*ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਸਿਆਸੀ ਸਰਗਰਮੀਆਂ ਸ਼ੁਰੂ*ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਪੰਜਾਬ ਵਿਧਾਨ ਸਭਾ ਚੋਣਾਂ-2027 ਵਿਚ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਦੇ ਵੱਖਰੇ ਵੱਖਰੇ ਬਿਆਨ ਅਤੇ ਵੱਖਰੀ ਵਿਚਾਰਧਾਰਾ ਹੈ ਜਿਨ੍ਹਾਂ ਨੂੰ ਲੈ ਕੇ ਉਹ ਆਉਣ ਵਾਲੇ ਸਮੇਂ ਦੇ ਵਿਚ  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੀਆਂ ਚੋਣਾਂ ਲੜਨਗੇ । ਇਸ ਸਬੰਧ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੌਮੀ ਸਕੱਤਰ ਇੰਚਾਰਜ ਪੰਜਾਬ ਡਾ: ਸਤੀਸ਼ ਪੂਨੀਆ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ 2027 ਵਿਚ ਪਾਰਟੀ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ । ਉਹ ਸੂਬੇ ਵਿਚ ਤਿੰਨ ਦਿਨਾਂ ਵਾਸਤੇ ਪ੍ਰਚਾਰ ਕਰਨ ਆਏ ਸਨ । ਉਹਨਾਂ ਨੇ ਪਹਿਲੀ ਵਾਰ ਚੰਡੀਗੜ੍ਹ ਵਿਚ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਪ੍ਰੈੱਸ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਹਾਈਕਮਾਂਡ ਦੇ ਅਨੁਸਾਰ ਪਾਰਟੀ ਆਪਣੇ ਬਲਬੂਤੇ ਤੇ ਚੋਣਾਂ ਵਿਚ ਉਤਰੇਗੀ ਤੇ ਉਹਨਾਂ ਨੇ ਰਾਜ ਵਿਚ ਕਿਸੇ ਨਾਲ ਗੱਠ ਜੋੜ ਦੀਆਂ ਸਭਾਵਾਂਨਾਵਾਂ ਨੂੰ ਮੁੱਢੋ ਨਕਾਰ ਦਿੱਤਾ । ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਰਾਜ ਦੇ ਆਗੂ ਵੀ ਗਠਜੋੜ ਦੀ ਗੱਲ ਕਰਨਗੇ ਤਾਂ ਵੀ ਹਾਈ ਕਮਾਨ ਦੇ ਫ਼ੈਸਲੇ ਅਨੁਸਾਰ ਭਾਜਪਾ ਸਾਰੀਆਂ ਸੀਟਾਂ ਤੇ ਉਮੀਦਵਾਰ ਖੜਾ ਕਰਕੇ ਚੋਣਾਂ ਲੜੇਗੀ । ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਅਕਸਰ ਹੀ ਮਿਲਦੇ ਰਹਿੰਦੇ ਹਨ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਗੱਠਜੋੜ ਸਮਝ ਕੇ ਦੇਖਿਆ ਜਾਵੇ। ਕੋਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਹੈ । ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ (ਵਾਰਸ ਪੰਜਾਬ) ਦੀ ਪਾਰਟੀ ਨਾਲ ਭਾਜਪਾ ਦੀ ਸਿਆਸੀ ਸਾਂਝ ਦੀ ਗੱਲ ਨੂੰ ਉਹਨਾਂ ਨੇ ਨਕਾਰ ਦਿੱਤਾ । ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਕੇਂਦਰ ਅਤੇ ਰਾਜਾਂ ਵਿਚ ਭਾਜਪਾ ਨੇ ਆਪਣਾ ਘੇਰਾ ਵਿਸ਼ਾਲ ਕਰ ਲਿਆ ਹੈ । ਪੰਜਾਬ ਵਿਚ ਆਪਣਾ ਪ੍ਰਭਾਵ ਬਣਾ ਲਿਆ ਹੈ। ਉਹ ਹਰ ਪੱਧਰ ਤੇ ਭਾਜਪਾ ਨੂੰ ਹੋਰ ਤਗੜਾ ਕਰਨ ਲਈ ਅੰਤਿਮ ਯੋਜਨਾ ਬਣਾ ਰਹੇ ਹਨ । ਖੇਤੀ ਕਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਤੇ ਉਹਨਾਂ ਵਿਚ ਕਾਫ਼ੀ ਲੰਬੇ ਸਮੇਂ ਤੋਂ ਦੂਰੀਆਂ ਹਨ । ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਬੀ.ਐਲ. ਸੰਤੋਸ਼, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ । ਭਾਰਤੀ ਜਨਤਾ ਪਾਰਟੀ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰਾਜ ਸਰਕਾਰ ਨੂੰ ਘੇਰ ਰਹੀ ਹੈ ਅਤੇ ਮੁਲਾਜ਼ਮ ਪੱਖੀ ਹੋ ਕੇ ਮਹਿੰਗਾਈ ਭੱਤੇ ਦੇ ਮੁੱਦਿਆਂ ਨੂੰ ਵੀ ਉਠਾ ਰਹੀ ਹੈ । ਭਾਜਪਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਿੱਥੇ ਵੀ ਹੈ ਉੱਥੇ ਜਨਤਾ ਖੁਸ਼ ਹੈ । ਬਾਕੀ ਕੁੱਝ ਕੁ ਮਹੀਨੇ ਰਹਿ ਗਏ ਹਨ । ਸੰਨ 2027 ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਕਾਂਗਰਸ ਪਾਰਟੀ ਨੇ ਪਾਰਟੀ ਚੋਣ ਮੈਨੀਫ਼ੈਸਟੋ ਤਿਆਰ ਕਰਨ ਲਈ ਕਾਂਗਰਸ ਆਗੂ ਅਮਰ ਸਿੰਘ, ਪ੍ਰਗਟ ਸਿੰਘ ਅਤੇ ਗੁਰਜੀਤ ਔਜਲਾ ਆਗੂਆਂ ਦੀ ਅਗਵਾਈ ਹੇਠ ਕਾਰਵਾਈ ਆਰੰਭ ਕਰ ਦਿੱਤੀ ਹੈ । ਕਾਂਗਰਸ ਪਾਰਟੀ ਦੀ ਰਾਏ ਹੈ ਕਿ ਮੈਨੀਫ਼ੈਸਟੋ ਆਮ ਜਨਤਾ, ਐਸੋਸੀਏਸ਼ਨਾਂ, ਬੁੱਧੀਜੀਵੀਆਂ ਅਤੇ ਸਿਵਲ ਸੁਸਾਇਟੀ ਦੇ ਸੁਝਾਵਾਂ ਨਾਲ ਤਿਆਰ ਕੀਤਾ ਜਾਵੇਗਾ । ਸਾਰੇ ਸੂਬੇ ਵਿਚ ਚੱਕਰ ਲਾਉਣ ਤੋਂ ਬਾਅਦ ਹਰ ਵਰਗ ਦੀ ਸਲਾਹ ਲਈ ਜਾਵੇਗੀ । ਇਸ ਵਾਰ ਪਾਰਟੀ 60-70 ਨਵੇਂ ਚੇਹਰਿਆਂ ਨੂੰ ਵੀ ਮੌਕਾ ਦੇ ਸਕਦੀ ਹੈ । ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਰਾਜ ਦੇ ਲੀਡਰਾਂ ਨਾਲ ਬੈਠਕਾਂ ਕਰਕੇ ਰਣਨੀਤੀ ਬਣਾਈ ਜਾ ਰਹੀ ਹੈ । ਪੰਜਾਬ ਸਰਕਾਰ ਭਵਿੱਖ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸ਼ਨ ਦਾ ਹੱਕਦਾਰ ਹੈ‌ । ਸੂਬੇ ਨੂੰ ਅਜਿਹੀ ਸਰਕਾਰ ਦੀ ਜਰੂਰਤ ਹੈ ਜਿਹੜੀ ਲੋਕਾਂ ਲਈ ਜਵਾਬਦੇਹ ਹੋਵੇ, ਵਿਕਾਸ ਕਾਰਜਾਂ ਨੂੰ ਪਹਿਲ ਦੇਵੇ ਅਤੇ ਲੋਕਾਂ ਦੀ ਆਵਾਜ਼ ਬਣੇ । ਕਾਂਗਰਸ ਪਾਰਟੀ ਰਾਜ ਦੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ, ਰਾਜ ਨੂੰ ਮੁੜ ਤਰੱਕੀ, ਖੁਸ਼ਹਾਲੀ ਅਤੇ ਭਰੋਸੇ ਦੇ ਰਾਹ ਤੇ ਲੈ ਕੇ ਜਾਣ ਲਈ ਦ੍ਰਿੜ ਹੋਵੇਗੀ । ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ । ਪੰਜਾਬ ਇੱਕ ਬੇਹਤਰ ਦਾ ਹੱਕਦਾਰ ਹੈ। ਰਾਜ ਨੂੰ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦੀ ਲੋੜ ਹੈ । ਕਾਂਗਰਸ ਪਾਰਟੀ ਨੇ 2027 ਵਿਚ ਚੋਣਾਂ ਵਿਚ ਕਾਂਗਰਸ ਦਾ ਝੰਡਾ ਲਹਿਰਾਉਣਗੇ । ਪਿਛਲੀ ਚੰਨੀ ਸਰਕਾਰ ਨੇ ਆਖਰੀ ਸਮੇਂ ਵਿਚ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਜਿਸ ਨਾਲ ਮੁਲਾਜ਼ਮਾਂ ਨੂੰ ਲੰਬੇ ਸਮੇਂ ਦੀ ਉਡੀਕ ਖਤਮ ਹੋਈ ਸੀ । ਉਹਨਾਂ ਨੇ ਥੋੜੇ ਜਿਹੇ ਸਮੇਂ ਵਿਚ ਰਾਜ ਲਈ ਵੱਡੇ ਐਲਾਨ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ 2027 ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤੇਜ਼ ਕਰ ਦਿੱਤੀ ਹੈ । ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਨੀਤੀ ਅਨੁਸਾਰ ਵਰਕਰਾਂ ਨੂੰ ਮਿਲਣ ਅਤੇ ਚੋਣ ਮੈਨੀਫੈਸਟੋ ਤੇ ਕੰਮ ਕਰ ਰਹੀ ਹੈ । ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜਬੂਤ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਵਰਕਰ ਮਿਲਣੀਆਂ ਦਾ ਸਿਲਸਿਲਾ ਰੈਲੀਆਂ ਦੌਰਾਨ ਕੀਤਾ ਜਾ ਰਿਹਾ ਹੈ । ਪਾਰਟੀ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਉਤਰੇਗੀ ਅਤੇ 2027 ਵਿਚ ਪਾਰਟੀ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਇਆ ਹੈ ਅਤੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ । ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਏਜੰਸੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਠ ਜ਼ਿਲ੍ਹਿਆਂ ਦੀਆਂ ਪਾਰਟੀ ਦੀ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ ਕੀਤਾ । ਇਸ ਤਰ੍ਹਾਂ ਜਿੰਮੇਵਾਰੀ ਦੇ ਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ । ਹਲਕਿਆਂ ਵਿਚ ਰੈਲੀਆਂ ਕਰਕੇ ਲੋਕਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਜਾ ਰਿਹਾ ਹੈ । ਲੋਕ ਅੱਜ ਵੀ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕਾਰਜਾਂ ਨੂੰ ਯਾਦ ਕਰਦੇ ਹਨ । ਉਹ ਨਿਮਰਤਾ, ਪਿਆਰ ਅਤੇ ਸਾਦਗੀ ਵਰਗੇ ਗੁਣਾਂ ਨਾਲ ਭਰਪੂਰ ਸਨ । ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਢੇ ਚਾਰ ਸਾਲ ਵਿਚ ਚੋਣਾਂ ਤੋਂ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ । ਆਪਣੀਆਂ ਸਾਰੀਆਂ ਕਹੀਆਂ ਗੱਲਾਂ ਨੂੰ ਪੁਗਾ ਦਿੱਤਾ ਹੈ ਜਿਸ ਕਰਕੇ ਰਾਜ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਖੁਸ਼ ਅਤੇ ਸੰਤੁਸ਼ਟ ਹਨ । ਅੱਜ ਵੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਖੜੀ ਹੈ । ਆਮ ਆਦਮੀ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਅੱਗੇ ਨਾਲੋਂ ਵਧਾ ਦਿੱਤੀਆਂ ਹਨ ਤੇ ਹੁਣ ਲੋਕ ਮਿਲਣੀ ਸ਼ੁਰੂ ਕਰ ਦਿੱਤੀਆਂ ਹਨ । ਇਸ ਵਿਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ । ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ 2027 ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਸਰਕਾਰ ਦੇ ਲੋਕ ਪੱਖੀ ਕਾਰਜਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ । ਸਰਕਾਰ ਦੇ ਇਸ ਭਲਾਈ ਕਾਰਜਾਂ ਨੇ ਜ਼ਮੀਨੀ ਪੱਧਰ ਤੇ ਬਹੁਤ ਵੱਡਾ ਬਦਲਾਅ ਲਿਆਂਦਾ ਹੈ । ਅਸੀਂ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ । ਵਿਰੋਧੀ ਪਾਰਟੀਆਂ ਲਾੜੇ ਤੋਂ ਬਿਨ੍ਹਾਂ ਜੰਝ ਵਾਂਗ ਹਨ ਹਾਲਾਂਕਿ ਇਹ ਸੱਤਾ ਲਈ ਲੜ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਕਈ ਧੜਿਆਂ ਵਿਚ ਵੰਡਿਆ ਜਾ ਚੁੱਕਾ ਹੈ । ਸੱਤਾ ਦੇ ਭੁੱਖੇ ਲੋਕ ਸਿਰਫ਼ ਸੂਬੇ ਦੀ ਦੌਲਤ ਲੁੱਟਣ ਲਈ ਸੱਤਾ ਹਥਿਆਣਾ ਚਾਹੁੰਦੇ ਹਨ । ਸਰਕਾਰੀ ਖਜ਼ਾਨੇ ਦਾ ਇੱਕ ਇੱਕ ਪੈਸਾ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਖਰਚ ਕੀਤਾ ਜਾ ਰਿਹਾ ਹੈ । ਪੰਜਾਬ ਦੇ 90 ਪ੍ਰਤੀਸ਼ਤ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਿਸਾਨਾਂ ਨੂੰ ਵੀ ਦਿਨ ਵੇਲੇ ਬਿਜਲੀ ਮਿਲ ਰਹੀ ਹੈ । ਵਿਰੋਧੀ ਧਿਰਾਂ ਆਖਰੀ ਸਾਹਾਂ ਤੇ ਹਨ ਤੇ ਬਹੁਤ ਛੇਤੀ ਖਤਮ ਹੋ ਜਾਣਗੇ । ਵਿਰੋਧੀ ਧਿਰਾਂ ਦਾ ਖਿੰਡਰਿਆ ਹੋਇਆ ਘਰ ਹੈ । ਇਹ ਅੰਦਰੂਨੀ ਲੜਾਈਆਂ ਨਾਲ ਢਹਿ ਢੇਰੀ ਹੋ ਜਾਵੇਗਾ । ਉਹਨਾਂ ਇੱਕ ਵਾਰ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟੋਲ ਪਲਾਜੇ ਬੰਦ ਕਰ ਦਿੱਤੇ ਹਨ ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਬਚ ਰਹੇ ਹਨ । ਸਰਕਾਰ ਦੇ ਆਖ਼ਰੀ ਕੁੱਝ ਮਹੀਨਿਆਂ ਵਿਚ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਤਲਖ਼ੀ ਵਧ ਗਈ ਹੈ । ਸਰਕਾਰ ਮੁਲਾਜ਼ਮ ਮੰਗਾਂ ਨੂੰ ਲਾਗੂ ਕਰਨ ਤੋਂ ਕਿਨਾਰਾ ਵੱਟ ਰਹੀ ਹੈ ਅਤੇ ਮੁਲਾਜ਼ਮ ਰੈਲੀਆਂ ਮੁਜ਼ਾਹਰਿਆਂ ਨੂੰ ਸਮਰਪਿਤ ਹਨ । ਅੱਜ ਸੂਬੇ ਵਿਚ ਆਈ.