ਡਿਪਟੀ ਕਮਿਸ਼ਨਰ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਸਮੂਹਿਕ ਸਹੁੰ ਚੁਕਾਈ
ਗੁਰਦਾਸਪੁਰ, 13 ਅਗਸਤ ( ਅਸ਼ਵਨੀ ) - ਨਸ਼ਾ ਮੁਕਤ ਭਾਰਤ ਅਭਿਆਨ (ਐੱਨ.ਐੱਮ.ਬੀ.ਏ.) ਦੀ ਪੰਜਵੀਂ ਵਰ੍ਹੇਗੰਢ ਮੌਕੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਵੱਲੋਂ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਕਰੀਬ 2500 ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇੱਕ ਸਮੂਹਿਕ ਸਹੁੰ ਚੁਕਾਈ ਗਈ। ਇਸ ਮੌਕੇ ਐੱਸ.ਐੱਸ.ਪੀ. ਸ੍ਰੀ ਆਦਿੱਤਯ, ਸਹਾਇਕ ਕਮਿਸ਼ਨਰ (ਜ) ਸ੍ਰੀ ਆਦਿੱਤਯ ਗੁਪਤਾ, ਐੱਸ.ਡੀ.ਐੱਮ. ਗੁਰਦਾਸਪੁਰ ਸ. ਮਨਜੀਤ ਸਿੰਘ ਰਾਜਲਾ, ਸਹਾਇਕ ਕਮਿਸ਼ਨਰ ਸ੍ਰੀ ਰੁਪਿੰਦਰਪਾਲ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਮੀਤ ਕੌਰ, ਆਰ.ਟੀ.ਏ, ਸ੍ਰੀਮਤੀ ਨਵਜੋਤ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸ਼ਕਤੀ ਹੁੰਦੇ ਹਨ ਅਤੇ ਨੌਜਵਾਨਾਂ ਦੀ ਸ਼ਕਤੀ ਦਾ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਨਸ਼ਾ-ਮੁਕਤ ਭਾਰਤ ਅਭਿਆਨ ਵਿੱਚ ਸ਼ਾਮਲ ਹੋਣ। ਦੇਸ਼ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ, ਅੱਜ ਅਸੀਂ ਨਸ਼ਾ-ਮੁਕਤ ਭਾਰਤ ਅਭਿਆਨ ਤਹਿਤ ਇਕੱਠੇ ਪ੍ਰਣ ਕਰਦੇ ਹਾਂ ਕਿ ਨਾ ਸਿਰਫ਼ ਸਮਾਜ, ਪਰਿਵਾਰ ਅਤੇ ਦੋਸਤਾਂ ਨੂੰ, ਸਗੋਂ ਅਸੀਂ ਆਪਣੇ-ਆਪ ਨੂੰ ਵੀ ਨਸ਼ਾ-ਮੁਕਤ ਬਣਾਵਾਂਗੇ ਕਿਉਂਕਿ ਬਦਲਾਅ ਆਪਣੇ-ਆਪ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਪ੍ਰਣ ਦਿਵਾਇਆ ਆਓ ਅਸੀਂ ਸਾਰੇ ਮਿਲ ਕੇ ਆਪਣੇ ਜ਼ਿਲ੍ਹੇ ਗੁਰਦਾਸਪੁਰ ਨੂੰ ਨਸ਼ਾ-ਮੁਕਤ ਕਰਨ ਲਈ ਦ੍ਰਿੜ੍ਹ ਇਰਾਦਾ ਕਰੀਏ।ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ, ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਅਨੀਤਾ, ਹੈੱਡ ਮਾਸਟਰ ਇਕਬਾਲ ਸਮਰਾ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਮੁਕੇਸ਼ ਕੁਮਾਰ, ਪ੍ਰਦੀਪ ਅਰੋੜਾ ਵੀ ਹਾਜ਼ਰ ਸਨ।