ਵਿਕਾਸ ਦੇ ਅੰਕੜੇ ਦੇਣ ਵਾਲੇ ਭਾਰਤੀ ਆਗੂਆਂ ਨੂੰ ਇਸ ਤਸਵੀਰ ਦਾ ਦੂਸਰਾ ਪਾਸਾ ਨਹੀਂ ਦਿੱਸਦਾ - ਜਤਿੰਦਰ ਪਨੂੰ

ਭਾਰਤ ਦੀ ਰਾਜਨੀਤੀ ਉਸ ਪੜਾਅ ਉੱਤੇ ਪਹੁੰਚ ਗਈ ਹੈ, ਜਿੱਥੇ ਜਾ ਕੇ ਮੀਡੀਆ ਵਾਲਿਆਂ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ਉੱਤੇ ਰਾਜ ਕਰਨ ਵਾਲਿਆਂ ਦੇ ਨਕਸ਼ ਪਛਾਨਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕ ਅਜੇ ਤੱਕ ਇਸ ਸਾਰੇ ਕੁਝ ਤੋਂ ਆਮ ਕਰ ਕੇ ਬੇਫਿਕਰ ਆਪਣੇ ਦੋ ਡੰਗ ਦੀ ਰੋਟੀ ਦੇ ਜੁਗਾੜ ਵਿੱਚ ਰੁੱਝੇ ਦਿਖਾਈ ਦੇਂਦੇ ਹਨ। ਪਿਛਲੇ ਦਿਨੀਂ ਮੀਡੀਆ ਦੀ ਇੱਕ ਏਦਾਂ ਦੀ ਟੀਮ ਜਦੋਂ ਲੋਕਾਂ ਦੇ ਵਿਚਾਰ ਪੁੱਛ ਰਹੀ ਸੀ ਕਿ ਅਗਲੀ ਵਾਰੀ ਕਿਸ ਦੀ ਸਰਕਾਰ ਚਾਹੀਦੀ ਹੈ ਤਾਂ ਮੱਧ ਭਾਰਤੀ ਰਾਜਾਂ ਵਿੱਚੋਂ ਇੱਕ ਹਿੰਦੀ ਬੋਲਣ ਵਾਲੇ ਆਦਮੀ ਨੇ ਕਿਹਾ ਸੀ: ਦੋਨੋਂ ਮੇ ਸੇ ਕੋਈ ਭੀ ਆ ਜਾਏ, ਚੁਲਹਾ ਜਲਾਨੇ ਕੇ ਲੀਏ ਪਸੀਨਾ ਤੋ ਹਮੇਂ ਬਹਾਨਾ ਹੀ ਪੜੇਗਾ, ਗਰੀਬ ਕੋ ਰੋਟੀ ਕੋਈ ਨਹੀਂ ਦੇਤਾ। ਉਸ ਦੀ ਇਹ ਗੱਲ ਜਿਊਣ ਦਾ ਸੰਘਰਸ਼ ਕਰਦੇ ਇਸ ਦੇਸ਼ ਦੇ ਆਮ ਲੋਕਾਂ ਦੀ ਬਹੁ-ਸੰਮਤੀ ਦਾ ਹਾਓੁਕਾ ਜਾਪਦੀ ਸੀ, ਉਸ ਬਹੁ-ਗਿਣਤੀ ਦਾ, ਜਿਨ੍ਹਾਂ ਦੇ ਕੋਲ ਹਰ ਲੀਡਰ ਇਹ ਕਹਿਣ ਆਉਂਦਾ ਹੈ ਕਿ ਅਸਮਾਨ ਤੋਂ ਤਾਰੇ ਤੋੜ ਕੇ ਲਿਆ ਦਿਆਂਗੇ, ਪਰ ਏਦਾਂ ਕਦੇ ਨਹੀਂ ਹੁੰਦਾ।
