ਸਾਗਰ ਵਿਚ ਤਰਦੇ ਸ਼ਹਿਰਾਂ ਅਤੇ ਅਸਮਾਂਨੀ ਉੱਡਦੀਆਂ ਇਮਾਰਤਾਂ ਵੱਲ ਵਧ ਰਹੀ ਹੈ ਮਨੁੱਖੀ ਸੱਭਿਅਤਾ - ਯਾਦਵਿੰਦਰ ਸਿੰਘ ਸਤਕੋਹਾ
ਇਨਸਾਨ ਆਪਣੇ ਜੀਵਨ ਨੂੰ ਵਿਗਿਆਂਨ ਅਤੇ ਤਕਨੀਕ ਰਾਹੀਂ ਜਿੱਥੇ ਬੇਹੱਦ ਸੁਖਾਲਾ ਅਤੇ ਮਾਣਨਯੋਗ ਬਣਾ ਰਿਹਾ ਹੈ ਉੱਥੇ ਹੀ ਖੁਦ ਦੇ ਦਿਮਾਗ ਦੀਆਂ ਡੂੰਘੀਆਂ ਤਹਿਆਂ ਵਿਚ ਵੱਸਦੀ ਸਨਕ ਅਤੇ ਉਸ ਤੋਂ ਪੈਦਾ ਹੋਏ ਅਜੀਬੋ ਗਰੀਬ ਸ਼ੌੰਕਾਂ ਦੀ ਪੂਰਤੀ ਕਰਨ ਲਈ ਅਜੀਬ ਅਤੇ ਹੈਰਾਂਨਕੁੰਨ ਪ੍ਰਯੋਗ ਕਰਨ ਵਿਚ ਵੀ ਰੁੱਝਾ ਹੋਇਆ ਹੈ। ਐਸੇ ਪ੍ਰਯੋਗਾਂ ਦੇ ਚੱਲਦਿਆਂ ਇਸ ਯੁੱਗ ਵਿੱਚ ਵੱਸ ਰਹੀ ਦੁਨੀਆਂ ਨੇੜ ਭਵਿੱਖ ਵਿਚ ਹੀ ਸ਼ਹਿਰੀਕਰਨ ਅਤੇ ਇਮਾਰਤਸਾਜ਼ੀ ਦੇ ਦਿਲਚਸਪ ਅਤੇ ਆਧੁਨਿਕ ਰੂਪ ਦੇ ਰੂਬਰੂ ਹੋਣ ਜਾ ਰਹੀ ਹੈ। ਦੁਨੀਆਂ ਦੇ ਤਰੱਕੀਸ਼ੁਦਾ ਮੁਲਕ ਖਾਸ ਕਰ ਪੱਛਮੀ ਦੇਸ਼ ਜ਼ਮੀਨਦੋਜ਼ ਸ਼ਹਿਰਾਂ, ਬਾਜ਼ਾਰਾਂ, ਹੋਟਲਾਂ, ਸੜਕਾਂ ਅਤੇ ਟਰਾਂਸਪੋਰਟ ਪ੍ਰਬੰਧ ਦਾ ਨਿਰਮਾਣ ਤਾਂ ਪਹਿਲਾਂ ਹੀ ਕਰ ਚੁੱਕੇ ਹਨ। ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੇ ਸਮੁੰਦਰ ਵਿੱਚ ਬਣਾਉਟੀ ਟਾਪੂ ਬਣਾਉਣ ਦੇ ਪ੍ਰਯੋਗ ਵੀ ਸਫਲਤਾ ਨਾਲ ਨਿਭਾ ਲਏ ਹਨ। ਇਸ ਤੋਂ ਅਗਲਾ ਕਦਮ ਸਾਗਰ ਵਿੱਚ ਨਿਰੰਤਰ ਤਰਦੇ ਅਤੇ ਸਮੇਂ ਸਮੇਂ ਆਪਣੀ ਸਥਿਤੀ ਨੂੰ ਬਦਲ ਸਕਣ ਵਾਲੇ ਸ਼ਹਿਰਾਂ ਅਤੇ ਅੰਬਰ ਵਿਚ ਨਿਰੰਤਰ ਉੱਡਦੀਆਂ ਇਮਾਰਤਾਂ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਿਹਾ ਹੈ।
ਬਿਜ਼ਨਸ ਇਨਸਾਈਡਰ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਨਿਊਯਾਰਕ ਸਥਿਤ ਆਧੁਨਿਕ ਇਮਾਰਤਸਾਜ਼ੀ ਲਈ ਜਾਣੀ ਜਾਂਦੀ ਮਸ਼ਹੂਰ ਡੀਜਾਈਨ ਕੰਪਨੀ 'ਕਲਾਊਡਸ ਆਰਕੀਟੈਕਚਰ ਆਫਿਸ' ਵੱਲੋਂ ਇਕ ਐਸੀ ਟਾਵਰਨੁਮਾਂ ਇਮਾਰਤ ਤਿਆਰ ਕਰਨ ਦੀ ਯੋਜਨਾਂ ਬਣਾਈ ਜਾ ਰਹੀ ਹੈ ਜਿਸ ਦੀਆਂ ਨੀਹਾਂ ਧਰਤੀ ਵਿਚ ਨਹੀਂ ਹੋਣਗੀਆਂ ਬਲਕਿ ਇਹ ਨਿਰੰਤਰ ਹਵਾ ਵਿਚ ਉੱਡਦੀ ਰਹੇਗੀ। ਇਹ ਸੋਚ ਕੇ ਦਿਮਾਗ ਦਾ ਚਕਰਾ ਜਾਣਾ ਸੁਭਾਵਿਕ ਹੈ ਏਨੇ ਵੱਡੇ ਟਾਵਰ ਦਾ ਲਗਾਤਾਰ ਹਵਾ ਵਿਚ ਉੱਡਣਾਂ ਸੰਭਵ ਕਿਵੇਂ ਹੋਵੇਗਾ ? ਦਰਅਸਲ ਇਹ ਇਮਾਰਤ ਧਰਤੀ ਤੋਂ ਕਰੀਬ ਤੀਹ ਹਜ਼ਾਰ ਮੀਲ ਉੱਚੇ ਖਲਾਅ ਵਿਚ ਤਰ ਰਹੇ ਇਕ ਉਪਗ੍ਰਹਿ ਨਾਲ ਇਕ ਬਹੁਤ ਮਜ਼ਬੂਤ ਅਤੇ ਹਜ਼ਾਰਾਂ ਮੀਲਾਂ ਲੰਬੀ ਕੇਬਲ ਤਾਰ ਨਾਲ ਟੰਗੀ ਹੋਵੇਗੀ। ਧਰਤੀ ਤੋਂ ਕੁਝ ਮੀਲ ਉੱਚੀ ਉੱਡਦੀ ਇਹ ਇਮਾਰਤ ਹੁਣ ਤੱਕ ਦਾ ਤਾਮੀਰ ਹੋਇਆ ਸਭ ਤੋਂ ਲੰਮਾਂ ਟਾਵਰ ਹੋਵੇਗਾ। ਕਿਉਂਕਿ ਇਹ ਇਮਾਰਤ ਧਰਤੀ ਤੋਂ ਉੱਪਰ ਉੱਡੇਗੀ ਸੋ ਇਸ ਨੂੰ ਧਰਤੀ ਦੇ ਉੱਤਰੀ ਅਤੇ ਦੱਖਣੀ ਗੋਲਾਅਰਧ ਹਵਾਈ ਰਸਤੇ ਤੇ ਨਿਰੰਤਰ ਗਤੀਸ਼ੀਲ ਰੱਖਿਆ ਜਾਵੇਗਾ। ਅਸਮਾਨ ਵਿਚ ਤਰਦੀ ਇਹ ਇਮਾਰਤ ਰੋਜ਼ ਹਜ਼ਾਰਾਂ ਮੀਲਾਂ ਦਾ ਸਫਰ ਕਰੇਗੀ ਇਸ ਦੇ ਅੰਦਰ ਵੱਸਦੇ ਲੋਕ ਹਰ ਪਲ ਨਵੇਂ ਅਤੇ ਬਦਲਦੇ ਜਾ ਰਹੇ ਭੂ-ਦ੍ਰਿਸ਼ਾਂ ਨੂੰ ਮਾਣਨਗੇ। ਇਸ ਨੂੰ ਸੌਰ-ਊਰਜਾ ਨਾਲ ਹੀ ਚਲਾਇਆ ਜਾਵੇਗਾ ਸੋ ਇਸ ਦਾ ਸਾਰੀ ਕਾਰਜ ਪ੍ਰਣਾਲੀ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਹੋਵੇਗੀ। ਆਰਕੀਟੈਕਚਰ ਆਫਿਸ ਵੱਲੋਂ ਇਸ ਇਮਾਰਤ ਨੂੰ ਦੁਬਈ ਵਿਚ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਦੁਬਈ ਵਿਚ ਪਹਿਲਾਂ ਤੋਂ ਹੀ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਕਰਨ ਲਈ ਢੁਕਵਾਂ ਪ੍ਰਬੰਧ ਮੌਜੂਦ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਦੁਬਈ ਵਿਚ ਏਨੇਂ ਉੱਚੇ ਅਤੇ ਆਧੁਨਿਕ ਟਾਵਰ ਦਾ ਨਿਰਮਾਣ ਕਰਨਾ ਅਮਰੀਕਾ ਦੀ ਨਿਸਬਤ ਚਾਰ ਗੁਣਾਂ ਸਸਤਾ ਹੈ। ਵੈਸੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇਮਾਰਤ ਦੁਨੀਆਂ ਦੇ ਕਿਸ ਹਿੱਸੇ ਵਿਚ ਤਿਆਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਕਿਸੇ ਸਥਾਂਨ ਤੋਂ ਵੀ ਉਪਗ੍ਰਹਿ ਨਾਲ ਜੋੜ ਕੇ ਹਵਾ ਵਿਚ ਚੁੱਕ ਲਿਆ ਜਾਵੇਗਾ ਅਤੇ ਇਹ ਆਪਣੀ ਅੰਤਹੀਣ ਉਡਾਣ ਤੇ ਰਵਾਨਾਂ ਹੋ ਜਾਵੇਗੀ।
ਇਹ ਇਮਾਰਤ ਆਪਣੇ ਆਪ ਵਿਚ ਇਕ ਅਜੂਬਾ ਹੋਵੇਗੀ। ਵੱਖ ਵੱਖ ਭਾਗਾਂ ਵਿਚ ਵੰਡੇ ਇਸ ਵਿਸ਼ਾਲ ਟਾਵਰ ਵਿਚ ਜ਼ਿੰਦਗੀ ਲਈ ਲੋੜੀਂਦੀਆਂ ਸਭ ਸੁੱਖ ਸਹੂਲਤਾਂ ਮੌਜੂਦ ਹੋਣਗੀਆਂ। ਇਹ ਇਕ ਕਿਸਮ ਦੀ ਆਤਮਨਿਰਭਰ ਇਕਾਈ ਦੇ ਰੂਪ ਵਿਚ ਹੋਵੇਗਾ ਜਿਸ ਅੰਦਰ ਸ਼ਾਪਿੰਗ ਮਾਲਜ਼, ਰੇਸਤਰਾਂ, ਦਫਤਰ, ਘਰ, ਕਲੱਬ, ਸਵੀਮਿੰਗ ਪੂਲ, ਖੇਡ-ਘਰ ਇੱਥੋਂ ਤੱਕ ਕੇ ਧਾਰਮਿਕ ਸਥਾਂਨ ਵੀ ਮੌਜੂਦ ਹੋਣਗੇ। ਕਿਉਂਕਿ ਇਹ ਇਮਾਰਤ ਹਮੇਸ਼ਾਂ ਹਵਾ ਵਿਚ ਹੀ ਰਹੇਗੀ ਸੋ ਇਸ ਵਿਚ ਖਾਸ ਤੌਰ ਤੇ ਤਿਆਰ ਉਪ-ਉਡਾਣਾਂ ਰਾਹੀਂ ਹੀ ਦਾਖਲ ਹੋਇਆ ਜਾ ਸਕੇਗਾ ਅਤੇ ਮੁੜ ਧਰਤੀ ਤੇ ਉਤਰਨ ਲਈ ਖਾਸ ਪੈਰਾਸ਼ੂਟ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੇ ਵਸਨੀਕਾਂ ਲਈ ਪਾਣੀ ਦੀ ਪੂਰਤੀ ਕਰਨ ਲਈ ਨਮੀਂ ਭਰਪੂਰ ਬੱਦਲਾਂ ਤੋਂ ਪਾਣੀ ਸੋਖਣ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੀ ਕੁੱਲ ਉਚਾਈ ਜਾਂ ਕਹਿ ਲਉ ਲੰਬਾਈ ਬਾਰੇ ਅਜੇ ਸਟੀਕ ਫੈਸਲਾ ਨਹੀਂ ਲਿਆ ਗਿਆ ਪਰ ਇੱਕ ਅੰਦਾਜ਼ੇ ਮੁਤਾਬਿਕ ਇਹ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ, ਜਿਸ ਦੀ ਉਚਾਈ 868 ਮੀਟਰ ਹੈ ਤੋਂ ਵੀ ਕਈ ਗੁਣਾਂ ਉੱਚੀ ਹੋਵੇਗੀ।
