
ਚੁੰਝਾਂ ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
13.10.2026
‘ਯੁੱਧ ਨਸ਼ਿਆਂ ਵਿਰੁੱਧ’ ਦੀ ਟੀ-ਸ਼ਰਟ ਪਾ ਕੇ ਡਰੱਗ ਵੇਚ ਰਿਹਾ ਨੌਜਵਾਨ ਫੜਿਆ ਗਿਆ- ਇਕ ਖ਼ਬਰ
ਬਗਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।
ਭਾਜਪਾ ਜਿੰਨੇ ਮਰਜ਼ੀ ਛਾਪੇ ਮਰਵਾ ਲਵੇ, ਸਾਡੇ ਕੋਲੋਂ ਕੁਝ ਨਹੀਂ ਲੱਭਣਾ- ਭਗਵੰਤ ਮਾਨ
ਨੰਗਾ ਪੁੱਤ ਚੋਰਾਂ ‘ਚ ਖੇਲੇ।
ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾ ਫ਼ਾਸ਼- ਮੰਤਰੀ ਗੋਇਲ
ਇਹ ਪਰਦੇ ਤਾਂ ਕਈ ਸਾਲਾਂ ਤੋਂ ਫ਼ਾਸ਼ ਹੋ ਰਹੇ ਐ, ਬਸ ਐਕਸ਼ਨ ਹੀ ਨਹੀਂ ਹੁੰਦਾ ਕੋਈ।
ਅਮਰਜੀਤ ਸਿੰਘ ਚਾਵਲਾ ਕੇਸ ਦੀ ਪੜਤਾਲ ਸੀ.ਬੀ.ਆਈ. ਤੋਂ ਕਰਵਾਈ ਜਾਵੇ- ਐਡਵੋਕੇਟ ਧਾਮੀ
ਕਿਉਂਕਿ ਸੀ.ਬੀ.ਆਈ. ਸਾਡੀ ਭੂਆ ਐ, ਭਤੀਜਿਆਂ ਨੂੰ ਉਹ ਤੱਤੀ ਹਵਾ ਨਹੀਂ ਲੱਗਣ ਦੇਵੇਗੀ।
ਕਾਨੂੰਨ ਤੋੜਿਆ ਤਾਂ ਚੋਣ ਕਮਿਸ਼ਨ ਦੇ ਫ਼ੈਸਲੇ ਹੋਣਗੇ ਰੱਦ- ਸੁਪਰੀਮ ਕੋਰਟ
ਹੁਣ ਹੋਰ ਕਿਹੜੇ ਸਬੂਤ ਚਾਹੀਦੇ ਆ, ਸਭ ਕੁਝ ਤਾਂ ਹੋ ਗਿਆ ਨੰਗਾ ਸੁਪਰੀਮ ਕੋਰਟ ਜੀ।
ਭਾਰਤ ‘ਚ ਅਧਿਆਪਕਾਂ ਦੀਆਂ 11 ਲੱਖ ਆਸਾਮੀਆਂ ਖ਼ਾਲੀ- ਯੂਨੈਸਕੋ
ਨਾ ਕੋਈ ਪੜ੍ਹੇ ਲਿਖੇ ਤੇ ਨਾ ਮੰਗੇ ਨੌਕਰੀ।
ਜੰਮੂ ‘ਚ ਸਿੱਖਾਂ ਵਲੋਂ ਪੰਜਾਬੀ ਭਾਸ਼ਾ ਦੀ ਬਹਾਲੀ ਲਈ ਪ੍ਰਦਰਸ਼ਨ- ਇਕ ਖ਼ਬਰ
ਨਹਿਰੂ ਵਲੋਂ ਦਿਤਾ ਹੋਇਆ ਨਿੱਘ ਮਾਣੋ ਸਿੱਖੋ।
ਪੰਜਾਬ ‘ਚ ਹੁਣ ਬਦਲਾਅ ਦੀ ਲੋੜ- ਮਨੋਜ ਤਿਵਾੜੀ
ਤਿਵਾੜੀ ਸਾਬ ਕੇਂਦਰ ਬਾਰੇ ਕੀ ਖਿਆਲ ਐ?
ਪਾਕਿਸਤਾਨ ਨੇ ਮੱਕਾ ਸਮਝੌਤੇ ਤੋਂ ਪੈਰ ਪਿਛਾਂਹ ਖਿੱਚਣੇ ਸ਼ੁਰੂ ਕੀਤੇ- ਇਕ ਖ਼ਬਰ
ਕੋਹ ਤੁਰੀ ਨਾ ਅਖੇ ਬਾਬਾ ਤ੍ਰਿਹਾਈ।
ਚਾਵਲਾ ਮਾਮਲੇ ‘ਚ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ- ਬਲਤੇਜ ਪੰਨੂੰ
ਚੋਰ ਦੀ ਮਾਂ ਕੋਠੀ ‘ਚ ਮੂੰਹ।
ਮੌਜੂਦਾ 111 ਸਾਂਸਦਾਂ ਅਤੇ ਵਿਧਾਇਕਾਂ ਨੇ ਬਦਲੀ ਪਾਰਟੀ- ਏ.ਡੀ.ਆਰ.
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।
ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਕਾਰਨ ਜਨਤਾ ਹੋਈ ਪ੍ਰੇਸ਼ਾਨ- ਇਕ ਖ਼ਬਰ
ਸੀ.ਜੇ.ਪੀ. ਕਰ ਕੇ ਨਹੀਂ ਪੁਲਿਸ ਦੀਆਂ ਧਾੜਾਂ ਕਰ ਕੇ ਜਨਤਾ ਪ੍ਰੇਸ਼ਾਨ ਹੋਈ।
ਅਹੁਦਾ ਸੰਭਾਲਣ ਤੋਂ ਪਹਿਲਾਂ ਫੂਕ- ਫੂਕ ਕੇ ਕਦਮ ਰੱਖ ਰਹੇ ਹਨ ਪਰਗਟ ਸਿੰਘ- ਇਕ ਖ਼ਬਰ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ, ਸਾਰਾ ਪਿੰਡ ਵੈਰ ਪੈ ਗਿਆ।
ਪ੍ਰਧਾਨ ਧਾਮੀ ਨੂੰ ਸੰਗਤਾਂ ਦੇ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ- ਪੁਨਰ ਸੁਰਜੀਤ ਅਕਾਲੀ ਦਲ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਂਗਾ?
ਵਿਵਾਦਾਂ ‘ਚ ਘਿਰੇ ਚੋਣ ਕਮਿਸ਼ਨ ਨੇ ਲਏ ਅਹਿਮ ਫ਼ੈਸਲੇ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
================================================================================