ਲੋਹੜੀ ਤੇ ਵਿਸ਼ੇਸ : ਪੰਜਾਬੀ ਲੋਕ ਨਾਇਕ ਦੁੱਲਾ ਭੱਟੀ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਪੰਜਾਬ ਦੇ ਤਿੱਥ-ਤਿਹਾਉਰਾਂ ਦੀ ਗਾਥਾ ਕਿਸੇ ਨਾ ਕਿਸੇ ਮਹਾਨ ਸਖਸ਼ੀਅਤ ਨਾਲ ਸਬੰਧਤ ਹੈ। ਇਸ ਤਰ੍ਹਾਂ ਹੀ ਲੋਹੜੀ ਦੀ ਗਾਥਾ ਇੱਕ ਉੱਘੇ ਲੋਕ ਨਾਇਕ ਦੁੱਲੇ ਭੱਟੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਸ਼ਹੂਰ ਲੋਕ ਨਾਇਕ ਰਾਜਪੂਤ ਦੁੱਲਾ ਭੱਟੀ ਦਾ ਜਨਮ ਮਾਤਾ ਲੱਧੀ ਦੀ ਕੁੱਖੋਂ ਪਿਤਾ ਰਾਏ ਫਰੀਦ ਖਾਨ ਦੇ ਘਰ 1569 ਈਸਵੀ ਵਿੱਚ ਪੰਜਾਬ ਦੇ ਪਿੰਡ ਸ਼ਾਂਦਲ ਬਾਰ(ਹੁਣ ਪਾਕਿਸਤਾਨ ਵਿੱਚ) ਹੋਇਆ। ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ। ਦੁੱਲਾ ਭੱਟੀ ਦਾ ਪੂਰਾ ਨਾਂਅ ਰਾਏ ਅਬਦੁੱਲਾ ਖਾਨ ਭੱਟੀ ਸੀ ਪਰ ਉਹ ਆਪਣੇ ਲੋਕ ਪੱਖੀ ਕਾਰਨਾਮਿਆਂ ਕਰਕੇ ਇੱਕ ਲੋਕ ਨਾਇਕ ਵਜੋਂ ਜਾਣਿਆਂ ਜਾਣ ਲੱਗਾ। ਦੁੱਲਾ ਭੱਟੀ ਦਾ ਪਿਤਾ ਫਰੀਦ ਖਾਨ ਸ਼ਾਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸਦਾ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਾਫੀ ਬੋਲਬਾਲਾ ਸੀ। ਹੁਣ ਇਹ ਖੇਤਰ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਵਿੱਚ ਸਥਿਤ ਹੈ। ਉਸ ਸਮੇਂ ਅਕਬਰ ਬਾਦਸ਼ਾਹ ਵੱਲੋਂ ਕਿਸਾਨਾਂ ਪਾਸੋਂ ਜਮੀਨਾਂ ਦਾ ਲਗਾਨ ਇੱਕਠਾ ਕੀਤਾ ਜਾਂਦਾ ਸੀ, ਜੋ ਅਕਬਰ ਬਾਦਸ਼ਾਹ ਨੇ ਰਾਜ ਵਿਚ ਜਮੀਨ ਦੀ ਮਿਣਤੀ ਕਰਵਾਕੇ ਲਗਾਨ ਨਿਸ਼ਚਿਤ ਕੀਤਾ ਹੋਇਆ ਸੀ। ਅਕਬਰ ਬਾਦਸ਼ਾਹ ਵੱਲੋਂ ਮਾਮਲਾ ਉਗਰਾਹੁਣ ਤੇ ਜਿਮੀਂਦਾਰਾਂ ਵਿੱਚ ਰਾਜ ਪ੍ਰਬੰਧ ਦੇ ਖਿਲਾਫ ਇੰਨੀ ਨਫਰਤ ਪੈਦਾ ਹੋ ਗਈ ਕਿ ਉਨ੍ਹਾਂ ਨੇ ਲਗਾਨ ਦੇਣ ਤੋਂ ਨਾਂਹ ਕਰਦਿਆਂ ਬਗਾਵਤ ਕਰ ਦਿੱਤੀ। ਭੱਟੀਆਂ ਦੇ ਇਲਾਕੇ ਵਿੱਚ ਮੁਗਲਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਚਲਦਿਆਂ ਇਹ ਲੋਕ ਸਰਕਾਰੀ ਹਕੂਮਤ ਨੂੰ ਟਿੱਚ ਸਮਝਣ ਲੱਗੇ ਅਤੇ ਇਲਾਕੇ ਵਿੱਚੋਂ ਲੰਘਣ ਵਾਲੇ ਟੋਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ। ਉਸ ਸਮੇਂ ਦੀ ਹਕੂਮਤ ਨੇ ਅਜਿਹੀਆਂ ਬਾਗੀ ਸੁਰਾਂ ਨੂੰ ਸਖਤੀ ਨਾਲ ਦਬਾਉਦਿਆਂ ਰਾਏ ਫਰੀਦ ਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਭੱਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੀ ਜਇਦਾਦ ਨੂੰ ਵੀ ਮੁਗਲਾਂ ਨੇ ਆਪਣੇ ਕਬਜੇ ਵਿੱਚ ਲੈ ਲਿਆ। ਅਕਬਰ ਬਾਦਸ਼ਾਹ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਉਹ ਨਾ ਝੁਕੇ ਤਾਂ ਅਕਬਰ ਬਾਦਸ਼ਾਹ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਰਾਏ ਫਰੀਦਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਨੂੰ ਫਾਂਸੀ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲਾਹੌਰ ਦੇ ਮੁੱਖ ਦਰਵਾਜੇ ਤੇ ਲਟਕਾ ਦਿੱਤੀਆਂ ਸਨ। ਇਸ ਘਟਨਾ ਤੋਂ ਕੁਝ ਮਹੀਨੇ ਬੀਤਣ ਬਾਅਦ ਰਾਏ ਫਰੀਦ ਖਾਨ ਦੀ ਪਤਨੀ ਲੱਧੀ ਨੇ ਦੁੱਲੇ ਨੂੰ ਜਨਮ ਦਿੱਤਾ। ਦੁੱਲੇ ਦਾ ਬਚਪਨ ਖੇਡਦਿਆਂ-ਕੁੱਦਦਿਆਂ ਬੀਤਿਆ। ਭਾਵੇਂ ਦੁੱਲੇ ਨੂੰ ਪੜਨ ਲਾਇਆ ਗਿਆ ਪਰ ਉਸਦਾ ਮਨ ਪੜ੍ਹਾਈ ਵਿੱਚ ਨਾ ਲੱਗਾ। ਉਹ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਅਣਹੋਣੀ ਤੋਂ ਅਨਜਾਣ ਸੀ। ਜਦ ਉਸਨੂੰ ਚੜ੍ਹਦੀ ਜਵਾਨੀ ਉਮਰੇ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਸਾਰੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਸਦਾ ਖੂਨ ਖੌਲ ਉੱਠਿਆ। ਦੁੱਲੇ ਭੱਟੀ ਨੇ ਹਕੂਮਤ ਦੇ ਵਿਰੋਧ ਵਿੱਚ ਆਪਣੇ ਹਮ ਉਮਰ ਸਾਥੀਆਂ ਦੀ ਇੱਕ ਨਿੱਜੀ ਫੌਜ ਖੜ੍ਹੀ ਕਰ ਲਈ। ਇਨ੍ਹਾਂ ਲੋਕਾਂ ਨੇ ਬੜੀ ਦਲੇਰੀ ਨਾਲ ਸ਼ਾਹੀ ਖਜ਼ਾਨੇ ਲੁੱਟਣੇ ਸ਼ੁਰੂ ਕਰ ਦਿੱਤੇ ਅਤੇ ਲੁੱਟੇ ਹੋਏ ਮਾਲ ਨਾਲ ਗਰੀਬ ਲੜਕੀਆ ਦੇ ਵਿਆਹ ਕਰ ਦਿੰਦੇ,ਜੋ ਬਾਕੀ ਮਾਲ ਬਚ ਜਾਂਦਾ ਉਸਨੂੰ ਇਹ ਗਰੀਬਾਂ ਵਿੱਚ ਵੰਡ ਦਿੰਦੇ। ਉਸ ਇਲਾਕੇ ਦੇ ਲੋਕ ਦੁੱਲਾ ਭੱਟੀ ਦੀ ਇਸ ਦਰਿਆ ਦਿਲੀ ਦੇ ਕਾਇਲ ਹੋ ਗਏ ਸਨ। ਦੁੱਲਾ ਭੱਟੀ ਦੀ ਅਗਵਾਈ ਹੇਠਲੀ ਇਹ ਫੌਜ ਮੌਕਾ ਮਿਲਦਿਆਂ ਹੀ ਇਲਾਕੇ ਵਿੱਚੋਂ ਲੰਘਣ ਵਾਲੇ ਮੁਗਲਾਂ ਦੇ ਸ਼ਾਹੀ ਕਾਫਲਿਆਂ ਨੂੰ ਲੁੱਟ ਲੈਂਦੀ ਸੀ। ਇੱਕ ਵਾਰ ਜਦ ਕਾਬਲ ਦੇ ਵਪਾਰੀ ਅਕਬਰ ਬਾਦਸ਼ਾਹ ਲਈ ਅਰਬੀ ਘੋੜੇ ਲੈ ਕੇ ਜਾ ਰਹੇ ਸੀ ਤਾਂ ਦੁੱਲੇ ਭੱਟੀ ਨੇ ਉਨਾਂ ਨੂੰ ਲੁੱਟ ਲਿਆ ਸੀ। ਦੁੱਲੇ ਦੀਆਂ ਇਹੋ ਜਿਹੀਆਂ ਲੁੱਟਾਂ ਕਰਨ ਤੇ ਸ਼ਾਂਦਲ ਬਾਰ ਦਾ ਇਲਾਕਾ ਹੂਕਮਤ ਦੇ ਕਬਜੇ ਚੋਂ ਅਜ਼ਾਦ ਮਹਿਸੂਸ ਕਰਨ ਲੱਗਾ। ਦੁੱਲਾ ਭੱਟੀ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਅੱਖ ਨਾਲ ਵੇਖਦਾ ਅਤੇ ਉਨ੍ਹਾਂ ਦੀ ਰਾਖੀ ਕਰਦਾ ਸੀ। ਇਸ ਕਰਕੇ ਹਰ ਵਰਗ ਦੇ ਲੋਕ ਉਸਦਾ ਆਦਰ ਸਤਿਕਾਰ ਅਤੇ ਪਿਆਰ ਕਰਦੇ ਸਨ। ਇੱਕ ਲੋਕ ਕਥਾ ਅਨੁਸਾਰ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਹਾਮਣ ਦੀਆਂ ਦੋ ਬੇਟੀਆਂ (ਸੁੰਦਰੀ ਤੇ ਮੁੰਦਰੀ) ਨੂੰ ਜ਼ਾਲਮਾਂ ਦੇ ਕਬਜ਼ੇ ਵਿੱਚੋਂ ਬਾਇੱਜ਼ਤ ਛੁਡਵਾਕੇ,ਉਨ੍ਹਾਂ ਦੇ ਆਪਣੇ ਹੱਥੀਂ ਵਿਆਹ ਕੀਤੇ ਅਤੇ ਉਨ੍ਹਾਂ ਦੀ ਝੋਲੀ ਵਿੱਚ ਸ਼ਗਨ ਵਜੋਂ ਸ਼ੱਕਰ ਪਾਈ। ਗਰੀਬ ਲੜਕੀਆਂ ਦੇ ਇੱਕ ਪਿਤਾ ਬਣਕੇ ਵਿਆਹ ਦੇ ਫਰਜ਼ ਨਿਭਾਉਣ ਪਿੱਛੋਂ ਇਹ ਇੱਕ ਦੰਦ ਕਥਾ ਬਣਨ ਦੇ ਨਾਲ-ਨਾਲ ਤਿਹਾਉਰ ਵੀ ਬਣ ਗਈ ਅੱਜ ਵੀ ਲੋਹੜੀ ਦੇ ਮੌਕੇ ਦੁੱਲਾ ਭੱਟੀ ਨੂੰ ਉਸ ਨਾਲ ਸਬੰਧਤ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ,ਦੁੱਲਾ ਭੱਟੀ ਵਾਲਾ ਹੋ,ਦੁੱਲੇ ਧੀ ਵਿਆਹੀ ਹੋ,ਸੇਰ ਸ਼ੱਕਰ ਪਾਈ ਹੋ।' ਇਹੋ ਅਜਿਹੇ ਲੋਕ ਭਲਾਈ ਕੰਮਾਂ ਸਦਕਾ ਲੋਕ ਦੁੱਲੇ ਭੱਟੀ ਨੂੰ ਆਪਣੇ ਮਸੀਹੇ ਵਜੋਂ ਵੇਖਣ ਲੱਗੱੇ ਤਾਂ ਦੁੱਲੇ ਭੱਟੀ ਦੀ ਇੰਨ੍ਹੀ ਚੜਤ ਵੇਖ ਕੇ ਮੁਗਲਾਂ ਦੀ ਨੀਂਦ ਹਰਾਮ ਹੋਣ ਲੱਗ ਪਈ। ਲਾਹੌਰ ਦਾ ਸੂਬੇਦਾਰ ਆਪਣੀਆਂ ਲੱਖ ਕੋਸ਼ਿਸਾਂ ਦੇ ਬਾਵਯੂਦ ਵੀ ਦੁੱਲੇ ਭੱਟੀ ਦੀ ਚੜਤ ਨੂੰ ਖਤਮ ਨਾ ਕਰ ਸਕਿਆ। ਉਸਨੂੰ ਹਰ ਵਾਰ ਨਾਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਆਖਿਰਕਾਰ ਉਸ ਸਮੇਂ ਦੀ ਹਕੂਮਤ ਨੇ ਦੁੱਲਾ ਭੱਟੀ ਤੋਂ ਦੁਖੀ ਹੋ ਕੇ ਸ਼ਾਂਦਲਬਾਰ ਇਲਾਕੇ ਦੀ ਬਗਾਵਤ ਨੂੰ ਖਤਮ ਕਰਨ ਲਈ ਹੋਣਹਾਰ ਸੈਨਿਕਾਂ ਦੇ ਜਨਰਲ ਮਿਰਜਾ ਅਲਾਊਦੀਨ ਅਤੇ ਮਿਰਜਾ ਜਿਊਦੀਨ ਖਾਨ ਨੂੰ ਪੰਦਰਾਂ ਹਜਾਰ ਸੈਨਿਕ ਦੇ ਕੇ ਲਾਹੌਰ ਦੇ ਸੂਬੇਦਾਰ ਨੂੰ ਕਿਹਾ ਗਿਆ ਕਿ ਜੇ ਦੁੱਲਾ ਭੱਟੀ ਦੀ ਬਗਾਵਤ ਖਤਮ ਨਾ ਕੀਤੀ ਗਈ ਤਾਂ ਤਹਾਨੂੰ ਸਖਤ ਸਜਾ ਦਾ ਸਾਹਮਣਾ ਕਰਨਾ ਪਵੇਗਾ। ਮੁਗਲਾਂ ਵੱਲੋਂ ਭੇਜੇ ਗਏ ਜਨਰਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਸਾਂਝੀ ਫੌਜ ਨੇ ਦੁੱਲੇ ਦੀ ਹਰ ਇੱਕ ਗਤੀਵਿਧੀ ਤੇ ਨਜ਼ਰਸਾਨੀ ਰੱਖਣੀ ਸ਼ੁਰੂ ਕਰ ਦਿੱਤੀ ਪਰ ਦੁੱਲੇ ਦਾ ਇਸ ਸ਼ਾਹੀ ਫੌਜ ਨੂੰ ਕੋਈ ਥੌਹ ਪਤਾ ਨਾ ਲੱਗਾ ਤਾਂ ਫੌਜ ਨੇ ਹੰਭ-ਹਾਰ ਕੇ ਉਸਦਾ ਘਰ ਘਾਟ ਤਬਾਹ ਕਰ ਦਿੱਤਾ ਅਤੇ ਉਸਦੀ ਮਾਤਾ ਲੱਧੀ ਸਮੇਤ ਬਹੁਤ ਸਾਰੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੁੱਲਾ ਭੱਟੀ ਤੇ ਉਸ ਦੇ ਸਾਥੀਆਂ ਨੇ ਹਕਮੂਤੀ ਜਬਰ ਦੀ ਪ੍ਰਵਾਹ ਨਾ ਕਰਦਿਆਂ ਫੌਜ ਤੇ ਹਮਲੇ ਕਰ ਕੇ ਮੁਗਲ ਫੌਜਾਂ ਦੇ ਥੰਮ ਹਿਲਾ ਦਿੱਤੇ। ਆਖਿਰ ਜਦ ਦੁੱਲਾ ਭੱਟੀ ਅਕਬਰ ਦੀਆਂ ਫੌਜਾਂ ਦੇ ਹੱਥ ਨਾ ਅਇਆ ਤਾਂ ਮੁਗਲਾਂ ਨੇ ਆਪਣੇ ਏਲਚੀਆਂ ਰਾਹੀਂ ਉਸਨੂੰ ਸੰਧੀ ਲਈ ਬੁਲਾਵਾ ਦਿੱਤਾ ਅਤੇ ਦੁੱਲਾ ਭੱਟੀ ਨੇ ਸੱਦਾ ਪ੍ਰਵਾਨ ਕਰ ਲਿਆ। ਮੁਗਲਾਂ ਨੇ ਦੁੱਲਾ ਭੱਟੀ ਨੂੰ ਬੁਲਾਵੇ ਤੇ ਬੁਲਾ ਕੇ ਉਸਦੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾਕੇ ਉਸਨੂੰ ਬੇਹੋਸੀ ਦੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ। ਇਸ ਅਣਖੀਲੇ ਬਹਾਦਰ ਪੰਜਾਬੀ ਨਾਇਕ ਦੁੱਲਾ ਭੱਟੀ ਨੂੰ 1599 ਈ. ਵਿੱਚ ਫਾਂਸੀ ਲਗਾ ਦਿੱਤੀ ਗਈ। ਉਸ ਸਮੇਂ ਦੁੱਲਾ ਭੱਟੀ ਦੀ ਉਮਰ ਤਕਰੀਬਨ ਤੀਹ ਸਾਲ ਦੀ ਦੱਸੀ ਜਾਂਦੀ ਹੈ। ਦੁੱਲੇ ਭੱਟੀ ਦੀ ਕਬਰ ਪਾਕਿਸਤਾਨ ਦੇ ਲਾਹੌਰ ਮਿਆਣੀ ਸਾਹਿਬ ਵਿੱਚ ਬਣੀ ਹੋਈ ਹੈ। ਜਿਥੇ ਲੋਹੜੀ ਦੇ ਤਿਹਾਉਰ ਮੌਕੇ ਇੱਕ ਵੱਡਾ ਮੇਲਾ ਲੱਗਦਾ ਹੈ,ਇਥੇ ਦੂਰੋਂ-ਦੂਰੋਂ ਪੁੱਜੇ ਲੋਕ ਹਕੂਮਤ ਨਾਲ ਟੱਕਰ ਲੈਣ ਵਾਲੇ ਇਸ ਨਾਇਕ ਨੂੰ ਆਪਣੀ ਅਕੀਦਤ ਭੇਂਟ ਕਰਦੇ ਹਨ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com
12 Jan 2019