ਪਲੇਗ ਦੀ ਬਿਮਾਰੀ ਵਾਂਗ ਵਧਦੀ ਜਾ ਰਹੀ ਮੌਤ ਦਰ,ਪੱਛਮੀ ਤਰਜ਼ ਏ ਜਿੰਦਗੀ ਦੇ ਦੁਰ-ਪ੍ਰਭਾਵ ਦਾ ਭਿਆਨਕ ਨਤੀਜਾ...ਬਘੇਲ ਸਿੰਘ ਧਾਲੀਵਾਲ

ਪੁਰਾਣੇ ਸਮਿਆਂ ਵਿੱਚ ਜਦੋਂ ਪਲੇਗ ਵਰਗੀ ਭਿਆਨਕ ਬਿਮਾਰੀ ਫੈਲਦੀ ਸੀ ਤਾਂ ਮੌਤ ਦਾ ਅਜਿਹਾ ਤਾਂਡਵ ਹੁੰਦਾ ਸੀ ਕਿ ਲੋਕਾਂ ਨੂੰ ਆਪਣੇ ਸਕੇ-ਸਬੰਧੀਆਂ ਦੇ ਸਸਕਾਰ ਕਰਨ ਦੀ ਵੀ ਵਿਹਲ ਨਹੀਂ ਮਿਲਦੀ ਸੀ। ਬਜ਼ੁਰਗ ਦੱਸਿਆ ਕਰਦੇ ਸਨ ਕਿ ਚਾਰ-ਚਾਰ ਵਿਅਕਤੀਆਂ ਦਾ ਸਸਕਾਰ ਕਰਕੇ ਜਦੋਂ ਲੋਕ ਵਾਪਸ ਘਰਾਂ ਨੂੰ ਮੁੜਦੇ ਸਨ ਤਾਂ ਉਦੋਂ ਤੱਕ ਹੋਰ ਮੌਤਾਂ ਹੋਣ ਦੀ ਹਾਲ ਦੁਹਾਈ ਮੱਚੀ ਹੁੰਦੀ ਸੀ।ਪਿੰਡਾਂ ਵਿੱਚ ਅਜਿਹਾ ਸਹਿਮ ਛਾ ਜਾਂਦਾ ਸੀ ਕਿ ਹਰ ਘਰ ਵਿੱਚੋਂ ਉੱਠਦੀ ਚੀਕ ਮਨੁੱਖੀ ਜੀਵਨ ਦੀ ਬੇਵਸੀ ਦਾ ਅਹਿਸਾਸ ਕਰਵਾਉਂਦੀ ਸੀ। ਇਹ  ਬਜ਼ੁਰਗਾਂ  ਦੀਆਂ ਅਭੁੱਲ ਯਾਦਾਂ ਦੇ ਨਾਲ ਸਾਡੇ ਇਤਿਹਾਸ ਦੇ ਉਹ ਦਰਦਨਾਕ ਪੰਨੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਰੂਹ ਕੰਬ ਉੱਠਦੀ ਹੈ।1896 ਵਿੱਚ ਭਾਰਤ ਅੰਦਰ ਸ਼ੁਰੂ ਹੋਈ ਪਲੇਗ ਦੀ ਮਹਾਂਮਾਰੀ ਨੇ ਲੰਮੇ ਸਮੇਂ ਤੱਕ ਤਬਾਹੀ ਮਚਾਈ। ਇਤਿਹਾਸਕ ਹਵਾਲਿਆਂ ਅਨੁਸਾਰ 1896 ਤੋਂ 1914 ਤੱਕ ਭਾਰਤ ਵਿੱਚ ਪਲੇਗ ਕਾਰਨ 80 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਪੰਜਾਬ ਵਿੱਚ ਵੀ ਇਸ ਬਿਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ। ਪਰ 1918 ਦਾ ਸਾਲ ਇੱਕ ਹੋਰ ਵੱਡੀ ਤਬਾਹੀ ਲੈ ਕੇ ਆਇਆ। ਉਸ ਸਮੇਂ ਫੈਲੀ ਇਨਫਲੂਐਂਜ਼ਾ ਦੀ ਮਹਾਂਮਾਰੀ, ਜਿਸ ਨੂੰ ਆਮ ਤੌਰ ’ਤੇ ਸਪੈਨਿਸ਼ ਫਲੂ ਕਿਹਾ ਜਾਂਦਾ ਹੈ, ਨੇ ਭਾਰਤ ਵਿੱਚ ਲੱਖਾਂ ਨਹੀਂ, ਸਗੋਂ ਕਰੋੜਾਂ ਲੋਕਾਂ ਦੀ ਜਾਨ ਲੈ ਲਈ। ਪੰਜਾਬ ਵਿੱਚ ਅਕਤੂਬਰ ਤੋਂ ਦਸੰਬਰ 1918 ਦੇ ਸਿਰਫ਼ ਤਿੰਨ ਮਹੀਨਿਆਂ ਦੌਰਾਨ ਹੀ ਇਨਫਲੂਐਂਜ਼ਾ ਨਾਲ 9,62,937 ਮੌਤਾਂ ਦਰਜ ਕੀਤੀਆਂ ਗਈਆਂ। ਇਤਿਹਾਸ ਦੇ ਇਹ ਅੰਕੜੇ ਦੱਸਦੇ ਹਨ ਕਿ ਮਹਾਂਮਾਰੀਆਂ ਸਿਰਫ਼ ਮਨੁੱਖੀ ਜੀਵਨ ਹੀ ਨਹੀਂ ਖੋਹਦੀਆਂ, ਸਗੋਂ ਪੂਰੇ ਸਮਾਜ ਦੀ ਆਰਥਿਕ, ਸਮਾਜਿਕ ਅਤੇ ਪਰਿਵਾਰਕ ਬਣਤਰ ਨੂੰ ਵੀ ਹਿਲਾ ਕੇ ਰੱਖ ਦਿੰਦੀਆਂ ਹਨ।ਉਪਰੋਕਤ ਬਿਮਾਰੀਆਂ ਦੇ ਫੈਲਣ ਕਾਰਨ ਇਲਾਜ ਦੀ ਘਾਟ ਹੀ ਸੀ।ਸਮਾਂ ਬਦਲਿਆ, ਦੁਨੀਆਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ। ਮਨੁੱਖ ਚੰਨ ਤੱਕ ਪਹੁੰਚ ਗਿਆ, ਸਮੁੰਦਰਾਂ ਦੀਆਂ ਡੂੰਘਾਈਆਂ ਮਾਪ ਲਈਆਂ ਅਤੇ ਅਜਿਹੀਆਂ ਦਵਾਈਆਂ ਤਿਆਰ ਕਰ ਲਈਆਂ ਜਿਨ੍ਹਾਂ ਨੇ ਕਦੇ ਲਾਇਲਾਜ ਸਮਝੀਆਂ ਜਾਂਦੀਆਂ ਬਿਮਾਰੀਆਂ ਦੇ ਇਲਾਜ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ। ਪਰ ਇਸ ਸਾਰੀ ਤਰੱਕੀ ਦੇ ਬਾਵਜੂਦ ਨਾ ਹੀ ਮਨੁੱਖੀ ਜੀਵਨ ਨੂੰ ਮਹਾਂਮਾਰੀਆਂ ਦੇ ਖ਼ਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕਿਆ ਅਤੇ ਨਾ ਹੀ ਕੈਂਸਰ ਵਰਗੀਆਂ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਿਆ।ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਾਹਮਣੇ ਆਇਆ ਕਰੋਨਾ ਵਾਇਰਸ ਕੁਝ ਹੀ ਮਹੀਨਿਆਂ ਵਿੱਚ ਦੁਨੀਆਂ ਦੇ ਲਗਭਗ ਹਰ ਕੋਨੇ ਤੱਕ ਪਹੁੰਚ ਗਿਆ। 11 ਮਾਰਚ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵਵਿਆਪੀ ਮਹਾਂਮਾਰੀ ਐਲਾਨ ਦਿੱਤਾ।ਕਰੋਨਾ ਨੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦੀਆਂ ਕਮਜੋਰ ਸਿਹਤ ਪ੍ਰਣਾਲੀਆਂ ਦਾ ਸੱਚ ਸਾਹਮਣੇ ਲਿਆ ਦਿੱਤਾ। ਭਾਰਤ ਵਿੱਚ ਵੀ ਹਾਲਾਤ ਬੇਹੱਦ ਗੰਭੀਰ ਹੋ ਗਏ। ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ, ਆਕਸੀਜਨ ਦੀ ਕਿੱਲਤ, ਦਵਾਈਆਂ ਲਈ ਮਾਰੋ-ਮਾਰ ਅਤੇ ਆਪਣੇ ਮਰੀਜ਼ਾਂ ਨੂੰ ਬਚਾਉਣ ਲਈ ਤੜਫ਼ਦੇ ਪਰਿਵਾਰਾਂ ਦੇ ਦ੍ਰਿਸ਼ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ। ਕਰੋਨਾ ਦੌਰਾਨ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਜਾਣ ਦਾ ਮਤਲਬ ਹੀ ਮੌਤ ਨੂੰ ਬੁਲਾਵਾ ਦੇਣਾ ਹੁੰਦਾ ਸੀ।ਸਰਕਾਰੀ ਅੰਕੜਿਆਂ ਅਨੁਸਾਰ 7 ਮਈ 2024 ਤੱਕ ਭਾਰਤ ਵਿੱਚ ਕਰੋਨਾ ਕਾਰਨ 5,33,589 ਮੌਤਾਂ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਨੇ 2020 ਅਤੇ 2021 ਦੌਰਾਨ ਭਾਰਤ ਵਿੱਚ ਮਹਾਂਮਾਰੀ ਨਾਲ ਸਬੰਧਤ ਵਾਧੂ ਮੌਤਾਂ ਦਾ ਅੰਦਾਜ਼ਾ ਲਗਭਗ 47 ਲੱਖ ਲਾਇਆ ਸੀ। ਭਾਵੇਂ ਇਨ੍ਹਾਂ ਅੰਕੜਿਆਂ ਦੀ ਗਣਨਾ ਦੇ ਢੰਗ ਬਾਰੇ ਵਿਵਾਦ ਰਿਹਾ ਹੈ, ਪਰ ਇਹ ਗੱਲ ਨਿਰਵਿਵਾਦ ਹੈ ਕਿ ਕਰੋਨਾ ਨੇ ਮਨੁੱਖਤਾ ਨੂੰ ਇੱਕ ਵੱਡਾ ਸਬਕ ਦਿੱਤਾ ਹੈ।ਪਰ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਹਾਂਮਾਰੀ ਤੋਂ ਬਿਨਾਂ ਵੀ ਸਾਡੇ ਸਮਾਜ ਵਿੱਚ ਬਿਮਾਰੀਆਂ ਅਤੇ ਮੌਤਾਂ ਦਾ ਵਧਦਾ ਬੋਝ ਕਿਉਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂ 90 ਤੋ 110,115 ਸਾਲ ਤੱਕ ਦੀ ਉਮਰ 50 ਸਾਲ ਤੋਂ 80,85 ਸਾਲ ਤੱਕ ਸਿਮਟ ਕੇ ਰਹਿ ਗਈ ਹੈ।ਇਸ ਦਾ ਕਾਰਨ ਕੁਦਰਤੀ ਨਹੀ ਹੈ ਸਗੋਂ ਅਸੀਂ ਆਪਣੀ ਸਿਹਤ ਪ੍ਰਤੀ ਲਾਪਰਵਾਹ ਹੋ ਗਏ ਹਾਂ। ਸਾਡਾ ਖਾਣ-ਪੀਣ, ਵਾਤਾਵਰਣ, ਜੀਵਨ-ਸ਼ੈਲੀ ਅਸਲੋਂ ਹੀ ਬਦਲ ਗਈ ਹੈ।ਸਰਕਾਰੀ ਸਿਹਤ ਪ੍ਰਬੰਧ ਨਿੱਜੀਕਰਨ ਦੀ ਭੇਂਟ ਚੜਕੇ ਅਜਿਹੇ ਸੰਕਟ ਵਿੱਚ ਫਸ ਚੁੱਕਾ ਹੈ,ਜਿਸ ਦੀ ਗੰਭੀਰਤਾ ਨੂੰ ਸਮਝਿਆ ਹੀ ਨਹੀਂ ਗਿਆ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਕੈਂਸਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ਬਾਰੇ ਚਿੰਤਾਜਨਕ ਚਰਚਾ ਆਮ ਸੁਣਨ ਨੂੰ ਮਿਲਦੀ ਹੈ। ਜਿਹੜੇ ਪਿੰਡ ਕਦੇ ਆਪਣੀ ਖੇਤੀਬਾੜੀ ਵਰਗੇ ਪਵਿੱਤਰ ਅਤੇ ਕੁਦਰਤੀ ਕਿੱਤੇ ਨਾਲ ਆਪਣੇ ਆਲੇ ਦੁਆਲੇ ਨੂੰ ਖੁਸ਼ਹਾਲੀ ਵੰਡਦੇ ਸਨ ਅਤੇ ਲੰਮੀਆਂ ਉਮਰਾਂ ਭੇਗਦੇ ਸਨ, ਪੇਂਡੂ ਜੀਵਨ ਸ਼ੈਲੀ ਦੀ ਤੁਲਨਾ ਸਵਰਗਾਂ ਨਾਲ  ਕੀਤੀ ਜਾਂਦੀ ਸੀ,ਉੱਥੇ ਅੱਜ ਅਨੇਕਾਂ ਪਰਿਵਾਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ। ਇਲਾਜ ਦੇ ਖ਼ਰਚੇ ਪਰਿਵਾਰਾਂ ਦੀ ਸਾਰੀ ਉਮਰ ਦੀ ਕਮਾਈ ਨਿਗਲ ਜਾਂਦੇ ਹਨ। ਕਈ ਵਾਰ ਬਿਮਾਰੀ ਨਾਲੋਂ ਵੱਧ ਇਲਾਜ ਦਾ ਖ਼ਰਚਾ ਪਰਿਵਾਰ ਲਈ ਆਰਥਿਕ ਤਬਾਹੀ ਦਾ ਕਾਰਨ ਬਣ ਜਾਂਦਾ ਹੈ।ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੈਂਸਰ ਦੇ ਅੰਦਾਜ਼ਨ ਮਾਮਲੇ 2020 ਵਿੱਚ 38,636 ਸਨ, ਜੋ 2022 ਵਿੱਚ ਵਧ ਕੇ 40,435 ਹੋ ਗਏ। ਇਸੇ ਸਮੇਂ ਦੌਰਾਨ ਕੈਂਸਰ ਨਾਲ ਹੋਣ ਵਾਲੀਆਂ ਅੰਦਾਜ਼ਨ ਮੌਤਾਂ ਦੀ ਗਿਣਤੀ 22,276 ਤੋਂ ਵਧ ਕੇ 23,301 ਹੋ ਗਈ,ਜਦੋਕਿ ਅਸਲ ਅੰਕੜੇ ਇਸ ਗਿਣਤੀ ਮਿਣਤੀ ਤੋ ਕਿਤੇ ਵੱਧ ਹਨ।ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਵੀ ਇਹ ਅੰਕੜੇ ਕਿਸੇ ਸੰਵੇਦਨਸ਼ੀਲ ਸਮਾਜ ਅਤੇ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ। ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਜੁੜਿਆ ਇੱਕ ਹੋਰ ਗੰਭੀਰ ਮਸਲਾ ਨਸ਼ਿਆਂ ਦਾ ਵਧਦਾ ਪ੍ਰਭਾਵ ਹੈ। ਨਸ਼ੇ ਸਿਰਫ਼ ਨੌਜਵਾਨਾਂ ਦੀ ਜ਼ਿੰਦਗੀ ਹੀ ਨਹੀਂ ਖੋਹ ਰਹੇ, ਸਗੋਂ ਪਰਿਵਾਰਾਂ ਦੀ ਆਰਥਿਕ ਅਤੇ ਸਮਾਜਿਕ ਹੋਂਦ ਨੂੰ ਵੀ ਖੋਖਲਾ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਦੂਸ਼ਣ, ਕੀਟਨਾਸ਼ਕਾਂ ਦੀ ਬੇਤਹਾਸ਼ਾ ਵਰਤੋਂ, ਮਿਲਾਵਟੀ ਖੁਰਾਕ, ਸਰੀਰਕ ਕਸਰਤ ਦੀ ਘਾਟ ਅਤੇ ਮਾਨਸਿਕ ਤਣਾਅ ਵਰਗੇ ਕਾਰਨ ਵੀ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਸਾਰੇ ਕਾਰਨਾਂ ਦੀ ਜੜ ਹਰੀ ਕਰਾਂਤੀ ਹੈ,ਜਿਸ ਨੇ ਕਿਸਾਨਾਂ ਤੋ ਕੁਦਰਤੀ ਖੇਤੀ ਭਾਵ ਉਹ ਰਵਾਇਤੀ ਫਸਲਾਂ ਜਿਹੜੀਆਂ ਸਦੀਆਂ ਤੋ ਇਸ ਜਰਖੇਜ ਮਿੱਟੀ ਚੋ ਪੈਦਾ ਹੋਕੇ ਮਨੁੱਖੀ ਜੀਵਨ ਅਤੇ ਲੋੜਾਂ ਦੀ ਪੂਰਤੀ ਕਰਦੀਆਂ,ਸਨ ਉਹ  ਹਰੀ ਕਰਾਂਤੀ ਦੀ ਭੇਂਟ ਚੜ ਗਈਆਂ।ਕਿਸਾਨੀ ਨੂੰ ਵੱਧ ਪੈਦਾਵਾਰ ਦੇ ਲਾਲਚਾਂ ਵੱਲ ਧਕੇਲ ਕੇ ਉਹਨਾਂ ਦੀ  ਸਵਰਗਾਂ ਵਰਗੀ ਧਰਤੀ ਨੂੰ ਨਰਕਾਂ ਤੋ ਬਦਤਰ ਬਣਾ ਦਿੱਤਾ ਗਿਆ।