
> ਬਾਪੂ ਭੀਮ ਸਿੰਘ ਦਾ ਹੌਸਲਾ, ਦੂਰਅੰਦੇਸ਼ੀ ਅਤੇ ਸਮਾਜਿਕ ਸਾਂਝ ਪ੍ਰਤੀ ਵਚਨਬੱਧਤਾ,,,ਬਘੇਲ ਸਿੰਘ ਧਾਲੀਵਾਲ
> ਕਈ ਵਾਰ ਜ਼ਿੰਦਗੀ ਇਨਸਾਨ ਨੂੰ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰਦੀ ਹੈ, ਜਿੱਥੇ ਵੱਡੇ-ਵੱਡਿਆਂ ਹੌਸਲੇ ਵੀ ਜਵਾਬ ਦੇ ਜਾਂਦੇ ਹਨ। ਜਿਸ ਜਵਾਨ ਪੁੱਤ ਦੀਆਂ ਪੈੜਾਂ ਦੀ ਧਮਕ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਕੰਬਣੀ ਛੇੜ ਦਿੰਦੀ ਸੀ ਅਤੇ ਬਾਪ ਨੇ ਆਪਣੀ ਜ਼ਿੰਦਗੀ ਦੀ ਕਮਾਈ ਆਪਣੇ ਪੁੱਤ ਦੀਆਂ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਸਜਾਉਣ ’ਤੇ ਲਾਈ ਹੋਵੇ, ਉਸੇ ਬਾਪ ਦੇ ਸਾਹਮਣੇ ਜਦੋਂ ਪੁੱਤ ਦੀ ਲਾਸ਼ ਪਈ ਹੋਵੇ ਤਾਂ ਉਸ ਦੇ ਅੰਦਰ ਉੱਠਣ ਵਾਲੇ ਤੂਫ਼ਾਨ ਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਆਮ ਤੌਰ ’ਤੇ ਅਜਿਹੇ ਸਦਮੇ ਨਾਲ ਇਨਸਾਨ ਦੀ ਸੋਚਣ-ਸਮਝਣ ਦੀ ਸ਼ਕਤੀ ਡਗਮਗਾ ਜਾਂਦੀ ਹੈ ਅਤੇ ਅੱਖਾਂ ਵਿੱਚੋਂ ਹੰਝੂ ਮੁੱਕਣ ਦਾ ਨਾਂ ਨਹੀਂ ਲੈਂਦੇ, ਪਰ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਦੀ ਸ਼ਖ਼ਸੀਅਤ ਇਸ ਸਮੇਂ ਇੱਕ ਵੱਖਰੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਉਹ ਇੱਕ ਦੁਖੀ ਪਿਤਾ ਤਾਂ ਹਨ ਹੀ, ਪਰ ਉਨ੍ਹਾਂ ਦੇ ਬਿਆਨਾਂ ਵਿੱਚੋਂ ਇੱਕ ਅਜਿਹੇ ਮਨੁੱਖ ਦੀ ਤਸਵੀਰ ਵੀ ਉੱਭਰਦੀ ਹੈ, ਜਿਹੜਾ ਆਪਣੇ ਨਿੱਜੀ ਦੁੱਖਾਂ ਦੇ ਪਹਾੜ ਹੇਠ ਦੱਬ ਕੇ ਬੈਠਣ ਦੀ ਬਜਾਏ ਦੁੱਖਾਂ ਨੂੰ ਨਿਆਂ ਦੀ ਲੜਾਈ ਵਿੱਚ ਬਦਲਣ ਦਾ ਹੌਸਲਾ ਰੱਖਦਾ ਹੈ। 13 ਅਕਤੂਬਰ 2026 ਨੂੰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਕਰਕੇ ਜਾਣਿਆ ਜਾਂਦਾ ਸੀ। ਉਸ ਦੀ ਮੌਤ ਨੇ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ, ਨੌਜਵਾਨਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਪਰਮਿੰਦਰ ਦੇ ਪਿਤਾ ਭੀਮ ਸਿੰਘ, ਜਿਹੜੇ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਚੁੱਕੇ ਹਨ, ਨੇ ਪੁੱਤ ਦੀ ਹੱਤਿਆ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕਰਦਿਆਂ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣ ਦੀ ਮੰਗ ਉਠਾਈ ਗਈ ਹੈ। ਇੱਥੇ ਇੱਕ ਗੱਲ ਨੂੰ ਸਮਝਣ ਦੀ ਲੋੜ ਹੈ। ਪੁੱਤ ਦੀ ਲਾਸ਼ ਨੂੰ ਸਸਕਾਰ ਲਈ ਨਾ ਲਿਜਾਣਾ ਉਸ ਦੇ ਦੁੱਖ ਦੀ ਗਹਿਰਾਈ ਅਤੇ ਨਿਆਂ ਪ੍ਰਾਪਤ ਕਰਨ ਦੀ ਜ਼ਿੱਦ ਦਾ ਪ੍ਰਗਟਾਵਾ ਹੈ। ਬਾਪੂ ਭੀਮ ਸਿੰਘ ਦੇ ਮਾਮਲੇ ਵਿੱਚ ਪੁੱਤ ਦੀ ਲਾਸ਼ ਸਿਰਫ਼ ਇੱਕ ਪਰਿਵਾਰਕ ਸਦਮੇ ਦੀ ਨਿਸ਼ਾਨੀ ਨਹੀਂ ਰਹੀ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਜਵਾਬ ਮੰਗਣ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਦੀ ਇਸ ਦ੍ਰਿੜ੍ਹਤਾ ਨੂੰ ਸਮਝਣ ਲਈ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਾਬਕਾ ਫ਼ੌਜੀ ਹਨ। ਫ਼ੌਜੀ ਜੀਵਨ ਮਨੁੱਖ ਨੂੰ ਅਨੁਸ਼ਾਸਨ, ਸੰਕਟ ਵਿੱਚ ਸੰਜਮ ਅਤੇ ਔਖੀਆਂ ਹਾਲਤਾਂ ਵਿੱਚ ਫ਼ੈਸਲਾ ਲੈਣ ਦੀ ਸਿਖਲਾਈ ਦਿੰਦਾ ਹੈ। ਪਰ ਇਹ ਕਹਿਣਾ ਵੀ ਵਾਜਬ ਨਹੀਂ ਹੋਵੇਗਾ ਕਿ ਹਰ ਫ਼ੌਜੀ ਆਪਣੇ ਨਿੱਜੀ ਦੁੱਖ ਨੂੰ ਇਸੇ ਤਰ੍ਹਾਂ ਸਹਾਰ ਸਕਦਾ ਹੈ। ਹਰ ਮਨੁੱਖ ਦਾ ਮਨ ਵੱਖਰਾ ਹੁੰਦਾ ਹੈ। ਬਾਪੂ ਭੀਮ ਸਿੰਘ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਦੁੱਖ ਦੇ ਬਾਵਜੂਦ ਆਪਣੀਆਂ ਮੰਗਾਂ ਅਤੇ ਆਪਣੇ ਸੰਘਰਸ਼ ਦੇ ਮਕਸਦ ਨੂੰ ਸਪਸ਼ਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੇ ਪੁੱਤ ਦੀ ਮੌਤ ਨੂੰ ਅੰਤ ਨਹੀਂ ਮੰਨ ਰਹੇ, ਸਗੋਂ ਉਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਅੱਗੇ ਤੋਰਨ ਦੀ ਗੱਲ ਕਰ ਰਹੇ ਹਨ। ਭੀਮ ਸਿੰਘ ਨੇ ਕਿਹਾ ਹੈ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਪੁੱਤ ਵੱਲੋਂ ਵਿੱਢੀ ਲੜਾਈ ਜਾਰੀ ਰੱਖਣਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਕਰਨਗੇ। ਇਹ ਬਿਆਨ ਇੱਕ ਪਿਤਾ ਦੇ ਦੁੱਖ ਨੂੰ ਸਮਾਜਿਕ ਜ਼ਿੰਮੇਵਾਰੀ ਵਿੱਚ ਬਦਲਣ ਦੀ ਮਿਸਾਲ ਹੈ। ਬਾਪੂ ਭੀਮ ਸਿੰਘ ਦੀ ਸ਼ਖ਼ਸੀਅਤ ਦਾ ਇੱਕ ਹੋਰ ਪੱਖ ਵੀ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ। ਉਨ੍ਹਾਂ ਨੇ ਗ੍ਰਹਿ ਮੰਤਰੀ ਦੇ ਸੰਭਾਵੀ ਮਾਨਸਾ ਦੌਰੇ ਦਾ ਸਵਾਗਤ ਕਰਨ ਅਤੇ ਉਨ੍ਹਾਂ ਦਾ ਵਿਰੋਧ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਇੱਛਾ ਸੀ ਕਿ ਜੇਕਰ ਐਕਸ਼ਨ ਕਮੇਟੀ ਨੂੰ ਅਮਿਤ ਸ਼ਾਹ ਦੇ ਧਰਨੇ ਵਿੱਚ ਆਉਣ ਤੇ ਇਤਰਾਜ਼ ਹੈ ਤਾਂ ਅਮਿਤ ਸ਼ਾਹ ਧਰਨੇ ਵਾਲੀ ਥਾਂ ਦੀ ਬਜਾਏ ਉਨ੍ਹਾਂ ਦੇ ਘਰ ਆ ਕੇ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਇਨਸਾਫ਼ ਦਿਵਾਉਣ ਵਿੱਚ ਮਦਦ ਕਰਨ। ਪਰ ਪਤਾ ਨਹੀ ਕਿਉਂ ਐਕਸ਼ਨ ਕਮੇਟੀ ਨੇ ਅਮਿਤ ਸ਼ਾਹ ਦੇ ਪਰਮਿੰਦਰ ਦੇ ਘਰ ਜਾਣ ਦਾ ਵੀ ਵਿਰੋਧ ਕਰ ਦਿੱਤਾ ਹੈ,ਪਰੰਤੂ ਬਾਪੂ ਭੀਮ ਸਿੰਘ ਇਹ ਚਾਹੁੰਦੇ ਸਨ ਕਿ ਅਮਿਤ ਸ਼ਾਹ ਆਉਣ ਤਾਂ ਕਿ ਉਹਨਾਂ ਦੇ ਸਾਹਮਣੇ ਪਰਮਿੰਦਰ ਦਾ ਕੇਸ਼ ਸੀਬੀਆਈ ਨੂੰ ਦੇਣ ਬਾਰੇ ਮੰਗ ਰੱਖੀ ਜਾ ਸਕੇ,ਪਰ ਇਸ ਦੇ ਬਵਜੂਦ ਉਹਨਾਂ ਨੇ ਐਕਸ਼ਨ ਕਮੇਟੀ ਦੇ ਫੈਸ਼ਲੇ ਅੱਗੇ ਸਿਰ ਝੁਕਾਉਂਦਿਆਂ ਅਮਿਤ ਸ਼ਾਹ ਨੂੰ ਧਰਨੇ ਵਿੱਚ ਅਤੇ ਘਰ ਨਾ ਆਉਣ ਦੀ ਅਪੀਲ ਕੀਤੀ ਹੈ। ਇਸ ਤੋਂ ਬਾਪੂ ਭੀਮ ਸਿੰਘ ਸਮੇਤ ਪਰਵਾਰ ਦੀ ਦੂਰਅੰਦੇਸ਼ੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਲਈ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕੌਣ ਕਿਸ ਪਾਰਟੀ ਦਾ ਹੈ, ਕੌਣ ਕਿਸ ਵਿਚਾਰਧਾਰਾ ਨਾਲ ਸਬੰਧਤ ਹੈ ਜਾਂ ਕੌਣ ਕਿਸ ਆਗੂ ਦਾ ਵਿਰੋਧ ਕਰਦਾ ਹੈ,ਬਲਕਿ ਉਨ੍ਹਾਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਨਸਾਫ਼ ਕਿਵੇਂ ਮਿਲੇਗਾ। ਦੇਸ਼ ਦਾ ਗ੍ਰਹਿ ਮੰਤਰੀ ਜੇਕਰ ਕਿਸੇ ਪੀੜਤ ਪਰਿਵਾਰ ਨਾਲ ਮਿਲਣ ਲਈ ਆਉਂਦਾ ਹੈ ਜਾਂ ਉਸ ਨਾਲ ਮੁਲਾਕਾਤ ਦੀ ਸੰਭਾਵਨਾ ਬਣਦੀ ਹੈ, ਤਾਂ ਉਸ ਮੌਕੇ ਨੂੰ ਆਪਣੇ ਦੁੱਖ ਦੀ ਆਵਾਜ਼ ਦੇਸ਼ ਦੀ ਸਰਵ ਉੱਚ ਸਿਆਸੀ ਸੱਤਾ ਤੱਕ ਪਹੁੰਚਾਉਣ ਲਈ ਵਰਤਣਾ ਇੱਕ ਵਿਹਾਰਕ ਸੋਚ ਹੈ। ਕਿਸੇ ਆਗੂ ਨਾਲ ਮੁਲਾਕਾਤ ਕਰਨਾ ਉਸ ਦੀ ਹਰ ਨੀਤੀ ਨਾਲ ਸਹਿਮਤ ਹੋਣਾ ਨਹੀਂ ਹੁੰਦਾ। ਇਸੇ ਤਰ੍ਹਾਂ ਕਿਸੇ ਆਗੂ ਦਾ ਵਿਰੋਧ ਕਰਨਾ ਆਪਣੇ ਆਪ ਵਿੱਚ ਇਨਸਾਫ਼ ਲੈਣ ਦੀ ਗਾਰੰਟੀ ਵੀ ਨਹੀਂ ਬਣ ਜਾਂਦਾ। ਇਸੇ ਲਈ ਬਾਪੂ ਭੀਮ ਸਿੰਘ ਦੇ ਬਿਆਨ ਨੂੰ ਸਿਰਫ਼ ਅਮਿਤ ਸ਼ਾਹ ਦੇ ਹੱਕ ਜਾਂ ਵਿਰੋਧ ਦੇ ਸਿਆਸੀ ਖਾਨੇ ਵਿੱਚ ਰੱਖ ਕੇ ਨਹੀਂ ਦੇਖਣਾ ਚਾਹੀਦਾ। ਇਸ ਨੂੰ ਇੱਕ ਪੀੜਤ ਪਿਤਾ ਦੀ ਉਸ ਕੋਸ਼ਿਸ਼ ਵਜੋਂ ਦੇਖਣ ਦੀ ਲੋੜ ਹੈ, ਜਿਸ ਵਿੱਚ ਉਹ ਆਪਣੇ ਪੁੱਤ ਦੀ ਮੌਤ ਦੇ ਮਾਮਲੇ ਨੂੰ ਨਿਆਂ ਦੇ ਕੇਂਦਰੀ ਮੁੱਦੇ ਵਜੋਂ ਰੱਖਣਾ ਚਾਹੁੰਦਾ ਹੈ।ਹਾਂ, ਇਸ ਦੇ ਨਾਲ ਇੱਕ ਹੋਰ ਗੱਲ ਵੀ ਓਨੀ ਹੀ ਜ਼ਰੂਰੀ ਹੈ। ਕੇਂਦਰੀ ਗ੍ਰਹਿ ਮੰਤਰੀ ਦੀ ਮੁਲਾਕਾਤ ਹੋਵੇ ਜਾਂ ਕੋਈ ਭਰੋਸਾ ਮਿਲੇ, ਉਸ ਦਾ ਅਸਲ ਮੁੱਲ ਉਦੋਂ ਹੀ ਹੋਵੇਗਾ ਜਦੋਂ ਪਰਿਵਾਰ ਦੀਆਂ ਮੰਗਾਂ ਉੱਤੇ ਠੋਸ ਕਾਰਵਾਈ ਹੋਵੇਗੀ। ਸਿਰਫ਼ ਮੁਲਾਕਾਤ ਜਾਂ ਵਾਅਦੇ ਇਨਸਾਫ਼ ਦਾ ਬਦਲ ਨਹੀਂ ਬਣ ਸਕਦੇ। ਇਨਸਾਫ਼ ਲਈ ਨਿਰਪੱਖ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦਾ ਨਤੀਜੇ ਤੱਕ ਪਹੁੰਚਣਾ ਲਾਜ਼ਮੀ ਹੈ। ਬਾਪੂ ਭੀਮ ਸਿੰਘ ਦੇ ਬਿਆਨਾਂ ਵਿੱਚੋਂ ਇੱਕ ਹੋਰ ਮਹੱਤਵਪੂਰਨ ਗੱਲ ਸਾਹਮਣੇ ਆਉਂਦੀ ਹੈ,ਉਹ ਆਪਣੇ ਪੁੱਤ ਦੀ ਮੌਤ ਨੂੰ ਹਿੰਦੂ-ਸਿੱਖ ਵਿਵਾਦ ਦਾ ਰੂਪ ਦੇਣ ਦੇ ਹੱਕ ਵਿੱਚ ਨਹੀਂ ਹਨ। ਉਹ ਸਮਝਦੇ ਹਨ ਕਿ ਅਜਿਹਾ ਕਰਨਾ ਤਾਂ ਅਸਲ ਮੁੱਦੇ ਨੂੰ ਹੋਰ ਉਲਝਾਉਣ ਦੇ ਬਰਾਬਰ ਹੋਵੇਗਾ। ਇਸ ਧਰਤੀ ਦੇ ਲੋਕਾਂ ਨੇ ਇੱਕ-ਦੂਜੇ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਣਾ ਅਤੇ ਔਖੇ ਸਮਿਆਂ ਵਿੱਚ ਇਕੱਠੇ ਖੜ੍ਹਨਾ ਸਿੱਖਿਆ ਹੈ।ਮਾਨਸਾ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਦੁਸਹਿਰੇ ਦਾ ਤਿਉਹਾਰ ਮਨਾਉਣ ਤੋਂ ਨਾ ਰੋਕਣ ਦੀ ਉਨ੍ਹਾਂ ਦੀ ਅਪੀਲ ਨੂੰ ਵੀ ਇਸੇ ਪ੍ਰਸੰਗ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਕਿਸੇ ਪਿਤਾ ਦੇ ਪੁੱਤ ਦੀ ਹੱਤਿਆ ਦਾ ਦੁੱਖ ਆਪਣੀ ਥਾਂ ਬਹੁਤ ਵੱਡਾ ਹੈ, ਪਰ ਉਸ ਦੁੱਖ ਦੇ ਬਾਵਜੂਦ ਦੂਜੇ ਭਾਈਚਾਰੇ ਦੇ ਲੋਕਾਂ ਦੇ ਤਿਉਹਾਰ ਅਤੇ ਧਾਰਮਿਕ ਅਧਿਕਾਰਾਂ ਦਾ ਸਤਿਕਾਰ ਕਰਨ ਦੀ ਸੋਚ ਸਮਾਜਿਕ ਸੂਝ-ਬੂਝ ਦਾ ਪ੍ਰਗਟਾਵਾ ਹੈ। ਪੰਜਾਬ ਦੀ ਅਸਲ ਤਾਕਤ ਵੀ ਇਸੇ ਗੱਲ ਵਿੱਚ ਹੈ ਕਿ ਇਨਸਾਫ਼ ਦੀ ਲੜਾਈ ਲੜਦਿਆਂ ਆਪਸੀ ਸਾਂਝ ਨੂੰ ਕਾਇਮ ਰੱਖਿਆ ਜਾਵੇ। ਬਾਪੂ ਭੀਮ ਸਿੰਘ ਇਸ ਪਦਾਰਥਵਾਦ ਚ ਬੁਰੀ ਤਰਾਂ ਗਰਕ ਚੁੱਕੇ ਸਮਾਜ ਦਾ ਹਿੱਸਾ ਹੁੰਦੇ ਹੋਏ ਵੀ ਆਪਣੀ ਤਿਆਗ ਦੀ ਭਾਵਨਾ ਦਾ ਪੱਲਾ ਵੀ ਨਹੀ ਛੱਡਦੇ,ਉਹ ਆਪਣੇ ਲਈ ਮੁਆਵਜ਼ਾ ਨਹੀਂ ਮੰਗਦੇ, ਸਗੋਂ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕਰਦੇ ਹਨ। ਆਪਣੇ ਪੁੱਤ ਦੀ ਮੌਤ ਦੇ ਸਦਮੇ ਵਿੱਚ ਡੁੱਬਿਆ ਪਿਤਾ ਜੇਕਰ ਆਪਣੇ ਨੁਕਸਾਨ ਦੀ ਥਾਂ ਹੋਰਨਾਂ ਪੀੜਤਾਂ ਦੇ ਨੁਕਸਾਨ ਦੀ ਗੱਲ ਕਰਦਾ ਹੈ, ਤਾਂ ਇਹ ਉਹਨਾਂ ਦੇ ਸਿੱਖੀ ਸੰਸਕਾਰਾਂ ਦੀ ਅਸਲ ਮਹਾਨਤਾ ਦੀ ਗਵਾਹੀ ਹੈ। ਜ਼ਮੀਨ ਕਿਸਾਨ ਲਈ ਸਿਰਫ਼ ਜਾਇਦਾਦ ਨਹੀਂ ਹੁੰਦੀ; ਉਹ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ, ਉਸ ਦੀ ਵਿਰਾਸਤ ਅਤੇ ਉਸ ਦੀ ਜ਼ਿੰਦਗੀ ਦਾ ਆਧਾਰ ਹੁੰਦੀ ਹੈ। ਅਜਿਹੀ ਮੌਕੇ ਜ਼ਮੀਨ ਵੇਚ ਕੇ ਦੂਜਿਆਂ ਦੀ ਮਦਦ ਕਰਨ ਦੀ ਗੱਲ ਕਰਨਾ ਸਿਰਫ਼ ਜਜ਼ਬਾਤੀ ਬਿਆਨ ਨਹੀਂ, ਸਗੋਂ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਦੀ ਭਾਵਨਾ ਦਾ ਪ੍ਰਗਟਾਵਾ ਹੈ। ਸਰਕਾਰਾਂ ਦੀ ਜ਼ਿੰਮੇਵਾਰੀ ਨੂੰ ਕਿਸੇ ਪਿਤਾ ਦੀ ਕੁਰਬਾਨੀ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ। ਜੇ ਗੋਲੀਬਾਰੀ ਵਿੱਚ ਕੁੱਝ ਵਿਅਕਤੀ ਜ਼ਖ਼ਮੀ ਹੋਏ ਹਨ, ਤਾਂ ਉਨ੍ਹਾਂ ਦੀ ਡਾਕਟਰੀ ਸਹਾਇਤਾ, ਕਾਨੂੰਨੀ ਹੱਕਾਂ ਅਤੇ ਮੁਆਵਜ਼ੇ ਬਾਰੇ ਪ੍ਰਸ਼ਾਸਨ ਨੂੰ ਸਪਸ਼ਟ ਨੀਤੀ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ। ਇੱਥੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ, ਸਾਇਦ ਪਹਿਲੀ ਵਾਰ ਉਹਨਾਂ ਨੇ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਸਮਝਣ ਦਾ ਯਤਨ ਕੀਤਾ ਹੈ। ਬਾਪੂ ਭੀਮ ਸਿੰਘ ਸਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪਰਮਿੰਦਰ ਸਿੰਘ ਦੇ ਦੋਵਾਂ ਪੁੱਤਰਾਂ ਦੇ ਨਾਮ 10,10 ਲੱਖ ਦੀ ਐਫਡੀ ਕਰਵਾਉਣ ਦੀ ਪੇਸ਼ਕਸ਼ ਨੂੰ ਇਹ ਕਹਿੰਦਿਆਂ ਠੁਕਰਾ ਦਿੱਤਾ ਕਿ ਮੈ ਗੁਰੂ ਦੀ ਗੋਲਕ ਦਾ ਇੱਕ ਪੈਸਾ ਵੀ ਨਹੀ ਲਵਾਂਗਾ,ਸਗੋਂ ਦੂਜੇ ਜਖਮੀਆਂ ਨੂੰ ਮਦਦ ਦੀ ਵਧੇਰੇ ਲੋੜ ਹੈ,ਉਹਨਾਂ ਦੀ ਮਦਦ ਕੀਤੀ ਜਾਵੇ। ਉਹਨਾਂ ਦੀ ਇਹ ਤਿਆਗ ਦੀ ਭਾਵਨਾ ਅਤੇ ਦ੍ਰਿੜ੍ਹਤਾ ਉਨ੍ਹਾਂ ਨੂੰ ਇੱਕ ਅਸਾਧਾਰਨ ਸ਼ਖ਼ਸੀਅਤ ਬਣਾਉਂਦੀ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਦੁੱਖ ਦੇ ਬਾਵਜੂਦ ਆਪਣੀ ਗੱਲ ਨੂੰ ਸਪਸ਼ਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਨਸਾਫ਼ ਦੀ ਮੰਗ ਕਰਦੇ ਹਨ, ਪਰ ਉਸ ਮੰਗ ਨੂੰ ਕਿਸੇ ਧਰਮ ਦੇ ਵਿਰੁੱਧ ਨਫ਼ਰਤ ਵਿੱਚ ਬਦਲਣ ਦੇ ਹੱਕ ਵਿੱਚ ਨਹੀਂ। ਦੁੱਖ ਵਿੱਚ ਮਨੁੱਖ ਦਾ ਵਿਹਾਰ ਹਰ ਵਾਰ ਇੱਕੋ ਜਿਹਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਇੱਕ ਢੰਗ ਨੂੰ ਹੌਸਲੇ ਦਾ ਮਾਪਦੰਡ ਬਣਾਇਆ ਜਾ ਸਕਦਾ ਹੈ, ਪਰ ਬਾਪੂ ਭੀਮ ਸਿੰਘ ਦੀ ਜਨਤਕ ਭੂਮਿਕਾ ਵਿੱਚੋਂ ਇਹ ਜ਼ਰੂਰ ਸਿੱਖਿਆ ਜਾ ਸਕਦਾ ਹੈ ਕਿ ਸੰਕਟ ਦੀ ਘੜੀ ਵਿੱਚ ਆਪਣੇ ਮਕਸਦ ਨੂੰ ਸਪਸ਼ਟ ਰੱਖਣਾ ਕਿੰਨਾ ਮਹੱਤਵਪੂਰਨ ਹੁੰਦਾ ਹੈ।ਉਨ੍ਹਾਂ ਦੇ ਹੌਸਲੇ ਦੀ ਪ੍ਰਸ਼ੰਸਾ ਕਰਦਿਆਂ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਨਿਆਂ ਦੀ ਲੜਾਈ ਲੰਮੀ ਹੋ ਸਕਦੀ ਹੈ। ਜਦੋਂ ਇੱਕ ਪਰਿਵਾਰ ਆਪਣੇ ਸਭ ਤੋਂ ਪਿਆਰੇ ਜੀਅ ਨੂੰ ਗੁਆ ਲੈਂਦਾ ਹੈ, ਤਾਂ ਉਸ ਦੀ ਜ਼ਿੰਦਗੀ ਵਿੱਚ ਪੈਦਾ ਹੋਏ ਖਲਾਅ ਨੂੰ ਕੋਈ ਸਰਕਾਰੀ ਐਲਾਨ, ਕੋਈ ਮੁਆਵਜ਼ਾ ਅਤੇ ਕੋਈ ਸਿਆਸੀ ਮੁਲਾਕਾਤ ਪੂਰਾ ਨਹੀਂ ਕਰ ਸਕਦੀ। ਪਰ ਨਿਰਪੱਖ ਜਾਂਚ, ਦੋਸ਼ੀਆਂ ਦੀ ਕਾਨੂੰਨੀ ਜਵਾਬਦੇਹੀ, ਪੀੜਤਾਂ ਦੀ ਸੁਰੱਖਿਆ ਅਤੇ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਉਸ ਦੁੱਖ ਨੂੰ ਘੱਟੋ-ਘੱਟ ਨਿਆਂ ਵੱਲ ਲਿਜਾਣ ਦਾ ਰਸਤਾ ਜ਼ਰੂਰ ਬਣ ਸਕਦੀ ਹੈ। ਜਦੋਂ ਕਿਸੇ ਸੰਘਰਸ਼ ਦੀ ਅਗਵਾਈ ਕਰਨ ਵਾਲਾ ਵਿਅਕਤੀ ਆਪਣੀ ਨਿੱਜੀ ਪੀੜ ਨੂੰ ਸਮਾਜ ਦੇ ਵਡੇਰੇ ਹਿਤਾਂ ਨਾਲ ਜੋੜਦਾ ਹੈ, ਤਾਂ ਉਸ ਦੀ ਸ਼ਖਸ਼ੀਅਤ ਅਤੇ ਵਿਚਾਰਾਂ ਦਾ ਘੇਰਾ ਵੀ ਵਿਸਾਲ ਹੋ ਜਾਂਦਾ ਹੈ। ਪਰਵਿੰਦਰ ਸਿੰਘ ਝੋਟੇ ਦੀ ਮੌਤ ਸਿਰਫ਼ ਉਸ ਦੇ ਪਰਿਵਾਰ ਦਾ ਨੁਕਸਾਨ ਨਹੀਂ,ਬਲਕਿ ਇਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਕਮਜੋਰ ਕਰਨ ਵਾਲਾ ਹਮਲਾ ਹੈ ਤਾਂ ਕਿ ਸਮਾਜ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਦੇ ਹੌਸਲੇ ਤੋੜਿਆ ਜਾ ਸਕੇ। ਜਦੋਂ ਇੱਕ ਦੁਖੀ ਪਿਤਾ ਆਪਣੇ ਦੁੱਖ ਦੇ ਵਿਚਕਾਰ ਵੀ ਸਾਂਝ, ਸੰਜਮ ਅਤੇ ਨਿਆਂ ਦੀ ਗੱਲ ਕਰ ਸਕਦਾ ਹੈ, ਤਾਂ ਸਿਆਸੀ ਆਗੂਆਂ, ਸਰਕਾਰਾਂ ਅਤੇ ਸਮਾਜਿਕ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਇਸ ਮਾਮਲੇ ਨੂੰ ਸਿਆਸੀ ਲਾਹੇ ਦਾ ਸਾਧਨ ਬਣਾਉਣ ਦੀ ਬਜਾਏ ਨਿਆਂ ਤੱਕ ਪਹੁੰਚਾਉਣ ਲਈ ਕੰਮ ਕਰਨ। ਬਾਪੂ ਭੀਮ ਸਿੰਘ ਦੇ ਹੌਸਲੇ ਨੂੰ ਸਲਾਮ ਕਰਨ ਦਾ ਸਭ ਤੋਂ ਸਹੀ ਤਰੀਕਾ ਸਿਰਫ਼ ਉਨ੍ਹਾਂ ਦੀ ਤਾਰੀਫ਼ ਕਰਨਾ ਨਹੀਂ ਬਲਕਿ ਉਨ੍ਹਾਂ ਦੇ ਪੁੱਤ ਦੀ ਮੌਤ ਦੇ ਮਾਮਲੇ ਨੂੰ ਪੂਰੀ ਇੱਕਜੁੱਟਤਾ ਨਾਲ ਨਿਰਪੱਖ ਜਾਂਚ ਤੱਕ ਲੈ ਕੇ ਜਾਣਾ ਹੈ। ਇੱਕ ਦੁਖੀ ਪਿਤਾ ਦੀ ਸਭ ਤੋਂ ਵੱਡੀ ਜਿੱਤ ਉਸ ਦੇ ਪੁੱਤ ਦੀ ਮੌਤ ਤੋਂ ਬਾਅਦ ਅਜਿਹਾ ਨਿਆਂ ਸਥਾਪਤ ਕਰਨ ਵਿੱਚ ਹੈ, ਜਿਸ ਨਾਲ ਕਿਸੇ ਹੋਰ ਮਾਂ ਦੀ ਕੁੱਖ ਨਾ ਉੱਜੜੇ, ਕਿਸੇ ਹੋਰ ਮਾਂ ਨੂੰ ਆਪਣੇ ਜਵਾਨ ਪੁੱਤ ਦੀ ਲਾਸ਼ ਸਾਹਮਣੇ ਬੈਠ ਕੇ ਕੀਰਨੇ ਨਾ ਪਾਉਣੇ ਪੈਣ,ਇਨਸਾਫ਼ ਦੀ ਉਡੀਕ ਨਾ ਕਰਨੀ ਪਵੇ ਅਤੇ ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ਿਆਂ ਨਾਲ ਜਾਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਦੀ ਕੀਮਤ ਆਪਣੀ ਜਾਨ ਦੇ ਕੇ ਨਾ ਚੁਕਾਵੇ।
> ਬਘੇਲ ਸਿੰਘ ਧਾਲੀਵਾਲ
> 99142-58142