ਸੰਕਟਾਂ ਦੇ ਸਾਹਮਣੇ ਖੜੀ ਕੌਮ ਤੇ ਮਿਹਣੇਬਾਜ਼ੀ ਵਿੱਚ ਉਲਝੀ ਹੋਈ ਲੀਡਰਸ਼ਿਪ - ਜਤਿੰਦਰ ਪਨੂੰ
ਨਵਾਂ ਸਾਲ ਚੜ੍ਹਦੇ ਸਾਰ ਅਸੀਂ ਭਾਰਤ ਦੀ ਪਾਰਲੀਮੈਂਟ ਵਿੱਚ ਦੋਵਾਂ ਪ੍ਰਮੁੱਖ ਪਾਰਟੀਆਂ ਦੀ ਲੀਡਰਸ਼ਿਪ ਨੂੰ ਆਪਸ ਵਿੱਚ ਚੁੰਝ-ਭਿੜਾਈ ਕਰਦੀਆਂ ਨੂੰ ਵੇਖਿਆ ਹੈ। ਬਹੁਤਾ ਕਰ ਕੇ ਮਾਮਲਾ ਫੌਜੀ ਸੌਦਿਆਂ ਦਾ ਛਾਇਆ ਰਿਹਾ ਹੈ। ਕਦੇ ਕੁਝ ਵਿਹਲ ਮਿਲਦੀ ਤਾਂ ਹੋਰ ਮੁੱਦੇ ਵੀ ਚੁੱਕ ਲਏ ਜਾਂਦੇ ਸਨ, ਪਰ ਵਧੇਰੇ ਵਕਤ ਰਾਫਾਲ ਲੜਾਕੂ ਜਹਾਜ਼ਾਂ ਬਾਰੇ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਭਾਜਪਾ ਉੱਤੇ ਹਮਲੇ ਹੁੰਦੇ ਅਤੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਕਾਰਨ ਭਾਜਪਾ ਦੇ ਲੀਡਰਾਂ ਨੂੰ ਕਾਂਗਰਸ ਉੱਤੇ ਹਮਲੇ ਕਰਦੇ ਹੋਏ ਵੇਖਿਆ ਹੈ। ਦਲੀਲਾਂ ਘੱਟ ਤੇ ਭੱਦੀ ਭਾਸ਼ਾ ਦੀ ਵਰਤੋਂ ਵੱਧ ਹੁੰਦੀ ਹੈ। ਦੋਵਾਂ ਧਿਰਾਂ ਲਈ ਇਸ ਪਾਰਲੀਮੈਂਟ ਸੈਸ਼ਨ ਵਿੱਚ ਰੌਲਾ ਪਾਉਣਾ ਇਸ ਲਈ ਜ਼ਰੂਰੀ ਹੈ ਕਿ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਹਨ। ਵੋਟਰਾਂ ਦੇ ਕੋਲ ਜਾ ਕੇ ਇਹ ਕਹਿਣ ਲਈ ਕਿ ਦੇਸ਼ ਦੇ ਹਿੱਤਾਂ ਵਾਸਤੇ ਅਸੀਂ ਆਪਣੇ ਵੱਲੋਂ ਸਾਰਾ ਜ਼ੋਰ ਲਾਈ ਰੱਖਿਆ ਸੀ, ਦੋਵਾਂ ਧਿਰਾਂ ਦੇ ਆਗੂਆਂ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ। ਉਹ ਕਰ ਰਹੇ ਹਨ, ਅਤੇ ਕਰਦੇ ਵੀ ਰਹਿਣਗੇ।
ਅਸੀਂ ਚਾਲੀ ਕੁ ਸਾਲ ਪਹਿਲਾਂ ਬੋਫੋਰਜ਼ ਕੰਪਨੀ ਦੀ ਹਾਵਿਟਜ਼ਰ ਤੋਪ ਖਰੀਦਣ ਵਾਲੇ ਸੌਦੇ ਤੋਂ ਭਾਰਤੀ ਰਾਜਨੀਤੀ ਵਿੱਚ ਉਬਾਲੇ ਆਉਂਦੇ ਵੇਖੇ ਸਨ। ਨਤੀਜਾ ਇਹ ਨਿਕਲਿਆ ਸੀ ਕਿ ਚਾਰ ਦਿਨ ਦੀ ਖਿੱਚੋਤਾਣ ਦੇ ਬਾਅਦ ਸਾਰੇ ਦੋਸ਼ੀ ਛੁੱਟ ਗਏ ਅਤੇ ਜਿੰਨੇ ਪੈਸਿਆਂ ਦੀ ਰਿਸ਼ਵਤਖੋਰੀ ਦਾ ਦੋਸ਼ ਲੱਗਾ ਸੀ, ਉਸ ਨਾਲੋਂ ਵੀਹ ਗੁਣਾਂ ਤੋਂ ਵੱਧ ਜਾਂਚ ਦੇ ਨਾਂਅ ਉੱਤੇ ਫੂਕ ਦਿੱਤੇ ਗਏ ਸਨ। ਇਹੋ ਕੁਝ ਜਹਾਜ਼ ਸੌਦੇ ਜਾਂ ਹੈਲੀਕਾਪਟਰ ਸੌਦੇ ਬਾਰੇ ਹੋ ਸਕਦਾ ਹੈ। ਇਸ ਕੇਸ ਵਿੱਚ ਕਿਸੇ ਦੀ ਕਿੰਨੀ ਵੀ ਦਿਲਚਸਪੀ ਹੋਵੇ, ਬਤੌਰ ਪੱਤਰਕਾਰ ਇਸ ਦੀ ਚਰਚਾ ਕਰਨ ਤੋਂ ਸਿਵਾ ਮੇਰੀ ਇਸ ਵਿੱਚ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ। ਭਾਰਤ ਨੂੰ ਆਜ਼ਾਦੀ ਮਿਲਣ ਦੇ ਦਿਨ ਤੋਂ ਅੱਜ ਤੱਕ ਇਹੋ ਜਿਹਾ ਕੋਈ ਫੌਜੀ ਸਮਾਨ ਖਰੀਦਣ ਦਾ ਸੌਦਾ ਹੋਇਆ ਹੀ ਨਹੀਂ, ਜਿਸ ਵਿੱਚ ਕਿਸੇ ਵੱਲੋਂ ਰਿਸ਼ਵਤਖੋਰੀ ਜਾਂ ਦਲਾਲੀ ਦਾ ਰੌਲਾ ਨਾ ਪਿਆ ਹੋਵੇ। ਜਵਾਹਰ ਲਾਲ ਨਹਿਰੂ ਨੂੰ ਬੇਈਮਾਨ ਆਗੂ ਨਹੀਂ ਸੀ ਮੰਨਿਆ ਜਾਂਦਾ, ਇਸ ਦੇ ਬਾਵਜੂਦ ਉਸ ਰਾਜ ਦੌਰਾਨ ਬ੍ਰਿਟੇਨ ਵਿੱਚ ਭਾਰਤ ਸਰਕਾਰ ਦੇ ਹਾਈ ਕਮਿਸ਼ਨਰ ਵੀ ਕੇ ਕ੍ਰਿਸ਼ਨਾ ਮੈਨਨ ਨੇ ਪ੍ਰੋਟੋਕੋਲ ਤੋੜ ਕੇ ਅੱਸੀ ਲੱਖ ਰੁਪਏ ਦਾ ਦੌ ਸੌ ਜੀਪਾਂ ਵਾਲਾ ਸੌਦਾ ਖੁਦ ਹੀ ਕਰ ਲਿਆ ਤਾਂ ਰੌਲਾ ਪੈ ਗਿਆ ਸੀ, ਪਰ ਹੋਇਆ ਕੁਝ ਨਹੀਂ ਸੀ। ਸੌਦਾ ਕਰਨ ਵਾਲਾ ਵੀ ਕੇ ਕ੍ਰਿਸ਼ਨਾ ਮੈਨਨ ਕੁਝ ਸਮਾਂ ਪਾ ਕੇ ਦੇਸ਼ ਦਾ ਵਿਦੇਸ਼ ਮੰਤਰੀ ਬਣ ਗਿਆ ਸੀ। ਅਟਲ ਬਿਹਾਰੀ ਵਾਜਪਾਈ ਵੀ ਪ੍ਰਧਾਨ ਮੰਤਰੀ ਬਣ ਕੇ ਬੜਾ ਇਮਾਨਦਾਰੀ ਦਾ ਢੰਡੋਰਾ ਪਿੱਟਦਾ ਸੀ, ਪਰ ਉਸ ਦੇ ਵਕਤ ਪਹਿਲਾਂ ਤਹਿਲਕਾ ਕਾਂਡ ਹੋ ਗਿਆ ਤੇ ਪਿੱਛੋਂ ਕਾਰਗਿਲ ਵਾਲੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਲਈ ਬਕਸੇ (ਅੰਗਰੇਜ਼ੀ ਵਿੱਚ 'ਕਫਨ') ਖਰੀਦਣ ਦੇ ਨਾਲ ਹਰ ਥਾਂ 'ਕਫਨ ਚੋਰ' ਦਾ ਰੌਲਾ ਪੈਂਦਾ ਸੁਣਦਾ ਰਿਹਾ ਸੀ। ਡਾਕਟਰ ਮਨਮੋਹਨ ਸਿੰਘ ਬਹੁਤ ਈਮਾਨਦਾਰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ ਤੇ ਖੁਦ ਈਮਾਨਦਾਰ ਵੀ ਰਿਹਾ ਸੀ, ਪਰ ਉਸ ਰਾਜ ਵਿੱਚ ਵੀ ਹੈਲੀਕਾਪਟਰ ਘੋਟਾਲਾ ਹੋ ਗਿਆ, ਜਿਸ ਦੀ ਜੜ੍ਹ ਵਾਜਪਾਈ ਸਰਕਾਰ ਦੇ ਸਮੇਂ ਲੱਗੀ ਤੇ ਫਲ ਕੁਝ ਕਾਂਗਰਸੀ ਸਰਕਾਰ ਦੇ ਮੰਤਰੀਆਂ ਨੇ ਤੋੜ-ਤੋੜ ਖਾਧੇ ਸਨ। ਨਰਿੰਦਰ ਮੋਦੀ ਖੁਦ ਹੀ ਜਹਾਜ਼ ਸੌਦੇ ਵਿੱਚ ਉਲਝੇ ਪਏ ਹਨ।
ਜਦੋਂ ਸਾਨੂੰ ਇਹ ਪਤਾ ਹੈ ਕਿ ਫੌਜੀ ਸਾਮਾਨ ਦੀ ਖਰੀਦ ਦਾ ਕੋਈ ਸੌਦਾ ਰਿਸ਼ਵਤਖੋਰੀ ਬਿਨਾਂ ਹੋਇਆ ਨਹੀਂ ਅਤੇ ਕੋਈ ਹੋਣਾ ਵੀ ਨਹੀਂ ਤਾਂ ਇਸ ਉੱਤੇ ਮਗਜ਼ ਮਾਰੀ ਕਰਨ ਦੀ ਥਾਂ ਅਸੀਂ ਦੇਸ਼ ਦੇ ਲੋਕਾਂ ਸਾਹਮਣੇ ਸਿਰ ਚੁੱਕੀ ਖੜੇ ਏਦਾਂ ਦੇ ਮਸਲਿਆਂ ਵੱਲ ਧਿਆਨ ਦੇਣਾ ਬਿਹਤਰ ਸਮਝਦੇ ਹਾਂ, ਜਿਹੜੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ। ਇਸ ਦੇਸ਼ ਦੀ ਅਗਲੀ ਪੀੜ੍ਹੀ ਦੀ ਚਿੰਤਾ ਤਾਂ ਕੀ ਕਰਨੀ, ਇਹ ਵੀ ਚਿੰਤਾ ਨਹੀਂ ਕਿ ਹੋਰ ਪੰਜ ਸਾਲਾਂ ਤੱਕ ਕੀ ਬਣਨ ਵਾਲਾ ਹੈ? ਸਾਡੇ ਸਾਹਮਣੇ ਏਦਾਂ ਦੇ ਮੁੱਦਿਆਂ ਦਾ ਢੇਰ ਲੱਗ ਸਕਦਾ ਹੈ, ਪਰ ਬਹੁਤਿਆਂ ਵਿੱਚੋਂ ਸਿਰਫ ਦੋ ਮਾਮਲਿਆਂ ਦੀ ਗੱਲ ਕਰਨੀ ਅਸੀਂ ਜ਼ਰੂਰੀ ਸਮਝਦੇ ਹਾਂ। ਇੱਕ ਮੁੱਦਾ ਮੁੱਕ ਰਹੇ ਪਾਣੀ ਦਾ ਅਤੇ ਦੂਸਰਾ ਫਿਰਕੂ ਉਬਾਲਿਆਂ ਦਾ ਹੈ।
ਫਿਰਕੂ ਉਬਾਲਿਆਂ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਫਿਕਰ ਹੁੰਦਾ ਹੈ ਕਿ ਦੇਸ਼ ਵਿੱਚ ਇੱਕ ਖਾਸ ਤਰ੍ਹਾਂ ਦੀ ਫਿਰਕੂ ਕਾਂਗ ਚੜ੍ਹਦੀ ਨੂੰ ਉਹ ਲੋਕ ਵੀ ਅੱਖੋਂ ਪਰੋਖੇ ਕਰੀ ਜਾ ਰਹੇ ਹਨ, ਜਿਹੜੇ ਬਾਰਾਂ ਸਾਲ ਪੰਜਾਬ ਵਿੱਚ ਇਹ ਕਹਿੰਦੇ ਰਹੇ ਸਨ ਕਿ ਸਾਡਾ ਧਰਮ ਖਤਰੇ ਵਿੱਚ ਹੈ, ਫਲਾਣੇ ਧਰਮ ਨੇ ਇਸ ਦੀ ਹੋਂਦ ਨਹੀਂ ਰਹਿਣ ਦੇਣੀ। ਰਾਜਸੀ ਲੋੜਾਂ ਲਈ ਜਿਹੜੇ ਲੋਕ ਇਸ ਵਕਤ ਖਾਮੋਸ਼ੀ ਵਿੱਚ ਆਪਣਾ ਹਿੱਤ ਸਮਝਦੇ ਹਨ, ਵਕਤ ਨੇ ਉਨ੍ਹਾਂ ਨੂੰ ਕਟਹਿਰੇ ਵਿੱਚ ਖੜੇ ਕਰ ਦੇਣਾ ਹੈ। ਜਰਮਨੀ ਵਿੱਚ ਜਦੋਂ ਹਿਟਲਰ ਦੀ ਉਠਾਣ ਹੋਈ ਤਾਂ ਕਈ ਲੋਕਾਂ ਨੇ ਵਕਤੀ ਚੁੱਪ ਰੱਖ ਕੇ ਫਿਰ ਜਿੱਦਾਂ ਭੁਗਤੀ ਸੀ, ਉਸ ਬਾਰੇ ਇੱਕ ਕਵੀ ਦੀ ਕਵਿਤਾ ਬੜੀ ਪ੍ਰਸਿੱਧ ਹੋਈ ਸੀ। ਉਸ ਦੇ ਬੋਲ ਸਾਨੂੰ ਯਾਦ ਨਹੀਂ, ਪਰ ਭਾਵਨਾ ਯਾਦ ਹੈ। ਕਵੀ ਨੇ ਟਕੋਰ ਕਰਦੇ ਹੋਏ ਕਿਹਾ ਸੀ ਕਿ ਜਦੋਂ ਯਹੂਦੀਆਂ ਦਾ ਘਾਣ ਹੋਇਆ, ਮੈਂ ਚੁੱਪ ਰਿਹਾ ਸੀ, ਕਿਉਂਕਿ ਮੈਂ ਯਹੂਦੀ ਨਹੀਂ ਸੀ ਤੇ ਕਮਿਊਨਿਸਟਾਂ ਦਾ ਘਾਣ ਹੋਣ ਵੇਲੇ ਫਿਰ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਉਸ ਦੇ ਬਾਅਦ ਸੋਸ਼ਲਿਸਟਾਂ ਦੀ ਵਾਰੀ ਆ ਗਈ ਤਾਂ ਮੈਂ ਚੁੱਪ ਰਿਹਾ, ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ ਤੇ ਜਦੋਂ ਉਨ੍ਹਾਂ ਸਭਨਾਂ ਦੇ ਬਾਅਦ ਮੇਰਾ ਨੰਬਰ ਆ ਗਿਆ ਤਾਂ ਮੇਰੇ ਹੱਕ ਵਿੱਚ ਮੂੰਹ ਖੋਲ੍ਹਣ ਵਾਲਾ ਕੋਈ ਬਾਕੀ ਨਹੀਂ ਸੀ ਰਹਿ ਗਿਆ। ਇਸ ਨੂੰ ਪਿੱਛੇ ਜਿਹੇ ਪਾਕਿਸਤਾਨ ਦੇ ਇੱਕ ਸ਼ੀਆ ਕਵੀ ਵੱਲੋਂ ਆਪਣੇ ਢੰਗ ਨਾਲ ਲਿਖਿਆ ਗਿਆ ਹੈ ਕਿ ਜਦੋਂ ਘੱਟ-ਗਿਣਤੀਆਂ ਉੱਤੇ ਹਮਲੇ ਹੋਏ ਤਾਂ ਮੈਨੂੰ ਪਰਵਾਹ ਨਹੀਂ ਸੀ ਤੇ ਫਿਰ ਜਦੋਂ ਅਹਿਮਦੀਆ ਮੁਸਲਮਾਨਾਂ ਬਾਰੇ ਕਹਿ ਦਿੱਤਾ ਗਿਆ ਕਿ ਇਹ ਮੁਸਲਮਾਨ ਨਹੀਂ ਤਾਂ ਮੈਂ ਓਦੋਂ ਵੀ ਖਾਮੋਸ਼ ਰਿਹਾ, ਪਰ ਅੱਜ ਸ਼ੀਆ ਲੋਕਾਂ ਨੂੰ ਵੀ ਨਿਸ਼ਾਨੇ ਉੱਤੇ ਰੱਖਿਆ ਪਿਆ ਹੈ। ਇਤਹਾਸ ਕਈ ਵਾਰ ਆਪਣੇ ਆਪ ਨੂੰ ਦੁਹਰਾ ਸਕਦਾ ਹੈ ਤੇ ਓਸੇ ਥਾਂ ਨਹੀਂ, ਕਦੀ ਜਰਮਨੀ ਦੀ ਥਾਂ ਭਾਰਤ ਵਿੱਚ ਵੀ ਆਣ ਕੇ ਦੁਹਰਾ ਸਕਦਾ ਹੈ।
ਦੂਸਰਾ ਮਾਮਲਾ ਇਸ ਦੇਸ਼ ਵਿੱਚ ਪਾਣੀ ਦੀ ਘਾਟ ਦਾ ਹੈ। ਅਸੀਂ ਪੰਜਾਬ ਦੇ ਲੋਕ ਇਸ ਗੱਲ ਬਾਰੇ ਰੌਲਾ ਪੈਂਦਾ ਸੁਣ ਸਕਦੇ ਹਾਂ ਕਿ ਜ਼ਮੀਨ ਹੇਠਾਂ ਪਾਣੀ ਦਾ ਪੱਧਰ ਬੜਾ ਡਿੱਗਦਾ ਜਾਂਦਾ ਹੈ। ਇਹ ਸੱਚ ਵੀ ਹੈ। ਮੇਰੇ ਵਰਗੇ ਲੋਕਾਂ ਨੇ ਬਾਲਪਣ ਵਿੱਚ ਖੂਹਾਂ ਦਾ ਪਾਣੀ ਮਸਾਂ ਅੱਠ-ਦਸ ਫੁੱਟ ਹੇਠਾਂ ਵੇਖਿਆ ਅਤੇ ਚਾਲੀ ਫੁੱਟ ਉੱਤੇ ਨਲਕੇ ਲੱਗਦੇ ਵੇਖੇ ਸਨ, ਪਰ ਅੱਜ ਦੇ ਯੁੱਗ ਵਿੱਚ ਜਦੋਂ ਚਾਰ ਸੌ ਫੁੱਟ ਤੋਂ ਹੇਠਾਂ ਤੱਕ ਬੋਰ ਚਲੇ ਜਾਣ ਦੀ ਗੱਲ ਸੁਣਦੇ ਹਾਂ ਤਾਂ ਸੋਚੀਂ ਪੈ ਜਾਂਦੇ ਹਾਂ। ਦੱਖਣ ਭਾਰਤ ਦੇ ਕਈ ਸ਼ਹਿਰਾਂ ਦਾ ਗੁਜ਼ਾਰਾ ਝੀਲਾਂ ਦੇ ਪਾਣੀ ਨਾਲ ਸਦੀਆਂ ਤੋਂ ਹੁੰਦਾ ਆਇਆ ਹੈ, ਓਥੇ ਅੱਜ-ਕੱਲ੍ਹ ਝੀਲਾਂ ਸੁੱਕਣ ਨਾਲ ਪਾਣੀ ਦੀ ਘਾਟ ਦੀ ਸਮੱਸਿਆ ਆਉਣ ਲੱਗੀ ਹੈ। ਇਹ ਸਿਰਫ ਭਾਰਤ ਵਿੱਚ ਨਹੀਂ, ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਹੋ ਰਿਹਾ ਹੈ। ਪਿਛਲੇ ਸਾਲ ਭਾਰਤ ਦੀ ਕ੍ਰਿਕਟ ਟੀਮ ਜਦੋਂ ਦੱਖਣੀ ਅਫਰੀਕਾ ਦੌਰੇ ਵਾਸਤੇ ਗਈ ਤਾਂ ਇਹ ਖਬਰ ਭਾਰਤ ਵਿੱਚ ਪਹੁੰਚੀ ਸੀ ਕਿ ਖਿਡਾਰੀਆਂ ਨੂੰ ਪੰਜ-ਤਾਰਾ ਹੋਟਲ ਵਿੱਚ ਵੀ ਨਹਾਉਣ ਆਦਿ ਵਾਸਤੇ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਤੇ ਮਿਥੀ ਹੋਈ ਹੱਦ ਤੱਕ ਪਾਣੀ ਵਰਤਣ ਵਾਸਤੇ ਕਿਹਾ ਜਾਂਦਾ ਹੈ। ਉਨ੍ਹਾਂ ਹੀ ਦਿਨਾਂ ਵਿੱਚ ਭਾਰਤ ਦੇ ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿੱਚੋਂ ਵੀ ਖਬਰ ਆਈ ਸੀ ਕਿ ਪਾਣੀ ਨਹੀਂ ਮਿਲਦਾ ਤੇ ਇੱਕ ਮੰਤਰੀ ਨੂੰ ਇਸ ਗੱਲ ਦੀ ਮੁਆਫੀ ਮੰਗਣੀ ਪਈ ਸੀ ਕਿ ਉਸ ਦੇ ਜਾਣ ਵੇਲੇ ਰਾਹ ਵਿੱਚ ਪੈਂਦੀ ਸੜਕ ਉੱਤੇ ਪਾਣੀ ਛਿੜਕਿਆ ਗਿਆ ਹੈ, ਜਦੋਂ ਲੋਕਾਂ ਨੂੰ ਪੀਣ ਵਾਸਤੇ ਪੂਰਾ ਪਾਣੀ ਨਹੀਂ ਮਿਲ ਰਿਹਾ। ਅਗਲੇ ਦਿਨਾਂ ਵਿੱਚ ਇਹੋ ਜਿਹੀ ਸਮੱਸਿਆ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਆਉਣ ਦਾ ਡਰ ਹੈ, ਪਰ ਦੇਸ਼ ਦੀ ਲੀਡਰਸ਼ਿਪ ਕੋਲ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਉਹ ਪਾਣੀ ਦੇ ਮੁੱਦੇ ਬਾਰੇ ਸੋਚਣ ਦੀ ਥਾਂ ਫੌਜੀ ਸੌਦਿਆਂ ਨੂੰ ਲੈ ਕੇ ਪਾਣੀ ਵਿੱਚ ਮਧਾਣੀ ਫੇਰਦੇ ਪਏ ਹਨ। ਸਾਡੇ ਕੋਲ ਸੰਸਾਰ ਦੇ ਉਨ੍ਹਾਂ ਸ਼ਹਿਰਾਂ ਦੀ ਲਿਸਟ ਪਈ ਹੈ, ਜਿਨ੍ਹਾਂ ਵਿੱਚ ਇਸ ਵੇਲੇ ਪਾਣੀ ਦਾ ਗੰਭੀਰ ਸੰਕਟ ਹੈ ਤੇ ਅਗਲੇ ਦਿਨੀਂ ਹੋਰ ਵਧ ਜਾਣਾ ਹੈ, ਇਨ੍ਹਾਂ ਵਿੱਚ ਦੱਖਣੀ ਅਫਰੀਕਾ ਦਾ ਕੇਪ ਟਾਊਨ ਸਿਖਰ ਉੱਤੇ ਹੈ, ਬਰਾਜ਼ੀਲ ਦਾ ਸਾਓ ਪਾਓਲੋ ਦੂਸਰਾ ਅਤੇ ਭਾਰਤ ਦਾ ਬੰਗਲੌਰ ਤੀਸਰਾ ਸ਼ਹਿਰ ਲਿਖਿਆ ਮਿਲਦਾ ਹੈ। ਮੈਂ ਪੰਜਾਬ ਦੇ ਪਾਣੀਆਂ ਦੀ ਚਿੰਤਾ ਕਰਦਾ ਹਾਂ ਤਾਂ ਇਸ ਰਾਜ ਦੇ ਲੋਕਾਂ ਦੀ ਅਗਲੀ ਪੀੜ੍ਹੀ ਬਾਰੇ ਸੋਚਦਾ ਹਾਂ, ਪਰ ਜਦੋਂ ਬੰਗਲੌਰ ਦੀ ਹਾਲਤ ਵੇਖਦਾ ਹਾਂ ਤਾਂ ਪੰਜਾਂ ਸਾਲਾਂ ਨੂੰ ਹੋਣ ਵਾਲੀ ਅਗਲੀ ਪਾਰਲੀਮੈਂਟ ਚੋਣ ਤੱਕ ਵੀ ਬੁੱਤਾ ਸਰਦਾ ਨਹੀਂ ਦਿੱਸਦਾ। ਉਸ ਦੇ ਬਾਅਦ ਕੀ ਹੋਵੇਗਾ? ਇਹੋ ਜਿਹਾ ਸਵਾਲ ਕੁਝ ਮੂਰਖ ਬੰਦੇ ਸੋਚਦੇ ਹਨ ਤਾਂ ਸੋਚਦੇ ਰਹਿਣ, ਇਸ ਮਹਾਨ ਦੇਸ਼ ਦੀ ਉਹ ਲੀਡਰਸ਼ਿਪ ਇਸ ਬਾਰੇ ਸੋਚਣਾ ਹੀ ਨਹੀਂ ਚਾਹੁੰਦੀ, ਜਿਸ ਦੀਆਂ ਦੋਵੇਂ ਮੁੱਖ ਧਾਰਾਵਾਂ ਦਾ ਪੱਲਾ ਫੌਜੀ ਸਾਮਾਨ ਦੀ ਖਰੀਦ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਦਾਗਾਂ ਨੇ ਕਾਲਾ ਕਰ ਛੱਡਿਆ ਹੈ।
ਭ੍ਰਿਸ਼ਟਾਚਾਰ ਨੂੰ ਵੀ ਭਾਰਤ ਭੁਗਤ ਰਿਹਾ ਹੈ, ਪਾਣੀ ਵਰਗੇ ਕਈ ਵੱਡੇ ਸੰਕਟਾਂ ਦੇ ਦਹਾਨੇ ਉੱਤੇ ਖੜਾ ਹੈ, ਪਰ ਦੇਸ਼ ਦੀ ਲੀਡਰਸ਼ਿਪ ਆਪਸੀ ਮਿਹਣੇਬਾਜ਼ੀ ਵਿੱਚ ਗਲਤਾਨ ਹੈ। ਕੌਮ ਦੀ ਤਬਾਹੀ ਦੀ ਕਿਸੇ ਨੂੰ ਚਿੰਤਾ ਹੀ ਨਹੀਂ।
06 Jan. 2018