ਬਦਲਦੇ ਰੰਗ ਤਕਦੀਰ ਦੇ ...ਸਿੰਦਰ ਸਿੰਘ ਮੀਰਪੁਰੀ

- ਸਿਆਣਿਆਂ ਨੇ ਸੱਚ ਆਖਿਆ ਕਿ ਸਮੇਂ ਨੂੰ ਬਦਲਦਿਆਂ ਦੇਰ ਨਹੀਂ ਲੱਗਦੀ ਅੱਜ ਹੋਰ ਤੇ ਕੱਲ੍ਹ ਨੂੰ ਹੋਰ ਇਸ ਨੇ ਬਦਲਣਾ ਹੀ ਹੁੰਦਾ ਹੈ । ਜੇਕਰ ਗੱਲ ਕਰੀਏ ਥੋੜ੍ਹਾ ਜਾਂ ਪਿਛਲੇ ਲੰਘੇ ਸਮੇਂ ਨਾਲੋਂ ਅੱਜ ਹਾਲਾਤ ਅਤੇ ਸਮਾਂ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ । ਕਿਸੇ ਸਮੇਂ ਪਾਕਿਸਤਾਨ ਤੋਂ ਆਏ ਸਾਡੇ ਬਜ਼ੁਰਗਾਂ ਦਾ ਸਮਾਂ ਸੀ ਜਿਸ ਨੂੰ ਵੀ ਅਸੀਂ ਅੱਜ ਇੱਕ ਚੰਗਾ ਸਮਾਂ ਆ ਕੇ ਵਡਿਆਉਂਦੇ ਹਾਂ ਕਿ ਉਹ ਅੱਜ ਨਾਲੋਂ ਜ਼ਰੂਰ ਚੰਗਾ ਸਮਾਂ ਸੀ ਭਾਵੇਂ ਕਿਹੋ ਜਿਹਾ ਵੀ । ਇਹ ਗੱਲ ਠੀਕ ਹੈ ਕਿ ਵਿਛੋੜੇ ਅਤੇ ਉਜੜਨ ਦਾ ਦੁੱਖ ਹਰ ਇੱਕ ਨੂੰ ਹੁੰਦਾ ਹੈ ਪਰ ਜੇਕਰ ਅਗਾਂਹ ਜਾ ਕੇ ਹੋਰ ਵੀ ਜ਼ਿਆਦਾ ਮਾੜਾ ਸਮਾਂ ਆ ਜਾਵੇ ਤਾਂ ਪਿਛਲੇ ਨੂੰ ਯਾਦ ਜ਼ਰੂਰ ਕਰਦੇ ਹਾਂ । ਸਮੇਂ ਨੇ ਆਪਣੀ ਮਾਰੀ ਪਲਟੀ ਸਦਕਾ ਸਭ ਕੁਝ ਤਹਿਸ-ਨਹਿਸ ਕਰਕੇ ਰੱਖ ਦਿੱਤਾ ਨਾ ਓਹ ਗੱਲਾਂ ਰਹੀਆਂ । ਨਾ ਬਾਤਾਂ ਨਾ ਉਹ ਪਿਆਰ ਨਾ ਮੁਹੱਬਤ ਜਦ ਇਕੱਠੇ ਬੈਠ ਕੇ ਚਾਂਬੜਾਂ ਪਾਉਂਦੇ ਸੀ ਅਤੇ ਰਿਸ਼ਤੇਦਾਰਾਂ ਵਿੱਚ ਮੇਲ ਮਿਲਾਪ ਹੁੰਦਾ ਸੀ ਕਿੱਥੇ ਗਈਆਂ ਉਹ ਗੱਲਾਂ ਕੁਝ ਵੀ ਯਾਦ ਨਹੀਂ ਹੈ । ਅੱਜ ਬਦਲ ਚੁੱਕੇ ਸਮੇਂ ਨੌਜਵਾਨੀ ਨੂੰ ਸਭ ਤੋਂ ਵੱਧ ਫੇਟ ਮਾਰੀ ਹੈ ਕਿਉਂਕਿ ਨੌਜਵਾਨੀ ਇਸਦੀ ਲਪੇਟ ਵਿਚ ਆ ਕੇ ਸਾਰਾ ਕੁਝ ਭੁੱਲ ਚੁੱਕੀ ਹੈ ।
