ਮਿੱਟੀ ਦਾ ਪ੍ਰਦੂਸ਼ਣ,ਬਚਾਅ ਅਤੇ ਜਾਗਰੁਕਤਾ ਦੀ ਜ਼ਰੂਰਤ : ਵਿਸ਼ਵ ਮਿੱਟੀ ਦਿਵਸ 5 ਦਸੰਬਰ 2018 ਤੇ ਵਿਸ਼ੇਸ਼ - ਡਾ. ਅਮਰੀਕ ਸਿੰਘ

ਅੱਜ ਦੁਨੀਆ ਭਰ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਜਾ ਰਿਹਾ ਹੈ।ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ,ਪਾਣੀ ,ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਦੇ ਪਦਾਰਥ ਮਿਲਦੇ ਹਨ ਪਰ ਧੰਨ ਧੰਨ ਗੁਰੁ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਹੀ  ਮਿੱਟੀ ਦੀ ਮਹੱਤਤਾ ਨੂੰ ਸਮਝਦਿਆਂ ਧਰਤੀ ਨੂੰ ਸਭ ਦੀ ਵੱਡੀ ਮਾਂ ਕਿਹਾ ਹੈ।ਜਪੁਜੀ ਸਾਹਿਬ ਵਿੱਚ ਗੁਰੁ ਨਾਨਕ ਦੇਵ ਜੀ ਫਰਮਾਉਂਦੇ ਹਨ ''ਸਲੋਕ॥ਪਵਣ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਭਾਵ ਹਵਾ ਗੁਰੁ ਹੈ,ਪਾਣੀ ਪਿਉ ਹੈ ਅਤੇ ਧਰਤੀ ਵੱਡੀ ਮਾਂ ਹੈ।ਦਿਨ ਅਤੇ ਰਾਤ ਦੋਵੇਂ ਖਿਡਾਵਾ ਅਤੇ ਖਿਡਾਵੀ ਹਨ,ਸਾਰਾ ਸੰਸਾਰ ਖੇਡ ਰਿਹਾ ਹੈ।ਹਰੇਕ ਤਰਾਂ ਦੇ ਜੀਵਨ ਭਾਵੇਂ ਮੁਨੱਖ ਹੋਵੇ ਜਾਂ ਪਸ਼ੂ ਜਾਂ ਪੌਦੇ ਹੋਣ , ਲਈ ਕੁਦਰਤ ਵੱਲੋਂ ਤਿੰਨ ਕੁਦਰਤੀ ਸੋਮੇ ਹਵਾ,ਪਾਣੀ ਅਤੇ ਮਿੱਟੀ ਬਹੁਤ ਜ਼ਰੂਰੀ ਹਨ।ਇਨਾਂ ਤਿੰਨਾਂ ਵਿਚੋਂ ਕਿਸੇ ਇੱਕ ਦੀ ਘਾਟ ਕਾਰਨ ਕਿਸੇ ਤਰਾਂ ਦਾ ਜੀਵਨ ਸੰਭਵ ਨਹੀਂ ਹੈ।ਇਸ ਲਈ ਇਨਾਂ ਤਿੰਨਾਂ ਸਰੋਤਾਂ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ।ਮਨੁੱਖੀ ਗਲਤੀਆ ਕਾਰਨ ਇਹ ਤਿੰਨੇ ਸਰੋਤ ਹੀ ਇਨੇ ਪ੍ਰਦੂਸ਼ਿਤ ਹੋ ਚੁੱਕੇ ਹਨ ਕਿ ਮਨੁੱਖੀ ,ਪਸ਼ੂ ਅਤੇ ਵਨਸਪਤੀ ਲਈ ਕਈ ਤਰਾਂ ਦੇ ਖਤਰੇ ਪੇਦਾ ਹੋ ਚੁੱਕੇ ਹਨ।ਮਿੱਟੀ ਅਜਿਹਾ ਕੁਦਰਤੀ ਸਰੋਤ ਹੈ ਜਿਸ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਗਿਆ ।ਮਿੱਟੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ 2002 ਵਿੱਚ ਕਰਵਾਈ ਅੰਤਰਰਾਸ਼ਟਰੀ ਸਾਇਲ ਸਾਇੰਸ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਗਈ  ਕਿ ਹਰ ਸਾਲ 5 ਦਸੰਬਰ ਨੂੰ ਵਿਸਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ।5 ਦਸੰਬਰ 2014 ਨੂੰ ਵਿਸ਼ਵ ਪੱਧਰ ਤੇ ਪਹਿਲਾ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ।5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਥਾਈਲੈਂਡ ਦੇ ਰਾਜੇ ਐਚ ਐਮ ਭੂਮੀਬੋਲ ਅਦੁਲਿਆਦੇਜ ਦਾ ਜਨਮ ਦਿਨ ਹੂਮਦਾ ਜਿੰਨਾਂ ਇਹ ਦਿਨ ਮਨਾਉਣ ਦੀ ਪ੍ਰਵਾਨਗੀ ਦਿੱਤੀ ਸੀ।5 ਦਸੰਬਰ 2018 ਨੂੰ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਿੱਟੀ ਦਿਵਸ ਦਾ ਵਿਸ਼ਾ ''ਮਿੱਟੀ ਪ੍ਰਦੂਸ਼ਣ ਖਤਮ ਕਰਨ ਦਾ ਹਿੱਸਾ ਬਣੀਏ"।ਸਾਲ 2050 ਤੱਕ ਵਿਸ਼ਵ ਦੀ ਵਸੋਂ 9 ਬਿਲੀਅਨ ਨੂੰ ਪਾਰ ਕਰ ਜਾਵੇਗੀ।ਮਿੱਟੀ ਦਾ ਪ੍ਰਦੂਸ਼ਣ ਅਤੇ ਵਿਸ਼ਵ ਪੱਧਰ ਦੀ ਸਮੱਸਿਆ ਬਣ ਗਈ ਹੈ ਜਿਸ ਨਾਲ ਭੋਜਨ ਪੈਦਾ ਕਰਨ ਲਈ ਲੋੜੀਂਦੀ ਮਿੱਟੀ ਦੇ ਨਾਲ ਨਾਲ ਸਾਹ ਲਈ ਹਵਾ ਅਤੇ ਪੀਣ ਲਈ ਪਾਣੀ ਵੀ ਪ੍ਰਦੂਸ਼ਣ ਹੋ ਗਏ ਹਨ।
          ਸੱਠਵੇਂ ਦਹਾਕੇ ਵਿੱਚ ਹਰੀ ਕਰਾਂਤੀ ਤੋਂ ਦੇਸ਼ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮਨਿਰਭਰ ਬਨਾਉਣ ਲਈ ਵੱਧ ਝਾੜ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੇ ਬੀਜ,ਸਿੰਚਾਈ ਲਈ ਪਾਣੀ ਦੇ ਸਾਧਨ,ਆਵਾਜਾਈ ਦੇ ਸਾਧਨ,ਬਿਜਲੀ ,ਕੀਟਨਾਸ਼ਕ,ਨਦੀਨਨਾਸ਼ਕ,ਰਸਾਇਣਕ ਖਾਦਾਂ ਦੀ ਵਰਤੋ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ।ਇਨਾਂ ਨਵੇਂ ਸਾਧਨਾਂ ਦੀ ਵਰਤੋਂ ਕਰਨ ਨਾਲ ਦੇਸ਼ ਅਨਾਜ ਦੀ ਪੈਦਾਵਾਰ ਵਿੱਚ ਆਤਮਨਿਰਭਰ ਹੀ ਨਹੀਂ ਹੋਇਆ ਸਗੋਂ ਬਾਹਰਲੇ ਮੁਲਕਾਂ ਨੂੰ ਅਨਾਜ ਭੇਜਣ ਦੇ ਸਮਰੱਥ ਵੀ ਹੋ ਗਿਆ।