ਸੱਜਣ ਕੁਮਾਰ ਨੂੰ ਸਜਾ ਦਿਵਾਉਣ ਵਿਚ ਭਾਰਤੀ ਜਨਤਾ ਪਾਰਟੀ ਦਾ ਕੋਈ ਯੋਗਦਾਨ ਨਹੀਂ - ਉਜਾਗਰ ਸਿੰਘ
ਸਿਆਸਤਦਾਨ ਭੈਣੋ ਤੇ ਭਰਾਵੋ ਪ੍ਰਭਾਵਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, 34 ਸਾਲ ਉਨ੍ਹਾਂ ਦੇ ਜ਼ਖ਼ਮਾਂ ਵਿਚੋਂ ਖ਼ੂਨ ਰਿਸਦਾ ਰਿਹਾ ਹੈ, ਉਦੋਂ ਤੁਸੀਂ ਕੋਈ ਸਾਰ ਨਹੀਂ ਪੁੱਛੀ। ਸਿਰਫ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਦੇ ਅਤੇ ਆਪਣੀਆਂ ਸਿਆਸੀ ਕੁਰਸੀਆਂ ਦਾ ਆਨੰਦ ਮਾਣਦੇ ਰਹੇ ਹੋ। ਹੁਣ ਜਦੋਂ ਮਾੜਾ ਮੋਟਾ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ ਤਾਂ ਤੁਸੀਂ ਖੰਭ ਖਿਲਾਰਕੇ ਮਗਰਮੱਛ ਦੇ ਹੰਝੂ ਵਹਾ ਰਹੇ ਹੋ ਅਤੇ ਫਿਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਗਏ ਹੋ। ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ। 1984 ਦੇ ਕਤਲੇਆਮ ਤੋਂ ਪ੍ਰਭਾਵਤ ਪਰਿਵਾਰਾਂ ਤੇ ਰਹਿਮ ਕਰੋ। ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਬਾਦਲ ਅਤੇ ਖਾਸ ਤੌਰ ਸਿੱਖ ਸਿਆਸਤਦਾਨ 1984 ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਵਿਚ ਲੱਗੇ ਹੋਏ ਹਨ। ਹੁਣ ਤੱਕ ਇਹ ਸਜਾ ਦਿਵਾਉਣ ਵਿਚ ਦੇਰੀ ਵੀ ਸਿਆਸਤਦਾਨਾ ਦੀਆਂ ਕੋਝੀਆਂ ਹਰਕਤਾਂ ਕਰਕੇ ਹੀ ਹੋਈ ਸੀ, ਜਿਨ੍ਹਾਂ ਵਿਚ ਸਿੱਖ ਸਿਆਸਤਦਾਨ ਵੀ ਸ਼ਾਮਲ ਸਨ। ਸਿਆਸੀ ਪਾਰਟੀਆਂ ਵਿਚੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਜਨਤਾ ਪਾਰਟੀ, ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਿਹਰਾ ਆਪਣੇ ਸਿਰ ਆਪ ਹੀ ਬੰਨ੍ਹੀ ਜਾ ਰਹੀਆਂ ਹਨ। ਆਪਣੇ ਮੂੰਹ ਮੀਆਂ ਮਿੱਠੂ ਬਣ ਰਹੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਕੋ ਤੱਕੜੀ ਦੇ ਚੱਟੇ ਵੱਟੇ ਹਨ। ਇਕ ਕਿਸਮ ਨਾਲ ਇਕ ਸਿੱਕੇ ਦੇ ਦੋਵੇਂ ਪਾਸੇ ਹਨ। ਇਹ ਪਾਰਟੀਆਂ 34 ਸਾਲ ਸਜਾ ਕਿਉਂ ਨਹੀਂ ਦਿਵਾ ਸਕੀਆਂ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਸਰਕਾਰਾਂ ਬਣਾਉਂਦੀਆਂ ਰਹੀਆਂ ਹਨ। ਸਵਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸਭ ਤੋਂ ਸਿਆਣਾ ਅਤੇ ਸੁਲਝਿਆ ਹੋਇਆ ਸਿਆਸਤਦਾਨ ਮੰਨਿਆਂ ਜਾਂਦਾ ਰਿਹਾ ਹੈ, ਉਸਦੀ ਅਗਵਾਈ ਵਿਚ ਵੀ ਕੇਂਦਰ ਵਿਚ ਸਰਕਾਰ ਬਣੀ ਰਹੀ। ਉਦੋਂ ਕਿਉਂ ਨਹੀਂ ਕੁਝ ਕਰ ਸਕੇ? ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਇਹ ਸ਼ਰਮਨਾਕ ਘਟਨਾਵਾਂ ਹੋਈਆਂ। ਇਸ ਕਰਕੇ ਉਨ੍ਹਾਂ ਕਾਂਗਰਸੀਆਂ ਨੂੰ ਕਿਸੇ ਕੀਮਤ ਤੇ ਵੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਇਹ ਘਿਨਾਉਣੀਆਂ ਹਰਕਤਾਂ ਕੀਤੀਆਂ ਸਨ। ਪ੍ਰੰਤੂ ਇਕ ਗੱਲ ਧਿਆਨ ਨਾਲ ਸੋਚਣੀ ਹੋਵੇਗੀ ਕਿ ਹਰ ਸਿਆਸੀ ਪਾਰਟੀ ਵਿਚ ਫਿਰਕੂ ਸੋਚ ਵਾਲੇ ਨੇਤਾ ਅਤੇ ਵਰਕਰ ਹੁੰਦੇ ਹਨ। ਇਸੇ ਤਰ੍ਹਾਂ ਕਾਂਗਰਸ ਵਿਚ ਵੀ ਅਜਿਹੀਆਂ ਕਾਲੀਆਂ ਭੇਡਾਂ ਸਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਮਿਲਕੇ ਇਹ ਘਿਨਾਉਣੀਆਂ ਕਰਤੂਤਾਂ ਕੀਤੀਆਂ। ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆਂ ਜਾ ਸਕਦਾ। ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਉਸ ਸਮੇਂ ਦੋਹਾਂ ਪਾਰਟੀਆਂ ਦੇ ਚੋਣਵੇਂ ਨੇਤਾਵਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਸੀ। ਵੱਡੇ ਨੇਤਾਵਾਂ ਦੇ ਨਾਮ ਸਾਹਮਣੇ ਆ ਗਏ ਖਾਸ ਤੌਰ ਕਾਂਗਰਸ ਪਾਰਟੀ ਦੇ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਕੇਂਦਰ ਵਿਚ ਸਰਕਾਰ ਸੀ। ਤੁਗਲਕ ਰੋਡ ਪੁਲਿਸ ਸਟੇਸ਼ਨ ਵਿਚ ਐਫ ਆਈ ਆਰ ਦਰਜ ਹੈ, ਜਿਸ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਦੇ 22 ਵਰਕਰਾਂ ਦੇ ਨਾਮ ਦਰਜ ਹਨ। ਭਾਰਤੀ ਜਨਤਾ ਪਾਰਟੀ ਕਿਸੇ ਗੱਲੋਂ ਵੀ ਪਿੱਛੇ ਨਹੀਂ ਰਹੀ। ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜਾਂ ਦੇ ਹਮਲੇ ਸੰਬੰਧੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਅੰਮ੍ਰਿਤਸਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ ਦੇਰੀ ਨਾਲ ਕੀਤਾ ਗਿਆ ਇਹ ਹਮਲਾ ਸਹੀ ਹੈ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪੁਸਤਕ ''ਮਾਈ ਇੰਡੀਆ'' ਵਿਚ ਲਿਖਿਆ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਹਰਿਮੰਦਰ ਸਾਹਿਬ ਵਿਚ ਫ਼ੌਜਾਂ ਨਹੀਂ ਭੇਜਣਾ ਚਾਹੁੰਦੀ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਇਹ ਕਾਰਵਾਈ ਕੀਤੀ ਗਈ ਸੀ। ਹੁਣ ਕਿਹੜੇ ਮੂੰਹ ਇਹ ਸਜਾ ਦਾ ਸਿਹਰਾ ਆਪ ਲੈ ਰਹੇ ਹਨ। ਇਹ ਦਰੁੱਸਤ ਹੈ ਕਿ ਨਰਿੰਦਰ ਮੋਦੀ ਨੇ ਐਸ ਆਈ ਟੀ 2015 ਵਿਚ ਬਣਾਈ ਸੀ ਪ੍ਰੰਤੂ ਉਸਨੇ ਅਜੇ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ। ਸੱਜਣ ਕੁਮਾਰ ਦਾ ਕੇਸ ਵੱਖਰਾ ਹੈ। ਭਾਵੇਂ ਸੱਜਣ ਕੁਮਾਰ ਉਪਰ ਕੇਸ 2005 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਸੀ ਪ੍ਰੰਤੂ ਸੱਜਣ ਕੁਮਾਰ ਉਪਰ ਕੇਸ ਚਲਾਉਣ ਦੀ ਪ੍ਰਵਾਨਗੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ 30 ਦਸੰਬਰ 2009 ਨੂੰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੀ ਕਾਲ ਅਟੈਨਸ਼ਨ ਮੋਸ਼ਨ ਤੋਂ ਬਾਅਦ ਦਿੱਤੀ ਸੀ। ਇਹ ਜਾਣਕਾਰੀ ਰਾਜ ਸਭਾ ਦੇ ਰਿਕਾਰਡ ਵਿਚ ਦਰਜ ਹੈ। ਸੱਜਣ ਕੁਮਾਰ ਉਪਰ ਪ੍ਰਵਾਨਗੀ ਤੋਂ ਬਾਅਦ ਕਚਹਿਰੀ ਵਿਚ ਚਾਰਜਸ਼ੀਟ 10 ਜਨਵਰੀ 2010 ਵਿਚ ਦਾਖ਼ਲ ਕੀਤੀ ਸੀ। 2013 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਸ਼ੈਸ਼ਨਜ਼ ਜੱਜ ਵੱਲੋਂ ਬਰੀ ਕਰਨ ਤੋਂ ਬਾਅਦ ਹਾਈ ਕੋਰਟ ਵਿਚ ਅਪੀਲ ਵੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਈ ਸੀ, ਜਿਸ ਤੇ ਹੁਣ ਫੈਸਲਾ ਆਇਆ ਹੈ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾ ਰਹੇ ਹਨ। ਕੁਝ ਦੋਸ਼ੀਆਂ ਨੂੰ 1996 ਵਿਚ 5-5 ਸਾਲ ਦੀ ਸਜਾ ਹੋਈ ਸੀ। 20 ਦਸੰਬਰ ਨੂੰ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਕੇਸ ਵਿਚ ਯਸ਼ਪਾਲ ਨੂੰ ਮੌਤ ਦੀ ਸਜਾ ਅਤੇ ਨਰੇਸ਼ ਸਹਿਵਤ ਨੂੰ ਉਮਰ ਕੈਦ ਹੋਈ ਹੈ। ਰੰਗਾਨਾਥ ਮਿਸ਼ਰ ਕਮਿਸ਼ਨ ਅਤੇ ਜਸਟਿਸ ਜੀ ਟੀ ਨਾਨਾਵਤੀ ਕਮਿਸ਼ਨ ਨੇ ਵੀ ਆਪਣੀਆਂ ਰਿਪੋਰਟਾਂ ਦਿੱਤੀਆਂ ਜਿਨ੍ਹਾਂ ਕਰਕੇ 100 ਦੇ ਲਗਪਗ ਦੋਸ਼ੀਆਂ ਨੂੰ ਸਜਾ ਹੋ ਚੁੱਕੀ ਹੈ। ਕੁਝ ਕੇਸ ਚਲ ਰਹੇ ਹਨ। ਸਿੱਖ ਭਾਵਨਾਤਮਕ ਹਨ, ਥੋੜ੍ਹੇ ਸਮੇਂ ਲਈ ਭਾਵਕ ਹੋ ਜਾਂਦੇ ਹਨ, ਫਿਰ ਸਿਆਸੀ ਤਾਕਤ ਦੇ ਨਸ਼ੇ ਵਿਚ ਸਭ ਕੁਝ ਭੁੱਲ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਤੇ ਹਮੇਸ਼ਾ ਜ਼ੁਲਮ ਹੁੰਦੇ ਆਏ ਹਨ ਪ੍ਰੰਤੂ ਸਿੱਖ ਹਰ ਸਮੇਂ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਫਿਰ ਖੜ੍ਹੇ ਹੋ ਜਾਂਦੇ ਹਨ। ਅਜ਼ਾਦ ਭਾਰਤ ਵਿਚ ਸਿੱਖਾਂ ਨਾਲ ਦੋ ਅਜਿਹੀਆਂ ਘ੍ਰਿਣਾਤਮਿਕ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਭੁਲਾ ਨਹੀਂ ਸਕਦਾ। ਉਹ ਦੋਵੇਂ ਘਟਨਾਵਾਂ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਦਾ ਹਮਲਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿਚ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਜਿਨ੍ਹਾਂ ਵਿਚ 3000 ਤੋਂ 5000 ਤੱਕ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਦੋਹਾਂ ਘਟਨਾਵਾਂ ਦਾ ਇਨਸਾਫ ਸਿੱਖ ਜਗਤ ਨੂੰ ਨਹੀਂ ਮਿਲ ਸਕਿਆ। ਇਕ ਵਿਅਕਤੀ ਸੱਜਣ ਕੁਮਾਰ ਨੂੰ ਉਮਰ ਉਮਰ ਕੈਦ ਹੋਣਾ ਭਾਵੇਂ ਸ਼ੁਭ ਸੰਕੇਤ ਹੈ ਪ੍ਰੰਤੂ ਇਹ ਕੋਈ ਜਸ਼ਨ ਮਨਾਉਣ ਵਾਲੀ ਗੱਲ ਨਹੀਂ। ਅਜੇ ਤਾਂ ਸੱਜਣ ਕੁਮਾਰ ਲਈ ਸੁਪਰੀਮ ਕੋਰਟ ਵਿਚ ਅਪੀਲ ਕਰੇਗਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਕਾਲੀ ਦਲ ਬਾਦਲ ਦੀ ਹੱਥਠੋਕਾ ਬਣੀ ਹੋਈ ਹੈ, ਹੁਣ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਦਾ ਸਨਮਾਨ ਕਰਨ ਦੀ ਗੱਲ ਕਰ ਰਹੀ ਹੈ, ਜਦੋਂ ਹਰਵਿੰਦਰ ਸਿੰਘ ਪਹਿਲਾਂ 2014 ਵਿਚ ਲੋਕ ਸਭਾ ਅਤੇ ਫਿਰ 2017 ਵਿਚ ਵਿਧਾਨ ਸਭਾ ਦੀ ਚੋਣ ਲੜਿਆ ਸੀ, ਉਦੋਂ ਸ਼ਰੋਮਣੀ ਅਕਾਲੀ ਦਲ ਉਸ ਉਪਰ ਅਨੇਕਾਂ ਇਲਜ਼ਾਮ ਲਾ ਰਿਹਾ ਸੀ। ਉਦੋਂ ਅਕਾਲੀ ਹੀ ਨਹੀਂ ਸਾਰੀਆਂ ਪਾਰਟੀਆਂ ਨੂੰ ਫੂਲਕਾ ਨੂੰ ਨਿਰਵਿਰੋਧ ਚੁਣਨਾ ਚਾਹੀਦਾ ਸੀ। ਕੀ ਫੂਲਕਾ ਅਪਮਾਨਤ ਹੈ? ਹਰਵਿੰਦਰ ਸਿੰਘ ਫੂਲਕਾ ਸਨਮਾਨਤ ਵਿਅਕਤੀ ਹੈ, ਉਸਨੂੰ ਸਿੱਖ ਜਗਤ ਨੇ ਸਨਮਾਨ ਦਿੱਤਾ ਹੋਇਆ ਹੈ, ਉਸਨੂੰ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨ ਦੀ ਲੋੜ ਨਹੀਂ। ਅਸਲ ਵਿਚ ਭਾਰਤੀ ਨਿਆਂ ਪ੍ਰਣਾਲੀ ਹੀ ਇਤਨੀ ਲੰਮੀ ਅਤੇ ਗੁੰਝਲਦਾਰ ਹੈ, ਜਿਸ ਰਾਹੀਂ ਇਨਸਾਫ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਹੁਣ ਤੱਕ ਦੋਸ਼ੀਆਂ ਨੂੰ ਸਜਾ ਨਾ ਮਿਲਣ ਦੇ ਬਹੁਤ ਸਾਰੇ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਦੋਂ ਦੇ ਸਿਆਸੀ ਦਖ਼ਲ ਕਾਰਨ ਪੁਲਿਸ ਨੇ ਸਹੀ ਕਾਰਵਾਈ ਨਹੀਂ ਕੀਤੀ। ਦੂਜੇ ਪ੍ਰਭਾਵਤ ਲੋਕਾਂ ਵਿਚ ਡਰ ਪੈਦਾ ਹੋਣ ਕਾਰਨ ਉਹ ਸਾਹਮਣੇ ਨਹੀਂ ਆਏ। ਤੀਜੇ ਪੁਲਿਸ ਨੇ ਸਿਆਸਤਦਾਨਾ ਦੀ ਸ਼ਹਿ ਤੇ ਸਬੂਤ ਨਾ ਰਹਿਣ ਦਿੱਤੇ ਜਿਸ ਕਰਕੇ ਨਿਆਂ ਨਹੀਂ ਮਿਲ ਸਕਿਆ।