                  ਕਿਸੇ ਸਮੇਂ ਸਾਡੀਆਂ ਬਜ਼ੁਰਗ ਮਾਂਵਾਂ ਤੰਦੂਰ ਵਿੱਚ ਰੋਟੀ ਲਾਹੁੰਦੀਆਂ ਸਨ ਅਤੇ ਘਰਾਂ ਵਿੱਚ ਬੈਠ ਕੇ ਸੇਵੀਆਂ ਵੱਟਦੀਆਂ ਸੀ । ਕਿੱਡਾ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਸਨ ਸਾਰੀਆਂ । ਉਸ ਤੋਂ ਵੀ ਜ਼ਿਆਦਾ ਭੱਠੀ ਤੇ ਦਾਣੇ ਭੁੰਨਾਉਣ ਤੋਂ ਲੈ ਕੇ ਪਿੰਡ ਦੀਆਂ ਸੱਥਾਂ ਵਿੱਚ ਜੁੜਦੀ ਮਹਿਫ਼ਿਲ ਸਦਾ ਚਰਚਾ ਦਾ ਵਿਸ਼ਾ ਹੁੰਦੀ ਸੀ । ਵਿਆਹਾਂ ਵਿੱਚ ਕੜਾਹੀ ਤੇ ਇਕੱਠ ਅਤੇ ਫੇਰ ਉਸ ਤੋਂ ਬਾਅਦ ਪਿੰਡ ਦੇ ਮੁੰਡਿਆਂ ਵੱਲੋਂ ਇਕੱਠੇ ਹੋ ਕੇ ਮੰਜੇ ਬਿਸਤਰੇ ਇਕੱਠੇ ਕਰਨ ਨੂੰ ਇਕ ਵੱਡੀ ਗੱਲ ਮੰਨਿਆ ਜਾਂਦਾ ਸੀ ਜਿਸ ਦੇ ਬਿਨਾਂ ਵਿਆਹ ਸੰਪੂਰਨ ਨਹੀਂ ਸੀ ਹੁੰਦਾ । ਨੌਜਵਾਨਾਂ ਵੱਲੋਂ ਆਪਣੇ ਦੋਸਤਾਂ ਮਿੱਤਰਾਂ ਸੰਗ ਰਲ ਕੇ ਖੇਡੀ ਜਾਂਦੀ ਗੁੱਲੀ ਡੰਡੇ ਦੀ ਖੇਡ ਵੀ ਅੱਜ ਅਲੋਪ ਹੋ ਚੁੱਕੀ ਹੈ ਹਾਂ ਪਿੰਡਾਂ ਵਿੱਚ ਬਜ਼ੁਰਗ ਲੋਕ ਤਾਸ਼ ਜ਼ਰੂਰ ਖੇਡਦੇ ਵਿਖਾਈ ਦਿੰਦੇ ਹਨ । ਭੱਠੀ ਤੇ ਦਾਣੇ ਭੁੰਨਣ ਵਾਲੀ ਤਾਈ ਦੀ ਚਰਚਾ ਨੂੰ ਅੱਜ ਦਾ ਕਿਹੜਾ ਨੌਜਵਾਨ ਹੈ ਜੋ ਚੇਤੇ ਕਰਦਾ ਹੋਵੇਗਾ । ਕਿਸੇ ਟਾਈਮ ਓਨਾ ਭੱਠੀਆਂ ਉੱਤੇ ਲਾਈਨਾਂ ਲੱਗਦੀਆਂ ਸਨ । ਬੀਤੇ ਸਮੇਂ ਦੀਆਂ ਚੀਸਾਂ ਬਣ ਕੇ ਰਹਿ ਗਈਆਂ ਨੇ ਇਹ ਗੱਲਾਂ । ਅੱਜ ਦੇ ਨੌਜਵਾਨਾਂ ਨੂੰ ਇੰਟਰਨੈੱਟ ਜਾਂ ਸੋਸ਼ਲ ਮੀਡੀਆ ਤੋਂ ਹੀ ਵਿਹਲ ਨਹੀਂ ਉਸ ਨੇ ਸਾਰਾ ਕੁਝ ਜੋ ਸਾਡੀ ਵਿਰਾਸਤ ਸੀ ਭੁਲਾ ਕੇ ਰੱਖ ਦਿੱਤਾ ਹੈ ਅੱਜ ਦੀ ਪੀੜ੍ਹੀ ਨੂੰ ।
                  ‎ਜੇਕਰ ਲੰਘੇ ਬਜ਼ੁਰਗਾਂ ਦੀ ਗਰਿਸਤੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਉਥੇ ਵੀ ਕਾਫ਼ੀ ਕੁਝ ਬਦਲਿਆ ਨਜ਼ਰੀਂ ਪੈਂਦਾ ਹੈ । ਉਨ੍ਹਾਂ ਸਮਿਆਂ ਅੰਦਰ ਹਰ ਪਰਿਵਾਰ ਵਿਚ ਅੱਧੀ ਦਰਜਨ ਦੇ ਕਰੀਬ ਨਿਆਣੇ ਪੈਦਾ ਹੁੰਦੇ ਸਨ ਜੋ ਅੱਜ ਘਟ ਕੇ ਮਹਿਜ਼ ਇੱਕ ਜਾਂ ਦੋ ਤਕ ਸਿਮਟ ਚੁੱਕੇ  ਹਨ । ਅਸੀਂ ਉਥੇ ਵੀ ਮਾਰ ਖਾ ਚੁੱਕੇ ਹਾਂ । ਲੰਘੇ ਸਮੇਂ ਸਾਡੇ ਪਿੰਡਾਂ ਕੰਨੀ ਇੱਕ ਬਜ਼ੁਰਗ ਦੇ ਘਰ ਪੈਦਾ ਹੋਏ ਇੱਕ ਦਰਜਨ ਤੋਂ ਜ਼ਿਆਦਾ ਬੱਚਿਆਂ ਨੇ ਅਕਸਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਵੱਡੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹ ਸਮੇਂ ਕਿੱਥੇ । ਸਭ ਕੁਝ ਗੁਆਚ ਚੁੱਕਿਆ ਹੈ ਸ਼ੋਹਰਤ ਅਤੇ ਪੈਸੇ ਦੀ ਲਾਲਸਾ ਦੇ ਧੱਕੇ ਚੜ੍ਹ ਕੇ ਇਨਸਾਨ ਗੁਰਬਤ ਦੀ ਹਨ੍ਹੇਰੀ ਵਿੱਚ ਗੁਆਚਦਾ ਜਾ ਰਿਹਾ ਹੈ । ਬਹੁਤ ਸਾਰੇ ਲੋਕ ਪ੍ਰਮਾਤਮਾ ਦੀ ਰਜ਼ਾ ਤੋਂ ਬਾਹਰ ਹੋ ਕੇ ਅਜਿਹੇ ਗ਼ਲਤ ਕੰਮ ਕਰ ਬੈਠਦੇ ਹਨ ਜੋ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੁੰਦੇ ਅੱਜਕੱਲ੍ਹ ਲੋਕਾਂ ਵੱਲੋਂ ਆਮ ਹਰ ਤਰ੍ਹਾਂ ਦੀਆਂ ਗੱਲਾਂ ਵਿਚ ਪ੍ਰਮਾਤਮਾ ਦਾ ਡਰ ਭੁਲਾ ਕੇ ਚੋਰੀ ਝੂਠ ਅਤੇ ਬੇਈਮਾਨੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇਹ ਆਮ ਤਰ੍ਹਾਂ ਦਾ ਵਰਤਾਰਾ ਹੋ ਚੁੱਕੈ ਜੋ ਅਸੀਂ ਰੋਜ ਵੇਖਦੇ ਹਾਂ ।
                  ‎ਇੱਥੇ ਇੱਕ ਗੱਲ ਹੋਰ ਖਾਸ ਤੌਰ ਤੇ ਵਰਨਣਯੋਗ ਹੈ ਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਵਿਆਹ ਕਰਵਾਉਣ ਨੂੰ ਵੀ ਤਰਜੀਹ ਨਹੀਂ ਦੇ ਰਹੀ ਉਨ੍ਹਾਂ ਦਾ ਆਖਣਾ ਹੈ ਕਿ ਪਹਿਲਾਂ ਪੜ੍ਹਾਈ ਤੋਂ ਕਰਨ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਵਿਆਹ ਦੀ ਗੱਲ ਕੀਤੀ ਜਾਵੇਗੀ  । ਪਹਿਲਾਂ ਪੜ੍ਹਾਈ ਵਾਲੀ ਗੱਲ ਠੀਕ ਹੈ ਕਿ ਉਨ੍ਹਾਂ ਵੱਲੋਂ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਤੋਂ ਬਾਅਦ ਹੀ ਅਪਣੀ  ਘਰ ਗ੍ਰਹਿਸਤੀ ਨੂੰ ਚਲਾਉਣ ਲਈ ਜੀਵਨ ਸਾਥੀ ਦੀ ਚੋਣ ਕਰਨ ਨੂੰ ਇੱਕ ਚੰਗੀ ਗੱਲ ਮੰਨਿਆ ਜਾਂਦਾ ਹੈ । ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਵੱਡੀ ਗੱਲ ਨੂੰ ਲੈ ਕੇ ਕਿੰਨੇ ਸਾਰੇ ਨੌਜੁਆਨ ਸੁਹਿਰਦ ਹੋ ਕੇ ਇਸ ਪਾਸੇ ਵੱਲ ਸੋਚਦੇ ਹਨ ਨਹੀਂ ਤਾਂ ਬਹੁਤ ਸਾਰੇ ਗ਼ਲਤ ਰਸਤਿਆਂ ਵਿੱਚ ਪੈ ਕੇ ਆਪਣੇ ਸਹੀ ਜੀਵਨ ਸਾਥੀ ਦੀ ਚੋਣ ਹੀ ਨਹੀਂ ਕਰ ਪਾਉਂਦੇ ਇਹ ਵੀ ਮਸਲਾ ਇਕ ਵੱਡੇ ਤੌਰ ਤੇ ਵਿਚਾਰਿਆ ਜਾ ਰਿਹਾ ਹੈ । ਪੰਜਾਬ ਅੰਦਰ ਹਰ ਰੋਜ਼ ਵੱਡੀ ਪੱਧਰ ਤੇ ਹੋ ਰਹੇ ਤਲਾਕ ਦੇ ਮਾਮਲਿਆਂ ਨੇ ਵੀ ਚਿੰਤਾ ਦਾ ਮਾਹੌਲ ਸਿਰਜ ਦਿੱਤਾ ਹੈ ਹਰ ਰੋਜ਼ ਨੌਜਵਾਨ ਪੀੜ੍ਹੀ ਆਪਣੇ ਜੀਵਨ ਸਾਥੀਆਂ ਤੋਂ ਦੂਰ ਜਾ ਕੇ ਆਪਣੀ ਵੱਖਰੀ ਹੀ ਦੁਨੀਆਂ ਵਿੱਚ ਮਸਤ ਹੋਣ ਦਾ ਭਰਮ ਪਾਲਦੀ ਵਿਖਾਈ ਦਿੰਦੀ ਹੈ ਇਹ ਕਿੰਨੀ ਕੁ ਸਹੀ ਹੈ ਇਹ ਤਾਂ ਰੱਬ ਹੀ ਜਾਣੇ ।
                  ‎ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਦਾ ਫ਼ਰਕ ਪਿਛਲੇ ਸਮੇਂ ਨਾਲੋਂ ਜ਼ਿਆਦਾ ਪੈ ਚੁੱਕਿਆ ਹੈ । ਖ਼ਾਸਕਰ ਨੌਜਵਾਨ ਪੀੜ੍ਹੀ ਅਤੇ ਅੱਜ ਦੇ ਬੱਚੇ ਵੀ ਲੰਘੇ ਸਮਿਆਂ ਨਾਲੋਂ ਵੱਖਰੇ ਪ੍ਰਤੀਕਰਮ ਸਿਰਜਦੇ ਵਿਖਾਈ ਦਿੰਦੇ ਹਨ ਠੀਕ ਐ ਸਾਇੰਸ ਦਾ ਯੁੱਗ ਹੈ ਅਸੀਂ ਤਰੱਕੀ ਵੀ ਬਹੁਤ ਕਰ ਲਈ ਹੈ ਪਰ ਕੁਝ ਗੱਲਾਂ ਅਜਿਹੀਆਂ ਹਨ ਜੋ ਸਾਨੂੰ ਵਿਨਾਸ਼ ਦੀ ਮੰਜ਼ਿਲ ਤਕ ਲੈ ਜਾਂਦੀਆਂ ਹਨ ਉਨ੍ਹਾਂ ਤੋਂ ਗੁਰੇਜ਼ ਹੀ ਕਰਨ ਦੀ ਲੋੜ ਹੁੰਦੀ ਹੈ । ਸਮੇਂ ਦੇ ਬਦਲਦੇ ਰੰਗ ਵੇਖੋ । ਜੇਕਰ ਪਿਛਲੇ ਸਮੇਂ ਨਾਲੋਂ ਕੁੱਲ ਵਰਤਾਰੇ ਤੇ ਝਾਤੀ ਮਾਰੀਏ ਤਾਂ ਬਹੁਤ ਕੁਝ ਬਦਲਿਆ ਨਜ਼ਰੀਂ ਪੈਂਦਾ ਹੈ ਫਿਲਮਾਂ ਤੋਂ ਲੈ ਕੇ ਕਲਾਕਾਰੀ ਦੇ ਖੇਤਰ ਤਕ ਸਭ ਕੁਝ ਬਦਲ ਚੁੱਕਿਆ ਹੈ । ਮਸ਼ੀਨਰੀ ਨੇ ਵੀ ਆਪੋ ਆਪ ਦੀ ਜਗ੍ਹਾ ਬਦਲਣ ਨੂੰ ਦੇਰ ਨਹੀਂ ਲਾਈ ਜਹਾਜ਼ਾਂ ਨੇ ਦੁਨੀਆਂ ਨੂੰ ਇੱਕ ਪਿੰਡ ਦਾ ਰੂਪ ਦੇ ਦਿੱਤਾ ਹੈ । ਕਹਿਣ ਤੋਂ ਭਾਵ ਕੁੱਲ ਕਾਇਨਾਤੀ ਤੇ ਭਾਵੇਂ ਸਾਇੰਸ ਨੇ ਲੱਖ ਤਰੱਕੀ ਕੀਤੀ ਹੋਵੇ ਪਰ ਪਰ ਸੱਚ ਕਰਕੇ ਜਾਣਿਓ ਮਨਾਂ ਨੂੰ ਸ਼ਾਂਤੀ ਕਿੱਥੇ ਨਸੀਬ ਹੁੰਦੀ ਹੈ ਜੋ ਪਿਛਲੇ ਸਮਿਆਂ ਅੰਦਰ ਮਿਲਦੀ ਸੀ ਖੂਹਾਂ ਉੱਤੇ ਜੁੜਦੇ ਇਕੱਠ ਸਕੂਨ ਮਨ ਦੀ ਦਾਸਤਾਨ ਬਿਆਨ ਕਰਦੇ ਸਨ ਜੋ ਅੱਜ ਸਾਨੂੰ ਕਿਤੇ ਵੀ ਵਿਖਾਈ ਨਹੀਂ ਦਿੰਦਾ । ਇਸ ਤੋਂ ਇਲਾਵਾ ਸੱਚਮੁਚ ਇਨਸਾਨ ਕਿੰਨਾ ਬਦਲ ਚੁੱਕਿਆ ਹੈ ਇਸ ਦੀ ਅਸਲ ਪਰਿਭਾਸ਼ਾ ਤੁਹਾਨੂੰ ਉਦੋਂ ਵਿਖਾਈ ਦਿੰਦੀ ਹੈ ਜਦੋਂ ਅਸੀਂ ਮੁਡ਼੍ਹਕੇ ਝਾਤ ਮਾਰਦੇ ਹਾਂ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ । ਬਿਲਕੁਲ ਸੱਚ ਹੈ ਕਿ ਅਸੀਂ ਸਮੇਂ ਦੇ ਅਨੁਸਾਰ ਬਦਲ ਚੁੱਕੇ ਹਾਂ ।
 ਲੇਖਕ - ਸਿੰਦਰ ਸਿੰਘ ਮੀਰਪੁਰੀ
 ਫਰਿਜ਼ਨੋ ਯੂ.ਐਸ.ਏ.
 5592850841   
                  ‎
                  ‎
                  ‎