23 ਤੋਂ 30 ਦਸੰਬਰ ਸ਼ਹੀਦੀ ਹਫਤੇ ਤੇ - ਜਸਵੀਰ ਸ਼ਰਮਾ ਦੱਦਾਹੂਰ

ਵਾਰਿਆ ਪਰਿਵਾਰ ਦਾਤਿਆ,
ਇਕ ਹਫਤੇ ਵਿਚਕਾਰ ਦਾਤਿਆ,
ਸ਼ਾਹ ਹੈਂ ਅਸਵਾਰ ਦਾਤਿਆ,
ਤੂੰ ਹੀ ਸਿੱਖ ਕੌਮ ਦਾ!
ਭੁੱਲ ਗਏ ਹਾਂ ਵਾਅਦਾ ਅਸੀਂ ਤਾਂ,ਬੋਲ ਪੁਗਾਉਣ ਦਾ,,,ਭੁੱਲ, ,,


ਲਾਲ ਦੋ ਨੀਹੀਂ ਚਿਣਾਏ,
ਦੋ ਤੁਸੀਂ ਸਰਹੰਦ ਭਿਜਵਾਏ,
ਬਾਪੂ ਜੀ ਦਿੱਲੀ ਘਲਾਏ,
ਦਿਲ ਨਾ ਡੁਲਾਇਆ ਤੁਸੀਂ--
ਕੌਮ ਰਹੇ ਚੜ੍ਹਦੀ ਕਲਾ ਵਿਚ,
ਫਰਜ਼ ਨਿਭਾਇਆ ਤੁਸੀਂ,,,,,ਕੌਮ,,


ਪਾਪੀਆਂ ਕਹਿਰ ਕਮਾਇਆ,
ਮਾਂ ਨੂੰ ਠੰਡੇ ਬੁਰਜ ਚ ਪਾਇਆ,
ਪਰ ਉਨਾਂ ਬੋਲ ਪੁਗਾਇਆ,
ਸਿਦਕ ਤੋਂ ਡੋਲੇ ਨਹੀਂ----
ਜਾਮ ਸ਼ਹੀਦੀ ਪੀਤਾ,
ਮੂੰਹੋਂ ਕੁਝ ਬੋਲੇ ਨਹੀਂ,,,,ਜਾਮ,,,


ਸਰਬੰਸ ਵਾਰ ਕਰੀ ਕਮਾਲ,
ਮਿਲਦੀ ਨਹੀਂ ਕੋਈ ਮਿਸਾਲ,
ਭਾਵੇਂ ਲੱਖ ਕਰੀਏ ਭਾਲ,
ਐਸੀ ਵਿਚ ਜਹਾਨ ਦੇ---
ਭੁੱਲ ਗਏ ਕੁਰਬਾਨੀ ਤੁਹਾਡੀ,
ਮੌਜਾਂ ਹਾਂ ਮਾਣਦੇ,,,,ਭੁੱਲ,,,


ਦਿਲ ਦੀ ਗੱਲ ਦਿਲ ਵਿਚ ਰਹਿਗੀ,
ਕੌਮ ਪੁੱਠੇ ਵਹਿਣੀ ਵਹਿ ਗਈ,
ਸੱਚੀ ਗੱਲ ਲਿਖਣੀ ਪੈ ਗਈ,
ਸਵਾਰਥੀ ਹੋ ਗਏ ਹਾਂ----
ਭੁੱਲ ਗਏ ਉਪਕਾਰ ਤੁਹਾਡੇ,
ਆਪੇ ਵਿਚ ਖੋਹ ਗਏ ਹਾਂ,,,ਭੁੱਲ,,,


ਸਿੱਧੇ ਰਾਹ ਕੌਮ ਪਈ ਨਾ,
ਅਪਣਾਈ ਤੁਹਾਡੀ ਸੋਚ ਗਈ ਨਾ,
ਸਿੱਖਾਂ ਕੋਈ ਸੇਧ ਲਈ ਨਾ,
ਸੱਚੀ ਗੱਲ ਕਹੀਏ ਜੀ----
ਕਹਿੰਦਾ ਹੈ ਦੱਦਹੂਰੀਆ,
ਤਾਹੀਏਂ ਦੁਖੀ ਰਹੀਏ ਜੀ,,,ਕਹਿੰਦਾ,,,,


ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

23 Dec. 2018