ਰਚਨਾਂ - ਮਨਦੀਪ ਗਿੱਲ ਧੜਾਕ
ਕਦੇ ਉਹ ਚੇਲਾ ਤੇ ਕਦੇ ਪੀਰ ਬਣਿਆ ਸੀ।
ਜ਼ਾਲਮਾਂ ਲਈ ਤਲਵਾਰ ਤੇ ਤੀਰ ਬਣਿਆ ਸੀ।
ਸਿੱਖਾਂ ਦੇ ਲਈ ਤਾਂ ਉਹ ਪੀਰ ਬਣਿਆ ਸੀ,
ਵੈਰੀ ਲਈ ਲਿਸ਼ਕਦੀ ਸਮਸ਼ੀਰ ਬਣਿਆ ਸੀ।
ਗੁਰੂ ਪਿਤਾ ਨੂੰ ਬਲੀਦਾਨ ਲਈ ਤੋਰਨ ਵਾਲਾ,
ਕਦੇ ਉਹ ਸਪੁੱਤਰ ਤੇ ਕਦੇ ਵਜ਼ੀਰ ਬਣਿਆ ਸੀ।
ਆਪਾ ਵਾਰ ਖ਼ਾਲਸਾ ਪੰਥ ਨੂੰ ਸਜਾਉਣ ਵਾਲਾ,
ਕੋਈ ਕਿਵੇਂ ਬੁੱਝੇ ਵੱਖਰੀ ਲਕੀਰ ਬਣਿਆ ਸੀ।
ਜੰਗਲਾਂ ਵਿਚ ਫਿਰੇ ਕੱਲਾ ਉਹ ਗੀਤ ਗਾਉਂਦਾ,
ਪੰਥ ਲਈ ਸਰਬੰਸ ਵਾਰ ਫਕੀਰ ਬਣਿਆ ਸੀ।
ਕਿਸੇ ਨੂੰ ਲਗਦਾ ਸੀ ਭਾਵੇਂ ਉਹ ਹੈ ਕਾਫ਼ਰ,
ਬਹੁਤਿਆ ਲਈ ਉੱਚ ਦਾ ਪੀਰ ਬਣਿਆ ਸੀ।
ਜ਼ਾਲਮ ਦੇ ਹਿਰਦੇ ਨੂੰ ਵਲੂੰਧਰਨ ਦੇ ਲਈ,
ਸ਼ਬਦਾਂ ਦਾ ਵੀ ਉਹ ਇੱਕ ਤੀਰ ਬਣਿਆ ਸੀ।
ਦਿੱਸਦਾ ਸੀ ਜਿਸਨੂੰ ਹਰ ਪਾਸੇ ਨੂਰ ਅਲਾਹੀ,
ਪਿਆਸ ਨੂੰ ਜਲ, ਫੱਟਾਂ ਲਈ ਲੀਰ ਬਣਿਆ ਸੀ।
ਮਨਦੀਪ ਗਿੱਲ ਧੜਾਕ
9988111134
ਮਾਤਮ - ਮਨਦੀਪ ਗਿੱਲ ਧੜਾਕ
ਚਾਰੇ ਪਾਸੇ ਯਾਰੋ ਅਜੀਬ ਜਿਹਾ ਮਾਤਮ ਹੈ,
ਫ਼ਿਕਰਾਂ ਦੇ ਵਿੱੱਚ ਪਿਆ ਸਾਰਾ ਆਲਮ ਹੈ।
ਅੰਬਰਾਂ ਉਤੇ ਫਿਰਦਾ ਸੀ ਘਰ ਬਨਾਉਣ ਨੂੰ,
ਅੱਜ ਘਬਰਾਇਆ ਫਿਰਦਾ ਇਹ ਆਦਮ ਹੈ।
ਹੁਣ ਤਾਂ ਲਾਸ਼ਾਂ ਦੇ ਸੌਦੇ ਯਾਰੋ ਹੋਣ ਏਥੇ,
ਕਿਨ੍ਹਾਂ ਹੋਰ ਗਿਰੂ ਬੰਦਾ, ਵੇਖਦਾ ਜ਼ਾਲਮ ਹੈ।
ਬਾਰਾਂ ਕੋਹ ਤੇ ਦੀਵਾ ਕੋਈ - ਕੋਈ ਬਲੇਗਾ,
ਇਹ ਤਾਂ ਕਹਿੰਦੇ! ਕਹਿ ਗਿਆ ਕੋਈ ਦਾਨਮ ਹੈ।
ਅਗਨੀ ਲਈ ਥਾਂ ਨ ਮਿਲੇ ਵਿੱਚ ਸ਼ਮਸ਼ਾਨਾਂ,
ਜੀਵਨ ਦੇਣ ਵਾਲਾ ਬਣਿਆ ਹੁਣ ਜ਼ਾਲਮ ਹੈ।
