ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ - ਨਿਰਮਲ ਸਿੰਘ ਕੰਧਾਲਵੀ

ਵਿਚ ਤਲਵੰਡੀ ਦੀਪ ਸਿੰਘ, ਇਕ ਗੁਰੂ ਪਿਆਰਾ
ਬੈਠਾ ਕਲਮ ਦਵਾਤ ਲੈ, ਕਰੇ ਗ੍ਰੰਥ ਉਤਾਰਾ
ਚਹੁੰ ਪਾਸੀਂ ਸੋਭਾ ਓਸ ਦੀ,  ਬਹੁ ਪਰਉਪਕਾਰਾ
ਨਾਮ ਬਾਣੀ ਵਿਚ ਭਿੱਜ ਕੇ, ਜਪੇ ਗੁਰ ਕਰਤਾਰਾ

ਇਕ ਦਿਨ ਭਾਣਾ ਵਰਤਿਆ,  ਗੱਲ ਅੱਲੋਕਾਰਾ
ਗੁਰ ਰਾਮ ਦਾਸ ਦੇ ਦਰ ਤੋਂ, ਆਇਆ ਹਰਕਾਰਾ
ਰੋ ਰੋ ਕੇ ਉੇਹਨੇ ਦੱਸਿਆ  ਜੋ ਹੋਇਆ ਕਾਰਾ
ਦਰਬਾਰ 'ਤੇ ਕਾਬਜ਼ ਹੋ ਗਿਐ, ਵੈਰੀ ਹਤਿਆਰਾ

ਕਰੇ ਬੇਅਦਬੀ ਰੋਜ਼ ਨਿੱਤ, ਮਚੀ ਹਾਹਾਕਾਰਾ
ਸੁਣਿਐ ਉਹਨੇ ਢਾ ਦੇਵਣਾ, ਹੈ ਗੁਰ-ਦਰਬਾਰਾ
ਤਾਲ ਗੁਰੂ ਦਾ ਪੂਰ 'ਤਾ  ਚੜ੍ਹਿਆ ਹੰਕਾਰਾ
'ਕੱਠੇ ਹੋ ਕੇ ਸਿੰਘ ਜੀ, ਕੋਈ 'ਕਰ ਲਉ ਚਾਰਾ

ਅੱਖੀਂ ਮਚੇ ਅੰਗਿਆਰ,  ਜਿਉਂ ਹੋਏ  ਸ਼ਰਾਰਾ
ਛੱਡੀਆਂ ਕਲਮਾਂ ਪੋਥੀਆਂ,  ਕਰ ਲਿਆ ਤਿਆਰਾ
ਉਹਨੇ ਭੇਜ ਸੁਨੇਹੇ ਸਭ ਨੂੰ, 'ਕੱਠ ਕੀਤਾ ਭਾਰਾ
ਸਿੰਘ ਇਕੱਠੇ ਹੋਏ ਗਏ,  ਛੱਡਿਆ ਘਰ ਬਾਰਾ
 
ਫੜ ਲਿਆ ਬਾਬੇ ਦੀਪ ਸਿੰਘ,   ਖੰਡਾ ਦੋਧਾਰਾ
ਧਰਤ ਅਕਾਸ਼ ਸੀ ਕੰਬਿਆ, ਛੱਡਿਆ ਜੈਕਾਰਾ

ਉਨੇ ਖਿੱਚੀ ਲੀਕ ਜ਼ਮੀਨ 'ਤੇ, ਮਾਰ ਲਲਕਾਰਾ
ਟੱਪੇ ਓਹੀਓ ਲੀਕ ਨੂੰ, ਜਿਹਨੂੰ ਧਰਮ ਪਿਆਰਾ

ਲਾਲੀਆਂ ਚੜ੍ਹੀਆਂ ਯੋਧਿਆਂ, ਸੁਣ ਹੁਕਮ ਨਿਆਰਾ
ਅਸੀਂ ਜੂਝਾਂਗੇ ਵਿਚ ਜੰਗ ਦੇ, ਇਹ ਬਚਨ ਹਮਾਰਾ
ਰੱਖ ਸੀਸ ਤਲੀ 'ਤੇ ਰੋਕਣਾ, ਮੁਗ਼ਲਈਆ ਸਾਰਾ
ਨਹੀਂ ਜਾਨਾਂ ਸਾਨੂੰ ਪਿਆਰੀਆਂ, ਹੈ ਧਰਮ ਪਿਆਰਾ

ਚੜ੍ਹੇ ਫਿਰ ਸੂਰੇ ਜੰਗ ਨੂੰ, ਲੈ ਗੁਰੂ ਸਹਾਰਾ
ਉੱਥੇ ਹੋਇਆ ਯੁੱਧ ਘਮਸਾਣ ਦਾ, ਕਰ ਮਾਰੋ ਮਾਰਾ
ਲਿਸ਼ਕਣ ਤੇਗ਼ਾਂ ਜੰਗ ਵਿਚ, ਬਿਜਲੀ ਲਿਸ਼ਕਾਰਾ
ਇਉਂ ਖੰਡਾ ਹਿੱਕਾਂ ਪਾੜਦਾ, ਜਿਉਂ ਲੱਕੜਹਾਰਾ
 
ਏਧਰ  ਸਿਰਲੱਥ ਸੂਰਮੇ, ਵੈਰੀ ਮੰਗ ਧਾੜਾਂ
ਸਾਬਰ, ਯੂਸਫ਼ ਘੇਰ ਲਏ, ਸਿੰਘਾਂ ਸਰਦਾਰਾਂ
ਬਚ ਕੇ ਸੁੱਕੇ ਜਾਣ ਨਾ, ਸਿੰਘ ਦੀਪ ਪੁਕਾਰਾ
ਰੂਹ ਮੁਗਲਾਂ ਦੀ ਕੰਬਦੀ ਸੁਣ ਕੇ ਜੈਕਾਰਾ

ਤੇਗੇ ਸ਼ੂਕੇ ਸਰਰ ਸਰਰ,  ਸਿਰ ਧੜੋਂ ਉਤਾਰਾ
ਸਿਰ ਖਿੱਦੋ ਵਾਂਗੂੰ ਰੋੜ੍ਹ 'ਤੇ, ਸੀ ਅਜਬ ਨਜ਼ਾਰਾ
ਭਗਦੜ ਮਚੀ ਵਿਚ ਵੈਰੀਆਂ,  ਕਰੇ ਚੀਖ਼ ਪੁਕਾਰਾ
ਚਾਰੇ ਪਾਸੇ ਵਗ ਰਿਹਾ  ਲਹੂ ਮਿੱਝ ਦਾ ਗਾਰਾ

ਨਿੱਤਰਿਆ ਖਾਨ ਉਸਮਾਨ ਫਿਰ, ਯੋਧਾ ਇਕ ਭਾਰਾ
ਏਧਰ ਬਾਬਾ ਦੀਪ ਸਿੰਘ, ਯੋਧਾ ਬਲਕਾਰਾ  
ਖੜਕਿਆ ਲੋਹਾ ਖਣਨ ਖਣਨ,  ਨਿੱਕਲੇ ਚੰਗਿਆੜਾ
ਸਿਰ ਲਾਹਿਆ ਉਸਮਾਨ ਦਾ,  ਵਗੀ ਖ਼ੂਨ ਦੀ ਧਾਰਾ
ਸੋਧਿਆ ਖਾਨ ਜਰਨੈਲ, ਅਫ਼ਗ਼ਾਨ ਦੁਲਾਰਾ
 
ਸਿੰਘ ਆਪ ਵੀ ਜ਼ਖ਼ਮੀ ਹੋ ਗਿਆ, ਸੀ ਫੱਟ ਕਰਾਰਾ
ਉਹਦੇ ਨਿਕਲੇ ਪੈਰ ਰਕਾਬ 'ਚੋਂ, ਡਿਗਿਆ ਸਿਰਭਾਰਾ
ਸਿੰਘ ਇਕ ਮੇਹਣਾ ਮਾਰਦਾ,  ਮਾਰੇ ਲਲਕਾਰਾ 
ਕਿੱਥੇ ਹੁਣ ਤੂੰ ਚੱਲਿਉਂ?   ਸਿੰਘਾ ਸਰਦਾਰਾ
ਵਿਚ ਪਰਕਰਮਾ ਦੇ ਪਹੁੰਚਣਾ,  ਸੀ ਬਚਨ ਤੁਮਾਰਾ
ਹੈ ਸਤਿਗੁਰ ਪਿਆ ਉਡੀਕਦਾ,  ਉੱਠ ਚੁੱਕ ਹਥਿਆਰਾ   
ਲੈ ਕੇ ਬਾਬੇ ਦੀਪ ਸਿੰਘ,  ਖੰਡੇ ਦਾ ਸਹਾਰਾ
ਸੀਸ ਟਿਕਾਇਆ ਤਲ਼ੀ 'ਤੇ,  ਛੱਡਿਆ ਜੈਕਾਰਾ
ਇਉਂ ਜਾਂਦਾ ਦਲਾਂ ਨੂੰ ਚੀਰਦਾ,  ਬੇੜਾ ਮੰਝਧਾਰਾ
ਦੁਸ਼ਮਣ ਥਰ ਥਰ ਕੰਬਿਆ,  ਤੱਕ ਕੌਤਕ ਸਾਰਾ 
 
ਵਿਚ ਪ੍ਰਕਰਮਾ ਪਹੁੰਚਿਆ ਗੁਰ ਕਰਜ਼ ਉਤਾਰਾ
ਕੀਤਾ ਬਚਨ ਨਿਭਾ ਗਿਆ, ਉਹ ਗੁਰੂ ਪਿਆਰਾ

26 ਜਨਵਰੀ 2019