ਸੱਜਣ ਕੁਮਾਰ ਸਬੂਤਾਂ ਦੀ ਘਾਟ ਕਰਕੇ ਜਿਲ੍ਹਾ ਸ਼ੈਸ਼ਨਜ਼ ਜੱਜ ਦੀ ਕਚਹਿਰੀ ਵਿਚੋਂ ਬਰੀ ਹੋ ਗਿਆ ਸੀ। ਸੁਪਰੀਮ ਕੋਰਟ ਨੇ ਰਾਜਿੰਦਰ ਸਿੰਘ ਚੀਮਾ ਨੂੰ ਸੀ ਬੀ ਆਈ ਵੱਲੋਂ ਕੇਸ ਲੜਨ ਲਈ ਨਿਯੁਕਤ ਕੀਤਾ ਸੀ। ਹਰਵਿੰਦਰ ਸਿੰਘ ਫੂਲਕਾ ਸਮੇਤ ਹੋਰ ਬਹੁਤ ਸਾਰੇ ਵਕੀਲਾਂ ਨੇ ਵੀ ਇਸ ਕੇਸ ਦੀ ਵਕਾਲਤ ਕੀਤੀ ਹੈ ਪ੍ਰੰਤੂ ਰਾਜਿੰਦਰ ਸਿੰਘ ਚੀਮਾ ਜੋ ਕਿ ਇਸ ਤੋਂ ਪਹਿਲਾਂ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਦਾ ਐਡਵੋਕੇਟ ਜਨਰਲ ਰਿਹਾ ਹੈ ਨੇ ਆਪਣੀ ਬਹਿਸ ਦੌਰਾਨ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਸੱਜਣ ਕੁਮਾਰ ਮੌਕੇ ਤੇ ਹਾਜ਼ਰ ਸੀ ਜਾਂ ਨਹੀਂ ਪ੍ਰੰਤੂ ਬੀਬੀ ਜਗਦੀਸ਼ ਕੌਰ ਦੇ ਹਲਫਨਾਮੇ ਅਤੇ ਬਿਆਨਾ ਵਿਚ ਉਸਨੇ ਕਿਹਾ ਸੀ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ। ਅਗਵਾਈ ਦਾ ਭਾਵ ਹਜ਼ੂਮ ਨੂੰ ਦਿਸ਼ਾ ਨਿਰਦੇਸ਼ ਦੇਣਾ ਹੁੰਦਾ ਹੈ, ਹਾਜ਼ਰ ਹੋਣਾ ਜ਼ਰੂਰੀ ਨਹੀਂ । ਇਸ ਤੋਂ ਪਹਿਲਾਂ ਸੱਜਣ ਕੁਮਾਰ ਇਸ ਗੱਲ ਕਰਕੇ ਬਰੀ ਹੋਇਆ ਸੀ ਕਿ ਉਹ ਸਰੀਰਕ ਤੌਰ ਤੇ ਮੌਜੂਦ ਨਹੀਂ ਸੀ। ਇਸ ਲਈ ਇਸ ਕੇਸ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਦਿਵਾਉਣ ਵਿਚ ਰਾਜਿੰਦਰ ਸਿੰਘ ਚੀਮਾ ਦਾ ਅਹਿਮ ਯੋਗਦਾਨ ਹੈ। ਰਾਜਿੰਦਰ ਸਿੰਘ ਚੀਮਾ ਖਬਰਾਂ ਵਿਚ ਆਉਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਫੋਕੀ ਸ਼ੁਹਰਤ ਵਿਚ ਯਕੀਨ ਰੱਖਦਾ ਹੈ ਪ੍ਰੰਤੂ ਉਹ ਅਮਲੀ ਤੌਰ ਤੇ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਸਿਆਸਤਦਾਨਾ ਨੂੰ ਸਲਾਹ ਹੈ ਕਿ ਉਹ ਰਾਜਿੰਦਰ ਸਿੰਘ ਚੀਮਾ ਤੋਂ ਹੀ ਕੁਝ ਸਿੱਖ ਲੈਣ ਜਿਨ੍ਹਾਂ ਅੱਜ ਤੱਕ ਇਹ ਕੇਸ ਜਿੱਤਣ ਦਾ ਦਾਅਵਾ ਹੀ ਨਹੀਂ ਪੇਸ਼ ਕੀਤਾ। ਕਾਂਗਰਸ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਇਕੋ ਇਕ ਅਜਿਹਾ ਵੱਡਾ ਨੇਤਾ ਹੈ ਜਿਸਨੇ ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਵਾਗਤ ਕੀਤਾ ਹੈ। ਬਾਕੀ ਕਾਂਗਰਸੀ ਨੇਤਾ ਨੇਤਾ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
01 Jan. 2019