ਕਿੰਨੇ ਉੱੱਜੜ ਗਏ ਤੇ ਕਿੰਨੇ ਕੁ ਅਜੇ ਵੱੱਸਦੇ ਨੇ,
ਅੰਬਰੀ ਉਡੱੱਦਾ ਝਾਤ ਮਾਰ ਰਿਹਾ ਹਾਕਮ ਹੈ।
ਹੁਣ ਕੀ ਗਿਲਾ- ਸ਼ਿਕਵਾ ਕਰਨਾ ਗਿੱਲ ਤੇਰੇ ਤੇ,
ਤੂੰ ਤਾਂ ਬਣਿਆ ਫਿਰਦਾ ਸਰਕਾਰੀ ਖ਼ਾਦਮ ਹੈ।
ਮਨਦੀਪ ਗਿੱਲ ਧੜਾਕ
9988111134
ਰਚਨਾਂ - ਮਨਦੀਪ ਗਿੱਲ ਧੜਾਕ
ਗੱਲ ਸੁਣੇ ਨਾ ਕੋਈ, ਹਾਕਮ ਹੋਇਆ ਹੰਕਾਰੀ ਹੈ,
ਸਰਕਾਰ ਲੋਕਾਂ ਦੀ, ਪਰ ਨੀਤੀ ਸਰਮਾਏਦਾਰੀ ਹੈ।
ਹੱਕ ਮੰਗਣ ਵਾਲੇ ਨੂੰ ਸਰਕਾਰ ਅੱਤਵਾਦੀ ਕਹਿੰਦੀ,
ਦੇਸ਼ ਧਰੋਹ ਦਾ ਠੱਪਾ ਲਾਉਣਾ ਹੁਣ ਕੰਮ ਸਰਕਾਰੀ ਹੈ।
ਭੁੱਖੀ ਜਨਤਾ ਤੋਂ ਖੋਵੇ ਜੋ ਰੋਟੀ ਦੀ ਬੁਰਕੀ ਨੂੰ,
ਹਾਕਮ ਵੀ ਕਰਦਾ ਹੁਣ ਉਸ ਅਮੀਰ ਦੀ ਤਰਫ਼ਦਾਰੀ ਹੈ।
ਅਨਿਆਂ ਹੁੰਦਾਂ ਵੇਖ ਕੇ ਅੱਖਾਂ ਬੰਦ ਪਏ ਕਰਦੇ ਜੋ,
ਯਾਦ ਰਹੇ ਉਹਨਾਂ ਦੀ ਵੀ ਇੱਕ ਦਿਨ ਆਉਣੀ ਵਾਰੀ ਹੈ।
ਇਹ ਅਫ਼ਸਰਸ਼ਾਹੀ ਹੁਣ ਹੌਸਲਾ ਉਹਨਾਂ ਦਾ ਪਰਖੇਗੀ,
ਜਿਨ੍ਹਾਂ-ਜਿਨ੍ਹਾਂ ਨੇ ਐ ਜ਼ਾਲਮ ਸਰਕਾਰ ਲਲਕਾਰੀ ਹੈ।
ਮਨਦੀਪ ਜ਼ੁਲਮ ਸਹਿਣਾ ਤੇ ਕਰਨਾ ਫ਼ਿਤਰਤ ਚੋਂ ਹੈ ਨਈ,
ਜ਼ਾਲਮ ਨਾਲ ਪੰਗਾ ਲੈਣਾ ਪੰਜਾਬੀ ਦੀ ਗਰਾਰੀ ਹੈ।
ਮਨਦੀਪ ਗਿੱਲ ਧੜਾਕ
9988111134
ਇਹ ਲੋਕਾਂ ਦੀ ਸਰਕਾਰ ਨਹੀਂ - ਮਨਦੀਪ ਗਿੱਲ ਧੜਾਕ
ਇਹ ਲੋਕਾਂ ਦੀ ਸਰਕਾਰ ਨਹੀਂ,
ਸਰਕਾਰ ਹੈ ਸਰਮਾਏਦਾਰਾਂ ਦੀ।
ਇਹਨੂੰ ਅੱਤਵਾਦੀ ਲਗਦੀ ਹੈ,
ਹੱਕ ਮੰਗਦੀ ਕੌਂਮ ਸਰਦਾਰਾਂ ਦੀ।
ਇਹ ਸੱਤਾ ਦੇ ਨਸ਼ੇ ਵਿੱਚ ਮਗ਼ਰੂਰ ਹੈ,
ਸੜਕਾਂ ਤੇ ਰੁਲਦਾ ਕਿਰਸਾਨ-ਮਜ਼ਦੂਰ ਹੈ।