ਭਾਵੇਂ ਕਿ ਮੌਜੂਦਾ ਸਮੇਂ ਵਿਚ ਇਸ ਸਾਰੀ ਵਿਉਂਤਬੰਦੀ ਨੂੰ ਵਿਗਿਆਨ ਦੀ ਇਕ ਸਨਕ ਅਤੇ ਗੈਰ-ਸੰਭਾਵਿਤ ਪ੍ਰੋਜੈਕਟ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ ਪਰ ਨਾਸਾ ਨੇਂ ਇਸ ਮਿਸ਼ਨ ਵਿਚ ਵਰਤੇ ਜਾਣ ਵਾਲੇ ਉਪਗ੍ਰਹਿ ਦੀ ਸਥਿਤੀ ਅਤੇ ਵਿਉਂਤ ਤੈਅ ਕਰਨ ਲਈ 2021 ਤੱਕ ਦੀ ਸਮਾਂ ਹੱਦ ਨਿਸ਼ਚਿਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਲਾਉਡਸ ਆਰਕੀਟੈਕਚਰ ਆਫਿਸ ਨੇਂ ਆਪਣੀ ਨਿੱਜੀ ਵੈਬਸਾਈਟ ਉੱਤੇ ਇਕ ਖਾਸ ਕਾਲਮ ਬਣਾ ਕੇ ਇਸ ਸਾਰੇ ਪ੍ਰੋਜੈਕਟ ਬਾਰੇ ਐਨੀਮੇਸ਼ਨ ਵੀਡੀਉ ਰਾਹੀਂ ਕਾਫੀ ਬਾਰੀਕ ਜਾਣਕਾਰੀ ਮੁਹੱਈਆ ਕਰਵਾਈ ਹੈ, ਜੋ ਕਿ ਵੇਖਣ ਅਤੇ ਜਾਣਨਯੋਗ ਹੈ। ਅਫਿਸ ਵੱਲੋਂ ਤਾਂ ਇਸ ਟਾਵਰ ਦਾ ਨਾਂਅ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਨਾਂਅ ' ਐਨਾਲੇਮਾਂ' ਰੱਖਿਆ ਗਿਆ ਹੈ। ਇਹ ਸ਼ਬਦ ਖਗੋਲ ਵਿਚ ਘੁੰਮਦੇ ਗ੍ਰਹਿ-ਨਛੱਤਰਾਂ ਦੀ ਚਾਲ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ।
ਇਸ ਵਿਸ਼ਾਲ ਪ੍ਰੋਜੈਕਟ ਨਾਲ ਕਈ ਕਿਸਮ ਦੀਆਂ ਹੋਰ ਉਲਝਣਾਂ ਵੀ ਹਨ ਜਿਵੇਂ ਕਿ ਇਸ ਦੇ ਹਵਾਈ ਰਸਤੇ ਵਿਚ ਆਉਣ ਵਾਲੇ ਸਭ ਦੇਸ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਉਡਾਣ ਤੇ ਰਵਾਨਾਂ ਨਹੀਂ ਕੀਤਾ ਜਾ ਸਕੇਗਾ, ਵਗੈਰਾ। ਸੋ ਇਸ ਅਜੂਬੇ ਨੂੰ ਪੂਰੀ ਤਰਾਂ ਸਾਕਾਰ ਹੋਇਆ ਵੇਖਣ ਲਈ ਅਜੇ ਲੰਮੀਂ ਉਡੀਕ ਕਰਨੀਂ ਪਵੇਗੀ ਅਤੇ ਇਹ ਪ੍ਰੋਜੈਕਟ ਬਹੁਤ ਸਾਰੇ ਤਕਨੀਕੀ ਪੜਾਵਾਂ ਅਤੇ ਅਧਿਕਾਰਤ ਮਨਜ਼ੂਰੀਆਂ ਦੀ ਲੰਮੀਂ ਸੂਚੀ ਰਾਹੀਂ ਗੁਜ਼ਰਦਾ ਹੋਇਆ ਪ੍ਰਵਾਨ ਚੜ੍ਹੇਗਾ।
