੇ ਹਨ,ਸਿੱਖਾਂ ਨੇ ਹਮੇਸਾਂ ਮੂੰਹ ਤੋੜ ਜਵਾਬ ਦਿੱਤਾ ਹੈ।ਸਿੱਖੀ ਹਮੇਸਾਂ ਜੇਤੂ ਹੋਕੇ ਹੀ ਨਿਕਲੀ ਹੈ,ਭਾਂਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਕੁੱਪ ਰਹੀੜੇ ਦਾ ਘੱਲੂਘਾਰਾ ਹੋਵੇ,ਸਿੱਖ ਕਦੇ ਨਾ ਹੀ ਖਤਮ ਹੋਏ ਹਨ,ਤੇ ਨਾ ਹੀ ਹਾਰੇ ਹਨ।ਮੌਜੂਦਾ ਦੌਰ ਦੀ ਜਦੋ ਗੱਲ ਕਰਦੇ ਹਾਂ ਤਾਂ ਇਸ ਕਰਕੇ ਵੱਖਰੇ ਹਨ,ਕਿਉਕਿ ਅੱਜ ਸਿੱਖ ਦੁਸ਼ਮਣ ਜਮਾਤ ਨੇ ਸਿੱਖਾ ਦੇ ਆਗੂਆਂ ਨੂੰ ਜੂਠੀ ਬੁਰਕੀ ਸੁੱਟ ਕੇ ਬੁਰੀ ਤਰਾਂ ਧੜੇਬੰਦੀਆਂ ਵਿੱਚ ਵੰਡ ਦਿੱਤਾ ਹੈ,ਜਿਸ ਕਰਕੇ ਸਿੱਖ ਅਪਣੇ ਨਾਲ ਹੁੰਦੀਆਂ ਵਧੀਕੀਆਂ ਦਾ ਇਨਸਾਫ ਲੈਣ ਵਿੱਚ ਪਛੜ ਰਹੇ ਹਨ।ਬੇਅਦਬੀ ਦਾ ਇਨਸਾਫ ਲੈਣ ਲਈ ਲੱਗੇ ਬਰਗਾੜੀ ਮੋਰਚੇ ਦੇ ਫੇਲ ਹੋਣ ਤੋ ਬਾਅਦ ਸਿੱਖ ਅਪਣੇ ਆਪ ਨੂੰ ਲਾਵਾਰਸ ਸਮਝਣ ਲੱਗੇ ਹਨ।ਹੁਣ ਜਦੋ ਸੀ ਬੀ ਆਈ ਦੇ ਫੈਸਲੇ ਦੇ ਵਿਰੋਧ ਵਿੱਚ ਸਿੱਖ ਇੱਕ ਵਾਰ ਫਿਰ ਸੰਘਰਸ਼ ਵਿੱਢਣ ਦੇ ਰੌਅ ਵਿੱਚ ਹਨ ਤਾਂ ਇਹ ਸਵਾਲ ਜਰੂਰ ਉੱਠਦਾ ਹੈ ਕਿ ਕਿਤੇ ਦੁਵਾਰਾ ਫਿਰ ਸਿੱਖ ਜਜ਼ਬਾਤਾਂ ਨਾਲ ਖੇਡਿਆ ਤਾਂ ਨਹੀ ਜਾਵੇਗਾ ? ਇੱਕ ਸਵਾਲ ਉਸ ਸਿੱਖ ਲੀਡਰਸ਼ਿੱਪ ਲਈ ਵੀ ਖੜਾ ਹੈ,ਜਿਹੜੀ ਬਰਗਾੜੀ ਵਿੱਚ ਬੇਅਦਬੀ ਦਾ ਇਨਸਾਫ ਲੈਣ ਲਈ ਮੈਦਾਨ ਵਿੱਚ ਆਈ ਸੀ,ਉਹਨਾਂ ਲਈ ਸੁਆਲ ਇਹ ਹੈ ਕਿ ਸਿੱਖ ਭਾਵਨਾਵਾਂ ਦੇ ਖਿਲਾਫ ਸਰਕਾਰ ਦੇ ਮੁਤਾਬਿਕ ਮੋਰਚਾ ਸਮਾਪਤੀ ਤੋ ਬਾਅਦ ਜਿਸਤਰਾਂ ਤੁਹਾਡੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ,ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਰਹਿੰਦੀਆਂ ਜਲਦੀ ਪੂਰੀਆਂ ਹੋ ਜਾਣਗੀਆਂ,ਕੀ ਉਹ ਹੁਣ ਕੌਮ ਨੂੰ ਇਸ ਸਬੰਧੀ ਕੋਈ ਸਪੱਸਟੀਕਰਨ ਦੇਣਗੇ ? ਡੇਰਾ ਪਰੇਮੀਆਂ ਨੂੰ ਕਾਂਗਰਸ ਸਰਕਾਰ ਵੱਲੋਂ ਜਮਾਨਤ ਦੇ ਕੇ ਦਿੱਤੀ ਗਈ ਵੱਡੀ ਰਾਹਤ ਅਤੇ ਸੀ ਬੀ ਆਈ ਦੀ ਕਲੋਜਰ ਰਿਪੋਰਟ ਤੋ ਬਾਅਦ ਬਰਗਾੜੀ ਮੋਰਚਾ ਸੰਚਾਲਕ ਵੱਲੋਂ ਧਾਰੀ ਚੁੱਪ ਦੇ ਕੀ ਮਾਇਨੇ ਹੋ ਸਕਦੇ ਹਨ? ਮੌਜੂਦਾ ਦੌਰ ਵਿੱਚ ਪੰਥਕ ਜਜ਼ਬਾ ਰੱਖਦੀ ਉਸ ਪੰਥਕ ਸੋਚ ਨੂੰ ਦਿਲੋਂ ਸਲਾਮ ਕਰਨਾ ਬਣਦਾ ਹੈ,ਜਿਸਨੇ ਅਜਿਹੇ ਹਾਲਾਤਾਂ ਵਿੱਚ ਵੀ ਕੌਮੀ ਜਜ਼ਬਾ ਜਿਉਂਦਾ ਰੱਖਿਆ ਹੋਇਆ ਹੈ। ਕੌਂਮ ਦੇ ਹਾਲਾਤ ਇਸ ਕਦਰ ਗੰਧਲੇ ਹੋ ਚੁੱਕੇ ਹਨ ਕਿ ਕਿਸੇ ਤੋ ਭਰੋਸਾ ਕਰਨ ਦਾ ਮਤਲਬ ਜਾਨ ਜੋਖਮ ਵਿੱਚ ਪਾਉਣ ਬਰਾਬਰ ਹੈ,ਇਸ ਲਈ ਸੰਘਰਸ਼ ਵਿੱਚ ਕੁੱਦਣ ਵਾਲੀਆਂ ਧਿਰਾਂ ਨੂੰ ਪੈਰ ਜਰੂਰ ਫੂਕ ਫੂਕ ਕੇ ਰੱਖਣੇ ਪੈਣਗੇ।
ਬਘੇਲ ਸਿੰਘ ਧਾਲੀਵਾਲ
99142-58142
ਐਸ ਵਾਈ ਐਲ ਤੇ ਦੇਸ਼ ਦੀ ਸਰਬ ਉੱਚ ਅਦਾਲਤ ਦਾ ਫੈਸਲਾ ਅਤੇ ਮੁਹਾਲੀ ਦਾ ਹਵਾਈ ਅੱਡਾ - ਬਘੇਲ ਸਿੰਘ ਧਾਲੀਵਾਲ
ਭਾਂਵੇਂ ਪੰਜਾਬ ਦੇ ਜਾਇਆਂ ਨੇ ਦੇਸ਼ ਦੀ ਅਜਾਦੀ ਲਈ ਸਭ ਤੋ ਵੱਧ ਕੁਬਾਨੀਆਂ ਕੀਤੀਆਂ,ਭਾਵੇਂ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋ ਵੱਡਾ ਹਿੱਸਾ ਪੰਜਾਬ ਦੇ ਕਿਸਾਨਾਂ ਵੱਲੋਂ ਪਾਇਆ ਜਾਂਦਾ ਹੈ,ਭਾਵੇ ਅੱਜ ਵੀ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਸਿੱਖ ਫੌਜੀਆਂ ਨੂੰ ਸਭ ਤੋ ਮੂਹਰੇ ਰੱਖਿਆ ਜਾਂਦਾ ਹੈ,ਇਸ ਦੇ ਬਾਵਜੂਦ ਵੀ ਪੰਜਾਬ ਨਾਲ ਵਿਤਕਰਾ ਕੇਂਦਰ ਦੀ ਫਿਤਰਤ ਰਹੀ ਹੈ।ਦੇਸ਼ ਦੀ ਅਜਾਦੀ ਮੌਕੇ ਬੜੇ ਫਰੇਬ ਨਾਲ ਸਿੱਖ ਆਗੂਆਂ ਨੂੰ ਭਰਮਾ ਕੇ ਉਹਨਾਂ ਨੂੰ ਅਪਣਾ ਮੁਲਕ ਬਨਾਉਣ ਤੋ ਰੋਕ ਕੇ ਭਾਰਤ ਨਾਲ ਜੋੜਿਆ ਗਿਆ।ਦੇਸ਼ ਅਜਾਦ ਹੁੰਦਿਆਂ ਹੀ ਵਿਤਕਰਿਆਂ ਦੀ ਦਾਸਤਾਨ ਸ਼ੁਰੂ ਹੋਈ,ਸਗੋਂ ਦੇਸ਼ ਵੰਡ ਦੇ ਨਾਲ ਹੀ ਕਹੀ ਜਾ ਸਕਦੀ ਹੈ ਜਦੋਂ ਪੰਜਾਬ ਦਾ ਸੀਨਾ ਚੀਰ ਕੇ ਅੱਧ ਤੋ ਵੱਧ ਪੰਜਾਬ ਪਾਕਿਸਤਾਨ ਵਾਲੇ ਪਾਸੇ ਕਰ ਦਿੱਤਾ ਗਿਆ ਸੀ,ਏਥੇ ਹੀ ਬੱਸ ਨਹੀ 1966 ਵਿੱਚ ਇੱਕ ਵਾਰ ਫਿਰ ਦੋ ਸੂਬੇ ਹਰਿਆਣਾ ਅਤੇ ਹਿਮਾਚਲ ਸਮੇਤ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬ ਤੋ ਬਾਹਰ ਰੱਖ ਕੇ ਪੰਜਾਬ ਨੂੰ ਅਸਲੋਂ ਹੀ ਨਕਾਰਾ ਕਰ ਦਿੱਤਾ ਗਿਆ।ਇਹਦੇ ਪਿੱਛੇ ਦਾ ਕਾਰਨ ਵੀ ਭਾਰਤੀ ਹੁਕਮਰਾਨਾਂ ਦੇ ਮਨ ਦਾ ਡਰ ਹੀ ਸੀ ਕਿ ਜੇਕਰ ਪੰਜਾਬ ਤਕੜਾ ਰਹਿ ਗਿਆ ਤਾਂ ਉਹ ਅਪਣੇ ਬਰਾਬਰ ਦੇ ਅਧਿਕਾਰ ਦਵਾਅ ਬਣਾ ਕੇ ਹਾਸਿਲ ਕਰ ਲਵੇਗਾ,ਇੱਥੋ ਤੱਕ ਪੰਜਾਬ ਅਪਣੀ ਅਸਲ ਅਰਥਾਂ ਵਿੱਚ ਅਜਾਦੀ ਹਾਸਲ ਕਰਨ ਲਈ ਵੀ ਸਫਲਤਾ ਪਰਾਪਤ ਕਰ ਸਕਦਾ ਹੈ,ਇਸ ਲਈ ਪੰਜਾਬ ਨੂੰ ਵਾਰ ਵਾਰ ਵੱਢਿਆ ਟੁੱਕਿਆ ਅਤੇ ਕੁੱਟਿਆ ਮਾਰਿਆ ਜਾਂਦਾ ਰਿਹਾ ਹੈ।ਜੂਨ ਅਤੇ ਨਵੰਬਰ 1984 ਦੇ ਜਖਮ ਦੱਸਦੇ ਹਨ ਕਿ ਭਾਰਤੀ ਹੁਕਮਰਾਨ ਪੰਜਾਬ ਖਾਸ ਕਰ ਸਿੱਖਾਂ ਨਾਲ ਕਿੰਨੀ ਨਫਰਤ ਕਰਦੇ ਹਨ।ਪੰਜਾਬ ਦੇ ਪਾਣੀ ਹੋਕੇ ਹਰਿਆਣੇ,ਦਿੱਲੀ ਅਤੇ ਰਾਜਿਸਥਾਨ ਨੂੰ ਦੇ ਦਿੱਤੇ ਗਏ,ਪੰਜਾਬ ਨੂੰ ਧਰਤੀ ਹੇਠਲਾ ਪਾਣੀ ਕੱਢਣ ਲਈ ਕਿਰਾਏ ਦੇ ਰਿਊਬਵੈਲ ਮੱਥੇ ਮਾਰੇ ਗਏ,ਏਸੇ ਤਰਾਂ ਪੰਜਾਬ ਦੇ ਪਾਣੀਆਂ ਤੋ ਤਿਆਰ ਹੁੰਦੀ ਸਸਤੀ ਬਿਜਲੀ ਖੋਹਕੇ ਦਿੱਲੀ ਅਤੇ ਹਿਮਾਚਲ ਨੂੰ ਦੇ ਦਿੱਤੀ,ਜਦੋ ਕਿ ਪੰਜਾਬ ਨੂੰ ਮੁੱਲ ਦੇ ਕੋਇਲੇ ਨਾਲ ਚੱਲਣ ਵਾਲੇ ਥਰਮਲਾਂ ਸਹਾਰੇ ਛੱਡ ਦਿੱਤਾ।ਇੱਥੇ ਵੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਥੇ ਸਿਰਫ ਪੰਜਾਬ ਬਿਜਲੀ ਪਾਣੀ ਖੋਹੇ ਹੀ ਨਹੀ ਗਏ,ਸਗੋ ਪੰਜਾਬ ਨੂੰ ਹਰ ਪੱਖ ਤੋ ਕਮਜੋਰ ਕਰਨ ਲਈ ਕੇਂਦਰ ਨੇ ਬਹੁਤ ਚਲਾਕੀ ਅਤੇ ਧੱਕੇ ਨਾਲ ਅਪਣੇ ਮੁਥਾਜ ਬਣਾ ਲਿਆ।ਅੱਜ ਹਾਲਾਤ ਇਹ ਹਨ ਕਿ ਕੇਂਦਰ ਜਦੋ ਮਰਜੀ ਚਾਹੇ ਪੰਜਾਬ ਦਾ ਕੋਇਲਾ ਬੰਦ ਕਰਵਾ ਕੇ ਪੰਜਾਬ ਦੀ ਬਿਜਲੀ ਗੁੱਲ ਕਰ ਸਕਦਾ ਹੈ।ਉੱਧਰ ਜੇਕਰ ਗੱਲ ਟਿਊਬਵੈਲਾਂ ਦੀ ਕੀਤੀ ਜਾਵੇ ਤਾਂ ਇੱਥੇ ਵੀ ਪੰਜਾਬ ਨੂੰ ਬਹੁਤ ਬੁਰੀ ਤਰਾਂ ਨਪੀੜਿਆ ਗਿਆ ਹੈ।