> ਪਰਮਿੰਦਰ ਸਿੰਘ ਝੋਟੇ ਦੇ ਕਤਲ ਦਾ ਸੰਘਰਸ਼ ਕਿਸੇ ਫਿਰਕੇ ਦਾ ਨਹੀਂ,ਸਗੋਂ ਪੰਜਾਬ ਬਨਾਮ ਪੰਜਾਬ ਵਿਰੋਧੀ ਤਾਕਤਾਂ ਦੀ ਲੜਾਈ> ਬਘੇਲ ਸਿੰਘ ਧਾਲੀਵਾਲ

> ਪਰਮਿੰਦਰ ਸਿੰਘ ਝੋਟੇ ਦੇ ਕਤਲ ਨੂੰ ਹਿੰਦੂ-ਸਿੱਖ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਬੇਹੱਦ ਮੰਦਭਾਗੀਆਂ ਹੀ ਨਹੀਂ, ਸਗੋਂ ਪੰਜਾਬ ਦੇ ਹਿੱਤਾਂ ਲਈ ਘਾਟੇਵੰਦ ਵੀ ਸਾਬਤ ਹੋ ਸਕਦੀਆਂ ਹਨ। ਕੁਝ ਵੀਡੀਓਜ਼ ਅਤੇ ਬਿਆਨਾਂ ਰਾਹੀਂ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਸ ਮੌਕੇ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਕਰਕੇ ਨਸ਼ਿਆਂ ਦੇ ਕਾਰੋਬਾਰ, ਕਾਨੂੰਨ ਵਿਵਸਥਾ ਦੀ ਨਾਕਾਮੀ ਅਤੇ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ ਬਾਰੇ ਗੰਭੀਰ ਚਰਚਾ ਕੀਤੀ ਜਾਵੇ। ਕਿਸੇ ਵੀ ਬੁਲਾਰੇ ਨੂੰ ਕੈਮਰੇ ਸਾਹਮਣੇ ਬੋਲਣ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਉਸ ਦੇ ਸ਼ਬਦ ਪੰਜਾਬ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਦਾ ਕੰਮ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਹੋਰ ਡੂੰਘਾ ਰਹੇ ਹਨ। ਪਰਮਿੰਦਰ ਸਿੰਘ ਝੋਟੇ ਦੀ ਮੌਤ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ, ਸਗੋਂ ਪੰਜਾਬ ਵਿਰੋਧੀ ਤਾਕਤਾਂ ਦਾ,ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਨੂੰ ਖਤਮ ਕਰਨ ਵੱਲ ਪੁੱਟਿਆ ਗਿਆ ਕਦਮ ਹੈ। ਨਸ਼ਿਆਂ ਦੇ ਵਿਰੋਧ ਵਿੱਚ ਡਟਕੇ ਖੜ੍ਹਨ ਵਾਲੇ ਮਨੁੱਖ ਦੀ ਜਾਨ ਚਲੀ ਜਾਣਾ ਸਮੁੱਚੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 13 ਅਕਤੂਬਰ 2026 ਨੂੰ ਮਾਨਸਾ ਵਿੱਚ ਨਸ਼ਿਆਂ ਦੇ ਕਥਿਤ ਗ਼ੈਰ-ਕਾਨੂੰਨੀ ਕਾਰੋਬਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਦਿਨ ਦਿਹਾੜੇ ਲਾਈਵ ਕੈਮਰਿਆਂ ਸਾਹਮਣੇ ਕਤਲ ਕੀਤਾ ਗਿਆ ਹੈ।