ਅੰਬਰੀਂ ਉੱਡਦੀ ਇਮਾਰਤ ਦੀ ਚਰਚਾ ਤੋਂ ਬਾਅਦ ਸਾਗਰ ਦੇ ਸੀਨੇਂ ਤੇ ਨਿਰੰਤਰ ਤੈਰ ਰਹੇ ਦੁਨੀਆਂ ਦੇ ਸਭ ਤੋਂ ਪਹਿਲੇ ਸ਼ਹਿਰ ਦੇ ਨਿਰਮਾਣ ਦੀ ਯੋਜਨਾ ਬਾਰੇ ਜਾਣਨਾਂ ਵੀ ਘੱਟ ਦਿਲਚਸਪ ਨਹੀਂ ਹੈ। ਇਸ ਸ਼ਹਿਰ ਨੂੰ ਸਮੁੰਦਰ ਵਿਚ ਨਿਰਮਾਣ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਅਮਰੀਕਨ ਕੰਪਨੀ 'ਸੀਅ ਸਟੀਡਿੰਗ' ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀਂ ਦੇ ਮੁਖੀ ਮਿ. ਜੋਏ ਕੁਇਰਕ ਵੱਲੋਂ 2020 ਤੱਕ ਇਸ ਸ਼ਹਿਰ ਨੂੰ ਤਿਆਰ ਕਰਨ ਦੀ ਸਮਾਂ ਹੱਦ ਨਿਸ਼ਚਿਤ ਕਰਨ ਦਾ ਅਧਿਕਾਰਤ ਐਲਾਂਨ ਕਰ ਦਿੱਤਾ ਗਿਆ ਹੈ ਅਤੇ ਨਿਊਯਾਰਕ ਟਾਈਮਜ਼ ਵਿਚ ਦਿੱਤੀ ਇਕ ਇੰਟਰਵਿਊ ਰਾਹੀਂ ਇਸ ਪੋਜੈਕਟ ਦੇ ਵੇਰਵਿਆਂ ਨੂੰ ਵੀ ਬਿਆਨ ਕੀਤਾ ਹੈ। ਇਹ ਸ਼ਹਿਰ ਪੈਸੇਫਿਕ ਸਾਗਰ ਅੰਦਰ ਫਰੈਂਚ ਪੋਲੈਂਸੀਆ ਦੇ ਤਾਹਿਤੀ ਨਾਂਅ ਦੇ ਸਮੁੰਦਰੀ ਟਾਪੂ ਦੇ ਨੇੜੇ ਤੈਰੇਗਾ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਫਰੈਂਚ ਪੋਲੈਂਸੀਆ ਸਰਕਾਰ ਅਤੇ ਸੀਅ ਸਟੀਡਿੰਗ ਦਰਮਿਆਂਨ ਮਨਜ਼ੂਰੀ ਅਤੇ ਸਮਝੌਤਾ ਹੋ ਚੁੱਕਾ ਹੈ।
ਸ਼ਹਿਰ ਦਾ ਨਿਰਮਾਣ ਕਰਨ ਲਈ ਸਭ ਤੋਂ ਪਹਿਲਾਂ ਸਮੁੰਦਰ ਵਿਚ ਤਰ ਰਹੇ ਗਿਆਰਾਂ ਵੱਖ ਵੱਖ ਪਲੇਟਫਾਰਮ ਬਣਾਏ ਜਾਣਗੇ ਜਿਨ੍ਹਾਂ ਦੀ ਲੰਬਾਈ ਅਤੇ ਚੌੜਾਈ ਪੰਜਾਹ ਮੀਟਰ ਹੋਵੇਗੀ ਅਤੇ। ਇਨ੍ਹਾਂ ਵਿੱਚੋਂ ਕੁਝ ਆਇਤਾਕਾਰ ਅਤੇ ਕੁਝ ਪੰਜ ਨੁਕਾਤੀ ਅਕਾਰ ਦੇ ਹੋਣਗੇ। ਇਨ੍ਹਾਂ ਉੱਪਰਲੀ ਸਤਾਹ ਮਜ਼ਬੂਤ ਕੰਕਰੀਟ ਦੀ ਬਣਾਈ ਜਾਵੇਗੀ ਜਿਸ ਉੱਤੇ ਤਿੰਨ ਮੰਜਿਲਾ ਅਪਾਰਟਮੈਂਟ, ਹੋਟਲ, ਹਸਪਤਾਲ, ਸ਼ਾਪਿੰਗ ਮਾਲ ਅਤੇ ਦਫਤਰਾਂ ਦਾ ਨਿਰਮਾਣ ਕੀਤਾ ਜਾ ਸਕੇਗਾ। ਸ਼ਹਿਰ ਦੀ ਦਿਲਚਸਪ ਖੂਬੀ ਇਹ ਹੋਵੇਗੀ ਸਾਗਰ ਤੇ ਨਿਰੰਤਰ ਤਰ ਰਹੇ ਪਲੇਟਫਾਰਮਾਂ ਦੀ ਸਥਿਤੀ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਅਨੁਸਾਰ ਕਦੇ ਵੀ ਅੱਗੇ ਪਿੱਛੇ ਕਰ ਲੈਣਾਂ ਜਾਂ ਬਦਲ ਲੈਣਾ ਮੁਨਾਸਿਬ ਹੋਵੇਗਾ। ਮਿਸਾਲ ਦੇ ਤੌਰ ਤੇ ਜੇਕਰ ਸ਼ਾਪਿੰਗ ਮਾਲ ਹਸਪਤਾਲ ਦੇ ਨੇੜੇ ਹੈ ਤਾਂ ਹਫਤੇ ਦੇ ਆਖਰੀ ਦਿਨਾਂ ਵਿਚ ਸ਼ਾਪਿੰਗ ਮਾਲ ਦੀ ਗਹਿਮਾਂ ਗਹਿਮੀ ਅਤੇ ਰੌਲੇ ਰੱਪੇ ਤੋਂ ਬਚਣ ਲਈ ਹਸਪਤਾਲ ਨੂੰ ਸ਼ਹਿਰ ਦੇ ਕਿਸੇ ਹੋਰ ਕੋਨੇਂ ਵੱਲ ਭੇਜ ਦੇਣਾਂ ਸੰਭਵ ਹੋਵੇਗਾ। ਹਰ ਪਲੇਟਫਾਰਮ ਦੇ ਨਿਰਮਾਣ ਵਿਚ 15 ਮਿਲੀਅਨ ਅਮਰੀਕਨ ਡਾਲਰ ਦਾ ਖਰਚਾ ਆਵੇਗਾ। ਵੇਸੇ ਸੀਅ ਸਟੀਡਿੰਗ ਦਾ ਕਹਿਣਾਂ ਹੈ ਕਿ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ ਕਿਉਂਕਿ ਲੰਦਨ ਜਾਂ ਨਿਊਯਾਰਕ ਸ਼ਹਿਰਾਂ ਵਿਚ ਵੀ ਜੇਕਰ ਪੰਜਾਹ ਮੀਟਰ ਦਾ ਆਇਤਾਕਾਰ ਪਲਾਟ ਖਰੀਦਣਾਂ ਹੋਵੇ ਤਾਂ ਏਨਾਂ ਕੁ ਖਰਚਾ ਆ ਹੀ ਜਾਂਦਾ ਹੈ। ਸ਼ਹਿਰ ਬਿਜਲੀ ਊਰਜਾ ਦੇ ਉਤਪਾਦਨ ਦੇ ਮਾਮਲੇ ਵਿਚ ਵੀ ਪੂਰੀ ਤਰਾਂ ਆਤਮਨਿਰਭਰ ਹੋਵੇਗਾ। ਪਾਣੀ ਦੀ ਪੂਰਤੀ ਲਈ ਸਮੁੰਦਰੀ ਪਾਣੀ ਨੂੰ ਫਿਲਟਰ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਸ਼ੁਰੂਆਤੀ ਦੌਰ ਵਿਚ ਇਸ ਸ਼ਹਿਰ ਅੰਦਰ ਤਿੰਨ ਸੌ ਲੋਕਾਂ ਨੂੰ ਵਸਾਉਣ ਦੀ ਯੋਜਨਾਂ ਹੈ ਪਰ ਸੀਅ ਸਟੀਡਿੰਗ ਦਾ ਦਾਅਵਾ ਹੈ ਕਿ ਇਸ ਸ਼ਹਿਰ ਦੀ ਉਸਾਰੀ ਅਤੇ ਵਾਧਾ ਨਿਰੰਤਰ ਜਾਰੀ ਰਹੇਗਾ ਅਤੇ 2050 ਤੱਕ ਇਸ ਦੀ ਆਬਾਦੀ ਦਸ ਲੱਖ ਤੋਂ ਵੀ ਜਿਆਦਾ ਹੋਵੇਗੀ। ਇਸ ਦੇ ਨਾਲ ਨਾਲ ਹੀ ਐਸੇ ਦਰਜ਼ਨਾਂ ਹੋਰ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਵੇਗਾ। ਕੰਪਨੀਂ ਵੱਲੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਇਸ ਦਿਸ਼ਾ ਵਿਚ ਖੋਜ ਅਤੇ ਪ੍ਰਯੋਗ ਕੀਤੇ ਜਾ ਰਹੇ ਸਨ। ਕੰਪਨੀ ਦਾ ਦਾਅਵਾ ਹੈ ਕਿ ਇਸ ਸ਼ਹਿਰ ਅੰਦਰ ਵੱਸਣ ਲਈ ਹਜ਼ਾਰਾਂ ਲੋਕਾਂ ਵੱਲੋਂ ਵੈਬਸਾਈਟ ਰਾਹੀਂ ਅਰਜ਼ੀਆਂ ਭੇਜੀਆਂ ਜਾ ਰਹੀਆਂ ਹਨ।
ਮਿ. ਜੋਏ ਕੁਇਰਕ ਦਾ ਕਹਿਣਾਂ ਹੈ ਕਿ ਸਾਗਰ ਉੱਤੇ ਤਰਦੇ ਸ਼ਹਿਰਾਂ ਦੇ ਰੂਪ ਨਾਲ ਅਸੀਂ ਭਵਿੱਖ ਅੰਦਰ ਦੁਨੀਆਂ ਨੂੰ ਇਕ ਨਵਾਂ ਜੀਵਨ ਢੰਗ ਦੇਣ ਜਾ ਰਹੇ ਹਾਂ ਜਿਸ ਨਾਲ ਰਾਜਨੀਤੀ ਅਤੇ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਵਿਚ ਬਦਲਾਹਟ ਅਤੇ ਨਵੀਨਤਾ ਵਾਪਰੇਗੀ। ਇਹ ਸ਼ਹਿਰ ਸੁਤੰਤਰ ਸਰਕਾਰਾਂ ਦੇ ਅਧੀਨ ਚੱਲਣਗੇ ਅਤੇ ਸ਼ਹਿਰੀ ਲੋਕਤੰਤਰੀ ਢੰਗ ਨਾਲ ਆਪਣੀ ਸਰਕਾਰ ਚੁਣ ਸਕਣਗੇ। ਮੰਨ ਲਉ ਕਿ ਸ਼ਹਿਰ ਦੀ ਇਕ ਕਾਲੋਨੀ ਜਾਂ ਭਾਈਚਾਰਾ ਸ਼ਹਿਰ ਦੀ ਸਰਕਾਰ ਦੀ ਕਿਸੇ ਨੀਤੀ ਨਾਲ ਸਹਿਮਤ ਨਹੀਂ ਹੈ ਜਾਂ ਉਨ੍ਹਾਂ ਦੀ ਕੋਈ ਜਾਇਜ਼ ਮੰਗ ਨਹੀਂ ਮੰਨੀ ਜਾ ਰਹੀ ਤਾਂ ਉਨ੍ਹਾਂ ਕੋਲ ਆਪਣੀ ਕਾਲੋਨੀਂ ਨੂੰ ਸ਼ਹਿਰ ਤੋਂ ਵੱਖ ਕਰਕੇ ਕਿਸੇ ਦੂਸਰੇ ਸ਼ਹਿਰ ਨਾਲ ਜੋੜ ਸਕਣ ਦਾ ਬਦਲ ਮੌਜੂਦ ਰਹੇਗਾ ਜੋ ਕਿ ਜ਼ਮੀਨ ਤੇ ਵੱਸਦੇ ਸ਼ਹਿਰੀਆਂ ਕੋਲ ਕਦੇ ਵੀ ਨਹੀਂ ਹੁੰਦਾ। ਸੋ, ਇਸ ਤਰਾਂ ਦਾ ਰਾਜਨੀਤਕ ਪ੍ਰਬੰਧ ਮਨੁੱਖੀ ਹੱਕਾਂ ਅਤੇ ਆਜ਼ਾਦੀ ਲਈ ਨਵੀਆਂ ਸੰਭਾਵਨਾਵਾਂ ਦੀ ਤਾਮੀਰ ਕਰੇਗਾ।