ਝੋਨੇ ਵਰਗੀ ਫਸਲ ਦਾ ਪੰਜਾਬ ਵਿੱਚ ਆਉਣਾ ਕੋਈ ਇਤਫਾਕ ਨਹੀ ਸਗੋਂ ਇਹ ਫਸਲ ਜਾਣ ਬੁੱਝ ਕੇ ਪੰਜਾਬ ਵਿੱਚ ਭੇਜੀ ਗਈ ਤਾਂ ਕਿ ਧਰਤੀ ਹੇਠਲੇ ਪਾਣੀਆਂ ਨੂੰ ਖਤਮ ਕਰਕੇ ਪਹਿਲਾਂ ਹੀ ਅੰਗਹੀਣਤਾ ਦਾ ਦਰਦ ਝੱਲਦੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕੀਤਾ ਜਾ ਸਕੇ।ਅੱਜ ਪੰਜਾਬ ਦੇ ਪਾਉਣ ਪਾਣੀ ਦੂਸ਼ਿਤ ਹੋਣ ਅਤੇ ਪਾਣੀ ਦੇ ਖਤਮ ਹੋਣ ਦੇ ਖਤਰੇ ਲਈ ਕੇਂਦਰ ਦੀਆਂ ਪੰਜਾਬ ਪ੍ਰਤੀ ਦੁਸ਼ਮਣੀ ਵਾਲੀਆਂ ਨੀਤੀਆਂ ਜੁੰਮੇਵਾਰ ਹਨ।ਐਨੇ ਵਿਤਕਰਿਆਂ ਦੇ ਬਾਵਜੂਦ ਵੀ ਪੰਜਾਬ ਨੇ ਕਦੇ ਕੋਈ ਪ੍ਰਵਾਹ ਨਹੀ ਸੀ ਕੀਤੀ,ਪ੍ਰੰਤੂ ਹੁਣ ਜਦੋਂ ਪਿਛਲੇ ਪੰਜ ਸਾਲਾਂ ਤੋ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਆਈ ਹੈ ਤਾਂ ਇਸ ਵਿਤਕਰੇ ਨੇ ਬਹੁਤ ਵਿਰਾਟ ਰੂਪ ਧਾਰਨ ਕਰ ਲਿਆ ਹੈ।ਜਿੰਨੀ ਕੱਟੜਵਾਦ ਦੀ ਹਨੇਰੀ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਚੱਲ ਰਹੀ ਹੈ,ਇਹ ਪਹਿਲਾਂ ਕਦੇ ਨਹੀ ਦੇਖੀ ਗਈ।ਅੱਜ ਦੇਸ਼ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ ਭਾਰਤੀ ਜਨਤਾ ਪਾਰਟੀ ਦੇ ਕੱਟੜਵਾਦ ਦੀ ਦਹਿਸਤ ਦੇ ਛਾਏ ਹੇਠ ਜੀਅ ਰਹੇ ਹਨ।ਹਰ ਪਾਸੇ ਦਹਿਸਤ ਦਾ ਮਹੌਲ ਹੈ।ਫਿਰਕੂ ਗੁੰਡਾਗਰਦੀ ਸਾਰੇ ਹੱਦਾਂਬੰਨੇ ਤੋੜਦੀ ਜਾਪਦੀ ਹੈ।ਦਲਿਤਾਂ ਮੁਸਲਮਾਨਾਂ ਅਤੇ ਸਿੱਖਾਂ ਤੇ ਨਸਲੀ ਹਮਲਿਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ।ਘੱਟ ਗਿਣਤੀਆਂ ਦੇ ਜਿਉਣ ਦੇ ਹੱਕ ਇੱਕ ਇੱਕ ਕਰਕੇ ਖੋਹੇ ਜਾ ਰਹੇ ਹਨ।ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਦਿੱਤਾ ਗਿਆ ਫੈਸਲਾ ਵੀ ਪੰਜਾਬ ਲਈ ਡਾਹਢੀ ਫਿਕਰਮੰਦੀ ਵਾਲਾ ਹੈ।ਸਰਬ ਉੱਚ ਅਦਾਲਤ ਨੇ ਕੇਂਦਰ ਨੂੰ ਹੁਕਮ ਕੀਤਾ ਹੈ ਕਿ ਕੇਂਦਰ ਪੰਜਾਬ ਅਤੇ ਹਰਿਆਣਾ ਨਾਲ ਬੈਠਕ ਕਰ ਕੇ ਸਤਲੁਜ ਯਮੁਨਾ ਨਹਿਰ ਦੇ ਫੈਸਲੇ ਨੂੰ ਲਾਗੂ ਕਰੇ।ਅਦਾਲਤ ਨੇ ਅਪਣੇ ਅਦੇਸ਼ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਕੇਂਦਰ ਕਿਸੇ ਨਤੀਜੇ ਤੇ ਨਹੀ ਪਹੁੰਚਦਾ ਤਾਂ ਅਦਾਲਤ ਇਸ ਤੇ ਅੰਤਮ ਫੈਸਲਾ ਦੇਵੇਗੀ।,ਜਿੱਥੇ ਦੇਸ਼ ਦਾ ਇੱਕੋ ਕਨੂੰਨ ਬਹੁ ਗਿਣਤੀ ਲਈ ਹੋਰ ਅਤੇ ਘੱਟ ਗਿਣਤੀਆਂ ਲਈ ਹੋਰ ਪਹੁੰਚ ਅਪਣਾਉਂਦਾ ਹੋਵੇ,ਓਥੇ ਇਨਸਾਫ ਦੀ ਕੋਈ ਬਹੁਤੀ ਆਸ ਨਹੀ ਕੀਤੀ ਜਾ ਸਕਦੀ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਨਾਲ ਆਏ ਦਿਨ ਨਵਾਂ ਵਿਤਕਰਾ ਸਾਹਮਣੇ ਆ ਜਾਂਦਾ ਹੈ,ਪ੍ਰੰਤੂ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਿਨਾ ਸਿਆਸੀ ਬਿਆਨਵਾਜੀ ਤੋ ਹੋਰ ਕੋਈ ਵੀ ਪੁਖਤਾ ਕਾਰਵਾਈ ਅਮਲ ਵਿੱਚ ਲੈ ਕੇ ਆਉਣ ਤੋ ਪਤਾ ਨਹੀ ਕਿਉਂ ਡਰਦੇ ਰਹਿੰਦੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਦੀ ਤਰਾਸਦੀ ਲਈ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਰਾਬਰ ਦੇ ਜੁੰਮੇਵਾਰ ਹਨ,ਜਿਹੜੇ ਅਪਣੇ ਨਿੱਜੀ ਮੁਫਾਦਾਂ ਖਾਤਰ ਕੇਂਦਰ ਦੇ ਹਰ ਮਾਰੂ ਫੈਸਲੇ ਨੂੰ ਵੀ ਅੱਖਾਂ ਬੰਦ ਕਰਕੇ ਮਨਜੂਰ ਕਰਦੇ ਆ ਰਹੇ ਹਨ।ਜਦੋ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਕੈਪਟਨ ਤੋ ਬਹੁਤ ਆਸਾਂ ਸਨ,ਖਾਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤਾਂ ਲੋਕਾਂ ਤਾਂ ਮੰਨਣਾ ਸੀ ਕਿ ਕੈਪਟਨ ਕਦੇ ਵੀ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਨਹੀ ਜਣ ਦੇਣਗੇ,ਪ੍ਰੰਤੂ ਸਰਕਾਰ ਦਾ ਜੋ ਕੰਮ ਕਰਨ ਦੇ ਰੰਗ ਢੰਗ ਰਹੇ ਹਨ,ਉਸ ਤੋ ਜਾਪਦਾ ਹੈ ਕਿ ਪੰਜਾਬ ਦਾ ਕੋਈ ਵੀ ਵਾਲੀ ਨਹੀ ਹੈ।ਹਣ ਇੱਕ ਹੋਰ ਧੱਕਾ ਮੁਹਾਲੀ ਦੇ ਹਵਾਈ ਅੱਡੇ ਦਾ ਸਾਹਮਣੇ ਆਇਆ ਹੈ।ਮੋਹਾਲੀ ਦਾ ਹਵਾਈ ਅੱਡਾ ਪੰਜਾਬ ਦੀ ਤਿੰਨ ਸੌ ਏਕੜ ਜਮੀਨ ਤੇ ਬਨਣ ਦੇ ਬਾਵਜੂਦ ਵੀ ਪੰਜਾਬ ਤੋ ਖੋਹਣ ਦੀ ਤਿਆਰੀ ਲੱਗਭੱਗ ਮੁਕੰਮਲ ਹੀ ਸਮਝੀ ਜਾ ਸਕਦੀ ਹੈ।ਇਹ ਖੁਲਾਸਾ ਦੇਸ਼ ਦੀ ਸੰਸਦ ਵਿੱਚ ਕੇਂਦਰੀ ਹਵਾਵਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸੀ ਸਾਂਸਦ ਮੁਨੀਸ ਤਿਬਾੜੀ ਵੱਲੋਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਤੇ ਇਹ ਕਹਿੰਦਿਆਂ ਕੀਤਾ ਹੈ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾ ਸਕਦਾ ਹੈ,ਪਰ ਇਹਨੂੰ ਮੋਹਾਲੀ ਨਾਲ ਨਹੀ ਜੋੜਿਆ ਜਾ ਸਕਦਾ,ਕਿਉਕਿ ਇਸ ਤੇ ਹਰਿਆਣੇ ਨੂੰ ਇਤਰਾਜ਼ ਹੈ,ਇਸ ਲਈ ਇਸ ਹਵਾਈ ਅੱਡੇ ਨੂੰ ਚੰਡੀਗੜ ਦਾ ਹਵਾਈ ਅੱਡਾ ਹੀ ਸਮਝਿਆ ਜਾਵੇ।ਪੰਜਾਬ ਨਾਲ ਇਹ ਸਰਾਸਰ ਕੀਤੇ ਜਾਣ ਵਾਲੇ ਧੱਕੇ ਲਈ ਮੋਹਰਾ ਫਿਰ ਇੱਕੋ ਇੱਕ ਸਿੱਖ ਮੰਤਰੀ ਨੂੰ ਬਣਾਇਆ ਗਿਆ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਮੰਤਰੀ ਚੋਣ ਸ੍ਰੀ ਅਮ੍ਰਿਤਸਰ ਤੋ ਲੜਦਾ ਹੈ ਤੇ ਭੁਗਤਦਾ ਹਰਿਆਣੇ ਦੇ ਪੱਖ ਵਿੱਚ ਹੈ।ਇਹਦੇ ਵਿੱਲ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀ ਹੈ ਕਿਉਕਿ ਜਦੋ ਬਾਦਲ ਪਰਿਵਾਰ ਸਿੱਖ ਕੌਂਮ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਵੀ ਹੁਣ ਤੱਕ ਪੰਜਾਬ ਦੀ ਬਰਬਾਦੀ ਤੇ ਦਸਤਖਤ ਕਰਨ ਵਾਲਿਆਂ ਵਿੱਚੋਂ ਇੱਕ ਹੋ ਸਕਦਾ ਹੈ,ਫਿਰ ਇਹ ਰਾਸ਼ਟਰੀ ਸਿੱਖ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ।ਦੂਜੀ ਗੱਲ ਇਹ ਹੈ ਕੀ ਫੈਸਲੇ ਤਾਂ ਕੇਂਦਰ ਦੇ ਸੋਚੇ ਸਮਝੇ ਹੀ ਹਨ,ਬੱਸ ਸਿੱਖ ਚਿਹਰੇ ਨੂੰ ਤਾਂ ਮੋਹਰੇ ਵਜੋਂ ਬਰਤਣ ਲਈ ਹੀ ਰੱਖਿਆ ਜਾਂਦਾ ਹੈ।