ਕਿਸਾਨੀ ਮਸਲਲਿਆ ਸਬੰਧੀ ਕਿਸਾਨ ਜਥੇਬੰਦੀਆਂ ਦੀ ਡੀ.ਐਫ਼.ਐਸ.ਈ. ਜਲੰਧਰ ਨਾਲ ਮੀਟਿੰਗ
* ਡੀ.ਐਫ਼.ਐਸ.ਈ. ਨੇ ਕਿਸਾਨਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
* ਜੇਕਰ ਕਿਸੇ ਵੀ ਕਿਸਾਨ ਦਾ ਪੈਸਾ ਕੱਟਿਆ ਗਿਆ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ: ਆਗੂ
ਸ਼ਾਹਕੋਟ/ਮਲਸੀਆਂ, 12 ਨਵੰਬਰ (ਮੀਡੀਆਂ ਪੰਜਾਬ ਬਿਊਰੋ) ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਦੀ ਸਾਂਝੀ ਮੀਟਿੰਗ ਮੁੜ ਡੀ.ਐਫ਼.ਐਸ.ਈ. ਜਲੰਧਰ ਨਰਿੰਦਰ ਸਿੰਘ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕਤੱਰ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਮੀਟਿੰਗ ’ਚ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਏ ਤੇ ਸ਼ੈਲਰ ਮਾਲਕ ਵੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਕੁੱਝ ਬਾਹਰੋਂ ਆਏ ਝੋਨੇ ਦੇ ਟਰੱਕਾਂ ਜਾਂ ਝੋਨੇ ’ਤੇ ਕੱਟ ਲਗਾਉਣ ਸਮੇਤ ਹੋਰ ਕਈ ਮੁੱਦਿਆਂ ’ਤੇ ਮੀਟਿੰਗ ਦੌਰਾਨ ਖੁੱਲ੍ਹ ਕੇ ਚਰਚਾ ਹੋਈ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨ੍ਹਾਂ ਚਿਰ ਲੋਕਲ ਪੈਡੀ ਦੀ ਲਿਫਟਿੰਗ ਨਹੀਂ ਹੋ ਜਾਂਦੀ ਹੈ, ਉਨ੍ਹਾਂ ਚਿਰ ਕੋਈ ਬਾਹਰੋਂ ਮਾਲ ਨਹੀਂ ਆਵੇਗਾ। ਮੰਡੀਆਂ ’ਚ ਹੋਰ ਸ਼ਿਕਾਇਤਾਂ ਬਾਰਦਾਨੇ ਦੀ ਕਮੀ ਜਾਂ ਲਿਫਟਿੰਗ ਬਾਰੇ ਡੀ.ਐਫ਼.ਐਸ.ਈ. ਨੇ ਮੌਕੇ ’ਤੇ ਅਧਿਕਾਰੀਆਂ ਨੂੰ ਮਸਲਿਆਂ ਦੇ ਹੱਲ ਕਰਨ ਦੇ ਨਿਰੇਦਸ਼ ਦਿੱਤੇ। ਮੀਟਿੰਗ ’ਚ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਸ਼ੈਲਰ ਮਾਲਕ ਜਾਂ ਆੜ੍ਹਤੀਏ ਕੱਟ ਲਗਾ ਕੇ ਕਿਸਾਨਾਂ ਕੋਲੋਂ ਵੱਧ ਮਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦਾ ਪੈਸਾ ਨਹੀਂ ਕੱਟਣ ਦਿੱਤਾ ਜਾਵੇਗਾ। ਇਸ ਮੌਕੇ ਤਿੰਨਾਂ ਜਥੇਬੰਦੀਆਂ ਨੇ ਫ਼ੈਸਲਾ ਦੱਸਿਆ ਕਿ ਜੇਕਰ ਕਿਸੇ ਵੀ ਕਿਸਾਨ ਦਾ ਪੈਸਾ ਕੱਟਿਆ ਗਿਆ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਆੜ੍ਹਤੀਆ ਵਾਧੂ ਪੈਸੇ ਕੱਟਦਾ ਹੈ ਤਾਂ ਮਸਲਾ ਤੁਰੰਤ ਕਿਸਾਨ ਜਥੇਬੰਦੀਆਂ ਦੇ ਧਿਆਨ ’ਚ ਲਿਆਂਦਾ ਜਾਵੇ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਲਵਿੰਦਰ ਸਿੰਘ ਜਾਣੀਆਂ, ਨਿਰਮਲ ਸਿੰਘ ਢੰਡੋਵਾਲ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਆਗੂ ਲਖਵੀਰ ਸਿੰਘ ਲੋਹੀਆਂ, ਭਾਕਿਯੂ (ਏਕਤਾ ਉਗਰਾਹਾਂ) ਦੇ ਆਗੂ ਮੋਹਣ ਸਿੰਘ ਬੱਲ, ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ, ਕੁੰਦਨ ਸਿੰਘ, ਮਲਕੀਤ ਸਿੰਘ ਈਦਾ ਆਦਿ ਹਾਜ਼ਰ ਸਨ।