ਸੁਣਾਏ ਇਹ ਆਪਣੇ ਮਨ ਦੀਆਂ ਗੱਲਾਂ,
ਪਰ ਇੱਕ ਨਾ ਸੁਣੇ ਦਿਹਾੜੀਦਾਰਾਂ ਦੀ,
ਇਹ ਸਰਕਾਰ ਹੈ...
ਲੋਕਾਂ ਦੇ ਹੱਕਾਂ ਪਰ ਡਾਕਾਂ ਮਾਰੇ ਜੋ,
ਕਰਜ਼ੇ ਸਰਮਾਏਦਾਰਾਂ ਦੇ ਉਤਾਰੇ ਜੋ I
ਮਾਇਆ ਰਖਦੇ ਵਿਦੇਸ਼ੀ ਬੈਂਕਾਂ ਵਿੱਚ,
ਗੱਲ ਕਰੇ ਕੀ ਕੋਈ ਚੌਕੀਦਾਰਾਂ ਦੀ I
ਇਹ ਸਰਕਾਰ ਹੈ...
ਜਨਤਾ ਨੂੰ ਜੁਮਲਿਆਂ ਨਾਲ ਪਰਚਾਉਂਦੀ ਹੈ,
ਧਰਮਾਂ ਦੇ ਨਾਮ ਤੇ ਜੋ ਵੰਡੀਆਂ ਪਾਉਂਦੀ ਹੈ।
ਗਿੱਲ ਰੌਲਾ ਪਾਵੇ ਜੋ ਮੰਦਰ-ਮਸਜਿਦ ਦਾ,
ਗੱਲ ਕਰੇ ਮੜ੍ਹੀਆਂ-ਮਜਾਰਾਂ ਦੀ ।
ਇਹ ਲੋਕਾਂ ਦੀ ਸਰਕਾਰ ਨਹੀਂ,
ਸਰਕਾਰ ਹੈ ਸਰਮਾਏਦਾਰਾਂ ਦੀ।
ਮਨਦੀਪ ਗਿੱਲ ਧੜਾਕ ,
9988111134
ਮੌਸਮ ਵੈਰੀ - ਮਨਦੀਪ ਗਿੱਲ ਧੜਾਕ
ਕਣਕਾਂ ਦਾ ਰੰਗ ਜਦੋ ਹੁੰਦਾਂ ਹੈ ਹਰੇ ਤੋਂ ਸੁਨਹਿਰੀ,
ਲੱਗਦਾ ਮੌਸਮ ਵੀ ਯਾਰੋ ਫਿਰ ਬਣਦਾ ਹੈ ਵੈਰੀ।
ਬੱਦਲਾਂ ਨੂੰ ਵੇਖ ਕੇ ਕਿਸਾਨ ਦੀ ਜਾਨ ਹੈ ਸੁਕਦੀ ,
ਐਪਰ ਮੌਸਮ ਦਾ ਅਨੰਦ ਮਾਣਦੇ ਯਾਰੋ ਸ਼ਹਿਰੀ ।
ਕਰਜ਼ੇ ਲੈਣੇ ਪਰ ਨਾ ਕਦੇ ਵੀ ਖ਼ਰਚ ਘਟਾਉਣੇ,
ਕਰਕੇ ਲੋਕ ਵਿਖਾਵਾ ਜੱਟ ਬਣਦੇ ਨੇ ਟੋਹਰੀ ।
ਘਰ ਲੁੱਟਾਂ ਏਜੰਟਾਂ ਨੂੰ, ਫੌਰਨ ਜਾਣ ਲਈ ਕਾਹਲੇ,
ਖਾਲੀ-ਖਾਲੀ ਵਿਹੜੇ, ਘਰਾਂ ਵਿਚ ਚੁੱਪ ਠਹਿਰੀ।
ਕਰਜ਼ੇ ਦੀ ਪੰਡ ਥੱਲੇ ਤਾਂ ਲਾਣੇਦਾਰ ਦੱਬਦਾ ਜਾਵੇ ,
ਇਸ ਦੀ ਚੁੱਪ ਯਾਰੋ ਦਿਨੋਂ-ਦਿਨ ਹੁੰਦੀ ਹੈ ਗਹਿਰੀ।
ਪੁੱਤ ਬੇਰੁਜ਼ਗਾਰ, ਫ਼ਸਲ ਤੇ ਮੌਸਮ ਦੀ ਮਾਰ ਹੋਵੇ,
ਵੇਖ ਨੋਟਿਸ ਬੈਂਕਾਂ ਦੇ, ਇਹ ਪੀਣ ਦਵਾਈਆਂ ਜ਼ਹਿਰੀ।
ਗੀਤਾਂ ਵਿੱਚ ਕਰਨ ਮੌਜਾਂ ਤੇ ਬਣਦੇ ਰਾਜੇ-ਮਹਾਰਾਜੇ,
ਪਰ ਗਿੱਲ ਜ਼ਿੰਦਗੀ ਜੱਟਾਂ ਦੀ ਇੱਕ ਥਾਂ ਹੈ ਠਹਿਰੀ ।
ਮਨਦੀਪ ਗਿੱਲ ਧੜਾਕ
9988111134
17 April 2019
ਹੋਲੀ - ਮਨਦੀਪ ਗਿੱਲ ਧੜਾਕ
ਰੰਗਾਂ ਨਾਲ ਭਰਿਆਂ ਯਾਰੋ ਤਿਉਂਹਾਰ ਹੈ ਹੋਲੀ ,
ਪਿਆਰ ਮੁਹੱਬਤ ਭਰਿਆਂ ਇਜ਼ਹਾਰ ਹੈ ਹੋਲੀ ।
ਛੱਡੋ ਨਫ਼ਰਤ ਅਤੇ ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।
ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ ਤਾਂ ਪਿਆਰ ਹੈ ਹੋਲੀ ।
ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾਂ ਦਾ ,
ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ ।
ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ ਰੰਗ ਦੇਸ਼ ਭਗਤੀ ਦਾ ਰੰਗਦਾਰ ਹੈ ਹੋਲੀ ।
ਮਨਦੀਪ ਮਾਣੋ ਰੰਗ ਹਮੇਸਾ ਕੁਦਰਤੀ ਰੰਗਾਂ ਦਾ,
ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।
ਮਨਦੀਪ ਗਿੱਲ ਧੜਾਕ
9988111134
ਵਿੱਛੜੇ ਗਏ ਲਾਲ ਗੁਰੂਆਂ ਦੇ - ਮਨਦੀਪ ਗਿੱਲ ਧੜਾਕ
ਵਿੱਛੜੇ ਗਏ ਲਾਲ ਗੁਰੂਆਂ ਦੇ,
ਵਿੱਛੜ ਗਈਆ ਸੀ ਮਾਵਾਂ।
ਚੜ੍ਹ-ਚੜ੍ਹ ਆਵੇ ਸਰਸਾ,
ਚੜ੍ਹਣ ਘਟਾਵਾਂ ਤੇ ਚੱਲਣ ਤੇਜ ਹਵਾਵਾਂ।
ਬਾਣੀ ਪੜ੍ਹਦੇ , ਵੰਡ ਕੇ ਛਕਦੇ,
ਸਿੱਖ ਗੁਰੂਆਂ ਦੇ ਸਾਰੇ।
ਮਹਿਲਾਂ ਵਿੱਚ ਖੇਡਣ ਲਾਲ ਗੁਰੂਆਂ ਦੇ,
ਜਿਉਂ ਚਮਕਣ ਅੰਬਰੀ ਤਾਰੇ।
ਹੱਸਦੀ- ਵੱਸਦੀ ਅੰਨਦਪੁਰੀ ਨੂੰ,
ਘੇਰਿਆ ਆਣ ਬਲਾਵਾਂ....