ਇਸੇ ਸੰਸਦ ਵਿੱਚ ਬਾਦਲ ਪਰਿਵਾਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਮੰਤਰੀ ਹੈ,ਪਰ ਉਹਨਾਂ ਦੀ ਕੀ ਮਜ਼ਾਲ ਹੈ ਕਿ ਉਹ ਪੰਜਾਬ ਦੇ ਹਿਤਾਂ ਖਾਤਰ ਜ਼ੁਬਾਨ ਚੋ ਇੱਕ ਸਬਦ ਵੀ ਕੱਢ ਸਕਣ। ਪੰਜਾਬ ਦੀ ਖੁਸ਼ਹਾਲੀ ਹਰ ਫਿਰਕੇ ਲਈ ਹੀ ਲਾਹੇਮੰਦ ਰਹਿਣੀ ਹੈ,ਕਿਉਕਿ ਜੇਕਰ ਪੰਜਾਬ ਆਰਥਿਕ ਤੌਰ ਤੇ ਮਜਬੂਤ ਹੋਵੇਗਾ,ਤਾਂ ਇੱਥੋ ਦਾ ਵਪਾਰੀ ਵਰਗ,ਜਿਹੜਾ ਬਹੁ ਗਿਣਤੀ ਵਿੱਚ ਪੰਜਾਬੀ ਹਿੰਦੂ ਭਾਈਚਾਰੇ ਚੋ ਹੈ,ਉਹ ਵੀ ਤਕੜੇ ਹੋਣਗੇ,ਉਹਨਾਂ ਦੇ ਕਾਰੋਬਾਰ ਤਰੱਕੀ ਫਿਰ ਹੀ ਕਰ ਸਕਦੇ ਹਨ,ਜਦੋ ਪੰਜਾਬ ਦੇ ਕਿਸਾਨ ਮਜਦੂਰ,ਭਾਵ ਹਰ ਵਰਗ ਖੁਸ਼ਹਾਲ ਹੋਵੇਗਾ,ਇਸ ਲਈ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਵੀ ਸਭਨਾਂ ਵਰਗਾਂ ਨੂੰ ਇੱਕਜੁੱਟਤਾ ਨਾਲ ਲਾਮਬੰਦ ਹੋਣਾ ਚਾਹੀਦਾ ਹੈ।ਜਿੰਨੀ ਦੇਰ ਪੰਜਾਬ ਦੇ ਲੋਕ ਪੰਜਾਬੀਅਤ ਦੀ ਰਾਖੀ ਲਈ ਇੱਕ ਮੰਚ ਤੇ ਨਹੀ ਆਉਂਦੇ ਅਤੇ ਰੋੜਾਂ ਵਾਂਗੂ ਖਿਲਰਿਆ ਸਿੱਖ ਪੰਥ ਇਕੱਠਾ ਨਹੀ ਹੁੰਦਾ ਓਨੀ ਦੇਰ ਅਜਿਹੇ ਵਰਤਾਰੇ ਲਗਾਤਾਰ ਵਾਪਰਦੇ ਰਹਿਣਗੇ।ਸੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸੁਹਿਰਦਤਾ ਨਾਲ ਸੋਚਣਾ ਹਰ ਪੰਜਾਬੀ ਦਾ ਪਹਿਲਾ ਫਰਜ ਹੈ।
ਬਘੇਲ ਸਿੰਘ ਧਾਲੀਵਾਲ
99142-58142
ਦਿੱਲੀ ਪੁਲਿਸ ਦੇ ਸ਼ਰੇਬਜ਼ਾਰ ਅਣਮਨੁੱਖੀ ਜਬਰ ਨੇ ਇੱਕ ਵਾਰ ਫਿਰ ਕਰਵਾਇਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ - ਬਘੇਲ ਸਿੰਘ ਧਾਲੀਵਾਲ
ਸਮੁੱਚੇ ਇਨਸਾਫ ਪਸੰਦ ਲੋਕ ਇੱਕ ਮੰਚ ਤੇ ਇਕੱਠ ਹੋਕੇ ਕਰਨ ਭਗਵੇ ਅੱਤਵਾਦ ਦਾ ਟਾਕਰਾ
ਦਿੱਲੀ ਦੇ ਜੁਲਮਾਂ ਦੀ ਦਾਸਤਾਨ ਵਿੱਚ ਹਰ ਰੋਜ ਕੋਈ ਨਾ ਕੋਈ ਅਜਿਹਾ ਅਧਿਆਏ ਨਵਾਂ ਜੁੜ ਜਾਂਦਾ ਹੈ,ਜਿਹੜਾ ਪਿਛਲੇ ਜੁਲਮਾਂ ਤੋ ਵੱਧ ਕੇ ਹੁੰਦਾ ਹੈ,ਜਾਂ ਫਿਰ ਉਹ ਪਿਛਲੇ ਜੁਲਮਾਂ ਦੀ ਯਾਦ ਨੂੰ ਤਾਜਾ ਕਰ ਜਾਂਦਾ ਹੈ,ਜਾਂ ਬੌਨਾ ਕਰ ਜਾਂਦਾ ਹੈ।ਇਹ ਗੱਲ ਚਿੰਤਤ ਚਿੰਤਕ ਪਿਛਲੇ ਲੰਮੇ ਸਮੇ ਤੋ ਲਿਖਦੇ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਘੱਟ ਗਿਣਤੀਆਂ ਤੇ ਜੁਲਮਾਂ ਦੀ ਦਰ ਵਿੱਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ।ਇਹ ਵੀ ਖਦਸਾ ਚੋਣਾਂ ਤੋ ਪਹਿਲਾਂ ਇਨਸਾਫ ਪਸੰਦ ਲੋਕ ਅਤੇ ਚਿੰਤਕ ਜਾਹਰ ਕਰਦੇ ਰਹੇ ਹਨ ਕਿ ਜੇਕਰ ਕੇਂਦਰ ਵਿੱਚ ਦੁਵਾਰਾ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹ ਨਸਲੀ ਹਮਲਿਆਂ ਦੀ ਦਰ ਵਿੱਚ ਹੋਰ ਵੀ ਵਾਧਾ ਹੋਵੇਗਾ।ਖਦਸਾ ਤਾਂ ਇੱਥੋ ਤੱਕ ਵੀ ਜਤਾਇਆ ਜਾਂਦਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦੁਵਾਰਾ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਦੇਸ਼ ਅੰਦਰ ਫਿਰਕੂ ਦੰਗੇ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ,ਜਿਹੜੀਆਂ ਮੁਲਕ ਦੀ ਅਖੰਡਤਾ ਨੂੰ ਨਵੇਂ ਖਤਰੇ ਸਹੇੜ ਸਕਦੀਆਂ ਹਨ।ਕਿਉਕਿ ਭਾਜਪਾ ਦੇ ਏਜੰਡੇ ਵਿੱਚ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣਾ ਵੀ ਸ਼ਾਮਲ ਹੈ,ਜਿਹੜਾ ਭਾਜਪਾ ਦੇ ਨਾਗਪੁਰ ਕੇਂਦਰ ਨੇ 2022 ਤੱਕ ਬਨਾਉਣ ਦਾ ਟੀਚਾ ਮਿਥਿਆ ਹੋਇਆ ਹੈ।ਅਪਣੇ ਇਸ ਮਿਸ਼ਨ ਦੀ ਪੂਰਤੀ ਲਈ ਦੇਸ਼ ਅੰਦਰ ਨਸਲੀ ਹਮਲੇ ਕਰਵਾਉਣੇ ਉਹਨਾਂ ਦੇ ਪਰੋਗਰਾਮ ਦਾ ਹਿੱਸਾ ਹੈ।ਇਸ ਤਰਾਂ ਦੇ ਹਮਲਿਆਂ ਤੋ ਖਫਾ ਹੋਏ ਪੀੜਤ ਫਿਰਕਿਆਂ ਦੇ ਲੋਕ ਸਰਕਾਰ ਖਿਲਾਫ ਬਗਾਵਤ ਕਰਨਗੇ ਤੇ ਫਿਰ ਬਗਾਵਤੀ ਲੋਕਾਂ ਨੂੰ ਦੇਸ਼ ਧਰੋਹੀ ਗਰਦਾਨ ਕੇ ਉਹਨਾਂ ਦੀ ਨਸਕੁਸ਼ੀ ਦਾ ਰਾਹ ਪੱਧਰਾ ਕੀਤਾ ਜਾਵੇਗਾ।ਚੋਣਾਂ ਜਿੱਤਣ ਤੋਂ ਬਾਅਦ ਜਿਸਤਰਾਂ ਦੇ ਹਾਲਾਤ ਦੇਸ਼ ਵਿੱਚ ਬਣਦੇ ਜਾ ਰਹੇ ਹਨ,ਉਸ ਤੋ ਚਿੰਤਤ ਬੁੱਧੀਜੀਵੀਆਂ ਦੀ ਇਹ ਭਵਿੱਖ ਵਾਣੀ ਸੱਚ ਹੋ ਰਹੀ ਹੈ,ਜਿਸਦੇ ਬਾਰੇ ਉਹਨਾਂ ਨੇ ਚੋਣਾਂ ਤੋ ਪਹਿਲਾਂ ਖਦਸ਼ਾ ਜਾਹਰ ਕੀਤਾ ਸੀ। ਜੇਕਰ ਇਕੱਲੀ ਸਿੱਖ ਕੌਂਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਅੱਧੀ ਦਰਜਨ ਹਮਲੇ ਇਕੱਲੇ ਸਿੱਖਾਂ ਤੇ ਹੋਏ ਹਨ,ਜਿੰਨਾਂ ਨੂੰ ਸਿੱਖ ਕੌਂਮ ਨੇ ਗੰਭੀਰਤਾ ਨਾਲ ਨਹੀ ਲਿਆ।ਪਰੰਤੂ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੀ ਪੁਲਿਸ ਵਾਲੇ ਵਹਿਸੀ ਕਾਰਨਾਮੇ ਨੇ ਜੋ ਸੁਨੇਹਾ ਦਿੱਤਾ ਹੈ ਉਹ ਜਰੂਰ ਭੈਭੀਤ ਕਰਨ ਵਾਲਾ ਹੈ,ਕਿਉਕਿ ਦਿੱਲੀ ਦੀ ਪੁਲਿਸ ਵੱਲੋਂ ਇਸਤਰਾਂ ਦਾ ਵਿਹਾਰ ਸਿੱਖਾਂ ਨਾਲ ਕਰਨ ਦਾ ਸਿੱਧਾ ਸਪੱਸਟ ਮਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਅਕਾਲੀ ਦਲ ਬਾਦਲ ਦੀ ਭਾਈਵਾਲ ਪਾਰਟੀ ਹੈ ਤੇ ਅਕਾਲੀ ਦਲ ਭਾਜਪਾ ਨਾਲ ਅਪਣੇ ਰਿਸਤੇ ਨੂੰ ਨਹੁੰ ਮਾਸ ਵਾਲਾ ਰਿਸਤੇ ਤੋ ਵੀ ਉੱਪਰ ਪਤੀ ਪਤਨੀ ਵਾਲਾ ਰਿਸ਼ਤਾ ਕੂਕ ਕੂਕਕੇ ਕਹਿੰਦੇ ਰਹੇ ਹਨ,ਉਹਨਾਂ ਦੀ ਨੀਅਤ ਸਿੱਖਾਂ ਪ੍ਰਤੀ ਬੇਹੱਦ ਮਾੜੀ,ਮਾਰੂ ਤੇ ਨਫਰਤ ਵਾਲੀ ਹੈ।ਇਹ ਹੋ ਨਹੀ ਸਕਦਾ ਕਿ ਇਸ ਦਾ ਅੰਦਾਜਾ ਬਾਦਲਕਿਆਂ ਨੂੰ ਨਾ ਹੋਵੇ,ਪਰ ਉਹਨਾਂ ਵੱਲੋਂ ਅਪਣੀ ਕੌਂਮ ਤੇ ਹੁੰਦੇ ਜੁਲਮਾਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਮੀਚ ਲੈਣਾ,ਉਹਨਾਂ ਦੀ ਅਕ੍ਰਿਤਘਣਤਾ ਹੈ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਗਵੇਂ ਅੱਤਵਾਦ ਵੱਲੋਂ ਸਿੱਖਾਂ ਤੇ ਕਰਵਾਏ ਜਾ ਰਹੇ ਨਸਲੀ ਹਮਲਿਆਂ ਦੀ ਸ਼ੋਸ਼ਲ ਮੀਡੀਏ ਤੇ ਕਰੜੀ ਨਿੰਦਾ ਅਤੇ ਬਦਨਾਮੀ ਹੋਣ ਦੇ ਬਵਜੂਦ ਵੀ ਭਾਰਤੀ ਕੱਟੜਵਾਦੀ ਤਾਕਤਾਂ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀ ਸਮਝੀ,ਸਗੋਂ ਆਏ ਦਿਨ ਕੋਈ ਨਾ ਕੋਈ ਦਿਲ ਚੀਰਵੀ ਹੋਰ ਘਟਨਾ ਸਾਹਮਣੇ ਆ ਜਾਂਦੀ ਹੈ।ਦਿੱਲੀ ਦੀ ਪੁਲਿਸ ਵੱਲੋਂ ਜੋ ਸਿੱਖ ਟੈਕਸੀ ਡਰਾਇਵਰ ਅਤੇ ਉਸ ਦੇ ਪੰਦਰਾ ਸਾਲਾ ਪੁੱਤਰ ਤੇ ਬੇਰਹਿਮੀ ਨਾਲ ਸ਼ਰੇ ਬਜਾਰ ਜੁਲਮ ਢਾਹਿਆ ਗਿਆ ਹੈ,ਉਸ ਤੋਂ ਭਵਿੱਖ ਦੀ ਚਿੰਤਾ ਹੋਰ ਵੀ ਜਿਆਦਾ ਵਧ ਗਈ ਹੈ।