ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਬਾ ਜੀ, - ਹਰਲਾਜ ਸਿੰਘ ਬਹਾਦਰਪੁਰ

ਬਾਬਾ ਨਾਨਕ ਜੀ, ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ । ਬਾਬਾ ਜੀ ਇੱਕ ਬੇਨਤੀ ਹੈ ਕਿ ਗੁੱਸਾ ਨਾ ਕਰਿਓ, ਕਿਉਂਕਿ ਅਸੀਂ ਭੁਲਣਹਾਰ ਜੀਵ ਹਾਂ । ਬਾਬਾ ਜੀ ਤੁਸੀਂ ਬਿਨਾ ਸੱਕ ਆਪਣੀ ਵਿਚਾਰਧਾਰਾ (ਗੁਰਬਾਣੀ) ਰਾਹੀਂ ਸੰਸਾਰ ਨੂੰ ਪੁਜਾਰੀਆਂ ਅਤੇ ਰਾਜਿਆਂ ਦੇ ਚੱਕਰਾਂ ਵਿੱਚੋਂ ਕੱਢਣ ਲਈ ਸਾਨੂੰ ਬਹੁਤ ਸਮਝਾਇਆ ਸੀ । ਪਰ ਤੁਸੀਂ ਆਪਣੇ ਜਨਮ ਦਿਨ ਨੂੰ ਸਪੱਸਟ ਨਾ ਕਰਕੇ ਆਪਣੇ ਪਿਆਰੇ ਸਿੱਖਾਂ ਨੂੰ ਚੱਕਰਾਂ ਵਿੱਚ ਹੀ ਪਾ ਕੇ ਗਏ ਹੋਂ।ਬਾਬਾ ਜੀ ਨਾ ਤਾਂ ਤੁਸੀਂ ਕੋਈ ਅਣਪੜ ਸੀ ਨਾ ਹੀ ਅਣਜਾਣ ਸੀ, ਕਿਉਂਕਿ ਤੁਸੀਂ ਤਾਂ ਆਪਣੀ ਅਤੇ ਆਪਣੇ ਤੋਂ ਪਹਿਲਾਂ ਦੇ ਅਤੇ ਆਪਣੇ ਸਮਕਾਲੀ ਭਗਤਾਂ ਦੀ ਬਾਣੀ ਨੂੰ ਵੀ ਲਿਖ ਕੇ ਸਾਂਭਿਆ ਸੀ, ਪਰ ਨਾਂ ਤੁਸੀਂ ਕਿਸੇ ਭਗਤ ਦੀ ਜਨਮ ਮਿਤੀ ਲਿਖ ਕੇ ਸਾਂਭੀ ਨਾ ਆਪਣੀ, ਅਸੀਂ ਹੁਣ ਚੱਕਰਾਂ ਵਿੱਚ ਪਏ ਫਿਰਦੇ ਹਾਂ ਕਿ ਤੁਹਾਡਾ ਜਨਮ ਦਿਨ ਕਿਸ ਤਾਰੀਖ ਨੂੰ ਮੰਨਾਈਏ । ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਪੁਜਾਰੀ ਦੇ ਜਾਲ ਨੂੰ ਤੋੜ ਸੁਟਿਆ ਸੀ, ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਉਸੇ ਪੁਜਾਰੀ ਦੇ ਜਾਲ ਵਿੱਚ ਬੁਰੀ ਤਰਾਂ ਫਸ ਚੁੱਕੇ ਹਾਂ । ਹਰ ਤਰਾਂ ਦੇ ਚੱਕਰਾਂ ਵਿੱਚੋਂ ਕੱਢਣ ਵਾਲੀ ਤੇਰੀ ਬਾਣੀ ਨੂੰ ਵਿਚਾਰਨ ਦਾ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਹੈ, ਕਿੳੇਂਕਿ ਸਾਨੂੰ ਤਾਂ ਜਨਮ ਦਿਨਾਂ ਤੋਂ ਹੀ ਵਿਹਲ ਨਹੀਂ ਮਿਲਦੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਦਸ ਤਾਂ ਤੁਸੀਂ ਗੁਰੂ ਹੀ ਹੋ ਗਏ, ਹੋਰ ਭਗਤ ਵੀ ਕਿੰਨੇ ਹਨ, ਕਿੰਨੇ ਸਿੱਖ ਸ਼ਹੀਦ ਹੋ ਗਏ , ਤੁਹਾਡੇ ਦਸਮੇ ਜਾਮੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਤੋਂ ਲੈ ਕੇ, ਅੱਜ ਤੱਕ ਸਹੀਦੀਆਂ ਜਾਰੀ ਹਨ, ਹੋਰ ਸੰਤ, ਮਹਾਂਪੁਰਸ਼, ਬ੍ਰਹਮ ਗਿਆਨੀ ਬਹੁਤ ਹੋ ਗਏ ਹਨ, ਜੇ ਸੱਭ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮੰਨਾਈਏ, ਤਾਂ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਬਚਦਾ ਹੋਰ ਕੁੱਝ ਕਰਨ ਲਈ, ਫਿਰ ਇੱਕ ਜਨਮ ਦਿਨ ਜਾਂ ਸਹੀਦੀ ਦਿਹਾੜੇ ਤੇ ਅਖੰਡ ਪਾਠ ਕਰਨ ਕਰਕੇ ਤਿੰਨ ਦਿਨ ਲੱਗ ਜਾਂਦੇ ਹਨ , ਲੈ ਹੁਣ ਤੁਸੀਂ ਹੀ ਦੱਸੋ ਕਿ ਅਸੀਂ ਗੁਰਬਾਣੀ ਪੜ੍ਹ ਕੇ ਸਮਝਣ ਦੀ ਕੋਸਿਸ ਕਰੀਏ ਜਾਂ ਦਿਨ ਮੰਨਾਈਏ ? ਬਾਬਾ ਜੀ ਹੁਣ ਤਾਂ ਹੋਰ ਵੀ ਪੰਗਾ ਪੈ ਗਿਆ ਹੈ, ਤੁਹਾਡੇ ਸਾਰਿਆਂ ਦੇ ਜਨਮ ਦਿਨ ਵੀ ਦੂਹਰੇ (ਡਬਲ) ਮਨਣ ਲੱਗ ਗਏ ਹਨ, ਕੁੱਝ ਗੁਰ ਸਿੱਖ ਤੁਹਾਡਾ ਜਨਮ ਦਿਨ ਕੱਤਕ (ਐਤਕੀ) ਮੱਘਰ ਵਿੱਚ ਮਨਾ ਰਹੇ ਹਨ, ਕੁੱਝ ਗੁਰ ਸਿੱਖ ਵੈਸਾਖ ਵਿੱਚ ਮਨਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸਾਰੇ ਸੰਸਾਰ ਨੂੰ ਦੁਬਿਧਾ ਵਿੱਚੋਂ ਕੱਢਣ ਵਾਲੇ ਸਤਿਗੁਰਾ ਅਸੀਂ ਤਾਂ ਹੁਣ ਤੇਰੇ ਨਾਮ ਤੇ ਹੀ ਦੁਬਿਧਾ ਵਿੱਚ ਪੈ ਰਹੇ ਹਾਂ। ਇਸ ਦੁਬਿਧਾ ਕਾਰਨ ਕਈ ਬਾਰ ਤਾਂ ਅਸੀਂ ਤੁਹਾਨੂੰ ਹੀ ਗਲਤ ਸਮਝਣ ਦੀ ਗਲਤੀ ਕਰ ਲੈਂਦੇ ਹਾਂ, ਕਈ ਬਾਰ ਆਪਣੇ ਆਪ ਨੂੰ ਵੀ ਗਲਤ ਸਮਝ ਲੈਂਦੇ ਹਾਂ। ਜਦੋਂ ਤਾਂ ਤੁਹਾਨੂੰ ਗਲਤ ਸਮਝਦੇ ਹਾਂ ਉਦੋਂ ਤਾਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਸਹੀ ਜਨਮ ਤਾਰੀਖ ਕਿਉਂ ਨਹੀਂ ਲਿਖ ਕੇ ਗਏ । ਜਦੋਂ ਸੋਚਦੇ ਹਾਂ ਕਿ ਤੁਸੀਂ ਤਾਂ ਗਲਤ ਨਹੀਂ ਹੋ ਸਕਦੇ, ਫਿਰ ਸੋਚਦੇ ਹਾਂ ਕਿ ਆਪਾਂ ਹੀ ਗਲਤ ਜੇ ਜਨਮ ਤਾਰੀਖ ਦੀ ਲੋੜ ਹੁੰਦੀ ਤਾਂ ਉਹ ਜਰੂਰ ਲਿਖ ਕੇ ਜਾਂਦੇ, ਕਿਉਂਕਿ ਤੁਸੀਂ ਸਰੀਰਾਂ (ਦੇਹਾਂ) ਨਾਲ ਜੋੜਨ ਜਾਂ ਸਰੀਰਾਂ ਦੇ ਜਨਮ ਮਰਨ ਦੀ ਥਾਂ ਸੋਚ, ਸਿਧਾਂਤ, ਜਮੀਰਾਂ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਸੀ, ਫਿਰ ਸੋਚਦੇ ਹਾਂ ਕਿ ਜੇ ਲਿਖ ਵੀ ਜਾਂਦੇ ਫਿਰ ਵੀ ਕੀ ਹੋ ਜਾਂਦਾ, ਗੁਰਬਾਣੀ ਤਾਂ ਉਹ ਲਿਖ ਕੇ ਦੇ ਕੇ ਹੀ ਗਏ ਹਨ, ਆਪਾਂ ਨੇ ਉਹਨਾ ਦੇ ਲਿਖ ਕੇ ਦਿੱਤੇ ਉਤੇ ਕਿੰਨਾ ਕੁ ਅਮਲ ਕਰ ਲਿਆ ਹੈ। ਬਾਬਾ ਜੀ ਗੁਰਬਾਣੀ ਨੂੰ ਪੜ੍ਹ ਬੁੱਝ ਮਨ ਵਿੱਚ ਵਸਾ ਕੇ ਆਪਣਾ ਜਨਮ ਸੰਵਾਰ ਕੇ ਚੱਕਰਾਂ ਵਿੱਚੋਂ ਨਿਕਲਣ ਦੀ ਥਾਂ ਅਸੀਂ ਤਾਂ ਤੇਰਾ ਹੀ ਜਨਮ ਸਰਟੀਫਿਕੇਟ ਬਣਾਉਣ ਲਈ ਚੱਕਰਾਂ ਵਿੱਚ ਪਏ ਭੱਜੇ ਫਿਰਦੇ ਹਾਂ, ਪਤਾ ਨੀ ਤੈਨੂੰ ਕਿੱਥੇ ਭਰਤੀ ਕਰਵਾਉਣਾ ਹੈ ? ਅਸਲ ਗੱਲ ਤਾਂ ਬਾਬਾ ਜੀ ਇਹ ਹੈ, ਕਿ ਜੇ ਅਸੀਂ ਤੁਹਾਡੀ ਬਾਣੀ ਪੜ ਕੇ ਵਿਚਾਰੀਏ ਤਾਂ ਸਾਨੂੰ ਭੈਅ ਆਉਂਦਾ ਹੈ ਕਿਉਂਂਕਿ ਅਸੀਂ ਤਾਂ ਸਾਰਾ ਕੁੱਝ ਹੀ ਤੁਹਾਡੇ ਤੋਂ ਉਲਟ ਕਰ ਰਹੇ ਹਾਂ, ਜੇ ਤੁਹਾਡੀ ਮੰਨਾਗੇ ਤਾਂ ਸਾਨੂੰ ਆਪਣੀ ਮੱਤ ਛੱਡਣੀ ਪਵੇਗੀ, ਅਸੀਂ ਆਪਣੀ ਮੱਤ ਵੀ ਨਹੀਂ ਛੱਡ ਸਕਦੇ। ਅਸੀਂ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਸਾਡੇ ਸਿੱਖ ਧਰਮ ਦੇ ਮੋਢੀ ਤੁਸੀਂ ਹੀ ਹੋਂ ਇਸ ਲਈ ਤੁਹਾਨੂੰ ਵੀ ਨਹੀਂ ਛੱਡ ਸਕਦੇ, ਜੇ ਤੁਹਾਨੂੰ ਛੱਡਦੇ ਹਾਂ ਫਿਰ ਸਾਡੀ ਸਿੱਖੀ ਵੀ ਗਈ ਤੇ ਸਿੱਖ ਧਰਮ ਵੀ ਗਿਆ, ਜੇ ਤੁਹਾਡੀ ਬਾਣੀ ਨੂੰ ਮੰਨਦੇ ਹਾਂ ਫਿਰ ਅਸੀਂ ਵੀ ਗਏ ਅਤੇ ਸਾਡੀ ਮੱਤ ਵੀ ਗਈ। ਇਸ ਲਈ ਅਸੀਂ ਨੇ ਤੁਹਾਡੀ ਕਿਰਪਾ ਨਾਲ ਸੋਚ ਸਮਝ ਕੇ ਵਿਚਕਾਰਲਾ ਰਸਤਾ ਚੁਣ ਲਿਆ ਹੈ, ਜਿਸ ਨਾਲ ਅਸੀਂ ਤੁਹਾਡੇ ਸਿੱਖ ਵੀ ਰਹਾਂਗੇ, ਸਾਡਾ ਸਿੱਖ ਧਰਮ ਵੀ ਰਹੇਗਾ, ਤੁਸੀਂ ਸਾਡੇ ਗੁਰੂ ਵੀ ਰਹੋਂਗੇ, ਸਾਡੀ ਮੱਤ ਵੀ ਰਹੇਗੀ, ਤੁਹਾਡੀ ਗੁਰਬਾਣੀ ਨੂੰ ਵਿਚਾਰ ਕੇ ਮੰਨਣ ਦੀ ਵੀ ਲੋੜ ਨਹੀਂ ਰਹਿਣੀ, ਤੁਹਾਡਾ ਸਤਿਕਾਰ ਵੀ ਕਾਇਮ ਰਹੇਗਾ, ਕਿਸੇ ਹੋਰ ਨੂੰ ਸਾਡੇ ਅਤੇ ਤੁਹਾਡੇ ਉੱਤੇ ਕੋਈ ਸ਼ੱਕ ਵੀ ਨਹੀਂ ਰਹੇਗਾ ਕਿ ਅਸੀਂ ਤੇਰੀ ਗੱਲ ਨਹੀਂ ਮੰਨਦੇ । ਇਸ ਲਈ ਅਸੀਂ ਤੁਹਾਡੇ ਦਿਨ (ਜਨਮ ਦਿਨ ਅਤੇ ਸਹੀਦੀ ਦਿਨ) ਧੂਮ ਧਾਮ ਨਾਲ ਮੰਨਾਉਂਦੇ ਰਹਾਂਗੇ ਜੀ । ਬਾਕੀ ਤੁਸੀਂ ਤਾਂ ਅੰਤਰਜਾਮੀ ਹੋਂ ਸਾਡੇ ਦਿਲਾਂ ਦੀਆਂ ਵੀ ਜਾਣਦੇ ਹੋਂ, ਕਿ ਅਸੀਂ ਤੁਹਾਨੂੰ ਅਤੇ ਗੁਰਬਾਣੀ ਨੂੰ ਕਿੰਨਾ ਸਤਿਕਾਰ ਦਿੰਦੇ ਹਾਂ, ਬਾਣੀ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਸਾਨੂੰ ਕੀ ਕਹਿੰਦੀ ਹੈ ਅਤੇ ਅਸੀਂ ਉਸ ਉਤੇ ਕਿੰਨਾ ਕੁ ਅਮਲ ਕਰਦੇ ਹਾਂ, ਇਸ ਲਈ ਜਿਆਦਾ ਲੰਮੀ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਹੀ ਇੰਨਾ ਸਮਾਂ ਹੈ, ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਅਸੀਂ ਇਸ ਸਮੇਂ ਤੁਹਾਡਾ ਜਨਮ ਦਿਨ ਮੰਨਾ ਰਹੇ ਹਾਂ, ਚੰਗਾ ਬਾਬਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅਕਾਲ ਪੁਰਖ ਸਾਨੂੰ ਸੁਮੱਤ ਬਖਸੇ ਜੀ ॥



ਹਰਲਾਜ ਸਿੰਘ ਬਹਾਦਰਪੁਰ, ਪਿੰਡ ਤੇ ਡਾਕਖਾਨਾ ਬਹਾਦਰਪੁਰ, 
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911,  harlajsingh7@gmail.com

22-11-2018