ਪਾਪੀ ਪਾਪ ਕਮਾਵਣ ਲੱਗੇ,
ਭੁੱਲ ਕੇ ਖਾਧੀਆਂ ਸੋਹਾਂ।
ਤੱਕ ਕੇ ਪਰਿਵਾਰ ਗੁਰੂ ਦਾ,
ਕਰਦੇ ਜਾਨ-ਮਾਲ ਦੀਆਂ ਲੁੱਟਾ- ਖੋਹਾਂ।
ਲਾ ਕੇ ਸਿਰ-ਧੜ ਦੀ ਬਾਜੀ ਸਿੰਘਾਂ,
ਕਰ ਦਿੱਤੀਆ ਤਲਵਾਰਾਂ ਦੀਆਂ ਛਾਵਾਂ...
ਬਦਲ ਗਰਜਣ, ਤਲਵਾਰਾਂ ਖੜਕਣ,
ਰੂਹ ਧਰਤੀ ਦੀ ਕੰਬੇ I
ਖਿੰਡ ਗਿਆ ਪਰਿਵਾਰ ਦਸਮੇਸ਼ ਦਾ,
ਕੋਈ ਸੱਜੇ, ਕੋਈ ਖੱਬੇ।
ਅੱਗੇ ਦੀ ਅਣਹੋਣੀ ਵਾਪਰੂ,
ਮਨਦੀਪ ਹੱਥ ਜੋੜ ਮੰਗੇ ਦੁਆਵਾਂ ...
ਮਨਦੀਪ ਗਿੱਲ ਧੜਾਕ
9988111134
23 Dec. 2018
ਗੁਰਪੁਰਬ - ਮਨਦੀਪ ਸਿੰਘ ਧੜਾਕ
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ ।
ਘਰ-ਘਰ ਸੁਨੇਹਾ ਪਹੁੰਚਾਈਏ ਬਾਬੇ ਨਾਨਕ ਦਾ ।
ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ ,
ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ ਖੁਆਣੀ ਹੈ ।
ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ...
ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ ।
ਨਾਰੀ ਦੇ ਹੱਕਾਂ ਲਈ ਆਵਾਜ਼ ਵੀ ਉਸ ਉਠਾਈ ਹੈ ,
ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...
ਬਾਬੇ ਨੇ ਖੰਡਨ ਕੀਤਾ ਹੈ ਹਮੇਸ਼ਾਂ ਜਾਤਾ-ਪਾਤਾਂ ਦਾ ,
ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ।
ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...