ਇਹਨਾਂ ਜੁਲਮਾਂ ਦਾ ਟਾਕਰਾ ਕਰਨ ਲਈ ਘੱਟ ਗਿਣਤੀਆਂ ਅਤੇ ਦਲਿਤਾਂ ਕੋਲ ਇੱਕੋ ਇੱਕ ਰਾਹ ਹੈ ਕਿ ਉਹ ਅਪਣੀ ਆਪਸੀ ਏਕਤਾ ਦੇ ਯਤਨ ਤੇਜ ਕਰਨ।ਇਸ ਤੋ ਵੀ ਪਹਿਲਾਂ ਧੜਿਆਂ ਵਿੱਚ ਵੰਡੀ ਸਿੱਖ ਕੌਂਮ ਨੂੰ ਏਕਤਾ ਦਾ ਰਾਹ ਅਖਤਿਆ ਕਰਨਾ ਪਵੇਗਾ,ਫਿਰ ਹੀ ਦੂਸਰੀਆਂ ਘੱਟ ਗਿਣਤੀਆਂ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵਸਦੇ ਦਲਿਤ ਭਾਈਚਾਰੇ ਨੂੰ ਨਾਲ ਲਿਆ ਜਾ ਸਕੇਗਾ।ਇਹ ਸਮਾ ਸਿਆਸਤ ਕਰਨ ਦਾ ਨਹੀ,ਸਗੋ ਅਪਣੀ ਅਪਣੀ ਹੋਂਦ ਨੂੰ ਬਚਾਉਣ ਲਈ ਗੰਭੀਰਤਾ ਅਤੇ ਇਮਾਨਦਾਰੀ ਨਾਲ ਸਿਰ ਜੋੜਨ ਦਾ ਸਮਾ ਹੈ।ਭਾਰਤ ਦੇ ਭਗਵੇਂ ਅੱਤਵਾਦ ਦੇ ਖਿਲਾਫ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਦੇ ਇਸ ਜਬਰ ਵਿਰੋਧੀ ਸੰਘਰਸ਼ ਦਾ ਸਾਥ ਹਰ ਉਹਨਾਂ ਇਨਸਾਫ ਪਸੰਦ ਲੋਕਾਂ,,ਸੰਸਥਾਵਾਂ ਅਤੇ ਸਮੁੱਚੀਆਂ ਲੋਕ ਪੱਖੀ ਜਥੇਬੰਦੀਆਂ ਨੂੰ ਵੀ ਦੇਣਾ ਹੋਵੇਗਾ,ਜਿਹੜੀਆਂ ਭਾਰਤ ਨੂੰ ਕੱਟੜਵਾਦ ਦੇ ਪੰਜੇ ਤੋ ਮੁਕਤ ਦੇਖਣਾ ਚਾਹੁੰਦੀਆਂ ਹਨ। ਫਾਸੀਵਾਦ ਦੇ ਖਿਲਾਫ ਲੜੀ ਜਾਣ ਵਾਲੀ ਇਹ ਲੜਾਈ ਕਿਸੇ ਇਕੱਲੇ ਫਿਰਕੇ ਦੀ ਨਹੀ,ਸਗੋਂ ਹੁਣ ਇਹ ਲੜਾਈ ਹਰ ਉਸ ਭਾਰਤੀ ਦੀ ਲੜਾਈ ਹੈ,ਜਿਸਨੇ ਸਮੇ ਦੇ ਹਾਣ ਦਾ ਹੋ ਕੇ ਅਜਾਦੀ ਨਾਲ ਜਿਉਣ ਦਾ ਸੁਪਨਾ ਦੇਖਿਆ ਹੋਇਆ ਹੈ।ਦਿੱਲੀ ਵਿੱਚ ਵਾਪਰੀ ਇਹ ਹੌਲਨਾਕ ਘਟਨਾ ਨੇ ਜਿੱਥੇ ਹਰ ਸਿੱਖ ਨੂੰ ਚਿੰਤਤ ਕੀਤਾ ਹੈ,ਓਥੇ ਦਿੱਲੀ ਦੇ ਸਿੱਖਾਂ ਦੀ ਬਹਾਦਰੀ ਅਤੇ ਇੱਕ ਜੁੱਟਤਾ ਦੇਖ ਕੇ ਮਨ ਨੂੰ ਸਕੂਨ ਵੀ ਮਿਲਿਆ ਹੈ ਤੇ ਪੰਜਾਬ ਦੇ ਸਿੱਖਾਂ ਨੂੰ ਇਹ ਨਸੀਹਤ ਵੀ ਮਿਲੀ ਹੋਵੇਗੀ ਕਿ ਜੇਕਰ ਦਿੱਲੀ ਦੇ ਸਿੱਖ ਅਪਣੇ ਭਾਈਚਾਰੇ ਤੇ ਹੁੰਦੇ ਜਬਰ ਜੁਲਮ ਖਿਲਾਫ ਇੱਕ ਜੁੱਟਤਾ ਨਾਲ ਮੈਦਾਨ ਵਿੱਚ ਨਿੱਤਰ ਸਕਦੇ ਹਨ,ਤਾਂ ਪੰਜਾਬ ਦੇ ਵੱਖ ਵੱਖ ਦਲਾਂ ਦੀ ਦਲਦਲ ਵਿੱਚ ਧਸੇ ਸਿੱਖਾਂ ਨੂੰ ਵੀ ਇਹ ਸਮਝ ਆ ਜਾਂਣੀ ਚਾਹੀਦੀ ਹੈ ਕਿ ਹਿਟਲਰ ਦੇ ਭਗਵੇਂ ਉਪਾਸਕਾਂ ਦਾ ਮੁਕਾਬਲਾ ਕਰਨ ਲਈ ਕੌਮੀ ਏਕਤਾ ਹੀ ਇੱਕੋ ਇੱਕ ਰਾਹ ਹੈ,ਜੇ ਕਰ ਹੁਣ ਵੀ ਦਿੱਲੀ ਦੇ ਰਹਿਮੋ ਕਰਮ ਤੇ ਸੂਬੇ ਦੀ ਸੂਬੇਦਾਰੀ ਦੀ ਝਾਕ ਸਿੱਖ ਆਗੂਆਂ ਦੇ ਮਨ ਵਿੱਚ ਕਿਤੇ ਨਾ ਕਿਤੇ ਅੰਗੜਾਈ ਭਰ ਰਹੀ ਹੈ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜਭਾਗ ਹੱਸਦੇ ਵਸਦੇ ਪੰਜਾਬ ਤੇ ਹੀ ਕੀਤਾ ਜਾ ਸਕੇਗਾ,ਬੰਜਰ,ਬੀਆਵਾਨ ਅਤੇ ਸਿਵਿਆਂ ਦੀ ਰਾਖ ਹੋਏ ਪੰਜਾਬ ਤੇ ਰਾਜ ਕਰਨ ਦੀ ਝਾਕ ਲਾਉਣ ਵਾਲੇ ਆਗੂਆਂ ਨੂੰ ਪੜਿਆ ਵਿਚਾਰ ਲੈਣਾ ਚਾਹੀਦਾ ਹੈ,ਕਿ ਜੇਕਰ ਇਤਿਹਾਸ ਨੇ ਤੇਜੇ,ਪਹਾੜੇ,ਲਾਲੇ,ਗੁਲਾਬੇ ਤੇ ਧਿਆਨੇ ਵਰਗਿਆਂ ਦੇ ਵਿਸ਼ਵਾਸਘਾਤੀ ਕਿਰਦਾਰ ਨੂੰ ਅਪਣੇ ਕਾਲੇ ਪੰਨਿਆਂ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਤਾਂ ਮੌਜੂਦਾ ਸਿੱਖ ਆਗੂਆਂ ਦੀ ਕੌਮ ਧਰੋਹੀ ਦਾ ਹਿਸਾਬ ਵੀ ਇਤਿਹਾਸ ਦੇ ਉਹਨਾਂ ਸ਼ਾਹ ਕਾਲੇ ਪੰਨਿਆਂ ਤੇ ਹੀ ਅੰਕਤ ਹੋਵੇਗਾ,ਜਿਸ ਨੂੰ ਪੜ ਕੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਸ਼ਰਮਸਾਰ ਹੋਇਆ ਕਰਨਗੀਆਂ।
ਬਘੇਲ ਸਿੰਘ ਧਾਲੀਵਾਲ
99142-58142
ਘੱਟ ਗਿਣਤੀਆਂ ਅਤੇ ਦਲਿਤਾਂ ਦੇ ਪਿੱਛੇ ਹੱਥ ਧੋਕੇ ਪਈਆਂ ਭਾਰਤੀ ਕੱਟੜਪੰਥੀ ਤਾਕਤਾਂ ਦਾ ਟਾਕਰਾ ਕਰਨ ਲਈ ਸਮੁੱਚੇ ਰੂਪ ਵਿੱਚ ਜਥੇਬੰਦ ਹੋਣ ਦੀ ਲੋੜ - ਬਘੇਲ ਸਿੰਘ ਧਾਲੀਵਾਲ
ਬੜੇ ਲੰਮੇ ਸਮੇ ਤੋਂ ਦੇਖਿਆ ਜਾ ਰਿਹਾ ਹੈ ਕਿ ਭਾਰਤ ਅੰਦਰ ਸਿੱਖਾਂ ਦੀ ਪਛਾਣ ਅਤੇ ਨਿਆਰੀ,ਨਿਰਾਲੀ ਹੋਂਦ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ,ਦੋ ਹਜਾਰ ਮੁਸਲਮਾਨਾਂ ਦੇ ਕਤਲਿਆਮ ਅਤੇ ਸੱਠ ਹਜਾਰ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਸਿੱਧੇ ਰੂਪ ਵਿੱਚ ਜੁੰਮੇਵਾਰ ਗੁਜਰਾਤ ਦੀ ਮੁਤੱਸਬੀ ਸਰਕਾਰ ਨੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਬੁੱਤ ਸਥਾਪਤ ਕਰਕੇ ਇੱਕ ਹੋਰ ਵਾਰ ਬੜੇ ਟੇਢੇ ਢੰਗ ਨਾਲ ਸਿੱਖ ਵਿਚਾਰਧਾਰਾ,ਸਿੱਖ ਸਿਧਾਂਤ ਅਤੇ ਸਿੱਖ ਫਲਸਫੇ ਨੂੰ ਹਿੰਦੂ ਧਰਮ ਦੇ ਕਰਮਕਾਂਡਾਂ ਵਿੱਚ ਰਲਗਡ ਕਰਨ ਦੀ ਮਨਸਾ ਨਾਲ ਕੀਤਾ ਹੈ।ਪਹਿਲਾਂ ਨਾਨਕ ਸ਼ਾਹ ਫਕੀਰ ਫਿਲਮ ਦਾ ਪਰਦੇ ਤੇ ਆਉਣਾ ਅਤੇ ਹੁਣ ਦਾਸਤਾਨ ਏ ਮੀਰੀ ਪੀਰੀ ਵਰਗੀ ਫਿਲਮ ਬਨਾਉਣ ਦਾ ਮਕਸਦ ਵੀ ਗੁਜਰਾਤ ਵਿੱਚ ਲਾਏ ਗਏ ਗੁਰੂ ਨਾਨਕ ਸਾਹਿਬ ਦੇ ਬੁੱਤ ਵਾਲੀ ਸਾਜਿਸ਼ ਦੀ ਕੜੀ ਦਾ ਹੀ ਹਿੱਸਾ ਹੈ।ਮੁਸਲਮਾਨਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ,ਦਲਿਤਾਂ ਤੇ ਜਬਰ ਜੁਲਮ ਹੱਦਾਂ ਬੰਨੇ ਤੋੜਦਾ ਜਾ ਰਿਹਾ ਹੈ,ਜਦੋਂ ਕਿ ਇਹ ਸਾਰਾ ਕੁੱਝ ਗੈਰ ਵਾਜਬ ਅਤੇ ਗੈਰ ਮਨੁੱਖੀ ਹੈ। ਜਦੋਂ ਇੱਕੀਵੀਂ ਸਦੀ ਦੇ ਅਤਿ ਅਧੁਨਿਕ ਯੁੱਗ ਦੇ ਪਸਾਰੇ ਨੇ ਦੁਨੀਆਂ ਨੂੰ ਹਜਾਰਾਂ ਮੀਲ ਦੀ ਦੂਰੀ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਦੇ ਐਨਾ ਕਰੀਬ ਕਰ ਦਿੱਤਾ ਹੈ ਕਿ ਦੁਨੀਆਂ ਸੱਚਮੁੱਚ ਹੀ ਮੁੱਠੀ ਵਿੱਚ ਆ ਗਈ ਪਰਤੀਤ ਹੁੰਦੀ ਹੈ,ਉਸ ਮੌਕੇ ਭਾਰਤੀ ਕੱਟੜਪੰਥੀ ਤਾਕਤਾਂ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜ ਕੇ ਦਿਲਾਂ ਵਿੱਚ ਦੂਰੀਆਂ ਵਧਾਉਣ ਦਾ ਅਤਿ ਖਤਰਨਾਕ ਕਦਮ ਚੁੱਕਣ ਲਈ ਬਜਿੱਦ ਹਨ ਅਤੇ ਫਿਰਕੂ ਨਫਰਤ ਦੀ ਹਨੇਰੀ ਨਾਲ ਸਾਰਾ ਕੁੱਝ ਨਸਟ ਕਰਨ ਤੇ ਤੁਲੀਆਂ ਹੋਈਆਂ ਹਨ।ਹਿੰਦੂ ਮੁਸਲਮ ਅਤੇ ਹਿੰਦੂ ਸਿੱਖਾਂ ਵਿੱਚ ਨਫਰਤ ਦੇ ਪਾੜੇ ਨੂੰ ਪੂਰਨ ਦੀ ਜਗਾਹ ਹੋਰ ਵਧਾਇਆ ਜਾ ਰਿਹਾ ਹੈ।ਧਾਰਮਿਕ ਫਿਰਕਾਪ੍ਰਸਤੀ ਨੂੰ ਹਵਾ ਦੇਕੇ ਬਹੁ ਗਿਣਤੀ ਨੂੰ ਘੱਟ ਗਿਣਤੀਆਂ ਦੇ ਖਿਲਾਫ ਨਫਰਤ ਦੀ ਪਾਣ ਦੇ ਕੇ ਲਾਮਬੰਦ ਕੀਤਾ ਜਾ ਰਿਹਾ ਹੈ।