ਇਹ ਸਾਲ ਆਸਾਂ ਨਹੀਂ ਪੂਰ ਸਕਿਆ, ਅਗਲੇ ਸਾਲ ਨੌਜਵਾਨਾਂ ਨੂੰ ਸਿਰਾਂ ਨਾਲ ਸੋਚਣਾ ਪਵੇਗਾ - ਜਤਿੰਦਰ ਪਨੂੰ
ਇਹ ਲਿਖਤ ਅਸੀਂ ਉਸ ਵਕਤ ਲਿਖ ਰਹੇ ਹਾਂ, ਜਦੋਂ ਪਿਛਲਾ ਸਾਲ ਖਤਮ ਹੋਣ ਵਾਲਾ ਤੇ ਅਗਲਾ ਦਸਤਕ ਦੇਂਦਾ ਪਿਆ ਹੈ। ਅਗਲਾ ਸਾਲ ਇਸ ਸੰਸਾਰ ਲਈ ਵੀ ਬਹੁਤ ਅਹਿਮ ਹੋ ਸਕਦਾ ਹੈ ਤੇ ਸਾਡੇ ਭਾਰਤ ਅਤੇ ਪੰਜਾਬ ਦੇ ਲੋਕਾਂ ਲਈ ਵੀ। ਸੰਸਾਰ ਲਈ ਇਸ ਦੀ ਅਹਿਮੀਅਤ ਦਾ ਇੱਕ ਪੱਖ ਆਪਣੇ ਆਪ ਨੂੰ ਇਕਲੌਤੀ ਮਹਾਂਸ਼ਕਤੀ ਮੰਨਦੇ ਅਮਰੀਕਾ ਵੱਲੋਂ ਇਰਾਕ ਅਤੇ ਅਫਗਾਨਿਸਤਾਨ ਦੇ ਚਿੱਕੜ ਵਿੱਚ ਫਸੀ ਹੋਈ ਲੱਤ ਪੁੱਟਣ ਦੇ ਯਤਨ ਸਿਰੇ ਚੜ੍ਹਨ ਦਾ ਸੰਕੇਤ ਦੇਈ ਜਾਂਦਾ ਤੇ ਦੂਸਰੇ ਪੱਖ ਤੋਂ ਕੁਝ ਹੋਰਨੀਂ ਥਾਂਈਂ ਏਦਾਂ ਦਾ ਨਵਾਂ ਪੁਆੜਾ ਪਾਉਣ ਦੀ ਸੋਚ ਵੀ ਝਲਕ ਰਹੀ ਹੈ। ਆਪਣੀ ਡਿੱਗਦੀ ਜਾ ਰਹੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਇਹੋ ਜਿਹੇ ਵਕਤ ਵਰਤੀ ਜਾਂਦੀ ਜੰਗੀ ਸਾਮਾਨ ਦੀ ਇੰਡਸਟਰੀ ਇਸ ਦੇਸ਼ ਦੀ ਕਿਸੇ ਵੀ ਹਕੂਮਤ ਨੇ ਅੱਜ ਤੱਕ ਡੁੱਬਣ ਨਹੀਂ ਦਿੱਤੀ ਤੇ ਡੋਨਾਲਡ ਟਰੰਪ ਨੇ ਵੀ ਡੁੱਬਣ ਨਹੀਂ ਦੇਣੀ ਤੇ ਜੇ ਇਸ ਨੂੰ ਡੁੱਬਣ ਤੋਂ ਬਚਾਉਣਾ ਹੈ ਤਾਂ ਕਿਸੇ ਨਾ ਕਿਸੇ ਪਾਸੇ ਕੋਈ ਨਵਾਂ ਪੁਆੜਾ ਉਸ ਨੂੰ ਸਹੇੜਨਾ ਹੀ ਪੈਣਾ ਹੈ।
ਫਿਰ ਵੀ ਅਸੀਂ ਭਾਰਤੀ ਲੋਕ, ਅਤੇ ਪੰਜਾਬੀ ਭਾਈਚਾਰਾ ਵੀ, ਇਸ ਦੀ ਥਾਂ ਇਸ ਵਕਤ ਭਾਰਤ ਦੇ ਹਾਲਤ ਬਾਰੇ ਵੱਧ ਸੋਚ ਰਹੇ ਹਾਂ। ਅਗਲਾ ਸਾਲ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੈਣ ਵਾਲਾ ਹੈ। ਇਸ ਮਕਸਦ ਲਈ ਰਾਜਨੀਤਕ ਮੈਦਾਨ ਦੇ ਚੰਗੇ-ਮਾੜੇ ਖਿਡਾਰੀ ਆਪਣੀ ਖੇਡ ਸ਼ੁਰੂ ਕਰ ਚੁੱਕੇ ਹਨ। ਬੀਤਿਆ ਸਾਲ ਚੰਗਾ ਨਹੀਂ ਰਿਹਾ। ਇਸ ਵਿੱਚ ਜਿਸ ਤਰ੍ਹਾਂ ਦਾ ਕੂੜ-ਕੁਸੱਤ ਚੱਲਦਾ ਵੇਖ ਚੁੱਕੇ ਹਾਂ, ਉਸ ਦੀ ਖੇਡ ਅਗਲੀ ਪਾਰਲੀਮੈਂਟ ਦੀ ਚੋਣ ਲਈ ਅਗੇਤੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੀਡਰਾਂ ਦੇ ਚਾਲੇ ਦੱਸਦੇ ਹਨ ਕਿ ਸ਼ਰਮ-ਹਯਾ ਦਾ ਪੱਲਾ ਛੱਡ ਕੇ ਬੇਸ਼ਰਮੀ ਦੀ ਸਿਖਰ ਤੱਕ ਜਾਣ ਅਤੇ ਹਰ ਹੱਦ ਪਾਰ ਕਰਨ ਦਾ ਮਨ ਉਹ ਬਣਾਈ ਬੈਠੇ ਹਨ। ਅਨੁਪਮ ਖੇਰ ਦੀ ਨਵੀਂ ਆ ਰਹੀ ਫਿਲਮ ਇਸ ਦੀ ਇੱਕ ਝਲਕ ਹੈ।
ਪਿਛਲੇ ਸਾਲ ਵਿੱਚ ਇਸ ਦੇਸ਼ ਦੀ ਕਮਾਨ ਕਰ ਰਹੀ ਪਾਰਟੀ ਦੇ ਮੁਖੀ ਆਗੂ ਤੇ ਉਸ ਦੇ ਅੜਬੰਗ ਜੋੜੀਦਾਰ ਨੂੰ ਬੜ੍ਹਕਾਂ ਮਾਰਦੇ ਵੀ ਅਸੀਂ ਵੇਖਿਆ ਸੀ ਤੇ ਸਾਲ ਮੁੱਕਣ ਤੱਕ ਹਿੰਦੀ ਪੱਟੀ ਵਾਲੇ ਤਿੰਨ ਰਾਜਾਂ ਦੀ ਹਾਰ ਪਿੱਛੋਂ ਨੀਵੀਂ ਪਾਈ ਵੀ ਵੇਖ ਲਿਆ ਸੀ। ਇਸ ਤੋਂ ਕਈ ਲੋਕ ਇਹ ਸੋਚ ਰਹੇ ਹਨ ਕਿ ਮੋੜਾ ਪੈ ਚੁੱਕਾ ਹੈ। ਹਾਲੇ ਖਤਰਨਾਕ ਪਾਸੇ ਵੱਲ ਹਾਲਾਤ ਦੇ ਵਹਿਣ ਨੂੰ ਮੋੜਾ ਨਹੀਂ ਪੈ ਸਕਿਆ, ਸਿਰਫ ਕੁਝ ਡਾਫ ਜਿਹੀ ਲੱਗੀ ਹੈ। ਇਸ ਦੌਰਾਨ ਜਿੱਦਾਂ ਦੀ ਹਮਲਾਵਰੀ ਤੇ ਤਿੱਖੜ ਸ਼ਬਦਾਂ ਦੀ ਵਾਛੜ ਕੀਤੀ ਗਈ ਹੈ, ਉਸ ਨੇ ਸਗੋਂ ਵਿਸਵਿਸੇ ਜਿਹੇ ਵਧਾ ਦਿੱਤੇ ਹਨ। ਫਿਰਕੂ ਜਨੂੰਨ ਵਾਲੀ ਵੱਡੀ ਹਨੇਰੀ ਗਊ ਭਗਤੀ ਦੇ ਨਾਂਅ ਉੱਤੇ ਲਿਆਂਦੀ ਗਈ ਹੈ, ਕਈ ਥਾਂਈਂ ਇਹ ਕਹਿ ਕੇ ਭੀੜ ਨੇ ਕੁਝ ਬੰਦੇ ਮਾਰ ਛੱਡੇ ਕਿ ਇਹ ਗਊ ਲਈ ਜਾਂਦੇ ਸਨ ਅਤੇ ਇਨ੍ਹਾਂ ਨੇ ਮਾਰ ਕੇ ਖਾਣੀ ਹੋਊਗੀ। ਗਊ ਜਿੰਦਾ ਬਚ ਗਈ, ਗਊ ਵਾਲੇ ਮਾਰੇ ਗਏ। ਜਿਸ ਕਿਸੇ ਨੇ ਇਸ ਬਾਰੇ ਵਿਰੋਧ ਦੀ ਆਵਾਜ਼ ਕੱਢੀ, ਉਸ ਨੂੰ ਪਾਕਿਸਤਾਨ ਚਲਾ ਜਾਣ ਨੂੰ ਕਹਿਣ ਤੋਂ ਲੈ ਕੇ ਪਾਕਿਸਤਾਨ ਭੇਜਣ ਦੀਆਂ ਟਾਹਰਾਂ ਮਾਰਨਾ ਤੱਕ ਆਮ ਵਰਤਾਰਾ ਬਣਦਾ ਗਿਆ। ਸਾਲ ਦੇ ਅੰਤ ਵਿੱਚ ਜੋ ਕੁਝ ਉੱਘੇ ਫਿਲਮਕਾਰ ਨਸੀਰੁਦੀਨ ਸ਼ਾਹ ਨਾਲ ਹੋਇਆ ਹੈ, ਉਸ ਨੂੰ ਇਸ ਬੇਹੂਦੇਪਣ ਦੀ ਇੱਕ ਹੋਰ ਮਿਸਾਲ ਦੀ ਥਾਂ ਹੋਰ ਵੀ ਭੱਦੀ ਮਿਸਾਲ ਕਿਹਾ ਜਾ ਸਕਦਾ ਹੈ।
ਸਾਡੇ ਪੰਜਾਬ ਵਿੱਚ ਵੀ ਏਦਾਂ ਦਾ ਬਹੁਤ ਕੁਝ ਹੋਇਆ ਹੈ, ਜਿਹੜਾ ਨਵੇਂ ਸਾਲ ਵਿੱਚ ਕੋਈ ਆਸ ਬੰਨ੍ਹਾਉਣ ਦੀ ਥਾਂ ਹੋਰ ਵੀ ਫਿਕਰ ਪੈਦਾ ਕਰਨ ਵਾਲਾ ਹੈ। ਅੱਧੇ ਤੋਂ ਵੱਧ ਸਮਾਂ ਤਾਂ ਅਕਾਲੀ ਪਾਰਟੀ ਦੇ ਖਿਲਾਫ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਦਾ ਤਵਾ ਵੱਜਦਾ ਰਿਹਾ ਹੈ। ਇਸ ਪਾਰਟੀ ਦੀ ਨਵੀਂ ਉੱਠੀ ਲੀਡਰਸ਼ਿਪ ਨੇ ਇਸ ਪਾਰਟੀ ਨੂੰ ਆਪਣੀ ਹੋਂਦ ਦੇ ਸਾਰੇ ਸਮੇਂ ਦੇ ਰਿਕਾਰਡ ਤੋੜਨ ਵਾਲੀ ਜਿੱਲ੍ਹਣ ਵਿੱਚ ਫਸਾ ਧਰਿਆ ਤੇ ਪਾਰਟੀ ਦਾ ਸਰਪ੍ਰਸਤ ਬਣਾਏ ਪੰਜ ਵਾਰੀਆਂ ਦੇ ਮੁੱਖ ਮੰਤਰੀ ਵੱਲੋਂ ਆਪਣੇ ਆਪ ਭੁੱਲਾਂ ਬਖਸ਼ਾਉਣ ਦੀ ਸੇਵਾ ਦੌਰਾਨ ਬਰਤਨ ਅਤੇ ਜੋੜੇ ਸਾਫ ਕਰ ਕੇ ਵੀ ਇਸ ਉਲਝਣ ਦਾ ਹੱਲ ਨਹੀਂ ਨਿਕਲਿਆ। ਜਿਹੜੇ ਅਕਾਲ ਤਖਤ ਸਾਹਿਬ ਨੂੰ ਸਿੱਖ ਭਾਈਚਾਰੇ ਵਿੱਚ ਸਭ ਤੋਂ ਉੱਚਾ ਦਰਜਾ ਮੰਨੇ ਜਾਣ ਦਾ ਮੁਦੱਈ ਇਹ ਅਕਾਲੀ ਦਲ ਬਣਦਾ ਹੁੰਦਾ ਸੀ, ਉਸ ਦੇ ਜਥੇਦਾਰ ਅਤੇ ਇਸ ਸੰਸਥਾ ਦੇ ਅਕਸ ਨੂੰ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਨੇ ਇਹੋ ਜਿਹੀ ਢਾਹ ਲਾਈ ਹੈ ਕਿ ਅੱਜ ਕੱਲ੍ਹ ਸਮਾਜੀ ਸਮਾਗਮਾਂ ਵਿੱਚ ਵੀ ਇਸ ਪਾਰਟੀ ਦੇ ਲੀਡਰਾਂ ਨੂੰ ਲੋਕ ਸੱਦਣ ਤੋਂ ਝਿਜਕ ਰਹੇ ਹਨ। ਸਬਕ ਕੋਈ ਫਿਰ ਵੀ ਨਹੀਂ ਸਿੱਖਿਆ ਗਿਆ। ਅਕਾਲ ਤਖਤ ਦੇ ਨਵੇਂ ਜਥੇਦਾਰ ਲਈ ਫਿਰ ਇੱਕ ਏਦਾਂ ਦਾ ਭਰੋਸੇਮੰਦ ਬੰਦਾ ਲੱਭ ਲਿਆਂਦਾ ਹੈ, ਜਿਹੜਾ ਇਨ੍ਹਾਂ ਦਾ ਬਚਾਅ ਕਰਨ ਦੇ ਚੱਕਰ ਵਿੱਚ ਆਉਂਦੇ ਸਾਰ ਖੁਦ ਹੀ ਏਨਾ ਉਲਝ ਗਿਆ ਕਿ ਫਤਹਿਗੜ੍ਹ ਸਾਹਿਬ ਵਿੱਚ ਸੰਗਤ ਨੇ ਉਸ ਦਾ ਸੰਦੇਸ਼ ਨਹੀਂ ਸੁਣਿਆ ਤੇ ਉਸ ਨੂੰ ਅੱਧ ਵਿੱਚੋਂ ਸੰਦੇਸ਼ ਪੜ੍ਹਨਾ ਛੱਡ ਕੇ ਖਿਸਕਣਾ ਪਿਆ ਹੈ। ਏਡਾ ਵਿਰੋਧ ਖਤਮ ਨਾ ਵੀ ਹੁੰਦਾ ਤਾਂ ਕੁਝ ਘਟਾਇਆ ਜਾ ਸਕਦਾ ਸੀ, ਪਰ ਪਾਰਟੀ ਵਿੱਚ ਬੁੱਢਾ ਬਾਪੂ ਪਿੱਛੇ ਕਰ ਚੁੱਕੀ ਲੀਡਰਸ਼ਿਪ ਦੋਬਾਰਾ ਉਸ ਨੂੰ ਅੱਗੇ ਲਿਆਉਣ ਤੋਂ ਇਸ ਲਈ ਝਿਜਕਦੀ ਰਹੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਹਾਰ ਮੰਨੀ ਜਾਵੇਗੀ। ਅਗਲੇ ਸਾਲ ਵਿੱਚ ਵੀ ਇਹ ਕੁਝ ਚੱਲਦਾ ਰਹੇਗਾ।
ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਜਿਸ ਆਮ ਆਦਮੀ ਪਾਰਟੀ ਦੀ ਏਨੀ ਚੜ੍ਹਤ ਸੀ ਕਿ ਪੰਜਾਬ ਵਿੱਚ ਸਰਕਾਰ ਵੀ ਉਸ ਦੀ ਬਣਨ ਦੇ ਅੰਦਾਜ਼ੇ ਲੱਗਦੇ ਪਏ ਸਨ, ਅੱਜ ਉਹ ਖੱਖੜੀਆਂ ਦਾ ਖਿਲਾਰਾ ਬਣੀ ਪਈ ਹੈ। ਵੱਖ ਹੋਇਆ ਖਹਿਰਾ ਧੜਾ ਅਜੇ ਆਪਣੀ ਵੱਖਰੀ ਧਿਰ ਬਣਾਉਣ ਬਾਰੇ ਸੋਚਦਾ ਪਿਆ ਹੈ, ਆਮ ਆਦਮੀ ਪਾਰਟੀ ਦਿੱਲੀ ਵਾਲੇ ਲੀਡਰਾਂ ਦੇ ਮੂੰਹ ਵੱਲ ਝਾਕਦੀ ਹੈ ਤੇ ਦਿੱਲੀ ਵਾਲੇ ਲੀਡਰ ਅੱਗੋਂ ਕਾਂਗਰਸ ਨਾਲ ਸਮਝੌਤਾ ਕਰਨ ਜਾਂ ਮਾਇਆਵਤੀ ਤੇ ਚੰਦਰਸ਼ੇਖਰ ਰਾਓ ਦੇ ਕਿਸੇ ਤੀਸਰੇ ਮੋਰਚੇ ਨਾਲ ਜੁੜਨ ਦੀ ਦੋਚਿੱਤੀ ਵਿੱਚ ਫਸੇ ਹੋਏ ਸੁਣੇ ਜਾਂਦੇ ਹਨ। ਇਹ ਸਾਲ ਉਨ੍ਹਾਂ ਲਈ ਬੜੇ ਵੱਡੇ ਝਟਕੇ ਲੈ ਕੇ ਆਇਆ ਸੀ ਤੇ ਅਗਲਾ ਸਾਲ ਵੀ ਚੰਗਾ ਨਹੀਂ ਜਾਪਦਾ। ਪਾਰਟੀ ਲੀਡਰਸ਼ਿਪ ਫਿਰ ਵੀ ਆਸਵੰਦ ਹੈ।
ਪੰਜਾਬ ਵਿੱਚ ਰਾਜ ਕਰਦੀ ਵੱਡੀ ਧਿਰ ਕਾਂਗਰਸ ਪਾਰਟੀ ਇਸ ਵਕਤ ਦਾ ਸਿਆਸੀ ਅਤੇ ਸਮਾਜੀ ਦ੍ਰਿਸ਼ ਦੇਖਣ ਦੇ ਬਾਅਦ ਇਸ ਖੁਸ਼ਫਹਿਮੀ ਵਿੱਚ ਹੈ ਕਿ ਸਾਡੇ ਬਿਨਾਂ ਲੋਕਾਂ ਕੋਈ ਬਦਲ ਹੀ ਨਹੀਂ, ਇਸ ਲਈ ਅਸੀਂ ਕੁਝ ਕਰੀਏ ਜਾਂ ਨਾ ਕਰੀਏ, ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਸਾਡੀ ਝੋਲੀ ਵਿੱਚ ਹੀ ਪੈਣੀਆਂ ਹਨ। ਪਿਛਲਾ ਤਜਰਬਾ ਦੱਸਦਾ ਹੈ ਕਿ ਜਦੋਂ ਵੀ ਇਸ ਪਾਰਟੀ ਨੇ ਇਹ ਖੁਸ਼ਫਹਿਮੀ ਰੱਖੀ ਹੈ, ਇਸ ਨੂੰ ਨਮੋਸ਼ੀ ਝੱਲਣੀ ਪੈਂਦੀ ਰਹੀ ਹੈ।
ਆਮ ਲੋਕਾਂ ਦੇ ਪੱਧਰ ਉੱਤੇ ਹਾਲਾਤ ਵਿੱਚ ਕੋਈ ਵੱਡਾ ਮੋੜ ਨਹੀਂ ਆਇਆ ਜਾਪਦਾ। ਜਿਵੇਂ ਪਹਿਲਾਂ ਮੁਸ਼ਕਲਾਂ ਦੀ ਮਾਰ ਹੇਠ ਆਏ ਹੋਏ ਕਿਸਾਨ ਖੁਦਕੁਸ਼ੀਆਂ ਕਰਦੇ ਸਨ, ਉਹ ਅਜੇ ਤੱਕ ਓਸੇ ਤਰ੍ਹਾਂ ਕਰੀ ਜਾ ਰਹੇ ਹਨ। ਬੇਰੁਜ਼ਗਾਰੀ ਵਾਲੇ ਮੋਰਚੇ ਉੱਤੇ ਕੋਈ ਰਾਹਤ ਦਾ ਸੰਕੇਤ ਨਹੀਂ ਲੱਭਦਾ। ਸਰਕਾਰ ਸਮਾਰਟ ਫੋਨ ਵੰਡਣ ਲੱਗੀ ਹੈ। ਅੰਗਰੇਜ਼ੀ ਕਹਾਵਤ ਹੈ ਕਿ ਭੁੱਖੇ ਨੂੰ ਖਾਣ ਵਾਸਤੇ ਮੱਛੀ ਨਾ ਦਿਓ, ਮੱਛੀ ਫੜਨ ਦਾ ਵੱਲ ਸਿਖਾਓ, ਤਾਂ ਕਿ ਭਲਕੇ ਵੀ ਆਪਣੇ ਜੋਗਾ ਜੁਗਾੜ ਕਰਨ ਦੇ ਯੋਗ ਹੋ ਸਕੇ। ਸਰਕਾਰ ਨੂੰ ਸਹੂਲਤਾਂ ਅਤੇ ਸਬਸਿਡੀਆਂ ਦੀ ਥਾਂ ਲੋਕਾਂ ਦੇ ਰੁਜ਼ਗਾਰ ਬਾਰੇ ਸੋਚਣਾ ਚਾਹੀਦਾ ਹੈ। ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ, ਇਸ ਸਾਲ ਵਿੱਚ ਇਹ ਕੰਮ ਕਰ ਨਹੀਂ ਸਕੀ ਤੇ ਅਗਲੇ ਸਾਲ ਵਿੱਚ ਆਸ ਨਹੀਂ ਜਾਪਦੀ।