ਆਧੁਨਿਕ ਖੇਤੀ ਢੰਗਾਂ ਦੇ ਨਾਮ ਹੇਠ ਮਹਿੰਗੇ ਖੇਤੀ ਛੰਦ ਅਤੇ ਮਸਿਨਰੀ ਦਾ ਬੋਲਬਾਲਾ ਹੋ ਗਿਆ,ਜਿਸਨੇ  ਨਰੋਏ ਅਥੇ ਮਿਹਨਤੀ ਲੋਕਾਂ ਨੂੰ ਨਿਕੰਮੇ,ਆਲਸੀ ਅਤੇ ਐਸ਼ਪ੍ਰਸਤੀ ਵਾਲੇ ਜਿਉਣ ਢੰਗ ਸਿਖਾ ਦਿੱਤੇ,ਇਹ ਸਾਰਾ ਕੁੱਝ ਪੱਛਮ ਦੇ ਸੱਭਿਆਚਾਰਕ ਗਲਬੇ ਕਾਰਨ ਹੋਇਆ।ਆਧੁਨਿਕ ਚਕਾਚੌਧ ਹਾਬੀ ਹੋ ਗਈ। ਪੱਛਮ ਵੱਲ ਭੱਜਣ ਅਤੇ ਉਸ ਜੀਵਨ ਸ਼ੈਲੀ ਨੂੰ ਅਪਨਾਉਣ ਤੋ ਬਾਅਦ ਹੀ ਉਲਟੇ ਦਿਨਾਂ ਦੀ ਸ਼ੂਰੂਆਤ ਹੋਈ,ਨਹੀ ਤਾਂ ਕੈਸਰ ਵਰਗੀਆਂ ਬਿਮਾਰੀਆਂ ਨੇੜੇ ਵੀ ਨਹੀ ਸਨ ਫਟਕ ਸਕਦੀਆਂ।ਇਹ ਸੋਚਣ ਸਮਝਣ ਦਾ ਵਿਸ਼ਾ ਹੈ ਕਿ ਪਛਮ ਤੋ ਖੁਸ਼ਹਾਲੀ ਦੇ ਨਾਮ ਹੇਠ ਭਿਆਨਕ ਬਿਮਾਰੀਆਂ ਵੀ ਖਰੀਦੀਆਂ ਗਈਆਂ।ਜਿਸ ਬਾਰੇ ਕਦੇ ਵੀ ਗੰਭੀਰਤਾ ਨਾਲ ਸੋਚਿਆ ਵਿਚਾਰਿਆ ਨਹੀ ਗਿਆ।ਇਸ ਤੋਂ ਵੀ ਵੱਡੀ ਚਿੰਤਾ ਸਰਕਾਰਾਂ ਦੀ ਤਰਜੀਹ ਨੂੰ ਲੈ ਕੇ ਹੈ। ਸਿਆਸੀ ਪਾਰਟੀਆਂ ਚੋਣਾਂ ਸਮੇਂ ਲੋਕਾਂ ਨੂੰ ਮੁਫ਼ਤ ਸਹੂਲਤਾਂ, ਵੱਡੇ ਵਿਕਾਸ ਕਾਰਜਾਂ ਅਤੇ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾਉਂਦੀਆਂ ਹਨ, ਪਰ ਲੋਕਾਂ ਦੀ ਸਿਹਤ ਨੂੰ ਸਿਆਸੀ ਬਹਿਸਾਂ ਦੇ ਕੇਂਦਰ ਵਿੱਚ ਲਿਆਉਣ ਲਈ ਕੋਈ ਠੋਸ ਅਤੇ ਲਗਾਤਾਰ ਯਤਨ ਦਿਖਾਈ ਨਹੀਂ ਦਿੰਦੇ। ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀ ਘਾਟ, ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਕਮੀ, ਸਮੇਂ ਸਿਰ ਜਾਂਚ ਦੀਆਂ ਮੁਸ਼ਕਲਾਂ ਅਤੇ ਮਹਿੰਗੇ ਇਲਾਜ ਵਰਗੇ ਮਸਲੇ ਸਰਕਾਰ ਦੀ ਜਵਾਬਦੇਹੀ ਦਾ ਹਿੱਸਾ ਹੋਣੇ ਚਾਹੀਦੇ ਹਨ।ਕਿਸੇ ਵੀ ਸਮਾਜ ਦੀ ਅਸਲ ਖੁਸ਼ਹਾਲੀ ਉਸ ਦੀਆਂ ਉੱਚੀਆਂ ਇਮਾਰਤਾਂ, ਚੌੜੀਆਂ ਸੜਕਾਂ ਜਾਂ ਵੱਡੇ ਬਜਟਾਂ ਨਾਲ ਨਹੀਂ ਮਾਪੀ ਜਾ ਸਕਦੀ,ਸਗੋਂ ਉਸ ਦੀ ਅਸਲ ਤਸਵੀਰ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉੱਥੋਂ ਦੇ ਲੋਕ ਕਿੰਨੇ ਸਿਹਤਮੰਦ ਹਨ, ਉਨ੍ਹਾਂ ਨੂੰ ਕਿੰਨੀ ਉਮਰ ਤੱਕ ਮਿਆਰੀ ਜੀਵਨ ਜਿਊਣ ਦਾ ਮੌਕਾ ਮਿਲਦਾ ਹੈ। ਮੌਜੂਦਾ ਸਮੇ ਦਾ ਦੁਖਾਂਤ ਇਹ ਹੈ ਕਿ ਕਿਸੇ ਵੀ ਘਰ ਵਿੱਚ ਕੋਈ ਵੱਡੀ ਉਮਰ ਦਾ ਬਜ਼ੁਰਗ ਦਿਖਾਈ ਨਹੀ ਦਿੰਦਾ।ਮੌਤ ਦਰ 50 ਸਾਲ ਤੋ 80 ਸਾਲ ਦੇ ਵਿਚਕਾਰ ਚੱਲ ਰਹੀ ਹੈ।ਜੇਕਰ ਬਹੁਤਾ ਪਿੱਛੇ ਨਾ ਵੀ ਜਾਈਏ ਤਾਂ  ਵੀ 25 ਕੁ ਸਾਲ ਪਹਿਲਾਂ ਤੱਕ ਪੰਜਾਬ ਦੇ ਹਰ ਘਰ ਵਿੱਚ ਇੱਕ ਦੋ ਜਾਂ ਇਸ ਤੋ ਵੀ ਵੱਧ ਬਜ਼ੁਰਗ ਮੌਜੂਦ ਹੁੰਦੇ ਸਨ,ਪਰ ਹੁਣ ਅਜਿਹਾ  ਨਹੀ ਹੈ। ਮੌਤ ਦਰ ਦਿਨੋ ਦਿਨ ਵੱਧ ਰਹੀ ਹੈ।ਭਿਆਨਕ ਬਿਮਾਰੀਆਂ ਦੇ ਪਰਕੋਪ ਨੇ ਲੋਕਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਜਦੋਂ ਤੋ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਜੋਰ ਸੋਰ ਨਾਲ ਵਧਿਆ ਹੈ,ਉਦੋਂ ਤੋ ਹੀ ਪੱਛਮੀ ਬਿਮਾਰੀਆਂ ਦੇ ਹਮਲਿਆਂ ਵਿੱਚ ਵੀ ਅਥਾਹ ਵਾਧਾ ਹੋਇਆਂ ਹੈ।ਦੋ ਤਿੰਨ ਕੁ ਦਹਾਕੇ ਪਹਿਲਾਂ ਤੱਕ ਕੈਂਸਰ ਦੇ ਮਰੀਜ ਇੱਕ ਪਿੰਡ ਵਿੱਚ ਇੱਕ ਜਾਂ ਦੋ ਤੌ ਵੱਧ ਹੋਣੇ ਵੀ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਂਦੇ ਸਨ,ਕਿਉਂਕਿ ਆਮ ਤੌਰ ਤੇ ਪਿੰਡਾਂ ਵਿੱਚ ਕੈਸਰ  ਦੇ ਮਰੀਜ ਹੁੰਦੇ ਹੀ ਨਹੀ ਸਨ,ਦਿਲ ਦੇ ਦੌਰਿਆਂ ਨਾਲ ਮੌਤ ਦੀ ਖਬਰ ਕਦੇ ਕਦਾਈ ਸੁਣੀ ਜਾਂਦੀ ਸੀ,ਪਰ ਹੁਣ ਹਾਲਾਤ ਇੱਕਦਮ ਬਦਲ ਗਏ ਹਨ,ਹੁਣ ਪਿੰਡ ਨਹੀ ਬਲਕਿ ਹਰ ਘਰ ਵਿੱਚ ਉਪਰੋਕਤ ਬਿਮਾਰੀਆਂ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਅੱਜ ਲੋੜ ਹੈ ਕਿ ਪੰਜਾਬ ਵਿੱਚ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਕਾਰਨਾਂ ਦੀ ਨਿਰਪੱਖ ਜਾਂਚ ਹੋਵੇ, ਪਿੰਡ ਪੱਧਰ ’ਤੇ ਸਿਹਤ ਜਾਂਚ ਦੇ ਪ੍ਰਬੰਧ ਕੀਤੇ ਜਾਣ, ਨਸ਼ਿਆਂ ਵਿਰੁੱਧ ਸਿਰਫ਼ ਬਿਆਨਬਾਜ਼ੀ ਦੀ ਥਾਂ ਪ੍ਰਭਾਵਸ਼ਾਲੀ ਕਾਰਵਾਈ ਹੋਵੇ ਅਤੇ ਸਰਕਾਰੀ ਹਸਪਤਾਲਾਂ ਇਲਾਜ ਪਰਨਾਲੀ ਨੂੰ ਮਜ਼ਬੂਤ ਕੀਤਾ ਜਾਵੇ।ਮਹਾਂਮਾਰੀਆਂ ਤੋ ਵੀ ਭਿਆਨਕ ਬਿਮਾਰੀਆਂ ਨੇ ਮਨੁੱਖਤਾ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਕੁਦਰਤ ਅਤੇ ਸਿਹਤ ਨਾਲ ਖਿਲਵਾੜ ਦੀ ਕੀਮਤ ਬਹੁਤ ਭਾਰੀ ਹੋ ਸਕਦੀ ਹੈ। ਪਰ ਤਰਾਸਦੀ ਇਹ ਹੈ ਕਿ ਅਸੀ ਆਪਣੇ ਆਲੇ-ਦੁਆਲੇ ਪੈਰ ਪਸਾਰ ਰਹੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਸਿਰਫ਼ ਕਿਸਮਤ ਦਾ ਲਿਖਿਆ ਸਮਝ ਕੇ ਸਾਰਾ ਕੁੱਝ ਪਰਮਾਤਮਾ ਦੇ ਖਾਤੇ ਪਾਕੇ ਸੁਰਖਰੂ ਹੋਣ ਦੀ ਗਲਤ ਫਹਿਮੀ ਵਿੱਚ ਜਿਉਣ ਦੀ ਕੋਸ਼ਿਸ਼ ਕਰ ਰਹੇ ਹਾਂ,ਜਦੋਂਕਿ ਚਿੰਤਾ ਦਾ ਵਿਸ਼ਾ ਇਹ ਹੈ,ਕਿ ਪਲੇਗ ਦੀ ਬਿਮਾਰੀ ਵਾਂਗ ਵਧਦੀ ਜਾ ਰਹੀ ਮੌਤ ਦਰ,ਪੱਛਮੀ ਤਰਜ਼ ਏ ਜਿੰਦਗੀ ਦੇ ਦੁਰ-ਪ੍ਰਭਾਵ ਦਾ ਭਿਆਨਕ ਨਤੀਜਾ ਹੈ,ਇਸ ਲਈ ਲੋਕਾਂ ਨੂੰ ਆਪਣੀ ਜੀਵਨ ਸੈਲੀ ਵਿੱਚ ਕੀਤੇ ਬੇਲੋੜੇ ਪੱਛਮੀ ਬਦਲਾਉ ਨੂੰ ਫੌਰੀ ਛੱਡਣਾ ਪਵੇਗਾ,ਫਾਸਟ ਫੂਡ ਦੇ ਨਾਮ ਤੇ ਪਰੋਸੀਆਂ ਜਾ ਰਹੀਆਂ ਬਿਮਾਰੀਆਂ ਦੀ  ਬਜਾਏ ਘਰ ਦਾ ਸ਼ੁੱਧ ਅਤੇ ਨਰੋਆ ਭੋਜਨ ਖਾਣ ਲਈ ਇੱਥੋਂ ਦੀਆਂ ਪੁਰਾਤਨ ਫਸ਼ਲ਼ਾਂ ਅਤੇ ਖੇਤੀ ਢੰਗਾਂ ਨਾਲ ਮੁੜ ਤੋ ਜੁੜਨਾ ਪਵੇਗਾ।
ਬਘੇਲ ਸਿੰਘ ਧਾਲੀਵਾਲ
99142-58142