ਆਪਸੀ ਪਿਆਰ ਦੀ ਥਾਂ ਕੁੜੱਤਣ ਵਾਲਾ ਮਹੌਲ ਸਿਰਜਿਆ ਜਾ ਰਿਹਾ ਹੈ।ਇਹ ਵੀ ਸੱਚ ਹੈ ਕਿ ਕੇਂਦਰੀ ਹਕੂਮਤ ਹਥਿਆਉਣ ਲਈ ਫਿਰਕੂ ਨਫਰਤ ਸਭ ਤੋ ਕਾਰਗਰ ਹਥਿਆਰ ਸਾਬਤ ਹੋ ਰਹੀ ਹੈ।ਸੈਕੜੇ ਸਾਲਾਂ ਦੀਆਂ ਸਾਝਾਂ ਨੂੰ ਤੋੜਨ ਲਈ ਧਰਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ,ਜਦੋ ਕਿ ਕੋਈ ਵੀ ਧਰਮ ਨਫਰਤ ਕਰਨ ਦੀ ਨਾ ਹੀ ਸਿੱਖਿਆ ਦਿੰਦਾ ਹੈ ਅਤੇ ਨਾ ਹੀ ਇਜਾਜਤ ਦਿੰਦਾ ਹੈ,ਇਸ ਦੇ ਬਾਵਜੂਦ ਭਾਰਤੀ ਕੱਟੜਵਾਦ ਵੱਲੋਂ ਫਿਰਕੂ ਵਿਤਕਰੇ ਨੂੰ ਅਸਲ ਧਰਮ ਸਮਝਿਆ ਜਾ ਰਿਹਾ ਹੈ।ਭਾਰਤ ਦੀ ਸਭ ਤੋ ਸਕਤੀਸ਼ਾਲੀ ਕੱਟੜਵਾਦੀ ਸੰਸਥਾ ਆਰ ਐਸ ਐਸ, ਜਿਸਦੀ ਭਾਰਤੀ ਸਿਸਟਮ ਤੇ ਮਜਬੂਤ ਪਕੜ ਹੈ ਅਤੇ ਕੇਂਦਰੀ ਹਕੂਮਤਾਂ ਦਾ ਪੂਰਾ ਨਿਯੰਤਰਣ ਹਮੇਸਾਂ ਆਪਣੇ ਕੋਲ ਰੱਖਦੀ ਹੈ,ਉਹ ਸੰਸਥਾ ਇੱਕੀਂਵੀ ਸਦੀ ਦੇ ਅਧੁਨਿਕ ਯੁੱਗ ਨੂੰ ਹਜਾਰਾਂ ਸਾਲ ਪਿੱਛੇ ਘੁੱਪ ਹਨੇਰੇ ਵੱਲ ਲੈਕੇ ਜਾਣ ਲਈ ਤਿਆਰ ਬੈਠੀ ਹੈ,ਜਦੋ ਮੰਨੂਵਾਦ ਦੀ ਵਰਣਵੰਡ ਨੇ ਸਿਰਫ ਤੇ ਸਿਰਫ ਹਿੰਦੂ ਸਮਾਜ ਦੇ ਬ੍ਰਾਹਮਣ ਅਤੇ ਖੱਤਰੀ ਨੂੰ ਹੀ ਜਿੰਦਗੀ ਜਿਉਣ ਦੇ ਪੂਰਨ ਅਧਿਕਾਰ ਦਿੱਤੇ ਹੋਏ ਸਨ।ਨਾਗਪੁਰੀ ਸੋਚ ਦੇ ਇਸ ਖਤਰਨਾਕ ਏਜੰਡੇ ਮੁਤਾਬਿਕ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਣਾ ਇਸ ਗੱਲ ਵੱਲ ਸਪੱਸਟ ਸੰਕੇਤ ਕਰਦਾ ਹੈ ਕਿ ਭਾਰਤ ਅੰਦਰ ਸਿੱਖਾਂ,ਮੁਸਲਮਾਨਾਂ ਅਤੇ ਦਲਿਤਾਂ ਦਾ ਭਵਿੱਖ ਸੁਰਖਿਅਤ ਨਹੀ ਰਹਿ ਸਕੇਗਾ।ਇਹਦੇ ਵਿੱਚ ਵੀ ਕੋਈ ਅਤਿਕਥਨੀ ਨਹੀ ਕਿ ਦੇਸ਼ ਦੇ ਬਹੁ ਗਿਣਤੀ ਲੋਕ ਕੱਟੜਪੰਥੀ ਪ੍ਰਚਾਰ ਦਾ ਪਰਭਾਵ ਕਬੂਲ ਚੁੱਕੇ ਹਨ,ਜਿਸ ਦੀ ਉਦਾਹਰਣ ਦੇਸ਼ ਵਿੱਚ ਹੋਈਆਂ ਸਤਾਰਵੀਆਂ ਲੋਕ ਸਭਾ ਚੋਣਾਂ ਵਿੱਚ ਹੋਈ ਭਾਜਪਾ ਦੀ ਰਿਕਾਰਡ ਤੋੜ ਜਿੱਤ ਤੋਂ ਸਭ ਦੇ ਸਾਹਮਣੇ ਹੈ,ਜਦੋ ਕਿ ਮੋਦੀ ਸਰਕਾਰ ਵੱਲੋਂ ਆਪਣੀ ਪਿਛਲੀ ਪਾਰੀ ਵਿੱਚ ਨੋਟਬੰਦੀ ਕਰਕੇ ਆਮ ਲੋਕਾਂ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਗਿਆ ਸੀ ਅਤੇ ਜੀ ਐਸ ਟੀ ਨਾਲ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਦਾ ਘਾਣ ਕੀਤਾ ਗਿਆ ਸੀ,ਇਸ ਦੇ ਬਾਵਜੂਦ ਵੀ ਦੁਵਾਰਾ ਫਿਰ ਮੋਦੀ ਲਹਿਰ ਦਾ ਮਤਲਬ ਸਾਫ ਹੈ ਕਿ ਦੇਸ਼ ਦੇ ਬਹੁ ਗਿਣਤੀ ਲੋਕ ਭਾਜਪਾ ਅਤੇ ਆਰ ਐਸ ਐਸ ਦੀ ਨਫਰਤ ਦੀ ਰਾਜਨੀਤੀ ਦੇ ਕਾਇਲ ਹੋ ਚੁੱਕੇ ਹਨ,ਜਿਹੜੇ ਆਪਣੇ ਕਾਰੋਬਾਰਾਂ ਵਿੱਚ ਅੰਤਾਂ ਦਾ ਨੁਕਸਾਨ ਝੱਲ ਕੇ ਵੀ ਆਰ ਐਸ ਐਸ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਨੂੰ ਪੂਰਾ ਹੋਇਆ ਦੇਖਣਾ ਚਾਹੁੰਦੇ ਹਨ।ਸਾਇਦ ਭਾਰਤ ਹੁਣ ਇਸਲਾਮਿਕ ਮੁਲਕਾਂ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਇੱਕੋ ਇੱਕ ਅਜਿਹਾ ਮੁਲਕ ਬਨਣਾ ਲੋਚਦਾ ਹੈ,ਜਿਹੜਾ ਹਿੰਦੂ ਰਾਸ਼ਟਰ ਵਜੋਂ ਦੇਖਿਆ ਜਾਣਿਆ ਤੇ ਸੁਣਿਆ ਜਾਵੇ,ਇਹਦੇ ਲਈ ਭਾਂਵੇਂ ਸਿੱਖਾਂ,ਮੁਸਲਮਾਨਾਂ,ਇਸਾਈਆਂ ਦੀ ਹੋਂਦ ਮਿਟਾਉਣ ਅਤੇ ਦਲਿਤਾਂ ਤੇ ਜਬਰ ਜੁਲਮ ਦੇ ਸਾਰੇ ਹੱਦਾਂ ਬੰਨੇ ਤੋੜਨੇ ਕਿਉਂ ਨਾ ਪੈ ਜਾਣ।ਬੀਤੇ ਦਿਨੀ ਆਂਧਰਾ ਪਰਦੇਸ ਦੇ ਬੱਕੀ ਸ੍ਰੀ ਨਿਵਾਸ ਨਾਮ ਦੇ ਤੀਹ ਸਾਲਾ ਦਲਿਤ ਨੌਜੁਆਨ ਦੀ ਸਿਰਫ ਅੰਬ ਚੋਰੀ ਕਰਨ ਦੇ ਮਾਮਲੇ ਵਿੱਚ ਉੱਚ ਜਾਤੀਏ ਲੋਕਾਂ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਨਾਲ ਹੋਈ ਮੌਤ ਦੀਆਂ ਖਬਰਾਂ ਨੇ ਉਪਰੋਕਤ ਖਦਸਿਆਂ ਦੇ ਸੱਚ ਹੋਣ ਤੇ ਸਹੀ ਪਾ ਦਿੱਤੀ ਹੈ।ਜੇ ਇਸ ਤੋ ਥੋੜਾ ਹੋਰ ਪਿੱਛੇ ਵੱਲ ਝਾਤੀ ਮਾਰੀਏ ਤਾਂ ਗੁਜਰਾਤ ਦੇ ਭਵਨਗਰ ਜਿਲੇ ਦੇ ਪਰਦੀਪ ਰਠੌਰ ਨਾਮ ਦੇ ਇੱਕ ਦਲਿਤ ਨੌਜਵਾਨ ਨੂੰ ਘੋੜਸਵਾਰੀ ਕਰਨ ਦੀ ਸਜ਼ਾ ਵੀ ਇਸ ਅਖੌਤੀ ਉੱਚ ਜਾਤੀਏ ਸਮਾਜ ਨੇ ਮੌਤ ਘੋਸਿਤ ਕੀਤੀ ਸੀ।ਸੋ ਇਸ ਸਾਰੇ ਵਰਤਾਰੇ ਤੇ ਚਿੰਤਾ ਵਿਅਕਤ ਕਰਨ ਨਾਲ ਇਹ ਸਮੱਸਿਆ ਹੱਲ ਨਹੀ ਹੋ ਸਕਦੀ,ਇਹਦੇ ਲਈ ਜਿੱਥੇ ਸਮੁੱਚੀਆਂ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਨੂੰ ਇਸ ਗੈਰ ਮਨੁਖੀ ਜਬਰ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਹੋਣਾ ਪਵੇਗਾ,ਓਥੇ ਇਸ ਮੰਨੂਵਾਦੀ ਕੱਟੜ ਸੋਚ ਦੇ ਖਿਲਾਫ ਸਾਂਝੇ ਰੂਪ ਵਿੱਚ ਅਵਾਜ ਬੁਲੰਦ ਕਰਨ ਲਈ ਜਥੇਬੰਦ ਵੀ ਹੋਣਾ ਪਵੇਗਾ।ਇਸ ਲਈ ਇਸ ਨਾਜੁਕ ਮੁੱਦੇ ਤੇ ਸੁਹਿਰਦਤਾ ਨਾਲ ਸੋਚ ਵਿਚਾਰ ਕਰਨ ਦੀ ਜਰੂਰਤ ਹੈ, ਤਾਂ ਕਿ ਅਪਣੇ ਅਪਣੇ ਸੱਭਿਆਚਾਰ,ਆਪਣੀ ਭਾਸ਼ਾ,ਅਤੇ ਅਪਣੀ ਅਪਣੀ ਹੋਂਦ ਨੂੰ ਜਿਉਂਦਾ ਰੱਖਿਆ ਜਾ ਸਕੇ।
ਬਘੇਲ ਸਿੰਘ ਧਾਲੀਵਾਲ
99142-58142
ਲੋਕ ਪੱਖੀ ਨਹੀ ਹੋ ਸਕਦਾ ਭਰਿਸ਼ਟ ਸਿਸਟਮ ਦੀ ਨਿਗਰਾਨੀ ਹੇਠ ਹੋਣ ਵਾਲਾ ਚੋਣ ਸਟੰਟ - ਬਘੇਲ ਸਿੰਘ ਧਾਲੀਵਾਲ
ਇਸ ਵਾਰ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਦੀ ਜਿਉਂਦੀ ਜਾਗਦੀ ਜਾਂ ਮਰੀ ਜਮੀਰ ਦਾ ਫੈਸਲਾ ਕਰਨਗੀਆਂ
ਇਸ ਵਾਰ ਦੀਆਂ ਸਤਾਰਵੀਆਂ ਲੋਕ ਸਭਾ ਚੋਣਾਂ ਨੇ ਨੇ ਬਹੁਤ ਕੌੜੇ ਮਿੱਠੇ ਤੁਜੱਰਬੇ ਛੱਡ ਕੇ ਜਾਣੇ ਹਨ।ਲੋਕਾਂ ਵਿੱਚ ਆਈ ਜਾਗਰੂਕਤਾ ਇਹਨਾਂ ਚੋਣਾਂ ਦੀ ਦੇਣ ਸਮਝੀ ਜਾਵੇਗੀ,ਜਦੋ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਉਹਨਾਂ ਦੀ ਪਿਛਲੀ ਕਾਰਗੁਜਾਰੀ ਤੇ ਲੋਕ ਬੇਝਿਜਕ ਸੁਆਲ ਕਰਦੇ ਦੇਖੇ ਜਾ ਰਹੇ ਹਨ।ਇਹ ਰੁਝਾਨ ਭਾਵੇਂ ਬਹੁਤ ਹੀ ਸ਼ਲਾਘਾਯੋਗ ਸਮਝਿਆ ਜਾ ਰਿਹਾ ਸੀ ਅਤੇ ਇਹ ਮਹਿਸੂਸ ਵੀ ਕੀਤਾ ਜਾਣ ਲੱਗਾ ਸੀ ਕਿ ਹੁਣ ਭਵਿੱਖ ਵਿੱਚ ਕੋਈ ਵੀ ਉਮੀਦਵਾਰ ਲੋਕਾਂ ਨਾਲ ਝੂਠੇ ਵਾਅਦੇ ਕਰਨ ਤੋ ਗੁਰੇਜ ਕਰਿਆ ਕਰੇਗਾ।ਬਿਨਾ ਸ਼ੱਕ ਇਹ ਬਹੁਤ ਹੀ ਚੰਗੀ ਪਿਰਤ ਪਈ ਹੈ,ਪ੍ਰੰਤੂ ਇਸ ਸਾਰੇ ਵਰਤਾਰੇ ਦੇ ਚਲਦਿਆਂ ਸਿਆਸੀ ਲੋਕਾਂ ਨੇ ਲੋਕਾਂ ਵਿੱਚ ਆਪ ਮੁਹਾਰੇ ਚੱਲੀ ਇਸ ਜਾਗਰੂਕਤਾ ਲਹਿਰ ਨੂੰ ਵੀ ਗਲਤ ਪਾਸੇ ਨੂੰ ਤੋਰ ਦਿੱਤਾ ਹੈ। ਸ਼ੁਰੂ ਸ਼ੁਰੂ ਵਿੱਚ ਇਸ ਲਹਿਰ ਨੇ ਸਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਪਰਭਾਵਤ ਕੀਤਾ,ਪਰੰਤੂ ਕੁੱਝ ਦਿਨਾਂ ਬਾਅਦ ਇਸ ਲੋਕ ਲਹਿਰ ਦੇ ਗੁੱਸੇ ਦਾ ਸ਼ਿਕਾਰ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਵੀ ਹੋਣ ਲੱਗੇ।ਇਸ ਲਹਿਰ ਨੂੰ ਗ੍ਰਹਿਣ ਲੱਗਦਾ ਉਸ ਸਮੇ ਪਰਤੀਤ ਹੋਇਆ ਜਦੋ ਰਵਾਇਤੀ ਸਿਆਸੀ ਪਾਰਟੀਆਂ ਨੇ ਅਪਣੇ ਖਿਲਾਫ ਉੱਠੇ ਇਸ ਲੋਕ ਰੋਹ ਦਾ ਵਹਿਣ ਉਲਟ ਦਿਸ਼ਾ ਵੱਲ ਮੋੜ ਦਿੱਤਾ।ਪਿਛਲੇ ਦਿਨਾਂ ਤੋ ਦੇਖਿਆ ਜਾ ਰਿਹਾ ਹੈ ਕਿ ਹਰ ਰੋਜ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਕਾਲ਼ੀਆਂ ਝੰਡੀਆਂ ਦਿਖਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ।ਇਹ ਕਾਲ਼ੀਆਂ ਝੰਡੀਆਂ ਦਿਖਾਉਣ ਪਿੱਛੇ ਦੀ ਅਸਲ ਮਨਸ਼ਾ ਹੁਣ ਕਿਸੇ ਤੋ ਲੁਕੀ ਛੁਪੀ ਨਹੀ ਹੈ।ਰਵਾਇਤੀ ਪਾਰਟੀਆਂ ਨੇ ਅਪਣੇ ਖਿਲਾਫ ਉੱਠ ਲੋਕ ਰੋਹ ਨੂੰ ਬੇਅਸਰ ਕਰਨ ਦੇ ਇਰਾਦੇ ਨਾਲ ਅਪਣੇ ਅਪਣੇ ਮੁੱਖ ਵਿਰੋਧੀ ਉਮੀਦਵਾਰਾਂ ਖਿਲਾਫ ਅਪਣੇ ਪਾਰਟੀ ਵਰਕਰਾਂ ਨੂੰ ਕਾਲ਼ੀਆਂ ਝੰਡੀਆਂ ਨਾਲ ਲੈਸ ਕਰਕੇ ਵਿਰੋਧ ਕਰਨ ਲਈ ਤਿਆਰ ਕੀਤਾ ਹੈ।ਇਹ ਪਹਿਲਾਂ ਹੀ ਤਿਆਰ ਕੀਤੀ ਜੋਯਨਾ ਤਹਿਤ ਕਰਵਾਏ ਗਏ ਵਿਰੋਧ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਏ ਤੇ ਵਾਇਰਲ ਕੀਤੀਆਂ ਜਾਂਦੀਆਂ ਹਨ।ਇਸ ਸਿਆਸੀ ਰੁਝਾਨ ਨੇ ਲੋਕ ਲਹਿਰ ਦਾ ਮੁੱਖ ਮੋੜ ਕੇ ਅਪਣੇ ਮੁਤਾਬਿਕ ਢਾਲ ਲਿਆ ਹੈ,ਜਿਹੜਾ ਲੋਕਾਂ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।ਪਿਛਲੇ ਕਾਫੀ ਸਮੇ ਤੋ ਲੋਕ ਚੋਣਾਂ ਮੌਕੇ ਹੁੰਦੀਆਂ ਲੜਾਈਆਂ ਤੋ ਟਾਲ਼ਾ ਵੱਟਣ ਲੱਗੇ ਸਨ। ਸਿਆਸੀ ਲੋਕਾਂ ਪਿੱਛੇ ਲੱਗ ਕੇ ਪਿੰਡਾਂ ਵਿੱਚ ਅਪਣੀ ਭਾਈਚਾਰਕ ਸਾਂਝ ਨੂੰ ਤੋੜ ਕੇ ਪਾਈਆਂ ਦੁਸ਼ਮਣੀਆਂ ਨੇ ਜਿੱਥੇ ਪਿੰਡਾਂ ਦੇ ਵਿਕਾਸ਼ ਨੂੰ ਬੁਰੀ ਤਰਾਂ ਪਰਭਾਵਤ ਕੀਤਾ,ਓਥੇ ਇਹਨਾਂ ਚੋਣਾਂ ਦੌਰਾਨ ਬਣੀਆਂ ਮਾਰੂ ਧੜੇਬੰਦੀਆਂ ਨੇ ਸੈਕੜੇ ਘਰਾਂ ਦੇ ਦੀਵੇ ਗੁੱਲ ਕੀਤੇ ਹਨ।ਪਿਛਲੇ ਕੁੱਝ ਸਾਲਾਂ ਤੋ ਲੋਕ ਇਹਨਾਂ ਲੜਾਈ ਝਗੜਿਆਂ ਤੋ ਤੋਬਾ ਕਰਕੇ ਵੋਟਾਂ ਦੀਆਂ ਧੜੇਬੰਦੀਆਂ ਨੂੰ ਵੋਟਾਂ ਤੱਕ ਹੀ ਸੀਮਤ ਰੱਖਣ ਵੱਲ ਤੁਰੇ ਹੋਏ ਸਨ,ਪਰੰਤੂ ਇਸ ਵਾਰ ਚੰਗੀ ਦਿਸ਼ਾ ਵੱਲ ਪੁੱਟੇ ਗਏ ਕਦਮ ਨੂੰ ਸਿਆਸੀ ਪਾਰਟੀਆਂ ਵੱਲੋਂ ਗਲਤ ਪਾਸੇ ਮੋੜਾ ਦੇਕੇ ਦੁਵਾਰਾ ਫਿਰ ਲੋਕਾਂ ਨੂੰ ਪੁਰਾਣੀਆਂ ਧੜੇਬੰਦੀਆਂ ਵਿੱਚ ਵੰਡਣ ਵਾਲਾ ਮਹੌਲ ਸਿਰਜਿਆਂ ਜਾ ਰਿਹਾ ਹੈ।ਇਸ ਸਾਰੇ ਵਰਤਾਰੇ ਦਾ ਅਸਲ ਮਕਸਦ ਲੋਕ ਪੱਖੀ ਉਮੀਦਵਾਰਾਂ ਨੂੰ ਅੱਗੇ ਆਉਣ ਤੋ ਰੋਕਣਾ ਹੈ।ਰਾਜਨੀਤਕ ਖੇਡ ਦੇ ਪੁਰਾਣੇ ਖਿਡਾਰੀਆਂ ਨੇ ਭਰਿਸਟਾਚਾਰ ਨਾਲ ਇਕੱਠ ਕੀਤੇ ਬੇਅਥਾਹ ਪੈਸੇ ਦੀ ਦੁਰਬਰਤੋਂ ਅਤੇ ਅਸੀਮ ਸਾਧਨਾਂ ਦਾ ਫਾਇਦਾ ਉਠਾਕੇ ਲੋਕਾਂ ਦੇ ਉਮੀਦਵਾਰਾਂ ਦੀ ਜਿੱਤ ਨੂੰ ਹਰ ਹੀਲੇ ਹਾਰ ਵਿੱਚ ਤਬਦੀਲ ਕਰਨਾ ਹੈ,ਉਹ ਭਾਵੇਂ ਪਟਿਆਲੇ ਤੋ ਪੰਜਾਬ ਸਰਕਾਰ ਦੇ ਖਿਲਾਫ ਚੋਣ ਲੜ ਰਹੇ ਡਾ ਧਰਮਵੀਰ ਗਾਂਧੀ ਹੋਣ ਜਾਂ ਖਡੂਰ ਸਾਹਿਬ ਤੋ ਜਿੱਤ ਦੇ ਬਿਲਕੁਲ ਕਰੀਬ ਸਮਝੀ ਜਾਣ ਵਾਲੀ,ਲੰਮੇ ਸਮੇ ਤੋ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਆ ਰਹੀ ਬੀਬੀ ਪਰਮਜੀਤ ਖਾਲੜਾ ਹੋਵੇ, ਜਦੋ ਸਮੁੱਚੇ ਤੰਤਰ ਦਾ ਸਾਰਾ ਜੋਰ ਉਹਨਾਂ ਨੂੰ ਇਸ ਲੜਾਈ ਵਿੱਚ ਮਾਤ ਦੇਣ ਲਈ ਲੱਗਾ ਹੋਵੇ ਤਾਂ ਨਤੀਜਿਆਂ ਤੋ ਕੋਈ ਹੈਰਾਨੀ ਨਹੀ ਹੋਣੀ ਚਾਹੀਦੀ।ਰਾਜਨੀਤਕ ਲੋਕ ਹਮੇਸਾਂ ਹੀ ਪੰਜਾਬ ਦੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਫਾਇਦਾ ਲੈ ਕੇ ਜਿੱਤਦੇ ਰਹੇ ਹਨ ਤੇ ਪੰਜਾਬ ਦੇ ਲੋਕ ਦੇਸ਼ ਦੀ ਅਜਾਦੀ ਤੋ ਬਾਅਦ ਲਗਾਤਾਰ ਹਾਰਦੇ ਆ ਰਹੇ ਹਨ।ਜੇਕਰ ਥੋੜਾ ਹੋਰ ਪਿੱਛੇ ਵੱਲ ਝਾਤ ਮਾਰੀਏ ਤਾਂ ਕਹਿ ਸਕਦੇ ਹਾਂ ਕਿ ਲੋਕ 1947 ਵਿੱਚ ਤਾਂ ਦੂਜੀ ਵਾਰ ਹਾਰੇ ਸਨ,ਪਰੰਤੂ ਅਸਲ ਹਾਰ ਤੇ ਮਾਰ ਤਾਂ 1839 ਨੂੰ ਪੈ ਗਈ ਸੀ,ਜਦੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਨੂੰ ਆਖਰੀ ਫਤਿਹ ਬੁਲਾ ਦਿੱਤੀ ਅਤੇ ਅਕਿਰਤਘਣ ਡੋਗਰਿਆਂ ਨੇ ਇਸ ਨਾਜਕ ਸਮੇ ਦਾ ਫਾਇਦਾ ਉਠਾਕੇ ਇੱਕ ਇੱਕ ਕਰਕੇ ਮਹਾਰਾਜੇ ਦੇ ਖਾਨਦਾਨ ਨੂੰ ਖਤਮ ਕਰ ਦਿੱਤਾ। ਖਾਲਸਾ ਪੰਥ ਉਸੇ ਦਿਨ ਤੋ ਲਗਾਤਾਰ ਹਾਰਦਾ ਆ ਰਿਹਾ ਹੈ,ਜਦੋ ਡੋਗਰਿਆਂ ਪਿੱਛੇ ਲੱਗ ਕੇ ਖਾਨਾਜੰਗੀ ਦੇ ਰਾਹ ਪੈ ਗਿਆ ਸੀ।ਖਾਲਸੇ ਦੀ ਮੁਕੰਮਲ ਹਾਰ ਦਾ ਐਲਾਨ ਰਸਮੀ ਤੌਰ ਤੇ ਤਾਂ ਭਾਵੇਂ 1849 ਨੂੰ ਕੀਤਾ ਗਿਆ,ਜਦੋ ਅੰਗਰੇਜ ਹਕੂਮਤ ਨੇ ਮਹਾਰਾਜਾ ਦਲੀਪ ਸਿੰਘ ਦੀ ਬਾਲ ਅਵਸਤਾ ਦਾ ਬਹਾਨਾ ਬਣਾ ਕੇ ਖਾਲਸਾ ਰਾਜ ਦੀ ਮੁਅਤਲੀ ਦਾ ਐਲਾਨ ਕਰ ਦਿੱਤਾ ਅਤੇ ਖਾਲਸਾ ਰਾਜ ਦੇ ਆਖਰੀ ਬਾਦਸਾਹ ਨੂੰ ਪਾਲਣ ਪੋਸਣ ਦੇ ਬਹਾਨੇ ਉਹਨੂੰ ਉਹਦੀ ਮਿੱਟੀ ਪੰਜਾਬ ਅਤੇ ਮਾਂ ਮਹਾਰਾਣੀ ਜਿੰਦ ਕੌਰ ਤੋ ਦੂਰ ਕਰਨ ਲਈ ਇੰਗਲੈਡ ਭੇਜ ਦਿੱਤਾ।ਦੂਜੀ ਵਾਰ ਪੰਜਾਬੀ ਉਦੋ ਹਾਰੇ ਜਦੋ ਉਹਨਾਂ ਦੇ ਅੰਦਰੋਂ ਆਪਣੇ ਖੁੱਸੇ ਰਾਜਭਾਗ ਦੀ ਮੁੜ ਪਰਾਪਤੀ ਦੀ ਤਾਂਘ ਅਸਲੋਂ ਹੀ ਮਰ ਮੁੱਕ ਗਈ ਤੇ ਉਹਨਾਂ ਨੂੰ ਭਾਰਤ ਮਾਤਾ ਦੇ ਭਗਤ ਬਣਾਕੇ ਦੇਸ਼ ਦੀ ਅਜਾਦੀ ਲਈ ਵਰਤਿਆ ਤਾਂ ਗਿਆ,ਪਰੰਤੂ ਅਜਾਦੀ ਤੋਂ ਬਾਅਦ ਚਲਾਕ ਬ੍ਰਾਹਮਣਵਾਦੀ ਸੋਚ ਨੇ ਹਕੂਮਤ ਤੇ ਕਾਬਜ ਹੁੰਦਿਆਂ ਹੀ ਮੁਢਲੇ ਹੱਕ ਹਕੂਕਾਂ ਤੋਂ ਵਾਂਝੇ ਕਰ ਦਿੱਤਾ।ਉਦੋਂ ਤੋ ਲੈ ਕੇ ਅੱਜ ਤੱਕ ਭਾਵ 72 ਸਾਲਾਂ ਤੋਂ ਸਮੁੱਚੇ ਪੰਜਾਬੀ ਲਗਾਤਾਰ ਹਾਰਦੇ ਆ ਰਹੇ ਹਨ।