ਮਰਹੂਮ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਕਿ ਸੁਫਨੇ ਲਓ ਤੇ ਫਿਰ ਉਨ੍ਹਾਂ ਨੂੰ ਸਿਰੇ ਚਾੜ੍ਹਨ ਦੇ ਯਤਨ ਕਰਿਆ ਕਰੋ। ਦੇਸ਼ ਦਾ ਸਿਸਟਮ ਇਸ ਦੇ ਲਾਇਕ ਹੀ ਨਹੀਂ। ਏਥੇ ਲੀਡਰਾਂ ਦੇ ਘਰ ਜੰਮੇ ਹੋਏ ਬੱਚੇ ਜੰਮਦੇ ਸਾਰ ਲੀਡਰ ਬਣਨ ਤੇ ਰਾਜ ਕਰਨ ਦੇ ਸੁਫਨੇ ਲੈਂਦੇ ਹਨ ਅਤੇ ਭਾਵੇਂ ਸਕੂਲ ਦੀ ਪੜ੍ਹਾਈ ਵਿਚਾਲੇ ਛੱਡ ਜਾਣ, ਉਹ ਰਾਜ ਕਰਦੀ ਜਾਂ ਰਾਜ ਕਰਨ ਲਈ ਲੜਦੀ ਪਾਰਟੀ ਦੇ ਆਗੂ ਬਣ ਜਾਂਦੇ ਹਨ, ਆਮ ਲੋਕਾਂ ਦੇ ਬੱਚੇ ਸੁਫਨੇ ਲੈਂਦੇ ਹਨ ਤੇ ਜਦੋਂ ਸਿਰੇ ਨਹੀਂ ਚੜ੍ਹ ਸਕਦੇ ਤਾਂ ਕੋਈ ਨਾ ਕੋਈ ਚਿੜਾਉਣ ਵਾਸਤੇ ਪੰਜਾਬੀ ਦੀ ਇਹ ਕਹਾਵਤ ਸੁਣਾ ਕੇ ਨਿਕਲ ਜਾਂਦਾ ਹੈ ਕਿ ਸੌਣਾ ਰੂੜੀਆਂ ਉੱਤੇ, ਸੁਫਨੇ ਸੀਸ਼ ਮਹਿਲਾਂ ਦੇ। ਵਿਚਾਰਿਆਂ ਦੇ ਸੁਫਨੇ ਵੀ ਸ਼ਰਮਿੰਦਗੀ ਹੋ ਜਾਂਦੇ ਹਨ। ਇਹ ਸਾਰਾ ਕੁਝ ਕਿਤੇ ਸਹਿਜ ਸੁਭਾਅ ਨਹੀਂ ਹੁੰਦਾ, ਇਸ ਦੇਸ਼ ਵਿੱਚ ਰਾਜ ਕਰਦੀ ਜਮਾਤ ਦੇ ਲੋਕ ਜਿੱਦਾਂ ਦਾ ਮਾਹੌਲ ਬਣਾਈ ਬੈਠੇ ਹਨ, ਇਸ ਵਿੱਚ ਆਮ ਘਰਾਂ ਦੇ ਬੱਚਿਆਂ ਦੇ ਸੁਫਨਿਆਂ ਦੀ ਕੋਈ ਗੁੰਜਾਇਸ਼ ਰਹਿਣ ਨਹੀਂ ਦਿੱਤੀ ਜਾਪਦੀ, ਪਰ ਜੇ ਉਨ੍ਹਾਂ ਨੇ ਗੁੰਜਾਇਸ਼ ਬਣਾਉਣੀ ਹੈ ਤਾਂ ਉਨ੍ਹਾਂ ਨੂੰ ਬੀਤੇ ਦੇ ਤਜਰਬੇ ਤੋਂ ਸਿੱਖ ਕੇ ਅੱਗੇ ਵਧਣਾ ਹੋਵੇਗਾ। ਦੇਸ਼ ਦੇ ਲੋਕਾਂ ਤੇ ਖਾਸ ਕਰ ਕੇ ਜਵਾਨੀ ਨੂੰ ਕਿਸੇ ਦੇ ਕਹੇ ਲੱਗਣ ਦੀ ਥਾਂ ਆਪਣਾ ਸਿਰ ਵਰਤਣਾ ਸਿੱਖਣਾ ਹੋਵੇਗਾ।
30 Dec. 2018