ਟੀ. ਸੋਸ਼ਲ ਮੀਡੀਆ ਪੂਰੀ ਤਰ੍ਹਾਂ ਸਰਗਰਮ ਹੈ । ਅਕਾਲੀ ਦਲ (ਵਾਰਸ ਪੰਜਾਬ) ਨੇ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ । ਪਾਰਟੀ ਦੀ ਯੋਜਨਾ ਹੈ ਕਿ 15 ਸਤੰਬਰ 2026 ਤੱਕ ਪੰਜਾਹ ਸੱਠ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਂਅ ਐਲਾਨ ਕਰ ਦਿੱਤੇ ਜਾਣਗੇ । ਪਾਰਟੀ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਆਪਣੇ ਉਮੀਦਵਾਰ ਉਤਾਰ ਕੇ ਚੋਣ ਨੂੰ ਤੇਜ਼ ਕਰਨਾ ਚਾਹੁੰਦੀ ਹੈ । ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਹਿਲਾਂ ਦੱਸਿਆ ਕਿ ਬੋਰਡ ਵੱਖ-ਵੱਖ ਹਲਕਿਆਂ ਤੋਂ ਆਉਣ ਵਾਲੇ ਨਾਵਾਂ ਤੇ ਵਿਚਾਰ ਕਰੇਗਾ ਤੇ ਉਮੀਦਵਾਰਾਂ ਦੀ ਪੰਥ ਤੇ ਪੰਜਾਬ ਪ੍ਰਤੀ ਸੇਵਾ, ਵਫ਼ਾਦਾਰੀ, ਜਥੇਬੰਧਕ ਕੰਮ ਅਤੇ ਲੋਕਾਂ ਵਿਚ ਉਸਦੀ ਪਕੜ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਕੀਤਾ ਜਾਏਗਾ । ਅਕਾਲੀ ਦਲ (ਵਾਰਸ ਪੰਜਾਬ) ਦੀ ਸਿਆਸਤ ਦਾ ਮਕਸਦ ਸਿਰਫ ਸੱਤਾ ਹਾਸਲ ਕਰਨਾ ਨਹੀਂ ਹੈ ਸਗੋਂ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਦੇ ਮਾਨ ਸਨਮਾਨ ਨੂੰ ਅੱਗੇ ਲੈ ਜਾਣਾ ਵੀ ਪਾਰਟੀ ਦੀ ਮੁੱਖ ਤਰਜੀਹ ਹੈ । ਅਕਾਲੀ ਦਲ (ਵਾਰਸ ਪੰਜਾਬ) ਸੂਬੇ ਵਿਚ ਆਪਣੀ ਸਰਗਰਮੀ ਵਿੱਢ ਰਿਹਾ ਹੈ ਤੇ ਪੰਥਕ ਸੰਸਥਾਵਾਂ ਨੂੰ ਨਾਲ ਜੋੜ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿਚ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਹਨ । ਪਾਰਟੀ ਵੱਲੋਂ ਮਿਸ਼ਨ 2027 ਗੱਲ ਪੰਜਾਬ ਦੀ ਅਧੀਨ ਕਿਸਾਨਾਂ ਦੇ ਨੌਜਵਾਨਾਂ ਦੇ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਤਿਆਰੀਆਂ ਚੱਲ ਰਹੀਆਂ ਹਨ । ਪਾਰਟੀ ਦਾ ਕਾਫ਼ਲਾ ਵਧ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਨੌਜਵਾਨਾਂ ਦੀ ਆਵਾਜ਼ ਬਣ ਰਿਹਾ ਹੈ । ਪਾਰਟੀ ਆਗੂਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਰਕਰਾਂ ਤੇ ਪਾਰਟੀ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਮੈਦਾਨ ਵਿਚ ਡਟਣ ਦੀ ਅਪੀਲ ਕੀਤੀ ਹੈ । 
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਵਿਧਾਨ ਸਭਾ ਹਲਕਿਆਂ ਦੇ ਕਾਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ । ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵਿਜ਼ਨ ਡਾਕੂਮੈਂਟ ਵਿਚ ਪੰਥ, ਸਿਹਤ, ਸਿੱਖਿਆ, ਸੁਰੱਖਿਆ, ਕਿਸਾਨੀ ਅਤੇ ਮੁਲਾਜ਼ਮਾਂ ਸਮੇਤ ਹਰ ਵਰਗ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਪਾਰਟੀ ਵਿਚ 40% ਨੌਜਵਾਨਾਂ ਅਤੇ 35% ਔਰਤਾਂ ਨੂੰ ਵਿਸ਼ੇਸ਼ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਪਾਰਟੀ ਪ੍ਰਧਾਨ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ ਉਹ ਸਿਰਫ ਪਾਰਟੀ ਲਈ ਕੰਮ ਕਰੇਗਾ । ਪੰਜਾਬ ਨੂੰ ਵੱਧ ਅਧਿਕਾਰਾਂ ਦੀ ਪੈਰਵਾਈ ਦੀ ਮੰਗ ਕੀਤੀ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਵਿਚ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਭਵਿੱਖ ਵਿਚ ਰਣਨੀਤੀ ਤੇ ਵਿਸਥਾਰ ਪੂਰਵਕ ਚਰਚਾ ਕੀਤੀ । ਐਡਵੋਕੇਟ ਇਕਬਾਲ ਸਿੰਘ ਝੂੰਦਾ ਨੇ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਪੈਂਦਾ ਤਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ ਤੇ ਨਾ ਹੀ ਪਾਰਟੀ ਆਗੂ ਵੱਖ ਹੁੰਦੇ । ਇਸ ਲਈ ਨਿਜ਼ੀ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਕੌਮ ਤੇ ਪੰਜਾਬ ਦੇ ਹਿੱਤਾਂ ਲਈ ਹੰਬਲਾ ਮਾਰਨ ਦੀ ਲੋੜ ਹੈ । ਬੀਤੇ ਸਮੇਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਅਸਤੀਫੇ ਦੇਣ ਨਾਲ ਪਾਰਟੀ ਅੰਦਰ ਹਲਚਲ ਹੋ ਗਈ ਸੀ ਇਸਦਾ ਭਵਿੱਖ ਵਿਚ ਮਾੜਾ ਪ੍ਰਭਾਵ ਪੈ ਸਕਦਾ ਹੈ । ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਹ ਪੰਥਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਖੀ ਲਈ ਰੱਖੀ ਗਈ ਸੀ ਪਰ ਸਮੇਂ ਦੇ ਨਾਲ ਕੁੱਝ ਵਿਅਕਤੀਆਂ ਨੇ ਆਪਣੀ ਨਿਜੀ ਹਿੱਤਾਂ ਲਈ ਪਾਰਟੀ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਪੰਥ ਪ੍ਰਸਤ ਅਤੇ ਵਫ਼ਾਦਾਰ ਵਰਕਰਾਂ ਨੂੰ ਬਾਹਰ ਕੱਢ ਦਿੱਤਾ । ਪੰਜਾਬ ਵਿਧਾਨ ਸਭਾ ਚੋਣਾਂ-2027 ਸਿਰ ਤੇ ਆਉਣ ਵਾਲੀਆਂ ਹਨ ਤੇ ਹਰ ਪਾਰਟੀ ਪੂਰੀ ਤਰ੍ਹਾਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰਭਾਵਿਤ ਕਰੇਗੀ । ਉਦੋਂ ਸਮਝਦਾਰ ਵੋਟਰ ਸੋਚਣਗੇ ਕਿ ਕਿਸ ਪਾਰਟੀ ਨੇ ਬੀਤੇ ਸਮੇਂ ਵਿਚ ਕੁੱਝ ਕੀਤਾ ? ਕਿਸ ਨੇ ਚੰਗਾ ਕੀਤਾ ? ਕਿਸ ਨੇ ਗੱਲਾਂ ਹੀ ਕੀਤੀਆਂ ? ਕਿਸ ਨੇ ਪੰਥ ਲਈ ਕੀਤਾ ? ਕਿਸ ਨੇ ਨਿਜ਼ੀ ਕੰਮ ਕੀਤੇ ? ਇਹ ਸੋਚ ਵਿਚਾਰਨ ਵਾਲੀ ਗੱਲ ਹੈ । ਇਸ ਤਰਾਂ ਵੋਟਰ ਨਾਪ ਤੋਲ ਕਰੇਗਾ। ਫਿਰ ਵੋਟ ਪਾਵੇਗਾ ਤੇ ਪੰਜਾਬ ਵਿਚ ਵਧੀਆ ਸਰਕਾਰ ਬਣਾਉਣ ਵਿਚ ਯੋਗਦਾਨ ਪਾਵੇਗਾ ।  
-ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: 166,  ਗਲੀ ਹਜ਼ਾਰਾ ਸਿੰਘ, ਮੋਗਾ-142001
ਮੋਬਾਇਲ ਨੰਬਰ: 97-810-40140