ਇਸ ਵੇਲੇ ਦੇਸ਼ ਜਦੋਂ ਇੱਕ ਹੋਰ ਸਰਕਾਰ ਚੁਣਨ ਵਾਲੇ ਮੁਕਾਬਲੇ ਵੱਲ ਵਧਦਾ ਪਿਆ ਹੈ, ਦੇਸ਼ ਦੀ ਸਰਕਾਰ ਚਲਾ ਰਹੇ ਗੱਠਜੋੜ ਦੇ ਮੋਹਰੀ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ ਹੈ ਕਿ ਮੇਰੀ ਸਰਕਾਰ ਨੇ ਉਹ ਵੀ ਕੰਮ ਕਰ ਦਿੱਤੇ ਹਨ, ਜਿਹੜੇ ਪਿਛਲੀਆਂ ਸਰਕਾਰਾਂ ਨੇ ਸੱਤਰ ਸਾਲਾਂ ਵਿੱਚ ਨਹੀਂ ਸਨ ਕੀਤੇ। ਜਵਾਬ ਵਿੱਚ ਇੱਕ ਹੋਰ ਆਗੂ ਨੇ ਇਹ ਬਿਆਨ ਦਾਗ ਦਿੱਤਾ ਕਿ ਨਰਿੰਦਰ ਮੋਦੀ ਨੂੰ ਉਹ ਕੰਮ ਵੀ ਗਿਣਵਾ ਦੇਣੇ ਚਾਹੀਦੇ ਹਨ, ਜਿਹੜੇ ਉਨ੍ਹਾਂ ਸੱਤਰ ਸਾਲਾਂ ਦੌਰਾਨ ਚੱਲੀਆਂ ਸਰਕਾਰਾਂ ਨੇ ਕੀਤੇ ਸਨ ਤੇ ਮੋਦੀ ਨੂੰ ਆਣ ਕੇ ਕਰਨੇ ਨਹੀਂ ਪਏ। ਅਹਿਸਾਨ ਜਤਾਉਣ ਵਾਂਗ ਮੋਦੀ ਸਾਹਿਬ ਇਹ ਕਹਿੰਦੇ ਹਨ ਕਿ ਮੇਰੇ ਰਾਜ ਵਿੱਚ ਐਨੇ ਕਿਲੋਮੀਟਰ ਨਵੀਂ ਰੇਲ ਪਟੜੀ ਵਿਛਾਈ ਗਈ, ਪਰ ਇਹ ਗੱਲ ਨਹੀਂ ਦੱਸਦੇ ਕਿ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿੱਚੋਂ ਵੀ ਹਰ ਕਿਸੇ ਦੇ ਰਾਜ ਵਿੱਚ ਉਸ ਤੋਂ ਪਹਿਲੀਆਂ ਨਾਲੋਂ ਜ਼ਿਆਦਾ ਕੰਮ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ। ਰਾਜੀਵ ਗਾਂਧੀ ਨੇ ਕਿਹਾ ਸੀ ਕਿ ਮੇਰੀ ਸਰਕਾਰ ਤੋਂ ਪਹਿਲਾਂ ਕਿਸੇ ਸਰਕਾਰ ਨੇ ਫਲਾਣਾ ਕੰਮ ਕਰਨ ਲਈ ਸੋਚਿਆ ਤੱਕ ਨਹੀਂ ਸੀ। ਇੱਕ ਪਾਰਲੀਮੈਂਟ ਮੈਂਬਰ ਨੇ ਉੱਠ ਕੇ ਕਿਹਾ ਸੀ ਕਿ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਵੀ ਸੋਚ ਲੈਣਾ ਸੀ ਕਿ ਜਿਹੜੇ ਆਗੂ ਪਹਿਲਾਂ ਰਾਜ ਕਰਦੇ ਸਨ ਤੇ ਜਿਨ੍ਹਾਂ ਨੂੰ ਤੁਸੀਂ ਅੱਜ ਭੰਡ ਰਹੇ ਹੋ, ਉਨ੍ਹਾਂ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਵੀ ਹੁੰਦੀ ਸੀ ਤੇ ਉਹ ਤੁਹਾਡੀ ਮਾਤਾ ਸੀ, ਤੁਸੀਂ ਉਸ ਨੂੰ ਵੀ ਨਿੰਦਣ ਲੱਗ ਪਏ ਹੋ। ਅੱਜ ਭਾਜਪਾ ਦਾ ਸਭ ਤੋਂ ਵੱਡਾ ਆਗੂ ਨਰਿੰਦਰ ਮੋਦੀ ਜਦੋਂ ਸੱਤਰ ਸਾਲਾਂ ਦੇ ਸਾਰੇ ਹਾਕਮਾਂ ਨੂੰ ਭੰਡਦਾ ਹੈ ਤਾਂ ਉਹ ਆਪਣੇ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਹੀ ਨਹੀਂ, ਖੁਦ ਆਪਣੇ ਰਾਜ ਦੇ ਪਹਿਲੇ ਤਿੰਨ ਸਾਲਾਂ ਨੂੰ ਵੀ ਰੱਦ ਕਰ ਛੱਡਦਾ ਹੈ, ਉਸ ਨੇ ਕਮਾਨ ਜਦੋਂ ਸਾਂਭੀ ਸੀ, ਓਦੋਂ ਆਜ਼ਾਦੀ ਨੂੰ ਸਤਾਹਠ ਸਾਲ ਬਣਦੇ ਸਨ ਤੇ ਉਸ ਦੇ ਤਿੰਨ ਸਾਲ ਪਾ ਕੇ ਹੀ ਸੱਤਰ ਬਣਦੇ ਹਨ।
ਏਨੇ ਸਿਆਣੇ ਮੋਦੀਆਂ ਤੇ ਰਾਜੀਵ ਗਾਂਧੀਆਂ ਦੇ ਰਾਜ ਵਿੱਚ ਵੀ ਭਾਰਤ ਨੇ ਤਰੱਕੀ ਕੀਤੀ ਸੀ, ਪਰ ਤਰੱਕੀ ਕਰਨ ਪਿਛੋਂ ਵੀ ਸੰਸਾਰ ਦਰਜਾਬੰਦੀ ਵਿੱਚ ਅਜੇ ਕਈ ਗੱਲਾਂ ਵਿੱਚ ਬੜਾ ਪਿੱਛੇ ਹੈ। ਸਾਡੇ ਪਿੱਛੋਂ ਆਜ਼ਾਦ ਹੋਏ ਦੁਨੀਆ ਦੇ ਕਈ ਦੇਸ਼ ਵਿਕਾਸ ਤੇ ਕਿਰਦਾਰ ਦੇ ਪੱਖੋਂ ਅੱਗੇ ਨਿਕਲ ਗਏ ਹਨ। ਸਾਨੂੰ ਕਦੇ ਕਦਾਈਂ ਸੰਸਾਰ ਦੇ ਉਨ੍ਹਾਂ ਦੇਸ਼ਾਂ ਨਾਲ ਇਸ ਦੇਸ਼ ਦੀ ਤੁਲਨਾ ਕਰਨ ਵਾਲੇ ਅੰਕੜੇ ਤੇ ਚਾਰਟ ਵੇਖ ਲੈਣੇ ਚਾਹੀਦੇ ਹਨ, ਜਿਸ ਤੋਂ ਸਾਰੀ ਤਸਵੀਰ ਦਾ ਪਤਾ ਲੱਗਦਾ ਹੈ। ਅਸੀਂ ਲੋਕ ਜਿਸ ਪ੍ਰੈੱਸ ਦੀ ਆਜ਼ਾਦੀ ਨਾਲ ਅੰਦਰੂਨੀ ਹਾਲਾਤ ਦੀਆਂ ਕੌੜੀਆਂ ਹਕੀਕਤਾਂ ਤੋਂ ਜਾਣੂ ਹੋਇਆ ਕਰਦੇ ਹਾਂ, ਉਸ ਦੇ ਪੱਖੋਂ ਭਾਰਤ ਦਾ ਦਰਜਾ ਸਾਰੇ ਸੰਸਾਰ ਵਿੱਚ ਕਦੇ ਅੱਸੀਵਾਂ ਹੁੰਦਾ ਸੀ ਤੇ ਪਿਛਲੇ ਸਤਾਰਾਂ ਸਾਲਾਂ ਦੌਰਾਨ ਹੀ ਬਹੁਤਾ ਵਿਗੜਦਾ ਗਿਆ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਤੀਸਰੇ ਸਾਲ ਦੌਰਾਨ ਇਸ ਦਾ ਵਿਗਾੜ ਸ਼ੁਰੂ ਹੋਇਆ ਸੀ ਤੇ ਸਿਰਫ ਇੱਕ ਸਾਲ ਬਾਅਦ ਅੱਸੀਵੇਂ ਤੋਂ ਭਾਰਤ ਇੱਕ ਸੌ ਅਠਾਈਵੇਂ ਥਾਂ ਜਾ ਡਿੱਗਾ ਸੀ। ਮਨਮੋਹਨ ਸਿੰਘ ਸਰਕਾਰ ਦੇ ਪਹਿਲੇ ਸਾਲ ਵਿੱਚ ਇਹ ਕੁਝ ਸੁਧਾਰ ਕਰ ਕੇ ਇੱਕ ਸੌ ਛੇ ਨੰਬਰ ਉੱਤੇ ਆ ਗਿਆ ਤਾਂ ਚੰਗਾ ਲੱਗਾ ਸੀ, ਪਰ ਫਿਰ ਡਿੱਗਣ ਲੱਗ ਪਿਆ ਤੇ ਜਦੋਂ ਮੋਦੀ ਰਾਜ ਸ਼ੁਰੂ ਹੋਣਾ ਸੀ, ਓਦੋਂ ਨੂੰ ਇੱਕ ਸੌ ਚਾਲੀਵੇਂ ਥਾਂ ਜਾ ਡਿੱਗਾ ਸੀ। ਅਜੋਕੇ ਭਾਰਤ ਦੀ ਹਾਲਤ ਇਹ ਹੈ ਕਿ ਮਨੁੱਖੀ ਵਿਕਾਸ ਦੇ ਪੱਖ ਤੋਂ ਪਹਿਲੇ ਨੰਬਰ ਉੱਤੇ ਨਾਰਵੇ ਦਾ ਨਾਂਅ ਲਿਖਿਆ ਹੈ, ਫਿਰ ਹੋਰਨਾਂ ਦੇਸ਼ਾਂ ਦੇ ਨਾਂਅ ਪੜ੍ਹਦੇ ਜਾਈਏ ਤਾਂ ਬੜੇ ਪਛੜੇ ਹੋਏ ਦੇਸ਼ਾਂ ਵਿਚਾਲੇ ਭਾਰਤ ਦਾ ਨਾਂਅ ਇੱਕ ਸੌ ਤੀਹਵੇਂ ਥਾਂ ਦਰਜ ਹੈ। ਅਗਲੀ ਗੱਲ ਇਹ ਕਿ ਲੋਕਾਂ ਨੂੰ ਰੋਟੀ ਦੇਣ ਦੇ ਪੱਖੋਂ ਉਹੋ ਭਾਰਤ ਇੱਕ ਸੌ ਤਿੰਨ ਨੰਬਰ ਉੱਤੇ ਜਾ ਡਿੱਗਾ ਹੈ, ਜਿਸ ਦੇ ਕਿਸਾਨ ਦੀ ਫਸਲ ਇਹ ਕਹਿ ਕੇ ਖਰੀਦੀ ਨਹੀਂ ਜਾ ਰਹੀ ਕਿ ਲੋੜ ਤੋਂ ਵੱਧ ਪੈਦਾ ਹੋ ਗਈ ਹੈ। ਸਿਹਤ ਦੇ ਅੰਕੜੇ ਸਵਿਟਜ਼ਰਲੈਂਡ ਨੂੰ ਇੱਕ ਨੰਬਰ ਲਿਖ ਕੇ ਸ਼ੁਰੂ ਕੀਤੇ ਜਾਂਦੇ ਹਨ ਤੇ ਭਾਰਤ ਦਾ ਨਾਂਅ ਅੱਤ ਦੇ ਪਛੜੇ ਦੇਸ਼ਾਂ ਵਿਚਾਲੇ ਇੱਕ ਸੌ ਚਰਵੰਜਾ ਨੰਬਰ ਉੱਤੇ ਪੜ੍ਹਨ ਨੂੰ ਮਿਲਦਾ ਹੈ। ਦਿਲ ਦੁਖਾਉਂਦੀ ਇਸ ਤਸਵੀਰ ਬਾਰੇ ਕਦੇ ਕੋਈ ਆਗੂ ਗੱਲ ਹੀ ਨਹੀਂ ਕਰਦਾ।
ਗੱਲ ਕਰਨ ਦੀ ਕਿਸੇ ਨੂੰ ਬਹੁਤੀ ਲੋੜ ਵੀ ਨਹੀਂ, ਜਦੋਂ ਯੱਕੜ ਮਾਰ ਕੇ ਲੋਕਾਂ ਤੋਂ ਵੋਟਾਂ ਲਈਆਂ ਜਾਣ ਦਾ ਰਿਵਾਜ ਪੈ ਚੁੱਕਾ ਹੈ ਤਾਂ ਏਦਾਂ ਦੀ ਖੇਚਲ ਬੋਲੋੜੀ ਹੋ ਜਾਂਦੀ ਹੈ। ਮਿਸਾਲ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਆਪਣੇ ਬਿਆਨਾਂ ਵਿੱਚ ਇਹ ਹਵਾਲੇ ਦੇ ਲੈਂਦੇ ਹਨ ਕਿ ਅੰਕੜਿਆਂ ਦੀ ਸੰਸਾਰ ਵਿੱਚ ਪ੍ਰਸਿੱਧ ਸੰਸਥਾ ਫੋਰਬਸ ਨੇ ਵੀ ਫਲਾਣੇ ਕੇਸ ਵਿੱਚ ਭਾਰਤ ਨੂੰ ਉੱਪਰ ਰੱਖਿਆ ਤੇ ਐਨੇ ਲੋਕ ਭਾਰਤ ਵਿੱਚ ਉਦਯੋਗ ਲਾਉਣ ਦੇ ਪੱਖੋਂ ਸੰਸਾਰ ਭਰ ਵਿੱਚ ਮੋਹਰੀ ਹਨ, ਪਰ ਕਈ ਹੋਰ ਪੱਖ ਲੁਕਾਏ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਾਰੇ ਜਦੋਂ ਇਹ ਕਿਹਾ ਸੀ ਕਿ ਉਸ ਦੇ ਕਈ ਇਲਾਕਿਆਂ ਵਿੱਚ ਅੱਜ ਤੱਕ ਕਿਸੇ ਨੇ ਬਿਜਲੀ ਨਹੀਂ ਸੀ ਪੁਚਾਈ ਤੇ ਮੇਰੀ ਸਰਕਾਰ ਨੇ ਪੁਚਾਈ ਹੈ ਤੇ ਸਾਰੇ ਦੇਸ਼ ਦੇ ਹਰ ਪਿੰਡ ਨੂੰ ਬਿਜਲੀ ਦੀ ਤਾਰ ਮੇਰੇ ਰਾਜ ਵਿੱਚ ਪੁੱਜੀ ਹੈ ਤਾਂ ਓਸੇ ਫੋਰਬਸ ਦੀ ਇੱਕ ਰਿਪੋਰਟ ਇਸ ਨੂੰ ਰੱਦ ਕਰਨ ਵਾਲੀ ਵੀ ਸਾਹਮਣੇ ਆਈ ਸੀ। ਫੋਰਬਸ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਬਤਾਲੀ ਫੀਸਦੀ ਲੋਕ ਅਜੇ ਵੀ ਬਿਜਲੀ ਦੀ ਸਹੂਲਤ ਤੋਂ ਵਾਂਝੇ ਹਨ, ਜਿਨ੍ਹਾਂ ਵਿੱਚ ਜੰਗਲੀ ਕਬੀਲਿਆਂ ਵਾਲੇ ਵੀ ਹਨ ਤੇ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬੀ ਮਾਰੇ ਮੁਹੱਲਿਆਂ ਦੇ ਵਸਨੀਕ ਵੀ ਹਨ। ਉੱਤਰ ਪ੍ਰਦੇਸ਼ ਦਾ ਝਾਂਸੀ ਜ਼ਿਲਾ ਜੰਗਲ ਦੇ ਕਿਸੇ ਪਛੜੇ ਹੋਏ ਖੇਤਰ ਵਿੱਚ ਨਹੀਂ, ਸੰਸਾਰ ਪ੍ਰਸਿੱਧ ਤਾਜ ਮਹਿਲ ਵਾਲੇ ਆਗਰੇ ਨਾਲ ਜੁੜਦਾ ਹੈ ਤੇ ਉਸ ਦੇ ਅਠਾਈ ਫੀਸਦੀ ਲੋਕ ਸੱਤਰ ਸਾਲਾਂ ਦੀ ਆਜ਼ਾਦੀ ਮਾਨਣ ਦੇ ਬਾਵਜੂਦ ਬਿਜਲੀ ਨਾਲ ਲਾਟੂ ਜਗਾਉਣ ਜੋਗੇ ਨਹੀਂ ਹੋ ਸਕੇ।
ਜਿਹੜੀ ਗੱਲ ਵਿੱਚ ਭਾਰਤ ਨੂੰ ਇੱਕ ਨੰਬਰ ਉੱਤੇ ਰੱਖਿਆ ਗਿਆ ਹੈ, ਉਹ ਇਹ ਕਿ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਦੇ ਮਾਮਲੇ ਵਿੱਚ ਭਾਰਤ ਜਿੰਨੀ ਦੌੜ ਕਿਸੇ ਦੇਸ਼ ਦੇ ਲੋਕ ਨਹੀਂ ਲਾ ਰਹੇ। ਏਥੋਂ ਜਵਾਨੀ ਬਾਹਰ ਨੂੰ ਭੱਜ ਰਹੀ ਹੈ। ਮਾਪੇ ਚਾਹੁੰਦੇ ਹਨ ਕਿ ਬੱਚੇ ਭਾਰਤ ਵਿੱਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਰਹਿਣ, ਪਰ ਪੁਰਾਤਨ ਯੁੱਗ ਤੋਂ ਮਨੁੱਖਤਾ ਦਾ ਇਤਹਾਸ ਇਹੋ ਹੈ ਕਿ ਜਦੋਂ ਕਿਸੇ ਜਗ੍ਹਾ ਪੇਟ ਭਰਨ ਦਾ ਜੁਗਾੜ ਨਹੀਂ ਹੋ ਸਕਦਾ, ਓਦੋਂ ਜੰਗਲੀ ਜੀਵ ਤੇ ਪੰਖੇਰੂ ਵੀ ਉਡਾਰੀਆਂ ਲਾ ਕੇ ਦੂਸਰੇ ਆਸਰੇ ਭਾਲਣ ਨਿਕਲ ਤੁਰਦੇ ਹਨ ਤੇ ਮਨੁੱਖ ਏਦਾਂ ਹੀ ਪ੍ਰਵਾਸ ਕਰਦਾ ਰਿਹਾ ਹੈ। ਆਰੀਆ ਵੀ ਏਸੇ ਕਾਰਨ ਭਾਰਤ ਆਏ ਸਨ, ਕਈ ਹੋਰ ਵੀ ਆਉਂਦੇ ਰਹੇ ਸਨ। ਭਾਰਤ ਮਾਂ ਆਪਣੇ ਬੱਚਿਆਂ ਦਾ ਪੇਟ ਭਰਨ ਜੋਗੀ ਹੋਵੇ ਤਾਂ ਇਨ੍ਹਾਂ ਨੂੰ ਬਾਹਰ ਵੱਲ ਭੱਜਣ ਦੀ ਲੋੜ ਨਹੀਂ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਮਾਂ ਦੇ ਪੱਲੇ ਸਿਆਸੀ ਲੀਡਰਾਂ ਨੇ ਛੱਡਿਆ ਕੁਝ ਨਹੀਂ। ਅੱਜ ਦੋਵਾਂ ਵੱਡੀਆਂ ਸਿਆਸੀ ਧਿਰਾਂ ਦੇ ਆਗੂ ਇਸ ਤ੍ਰਾਸਦੀ ਵਾਲੀ ਹਾਲਤ ਲਈ ਇੱਕ ਦੂਸਰੇ ਸਿਰ ਭਾਂਡਾ ਭੰਨ ਰਹੇ ਹਨ, ਦੋਵੇਂ ਹੀ ਦੂਸਰੇ ਵੱਲ ਉਂਗਲ ਠੀਕ ਉਠਾ ਕੇ ਆਪਣਾ ਕੋਝਾਪਣ ਲੁਕਾਉਂਦੇ ਹਨ ਤੇ ਦੋਵਾਂ ਦੀ ਆਪਸ ਵਿੱਚ ਬਣਦੀ ਨਹੀ। ਫਰਜ਼ ਕਰੋ ਕਿ ਉਨ੍ਹਾਂ ਦੋਵਾਂ ਦੀ ਆਪੋ ਵਿੱਚ ਬਣਦੀ ਹੋਵੇ, ਦੋਵੇਂ ਪਾਰਟੀਆਂ ਦੇ ਆਗੂ ਇੱਕ ਦਿਨ ਖਾਣੇ ਲਈ ਇੱਕੋ ਘਰ ਇਕੱਠੇ ਹੋ ਜਾਣ ਅਤੇ ਫਿਰ ਇਹ ਸਲਾਹ ਕਰਨ ਲੱਗ ਜਾਣ ਕਿ ਕਿਸੇ ਦੇਸ਼ ਦਾ ਭੱਠਾ ਕਿਵੇਂ ਬਿਠਾਇਆ ਜਾ ਸਕਦਾ ਹੈ, ਜਿੰਨਾ ਭੱਠਾ ਉਹ ਬਿਠਾ ਚੁੱਕੇ ਹਨ, ਭਲਾ ਇਸ ਤੋਂ ਵੱਧ ਵੀ ਕਿਸੇ ਦੇਸ਼ ਦਾ ਬਿਠਾਇਆ ਜਾ ਸਕਦਾ ਹੈ? ਇਹੋ ਵੱਡਾ ਸਵਾਲ ਹੈ, ਜਿਹੜਾ ਸਾਡੀ ਪੀੜ੍ਹੀ ਦੇ ਲੋਕ ਸੋਚ ਨਹੀਂ ਸਕੇ, ਜਾਂ ਸੋਚਣ ਦਾ ਸਮਾਂ ਨਹੀਂ ਕੱਢ ਸਕੇ, ਪਰ ਅਗਲੀ ਪੀੜ੍ਹੀ ਜਦੋਂ ਏਦਾਂ ਦਾ ਸਵਾਲ ਸੋਚਣ ਬੈਠ ਗਈ ਤਾਂ ਭਾਰਤ ਦੇ ਲੀਡਰਾਂ ਬਾਰੇ ਕਿਸ ਸਿੱਟੇ ਉੱਤੇ ਪੁੱਜੇਗੀ, ਕਹਿਣ ਦੀ ਲੋੜ ਨਹੀਂ।

13 Jan. 2019