ਜ਼ਰੂਰਤ ਤੋਂ ਜ਼ਿਆਦਾ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਵਰਤੋਂ  ਕਾਰਨ ਮਿੱਟੀ ਦੇ ਭੌਤਿਕੀ , ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨਾਲ ਅਨਾਜ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਗੁਣਵੱਤਾ ਦੋਨੋਂ ਪ੍ਰਭਾਵਤ ਹੋ ਗਏ ਹਨ।ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਮਿੱਠੀ ਖੁਸ਼ਬੋ ਦਿੰਦੀ ਮਿੱਟੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਬਿਨਾਂ ਖਾਦ ਦੀ ਵਰਤੋਂ ਕੀਤਿਆਂ ਫਸਲਾਂ ਦੀ ਕਾਸਤ ਕਰਨਾ ਅਸੰਭਵ ਹੋ ਗਿਆ ਹੈ।ਇਸੇ ਤਰਾਂ ਕੀਟਨਾਸ਼ਕਾਂ ਦੀ ਪ੍ਰਤੀ ਹੈਕਟੇਅਰ ਵਰਤੋਂ 923 ਗ੍ਰਾਮ ਜੋ ਕਿ ਭਾਰਤ ਵਿੱਚ ਵਰਤੀ ਜਾਂਦੀ ਪ੍ਰਤੀ ਹੈਕਟੇਅਰ ਤੋਂ ਵਧੇਰੇ ਹੈ ।ਮਿੱਟੀ ਵਿੱਚ ਨਾਂਗਲਣਯੋਗ ਪਦਾਰਥਾਂ ਜਿਵੇਂ ਪਲਾਸਟਿਕ ਤੋਂ ਬਣੇ ਪਦਾਰਥ, ਲਿਫਾਫੇ ਆਦਿ ਦੇ ਮਿੱਟੀ ਵਿੱਚ  ਰਲਣ ਕਾਰਨ ਜ਼ਹਿਰੀਲੇ ਪਦਾਰਥ ਜਿਵੇਂ ਕਾਰਦੀਮਮ,ਕਰੋਮੀਅਮ,ਲੈੱਡ,ਆਰਸੈਨਿਕ ਅਤੇ ਯੂਰੇਨੀਅਮ ਮਿੱਟੀ ਵਿੱਚ ਮਿਲ ਜਾਦੇ ਹਨ ਤਾਂ ਪੌਦੇ ਦੀਆ ਜੜਾਂ ਰਾਹੀਂ ਇਹ ਜ਼ਹਿਰੀਲੇ ਪਦਾਰਥ ਭੋਜਨ ਰਾਹੀ ਮਨੁੱਖੀ ਸਰੀਰ ਵਿੱਚ ਦਾਖਲ ਹੋ ਕੇ ਕਈ ਤਰਾਂ ਦੀਆਂ ਭਿਆਨਕ ਬਿਮਾਰੀਆ ਦਾ ਕਾਰਨ ਬਣਦੇ ਹਨ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਹਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ।ਮਿੱਟੀ ਵਿੱਚ ਮਿੱਤਰ ਸੂਖਮ ਜੀਵ ਖਤਮ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ।ਮਿਟੀ ਦੀ ਉਤਪਾਦਨ ਸ਼ਕਤੀ ਲਗਾਤਾਰ ਖਤਮ ਹੋ ਰਹੀ ਹੈ।ਖੇਤੀ ਮਾਹਿਰਾਂ ਅਨੁਸਾਰ ਕਿਸੇ ਵੀ ਫਸਲ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਅਨੁਪਾਤ 4:2:1 ਹੋਣਾ ਚਾਹੀਦਾ ਜਦ ਕਿ ਇਸ ਵਕਤ ਪੰਜਾਬ ਵਿੱਚ ਕਿਸਾਨਾਂ ਵੱਲੌਨ ਕੇਵਲ ਫਾਸਫੋਰਸ ਅਤੇ ਨਾਈਟਰੋਜਨ ਖਾਦਾਂ ਦੀ ਹੀ ਵਰਤੋਂ ਕੀਤੀ ਜਾਦੀ ਹੈ।ਇਸ ਲਈ ਫਸਲਾਂ ਦੀ ਸਫਲ ਕਾਸਤ ਲਈ ਸੰਤੁਲਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਮਿੱਟੀ ਦਾ ਰਸਾਇਣਕ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ।ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਜਾਂ ਰੰਗਦਾਰ ਪੱਤਾ ਚਾਰਟ ਦੀ ਵਰਤੋਂ ਕਰਕੇ ਕੀਤੀ ਜਾਵੇ ਤਾਂ ਇਹ ਪ੍ਰਦੂਸ਼ਣ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ।ਪੰਜਾਬ ਦੇ ਸਮੂਹ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਮੁਹੱਈਆ ਕਰਵਾਏ ਗਏ ਹਨ।
        ਜੈਵਿਕ ਕਾਰਬਨ ਮਿੱਟੀ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ।ਇੱਕ ਅਨੁਮਾਨ ਮੁਤਾਬਿਕ ਇੱਕ ਮੀਟਰ ਮਿੱਟੀ ਦੀ ਤਹਿ ਤੱਕ 1417 ਬਿਲੀਅਨ ਟਨ ਭੋਂ ਜੈਵਿਕ ਕਾਰਬਨ ਜਮਾਂ ਹੁੰਦੀ ਹੈ ਅਤੇ ਦੋ ਮੀਟਰ ਮਿੱਟੀ ਦੀ ਡੂੰਘਾਈ ਤੱਕ 2500 ਬਿਲੀਅਨ ਟਨ ਜੈਵਿਕ ਕਾਰਬਨ ਜਮਾਂ ਹੁੰਦੀ ਹੈ।ਵਾਯੂਮੰਡਲ ਅਤੇ ਬਨਸਪਤੀ ਨਾਲੋਂ ਮਿੱਟੀ ਵਿੱਚ ਜੈਵਿਕ ਕਾਰਬਨ ਜ਼ਿਆਦਾ ਹੂੰਦਾ ਹੈ।ਮਿੱਟੀ ਵਿੱਚ ਜੈਵਿਕ ਕਾਰਬਨ ਘਟਣ ਨਾਲ ਫਸਲਾਂ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ 0.02 ਪ੍ਰਤੀਸ਼ਤ ਤੋਂ 0.25 ਪ੍ਰਤਸ਼ਿਤ ਜੈਵਿਕ ਮਾਦਾ ਰਹਿ ਗਿਆ ਹੈ ਜਦ ਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ ਘੱਟ 0.45 ਪ੍ਰਤੀਸ਼ਤ ਹੋਣੀ ਜ਼ਰੁਰੀ ਹੈ ।ਮਿੱਟੀ ਵਿੱਚ ਜੈਵਿਕ ਮਾਦਾਂ ਵਧਾਉਣ ਲਈ ਦੇਸੀ ਰੂੜੀ,ਹਰੇਕ ਤਰਾਂ ਦੀਆਂ ਫਸਲਾ ਦੀ ਰਹਿੰਦ ਖੂੰਹਦ ਦੀ ਵਰਤੋਂ ਨੂੰ ਵਧਾਉਣਾ ਪਵੇਗਾ।
            ਪੰਜਾਬ ਵਿੱਚ ਕੁੱਲ 17.61 ਲੱਖ ਗਾਵਾਂ ਅਤੇ 50.03 ਲੱਖ ਮੱਝਾਂ ਹਨ, ਜਿੰਨਾ ਤੋਂ ਵੱਡੀ ਮਾਤਰਾ ਵਿੱਚ ਸੁੱਕਾ ਗੋਹਾ ਪੈਦਾ ਹੂੰਦਾ ਹੈ,ਖੇਤੀ ਮਾਹਿਰਾਂ ਮੁਤਾਬਿਕ ਜੇਕਰ ਇਸ ਸੁੱਕੇ ਗੋਹੇ ਨੂੰ ਸਹੀ ਤਰੀਕੇ ਨਾਲ ਦੇਸੀ ਰੂੜੀ ਵਿੱਚ ਬਦਲਿਆ ਜਾਵੇ ਤਾਂ ਰੋਜ਼ਾਨਾ 30 ਲੱਖ ਰੁਪਏ ਦੀ ਯੂਰੀਆ ਤੋਂ ਇਲਾਵਾ ਬਹੁਤ ਸਾਰੀ ਮਾਤਰਾ ਵਿੱਚ ਛੋਟੇ ਖੁਰਾਕੀ ਤੱਤ ਪ੍ਰਾਪਤ ਹੋ ਸਕਦੇ ਹਨ।ਪਰ ਅਗਿਆਨਤਾ ਕਾਰਨ ਬਹੁਤ ਸਾਰਾ ਗੋਹਾ ਜਾਂ ਤਾਂ ਸਾੜ ਦਿੱਤਾ ਜਾਂਦਾ ਹੈ ਜਾਂ ਸਹੀ ਤਰੀਕੇ ਨਾਲ ਦੇਸੀ ਰੂੜੀ ਤਿਆਰ ਨਾਂ ਕਰਨ ਨਾਲ ਵੱਡੀ ਮਾਤਰਾ ਵਿੱਚ ਖੁਰਾਕੀ ਤੱਤ ਨਸ਼ਟ ਹੋ ਜਾਦੇ ਹਨ।ਇਸੇ ਤਰਾਂ ਪੰਜਾਬ ਵਿੱਚ ਕਣਕ ਦੀ ਕਾਸਤ ਤਕਰੀਬਨ 40 ਲੱਖ ਹੈਕਟੇਅਰ ਅਤੇ ਝੋਨੇ ਦੀ ਤਕਰੀਬਨ 26 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 24 ਮਿਲੀਅਨ ਟਨ ਪਰਾਲੀ/ਨਾੜ ਪੈਦਾ ਹੁੰਦਾ ਹੈ। ਇਨੀ ਵੱਡੀ ਮਾਤਰਾ ਵਿਚ ਨਾੜ/ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟਰੌਜਨ,0.48 ਲੱਖ ਟਨ ਫਾਸਪੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਕਾਰਨ ਸਾਹ ਨਾਲ ਸੰਬੰਧਤ , ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਜੇਕਰ ਏਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਅਤੇ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹ ਦਬਾ ਦਿੱਤਾ ਜਾਵੇ ਤਾਂ ਮਿੱਟੀ ਦੀ ਸਿਹਤ ਅਤੇ ਜੈਵਿਕ ਕਾਰਬਨ ਵਿੱਚ ਸੁਧਾਰ ਦੇ ਨਾਲ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਘਟਾਈ ਜਾ ਸਕਦੀ ਹੈ।
           ਝੋਨੇ-ਕਣਕ ਅਤੇ ਕਮਾਦ ਦੇ ਫਸਲੀ ਚੱਕਰ ਅਤੇ ਭਾਰੀ ਮਸ਼ੀਨਰੀ ਦੀ ਵਰਤੋਂ ਕਾਰਨ ਮਿੱਟੀ ਵਿੱਚ ਸਖਤ ਤਹਿ ਬਣ ਗਈ ਹੈ।ਜਿਸ ਕਾਰਨ ਜ਼ਮੀਨ ਵਿੱਚ ਪਾਣੀ ਦੇ ਜ਼ੀਰਨ ਦੀ ਸਮਰੱਥਾ ਬਹੁਤ ਘਟ ਗਈ ਹੈ, ਜੋ ਫਸਲਾਂ ਦੀ ਉਤਪਾਦਕਤਾ ਨੂੰ ਪ੍ਰਭਾਵਤ ਕਰ ਰਹੀ ਹੈ।ਹਰੇਕ ਤਿੰਨ ਸਾਲ ਬਾਅਦ ਤਹਿ ਤੋੜ ਹੱਲ ਜਾਂ ਪਲਟਾਵੀਂ ਹੱਲ ਚਲਾ ਕੇ ਸਖਤ ਤਹਿ ਨੂੰ ਤੋੜ ਦੇਣਾ ਚਾਹੀਦਾ।ਇਸ ਤੋਂ ਇਲਾਵਾ ਸਖਤ ਤਹਿ ਕਾਰਨ ਫਸਲਾਂ ਦੀਆਂ ਜੜਾਂ ਵਧੇਰੇ ਫੈਲਾਉ ਨਾਂ ਹੋਣ ਕਾਰਨ ਫਸਲ ਖੁਰਾਕੀ ਤੱਤ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ।ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਦਾ ਸਖਤਪਣ ਘਟਾਇਆ ਜਾ ਸਕਦਾ।ਰੋਟਾਵੇਟਰ ਦੀ ਵਰਤੋਂ ਘੱਟ ਕਰਕੇ ਤਵੀਆਂ ਦੀ ਵਧੇਰੇ ਕਰਨੀ ਚਾਹੀਦੀ ਹੈ । ਯੂ ਐਨ ਉ ਦੀ ਰਿਪੋਰਟ ਦੇ ਮੁਤਾਬਕ ਹਰੇਕ ਸਾਲ 20-30 ਬਿਲੀਅਨ ਟਨ ਜ਼ਰਖੇਜ ਮਿੱਟੀ ਪਾਣੀ,5 ਬਿਲੀਅਨ ਟਨ ਕਾਸਤਕਾਰੀ ਢੰਗਾਂ ਅਤੇ 2 ਬਿਲੀਅਨ ਟਨ ਜਰਖੇਜ ਮਿੱਟੀ ਖੁਰ ਜਾਂਦੀ ਹੈ।ਜੇਕਰ ਇਸੇ ਰਫਤਾਰ ਨਾਲ ਮਿੱਟੀ ਦਾ ਖੁਰਣਾ ਜਾਰੀ ਰਿਹਾ ਤਾਂ ਸਨ 2050 ਤੱਕ ਅਨਾਜ ਦੀ ਪੈਦਾਵਾਰ ਵਿੱਚ ਹਰੇਕ ਸਾਲ 10% ਤੱਕ ਘਟ ਸਕਦਾ ਹੈ।ਜੰਗਲਾਤ ਹੇਠਾਂ ਰਕਬਾ ਵਧਾ ਕੇ ਮਿੱਟੀ ਨੂੰ ਖੁਰਣ ਤੋਂ ਬਚਾਇਆ ਜਾ ਸਕਦਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ,ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਕਾਰਨ ਮਿੱਟੀ ਦੀ ਜੈਵਿਕ ਵਿਭਿੰਨਤਾ ਪ੍ਰਭਾਵਤ ਹੋਣ ਕਾਰਨ ਮਿੱਟੀ ਦੇ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ,ਜੋ ਬਨਸਪਤੀ,ਪਸ਼ੂਆਂ ਅਤੇ ਮਨੁੱਖੀ ਸਿਹਤ ਨੂੰ ਪ੍ਰਭਾਵਤ ਕਰ ਰਹੀ ਹੈ।ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਕਰਕੇ ਮਿੱਟੀ ਦੀ ਜੈਵਿਕ ਵਿਭਿੰਨਤਾ ਨੂੰ ਪ੍ਰਭਾਵਤ ਹੋਣੋ ਬਚਾਇਆ ਜਾ ਸਕਦਾ।
       ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਈਏ।ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਝੋਨੇ ਦੀ ਕਾਸਤ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣ ਅਤੇ ਪੰਜਾਬ ਦੇ ਦੱਖਣ ਪੱਛਮੀ ਜ਼ਿਲਿਆਂ ਵਿੱਚ ਸੇਮ ਦੀ ਸਮੱਸਿਆ ਨਾਲ ਕਈ ਤਰਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਇਸ ਵੇਲੇ ਡਾਇਆ 4.03 ਲੱਖ ਟਨ,ਯੂਰੀਆ 12.75 ਲੱਖ ਟਨ,ਐਨ ਪੀ ਕੇ (ਮਿਸ਼ਰਤ) 18681 ਲੱਖ ਟਨ ਅਤੇ ਪੋਟਾਸ 22941 ਲੱਖ ਟਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਦ ਕਿ ਲਘੂ ਖੁਰਾਕੀ ਤੱਤਾਂ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ।ਇੰਨੀ ਵੱਡੀ ਵੱਡੀ ਮਾਤਰਾ ਵਿੱਚ ਖਪਤ ਹੋ ਰਹੀ ਖਾਦਾਂ ਤੇ ਸਾਲ 2012 ਦੌਰਾਨ 71,280 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ,ਇਸ ਵਿੱਚੋਂ 59 ਹਿੱਸਾ ਯੂਰੀਆ ਖਾਦ ਤੇ ਹੀ ਖਰਚਿਆ ਗਿਆ।ਉਪਰੋਕਤ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਮੋਟੇ ਤੌਰ ਤੇ ਯੂਰੀਆ,ਡਾਇਆ ਦੀ ਹੀ ਵਰਤੋਂ ਕਰਨ ਨਾਲ ਪਿਛਲੇ ਕੁਝ ਸਮੇਂ ਤੋਂ ਫਸਲਾਂ ਵਿੱਚ ਛੋਟੇ ਖੁਰਾਕੀ ਤੱਤਾਂ ਦੀ ਘਾਟ ਆਉਣੀ ਸ਼ੁਰੂ ਹੋ ਗਈ ਹੈ।ਜਿਸ ਕਾਰਨ ਮਨੁੱਖਾਂ ਅਤੇ ਪਸ਼ੂਆਂ ਵਿੱਚ ਛੋਟੇ ਖੁਰਾਕੀ ਤੱਤਾਂ ਜਿਵੇਂ ਜਿੰਕ,ਪੋਟਾਸ਼,ਕੈਲਸ਼ੀਅਮ ਆਦਿ ਘਾਟ ਕਾਰਨ ਕਈ ਨਵੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਅਨਸਾਰ ਕਿਸਾਨਾਂ ਦੁਆਰਾ ਪਸ਼ੂਆਂ ਦੇ ਚਾਰੇ ਲਈ ਕਾਸਤ ਕੀਤੀਆਂ ਜਾ ਰਹੀਆਂ ਫਸਲਾਂ ਜਿਵੇਂ ਬਰਸੀਮ,ਬਾਜਰਾ ਅਤੇ ਚਰੀ ਵਿੱਚ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨਾਂ ਕਰਨ ਕਰਕੇ ਹਿਮੋਗਲੋਬਿਨ ਯੂਰੀਆ ਨਾਮ ਦੀ ਬਿਮਾਰੀ ਵਿੱਚ ਵਾਧਾ ਹੋ ਰਿਹਾ ਹੈ।ਇਸ ਦਾ ਮੁੱਖ ਕਾਰਨ ਚਾਰੇ ਦੀਆਂ ਫਸਲਾਂ ਵਿੱਚ ਯੂਰੀਆ ਖਾਦ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਕਰਨੀ ਜਦ ਫਾਸਫੈਟਿਕ ਖਾਦਾਂ ਦੀ ਵਰਤੋਂ ਘੱਟ ਕਰਨੀ ਹੈ।ਯੂਰੀਆ ਦੀ ਵਧੇਰੇ ਵਰਤੋਂ ਨਾਲ ਪਸ਼ੂਆਂ ਵਿੱਚ ਨਾਈਟ੍ਰੇਟ ਅਤੇ ਨਾਈਟ੍ਰਾਈਟ ਦੇ ਜ਼ਹਿਰੀਲੇਪਣ ਕਾਰਨ ਕਈ ਥਾਵਾਂ ਤੋਂ ਪਸ਼ੂਆਂ ਦੇ ਮਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ।
             ਪੰਜਾਬ ਵਿੱਚ ਇਸ ਵੇਲੇ ਤਕਰੀਬਨ 3000 ਤੋਂ ਵੱਧ ਇੱਟਾਂ ਦੇ ਭੱਠੇ ਕੰਮ ਕਰ ਰਹੇ ਹਨ ਜੋ ਹਰ ਸਾਲ ਬਹੁਤ ਜ਼ਿਆਦਾ ਰਕਬੇ ਦੀ ਜ਼ਰਖੇਜ਼ ਮਿੱਟੀ ਨੂੰ ਗੈਰ ਜ਼ਰਖੇਜ ਬਣਾ ਰਹੇ ਹਨ।ਭੱਠਾਂ ਮਾਲਕਾਂ ਵੱਲੋਂ ਕਿਸਾਨਾਂ ਤੋਂ ਠੇਕੇ ਤੇ ਖੇਤ ਲੈ ਕੇ 2-3 ਫੁੱਟ ਡੂੰਘਾਈ ਤੱਕ ਮਿੱਟੀ ਪੁੱਟ ਕੇ ਇੱਟਾਂ ਬਨਾਉਂਦੇ ਹਨ।ਇਥੇ ਇਹ ਜ਼ਿਕਰਯੋਗ ਹੈ ਕਿ ਜ਼ਮੀਨ ਦੀ ਉਪਰਲੀ 6 ਇੰਚ ਮਿੱਟੀ ਹੀ ਜ਼ਰਖੇਜ਼ ਹੁੰਦੀ ਹੈ।ਸ਼ਹਿਰਾਂ ਦੇ ਆਲੇ ਦੁਆਲੇ ਸੀਵਰੇਜ਼ ਦੇ ਗੰਦਲੇ ਪਾਣੀ ਕਾਰਨ ਮਿੱਟੀ ਬਹੁਤ ਪ੍ਰਦੂਸ਼ਿਤ ਹੋ ਗਈ ਹੈ।ਇਸ ਪ੍ਰਦੂਸ਼ਿਤ ਮਿੱਟੀ ਵਿੱਚ ਜੋ ਸਬਜ਼ੀਆ ਦਾ ਉਗਾਈਆਂ ਜਾਂਦੀਆਂ ਹਨ ਉਹਨਾਂ ਦੀ ਗੁਣਵਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਇਸ ਪ੍ਰਦੂਸ਼ਿਤ ਮਿੱਟੀ ਤੋਂ ਪੈਦਾ ਹੋਈਆਂ ਸਬਜ਼ੀਆਂ ਨੂੰ ਖਾਣ ਵਾਲੇ ਇਨਸਾਨਾਂ ਦੀ ਸਿਹਤ ਦਾ ਵੀ ਅੰਦਾਜ਼ਾ ਸਹਿਜ਼ੇ ਹੀ ਲਗਾਇਆ ਜਾ ਸਕਦਾ ਹੈ।ਹਰ ਸਾਲ ਬਰਸਾਤ ਦੇ ਮੌਸਮ ਵਿੱਚ ਹੜ ਆਉਣ ਕਾਰਨ ਦਰਿਆ ਹਜ਼ਾਰਾਂ ਏਕੜ ਰਕਬੇ ਦੀ ਜ਼ਰਖੇਜ ਮਿੱਟੀ ਰੋੜ ਕੇ ਲੈ ਜਾਦੇ ਹਨ।ਜਿਸ ਨਾਲ ਵੀ ਫਸਲਾ ਦੇ ਉਤਪਾਦਨ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
                     ਸੋ ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਿੰਡਾਂ, ਸ਼ਹਿਰਾਂ,ਸਕੂਲਾਂ,ਕਾਲਜਾਂ ਵਿੱਚ ਸੈਮੀਨਾਰ ਕਰਵਾ ਕੇ ਲੋਕਾਂ ਅੰਦਰ ਵੱਧ ਤੋਂ ਵੱਧ ਜਾਗਰੁਕਤਾ ਪੈਦਾ ਕਰੀਏ ਤਾਂ ਜੋ ਭਵਿੱਖ ਦੀ ਖੇਤੀ ਨੂੰ ਪੈਦਾ ਹੋਣ ਵਾਲੇ ਖਤਰਿਆਂ ਨੂੰ ਘੱਟ ਕੀਤਾ ਜਾ ਸਕੇ ,ਇਸ ਦੇ ਨਾਲ ਹੀ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇ।

ਡਾ ਅਮਰੀਕ ਸਿੰਘ
ਭੌਂ ਪਰਖ ਅਫਸਰ,ਪਠਾਨਕੋਟ
9463071919