ਇਸ ਘਟਨਾ ਨੇ ਨਸ਼ਿਆਂ ਦੀ ਸਮੱਸਿਆ ਅਤੇ ਅਜਿਹੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਵਾਲਿਆਂ ਦੀ ਸੁਰੱਖਿਆ ਬਾਰੇ ਮੁੜ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰ ਇਸ ਸਾਰੇ ਮਾਮਲੇ ਵਿੱਚ ਇੱਕ ਗੱਲ ਬਹੁਤ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਝੋਟੇ ਦੇ ਕਾਤਲ ਨੂੰ ਕਿਸੇ ਧਰਮ ਜਾਂ ਫਿਰਕੇ ਦੇ ਨੁਮਾਇੰਦੇ ਵਜੋਂ ਨਹੀਂ, ਸਗੋਂ ਇੱਕ ਸਮਾਜ ਵਿਰੋਧੀ ਅਨਸਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ।ਇਸ ਘਿਨਾਉਣੇ ਅਪਰਾਧ ਨੂੰ ਧਰਮ ਜਾਂ ਫਿਰਕੇ ਨਾਲ ਜੋੜਨਾ ਨਾ ਇਨਸਾਫ਼ ਹੈ ਅਤੇ ਨਾ ਹੀ ਸਮਝਦਾਰੀ।ਇੱਥੇ ਪਰਮਿੰਦਰ ਸਿੰਘ ਝੋਟਾ ਨੇਕੀ ਦਾ ਪਰਤੀਕ ਹੈ,ਸਮਾਜ ਦੀਆਂ ਨਸਲਾਂ ਬਚਉਣ ਦੀ ਪਹਿਰੇਦਾਰੀ ਦਾ ਪ੍ਰਤੀਕ ਹੈ ਜਦੋਕਿ ਨਸ਼ਾ ਤਸਕਰ ਅਸਵਨੀ ਕੁਮਾਰ ਸ਼ਰਮਾ ਬਦੀ ਦਾ ਪ੍ਰਤੀਕ ਹੈ,ਸਮਾਜ ਦਾ ਕਾਤਲ ਹੈ,ਸਮਾਜ ਦੀ ਨਸ਼ਿਆਂ ਰਾਹੀ ਕੀਤੀ ਜਾ ਰਹੀ ਨਸਲਕੁਸ਼ੀ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਝੋਟੇ ਨੂੰ ਸਿੱਖ ਵਜੋਂ ਦੇਖਣ ਤੋਂ ਗੁਰੇਜ਼ ਕਰਨ ਦੀ ਸਲਾਹ ਦੇਣਾ ਵੀ ਵਾਜਬ ਨਹੀਂ। ਉਹ ਗੁਰੂ ਦਾ ਸੱਚਾ ਸਿੱਖ ਸੀ, ਇਹ ਉਸ ਦੀ ਪਛਾਣ ਦਾ ਇੱਕ ਹਿੱਸਾ ਹੈ ਅਤੇ ਉਸ ਪਛਾਣ ਉੱਤੇ ਮਾਣ ਕਰਨਾ ਸਿੱਖਾਂ ਦਾ ਹੱਕ ਹੈ। ਪਰ ਉਸ ਦੀ ਜ਼ਿੰਦਗੀ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ  ਧਾਰਮਿਕ ਪਛਾਣ ਤੱਕ ਸੀਮਤ ਕਰ ਦੇਣਾ ਉਸ ਦੇ ਯੋਗਦਾਨ ਨੂੰ ਛੋਟਾ ਕਰਨਾ ਹੋਵੇਗਾ। ਸਿੱਖੀ, ਮਾਨਵਤਾ ਦੀ ਰਾਖੀ,ਜ਼ੁਲਮ ਵਿਰੁੱਧ ਡਟਣ ਅਤੇ ਕਮਜ਼ੋਰ ਦੀ ਰੱਖਿਆ ਕਰਨ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਕਿਸੇ ਸਿੱਖ ਨੌਜਵਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਕਰਨਾ ਸਿੱਖੀ ਦੇ ਮੂਲ ਸਰੋਕਾਰਾਂ ਨਾਲ ਜੁੜਿਆ ਹੋਇਆ ਫਰਜ ਹੈ। ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਅੱਜ ਵੀ ਅਜਿਹੇ ਯੋਧੇ ਸੂਰਬੀ੍ਰ ਮੌਜੂਦ ਹਨ ਜੋ ਜਾਨ ਤਲੀ ਤੇ ਧਰਕੇ ਸਮਾਜ ਦੀਆਂ ਸਮੱਸਿਆਵਾਂ ਵਿਰੁੱਧ ਆਵਾਜ਼ ਉਠਾਉਣ ਦਾ ਹੌਸਲਾ ਰੱਖਦੇ ਹਨ। ਪਰ ਇਸ ਮਾਣ ਨੂੰ ਗੈਰ ਸਿੱਖ ਭਾਈਚਾਰੇ ਦੇ ਕੁੱਝ ਲੋਕਾਂ ਵੱਲੋਂ ਛੁਟਿਆੳਣ ਦਾ ਯਤਨ ਕਰਨਾ ਜਾਂ ਸਿੱਖ ਭਾਈਚਾਰੇ ਦੇ ਕੁੱਝ ਲੋਕਾਂ ਵੱਲੋਂ ਕਿਸੇ ਹੋਰ ਭਾਈਚਾਰੇ ਦੇ ਵਿਰੋਧ ਵਿੱਚ ਬਦਲਣਾ ਗੈਰ ਵਾਜਬ ਅਤੇ ਰਸਤੇ ਤੋਂ ਭਟਕਣ ਵਾਲਾ ਵਰਤਾਰਾ ਹੋਵੇਗਾ। ਝੋਟੇ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਨ ਵਾਲੇ ਲੋਕਾਂ ਵਿੱਚ ਸਿੱਖ ਵੀ ਹਨ, ਹਿੰਦੂ ਵੀ ਹਨ,ਮੁਸਲਮਾਨ ਵੀ ਹਨ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਹਨ। ਜਿਹੜਾ ਪਿਤਾ ਆਪਣੇ ਪੁੱਤਰ ਨੂੰ ਨਸ਼ਿਆਂ ਦੀ ਭੇਟ ਚੜ੍ਹਨ ਤੋਂ ਬਚਾਉਣਾ ਚਾਹੁੰਦਾ ਹੈ, ਜਿਹੜੀ ਮਾਂ ਆਪਣੇ ਪੁੱਤਰ ਦੇ ਭਵਿੱਖ ਲਈ ਫ਼ਿਕਰਮੰਦ ਹੈ ਅਤੇ ਜਿਹੜਾ ਪਰਿਵਾਰ ਨਸ਼ਿਆਂ ਕਾਰਨ ਬਲ਼ਦੇ ਸਿਵਿਆਂ ਦੀ ਅੱਗ ਦਾ ਸੇਕ ਮਹਿਸੂਸ ਕਰਦੇ ਹਨ,ਉਹਨਾਂ ਲਈ ਪਰਮਿੰਦਰ ਸਿੰਘ ਝੋਟੇ ਦੀ ਮੌਤ ਅਸਹਿ ਹੈ। ਹਰ ਸਮਝਦਾਰ ਪੰਜਾਬੀ ਨਸ਼ਿਆਂ ਦੇ ਇਸ ਸੰਕਟ ਤੋਂ ਡਾਢਾ ਚਿੰਤਤ ਹੈ। ਹਰ ਉਸ ਮਾਪੇ ਦੇ ਮਨ ਵਿੱਚ ਇਹ ਡਰ ਹੈ ਕਿ ਕਿਤੇ ਉਸ ਦਾ ਬੱਚਾ ਇਸ ਦਲਦਲ ਵਿੱਚ ਨਾ ਫਸ ਜਾਵੇ। ਇਸੇ ਕਰਕੇ ਝੋਟੇ ਦੀ ਮੌਤ ਨੇ ਲੋਕ ਮਨਾਂ ਵਿੱਚ ਗੁੱਸਾ ਅਤੇ ਰੋਸ ਪੈਦਾ ਕੀਤਾ ਹੈ। ਇਸ ਸਾਂਝੇ ਦਰਦ ਨੂੰ ਫਿਰਕੂ ਵੰਡ ਵਿੱਚ ਬਦਲਣਾ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਪਰਮਿੰਦਰ ਸਿੰਘ ਝੋਟੇ ਅਤੇ ਅਸ਼ਵਨੀ ਵਿਚਕਾਰ ਕੋਈ ਨਿੱਜੀ ਲੜਾਈ ਮਾਤਰ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਚੱਲਦਾ ਰੱਖਣ ਵਾਲੇ ਤੰਤਰ ਵਿਰੁੱਧ ਲੜਾਈ ਹੈ। ਇਸ ਘਟਨਾ ਦੇ ਸਾਰੇ ਤੱਥ ਜਾਂਚ ਰਾਹੀਂ ਸਾਹਮਣੇ ਆਉਣੇ ਚਾਹੀਦੇ ਹਨ। ਜੇਕਰ ਕਿਸੇ ਰਸੂਖਦਾਰ ਵਿਅਕਤੀ ਜਾਂ ਅਧਿਕਾਰੀ ਦੀ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਵਿੱਚ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਬਿਨਾਂ ਕਿਸੇ ਸਿਆਸੀ ਦਬਾਅ ਦੇ ਕਾਰਵਾਈ ਕਰਵਾਉਣ ਲਈ ਲੋਕ ਏਕਤਾ ਬੇਹੱਦ ਜਰੂਰੀ ਹੈ। ਪਰ ਅਫਸੋਸ ਹੀ ਇਸ ਗੱਲ ਦਾ ਹੈ ਕਿ ਸਰਕਾਰਾਂ ਵੱਲੋਂ ਅਜਿਹਾ ਕੁੱਝ ਵੀ ਨਹੀ ਹੋਣਾ,ਜੋ ਲੋਕ ਹਿਤ ਵਿੱਚ ਹੋਵੇ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਇੰਨੀ ਗੰਭੀਰ ਕਿਉਂ ਬਣੀ ਹੋਈ ਹੈ? ਜੇਕਰ ਸਰਕਾਰਾਂ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਂਦੀਆਂ ਹਨ, ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਕਰਦੀਆਂ ਹਨ ਅਤੇ ਹਰ ਰੋਜ਼ ਕਾਰਵਾਈਆਂ ਦੀਆਂ ਖ਼ਬਰਾਂ ਛਪਦੀਆਂ ਹਨ, ਤਾਂ ਫਿਰ ਐਨੀ ਵੱਡੀ ਤਾਦਾਦ ਵਿੱਚ ਨਸ਼ਾ ਮੁੜ ਮੁੜ ਕਿੱਥੋ ਆਉਂਦਾ ਹੈ। ਪੰਜਾਬ ਪੁਲਿਸ ਦੇ ਆਏ ਦਿਨ ਕਿਸੇ ਨਾ ਕਿਸੇ ਸਹਿਰ ਦੇ ਬਦਨਾਮ ਇਲਾਕੇ ਦੀ ਤਲਾਸ਼ੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ,ਪਰ ਉਸ ਇਲਾਕੇ ਚੋ ਪੁਲਿਸ ਦੇ ਵਾਪਸ ਚਲੇ ਜਾਣ ਤੋ ਬਾਅਦ ਤੁਰੰਤ ਨਸ਼ੇ ਦੀ ਸਪਲਾਈ ਫਿਰ ਸ਼ੁਰੂ ਹੋ ਜਾਂਦੀ ਹੈ। ਜੇਕਰ ਸਰਕਾਰੀ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਦਾ ਕਾਰੋਬਾਰ ਜਾਰੀ ਰਹਿੰਦਾ ਹੈ ਤਾਂ ਸਿਰਫ਼ ਅੰਕੜੇ ਪੇਸ਼ ਕਰਨ ਦੀ ਬਜਾਏ ਇਹ ਦੱਸਣਾ ਪਵੇਗਾ ਕਿ ਇਸ ਕਾਰੋਬਾਰ ਦੀਆਂ ਜੜ੍ਹਾਂ ਕਿਉਂ ਨਹੀਂ ਪੁੱਟੀਆਂ ਜਾ ਰਹੀਆਂ। ਇਹੋ ਕਾਰਨ ਹੈ ਕਿ ਲੋਕਾਂ ਦਾ ਭਰੋਸਾ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਤੋ ਪੂਰੀ ਤਰਾਂ ਉੱਠ ਚੁੱਕਾ ਹੈ। ਜੇਕਰ ਕੋਈ ਵਿਅਕਤੀ ਨਸ਼ਿਆਂ ਦੇ ਕਥਿਤ ਕਾਰੋਬਾਰ ਨੂੰ ਬੇਨਕਾਬ ਕਰਨ ਲਈ ਅੱਗੇ ਆਉਂਦਾ ਹੈ ਤਾਂ ਉਸ ਤੇ ਜਾਂ ਤਾਂ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਫਿਰ ਉਹਦਾ ਹਸ਼ਰ ਪਰਮਿੰਦਰ ਸਿੰਘ ਝੋਟੇ ਵਾਲਾ ਹੁੰਦਾ ਹੈ। ਨਸ਼ਿਆਂ ਦੀ ਇੱਸ ਸਮੱਸਿਆ ਨੂੰ ਸਮਝਣ ਲਈ ਇਹ ਸਮਝਣਾ ਹੋਰ ਵੀ ਮਹੱਤਵਪੂਰਨ ਹੈ ਕਿ ਇੱਹ ਮਹਿਜ਼ ਕਿਸੇ ਦਵਾਈ ਵਿਕਰੇਤਾ ਵਿਰੁੱਧ ਨਸ਼ੀਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਦਾ ਮਸਲਾ ਨਹੀ ਹੈ,ਬਲਕਿ  ਇਸ ਘਟਨਾ ਨੂੰ  ਇੱਕ ਯੋਜਨਾਬੱਧ ਸਾਜ਼ਿਸ਼ ਵਜੋ ਸਮਝਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਦਾ ਤਜਰਬਾ ਇਹ ਰਿਹਾ ਹੈ ਕਿ ਕਿਸੇ ਵੱਡੀ ਘਟਨਾ ਤੋਂ ਬਾਅਦ ਲੋਕ ਸੜਕਾਂ ਉੱਤੇ ਉਤਰਦੇ ਹਨ, ਰੋਸ ਪ੍ਰਦਰਸ਼ਨ ਹੁੰਦੇ ਹਨ, ਸਿਆਸੀ ਆਗੂ ਬਿਆਨ ਦਿੰਦੇ ਹਨ, ਸਰਕਾਰਾਂ ਕਾਰਵਾਈ ਦਾ ਭਰੋਸਾ ਦਿੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਮਸਲਾ ਹੌਲੀ-ਹੌਲੀ ਲੋਕਾਂ ਦੀ ਯਾਦ ਵਿੱਚੋਂ ਪਿੱਛੇ ਚਲਾ ਜਾਂਦਾ ਹੈ। ਪਰ ਜਿਹੜੀਆਂ ਸਮੱਸਿਆਵਾਂ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਉਹ ਜਿਉਂ ਦੀਆਂ ਤਿਉਂ ਰਹਿ ਜਾਂਦੀਆਂ ਹਨ। ਲੋਕਾਂ ਦਾ ਗੁੱਸਾ ਠੰਢਾ ਹੋ ਜਾਂਦਾ ਹੈ, ਪਰਿਵਾਰ ਆਪਣੇ ਦੁੱਖ ਨਾਲ ਇਕੱਲੇ ਲੜਦੇ ਰਹਿ ਜਾਂਦੇ ਹਨ ਅਤੇ ਤੰਤਰ ਦੀ ਜਵਾਬਦੇਹੀ ਦਾ ਸਵਾਲ ਮੁੜ ਅਣਗੌਲਿਆ ਹੋ ਜਾਂਦਾ ਹੈ। ਇਸ ਵਾਰ ਵੀ ਇਹ ਖ਼ਤਰਾ ਦਰਪੇਸ਼ ਹੈ। ਪਰਮਿੰਦਰ ਸਿੰਘ ਝੋਟੇ ਦੀ ਮੌਤ ਉੱਤੇ ਲੱਖਾਂ ਲੋਕਾਂ ਦੀ ਹਮਦਰਦੀ ਜੁੜ ਰਹੀ ਹੈ,ਵੱਡੇ ਇਕੱਠ ਹੋ ਰਹੇ ਹਨ ਅਤੇ ਸਰਕਾਰ ਕੁਝ ਮੰਗਾਂ ਮੰਨ ਲਵੇਗੀ,ਕੁੱਝ ਲਾਰਿਆਂ ਵਿੱਚ ਲਟਕਾ ਦਿੱਤਾ ਜਾਵੇਗਾ ਅਤੇ ਲੋਕ ਏਕਤਾ ਨੂੰ ਤੋੜਨ ਦੇ ਯਤਨ ਹੋਣਗੇ,ਪਰ ਜੇਕਰ ਨਸ਼ਿਆਂ ਦੀ ਸਪਲਾਈ, ਗ਼ੈਰ-ਕਾਨੂੰਨੀ ਵਿਕਰੀ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਦੇ ਸਵਾਲਾਂ ਦਾ ਪੱਕਾ ਹੱਲ ਨਾ ਨਿਕਲਿਆ ਤਾਂ ਜਵਾਬਦੇਹੀ ਕੀਹਦੀ ਹੋਵੇਗੀ। ਇਸ ਸੰਦਰਭ ਵਿੱਚ 15 ਅਕਤੂਬਰ 2026 ਨੂੰ ਪੰਜਾਬ ਬੰਦ ਦੌਰਾਨ ਹੋਏ ਵਿਆਪਕ ਰੋਸ ਨੇ ਦਿਖਾਇਆ ਹੈ ਕਿ ਇਹ ਮਾਮਲਾ ਸਿਰਫ਼ ਮਾਨਸਾ ਤੱਕ ਸੀਮਤ ਨਹੀਂ ਰਿਹਾ। ਵੱਖ-ਵੱਖ ਥਾਵਾਂ ਉੱਤੇ ਲੋਕਾਂ ਨੇ ਇਸ ਘਟਨਾ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਨਿਰਪੱਖ ਜਾਂਚ ਤੇ ਜਵਾਬਦੇਹੀ ਦੀ ਮੰਗ ਉੱਠੀ। ਇਹ ਲੋਕਾਂ ਦੇ ਗੁੱਸੇ ਦਾ ਪਰਮਾਣ ਹੈ, ਪਰ ਇਸ ਗੁੱਸੇ ਨੂੰ ਸਥਾਈ ਅਤੇ ਨਤੀਜਾਕੁਨ ਕਾਰਵਾਈ ਵਿੱਚ ਬਦਲਣਾ ਹੀ ਅਸਲ ਚੁਣੌਤੀ ਹੈ। ਜਿਹੜੇ ਲੋਕ ਇਸ ਘਟਨਾ ਨੂੰ ਜਾਣੇ ਅਣਜਾਣੇ ਵਿੱਚ ਫਿਰਕੂ ਰੰਗਤ ਦੇਣ ਦੀ ਗਲਤੀ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਨਾਲ ਕਿਸ ਨੂੰ ਲਾਭ ਹੋਵੇਗਾ, ਕੀ ਇਸ ਨਾਲ ਨਸ਼ਿਆਂ ਦਾ ਕਾਰੋਬਾਰ ਬੰਦ ਹੋ ਜਾਵੇਗਾ,ਕੀ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇਗਾ,ਕੀ ਪ੍ਰਸ਼ਾਸਨਿਕ ਜਵਾਬਦੇਹੀ ਤੈਅ ਕਰਵਾਈ ਜਾ ਸਕੇਗੀ,ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੈ। ਫਿਰ ਅਜਿਹੀ ਬਿਆਨਬਾਜ਼ੀ ਦਾ ਕੀ ਲਾਭ ਜਿਹੜੀ ਅਪਣੇ ਹੀ ਲੋਕਾਂ ਦੇ,ਆਪਣੇ ਸਮਾਜ ਦੇ ਖਿਲਾਫ ਜਾਂਦੀ ਹੋਵੇ। ਕੈਮਰੇ ਸਾਹਮਣੇ ਬੋਲਣ ਵਾਲੇ ਹਰ ਆਗੂ, ਸਮਾਜਿਕ ਕਾਰਕੁਨ ਅਤੇ ਬੁਲਾਰੇ ਨੂੰ ਆਪਣੇ ਸ਼ਬਦਾਂ ਦੀ ਚੋਣ ਬਹੁਤ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਗੁੱਸਾ ਹੋਣਾ ਸੁਭਾਵਿਕ ਹੈ, ਪਰ ਗੁੱਸੇ ਨੂੰ ਅਜਿਹੀ ਦਿਸ਼ਾ ਦੇਣੀ ਚਾਹੀਦੀ ਹੈ ਜਿਹੜੀ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲੈਕੇ ਆਉਣ ਲਈ ਮਜਬੂਰ ਕਰਦੀ ਹੋਵੇ, ਨਾ ਕਿ ਦੋ ਭਾਈਚਾਰਿਆਂ ਵਿਚਕਾਰ ਬੇਭਰੋਸਗੀ ਪੈਦਾ ਕਰੇ,ਬਲਕਿ ਪੰਜਾਬ ਨੂੰ ਅੱਜ ਅਜਿਹੇ ਆਗੂਆਂ ਦੀ ਲੋੜ ਹੈ ਜੋ ਲੋਕਾਂ ਨੂੰ ਜੋੜਨ, ਸੱਚ ਬੋਲਣ ਅਤੇ ਸਰਕਾਰ ਤੋਂ ਜਵਾਬ ਮੰਗਣ ਦਾ ਹੌਸਲਾ ਰੱਖਦੇ ਹੋਣ। ਇਸ ਮਾਮਲੇ ਵਿੱਚ ਨਿਆਂ ਦੀ ਮੰਗ ਵੀ ਸਪੱਸ਼ਟ ਹੋਣੀ ਚਾਹੀਦੀ ਹੈ: ਕਤਲ ਦੇ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਹੋਵੇ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਬੂਤਾਂ ਅਨੁਸਾਰ ਕਾਨੂੰਨੀ ਕਾਰਵਾਈ ਹੋਵੇ, ਨਸ਼ਿਆਂ ਦੀ ਕਥਿਤ ਗ਼ੈਰ-ਕਾਨੂੰਨੀ ਵਿਕਰੀ ਦੇ ਦੋਸ਼ਾਂ ਦੀ ਵੱਖਰੇ ਤੌਰ ਉੱਤੇ ਜਾਂਚ ਹੋਵੇ ਅਤੇ ਜੇਕਰ ਕਿਸੇ ਪੁਲਿਸ ਅਧਿਕਾਰੀ ਜਾਂ ਸਰਕਾਰੀ ਕਰਮਚਾਰੀ ਦੀ ਲਾਪਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਜਵਾਬਦੇਹ ਬਣਾਇਆ ਜਾਵੇ। ਇਸ ਦੇ ਨਾਲ ਹੀ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਲਈ ਠੋਸ ਪ੍ਰਬੰਧ ਕੀਤੇ ਜਾਣ। ਇਹ ਮੰਗਾਂ ਕਿਸੇ ਇੱਕ ਫਿਰਕੇ ਦੀਆਂ ਨਹੀਂ, ਸਗੋਂ ਹਰ ਪੰਜਾਬੀ ਦੀਆਂ ਮੰਗਾਂ ਹਨ। ਅੰਤ ਵਿੱਚ ਗੱਲ ਮੁੜ ਉੱਥੇ ਹੀ ਆਉਂਦੀ ਹੈ ਕਿ ਪਰਮਿੰਦਰ ਸਿੰਘ ਝੋਟੇ ਦੀ ਮੌਤ ਨੂੰ ਹਿੰਦੂ-ਸਿੱਖ ਮੁੱਦਾ ਬਣਾਉਣਾ ਉਸ ਦੇ ਸੰਘਰਸ਼ ਦੀ ਮਹੱਤਤਾ ਨੂੰ ਘਟਾਉਣ ਦੇ ਬਰਾਬਰ ਹੋਵੇਗਾ। ਉਸ ਦੀ ਮੌਤ ਨੇ ਪੰਜਾਬ ਸਾਹਮਣੇ ਨਸ਼ਿਆਂ ਦੇ ਸੰਕਟ, ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਦੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸਵਾਲਾਂ ਤੋਂ ਧਿਆਨ ਹਟਾ ਕੇ ਫਿਰਕੂ ਬਹਿਸ ਵਿੱਚ ਉਲਝਣਾ ਪੰਜਾਬ ਦੇ ਹਿੱਤਾਂ ਨਾਲ ਇਨਸਾਫ਼ ਨਹੀਂ ਹੋਵੇਗਾ। ਝੋਟੇ ਦੀ ਮੌਤ ਦਾ ਦੁੱਖ ਸਾਂਝਾ ਹੈ, ਨਸ਼ਿਆਂ ਦਾ ਦਰਦ ਸਾਂਝਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਸਾਂਝੀ ਹੈ। ਉਸ ਨੂੰ ਸਿੱਖ ਵਜੋਂ ਮਾਣ ਨਾਲ ਯਾਦ ਕੀਤਾ ਜਾਵੇਗਾ ,ਪਰ ਉਸ ਦੇ ਸੰਘਰਸ਼ ਨੂੰ ਹਰ ਪੰਜਾਬੀ ਦਾ ਸੰਘਰਸ਼ ਹੀ ਮੰਨਿਆ ਜਾਣਾ ਚਾਹੀਦਾ ਹੈ। ਜੋ ਓਨੀ ਦੇਰ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ,ਜਿੰਨੀ ਦੇਰ ਇਸ ਕੋੜ੍ਹ ਨੂੰ ਵੱਢ ਨਹੀ ਦਿੱਤਾ ਜਾਂਦਾ। ਹਿੰਦੂ ਅਤੇ ਸਿੱਖ ਦੋਵਾਂ ਭਾਈਚਾਰਿਆਂ ਦੇ ਆਗੂਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਅਜਿਹੀ ਬਿਆਨਬਾਜ਼ੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ। ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ, ਨਸ਼ਿਆਂ ਦੇ ਕਾਰੋਬਾਰ ਦੀਆਂ ਜੜ੍ਹਾਂ ਤੱਕ ਪਹੁੰਚਣਾ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੀ ਇਸ ਵੇਲੇ ਸਭ ਤੋਂ ਵੱਡਾ ਫ਼ਰਜ਼ ਅਤੇ ਨਿਸ਼ਾਨਾ ਹੋਣਾ ਚਾਹੀਦਾ ਹੈ। ਜੇਕਰ ਇਸ ਘਟਨਾ ਤੋਂ ਬਾਅਦ ਵੀ ਇਕੱਠੇ ਨਹੀਂ ਹੋ ਸਕਦੇ, ਤਾਂ ਫਿਰ ਪੰਜਾਬ ਦੇ ਭਵਿੱਖ ਬਾਰੇ ਚਿੰਤਾ ਕਰਨ ਦਾ ਕੋਈ ਅਰਥ ਨਹੀ ਹੈ। ਪਰਮਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਲੜੇ ਜਾ ਰਹੇ ਸੰਘਰਸ਼ ਦਾ ਸ਼ਹੀਦ ਹੈ,ਜਿਸਨੂੰ ਸਰਬਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।ਸੋ ਉਸ ਮਹਾਂਨ ਯੋਧੇ,ਮਹਾਂਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ  ਇਹ ਹੀ ਹੋਵੇਗੀ ਕਿ ਪੰਜਾਬ ਨੂੰ ਬਚਾਉਣ ਲਈ ਇਸ ਸਾਂਝੇ ਸੰਘਰਸ਼ ਦੀ ਆਵਾਜ਼ ਬਣਿਆ ਜਾਵੇ,ਇਹ ਹੀ ਪੰਜਾਬ ਦੇ ਭਲੇ ਦਾ ਰਾਹ ਹੈ।
> ਬਘੇਲ ਸਿੰਘ ਧਾਲੀਵਾਲ
> 99142-58142