ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਜਲਗਾਹਾਂ ਬਚਾਓ ਸਾਇੰਸ ਸਿਟੀ ਵਿਖੇ ਵਿਸ਼ਵ ਜਲਗਾਹਾ ਦਿਵਸ ਮਨਾਇਆ ਗਿਆ
ਕਪੂਰਥਲਾ 04 ਜਨਵਰੀ ( ਅਸ਼ੋਕ ਗੋਗਨਾ /ਰਾਹੁਲ ਗੋਗਨਾ ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਜਲਗਾਹਾਂ ਨੂੰ ਬਚਾਉਣ ਤੇ ਸਥਾਈ ਬਣਾਉਣ ਲਈ ਉਤਸ਼ਾਹ ਪੈਦਾ ਕਰਨ ਦੇ ਆਸ਼ੇ ਨਾਲ ਵਿਸ਼ਵ ਜਲਗਾਹਾਂ ਦਿਵਸ ਮਨਾਇਆ ਗਿਆ। ਇਹ ਦਿਨ 1971 ਵਿਚ ਹੋਏ ਰਾਮਸਰ ਸਮਝੌਤੇ ਨੂੰ ਅਮਲ ਵਿਚ ਲਿਆਉਣ ਦੀ ਯਾਦ ਨੂੰ ਤਾਜਾ ਕਰਵਾਉਂਦਾ ਹੈ। ਇਹ ਪ੍ਰੋਗਰਾਮ “ ਸਾਡੇ ਸਾਰਿਆਂ ਦੇ ਸਾਂਝੇ ਸੁਰੱਖਿਅਤ ਭਵਿੱਖ ਲਈ ਜਲਗਾਹਾਂ ਦੀ ਸੰਭਾਲ” ਦੇ ਵਿਸ਼ੇ ਤੇ ਕੇਂਦਰਿਤ ਰਿਹਾ ਅਤੇ ਇਸ ਮੌਕੇ ਪੰਜਾਬ ਭਰ ਦੇ ਵੱਖ—ਵੱਖ ਜ਼ਿਲਿਆਂ ਤੋਂ 150 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਜਲਗਾਹਾਂ ਦੀ ਸਾਂਭ-ਸੰਭਾਲ *ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲਗਾਗਹਾਂ ਜੰਗਲੀ ਜੀਵਾਂ ਅਤੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਲਈ ਦੁਨੀਆਂ ਦੀਆਂ ਸਭ ਤੋਂ ਵੱਧ ਉਤਪਾਦਕ ਵਾਤਾਵਰਣ ਪ੍ਰਣਾਲੀਆਂ ਵਿਚੋਂ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦੀ ਮਦਦ ਦੇ ਨਾਲ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਤੋਂ ਬਚਾਓ ਦੇ ਨਾਲ-ਨਾਲ ਤਾਜੇ ਪਾਣੀ ਦੇ ਸਰੋਤਾਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਇਹਨਾਂ ਜਲਗਾਹਾਂ ਨੇ ਰੋਜ਼ੀ ਰੋਟੀ ਨੂੰ ਬਣਾਈ ਰੱਖਣ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਮਨੁੱਖੀ ਸੱਭਿਆਚਾਰ ਨੂੰ ਇਕ ਆਕਾਰ ਦਿੱਤਾ ਹੈ। ਉਨ੍ਹਾਂ ਜਲਗਾਹਾਂ ਦੀ ਮਹਹੱਤਾ ਉਪਰ ਚਾਨਣਾ ਪਾਉਂਦਿਆ ਕਿਹਾ ਕਿ ਇਹ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਹਨ, ਜਿੱਥੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਕਾਰਬਨ ਡਾਈਅਕਸਾਈਡ ਨੂੰ ਸਟੋਰ ਕਰਨ, ਖੇਤੀਬਾੜੀ, ਮੱਛੀ ਪਾਲਣ,ਸੈਰ—ਸਪਾਟਾ ਦੇ ਸਥਾਨਾਂ ਲਈ ਜਗਲਾਹਾਂ ਦੀ ਅਹਿਮ ਭੂਮਿਕਾ ਹੈ, ਉੱਥੇ ਹੀ ਜੈਵਿਕ ਵਿਭਿੰਨਤਾਂ ਖਾਸ ਕਰਕੇ ਪ੍ਰਵਾਸੀ ਪੰਛੀਆਂ ਦੇ ਅਵਾਸ ਲਈ ਇਹਨਾਂ ਤੋਂ ਬਿਨ੍ਹਾਂ ਕੋਈ ਹੋਰ ਢੁਕਵੀ ਥਾਂ ਨਹੀਂ ਹੋ ਸਕਦੀ। ਇਹਨਾਂ ਤੋਂ ਇਲਾਵਾ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿਚ ਵੀ ਇਹਨਾਂ ਦਾ ਅਹਿਮ ਰੋਲ ਹੈ ਜਿਵੇਂ ਕਿ ਹੜਾਂ ਦੇ ਪਾਣੀ ਨੂੰ ਰੋਕਣ ਲਈ ਇਹ ਕੁਦਰਤੀ ਪ੍ਰਤੀਰੋਧ ਦੇ ਤੌਰ ਤੇ ਵੀ ਕੰਮ ਕਰਦੀਆਂ ਹਨ।ਇਸੇ ਤਰ੍ਹਾਂ ਹੀ ਸਮੁੰਦਰੀ ਤੱਟਾਂ ਦੀ ਰਾਖੀ ਦੇ ਨਾਲ—ਨਾਲ ਵਿਚ ਵੀ ਇਹਨਾਂ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਬੱਚਿਆਂ ਦੇ ਕਰਵਾਏ ਗਏ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਆਰਮੀ ਪਬਲਿਕ ਸਕੂਲ ਬਿਆਸ ਦੇ ਹਨਾਨ ਅਸਰਫ਼ ਨੇ ਪਹਿਲਾ, ਚਣਾਕਿਯ ਇੰਟਰਨੈਸ਼ਨਲ ਸਕੂਲ ਜਲੰਧਰ ਦੀ ਸਾਖਸ਼ੀ ਨੇ ਦੂਜਾ ਜਦੋਂ ਕਿ ਸ਼ਿਵ ਜ਼ੋਤੀ ਸਕੂਲ ਜਲੰਧਰ ਦੇ ਆਰੀਅਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।