MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਨੁੱਖੀ ਕਦਰਾਂ ਕੀਮਤਾਂ ਮਨੁੱਖ ਦੇ ਵਿਅਕਤੀਤਵ ਦਾ ਸ਼ੀਸ਼ਾ ਹੁੰਦੀਆਂ ਹਨ- ਲੋਕ ਹਿਤੈਸ਼ੀ ਸੱਥ


ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 'ਮਨੁੱਖੀ ਕਦਰਾਂ ਕੀਮਤਾਂ ਮਨੁੱਖ ਦੇ ਵਿਅਕਤੀਤਵ ਦਾ ਸ਼ੀਸ਼ਾ ਹੁੰਦੀਆਂ ਹਨ' ਵਿਸ਼ੇ ਤਹਿਤ ਸਰਕਾਰੀ ਹਾਈ ਸਕੂਲ ਲਾਲੇਆਣਾ ਬਠਿੰਡਾ ਵਿਖੇ ਲੋਕ ਹਤੈਸ਼ੀ ਸੱਥ ਬਠਿੰਡਾ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਰਿਟਾਇਰਡ ਪ੍ਰਿੰਸੀਪਲ ਸ੍ਰ. ਹਰਬੰਸ ਸਿੰਘ ਜੀ ਨੇ ਆਪਣੇ ਭਾਸ਼ਣ ਦੇ ਰਾਹੀਂ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ ਦਿਨੋ-ਦਿਨ ਵਪਾਰੀਕਰਨ ਹੋ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਵਿੱਚ ਸਿਰਫ ਅੰਕ ਪ੍ਰਾਪਤ ਕਰਨ ਦੀ ਦੌੜ ਲੱਗੀ ਹੋਈ ਹੈ ਅਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਦਿਨੋ-ਦਿਨ ਢਾਹ ਲੱਗ ਰਹੀ ਹੈ ਸਿੱਟੇ ਵਜੋਂ ਵਿਦਿਆਰਥੀ ਇੱਕ ਮਸ਼ੀਨ ਦਾ ਪੁਰਜਾ ਬਣ ਕੇ ਰਹਿ ਗਏ ਹਨ। ਸ੍ਰ. ਦਰਸ਼ਨ ਸਿੰਘ ਜੀ ਲਾਲੇਆਣਾ ਅਤੇ ਸ੍ਰ. ਦਰਸ਼ਨ ਸਿੰਘ ਜੀ ਭੁੱਲਰ ਨੇ ਬੱਚਿਆਂ ਨੂੰ ਸਹਿਯੋਗ, ਅਨੁਸ਼ਾਸਨ ,ਮਾਨਸਿਕ ਸਿਹਤ, ਵੱਡਿਆਂ ਦਾ ਸਤਿਕਾਰ ਆਦਿ ਪਹਿਲੂਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਅਨੁਸ਼ਾਸਨ ਹਰ ਵਿਅਕਤੀ ਦੇ ਜੀਵਨ ਦਾ ਥੰਮ ਹੁੰਦਾ ਹੈ ਜੋ ਉਸਦੇ ਸਫਲ ਜੀਵਨ ਦੀ ਨੀਂਹ ਬਣਦਾ ਹੈ। ਸ੍ਰ. ਹਰਮੰਦਰ ਸਿੰਘ ਪੀਟੀਆਈ ਨੇ ਆਈਆਂ ਹੋਈਆਂ ਮੋਹਤਬਰ ਸ਼ਖਸ਼ੀਅਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੇ ਪੁਰਾਣੇ ਅਮੀਰ ਪੰਜਾਬੀ ਵਿਰਸੇ ਦੀ ਮਹੱਤਤਾ 'ਤੇ ਚਾਨਣਾ ਪਾਇਆ। ਸਕੂਲ ਮੁਖੀ ਸ੍ਰ. ਜਗਤਾਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਹਤੈਸੀ ਸੱਥ ਦੀ ਸਮੂਹ ਟੀਮ ਵੱਲੋਂ ਮਨੁੱਖੀ ਕਦਰਾਂ ਕੀਮਤਾਂ ਨੂੰ ਜੀਵਤ ਰੱਖਣ ਦੇ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸਲਾਂਗਾ ਯੋਗ ਹਨ ਅਤੇ ਸਮੇਂ ਦੀ ਮੁੱਖ ਲੋੜ ਵੀ ਹਨ। ਲੋਕ ਹਤੈਸ਼ੀ ਸੱਥ ਵੱਲੋਂ ਚੁਣੇ ਜਾਣ ਵਾਲੇ ਬੈਂਸਟ ਸਰੋਤੇ (ਵਿਦਿਆਰਥੀ) ਨੂੰ 1100 ਰੁਪਏ ਦੀ ਨਕਦ ਰਾਸ਼ੀ, ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਸਟੇਜ ਦਾ ਸੰਚਾਲਨ ਵਿਦਿਆਰਥਣ ਸਿਮਰਨ ਨੇ ਬਾਖੂਬੀ ਅਦਾ ਕੀਤਾ। ਸ੍ਰੀਮਤੀ ਜਗਦੀਪ ਕੌਰ ਅੰਗਰੇਜ਼ੀ ਅਧਿਆਪਕਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮੇਂ ਸਕੂਲ ਦਾ ਸਮੂਹ ਸਟਾਫ ਸ਼੍ਰੀ ਰਿਪੂਜੀਤ ਸਿੰਘ, ਸ੍ਰੀ ਬਲਜੀਤ ਸਿੰਘ, ਸ੍ਰੀ ਜਸਪਾਲ ਸਿੰਘ, ਸ੍ਰੀਮਤੀ ਕਰਨਵੀਰ ਕੌਰ, ਸ੍ਰੀ ਸਤਵਿੰਦਰ ਸਿੰਘ, ਸ਼੍ਰੀਮਤੀ ਰਾਜਵੀਰ ਕੌਰ ਅਤੇ  ਵਿਦਿਆਰਥੀ ਹਾਜ਼ਰ ਸਨ।