ਗ਼ਜ਼ਲ ,, ਅਮਰਜੀਤ ਸਿੰਘ ਸਿੱਧੂ

ਆਵੋ ਕੱਠੇ ਹੋ ਕੇ ਅਪਣੇ, ਅਧਿਕਾਰਾਂ ਦੀ ਗੱਲ ਕਰੀਏ। 
ਜੋ ਝੂਠੇ ਵਾਅਦੇ ਕਰ ਰਹੀਆਂ, ਸਰਕਾਰਾਂ ਦੀ ਗੱਲ ਕਰੀਏ। 

ਝੂਠੇ ਲਾਰੇ ਲਾਉਣ ਦੁਵਾਰਾ, ਆਏ ਨੇਤਾ  ਕੋਲੇ ਬਹਿ ਕੇ, 
ਗੁਜਰੇ ਪੰਜਾਂ ਸਾਲਾ 'ਚ ਕਰੇ, ਇਕਰਾਰਾਂ ਦੀ ਗੱਲ ਕਰੀਏ।

ਨਾਲ ਪਿਆਰ ਦੇ ਰਲ ਕੇ ਰਹਿਣਾ,
ਇਹ ਗੁਰ ਸਾਨੂੰ ਰਹਿਬਰਾਂ ਦਿੱਤਾ, 
ਸਿੱਖਿਆ ਉਸ ਨੂੰ ਭੁੱਲ ਕਿਉਂ ਆਪਾਂ , ਹਥਿਆਰਾਂ ਦੀ ਗੱਲ ਕਰੀਏ। 

ਸਾਭਣ ਤੋਂ ਡਰ ਜਿਸ ਨੇ ਮਾਪੇ, ਆਸ਼ਰਮਾਂ' ਚ ਰੁਲਣ ਨੂੰ ਛੱਡੇ, 
ਕਿਉਂ ਸੰਗ ਉਨ੍ਹਾਂ ਬਹਿ ਮਾਂ ਪਿਉ ਦੇ, ਸਤਿਕਾਰਾਂ ਦੀ ਗੱਲ ਕਰੀਏ। 

ਝੱਖੜ ਝੰਬੇ ਬਿਰਖਾਂ ਵਰਗੀ, ਹਾਲਤ ਹੋਈ ਜੋ ਕਿਰਤੀ ਦੀ, 
ਆਵੋ ਆਪਾਂ ਰਲ ਕੇ ਕਾਮੇਂ ਦੇ,ਅਧਿਕਾਰਾਂ ਦੀ ਗੱਲ ਕਰੀਏ। 

ਵਾਰ ਅਸਾਂ ਤੇ ਕਰਨ ਗੁਝੇ ਜੋ, ਅਪਣੇ ਕਹਿ ਇਹ ਬੁੱਕਲ ਬਿਠਾ ਕੇ, 
ਸਾਡੇ ਕਤਲ ਲਈ ਇਹ ਬਣੀਆਂ, ਤਲਵਾਰਾਂ ਦੀ ਗੱਲ ਕਰੀਏ ।

ਛੰਨਾਂ ਨੂੰ ਢਾਹ ਜਿਨ੍ਹਾਂ ਸਿੱਧੂ, ਅਪਣੇ ਮਹਿਲ ਉਸਾਰ ਲਏ ਨੇ,
ਨਾਲ ਉਨ੍ਹਾਂ, ਫੁਟਪਾਥ ਤੇ ਸੁੱਤੇ, ਪਰਵਾਰਾਂ ਦੀ ਗੱਲ ਕਰੀਏ। 

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ +4917664197996