
**ਮੱਕਾ ਜੋਆਇੰਟ ਡਿਫੈਂਸ ਐਗਰੀਮੈਂਟ**ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਸੰਸਾਰ ਭਰ ਦੇ ਹਾਲਾਤ ਦੇਖੋ ਕਿਵੇਂ ਆਪਣੀ ਹਿੰਡ ਪੁਗਾਉਣ ਲਈ ਇੱਕ ਦੇਸ਼, ਦੂਜੇ ਦੇਸ਼ ਨਾਲ ਲੜਦਾ ਹੈ, ਜੰਗ ਲਾਉਂਦਾ ਹੈ ਜਿਸ ਵਿਚ ਦੋਹਾਂ ਪਾਸਿਆਂ ਦਾ ਵੱਡੀ ਪੱਧਰ ਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਤੇ ਅਜਿਹੇ ਮੁਲਕ ਤਰੱਕੀ ਦੇ ਮਾਮਲੇ ਵਿਚ ਬਹੁਤ ਪਿੱਛੇ ਚਲੇ ਜਾਂਦੇ ਹਨ ਅਤੇ ਉਹਨਾਂ ਦੀ ਆਰਥਿਕਤਾ ਨੂੰ ਵੱਡੇ ਪੱਧਰ ਦੇ ਢਾਹ ਲੱਗਦੀ ਹੈ । ਬੀਤੇ ਦਿਨੀ ਪਾਕਿਸਤਾਨ, ਸਊਦੀ ਅਰਬ ਅਤੇ ਤੁਰਕੀ ਦੇ ਨੇਤਾਵਾਂ ਦੀ ਇੱਕ ਸਾਂਝੀ ਮੀਟਿੰਗ ਸਊਦੀ ਅਰਬ ਦੇ ਅੱਲ ਮੁਕਰਮਾ ਵਿਚ ਹੋਈ । ਇਹ ਸਾਂਝੀ ਰੱਖਿਆ ਮੀਟਿੰਗ ਸੀ । ਇਸ ਵਿਚ ਇੱਕ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਗਏ । ਇਸ ਸਮਝੌਤੇ ਵਿਚ ਇਹ ਫੈਸਲਾ ਕਰ ਲਿਆ ਗਿਆ ਕਿ ਜੇਕਰ ਕਿਸੇ ਦੁਸ਼ਮਣ ਦੇਸ਼ ਨੇ ਤਿੰਨਾਂ ਵਿੱਚੋਂ ਕਿਸੇ ਇੱਕ ਤੇ ਹਮਲਾ ਕੀਤਾ ਤਾਂ ਇਹ ਹਮਲਾ ਤਿੰਨਾਂ ਦੇਸ਼ਾਂ ਤੇ ਹੋਇਆ ਸਮਝਿਆ ਜਾਵੇਗਾ ।ਸਊਦੀ ਕਰਾਊਨ ਪ੍ਰਿੰਸ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਸ ਮੀਟਿੰਗ ਵਿਚ ਹਾਜ਼ਰ ਸਨ । ਉਹਨਾਂ ਨੇ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਇਹ ਸਮਝੌਤਾ ਇਤਿਹਾਸਿਕ ਸੰਬੰਧਾਂ, ਇਸਲਾਮੀ ਏਕਤਾ ਅਤੇ ਸਾਂਝੇ ਰਣਨੀਤਕ ਹਿੱਤਾਂ ਤੇ ਪਹਿਰਾ ਦੇਵੇਗਾ । ਇਹ ਸਮਝੌਤਾ ਤੇਲ ਭਰਪੂਰ ਸਊਦੀ ਅਰਬ, ਪਰਮਾਣੂ ਸ਼ਕਤੀ ਪਾਕਿਸਤਾਨ ਅਤੇ ਤਕੜੀ ਫ਼ੌਜ ਤੁਰਕੀ ਇਹਨਾਂ ਦੇਸ਼ਾਂ ਦਾ ਹੈ । ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਲੋੜ ਪੈਂਦੀ ਹੈ ਤਾਂ ਦੂਜਿਆਂ ਨੂੰ ਬੇਨਤੀ ਕਰੇਗਾ ਤੇ ਫਿਰ ਬਾਕੀ ਦੇ ਦੋਹੇਂ ਦੇਸ਼ ਉਸ ਦੀ ਹਰ ਤਰਾਂ ਦੀ ਮਦਦ ਕਰਨਗੇ । ਇਹ ਤਿੰਨੇ ਦੇਸ਼ ਸਾਊਦੀ ਅਰਬ ਵਿਚ ਵੀ ਇੱਕ ਸਕੱਤਰ ਵੀ ਬਨਾਉਣਗੇ । ਇਸ ਸਮਝੌਤੇ ਨੂੰ "ਮੱਕਾ ਜੋਆਇੰਟ ਡਿਫੈਂਸ ਐਗਰੀਮੈਂਟ" ਦਾ ਨਾਂਅ ਦਿੱਤਾ ਗਿਆ । ਅਸਲ ਵਿਚ ਤਿੰਨ ਫੌਜੀ ਤਾਕਤਾਂ ਨੂੰ ਇਕੱਠਾ ਕਰਕੇ ਇਹਨਾਂ ਨੇ ਤਿੱਗਣਾ ਕਰ ਦਿੱਤਾ ਹੈ ।ਪਾਕਿਸਤਾਨ ਕੋਲ ਹਥਿਆਰਾਂ ਅਤੇ ਪਰਮਾਣੂ ਹਥਿਆਰਾਂ ਦਾ ਲੰਬਾ ਤਜਰਬਾ ਹੈ । ਸਾਊਦੀ ਅਰਬ ਕੋਲ ਤਕੜੀ ਆਰਥਿਕ ਸ਼ਕਤੀ ਹੈ ਜੋ ਫੌਜ ਦੇ ਲਈ, ਫੌਜ ਦੇ ਹਥਿਆਰਾਂ ਲਈ ਕੰਮ ਆਏਗੀ । ਤੁਰਕੀ ਇੱਕ ਨਾਟੋ ਮੈਂਬਰ ਹੈ ਜਿਸ ਕੋਲ ਡਰੋਨ ਟੈਕਨੋਲੋਜੀ ਅਤੇ ਮਜਬੂਤ ਰੱਖਿਆ ਉਦਯੋਗ ਹੈ । ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਦਾ ਅਮਰੀਕਾ ਕੋਲੋਂ ਵਿਸ਼ਵਾਸ਼ ਘਟਣ ਲੱਗ ਗਿਆ ਹੈ ਤੇ ਉਹ ਨਵੇਂ ਗਠਜੋੜ ਵਧ ਰਹੇ ਹਨ । ਕਿਸੇ ਸਮੇਂ ਪਹਿਲਾਂ ਇਹ ਦੇਸ਼ ਸਿਰਫ਼ ਅਮਰੀਕਾ ਨੂੰ ਹੀ ਆਪਣਾ ਸੁਰੱਖਿਆ ਮਿੱਤਰ ਸਮਝਦੇ ਸਨ । ਇਹ ਸਮਝੌਤਾ ਭਾਰਤ ਲਈ ਵੀ ਇੱਕ ਨਵੀਂ ਸਮੱਸਿਆ ਖੜੀ ਕਰ ਸਕਦਾ ਹੈ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਤੇ ਹਮਲਾ ਸਭ ਤੇ ਹਮਲਾ ਸਮਝਿਆ ਜਾਵੇਗਾ । ਇਹ ਨਵਾਂ ਸਮਝੌਤਾ ਤਿੰਨੇ ਦੇਸ਼ਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਇਹ ਉਹਨਾਂ ਦਾ ਹੋਰ ਹੌਸਲਾ ਬੁਲੰਦ ਕਰੇਗਾ । ਇਹਨਾਂ ਤਿੰਨਾਂ ਦੇਸ਼ਾਂ ਤੋਂ ਇਲਾਵਾ ਬਾਕੀ ਆਸ ਪਾਸ ਦੇ ਦੇਸ਼ਾਂ ਨੇ ਵੀ ਇਹਨਾਂ ਦੀ ਰਣਨੀਤੀ ਨੂੰ ਚੰਗੀ ਤਰਾਂ ਸਮਝ ਲਿਆ ਹੋਵੇਗਾ ਕਿ ਇਹ ਆਪਣਾ ਗੱਠਜੋੜ ਬਣਾ ਕੇ ਕੀ ਕਰਨਾ ਚਾਹੁੰਦੇ ਹਨ ? ਇਹ ਹੋਰ ਦੇਸ਼ਾਂ ਨੂੰ ਵੀ ਆਪਣੀ ਤਾਕਤ ਦੱਸਣਾ ਚਾਹੁੰਦੇ ਹਨ । ਦੂਜਿਆਂ ਨੂੰ ਤਾਂ ਇਹ ਆਪਣੀ ਪਾਵਰ ਤਿੰਨ ਗੁਣਾ ਦਿਖਾ ਰਹੇ ਹਨ ਇਸ ਵਿਚ ਕੋਈ ਸ਼ੱਕ ਨਹੀਂ ਏਕੇ ਵਿਚ ਬਰਕਤ ਹੈ ।ਇਹ ਸਾਰੇ ਹੀ ਮੁਸਲਮਾਨ ਦੇਸ਼ ਹਨ ਤੇ ਉਹਨਾਂ ਦੀ ਵਿਚਾਰਧਾਰਾ ਵੀ ਇੱਕਸਾਰ ਮਿਲਦੀ ਜੁਲਦੀ ਹੈ । ਇਹ ਗਠਜੋੜ ਦੂਸਰਿਆਂ ਲਈ ਸਬਕ ਹੈ ਤੇ ਉਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ । ਜੇ ਕਿਸੇ ਨੇ ਸਾਡੇ ਨਾਲ ਪੰਗਾ ਲਿਆ ਅਸੀਂ ਤਿੰਨੇ ਹੀ ਉਥੇ ਭਾਰੀ ਪਵਾਂਗੇ, ਹਮਲਾਵਰ ਰੁੱਖ ਅਪਣਾਵਾਂਗੇ । ਬੀਤੇ ਸਮੇਂ ਵੱਲ ਝਾਤ ਮਾਰ ਲਈ ਜਾਵੇ । ਕਦੇ ਵੀ ਭਾਰਤ ਨੇ ਪਹਿਲਾਂ ਹਮਲਾ ਨਹੀਂ ਕੀਤਾ ਜਦੋਂ ਵੀ ਪਾਕਿਸਤਾਨ ਹਮਲਾ ਕਰਦਾ ਹੈ ਉਦੋਂ ਪਾਕਿਸਤਾਨ ਹੀ ਪਹਿਲ ਕਰਦਾ ਹੈ ਤਾਂ ਉਸਦੇ ਜਵਾਬ ਵਿਚ ਉਸਨੂੰ ਭਾਜੀ ਮੋੜਨ ਲਈ ਭਾਰਤ ਆਪਣੀ ਰੱਖਿਆ ਕਰਨ ਲਈ ਉਹਦੇ ਤੇ ਹਮਲਾ ਕਰਕੇ ਮੂੰਹ ਤੋੜ ਜਵਾਬ ਦਿੰਦਾ ਰਿਹਾ ਹੈ । ਭਾਰਤ ਹਵਾਈ, ਜ਼ਮੀਨੀ ਅਤੇ ਸਮੁੰਦਰੀ ਫ਼ੌਜ ਨਾਲ ਪੂਰੀ ਤਰਾਂ ਲੈਸ ਹੈ । ਉਧਰ ਪਾਕਿਸਤਾਨ ਕੋਲ ਵੀ ਆਰਮੀ, ਨੇਵੀ ਅਤੇ ਏਅਰ ਫੋਰਸ ਦਾ ਭੰਡਾਰ ਹੈ । ਪਾਕਿਸਤਾਨ ਸਰਕਾਰ ਆਪਣੀ ਫ਼ੌਜ ਤੇ ਬੱਜਟ ਦਾ ਤਿੰਨ ਫ਼ੀਸਦੀ ਹਿੱਸਾ ਖਰਚਾ ਕਰਦੀ ਹੈ ।ਬੀਤੇ ਸਮੇਂ ਪਾਕਿਸਤਾਨ ਦੇ ਦੋ ਚਿਹਰੇ ਸਾਹਮਣੇ ਆਏ ਪਹਿਲਾਂ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਅਮਰੀਕਾ ਇਜ਼ਰਾਇਲ ਅਤੇ ਇਰਾਨ ਵਿਚ ਚੱਲ ਰਹੀ ਜੰਗ ਵਿਚ ਦੋਹਾਂ ਦੇਸ਼ਾਂ ਨਾਲ ਅੰਦਰੂਨੀ ਸੰਪਰਕ ਕਰਕੇ ਪਾਕਿਸਤਾਨ ਦੇ ਵਿਚ ਇੱਕ ਥਾਂ ਤੇ ਦੋਨਾਂ ਧਿਰਾਂ ਨੂੰ ਸੱਦ ਕੇ ਸ਼ਾਂਤੀ ਰੱਖਣ ਅਤੇ ਜੰਗ ਰੋਕਣ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਚੱਲ ਰਹੀ ਜੰਗ ਨੂੰ ਤੁਰੰਤ ਰੋਕਿਆ ਜਾ ਸਕੇ । ਇਸ ਤਰ੍ਹਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਜੰਗ ਰੋਕਣ ਦੇ ਮੁੱਦੇ ਤੇ ਸਰਗਰਮੀ ਵੀ ਚਲਦੀ ਰਹੀ । ਇਸ ਤਰਾਂ ਲੱਗ ਰਿਹਾ ਸੀ ਕਿ ਪਾਕਿਸਤਾਨ ਇੱਕ ਸ਼ਾਂਤੀ ਦੂਤ ਬਣ ਕੇ ਇਕ ਨੇਕ ਮਿਲਣੀ ਕਰਵਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਦੂਜਾ ਚਿਹਰਾ ਇਹ ਹੈ ਕਿ ਉਹ ਭਾਰਤ ਅੰਦਰ ਪਾਕਿਸਤਾਨ ਦੀ ਸ਼ਹਿ ਤੇ ਵੱਖਵਾਦੀ ਅੱਤਵਾਦੀ ਗਰੁੱਪਾਂ ਰਾਹੀ ਭਾਰਤੀ ਜੰਮੂ ਕਸ਼ਮੀਰ ਵਿਚ ਅੱਤਵਾਦ ਨੂੰ ਹੱਲਾਸ਼ੇਰੀ ਦਿੱਤੀ ਤੇ ਆਜ਼ਾਦੀ ਦਾ ਢੋਂਗ ਰਚਾਇਆ । ਇਹ ਜੰਮੂ ਕਸ਼ਮੀਰ ਜੰਗਲੀ ਪਹਾੜੀ ਖ਼ੇਤਰ ਹੋਣ ਕਰਕੇ ਇਹ ਕਈ ਦਹਾਕਿਆਂ ਤੱਕ ਅੱਗ ਦੇ ਵਿਚ ਸੁਲਗਦਾ ਰਿਹਾ ।ਪਾਕਿਸਤਾਨ ਦੇ ਸਿਆਸੀ ਨੇਤਾ, ਪਾਕਿਸਤਾਨ ਫ਼ੌਜ ਅਤੇ ਅੱਤਵਾਦੀ ਜਥੇਬੰਦੀਆਂ ਨੇ ਰਲ ਮਿਲ ਕੇ ਜੰਮੂ ਕਸ਼ਮੀਰ ਨੂੰ ਭਾਰਤ ਨਾਲੋਂ ਤੋੜਨ ਦੇ ਲਈ ਸਰਗਰਮ ਭੂਮਿਕਾ ਨਿਭਾਈ । ਉਹਨਾਂ ਨੇ ਸੰਸਾਰ ਪੱਧਰ ਤੇ ਵੀ ਭਾਰਤੀ ਫ਼ੌਜ ਵੱਲੋਂ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਮੁੱਦੇ ਤੇ ਭਾਰਤ ਦੀ ਕਿਰਕਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਅਸਫ਼ਲ ਹੋਈ । ਸਾਰੇ ਮੁਲਕ ਸਾਰੇ ਦੇਸ਼ ਇਹ ਭਲੀ ਭਾਂਤ ਜਾਣਦੇ ਹਨ ਕਿ ਪਾਕਿਸਤਾਨ ਜਿਹੜਾ ਖੁਦ ਗੁਰਬਤ ਦੀ ਜਿੰਦਗੀ ਜੀਅ ਰਿਹਾ ਹੈ ਅਤੇ ਪਾਕਿਸਤਾਨ ਦੇ ਅੰਦਰ ਵੱਡੇ ਪੱਧਰ ਤੇ ਅਸ਼ਾਂਤੀ ਫੈਲੀ ਹੋਈ ਹੈ । ਉਹ ਆਪਣੇ ਦੇਸ਼ ਨੂੰ ਸੰਭਾਲ ਨਹੀਂ ਪਾ ਰਿਹਾ । ਉਹ ਹੋਰ ਕੀ ਕਰ ਸਕਦਾ ਹੈ ।ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਅਤੇ ਬਲੋਚਿਸਤਾਨ ਵਿਚ ਹਾਲਾਤ ਬਦ ਤੋਂ ਬੱਤਰ ਹੋਏ ਪਏ ਹਨ । ਉਥੋਂ ਦੇ ਨਾਗਰਿਕ ਪਾਕਿਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ । ਉਹ ਹਥਿਆਰਬੰਦ ਹੋ ਕੇ ਆਜ਼ਾਦੀ ਮੰਗਦੇ ਹਨ ਅਤੇ ਪਾਕਿਸਤਾਨ ਫੌਜ ਨਾਲ ਦੋ ਹੱਥ ਕਰ ਰਹੇ ਹਨ । ਇੱਕ ਗੱਲ ਸਮਝਣ ਵਾਲੀ ਹੈ ਇੱਕ ਪਾਸੇ ਪਾਕਿਸਤਾਨ ਸ਼ਾਂਤੀ ਦੂਤ ਬਣਦਾ ਹੈ ਤੇ ਦੂਜੇ ਪਾਸੇ ਨਫ਼ਰਤ ਦੇ ਬੀਜ, ਬੀਜ ਰਿਹਾ ਹੈ ਇਹ ਗੱਲ ਹਜ਼ਮ ਨਹੀਂ ਹੁੰਦੀ ਇਹ ਪਾਕਿਸਤਾਨ ਦਾ ਦੋਗਲਾ ਚਿਹਰਾ ਹੈ । ਇਹ ਅਜੋਕੇ ਸਮੇਂ ਦੀ ਗੱਲ ਨਹੀਂ ਇਹਦਾ ਤਾਂ ਆਜ਼ਾਦੀ ਤੋਂ ਬਾਅਦ ਦਾ ਰਵੱਈਆ ਵੀ ਮਾੜਾ ਰਿਹਾ ਹੈ । ਇਸ ਤਰ੍ਹਾਂ ਪਾਕਿਸਤਾਨ ਨੇ ਚਿਹਰੇ ਤੇ ਕਈ ਨਕ਼ਾਬ ਚੜਾਈ ਹੋਏ ਹਨ ਤੇ ਹੁਣ ਉਹਦੇ ਉੱਪਰ ਯਕੀਨ ਕਰਨਾ ਸਹੀ ਨਹੀਂ ਹੋਵੇਗਾ ਸਗੋਂ ਮਾਰੂ ਹੀ ਹੋਵੇਗਾ ।
-ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: 166, ਗਲੀ ਹਜ਼ਾਰਾ ਸਿੰਘ, ਮੋਗਾ-142001
ਮੋਬਾਇਲ ਨੰਬਰ: 97-810-40140