ਨੇਪਾਲ 'ਚ ਵਿਨਾਸ਼ਕਾਰੀ ਹੜ ਦੀ ਦਾਸਤਾਨ... ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਨੇਪਾਲ ਅਤੇ ਤਿੱਬਤ ਦੀ ਸਰਹੱਦ ਤੇ ਮਿਤੀ 26 ਅਗਸਤ 2026  ਨੂੰ ਸਥਿਤ ਲਾਂਗਟਾਂਗ ਲਿਰੁੰਗ  ਨੈਸ਼ਨਲ ਪਾਰਕ ਵਿਚ ਗਲੇਸ਼ੀਅਰ ਟੁੱਟਣ ਕਾਰਨ ਉੱਤਰੀ ਅਤੇ ਮੱਧ ਨੇਪਾਲ ਵਿਚ ਇੱਕ ਭਿਆਨਕ ਅਤੇ ਵਿਨਾਸ਼ਕਾਰੀ ਹੜ੍ਹ ਆਇਆ । ਇਸ ਹਾਦਸੇ ਨੇ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ । ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,377 ਤੱਕ ਪਹੁੰਚ ਚੁੱਕੀ ਹੈ । ਤਿੱਬਤ ਵਾਲੇ ਪਾਸੇ 43 ਲੋਕਾਂ ਦੀ ਮੌਤ ਗਈ ਹੈ । ਅਜੇ ਵੀ 5,000 ਤੋਂ ਵੱਧ ਲੋਕ ਲਾਪਤਾ ਹਨ ਜਿੰਨ੍ਹਾਂ ਦੀ ਭਾਲ ਲਈ ਨੇਪਾਲੀ ਫ਼ੌਜ ਤੇ ਬਚਾਅ ਕਰਮਚਾਰੀ ਲਗਾਤਾਰ ਖੋਜ਼ ਅਭਿਆਨ ਚਲਾ ਰਹੇ ਹਨ । ਲਾਪਤਾ ਲੋਕਾਂ ਵਿਚ ਬੱਚੇ ਅਤੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ । ਵੱਖ ਵੱਖ ਪ੍ਰਭਾਵਿਤ ਇਲਾਕਿਆਂ ਵਿੱਚੋਂ 13,600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ । ਇਸ ਹੜ੍ਹ ਦੀ ਮਾਰ ਨੇਪਾਲ ਦੇ ਕਈ ਜ਼ਿਲ੍ਹਿਆਂ ਤੇ ਪਈ ਹੈ । ਚਿਤਵਨ ਵਿਚ ਸਭ ਤੋਂ ਵੱਧ 364 ਲਾਸ਼ਾਂ ਬਰਾਮਦ ਹੋਈਆਂ ਹਨ ।ਰਸੂਵਾ ਅਤੇ ਨੁਵਾਕੋਟ ਖੇਤਰਾਂ ਵਿਚ ਨਦੀ ਦੇ ਕੰਢੇ ਵੱਸੇ ਪਿੰਡ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ । ਇਸ ਤੋਂ ਇਲਾਵਾ ਧਾਡਿੰਗ, ਗੋਰਖਾ, ਤਨਹੂੰ, ਨਵਲਪਾਰਸੀ ਪੂਰਬ ਅਤੇ ਪੱਛਮ ਵਿਚ ਵੀ ਭਾਰੀ ਨੁਕਸਾਨ ਹੋਇਆ ਹੈ । ਨੇਪਾਲ ਚੀਨ ਸਰਹੱਦ ਤੇ ਗਯਿਰੋਂਗ ਚੈੱਕਪੁਆਇੰਟ ਰਸੂਵਾਗੜ੍ਹੀ ਫ੍ਰੈਂਡਸ਼ਿਪ ਬ੍ਰਿਜ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ । ਤ੍ਰਿਸ਼ੂਲੀ ਨਦੀ ਬੇਸਿਨ ਵਿਚ ਬਣੇ ਲਗਭਗ 12 ਹਾਈਡ੍ਪਾਰੋਵਰ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ਜਿਸ ਨਾਲ ਨੇਪਾਲ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਦਾ ਦਸਵਾਂ ਹਿੱਸਾ ਪ੍ਰਭਾਵਿਤ ਹੋਇਆ ਹੈ । ਸੜਕਾਂ, ਪੁਲ ਅਤੇ ਸੰਚਾਰ ਸਾਧਨ ਟੁੱਟਣ ਕਾਰਨ ਕਈ ਪਿੰਡਾਂ ਦਾ ਤਾਲਮੇਲ ਬਾਕੀ ਸੰਸਾਰ ਨਾਲੋਂ ਟੁੱਟ ਗਿਆ ਹੈ । ਰਾਹਤ ਸਮੱਗਰੀ ਪਹੁੰਚਾਉਣ ਲਈ ਪਹਿਲੀ ਵਾਰ ਕਾਰਗੋ ਡਰੋਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ।ਵਿਗਿਆਨੀਆਂ ਅਤੇ ਨੇਪਾਲ ਸਰਕਾਰ ਦਾ ਮੰਨਣਾ ਹੈ ਕਿ ਇਹ ਹਾਦਸਾ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦਾ ਸਿੱਧਾ ਨਤੀਜਾ ਹੈ । ਇਸੇ ਕਾਰਨ ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਤੇ ਕੁਦਰਤ ਕਰੋਪੀ ਦਾ ਕਾਰਨ ਬਣਦੇ ਹਨ । ਮਿਤੀ 26.8.2026 ਨੂੰ ਉੱਤਰੀ ਰਸੁਵਾ ਵਿਚ ਭੋਟੇ ਕੋਸ਼ੀ ਨਦੀ ਦੇ ਬੇਸਿਨ ਵਿਚ ਅਚਾਨਕ ਹੜ੍ਹ ਆਇਆ ਜਿਸ ਨਾਲ ਬਸਤੀਆਂ, ਸੜਕਾਂ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਬੜਾ ਵੱਡਾ ਨੁਕਸਾਨ ਪਹੁੰਚਿਆ । ਅਣਗਿਣਤ ਲੋਕ ਲਾਪਤਾ ਹੋ ਗਏ ਹਨ ਤੇ ਮੌਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ।ਇਸ ਦੌਰਾਨ ਨੇਪਾਲ ਦੇ ਤ੍ਰਿਸ਼ੂਲੀ ਵਿਚ ਇੱਕ ਮਠ ਵਿਖੇ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਪਰਿਵਾਰ ਅਤੇ ਸਥਾਨਕ ਲੋਕ ਉਨ੍ਹਾਂ ਪਿਆਰਿਆਂ ਲਈ ਪ੍ਰਾਰਥਨਾਵਾਂ ਅਤੇ ਅੰਤਿਮ ਸੰਸਕਾਰ ਕਰ ਰਹੇ ਸਨ ਜਿਹੜੇ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲਾਪਤਾ ਹਨ । ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਅਜੇ ਉਹ ਜੀਵਤ ਹਨ ਜਾਂ ਮਰ ਗਏ । ਮਠ ਵਿਖੇ ਲੋਕ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਇਕੱਠੇ ਹੋ ਰਹੇ ਸਨ ਜੋ ਹੜ੍ਹਾਂ ਵਿਚ ਰੁੜ੍ਹ ਗਏ ਸਨ ਇਸ ਉਮੀਦ ਨਾਲ ਕਿ ਇਹ ਰਸਮਾਂ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣਗੀਆਂ ਜੇ ਉਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ ।ਜਾਣਕਾਰੀ ਅਨੁਸਾਰ ਬਹੁਤ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ । ਅਜੇ ਵੀ ਦਿਨ ਰਾਤ ਖੋਜ ਅਤੇ ਬਚਾਅ ਕਾਰਜ ਜਾਰੀ ਹਨ । ਹੜ੍ਹ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਨੇਪਾਲ ਵਿਚ ਭਿਆਨਕ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ । ਅਜੇ ਵੀ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ਜਿਹੜੇ ਅਜੇ ਵੀ ਲਾਪਤਾ ਹਨ । ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਕੁੱਲ ਲਾਸ਼ਾਂ ਵਿੱਚੋਂ 758 ਬਾਲਗ, 85 ਬੱਚੇ ਸਨ। 501 ਲਾਸ਼ਾਂ ਦੇ ਅੰਗ ਗਾਇਬ ਸਨ ।  ਇਸ ਤਰ੍ਹਾਂ ਦੀ ਹਾਲਤ ਦਾ ਕਾਰਨ ਲੰਮੇ ਸਮੇਂ ਤੱਕ ਪਾਣੀ ਵਿਚ ਰਹਿਣਾ ਅਤੇ ਮਲਬੇ ਦਾ ਭਾਰ ਦੱਸਿਆ ਜਾਂਦਾ ਹੈ ।ਮਿਤੀ 26.8.2026 ਨੂੰ ਨੇਪਾਲ ਤਿਬਤ ਸਰਹੱਦ ਨੇੜੇ ਆਏ ਬਰਫ਼ ਚੱਟਾਨ ਦੇ ਤੋਂਦੇ ਕਾਰਨ ਆਏ ਅਚਾਨਕ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ । ਭੋਤੇਕੋਸ਼ੀ ਨਦੀ ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿੰਦੀ ਹੈ । ਹੜ੍ਹ ਦੇ ਪਾਣੀ ਨੂੰ ਹੇਠਾਂ ਵੱਲ ਲੈ ਗਈ ਜਿਸ ਕਰਕੇ ਘਰ, ਵਾਹਨ, ਸੜਕਾਂ ਅਤੇ ਪੁਲ ਰੁੜ੍ਹ ਗਏ ਅਤੇ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪੁੱਜਿਆ । ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਤਬਾਹੀ ਕਾਰਨ ਚੀਨ ਵਾਲੇ ਪਾਸੇ ਵੀ 21 ਲੋਕਾਂ ਦੀ ਮੌਤ ਹੋ ਗਈ ਹੈ । ਅਜੇ ਵੀ ਤਿੱਬਤ ਵਿਚ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ । ਨੇਪਾਲ ਵਿਚ ਸਭ ਤੋਂ ਵੱਧ 360 ਲਾਸ਼ਾਂ ਇਕੱਲੇ ਚਿਤਵਨ ਜ਼ਿਲ੍ਹੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ । ਇਸੇ ਤਰ੍ਹਾਂ ਨੁਵਾਕੋਟ, ਧਾਡਿੰਗ, ਗੋਰਖਾ, ਤਨਹੂੰ, ਨਵਲਪਾਰਸੀ ਪੂਰਬ ਅਤੇ ਨਵਲਪਾਰਸੀ ਪੱਛਮੀ ਵਿਚ ਵੀ ਜਾਨੀ ਮਾਲੀ ਨੁਕਸਾਨ ਹੋਇਆ ਹੈ ।ਹੁਣ ਤੱਕ 1030 ਲਾਸ਼ਾਂ ਨੂੰ ਡੀ.ਐੱਨ.ਏ. ਇਕੱਠਾ ਕਰਨ ਸਮੇਤ ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਅਸਥਾਈ ਤੌਰ ਤੇ ਦਫ਼ਨਾ ਦਿੱਤਾ । ਹੁਣ ਅਧਿਕਾਰੀਆਂ ਨੇ ਕੋਸ਼ੀ, ਨਾਰਾਇਣੀ, ਬਾਗਮਤੀ, ਕਰਣਾਲੀ, ਮਹਾਕਾਲੀ, ਕੰਕਈ, ਕਮਲ, ਕਮਲਾ, ਬਾਬਈ, ਪੂਰਬੀ ਰਪਤੀ ਅਤੇ ਪੱਛਮੀ ਰਪਤੀ ਸਮੇਤ ਕਈ ਨਦੀਆਂ ਵਿਚ ਪਾਣੀ ਦੇ ਪੱਧਰ ਦੀ ਨਿਗਰਾਨੀ ਜਾਰੀ ਹੈ । ਨੇਪਾਲ ਆਰਮੀ ਦੀ ਅਗਵਾਈ ਵਿਚ ਸਾਂਝੀਆਂ ਬਚਾਅ ਟੀਮਾਂ ਵੀ ਭਾਲ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ । ਕੁਦਰਤ ਦੇ ਕਹਿਰ ਸਾਹਮਣੇ ਵੱਡੀਆਂ ਵੱਡੀਆਂ ਇਮਾਰਤਾਂ ਵੀ ਰੇਤ ਵਾਂਗ ਕਿਰ ਜਾਂਦੀਆਂ ਹਨ ।ਨੇਪਾਲ ਵਿਚ ਆਏ ਭਿਆਨਕ ਹੜ੍ਹ ਦੌਰਾਨ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਿੱਥੇ ਚਾਰੇ ਪਾਸੇ ਤਬਾਹੀ ਦੇ ਮੰਜ਼ਰ ਅਤੇ ਪਾਣੀ ਦੇ ਰਫ਼ਤਾਰ ਵਿਚ ਸਭ ਕੁੱਝ ਰੁੜ੍ਹ ਜਾਣ ਦੇ ਬਾਵਜੂਦ ਵੀ ਪੁਰਾਣਾ ਘਰ ਮਜ਼ਬੂਤੀ ਨਾਲ ਖੜ੍ਹਾ ਰਿਹਾ । ਤ੍ਰਿਸ਼ੂਲਾ ਨਦੀ ਦੇ ਨਾਲ ਨਾਲ ਤੇਜ਼ ਹੜ੍ਹ ਦਾ ਪਾਣੀ ਵਾਹਨਾਂ, ਇਮਾਰਤਾਂ ਅਤੇ ਸਮਾਨ ਨੂੰ ਰੋੜ੍ਹ ਕੇ ਲੈ ਗਿਆ । ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਵਿਚ ਇੱਕ 40 ਸਾਲ ਪੁਰਾਣਾ ਹਰੇ ਰੰਗ ਦਾ ਘਰ ਸੁਰੱਖਿਅਤ ਰਿਹਾ । ਘਰ ਦੇ ਮਾਲਕ ਪ੍ਰਕਾਸ਼ ਦਾ ਬਚਣਾ ਕੋਈ ਚਮਤਕਾਰ ਹੀ ਸੀ । ਜਦੋਂ ਹੜ੍ਹ ਦੇ ਪਾਣੀ ਨੇ ਇਸ ਇਮਾਰਤ ਨੂੰ ਘੇਰ ਲਿਆ ਤੇ ਜਲਦੀ ਹੀ ਉਪਰੀਆਂ ਮੰਜ਼ਿਲਾਂ ਤੱਕ ਪੁੱਜ ਗਿਆ । ਇਹ ਦੇਖ ਕੇ ਉਸ ਨੂੰ ਡਰ ਸਤਾਉਣ ਲੱਗਾ । ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੀ ਜ਼ਿੰਦਗੀ ਦਾ ਆਖਰੀ ਪਲ ਹੋ ਸਕਦਾ ਹੈ ਤਾਂ ਤੁਸੀਂ ਕੀ ਸੋਚ ਸਕਦੇ ਹੋ ? ਮੈਨੂੰ ਲੱਗਦਾ ਸੀ ਕਿ ਸ਼ਾਇਦ ਸਾਡੀਆਂ ਜਾਨਾਂ ਖ਼ਤਮ ਹੋਣ ਵਾਲੀਆਂ ਹਨ । ਜਿਵੇਂ ਜਿਵੇਂ ਪਾਣੀ ਵਧਦਾ ਗਿਆ ਪਰਿਵਾਰ ਨੂੰ ਉਪਰੀਆਂ ਮੰਜ਼ਿਲਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ।ਉਸਨੇ ਯਾਦ ਕਰਦਿਆਂ ਕਿਹਾ ਕਿ ਉੱਥੇ ਛੇ ਲੋਕ ਸਨ । ਮੈਂ ਵੀ ਉੱਥੇ ਸੀ । ਮੇਰੇ ਪਰਿਵਾਰ ਦੇ ਪੰਜ ਮੈਂਬਰ ਘਰ ਵਿਚ ਸਨ । ਉਹਨਾਂ ਕਿਹਾ ਕਿ ਉਹ ਆਪਣੀ ਨੇੜਲੀ ਦੁਕਾਨ ਤੇ ਸੀ ਜਦੋਂ ਉਸ ਨੂੰ ਪਾਣੀ ਵਧਣ ਬਾਰੇ ਚਿਤਾਵਨੀ ਮਿਲੀ । ਉਸਨੇ ਤੁਰੰਤ ਘਰ ਵੱਲ ਦੌੜ ਲਗਾਈ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਥਾਂ ਤੇ ਜਾਣ ਲਈ ਕਿਹਾ । ਉਸਨੇ ਕਿਹਾ ਕਿ ਮੈਂ ਤੁਰੰਤ ਘਰ ਵੱਲ ਭੱਜਿਆ। ਮੈਂ ਅੰਦਰ ਗਿਆ ਅਤੇ ਸਾਰਿਆਂ ਨੂੰ ਬੁਲਾਇਆ । ਉਨ੍ਹਾਂ ਨੂੰ ਜਲਦੀ ਆਉਣ ਲਈ ਕਿਹਾ । ਪਰ ਸਥਿਤੀ ਤੇਜ਼ੀ ਨਾਲ ਵਿਗੜ ਗਈ । ਜਦੋਂ ਉਹ ਬਾਹਰ ਨਿੱਕਲਿਆ ਤਾਂ ਉਸ ਨੇ ਦੇਖਿਆ ਕਿ ਹੜ੍ਹ ਦੇ ਪਾਣੀ ਦੇ ਜ਼ੋਰ ਨੇ ਉਸਦੀ ਗੱਡੀ ਪਲਟ ਦਿੱਤੀ । ਉਹਨਾਂ ਨੇ ਕਿਹਾ ਕਿ ਇਹ ਦੇਖ ਕੇ ਮੈਂ ਵਾਪਸ ਅੰਦਰ ਭੱਜ ਗਿਆ । ਪਰਿਵਾਰ ਸ਼ੁਰੂ ਵਿਚ ਚੌਥੀ ਮੰਜ਼ਿਲ ਤੇ ਗਿਆ ਜਿਹੜੀ ਕਿ ਘਰ ਦੀ ਸਭ ਤੋਂ ਉੱਪਰਲੀ ਮੰਜ਼ਿਲ ਹੈ । ਹੜ੍ਹ ਦਾ ਪਾਣੀ ਉਸ ਪੱਧਰ ਤੱਕ ਵੀ ਪਹੁੰਚ ਗਿਆ । ਉਹਨਾਂ ਨੇ ਕਿਹਾ ਕਿ ਪਾਣੀ ਚੌਥੀ ਮੰਜ਼ਿਲ ਤੱਕ ਆ ਗਿਆ । ਉਹ ਅਫਰਾ‌ ਤਫਰੀ ਦੇ ਵਿਚਕਾਰ ਆਪਣੇ ਪੁੱਤਰ ਬਾਰੇ ਵੀ ਚਿੰਤਤ ਸੀ ਜਿਹੜਾ ਸਕੂਲ ਗਿਆ ਹੋਇਆ ਸੀ ਅਤੇ ਹੜ੍ਹ ਆਉਣ ਵੇਲੇ ਘਰ ਵਿਚ ਨਹੀਂ ਸੀ । ਉਸਨੇ ਕਿਹਾ ਕਿ ਮੇਰਾ ਬੇਟਾ ਸਕੂਲ ਗਿਆ ਸੀ । ਮੈਂ ਸੋਚਦਾ ਰਿਹਾ ਕਿ ਜੇ ਸਾਨੂੰ ਕੁੱਝ ਹੋ ਗਿਆ ਤਾਂ ਉਸ ਦਾ ਕੀ ਬਣੇਗਾ ? ਇਹ ਵਿਚਾਰ ਮੇਰੇ ਦਿਮਾਗ ਵਿੱਚ ਘੁੰਮਦਾ ਰਿਹਾ ।ਭਾਰਤ ਨੇ ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੌਰਾਨ ਇੱਕ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲਾ ਵਜੋਂ ਵੱਡਾ ਯੋਗਦਾਨ ਪਾਇਆ ਹੈ । ਅਗਸਤ-ਸਤੰਬਰ 2026 ਦੌਰਾਨ ਆਈ ਇਸ ਕੁਦਰਤੀ ਆਫ਼ਤ ਵਿਚ ਭਾਰਤ ਸਰਕਾਰ ਨੇ ਆਪਣੀ ਗੁਆਂਢੀ ਪਹਿਲਾਂ ਨੀਤੀ ਤਹਿਤ ਤੁਰੰਤ ਮਦਦ ਭੇਜੀ, ਜਿਸ ਵਿਚ ਰਾਹਤ ਸਮੱਗਰੀ ਤੋਂ ਲੈ ਕੇ ਮਾਹਰ ਬਚਾਅ ਟੀਮਾਂ ਤੱਕ ਸ਼ਾਮਲ ਹਨ । ਭਾਰਤ ਨੇ ਰਾਹਤ ਸਮੱਗਰੀ ਦੀ ਸਪਲਾਈ 130 ਟਨ ਤੋਂ ਵੱਧ ਸਮੱਗਰੀ ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ਾਂ  ਰਾਹੀਂ ਹੁਣ ਤੱਕ 130 ਟਨ ਤੋਂ ਵੱਧ ਰਾਹਤ ਸਮੱਗਰੀ ਕਾਠਮੰਡੂ ਭੇਜੀ ਜਾ ਚੁੱਕੀ ਹੈ । ਇਸ ਸਹਾਇਤਾ ਵਿਚ ਟੈਂਟ, ਕੰਬਲ, ਸਲੀਪਿੰਗ ਬੈਗ, ਹਾਈਜੀਨ ਕਿੱਟਾਂ, ਮੈਡੀਕਲ ਕਿੱਟਾਂ, ਜੀਵਨ ਰੱਖਿਅਕ ਦਵਾਈਆਂ, ਪਾਣੀ ਸਾਫ਼ ਕਰਨ ਵਾਲੀਆਂ ਕਲੋਰੀਨ ਦੀਆਂ ਗੋਲੀਆਂ ਅਤੇ ਸੁੱਕਾ ਰਾਸ਼ਨ ਸ਼ਾਮਲ ਹੈ ।ਭਾਰਤ ਨੇ ਨੇਪਾਲ ਦੇ ਹਾਈਡਰੋਪਾਵਰ ਪ੍ਰੋਜੈਕਟਾਂ ਜਿਵੇਂ ਕਿ ਤ੍ਰਿਸ਼ੂਲੀ, ਚਿਲਿਮੇ ਅਤੇ ਲਾਂਗਟਾਂਗ ਖੇਤਰ ਦੀਆਂ ਸੁਰੰਗਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਆਪਣੀ ਵਿਸ਼ੇਸ਼ ਟਨਲ ਰੈਸਕਿਊ ਟੀਮ ਅਤੇ ਮਸ਼ੀਨਰੀ ਭੇਜੀ ਹੈ । ਭਾਰਤ ਵੱਲੋਂ ਮਿੱਟੀ ਵਿੱਚੋਂ ਬਚਾਅ ਕਰਨ ਵਾਲੇ ਸੂਟ, ਗੈਸ ਡਿਟੈਕਟਰ, ਸਾਹ ਲੈਣ ਵਾਲੇ ਯੰਤਰ, ਇਨਫਲੇਟੇਬਲ ਵਾਕਵੇਅ ਅਤੇ ਭਾਰੀ ਜਨਰੇਟਰ ਭੇਜੇ ਗਏ ਹਨ । ਭਾਰਤ ਨੇ ਹੜ੍ਹ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਪਛਾਣ ਲਈ ਫੋਰੈਂਸਿਕ ਮਾਹਰਾਂ ਦੀਆਂ 6 ਟੀਮਾਂ ਭੇਜੀਆਂ ਹਨ । ਇਹ ਟੀਮਾਂ ਕਾਠਮੰਡੂ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਨੇਪਾਲੀ ਅਧਿਕਾਰੀਆਂ ਨਾਲ ਮਿਲ ਕੇ ਡੀ.ਐਨ.ਏ. ਪ੍ਰੋਫਾਈਲਿੰਗ ਕਿੱਟਾਂ ਅਤੇ ਉਪਕਰਨਾਂ ਦੀ ਮਦਦ ਨਾਲ ਕੰਮ ਕਰ ਰਹੀਆਂ ਹਨ ।ਭਾਰਤ ਨੇ ਟੁੱਟੇ ਪੁਲਾਂ ਅਤੇ ਸੜਕਾਂ ਦੇ ਸੰਪਰਕ ਨੂੰ ਤੁਰੰਤ ਬਹਾਲ ਕਰਨ ਲਈ ਪ੍ਰੀਫੈਬਰੀਕੇਟਿਡ ਬੇਲੀ ਬ੍ਰਿਜ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੀਆਂ ਤਕਨੀਕੀ ਟੀਮਾਂ ਮੁਹੱਈਆ ਕਰਵਾਈਆਂ ਹਨ । ਭਾਰਤੀ ਦੂਤਾਵਾਸ ਨੇ ਫਸੇ ਹੋਏ ਨਾਗਰਿਕਾਂ ਦਾ ਬਚਾਅ ਕਾਠਮੰਡੂ ਵਿਚ ਕਰਨ ਲਈ ਤੁਰੰਤ ਹੈਲਪਲਾਈਨ ਨੰਬਰ ਜਾਰੀ ਕੀਤੇ । ਇਸ ਮੁਹਿੰਮ ਦੌਰਾਨ ਜਿੱਥੇ ਸੈਂਕੜੇ ਭਾਰਤੀ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ, ਉੱਥੇ ਹੀ ਸਥਾਨਕ ਲੋਕਾਂ ਦੀ ਵੀ ਮਦਦ ਕੀਤੀ ਗਈ । ਭਾਰਤ ਦੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਨੁੱਖਤਾ ਦੀ ਸੇਵਾ ਕਰਦਿਆਂ ਨੇਪਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਡੇ ਪੱਧਰ ਤੇ ਲੰਗਰ ਅਤੇ ਹੋਰ ਰਾਹਤ ਸੇਵਾਵਾਂ ਸ਼ੁਰੂ ਕੀਤੀਆਂ ਹਨ । ਸਰਬੱਤ ਦਾ ਭਲਾ ਹੋਵੇ । ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਤੇ ਇਹ ਇਲਾਕਾ ਇਹ ਦੇਸ਼ ਫ਼ਿਰ ਦੁਬਾਰਾ ਪਹਿਲਾਂ ਵਾਂਗ ਅਬਾਦ ਹੋ ਜਾਵੇ ।
-ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: 166,  ਗਲੀ ਹਜ਼ਾਰਾ ਸਿੰਘ, ਮੋਗਾ-142001
ਮੋਬਾਇਲ ਨੰਬਰ: 97-810-40140