ਮਨਦੀਪ ਸਿੰਘ ਧੜਾਕ
9988111134
ਕੋਈ ਸਮਝੇ ਨਾ - ਮਨਦੀਪ ਗਿੱਲ ਧੜਾਕ
ਇਹ ਦਿਲ ਹੁੰਦਾ ਹੈ ਨਦਾਨ ਕੋਈ ਸਮਝੇ ਨਾ,
ਕੀਹਨੂੰ ਸੁਣਾਵਾਂ ਦਾਸਤਾਨ ਕੋਈ ਸਮਝੇ ਨਾ।
ਜਾਤਾਂ-ਪਾਤਾਂ, ਧਰਮਾ ਵਿੱਚ ਫਸੀ ਦੁਨੀਆਂ,
ਇਨਸਾਨਾਂ ਨੂੰ ਇਨਸਾਨ ਕੋਈ ਸਮਝੇ ਨਾ।
ਲੋਕੀ ਕਰਨ ਭਰੋਸਾ ਜੁਮਲੇਬਾਜੀ ਤੇ,
ਇਹ ਨੇਤਾ ਬੇਈਮਾਨ ਕੋਈ ਸਮਝੇ ਨਾ।
ਜਿੱਤਣ ਲੱਗਾ ਹੈ ਹਰ ਕੋਈ ਦੁਨੀਆਂ ਨੂੰ,
ਏਥੇ ਨੇ ਸਭ ਮਹਿਮਾਨ ਕੋਈ ਸਮਝੇ ਨਾ।
ਕਿਉਂ ਕਾਤਿਲ ਬਣਦੀ ਦੁਨੀਆਂ ਧੀਆਂ ਦੀ ,
ਧੀ ਹੁੰਦੀ ਘਰ ਦੀ ਸ਼ਾਨ ਕੋਈ ਸਮਝੇ ਨਾ।
ਹੁਣ ਨਾ ਰਹੀਂ ਐ ਸਿਆਸਤ ਭੱਦਰ ਪੁਰਸ਼ਾਂ ਦੀ,
ਕਾਲ਼ੀ ਕੋਲਿਆਂ ਦੀ ਖਾਨ ਕੋਈ ਸਮਝੇ ਨਾ।
ਰੁਕਦੀ ਨਾ ਸਮੇਂ ਦੀ ਚਾਲ ਕਦੇ ਵੀ ਯਾਰੋ,
ਹੁੰਦਾ ਹੈ ਸਮਾਂ ਬਲਵਾਨ ਕੋਈ ਸਮਝੇ ਨਾ।
ਮਨਦੀਪ ਕਹੇ '' ਸੰਭਾਲੋਂ ਵਾਤਾਵਰਣ '',
ਐ ਕੰਮ ਬੜਾ ਹੈ ਮਹਾਨ ਕੋਈ ਸਮਝੇ ਨਾ।
ਮਨਦੀਪ ਗਿੱਲ ਧੜਾਕ
9988111134
ਰਿਸ਼ਤਿਆਂ ਦੀ ਤਾਣੀ - ਮਨਦੀਪ ਗਿੱਲ ਧੜਾਕ
ਰਿਸ਼ਤਿਆਂ ਦੀ ਤਾਣੀ ਯਾਰੋ ਉਲਝਦੀ ਜਾਂਦੀ ਏ ,
ਜਿਉਂ-ਜਿਉਂ ਇਹ ਜ਼ਿੰਦਗੀ ਗੁਜ਼ਰਦੀ ਜਾਂਦੀ ਏ।
ਟੁੱਟਦੇ ਜਾਣ ਹੁਣ ਰਿਸ਼ਤਿਆਂ ਦੇ ਬੰਧਨ ਸਾਰੇ ,
ਸ਼ਰਮੋ-ਹਯਾ ਦੀ ਦੀਵਾਰ ਉਖੜਦੀ ਜਾਂਦੀ ਏ ।
ਪਿਆਰੀ ਹੋਈ ਹੁਣ ਵਿਆਕਤੀਗਤ ਆਜ਼ਾਦੀ ,
ਸਾਝੇ ਘਰਾਂ ਵਿੱਚ ਦੀਵਾਰ ਉਸਰਦੀ ਜਾਂਦੀ ਏ।
ਰਹੀ ਨਾ ਪਹਿਚਾਣ ਕੋਈ ਹੁਣ ਰਿਸ਼ਤਿਆ ਦੀ ,
ਪੱਛਮੀ ਦੀ ਇਹ ਨ੍ਹੇਰੀ ਯਾਾਰੋ ਝੁਲਦੀ ਜਾਂਦੀ ਏ।
ਹੁਣ ਨਾ ਖੜ੍ਹੇ ਦੁੱਖ:ਸੁਖ 'ਚ ਆਢ-ਗੁਆਢ ਕੋਈ ,
ਭਾਈਚਾਰਕ-ਸਾਝ ਵੀ ਹੁਣ ਖੁਰਦੀ ਜਾਂਦੀ ਏ ।
ਗਿੱਲ ਸਮਝ ਨਾ ਆਵੇ ਰਿਸ਼ਤਿਆ ਦੀ ਪਹੇਲੀ ,
ਕਦੇ ਤਾਂ ਉਲਝ ਜਾਵੇ, ਕਦੇ ਸੁਲਝਦੀ ਜਾਂਦੀ ਏ।
ਮਨਦੀਪ ਗਿੱਲ ਧੜਾਕ
9988111134