ਬੱਕਰਾ ਤੇ ਮੁਰਗਾ - ( ਇੱਕ ਆਪਸੀ ਗੱਲਬਾਤ ) - ਪ੍ਰਵੀਨ ਸ਼ਰਮਾ

ਬੱਕਰਾ ਕਹਿੰਦਾ ਬੈਠ ਮੁਰਗੇਆ ਕਰੀਏ ਦੁੱਖ-ਸੁੱਖ ਸਾਂਝੇ
ਹੋਰ ਜੀਵਾਂ ਨੂੰ  ਕੁੱਝ ਨਹੀਂ ਕਹਿੰਦੇ  ਆਪਾਂ ਜਾਈਏ ਮਾਝੇਂ ,
ਖਾਣ ਪੀਣ ਨੂੰ ਵਨਸਪਤੀ ਪਈ ਫਲ, ਸਬਜੀਆਂ, ਦਾਲਾਂ
ਫਿਰ ਕਿਉਂ ਬੰਦਾ  ਸੋਚੇ ਦੱਸ ਖਾਂਅ  ਵੱਢ ਦੋਹਾਂ ਨੂੰ ਖਾ ਲਾਂ ,
ਸਾਡੀ ਟੰਗੜੀ ਦੇ ਨਾਲ ਖਾਂਦੇ ਚਾਅ ਨਾਲ ਬਹਿਕੇ ਟੁੱਕੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਚੰਗਾ ਸੀ ਕਿਸੇ ਹੋਰ ਮੁਲਕ ਵਿੱਚ ਜੰਮਦੇ ਦੋਹੇਂ ਭਾਈ
ਜਿਥੇ ਲੋਕੀਂ ਕੀਟ-ਪਤੰਗੇ ਕੁੱਲ੍ਹ ਜੀਵ ਜਾਂਦੇ ਨੇ ਖਾਈ ,
ਇੱਥੇ ਤਾਂ  ਹਰ ਰੋਜ਼ ਹੀ  ਚੱਲਦੀ ਗਰਦਨ  ਉੱਤੇ ਕਟਾਰੀ
ਘੱਟੋ-ਘੱਟ ਉੱਥੇ ਆਉਂਦੀ ਸਾਡੀ ਚਿਰਾਂ ਬਾਅਦ ਹੀ ਵਾਰੀ ,
ਸਾਡੇ ਮੁਲਕ ਚ' ਲੱਗਦੈ ਸਾਡੇ ਮੀਟ ਦੇ ਜਿਆਦਾ ਭੁੱਖੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਆਪਣੀ ਸ਼ਾਮਤ ਆ ਜਾਂਦੀ ਜਦ ਆਉਂਦੇ ਵਿਆਹ-ਮੁਕਲਾਵੇ
ਆਪਣੇ ਵਿਹੜੇ ਸੱਥਰ ਵਿਛਦੇ ਬੰਦਾ ਖੁਸ਼ੀਏ ਢੋਲ ਵਜਾਵੇ ,
ਆ ਜੇ ਕਿਸੇ ਦਾ ਸਾਲਾ ਜਾ ਫਿਰ  ਘਰ ਦਾ ਕੋਈ ਜਵਾਈ
ਇੱਕ ਦੂਜੇ ਲਈ ਖਾਸ ਦਾਵਤਾਂ ਸਾਡੀ ਕਿਹੜਾ ਸੋਚੋ ਭਾਈ ,
ਦੋਹਾਂ ਚੋਂ ਫਿਰ ਇੱਕ ਦੀ ਵਾਰੀ ਜਦ ਆਜੇ ਵੱਡਾ ਫੁੱਫੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......


ਕਾਂ, ਚੂਹੇ ਤੇ ਸ਼ੇਰ ,ਬੱਤਖਾਂ.. ਮੋਰਾਂ ਦੀ ਕਰਦੇ ਦੇਵ ਸਵਾਰੀ
ਜੇ ਕਿਤੇ ਗਊਆਂ ਦੀ ਥਾਂ ਲੈਂਦੇ ਕਰਦੇ ਪੂਜਾ ਨਰ ਤੇ ਨਾਰੀ ,
ਪਰ ਇੰਜ ਲੱਗਦੈ ਜਿਵੇਂ ਆਪਾਂ ਦੋਹਾਂ ਡਾਹਢੇ ਪਾਪ ਕਮਾਏ
ਬਲੀ ਹਮਾਰੀ  ਦੇ ਕਰ ਕਹਿੰਦੇ  ਸਾਡੇ ਦੇਵਤੇ  ਨੇ ਹਰਸ਼ਾਏ ,
ਕਿਉਂ ਮੌਤ ਸਾਡੀ ਤੇ ਰੱਬ ਖੁਸ਼ ਹੋਵੇ ਏਸੇ ਗੱਲ ਦਾ ਦੁੱਖੜ ਜੀ
ਇੰਜ ਕਰਦੇ ਨੇ ਬਹਿਕੇ ਗੱਲਾਂ ਬੱਕਰਾ ਤੇ ਇੱਕ ਕੁੱਕੜ ਜੀ ।।
ਇੰਜ ਕਰਦੇ ਨੇ ਗੱਲਾਂ ਬਹਿਕੇ .......

ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044