MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੋਰਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਾਰਡ ਪੱਧਰੀ ਸੰਪਰਕ ਮੁਹਿੰਮ 

-ਪੁਲਿਸ ਵੱਲੋਂ ਲੋਕਾਂ ਤੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਕਰਵਾਇਆ ਗਿਆ ਪ੍ਰਣ

ਮੋਰਿੰਡਾ, 23 ਅਪ੍ਰੈਲ (ਭਟੋਆ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਵੱਲੋ  ਸ਼ਹਿਰ ਅਤੇ ਇਲਾਕੇ ਵਿੱਚ ਵੱਡੇ ਪੱਧਰ 'ਤੇ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਦੇ ਬਚਾਓ ਲਈ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਪਰਕ ਮੁਹਿੰਮ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ  ਲੜੀ ਤਹਿਤ ਵਾਰਡ ਨੰਬਰ 7 ਵਿਖੇ ਦੋ ਵੱਖੋ ਵੱਖਰੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨਾਂ ਵਿੱਚ ਡੀਐਸਪੀ ਮੋਰਿੰਡਾ ਸ. ਜਤਿੰਦਰ ਪਾਲ ਸਿੰਘ ਮੱਲ੍ਹੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਸ ਮੌਕੇ 'ਤੇ ਵੱਖ ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਡੀਐਸਪੀ ਸ. ਜਤਿੰਦਰ ਪਾਲ ਸਿੰਘ ਮੱਲ੍ਹੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਬੱਚਿਆਂ 'ਤੇ ਖਾਸ ਨਜ਼ਰ ਰੱਖੀ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਬੱਚਾ ਨਸ਼ੇ ਦੀ ਆਦਤ ਵਿੱਚ ਪੈ ਗਿਆ ਹੈ ਤਾਂ ਉਸਨੂੰ ਛੁਪਾਉਣ ਦੀ ਲੋੜ ਨਹੀਂ, ਸਗੋਂ ਪੁਲਿਸ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇ ਅਤੇ ਪੁਲਿਸ ਵੱਲੋਂ ਉਸਦਾ ਇਲਾਜ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਆਪ ਆਗੂ ਨਵਦੀਪ ਸਿੰਘ ਟੋਨੀ,   ਤੋਂ ਇਲਾਵਾ ਸੁਰਜੀਤ ਕੁਮਾਰ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ 'ਤੇ ਵਾਰਡ ਦੀ ਕੌਂਸਲਰ ਬਬੀਤਾ ਰਾਣੀ ਨੇ ਭਰੋਸਾ ਦਵਾਇਆ ਕਿ ਉਹ ਘਰ ਘਰ ਪ੍ਰਚਾਰ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੰਤ ਕਬਾੜੀਆ, ਫੌਜੀ, ਰਾਜੂ, ਰਵੀ ਅਤੇ ਵੱਡੀ ਗਿਣਤੀ ਵਿੱਚ ਸੰਤ ਨਗਰ ਨਿਵਾਸੀ ਵੀ ਸ਼ਾਮਿਲ ਸਨ।