ਭਾਂਵੇ ਪੰਜਾਬੀ ਕੌਮ ਗੈਰਤਮੰਦ ਅਤੇ ਇਨਸਾਫਪਸੰਦ ਕੌਂਮ ਵਜੋਂ ਦੁਨੀਆਂ ਪੱਧਰ ਤੇ ਜਾਣੀ ਜਾਂਦੀ ਹੈ,ਪਰ ਸਮੇ ਦੇ ਨਾਲ ਇਸ ਕੌਂਮ ਦੇ ਅਣਖੀ ਖੂੰਨ ਵਿੱਚੋਂ ਇੱਕ ਬਹੁਤ ਹੀ ਜਰੂਰੀ ਤੱਤ ਮਰ ਮਿਟ ਗਿਆ ਜਾਪਦਾ ਹੈ,ਜਿਹੜਾ ਹਰ ਗੈਰਤਮੰਦ ਕੌਂਮ ਵਿੱਚ ਹੋਣਾ ਬੇਹੱਦ ਜਰੂਰੀ ਹੈ,ਉਹ ਤੱਤ ਹੈ ਜਿਹੜਾ ਕਿਸੇ ਵੀ ਗੈਰਤੀ ਇਨਸਾਨ ਨੂੰ ਉਹਦੇ ਨਾਲ ਹੋਈਆਂ ਬੇ-ਇਨਸਾਫੀਆਂ,ਧੱਕੇਸ਼ਾਹੀਆਂ ਨੂੰ ਭੁੱਲਣ ਨਹੀ ਦਿੰਦਾ,ਸਗੋਂ ਹਰ ਸਮੇ ਇਨਸਾਫ ਲੈਣ ਲਈ ਅੰਦਰੋਂ ਡੰਗ ਮਾਰਦਾ ਰਹਿੰਦਾ ਹੈ।ਉਹ ਤੱਤ ਅੱਜਕੱਲ ਦੀ ਪੰਜਾਬੀ ਕੌਂਮ ਚੋ ਅਲੋਪ ਹੋ ਚੁੱਕਾ ਜਾਪਦਾ ਹੈ,ਨਹੀ ਤਾਂ ਪੰਜਾਬ ਦੇ ਲੋਕਾਂ ਵਾਰੇ ਜਿਹੜੀ ਇਹ ਧਾਰਨਾ ਬਣੀ ਹੋਈ ਹੈ,ਕਿ ਇਹ ਲੋਕ ਅਪਣੇ ਨਾਲ ਹੋਈਆਂ ਬੇ ਇਨਸਾਫੀਆਂ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ,ਇਹ ਨਹੀ ਸੀ ਬਣ ਸਕਦੀ।ਇਹ ਬਹਾਦਰ ਕਹੀ ਜਾਣ ਵਾਲੀ ਕੌਂਮ ਦੇ ਖੂੰਨ ਵਿੱਚ ਬੇਇਨਸਾਫੀਆਂ ਅਤੇ ਧੱਕੇਸ਼ਾਹੀਆਂ ਬਰਦਾਸਤ ਕਰਨ ਦਾ ਮਾਦਾ ਤਾਂ ਜਰੂਰ ਹੈਸੀ,ਪਰ ਉਹਨਾਂ ਤੋ ਨਿਜਾਤ ਪਾਉਣ ਦੀ ਤਾਂਘ ਉਸ ਤੋ ਵੀ ਜਿਆਦਾ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਸੀ।ਹੁਣ ਸਮਾ ਬਹੁਤ ਬਦਲ ਚੁੱਕਾ ਹੈ।ਸਿਆਸੀ ਲੋਕਾਂ ਨੇ ਜਿੱਥੇ ਚੌਧਰ ਦੀ ਭੁੱਖ ਖਾਤਰ ਅਪਣੀ ਜਮੀਰ ਨੂੰ ਅਸਲੋਂ ਹੀ ਮਾਰ ਲਿਆ ਹੈ,ਓਥੇ ਉਹਨਾਂ ਨੇ ਆਮ ਲੋਕਾਂ ਨੂੰ ਵੀ ਇਸ ਭਿਆਨਕ ਬਿਮਾਰੀ ਦੇ ਮਰੀਜ ਬਣਾ ਦਿੱਤਾ ਹੈ,ਜਿਹੜੇ ਬੇਅਦਬੀਆਂ ਸਮੇਤ ਸੁਬਾਈ ਤੇ ਭਾਰਤੀ ਹਕੂਮਤਾਂ ਵੱਲੋਂ ਦਿੱਤੇ ਗਏ ਡੂਘੇ ਜਖਮਾਂ ਦੇ ਦਰਦ ਨਿਵਾਰਨ ਦੀ ਆਸ ਵੀ ਉਹਨਾਂ ਤੋ ਹੀ ਰੱਖਦੇ ਹਨ।ਸੋ ਇਸ ਖਤਰਨਾਕ ਲੋਕ ਮਾਰੂ ਵਰਤਾਰੇ ਤੇ ਪੰਛੀ ਝਾਤ ਮਰਨ ਤੋਂ ਬਾਅਦ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਦੀ ਜਿਉਂਦੀ ਜਾਂ ਮਰੀ ਜਮੀਰ ਦਾ ਫੈਸਲਾ ਕਰਨਗੀਆਂ।
ਬਘੇਲ ਸਿੰਘ ਧਾਲੀਵਾਲ
99142-58142
ਕੌੜਾ ਸੱਚ : ਕੇਂਦਰੀ ਕੁਹਾੜੇ ਦੇ ਦਸਤੇ ਬਣੇ ਸਿੱਖ ਆਗੂਆਂ ਦੀ ਬਦੌਲਤ ਅੱਜ ਪੰਥ ਅਤੇ ਪੰਜਾਬ ਦੀ ਹਾਲਤ ਚਿੰਤਾਜਨਕ - ਬਘੇਲ ਸਿੰਘ ਧਾਲੀਵਾਲ
ਇਹਦੇ ਵਿੱਚ ਕੋਈ ਸ਼ੱਕ ਦੀ ਰੱਤੀ ਮਾਤਰ ਵੀ ਗੁੰਜਾਇਸ਼ ਨਹੀ ਕਿ ਕੇਂਦਰ ਪੰਜਾਬ ਦਾ ਕਦੇ ਵੀ ਸਕਾ ਨਹੀ ਬਣ ਸਕਦਾ।ਕੇਂਦਰ ਵੱਲੋਂ ਪੰਜਾਬ ਦੀ ਅਣਦੇਖੀ ਹੀ ਨਹੀ ਕੀਤੀ ਜਾ ਰਹੀ ਸਗੋਂ ਪੰਜਾਬ ਨੂੰ ਹਰ ਪੱਖ ਤੋਂ ਕੰਗਾਲ ਬਨਾਉਣ ਵਿੱਚ ਕੋਈ ਵੀ ਕਸਰ ਨਹੀ ਛੱਡੀ ਜਾ ਰਹੀ।ਭਾਂਵੇ ਪੰਜਾਬ ਦੀ ਬਿਗੜ ਚੁੱਕੀ ਆਰਥਿਕਤਾ ਦੀ ਗੱਲ ਹੋਵੇ,ਪੰਜਾਬ ਨੂੰ ਨਸ਼ਿਆਂ ਵਿੱਚ ਡੋਬ ਕੇ ਉਹਨਾਂ ਨੁੰ ਬੌਧਿਕ ਪੱਧਰ ਤੇ ਅਪਾਹਜ ਬਨਾਉਣ ਦੀ ਗੱਲ ਹੋਵੁੇ,ਲੱਚਰ ਗਾਇਕੀ ਰਾਹੀ ਪੰਜਾਬ ਦੀ ਜੁਆਨੀ ਦੀ ਅਣਖ ਗੈਰਤ ਨੂੰ ਅਸਲੋਂ ਮਾਰ ਕੇ ਉਹਨਾਂ ਨੂੰ ਅਪਣੇ ਲਹੂ ਰੱਤੇ ਅਸਲ ਵਿਰਸੇ ਤੋ ਦੂਰ ਕਰਨ ਦੀ ਸਾਜਿਸ਼ ਹੋਵੇ,ਜਾਂ ਫਿਰ ਸਰਕਾਰੀ ਅਤਿਆਚਾਰ ਅਤੇ ਦੋਹਰੇ ਕਨੂੰਨੀ ਮਾਪਦੰਡਾਂ ਦੀ ਮਾਰ ਨਾਲ ਸਿੱਖ ਨੌਜੁਆਨਾਂ ਨੂੰ ਚੁਣ ਚੁਣ ਕੇ ਖਤਮ ਕਰਨ ਜਾਂ ਜੇਲਾਂ ਵਿੱਚ ਸੁੱਟਣ ਦਾ ਅਣਮਨੁੱਖੀ ਵਰਤਾਰਾ ਹੋਵੇ।ਹਰ ਪਾਸੇ ਤੋ ਕੇਂਦਰ ਅਤੇ ਕੁਰਸੀ ਦੀਆਂ ਭੁੱਖੀਆਂ ਸੂਬਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਹੁੰਦੀ ਬਰਬਾਦੀ ਸਾਫ ਦੇਖੀ ਜਾ ਸਕਦੀ ਹੈ।ਇਹ ਵੀ ਚਿੱਟੇ ਦਿਨ ਵਾਂਗ ਸਾਫ ਤੇ ਸਪੱਸਟ ਹੋ ਚੁੱਕਾ ਹੈ ਕਿ ਭਾਰਤ ਦਾ ਕਨੂੰਨ ਤੰਤਰ ਘੱਟ ਗਿਣਤੀਆਂ ਦੇ ਮੁਢਲੇ ਮਨੁਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਸਮਰੱਥ ਨਹੀ ਹੈ,ਕਿਉਂਕਿ ਭਾਤਰ ਦਾ ਰਾਜ ਪ੍ਰਬੰਧ ਚਲਾਉਣ ਵਾਲੀ ਜਮਾਤ ਕੱਟੜਤਾ ਦੀ ਮੁਦੱਈ ਹੈ,ਜਿਸ ਕਰਕੇ ਦੇਸ਼ ਅੰਦਰ ਘੱਟ ਗਿਣਤੀਆਂ ਸੁਰਖਿਅਤ ਨਹੀ ਹਨ।ਦਿੱਲੀ ਦੇ ਤਖਤ ਤੇ ਬੈਠਣ ਵਾਲਾ ਕੋਈ ਵੀ ਸ਼ਖਸ਼ ਜਾਂ ਰਾਜਨੀਤਕ ਪਾਰਟੀਆਂ ਉਸ ਜਮਾਤ ਤੋ ਬੇ-ਬਾਹਰੇ ਹੋ ਕੇ ਬਰਾਬਰਤਾ ਵਾਲਾ ਮਿਸ਼ਾਲੀ ਰਾਜ ਪ੍ਰਬੰਧ ਦੇਣ ਦੇ ਨਾਹਰੇ ਤੇ ਲਾਰੇ ਤਾਂ ਦੇ ਸਕਦੀਆਂ ਹਨ,ਪਰੰਤੂ ਬਰਾਬਰਤਾ ਵਾਲਾ ਸ਼ਾਸ਼ਨ ਦੇਣਾ ਉਹਨਾਂ ਦੇ ਵੱਸ ਵਿੱਚ ਨਹੀ ਹੈ,ਇਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਉਕਤ ਕੱਟੜ ਜਮਾਤ ਭਾਰਤੀ ਤਾਣੇ ਬਾਣੇ ਤੇ ਪੂਰੀ ਤਰਾਂ ਕਾਬਜ ਹੈ,ਹਰ ਉੱਚ ਆਹੁਦੇ ਤੇ ਉਸ ਜਮਾਤ ਦੇ ਵਫਾਦਾਰ ਬੈਠੇ ਹਨ,ਉੱਚ ਅਦਾਲਤ ਵਿੱਚ ਉਹਨਾਂ ਦਾ ਬੋਲਬਾਲਾ ਹੈ,ਚੋਣ ਕਮਿਸ਼ਨ ਉਹਨਾਂ ਦੀ ਪਕੜ ਵਿੱਚ ਹੈ,ਇੱਥੋ ਤੱਕ ਕਿ ਭਾਰਤੀ ਏਜੰਸੀਆਂ ਨੂੰ ਵੀ ਉਸ ਸ਼ਕਤੀਸ਼ਾਲੀ ਕੱਟੜ ਜਮਾਤ ਵੱਲੋਂ ਚਲਾਇਆ ਜਾ ਰਿਹਾ ਹੈ।ਕਿੱਥੇ ਕਿਹੋ ਜਿਹੀ ਗੜਬੜ ਕਰਵਾਉਣੀ ਹੈ,ਇਹ ਸਾਰਾ ਕੁੱਝ ਉਹਨਾਂ ਦੀ ਮਰਜੀ ਅਨੁਸਾਰ ਤਹਿ ਹੁੰਦਾ ਹੈ ਤੇ ਏਜੰਸੀਆਂ ਉਹਨਾਂ ਦੁਆਰਾ ਦਿੱਤੇ ਪਰੋਗਰਾਮ ਨੂੰ ਅਮਲ ਵਿੱਚ ਲੈਕੇ ਆਉਂਦੀਆਂ ਹਨ। ਭਾਵ ਇਹ ਹੈ ਕਿ ਕੇਂਦਰ ਸਰਕਾਰ ਕੱਟੜਵਾਦੀਆਂ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ ਤੇ ਕਰਦੀ ਰਹੇਗੀ।ਹੁਣ ਇਹ ਵੀ ਕਿਸੇ ਤੋ ਲੁਕਿਆ ਨਹੀ ਕਿ ਇਸਾਈ ਪਾਦਰੀਆਂ ਨੂੰ ਅੱਗ ਲਾਕੇ ਫੂਕ ਦੇਣ ਪਿੱਛੇ ਕੌਣ ਲੋਕ ਸਨ,ਸਮਝੌਤਾ ਐਕਸਪ੍ਰੈਸ ਤੇ ਬੰਬ ਧਮਾਕੇ ਵਾਲੇ ਕੋਣ ਹਨ।ਕਸ਼ਮੀਰ ਵਿੱਚ ਗੜਬਣ ਕਰਵਾਉਣ ਦੀ ਅਸਲ ਸੂਤਰਧਾਰ ਕੌਣ ਹੈ? ਜਵਾਬ ਵਿੱਚ ਕੱਟੜਵਾਦੀਆਂ ਦੀ ਹਿੰਦੂ ਜਮਾਤ ਦਾ ਨਾਮ ਹੀ ਉੱਭਰ ਕੇ ਸਾਹਮਣੇ ਆਵੇਗਾ,ਜਿਹੜੀ ਕਸ਼ਮੀਰ ਦੇ ਲੋਕਾਂ ਦੀ ਅਜਾਦੀ ਦਾ ਹੱਕ ਹੀ ਨਹੀ ਖੋਂਹਦੀ,ਸਗੋਂ ਉੱਥੇ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ਜਾਂ ਤਾ ਖਤਮ ਕਰ ਦੇਣਾ ਚਾਹੁੰਦੀ ਹੈ,ਜਾਂ ਫਿਰ ਕਸ਼ਮੀਰ ਚੋ ਕੱਢ ਦੇਣਾ ਚਾਹੁੰਦੀ ਹੈ,ਇਹ ਹੀ ਹਾਲ ਇੱਕ ਨਾਂ ਇੱਕ ਦਿਨ ਪੰਜਾਬ ਦਾ ਵੀ ਹੋਣ ਵਾਲਾ ਹੈ,ਜਿਸ ਦੇ ਆਪਣੇ ਹੀ,ਨਿੱਜੀ ਲੋਭ ਲਾਲਸਾ ਕਾਰਨ ਕਿਸੇ ਨਾ ਕਿਸੇ ਰੂਪ ਵਿੱਚ ਇਹਦੀ ਬਰਬਾਦੀ ਦੀਆਂ ਸਾਜਿਸ਼ਾਂ ਦੇ ਭਾਗੀਦਾਰ ਬਣੇ ਹੋਏ ਹਨ।ਪੰਜਾਬ ਦੀ ਕਿਸਾਨੀ ਨੂੰ ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਨੇ ਖਾ ਲਿਆ,ਮਜਦੂਰ ਨੂੰ ਲੋੜੋਂ ਵੱਧ ਆਈ ਮਸ਼ੀਨਰੀ ਨੇ ਖਾ ਲਿਆ, ਜੁਆਨੀ ਨੂੰ ਬੇਰੋਜਗਾਰੀ ਨੇ ਖਾ ਲਿਆ,ਬੇਰੋਜਗਾਰੀ ਦੇ ਝੰਬੇ ਪੰਜਾਬ ਦੇ ਨੌਜੁਆਨ ਦੀ ਲੜਖੜਾਹਟ ਦਾ ਫਾਇਦਾ ਨਸ਼ਿਆਂ ਦੇ ਤਸਕਰਾਂ ਨੇ ਉਠਾਇਆ,ਨਤੀਜੇ ਵਜੋਂ ਪੰਜਾਬ ਦੀ ਜੁਆਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਲਪੇਟ ਵਿੱਚ ਆ ਗਿਆ,ਬਾਕੀ ਬਚਦੇ ਸਮਝਦਾਰਾਂ ਦੇ ਮਾਪਿਆਂ ਨੂੰ ਪੰਜਾਬ ਤੋ ਭੈਅ ਆਉਣ ਲੱਗਾ ਤੇ ਉਹਨਾਂ ਦੇ ਧੀਆਂ ਪੁੱਤਰਾਂ ਨੇ ਅਪਣਾ ਰੁੱਖ ਵਿਦੇਸ਼ਾਂ ਵੱਲ ਕਰ ਲਿਆ,ਜਿਸ ਦੇ ਫਲਸਰੂਪ ਅੱਜ ਪੰਜਾਬ ਦੇ ਬਹੁ ਗਿਣਤੀ ਘਰਾਂ ਤੇ ਵਿਦੇਸ਼ੀ ਜਿੰਦਰੇ ਲਟਕ ਰਹੇ ਹਨ।ਸਚਾਈ ਇਹ ਵੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਜਾਕੇ ਵਸਣ ਦਾ ਸੁਪਨਾ ਬਹੁ ਗਿਣਤੀ ਪੰਜਾਬੀਆਂ ਦਾ ਨਹੀ ਸੀ,ਬਲਕਿ ਇੱਥੇ ਬੜੀ ਚਲਾਕੀ ਨਾਲ ਪਹਿਲਾਂ ਭੇਭੀਤ ਕਰਨ ਵਾਲਾ ਮਹੌਲ ਸਿਰਜਿਆ ਗਿਆ,ਹਰ ਢੰਗ ਨਾਲ ਲੁੱਟਿਆ,ਪੁੱਟਿਆ ਅਤੇ ਕੁੱਟਿਆ ਗਿਆ,ਪਂਜਾਬ ਦਾ ਪਾਣੀ ਜਹਿਰੀਲਾ ਤੇ ਹਵਾ ਦੂਸ਼ਿਤ ਹੋਣ ਕਰਕੇ ਭਿਆਨਕ ਬਿਮਾਰੀਆਂ ਨਾਲ ਸਰੀਰਕ,ਮਾਨਸਿਕ ਅਤੇ ਆਰਥਿਕ ਸੰਤੁਲਿਨ ਬਿਗੜ ਰਿਹਾ ਹੈ,ਜਿਸ ਤੋ ਭੈਭੀਤ ਹੋਏ ਮਾਪਿਆਂ ਨੇ ਅਪਣੇ ਜਿਗਰ ਦੇ ਟੋਟਿਆਂ ਨੂੰ ਸੱਤ ਸਮੁੰਦਰੋਂ ਪਾਰ ਧੱਕਣ ਦਾ ਮਨ ਬਣਾ ਲਿਆ,ਤਾਂਕਿ ਅਪਣਾ ਬੁਢਾਪਾ ਵੀ ਕਿਸੇ ਚੰਗੇ ਮੁਲਕ ਵਿੱਚ ਅਪਣੇ ਪਰਿਵਾਰਾਂ ਨਾਲ ਗੁਜਰ ਸਕੇ।ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹਰ ਕੋਈ ਅਪਣੇ ਬੱਚਿਆਂ ਨੂੰ ਕਿਸੇ ਵੀ ਹੀਲੇ ਪੰਜਾਬ ਚੋ ਕੱਢ ਦੇਣਾ ਚਾਹੁੰਦਾ ਹੈ,ਉਹਦੇ ਲਈ ਭਾਵੇਂ ਜਮੀਨਾਂ ਜਾਇਦਾਦਾਂ ਵੀ ਕਿਉਂ ਨਾ ਵੇਚਣੀਆਂ ਪੈਣ।ਓਧਰ ਪੰਜਾਬ ਦੇ ਜਾਏ ਬਾਹਰ ਜਾ ਰਹੇ ਹਨ,ਤੇ ਏਧਰ ਬਾਹਰਲੇ ਸੂਬਿਆਂ ਤੋ ਆਕੇ ਮਜਦੂਰੀ ਅਤੇ ਕਾਰੋਬਾਰ ਕਰਨ ਦੇ ਨਾਲ ਨਾਲ ਵਸਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਚੰਡੀਗੜ,ਲੁਧਿਆਣਾ,ਅਮ੍ਰਿਤਸਰ ਵਰਗੇ ਮਹਾਂ ਨਗਰਾਂ ਵਿੱਚ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਰਵਾਸੀਆਂ ਦਾ ਬੋਲਬਾਲਾ ਹੈ।ਇਸ ਸਾਰੇ ਵਰਤਾਰੇ ਦੇ ਜੁੰਮੇਵਾਰ ਭਾਂਵੇ ਦਿੱਲੀ ਤੇ ਰਾਜ ਕਰਨ ਵਾਲੇ ਹਨ,ਪਰੰਤੂ ਸਾਡੇ ਆਪਣਿਆਂ ਦੀ ਗੱਲ ਵੀ ਉਪਰ ਕੀਤੀ ਜਾ ਚੁੱਕੀ ਹੈ,ਜਿਹੜੇ ਖੁਦ ਕੁਹਾੜੇ ਦੇ ਦਸਤੇ ਬਣਨ ਲਈ ਆਪਣੇ ਆਪ ਨੂੰ ਪੇਸ ਕਰਨ ਵਿੱਚ ਇੱਕ ਦੂਜੇ ਨੂੰ ਪਛਾੜ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਇਸਤਰਾਂ ਦੇ ਬਣ ਗਏ ਹਨ,ਕਿ ਇੱਥੇ ਹਰ ਕੋਈ ਵਿਕਣ ਨੂੰ ਤਿਆਰ ਖੜਾ ਹੈ। ਪਿਛਲੇ ਸਾਲ ਬੇਅਦਬੀਆਂ ਦਾ ਹਿਸਾਬ ਲੈਣ ਲਈ ਲੱਗੇ ਬਰਗਾੜੀ ਮੋਰਚੇ ਦੀ ਸਮਾਪਤੀ ਮੌਕੇ ਮੋਰਚਾ ਪਰਬੰਧਕਾਂ ਵੱਲੋਂ ਲੋਕਾਂ ਨੂੰ ਇਹ ਭਰੋਸਾ ਦੇਕੇ ਮੋਰਚਾ ਖਤਮ ਕਰ ਦਿੱਤਾ ਗਿਆ ਸੀ ਕਿ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ,ਅਤੇ ਰਹਿੰਦੀਆਂ ਜਲਦੀ ਮੰਨ ਲਈਆਂ ਜਾਣਗੀਆ,ਜਿੰਨਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਤੋ ਬਾਹਰਲੀਆਂ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਵਿੱਚ ਤਬਦੀਲ ਕਰਨਾ ਸ਼ਾਮਿਲ ਸੀ।ਸਿੱਖ ਕੈਦੀਆਂ ਵਾਲੇ ਮੁੱਦੇ ਤੇ ਮੋਰਚਾ ਪਰਬੰਧਕ ਜਿਆਦਾ ਜੋਰ ਦੇਕੇ ਦਲੀਲਾਂ ਦਿੰਦੇ ਰਹੇ ਹਨ ਕਿ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਸ ਤੇ ਅਮਲ ਸੁਰੂ ਹੋ ਜਾਵੇਗਾ।ਭਾਵੇ ਆਮ ਸਿੱਖਾਂ ਵੱਲੋਂ ਇਸ ਪੰਥ ਵਿਰੋਧੀ ਸਮਝੌਤੇ ਕਰਕੇ ਮੋਰਚਾ ਚਲਾਉਣ ਵਾਲੇ ਜਥੇਦਾਰਾਂ ਨੂੰ ਪਾਣੀ ਪੀ ਪੀ ਕੋਸਿਆ ਗਿਆ ਸੀ,ਪਰ ਇਸ ਵਿਰੋਧਤਾ ਦੇ ਬਾਵਜੂਦ ਵੀ ਜਥੇਦਾਰਾਂ ਸਮੇਤ ਮੋਰਚਾ ਪ੍ਰਬੰਧਕ ਅਪਣੇ ਇਸ ਫੈਸਲੇ ਨੂੰ ਸਹੀ ਠਹਿਰਾਉੰਦੇ ਆ ਰਹੇ ਹਨ,ਜਦੋ ਕਿ ਹਾਲਾਤ ਇਹ ਬਣ ਰਹੇ ਕਿ ਸਰਕਾਰਾਂ ਨੇ ਪੰਜਾਬੋਂ ਬਾਹਰ ਜੇਲਾਂ ਵਿੱਚ ਬੰਦ ਸਿੱਖਾਂ ਨੂੰ ਤਾਂ ਪੰਜਾਬ ਵਿੱਚ ਕੀ ਲੈ ਕੇ ਆਉਣਾ ਸੀ,ਸਗੋ ਪੰਜਾਬ ਵਿੱਚ ਬੰਦ ਸਿੱਖਾਂ ਨੂੰ ਪੰਜਾਬ ਤੋ ਬਾਹਰ ਭੇਜਣ ਦੀਆਂ ਤਿਆਰੀਆਂ ਹੋਣ ਲੱਗ ਗਈਆਂ ਹਨ। ਜੱਗੀ ਜੌਹਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਤੋ ਦਿੱਲੀ ਤਿਹਾੜ ਜੇਲ ਭੇਜਣ ਦੇ ਨਾਦਰਸ਼ਾਹੀ ਫਰਮਾਨ ਨੇ ਜਿੱਥੇ ਸਿੱਖ ਮਨਾਂ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ,ਓਥੇ ਬਰਗਾੜੀ ਮੋਰਚਾ ਚਲਾਉਣ ਅਤੇ ਪਰਬੰਧਾਂ ਨਾਲ ਜੁੜੇ ਲੋਕਾਂ ਤੇ ਵੀ ਮੁੜ ਤੋ ਉੰਗਲਾਂ ਉੱਠਣ ਲੱਗੀਆਂ ਹਨ।ਹਕੂਮਤਾਂ ਵੱਲੋਂ ਅਜਿਹੇ ਫੈਸਲੇ ਵੀ ਇਸ ਲਈ ਹੀ ਲਏ ਜਾ ਰਹੇ ਹਨ,ਕਿਉਕਿ ਸਿੱਖ ਕੌਮ ਅਪਣੀ ਪਾਟੋਧਾੜ ਕਰਕੇ ਇਨਸਾਫ ਲੈਣ ਦੇ ਸਮਰੱਥ ਨਹੀ ਰਹੀ।ਪੰਥਕ ਆਗੂ ਬਾਦਲਕਿਆਂ ਨੂੰ ਮਾਤ ਦੇਣ ਦੀਆਂ ਗੱਲਾਂ ਕਰਦੇ ਕਰਦੇ ਆਪਸ ਵਿੱਚ ਹੀ ਡਾਂਗੋ ਸੋਟੀ ਹੋਕੇ ਕੌਮ ਦਾ ਜਲੂਸ ਕੱਢਣ ਲੱਗੇ ਹੋਏ ਹਨ।ਅਜਿਹੇ ਸਮੇ ਵਿੱਚ ਪਰਮਾਤਮਾ ਤੇ ਟੇਕ ਰੱਖਣ ਤੋ ਬਗੈਰ ਹੋਰ ਕੋਈ ਚਾਰਾ ਨਹੀ ਰਹਿ ਜਾਂਦਾ।ਸੋ ਆਓ ਸਾਰੇ ਰਲਕੇ ਅਰਦਾਸ ਕਰਨ ਦੇ ਨਾਲ ਨਾਲ ਕੋਈ ਅਜਿਹਾ ਉਦਮ ਵੀ ਕਰੀਏ,ਜਿਸ ਨਾਲ ਪੰਜਾਬ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ,ਨਹੀ ਤਾਂ ਉਹ ਦਿਨ ਦੂਰ ਨਹੀ,ਬਲਕਿ ਬਹੁਤ ਨੇੜੇ ਆ ਰਹੇ ਹਨ,ਜਿੰਨਾਂ ਦੀ ਕਲਪਨਾ ਕਰਕੇ ਰੂਹ ਤੱਕ ਕੰਬ ਜਾਂਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142