ਫਰੈਂਚ ਪੋਲੈਂਸੀਆ ਸਰਕਾਰ ਇਸ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਤਾਮੀਰ ਕਰਵਾ ਰਹੀ ਹੈ ਜਿਸ ਦਾ ਇਕ ਖਾਸ ਕਾਰਨ ਆਲਮੀ ਤਪਸ਼ ਕਾਰਨ ਵਧ ਰਹੇ ਸਮੁੰਦਰੀ ਪਾਣੀ ਦੇ ਪੱਧਰ ਦੇ ਖਤਰੇ ਤੋਂ ਬਚਣਾਂ ਵੀ ਹੈ। ਫਰੈਂਚ ਪੋਲੈਂਸੀਆ ਪੈਸੇਫਿਕ ਸਾਗਰ ਅੰਦਰ 118 ਛੋਟੇ ਛੋਟੇ ਟਾਪੂਆਂ ਦਾ ਸਮੂਹ ਹੈ ਅਤੇ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਪ੍ਰਤੀ ਚਿੰਤਤ ਹੈ। ਬਿਨਾਂ ਸ਼ੱਕ ਸਾਗਰ 'ਤੇ ਤੈਰਦੇ ਸ਼ਹਿਰ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦੇ ਖਤਰੇ ਦਾ ਬਹੁਤ ਹੀ ਸੁਯੋਗ ਹੱਲ ਬਣ ਸਕਦੇ ਹਨ। ਮਾਹਿਰਾਂ ਦਾ ਕਹਿਣਾਂ ਹੈ ਕਿ ਜੇਕਰ ਇਹ ਵਿਉਂਤਬੰਦੀ ਸਫਲ ਹੋ ਗਈ ਤਾਂ ਸਾਰੀ ਦੁਨੀਆਂ ਦੇ ਦੇਸ਼ ਇਸ ਖੇਤਰ ਵਿਚ ਭਾਰੀ ਨਿਵੇਸ਼ ਕਰਨਗੇ ਕਿਉਂਕਿ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦਾ ਖਤਰਾ ਸਾਰੇ ਵਿਸ਼ਵ ਦੇ ਸਿਰ ਤੇ ਮੰਡਰਾ ਰਿਹਾ ਹੈ।
ਸ਼ੋ, ਜ਼ਾਹਰ ਹੈ ਕਿ ਅਸੀਂ ਮਨੁੱਖੀ ਸੱਭਿਅਤਾ ਦੇ ਜੀਵਨ ਢੰਗ ਦੀ ਪਹਿਲਾਂ ਤੋਂ ਵੀ ਜਿਆਦਾ ਆਧੁਨਿਕ, ਤਕਨੀਕੀ ਅਤੇ ਵਿਗਿਆਨਕ ਬਦਲਾਹਟ ਦੇ ਕੰਢੇ ਖੜੇ ਹਾਂ। ਸਮਾਂ ਹੀ ਦੱਸੇਗਾ ਕਿ ਮਨੁੱਖ ਦੁਆਰਾ ਵਿਗਿਆਨ ਰਾਹੀਂ ਸਿਰਜੇ ਜਾ ਰਹੇ ਖੁਦ ਦੇ ਭਵਿੱਖ ਅੰਦਰ ਕੀ ਕੀ ਕ੍ਰਿਸ਼ਮੇਂ ਲੁਕੇ ਪਏ ਹਨ। ਮਹਿਸੂਸ ਹੁੰਦਾ ਹੈ ਕਿ ਅੱਜ ਤੱਕ ਧਰਤੀ ਦਾ ਪੁੱਤਰ ਅਖਵਾਉਂਦਾ ਇਨਸਾਨ ਹੁਣ ਅੰਬਰ ਦਾ ਬੇਟਾ ਜਾਂ ਸਾਗਰ ਦੀ ਔਲਾਦ ਵਰਗੇ ਲਕਬਾਂ ਨਾਲ ਵੀ ਜਾਣਿਆ ਜਾਇਆ ਕਰੇਗਾ।
ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
0048-516732105
yadsatkoha@yahoo.com
27 Jan. 2019