MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਾਮਰੇਡ ਤੱਗੜ ਵੱਲੋਂ ਕਿਸਾਨ ਸੰਘਰਸ਼ ਦੀ ਇਤਿਹਾਸਕ ਜਿੱਤ ਲਈ ਇਨਕਲਾਬੀ ਵਧਾਈ

* ਸੰਘਰਸ਼ ਦੀ ਜਿੱਤ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਅਤੇ ਮੋਦੀ ਸਰਕਾਰ ਦੇ ਜ਼ੁਲਮਾਂ ਨੂੰ ਕਾਲੇ ਅੱਖਰਾਂ ਵਿੱਚ ਉਕਰਿਆ ਜਾਵੇਗਾ

ਜਲੰਧਰ 20 ਨਵੰਬਰ (ਰਮੇਸ਼ ਗਾਬਾ) ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰੇਤ ਮੈਂਬਰ , ਜ਼ਿਲ੍ਹਾ ਜਲੰਧਰ - ਕਪੂਰਥਲਾ ਦੇ ਸਕੱਤਰ ਅਤੇ ਆਲ ਇੰਡੀਆ ਕਿਸਾਨ ਸਭਾ ਦੀ ਪੰਜਾਬ ਕਿਸਾਨ ਇਕਾਈ ਪੰਜਾਬ ਕਿਸਾਨ ਸਭਾ ਦੇ ਲੰਬਾ ਸਮਾਂ  ( 22 ਸਾਲ ) ਜਨਰਲ ਸਕੱਤਰ ਰਹੇ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਤਾਨਾਸ਼ਾਹੀ ਅਤੇ ਫਾਸ਼ੀ  ਰੁਚੀਆਂ ਦੀ ਮਾਲਕ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਇਤਿਹਾਸਕ ਕਿਸਾਨ ਸੰਘਰਸ਼ ਨਾਲ ਰੱਦ ਕਰ ਦੇਣ ਦਾ ਐਲਾਨ ਕਰਨ ਲਈ ਮਜਬੂਰ ਕਰ ਦੇਣ ਵਾਸਤੇ ਭਾਰਤ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਨਕਲਾਬੀ ਵਧਾਈਆਂ ਪੇਸ਼ ਕੀਤੀਆਂ  ਹਨ ।  ਕਾਮਰੇਡ ਤੱਗੜ ਨੇ ਕਿਹਾ ਕਿ ਜਿੱਥੇ ਸਮੁੱਚੇ ਭਾਰਤ ਦੇ ਕਿਸਾਨ ਵਧਾਈਆਂ ਅਤੇ ਸ਼ਲਾਘਾ ਦੇ ਪਾਤਰ ਹਨ ਉੱਥੇ ਸਮੂਹ  ਦੇਸ਼ ਵਾਸੀ , ਮਿਹਨਤਕਸ਼ ਅਤੇ ਜਮਹੂਰੀਅਤ ਪਸੰਦ ਲੋਕ ਵੀ ਇਸ ਇਤਿਹਾਸਕ ਜਿੱਤ ਦੇ ਹੱਕਦਾਰ ਹਨ ਜਿਨ੍ਹਾਂ ਕਿਸਾਨਾਂ ਦੇ ਸੱਦੇ ਤੇ ਵਾਰ ਵਾਰ ਭਾਰਤ ਬੰਦ ਕਰਕੇ ਦੇਸ਼ ਭਰ ਵਿਚ ਬਾਰ - ਬਾਰ ਰੇਲਾਂ ਜਾਮ , ਸੜਕਾਂ ਜਾਮ , ਦੇਸ਼ ਵਿਆਪੀ ਹੜਤਾਲਾਂ ਕਰਕੇ ਸਮੁੱਚੇ ਦੇਸ਼ ਨੂੰ ਕਿਸਾਨ ਸੰਘਰਸ਼  ਦੀ ਪਿੱਠ ਤੇ ਲਿਆ ਖੜ੍ਹਾ ਕੀਤਾ । ਕਾਮਰੇਡ ਤੱਗੜ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਇਹ ਮਹਾਨ ਜਿੱਤ ਜਿੱਥੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ , ਉੱਥੇ ਮੋਦੀ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਕੁਚਲਣ ਲਈ ਕੀਤੇ ਗਏ ਜ਼ੁਲਮ , ਘਟੀਆ  ਤੇ ਕਮੀਨੀਆਂ ਸਾਜ਼ਿਸ਼ਾਂ ਅਤੇ ਬਦਨਾਮ ਕਰਨ ਲਈ ਲਾਈਆਂ ਗਈਆਂ ਘਿਨਾਉਣੀਆਂ ਤੇ ਨਾ ਮੁਆਫ ਕਰਨਯੋਗ ਊਜਾਂ ਇਤਹਾਸ ਵਿਚ ਕਾਲੇ ਪੰਨਿਆਂ ਦੇ ਉਕਰੀਆਂ ਜਾਣਗੀਆਂ।  ਕਾਮਰੇਡ ਤੱਗੜ ਨੇ ਅੱਗੇ ਕਿਹਾ ਕਿ ਜਿੱਥੇ ਆਉਣ ਵਾਲੇ ਸਮਿਆਂ ਵਿੱਚ ਇਸ ਕਿਸਾਨ ਸੰਘਰਸ਼ ਨੂੰ ਪ੍ਰੇਰਨਾ ਦੇ ਸਰੋਤ ਵਜੋਂ ਜਾਣਿਆ ਜਾਵੇਗਾ , ਉੱਥੇ ਮੋਦੀ ਸਰਕਾਰ ਵੱਲੋਂ ਕੀਤੀਆਂ ਜ਼ਾਲਮਾਨਾ ਕਾਰਵਾਈਆਂ ਨੂੰ ਵੀ ਇਤਿਹਾਸ ਨਾ ਭੁੱਲੇਗਾ ਅਤੇ ਨਾ ਮੁਆਫ਼ ਕਰੇਗਾ । ਅੰਤ ਵਿੱਚ ਕਾਮਰੇਡ ਤੱਗੜ ਨੇ ਆਸ ਪ੍ਰਗਟ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮਿਆਂ ਵਿੱਚ ਘੱਟੋ - ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖਰੀਦ ਦੀ ਹਰ ਫਸਲ ਵਾਸਤੇ ਗਾਰੰਟੀ ਦਾ ਕਾਨੂੰਨ , ਬਿਜਲੀ ਬਿੱਲ  2020 ਦੀ ਵਾਪਸੀ ਅਤੇ ਹੋਰ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇ  ।