MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਨੱਥੂ ਚਾਹਲ ਵਿਖੇ ਮਨਾਇਆ ਗਿਆ 


ਕਪੂਰਥਲਾ, (ਇੰਦਰਜੀਤ)  ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਨੱਥੂ ਚਾਹਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਕਵੀਸ਼ਰੀ ਜਥਿਆਂ ਤੇ ਕਥਾ ਵਾਚਕਾਂ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਚ 1606 ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੂੰ ਸ਼ਹੀਦ ਕਰਨ ਸਮੇਂ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਿਆਂ ‘ਤੇਰਾ ਕੀਆ ਮੀਠਾ ਲਾਗੈ’ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ਤੇ ਪਵਾ ਲਿਆ। ਦੇਗ ਵਿਚ ਉਬਾਲੇ ਵੀ ਖਾਧੇ ਪਰ ਜ਼ੋਰ ਤੇ ਜਬਰ ਅੱਗੇ ਸੀਸ ਨਹੀਂ ਝੁਕਾਇਆ। ਉਹ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਸਨ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।ਗੁਰੂ ਜੀ ਦੀ ਸ਼ਹਾਦਤ ਨੇ ਸਿੱਖਾਂ ਅੰਦਰ ਜਬਰ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਸ੍ਰੀ ਅਕਾਲ ਤਖਤ ਸਾਹਿਬ ਹੋਂਦ ਵਿਚ ਲਿਆਉਣਾ, ਸ਼ਾਹੀ ਫੌਜ ਦਾ ਡੱਟ ਕੇ ਟਾਕਰਾ ਕਰਨਾ, ਉਨ੍ਹਾਂ ਨੂੰ ਕਰਾਰੀ ਹਾਰ ਦੇਣਾ, ਇਸ ਸ਼ਹਾਦਤ ਦੇ ਫਲਸਰੂਪ ਹੀ ਅਮਲ ਵਿਚ ਆਏ। ਪੰਚਮ ਪਾਤਸ਼ਾਹ ਦੀ ਸ਼ਹਾਦਤ ਸਿੱਖਾਂ ਲਈ ਪ੍ਰੇਰਨਾ ਬਣੀ ਜਿਸ ਨੇ ਅੱਗੇ ਜਾ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਤੇ ਨਿਵੇਕਲਾ ਅਤੇ ਨਾ ਮਿਟਣ ਵਾਲਾ ਅਸਰ ਪਾਇਆ। ਇਹ ਸ਼ਹਾਦਤ ਅੱਜ ਵੀ ਸਿੱਖਾਂ ਲਈ ਪ੍ਰੇਰਨਾ ਦਾ ਸੋਮਾ ਹੈ। ਕੌਮੀ ਜਜ਼ਬੇ ਨੂੰ ਹੋਰ ਉਭਾਰਨ ਅਤੇ ਭਵਿੱਖ ਦੀਆਂ ਤਰਜੀਹਾਂ ਤੈਅ ਕਰਨ ਲਈ ਇਹ ਇਤਿਹਾਸ ਹੀ ਵੱਡਮੁੱਲੀ ਸ਼ਕਤੀ ਹੈ। ਸਮੁੱਚੇ ਸਿੱਖ ਜਗਤ ਨੇ ਇਸ ਦਿਹਾੜੇ ਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਣ ਦਾ ਪ੍ਰਣ ਕਰਨਾ ਹੈ। ਸੋ ਆਓ! ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ਵਿਚ ਵਸਾਈਏ। ਇਸ ਮੌਕੇ ਤੇ ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।