''ਯੁੱਧ ਨਸ਼ਿਆਂ ਵਿਰੁੱਧ'' ਚੱਲ ਰਹੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸਮੇਤ 35 ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ
ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 09 ਅਪ੍ਰੈਲ (ਸੁਰਿੰਦਰ ਸਿੰਘ ਚੱਠਾ)-ਜਿਲਾ ਪੁਲਿਸ ਵੱਲੋ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾ.ਅਖਿਲ ਚੌਧਰੀ IPS ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਅੱਜ ਜਿਲਾ ਪੁਲਿਸ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ 35 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਂਚ ਮੁਹਿੰਮ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਇਲਾਕਿਆਂ ਵਿੱਚ ਚਲਾਈ ਗਈ, ਜਿਸ ਵਿੱਚ 110 ਪੁਲਿਸ ਅਧਿਕਾਰੀ/ਕਰਮਚਾਰੀ ਅਤੇ ਡਰੱਗ ਇੰਸਪੈਕਟਰਜ ਦੀਆਂ ਟੀਮਾਂ ਨੇ ਭਾਗ ਲਿਆ। ਟੀਮਾਂ ਨੇ ਮੈਡੀਕਲ ਸਟੋਰਾਂ 'ਤੇ ਪਹੁੰਚ ਕੇ ਦਵਾਈਆਂ ਦੇ ਸਟਾਕ ਰਜਿਸਟਰ, ਪ੍ਰਚੀ ਲਿਖਤ, ਮਾਨਤਾ ਪ੍ਰਾਪਤ ਲਾਇਸੰਸ, ਵਿਸ਼ੇਸ਼ ਤੌਰ 'ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸੰਬੰਧੀ ਰਿਕਾਰਡ ਜਾਂਚਿਆ ਗਿਆ। ਚੈਕਿੰਗ ਟੀਮਾਂ ਨੇ ਕੁਝ ਥਾਵਾਂ 'ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਵੀ ਉਠਾਏ। ਨਾਲ ਹੀ ਦਵਾਈਆਂ ਦੀ ਮਿਆਦ ਅਤੇ ਪੈਕਿੰਗ ਤੇ ਲਿਖੀ ਜਾਣਕਾਰੀ ਦੀ ਵੀ ਜਾਂਚ ਕੀਤੀ ਗਈ। ਇਹ ਚੈਕਿੰਗ ਸਿਰਫ਼ ਨਿਯਮਾਂ ਦੀ ਉਲੰਘਣਾ ਦੀ ਜਾਂਚ ਤੱਕ ਸੀਮਿਤ ਨਹੀਂ ਸੀ, ਸਗੋਂ ਇਸਦਾ ਮਕਸਦ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਉਪਲਬਧਤਾ 'ਤੇ ਨਿਗਰਾਨੀ ਰੱਖਣ ਦੇ ਨਾਲ ਨਾਲ, ਮੈਡੀਕਲ ਸਟੋਰਾਂ ਨੂੰ ਵੀ ਸੂਚਿਤ ਕਰਨਾ ਸੀ ਕਿ ਅਗਲੇ ਦਿਨਾਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਾਂਚਾਂ ਹੋਣਗੀਆਂ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੈਕਿੰਗ ਦੌਰਾਨ ਸਾਰਿਆਂ ਮੈਡੀਕਲ ਸਟੋਰਾਂ ਨੂੰ ਨਸ਼ਾ ਵਿਰੋਧੀ ਕਾਨੂੰਨ ਅਤੇ ਮੈਡੀਕਲ ਨਿਯਮਾਂ ਦੀ ਪੂਰੀ ਪਾਲਣਾ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ। ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪੁਲਿਸ ਵੱਲੋਂ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਅਤੇ ਅਜਿਹੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਥਾਂ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਝਿਜਕ ਪੁਲਿਸ ਨਾਲ ਸੰਪਰਕ ਕਰਨ। ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।